deshpunjabtimes.blogspot.com

Wednesday, 28 September 2011

ਨਾਟਕਕਾਰ ਗੁਰਸ਼ਰਨ ਸਿੰਘ ਲੋਕ ਨਾਇਕ ਵਜੋਂ ਜਿਉਂਦੇ ਰਹਿਣਗੇ\ਸੁਸ਼ੀਲ ਦੁਸਾਂਝ


ਕਦੇ ਅਸਤ ਨਹੀਂ ਹੋਵੇਗਾ ਪੰਜਾਬੀ ਰੰਗ-ਮੰਚ  ਇਹ ਸੂਰਜ

                                                                  ਸੁਸ਼ੀਲ ਦੁਸਾਂਝ
ਰੰਗਮੰਚ ਜ਼ਿੰਦਗੀ ਦੀਆਂ ਟੁਣਕਾਰਾਂ ਛੇੜਨ ਦਾ ਸਸ਼ਕਤ ਮਾਧਿਅਮ ਹੈ ਤੇ ਅੱਜ ਜਦੋਂ ਪੰਜਾਬੀ ਰੰਗਮੰਚ ਜਾਂ ਨਾਟਕ ਦੀ ਹੋਰ ਵੀ ਜ਼ਿਆਦਾ ਜ਼ਰੂਰਤ ਹੈ; ਉਦੋਂ ਹੀ ਆਮ ਬੰਦੇ ਦੀ ਬੁਲੰਦ ਆਵਾਜ਼-ਸੱਚੀ ਸੁੱਚੀ ਜ਼ਿੰਦਗੀ ਦਾ ਸਾਜ਼-ਲੋਕ-ਸੁਪਨਿਆਂ ਦੀ ਲੰਮੀ ਪਰਵਾਜ਼-ਸਾਡੇ ਸਮਿਆਂ ਦੇ ਲੋਕ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨਹੀਂ ਰਹੇ।
ਸਮਾਜਿਕ ਬਰਾਬਰੀ ਦੀ ਲੜਾਈ ਸ. ਗੁਰਸ਼ਰਨ ਸਿੰਘ ਦੇ ਨਾਟਕਾਂ ਦਾ ਕੇਂਦਰੀ ਧੁਰਾ ਰਹੀ ਤੇ ਸ਼ਾਇਦ ਹੀ ਪੰਜਾਬੀ ਦਾ ਕੋਈ ਨਿਰਦੇਸ਼ਕ/ਕਲਾਕਾਰ ਹੋਵੇ, ਜਿਸ ਨੇ ਕਦੇ ਸ: ਗੁਰਸ਼ਰਨ ਸਿੰਘ ਦੀ ਅਗਵਾਈ ਵਿਚ ਕੰਮ ਨਾ ਕੀਤਾ ਹੋਵੇ। ਸ: ਗੁਰਸ਼ਰਨ ਸਿੰਘ ਸਮਾਜਿਕ ਬਰਾਬਰੀ ਦੀ ਲੜਾਈ ਦਾ ਕਾਰਜ ਆਪਣੇ ਨਾਟਕਾਂ ਨੂੰ ਹਥਿਆਰ ਬਣਾ ਕੇ ਕਰਦੇ ਰਹੇ। ਉਨ੍ਹਾਂ ਦੀ ਪੰਜਾਬੀ ਰੰਗਮੰਚ ਨੂੰ ਦਿੱਤੀ ਗਈ ਨਿਵੇਕਲੀ ਦਿਸ਼ਾ ਕਾਰਨ ਹੀ ਭਾਰਤੀ ਸੰਗੀਤ ਨਾਟਕ ਅਕਾਦਮੀ ਅਤੇ ਕਾਲੀਦਾਸ ਵਰਗੇ ਵੱਕਾਰੀ ਸਨਮਾਨਾਂ ਸਮੇਤ ਸੈਂਕੜੇ ਸਨਮਾਨ ਉਨ੍ਹਾਂ ਦੀ ਝੋਲੀ ਪਏ।
