sheery maan
writerਤਸਕੀਨ phone 98140 99426
ਚਮਕੀਲਾ ਹਰੀ ਕ੍ਰਾਂਤੀ 'ਚੋਂ ਪੈਦਾ ਹੋਈ ਅਨਪੜ੍ਹ ਧੜਵੈਲ ਜਮਾਤ ਦੇ ਜਸ਼ਨ ਦਾ ਗਾਇਕ ਸੀ ਤਾਂ ਰਣਜੀਤ ਮਣੀ ਉਸ ਜਸ਼ਨ ਦੀ ਖੁੱਸੀ ਹੋਈ ਸਥਿਤੀ ਦੇ ਰੁਦਨ ਵਜੋਂ ਹੁੰਦਾ ਹੈ। ਸਿੱਖਿਅਤ ਔਰਤ ਦੀ ਮਾਨਸਿਕ ਤਬਦੀਲੀ ਮਰਦ ਦੇ ਸਜਾਵਟੀ ਰੂਪ ਵੱਲ ਆਕਰਸ਼ਿਤ ਹੋ ਰਹੀ ਸੀ, ਤਾਂ ਮਰਦ ਆਪਣੇ ਪੁਰਖ ਤੰਤਰ ਦੇ ਖਸਤਾਹਾਲ ਹੋ ਜਾਣ ਦੇ ਭਰਮ ਸਦਕਾ ਮਰਦ ਹੱਥੋਂ ਅਜ਼ਾਦ ਲਿੰਗਕਤਾ ਜਾਣ ਕੇ ਪੁਰਖ ਤੰਤਰ ਦੇ ਖਾਤਮੇ ਦਾ ਰੁਦਨ ਕਰਦਾ ਹੈ।
ਦੇ ਗੀ ਉਹ ਜਵਾਬ ਮੈਨੂੰ ਏਸੇ ਗੱਲ 'ਤੇ
ਉਹ ਕਹਿੰਦੀ ਦੇਸੀ ਜਿਹਾ।
-ਮਨੀ ਮੀਤ
ਇਹ ਉਸ ਦਾ ਵਕਤੀ ਭਰਮ ਸੀ। ਔਰਤ ਤਾਂ ਪੁਰਖ ਦੇ ਨਵੇਂ ਰੂਪ ਦਾ ਤਸੱਵਰ ਮੰਡੀ ਮਨੁੱਖ ਵਿੱਚੋਂ ਤਲਾਸ਼ ਰਹੀ ਸੀ। ਉਹ ਤਾਂ ਇੰਨੀ ਅਜ਼ਾਦ ਹੋਈ ਸੀ ਕਿ ਆਪਣੇ ਹੁਸਨੀ/ਮਾਨਸਿਕ ਮੁੱਲ ਰਾਹੀਂ ਸੱਤਾ ਦੀ ਚੋਣ ਕਰ ਰਹੀ ਸੀ। ਉਸ ਦੀ ਦੌੜ ਸੀ ਕਿ ਉਹ ਕਿਹੜੀ ਸੱਤਾ ਨੂੰ ਆਪਣੀ ਲਿੰਗਕਤਾ ਸਮਰਪਿਤ ਕਰੇ। ਘਰ ਅਤੇ ਕੋਠੇ ਵਿੱਚ ਏਨਾ ਹੀ ਫ਼ਰਕ ਹੁੰਦਾ ਹੈ ਕਿ ਘਰ ਵਿੱਚ ਇੱਕ ਔਰਤ ਦੀ ਲਿੰਗਕਤਾ ਬਹੁਤ ਜੇਬਾਂ ਅਧੀਨ ਹੁੰਦੀ ਹੈ। ਅੰਤਿਮ ਰੂਪ 'ਚ ਉਸ ਦੀ ਹੋਣੀ ਵਿਕਣਾ ਹੈ ਜਾਂ ਆਪਣੀ ਲਿੰਗਕਤਾ ਨੂੰ ਮਰਦ ਸੱਤਾ ਦੇ ਅਧੀਨ ਕਰਨਾ ਹੀ ਹੈ। ਵਸਤ ਬਣੀ ਇਸ 'ਅਜ਼ਾਦ' ਔਰਤ ਨੇ ਆਪਣੇ ਦੁਆਲਿਉਂ ਮੁਹੱਬਤੀ ਨੈਤਿਕਤਾ ਦਾ ਪਰੰਪਰਿਕ ਉਛਾੜ ਲਾਹ ਮਾਰਿਆ ਸੀ ਤਾਂ ਰਣਜੀਤ ਮਣੀ, ਦੇਵਿੰਦਰ ਕੋਹੇਨੂਰ ਇਸ ਨਵੀਂ ਸੰਕਟੀ ਸਥਿਤੀ ਵਿੱਚ ਭਮੱਤਰ ਗਏ। ਮੇਜਰ ਰਾਜਸਥਾਨੀ, ਗੋਰਾ ਚੱਕ ਵਾਲਾ ਆਦਿ ਤਾਂ ਪ੍ਰੇਮਿਕਾ ਦੇ ਸੱਤਾ ਦੀ 'ਅਜ਼ਾਦ' ਚੋਣ ਦੇ ਫੈਸਲੇ ਨੂੰ ਬੇਵਫਾਈ ਜਾਣ ਕੇ ਉਸ ਦੀ ਡੋਲੀ ਵਾਲੀ ਕਾਰ ਤੱਕ ਨੂੰ ਤੋੜਨ ਦਾ 'ਅਣਖੀ' ਰਾਹ ਫੜਦੇ ਹਨ।
ਤੇਰੇ ਅਣਖੀ ਆਸ਼ਕ ਨੇ
ਭੰਨ ਤੀ ਕਾਰ ਰੀਬਨਾਂ ਵਾਲੀ
-ਮੇਜਰ ਰਾਜਸਥਾਨੀ
ਮੈਂ ਭੱਖੜਾ ਅੜੀਏ ਟਿੱਬਿਆਂ ਦਾ
ਤੂੰ ਫੁੱਲਾਂ ਲੱਦੀ ਵੇਲ ਕੁੜੇ
ਇੱਕ ਮੋਹ ਜਿਹਾ ਚੰਦਰਾ ਪੈ ਗਿਆ ਸੀ
ਉਂਝ ਆਪਣਾ ਕੀ ਸੀ ਮੇਲ ਕੁੜੇ
ਚਾਹੁੰਦੇ ਰਹਿਣ ਚਕੋਰ ਭਾਵੇਂ
ਪਰ ਚੰਨ ਤਾਂ ਕਦੇ ਥਿਆਇਆ ਨਹੀਂ
ਤੇਰੇ ਵਿਆਹ ਦਾ ਕਾਰਡ ਪੜ੍ਹ ਕੇ ਤਾਂ
ਐਵੇਂ ਹੀ ਦਿਲ ਭਰ ਆਇਆ ਨੀ
ਰੁਦਨ ਸੱਤਾ ਮੁਕਾਬਲੇ 'ਚ ਪਿੱਛੇ ਰਹਿ ਗਏ ਲੋਕਾਂ ਦੀ ਅਰਾਧਨਾ ਹੁੰਦੀ ਹੈ। ਇਹ ਵਕਤੀ ਸਥਿਤੀ ਸੀ ਅਤੇ ਇਸ 'ਚੋਂ ਸੁਰਜੀਤ ਬਿੰਦਰਖੀਆ ਬਹੁਤ ਛੇਤੀ ਬਾਹਰ ਕੱਢਣ ਵਿੱਚ ਕਾਮਯਾਬ ਹੋ ਜਾਂਦਾ ਹੈ। ਉਹ ਨਵੇਂ ਅਰਥਚਾਰੇ 'ਚੋਂ ਉਪਜ ਰਹੀ ਨਵੀਂ ਜਮਾਤ ਦੇ ਜਸ਼ਨ ਦੇ ਨੁਮਾਇੰਦੇ ਵਜੋਂ ਸਰੋਤਿਆਂ ਦੇ ਜ਼ਿਹਨ 'ਤੇ ਸਵਾਰ ਹੋ ਜਾਂਦਾ ਹੈ। ਜਸ਼ਨ 'ਚ ਗੜੂੰਦ ਇਹ ਬਿੰਦਰਖੀਆ ਧਿਰ ਮਣੀ ਦੀ ਇਸ ਰੁਦਨੀ ਧਿਰ ਨੂੰ ਪਿਛਾਂਹ ਧੱਕ ਕੇ ਹਾਸ਼ੀਏ 'ਤੇ ਸੁੱਟ ਦਿੰਦੀ ਹੈ, ਕਿਉਂਕਿ ਇਸ ਦੀ ਸੰਚਾਲਕ ਧਿਰ ਸ਼ਮਸ਼ੇਰ ਸੰਧੂ ਜਿਹੇ ਪਰੰਪਰਿਕ ਬੁੱਧੀਜੀਵੀਆਂ ਦੀ ਹੈ ਜੋ ਹਰੀ ਕ੍ਰਾਂਤੀ ਦੀਆਂ ਬਰਕਤਾਂ ਭੋਗਣ ਵਾਲੀ ਸਿੱਖਿਅਤ ਜਮਾਤ ਸੀ। ਇਹ ਜਮਾਤ ਇਸ ਨਵੀਂ ਔਰਤ ਨੂੰ ਆਪਣੀ ਸੱਤਾ ਵੱਲ ਆਕਰਸ਼ਿਤ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ ਅਤੇ ''ਪੱਗ ਦੇ ਪੇਚਾਂ'' ਕਾਰਨ ਆਪਣੀ ਦਰਸ਼ਨੀ ਖਿੱਚ ਵੱਲ ਮੋੜ ਲੈਂਦੀ ਹੈ, ਕਿਉਂਕਿ ਔਰਤ ਦਾ ਨਵਾਂ ਰੂਪ ਜਿਸ ਬਾਜ਼ਾਰੀ ਖਿੱਚ ਵੱਲ ਆਕਰਸ਼ਿਤ ਹੋਇਆ ਸੀ ਇਹ ਨਵੀਂ ਜਮਾਤ ਉਸ ਪਿੜ ਨੂੰ ਤੇਜ਼ੀ ਨਾਲ ਮੱਲ ਰਹੀ ਸੀ। ਮਣੀ ਯੁੱਗ ਜਿਸ ਔਰਤ ਨੂੰ 'ਅਜ਼ਾਦ' ਜਾਣ ਕੇ ਭਮੱਤਰਿਆ ਗਿਆ ਸੀ, ਬਿੰਦਰਖੀਆ ਉਸ ਨਵੀਂ ਸਥਿਤੀ 'ਤੇ ਸਵਾਰ ਹੋ ਮਰਦ ਦੀ ਨਵੀਂ ਸਥਿਤੀ 'ਚ ਪੈਦਾ ਹੋਈ ਸੱਤਾ ਅੱਗੇ ਔਰਤ ਦਾ ਸਮਰਪਣ ਕਰਵਾਉਣ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਜਸ਼ਨ ਦਾ ਮਾਹੌਲ ਦੁਬਾਰਾ ਖਿੜ ਉੱਠਦਾ ਹੈ। ਇਸ ਔਰਤ ਵਿੱਚੋਂ ਮਰਦ ਦੀ ਸੱਤਾ ਬੋਲਣ ਲੱਗਦੀ ਹੈ ਅਤੇ ਉਹ ਖੁੱਲ੍ਹੇ ਰੂਪ 'ਚ ਆਪਣੀ ਲਿੰਗਕਤਾ ਨੂੰ ਇਸ ਦੇ ਅਧੀਨ ਕਰਨਾ ਸਵੀਕਾਰ ਲੈਂਦੀ ਹੈ।
ਜੀਹਦੇ ਹੇਠ ਘੋੜਾ ਮੋਢੇ 'ਤੇ ਦੁਨਾਲੀ ਨੀ
ਪੱਗ ਬੰਨ੍ਹਦਾ ਜਿਉਣੇ ਮੌਤ ਵਾਲੀ ਨੀ
ਜੀਹਦੀ ਪੱਚੀਆਂ ਪਿੰਡਾਂ 'ਚ ਸਰਦਾਰੀ ਨੀ
ਲਾ ਲੀ ਐਹੋ ਜਿਹੇ ਵੈਲੀ ਨਾਲ ਯਾਰੀ ਨੀ
ਕਹਿੰਦੇ ਡੀ. ਸੀ. ਵੀ ਸਲੂਟ ਉਹਨੂੰ ਮਾਰਦਾ
ਪੈਰਾਂ 'ਚ ਠਾਣੇਦਾਰ ਰੋਲ ਤਾ
ਤੂੰ ਨ੍ਹੀਂ ਬੋਲਦੀ ਰਕਾਨੇ ਤੂੰ ਨ੍ਹੀਂ ਬੋਲਦੀ
ਤੇਰੇ 'ਚ ਤੇਰਾ ਯਾਰ ਬੋਲਦਾ
-ਸੁਰਜੀਤ ਬਿੰਦਰਖੀਆ
ਹੁਣ ਉਹ ਧਿਰ ਮਣੀ ਵਾਂਗ ਬੇਵਫ਼ਾ ਮਾਸ਼ੂਕ ਨੂੰ ਗੀਤ ਬਹਾਨੇ ਰੋਂਦੀ ਨਹੀਂ, ਸਗੋਂ ਹਿਸਾਬ ਕਿਤਾਬ ਕਰਦੀ ਹੈ-
ਠਹਿਰ ਜਾ ਡੋਲੀ ਦੇ ਵਿੱਚ ਫੇਰ ਬੈਠੀਂ ਤੂੰ
ਪਹਿਲਾਂ ਕਰਜਾ ਹਿਸਾਬ ਨੀਂ ਯਾਰਾਂ ਦਾ
-ਸੁਰਜੀਤ ਬਿੰਦਰਖੀਆ
ਸੁਰਜੀਤ ਬਿੰਦਰਖੀਆ ਜਿਸ ਨਵੀਂ ਜਮਾਤ ਨੂੰ ਇਸ ਜਸ਼ਨੀ ਮਹੌਲ ਵਿੱਚ ਲੈ ਆਇਆ ਸੀ। ਬੱਬੂ ਮਾਨ, ਹਰਭਜਨ ਮਾਨ, ਰਵਿੰਦਰ ਗਰੇਵਾਲ, ਨਿੱਕੂ ਆਦਿ ਬਹੁਤ ਸਾਰੇ ਸੱਭਿਆਚਾਰਕ ਨੁਮਾਇੰਦੇ ਉਸ ਜਮਾਤ ਦੀ ਅਣਖ ਤੱਕ ਨੂੰ ਨਵੇਂ ਅਧਿਆਏ 'ਚ ਬੰਨ੍ਹਦੇ ਜਾਂਦੇ ਹਨ। ਇਸ ਜਮਾਤ ਦੇ ਹਿੰਸਕ ਕਿਰਦਾਰ ਨੂੰ ਵਡਿਆਉਂਦੇ, ਮੰਡੀ ਪੰਪ ਨਾਲ ਇਸ ਦੀਆਂ ਜੜ੍ਹਾਂ ਵਿੱਚ ਜਗੀਰੂ ਤੇਲ ਦੇਣ ਲੱਗਦੇ ਹਨ। ਬੱਬੂ ਮਾਨ ਇਸ ਜਮਾਤ ਦੇ ਜੱਟ ਰੂਪ ਨੂੰ ਉਜਾਗਰ ਕਰਦਾ ਸਰਦਾਰੀ ਤੱਕ ਪਹੁੰਚਾਉਣ ਵਿੱਚ ਰੁੱਝਿਆ ਹੋਇਆ ਹੈ। ਇਹ ਗਾਇਕ ਸਾਧਨ ਸੰਪੰਨ ਹੋ ਗਏ ਲੋਕਾਂ ਦੇ ਪ੍ਰਤੀਨਿੱਧ ਹਨ, ਪਰੰਤੂ ਅਗਿਆਨ ਦੇ ਰੱਥਾਂ 'ਤੇ ਸਵਾਰ ਸਾਧਨਾਂ ਦੀ ਭਾਲ ਵੱਲ ਤੁਰੀ ਧਿਰ 'ਬਠਿੰਡਾ ਮਾਰਕਾ' ਗਾਇਕੀ ਦੇ ਚੁੰਗਲ ਵਿੱਚ ਫਸਣ ਲੱਗਦੀ ਹੈ। ਮਾਲਵਾ ਇਸ ਸੰਘਰਸ਼ ਦਾ ਪਿੜ ਬਣ ਜਾਂਦਾ ਹੈ ਅਤੇ ਇਨ੍ਹਾਂ ਸਮਾਜ-ਆਰਥਿਕ ਵਿਰੋਧਤਾਈਆਂ 'ਚੋਂ ਗਿਆਨ ਅਤੇ ਸੱਤਾ ਵਿਚਕਾਰ ਸੰਘਰਸ਼ ਹੋਣ ਲੱਗਦਾ ਹੈ।
ਚਮਕੀਲਾ ਜਿਸ ਜੱਟ ('ਹਰੀ ਕ੍ਰਾਂਤੀ ਸਦਕਾ ਖੁਸ਼ਹਾਲ ਹੋਈ ਧਿਰ') ਦੀ ਚੌਧਰ ਅੱਗੇ ਪੰਜਾਬ ਨੂੰ ਝੁਕਾਉਂਦਾ ਉਸ ਦੇ ਵੈਲੀ ਹੋਣ ਦੀ ਵਡਿਆਈ ਕਰਦਾ ਹੈ। ਪੰਮੀ ਬਾਈ ਸੰਗੀਤਕ ਕਲਾ ਦੇ ਨਾਂ 'ਤੇ ਗਿੱਦੜ ਵਾਂਗੂ ਹਵਾਂਕਦੀਆਂ ਅਵਾਜ਼ਾਂ ਦਾ ਮਦਾਹ ਹੈ। ਉਹ ਸੰਗੀਤ ਦੇ ਕਲਾਤਮਿਕ ਰੂਪ ਦੇ ਗਵਾਚਣ ਨੂੰ ਜੱਟ ਸੱਭਿਆਚਾਰ ਦੇ ਮੰਡੀ ਅਧਿਆਏ ਦੇ ਗੌਰਵ ਬਣਾ ਦਿੰਦਾ ਹੈ। ਜਿਸ ਸੰਗੀਤ ਲਈ ਰਿਆਜ਼ ਮੁੱਖ ਸਾਧਨਾ ਸੀ, ਹੁਣ ਧਨ ਮੰਡੀ ਦੇ ਹਾਈਟੈੱਕ ਸਾਧਨਾਂ ਰਾਹੀਂ ਸੰਗੀਤ ਦਾ ਝੌਲਾ ਮਾਰਦਾ ਸ਼ੋਰ ਇਸ ਉੱਪਰ ਕਾਬਜ਼ ਹੋ ਜਾਂਦਾ ਹੈ। ਕਲਾ ਸਾਧਨਾ ਦੀ ਬਜਾਏ ਧਨ ਹੇਠਾਂ ਦਫ਼ਨ ਕਰ ਦਿੱਤੀ ਜਾਂਦੀ ਹੈ।
ਮੁੰਡੇ ਜੱਟਾਂ ਦੇ ਜਦੋਂ ਦੇ ਗਾਉਣ ਲੱਗ ਪਏ
ਦੁਨੀਆਂ 'ਚ ਧੁੰਮ ਮੱਚ ਗਈ
ਖਾਨਦਾਨੀ 'ਚੋਂ ਗਵੱਈਏ ਗਾਉਣ ਵਾਲੇ
ਤੂੰਬਾ ਛੱਡ ਬੈਠਗੇ ਘਰੇ।
-ਪੰਮੀ ਬਾਈ
