deshpunjabtimes.blogspot.com

Friday, 23 September 2011

ਹੁਣ ਤੇਰਾ ਕੀ ਬਣੇਗਾ ਪੰਜਾਬੀ ਜ਼ੁਬਾਨੇ?\ਗੋਵਰਧਨ ਗੱਬੀ



ਰਸੂਲ ਹਮਜਾਤੋਜ਼ ਨੇ ਆਪਣੀ ਚਰਚਿਤ ਕਿਤਾਬ ਮੇਰਾ ਦਾਗ਼ਿਸਤਾਨ' ਵਿਚ ਲਿਖਿਆ ਹੈ ਕਿ ਉਸ ਦੇ ਦੇਸ਼ ਵਿਚ ਜਦੋਂ ਕਿਸੇ ਨੂੰ ਸੱਭ ਤੋਂ ਵੱਡੀ ਗਾਲ੍ਹ ਦੇਣੀ ਹੋਵੇ ਤਾਂ ਉਹ ਹੁੰਦੀ ਹੈ ਕਿ ਰੱਬ ਕਰੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ। ਸਿਆਣੇ ਆਖਦੇ ਹਨ ਕਿ ਜਿਹੜਾ ਇਨਸਾਨ ਆਪਣੀ ਮਾਂ ਬੋਲੀ ਭੁੱਲ ਜਾਏ ਸਮਝੋ ਉਸ ਨੂੰ ਸਾਰਾ ਕੁਝ ਭੁੱਲ ਗਿਆ। ਜਿਹੜਾ ਆਪਣੀ ਮਾਂ ਬੋਲੀ ਦਾ ਸਕਾ ਨਹੀਂ ਹੋ ਸਕਿਆ, ਉਹ ਕਿਸੇ ਹੋਰ ਦਾ ਵੀ ਸਕਾ ਨਹੀਂ ਹੋ ਸਕਦਾ।
ਹੋਰ ਮਾਤਰੀ ਭਾਸ਼ਾਵਾਂ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਆਪਣੀ ਮਾਂ ਬੋਲੀ ਪੰਜਾਬੀ ਦੀ ਹਾਲਤ ਦਿਨੋ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ।ਅੱਜ ਵੀ ਬਹੁਤ ਸਾਰੇ ਪੰਜਾਬੀ ਵੀਰ ਪੰਜਾਬੀ ਭਾਸ਼ਾ ਨੂੰ ਸਿਰਫ ਪੇਂਡੂਆਂ ਤੇ ਪਿੱਛੜਿਆਂ ਦੀ ਭਾਸ਼ਾ ਕਹਿ ਕੇ ਦੁਤਕਾਰਦੇ ਹਨ। ਪਿੰਡਾਂ ਵਿਚ ਤਾਂ ਅਜੇ ਨਹੀਂ ਪਰ ਪੰਜਾਬ ਦੇ ਸ਼ਹਿਰਾਂ ਵਿਚ ਪੜ੍ਹ੍ਹੇ ਲਿਖੇ ਮਾਪੇ ਆਪਣਿਆਂ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਵਰਜਦੇ ਹਨ। ਉਹਨਾਂ ਨੂੰ ਅੰਗਰੇਜ਼ੀ ਜਾਂ ਘਟ ਤੋਂ ਘਟ ਹਿੰਦੀ ਵਿਚ ਗੱਲਬਾਤ ਕਰਨ ਲਈ ਮਜ਼ਬੂਰ ਕਰਦੇ ਹਨ। ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਪੜ੍ਹ੍ਹਾਉਂਦੇ ਹਨ। ਆਮ ਤੌਰ 'ਤੇ ਇਹਨਾਂ ਸਕੂਲਾਂ ਵਿਚ ਪੰਜਵੀਂ ਕਲਾਸ ਤੋਂ ਪੰਜਾਬੀ ਪੜ੍ਹ੍ਹਣ ਦੀ ਸਹੂਲਤ ਹੈ ਪਰ ਮਾਪੇ ਉਥੇ ਵੀ ਫਰੈਂਚ ਜਾਂ ਕੋਈ ਹੋਰ ਵਿਦੇਸ਼ੀ ਭਾਸ਼ਾ ਸਿਖਣ ਨੂੰ ਤਰਜੀਹ ਦਿੰਦੇ ਹਨ।ਪੰਜਾਬੀ ਤਾਂ ਆਪੇ ਆਜੂਗੀ' ਵਰਗੇ ਤਰਕ ਦਿੰਦੇ ਹਨ। ਹੋਰ ਤਾਂ ਹੋਰ ਪੰਜਾਬ ਸੂਬੇ ਵਿਚ ਹਿੰਦੀ ਅਖ਼ਬਾਰਾਂ ਦੀ ਗਿਣਤੀ ਪੰਜਾਬੀ ਅਖ਼ਬਾਰਾਂ ਤੋਂ ਕਿਤੇ ਵੱਧ ਹੈ। ਸਾਡੀਆਂ ਕਈ ਉਘੀਆਂ ਪੰਜਾਬੀ ਅਖ਼ਬਾਰਾਂ ਦੇ ਨਾਂ ਪੰਜਾਬੀ ਤੇ ਅੰਗਰੇਜ਼ੀ ਦਾ ਮਿਸ਼ਰਨ ਹਨ।
ਕੁਝ ਦਿਨ ਹੋਏ ਮੈਂ ਟੀਵੀ ਦਾ ਰਿਮੋਟ ਫੜ੍ਹ ਕੇ ਚੈਨਲ ਬਦਲ ਰਿਹਾ ਸਾਂ।ਅਚਾਨਕ ਮੇਰੀ ਨਿਗ੍ਹਾ ਟਿਕੀ ਇਕ ਪੰਜਾਬੀ ਚੈਨਲ 'ਤੇ ਆ ਰਹੇ ਇਕ ਪ੍ਰੋਗਰਾਮ ਉਪਰ।ਪ੍ਰੋਗਰਾਮ ਵਿਚ ਮਿਸ (ਕੁਮਾਰੀ) ਪੰਜਾਬਣ' ਚੁਣੀ ਜਾਣ ਦਾ ਸਿਲਸਿਲਾ ਚਲ ਰਿਹਾ ਸੀ। ਇਹ ਸ਼ਾਇਦ ਪ੍ਰੋਗਰਾਮ ਦੇ ਸ਼ੁਰੂਆਤੀ ਦੌਰਾਂ ਵਿਚੋਂ ਇਕ ਸੀ। ਪ੍ਰੋਗਰਾਮ ਵਿਚ ਸ਼ਹਿਰ ਦੀਆਂ ਪੰਜਾਬਣ ਕੁੜੀਆਂ ਵਿਚੋਂ ਉਸ ਸ਼ਹਿਰ ਦੀ ਇਕ ਮਿਸ ਪੰਜਾਬਣ' ਚੁਣੀ ਜਾਣੀ ਸੀ। ਸੰਚਾਲਕਾ ਹਾਲਾਂਕਿ ਕਹਿੰਦੀ ਕਹਾਉਂਦੀ ਪੰਜਾਬਣ ਮੰਚ ਸੰਚਾਲਕਾ ਸੀ। ਪੰਜਾਬ, ਪੰਜਾਬੀਅਤ ਤੇ ਪੰਜਾਬੀ ਭਾਸ਼ਾ, ਸਭਿਆਚਾਰ ਤੇ ਵਿਰਸੇ ਦੀ ਗੱਲ ਕਰ ਰਹੀ ਸੀ ਪਰ ਉਹ ਇਹ ਪ੍ਰਭਾਵ ਪਾਉਣ ਦੇ ਚੱਕਰਾਂ ਵਿਚ ਸੀ ਕਿ ਉਸਨੂੰ ਅੰਗਰੇਜ਼ੀ ਵੀ ਆਉਂਦੀ ਹੈ ਉਹ ਪੰਜਾਹ ਪ੍ਰਤੀਸ਼ਤ ਤੋਂ ਜ਼ਿਆਦਾ ਅੰਗਰੇਜ਼ੀ ਬੋਲ ਰਹੀ ਸੀ। ਜਦੋਂ ਉਹ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੀ ਗੱਲ ਕਰ ਰਹੀ ਸੀ ਤਾਂ ਉਸਦੇ ਬੋਲ ਸੁਣਨ ਵਾਲੇ ਸਨ ਜਿਵੇਂ ਕਿ ਦੋਸਤੋ! ਵੀ ਜਸਟ ਵਾਂਟ ਦੈਟ ਵੀ ਸ਼ੁੱਡ ਆਲਵੇਜ਼ ਸਪੀਕ ਇਨ ਪੰਜਾਬੀ, ਤਦੇ ਹੀ ਪੰਜਾਬੀ ਭਾਸ਼ਾ ਦਾ ਵਿਸਥਾਰ ਹੋਵੇਗਾ ਅਦਰ ਵਾਇਜ ਵੀ ਵਿਲ ਲੂਜ਼ ਪੰਜਾਬੀ ਲੈਂਗੁਏਜ਼।' ਇਕ ਆਦਮੀ ਤੇ ਇਕ ਔਰਤ ਪ੍ਰੋਗਰਾਮ ਦੇ ਜੱਜ ਸਨ। ਜਦੋਂ ਉਹ ਮਰਦ ਜੱਜ ਟੁੱਟੀ ਫੁੱਟੀ ਪੰਜਾਬੀ ਨੂੰ ਹਿੰਦੀ ਤੇ ਅੰਗਰੇਜ਼ੀ ਦਾ ਮਿਲ ਗੋਬਾ ਜਿਹਾ ਬਣਾਕੇ ਬੋਲ ਰਿਹਾ ਸੀ ਤਾਂ ਮੇਰਾ ਹਾਸਾ ਆਪ ਮੁਹਾਰੇ ਨਿਕਲ ਜਾਂਦਾ ਸੀ। ਔਰਤ ਜੱਜ ਗ਼ੈਰ ਪੰਜਾਬੀ ਸੀ ਤੇ ਉਹ ਸਿਰਫ ਹਿੰਦੀ ਤੇ ਜਾਂ ਫੇਰ ਅੰਗਰੇਜ਼ੀ ਵਿਚ ਹੀ ਬੋਲ ਰਹੀ ਸੀ। ਹੈਰਾਨੀ ਵਾਲੀ ਗੱਲ ਸੀ ਕਿ ਉਹ ਮਿਸ ਪੰਜਾਬਣ ਚੁਣਨ ਲਈ ਜੱਜ ਬਣਾਈ ਹੋਈ ਸੀ। ਜਦੋਂ ਪ੍ਰਤੀਯੋਗੀ ਪੰਜਾਬੀ ਬੋਲਦੇ ਸਨ ਤਾਂ ਉਸ ਔਰਤ ਜੱਜ ਦਾ ਖੁਲ੍ਹਿਆ ਹੋਇਆ ਮੂੰਹ ਦੇਖਣ ਵਾਲਾ ਹੁੰਦਾ ਸੀ।


ਆਖਰੀ ਰਾਉਂਡ ਸੀ। ਜਿਸ ਵਿਚ ਕੁੜੀਆਂ ਕੋਲੋਂ ਪੰਜਾਬੀ ਭਾਸ਼ਾ ਦੇ ਇਕ ਇਕ ਸ਼ਬਦ ਦਾ ਮਤਲਬ ਪੁੱਛਣਾ ਸੀ। ਪਹਿਲੀ ਕੁੜੀ ਨੂੰ ਬੁਲਾਇਆ ਗਿਆ। ਸਵਾਲ ਪੁੱਛਿਆ ਗਿਆ ਕਿ ਸੱਤਰੰਗੀ ਪੀਂਘ' ਕਿਸ ਨੂੰ ਆਖਦੇ ਹਨ।