ਮਹੀਨਾ ਕੁ ਪਹਿਲਾਂ ਜਦੋਂ ਮੈਂ ਭਾਅ ਜੀ ਨੂੰ ਮਿਲਣ ਗਿਆ ਤਾਂ ਉਹ ਬਿਮਾਰ ਅਵਸਥਾ ਵਿਚ ਵੀ ਆਪਣੇ ਸਮਾਜੀ ਅਤੇ ਸਿਆਸੀ ਸਰੋਕਾਰ ਬਿਆਨ ਕਰ ਰਹੇ ਸਨ। ਉਨ੍ਹਾਂ ਜਿਹੜੇ ਫਿਕਰ ਸਾਂਝੇ ਕੀਤੇ; ਉਹ ਹਰ ਸੋਚਵਾਨ ਬੰਦੇ ਦੇ ਫਿਕਰ ਹੋਣੇ ਚਾਹੀਦੇ ਹਨ, ਪਰ ਅਜਿਹਾ ਕਿਉਂ ਨਹੀਂ ਹੈ। ਬਸ, ਇਹ ਹੀ ਸਵਾਲ ਸ: ਗੁਰਸ਼ਰਨ ਸਿੰਘ ਨੂੰ ਬੇਹੱਦ ਬੇਚੈਨ ਕਰ ਰਿਹਾ ਸੀ। ਉਨ੍ਹਾਂ ਲਈ ਸਭ ਤੋਂ ਪਹਿਲਾ ਫਿਕਰ ਸਮਾਜਿਕ ਅਸਾਵਾਂਪਨ ਸੀ। ਸਮਾਜਿਕ ਨਾ-ਬਰਾਬਰੀ ਤੋਂ ਉਹ ਬੇਹੱਦ ਦੁਖੀ ਸਨ। ਇਸੇ ਲਈ ਉਨ੍ਹਾਂ ਦਾ ਹਰ ਨਾਟਕ ਸਮਾਜਿਕ ਬਰਾਬਰੀ ਦੀ ਲੜਾਈ ਨੂੰ ਲੋਕ-ਯੁੱਧ ਵਿਚ ਤਬਦੀਲ ਹੋਇਆ ਦੇਖਣਾ ਚਾਹੁੰਦਾ ਹੈ। ਇਹ ਉਨ੍ਹਾਂ ਦਾ ਸੋਚਿਆ-ਸਮਝਿਆ ਅਤੇ ਸੁਚੇਤ ਫੈਸਲਾ ਸੀ ਕਿ ਉਹ ਆਪਣੇ ਹਰ ਨਾਟਕ ਰਾਹੀਂ ਸਭਨਾਂ ਲਈ ਅੱਗੇ ਵਧਣ ਦੇ 'ਇਕ ਸਾਰ ਮੌਕੇ ਹੋਣ' ਦਾ ਹੋਕਾ ਹੀ ਨਹੀਂ ਦੇਣਗੇ, ਸਗੋਂ ਲੋਕ-ਲਾਮਬੰਦੀ ਲਈ ਇਕ ਪੁਲ ਮੁੱਹਈਆ ਕਰਵਾਉਣ ਦਾ ਕੰਮ ਵੀ ਕਰਨਗੇ ਤੇ ਉਨ੍ਹਾਂ ਇਹ ਕੰਮ ਬਾਖੂਬੀ ਕੀਤਾ ਵੀ। ਹੁਣ ਇਹ ਕਿਸੇ ਨੂੰ ਇਹ ਵੀ ਲੱਗ ਸਕਦਾ ਹੈ ਕਿ ਇਸ ਕਿਸਮ ਦੇ ਨਾਟਕਾਂ ਰਾਹੀਂ ਉਹ ਨਾਅਰੇਬਾਜ਼ੀ ਹੀ ਕਰ ਰਹੇ ਹੁੰਦੇ ਸਨ ਅਤੇ ਨਾਅਰੇਬਾਜ਼ੀ ਤਾਂ ਕੋਈ ਕਲਾ ਨਹੀਂ, ਪਰ ਭਾਅ ਜੀ ਗੁਰਸ਼ਰਨ ਸਿੰਘ ਕਹਿੰਦੇ ਸਨ,-'ਮੇਰਾ ਥੀਏਟਰੀ ਗੁਣਾਂ ਬਾਰੇ ਕੋਈ ਦਾਅਵਾ ਨਹੀਂ, ਪਰ ਮੈਂ ਰੂਰਲ (ਪੇਂਡੂ) ਥੀਏਟਰ ਵਿਚ ਇਕ ਨਵਾਂ ਈਡੀਅਮ ਲਭਿਆ ਏ... ਇਹ 'ਥੜ੍ਹੇ' ਦਾ ਈਡੀਅਮ ਏ, ਆਵਾਮੀ ਰੰਗਮੰਚ ਦਾ ਈਡੀਅਮ ਏ....।' ਸੋ ਸਾਫ਼ ਹੈ ਕਿ ਗੁਰਸ਼ਰਨ ਸਿੰਘ ਦੀ ਪ੍ਰਤੀਬੱਧਤਾ ਆਪਣੇ ਲੋਕਾਂ ਦੀ ਹੋਣੀ ਬਦਲਣ ਨਾਲ ਰਹੀ।
ਇਹ ਸ: ਗੁਰਸ਼ਰਨ ਸਿੰਘ ਹੀ ਸਨ, ਜੋ ਆਪਣੀ ਉਮਰ ਦੇ ਆਖ਼ਰੀ ਪੜਾਅ 'ਤੇ ਵੀ ਸਾਲ ਦੇ 365 ਦਿਨਾਂ ਵਿਚੋਂ 280 ਰਾਤਾਂ ਪੰਜਾਬ ਦੇ ਪਿੰਡਾਂ ਵਿਚ ਲੋਕਾਂ ਨੂੰ ਆਪਣੇ ਨਾਟਕਾਂ ਰਾਹੀਂ ਸੰਬੋਧਨ ਹੁੰਦੇ ਰਹੇ। ਹੈ ਕੋਈ ਮੁਕਾਬਲਾ? ਇਕ ਇਕੱਲਾ ਬੰਦਾ ਸਮਾਜਿਕ ਤਬਦੀਲੀ ਦੀ ਲੜਾਈ ਆਪਣੇ ਢੰਗ ਨਾਲ ਲੜ ਰਿਹਾ ਸੀ। ਭਾਵੇਂ ਸਮਾਜਿਕ ਬਰਾਬਰੀ ਦੀ ਲੜਾਈ ਵਿਚ ਹੀ ਉਨ੍ਹਾਂ ਦੇ ਬਾਕੀ ਫਿਕਰ ਵੀ ਸ਼ਾਮਿਲ ਸਨ, ਪਰ ਔਰਤਾਂ 'ਤੇ ਲਗਾਤਾਰ ਵਧ ਰਿਹਾ ਜਬਰ ਉਨ੍ਹਾਂ ਨੂੰ ਖਾਸਾ ਪ੍ਰੇਸ਼ਾਨ ਕਰਦਾ ਰਿਹਾ। ਇਸ ਵਿਰੁੱਧ ਉਹ ਲਗਾਤਾਰ ਨਾਟਕ ਲਿਖਦੇ/ਖੇਡਦੇ ਹੀ ਨਹੀਂ, ਸਗੋਂ ਆਪਣੇ ਭਾਸ਼ਣਾਂ ਵਿਚ ਵੀ ਤਿੱਖੀ ਸੁਰ 'ਚ ਬੋਲਦੇ ਸਨ। ਪਿਛਲੇ 15 ਕੁ ਸਾਲਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਜਾਂਦੇ ਸਰਟੀਫਿਕੇਟਾਂ ਵਿਚ ਬੱਚੇ ਦੇ ਪਿਤਾ ਦੇ ਨਾਂਅ ਦੇ ਨਾਲ-ਨਾਲ ਮਾਤਾ ਦਾ ਨਾਂਅ ਵੀ ਲਿਖਿਆ ਜਾਂਦੈ। ਇਹ ਇਕ ਇਕੱਲੇ-ਕਾਰੇ ਬੰਦੇ ਗੁਰਸ਼ਰਨ ਸਿੰਘ ਵਲੋਂ ਲਗਾਤਾਰ ਉਠਾਈ ਗਈ ਆਵਾਜ਼ ਦੀ ਜਿੱਤ ਹੈ। ਸਾਲਾਂ ਤੋਂ ਸ: ਗੁਰਸ਼ਰਨ ਸਿੰਘ ਇਹ ਆਵਾਜ਼ ਉਠਾਉਂਦੇ ਰਹੇ ਸਨ ਕਿ ਸਰਟੀਫਿਕੇਟਾਂ ਵਿਚ ਬੱਚਿਆਂ ਦੇ ਨਾਵਾਂ ਅੱਗੇ ਸਿਰਫ਼ ਪਿਤਾ ਦਾ ਹੀ ਨਾਂਅ ਕਿਉਂ ਲਿਖਿਆ ਜਾਂਦਾ ਹੈ, ਜੰਮਣ ਪੀੜਾ ਸਹਿਣ ਵਾਲੀ ਅਤੇ ਬਾਅਦ ਵਿਚ ਪਾਲਣ-ਪੋਸ਼ਣ ਦੀ ਮੁਖ ਜ਼ਿੰਮੇਵਾਰੀ ਨਿਭਾਉਣ ਵਾਲੀ ਮਾਂ ਦਾ ਨਾਂਅ ਕਿਉਂ ਨਹੀਂ ਲਿਖਿਆ ਜਾਂਦਾ। ਕੋਈ 15 ਕੁ ਸਾਲ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਵਿਹੜੇ 'ਚ ਹੋਏ ਇਕ ਸਮਾਗਮ ਦੌਰਾਨ ਉਸ ਵੇਲੇ ਦੇ ਬੋਰਡ ਦੇ ਚੇਅਰਮੈਨ ਦੀ ਹਾਜ਼ਰੀ ਵਿਚ ਸ: ਗੁਰਸ਼ਰਨ ਸਿੰਘ ਨੇ ਇਹੀ ਗੱਲ ਬਹੁਤ ਹੀ ਜ਼ੋਰਦਾਰ ਤਰੀਕੇ ਨਾਲ ਉਠਾਈ ਤਾਂ ਚੇਅਰਮੈਨ ਨੇ ਇਹ ਐਲਾਨ ਕਰ ਦਿੱਤਾ ਕਿ ਸ: ਗੁਰਸ਼ਰਨ ਸਿੰਘ ਜੀ ਤੁਹਾਡੀ ਗੱਲ ਮੰਨੀ ਗਈ; ਅਗਾਂਹ ਤੋਂ ਸਰਟੀਫਿਕੇਟਾਂ ਵਿਚ ਮਾਂ ਦਾ ਨਾਂਅ ਵੀ ਹੋਇਆ ਕਰੇਗਾ। ਇਸ ਪ੍ਰਾਪਤੀ 'ਤੇ ਮਾਣ ਕਰਦੇ ਹੋਏ ਸ: ਗੁਰਸ਼ਰਨ ਸਿੰਘ ਕਹਿੰਦੇ ਸਨ ਕਿ ਜੇਕਰ ਇਕ ਇਕੱਲਾ ਬੰਦਾ ਏਡੀ ਮਹੱਤਵਪੂਰਨ ਗੱਲ ਮੰਨਵਾ ਸਕਦਾ ਹੈ ਤਾਂ ਫੇਰ ਹਰ ਪਾਸਿਓਂ ਸਮਾਜਿਕ ਬਰਾਬਰੀ ਦੀ ਆਵਾਜ਼ ਉਠਾ ਕੇ ਇਹ ਲੜਾਈ ਕਿਉਂ ਨਹੀਂ ਜਿੱਤੀ ਜਾ ਸਕਦੀ?