ਮੰਡੀ ਮਿਸ ਪੂਜਾ ਰਾਹੀਂ ਇਨ੍ਹਾਂ 'ਗਾਇਕ' ਕਾਕਿਆਂ ਤੋਂ ਪੂੰਜੀ ਹਥਿਆਉਣ ਲੱਗਦੀ ਹੈ ਅਤੇ ਇਹ ਗਾਇਕ ਫੁਕਰਾ ਸੱਭਿਆਚਾਰ ਦੇ ਮੰਡੀ ਰੂਪ ਨੂੰ ਹੁਲਾਰਾ ਬਖਸ਼ਦੇ ਬੰਦੇ ਨੂੰ ਧਰਤੀ ਹੇਠਾਂ ਦੱਬਦੇ ਜਾਂਦੇ ਹਨ। ਇਹਨਾਂ ਲਈ ਨਸ਼ਾ ਹੀ 'ਤਰੱਕੀ' ਕਰਦੇ ਮੁਲਕ ਦੀ ਤਬਾਹੀ ਦਾ ਕਾਰਨ ਹੈ, ਜਦੋਂ ਕਿ ਨਸ਼ਾ ਪੈਦਾ ਕਰਨ ਦਾ ਕਾਰਨ, ਉਹਨਾਂ ਦਾ ਭਟਕਣਾ ਭਰਿਆ ਕਲਾ ਰਹਿਤ 'ਸੰਗੀਤ' ਹੈ। ਕਾਰਨਾਂ ਵੱਲ ਜਾਣਾ ਮੰਡੀ ਦੇ ਬੁੱਧੀਜੀਵੀ (ਗੀਤਕਾਰ) ਦੇ ਵੱਸ ਦਾ ਰੋਗ ਨਹੀਂ, ਕਿਉਂਕਿ ਕਾਰਨਾਂ ਦੀ ਤਲਾਸ਼ ਕਰਨਾ ਗਿਆਨ ਵੱਲ ਜਾਣਾ ਹੁੰਦਾ ਹੈ ਅਤੇ ਉਹ ਸੱਤਾ ਵਿਰੋਧੀ ਪੈਂਤੜੇ ਰਾਹੀਂ ਫ਼ਕੀਰ ਹੋਣ ਦਾ ਵਰਤਾਰਾ ਹੁੰਦਾ ਹੈ। ਸੱਤਾ ਵੱਲ ਵੱਧਦਾ ਵਿਅਕਤੀ ਅਜਿਹਾ ਜ਼ੋਖਮ ਭਰਿਆ ਕੰਮ ਨਹੀਂ ਕਰਦਾ। ਉਹ ਤਾਂ ਬਸ
ਮੁਲਕ ਤਰੱਕੀ ਦੇ ਰਾਹ ਤੁਰਿਆ
ਹੁਣ ਨਾ ਗੱਡੀ ਰੋਕ ਦਿਉ
ਕੀਮਤ ਬੜੀ ਜਵਾਨੀ ਦੀ
ਐਵੇਂ ਨਾ ਭੱਠੀ ਝੋਕ ਦਿਉ
ਨਸ਼ਿਆਂ ਤੋਂ ਪ੍ਰਹੇਜ਼ ਕਰ ਲਿਉ
ਇਹੋ ਵਜ੍ਹਾ ਤਬਾਹੀ ਦੀ
ਦੁਸ਼ਮਣ ਦੀ ਹੋਵੇ ਭਾਵੇਂ
ਦਸਤਾਰ ਕਦੇ ਨਹੀਂ ਲਾਹੀਦੀ
-ਸਤਿੰਦਰ ਸਰਤਾਜ
ਜਦੋਂ ਇਸ ਮੰਡੀ ਵਿੱਚ ਤਾਂ ਪੁੱਠੇ ਸਿੱਧੇ ਵਾਲਾਂ, ਦਾੜ੍ਹੀਆਂ, ਕੱਪੜਿਆਂ ਰਾਹੀਂ ਔਰਤਾਂ ਨੂੰ ਆਕਰਸ਼ਿਤ ਕਰਨ ਦੀ ਸਫ਼ਲ ਕੋਸ਼ਿਸ਼ ਹੋ ਰਹੀ ਹੈ ਤਾਂ ਕਾਰਨ ਕੌਣ ਢੂੰਡਦਾ ਹੈ। ਇੱਕ ਗੀਤ ਦੀ ਸ਼ੁਰੂਆਤ ਵਿੱਚ ਆਮਿਰ ਾਨ ਦੇ ਗਜ਼ਨੀ ਕੱਟ ਤੋਂ ਪ੍ਰਭਾਵਿਤ ਜੱਟਾਂ ਦਾ ਗਾਇਕ ਮੁੰਡਾ ਕੁੜੀ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਵਿੱਚ ਹੈ। ''ਸ਼ੱਟ ਅੱਪ! ਲੋਫਰ ਜਿਹਾ ਨਾ ਹੋਵੇ ਤਾਂ।'' ਪਰ ਇਸ ਸੰਵਾਦ 'ਚੋਂ ਕਿਹੜੀਆਂ ਧੁਨੀਆਂ ਉਤਪੰਨ ਹੁੰਦੀਆਂ ਹਨ ਅਤੇ ਸੰਵਾਦ ਮੁੱਕਦਾ ਕਿੱਥੇ ਹੈ?
