deshpunjabtimes.blogspot.com

Friday, 16 September 2011

ਆਰਥਿਕ ਮੰਦਵਾੜੇ ਕਾਰਨ ਸੰਸਾਰ ਦੀ ਬਦ ਤੋਂ ਬਦਤਰ ਹੋ ਰਹੀ ਸਥਿਤੀ


ਡਾæ ਸੁਰਜੀਤ ਬਰਾੜ
ਆਰਥਿਕ ਮੰਦਵਾੜੇ ਕਾਰਨ ਵਿਸ਼ਵ ਇਕ ਅਜਿਹੇ ਮੋੜ 'ਤੇ ਆ ਗਿਆ ਹੈ, ਜਿਸ 'ਤੇ ਸਮਾਜਿਕ, ਸੱਭਿਆਚਾਰਕ, ਰਾਜਨੀਤਕ, ਆਰਥਿਕ ਖੇਤਰਾਂ ਵਿਚ ਖਤਰਨਾਕ, ਭਿਆਨਕ ਤਬਾਹੀ ਹੋਵੇਗੀ। ਹੋਰ ਤਾਂ ਹੋਰ ਮਨੋਵਿਗਿਆਨਕ ਪੱਧਰ 'ਤੇ ਵੀ ਸੰਸਾਰ ਦੇ ਲੋਕ ਟੁੱਟ-ਭੱਜ ਅਤੇ ਬਿਖਰ ਜਾਣਗੇ। ਇਸ ਆਰਥਿਕ ਮੰਦਵਾੜੇ ਕਾਰਨ ਹੀ ਇਸ ਸੰਸਾਰ ਵਿਚ ਅਰਾਜਕਤਾ, ਬਦਅਮਨੀ, ਬੇਚੈਨੀ, ਲੁੱਟਮਾਰ ਕਤਲੇਆਮ, ਆਦਿ, ਵਿਆਪਕ ਪੱਧਰ 'ਤੇ ਫੈਲਣ ਦਾ ਡਰ ਅਤੇ ਖਤਰਾ ਬਣ ਚੁੱਕਾ ਹੈ। ਅਮਰੀਕਾ, ਇੰਗਲੈਂਡ, ਯੂਨਾਨ, ਪੁਰਤਗਾਲ, ਆਇਰਲੈਂਡ, ਫਰਾਂਸ, ਸਪੇਨ, ਗਰੀਸ ਆਦਿ ਵਿਕਸਿਤ ਦੇਸ਼ਾਂ ਵਿਚ ਵੀ ਇਹ ਬਿਮਾਰੀਆਂ ਵੱਡੀ ਪੱਧਰ 'ਤੇ ਫੈਲ ਚੁੱਕੀਆਂ ਹਨ। ਅਰਬ ਦੇਸ਼ਾਂ ਵਿਚ ਵਿਆਪਕ ਉਥਲ-ਪੁਥਲ ਜਾਰੀ ਹੈ। ਕਈ ਅਰਬ ਦੇਸ਼ਾਂ ਵਿਚ ਲੋਕ ਤਾਨਾਸ਼ਾਹੀ ਹਕੂਮਤਾਂ ਵਿਰੁੱਧ ਬਗਾਵਤਾਂ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਵਿਚ ਗ਼੍ਰਹਿ ਯੁੱਧ ਸ਼ੁਰੂ ਹੋ ਚੁੱਕੇ ਹਨ। ਈਰਾਨ, ਇਰਾਕ, ਲਿਬੀਆ, ਸੀਰੀਆ, ਮਿਸਰ, ਅਫਗਾਨਿਸਤਾਨ, ਪਾਕਿਸਤਾਨ ਆਦਿ ਦੇਸ਼ਾਂ ਦੀ ਸਥਿਤੀ ਵਿਸਫੋਟਕ ਬਣ ਚੁੱਕੀ ਹੈ। ਭਾਰਤ ਦੀ ਸਥਿਤੀ ਵੀ ਬਦ ਤੋਂ ਬਦਤਰ ਹੋ ਚੁੱਕੀ ਹੈ। ਕਈ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਵਿਆਪਕ ਭੁੱਖਮਰੀ ਫੈਲ ਚੁੱਕੀ ਹੈ। ਸੋਮਾਲੀਆ, ਇਥੋਪੀਆ, ਬੰਗਲਾਦੇਸ਼, ਕੰਬੋਡੀਆ, ਯੂਗਾਡਾਂ, ਸੂਡਾਨ ਵਰਗੇ ਦੇਸ਼ਾਂ ਵਿਚ ਭੁੱਖਮਰੀ ਨਾਲ ਨਿਰੰਤਰ ਮੌਤਾਂ ਹੋ ਰਹੀਆਂ ਹਨ। ਭੁੱਖਮਰੀ ਦੀ ਸਥਿਤੀ ਨਾਲ ਭਾਰਤ ਹੀ ਨਹੀਂ, ਚੀਨ ਵਰਗਾ ਦੇਸ਼ ਵੀ ਜੂਝ ਰਿਹਾ ਹੈ। ਸੰਸਾਰ ਵਿਚ ਇਸ ਸਮੇਂ ਇਕ ਅਰਬ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਇਕੱਲੇ ਭਾਰਤ ਵਿਚ 23æ7 ਕਰੋੜ ਲੋਕ ਭੁੱਖਮਰੀ ਦੀ ਸਥਿਤੀ ਭੋਗ ਰਹੇ ਹਨ। ਭੁੱਖਮਰੀ ਨਾਲ ਇਨਸਾਨ ਦਾ ਮਰਨਾ, ਸਾਡੇ ਸਮਿਆਂ ਦਾ ਕਰੂਰ ਸੱਚ ਹੈ, ਇਹ ਸੰਸਾਰ ਦੇ ਮੱਥੇ 'ਤੇ ਬਦਨੁਮਾ ਦਾਗ, ਕਲੰਕ ਹੈ।
ਜਦ ਤੱਕ ਸੰਸਾਰ ਨਵ-ਉਦਾਰਵਾਦੀ ਨੀਤੀਆਂ ਨੂੰ ਨਹੀਂ ਤਿਆਗਦਾ, ਉਦੋਂ ਤੱਕ ਉਹ ਆਰਥਿਕ ਮੰਦਵਾੜੇ ਤੋਂ ਛੁਟਕਾਰਾ ਨਹੀਂ ਪਾ ਸਕੇਗਾ। ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਨਵ-ਉਦਾਰਵਾਦੀ ਨੀਤੀਆਂ ਤਹਿਤ ਵਿਆਪਕ ਆਰਥਿਕ ਸੁਧਾਰ ਕੀਤੇ ਸਨ, ਸਿੱਟੇ ਵਜੋਂ ਇਹ ਦੇਸ਼ (ਹਾਲਾਂਕਿ ਇਹ ਵਿਕਸਿਤ ਦੇਸ਼ ਹਨ) ਗੰਭੀਰ ਨਤੀਜੇ ਭੁਗਤ ਰਹੇ ਹਨ। ਅਮਰੀਕਾ ਅਤੇ ਪੱਛਮੀ ਦੇਸ਼ਾਂ, ਯੂਨਾਨ, ਸਪੇਨ, ਪੁਰਤਗਾਲ, ਇਟਲੀ, ਆਇਰਲੈਂਡ, ਫਰਾਂਸ ਦੀ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਹੈ। ਅਮਰੀਕਾ ਵਿਚ ਬੈਂਕਿੰਗ ਖੇਤਰ ਪੂਰੀ ਤਰ੍ਹਾਂ ਲੜਖੜਾਇਆ ਪਿਆ ਹੈ। ਘਰ ਬਣਾਉਣ, ਵੇਚਣ ਦੀ ਪ੍ਰਕਿਰਿਆ ਠੱਪ ਹੋ ਚੁੱਕੀ ਹੈ। ਅਮਰੀਕਾ ਵਿਚ ਲੱਖਾਂ ਲੋਕਾਂ ਨੂੰ ਆਪਣੇ ਘਰ ਇਸ ਕਰਕੇ ਛੱਡਣੇ ਪਏ ਹਨ, ਕਿਉਂਕਿ ਉਹ ਕਿਸ਼ਤਾਂ ਨਹੀਂ ਤਾਰ ਸਕੇ। ਬੈਂਕਾਂ ਦੇ ਫੇਲ੍ਹ ਹੋਣ ਦਾ ਕਾਰਨ ਵੀ ਇਹੋ ਸੀ, ਲੈਣ-ਦੇਣ ਦਾ ਢਾਂਚਾ ਹੀ ਲੜ-ਖੜਾ ਗਿਆ। ਅਮਰੀਕਾ ਘਰੇਲੂ ਅਤੇ ਕੌਮਾਂਤਰੀ ਮੰਡੀ ਦਾ ਕਰਜ਼ਈ ਹੋ ਚੁੱਕਾ ਹੈ। ਅਮਰੀਕਾ ਦਾ ਖ਼ਜ਼ਾਨਾ ਖਾਲੀ ਹੋ ਚੁੱਕਾ ਹੈ। ਦੇਣਦਾਰੀਆਂ ਦਾ ਵਿਆਜ ਵੀ ਦੇਣ ਤੋਂ ਅਸਮਰੱਥ ਹੋ ਗਿਆ ਹੈ। ਪਿਛਲੇ ਦਿਨੀਂ \Ḕਸਟੈਂਡਰਡ ਐਂਡ ਪੂਅਰਜ਼' ਵੱਲੋਂ ਅਮਰੀਕਾ ਦੀ ਕਰਜ਼ਾ ਸਾਖ ਨੂੰ ਘਟਾਇਆ ਗਿਆ ਹੈ। ਇਸ ਸਾਖ ਨਿਰਧਾਰਨ ਏਜੰਸੀ ਨੇ ਅਮਰੀਕਾ ਦੀ ਕਰਜ਼ਾ ਸਾਖ ਟ੍ਰਿਪਲ ਏ ਤੋਂ ਘਟਾ ਕੇ ਏ ਏ ਪਲੱਸ ਕਰ ਦਿੱਤੀ ਸੀ। ਕਰਜ਼ਾ ਸਾਖ ਘਟਣ ਨਾਲ ਅਮਰੀਕਾ ਨਵੇਂ ਡਿਫਾਲਟਰਾਂ ਤਾਂ ਨਹੀਂ ਹੋਇਆ ਪਰ ਡਿਫਾਲਟ ਹੋਣ ਵਾਲਾ ਦੇਸ਼ ਬਣਨ ਦੇ ਕਿਨਾਰੇ ਪੁੱਜ ਗਿਆ। ਉਸ ਦੀ ਕਰਜ਼ਾ ਸਾਖ ਘਟਣ ਕਾਰਨ ਹੀ ਅਮਰੀਕੀ ਸ਼ੇਅਰ ਬਾਜ਼ਾਰ ਦਿਨੋਂ-ਦਿਨ ਹੇਠਾਂ ਹੀ ਹੇਠਾਂ ਜਾ ਰਿਹਾ ਹੈ। ਡਾਊ ਜੋਂਸ, ਸਟੈਂਡਰਡ ਐਂਡ ਪੂਅਰਜ਼ ਅਤੇ ਨਾਸਡੈਕ ਕੰਪੋਜਿਟ ਇੰਡੈਕਸ ਵਿਚ ਵਿਆਪਕ ਕਮੀ ਨਾਲ ਅਮਰੀਕਾ ਦੀ ਸ਼ੇਅਰ ਬਾਜ਼ਾਰ ਦੀ ਸਥਿਤੀ ਤਬਾਹੀ ਦੇ ਕਗਾਰ 'ਤੇ ਪਹੁੰਚ ਚੁੱਕੀ ਹੈ। ਇਸ ਕਾਰੋਬਾਰ ਵਿਚ ਲੱਖਾਂ ਲੋਕਾਂ ਦੇ ਭਾਂਡੇ ਮੂਧੇ ਹੋ ਗਏ ਹਨ। ਇਸ ਸਮੇਂ ਅਮਰੀਕਾ ਵਿਚ ਬੇਰੁਜ਼ਗਾਰੀ ਦੀ ਦਰ 10 ਫੀਸਦੀ ਤੋਂ ਵੱਧ ਗਈ ਹੈ।
ਅਰਬਾਂ ਦੇਸ਼ਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ। ਇਨ੍ਹਾਂ ਦੇਸ਼ਾਂ ਵਿਚ 50 ਫੀਸਦੀ ਤੋਂ ਵੱਧ ਲੋਕ ਗਰੀਬ ਹਨ ਅਤੇ ਬੇਰੁਜ਼ਗਾਰੀ ਦੀ ਵਾਧਾ ਦਰ 10 ਤੋਂ 15 ਫੀਸਦੀ ਤੱਕ ਹੈ। ਪਾਕਿਸਤਾਨ ਅਤੇ ਬੰਗਲਾ ਦੇਸ਼ ਤਬਾਹੀ ਦੇ ਕਗਾਰ 'ਤੇ ਪੁੱਜ ਚੁੱਕੇ ਹਨ। ਲਗਾਤਾਰ ਤੱਥ ਸਾਹਮਣੇ ਆ ਰਹੇ ਹਨ ਕਿ ਵਿਕਸਿਤ ਦੇਸ਼ਾਂ ਦੇ ਲੋਕਾਂ ਦਾ ਵਾਲ-ਵਾਲ ਕਰਜ਼ਿਆਂ ਨਾਲ ਵਿੰਨ੍ਹਿਆ ਪਿਆ ਹੈ। ਇਕੱਲੇ ਕੈਨੇਡਾ ਦੇ 72 ਫੀਸਦੀ ਲੋਕ ਕਰਜ਼ੇ ਦੀ ਮਾਰ ਹੇਠ ਆਏ ਹੋਏ ਹਨ। ਭਾਰਤ ਦੀ ਕਿਸਾਨੀ ਵੀ ਕਰਜ਼ਿਆਂ ਕਾਰਨ ਖੁਦਕੁਸ਼ੀਆਂ ਕਰ ਰਹੀ ਹੈ। ਪਿਛਲੇ ਦਿਨੀਂ ਵਿਤ ਮੰਤਰੀ ਪ੍ਰਣਬ ਮੁਖਰਜੀ ਨੇ ਹਵਾ ਵਿਚ ਬਿਆਨ ਦਾਗਿਆ ਸੀ। ਮੁਖਰਜੀ ਨੇ ਕਿਹਾ ਸੀ ਕਿ ਭਾਰਤ ਦੀ ਅਰਥ-ਵਿਵਸਥਾ ਮਜਬੂਤ ਹੈ, ਮੰਦਵਾੜੇ ਅਤੇ ਅਮਰੀਕਾ ਦੀ ਸਥਿਤੀ ਕਾਰਨ ਸਾਡੀ ਅਰਥ ਵਿਵਸਥਾ 'ਤੇ ਕੋਈ ਅਸਰ ਨਹੀਂ ਹੋਵੇਗਾ। ਇਹ ਬਿਆਨ ਝੂਠ ਦਾ ਪੁਲੰਦਾ ਹੈ। ਖ਼ਬਰਾਂ ਆ ਚੁੱਕੀਆਂ ਹਨ ਕਿ 2011 ਵਿਚ ਹੀ ਸਾਡੇ ਦੇਸ਼ ਦੇ 5 ਕਰੋੜ ਲੋਕ ਹੋਰ ਗਰੀਬੀ ਦੀ ਰੇਖਾ ਤੋਂ ਹੇਠਾਂ ਜਾ ਚੁੱਕੇ ਹਨ। ਸਾਰੇ ਅਮਰੀਕਾ ਵਿਚ ਇੰਨੇ ਲੋਕ ਮੰਦਵਾੜੇ ਕਾਰਨ ਵੀ ਗਰੀਬੀ ਦੀ ਰੇਖਾ ਤੋਂ ਹੇਠਾਂ ਨਹੀਂ ਜਾਣ ਦਿੱਤੇ ਗਏ। ਉਨ੍ਹਾਂ ਲੋਕਾਂ ਨੂੰ ਬੇਰੁਜ਼ਗਾਰੀ ਭੱਤਾ ਬਕਾਇਦਾ ਦਿੱਤਾ ਜਾ ਰਿਹਾ ਹੈ। ਜਿਸ ਨਾਲ ਉਹ ਜਿਉਂਦੇ ਰਹਿਣਗੇ, ਮਰਨਗੇ ਨਹੀਂ। ਪ੍ਰਣਬ ਮੁਖਰਜੀ ਨੂੰ ਪਤਾ ਹੈ ਕਿ ਭਾਰਤ ਵਿਚ 23æ7 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਇਹ ਲੋਕ ਭੁੱਖ-ਦੁੱਖ ਨਾਲ ਮਰਨ ਲਈ ਮਜਬੂਰ ਹਨ। ਮੁਖਰਜੀ ਨੂੰ ਭਾਰਤ ਵਿਚ ਬੇਰੁਜ਼ਗਾਰੀ ਵੀ ਨਜ਼ਰ ਨਹੀਂ ਆ ਰਹੀ। ਸਾਡੇ ਦੇਸ਼ ਵਿਚ ਇਸ ਸਮੇਂ ਬੇਰੁਜ਼ਗਾਰੀ ਦੀ ਦਰ 10 ਫੀਸਦੀ ਤੋਂ ਵੱਧ ਹੈ। ਜੇਕਰ ਦੇਸ਼ ਵਿਚ ਲੁਕਵੀਂ ਬੇਰੁਜ਼ਗਾਰੀ ਵੱਲ ਨਜ਼ਰ ਮਾਰੀ ਜਾਵੇ ਤਾਂ ਹਰ ਪਰਿਵਾਰ ਵਿਚ ਦੋ ਬੰਦੇ ਬੇਰੁਜ਼ਗਾਰ ਹਨ। ਕਿਸਾਨਾਂ ਦੇ ਮੁੰਡੇ-ਕੁੜੀਆਂ ਕੋਲ ਕੋਈ ਕੰਮ ਨਹੀਂ, ਉਹ ਵਿਹਲ ਦੇ ਮਾਰੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਸ਼ਹਿਰ ਵਿਚ ਉਹ ਗਰੀਬ ਨਹੀਂ, ਜੋ ਰੋਜ਼ਾਨਾ ਵੀਹ ਰੁਪਏ ਕਮਾਉਂਦਾ ਹੈ, ਪਿੰਡ ਵਿਚ ਇਕ ਵਿਅਕਤੀ ਜੋ ਪੰਦਰਾਂ ਰੁਪਏ ਕਮਾਉਂਦਾ ਹੈ, ਉਹ ਗਰੀਬਾਂ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ। ਪ੍ਰਣਬ ਮੁਖਰਜੀ ਇਕੱਲਾ ਹੀ ਵੀਹ ਰੁਪਏ ਨਾਲ ਗੁਜ਼ਾਰਾ ਕਰਕੇ ਦਿਖਾਵੇ। ਵੀਹ ਰੁਪਏ ਵਿਚ ਰੋਟੀ, ਦਾਲ, ਸਬਜ਼ੀ ਤਾਂ ਕੀ ਦਿਨਭਰ ਲਈ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਸਕਦਾ। ਬੱਚਿਆਂ ਦੀ ਪੜ੍ਹਾਈ, ਬਿਜਲੀ-ਪਾਣੀ ਦੇ ਖਰਚੇ, ਦੁੱਖ-ਰੋਗਾਂ ਦੇ ਖਰਚੇ, ਵਿਆਹਾਂ, ਸ਼ਾਦੀਆਂ ਦੇ ਖਰਚੇ ਉਹ ਕਿੱਥੋਂ ਕਰੇਗਾ।
ਵੀਹ ਰੁਪਏ ਕਮਾਉਣ ਵਾਲੇ ਬੰਦੇ ਨੂੰ ਜੇਕਰ ਆਪਣੇ ਘਰ ਤੋਂ ਵੀਹ ਬਾਈ ਕਿਲੋਮੀਟਰ ਦੂਰ ਜਾਣਾ ਪੈ ਗਿਆ ਤਾਂ ਬੱਸ ਰਾਹੀਂ ਆਉਣ-ਜਾਣ ਦਾ ਕਿਰਾਇਆ 40 ਰੁਪਏ ਖਰਚ ਹੋਵੇਗਾ, ਜੇਕਰ ਦੂਰ-ਦੁਰਾਡੇ ਦੀ ਰਿਸ਼ਤੇਦਾਰੀ ਵਿਚ ਜਾਣਾ ਪੈ ਗਿਆ, ਫਿਰ ਤਾਂ ਉਸ ਦੇ ਭਾਂਡੇ ਮੂਧੇ ਹੀ ਨਹੀਂ ਵੱਜਣਗੇ, ਸਗੋਂ ਜਾਂ ਤਾਂ ਕਰਜ਼ਾ ਚੁੱਕਣਾ ਪਵੇਗਾ ਜਾਂ ਘਰ ਗਹਿਣੇ ਕਰਨਾ ਪਵੇਗਾ। ਪ੍ਰਣਬ ਮੁਖਰਜੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਦੇਸ਼ ਵਿਚ ਲਗਭਗ ਵੀਹ ਕਰੋੜ ਲੋਕ ਝੁੱਗੀਆਂ-ਝੌਂਪੜੀਆਂ ਵਿਚ ਰਹਿੰਦੇ ਹਨ। ਅਜਿਹੇ ਲੋਕਾਂ ਕੋਲ ਨਾ ਘਰ ਹੈ ਨਾ ਰੁਜ਼ਗਾਰ। ਮੁਖਰਜੀ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ। ਜਦ ਤੱਕ ਦੇਸ਼ ਵਿਚ ਖੁੱਲ੍ਹੀ ਮੰਡੀ ਦੀ ਅਰਥ-ਵਿਵਸਥਾ ਰਹੇਗੀ, ਨਵ-ਉਦਾਰਵਾਦੀ ਨੀਤੀਆਂ ਰਹਿਣਗੀਆਂ, ਉਦੋਂ ਤੱਕ ਮਹਿੰਗਾਈ ਵਧੇਗੀ। ਇਸ ਸਮੇਂ ਮਹਿੰਗਾਈ ਦਰ ਵੀ 9 ਫੀਸਦੀ ਤੋਂ ਉਪਰ ਹੈ। ਨਵ-ਉਦਾਰਵਾਦੀ ਨੀਤੀਆਂ ਤਹਿਤ ਹੀ ਸਰਕਾਰ ਨੇ ਹਰ ਇਕ ਵਸਤੂ ਦੀ ਕੀਮਤ ਕਾਰਪੋਰੇਟ ਜਗਤ ਉਪਰ ਛੱਡ ਦਿੱਤੀ ਹੈ। ਸੱਟਾ ਬਾਜ਼ਾਰ ਅਤੇ ਵਾਅਦਾ ਬਾਜ਼ਾਰ ਕਾਰਨ ਨਿਰੰਤਰ ਕੀਮਤਾਂ ਵੱਧ ਰਹੀਆਂ ਹਨ ਅਤੇ ਇਹ ਹੋਰ ਵਧਦੀਆਂ ਰਹਿਣਗੀਆਂ। ਇਨ੍ਹਾਂ ਨੀਤੀਆਂ ਕਾਰਨ ਹੀ ਬੇਰੁਜ਼ਗਾਰੀ ਵਧੇਗੀ, ਲੁੱਟ-ਖਸੁੱਟ ਅਤੇ ਸੋਸ਼ਣ ਵਧੇਗਾ, ਗਰੀਬੀ ਅਤੇ ਭੁੱਖਮਰੀ ਵਧੇਗੀ। ਭ੍ਰਿਸ਼ਟਾਚਾਰ ਵੀ ਇਨ੍ਹਾਂ ਨੀਤੀਆਂ ਦਾ ਹੀ ਸਿੱਟਾ ਹੈ। ਜੇਕਰ ਇਕ ਰੋਗ ਪੈਦਾ ਹੁੰਦਾ ਹੈ ਤਾਂ ਉਹ ਰੋਗ ਦੂਜੇ ਰੋਗ ਨੂੰ ਪੈਦਾ ਕਰਨ ਵਿਚ ਸਹਾਈ ਹੁੰਦਾ ਹੈ। ਦੂਜਾ ਰੋਗ ਤੀਜੇ ਰੋਗ ਨੂੰ ਵਧਾਏਗਾ, ਇਸ ਤਰ੍ਹਾਂ ਰੋਗਾਂ ਨੇ ਲੱਗਣੋਂ ਰੁਕਣਾ ਨਹੀਂ। ਸਾਡੀ ਸਰਕਾਰ ਨੂੰ ਇਹ ਕੰਧ 'ਤੇ ਲਿਖਿਆ ਸੱਚ ਪੜ੍ਹ ਲੈਣਾ ਚਾਹੀਦਾ ਹੈ। ਜੇਕਰ ਭਾਰਤ ਹੀ ਨਹੀਂ, ਸਮੁੱਚਾ ਸੰਸਾਰ ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਤੋਂ ਮੂੰਹ ਨਹੀਂ ਮੋੜੇਗਾ ਤਾਂ ਆਰਥਿਕ ਮੰਦਵਾੜਿਆਂ 'ਤੇ ਕਾਬੂ ਨਹੀਂ ਪਾਇਆ ਜਾ ਸਕੇਗਾ। ਜੇਕਰ ਸੰਸਾਰ ਨੇ ਇਨ੍ਹਾਂ ਲੋਕਮਾਰੂ ਨੀਤੀਆਂ ਤੋਂ ਪਿੱਛੇ ਨਹੀਂ ਮੁੜਨਾ ਤਾਂ ਸੰਸਾਰ ਤੀਜੇ ਯੁੱਧ ਦੀ ਮਾਰ ਹੇਠ ਆ ਜਾਵੇਗਾ। ਇਹ ਪੂਰੀ ਸੰਭਾਵਨਾ ਬਣ ਚੁੱਕੀ ਹੈ। ਜੇਕਰ ਤੀਜਾ ਸੰਸਾਰ ਯੁੱਧ ਲੱਗਦਾ ਹੈ ਤਾਂ ਫਿਰ ਸੰਸਾਰ ਨੂੰ ਤਬਾਹ ਹੋਣ ਤੋਂ ਕੋਈ ਨਹੀਂ ਬਚਾਅ ਸਕੇਗਾ। ਮੋਬਾਇਲ : 98553-71313

No comments:

Post a Comment