deshpunjabtimes.blogspot.com

Monday, 16 January 2012

ਸੰਘ ਪਰਿਵਾਰ ਅਤੇ ਅੰਬੇਡਕਰ ਫਲਸਫਾ \ਡਾ. ਕ ਆਨੰਦ ਤੇਲਤੁੰਬਡੇ


ਜਦੋਂ ਸੰਘ ਪਰਿਵਾਰ ਬਾਬਾ ਸਾਹਿਬ ਅੰਬੇਡਕਰ ਨੂੰ ਅਪਣਾਉਂਦਾ ਹੈ, ਤਾਂ ਉਹ ਬੜੀ ਚਾਲਾਕੀ ਨਾਲ, ਉਨ੍ਹਾਂ ਦੇ ਜਾਤ-ਪਾਤ  ਦੇ ਬੀਜ ਨਾਸ ਦੇ ਮਿਸ਼ਨ ਦੀ ਗੱਲ ਨਹੀਂ ਕਰਦਾ ਜਾਂ ਬਰਾਬਰੀ, ਆਜ਼ਾਦੀ ਅਤੇ ਭਾਈਚਾਰੇ 'ਤੇ ਆਧਾਰਿਤ ਭਾਰਤ ਰਚਨਾ ਦੇ ਨਜ਼ਰੀਏ ਨੂੰ ਅਣਗੌਲਿਆਂ ਕਰਦਾ ਹੈ। ਪੂਰਾ-ਪੂਰਾ ਸੰਘ ਪਰਿਵਾਰ ਦਾ ਪ੍ਰਾਪੇਗੰਡਾ ਹਰੇਕ ਉਸ ਸਮੱਸਿਆ ਨੂੰ ਅਣਗੌਲਿਆਂ ਕਰਦਾ ਹੈ, ਜਿਨ੍ਹਾਂ ਦੇ ਹੱਲ ਲਈ ਅੰਬੇਡਕਰ ਨੇ ਆਪਣਾ ਜੀਵਨ ਦਾਅ 'ਤੇ ਲਾ ਦਿੱਤਾ ਸੀ। ਇਸ ਨੇ ਕਦੀ ਵੀ ਸਾਫ਼-ਸਾਫ਼ ਸ਼ਬਦਾਂ 'ਚ ਆਪਣੇ ਦਬਾਊ ਅਤੀਤ 'ਤੇ ਕੋਈ ਸ਼ਰਮਿੰਦਗੀ ਜਾਂ ਅਫ਼ਸੋਸ ਜ਼ਾਹਿਰ ਨਹੀਂ ਕੀਤਾ। ਨਾ ਹੀ ਕਦੀ ਜਾਤ-ਪਾਤ ਨੂੰ ਖ਼ਤਮ ਕਰਨ ਦੇ ਕਿਸੇ ਠੋਸ ਪ੍ਰੋਗਰਾਮ ਨੂੰ ਅੱਗੇ ਲਿਆਉਣ ਦੀ ਚਿੰਤਾ ਪ੍ਰਗਟਾਈ ਹੈ। ਇਹ ਸਿਰਫ਼ ਵਡੇਰਿਆਂ ਵਾਲੇ ਘੁਮੰਡ ਦੀ ਤੋਤਾ-ਰੱਟਾ ਲਾਉਂਦਾ ਹੈ, ਅਖੇ, ''ਅਸੀਂ ਸਾਰੇ ਹਿੰਦੂ ਹਾਂ, ਅਛੂਤਪੁਣਾ ਕਿੱਥੇ ਹੈ? ਜਾਤ-ਪਾਤ ਕਿੱਥੇ ਹੈ? ਅਸੀਂ ਸਾਰੇ ਇੱਕ ਹਾਂ, ਸਾਡਾ ਇੱਕ ਵਰਣ ਅਤੇ ਇੱਕ ਜਾਤੀ ਹੈ-ਉਹ ਹੈ ਹਿੰਦੂ।'' ਜਾਤ-ਪਾਤ ਦੀ ਸਮੱਸਿਆ ਦਾ ਕਿੰਨਾ ਆਸਾਨ ਹੱਲ ਹੈ! ਇਹ ਡਾ. ਅੰਬੇਡਕਰ ਦੀ ਅਸਲ ਬੇਇੱਜ਼ਤੀ ਹੈ, ਜਿਸ ਨੇ ਜਾਤ-ਪਾਤ ਦੇ ਵਿਰੁੱਧ ਸੰਘਰਸ਼ 'ਚ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਸੀ। ਜਿੱਥੋਂ ਤੱਕ ਉਸ ਦੇ ਨਜ਼ਰੀਏ ਦਾ ਸੁਆਲ ਹੈ, ਸੰਘ ਪਰਿਵਾਰ ਆਪਣੀ ਫਾਸ਼ੀ ਬੰਸਾਵਲੀ ਸਮੇਤ ਸਮਾਨਤਾ ਸੁਤੰਤਰਤਾ ਅਤੇ ਭਾਈਚਾਰੇ ਦੇ ਵਿਚਾਰਾਂ ਸਾਹਮਣੇ ਬਿਲਕੁਲ ਨਗਨਤਾ ਨਾਲ ਵਿਰੋਧ 'ਚ ਖੜਾ ਹੈ। ਸੰਘ ਪਰਿਵਾਰ ਦੇ ਇਹ ਵਿਵੇਕਹੀਣ ਲੋਕ ਜਨਤਾ ਦੀ ਹਰੇਕ ਸਮੱਸਿਆ ਨੂੰ ਇਸੇ ਢੰਗ ਨਾਲ ਲੈਂਦੇ ਹਨ ਅਤੇ ਸੰਸਾਰ ਪੱਧਰ ਦੀ ਦਵਾ ਵਜੋਂ ਹਿੰਦੂਤਵ ਪੇਸ਼ ਕਰਦੇ ਹਨ।
ਇਸ ਤਰ੍ਹਾਂ ਅੰਬੇਡਕਰ ਨੂੰ ਮੁਸਲਮਾਨਾਂ ਦੇ ਵਿਰੋਧੀ ਵਜੋਂ ਨਿੰਦਣ ਦੀ ਇਹ ਕੋਈ ਪਹਿਲੀ ਵਾਰੀ ਨਹੀਂ ਹੈ। ਇਸ ਤਰ੍ਹਾਂ ਦੇ ਨਿੰਦਣ ਦੀ ਕਾਰਵਾਈ ਕਰਨ ਵਾਲਾ ਮਿ. ਵਿਨੈ ਕਟਿਆਰ ਜਿਹਾ ਪਹਿਲਾ ਆਦਮੀ ਨਹੀਂ ਹੈ। ਵਿਨੈ ਕਟਿਆਰ ਦੇ ਇਹ ਸਨਕਪੂਰਣ ਸ਼ਬਦ, ਜਿਸ ਕਰਕੇ ਧਿਆਨ ਦੇਣ ਦੀ ਮੰਗ ਕਰਦੇ ਹਨ, ਉਹ ਹੈ ਸੰਦਰਭ ਅਤੇ ਉਤਾਵਲਾਪਣ, ਜਿਸ ਨਾਲ ਉਸ ਨੇ ਇਸ ਲਹਿਰ ਦੇ ਰੂਪ 'ਚ ਲਿਆਂਦਾ। ਉਂਞ ਅੰਬੇਡਕਰ ਦੀ ਮਹਾਨ ਹਸਤੀ ਬਾਰੇ ਗੱਲ ਕਰਨ ਲਈ ਵਿਨੈ ਕਟਿਆਰ ਨੂੰ ਇੱਕਾ-ਦੁੱਕਾ ਗ਼ੈਰ-ਮੁਨਾਸਿਬ ਮੰਨਿਆ ਜਾ ਸਕਦਾ ਸੀ। ਬਲਾਤਕਾਰ ਦੇ ਕੇਸ 'ਚ ਅਪਰਾਧੀ ਕਹੇ ਜਾਂਦੇ ਅਤੇ ਆਪਣੇ ਹੀ ਸਾਧੂ-ਸੰਤਾਂ ਵੱਲੋਂ ਹੇਰਾਫੇਰੀ ਦਾ ਦੋਸ਼ੀ ਮੰਨੇ ਹੋਏ ਵਿਅਕਤੀ ਨਾਲੋਂ ਸ਼ਾਇਦ ਹੀ ਹੋਰ ਕੋਈ ਅਯੋਗ ਵਿਅਕਤੀ ਹੋਵੇ, ਜੋ ਬਾਬਾ ਸਾਹਿਬ ਜਿਹੀ ਮਹਾਨ ਸ਼ਖ਼ਸੀਅਤ ਬਾਰੇ ਗੱਲ ਕਰ ਸਕੇ। ਘੱਟੋ-ਘੱਟ ਉਸ ਦੇ ਵਿਚਾਰਾਂ ਦੀ ਵਿਆਖਿਆ ਕਰਨ ਲਈ ਤਾਂ ਉਹ ਬਿਲਕੁਲ ਹੀ ਯੋਗ ਨਹੀਂ, ਪਰੰਤੂ ਜਿਵੇਂ ਰਾਮ ਭਗਤ ਆਲੇ ਦੁਆਲੇ ਬੰਦਰਾਂ ਨੂੰ ਇਕੱਠਾ ਕਰਨ ਲਈ ਮਸ਼ਹੂਰ ਹਨ, ਜਦ ਕਿ ਸ਼ੈਤਾਨ ਵੀ ਉੱਧਰੋਂ ਜਾਣੇ ਡਰਦੇ ਹਨ, ਵਿਨੈ ਕਟਿਆਰ ਨੇ ਇਹੀ ਕੀਤਾ। ਫਿਰ ਵੀ ਵਿਨੈ ਕਟਿਆਰ ਦੀ ਬੰਸਾਵਲੀ ਮੁੱਢਲੇ ਤੌਰ 'ਤੇ ਬਜ਼ਰੰਗ ਦਲ 'ਚ ਪਾਈ ਜਾਂਦੀ ਹੈ। ਯਕੀਨ ਨਾਲ ਆਪਣੀ ਹੀ ਕਿਸਮਰ ਦੀ ਅਗਿਆਨਤਾ ਦੇ ਬਣਦਿਆਂ ਉਸ ਨੇ ਆਪਣੀ 'ਵਿਦਵਤਾ' ਵਾਲਾ ਜ਼ੋਰ ਜਾਰੀ ਰੱਖਿਆ, ਭਾਵੇਂ ਸ਼ੁਰੂਆਤ 'ਚ ਆਲੋਚਨਾ ਨੇ ਉਸ ਦਾ ਧਿਆਨ ਉਸ ਤਿਲ੍ਹਕਵੀਂ ਜ਼ਮੀਨ, ਜਿਸ 'ਤੇ ਉਹ ਖੜਾ ਸੀ, ਵੱਲ ਜ਼ਰੂਰ ਦੁਆਇਆ। ਸੰਦਰਭ ਜਿਸ ਨੇ ਧਿਆਨ ਖਿੱਚਿਆ, ਉਹ ਸੀ ਮੁਸਲਿਮ ਵਿਰੋਧੀ ਆਦਮਖੋਰ ਹਿੰਦੂਤਵ ਲਹਿਰ, ਜਿਸ ਦਾ ਆਪਣਾ ਰੂਪ ਗੁਜਰਾਤ ਵਿੱਚ ਇਸ ਦੇ ਪਹਿਲੇ ਸਫ਼ਲ ਤਜਰਬੇ 'ਚ ਜ਼ਾਹਿਰ ਹੋਇਆ, ਜਿੱਥੇ ਇਸ ਨੇ ਹਜ਼ਾਰਾਂ ਹੀ ਬੇਗੁਨਾਹ ਮੁਸਲਮਾਨਾਂ ਨੂੰ ਤਬਾਹ ਕੀਤਾ। ਸਭ ਤੋਂ ਵੱਧ ਧਿਆਨ ਦੇਣ ਵਾਲੀ ਵਿਸ਼ੇਸ਼ਤਾ ਇਹ ਸੀ ਕਿ ਗੁਜਰਾਤ ਦੇ ਇਸ ਤਜਰਬੇ 'ਚ ਕਬੀਲਿਆਂ ਅਤੇ ਦਲਿਤਾਂ ਦੀ ਸ਼ਮੂਲੀਅਤ। ਪਹਿਲੜਾ ਅਣਛੂਹਿਆ ਚੋਣ ਖੇਤਰ ਸੀ ਅਤੇ ਸੱਤਾ ਦੇ ਭੁੱਖੇ ਸੰਘ ਪਰਿਵਾਰ ਵੱਲੋਂ ਦੂਜਿਆਂ ਦੀ ਗ਼ੈਰਹਾਜ਼ਰੀ ਕਾਰਨ, ਏਕਾਧਿਕਾਰ ਕਰਨ 'ਤੇ ਕਈਆਂ ਨੂੰ ਹੈਰਾਨੀ ਨਹੀਂ ਹੋਈ। ਪਰੰਤੂ ਦਲਿਤਾਂ ਨੇ, ਜਿਨ੍ਹਾਂ ਬਾਰੇ ਅਨੁਮਾਨਿਆ ਜਾਂਦਾ ਹੈ ਕਿ ਉਹ ਸਵਰਨ ਜਾਤੀ ਹਿੰਦੂਆਂ, ਜੋ ਹਿੰਦੂਤਵ ਦੀਆਂ ਤਾਕਤਾਂ ਹਨ, ਨਾਲ ਉਲਟ ਵਿਰੋਧਤਾਵਾਂ 'ਚ ਰਹਿੰਦੇ ਹਨ, ਜ਼ਰੂਰ ਹੈਰਾਨ ਕੀਤਾ ਅਤੇ ਲੋਕਾਂ ਨੂੰ ਧੱਕਾ ਲੱਗਾ। ਇਨ੍ਹਾਂ ਤੱਥਾਂ ਦੇ ਬਾਵਜੂਦ ਕਿ ਗੁਜਰਾਤ ਦੇ ਦਲਿਤ ਵੱਡੀ ਪੱਧਰ 'ਤੇ ਗਾਂਧੀਵਾਦ ਦੇ ਵਡੇਰਿਆਂ ਵਰਗੇ ਅਸਰ ਅਧੀਨ ਰਹੇ ਹਨ, ਜਦੋਂ ਕਿ ਅੰਬੇਡਕਰੀ-ਅੰਦੋਲਨ ਨੇ ਪੂਰੇ ਦੇਸ਼ ਦੀ ਆਤਮਾ ਨੂੰ ਝੰਜੋੜਿਆ, ਅਜੇ ਥੋੜ੍ਹੇ ਸਾਲ ਪਹਿਲਾਂ ਦੂਰ-ਦੂਰ ਤੱਕ ਫੈਲੇ ਰਾਖਵੇਂਕਰਨ ਸੰਬੰਧੀ ਦੰਗੇ, ਜਿਨ੍ਹਾਂ ਵਿੱਚ ਉਹ (ਦਲਿਤ) ਸੰਘ ਪਰਿਵਾਰ ਵੱਲੋਂ ਬੁਰੀ ਤਰ੍ਹਾਂ ਨਾਲ ਕੁਚਲੇ ਗਏ ਹਨ, ਵੱਲੋਂ ਉਮੀਦ ਕੀਤੀ ਜਾਂਦੀ ਸੀ ਕਿ ਘੱਟੋ-ਘੱਟ ਹਿੰਦੂਤਵ ਦੀ ਫਿਰਕੂ ਸਕੀਮ ਤੋਂ ਜ਼ਰੂਰ ਪਰ੍ਹੇ ਰਹਿਣਗੇ। ਹਿੰਦੂਤਵ ਬ੍ਰਿਗੇਡ ਵੱਲੋਂ ਮੁਸਲਮਾਨਾਂ ਦੇ ਵਿਰੁੱਧ ਫ਼ਿਰਕੂ ਹੱਤਿਆਕਾਂਡ 'ਚ ਇਨ੍ਹਾਂ ਵੱਲੋਂ ਪੈਦਲ ਸੈਨਾ ਦਾ ਕੰਮ ਕਰਨਾ ਅਸਲ 'ਚ ਸਦਮੇ ਦੀ ਗੱਲ ਸੀ।
ਸੰਘ ਪਰਿਵਾਰ ਦਾ ਜਾਣਿਆ-ਪਛਾਣਿਆ ਖੇਡ ਹੈ ਡਾ. ਅੰਬੇਡਕਰ ਨੂੰ ਇੱਕ ਕੌਮਪ੍ਰਸਤ ਵਜੋਂ ਪੇਸ਼ ਕਰਨਾ। ਕੁੱਝ ਤਰਕਸ਼ੀਲ ਬੁੱਧੀਜੀਵੀਆਂ ਵੱਲੋਂ ਫੈਲਾਈ ਗਈ ਝੂਠੀ ਅਫ਼ਵਾਹ ਅਖੇ, ਡਾ. ਅੰਬੇਡਕਰ ਬਰਤਾਨੀਆ ਸਾਮਰਾਜ ਦੀ ਕਠਪੁਤਲੀ ਸੀ ਅਤੇ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦਾ ਵਿਰੋਧੀ ਸੀ। ਇਸ ਨੂੰ ਚੁੱਪਗੁੱਪ ਸਮਰੱਥਨ ਦੇਣ ਦੇ ਇਸ ਪਹਿਲੇ ਪੈਂਤੜੇ ਦਾ ਇਹ ਦਰਅਸਲ ਉਲਟਾ ਅਸਰ ਹੈ। ਉਹ ਉਸ ਦੀ ਵਿਰੋਧਤਾ ਜਾਰੀ ਨਹੀਂ ਰੱਖ ਸਕੇ। ਕਿਉਂਕਿ ਡਾ. ਅੰਬੇਡਕਰ ਸਾਰੇ ਦਲਿਤਾਂ ਲਈ ਇੱਕ ਦੇਵਤਾ ਸਮਾਨ ਸ਼ਕਤੀ ਅਤੇ ਜੋ ਕੁੱਝ ਵੀ ਭਾਰਤ 'ਚ ਪ੍ਰਗਤੀਸ਼ੀਲ ਹੈ ਉਸ ਲਈ ਇੱਕ ਸੱਚਾ ਪ੍ਰਤੀਕ ਬਣ ਚੁੱਕਾ ਹੈ। ਝੂਠੀਆਂ ਅਫ਼ਵਾਹਾਂ ਨਾਲ ਇਸ ਦੇ ਮੋਢੀਆਂ ਦਾ ਬੜੀ ਆਸਾਨੀ ਨਾਲ ਹੋਰ ਨੁਕਸਾਨ ਹੋ ਸਕਦਾ ਸੀ, ਜਿਸ ਦਾ ਸੰਘ ਪਰਿਵਾਰ, ਹੋਰਨਾਂ ਨਾਲ ਜ਼ਿਆਦਾ ਹੱਕਦਾਰ ਹੈ। ਡਾ. ਅੰਬੇਡਕਰ ਦਾ ਸਿੱਧਿਆਂ ਵਿਰੋਧ ਕਰਨ 'ਚ ਜਦੋਂ ਇੱਕ ਵਾਰ ਇਨ੍ਹਾਂ ਨੇ ਮੁਸ਼ਕਲ ਮਹਿਸੂਸ ਕੀਤੀ, ਉਨ੍ਹਾਂ ਨੇ ਰਲ੍ਹਾ ਲੈਣ ਦੀ ਪ੍ਰਸਿੱਧ ਚਾਲ ਚੱਲੀ। ਉਦੋਂ ਤੋਂ ਲੈ ਕੇ ਹੀ ਤਰਕੀਬ ਨਾਲ ਉਸ ਨੂੰ ਕੇਸਰੀ ਰੰਗ 'ਚ ਵਿਖਾਉਣ ਦਾ ਕੰਮ ਤੇਜ਼ੀ ਨਾਲ ਕਰੀ ਜਾ ਰਹੇ ਹਨ। ਇੱਕ ਗੱਲ 'ਤੇ ਜ਼ੋਰ ਦਿੱਤਾ ਜਾਂਦਾ ਹੈ, ਉਹ ਹੈ ਡਾ. ਅੰਬੇਡਕਰ ਦਾ ਰਾਸ਼ਟਰਵਾਦ। ਅੰਬੇਡਕਰ 'ਤੇ ਮੜ੍ਹਿਆ ਹੋਇਆ ਰਾਸ਼ਟਰਵਾਦ ਉਹ ਤੀਰ ਹੈ, ਜਿਸ ਨਾਲ ਕਈਆਂ ਨੂੰ ਨਿਸ਼ਾਨਾ ਬਣਾਉਣਾ ਹੈ। ਇਹ ਇੱਕ ਆਦਰਯੋਗ ਸਮ੍ਰਿਤੀ ਲੇਖ ਹੈ, ਕਿਉਂਕਿ ਡਾ. ਅੰਬੇਡਕਰ ਦੀ ਸਤੁਤੀ ਕਰਨ ਦਾ ਕਿਸੇ ਵੀ ਵਿਰੋਧੀ ਵੱਲੋਂ ਐਵੇਂ ਹੀ ਇਤਰਾਜ਼ ਨਹੀਂ ਕੀਤਾ ਜਾ ਸਕਦਾ। ਦੂਸਰਾ ਇਹ ਉਨ੍ਹਾਂ ਦੇ ਲੀਡਰ ਨੂੰ ਅਲੰਕ੍ਰਿਤ ਕਰਨ ਨਾਲ, ਆਮ ਤੌਰ 'ਤੇ ਦਲਿਤ ਖ਼ੁਸ਼ ਹੋਣਗੇ ਅਤੇ ਸੰਘ ਪਰਿਵਾਰ ਵੱਲ ਉਨ੍ਹਾਂ ਦਾ ਰੁਖ਼ ਨਰਮ ਪਵੇਗਾ। ਤੀਸਰਾ, ਇਉਂ ਉਨ੍ਹਾਂ ਦੀ ਰਵਾਇਤੀ ਪ੍ਰਤੀਕਿਰਿਆਵਾਦੀ ਦਿੱਖ ਬਦਲਦੇ ਪ੍ਰਗਤੀਸ਼ੀਲ ਰਾਸ਼ਟਰ ਪ੍ਰਗਤੀਵਾਦੀ ਦਿੱਖ 'ਚ ਹੋ ਜਾਵੇਗੀ, ਚੌਥੇ, ਉਨ੍ਹਾਂ ਦੇ ਚੋਣ ਹਲਕੇ ਦਾ ਵਿਸਤਾਰ ਹੋਵੇਗਾ ਤੇ ਇੰਞ ਹੀ ਹੋਰ ਤੋਂ ਹੋਰ ਅਗਾਂਹ ਵੀ। ਇਹ ਗੁੰਝਲਦਾਰ ਬਣ ਰਿਹਾ ਸੀ, ਇਸ ਲਈ ਕੁੱਝ ਸਾਲ ਪਹਿਲਾਂ 600 ਪੰਨਿਆਂ ਦੀ ਆਪਣੀ ਬੇਕਾਰ ਕਿਤਾਬ 'ਵਰਸ਼ਿਪਿੰਗ ਫ਼ਾਲਸ ਗੱਾਡਸ' ਰਾਹੀਂ ਮੁੜ ਝੂਠਾ ਜਿਹਾਦ ਸ਼ੁਰੂ ਕਰਨ ਲਈ ਅਰੁਣ ਸ਼ੋਰੀ ਨੂੰ ਸੰਪਰਕ 'ਚ ਲਿਆ। ਪ੍ਰਸਿੱਧ ਪ੍ਰਤੀਕਿਰਿਆਵਾਦੀ ਅਰੁਣ ਸ਼ੋਰੀ ਜੋ ਇਸਾਈਆਂ ਮੁਸਲਮਾਨਾਂ ਅਤੇ ਕਮਿਊਨਿਸਟਾਂ ਸੰਬੰਧੀ ਆਪਣੀ ਨਕਾਰਾਤਾਮਕ ਲਿਖਤਾਂ ਰਾਹੀਂ ਹਿੰਦੂਤਵ ਏਜੰਡੇ ਦੀ ਸੇਵਾ ਕਰ ਰਿਹਾ ਸੀ, ਡਾ. ਅੰਬੇਡਕਰ ਨੂੰ ਨੀਵਾਂ ਵਿਖਾਉਣ ਲਈ ਬੜਾ ਉਤਾਵਲਾ ਸੀ। ਆਪਣੀ ਕਿਸਮ ਦੀ ਹਲਕੀ ਪੱਤਰਕਾਰੀ ਢੰਗ ਨਾਲ ਉਸ ਨੇ ਬਾਕੀ ਗੱਲਾਂ ਦੇ ਨਾਲ-ਨਾਲ, ਰਾਸ਼ਟਰਵਾਦ ਦੀ ਘਾਟ ਦਾ ਦੋਸ਼ ਮੜ੍ਹਿਆ। ਉਲਟਾ, ਅਰੁਣ ਸ਼ੋਰੀ ਨੂੰ ਬੀਜੇਪੀ ਵਾਲੀ ਐੱਨਡੀਏ ਸਰਕਾਰਾਂ 'ਚ ਵਧੇਰੇ ਮਹੱਤਤਾ ਵਾਲੇ ਮਹਿਕਮੇ ਦੇ ਕੇ ਕੈਬਨਟ ਮੰਤਰੀ ਦਾ ਅਹੁਦਾ ਵੀ ਬਖ਼ਸ਼ਿਆ। ਬਿਨਾਂ ਸ਼ੱਕ, ਇਹ ਸਾਬਿਤ ਹੋ ਗਿਆ ਕਿ ਸੰਘ ਪਰਿਵਾਰ 'ਚ ਉਸ ਨੇ ਅਸਾਧਾਰਣ ਉੱਚਾ ਅਹੁਦਾ ਪ੍ਰਾਪਤ ਕੀਤਾ ਅਤੇ ਆਪਣੇ ਤੋਂ ਪਹਿਲਾਂ ਦੀਆਂ ਘਟਨਾਵਾਂ ਨੂੰ ਉਘਾੜਿਆ। ਜੇ ਇਹ ਸੰਘ ਪਰਿਵਾਰ ਦੀਆਂ ਚਾਲਾਂ ਦਾ ਹਿੱਸਾ ਨਹੀਂ ਕਿ ਕਿਸੇ ਇੱਕ ਮਸਲੇ ਤੇ ਅਵਾਮ ਦੀ ਪ੍ਰਤੀਕਿਰਿਆ ਦਾ ਪਤਾ ਲਾਇਆ ਜਾਵੇ, ਤਾਂ ਅਰੁਣ ਸ਼ੋਰੀ ਦਾ ਇਹ ਕੰਮ ਬਿਨਾਂ ਵਜ਼ਾਹਤ (ਬਿਨਾਂ ਵਿਆਖਿਆ) ਦੇ ਰਹਿ ਜਾਵੇਗਾ।
ਅਰੁਣ ਸ਼ੋਰੀ ਦੀ ਮੰਦੀ ਭਾਸ਼ਾ ਦੇ ਬਾਵਜੂਦ, ਸੰਘ ਪਰਿਵਾਰ ਅਜੇ ਵੀ ਇਹ ਪ੍ਰਚਾਰ ਕਰਨ 'ਚ ਲੱਗਾ ਹੋਇਆ ਹੈ ਕਿ ਡਾ. ਅੰਬੇਡਕਰ ਇੱਕ ਮਹਾਨ ਰਾਸ਼ਟਰਵਾਦੀ ਸਨ। ''ਉਹ ਹਿੰਦੂਵਾਦ ਦੇ ਵੱਡੇ ਹਿਤੈਸ਼ੀ ਸਨ'' ਅਜਿਹੀ ਪ੍ਰਸ਼ੰਸਾ ਵੀ ਬੁਨਿਆਦੀ ਤੌਰ 'ਤੇ ਰਾਸ਼ਟਰਵਾਦ ਦੀ ਭਾਵਨਾ 'ਚ ਚੰਗੀ ਹੋਣੀ ਹੈ। ਇਸ ਦੀ ਵਿਆਖਿਆ ਇਉਂ ਹੈ, ''ਸਾਰੀ ਜ਼ਿੰਦਗੀ ਗ਼ੈਰਮਨੁੱਖੀ ਜਾਤੀ ਭੇਦਭਾਵ ਦੀਆਂ ਜਾਰੀ ਪੀੜਾ ਦੇ ਬਾਵਜੂਦ, ਡਾ. ਅੰਬੇਡਕਰ ਨੇ ਹਿੰਦੂ ਸੱਭਿਆਚਾਰ ਦਾ ਅਹਿੱਤ ਨਹੀਂ ਚਾਹਿਆ, ਉਹ ਬੜੀ ਆਸਾਨੀ ਨਾਲ ਇਲਾਹੀ ਜਾਂ ਇਸਲਾਮ (ਧਰਮ) ਜੋ ਦਲਿਤਾਂ ਦੀ ਭਲਾਈ ਲਈ ਬਹੁਤ ਭੌਤਿਕ ਸਹਾਇਤਾ ਦੇਣ ਲਈ ਵਚਨਬੱਧ ਸੀ, ਅਪਣਾ ਸਕਦੇ ਸੀ ਅਤੇ ਹਿੰਦੂ ਧਰਮ ਨੂੰ ਕਦੀ ਨਾ ਪੂਰੇ ਹੋਣ ਵਾਲੀ ਹਾਨੀ ਪੁਚਾ ਕੇ ਆਪਣੇ ਨਾਲ ਹੋਈ ਬੇਇਨਸਾਫ਼ੀ ਦਾ ਬਦਲਾ ਲੈ ਸਕਦੇ ਸੀ, ਪਰੰਤੂ ਇਸ ਦੀ ਬਜਾਏ ਉਨ੍ਹਾਂ ਨੇ ਹਿੰਦੂਵਾਦ ਦੇ ਇੱਕ ਅੰਗ, ਬੁੱਧਇਜ਼ਮ ਨੂੰ ਅਪਣਾਇਆ, ਕਿਉਂਕਿ ਉਹ ਭਾਰਤੀ ਸੱਭਿਆਚਾਰ ਨੂੰ ਪਿਆਰ ਕਰਦੇ ਸਨ, ਉਹ ਸੱਭਿਆਚਾਰ ਕੌਮੀਵਾਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਸਨ। ਇਹ ਵੱਖਰੀ ਗੱਲ ਹੈ ਕਿ ਉੱਕਾ-ਦੁੱਕਾ ਰਾਜਨੀਤਕ ਬਿਆਨਾਂ, ਜਿਨ੍ਹਾਂ 'ਚ ਅਜਿਹੇ ਅਪ੍ਰਤੱਖ ਵਿਚਾਰ ਦਿੱਸੇ, ਢੇਰ ਸਾਰੀ ਉਹ ਸਾਮਹਾਰੀ (ਪ੍ਰਾਪਤ) ਹੈ, ਜੋ ਬੁੱਧ ਧਰਮ ਅਪਨਾਉਣ ਦੇ ਅਸਲ ਕਾਰਨਾਂ ਇਸ ਦੇ ਆਧੁਨਿਕ ਵਿਗਿਆਨਕ ਦਿੱਖ ਨਾਲ ਅਨੁਰੂਪਤਾ (ਸੰਮਤੀ) ਉਨ੍ਹਾਂ ਦੇ ਨਜ਼ਰੀਏ ਨਾਲ ਇਸ ਦੀ ਕੇਂਦਰ-ਮੁੱਖਤਾ, ਆਜ਼ਾਦੀ ਅਤੇ ਭਾਈਚਾਰਕ ਵਿਚਾਰਧਾਰਾ ਆਦਿ ਨੂੰ ਸਪੱਸ਼ਟ ਕਰਦੀ ਹੈ। ਆਖ਼ਿਰੀ ਲਾਈਨ ਇਹ ਹੀ ਹੈ ਕਿ ਸੰਘ ਪਰਿਵਾਰ ਫਿਰ ਵੀ ਮੰਨਦਾ ਹੈ ਕਿ ਡਾ. ਅੰਬੇਡਕਰ ਇੱਕ ਮਹਾਨ ਰਾਸ਼ਟਰਵਾਦੀ ਹਨ।
ਡਾ. ਅੰਬੇਡਕਰ ਸੱਚਮੁੱਚ ਰਾਸ਼ਟਰਵਾਦੀ ਸਨ? ਬਹੁਤੇ ਲੋਕ ਅਜਿਹੀ ਸ਼ੋਰੀ ਮਾਰਕਾ ਨਿੰਦਿਆ ਤੋਂ ਹੈਰਾਨ ਹੋਣਗੇ, ਕਿਉਂਕਿ ਸਾਡੇ ਦਿਮਾਗ਼ 'ਚ ਇਹ ਗੱਲ ਵੱਸੀ ਹੋਈ ਹੈ ਕਿ ਰਾਸ਼ਟਰਵਾਦ ਆਜ਼ਾਦੀ ਸੰਗਰਾਮ ਅਤੇ ਆਪਣੇ ਸ਼ਹੀਦਾਂ ਦਾ ਲਹੂ ਨਾਲ ਨੇੜਿਓਂ ਜੁੜਿਆ ਹੋਇਆ ਹੈ। ਹਮੇਸ਼ਾਂ ਹੀ ਇਹ ਨਿੱਘੀ ਪ੍ਰਸ਼ੰਸਾ ਦਾ ਵਿਸ਼ਾ ਅਤੇ ਉੱਤਮ ਭਾਵਨਾ ਵਜੋਂ ਵਿਚਾਰਿਆ ਜਾਂਦਾ ਰਿਹਾ ਹੈ। ਬਿਨਾਂ ਇਹ ਪੁੱਛਣਾ ਗਵਾਰਾ ਕਰਦਿਆਂ ਕਿ ਦੇਸ਼ ਬਣਦਾ ਕਿਨ੍ਹਾਂ ਚੀਜ਼ਾਂ ਨਾਲ ਹੈ, ਹਰ ਕੋਈ ਇਸ ਨੂੰ ਵਿਸ਼ਵ ਪੱਧਰ ਜੇ ਲੋੜੀਂਦੇ ਗੁਣ ਵਜੋਂ ਪ੍ਰਾਪਤ ਕਰਨਾ ਚਾਹੁੰਦਾ ਹੈ। ਕੀ ਦੇਸ਼ ਮਿੱਟੀ ਜਾਂ ਧਰਤੀ 'ਤੇ ਇੱਕ ਜਗ੍ਹਾ ਹੈ ਜਿੱਥੇ ਅਸੀਂ ਜਨਮ ਲਿਆ ਹੈ, ਬਿਰਖ, ਦਰਿਆ ਜਾਂ ਪਰਬਤ ਜੋ ਇਸ ਦੇ ਨਕਸ਼ੇ 'ਤੇ ਹਨ, ਜੰਗਲ ਜਾਂ ਖੇਤ-ਖਲਿਹਾਨ ਹਨ, ਜੋ ਇਸ 'ਤੇ ਫੈਲੇ ਹੋਏ ਹਨ? ਦੇਸ਼ ਦੇ ਜੀਵਿਤ ਅਰਥ ਲੋਕ, ਜੋ ਇਸ ਦੀਆਂ ਹੱਦਾਂ ਅੰਦਰ ਵੱਸਦੇ ਹਨ, ਪਰ ਉਹ ਲੋਕ ਹਨ ਕੌਣ? ਕੀ ਲੋਕ ਇੱਕ ਸਜਾਤੀ ਇਕੱਠ ਹੈ? ਰਾਸ਼ਟਰਵਾਦ ਨੇ ਲੋਕਾਂ ਨੂੰ ਆਪਣੀ ਆਜ਼ਾਦੀ ਲਈ ਲੜਨ ਆਤਮ-ਨਿਰਭਰ ਦੇ ਅਧਿਕਾਰ ਲਈ ਜ਼ੋਰ ਪਾਉਣ ਵਾਸਤੇ ਅਤੇ ਕੌਮੀ ਵਤਨ ਪ੍ਰਾਪਤ ਕਰਨ ਤੋਂ ਬਾਅਦ ਇਸ ਦਾ ਕੀ ਫ਼ਰਕ ਹੈ? ਦੇਸ਼ ਨੂੰ ਪਿਆਰ ਕਰਨ ਦਾ ਰਾਸ਼ਟਰਵਾਦੀ ਫ਼ੁਰਮਾਨ ਪੱਕੇ ਤੌਰ 'ਤੇ ਰਾਜ ਪ੍ਰਤੀ ਵਫ਼ਾਦਾਰੀ 'ਚ ਸੁੰਗੜ ਜਾਂਦਾ ਹੈ। ਕੀ ਕੌਮੀਵਾਦ ਅਜੇ ਵੀ ਪੂਰੀ ਤਰ੍ਹਾਂ ਚੰਗਿਆਈ, ਇੱਕ ਗੁਣ ਹੈ? ਪਹਿਲੇ ਪ੍ਰਸ਼ਨ ''ਕੀ ਡਾ. ਅੰਬੇਡਕਰ ਰਾਸ਼ਟਰਵਾਦੀ ਸਨ? ਦੀ ਉੱਚਿਤਤਾ ਲਈ ਇਹ ਕੁੱਝ ਪ੍ਰਸ਼ਨ ਹਨ, ਜੋ ਕਿ ਪੁੱਛਣੇ ਬਣਦੇ ਹਨ।
ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਰਾਸ਼ਟਰਵਾਦ ਸਦੀਵੀ ਅੱਛਾਈ ਨਹੀਂ ਹੈ। ਇਹ ਪ੍ਰਗਤੀਸ਼ੀਲ ਅਤੇ ਪਿਛਾਂਹਖਿੱਚੂ, ਉਸਾਰੂ ਅਤੇ ਢਾਊ ਹੋ ਸਕਦਾ ਹੈ। ਮੁੱਢਲੇ ਤੌਰ 'ਤੇ ਇਹ ਸਮਾਜ ਵਿੱਚ ਆਤਮ-ਨਿਰਣੈ ਦੀ ਚੰਗੀ ਇੱਛਾ ਵਜੋਂ ਜਾਂ ਆਪਣੇ ਵਿਕਾਸਪੂਰਨ ਪ੍ਰਕਿਰਿਆ ਦੇ ਹਿੱਸੇ ਵਜੋਂ ਉੱਭਰ ਸਕਦਾ ਹੈ, ਪਰੰਤੂ ਇਸ ਤੋਂ ਬਾਅਦ ਇਹ ਅਲੋਪ ਨਹੀਂ ਹੁੰਦਾ, ਸਗੋਂ ਭਵਿੱਖ 'ਚ ਸਮਾਜ ਦੀ ਕਾਰਜਸ਼ੀਲਤਾ 'ਚ ਜੜ੍ਹ ਸਥਾਪਿਤ ਕਰ ਲੈਂਦਾ ਹੈ। ਇਹ ਰਾਸ਼ਟਰੀ ਪਛਾਣ ਦੇ ਐਲਾਨ ਤੱਕ ਰਹਿ ਜਾਂਦਾ ਹੈ। ਮਨਪਸੰਦ ਰਾਜਨੀਤੀ ਦੇ ਵਿਰੋਧ 'ਚ ਪਛਾਣ ਦੀ ਰਾਜਨੀਤੀ ਨੂੰ ਉਤਾਂਹ ਚੁੱਕਦਾ ਹੈ। ਰਾਸ਼ਟਰਵਾਦ, ਬੁਨਿਆਦੀ ਤੌਰ 'ਤੇ ਕੁਲੀਨ ਵਰਗ ਵੱਲੋਂ ਚਲਾਈ ਜਾਂਦੀ ਜਨ ਲਹਿਰ ਹੈ। ਕੁਲੀਨ ਵਰਗ ਇਸ ਨੂੰ ਸਮਾਜੀ ਗਤੀਸ਼ੀਲਤਾ-ਯਾਨੀ ਪੁਨਰ ਪਰਿਭਾਸ਼ਾ ਦੇ ਢੰਗ, ਦੇ ਵਾਹਕ ਵਜੋਂ ਇਸਤੇਮਾਲ ਕਰਦਾ ਹੈ। ਇਉਂ ਉਹ ਪ੍ਰਬੰਧ ਰਾਹੀਂ ਸਿੱਧਿਆਂ ਹੀ ਜੋੜ-ਤੋੜ ਰਾਹੀਂ ਕਰਦਾ ਹੈ। ਰਾਸ਼ਟਰਵਾਦ, ਇਸ ਤਰ੍ਹਾਂ, ਫਾਸ਼ੀਵਾਦ, ਨਾਜ਼ੀਵਾਦ ਜਾਂ ਹਿੰਦੂਤਵ ਦੀ ਆਪਣੀ ਭਾਸ਼ਾ ਵਿੱਚ, ਪ੍ਰਤੀਕਿਰਿਆਵਾਦੀ ਨਸਲਾਂ ਦੇ ਰੂਪ 'ਚ ਗਿਰਾਵਟ ਵੱਲ ਜਾਣ ਲੱਗਦਾ ਹੈ। ਪਾਠਕਾਂ ਲਈ ਦਿਲਚਸਪ ਹੋਵੇਗਾ ਕਿ ਡਾ. ਅੰਬੇਡਕਰ ਰਾਸ਼ਟਰਵਾਦ ਦੀਆਂ ਅਜਿਹੀਆਂ ਖਾਈਆਂ ਤੋਂ ਸੁਚੇਤ ਸਨ ਅਤੇ ਇਸੇ ਕਰਕੇ, ਕਈਆਂ ਧਿਰਾਂ ਵੱਲੋਂ ਪ੍ਰਚਾਰੇ ਜਾਂਦੇ ਵਿਚਾਰ ਪ੍ਰਤੀ ਅੱਖਾਂ ਮੀਟ ਕੇ ਟੇਟੇ ਨਹੀਂ ਚੜ੍ਹੇ। ਇਸ ਦੀ ਬਜਾਏ, ਉਨ੍ਹਾਂ ਨੇ ਸਦੀਵੀ ਜੋੜ ਨਾਲ ਅਛੂਤਾਂ ਦੀ ਮੁਕਤੀ ਦੇ ਕਠਿਨ ਨਿਸ਼ਾਨੇ ਦੀ ਪ੍ਰਾਪਤੀ ਦਾ ਰਾਹ ਚੁਣਿਆ।
ਡਾ. ਅੰਬੇਡਕਰ ਦਾ ਮਕਸਦ ਸੀ ਲੋਕ, ਦਲਿਤ ਲੋਕ ਅਤੇ ਉਨ੍ਹਾਂ ਦੀ ਭਲਾਈ, ਨਾ ਕਿ ਕੌਮ, ਕੌਮੀਵਾਦ ਜਾਂ ਦੇਸ਼ ਵਰਗਾ ਕੁੱਝ ਮਿਲਿਆ-ਜੁਲਿਆ ਅਮੂਰਤ ਵਿਚਾਰ। ਉਦਾਹਰਨ ਲਈ ਉਹ ਲਿਖਦੇ ਹਨ ''ਦੇਸ਼ ਦੀ ਆਜ਼ਾਦੀ ਅਤੇ ਦੇਸ਼ ਵਿੱਚ ਲੋਕਾਂ ਦੀ ਆਜ਼ਾਦੀ ਦੇ ਦਰਮਿਆਨ ਵੱਖਰੇਵਾਂ ਨਾ ਕਰਨਾ, ਕਿਸੇ ਨੂੰ ਜੇ ਧੋਖਾ ਦੇਣਾ ਨਹੀਂ, ਤਾਂ ਗੁੰਮਰਾਹ ਹੋਣ ਦੀ ਆਗਿਆ ਤਾਂ ਹੈ ਹੀ। ਕਿਉਂਕਿ ਸਮਾਜ, ਕੌਮ ਅਤੇ ਦੇਸ਼ ਵਰਗੇ ਸ਼ਬਦ ਜੇ ਅਨਿਸ਼ਚਿਤ ਨਹੀਂ ਤਾਂ, ਬੇਡੋਲ ਜ਼ਰੂਰ ਹਨ। ਇਸ ਤੋਂ ਕੋਈ ਇਨਕਾਰ ਨਹੀਂ ਕਿ ਇੱਕ ਸ਼ਬਦੀ ਕੌਮ ਦੇ ਅਰਥ ਹਨ ਕਈ ਸ਼੍ਰੇਣੀਆਂ। ਦਾਰਸ਼ਨਿਕ ਤੌਰ 'ਤੇ ਕੌਮ ਨੂੰ ਇੱਕ ਇਕਾਈ ਮੰਨਣਾ ਸੰਭਵ ਹੋ ਸਕਦਾ ਹੈ, ਪਰੰਤੂ ਸਮਾਜੀ ਤੌਰ 'ਤੇ ਬਹੁਤੀਆਂ ਸ਼੍ਰੇਣੀਆਂ ਹੋਣ ਕਰਕੇ ਨਹੀਂ ਮੰਨਿਆ ਜਾ ਸਕਦਾ। ਕੌਮ ਦੀ ਆਜ਼ਾਦੀ, ਜੇ ਇਸ ਨੇ ਅਸਲੀਅਤ ਬਣਨਾ ਹੈ, ਇਸ ਵਿਚਲੀਆਂ ਵੱਖ-ਵੱਖ ਸ਼੍ਰੇਣੀਆਂ ਦੀ ਆਜ਼ਾਦੀ ਦੀ ਗਰੰਟੀ ਹੋਣੀ ਚਾਹੀਦੀ ਹੈ, ਤੇ ਖ਼ਾਸ ਕਰਕੇ ਉਨ੍ਹਾਂ ਦੀ, ਜਿਨ੍ਹਾਂ ਨਾਲ ਅਧੀਨ ਸ਼੍ਰੇਣੀਆਂ ਵਾਲਾ ਵਰਤਾਓ ਕੀਤਾ ਜਾਂਦਾ ਹੈ।''94 ਉਹ ਅਗਾਂਹ ਲਿਖਦੇ ਹਨ, ''ਲੋਕਾਂ ਨੂੰ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ ਜੇ ਉਨ੍ਹਾਂ ਕੌਮੀ ਆਜ਼ਾਦੀ ਪ੍ਰਾਪਤ ਕਰਨੀ ਹੈ, ਉਹ ਏਕਤਾ ਬਣਾਉਣ ਕਿ ਅਸੈਂਬਲੀਆਂ, ਕਾਰਜਪਾਲਿਕਾਵਾਂ ਅਤੇ ਪਬਲਿਕ ਸੇਵਾਵਾਂ 'ਚ ਰਾਖਵੇਂਕਰਨ ਨਾਲ ਸੰਬੰਧਿਤ ਪ੍ਰਸ਼ਨ ਰਾਸ਼ਟਰੀ ਏਕਤਾ ਲਈ ਘਾਤਕ ਹਨ ਅਤੇ ਜੋ ਕੋਈ ਵੀ ਰਾਸ਼ਟਰੀ ਏਕਤਾ ਦਾ ਹਾਮੀ ਹੈ, ਉਸ ਲਈ ਅਜਿਹੇ ਰਾਖਵੇਂਕਰਣ ਦੀ ਗੱਲ ਕਰਨ ਵਾਲਿਆਂ ਦੀ ਹਾਮੀ ਭਰਨਾ ਪਾਪ ਹੈ।'' ਇਹ ਭਾਰਤ 'ਚ ਰਾਜ ਕਰਦੀ ਸ਼੍ਰੇਣੀ ਦਾ ਰੁਝਾਨ ਹੈ। ਇਹ ਰਾਸ਼ਟਰਵਾਦ ਦਾ ਦੁਰਉਪਯੋਗ ਹੈ, ਪਰੰਤੂ ਰਾਜ ਕਰਦੀ ਸ਼੍ਰੇਣੀ ਇਸ ਦੁਰਉਪਯੋਗ ਵਾਸਤੇ ਕੋਈ ਖੇਦ ਮਹਿਸੂਸ ਨਹੀਂ ਕਰਦੀ।
ਰਾਸ਼ਟਰਵਾਦੀ ਦੀ ਚੜ੍ਹਤ ਸਮੇਂ, ਡਾ. ਅੰਬੇਡਕਰ ਨੇ ਇਸ ਨੂੰ ਦਲਿਤ ਲੋਕਾਂ ਨੂੰ ਦਬਾਉਣ ਲਈ ਸ਼ਾਸਕ ਸ਼੍ਰੇਣੀ ਦੇ ਹੱਥਾਂ 'ਚ ਇੱਕ ਹਥਿਆਰ ਵਜੋਂ ਵੇਖਿਆ। ਆਪਣੀ ਜਮਾਤ ਅੰਦਰ ਦੁਸ਼ਮਣ ਨੂੰ ਵੇਖਣ ਲਈ ਸੰਕੀਰਨ ਸੰਵੇਦਨਾਵਾਂ ਰਾਹੀਂ ਮਦਹੋਸ਼ ਕਰਦਿਆਂ ਲੋਕਾਂ ਦੇ ਅਸਲ ਮਸਲਿਆਂ ਤੋਂ ਜ਼ੋਰਦਾਰ ਚਕਮਾ ਦੇਣ ਲਈ ਇਸ ਦਾ ਇਸਤੇਮਾਲ ਕੀਤਾ ਗਿਆ। ਉਹ ਲਿਖਦੇ ਹਨ, ''ਸੰਖੇਪ 'ਚ ਕਿਹਾ ਜਾ ਸਕਦਾ ਹੈ ਕਿ ਸਰਕਾਰ ਇਸ ਵੱਲੋਂ ਸੁਚੇਤ ਹੈ ਕਿ ਵਰਗ ਦਰਸ਼ਨ ਵਰਗ ਦੇ ਹਿੱਤਾਂ, ਵਰਗ ਦੇ ਮਸਲਿਆਂ ਅਤੇ ਵਰਗਾਂ ਦੇ ਖੜਰਾਉ 'ਤੇ ਆਧਾਰਿਤ ਰਾਜਨੀਤਕ ਲਹਿਰ ਆਪਣੇ ਮੋਢੇ ਡਿੱਗ ਪਵੇਗੀ। ਉਹ ਜਾਣਦੀ ਹੈ ਕਿ ਜਿਸ ਤਰ੍ਹਾਂ ਕੌਮੀ ਏਕਤਾ ਅਤੇ ਰਾਸ਼ਟਰਵਾਦ ਦੀਆਂ ਭਾਵਨਾਵਾਂ ਨਾਲ ਖੇਡਦਿਆਂ ਕਿਵੇਂ ਗ਼ੁਲਾਮ ਸ਼੍ਰੇਣੀਆਂ ਨੂੰ ਲਾਂਭੇ ਕਰਨਾ, ਬੇਵਕੂਫ਼ ਬਣਾਉਣਾ ਹੈ ਅਤੇ ਮਹਿਸੂਸ ਕਰਦੀ ਹੈ ਕਿ ਸਿਰਫ਼ ਇੱਕ ਕਾਂਗਰਸ ਪਲੇਟਫ਼ਾਰਮ ਹੀ ਇੱਕ ਅਜਿਹਾ ਪਲੇਟਫਾਰਮ ਹੈ ਜੋ ਸਭ ਤੋਂ ਵੱਧ ਅਸਰਦਾਇਕ ਢੰਗ ਨਾਲ ਰਾਜ ਕਰਦੀ ਜਮਾਤ ਨੂੰ ਹਿੱਤਾਂ ਦੀ ਰਾਖੀ ਕਰ ਸਕਦਾ ਹੈ। ਕਿਉਂਕਿ ਜੋ ਕੋਈ ਪਲੇਟਫਾਰਮ ਹੈ ਜੋ ਅਮੀਰ ਅਤੇ ਗਰੀਬ, ਬ੍ਰਾਹਮਣ ਅਤੇ ਗ਼ੈਰ-ਬ੍ਰਾਹਮਣ ਜਗੀਰਦਾਰ ਤੇ ਵਟਾਈਦਾਰ, ਸੂਦਖੋਰ ਤੇ ਕਰਜ਼ਾਈ, ਜੋ ਸਰਕਾਰ ਨੂੰ ਨਹੀਂ ਭਾਉਂਦੇ, ਉਨ੍ਹਾਂ ਵਿਚਾਲੇ ਤਣਾਓ ਦੀ ਸਾਰੀ ਗੱਲ ਕਾਂਗਰਸ ਦੇ ਪਲੇਟਫ਼ਾਰਮ ਰਾਹੀਂ ਰੋਕੀ ਜਾ ਸਕਦੀ ਹੈ, ਜੋ ਇੱਕ ਕੌਮੀ ਏਕਤਾ ਅਤੇ ਰਾਸ਼ਟਰਵਾਦ ਦਾ ਪ੍ਰਚਾਰ ਕਰਨਾ ਹੀ ਕਰਨਾ ਹੈ ਜੋ ਕਿ ਰਾਜਕਰਦਾ ਜਮਾਤਾਂ ਚਾਹੁੰਦੀਆਂ ਹਨ ਅਤੇ ਜਿਨ੍ਹਾਂ 'ਤੇ ਉਨ੍ਹਾਂ ਦੀ ਸੁਰੱਖਿਆ ਪੂਰੀ ਤਰ੍ਹਾਂ ਨਿਰਭਰ ਹੈ। ਪਰੰਤੂ ਜੋ ਇਸ ਪਲੇਟਫਾਰਮ 'ਚੋਂ ਪ੍ਰਚਾਰੇ ਜਾਂਦੇ ਰਾਸ਼ਟਰਵਾਦ ਨਾਲ ਮੇਲ ਨਾ ਖਾਂਦੀ ਕਿਸੇ ਵਿਚਾਰਧਾਰਾ ਨੂੰ ਪ੍ਰਚਾਰਨ ਦੀ ਆਗਿਆ (ਬੇ) ਨਹੀਂ ਦਿੰਦੀ?''96 ਗਲਿਆਰੇ 'ਚ ਕਾਂਗਰਸੀ ਮੰਚ ਸੱਚਮੁੱਚ ਕਿਸੇ ਵੀ ਰਾਜ ਕਰਦੀ ਜਮਾਤ ਪਾਰਟੀ ਲਈ ਮੁਖਤਾਰਨਾਮਾ ਹੈ ਅਤੇ ਅੱਜ ਦੇ ਸੰਦਰਭ 'ਚ ਬੀਜੇਪੀ ਵੀ ਸ਼ਾਮਲ ਹੈ।





ਸਿੱਖ ਕਿਉਂ ਰੁਲਦੇ ਜਾਂਦੇ ਹਨ?\ ਪ੍ਰੋ. ਬਲਵਿੰਦਰਪਾਲ ਸਿੰਘ

 
ਜਿਹੜੀਆਂ ਕੌਮਾਂ ਰੂਹ ਦੇ ਜ਼ੋਰ ਨਾਲ ਜਿਉਂਦੀਆਂ ਹਨ, ਉਨ੍ਹਾਂ ਦੇ ਦੁੱਖ ਗਹਿਰਾਈ ਤੱਕ ਵੀ ਮਾਪੇ ਨਹੀਂ ਜਾ ਸਕਦੇ। ਇਹੋ ਜਿਹੀਆਂ ਕੌਮਾਂ ਦੀ ਦਾਸਤਾਨ ਬੜੀ ਅਨੋਖੀ ਹੋਇਆ ਕਰਦੀ ਹੈ। ਜਦੋਂ ਇਹੋ ਜਿਹੀਆਂ ਕੌਮਾਂ ਗੰਭੀਰ ਖਤਰਿਆਂ ਵਿਚ ਘਿਰ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਆਗੂ ਮਿੱਟੀ ਦੇ ਮਾਧੋ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਸੋਚ ਵਿਕਾਊ ਹੋ ਜਾਂਦੀ ਹੈ ਤਾਂ ਇਹੋ ਜਿਹੇ ਸਮੇਂ ਦੌਰਾਨ ਰੂਹ ਦੇ ਜ਼ੋਰ ਨਾਲ ਜਿਉਣ ਵਾਲੀਆਂ ਕੌਮਾਂ ਅੰਦਰ ਵੱਲ ਪਰਤ ਜਾਂਦੀਆਂ ਹਨ। ਇਸੇ ਨੂੰ ਢਹਿੰਦੀ ਕਲਾ ਦਾ ਨਾਮ ਦਿੱਤਾ ਜਾ ਸਕਦਾ ਹੈ।
ਜਾਪਦਾ ਹੈ ਕਿ ਸਿੱਖ ਕੌਮ ਦੀ ਦਰਦਨਾਕ ਦਾਸਤਾਂ ਵੀ ਅਜਿਹੀ ਹੈ, ਜਿਸ ਦਾ ਦਰਦ ਖਮੋਸ਼ੀ ਨਾਲ ਜੁੜ ਗਿਆ। ਇਹ ਦੌਰ ਬਹੁਤ ਲੰਮਾ ਜਾਪਦਾ ਹੈ। ਸਿੱਖ ਕੌਮ ਜਿਸ ਦੌਰ ਵਿਚੋਂ ਗੁਜ਼ਰ ਰਹੀ ਹੈ, ਉਹ ਦੌਰ ਕਦੇ ਵੀ ਇਤਿਹਾਸ ਵਿਚ ਅੱਜ ਤੱਕ ਨਹੀਂ ਵਾਪਰਿਆ। ਅੱਜ ਡੂੰਘਾ ਸਵਾਲ ਇਹੀ ਹੈ। ਸਿੱਖ ਕਿਉਂ ਰੁਲਦੇ ਜਾਂਦੇ ਹਨ?
20ਵੀਂ ਸਦੀ ਦੇ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਪੂਰਨ ਸਿੰਘ ਨੇ ਵੀ ਅਜਿਹਾ ਤੌਖਲਾ ਪ੍ਰਗਟਾਇਆ ਸੀ। ਉਸ ਨੇ ਆਪਣੀ ਇਕ ਕਵਿਤਾ ਵਿਚ ਲਿਖਿਆ ਸੀ-
ਇਹ ਗਲੀ!
ਮਾਹੀ ਯਾਰ ਦੀ ਹਾਂ
ਇਹ ਰਾਹ!
ਸੱਚੀ ਸਰਕਾਰ ਦੀ ਹਾਂ
ਓਏ!
ਸਿੱਖ ਕਿਉਂ ਰੁਲਦੇ ਜਾਂਦੇ ਨੀ?
ਪੂਰਨ ਸਿੰਘ ਨੇ ਆਪਣੀ ਇਸ ਕਵਿਤਾ ਵਿਚ ਸਿੱਖਾਂ ਦੇ ਰੁਲ ਜਾਣ ਦੀ ਗੱਲ ਕੀਤੀ ਹੈ। ਸਾਨੂੰ ਹੁਣ ਇਨ੍ਹਾਂ ਕਾਰਨਾਂ ਦਾ ਲੇਖਾ-ਜੋਖਾ ਕਰਨਾ ਪਵੇਗਾ ਕਿ ਸਿੱਖਾਂ ਵਿਚ ਢਹਿੰਦੀ ਕਲਾ ਕਿਉਂ ਆ ਰਹੀ ਹੈ ਤੇ ਉਹ ਰੁਲ ਕਿਉਂ ਰਹੇ ਨੇ?
ਅਸੀਂ ਇਕ ਅਜਿਹੇ ਪੜਾਅ 'ਤੇ ਆ ਪਹੁੰਚੇ ਹਾਂ ਜਿੱਥੇ ਸਾਨੂੰ ਆਪਣੇ ਅੰਦਰ ਇਕ ਡੂੰਘੀ ਝਾਤ ਪਾਉਣੀ ਪੈਣੀ ਹੈ। ਪਰ ਸਮਝ ਨਹੀਂ ਪੈਂਦੀ ਕਿ ਸਿੱਖਾਂ ਉੱਪਰ ਅਜਿਹਾ ਦੌਰ ਕਿਉਂ ਆ ਰਿਹਾ ਹੈ। ਸਿੱਖਾਂ ਦਾ ਇਤਿਹਾਸ ਗਵਾਹ ਹੈ ਕਿ ਸਿੱਖ ਹਮੇਸ਼ਾ ਖਤਰਿਆਂ ਦੇ ਨਾਲ ਖੇਡਦੇ ਰਹੇ ਹਨ। ਸ਼ਹਾਦਤਾਂ ਦਿੰਦੇ ਰਹੇ ਹਨ। ਬੜੀਆਂ ਮੁਸੀਬਤਾਂ ਵਿਚੋਂ ਵੀ ਗੁਜ਼ਰੇ ਹਨ ਪਰ ਅਜਿਹਾ ਦੌਰ ਕਦੇ ਵੀ ਨਹੀਂ ਆਇਆ ਕਿ ਉਹ ਬਿਲਕੁਲ ਹੀ ਖਾਮੋਸ਼ ਹੋ ਗਏ ਹੋਣ ਜਿਵੇਂ ਕਿ ਅੱਜ ਹਨ। ਸਿੱਖਾਂ ਦੇ ਬੀਤ ਚੁੱਕੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸੰਕਲਪ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਸੰਸਾਰਕ ਰਾਜਨੀਤੀ ਤੋਂ ਵੀ ਉੱਪਰ ਧਰਮ ਦਾ ਤਖਤ ਐਲਾਨ ਕਰ ਦਿੱਤਾ, ਜਿੱਥੇ ਧਰਮ ਤੇ ਰਾਜਨੀਤੀ ਸਾਂਝੀ ਸੀ। ਅਰਥਾਤ ਰਾਜਨੀਤੀ ਉੱਪਰ ਧਰਮ ਦਾ ਕੁੰਡਾ ਸੀ।
ਕਹਿਣ ਤੋਂ ਭਾਵ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਕੌਮ ਵਿਚ ਚੜ੍ਹਦੀ ਕਲਾ ਦਾ ਦੌਰ ਸਿਰਜਿਆ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਨੁੱਖੀ ਅਧਿਕਾਰਾਂ ਦੇ ਹਿੱਤ ਵਿਚ ਸ਼ਹਾਦਤ ਹੋਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰ ਚੁੱਕ ਲਏ। ਇਸ ਕਰਕੇ ਕਿ ਇਨ੍ਹਾਂ ਤੋਂ ਬਿਨਾਂ ਸਿੱਖ ਕੌਮ ਦੀ ਵੱਖਰੀ ਹੋਂਦ ਕਾਇਮ ਨਹੀਂ ਰੱਖੀ ਜਾ ਸਕਦੀ ਸੀ ਤੇ ਨਾ ਹੀ ਜ਼ੁਲਮ ਨਾਲ ਟੱਕਰ ਲਈ ਜਾ ਸਕਦੀ ਸੀ। ਗੁਰੂ ਦਾ ਨਿਸ਼ਾਨਾ ਇਹ ਸੀ ਕਿ ਸਿੱਖਾਂ ਨੂੰ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ ਬਣਨਾ ਪਵੇਗਾ। ਇਸੇ ਸੰਕਲਪ ਅਧੀਨ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਿਸ ਦਾ ਨਿਸ਼ਾਨਾ ਸੀ ਹਲੇਮੀ ਰਾਜ। ਜਿੱਥੇ ਸਮੂਹ ਲੋਕ ਸੁਖੀ ਰਹਿਣ ਭਾਵੇਂ ਉਹ ਕਿਸੇ ਜਾਤ ਦੇ ਹੋਣ, ਕਿਸੇ ਧਰਮ ਦੇ ਹੋਣ। ਗੁਰੂ ਦੀ ਬਖਸ਼ਿਸ਼ ਸਦਕਾ ਉਹ ਦੌਰ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵੇਲੇ ਆਇਆ। ਜਿਥੇ ਦਬੇ-ਕੁਚਲਿਆਂ, ਲੁੱਟੇ-ਕੁੱਟੇ ਕਿਸਾਨਾਂ ਨੂੰ ਰਾਜੇ ਬਣਾਇਆ ਗਿਆ। ਜੰਗ ਦੇ ਮੈਦਾਨ ਵਿਚ ਜੂਝਣ ਦਾ ਉਨ੍ਹਾਂ ਨੇ ਵੱਲ ਸਿੱਖਿਆ। ਇਹ ਦਬੇ-ਕੁਚਲੇ ਲੋਕ ਉਨ੍ਹਾਂ ਸਵਰਨ ਹਿੰਦੂ ਜਾਤਾਂ ਦੀ ਕਿਸਮਤ ਦੇ ਘਾੜੇ ਬਣੇ ਜੋ ਉਨ੍ਹਾਂ ਨੂੰ ਗੁਲਾਮਾਂ ਦੀ ਤਰ੍ਹਾਂ ਲਿਤਾੜਦੇ ਸਨ ਅਤੇ ਉੱਚ ਜਾਤ ਦਾ ਗੁਮਾਨ ਰੱਖ ਕੇ ਦਬੇ-ਕੁਚਲੇ ਲੋਕਾਂ ਅਤੇ ਕਿਸਾਨਾਂ ਨਾਲ ਪਸ਼ੂਆਂ ਤੋਂ ਵੀ ਭੈੜਾ ਸਲੂਕ ਕਰਦੇ ਸਨ।
ਸਿੱਖਾਂ ਦੀ ਫੁੱਟ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਗਿਆ, ਕੁਰਬਾਨੀਆਂ ਹੋਈਆਂ, ਸਿੱਖਾਂ ਦੇ ਬੰਦ-ਬੰਦ ਕੱਟੇ ਗਏ, ਮਾਵਾਂ ਨੇ ਸਿੱਖੀ ਸਿਦਕ ਨਾ ਹਾਰਦਿਆਂ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਆਪਣੀਆਂ ਝੋਲੀਆਂ 'ਚ ਪੁਆ ਲਏ। ਕਿੰਨਾ ਭਿਆਨਕ ਦੌਰ ਸੀ ਜਦੋਂ ਮੁਗਲ ਹਕੂਮਤ ਦੌਰਾਨ ਮਨੁੱਖੀ ਅਧਿਕਾਰਾਂ ਦੀ ਕੋਈ ਕਦਰ ਨਹੀਂ ਸੀ ਪਰ ਸਿੱਖ ਫਿਰ ਵੀ ਨਹੀਂ ਹਾਰੇ, ਫਿਰ ਵੀ ਨਹੀਂ ਰੁਲੇ। ਗੁਰੂ ਨੂੰ ਅੰਗ-ਸੰਗ ਸਮਝ ਕੇ ਚੜ੍ਹਦੀ ਕਲਾ ਵਿਚ ਰਹੇ।
ਮਿਸਲਾਂ ਦਾ ਯੁਗ ਆਇਆ, ਮੁਗਲ ਹਕੂਮਤ ਤਬਾਹ ਹੋ ਕੇ ਰਹਿ ਗਈ। ਸਿੱਖ ਕੌਮ ਦੀ ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਨਾਲ ਟੱਕਰ ਹੋਈ, ਦੋ ਘੱਲੂਘਾਰੇ ਹੋਏ ਪਰ ਸਿੱਖ ਚੜ੍ਹਦੀ ਕਲਾ ਵਿਚ ਰਹੇ। 18ਵੀਂ ਸਦੀ ਦੌਰਾਨ ਬਾਬਾ ਬਘੇਲ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਦਿੱਲੀ 'ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਪੂਰੇ ਦੇਸ਼ ਨੂੰ ਵੀ ਕਬਜ਼ੇ ਵਿਚ ਕਰ ਲਿਆ ਸੀ। ਇਸੇ ਲਈ ਸਿੱਖਾਂ ਦੇ ਸੀਨੇ-ਬਸੀਨੇ ਇਹ ਸ਼ਬਦ ਘਰ ਕੀਤਾ ਹੋਇਆ ਹੈ 'ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ'।
ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੌਰਾਨ ਸਿੱਖਾਂ ਨੇ ਪੰਜਾਬ ਉੱਪਰ ਰਾਜ ਕੀਤਾ। ਅਫਗਾਨੀਆਂ ਅਤੇ ਅੰਗਰੇਜ਼ਾਂ ਨੂੰ ਡੱਕ ਕੇ ਰੱਖੀ ਰੱਖਿਆ। ਮਰਹੱਟੇ ਅਤੇ ਰਾਜਪੂਤ ਵੀ ਸਿੱਖਾਂ ਤੋਂ ਖੌਫ ਖਾਂਦੇ ਸਨ। ਅੰਗਰੇਜ਼ਾਂ ਦੇ ਸਮੇਂ ਸਿੱਖਾਂ ਨੇ ਭਾਰਤ ਨੂੰ ਗੁਲਾਮੀ ਤੋਂ ਛੁਟਕਾਰਾ ਦੁਆਉਣ ਲਈ 80% ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ ਪਰ ਫਿਰ ਵੀ ਸਿੱਖ ਚੜ੍ਹਦੀ ਕਲਾ ਵਿਚ ਰਹੇ।
ਬੀਤੇ ਤਿੰਨ ਦਹਾਕਿਆਂ ਦੌਰਾਨ ਸਿੱਖਾਂ ਨੇ ਗੰਭੀਰ ਸੰਤਾਪ ਝੱਲਿਆ। ਜੂਨ 84 ਅਤੇ ਨਵੰਬਰ-84 ਦੇ ਦੋ ਘੱਲੂਘਾਰਿਆਂ ਨੂੰ ਹੰਢਾਇਆ ਹੈ। ਜਿਸ ਵਿਚ ਸਿੱਖਾਂ ਦਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ। ਸ੍ਰੀ ਅਕਾਲ ਤਖਤ ਸਾਹਿਬ ਫੌਜੀ ਹਮਲੇ ਕਰਕੇ ਢਹਿ-ਢੇਰੀ ਹੋਇਆ। ਨਵੰਬਰ 84 ਦੌਰਾਨ ਸਿੱਖਾਂ ਦਾ ਵੱਡੀ ਪੱਧਰ 'ਤੇ ਕਤਲੇਆਮ ਕੀਤਾ ਹੋਇਆ। ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਸ਼ਰੇਆਮ ਇੱਜ਼ਤ ਲੁੱਟੀ ਗਈ। ਪੰਜਾਬ ਵਿਚ ਸ਼ਾਂਤੀ ਕਾਇਮ ਕਰਨ ਦੇ ਨਾਂ 'ਤੇ ਸਿੱਖਾਂ ਨੂੰ ਲਾਵਾਰਿਸ ਲਾਸ਼ਾਂ ਬਣਾਇਆ ਗਿਆ। ਇਹ ਦੌਰ ਪੁਰਾਤਨ 18ਵੀਂ ਸਦੀ ਦੇ ਸਿੱਖ ਘੱਲੂਘਾਰਿਆਂ ਅਤੇ ਚਮਕੌਰ ਦੀ ਗੜ੍ਹੀ ਦੇ ਦ੍ਰਿਸ਼ ਤੋਂ ਵੱਖਰਾ ਨਹੀਂ ਸੀ। ਜੇਕਰ ਸਿੱਖ ਉਸ ਸਮੇਂ ਚੜ੍ਹਦੀ ਕਲਾ ਵਿਚ ਰਹਿ ਸਕਦੇ ਹਨ ਤਾਂ ਹੁਣ ਅਜਿਹਾ ਕੀ ਬੀਤਿਆ ਹੈ ਕਿ ਦੋ ਘੱਲੂਘਾਰਿਆਂ ਤੋਂ ਬਾਅਦ ਸਿੱਖਾਂ ਦੀ ਗੁਰੂ ਦਾ ਸੁਹਜ ਹੀ ਗਾਇਬ ਹੋ ਗਿਆ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਧਰਮਯੁੱਧ ਮੋਰਚਾ ਲਾਉਣ ਵਾਲੇ ਅਕਾਲੀ ਲੀਡਰਾਂ ਨੇ ਸੰਘਰਸ਼ਸ਼ੀਲ ਨੌਜਵਾਨਾਂ ਨੂੰ ਝੂਠੇ ਲਾਰੇ ਲਾ ਕੇ, ਗੁਪਤ ਸਮਝੌਤਿਆਂ ਦੀ ਲੜੀ ਚਲਾ ਕੇ, ਖਾੜਕੂ ਲਹਿਰ ਤੋਂ ਬਾਅਦ ਕੌਮ ਦੀਆਂ ਮੰਗਾਂ ਮਸਲਿਆਂ ਨਾਲੋਂ ਨਾਤਾ ਤੋੜ ਲਿਆ। ਸਿਰਫ ਆਪਣੇ-ਆਪ ਨੂੰ ਕੁਰਸੀ ਅਤੇ ਮਾਇਆ ਤੱਕ ਸੀਮਿਤ ਕਰ ਲਿਆ। ਅਸੀਂ ਅੱਜ ਤੱਕ ਆਪਣਾ ਲੇਖਾ-ਜੋਖਾ ਨਹੀਂ ਕਰ ਸਕੇ ਕਿ ਸਾਡੇ ਨਾਲ ਅਜਿਹਾ ਕਿਉਂ ਬੀਤਿਆ ਹੈ? ਅਸੀਂ ਇਸ ਡੂੰਘੇ ਸੰਤਾਪ ਵਿਚੋਂ ਬਾਹਰ ਕਿਉਂ ਨਹੀਂ ਆ ਰਹੇ? ਸਾਡੀ ਦਸ਼ਾ ਹਾਰੀਆਂ ਕੌਮਾਂ ਵਾਲੀ ਕਿਉਂ ਹੈ?