ਨਾਰੀ-
ਬਣਾਇਆ ਗਜ਼ਨੀ ਦਾ ਕੱਟ
ਵੇ ਤੂੰ ਕਿੱਥੋਂ ਦਾ ਏਂ ਜੱਟ
ਫਿਰੇਂ ਜੱਟਾਂ ਦਾ ਜਲੂਸ ਕਿਉਂ
ਕਢਾਈ ਮੁੰਡਿਆ ਵੇ
ਆਹ ਟਿੰਡ 'ਤੇ ਲੈਨ ਜਿਹੀ
ਬਣਾਈ ਮੁੰਡਿਆ ਵੇ
ਮਰਦ-
ਜੱਟ ਮੈਂ ਪੰਜਾਬੀ ਆਂ
ਪੰਜਾਬ ਦੀ ਮੈਂ ਸ਼ਾਨ ਨੀ
ਡੌਲਿਆਂ 'ਚ ਮੇਰੇ ਆਮਿਰ ਖਾਨ
ਜਿੰਨੀ ਜਾਨ ਨੀ
ਮੈਂ ਵੀ ਜਾਣਾ ਬੰਬੇ
ਕਹਿੰਦੇ ਮੁੰਡੇ ਦੌੜ ਗਏ ਨੀ
ਤੇਰੇ ਕਿਹੜੇ ਅੰਬ ਤੋੜ ਲਏ,
ਤੂੰ ਮਿੱਤਰਾਂ ਤੋਂ ਮੁੱਖ ਮੋੜ ਲਏ
ਇਸ ਅਨਜੋੜ ਸੰਬੰਧਾਂ ਲਈ ਇੱਕ ਕੁੜੀ ਦੇ ਲੋਫ਼ਰ ਨਾਲ ਸੰਵਾਦ 'ਚੋਂ ਪੂੰਜੀ ਦੀ ਸੱਤਾ ਬਾਜ਼ੀ ਮਾਰ ਜਾਂਦੀ ਹੈ ਅਤੇ ਉਹ ਆਪਣੀ ਲਿੰਗਕਤਾ ਇਸ 'ਲੋਫ਼ਰ' ਦੇ ਹਵਾਲੇ ਕਰਨ ਲਈ ਇਕਰਾਰ ਕਰਦੀ ਹੈ। ਜਿਸ ਵਿੱਚ ਜੱਟਾਂ ਦੀ ਸ਼ਾਨ-ਓ-ਸ਼ੌਕਤ ਦਾ ਕਮਾਲ ਜ਼ਮੀਨ ਦੀ ਵਿਕਰੀ ਹੈ।
ਮਰਦ-
ਐਥੇ ਪਹਿਲਾਂ ਕੈਸੇਟ ਮੈਂ
ਪੂਜਾ ਨਾਲ ਕਢਾਈ ਸੀ
ਕਲਾਕਾਰਾਂ ਨਾਲੋਂ ਵੱਧ
ਡੀ. ਜੇ. ਦੀ ਕਮਾਈ ਨੀ
ਸਾਡੀ ਵਿਕਗੀ ਪੈਲੀ ਇਨ੍ਹਾਂ ਪੈਸੇ ਜੋੜ ਲਏ
ਨੀ ਤੇਰੇ ਕਿਹੜੇ ਅੰਬ ਤੋੜ ਲਏ...।
ਨਾਰੀ-
ਛੱਡ ਕੇ ਲਿਖਣਾ ਗਾਉਣਾ
'ਬਾਬੂ' ਫ਼ਿਲਮ ਬਣਾ ਲੈ ਵੇ
ਹੀਰੋਇਨ ਮੈਨੂੰ ਲੈ ਲੈ
ਭਾਵੇਂ ਆੜੀ ਪਾ ਲੈ ਵੇ
ਮੈਂ ਵੀ ਗਈ ਸੀ ਬੰਬੇ ਨੂੰ
ਮੁੜ ਆਈ ਮੁੰਡਿਆ ਵੇ
-ਬਾਬੂ ਚੰਡੀਗੜ੍ਹੀਆ ਤੇ ਸੁਦੇਸ਼ ਕੁਮਾਰੀ
ਗਲੋਬਲੀ ਯੁੱਗ ਦੇ ਮੰਡੀ ਉਪਭੋਗ ਦੀ ਇਹ ਔਰਤ ਜਿੰਨਾ ਕੁ ਸਰੀਰ ਦਿਖਾਉਂਦੀ ਹੈ ਉਹ ਸਫਾਚੱਟ ਹੋ ਕੇ ਮਰਦ ਨੂੰ ਉਸ ਦੇ ਭੋਗ ਲਈ ਆਪਣੇ ਵੱਲ ਆਕਰਸ਼ਿਤ ਕਰਨ ਦਾ ਵਸੀਲਾ ਬਣ ਜਾਂਦਾ ਹੈ। ਵਸਤੂ ਦੀ ਭਾਅ ਦਾ ਚਮਕੀਲਾਪਨ ਗਲੋਬਲੀ ਮੰਡੀ ਦੀ ਪਹਿਲੀ ਸ਼ਰਤ ਹੈ।
ਇਹ ਕੂੜ ਇਸ਼ਕ ਦੀਆਂ ਪੱਟੀਆਂ ਉਏ
ਅੱਜ ਕੱਲ੍ਹ ਦੀਆਂ ਹੀਰਾਂ ਨੇ
ਉੱਤੋਂ ਖਿੱਦੋ ਵਾਂਗੂੰ ਮੜ੍ਹੀਆਂ
ਅੰਦਰੋਂ ਪਾਟੀਆਂ ਲੀਰਾਂ ਨੇ
ਹਾਏ ਕਿੰਨਾ ਸਸਤਾ ਕਰਤਾ ਸੌਦਾ
ਇਸ਼ਕ ਦੁਕਾਨਾਂ ਦਾ
ਹੁਣ ਟਕੇ ਟਕੇ ਨੂੰ ਵਿਕਦਾ ਫਿਰਦਾ
ਹੁਸਨ ਰਕਾਨਾਂ ਦਾ
