ਜਸਵੰਤ ਸਿੰਘ ਦੀਦ
ਮਾਸਟਰ ਫਤਹਿਜੀਤ ਸਾਨੂੰ ਪੜਉਂਦੇ ਸਨ। ਨਕਸਲਬਾੜੀ ਲਹਿਰ ਦੇ ਦਿਨ ਸੀ ਤੇ ਮੈਂ ਅੱਠਵੀਂ-ਦਸਵੀਂ 'ਚ ਪੜਦਾ ਸੀ। ਮੈਨੂੰ ਇਹ ਮਾਸਟਰ ਚੰਗਾ ਲੱਗਦਾ, ਕਿਉਂਕਿ ਮੈਨੂੰ ਛੋਟੇ ਜਿਹੇ ਨੂੰ ਪਤਾ ਸੀ ਕਿ ਇਹ ਕਵਿਤਾ ਲਿਖਣ ਵਾਲਾ ਮਾਸਟਰ ਹੈ। ਫੇਰ ਵੱਡੇ ਸਕੂਲੇ ਚਲੇ ਗਏ। ਫਤਹਿਜੀਤ ਦਾ ਨਾਂ ਨਕਸਲਬਾੜੀਆਂ ਦੀ ਲਿਸਟ ਵਿੱਚ ਆ ਗਿਆ। ਇੱਕ ਦਿਨ ਸ਼ਹਿਰ 'ਚ ਰੌਲਾ ਪਿਆ ਹੋਇਆ ਸੀ ਕਿ ਨਕਸਲਬਾੜੀਆਂ ਨੇ ਕਣਕ ਦੇ ਭਰੇ ਗੁਦਾਮਾਂ ਨੂੰ ਅੱਗ ਲਾ ਦਿੱਤੀ। ਮੇਰੇ ਲਈ ਕਵੀ ਵੀ ਫਤਹਿਜੀਤ ਹੀ ਸੀ ਤੇ ਨਕਸਲਬਾੜੀਆ ਵੀ ਓਹੀ। ਕਵਿਤਾ ਲਿਖਣ ਵਾਲੇ ਨੇ ਅੰਨ ਨੂੰ ਅੱਗ ਲਾ ਦਿੱਤੀ? ਕਣਕ ਨੂੰ? ਅਸੀਂ ਬੱਚੇ ਸਾਂ, ਹੈਰਾਨੀ ਨਾਲ ਭਰੀਆਂ ਅੱਖਾਂ ਤੇ ਡਰ ਨਾਲ ਖੇਤਾਂ ਤੇ ਗੁਦਾਮਾਂ ਵੱਲ ਬਿਟ-ਬਿਟ ਝਾਕ ਰਹੇ ਸਾਂ। ਸੁਣਿਆ ਸੀ ਕਿ ਨਕਸਲਬਾੜੀ ਗੋਲੀਆਂ ਮਾਰ ਕੇ ਮਾਰ ਦਿੰਦੇ ਨੇ, ਪਰ ਨਾਲ ਇਹ ਵੀ ਸੁਣਿਆ ਸੀ ਕਿ ਉਹ ਮਾਰਦੇ ਅਮੀਰਾਂ ਨੂੰ ਈ ਨੇ। ਫੇਰ ਸਾਨੂੰ ਕਾਹਦਾ ਡਰ? ਪਰ ਇਹ ਕਣਕਾਂ ਨੂੰ ਅੱਗ ਕਿਉਂ ਲਾਉਂਦੇ ਨੇ?
