ਅਜ ਜਿਸ ਵੇਲੇ ਸਿੱਖ ਕੌਮ ਪੂਰੀ ਤਰ੍ਹਾਂ ਦੁਸ਼ਮਨ ਸ਼ਕਤੀਆਂ ਦੇ ਘੇਰੇ ਵਿੱਚ ਹੈ, ਹਰ ਹੀਲੇ ਸਿੱਖ ਕੌਮ ਨੂੰ ਨਾਸਤੋ ਨਾਬੂਦ ਕਰਨ ਦੀਆਂ ਸਾਜ਼ਸ਼ਾਂ ਘਡ਼ੀਆਂ ਜਾ ਰਹੀਆਂ ਹਨ, ਸਿੱਖੀ ਦੇ ਅਨਮੋਲ ਸਿਧਾਂਤਾਂ ਵਿੱਚ ਰੌਲ-ਘਚੋਲਾ ਪਾ ਕੇ, ਇਸ ਨੂੰ ਬਿਪਰਵਾਦ ਦੇ ਗਹਿਰੇ ਖਾਰੇ ਸਮੁੰਦਰ ਵਿੱਚ ਜਜ਼ਬ ਕਰਨ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਹਨ, ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਕੌਮੀ ਨੌਜਵਾਨੀ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਅਤੇ ਕੌਮੀ ਹਿੱਤਾਂ ਲਈ ਸੰਘਰਸ਼ਸ਼ੀਲ ਹੋਵੇ।
ਇਹ ਪਹਿਲੀ ਵਾਰ ਨਹੀਂ ਕਿ ਸਿੱਖ ਕੌਮ ਨੂੰ ਇਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ। ਬਲਕਿ ਸਿੱਖ ਕੌਮ ਤਾਂ ਜਦੋਂ ਦੀ ਹੋਂਦ ਵਿੱਚ ਆਈ ਹੈ, ਇਸ ਨੂੰ ਲਗਾਤਾਰ ਸੰਘਰਸ਼ ਵਿਚੋਂ ਲੰਘਣਾ ਪਿਆ ਹੈ। ਪਰ ਇੱਕ ਵੱਡਾ ਫਰਕ ਸੀ ਕਿ ਦੁਸ਼ਮਨ, ਦੁਸ਼ਮਨ ਬਣ ਕੇ ਸ੍ਹਾਮਣੇ ਮੈਦਾਨ ਵਿੱਚ ਆਉਂਦਾ ਸੀ। ਅਗੋਂ ਆਪਣੇ ਸਤਿਗੁਰੂ ਦੇ ਬਖਸ਼ੇ ਆਦਰਸ਼ਾਂ, ਸ਼ਸਤਰਾਂ ਅਤੇ ਜਜ਼ਬੇ ਨਾਲ ਲੈਸ ਸਿੱਖ ਕੌਮ ਉਨ੍ਹਾਂ ਨੂੰ ਮੂੰਹ ਤੋਡ਼ ਜੁਆਬ ਦੇਂਦੀ। ਸਿੱਖ ਇਤਿਹਾਸ ਗੁਆਹ ਹੈ ਕਿ ਇਨ੍ਹਾਂ ਮੁਹਿੰਮਾਂ ਵਿੱਚ ਬੱਚੇ ਤੋਂ ਬੁੱਢੇ ਤਕ ਸਭ ਨੇ ਆਪਣਾ ਢੁਕਵਾਂ ਯੋਗਦਾਨ ਪਾਇਆ, ਪਰ ਬਿਨਾਂ ਸ਼ੱਕ ਸਭ ਤੋਂ ਵੱਧ ਯੋਗਦਾਨ ਸਿੱਖ ਨੌਜਵਾਨੀ ਦਾ ਰਿਹਾ। ਤਾਂਹੀ ਤਾਂ ਇਤਨੀ ਘੱਟ ਗਿਣਤੀ ਵਿੱਚ ਹੁੰਦਿਆਂ, ਇਤਨੇ ਤਾਕਤਵਰ ਦੁਸ਼ਮਨ ਦੇ ਟਾਕਰੇ ਅਤੇ ਇਤਨੀਆਂ ਔਕਡ਼ਾਂ ਦੇ ਬਾਵਜੂਦ ਕੁੱਝ ਸਾਲਾਂ ਵਿੱਚ ਹੀ ਖਾਲਸਾ ਰਾਜ ਕਾਇਮ ਕਰ ਲਿਆ। ਪਰ ਅਜ ਹਾਲਾਤ ਬਿਲਕੁਲ ਅਲੱਗ ਹਨ। ਅਜ ਦੁਸ਼ਮਨ, ਦੋਸਤ ਦਾ ਰੂਪ ਧਾਰਨ ਕਰਕੇ ਮੱਕਾਰੀ ਨਾਲ ਸਿੱਖ ਅਤੇ, ਸਿੱਖੀ ਨੂੰ ਖਤਮ ਕਰਨ ਦੇ ਮਨਸੂਬੇ ਘਡ਼ ਰਿਹਾ ਹੈ। ਇਹ ਮੱਕਾਰੀ ਵਾਲਾ ਹਮਲਾ ਵੀ ਪਹਿਲੀ ਵਾਰ ਨਹੀਂ ਹੋਇਆ। ਖਾਲਸਾ ਰਾਜ ਦੇ ਕਾਇਮ ਹੁੰਦਿਆਂ ਹੀ ਇਹ ਦੁਸ਼ਮਨ, ਖਾਲਸੇ ਦੀ ਧਰਮ ਨਿਰਪੱਖ ਸੋਚ ਨੂੰ ਪੌਡ਼ੀ ਬਣਾਕੇ, ਦੋਸਤ ਬਣਕੇ, ਰਾਜਸੱਤਾ ਵਿੱਚ ਸ਼ਾਮਲ ਹੋ ਗਿਆ। ਖਾਲਸਾ ਫੌਜਾਂ ਤਾਂ ਆਪਣੀ ਜਾਨ ਤੇ ਖੇਡ ਕੇ ਖਾਲਸਾ ਰਾਜ ਦੀਆਂ ਸਰਹੱਦਾਂ ਨੂੰ ਵਧਾਉਣ ਵਿੱਚ ਲਗੀਆਂ ਰਹੀਆਂ, ਇਹ ਦੁਸ਼ਮਨ ਅੰਦਰੋਂ ਅੰਦਰੀ ਖਾਲਸਾ ਰਾਜ ਦੇ ਪ੍ਰਤੱਖ ਦੁਸ਼ਮਨਾਂ ਨਾਲ ਮਿਲ ਕੇ ਰਾਜਸੱਤਾ ਨੂੰ ਖੋਖਲਾ ਕਰਨ ਵਿੱਚ ਲੱਗਾ ਰਿਹਾ, ਅਤੇ ਅੰਤ ਇਸ ਦੀਆਂ ਸਾਜਿਸ਼ਾਂ ਜੋ ਰੰਗ ਲਿਆਈਆਂ ਉਹ ਕਿਸੇ ਤੋਂ ਲੁਕਿਆ ਨਹੀਂ। ਇਹ ਮਕਾਰੀ ਦਾ ਹਮਲਾ ਸਦਾ ਜਾਰੀ ਰਿਹਾ ਹੈ। ਪਰ ਅੱਜ ਦੋ ਵੱਡੇ ਫਰਕ ਹਨ। ਪਹਿਲਾ ਤਾਂ ਇਹ ਕਿ ਸਦੀਆਂ ਦੀ ਗੁਲਾਮੀ ਤੋਂ ਬਾਅਦ ਅਜ ਇਹ ਰਾਜਸੱਤਾ ਤੇ ਕਾਬਜ਼ ਹੈ। ਦੂਸਰਾ ਇਹ ਕਿ ਅੱਜ ਸਿੱਖ ਕੌਮ ਦੀ ਅਗਵਾਈ ਕੌਮੀ ਗਦਾਰਾਂ ਦੇ ਹੱਥ ਹੈ, ਜੋ ਇਸ ਦੀ ਮਦਦ ਅਤੇ ਰਾਜਸੱਤਾ ਦੀ ਤਾਕਤ ਨਾਲ ਗਿਆਨ ਵਿਹੂਣੀ ਭੋਲੀ-ਭਾਲੀ ਸਿੱਖ ਕੌਮ ਨੂੰ ਗੁਮਰਾਹ ਕਰਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਥਾਪਿਤ ਕਰ ਚੁਕੇ ਹਨ। ਅਜ ਇਨ੍ਹਾਂ ਗਦਾਰ ਸਿੱਖ ਆਗੂਆਂ ਦੇ ਸਾਧਨ ਅਤੇ ਸਮਰਥਾ ਅਸੀਮਤ ਹੈ। ਫਿਰ ਜੇ ਵਾਡ਼ ਹੀ ਖੇਤ ਨੂੰ ਖਾਣ ਲਗ ਪਏ ਤਾਂ ਬਚਾ ਕੌਣ ਸਕਦਾ ਹੈ।
ਦੁਸ਼ਮਨ ਇਹ ਗੱਲ ਸਪਸ਼ਟ ਸਮਝਦਾ ਹੈ ਕਿ ਕਿਸੇ ਕੌਮ ਦਾ ਬੀਜ ਨਾਸ ਕਰਨ ਦਾ ਸਭ ਤੋਂ ਯੋਗ ਤਰੀਕਾ ਹੈ ਕਿ ਉਸ ਦੀ ਨੌਜਵਾਨੀ ਖਤਮ ਕਰ ਦਿਓ। ਜਿਸ ਕੌਮ ਦੀ ਅਗਲੀ ਪੀਡ਼ੀ ਹੀ ਖਤਮ ਹੋ ਗਈ, ਬੀਜ ਨਾਸ ਆਪੇ ਹੋ ਗਿਆ ਫਿਰ ਬਚਿਆ ਹੀ ਕੀ? ਇਸੇ ਸਕੀਮ ਤਹਿਤ ਪਿਛਲੇ ਸਮੇਂ ਵਿੱਚ ਸਿੱਖ ਜਵਾਨੀ ਨੂੰ ਚੁਣ ਚੁਣ ਕੇ ਮਾਰਿਆ ਗਿਆ। ਰਹਿੰਦਿਆਂ ਖੁਹੰਦਿਆਂ ਨੂੰ ਹੁਣ ਮਕਾਰੀ ਭਰੀਆਂ ਨੀਤੀਆਂ ਨਾਲ ਮੁਕਾਇਆ ਜਾ ਰਿਹਾ ਹੈ।ਜਦੋਂ ਕਿਸੇ ਚੁਣੌਤੀ ਦਾ ਟਾਕਰਾ ਕਰਨਾ ਹੋਵੇ ਤਾਂ ਇਹ ਜਰੂਰੀ ਹੈ ਕਿ ਉਸ ਦੇ ਹਰ ਪੱਖ ਨੂੰ ਵਿਚਾਰ ਅਤੇ ਸਮਝ ਲਿਆ ਜਾਵੇ। ਜਿਸ ਕੌਮ ਨੂੰ ਬਰਬਾਦ ਕਰਨਾ ਹੋਵੇ, ਉਸ ਦੀ ਜਵਾਨੀ ਨੂੰ ਤਿੰਨ ਰੋਗ ਲਗਾ ਦਿਓ, ਉਹ ਕੌਮ ਕੁੱਝ ਸਮੇਂ ਬਾਅਦ ਆਪੇ ਹੀ ਬਰਬਾਦ ਹੋ ਜਾਵੇਗੀ। ਇਹ ਰੋਗ ਹਨ: ਅਨਪਡ਼੍ਹਤਾ, ਨਸ਼ੇਡ਼ੀਪਨ ਅਤੇ ਵਿਹਲਡ਼ਪਨ। ਬਦਕਿਸਮਤੀ ਨਾਲ ਇਹ ਤਿੰਨੇ ਮਾਰੂ ਰੋਗ ਸਿੱਖ ਕੌਮ ਨੂੰ ਪੂਰੇ ਜੋਰ ਨਾਲ ਚੰਬਡ਼ ਗਏ ਹਨ, ਜਾਂ ਇੰਝ ਕਹਿ ਲਓ ਕਿ ਬਡ਼ੀ ਸਕੀਮ ਨਾਲ ਚੰਬੇਡ਼ ਦਿਤੇ ਗਏ ਹਨ।
ਅਜ ਜਿਸ ਵੇਲੇ ਸਾਖਰਤਾ ਦਾ ਯੁਗ ਹੈ। ਦੁਨੀਆਂ ਵਿਦਿਅਕ ਅਤੇ ਵਿਗਿਆਨਕ ਖੋਜਾਂ ਦੇ ਸਿਖਰ ਛੂਹ ਰਹੀ ਹੈ। ਸੰਸਾਰ ਦੀਆਂ ਪਛਡ਼ੀਆਂ ਤੋਂ ਪਛਡ਼ੀਆਂ ਕੌਮਾਂ ਵੀ ਇਸ ਵਿਦਿਅਕ ਇਨਕਲਾਬ ਪ੍ਰਤੀ ਸੁਚੇਤ ਹਨ ਅਤੇ ਆਪਣੀ ਕੌਮ ਅਤੇ ਸਭਿਅਤਾ ਨੂੰ ਇਸ ਇਨਕਲਾਬ ਦਾ ਵੱਧ ਤੋਂ ਵੱਧ ਲਾਭ ਪਹੁੰਚਾਣ ਦੇ ਉਪਰਾਲੇ ਕਰ ਰਹੀਆਂ ਹਨ। ਸੰਸਾਰ ਦੀ ਹਰ ਕੌਮ, ਸੂਬੇ ਅਤੇ ਦੇਸ਼ ਨੇ ੧੦੦% ਸਾਖਰਤਾ ਦੇ ਟੀਚੇ ਮਿੱਥੇ ਹਨ। ਸਿੱਖ ਕੌਮ ਇਸ ਪੱਖੋਂ ਸਗੋਂ ਪਿਛੇ ਖਿਸਕ ਗਈ ਹੈ। ਜੇ ਇਸ ਦੀ ਸਚਾਈ ਨੂੰ ਵੇਖਣਾ ਹੋਵੇ ਤਾਂ ਪੰਜਾਬ ਦੀ ਕਿਸੇ ਯੂਨੀਵਰਸਿਟੀ, ਪਰੋਫੈਸ਼ਨਲ ਕਾਲਜ ਜਾਂ ਉਚ ਤਕਨੀਕੀ ਸਿੱਖਿਆਂ ਕੇਂਦਰ ਦੇ ਅੰਕਡ਼ੇ ਹਾਸਿਲ ਕਰ ਲਵੋ, ਸਚਾਈ ਆਪੇ ਸਾਹਮਣੇ ਆ ਜਾਵੇਗੀ। ਜਦਕਿ ਪਿਛਲੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ੫੬% ਤੋਂ ਉਤੇ ਹੈ, ਪਰ ਇਨ੍ਹਾਂ ਅਦਾਰਿਆਂ ਵਿੱਚ ਸਿਖ ਵਿਦਿਆਰਥੀਆਂ ਦੀ ਗਿਣਤੀ ੨੦% ਤੋ ਉਪਰ ਨਹੀਂ। ਕੀ ਸਿੱਖਾਂ ਦਾ ਬੌਧਿਕ ਪੱਧਰ (I Q) ਦੂਜੀਆਂ ਕੌਮਾਂ ਨਾਲੋਂ ਘੱਟ ਹੈ? ਬਿਲਕੁਲ ਨਹੀਂ। ਬਲਕਿ ਇਸ ਦੇ ਉਲਟ ਤਾਂ ਹੋ ਸਕਦਾ ਹੈ। ਅਜ ਵੀ ਦੇਸ਼ ਦੇ ਸਰਵਉਚ ਅਹੁਦਿਆਂ ਤੇ ਸੁਸ਼ੋਭਿਤ ਸਿੱਖ ਸਖਸ਼ੀਅਤਾਂ ਇਸ ਗਲ ਦਾ ਪ੍ਰਤੱਖ ਪਰਮਾਣ ਹਨ। ਇਹ ਸਭ ਕੁੱਝ ਸੁਭਾਵਕ ਨਹੀਂ ਹੋ ਰਿਹਾ, ਇੱਕ ਸੋਚੀ ਸਮਝੀ ਚਾਲ ਅਧੀਨ ਬਡ਼ੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ, ਜਿਸ ਦੀ ਸਹਿਜੇ ਹੀ ਸਮਝ ਨਹੀਂ ਆਉਂਦੀ।
ਅਸਲ ਵਿੱਚ ਪੰਜਾਬ ਵਿੱਚ ਵੀ ਸਿੱਖਾਂ ਦੀ ਬਹੁਗਿਣਤੀ ਪਿੰਡਾਂ ਵਿੱਚ ਵਸਦੀ ਹੈ। ਇਨ੍ਹਾਂ ਸਿੱਖ ਵਿਰੋਧੀ ਸ਼ਕਤੀਆਂ ਨੇ ਇਸੇ ਗੱਲ ਦਾ ਪੂਰਾ ਫਾਇਦਾ ਚੁਕ ਕੇ ਦਿਹਾਤੀ ਇਲਾਕਿਆਂ ਵਿੱਚ ਵਿਦਿਅਕ ਪ੍ਰਨਾਲੀ ਦਾ ਭੱਠਾ ਹੀ ਬਿਠਾ ਦਿੱਤਾ ਹੈ। ਪਿੰਡਾਂ ਵਿੱਚ ਸਕੂਲ ਤਾਂ ਹਨ ਪਰ ਅਧਿਆਪਕ ਨਹੀਂ, ਜੇ ਅਧਿਆਪਕ ਹਨ ਤਾਂ ਵਿਦਿਆ ਨਹੀਂ। ਬੇਸ਼ਕ ਇਸ ਨਾਲ ਕੁੱਝ ਗੈਰ ਸਿੱਖਾਂ ਨੂੰ ਵੀ ਨੁਕਸਾਨ ਹੋ ਰਿਹਾ ਹੋਵੇ, ਪਰ ਕੀ ਫਰਕ ਪੈਂਦਾ ਹੈ? ਉਂਜ ਵੀ ਜੋ ਦੂਜੇ ਨੰਬਰ ਤੇ ਪਰਭਾਵਤ ਹਨ, ਉਹ ਦਲਿਤ ਪਰਿਵਾਰ ਹਨ। ਜੋ ਸਿੱਖ ਕੌਮ ਵਾਂਗ ਹੀ ਇਨ੍ਹਾਂ ਦੇ ਨਿਸ਼ਾਨੇ ਤੇ ਹਨ। ਜੇ ਇਕਾ ਦੁਕਾ ਗਰੀਬ ਹੋਰ ਨਾਲ ਰਗਡ਼ੇ ਵੀ ਗਏ ਤਾਂ ਇਨ੍ਹਾਂ ਵਾਸਤੇ ਮਾਮੂਲੀ ਗਲ ਹੈ। ਹੋਰ ਤਾਂ ਹੋਰ ਸਿੱਖ ਅਧਿਆਪਕ ਵੀ ਕੌਮ ਪ੍ਰਤੀ ਆਪਣੇ ਫਰਜ਼ ਤੋਂ ਜਾਗਰੂਕ ਨਹੀ। ਉਹ ਵੀ ਖੁਸ਼ ਹਨ ਕਿ ਚਲੋ ਬਹੁਤੀ ਮਿਹਨਤ ਕੀਤੇ ਬਗੈਰ ਮੁਫਤ ਵਿੱਚ ਤਨਖਾਹ ਮਿਲ਼ੀ ਜਾਂਦੀ ਹੈ। ਜੇ ਪਿੰਡਾਂ ਦੇ ਸਕੂਲਾਂ ਵਿਚੋਂ ਮੁੱਢਲੀ ਸਿਖਿਆ ਦਾ ਹੀ ਇਹ ਹਾਲ ਹੈ ਤਾਂ ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਸਿੱਖ ਬੱਚਿਆ ਨੇ ਉਚ ਪੱਧਰੀ ਵਿਦਿਅਕ ਸੰਸਥਾਵਾਂ ਵਿੱਚ ਕਿਥੋਂ ਨਜ਼ਰ ਆਉਣਾ ਹੈ। ਪੰਜਾਬ ਦੀਆਂ ਮੰਡੀਆਂ ਤੇ ਕਾਬਜ਼ ਬਾਣੀਆਂ ਸ਼੍ਰੇਣੀ ਬਹੁਤਾਤ ਪਿੰਡਾਂ ਦੇ ਨਾਲ ਲਗਦੇ ਕਸਬਿਆਂ ਵਿੱਚ ਵਸਦੀ ਹੈ, ਜੋ ਵਿਦਿਆ ਦੀ ਮਹੱਤਤਾ ਪ੍ਰਤੀ ਪੂਰੀ ਤਰ੍ਹਾਂ ਸੁਚੇਤ, ਪਿੰਡਾਂ ਵਿੱਚ ਸਿਖਿਆ ਦੇ ਪੱਧਰ ਬਾਰੇ ਪੂਰੀ ਤਰ੍ਹਾਂ ਜਾਣੂ ਅਤੇ ਮਾਇਕ ਪੱਖੋਂ ਪੂਰੀ ਤਰ੍ਹਾਂ ਸਮਰੱਥ ਹੈ। ਇਨ੍ਹਾਂ ਦੇ ਬੱਚੇ ਸ਼ਹਿਰਾਂ ਵਿੱਚ ਉਚ ਪੱਧਰ ਦੀ ਵਿਦਿਆ ਪ੍ਰਾਪਤ ਕਰਦੇ ਹਨ। ਇਵੇਂ ਹੀ ਕੁੱਝ ਸਮਰੱਥ, ਸੁਚੇਤ ਦਿਹਾਤੀ ਸਿੱਖਾਂ ਦੇ ਬੱਚੇ ਵੀ ਸ਼ਹਿਰਾਂ ਵਿੱਚ ਪਡ਼੍ਹਦੇ ਹਨ ਪਰ ਇਨ੍ਹਾਂ ਦੀ ਗਿਣਤੀ ਬਹੁਤ ਥੋਡ਼ੀ ਹੈ। ਜਿਵੇਂ ਪਿੰਡਾਂ ਵਿੱਚ ਕੁੱਝ ਗੈਰ ਸਿੱਖ ਇਸ ਸਾਜਸ਼ ਦੀ ਮਾਰ ਹੇਠ ਆ ਰਹੇ ਹਨ, ਉਵੇਂ ਸ਼ਹਿਰਾਂ ਵਿੱਚ ਵਸਦੇ ਸਿੱਖਾਂ ਨੂੰ ਸ਼ਹਿਰਾਂ ਵਿਚਲੇ ਉਚੇ ਵਿਦਿਅਕ ਮਿਆਰ ਦਾ ਸੁਭਾਵਕ ਫਾਇਦਾ ਮਿਲ ਰਿਹਾ ਹੈ। ਪੰਜਾਬ ਦੇ ਪ੍ਰਸ਼ਾਸਨ ਤੇ ਕਾਬਜ਼ ਲੌਬੀ, ਨੀਤੀਆਂ ਅਤੇ ਪ੍ਰੋਗਰਾਮ ਇਸ ਤਰ੍ਹਾਂ ਦੇ ਉਲੀਕਦੀ ਹੈ, ਜਿਸ ਨਾਲ ਉਚ ਪੱਧਰੀ ਵਿਦਿਆ ਨੂੰ ਵਧੇਰੇ ਉਤਸਾਹਿਤ ਕੀਤਾ ਜਾ ਸਕੇ। ਸਰਕਾਰੀ ਖਜਾਨੇ ਚੋਂ ਵਧੇਰੇ ਫੰਡ ਉਚ ਪੱਧਰੀ ਸਿਖਿਆ ਲਈ ਨੀਯਤ ਕੀਤੇ ਜਾਂਦੇ ਹਨ। ਸਭ ਤੋਂ ਵੱਡੀ ਗਲ ਹੈ, ਪੂਰੀ ਪ੍ਰਨਾਲੀ ਨੂੰ ਢਿੱਲਾ ਛੱਡ ਦਿਤਾ ਗਿਆ ਹੈ। ਅਧਿਆਪਕਾਂ ਦੀ ਕਾਰਗੁਜਾਰੀ ਨੂੰ ਨਤੀਜਿਆਂ ਨਾਲ ਨਹੀ ਜੋਡ਼ਿਆ ਗਿਆ। ਮੈਂ ਉਚੇਰੀ ਸਿਖਿਆ ਦਾ ਵਿਰੋਧੀ ਨਹੀਂ, ਪੱਕਾ ਹਮਾਇਤੀ ਹਾਂ, ਪਰ ਸੁਆਲ ਤਾਂ ਸੂਬੇ ਦੇ ਲੋਕਾਂ ਦੀ ਲੋਡ਼ ਦਾ ਹੈ। ਜੇ ਸੂਬੇ ਦੀ ਬਹੁਗਿਣਤੀ ਨੂੰ ਮੁਢਲੀ ਸਿਖਿਆ ਹੀ ਨਹੀਂ ਮਿਲ ਰਹੀ ਤਾਂ ਉਚੇਰੀ ਸਿਖਿਆ ਦੀ ਪ੍ਰਫੁਲਤਾ ਦਾ ਉਨ੍ਹਾਂ ਨੂੰ ਕੀ ਲਾਭ? ਸਰਕਾਰ ਕੋਈ ਵੀ ਆ ਜਾਵੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਨੀਤੀਆਂ ਤਾਂ ਉਸੇ ਲੌਬੀ ਨੇ ਘਡ਼ਨੀਆਂ ਹਨ। ਉਂਜ ਵੀ ਸਿਆਸੀ ਲੋਕਾਂ ਕੋਲ ਇਤਨਾ ਸੋਚਣ ਦਾ ਸਮਾਂ ਹੀ ਕਿਥੇ ਹੈ। ਉਨ੍ਹਾਂ ਨੂੰ ਤਾਂ ਕੇਵਲ ਜਨਤਾ ਨੂੰ ਮੂਰਖ ਬਣਾਕੇ ਵੋਟ ਲੈਣ ਤਕ ਮਤਲਬ ਹੈ। ਵੈਸੇ ਵੀ ਸਿਆਸੀ ਆਗੂ ਤਾਂ ਇਹ ਸਮਝਦੇ ਹਨ ਕਿ ਅਨਪਡ਼੍ਹ, ਗਵਾਰ ਜਨਤਾ ਹੀ ਉਨ੍ਹਾਂ ਦੀ ਚੰਗੀ ਵੋਟ ਬੈਂਕ ਹੈ। ਵਿਸ਼ੇਸ਼ ਤੌਰ ਤੇ ਅਕਾਲੀ ਆਗੂਆਂ ਨੂੰ ਤਾਂ ਸਦਾ ਏਹੀ ਡਰ ਲਗਾ ਰਹਿੰਦਾ ਹੈ ਕਿ ਜੇ ਦਿਹਾਤੀ ਪੰਜਾਬੀ ਚੰਗਾ ਪਡ਼੍ਹ ਗਏ ਜਾਂ ਚੰਗੇ ਸਿੱਖ ਬਣ ਗਏ ਤਾਂ ਉਨ੍ਹਾਂ ਦੀ ਰਾਜਗੱਦੀ ਖਤਰੇ ਵਿੱਚ ਪੈ ਜਾਵੇਗੀ, ਇਸੇ ਕਰਕੇ ਵਿਦਿਆ ਦੇ ਪੱਧਰ ਬਾਰੇ ਤਾਂ ਇਨ੍ਹਾਂ ਨੇ ਕੀ ਸੋਚਣਾ ਹੈ? ਸਗੋਂ ਸਿੱਖੀ ਨੂੰ ਵੀ ਪੂਰੀ ਤਰ੍ਹਾਂ ਬਰਬਾਦ ਕਰ ਰਹੇ ਹਨ।
ਸਭ ਤੋਂ ਵੱਧ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਿੱਖ ਆਪ ਹੀ ਆਪਣੀ ਇਸ ਤਬਾਹੀ ਬਾਰੇ ਸੁਚੇਤ ਨਹੀਂ।ਬੇਸ਼ਕ ਸ਼੍ਰੋਮਣੀ ਕਮੇਟੀ ਨੇ ਕੁੱਝ ਸਕੂਲ ਅਤੇ ਕਾਲਜ ਬਣਾਏ ਹਨ ਪਰ ਇੱਕ ਤਾਂ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ, ਦੂਸਰਾ ਇਹ ਵੀ ਬਹੁਤੇ ਅੰਦਰੂਨੀ ਦਿਹਾਤੀ ਇਲਾਕਿਆਂ ਵਿੱਚ ਨਹੀ ਬਣਾਏ ਗਏ, ਜਿਥੇ ਬਹੁਤੀ ਲੋਡ਼ ਹੈ ਅਤੇ ਸਭ ਤੋਂ ਵੱਡੀ ਗੱਲ, ਇਨ੍ਹਾਂ ਦਾ ਪਡ਼੍ਹਾਈ ਦਾ ਪੱਧਰ ਬਹੁਤ ਨੀਵਾਂ ਹੈ। ਬਹੁਤੇ ਅਧਿਆਪਕ ਜਥੇਦਾਰਾਂ ਦੇ ਸਿਫਾਰਸ਼ੀ ਹਨ, ਜਿਨ੍ਹਾਂ ਦੀ ਕਾਬਲੀਅਤ ਅਤੇ ਕੌਮ ਪ੍ਰਤੀ ਨੇਕਨੀਤੀ ਦੋਨੋਂ ਸ਼ੱਕੀ ਹਨ। ਇਹ ਜਥੇਦਾਰ ਸਿਫਾਰਸ਼ ਕਰਦੇ ਇਹ ਵੀ ਨਹੀਂ ਵੇਖਦੇ ਕਿ ਜਿਨ੍ਹਾਂ ਦੀ ਖਾਲਸਾ ਸਕੂਲ ਵਿੱਚ ਲਗਣ ਲਈ ਸਿਫਾਰਸ਼ ਕਰ ਰਹੇ ਹਾਂ, ਉਨ੍ਹਾਂ ਦੀ ਕਾਬਲੀਅਤ ਕਿਤਨੀ ਹੈ ਅਤੇ ਸਿੱਖੀ ਦੀ ਸੋਝੀ ਅਤੇ ਸਿੱਖੀ ਜਜ਼ਬਾ ਕਿਤਨਾ ਹੈ। ਨਤੀਜਾ ਇਹ ਕਿ ਅਜ ਇਹ ਬਹੁਤੀਆਂ ਖਾਲਸਾ ਸੰਸਥਾਵਾਂ ਜਾਂ ਨਲਾਇਕ ਅਤੇ ਗੈਰ ਜਿਮੇਵਾਰ ਅਧਿਆਪਕਾਂ ਨਾਲ ਭਰੀਆਂ ਪਈਆਂ ਹਨ ਤੇ ਜਾਂ ਕਾਮਰੇਡਾਂ ਨਾਲ। ਇਸ ਕਾਰਨ ਇਹ ਵੱਡੀ ਕਮੀ ਰਹੀ ਹੈ, ਕਿ ਇਕਾ–ਦੁਕਾ ਨੂੰ ਛੱਡ ਕੇ ਇਨ੍ਹਾਂ ਸਕੂਲਾਂ ਕਾਲਜਾਂ ਵਿੱਚ ਨਾ ਵਿਦਿਆ ਦਾ ਪੱਧਰ ਲੋਡ਼ ਅਤੇ ਸਮੇਂ ਅਨੁਸਾਰ ਹੈ ਅਤੇ ਨਾ ਹੀ ਇਨ੍ਹਾਂ ਸੰਸਥਾਵਾਂ ਵਿੱਚ ਸਿੱਖ ਮਾਹੌਲ ਹੈ। ਨਤੀਜਾ ਇਹ ਕਿ ਅਜ ਇਨ੍ਹਾਂ ਸੰਸਥਾਵਾਂ ਵਿੱਚ ਪਤਿਤਪੁਣਾ ਸਭ ਤੋਂ ਜਿਆਦਾ ਹੈ। ਕੁੱਝ ਗੁਰਦੁਆਰਾ ਕਮੇਟੀਆਂ ਨੇ ਵੀ ਵਿਦਿਅਕ ਸੰਸਥਾਵਾਂ ਖੋਲ੍ਹੀਆਂ ਹਨ, ਜੋ ਕਿ ਇੱਕ ਚੰਗਾ ਰੁਝਾਨ ਹੈ ਪਰ ਇੱਕ ਤਾਂ ਇਹ ਵੀ ਬਹੁਤੇ ਸ਼ਹਿਰਾਂ ਵਿੱਚ ਜਾਂ ਵੱਡੇ ਕਸਬਿਆਂ ਵਿੱਚ ਹਨ, ਦੂਸਰਾ ਵਿਰਲਿਆਂ ਨੁੰ ਛੱਡਕੇ ਬਾਕੀਆਂ ਵਿੱਚ ਪਡ਼੍ਹਾਈ ਦੇ ਪੱਧਰ ਦਾ ਉਹੋ ਹਾਲ ਹੈ। ਕੁੱਝ ਹੋਰ ਸੰਸਥਾਵਾਂ ਅਤੇ ਨਿਜੀ ਸ਼ਖਸੀਅਤਾਂ ਨੇ ਵੀ ਗੁਰੁ ਪਾਤਿਸ਼ਾਹਾਂ ਦੇ ਨਾਂਅ ਤੇ ਜਾਂ ਖਾਲਸਾ ਨਾਂਅ ਤੇ ਸਕੂਲ ਕਾਲਜ ਖੋਲੇ ਹਨ ਪਰ ਜਾਪਦਾ ਹੈ ਕਿ ਨਾਂਅ ਕੇਵਲ ਹੱਟੀ ਚੰਗੀ ਚਲਾਉਂਣ ਵਾਸਤੇ ਹੀ ਵਰਤੇ ਗਏ ਹਨ, ।
ਇਨ੍ਹਾਂ ਹਾਲਾਤਾਂ ਵਿੱਚ ਸਭ ਤੋਂ ਪਹਿਲਾਂ ਤਾਂ ਮਾਤਾ ਪਿਤਾ ਅਤੇ ਕੌਮੀ ਆਗੂਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਬਚਪਨ ਤੋਂ ਬੱਚਿਆਂ ਨੂੰ ਵਿਦਿਆ ਦੀ ਮਹਤੱਤਾ ਬਾਰੇ ਜਾਣੂ ਕਰਵਾਉਣ ਅਤੇ ਉਨ੍ਹਾਂ ਅੰਦਰ ਚੰਗੀ ਅਤੇ ਉਚੇਰੀ ਵਿਦਿਆ ਪਰਾਪਤ ਕਰਨ ਦਾ ਚਾਅ ਪੈਦਾ ਕਰਨ। ਦੂਸਰੀ ਜ਼ਿਮੇਂਵਾਰੀ ਕੌਮੀ ਆਗੂਆਂ, ਸਮਰਥ ਕੌਮੀ ਸਖਸ਼ੀਅਤਾਂ ਅਤੇ ਪੰਥ ਦਰਦੀਆਂ ਦੀ ਹੈ ਕਿ ਉਹ ਮੁਢਲੀ, ਉੱਚ ਪੱਧਰੀ, ਸਸਤੀ ਵਿਦਿਆ ਦੇ ਸਾਧਨ ਮੁਹੱਈਆ ਕਰਾਉਣ ਪਰ ਸਭ ਤੋਂ ਵਧੇਰੇ ਜ਼ਿਮੇਵਾਰੀ ਕੌਮੀ ਨੌਜਵਾਨੀ ਦੀ ਹੈ ਕਿ ਉਹ ਸਭ ਔਕਡ਼ਾਂ ਦੇ ਬਾਵਜੂਦ ਚੰਗੀ ਅਤੇ ਉਚੇਰੀ ਵਿਦਿਆ ਪ੍ਰਾਪਤ ਕਰਨ।ਅਜ ਇਹ ਸਾਡੀ ਕੌਮੀ ਅਤੇ ਨਿਜੀ ਲੋਡ਼ ਹੈ ਕਿ ਸਿੱਖੀ ਸਰੂਪ ਵਿਚ, ਗੁਰਮਤਿ ਦੇ ਧਾਰਨੀ, ਸਿੱਖ ਬੱਚੇ ਸਮਾਜ ਦੇ ਹਰ ਖੇਤਰ ਵਿੱਚ ਅਗੇ ਹੋਣ। ਸਿੱਖ ਬੱਚੇ IAS, IPS, IFS ਅਤੇ ਫੌਜੀ ਅਫਸਰ ਬਣਨ, ਡਾਕਟਰ ਅਤੇ ਇੰਜੀਨੀਅਰ ਬਣਨ, ਵਕੀਲ, ਜੱਜ ਅਤੇ ਪਤਰਕਾਰ ਬਣਨ, ਚੰਗੇ ਅਧਿਆਪਕ ਅਤੇ ਪ੍ਰੋਫੈਸਰ ਬਣਨ, ਵੱਡੇ ਵਪਾਰੀ, ਕਾਰੋਬਾਰੀ ਅਤੇ ਕਾਰਖਾਨੇਦਾਰ ਬਣਨ। ਚੰਗੀ ਸਿਖਿਆ ਪ੍ਰਾਪਤ ਕਰਕੇ ਨਵੀਆਂ ਤਕਨੀਕਾਂ ਨਾਲ ਖੇਤੀਬਾਡ਼ੀ ਕਰਨ, ਇਸ ਨਾਲ ਸਬੰਧਤ ਤਕਨੀਕੀ ਕਾਰਖਾਨੇ ਆਪਣੇ ਸੂਬੇ ਵਿੱਚ ਲਾਉਣ।
ਇਸ ਦੇ ਨਾਲ ਹੀ ਜੋ ਇੱਕ ਹੋਰ ਅਤਿ ਮਾਰੂ ਰੋਗ ਸਿੱਖ ਕੌਮ ਨੂੰ ਚੰਬੇਡ਼ ਦਿਤਾ ਗਿਆ ਹੈ ਉਹ ਹੈ ਨਸ਼ੇਡ਼ੀਪੁਣਾ। ਜਦੋਂ ਬਰਤਾਨਵੀ ਚੀਨ ਨੂੰ ਕਾਬੂ ਕਰਨ ਵਿੱਚ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਵੀ ਇਹੀ ਖੇਡ ਖੇਡੀ ਸੀ। ਚੀਨ ਵਿੱਚ ਧੱਡ਼ਾ ਧੱਡ਼ ਅਫੀਮ ਸੁੱਟੀ। ਇਤਨੀ ਜੁਝਾਰੂ ਕੌਮ ਲੰਬੇ ਸਮੇਂ ਲਈ ਗੁਲਾਮ ਹੋ ਗਈ।