-ਲਾਭ ਹੀਰਾ
ਅੱਜਕੱਲ੍ਹ ਇਸ਼ਕ ਇੱਕ ਦੁਕਾਨ ਹੈ, ਭਾਵ ਹਰ ਜਿਸਮ ਨੂੰ ਭੋਗਣ ਲਈ ਕੀਮਤ ਹੈ ਅਤੇ ਕੀਮਤ ਤਾਰਨ ਲਈ ਸੱਤਾ ਬਣਨਾ ਜ਼ਰੂਰੀ ਹੈ। ਇਸ਼ਕ ਦੁਕਾਨ ਤੋਂ ਮਾਲ ਖ਼ਰੀਦਣ ਲਈ ਜੇਬ/ਸੱਤਾ ਦੀ ਬੋਲੀ ਲੱਗਦੀ ਹੈ।
ਹੋਂਦ ਦੀ ਜੰਗ ਦੇ ਪ੍ਰਤੀਕ ਜਗਮੋਹਣ ਕੌਰ, ਰਣਜੀਤ ਕੌਰ, ਨਰਿੰਦਰ ਬੀਬਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਅਤੀਤ ਹੋ ਜਾਂਦੇ ਹਨ, ਤਾਂ ਪੂੰਜੀ ਦੇ ਇਸ ਬਜ਼ਾਰ ਵਿੱਚ ਪੋਰਨੋਸਟਾਰ ਮਾਡਲਾਂ ਹੀ ਪ੍ਰਸਿੱਧੀ ਵਿੱਚ ਵਟਦੀਆਂ ਮਰਦ ਦੀ ਮਾਨਸਿਕ ਸੱਤਾ 'ਤੇ ਸਵਾਰ ਹੋ ਜਾਂਦੀਆਂ ਹਨ। ਲਿੰਗਕ ਕ੍ਰਮ ਦਾ ਪ੍ਰਗਟਾਵਾ ਹਿੰਸਕ ਰੂਪ 'ਚ ਹੋਣ ਲੱਗਦਾ ਹੈ। ਹੋਂਦ ਦੀ ਜੰਗ ਦੀਆਂ ਮਾਡਲਾਂ ਕਲਾ ਵਿੱਚ ਰੂਹ ਨੂੰ ਸਕੂਨ ਬਖਸ਼ ਰਹੀਆਂ ਹਨ। ਭਾਵ ਹੋਣ ਦੀ ਜੰਗ ਦੀ ਬਜਾਏ ਇਸ ਨਵੀਂ 'ਤ੍ਰੀਮਤ' ਨੇ ਬਜ਼ਾਰੀ ਪ੍ਰਵਚਨਾਂ ਦੀ ਕੈਦ ਸਵੀਕਾਰ ਲਈ ਹੈ। ਅੱਜ ਉਹ ਹਰ ਉਸ ਚਿੰਨ੍ਹ ਦੇ ਮਨੋਰੰਜਨ ਦੀ ਵਸਤੂ ਹੈ, ਜਿਸ ਕੋਲ ਸੱਤਾ ਹੈ। ਜਿੱਡੀ ਵੱਡੀ ਸੱਤਾ ਹੈ, ਵਸਤੂਆਂ (ਖ਼ੂਬਸੂਰਤ ਔਰਤਾਂ) ਦੀ ਓਨੀ ਵੱਡੀ ਭਰਮਾਰ ਦਿਲਲੱਗੀ ਲਈ ਪੁਰਖ ਦੁਆਲੇ ਜੁੜਨ ਲੱਗਦੀ ਹੈ। ਪੁਰਖ ਦੀ ਸੱਤਾ ਉਸ ਕੋਲ ਪ੍ਰਾਪਤ ਮੰਡੀ ਚਿੰਨ੍ਹਾਂ ਰਾਹੀਂ ਪ੍ਰਗਟ ਹੁੰਦੀ ਹੈ। ਬੁਲਟ, ਲੰਡੀ ਜੀਪ, ਪਿਸਤੌਲ, ਦੁਨਾਲੀ, ਮਾਊਜ਼ਰ, ਸਫ਼ਾਰੀ, ਲੈਂਡ ਕਰੂਜ਼ਰ, ਪਜੇਰੋ, ਰੌਡੀ ਵਰਗੇ ਸੱਤਾ ਚਿੰਨ੍ਹਾਂ ਸਦਕਾ ਪੁਰਖ ਨੂੰ ਵੱਜਦੇ ਡੀ. ਸੀ. ਦੇ ਸਲੂਟ ਔਰਤ ਨੂੰ ਆਪਣੀ ਸਾਮਾਜਿਕ ਹੋਂਦ ਦੇ ਬਚਾਉ ਲਈ ਸੱਤਾ ਵੱਲ ਆਕਰਸ਼ਿਤ ਕਰਦੇ ਹਨ।