ਮੇਰੇ ਇਸ ਬਾਲ ਮਨ ਦੇ ਸੁਆਲ ਨੂੰ ਕਵਿਤਾ ਨੇ ਢਾਰਸ ਦਿੱਤੀ। ਕਵੀ ਫਤਹਿਜੀਤ ਨੇ ਕਵਿਤਾ ਲਿਖੀ, ''ਅਸੀਂ ਕਣਕਾਂ ਦੇ ਪੁੱਤ ਕਣਕਾਂ ਅੱਗ ਨਹੀਂ ਲਾਉਂਦੇ।'' ਇਹ ਕਵਿਤਾ ਸ਼ਾਇਦ ਅੱਜ ਤੱਕ ਨਾ ਸ਼ਾਹਕੋਟ ਨੂੰ ਸਮਝ ਲੱਗੀ, ਨਾ ਪੁਲੀਸ ਨੂੰ। ਪਰ ਮੇਰੇ ਦਿਲ ਵਿੱਚ ਫਤਹਿਜੀਤ ਦੀ ਇਸ ਕਵਿਤਾ ਦਾ ਅਸਰ ਤਾਂ-ਉਮਰ ਰਹੇਗਾ। ਢੰਡੋਵਾਲੀਏ ਫਤਹਿਜੀਤ ਦੀ ਇਹ ਕਵਿਤਾ ਦੋਆਬੇ ਦੇ ਕਵੀ ਦੀ ਨਹੀਂ ਪੰਜਾਬ ਦੇ ਕਵੀ ਦੀ ਹੈ।
'ਸੋ ਮੇਰੇ ਲਈ ਦੋਆਬੇ ਦਾ ਪਹਿਲਾ ਕਵੀ ਸੀ ਫਤਹਿਜੀਤ'। ਅੱਜ ਸੋਚਿਆ ਤਾਂ ਹੈਰਾਨ ਹੋ ਗਿਆ। ਏਨੇ ਕਵੀ ਦੋਆਬੇ ਦੇ! ਨੰਦ ਲਾਲ ਨੂਰਪੁਰੀ, ਸ. ਸ. ਮੀਸ਼ਾ, ਤਾਰਾ ਸਿੰਘ, ਸੁਰਜੀਤ ਪਾਤਰ, ਪਾਸ਼, ਫਤਹਿਜੀਤ, ਡਾ. ਰਣਧੀਰ ਸਿੰਘ ਚੰਦ, ਡਾ. ਜਗਤਾਰ, ਅਮਿਤੋਜ, ਜਗਤਾਰ ਢਾਅ, ਰਹਿ ਕੌਣ ਗਿਆ? ਇਉਂ ਲੱਗਦਾ ਜਿਵੇਂ ਪੰਜਾਬੀ ਕਵਿਤਾ ਟਿਕੀ ਹੀ ਦੋਆਬੇ ਦੇ ਕਵੀਆਂ 'ਤੇ ਹੈ।
ਨੰਦ ਲਾਲ ਨੂਰਪੁਰੀ ਦੀ ਕਵਿਤਾ ਦੋਆਬੇ ਦੀਆਂ ਸੰਧੂਰੀ ਅੰਬੀਆਂ ਵਰਗੀ। ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੋਆਬਾ। ਮੈਂ ਨੂਰਪੁਰੀ 'ਤੇ ਡਾਕੂਮੈਂਟਰੀ ਬਣਾਈ, ਤਾਂ ਪਤਾ ਲੱਗਾ, ਜਿਹੜੇ ਮੈਂ ਲੋਕ ਗੀਤ ਸਮਝਦਾ ਸਾਂ ਉਹ ਨੂਰਪੁਰੀ ਦੇ ਲਿਖੇ ਹੋਏ ਸਨ। 'ਚੁੰਮ ਚੁੰਮ ਰੱਖੋ ਨੀਂ ਇਹ ਕਲਗੀ ਜੁਝਾਰ ਦੀ', 'ਮੇਰਾ ਸਹੁਰਿਆਂ ਨੇ ਚੁਣ ਚੁਣ ਨਾਂ ਰੱਖਿਆ, ਰਾਵੀ ਰੱਖਿਆ ਕਿ ਝਨਾਂ ਰੱਖਿਆ', 'ਘੁੰਡ ਕੱਢ ਲੈ ਪਤਲੀਏ ਨਾਰੇ ਕਿ ਸਹੁਰਿਆਂ ਦਾ ਪਿੰਡ ਆ ਗਿਆ'। ਜਲੰਧਰ ਬਸਤੀ ਗੁਜਾਂ 'ਚ ਇੱਕ ਗਰੀਬ ਜਿਹੇ ਘਰ 'ਚ ਰਹਿੰਦਾ, ਪਿੱਪਲ ਦੀ ਛਾਂਵੇਂ ਖੂਹ 'ਤੇ ਬਹਿੰਦਾ ਗੀਤਾਂ ਦਾ ਬਾਦਸ਼ਾਹ ਨੰਦ ਲਾਲ ਨੂਰਪੁਰੀ ਉਸੇ ਖੂਹ 'ਚ ਛਾਲ ਮਾਰ ਕੇ ਮਰ ਗਿਆ। ਭੁੱਖ ਦੁੱਖੋਂ, ਰੋਟੀ ਦੁੱਖੋਂ। ਗਰੀਬੀ ਹੱਥੋਂ ਮਾਰਿਆ ਗਿਆ ਗੀਤਾਂ ਦਾ ਬਾਦਸ਼ਾਹ। ਦੁਆਬੇ ਵਿੱਚ ਸਟੇਜੀ ਕਵਿਤਾ ਟਪਕੇ ਅੰਬ ਵਰਗੀ ਸੀ। ਇਸ ਵਿੱਚ ਰਸ ਭਰਨ ਵਾਲੇ ਸਟੇਜੀ ਕਵੀ ਸਨ-ਸਾਧੂ ਸਿੰਘ ਹਮਦਰਦ, ਹੁਮਾ ਹਰਨਾਲਵੀ, ਚਾਨਣ ਗੋਬਿੰਦਪੁਰੀ, ਮੇਲਾ ਰਾਮ ਵਫ਼ਾ, ਚਰਨ ਸਿੰਘ ਸਫਰੀ, ਗੁਰਦਿੱਤ ਸਿੰਘ ਕੁੰਦਨ ਤੇ ਗੁਰਦਾਸ ਰਾਮ ਆਲਮ, ਹੋਰ ਤਾਂ ਹੋਰ ਉਰਦੂ ਦਾ ਪ੍ਰਸਿੱਧ ਸ਼ਾਇਰ ਜੋਸ਼ ਮਲਸਿਆਸੀ ਵੀ ਮਲਸੀਆਂ ਸ਼ਾਹਕੋਟ ਦਾ ਰਹਿਣ ਵਾਲਾ।
ਪਾਸ਼ ਦਾ ਨਾਂ ਮੈਂ ਨਕਸਲਬਾੜੀ ਲਹਿਰ ਕਰਕੇ ਸੁਣਿਆ ਸੀ। ਨਕੋਦਰ ਕਾਲਜ ਪੜ•ਨ ਲੱਗ ਪਏ, ਤਾਂ ਪਾਸ਼ ਦੀ ਕਵਿਤਾ ਦੀ ਕਿਤਾਬ ਉਨ•ੀਂ ਦਿਨੀਂ ਆਈ ਹੀ ਆਈ ਸੀ। ਕਾਲੇ ਰੰਗ ਦੀ ਜਿਲਦ ਤੇ ਵਿੱਚ ਚਿੱਟੇ ਦੁੱਧ ਅੱਖਰ। ਹਨੇਰੇ ਵਿੱਚ ਉੱਡਦੇ ਸਫੇਦ ਅੱਖਰ। ਕਾਲੇ ਅਸਮਾਨ 'ਚ ਜਿਵੇਂ ਦੁੱਧ ਚਿੱਟੇ ਬਾਜ਼। ਬਾਜ਼ਾਂ ਮਗਰ ਹਨੇਰਾ ਪਿਆ ਹੋਇਆ ਸੀ ਤੇ ਬਾਜ਼ ਹਨੇਰੇ ਮਗਰ ਪਏ ਹੋਏ ਸਨ, ਪਰ ਪਾਸ਼ ਉਡਦਿਆਂ ਬਾਜ਼ਾਂ ਮਗਰ ਜਾ ਰਿਹਾ ਸੀ। ਪੂਰੀ ਪੰਜਾਬੀ ਕਵਿਤਾ 'ਤੇ ਛਾਇਆ ਪਿਆ ਸੀ ਦੋਆਬੀਆ ਪਾਸ਼। ਨਕੋਦਰ ਕੋਲ ਤਲਵੰਡੀ ਸਲੇਮ ਦਾ ਰਹਿਣ ਵਾਲਾ। ਹਨੇਰੇ ਨਾਲ ਟੱਕਰਾਂ ਲੈਣ ਵਾਲਾ। ਮੈਂ ਮੁੱਛ ਫੁੱਟ ਈ ਸੀ ਮਸੀਂ! ਗੁਰੂ ਨਾਨਕ ਕਾਲਜ ਬੀ. ਏ. ਭਾਗ ਪਹਿਲਾ 'ਚ ਪੜ•ਦਾ। ਦਰਸ਼ਨ ਬੁਲੰਦ ਵੀ ਇਸੇ ਕਾਲਜ 'ਚੋਂ ਪੜ• ਕੇ ਹਟਿਆ ਸੀ। ਉਦੋਂ ਲੱਗਦਾ ਸੀ ਕਵੀ ਹੋਣ ਲਈ ਕਾਮਰੇਡ ਹੋਣਾ ਜ਼ਰੂਰੀ ਹੈ। ਜਾਂ ਹੋਰ ਤਾਕਤਵਰ ਹੋਣ ਲਈ ਨਕਸਲਬਾੜੀਆ ਹੋਣਾ ਜ਼ਰੂਰੀ। ਇਸ ਤਰ•ਾਂ ਦੀ ਇਨਕਲਾਬੀ ਕਵਿਤਾ ਦੀਆਂ ਅੱਧੀਆਂ ਜੜ•ਾਂ ਦੁਆਬੇ 'ਚ ਸਨ! ਜਸਵੰਤ ਖਟਕੜ, ਦਰਸ਼ਨ ਖਟਕੜ, ਸੰਤ ਸੰਧੂ ਸਭ ਨਕਸਲਵਾੜੀ ਦੁਆਬੀਏ। ਪਰ ਮੇਰੀ ਤਾਂਘ ਦਿਲਚਸਪੀ ਜਾਂ ਚਾਹਤ ਪੁਲੀਸ ਕੋਲੋਂ ਕੁੱਟ ਖਾਣ ਵਾਲੇ, ਥਾਣੇਦਾਰ ਦੇ ਮੂੰਹ 'ਤੇ ਥੁੱਕਣ ਵਾਲੇ ਤੇ ਸਿਵਿਆਂ ਵਿੱਚ ਜਾ ਕੇ ਦਾਰੂ ਪੀਣ ਵਾਲੇ ਖੂੰਖਾਰ ਕਵੀ ਪਾਸ਼ ਨੂੰ ਦੇਖਣ ਦੀ ਹੁੰਦੀ ਸੀ। ਉਹਦੀ ਕਵਿਤਾ ਦੀ ਆਖਰੀ ਕਿਤਾਬ 'ਸਾਡੇ ਸਮਿਆਂ ਵਿੱਚ' ਯੂਨੀਵਰਸਿਟੀ ਜਾ ਕੇ ਪੜ•ੀ ਤਾਂ ਜਾ ਕੇ ਪਤਾ ਲੱਗਾ ਕਿ ਅਸਲੀ ਪਾਸ਼ ਤਾਂ ਉਹਦੀ ਇਸ ਕਵਿਤਾ ਦੀ ਕਿਤਾਬ 'ਚ ਪਿਆ ਹੈ। ਮੈਂ ਉਹਦੀ ਕਵਿਤਾ ਉਸ ਦੇ ਆਖਰੀ ਦਿਨਾਂ 'ਚ ਆਖਰੀ ਵਾਰੀ ਉਹਦੇ ਮੂੰਹੋਂ ਸੁਣੀ ਨਕੋਦਰ ਕਾਲਜ ਦੀ ਸਟੇਜ 'ਤੇ-'ਪੁਲੀਸ ਦੀ ਕੁੱਟ ਆਖਰੀ ਕੁੱਟ ਨਹੀਂ ਹੁੰਦੀ'। ਸਾਹ ਸੂਤ ਕੇ ਲੈ ਗਿਆ ਕਵੀ! ਪਾਸ਼ ਦੀ ਅਵਾਜ਼ ਵਿੱਚ ਤੇ ਸ਼ਬਦਾਂ ਵਿੱਚ ਇੱਕੋ ਜਿਹਾ ਦਮ ਸੀ। ਦੋਆਬੇ ਦੀ ਸੱਜਰੀ ਨਰੋਈ ਤਕੜੀ ਸਵੇਰ ਵਰਗਾ। ਪਾਸ਼ ਦੇ ਖ਼ਤਾਂ ਤੋਂ ਪਤਾ ਲੱਗਦਾ ਉਹ ਜ਼ਹੀਨ ਤੇ ਬਰੀਕ ਬੰਦਾ ਸੀ। ਕਵਿਤਾ ਵਿੱਚ ਉਹ ਲਾਲ ਸਿੰਘ ਦਿਲ ਦੇ ਮੁਕਾਬਲੇ ਬਹੁਤੀ ਥਾਈਂ ਮੋਟਾ ਠੁੱਲਾ ਹੈ, ਪਰ ਉਸ ਦੀ ਦੌਰ ਦੀ ਕਵਿਤਾ ਵਿੱਚੋਂ ਸਿਰਫ਼ ਪਾਸ਼ ਇੱਕ ਮੀਲ ਪੱਥਰ ਵਾਂਗ ਖੜ•ਾ ਹੈ। ਉਸ ਕਵਿਤਾ ਦਾ ਇਤਿਹਾਸ ਤੇ ਗੌਰਵ ਬਣ ਕੇ!
ਅਮਿਤੋਜ ਦੀ ਅਵਾਜ਼ ਵਿੱਚ ਉਦੋਂ ਪਾਸ਼ ਨਾਲੋਂ ਵੱਧ ਦਮ ਸੀ, ਪਰ ਸ਼ਬਦਾਂ ਵਿੱਚ ਦਮ ਘੱਟ ਸੀ। ਅਮਿਤੋਜ ਕਪੂਰਥਲੇ ਵੱਲ ਦਾ ਸੀ। ਪਿੰਡ ਅਖਾੜਾ ਭੁਲੱਥਾਂ ਦਾ! ਉਸ ਦੀਆਂ ਕਵਿਤਾਵਾਂ ਕਾਲਜ ਦੇ ਮੁੰਡਿਆਂ ਨੂੰ ਯੂਨੀਵਰਸਿਟੀ ਦੇ ਪੜਾਕੂਆਂ ਨੂੰ ਖਿੱਚਦੀਆਂ ਸਨ। ਮੈਂ ਉਸ ਦੀ ਕਵਿਤਾ 'ਬੁੱਢਾ ਬੌਲਦ' ਯੂਨੀਵਰਸਿਟੀ ਪਟਿਆਲੇ ਸੁਣੀ ਸੀ। ਇੰਗਲੈਂਡ ਪਹਿਲੀ ਵਿਸ਼ਵ ਕਾਨਫਰੰਸ ਵਿੱਚ ਵੀ। ਅਮਿਤੋਜ ਦੀ ਕਵਿਤਾ ਵਿੱਚ ਸ਼ਾਬਦਿਕ ਡਰਾਮਾ ਸੀ। ਉਸ ਦੀ ਆਪਣੀ ਜ਼ਿੰਦਗੀ ਵੀ ਇਹੋ ਜਿਹੀ ਸੀ। ਉਹ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮਾਂ ਦਾ ਇੱਕੋ ਇੱਕ ਕੰਪੀਅਰ ਸੀ, ਜਿਸ ਦਾ ਨਾਂ ਲੈ ਕੇ ਕਿਹਾ ਜਾ ਸਕਦਾ ਹੈ-'ਇਹੋ ਜਿਹੇ ਹੋਣੇ ਚਾਹੀਦੇ ਨੇ ਕੰਪੀਅਰ।' 'ਕੱਚ ਦੀਆਂ ਮੁੰਦਰਾਂ 'ਚ ਅਮਿਤੋਜ ਨੇ ਜਾਨ ਪਾਈ ਸੀ, ਪਰ ਉਸ ਦੀ ਕਵਿਤਾ ਟੀ. ਵੀ. ਤੇ ਤੀਵੀਂ ਨੇ ਖਾ ਲਈ! ਅਮਿਤੋਜ ਚੱਲ ਵਸਿਆ।
ਕਪੂਰਥਲਾ ਜਿਲ•ੇ ਦੇ ਪਿੰਡ ਭੇਟਾਂ ਦਾ ਕਵੀ ਸੋਹਣ ਸਿੰਘ ਮੀਸ਼ਾ ਰੇਡੀਓ ਸਟੇਸ਼ਨ ਜਲੰਧਰ ਦਾ ਮਾਲਕ ਸੀ। ਮੀਸ਼ਾ ਪੰਜਾਬੀ ਕਵਿਤਾ ਦੇ ਚਾਰ ਕੁ ਵੱਡੇ ਮਾਲਕਾਂ ਵਿੱਚੋਂ ਇੱਕ ਸੀ। ਸੋਹਣ ਸਿੰਘ ਤੋਂ ਬਾਅਦ ਮੀਸ਼ਾ ਪੰਜਾਬੀ ਕਵਿਤਾ ਦਾ ਵਾਰਸ ਸੀ। ਇਸ ਲਈ ਨਹੀਂ ਕਿ ਉਹ ਦੋਆਬੇ ਦੇ ਪਿੰਡ ਭੇਟਾਂ ਦਾ ਰਹਿਣ ਵਾਲਾ ਸੀ। ਇਸ ਲਈ ਵੀ ਨਹੀਂ ਕਿ ਉਹ ਰੇਡੀਓ ਦਾ ਪ੍ਰੋਡਿਊਸਰ ਸੀ। ਆਪਣੀ ਕਵਿਤਾ ਕਰਕੇ ਸ. ਸ. ਮੀਸ਼ਾ ਸੀ ਤੇ ਹੈ, ਜਾਨਦਾਰ ਤੇ ਅਲੱਗ। ਸ਼ਾਇਰੀ ਵਿੱਚ ਤਕੜਾਈ ਇਸ ਲਈ ਸੀ ਕਿ ਸ਼ਬਦਾਂ ਤੇ ਸੋਚ ਵਿੱਚ ਸੰਜੀਦਗੀ ਸੀ। ਸ਼ਾਇਰੀ ਸੀ। ਉਹ ਚੀਕ ਬੁਲਬਲੀ ਦਾ ਕਵੀ ਸੀ, ਪਰ ਧੀਮੀ ਸੁਰ ਵਿੱਚ ਕਵਿਤਾ ਕਹਿਣ ਵਾਲਾ। ਉਸ ਦੇ ਆਸੇ ਪਾਸੇ ਲਿਖਣ ਵਾਲੇ ਉਸ ਤੋਂ ਦੁਖੀ ਸਨ। ਉਸ ਦੀ ਆਲੋਚਨਾ ਕਰਦੇ ਸਨ, ਪਰ ਉਸ ਦੀ ਕਵਿਤਾ ਅੱਗੇ ਕੋਈ ਨਹੀਂ ਸੀ ਠਹਿਰਦਾ। ਭਾਵੇਂ ਉਸ ਦੇ ਪਿੰਡਾਂ ਲਾਗਲੀ ਦੋਆਬੇ ਦੀ ਕਾਂਜਲੀ ਝੀਲ ਦੇ ਗੁੰਝਲਦਾਰ ਪਾਣੀ ਨੇ ਉਸ ਨੂੰ ਮੌਤ ਦੀ ਲਪੇਟ ਵਿੱਚ ਲੈ ਲਿਆ, ਪਰ ਮੀਸ਼ੇ ਦੀ ਕਵਿਤਾ ਅੱਜ ਵੀ ਦੋਆਬੇ ਦੀ ਸ਼ਾਮ ਦੀ ਮਿੱਠੀ ਪੌਣ ਵਰਗੀ ਪਰ ਬਰੀਕ ਤੇ ਵਿਵੇਕੀ।
ਸੁਰਜੀਤ ਪਾਤਰ ਨੂੰ ਕੌਣ ਨਹੀਂ ਜਾਣਦਾ? ਪਰ ਮੈਂ ਪਾਤਰ ਨੂੰ ਪਟਿਆਲੇ ਜਾਨਣ ਲੱਗਾ। ਪਤਾ ਲੱਗਾ ਕਿ ਜਿਸ ਆਸਣ ਹਮ ਬੈਠੇ ਕੇਤੇ ਬੈਠ ਗਏ। ਮੈਂ ਕਵੀ, ਪਟਿਆਲੇ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਬਣਿਆ। ਪਤਾ ਲੱਗਾ ਪਾਤਰ ਤੇ ਨੂਰ ਵੀ ਇੱਥੇ ਪੜ•ੇ। ਦੂਰਦਰਸ਼ਨ ਆ ਕੇ ਪਤਾ ਲੱਗਾ ਪਾਤਰ ਲੁਧਿਆਣੇ ਦਾ। ਫੇਰ ਪਤਾ ਲੱਗਾ ਪਾਤਰ ਐਵੇਂ ਨਹੀਂ ਪਾਤਰ ਬਣਿਆ। ਇਹ ਦੋਆਬੇ ਦੇ ਕਪੂਰਥਲੇ ਜਿਲ•ੇ ਦੇ ਪਿੰਡ ਪੱਤੜਾਂ ਦਾ ਜੰਮਪਲ ਕਵੀ ਹੈ। ਦੋਆਬੀਆ। ਪਾਤਰ ਆਪਣੀ ਗ਼ਜ਼ਲ ਤੇ ਸ਼ਖ਼ਸੀਅਤ ਦੀ ਮਿਠਾਸ ਨਾਲ ਇਹਨਾਂ ਵੇਲਿਆਂ ਦਾ ਸਭ ਤੋਂ ਵੱਧ ਮਕਬੂਲ ਸ਼ਾਇਰ ਹੈ।
