ਪੁਨਰ ਜਨਮ ਜਾਂ ਮਾਨਸਿਕ ਰੋਗ ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ | |
ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸੇ ਸੰਤ ਦੇ ਦਿਮਾਗ ਵਿਚ ਖਿਆਲ ਆ ਗਿਆ ਕਿ ਇਕ ਅੱਠ-ਨੌਂ ਸਾਲ ਦਾ ਲੜਕਾ ਉਸਦਾ ਪਿਛਲੇ ਜਨਮ ਦਾ ਗੁਰੂ ਸੀ ਅਤੇ ਉਸ ਸੰਤ ਨੇ ਉਸ ਬੱਚੇ ਦੇ ਜਾ ਪੈਰੀਂ ਹੱਥ ਲਾਏ ਅਤੇ 1100 ਰੁਪਏ ਦਾ ਮੱਥਾ ਟੇਕ ਦਿੱਤਾ। ਬੱਸ ਫਿਰ ਕੀ ਸੀ, ਉਸਦੇ ਸ਼ਰਧਾਲੂਆਂ ਨੇ ਹੋਰ ਹਜ਼ਾਰਾਂ ਰੁਪਏ ਦੇ ਮੱਥੇ ਉਸ ਲੜਕੇ ਨੂੰ ਟੇਕ ਦਿੱਤੇ। ਸੰਤ ਨੂੰ ਚੇਲਾ ਵੀ ਮਿਲ ਗਿਆ ਅਤੇ ਨੋਟ ਵੀ ਇਕੱਠੇ ਹੋ ਗਏ।
ਜ਼ਿਲ੍ਹਾ ਸੰਗਰੂਰ ਦੇ ਹੀ ਇਕ ਪਿੰਡ ਦੀ ਇਸਤਰੀ ਦਾ ਨੌਜਵਾਨ ਪਤੀ ਮੋਟਰਸਾਇਕਲ ਐਕਸੀਡੈਂਟ ਵਿਚ ਮਾਰਿਆ ਗਿਆ। ਉਸਦੀ ਪਤਨੀ ਨੇ ਆਪਣੀ ਰੋਜੀ-ਰੋਟੀ ਤੋਰਨ ਲਈ ਕੁਝ ਮੱਝਾਂ ਰੱਖ ਲਈਆਂ ਅਤੇ ਦੁੱਧ ਪਾਉਣ ਲੱਗ ਪਈ। ਦੁੱਧ ਲਿਜਾਣ ਵਾਲੇ ਦੋਧੀ ਨੇ ਸਕੀਮ ਬਣਾਈ ਕਿ ਜੇ ਇਹ ਇਸਤਰੀ ਕਿਸੇ ਢੰਗ ਨਾਲ ਮੇਰੇ ਕਾਬੂ ਵਿਚ ਆ ਜਾਵੇ ਤਾਂ ਮੈਂ ਇਸਦੇ ਹਿੱਸੇ ਵਿਚ ਆਉਂਦੀ ਬਾਰਾਂ ਏਕੜ ਜ਼ਮੀਨ ਦਾ ਮਾਲਕ ਬਣ ਜਾਵਾਂਗਾ ਅਤੇ ਨਾਲ ਹੀ ਇਕ ਹੋਰ ਸੁੰਦਰ ਪਤਨੀ ਦਾ ਪਤੀ। ਉਸਨੇ ਆਪਣੇ ਅੱਠ-ਨੌਂ ਸਾਲਾ ਲੜਕੇ ਨੂੰ ਉਸ ਇਸਤਰੀ ਦੇ ਘਰ ਬਾਰੇ ਅਤੇ ਉਸਦੇ ਮਰੇ ਹੋਏ ਪਤੀ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਬੱਸ ਫਿਰ ਕੀ ਸੀ, ਉਸਦਾ ਅੱਠ-ਨੌਂ ਸਾਲਾ ਲੜਕਾ ਉਸਦੇ ਘਰ ਜਾ ਕੇ ਕਹਿਣ ਲੱਗਾ ਕਿ ਮੈਂ ਪਿਛਲੇ ਜਨਮ ਵਿਚ ਤੇਰਾ ਪਤੀ ਕਰਨੈਲ ਸਿੰਘ ਸੀ ਅਤੇ ਮੋਟਰਸਾਇਕਲ ਐਕਸੀਡੈਂਟ ਵਿਚ ਮੇਰੀ ਮੌਤ ਹੋ ਗਈ ਸੀ। ਉਸਨੇ ਘਰ ਵਿਚ ਪਈਆਂ ਚੀਜਾਂ ਦੀ ਜਾਣਕਾਰੀ ਵੀ ਦੇ ਦਿੱਤੀ। ਕੁਝ ਹੀ ਮਹੀਨਿਆਂ ਵਿਚ ਉਸ ਮੁੰਡੇ ਦਾ ਦੋਧੀ ਬਾਪ ਨਾਲੇ ਤਾਂ ਬਾਰਾਂ ਏਕੜ ਜ਼ਮੀਨ ਦਾ ਮਾਲਕ ਬਣ ਗਿਆ ਅਤੇ ਨਾਲੇ ਇਕ ਹੋਰ ਸੁੰਦਰ ਪਤਨੀ ਦਾ ਪਤੀ।
ਕਿਹਾ ਜਾਂਦਾ ਹੈ ਕਿ ਵਿਗਿਆਨਕਾਂ ਨੇ ਇਕ ਮਰ ਰਹੇ ਵਿਅਕਤੀ ਨੂੰ ਸ਼ੀਸ਼ੇ ਦੇ ਬਰਤਨ ਵਿਚ ਬੰਦ ਕਰ ਦਿੱਤਾ। ਜਦੋਂ ਵਿਅਕਤੀ ਦੀ ਮੌਤ ਹੋ ਗਈ ਤਾਂ ਇਸ ਬਰਤਨ ਵਿਚੋਂ ਆਤਮਾ ਸ਼ੀਸ਼ਾ ਤੋੜ ਕੇ ਬਾਹਰ ਨਿਕਲ ਗਈ। ਇਹ ਸਭ ਅਫ਼ਵਾਹਾਂ ਹਨ ਇਨ੍ਹਾਂ ਦੀ ਪਰਖ ਕਰਨ ਲਈ ਤੁਸੀਂ ਵੀ ਇੱਕ ਬੋਤਲ ਵਿਚ ਕੁਝ ਕੀੜੇ ਤੇ ਕੀੜੇ ਮਾਰ ਦਵਾਈ ਪਾ ਕੇ ਬੰਦ ਕਰ ਸਕਦੇ ਹੋ। ਕੀੜੇ ਮਰ ਜਾਣਗੇ ਪਰ ਬੋਤਲ ਨਹੀਂ ਟੁੱਟੇਗੀ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਵਿਚ ਹਰ ਸਾਲ ਹਜ਼ਾਰਾਂ ਅਪਰੇਸ਼ਨ ਦਿਲ, ਦਿਮਾਗ ਅਤੇ ਪੇਟ ਦੇ ਅੰਦਰੂਨੀ ਹਿੱਸਿਆਂ ਦੇ ਹੁੰਦੇ ਹਨ ਪਰ ਕਦੇ ਕਿਸੇ ਡਾਕਟਰ ਨੂੰ ਆਤਮਾ ਦੇ ਦਰਸ਼ਨ ਨਹੀਂ ਹੋਏ ਅਤੇ ਨਾ ਹੀ ਆਤਮਾ ਦਾ ਭਾਰ ਕਦੇ ਕਿਸੇ ਡਾਕਟਰ ਜਾਂ ਵਿਗਿਆਨਕ ਨੇ ਦੱਸਿਆ ਹੈ। ਵਿਗਿਆਨ ਦੀ ਕਿਸੇ ਕਿਤਾਬ ਵਿਚ ਵੀ ਇਸ ਦਾ ਭਾਰ ਕਿਤੇ ਵੀ ਦਰਜ ਨਹੀਂ ਕਿਉਂਕਿ ਆਤਮਾ ਜੇ ਕੋਈ ਮਾਦਾ ਹੋਵੇਗੀ ਤਾਂ ਹੀ ਉਸ ਦਾ ਭਾਰ ਹੋ ਸਕਦਾ ਹੈ। ਸੋ ਇਸ ਦੀ ਹੋਂਦ ਦੀ ਕਲਪਨਾ ਕਰਨਾ ਗਲਤ ਹੈ।
ਇਥੇ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੋ ਸਾਡੇ ਅੰਦਰ ਬੋਲਦਾ ਹੈ ਸੋਚਦਾ ਹੈ ਉਹ ਹੈ ਕੀ?
ਵਿਗਿਆਨਕਾਂ ਅਨੁਸਾਰ ਤਾਂ ਸਰੀਰ ਦੀਆਂ ਵੱਖ ਵੱਖ ਅੰਗ ਪ੍ਰਣਾਲੀਆਂ ਵਿਚਲਾ ਤਾਲਮੇਲ ਹੀ ਸਭ ਕੁਝ ਹੈ ਜਦੋਂ ਕੋਈ ਮਹੱਤਵਪੂਰਨ ਅੰਗ ਪ੍ਰਣਾਲੀ ਕੰਮ ਕਰਨੋਂ ਜਵਾਬ ਦੇ ਜਾਂਦੀ ਹੈ ਤਾਂ ਬੰਦੇ ਦੀ ਮੌਤ ਹੋ ਜਾਂਦੀ ਹੈ। ਕਈ ਵਾਰ ਡਾਕਟਰ ਮਰੀ ਹੋਈ ਜਾਂ ਕੰਮ ਕਰਨੋ ਜਵਾਬ ਦੇ ਗਈ ਅੰਗ ਪ੍ਰਣਾਲੀ ਨੂੰ ਜੀਵਿਤ ਵੀ ਕਰ ਲੈਂਦੇ ਹਨ। ਕੁਝ ਦਿਨ ਹੋਏ ਹਨ ਕਿ ਅਰੁਣਾ ਨਾਂ ਦੀ ਇਕ ਲੜਕੀ ਛੱਤੀ ਵਰ੍ਹੇ ਬੇਹੋਸ਼ੀ ਦੀ ਹਾਲਤ ਵਿਚ ਰਹੀ ਸੀ ਤੇ ਅਜੇ ਵੀ ਉਹ ਬੇਹੋਸ਼ ਹੈ ਤੇ ਮਰਨਾ ਚਾਹੁੰਦੀ ਹੈ। ਉਸ ਨਾਲ 1973 ਵਿਚ ਇਕ ਵਿਅਕਤੀ ਨੇ ਬਲਾਤਕਾਰ ਕਰਕੇ ਉਸ ਦਾ ਗਲ ਘੁੱਟ ਦਿੱਤਾ ਸੀ। ਜਿਸ ਕਾਰਨ ਦਿਮਾਗ ਨੂੰ ਖੂਨ ਦੀ ਸਪਲਾਈ ਰੁਕ ਗਈ ਤੇ ਉਸ ਦੇ ਦਿਮਾਗ਼ ਦਾ ਕੁਝ ਹਿੱਸਾ ਕੰਮ ਕਰਨੋ ਹਟ ਗਿਆ। ਪਰ ਡਾਕਟਰ ਲਗਾਤਾਰ ਛੱਤੀ ਸਾਲ ਉਸ ਨੂੰ ਹੋਸ਼ ਵਿਚ ਲਿਆਉਣ ਲਈ ਯਤਨਸ਼ੀਲ ਰਹੇ। ਕਦੇ ਵੀ ਕਿਸੇ ਵਿਅਕਤੀ ਇਹ ਦੱਸਣ ਦਾ ਯਤਨ ਨਹੀਂ ਕੀਤਾ ਜੇ ਆਤਮਾ ਇਕ ਸਰੀਰ ਤੋਂ ਦੂਜੇ ਸਰੀਰ ਵਿਚ ਜਾਂਦੀ ਹੈ ਤਾਂ ਉਹ ਇਸ ਲਈ ਕਿਸ ਮਾਧਿਅਮ ਦਾ ਉਪਯੋਗ ਕਰਦੀ ਹੈ? ਲੋਕਾਂ ਨੂੰ ਭਰਮਾਂ-ਵਹਿਮਾਂ ਵਿਚ ਧੱਕਣਾ ਇਥੋਂ ਦੀ ਰਾਜ ਕਰ ਰਹੀ ਜਮਾਤ ਦੀ ਲੋੜ ਹੈ। ਇਸ ਲਈ ਬਹੁਤੇ ਟੈਲੀਵਿਜ਼ਨ ਚੈਨਲਾਂ ਦੇ ਮਾਲਕ ਸਭ ਕੁਝ ਜਾਣਦੇ ਹੋਏ ਇਨ੍ਹਾਂ ਗੱਲਾਂ ਦਾ ਪ੍ਰਚਾਰ ਕਰਦੇ ਰਹਿੰਦੇ ਹਨ। ਸੋ ਉਨ੍ਹਾਂ ਨੂੰ ਚਾਹੀਦਾ ਤਾਂ ਇਹ ਹੈ ਜਿਹੜੇ ਵਿਅਕਤੀ ਪੁਨਰ ਜਨਮ ਦਾ ਦਾਅਵਾ ਕਰਦੇ ਹਨ ਉਨ੍ਹਾਂ ਨੂੰ ਦਿਮਾਗ਼ੀ ਨੁਕਸਾਂ ਕਾਰਨ ਮਾਨਸਿਕ ਰੋਗਾਂ ਦੇ ਹਸਪਤਾਲਾਂ ਵਿਚ ਭਰਤੀ ਕਰਵਾਉਣ। ਪਰ ਟੈਲੀਵਿਜ਼ਨ ਚੈਨਲਾਂ ਵਾਲੇ ਤਾਂ ਭੋਲੀ ਭਾਲੀ ਜਨਤਾ ਵਿਚ ਉਨ੍ਹਾਂ ਨੂੰ ਪੂਜਣਯੋਗ ਬਣਾ ਰਹੇ ਹਨ।