ਅਸੀਂ ਇਕ ਅਜਿਹੇ ਪੜਾਅ 'ਤੇ ਆਣ ਪਹੁੰਚੇ ਹਾਂ ਜਿੱਥੇ ਸਾਨੂੰ ਆਪਣੇ ਅੰਦਰ ਇਕ ਡੂੰਘੀ ਝਾਤ ਮਾਰਨੀ ਪੈਣੀ ਹੈ। ਜਦੋਂ ਕੌਮ ਆਪਣੇ ਪੈਗੰਬਰਾਂ ਦੀ ਪਹਿਲ ਤਾਜ਼ਗੀ ਨਾਲੋਂ ਟੁੱਟਣ ਲੱਗਦੀ ਹੈ ਤਾਂ ਕੌਮਾਂ ਵਿਚ ਖੜੋਤ ਆ ਜਾਂਦੀ ਹੈ। ਇਹ ਸਭ ਹੁਣ ਸਾਡੇ ਨਾਲ ਬੀਤ ਰਿਹਾ ਹੈ। ਇਹ ਵੇਲਾ ਹੈ ਕਿ ਅਸੀਂ ਆਪਣੀ ਅੰਤਰ-ਦ੍ਰਿਸ਼ਟੀ ਨਾਲ ਇਸ ਸਭ ਕੁਝ ਦਾ ਲੇਖਾ-ਜੋਖਾ ਕਰੀਏ। ਇਹ ਨੁਕਤਾ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਸਾਰਾ ਖਤਰਾ ਸਾਡੀ ਵੱਖਰੀ ਪਛਾਣ ਗੁਆਚਣ ਦਾ ਹੈ। ਆਰ. ਐਸ. ਐਸ., ਹਿੰਦੂ ਪ੍ਰੀਸ਼ਦ, ਸ਼ਿਵ ਸੈਨਾ, ਪਖੰਡੀ ਸਾਧ ਅਤੇ ਸਿੱਖ ਵਿਰੋਧੀ ਜਥੇਬੰਦੀਆਂ ਸਾਡੀ ਵੱਖਰੀ ਪਛਾਣ ਨੂੰ ਖੋਰਨ 'ਤੇ ਤੁਲੀਆਂ ਹੋਈਆਂ ਹਨ। ਮੁੱਦਾ ਤਾਂ ਇਹ ਹੈ ਕਿ ਅਸੀਂ ਰਹਿਤ, ਇਖਲਾਕੀ ਸੁੱਚਤਾ, ਸੂਰਮਗਤੀ ਤੇ ਮੀਰੀ ਦਾ ਨਿਆਰਾ ਤੇ ਪਿਆਰਾ ਸਿਧਾਂਤ, ਸ਼ਬਦ ਗੁਰੂ ਪਹਿਰੇ ਦੇ ਅਧੀਨ ਦੁਨੀਆਂ ਦੇ ਸਭਨਾਂ ਸੁਆਰਥਾਂ ਤੋਂ ਅਛੋਹ ਅਤੇ ਉਚੇਰਾ ਕਿਵੇਂ ਰੱਖੀਏ।
ਅਜੋਕੇ ਸਮੇਂ ਸਿੱਖ ਅਮੀਰ ਹੁੰਦੇ ਜਾ ਰਹੇ ਹਨ, ਗੁਰਦੁਆਰੇ ਵੀ ਸੋਹਣੇ ਬਣ ਰਹੇ ਹਨ ਪਰ ਸਿੱਖੀ ਗਾਇਬ ਹੁੰਦੀ ਜਾ ਰਹੀ ਹੈ। ਸਿੱਖੀ ਸਿਦਕ ਹੁਣ ਦਿਖਾਈ ਨਹੀਂ ਦਿੰਦਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ, ਸਿੱਖਾਂ ਦਾ ਕੋਈ ਮਜ਼ਾਕ ਉਡਾ ਲਵੇ ਪਰ ਸਿੱਖਾਂ 'ਤੇ ਕੋਈ ਅਸਰ ਨਹੀਂ ਹੁੰਦਾ। ਕਈ ਸਿੱਖ ਵਿਦਵਾਨ ਸੋਚਦੇ ਹਨ ਕਿ ਸਿੱਖਾਂ ਦਾ ਹੁਣ ਅੰਤਿਮ ਪੜਾਅ ਆ ਗਿਆ ਹੈ। ਹਰ ਕੋਈ ਪੁੱਛਦਾ ਹੈ ਕਿ ਕੀ ਬਣੇਗਾ ਸਿੱਖ ਕੌਮ ਦਾ? ਇਸ ਦਾ ਭਵਿੱਖ ਕੀ ਹੈ? ਕੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਗਾਇਆ ਹੋਇਆ ਸਿੱਖੀ ਦਾ ਬੂਟਾ ਹੁਣ ਆਖਰੀ ਸਾਹਾਂ 'ਤੇ ਹੈ? ਕਿਤੇ ਇਸ ਦਾ ਹਾਲ ਮਹਾਰਾਣਾ ਪ੍ਰਤਾਪ ਦੀ ਔਲਾਦ ਵਰਗਾ ਤਾਂ ਨਹੀਂ ਹੋਵੇਗਾ ਜਿਹੜੇ ਪੰਜਾਬ ਦੀਆਂ ਗਲੀਆਂ ਦੇ ਵਿਚ ਬਾਲਟੀਆਂ ਨੂੰ ਥੱਲੇ ਲਾਉਣ ਦਾ ਹੋਕਾ ਦੇ ਕੇ ਜੁਝਾਰੂ ਕੌਮਾਂ ਤੋਂ ਘਸਿਆਰੇ ਬਣੇ ਹੋਏ ਸਿਰਫ ਆਪਣੀ ਰੋਜ਼ੀ-ਰੋਟੀ ਤੱਕ ਸੀਮਿਤ ਹਨ। ਥਾਂ ਟਿਕਾਣਾ ਵੀ ਕੋਈ ਨਹੀਂ, ਸਿਰਫ ਟੱਪਰੀਵਾਸੀ ਬਣੇ ਹੋਏ ਹਨ। ਪੁੱਛੀਏ ਤਾਂ ਬੜੇ ਦਾਅਵੇ ਨਾਲ ਕਹਿੰਦੇ ਹਨ ਕਿ ਅਸੀਂ ਮਹਾਰਾਣਾ ਪ੍ਰਤਾਪ ਦੀ ਔਲਾਦ ਹਾਂ। ਕਿਤੇ ਸਿੱਖਾਂ 'ਤੇ ਇਹੋ ਜਿਹਾ ਦੌਰ ਤਾਂ ਨਹੀਂ ਆ ਜਾਵੇਗਾ ਕਿ ਉਨ੍ਹਾਂ ਵਿਚ ਮਹਾਰਾਣਾ ਪ੍ਰਤਾਪ ਦੀ ਔਲਾਦ ਵਾਂਗ ਚੜ੍ਹਦੀ ਕਲਾ ਦਾ ਅੰਸ਼ ਹੀ ਮੁੱਕ ਜਾਵੇਗਾ। ਜੇਕਰ ਅਜਿਹੀ ਗੱਲ ਹੋ ਗਈ ਤਾਂ ਸੱਚਮੁਚ ਸਾਡੇ ਲਈ ਸ਼ਰਮਨਾਕ ਗੱਲ ਹੋਵੇਗੀ ਕਿ ਇਤਿਹਾਸ ਸਿਰਜਣ ਵਾਲੀ ਕੌਮ ਘਸਿਆਰੇ ਬਣ ਕੇ ਰਹਿ ਗਈ।
ਤੁਸੀਂ ਆਖੋਗੇ ਕਿ ਸਿੱਖ ਇੰਨੇ ਅਮੀਰ ਨੇ, ਹਰੇਕ ਖੇਤਰ ਵਿਚ ਮੱਲਾਂ ਮਾਰਦੇ ਜਾ ਰਹੇ ਨੇ,  ਕੈਨੇਡਾ ਵਿਚ ਐਮ.ਪੀ. ਬਣੇ ਹੋਏ ਹਨ, ਇੰਗਲੈਂਡ ਦੀ ਰਾਜਨੀਤੀ ਵਿਚ ਵੀ ਚੰਗੇ ਮਾਅਰਕੇ ਮਾਰ ਰਹੇ ਹਨ। ਇਸੇ ਤਰ੍ਹਾਂ ਆਸਟਰੇਲੀਆ, ਹਾਂਗਕਾਂਗ, ਅਮਰੀਕਾ ਪਤਾ ਨਹੀਂ ਕਿੰਨੇ ਦੇਸ਼ਾਂ ਵਿਚ ਸਿੱਖਾਂ ਨੇ ਆਪਣਾ ਨਾਂ ਚਮਕਾਇਆ ਹੈ। ਇਹ ਤਾਂ ਸਿੱਖਾਂ ਦੀ ਚੜ੍ਹਦੀ ਕਲਾ ਹੋਈ ਤਾਂ ਮਹਾਰਾਣਾ ਪ੍ਰਤਾਪ ਦੀ ਔਲਾਦ ਵਰਗਾ ਹਸ਼ਰ ਕਿਵੇਂ ਹੋ ਸਕਦਾ ਹੈ?