ਬੁਲਟ ਸਰਦਾਰ, ਜੱਟ, ਵੈਲੀ ਦੀ ਸ਼ਾਨ/ਸੱਤਾ ਦੇ ਵਿਖਾਵੇ ਦਾ ਮੁੱਖ ਸਰੋਤ/ਪ੍ਰਤੀਕ ਬਣਾ ਦਿੱਤਾ ਜਾਂਦਾ ਹੈ। ਬੁਲਟ (ਮੋਟਰ ਸਾਈਕਲ) ਜੋ ਪੰਜਾਬ ਸੰਕਟ ਵੇਲੇ ਸਟੇਟ ਵੱਲੋਂ ਪੰਜਾਬ 'ਚੋਂ ਅਲੋਪ ਕਰ ਦਿੱਤਾ ਗਿਆ ਸੀ, ਇੱਕੀਵੀਂ ਸਦੀ ਵਿੱਚ ਸੱਤਾ ਦੇ ਕੇਂਦਰੀ ਪ੍ਰਤੀਕ ਵਜੋਂ ਹਾਜ਼ਰ ਹੈ ਅਤੇ ਪੰਜਾਬੀ ਗਾਇਕੀ ਵਾਰ-ਵਾਰ ਬਿਆਨਾਂ ਰਾਹੀਂ ਇਸ ਨੂੰ ਸੱਤਾ ਦੇ ਕੇਂਦਰੀ ਪ੍ਰਤੀਕ ਵਜੋਂ ਪਦਾਰਥਕ ਸ਼ਕਲ ਵਿੱਚ ਢਾਲ ਦਿੰਦੀ ਹੈ। ਇਸ ਦਾ ਮੁੱਖ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਬੁਲਟ ਦੀ ਸੱਤਾ ਔਰਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ, ਤਾਂ 'ਰਾਠਾਂ' ਦੀ ਸੱਤਾ ਇਸ ਉੱਪਰ ਸਵਾਰੀ ਕਰੇਗੀ ਹੀ, ਕਿਉਂਕਿ ਔਰਤਾਂ/ਰੰਨਾਂ ਇਹਨਾਂ ਦਾ ਪਹਿਲਾ 'ਸ਼ੌਂਕ' ਹੁੰਦਾ ਹੈ। ਬੁਲੇਟ ਸਰਦਾਰਾਂ/ਰਾਠਾਂ ਦੀ ਸ਼ਾਨ ਦੀ ਸਵਾਰੀ ਘੋੜੇ ਦਾ ਅੱਜ ਦੇ ਤੇਜ਼ ਰਫ਼ਤਾਰ ਯੁੱਗ 'ਚ ਮਸ਼ੀਨੀ ਰੂਪ ਹੈ।
ਲੰਡੀ ਜੀਪ ਇਕ ਬੁਲਟ ਹੈ ਥੱਲੇ
ਪਿੰਡ ਵਿੱਚ ਹੋ ਗਈ ਬੱਲੇ-ਬੱਲੇ
ਮਹਿਫ਼ਲ ਲਾਈਏ ਯਾਰ ਬੇਲੀ
ਜਦ 'ਕੱਠੇ ਹੁੰਦੇ ਨੇ
ਜੱਟਾਂ ਦਾ ਮੁੰਡੇ ਕੁੜੀਏ ਨੀ
ਐਸ਼ੀ ਪੱਠੇ ਹੁੰਦੇ ਨੇ
-ਮਿਸ ਪੂਜਾ + ਲੱਕੀ ਰੂੜੇਕੇ
ਮੌਡੀਫਾਈਡ ਬੁਲਟ ਤੇ
ਮੌਡੀਫਾਈਡ ਜਿਪਸੀ
ਕੋਈ ਪੀਏ ਬੀਅਰ ਤੇ ਕੋਈ ਪੀਏ ਵਿਸਕੀ
ਕੌਣ ਲਵੇ ਪੰਗਾ ਜੱਟ ਪੂਰੇ ਅੱਜ ਰਿਸਕੀ
ਪੈ ਜਾਵੇ ਪੰਗਾ ਨਾ ਪਿੱਛਾ ਛੱਡਦੇ,
ਵੈਰੀ ਭੁੱਲ ਜੇ ਆਰਾਮ ਨੂੰ
ਲਗਦੀਆਂ ਮਹਿਫ਼ਲਾਂ ਨੇ ਹੋਸਟਲ 'ਚ
ਬਿੱਲੋ ਹਰ ਇੱਕ ਸ਼ਾਮ ਨੂੰ
-ਬਾਈ ਅਮਰਜੀਤ
ਬੜਾ ਬੁਲਟ ਪਿਆਰਾ ਸੀ
ਆਪ ਨਾ ਨਹਾਉਂਦੇ
ਬੁਲਟ ਚਮਕਾਉਂਦੇ ਤੇ ਹੌਲੀ ਚਲਾਉਂਦੇ
ਗੇੜੀਆਂ ਲਾਉਂਦੇ ਬੁਲਟ ਦੇ ਉੱਤੇ
ਕੁੜੀ ਵੀ ਮਰਦੀ
-ਸ਼ੈਰੀ ਮਾਨ
ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ
ਫੋਰਡ, ਬੁਲਟ ਤੇ ਜੀਪਾਂ ਦੇ
-ਨਿਰਮਲ ਸਿੱਧੂ
ਦੁਗ ਦੁਗ ਦੁਗ ਤੇਰੀ ਗਲੀ 'ਚ ਕਰਾਉਣੀ
ਡੱਕ ਲਏ ਜੋ ਤੇਰੇ ਪਿੰਡ ਦਾ ਏ ਸੂਰਮਾ
ਪੂਰਾ ਇੱਕ ਲੱਖ ਨੀ
ਮੈਂ ਬੁਲਟ 'ਤੇ ਲਾਇਆ।
-ਬੱਗੀ ਬੈਂਸ






