ਤਰਕਸ਼ੀਲ ਸੁਸਾਇਟੀ ਦੇ ਸ਼ੁਰੂਆਤ ਦੇ ਦਿਨਾਂ ਦੀ ਇਕ ਘਟਨਾ ਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ। ਰਾਜਪੁਰੇ ਤੋਂ ਭੂਤਾਂ ਪ੍ਰੇਤਾਂ ਦੀਆਂ ਖ਼ਬਰਾਂ ਆਮ ਤੌਰ ‘ਤੇ ਅਖ਼ਬਾਰਾਂ ਵਿਚ ਸੁਰਖ਼ੀਆਂ ਵਿਚ ਛਪਦੀਆਂ ਰਹਿੰਦੀਆਂ ਸਨ। ਅਜਿਹੀ ਹੀ ਇਕ ਖ਼ਬਰ ਦੀ ਪੜਤਾਲ ਕਰਨ ਤੋਂ ਬਾਅਦ ਉਥੋਂ ਦੇ ਇਕ ਪੱਤਰਕਾਰ ਨੂੰ ਅਸੀਂ ਪੁੱਛਿਆ ਕਿ ਸਾਨੂੰ ਤਾਂ ਪੜਤਾਲ ਵਿਚ ਕੁਝ ਮਿਲਿਆ ਨਹੀਂ ਤੂੰ ਇਹ ਖ਼ਬਰ ਕਿਸ ਸੂਚਨਾ ਦੇ ਆਧਾਰ ਤੇ ਲਗਾਈ ਹੈ? ਤਾਂ ਉਹ ਕਹਿਣ ਲੱਗਿਆ, ‘‘ਮੈਂ ਤਾਂ ਇਹ ਗੱਲ ਸੁਣੀ ਹੀ ਸੀ। ਮੈਂ ਸੋਚਿਆ ਖ਼ਬਰ ਦਿਲਚਸਪ ਬਣਦੀ ਹੈ। ਇਸ ਲਈ ਅਖ਼ਬਾਰ ਨੂੰ ਭੇਜ ਦਿੱਤੀ।’’ ਮੈਂ ਉਸ ਨੂੰ ਕਿਹਾ ਕਿ, ‘‘ਪੱਤਰਕਾਰੀ ਦਾ ਕੰਮ ਇਹ ਤਾਂ ਨਹੀਂ ਹੁੰਦਾ ਕਿ ਉਹ ਝੂਠੀ ਖ਼ਬਰ ਦੇਕੇ ਲੱਖਾਂ ਸਧਾਰਨ ਲੋਕਾਂ ਨੂੰ ਅੰਧਵਿਸ਼ਵਾਸੀ ਦੀ ਡੂੰਘੀ ਦਲਦਲ ਵਿਚ ਧੱਕ ਦੇਵੇਂ। ਤੈਨੂੰ ਸਜ਼ਾ ਦੇਣ ਵਾਲਾ ਤਾਂ ਕੋਈ ਨਹੀਂ ਪਰ ਤੇਰਾ ਜੁਰਮ ਮੁਆਫੀਯੋਗ ਨਹੀਂ।’’
ਅੱਜ ਤੋਂ 20ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਸੀ। ਸੋ ਮੈਂ ਆਪਣੇ ਦਸਵੀਂ ਜਮਾਤ ਦੇ ਹਾਜ਼ਰ 10-12 ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਯੋਗਸ਼ਾਲਾ ਵਿਚ ਲੈ ਗਿਆ। ਮੈਂ ਉਨ੍ਹਾਂ ਵਿਚੋਂ ਕੁਝ ਵਿਦਿਆਰਥੀਆਂ ਨੂੰ ਹਿਪਨੋਟਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਪਹਿਲੇ ਵਿਦਿਆਰਥੀ ਨੂੰ ਹਿਪਨੋਟਾਈਜ਼ ਕਰਨ ਤੋਂ ਬਾਅਦ ਮੈਂ ਉਸ ਨੂੰ ਪੁੱਛਿਆ ਕਿ ਤੂੰ ਪਿਛਲੇ ਜਨਮ ਵਿਚ ਕੀ ਸੀ ਉਸ ਦਾ ਜਵਾਬ ਸੀ ਕਿ ‘‘ਮੈਂ ਮਹਾਰਾਜਾ ਰਣਜੀਤ ਸਿੰਘ ਸਾਂ।’’ ਤੇਰੇ ਕਿੰਨੀਆਂ ਅੱਖਾਂ ਸਨ ਤਾਂ ਉਸ ਦਾ ਜਵਾਬ ਸੀ ਕਿ ਇੱਕ ਦੂਜੀ ਤਾਂ ਪਲੇਗ ਨਾਲ ਮਾਰੀ ਗਈ ਸੀ। ਜਦ ਮੈਂ ਅਗਲੇ ਵਿਦਿਆਰਥੀ ਨੂੰ ਪੁੱਛਿਆ ਕਿ ਤੂੰ ਪਿਛਲੇ ਜਨਮ ਵਿਚ ਕੀ ਸੀ ਤਾਂ ਉਹ ਕਹਿਣ ਲੱਗਿਆ ‘‘ਮੈਂ ਮਹਾਤਮਾ ਗਾਂਧੀ ਸਾਂ’’ ਤੇ ਮੇਰੇ ਸਿਰ ਤੇ ਸਿਰਫ਼ ਇਕ ਬੋਦੀ ਸੀ। ਉਸ ਤੋਂ ਅਗਲੇ ਵਿਦਿਆਰਥੀ ਦਾ ਜਵਾਬ ਸੀ ਕਿ ਉਹ ਪਿਛਲੇ ਜਨਮ ਵਿਚ ਇੱਕ ਰੂਸੀ ਲੇਖਕ ਗੋਰਕੀ ਸੀ ਤੇ ਉਸ ਨੇ ‘ਮਾਂ’ ਨਾਂ ਦਾ ਨਾਵਲ ਲਿਖਿਆ ਸੀ। ਹੁਣ ਤੁਸੀਂ ਹੀ ਦੱਸੋ ਕਿ ਮੇਰੇ ਸਕੂਲ ਦੀ ਦਸਵੀਂ ਜਮਾਤ ਵਿਚ ਹੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਮਰ ਚੁੱਕੇ ਤਿੰਨ ਆਗੂ ਪੈਦਾ ਹੋ ਗਏ ਸਨ? ਸੋ ਹਿਪਨੋਟਿਜ਼ਮ ਰਾਹੀਂ ਖਿਆਲ ਉਪਜਾਏ ਜਾਂ ਮਿਟਾਏ ਜਾਣਾ ਸੰਭਵ ਹੁੰਦਾ ਹੈ।
ਸੋ ਪੁਨਰ ਜਨਮ ਦੀਆਂ ਛਪ ਰਹੀਆਂ ਅਤੇ ਵਿਖਾਈਆਂ ਜਾ ਰਹੀਆਂ ਸਭ ਘਟਨਾਵਾਂ ਫਰਜੀ ਹਨ ਅਤੇ ਇਨ੍ਹਾਂ ਪਿੱਛੇ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਸਵਾਰਥ ਜ਼ਰੂਰ ਛੁਪਿਆ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ ਜੇ ਭਾਰਤ ਵਿਚ ਗਰੀਬੀ, ਬੇਰੁਜ਼ਗਾਰੀ, ਬੇਈਮਾਨੀ ਅਤੇ ਰਿਸ਼ਵਤਖੋਰੀ ਭਾਰੂ ਹਨ ਤਾਂ ਇਸਦਾ ਸਿਰਫ ਇਕੋ-ਇਕ ਕਾਰਨ ਇਥੋਂ ਦੇ ਬਹੁਸੰਮਤੀ ਲੋਕਾਂ ਦਾ ਲਾਈਲੱਗ ਹੋਣਾ ਹੈ ਅਤੇ ਮੌਜੂਦਾ ਸਿਆਸਤ ਹੀ ਇਨ੍ਹਾਂ ਨੂੰ ਲਾਈਲੱਗ ਬਣਾ ਰਹੀ ਹੈ।
-ਮੇਘ ਰਾਜ ਮਿੱਤਰ
ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਤਰਕਸ਼ੀਲ ਨਿਵਾਸ, ਗਲੀ ਨੰ : 8, ਕੱਚਾ ਕਾਲਜ ਰੋਡ,
ਬਰਨਾਲਾ, ਪੰਜਾਬ
No comments:
Post a Comment