ਗੱਲ ਇਹ ਨਹੀਂ ਕਿ ਸਿੱਖ ਅਮੀਰ ਹੋ ਗਏ ਜਾਂ ਥੋੜ੍ਹਚਿਰੀ ਰਾਜਨੀਤਕ ਤਾਕਤ ਵਿਚ ਆ ਗਏ ਤਾਂ ਸਮੁੱਚੀ ਕੌਮ ਦੀ ਚੜ੍ਹਦੀ ਕਲਾ ਹੋ ਗਈ। ਮਸਲਾ ਤਾਂ ਇਹ ਹੈ ਕਿ ਸਿੱਖਾਂ ਵਿਚ ਗੁਰੂ ਦੀ ਆਤਮਾ, ਗੁਰੂ ਦਾ ਸੁਹਜ ਗਾਇਬ ਹੋ ਗਿਆ ਹੈ। ਜਦੋਂ ਗੁਰੂ ਦਾ ਸੁਹਜ ਗਾਇਬ ਹੋ ਜਾਵੇ ਜਾਂ ਸਰੀਰ ਵਿਚੋਂ ਆਤਮਾ ਨਿਕਲ ਜਾਵੇ ਤਾਂ ਉਹ ਸਰੀਰ ਅਜਾਇਬ ਘਰਾਂ ਵਿਚ ਸ਼ਿੰਗਾਰ ਦਾ ਹੀ ਸਮਾਨ ਬਣ ਸਕਦੇ ਹਨ। ਸਮਾਜ ਦੀ ਅਗਵਾਈ ਕਰਨ ਦੀ ਤਾਕਤ ਉਨ੍ਹਾਂ ਵਿਚ ਨਹੀਂ ਰਹਿੰਦੀ। ਸਮਾਜ ਦੀ ਅਗਵਾਈ ਉਹੀ ਕੌਮਾਂ ਕਰ ਸਕਦੀਆਂ ਹਨ ਜੋ ਆਤਮਕ ਤੌਰ 'ਤੇ ਬਲਵਾਨ ਹੁੰਦੀਆਂ ਹਨ। ਅਸੀਂ ਆਪਣੇ ਗੁਰੂਆਂ ਦੀ ਵਿਚਾਰਧਾਰਾ ਦੇ ਪ੍ਰਸੰਗ ਵਿਚ ਜਿਉਂਦਾ ਰਹਿਣਾ ਅਤੇ ਅਮਲੀ ਤੌਰ 'ਤੇ ਇਸ ਤਰ੍ਹਾਂ ਵਿਚਰਨਾ ਹੈ ਜਿਸ ਤਰ੍ਹਾਂ ਸਾਡੇ ਗੁਰੂ ਵਿਚਰੇ ਸਨ। ਇਹੀ ਸਾਦਾ ਅਤੇ ਸਾਧਾਰਨ ਸੁਆਲ ਹੈ ਜਿਸ ਦਾ ਜੁਆਬ ਦੇਣ ਵਿਚ ਹੁਣ ਸਿੱਖਾਂ ਨੂੰ ਢਿੱਲ ਨਹੀਂ ਦਿਖਾਉਣੀ ਚਾਹੀਦੀ। ਉਨ੍ਹਾਂ ਸੰਕਟਾਂ ਦਾ ਸਾਹਮਣਾ ਕਰਨਾ ਪੈਣਾ ਹੈ ਜੋ ਗਲੋਬਲਾਈਜ਼ੇਸ਼ਨ ਦੇ ਦੌਰ ਵਿਚ ਸਾਡੇ ਲਈ ਚੈਲਿੰਜ ਬਣੇ ਹੋਏ ਹਨ। ਇਹ ਸਭ ਸੰਕਟ ਗੁਰੂ ਦੀ ਓਟ ਸਦਕਾ ਹੀ ਹੱਲ ਹੋ ਸਕਦੇ ਹਨ। ਇਹ ਗੁਰੂ ਦੀ ਓਟ ਹੀ ਸਾਨੂੰ ਸਾਂਝਾ ਮੰਚ ਪ੍ਰਦਾਨ ਕਰ ਸਕਦੀ ਹੈ। ਰਾਜਨੀਤਕ ਲੀਡਰਾਂ ਨੂੰ ਵੀ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਜੇਕਰ ਸਿੱਖਾਂ ਦੀ ਆਤਮਾ ਇਸੇ ਤਰ੍ਹਾਂ ਮਰਦੀ ਰਹੀ ਤਾਂ ਉਨ੍ਹਾਂ ਦੇ ਰਾਜ-ਪਾਟ ਦੇ ਦਿਨ ਵੀ ਪੁੱਗ ਜਾਣਗੇ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਵੋਟਾਂ ਦੇ ਲਈ ਸਿੱਖ ਸਿਧਾਂਤਾਂ ਦਾ ਬਲੀਦਾਨ ਨਾ ਦੇਣ ਅਤੇ ਗੁਰੂਆਂ ਦੀ ਚਿਣਗ ਸਿੱਖਾਂ ਵਿਚ ਬਹਾਲ ਰੱਖਣ ਦੇ ਲਈ ਜੱਦੋ-ਜਹਿਦ ਕਰਨ।
ਵੱਡੀ ਗੱਲ ਇਹ ਹੈ ਕਿ ਸਾਡੇ ਵਿਚ ਪੰਥ ਵਾਲੀ ਗੱਲ ਨਹੀਂ ਰਹਿ ਗਈ। ਪੰਥ ਦਾ ਅਰਥ ਸਮੂਹ ਸਿੱਖਾਂ ਵਿਚ ਗੁਰਮਤਿ ਸਿਧਾਂਤਾਂ ਅਨੁਸਾਰ ਏਕਤਾ ਹੈ। ਇਸ ਏਕਤਾ ਦਾ ਪ੍ਰਦਰਸ਼ਨ ਨਵੀਂ ਸਦੀ ਵਿਚ ਦੇਖਣ ਨੂੰ ਨਹੀਂ ਮਿਲ ਰਿਹਾ। ਸਾਡਾ ਭਾਈਚਾਰਾ ਕਿਤੇ ਵੀ ਵਸਿਆ ਹੋਇਆ ਹੈ, ਉਸ ਦੇ ਪ੍ਰਚਾਰਕ ਤੇ ਗ੍ਰੰਥੀ ਪ੍ਰਭਾਵਹੀਣ, ਅਨਪੜ੍ਹ ਹਨ ਜੋ ਸੰਗਤਾਂ ਨੂੰ ਪਖੰਡਾਂ ਅਤੇ ਅੰਧਵਿਸ਼ਵਾਸਾਂ ਵਾਲੀਆਂ ਸਾਖੀਆਂ, ਕਹਾਣੀਆਂ ਸੁਣਾ ਕੇ ਗੁਰੂ ਦੀ ਵਿਚਾਰਧਾਰਾ ਤੋਂ ਉਲਟ ਬ੍ਰਾਹਮਣਵਾਦ ਵੱਲ ਧਕੇਲ ਰਹੇ ਹਨ। ਜਿਹੜੀਆਂ ਕੌਮਾਂ ਸੱਚੇ ਇਤਿਹਾਸ ਅਤੇ ਆਪਣੇ ਪੈਗੰਬਰਾਂ ਦੀ ਵਿਚਾਰਧਾਰਾ ਤੋਂ ਦੂਰ ਜਾ ਕੇ ਮਿੱਥਕ ਇਤਿਹਾਸ ਨਾਲ ਜੁੜਦੀਆਂ ਹਨ, ਉਨ੍ਹਾਂ ਦਾ ਭਵਿੱਖ ਅੰਧੇਰਮਈ ਹੋ ਜਾਂਦਾ ਹੈ।
ਸਾਡੀ ਕੌਮ ਦੀ ਨਿਘਰ ਬਹੁਤ ਨਿਘਰ ਚੁੱਕੀ ਹੈ ਕਿ ਅਸੀਂ ਆਪਣੇ ਗੁਰੂ ਦੀ ਬੇਅਦਬੀ ਹੋਣ 'ਤੇ ਚਿੰਤਾ ਪ੍ਰਗਟ ਨਹੀਂ ਕਰਦੇ, ਵਿਰੋਧ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਇਸਾਈਆਂ ਨਾਲ ਕੁਝ ਬੀਤ ਜਾਏ, ਮੁਸਲਮਾਨਾਂ ਨਾਲ ਕੁਝ ਬੀਤ ਜਾਵੇ ਤਾਂ ਜ਼ਮੀਨ ਅਸਮਾਨ ਇਕ ਹੋ ਜਾਂਦਾ ਹੈ ਪਰ ਸਿੱਖ ਤਾਂ ਹੁਣ ਵਿਰੋਧ ਕਰਨਾ ਵੀ ਭੁੱਲ ਗਏ ਹਨ। ਮਸਲਾ ਤਾਂ ਸਾਡੀ ਆਤਮਾ ਗੁਆਚਣ ਦਾ ਹੈ। ਜਦੋਂ ਆਤਮਾ ਗੁਆਚ ਜਾਂਦੀ ਹੈ, ਗੁਲਾਮੀ ਗਲ ਵਿਚ ਪੈ ਜਾਂਦੀ ਹੈ। ਇਹ ਸਭ ਕੁਝ ਸਾਡੇ ਨਾਲ ਬੀਤ ਰਿਹਾ ਹੈ।
  ਸਿੱਖਾਂ ਦਾ ਚੰਗਾ ਅਕਸ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਉਹ ਅਯਾਸ਼ੀ ਵਿਚ ਖੁਭਦੇ ਜਾ ਰਹੇ ਹਨ। ਦੂਜੀ ਗੱਲ ਜਿਹੜੀ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ, ਉਹ ਇਹ ਹੈ ਕਿ ਪੰਜਾਬ ਦੀ ਸਿੱਖ ਜਵਾਨੀ ਨਸ਼ਿਆਂ ਦੀ ਲਪੇਟ ਵਿਚ ਆ ਗਈ ਹੈ। ਇੰਜ ਕਹਿ ਲਓ ਕਿ ਸਿੱਖ ਕੌਮ ਨਸ਼ਿਆਂ ਵਿਚ ਖੁਦਕੁਸ਼ੀ ਕਰ ਰਹੀ ਹੈ। ਹਰ ਪਿੰਡ ਵਿਚ ਨਸ਼ਿਆਂ ਦੀ ਦਹਿਸ਼ਤ ਹੈ। ਬਜ਼ੁਰਗ ਸਿੱਖ ਸੋਚਦੇ ਹਨ ਕਿ ਇਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਕਿਵੇਂ ਹਟਾਇਆ ਜਾਵੇ। ਪੰਜਾਬ ਦੇ ਨੌਜਵਾਨ ਹਰ ਪ੍ਰਕਾਰ ਦੇ ਨਸ਼ੇ ਵੱਡੇ ਪੈਮਾਨੇ 'ਤੇ ਕਰ ਰਹੇ ਹਨ। ਵਿਸਕੀ, ਅਫੀਮ, ਚਰਸ ਅਤੇ ਨਸ਼ੇ ਦੇ ਟੀਕੇ ਤੇ ਦਵਾਈਆਂ ਦੀ ਜਿੰਨੀ ਖਪਤ ਪੂਰੇ ਪੰਜਾਬ ਵਿਚ ਹੈ, ਓਨੀ ਸਾਰੇ ਭਾਰਤ ਵਿਚ ਵੀ ਨਹੀਂ। ਨੌਜਵਾਨ ਨਸ਼ੇ ਕਰ ਕੇ ਪਏ ਰਹਿੰਦੇ ਹਨ। ਨਸ਼ਿਆਂ ਵਿਚ ਗਰਕੇ ਇਹ ਸਿੱਖ ਨੌਜਵਾਨ ਜੁਰਮ ਦੀ ਦੁਨੀਆਂ 'ਚ ਸ਼ਾਮਿਲ ਹੋ ਜਾਂਦੇ ਹਨ। ਪੰਜਾਬ ਵਿਚ ਵਧ ਰਹੀਆਂ ਜੁਰਮ ਦੀਆਂ ਘਟਨਾਵਾਂ ਇਸ ਗੱਲ ਦੀਆਂ ਗਵਾਹ ਹਨ। ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਬਾਰੇ ਆਮ ਸਿੱਖਾਂ ਨੂੰ ਵਿਚਾਰ ਕਰਨੀ ਪਏਗੀ।
ਪੰਜਾਬ ਦਾ ਵਿੱਦਿਆ ਖੇਤਰ ਤਬਾਹ ਹੋ ਕੇ ਰਹਿ ਗਿਆ ਹੈ। ਬੇਰੁਜ਼ਗਾਰੀ ਤੇਜ਼ੀ ਨਾਲ ਵਧ ਰਹੀ ਹੈ। ਜੋ ਸਿੱਖ ਨੌਜਵਾਨ ਵਰਗ ਲਈ ਨਸ਼ਿਆਂ ਦਾ ਕਾਰਨ ਬਣ ਰਹੀ ਹੈ। ਇਹੀ ਢਹਿੰਦੀ ਕਲਾ ਸਿੱਖ ਨੌਜਵਾਨ ਵਰਗ ਨੂੰ ਜਰਾਇਮ-ਪੇਸ਼ਾ ਬਣਨ ਵੱਲ ਪ੍ਰੇਰ ਰਹੀ ਹੈ। ਇਸੇ ਕਾਰਨ ਪੰਜਾਬ ਵਿਚ ਬਲਾਤਕਾਰ, ਹਿੰਸਾ, ਗੁੰਡਾਗਰਦੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਜਦੋਂ ਕੌਮ ਆਪਣੇ ਨਿਸ਼ਾਨੇ ਤੋਂ ਥਿੜਕ ਜਾਵੇ, ਜੰਗ ਹਾਰਨ ਤੋਂ ਬਾਅਦ ਲੀਡਰਸ਼ਿਪ ਕੋਈ ਸੇਧ ਨਾ ਦੇ ਸਕੇ ਤਾਂ ਉਹੀ ਕੁਝ ਬਣਦਾ ਹੈ ਜੋ ਅੱਜ ਸਿੱਖ ਕੌਮ ਨਾਲ ਬਣ ਰਿਹਾ ਹੈ।
ਜੇਕਰ ਅਸੀਂ ਸਮੂਹਕ ਏਕਤਾ ਜਾਰੀ ਰੱਖਣੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਵਾਲਾ ਖਾਲਸਾ ਪੰਥ ਬਣਨਾ ਹੈ ਤਾਂ ਸਾਨੂੰ ਜਾਤ-ਪਾਤ, ਰੰਗ-ਭੇਦ ਦੇ ਮਸਲਿਆਂ ਤੋਂ ਪਾਰ ਹੋ ਕੇ ਸੋਚਣਾ ਪਵੇਗਾ। ਗੁਰੂ ਦੀ ਗੋਲਕ ਸਿਰਫ ਗਰੀਬ ਦੇ ਮੂੰਹ ਨੂੰ ਸਮਝਣਾ ਪਵੇਗਾ। ਜੇਕਰ ਅਸੀਂ ਗਰੀਬਾਂ ਦੀ ਮਦਦ ਦੇ ਲਈ ਕਾਰਸੇਵਾ ਆਰੰਭ ਕਰੀਏ ਤਾਂ ਅਸੀਂ ਚੜ੍ਹਦੀ ਕਲਾ ਦੇ ਦੌਰ ਵੱਲ ਜਾ ਸਕਦੇ ਹਾਂ।



Saturday, 14 January 2012

ਕੀ ਖ਼ਾਲਸਾ ਰਾਜ ਸੰਭਵ ਹੈ?\ਡਾ. ਗੁਰਭਗਤ ਸਿੰਘ


ਇਕੀਵੀਂ ਸਦੀ 'ਚ ਰਹਿੰਦਿਆਂ ਜੇ ਇਹ ਜਾਣਨਾ ਚਾਹੀਏ ਕਿ ਕੀ ਹੁਣ ਖਾਲਸਾ ਰਾਜ ਦੇ ਸਥਾਪਿਤ ਹੋਣ ਅਤੇ ਅਭਿਆਸ 'ਚ ਆਉਣ ਦੀ ਕੋਈ ਸੰਭਾਵਨਾ ਹੈ, ਤਾਂ ਇਹ ਸਪੱਸ਼ਟ ਰੂਪ 'ਚ ਸਮਝਣਾ ਪਵੇਗਾ ਕਿ ਖਾਲਸਾ ਕੀ ਹੈ ਅਤੇ ਇਹ ਕਿਉਂ ਸਿਰਜਿਆ ਗਿਆ ਹੈ? ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਗੁਰ ਰਤਨਾਕਰ ਮਹਾਨ ਕੋਸ਼ 'ਚ ਖਾਲਸਾ ਸ਼ਬਦ ਦਾ ਅਰਥ ''ਸ਼ੁੱਧ'' ਦਿੱਤਾ ਹੈ ਅਤੇ ਉਹ 'ਜ਼ਮੀਨ' ਵੀ ਜੋ ਬਾਦਸ਼ਾਹ ਦੀ ਹੈ। ਕਿਸੇ ਜਾਗੀਰਦਾਰ ਦੀ ਨਹੀਂ। ਜੇ ਇਨ੍ਹਾਂ ਅਰਥਾਂ ਨੂੰ ਉੱਪਰਲੇ ਸੱਤਰ ਉੱਤੇ ਲੈ ਜਾਈਏ ਤਾਂ ਖਾਲਸਾ ਵਾਹਿਗੁਰੂ ਜਾਂ ਅਕਾਲਪੁਰਖ ਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਖਾਲਸਾ ਵਾਹਿਗੁਰੂ/ਅਕਾਲਪੁਰਖ ਦੀ ਚੇਤਨਤਾ ਦੀ ਦੇਹਧਾਰੀ ਨੁਮਾਇੰਦਗੀ ਹੈ।