ਉਸ ਕੁੜੀ ਦਾ ਰੱਟਿਆ ਰਟਾਇਆ ਜਵਾਬ ਕੁਝ ਇਸ ਤਰ੍ਹਾਂ ਸੀ ਕਿ ਪੰਜਾਬੀ ਭਾਸ਼ਾ, ਸਭਿਆਚਾਰ ਤੇ ਵਿਰਸਾ ਸਮੁੰਦਰ ਵਾਂਗ ਵਿਸ਼ਾਲ ਹੈ। ਇਸ ਦੀ ਥਾਹ ਨਹੀਂ ਪਾਈ ਜਾ ਸਕਦੀ। ਇਸ ਬਾਰੇ ਤਾਂ ਵੱਡੇ ਵੱਡੇ ਬੁਧੀਜੀਵੀ ਵੀ ਪੂਰੀ ਤਰ੍ਹਾਂ ਨਹੀਂ ਜਾਣ ਸਕੇ,ਮੈਂ ਤਾਂ ਇਕ ਛੋਟੀ ਜਿਹੀ ਨਾਚੀਜ਼ ਹਾਂ ਪਰ ਮੈਂ ਤੁਹਾਨੁੰ ਭਰੋਸਾ ਦਿਵਾਉਂਦੀ ਹਾਂ ਕਿ ਜੇਕਰ ਤੁਸੀਂ ਮੈਨੂੰ ਚੁਣ ਲਿਆ ਤਾਂ ਮੈਂ ਇਸ ਦੀ ਜਿੰਨੀ ਕੁ ਸੇਵਾ ਕਰ ਸਕਦੀ ਹੋਵਾਂਗੀ ਤਨ ਮਨ ਧਨ ਨਾਲ ਕਰਾਂਗੀ। ਮੈਡਮ ਜੀ ਜਿਹੜਾ ਤੁਸੀਂ ਸ਼ਬਦ ਪੁੱਛਿਆ ਹੈ ਸੱਤ ਰੰਗੀ ਪੀਂਘ ਉਸਦਾ ਮਤਲਬ ਬਹੁਤ ਹੀ ਸੌਖਾਲਾ ਹੈ। ਮੈਂ ਸੋਚਿਆ ਸੀ ਕਿ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਹੈ ਤੁਸੀਂ ਕੋਈ ਔਖਾ ਜਿਹਾ ਸ਼ਬਦ ਪੁੱਛੋਗੇ ਪਰ ਫਿਰ ਵੀ ਮੈਂ ਇਸਦਾ ਮਤਲਬ ਵੀ ਤੁਹਾਨੂੰ ਦੱਸ ਦਿੰਨੀ ਹਾਂ ਕਿ  ਸੱਤਰੰਗੀ ਪੀਂਘ' ਉਹ ਪੀਂਘ ਹੁੰਦੀ ਹੈ ਜਿਸਦੇ ਆਲੇ ਦੁਆਲੇ ਸੱਤ ਰੰਗ ਦੀਆਂ ਚੁੰਨੀਆਂ ਜਾਂ ਰਿਬਨ ਲਪੇਟੇ ਹੁੰਦੇ ਹਨ ਜਿਵੇਂ ਕਈ ਫਿਲਮਾਂ ਵਿਚ ਹੁੰਦਾ ਹੈ।' ਇਹ ਜਵਾਬ ਦੇ ਕੇ ਕੁੜੀ ਨੇ ਸਰੋਤਿਆਂ ਵਲ ਆਤਮ ਵਿਸ਼ਵਾਸ ਨਾਲ ਭਰੀਆਂ ਨਜ਼ਰਾਂ ਨਾਲ ਦੇਖਿਆ ਤਾਂ ਜੱਜਾਂ ਸਮੇਤ ਸਾਰੇ ਸਰੋਤਿਆਂ ਨੇ ਤਾਲੀਆਂ ਮਾਰੀਆਂ ਪਰ ਜਦੋਂ ਸੰਚਾਲਕਾ ਨੇ ਦੱਸਿਆ ਕਿ ਉਸਨੇ ਗਲਤ ਮਤਲਬ ਦੱਸਿਆ ਹੈ ਤਾਂ ਸਾਰਿਆਂ ਦੇ ਮੂੰਹ ਲਟਕ ਗਏ। ਜਦੋਂ ਉਸਨੂੰ ਸੱਤਰੰਗੀ ਪੀਂਘ ਦਾ ਸਹੀ ਮਤਲਬ ਦੱਸਿਆ ਗਿਆ ਤਾਂ ਉਹ ਕੁੜੀ ਕੁਝ ਅਸਹਿਮਤ ਵਿਖਾਈ ਦੇ ਰਹੀ ਸੀ।

ਦੂਸਰੀ ਕੁੜੀ ਨੁੰ ਪੁੱਛਿਆ ਗਿਆ ਕਿ ਸੰਤਾਪ' ਦਾ ਕੀ ਮਤਲਬ ਹੈ ਤਾਂ ਉਸਦਾ ਜਵਾਬ ਹੋਰ ਵੀ ਹਾਸੋ ਹੀਣਾ ਸੀ। ਉਸਨੇ ਕਿਹਾ ਸੰਤਾਪ ਮਤਲਬ ਸੰਤੁਸ਼ਟੀ' ਮੀਨਜ਼ ਸੈਟੀਸਫੈਕਸ਼ਨ।
ਤੀਸਰੀ ਨੂੰ ਪੁੱਛਿਆ ਗਿਆ ਕਿ ਸਾਊ' ਦਾ ਕੀ ਮਤਲਬ ਹੁੰਦਾ ਹੈ। ਉਸਨੇ ਕਿਹਾ ਸਾਊ ਦਾ ਮਤਲਬ ਸਾਹ ਆਉ' ਨੂੰ ਛੋਟੇ ਰੂਪ ਵਿਚ ਕਹਿਣਾ। ਜਾਂ ਅਸੀਂ ਕਦੇ ਕਦੇ ਸੇਬ ਨੂੰ ਵੀ ਸਾਊ ਕਹਿੰਦੇ ਹਨ।
ਚੌਥੀ ਨੂੰ ਜਦੋਂ ਪੁਛਿਆ ਕਿ ਸਰਘੀ ਵੇਲਾ' ਕਿਸਨੂੰ ਆਖਦੇ ਹਨ? ਜਵਾਬ ਵਿਚ ਉਸ ਕੁੜੀ ਨੇ ਤਾਂ ਹੱਦ ਕਰ ਦਿੱਤੀ। ਉਸਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਉਪਰ ਇਕ ਪੂਰਾ ਲੇਖ ਸੁਣਾ ਮਾਰਿਆ ਪਰ ਜਦੋਂ ਉਸਨੂੰ ਸ਼ਬਦ ਦਾ ਮਤਲਬ ਪੁੱਛਿਆ ਗਿਆ ਤਾਂ ਉਹ ਉਕਾ ਹੀ ਜਵਾਬ ਦੇ ਗਈ। ਇਕ ਦੋ ਕੁੜੀਆਂ ਨੂੰ ਛੱਡ ਕੇ ਸਾਰੀਆਂ ਕੁੜੀਆਂ ਨੇ ਸ਼ਬਦਾਂ ਦੇ ਉਹ ਜਵਾਬ ਦਿੱਤੇ ਜਿਹਨਾਂ ਨੂੰ ਸੁਣ ਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਵੀ ਮੂੰਹ ਛੁਪਾਉਣ ਲਈ ਜਗ੍ਹਾ ਨਹੀਂ ਲਭਦੀ ਹੋਵੇਗੀ। ਬਾਅਦ ਵਿਚ ਸਭ ਤੋਂ ਵਧ ਗਲਤ ਜਵਾਬ ਦੇਣ ਵਾਲੀ ਤੇ ਕਿਸੇ ਪਾਸਿਉਂ ਵੀ ਪੰਜਾਬਣ ਨਾ ਲੱਗਣ ਵਾਲੀ ਕੁੜੀ ਨੂੰ ਉਸ ਸ਼ਹਿਰ ਦੀ ਮਿਸ ਪੰਜਾਬਣ' ਦਾ ਖਿਤਾਬ ਦੇ ਦਿੱਤਾ ਗਿਆ।
ਪੰਜਾਬੀ ਭਾਸ਼ਾ ਦੀ ਦੁਰਦਸ਼ਾ ਤੇ ਦੁਰਗਤੀ ਦੀ ਦਾਸਤਾਂ ਇਥੇ ਹੀ ਖ਼ਤਮ ਨਹੀਂ ਹੁੰਦੀ। ਪੰਜਾਬੀ ਦੇ ਕਈ ਵੱਡੇ ਵੱਡੇ ਬੁਧੀਜੀਵੀ, ਆਲੋਚਕ ਤੇ ਲੇਖਕ ਵੀ ਆਧੁਨਿਕਤਾ ਦੀ ਤੀਖੀ ਦਾਤਰੀ ਲੈ ਕੇ ਪੰਜਾਬੀ ਭਾਸ਼ਾ ਨੂੰ ਛਿੱਲ ਛਿੱਲ ਕੇ ਉਸ ਵਿਚ ਦੂਸਰੀਆਂ ਭਾਸ਼ਾਵਾਂ ਦਾ ਬਰੂਦਾ ਭਰ ਰਹੇ ਹਨ। ਉਹ ਪੰਜਾਬੀ ਵਿਚ ਉਹਨਾਂ ਅੰਗਰੇਜ਼ੀ ਸ਼ਬਦਾਂ ਦਾ ਪ੍ਰਯੋਗ ਕਰ ਜਾਂਦੇ ਹਨ ਕਿ ਜਿਹੜੇ ਅੰਗਰੇਜ਼ੀ ਭਾਸ਼ਾ ਵਿਚ ਵੀ ਕਦੇ ਕਦਾਈਂ ਹੀ ਪ੍ਰਯੋਗ ਹੁੰਦੇ ਹਨੇ। ਪੰਜਾਬੀ ਅਲੇਖਾਂ ਵਿਚ ਤਾਂ ਅੰਗਰੇਜ਼ੀ ਸ਼ਬਦਾਂ ਦੀ ਇੰਨੀ ਭਰਮਾਰ ਹੋ ਗਈ ਹੈ ਕਿ ਇਹ ਪਤਾ ਲਗਾਉਣਾ ਔਖਾ ਹੋ ਜਾਂਦਾ ਹੈ ਕਿ ਅਸੀਂ ਪੰਜਾਬੀ ਪੜ੍ਹ੍ਹ ਰਹੇ ਹਾਂ ਕਿ ਕੋਈ ਹੋਰ ਭਾਸ਼ਾ। ਪੰਜਾਬੀ ਦੇ ਇਕ ਰਸਾਲੇ ਵਿਚ ਛਪੀ ਇਹ ਸਤਰ ਪੜ੍ਹ੍ਹ ਕੇ ਤੁਸੀਂ ਆਪ ਦੱਸੋ ਕਿ ਇਹ ਪੰਜਾਬੀ ਹੈ ਕਿ ਕੋਈ ਹੋਰ ਭਾਸ਼ਾ।ਕਵੀ ਨੇ ਥੀਮ ਦੀ ਸਟਡੀ ਡੀਪਲੀ ਨਹੀਂ ਕੀਤੀ ਇਸੇ ਕਰਕੇ ਉਹ ਪੰਜਾਬੀ ਪੋਇਟਰੀ ਦੇ ਫੀਲਡ ਵਿਚ ਆਪਣਾ ਕੋਈ ਵਾਇਡ ਸਪੇਸ ਕਰੀਏਟ ਨਹੀਂ ਕਰ ਸਕਿਆ'। ਹੁਣ ਤੇਰਾ ਕੀ ਬਣੇਗਾ ਪੰਜਾਬੀ ਜ਼ੁਬਾਨੇ?" ਨਹੀਂ ਤਾਂ ਹੋਰ ਫੇਰ ਮੈਂ ਕੀ ਕਹਾਂ।
9417173700

1 comment:

  1. ਕਮਾਲ ਹੈ ਮੇਰਾ ਲੇਖ ਦੇਸ਼ ਪੰਜਾਬ ਵਿਚ ਲੱਗਾ ਹੈ। ਕ੍ਰਿਪਾ ਕਰਕੇ ਹੋਰ ਦੋਸਤ ਵੀ ਪੜ੍ਹਨ

    ReplyDelete