ਸ: ਗੁਰਸ਼ਰਨ ਸਿੰਘ ਨੇ ਪਿੰਡਾਂ ਦੀਆਂ ਸੱਥਾਂ 'ਚ ਥੜਿਆਂ ਅਤੇ ਗੱਡਿਆਂ ਤੋਂ ਲੈ ਕੇ ਯੂਰਪੀ ਮੁਲਕਾਂ ਦੇ ਸ਼ਾਨਦਾਰ ਆਡੀਟੋਰੀਅਮਾਂ ਵਿਚ ਵੀ ਆਪਣੇ ਨਾਟਕਾਂ ਰਾਹੀਂ ਬੜੀ ਬੇਬਾਕੀ ਅਤੇ ਨਿਡਰਤਾ ਨਾਲ ਆਪਣੀ ਗੱਲ ਕਹੀ ਹੀ ਨਹੀਂ ਹੈ, ਸਗੋਂ ਉਸ 'ਤੇ ਪਹਿਰਾ ਵੀ ਦਿੱਤਾ। ਵਿਦੇਸ਼ੀ ਦੌਰਿਆਂ ਤੋਂ ਜਿਹੜੀ ਫੀਸ ਮਿਲਦੀ ਰਹੀ ਹੈ; ਉਹ ਉਸ ਰਕਮ ਨੂੰ ਵੀ ਰੰਗਮੰਚ ਦੇ ਲੇਖੇ ਲਾਉਂਦੇ ਰਹੇ।
ਸੋ, ਸ: ਗੁਰਸ਼ਰਨ ਪੰਜਾਬੀ ਨਾਟਕ ਖਾਸ ਤੌਰ 'ਤੇ ਪੰਜਾਬੀ ਦੇ ਪੇਂਡੂ ਰੰਗਮੰਚ ਵਿਚ ਅਜਿਹੇ ਚਮਕਦੇ ਸੂਰਜ ਸਨ; ਜਿਸਦੀ ਰੌਸ਼ਨੀ 'ਚ ਨਵੇਂ ਦਿੱਸਹੱਦਿਆਂ ਦੇ ਝਲਕਾਰੇ ਹਨ।
ਜੀਵਨ ਵਿਚ ਨਾਟਕ ਦੀ ਏਨੀ ਮਹੱਤਤਾ ਹੋਣ ਦੇ ਬਾਵਜੂਦ ਪੰਜਾਬ ਵਿਚ ਨਾਟਕ ਲਈ ਜ਼ਮੀਨ ਸਦਾ ਉਖੜੀ-ਪੁਖੜੀ ਰਹੀ ਹੈ। ਫੇਰ ਵੀ ਪੰਜਾਬ ਦੀਆਂ ਜਿਨ੍ਹਾਂ ਸ਼ਖ਼ਸੀਅਤਾਂ ਨੇ ਆਪਣਾ ਸਾਰਾ ਆਪਾ ਰੰਗ-ਮੰਚ ਨੂੰ ਹੀ ਅਰਪਣ ਕਰ ਦਿੱਤਾ, ਉਨ੍ਹਾਂ ਦੀ ਸਿਖ਼ਰ 'ਤੇ ਗੁਰਸ਼ਰਨ ਸਿੰਘ ਦਾ ਨਾਂਅ ਆਉਂਦਾ ਹੈ। ਗੁਰਸ਼ਰਨ ਸਿੰਘ ਵੱਲੋਂ ਤਿਆਰ ਕੀਤੀ ਜ਼ਮੀਨ ਵਿਚ ਹੀ ਅਜੋਕੇ ਪੰਜਾਬੀ ਨਾਟਕ ਦੀ ਇਮਾਰਤ ਉਸਰੀ ਹੈ। ਅੱਜ ਪੰਜਾਬ ਵਿਚ ਲਗਭਗ 30 ਦੇ ਕਰੀਬ ਸਰਗਰਮ ਨਾਟਕ ਗਰੁੱਪ ਕੰਮ ਕਰ ਰਹੇ ਹਨ। ਸਾਰੀਆਂ ਤੰਗੀਆਂ-ਤੁਰਸੀਆਂ ਦੇ ਬਾਵਜੂਦ ਇਨ੍ਹਾਂ ਗਰੁੱਪਾਂ ਵਿਚ ਕੰਮ ਕਰਦੇ ਸੈਂਕੜੇ ਰੰਗਕਰਮੀ ਪੰਜਾਬੀ ਰੰਗਮੰਚ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਆਪਣਾ ਪੂਰਾ ਤਾਣ ਲਾ ਰਹੇ ਹਨ, ਤਾਂ ਇਹਦਾ ਵੱਡਾ ਸਿਹਰਾ ਭਾਅ ਜੀ ਗੁਰਸ਼ਰਨ ਸਿੰਘ ਨੂੰ ਹੀ ਜਾਂਦਾ ਹੈ।

ਅੱਜ ਉਹ ਸਰੀਰਕ ਤੌਰ 'ਤੇ ਨਹੀਂ ਰਹੇ, ਪਰ ਉਹ ਲੋਕ-ਚੇਤਿਆਂ 'ਚ ਸਦਾ ਲੋਕ ਨਾਇਕ ਵਜੋਂ ਜਿਉਂਦੇ ਰਹਿਣਗੇ। ਪੰਜਾਬੀ ਰੰਗਮਚ ਦਾ ਇਹ ਚਮਕਦਾ ਸੂਰਜ ਕਦੇ ਅਸਤ ਨਹੀਂ ਹੋਵੇਗਾ।


No comments:

Post a Comment