ਅਕਾਲਪੁਰਖ ਸ੍ਰਿਸ਼ਟੀ ਦਾ ਉਹ ਪਰਮ ਸੱਚਾਈ ਹੈ ਜੋ ਆਦੀ ਹੈ, ਉਹ ਸੀ, ਹੈ ਅਤੇ ਅੱਗੋਂ ਹੋਵੇਗਾ ਵੀ। ਇਹ ਸੱਚ ਹੈ, ਜੀਵਨ ਦਾ ਸਰੋਤ ਹੈ। ਇਸ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਮੇਸ਼ਾ ਆਨੰਦ ਅਤੇ 'ਵਿਗਾਸ' 'ਚ ਹੈ। ਆਪ ਸਿਰਜਦਾ ਹੈ ਅਤੇ ਆਪਣੀ ਸਿਰਜਨਾ ਨੂੰ ਦੇਖ ਕੇ ਬੇਪ੍ਰਵਾਹੀ 'ਚ ਖਿੜਦਾ ਹੈ ਅਤੇ ਸਿਰਜਨਾ ਨੂੰ ਨਿਹਾਲ ਕਰਦਾ ਹੈ। 'ਜਪੁ' ਜੀ 'ਚ ਗੁਰੂ ਨਾਨਕ ਦੇਵ ਜੀ ਜਦੋਂ ਉਸ ਨੂੰ 'ਵਿਗਸੈ ਵੇਪਰਵਾਹੁ' ਜਾਂ 'ਕਰਿ-ਕਰਿ ਵੇਖੈ ਨਦਰਿ ਨਿਹਾਲ' ਨਾਲ ਪਰਿਭਾਸ਼ਿਤ ਕਰਦੇ ਹਨ ਤਾਂ ਉਨ੍ਹਾਂ ਦਾ ਭਾਵ ਅਕਾਲਪੁਰਖ ਦੀ ਉਸ ਵਿਸੇਸ਼ਤਾ ਤੰ ਹੀ ਹੈ ਜੋ ਕੁੱਲ ਸਿਰਜਨਾ ਨੂੰ ਮੌਲਣ ਲਈ ਉਤਸ਼ਾਹ ਦਿੰਦੀ ਹੈ ਅਤੇ ਆਪਣੇ ਹੋਰ ਮੌਲਣ ਨਾਲ ਸੰਬੰਧਿਤ ਨਵੀਆਂ ਪਰਤਾਂ ਨੂੰ ਉਜਾਗਰ ਕਰਦੀ ਰਹਿੰਦੀ ਹੈ। ਸਿਰਜਨਾ ਜਾਂ ਕੋਈ ਵਿਅਕਤੀ ਜਦੋਂ ਉਸ ਨਾਲ ਮਿਲਦਾ ਹੈ ਤਾਂ ਇਹ ਮੇਲ ਇਵੇਂ ਹੀ ਹੁੰਦਾ ਹੈ ਜਿਵੇਂ ਜਲ ਨਾਲ ਮਿਲ ਕੇ ਕੰਵਲ ਫੁੱਲ ਦਾ ਵਿਗਾਸ ਹੁੰਦਾ ਹੈ, ਖਾਲਸਾ ਇਸ ਵਿਸਮਾਦੀ, ਭਰਪੂਰ, ਬਹੁ-ਪੱਖੀ ਸੰਯੋਗ, ਗੁਫਤਗੂ ਰੂਪ ਅਕਾਲਪੁਰਖ ਦੀ ਨੁਮਾਇੰਦਗੀ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਰਜਿਆ ਖਾਲਸਾ ਵੀ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਸਰੂਪ ਹੋਵੇਗਾ, ਜੇ ਉਹ ਪਰਮਾਣਿਕ ਖਾਲਸਾ ਹੈ, ਇਸ 'ਚ ਸੰਦੇਹ ਨਹੀਂ। ਖਾਲਸਾ ਇਕ-ਪਰਿਪੇਖੀ, ਇਕ ਧਰਮੀ, ਇਕ ਕੋਣੀ, ਇਕ ਭਾਸ਼ੀ ਨਹੀਂ ਹੋ ਸਕਦਾ। ਉਸ ਲਈ ਕੁੱਲ ਸਿਰਜਨਾ ਦੀ ਵਿਚਿੱਤਰਤਾ ਨੂੰ 'ਵਿਗਾਸ' ਵਿਚ ਰੱਖਣਾ ਅਤੇ ਆਪ ਵਿਗਾਸ 'ਚ ਰਹਿਣਾ ਹੀ ਵੱਡਾ ਧਰਮ ਹੈ।
ਦੂਜੇ ਨੂੰ ਵਿਗਾਸ 'ਚ ਰੱਖਣਾ ਅਤੇ ਆਪ ਵਿਗਾਸ 'ਚ ਰਹਿਣਾ ਹੀ ਕੁੱਲ ਮਨੁੱਖ ਜਾਤੀਆਂ ਅਤੇ ਪ੍ਰਕਿਰਤੀ ਵੱਲ ਵੱਡੀ ਜ਼ਿੰਮੇਵਾਰੀ ਹੈ ਅਤੇ ਇਹੀ ਖਾਲਸੇ ਨੂੰ ਦਿੱਤੀ ਗਈ ਹੈ। ਜਦੋਂ ਇਹ ਜ਼ਿੰਮੇਵਾਰੀ ਨਹੀਂ ਨਿਭਾਈ ਜਾਂਦੀ ਉਦੋਂ ਹੀ ਸੰਕਟ ਖੜ੍ਹਾ ਹੁੰਦਾ ਹੈ। ਜਦੋਂ ਖਾਲਸਾ ਸਾਜਿਆ ਗਿਆ ਸੀ ਜਾਂ ਜਦੋਂ ਤੋਂ ਗੁਰੂ ਸਾਹਿਬਾਨ ਨੇ ਆਪਣੀ ਲਹਿਰ ਆਰੰਭ ਕੀਤੀ,ਉਸ ਸਮੇਂ ਇਸਲਾਮ ਅਤੇ ਬ੍ਰਾਹਮਣਵਾਦ ਦੋਵੇਂ ਹੀ ਇਕ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਹੋ ਚੁੱਕੇ ਸਨ। ਇਸਲਾਮ ਆਪਣੀ ਰਾਜਨੀਤਕ ਪ੍ਰਭੁੱਤਾ ਵਰਤ ਕੇ ਸ਼ਾਸਕੀ ਜ਼ੋਰ ਨਾਲ ਇਕਵਾਦ ਦਾ ਅਭਿਆਸ ਕਰ ਰਿਹਾ ਸੀ ਅਤੇ ਬ੍ਰਾਹਮਣਵਾਦ ਦੋਵੇਂ ਹੀ ਇਕ ਜ਼ਿੰਮੇਵਾਰੀ ਨਿਭਾਉਣ ਦੇ ਅਸਮਰੱਥ ਹੋ ਚੁੱਕੇ ਸਨ। ਇਸਲਾਮ ਆਪਣੀ ਰਾਜਨੀਤਕ ਪ੍ਰਭੁੱਤਾ ਵਰਤ ਕੇ ਸ਼ਾਸਕੀ ਜ਼ੋਰ ਨਾਲ ਇਕਵਾਦ ਦਾ ਅਭਿਆਸ ਕਰ ਰਿਹਾ ਸੀ ਅਤੇ ਬ੍ਰਾਹਮਣਵਾਦ ਆਪਣੇ ਸਾਮਾਜਿਕ ਗਲਬੇ ਅਤੇ ਜਾਤ-ਪ੍ਰਬੰਧ ਰਾਹੀਂ ਮਨੁੱਖ ਦੇ ਸਹਿਜ-ਵਿਗਾਸ ਨੂੰ ਰੋਕ ਕੇ ਆਪਣੇ ਹਿੱਤਾਂ ਲਈ ਵਿਗਾੜ ਰਿਹਾ ਸੀ। ਸਹਜ-ਵਿਗਾਸ ਨੂੰ ਰੋਕਣਾ ਜ਼ੁਲਮ ਹੈ, ਭਾਵੇਂ ਉਹ ਕਿਸੇ ਰੂਪ 'ਚ ਹੋਵੇ। ਇਸ ਸੰਕਟ 'ਚ ਸੰਕਟ ਪਾਉਣ ਵਾਲੀਆਂ ਰਾਜਨੀਤਕ, ਆਰਥਿਕ ਅਤੇ ਪੁਜਾਰੀ ਸ਼ਕਤੀਆਂ 'ਅਸੁਰ' ਸਨ ਅਤੇ ਇਨ੍ਹਾਂ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ 'ਸੁਰ'। ਖਾਲਸਾ ਸੁਰ ਸ਼ਕਤੀ ਸੀ।
ਸੈਨਾਪਤੀ ਨੇ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਸੀ, ਆਪਣੇ ਗ੍ਰੰਥ 'ਸ੍ਰੀ ਗੁਰੂ ਸੋਭਾ' ਵਿਚ ਜੋ 1711 ਈਸਵੀ 'ਚ ਸਥਾਪਤ ਕੀਤਾ ਗਿਆ, ਇਹ ਲਿਖਿਆ ਹੈ ਕਿ ਖਾਲਸਾ ਤਿੰਨ ਪ੍ਰਮੁੱਖ ਮੰਤਵਾਂ ਲਈ ਸਿਰਜਿਆ ਗਿਆ, ਇਹ ਲਿਖਿਆ ਹੈ ਕਿ ਖਾਲਸਾ ਤਿੰਨ ਪ੍ਰਮੁੱਖ ਮੰਤਵਾਂ ਲਈ ਸਿਰਜਿਆ ਗਿਆ। ਜਗਤ ਉਧਾਰਨ, ਅਸੁਰ ਸੰਘਾਰਨ ਅਤੇ ਸੰਕਟ ਨਿਵਾਰਨ ਲਈ।
ਇਤਿਹਾਸ ਦੇ ਹਰ ਨਵੇਂ ਦੌਰ 'ਚ ਸੁਰ ਅਤੇ ਅਸੁਰ ਸ਼ਕਤੀਆਂ ਦਾ ਰੂਪ ਬਦਲ ਜਾਂਦਾ ਹੈ। ਜੋ ਕਦੇ ਸੁਰ ਸਨ, ਜੇ ਉਹ ਆਪਣੇ ਸੌੜੇ ਹਿੱਤਾਂ ਦੀ ਰਾਖੀ ਲਈ ਦੂਜਿਆਂ ਦੇ ਨਿਰੰਤਰ ਵਿਗਾਸ 'ਚ ਮੁਸ਼ਕਲਾਂ ਖੜ੍ਹੀਆਂ ਕਰਨ, ਉਹ ਨਿਸ਼ਚਿਤ ਹੀ ਅਸੁਰ ਸ਼ਕਤੀਆਂ ਬਣ ਜਾਂਦੇ ਹਨ, ਉਨ੍ਹਾਂ ਨੂੰ ਫਿਰ ਵਿਚਿੱਤਰਤਾ ਅਤੇ ਦੈਵਿਤਾ ਦੇ ਹੁਕਮ 'ਚ ਕਈ ਪੱਧਰਾਂ ਉੱਤੇ ਲਾਮਬੰਦ ਹੋ ਕੇ ਹਰਾਉਣਾ ਪੈਂਦਾ ਹੈ। ਕਿਉਂਕਿ ਇਤਿਹਾਸ 'ਚ ਇਹ ਘੋਲ 'ਬੈਕੁੰਠ' ਦੇ ਪ੍ਰਾਪਤ ਹੋਣ ਤੱਕ ਜਾਰੀ ਰਹਿਣਾ ਹੈ, ਇਸ ਲਈ ਮਨੁੱਖ ਦੇ ਨਿਰੰਤਰ ਵਿਗਾਸ ਨੂੰ ਕਾਇਮ ਰੱਖਣ ਲਈ, ਇਤਿਹਾਸਕ ਸਥਿਤੀ ਅਨੁਸਾਰ ਸੁਰ-ਸ਼ਕਤੀਆਂ ਦੀ ਲੋੜ ਹਮੇਸ਼ਾ ਰਹੇਗੀ। ਗੁਰੂ ਦਾ ਸਿਰਜਿਆ ਖਾਲਸਾ ਇਹ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸਦਾ ਸਾਰਥਕ ਰਹੇਗਾ।
ਪਰ ਇਥੇ ਦੁਹਰਾਉਣ ਅਤੇ ਸਮਝਣ ਵਾਲੀ ਗੱਲ ਇਹ ਹੈ ਕਿ ਸਦੀਵਤਾ ਅਤੇ ਸਾਰਥਕਤਾ ਕੇਵਲ ਗੁਰੂ ਦੇ ਸਾਜੇ ਖਾਲਸਾ ਜੀ ਨੂੰ ਬਖਸ਼ੀ ਗਈ ਹੈ, ਇਸ ਦਾ ਅਰਥ ਇਹ ਹੈ ਕਿ ਖਾਲਸਾ ਫੌਜ ਜਾਂ ਸੰਤ ਸਿਪਾਹੀਆਂ ਨੂੰ ਵਾਹਿਗੁਰੂ ਵਾਂਗ ਸਮੁੱਚੀ ਕਾਇਨਾਤ ਦੀ ਵਿਚਿਤੱਰਤਾ ਆਪਣੇ ਵਿਚ ਸਮੋਣੀ ਪਵੇਗੀ। ਜਿਵੇਂ ਵਾਹਿਗੁਰੂ ਆਪਣੀ ਸਿਰਜਨਾ ਨੂੰ ਵੇਖ ਕੇ ਨਿਹਾਲ ਹੁੰਦਾ ਹੈ ਅਤੇ ਨਿਹਾਲ ਕਰਦਾ ਹੈ, ਇਹੋ ਜਿਹੀ ਦ੍ਰਿਸ਼ਟੀ ਅਤੇ ਚੇਤਨਤਾ ਵਿਕਸਿਤ ਕਰਨੀ ਪਵੇਗੀ। ਇਹ ਕੋਈ ਸੌਖੀ ਗੱਲ ਨਹੀਂ। ਵਾਹਿਗੁਰੂ ਖੁਦ ਆਪਣੀ ਸਿਰਜਨਾ ਦੀ ਵਿਚਿੱਤਰਤਾ ਅਤੇ ਸੁੰਦਰਤਾ ਨੂੰ ਦੇਖ ਕੇ ਵਿਸਮਾਦ ਵਿਚ ਹੈ। ਆਪਣੇ ਵਿਚ ਲੀਨ ਹੋਣ ਵਾਲਿਆਂ ਨੂੰ ਵਿਸਮਾਦ ਵਿਚ ਲੀਨ ਕਰਦਾ ਹੈ। ਇਸ ਵਿਸ਼ੇਸ਼ਤਾ ਦਾ ਸਾਧਾਰਨ ਅਰਥ ਇਹ ਹੈ ਕਿ ਖਾਲਸਾ ਫ਼ੌਜ ਦਾ ਹਰ ਸਿਪਾਹੀ ਜੀਵਨ ਦੀ ਵਿਲੱਖਣਤਾ, ਸੁੰਦਰਤਾ, ਵਿਚਿਤੱਰਤਾ ਤੋਂ ਹਰ ਖਿਣ ਪ੍ਰੇਰਿਤ ਰਹੇ। ਜੀਵਨ ਦੀ ਸ਼ਾਇਰੀ ਅਤੇ ਸੰਗੀਤ ਵਿਚ 'ਮਤਵਾਰਾ' ਹੋਣ ਦੀ ਸਮਰੱਥਾ ਰੱਖੇ। ਅਕਾਲਪੁਰਖ ਦੀ ਸਾਰੀ ਸਿਰਜਨਾ ਹਰ ਖਿਣ ਸੰਗੀਤ ਵਿਚ ਵੱਸ ਰਹੀ ਹੈ। ਸਾਰੀ ਸ੍ਰਿਸ਼ਟੀ ਦੀਆਂ ਸ਼ਕਤੀਆਂ ਆਪਣੀ-ਆਪਣੀ ਥਾਂ ਉੱਤੇ ਅਕਾਲਪੁਰਖ ਦੇ ਦੁਆਲੇ ਸੰਗੀਤ ਵਾਦਨ ਕਰ ਰਹੀਆਂ ਹਨ। 'ਜਪੁ ਜੀ' ਦੀ ਗਵਾਹੀ ਸਾਡੇ ਕੋਲ ਹੈ।
ਖਾਲਸਾ ਸੰਗਠਨਾਂ ਨੂੰ ਵੀ ਇਹ ਸਮਝਣਾ ਪਵੇਗਾ ਕਿ ਅਕਾਲਪੁਰਖ ਦੀ ਸਿਰਜਨਾ ਦੇ ਕਨਫੈਡਰੇਸ਼ਨੀ ਮਾਡਲ ਉੱਤੇ ਹੀ ਸਾਡੇ ਵਿਸ਼ਵ ਦੀ ਸਿਹਤਮੰਦ ਸੰਰਚਨਾ ਬਣ ਸਕਦੀ ਹੈ। ਅਜਿਹੀ ਵਿਸ਼ਵ ਸੰਰਚਨਾ ਜਿਸ ਵਿਚ ਦੂਜੇ ਨਾਲ ਧਿੰਗੋਜੋਰੀ ਨਹੀਂ ਹੋ ਸਕਦੀ। ਨਾ ਹੀ ਕਿਸੇ ਨੂੰ ਛੁਟਿਆਉਣਾ ਜਾਂ ਜ਼ਬਰਦਸਤੀ ਆਪਣੇ ਵੱਲ ਲਿਆਉਣਾ ਬਣਦਾ ਹੈ। ਵੱਡੀ ਚੇਤਨਤਾ ਅਤੇ ਅਭਿਆਸ ਲਈ ਸਥਿਤੀ ਬਣਾਉਣੀ ਜਾਇਜ਼ ਹੈ। ਅਸੁਰ ਸ਼ਕਤੀਆਂ ਦੀ ਠੀਕ ਪਛਾਣ ਕਰਕੇ ਯਤਨ ਕਰਨਾ ਠੀਕ ਹੈ। ਸਾਡੇ ਸਮਿਆਂ ਵਿਚ ਅਸੁਰ ਸ਼ਕਤੀਆਂ ਉਹ ਹਨ ਜੋ ਇੱਕਵਾਦੀ ਹਨ, ਉਸ ਵਿਚ ਫਾਸ਼ੀ ਡਿਕਟੇਟਰ, ਇਸਲਾਮਵਾਦ, ਇਸਾਈਵਾਦ, ਹਿੰਦੂਵਾਦ, ਸਭ ਆ ਜਾਂਦੇ ਹਨ। ਜੇ ਉਹ ਇੱਕਵਾਦ ਦਾ ਅਭਿਆਸ ਕਰਦੇ ਹਨ ਅਤੇ ਕਾਇਨਾਤ ਦੇ ਕਨਫੈਡਰੇਸ਼ਨੀ, ਸੰਗੀਤ ਉਤਪਾਦਕ ਭਾਈਚਾਰੇ ਨੂੰ ਭੰਗ ਕਰਦੇ ਹਨ।