ਤਾਰਾ ਸਿੰਘ ਪਿੰਡ ਹੁਕੜਾਂ ਜਿਲ•ਾ ਹੁਸ਼ਿਆਰਪੁਰ ਦਾ ਜੰਮਪਲ। ਕੋਈ ਮੰਨੇਗਾ? ਹੂਕੜਾਂ ਸ਼ਬਦ ਹੂਕ ਤੋਂ ਬਣਿਆ ਲੱਗਦਾ। ਤੇ ਹੂਕੜਾਂ ਲਫ਼ਜ਼ ਹੂਕ ਦਾ ਮਜ਼ਾਕ ਵੀ। ਤਾਰਾ ਸਿੰਘ ਨੇ ਕਵਿਤਾ ਲਿਖੀ, ਤਾਂ ਹੂਕ ਉੱਭਰੀ 'ਪਿਆਰ ਤੇਰਾ ਜੀਵਨ ਵਿੱਚ ਮੈਨੂੰ ਕੁੱਲ ਏਨਾ ਚਿਰ ਮਿਲਿਆ, ਜਿਉਂ ਕੋਈ ਅੱਕ ਕੱਕੜੀ ਦਾ ਫੰਬਾ ਉੱਡਦਾ ਉੱਡਦਾ ਛਾਂ ਕਰ ਜਾਵੇ!' ਜਾਂ-'ਕਿੱਥੇ ਤੁਰ ਚੱਲਿਆਂ, ਜਿੱਥੇ ਤੁਰ ਚੱਲਿਆਂ ਉੱਥੇ ਵੀ ਤਾਂ ਰੱਸੀਆਂ ਦੇ ਸੱਪ ਬਣ ਜਾਣਗੇ'। ਇਹ ਹੁੰਦੀ ਹੈ ਕਵਿਤਾ! ਤੁਕਾਂ ਨਾਲ ਤੁਕਾਂ ਜੋੜਨ ਜਾਂ ਬੇਥਵ•ੀ ਖੁੱਲ•ੀ ਕਵਿਤਾ। ਜਿੱਥੇ ਅਸਲੀ ਕਵਿਤਾ ਪਈ ਹੈ, ਉੱਥੇ ਖਲੋਤਾ ਹੈ ਤਾਰਾ ਸਿੰਘ! ਤਾਰਾ ਸਿੰਘ ਮਜ਼ਾਕ ਉਡਾਉਂਦਾ ਤਾਂ ਇੱਕੋ ਫਿਕਰੇ ਨਾਲ ਸਿਰ ਕਲਮ ਕਰ ਦਿੰਦਾ! ਕਵਿਤਾ ਲਿਖਦਾ ਤਾਂ ਇੱਕੋ ਫਿਕਰੇ ਨਾਲ ਖੂਹ ਅੰਦਰੋਂ ਪਰੀ ਕੱਢ ਲਿਆਉਂਦਾ! ਹੂਕੜਾਂ ਦਾ ਜੰਮਿਆ ਦਿੱਲੀ 'ਚ ਰਹਿੰਦਾ ਰਿਹਾ। ਉਸ ਨੇ ਕਵਿਤਾ ਵਿੱਚ ਗਿਆਨੀ ਜ਼ੈਲ ਸਿੰਘ ਜਿੰਨੀ ਤਰੱਕੀ ਕੀਤੀ। ਉਸ ਦੀ ਕਵਿਤਾ ਪੰਜਾਬੀ ਕਵਿਤਾ ਦੀ ਗ਼ਰੀਬੀ ਚੱਕਦੀ ਹੈ। ਕਵਿਤਾ ਦੇ ਰਾਸ਼ਟਰਪਤੀ ਭਵਨ ਤੱਕ ਲਿਜਾਂਦੀ ਹੈ।
ਮੈਨੂੰ ਲੱਗਦਾ ਦੁਆਬਾ ਕਿਸੇ ਕਵੀ ਦਾ ਵਸਾਇਆ ਹੋਇਆ ਦੇਸ ਹੈ। ਦੋ ਆਬ ਮਿਲਾਏ ਤੇ ਰਚਿਆ ਗਿਆ ਦੋਆਬਾ। ਸਤਲੁਜ ਤੇ ਬਿਆਸ। ਇਹਨਾਂ ਦਰਿਆਵਾਂ ਦਾ ਪਾਣੀ ਲਓ, ਇੱਕ ਗਿਲਾਸ 'ਚ ਮਿਲਾਓ, ਪੀਓ, ਤੇ ਹੋ ਜਾਓ ਦੁਆਬੀਏ! ਪਰ ਦੋਆਬੇ ਦੇ ਲੋਕ ਕਹਿੰਦੇ ਨੇ ਕੋਰੇ ਬੜੇ ਹੁੰਦੇ। ਕੰਜੂਸ ਵੀ। ਗਰੀਬੀ ਤੋਂ ਛੁਟਕਾਰਾ ਪਾਉਣ ਲਈ ਦੁਆਬੀਏ ਵਲੈਤਾਂ ਵਿੱਚ ਜਾ ਵਸੇ। ਅੱਧਾ ਦੋਆਬਾ ਤਾਂ ਬਾਹਰ ਬੈਠਾ'। ਦੋਆਬੇ ਦੇ ਹਰ ਦੂਜੇ ਘਰ ਦਾ ਬੰਦਾ ਬਾਹਰਲੇ ਮੁਲਕ ਗਿਆ ਹੋਇਆ। ਏਸੇ ਲਈ ਮੇਰੀਆਂ ਆਪਣੀਆਂ ਲਿਖਤਾਂ ਵਿੱਚ ਵੀ ਬਾਹਰਲੇ ਮੁਲਕ ਆਣ ਵੱਜਦੇ ਨੇ। ਭਾਣਜੇ ਦੀ ਵਲੈਤ ਫੇਰੀ, ਵਲੈਤੀ ਤੀਵੀਂ, ਬਾਹਰਲੇ ਬਾਥਰੂਮ, ਪਾਲਦੀ ਆਦਿ। ਦੋਆਬੇ ਦੇ ਕਵੀ ਵੀ ਬਾਹਰਲੇ ਮੁਲਕਾਂ ਵਿੱਚ ਵਸੇ। ਕਵਿਤਾ ਵਿੱਚ ਆਪਣੀ ਵੱਖਰੀ ਥਾਂ ਬਣਾਉਣ ਵਾਲਾ ਜਗਤਾਰ ਢਾਅ ਜਲੰਧਰ ਜਿਲ•ੇ ਦੇ ਪਿੰਡ ਸਰਗੂੰਦੀ ਦਾ ਹੈ। ਉਹ ਗੁਆਚੇ ਘਰ ਦੀ ਤਲਾਸ਼ ਨਾਲ ਨਮੂਦਾਰ ਹੋਇਆ। ਦਰਸ਼ਨ ਬੁਲੰਦਵੀ ਨਕੋਦਰ ਲਾਗਲਾ ਹੈ। ਬਲਦੇਵ ਬਾਵਾ ਸਰੀਂਹ ਦਾ। ਕੈਨੇਡਾ ਦਾ ਕਵੀ ਰਵਿੰਦਰ ਰਵੀ ਜਲੰਧਰੀ ਹੈ। ਕੈਨੇਡਾ ਦਾ ਜਲੰਧਰ ਕੋਲ ਦੇ ਪਿੰਡ ਦਾ ਹੈ। ਅਮਰੀਕਾ ਦਾ ਦਲਜੀਤ ਮੋਖਾ ਦੋਆਬੀਆ ਹੈ। ਰਵਿੰਦਰ ਸਹਿਰਾਅ ਫਗਵਾੜੇ ਕੋਲ ਦਾ। ਪਤਾ ਨਹੀਂ ਹੋਰ ਕਿਹੜੇ ਕਿਹੜੇ ਮੁਲਕ ਵਿੱਚ ਕਿਹੜਾ-ਕਿਹੜਾ ਦੋਆਬੀਆ ਕਵੀ ਅੰਬਾਂ ਦੀ ਮਹਿਕ ਨੂੰ ਤਰਸ ਰਿਹਾ ਹੈ। ਦੋਆਬੇ ਦੇ ਕਵੀਆਂ ਦੀ ਲੰਬੀ ਲਿਸਟ ਹੈ। ਕਵੀ ਹੋਰ ਵੀ ਹੋਣਗੇ, ਪਰ ਆਪਾਂ ਦੋਆਬੇ ਦੇ ਕਵੀਆਂ ਦੀ ਗੱਲ ਲੋਕ ਗੀਤ ਦੇ ਹਵਾਲੇ ਨਾਲ ਖ਼ਤਮ ਕਰ ਲਈਏ, 'ਕਵੀਆਂ (ਅੰਬੀਆਂ) ਨੂੰ ਤਰਸੇਂਗੀ, ਛੱਡ ਕੇ ਦੇਸ ਦੁਆਬਾ।'

No comments:
Post a Comment