ਪੂੰਜੀਵਾਦੀ ਦਾ ਲਚਕੀਲਾ ਰੂਪ ਜੋ ਦੂਜੇ ਸੱਭਿਆਚਾਰਾਂ ਦਾ ਸਤਿਕਾਰ ਕਰਦਾ ਹੈ ਅਤੇ ਉਨ੍ਹਾਂ ਦੀ ਵਿਚਿੱਤਰਤਾ ਅਨੁਸਾਰ ਆਪਣੇ ਆਪ ਨੂੰ ਬਦਲਦਾ ਰਹਿੰਦਾ ਹੈ, ਇੱਕਵਾਦੀ ਨਹੀਂ। ਕੈਨੇਡਾ ਅਤੇ ਅਮਰੀਕਾ ਦੇ ਪੂੰਜੀਵਾਦ ਅਜਿਹੇ ਚਰਿੱਤਰ ਵਾਲੇ ਹਨ। ਕੈਨੇਡਾ ਵੱਧ ਅਤੇ ਅਮਰੀਕਾ ਘੱਟ। ਜਾਪਾਨ ਦਾ ਪੂੰਜੀਵਾਦ ਵੀ ਅਜਿਹੀ ਲਚਕ ਧਾਰ ਰਿਹਾ ਹੈ। ਸਮਾਜਵਾਦ ਅਜੇ ਇੱਕਵਾਦੀ ਹੈ। ਚੀਨ ਨੇ ਕੁਝ ਲਚਕ ਦਿਖਾਉਣੀ ਆਰੰਭ ਕੀਤੀ ਹੈ ਪਰ ਅਜੇ ਯਾਤਰਾ ਲੰਮੀ ਹੈ। ਭਾਰਤ ਦਾ ਸੰਵਿਧਾਨ ਅਤੇ ਹੋਰ ਰਾਜਨੀਤਕ ਸੰਰਚਨਾਵਾਂ ਕੌਮੀ ਇੱਕਵਾਦ ਉੱਤੇ ਉਸਰੀਆਂ ਹੋਈਆਂ ਹਨ। ਇਨ੍ਹਾਂ ਵਿਚ ਭਾਰਤ ਨੂੰ ਵਿਲੱਖਣ ਸਭਿਆਚਾਰਾਂ ਅਤੇ ਕੌਮਾਂ ਦੇ ਖੇਤਰੀ ਘਰਾਂ ਦੇ ਤੌਰ 'ਤੇ ਨਹੀਂ ਸਵੀਕਾਰ ਕੀਤਾ ਗਿਆ, ਇਸ ਲਈ ਇਹ ਦੂਜੇ ਦੇ ਮੁਕੰਮਲ ਸਤਿਕਾਰ ਨੂੰ ਨਿਯਮ ਵਜੋਂ ਸਵੀਕਾਰ ਨਹੀਂ ਕਰਦੇ। ਨਤੀਜੇ ਵਜੋਂ ਭਾਰਤ ਦੀਆਂ ਰਾਜਨੀਤਕ ਸੰਰਚਨਾਵਾਂ ਇਕ ਕੌਮਵਾਦੀ ਹਨ। ਇਨ੍ਹਾਂ ਦੇ ਅਭਿਆਸ ਵਿਚੋਂ ਕਾਇਨਾਤੀ ਸੰਗੀਤ ਨਹੀਂ ਨਿਕਲ ਸਕਦਾ। ਇਥੇ ਸੰਕਟ ਕਾਇਮ ਹੀ ਰਹੇਗਾ। ਕੇਵਲ ਪੂੰਜੀ ਆਧਾਰਿਤ ਵਿਕਾਸ, ''ਵਿਗਾਸ'' ਨਹੀਂ ਬਣ ਸਕਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਸਾਬਤਿ ਪੂੰਜੀ' ਦੀ ਗੱਲ ਕੀਤੀ ਗਈ ਹੈ। ਸੰਤ-ਗੁਰੂ ਸਾਹਿਬਾਨਾਂ ਨੇ ਆਪਣੇ ਆਪ ਨੂੰ 'ਰਾਮ ਕੇ' 'ਵਣਜਾਰੇ' ਆਖਿਆ ਹੈ। ਇਸ ਦਾ ਅਰਥ ਇਹ ਹੈ ਕਿ ਪੂੰਜੀ ਉਹੀ ਵਿਗਾਸ ਵੱਲ ਲੈ ਜਾ ਸਕਦੀ ਹੈ ਜਿਸ ਵਿਚ ਅਕਾਲ ਪੁਰਖ ਦਾ ਸਤ ਮੌਜੂਦ ਹੋਵੇ। ਅੱਜ ਕਦੇ ਮੁਹਾਵਰੇ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਦੈਵਿਤਾ, ਭਰਪੂਰ ਪ੍ਰਫੁੱਲਤਾ, ਸੰਗੀਤਾਤਮਕ ਕਨਫੈਡਰੇਸ਼ਨੀ ਭਾਈਚਾਰੇ ਦੇ ਹਿੱਤ ਵਿਚ ਲਾਈ ਪੂੰਜੀ ਹੀ ਵਿਗਾਸ ਵੱਲ ਲੈ ਜਾ ਸਕਦੀ ਹੈ। ਕੇਵਲ 'ਵਿਕਾਸ' ਹਿੱਤ ਜਾਂ ਸੂਦ ਵਧਾਉਣ ਲਈ ਲਾਈ ਪੂੰਜੀ ਇਕ ਪਾਸਾਰੀ ਹੈ, ਸਰਬਪੱਖੀ/ਵਿਗਾਸਮੁਖੀ ਨਹੀਂ। ਪੱਛਮ ਵਿਚ ਐਜ਼ਰਾ ਪਾਉਂਡ ਮਾਰਸ਼ਲ ਮੌਸ, ਬਾਤੱਈ ਜਿਹੇ ਚਿੰਤਕ ਆਧੁਨਿਕ ਸਮੇਂ ਵਿਚ ਕਹਿ ਚੁੱਕੇ ਹਨ ਅਤੇ ਸੂਦਖੋਰੀ ਦਾ ਰਾਹ ਘਾਤਕ ਹੈ, ਮਨੁੱਖੀ ਪ੍ਰਫੁੱਲਤਾ ਲਈ ਯੋਗ ਨਹੀਂ। ਪੱਛਮ ਉਨ੍ਹਾਂ ਦੇ ਵਿਚਾਰ ਵਿਚ ਗਲਤ ਰਾਹ ਉੱਤੇ ਤੁਰ ਪਿਆ, ਅਜੇ ਕਿ ਪੱਛਮ ਦੇ ਆਦਿਵਾਸੀ ਕਬੀਲਿਆਂ ਵਿਚ ਮਨੁੱਖੀ ਮਾਣ ਅਤੇ ਭਾਵ-ਪ੍ਰਫੁੱਲਤਾ ਲਈ ਲਾਈ ਸੌਂਦਰਯ-ਮਾਰਗੀ ਪੂੰਜੀ ਦੀ ਪ੍ਰਥਾ ਵੀ ਮੌਜੂਦ ਸੀ। ਕੇਵਲ ਚੀਜ਼ਾਂ ਵਸਤਾਂ ਦੇ ਵਧਾਉਣ ਲਈ ਲਾਈ ਉਪਭੋਗੀ ਪੂੰਜੀ, ਵਿਸ਼ਵ ਇਕ ਸ਼ਾਇਰਾਨਾ/ਸੰਗੀਤਾਕਮਕ ਭਾਈਚਾਰਾ ਨਹੀਂ ਉਸਾਰ ਸਕਦੀ ਜੋ ਸ੍ਰਿਸ਼ਟੀ ਦੇ ਗਾਉਣ ਵਾਲੇ ('ਗਾਵਹਿ') ਵਿਧਾਨ ਦਾ ਅਨੁਸਰਣ ਕਰ ਸਕੇ।
'ਖਾਲਸਾ' ਦੇ ਸੰਤ ਸਿਪਾਹੀ ਨੇ ਜਿਸ ਬ੍ਰਹਿਮੰਡੀ ਗਾਉਣ ਵਾਲੇ, ਸਹਿ-ਹੋਂਦੀ, ਕਨਫੈਡਰੇਸ਼ਨੀ ਭਾਈਚਾਰੇ ਦੀ ਉਸਾਰੀ ਵਿਚ ਸਹਾਇਤਾ ਕਰਨੀ ਹੈ, ਉਸ ਦੀ ਬਣਤਰ ਪਹਿਲਾਂ ਬ੍ਰਹਿਮੰਡੀ ਪੱਧਰ ਉੱਤੇ ਸਮਝਣੀ ਪਵੇਗੀ, ਉਸ ਨੂੰ ਆਪਣੇ ਨਿੱਜੀ ਜੀਵਨ ਵਿਚ ਉਤਾਰਨਾ ਹੋਵੇਗਾ। ਪੰ੍ਰਪਰਿਕ ਰਿਸ਼ਤੇ ਨਾਤੇ ਜੇ ਸੰਗੀਤਾਤਮਕ ਕਨਫੈਡਰੇਸ਼ਨ ਤੋਂ ਪ੍ਰੇਰਿਤ ਨਾ ਹੋਣ ਤਾਂ ਚੇਤਨਤਾ ਦੇਹ ਅਤੇ ਉਨ੍ਹਾਂ ਦਾ ਅਭਿਆਸ ਕ੍ਰਿਆਵੰਤ ਨਹੀਂ ਹੋਣਗੇ।
ਸੰਗੀਤਾਤਮਕ ਬ੍ਰਹਿਮੰਡੀ ਕਨਫੈਡਰੇਸ਼ਨ ਦਾ ਉਤਾਰਾ ਭਾਰਤ ਅਤੇ ਭਾਰਤੀ ਕਨਫੈਡਰੇਸ਼ਨ ਦਾ ਅੰਗ ਪੰਜਾਬ-ਇਸ ਸੰਰਚਨਾ ਲਈ ਹੀ ਖਾਲਸਾ ਦੇ ਸੰਤ ਸਿਪਾਹੀ ਨੇ ਯਾਤਰਾ ਕਰਨੀ ਹੈ ਅਤੇ ਇਹੀ ਸੰਘਰਸ਼ ਹੈ ਜੋ ਲਾਮਬੱਧ ਹੋ ਕੇ ਕਰਨਾ ਹੈ। ਭ੍ਰਿਸ਼ਟ ਪੂੰਜੀ ਨਾਲ ਵਿਕਾਸ ਦਾ ਮੁੱਦਾ ਕਿਧਰੇ ਨਹੀਂ ਪਹੁੰਚਾ ਸਕਦਾ। ਘੱਟੋ-ਘੱਟ ਉਸ 'ਬੈਕੁੰਠ' ਤੱਕ ਨਹੀਂ ਜੋ 'ਮਿੱਤਰ ਪਿਆਰੇ' ਦਾ ਹੈ ਅਤੇ ਜਿਸ ਦੀ ਕਾਮਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਹੈ। ਜਿਸ ਕਨਫੈਡਰੇਸ਼ਨ ਦੀ ਇਥੇ ਗੱਲ ਕੀਤੀ ਜਾ ਰਹੀ ਹੈ, ਉਹ ਨਾ ਇਕ ਕੇਂਦਰਿਤ ਹੈ ਅਤੇ ਨਾ ਹੀ ਕੇਂਦਰਵਾਦੀ। ਕਨਫੈਡਰੇਸ਼ਨ ਵਿਚ ਹਰ ਕੇਂਦਰ ਸਾਪੇਖ ਤੌਰ 'ਤੇ ਸੁਤੰਤਰ ਵੀ ਹੈ ਅਤੇ ਇਕ-ਸੁਰਤਾ ਵਿਚ ਬੱਝਿਆ ਹੋਇਆ ਵੀ ਹੈ। ਤਦ ਹੀ ਰਾਗ ਉਪਜਦਾ ਹੈ, ਸੰਗੀਤ ਫੁੱਟਦਾ ਹੈ।
ਪੰਜਾਬ ਦਾ ਵਿਗਾਸ ਵੀ ਤਦ ਹੀ ਹੋ ਸਕਦਾ ਹੈ ਜੇ ਭਾਰਤ ਸੰਗੀਤਾਤਮਕ ਕਨਫੈਡਰੇਸ਼ਨ ਬਣੇ। ਇਹ ਪੰਜਾਬ ਇਕਾਤਮਕ ਨਹੀਂ ਹੋ ਸਕਦਾ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਲ ਪ੍ਰਧਾਨ ਹੋ ਸਕਦੇ ਹਨ। ਇਨ੍ਹਾਂ ਮੁੱਲਾਂ ਜਾਂ ਵਡਿਆਈਆਂ ਨੂੰ ਪੰਜਾਬੀ ਚੇਤਨਤਾ ਨਹੀਂ ਬਣਨ ਦਿੱਤਾ ਗਿਆ। ਸੌੜੇ ਰਾਜਨੀਤਕ ਅਤੇ ਆਰਥਿਕ ਹਿੱਤਾਂ ਕਾਰਨ ਪੰਜਾਬੀ ਚੇਤਨਤਾ ਨੂੰ ਬਖੇਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ, ਜੋ ਪੰਜਾਬ ਦੀ ਵਿਸ਼ਵ ਨੂੰ ਮਹਾਨ ਦੇਣ ਹੈ, ਨਾਲੋਂ ਤੋੜ ਦਿੱਤਾ ਗਿਆ ਹੈ। ਅੱਜ ਸਿੱਖਾਂ ਦੀ ਨੁਮਾਇੰਦਾ ਕਹਿਣ ਵਾਲੀ ਅਕਾਲੀ ਪਾਰਟੀ ਕੋਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਹੀ ਹੈ, ਮੁੱਲ ਨਹੀਂ।
ਅੱਜ ਲੋੜ ਇਸ ਗੱਲ ਦੀ ਹੈ ਕਿ ਸੂਝਵਾਨ ਅਤੇ ਪ੍ਰਮਾਣਿਕ ਖਾਲਸਾ ਨਿੱਤਰੇ ਜਿਸ ਦੀ ਸਮਝ, ਬ੍ਰਹਿਮੰਡ ਦੀ ਗੁਰੂ ਦਰਸ਼ਿਤ ਕ੍ਰਿਆ ਅਨੁਸਾਰ ਭਾਰਤ, ਪੰਜਾਬ ਨੂੰ ਸੰਗੀਤਾਤਮਕ ਕਨਫੈਡਰੇਸ਼ਨ ਵਿਚ ਬਦਲਣ ਲਈ ਪ੍ਰੇਰਿਤ ਹੋਵੇ। ਇਸ ਕਾਰਜ ਲਈ ਸ਼ਾਇਰਾਨਾ ਮਨ, ਵਿਉਂਤਬੰਦੀ ਅਤੇ ਸ਼ਿੱਦਤ ਭਰਪੂਰ ਕਰਮ ਤਿੰਨਾਂ ਦੀ ਲੋੜ ਹੈ।
ਇਥੇ ਇਹ ਦੱਸਣਾ ਵੀ ਪ੍ਰਾਸੰਗਿਕ ਹੈ ਕਿ ਕਨਫੈਡਰੇਸ਼ਨ ਦਾ ਮੁੱਦਾ, ਜਿਸ ਦਾ ਸ੍ਰੋਤ ਮੁੱਖ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ, 'ਅੰਮ੍ਰਿਤਸਰ ਐਲਾਨਨਾਮਾ' ਰਾਹੀਂ, ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਧੀਨ, ਕੋਈ ਇਕ ਦਹਾਕਾ ਪਹਿਲਾਂ, ਪ੍ਰਵਾਨ ਕੀਤਾ ਗਿਆ ਸੀ। ਪਰ ਅੱਜ ਮਾਨ ਤੋਂ ਸਿਵਾਏ ਅਕਾਲੀਆਂ ਦੇ ਸਭ ਗਰੁੱਪ ਉਸ ਐਲਾਨਨਾਮੇ ਤੋਂ ਭੱਜ ਚੁੱਕੇ ਹਨ। ਅਜੇ ਕਿ ਉਸ ਵਿਚ ਸਭ ਖੇਤਰੀ ਸਭਿਆਚਾਰਾਂ ਲਈ ਸ਼ੁਭ ਕਾਮਨਾ ਅਤੇ ਭਵਿੱਖ-ਉਸਾਰੀ ਲਈ ਬਚਨ ਮੌਜੂਦ ਸੀ। ਉਸ ਮੁੱਦੇ ਨੂੰ ਸੁਰਜੀਤ ਕਰਨ ਦੀ ਲੋੜ ਹੈ।
ਵਿਸ਼ਵ ਤੋਂ ਲੈ ਕੇ ਵਿਅਕਤੀ ਤੱਕ ਖਾਲਸਾ ਰਾਜ ਹੋਣ ਦੀ ਸੰਭਾਵਨਾ ਤਦ ਹੀ ਹੈ ਜੋ ਗੁਰੂ-ਦਰਸ਼ਿਤ ਸੰਗੀਤਾਤਮਕ ਕਨਫੈਡਰੇਸ਼ਨ ਦੇ ਮੁੱਦੇ ਨੂੰ ਚੇਤਨਤਾ ਅਤੇ ਕਰਮ ਦਾ ਹਿੱਸਾ ਬਣਾਇਆ ਜਾਵੇ। ਇਸ ਨਾਲ ਕੇਵਲ ਪੰਜਾਬ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੇ ਵਿਗਾਸ ਲਈ ਹੀ ਰਾਹ ਨਹੀਂ ਖੁੱਲ੍ਹਦਾ, ਸਗੋਂ ਬਾਕੀ ਕੌਮਾਂ ਲਈ ਵੀ 'ਸੁਖ' ਦਾ ਭਵਿੱਖ ਉਸਰੇਗਾ।