ਮੌਲਿਕ ਰੂਪ ਵਿੱਚ ਪੰਜਾਬ ਵਿੱਚ ਸ਼ਰਾਬ ਅਤੇ ਅਫੀਮ ਦਾ ਨਸ਼ਾ ਹੀ ਜਿਆਦਾ ਪ੍ਰਚਲਤ ਸੀ, ਨਾਲ ਕੁੱਝ ਹੱਦ ਤਕ ਭੰਗ ਅਤੇ ਭੁੱਕੀ। ਸ਼ਰਾਬ ਤਾਂ ਕੁੱਝ ਲੋਕ ਘਰ ਕਢ ਲੈਂਦੇ ਸਨ, ਭੰਗ ਅਤੇ ਭੁਕੀ ਸਹਜੇ ਹੀ ਖੇਤਾਂ ਵਿੱਚ ਉਗ ਜਾਂਦੀ ਸੀ। ਇਹ ਨਹੀਂ ਕਿ ਇਹ ਨਸ਼ੇ ਮਾਰੂ ਨਹੀਂ ਹਨ, ਪਰ ਜਿਸ ਪੱਧਰ ਤੇ ਅਤੇ ਜਿਨ੍ਹਾਂ ਨਸ਼ਿਆਂ ਦਾ, ਹਡ਼੍ਹ ਅਜ ਪੰਜਾਬ ਵਿੱਚ ਵਿਸ਼ੇਸ਼ ਕਰਕੇ ਨੌਜਵਾਨੀ ਵਿੱਚ ਆਇਆ ਪਿਆ ਹੈ, ਉਨ੍ਹਾਂ ਨੂੰ ਨਸ਼ੇ ਘਟ ਅਤੇ ਜ਼ਹਿਰ ਵਧੇਰੇ ਕਿਹਾ ਜਾ ਸਕਦਾ ਹੈ। ਬਰਾਉਨ ਸ਼ੁਗਰ, ਸਮੈਕ, ਕੋਕੀਨ, ਹੀਰੋਇਨ, ਕਈ ਤਰ੍ਹਾਂ ਦੀਆਂ ਨਸ਼ਿਆਂ ਦੀਆਂ ਦੁਆਈਆਂ ਅਤੇ ਟੀਕੇ ਆਦਿ। ਪਹਿਲਾਂ ਤਾਂ ਇਹ ਨਸ਼ੇ ਜਿਸ ਨੂੰ ਲੱਗ ਜਾਣ ਸੌਖੇ ਛੁਟਦੇ ਨਹੀ, ਫੇਰ ਐਸੇ ਨਸ਼ੇ ਜਿਨ੍ਹਾਂ ਨੂੰ ਇੱਕ ਵਾਰੀ ਸ਼ੁਰੂ ਕਰਨ ਤੋਂ ਬਾਅਦ ਇਨਸਾਨ ਦੀ ਜ਼ਿੰਦਗੀ ਦੀ ਮਿਆਦ ਪੰਜ-ਸਤ ਸਾਲ ਹੀ ਰਹਿ ਜਾਂਦੀ ਹੈ, ਯਾ ਐਸੇ ਜੋ ਦੋ-ਤਿੰਨ ਸਾਲਾਂ ਵਿੱਚ ਹੀ ਚੰਗੇ ਨੌਜਵਾਨ ਨੂੰ ਨਪੁੰਸਕ ਬਣਾ ਦੇਂਦੇ ਹਨ। ਸਭ ਤੋਂ ਵਧ ਚਿੰਤਾ ਦੀ ਗਲ ਇਹ ਹੈ ਕਿ ਇਹ ਸਭ ਇਤਨੇ ਸੌਖੇ ਉਪਲਬਧ ਹਨ, ਜਿਵੇਂ ਕੋਈ ਆਮ ਚੀਜ਼ ਦੁਕਾਨਾਂ ਤੇ ਮਿਲਦੀ ਹੈ। ਇਹ ਪਿੰਡਾਂ ਦੀਆਂ ਬਹਿਕਾਂ ਤੋਂ ਲੈਕੇ ਸਕੂਲਾਂ ਕਾਲਜਾਂ ਵਿੱਚ ਸਹਿਜੇ ਹੀ ਮਿਲ ਰਹੇ ਹਨ। ਹੋਰ ਤਾਂ ਹੋਰ ਲਡ਼ਕੀਆਂ ਵੀ ਇਨ੍ਹਾਂ ਮਾਰੂ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ, ਇਨ੍ਹਾਂ ਵਿੱਚ ਬਹੁਤਾਤ ਹੋਸਟਲਾਂ ਵਿੱਚ ਰਹਿਣ ਵਾਲੀਆਂ ਲਡ਼ਕੀਆਂ ਦੀ ਹੈ। ਜਿਨ੍ਹਾਂ ਬੱਚੀਆਂ ਨੇ ਕੱਲ ਆਪਣੇ ਨਵੇਂ ਘਰ-ਸੰਸਾਰ ਵਸਾਉਂਣੇ ਹਨ, ਮਾਂਵਾਂ ਬਣਨਾ ਹੈ, ਜੇ ਉਨ੍ਹਾਂ ਦੀ ਜੁਵਾਨੀ ਨਸ਼ਿਆਂ ਦੀ ਗੁਲਾਮ ਹੋ ਗਈ ਤਾਂ ਕੱਲ ਦੇ ਪਰਿਵਾਰਕ ਢਾਂਚੇ ਅਤੇ ਉਨ੍ਹਾਂ ਦੇ ਕੁਖੋਂ ਜਨਮ ਲੈਣ ਵਾਲੀ ਸੰਤਾਨ ਦੇ ਭਵਿਖ ਦਾ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਅਜ ਪੰਜਾਬ ਸਰਕਾਰ ਦੀ ਕੁਲ ਆਮਦਨ ਦਾ ਤਕਰੀਬਨ ਚੌਥੇ ਹਿੱਸੇ ਤੋਂ ਵਧੇਰੇ ਕੇਵਲ ਸ਼ਰਾਬ ਤੋਂ ਆ ਰਿਹਾ ਹੈ। ਪਿਛਲੀ ਵਾਰੀ ਅਕਾਲੀ-ਭਾਜਪਾ ਸਰਕਾਰ ਵਲੋਂ ਜਦੋਂ ਕਿਸਾਨਾਂ ਨੂੰ ਬਿਜਲੀ-ਪਾਣੀ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਤਾਂ ਕਿਸੇ ਪੱਤਰਕਾਰ ਨੇ ਮੁੱਖ-ਮੰਤਰੀ ਜੀ ਨੂੰ ਪੁੱਛਿਆ ਕਿ ਤੁਸੀਂ ਸਰਕਾਰੀ ਖਜਾਨੇ ਦਾ ਇਤਨਾ ਨੁਕਸਾਨ ਕਿਵੇਂ ਪੂਰਾ ਕਰੋਗੇ ਤਾਂ ਮੁੱਖ-ਮੰਤਰੀ ਜੀ ਨੇ ਜੁਆਬ ਦਿਤਾ ਸੀ ਕਿ ਅਸੀਂ ਆਪਣੀ ਆਮਦਨ ਵਧਾਉਂਣ ਲਈ, ਸ਼ਰਾਬ ਦੇ ਹੋਰ ਠੇਕੇ ਖੋਲਾਂਗੇ। ਇਸ ਤੋਂ ਹੀ ਸਪਸ਼ਟ ਪਤਾ ਲਗਦਾ ਹੈ ਕਿ ਸਮੇਂ ਦੀ ਸਰਕਾਰ ਸੂਬੇ ਦੇ ਲੋਕਾਂ ਪ੍ਰਤੀ ਕਿਤਨੀ ਸੁਹਿਰਦ ਅਤੇ ਉਨ੍ਹਾਂ ਦੇ ਭਵਿੱਖ ਪ੍ਰਤੀ ਕਿਤਨੀ ਚਿੰਤਿਤ ਹੈ। ਬਲਕਿ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਜਿਵੇਂ ਚੋਣਾਂ ਸਮੇਂ ਨਸ਼ੇ ਵੰਡੇ ਜਾਂਦੇ ਹਨ, ਉਸ ਨੇ ਤਾਂ ਬਿਲਕੁਲ ਹੀ ਬੇਡ਼ਾ ਡੋੱਬ ਦਿਤਾ ਹੈ। ਜਿਨ੍ਹਾਂ ਲੋਕਾਂ ਤੇ ਸਮਾਜ ਨੂੰ ਉੱਚਾ ਚੁਕਣ ਦੀ ਜਿਮੇਂਵਾਰੀ ਸੀ, ਉਹ ਹੀ ਅਜ ਸਮਾਜ ਦਾ ਸੱਭ ਤੋਂ ਵੱਡਾ ਸੋਸ਼ਨ ਅਤੇ ਪਤਨ ਕਰਨ ਲੱਗੇ ਹੋਏ ਹਨ। ਪੁਲੀਸ, ਨਸ਼ਿਆਂ ਦੇ ਵਪਾਰੀ ਅਤੇ ਸਿਆਸਤਦਾਨ ਰਲਕੇ ਖੂਬ ਪੈਸਾ ਕਮਾ ਰਹੇ ਹਨ।ਅਜ ਜਿਸ ਤਰ੍ਹਾਂ ਨਸ਼ਿਆਂ ਦਾ ਇਹ ਮਾਰੂ ਰੋਗ ਸਿੱਖ ਕੌਮ ਨੂੰ ਚੰਬਡ਼ ਗਿਆ ਹੈ, ਇਸ ਦੇ ਖਿਲਾਫ ਵੀ ਇੱਕ ਇਨਕਲਾਬ ਖਡ਼ਾ ਕਰਨ ਦੀ ਲੋਡ਼ ਹੈ ਅਤੇ ਇਹ ਇਨਕਲਾਬ ਕੇਵਲ ਤੇ ਕੇਵਲ ਸਿੱਖ ਨੌਜਵਾਨੀ ਹੀ ਲਿਆ ਸਕਦੀ ਹੈ।
ਤੀਸਰਾ ਅਤਿ ਮਾਰੂ ਰੋਗ ਹੈ ‘ਵਿਹਲਡ਼ਪੁਣਾ`। ਸਿੱਖ ਧਰਮ ਗ੍ਰਿਹਸਤ ਮਾਰਗ ਹੈ। ਗ੍ਰਿਹਸਤ ਕਦੇ ਵੀ ਕਿਰਤ ਬਿਨਾਂ ਨਹੀਂ ਚਲ ਸਕਦੀ। ਕਿਉਂਕਿ ਗ੍ਰਿਹਸਤ ਦਾ ਮੁੱਖ ਅੰਗ ਹੈ ਪਰਿਵਾਰ ਦੀ ਯੋਗ ਪਾਲਣਾ ਕਰਨੀ। ਇਸੇ ਵਾਸਤੇ ਗੁਰੂ ਨਾਨਕ ਪਾਤਿਸ਼ਾਹ ਨੇ ਮਨੁੱਖ ਮਾਤਰ ਨੂੰ ਜੋ ਜੀਵਨ ਜੁਗਤਿ ਬਖਸ਼ੀ ਹੈ, ਉਸਦੇ ਤਿੰਨ ਮੁਢਲੇ ਗੁਣ ਹਨ: ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ। ਵੰਡ ਕੇ ਤਾਂ ਉਹੀ ਛਕੇਗਾ ਜੋ ਆਪ ਕਿਰਤੀ ਹੋਵੇਗਾ।ਸਿੱਖ ਕੌਮ ਸਦਾ ਉਦਮੀਆਂ ਅਤੇ ਮਿਹਨਤਕਸ਼ਾਂ ਦੀ ਕੌਮ ਰਹੀ ਹੈ। ਤਾਂ ਹੀ ਤਾਂ ਪੰਜਾਬ ਦੀ ਧਰਤੀ ਉਤੇ ਦੁੱਧ ਅਤੇ ਘਿਓ ਦੀਆਂ ਨਦੀਆਂ ਵਗਦੀਆਂ ਸਨ। ਸਿਰਫ ਪੰਜਾਬ ਵਿੱਚ ਹੀ ਨਹੀਂ, ਸਿੱਖ ਜਿਥੇ ਵੀ ਚਲਾ ਗਿਆ, ਲਹਿਰ ਬਹਿਰ ਕਰ ਦਿਤੀ। ਜੇ ਰਾਜਸਥਾਨ ਦੇ ਮਾਰੂਥਲਾਂ ਵਿੱਚ ਪਹੁੰਚ ਗਿਆ ਤਾਂ ਉਥੇ ਹਰਿਆਲੀ ਹੀ ਹਰਿਆਲੀ ਕਰ ਦਿੱਤੀ ਅਤੇ ਜੇ ਪਹਾਡ਼ਾਂ ਨਾਲ ਟਕਰਾਉਣਾ ਪਿਆ ਤਾਂ ਪਹਾਡ਼ ਝੁਕਣ ਲਈ ਮਜਬੂਰ ਹੋ ਗਏ, ਉਹ ਧਰਤੀ ਵੀ ਸੋਨਾ ਉਗਲਣ ਲੱਗ ਪਈ। ਜੇ ਵਿਦੇਸ਼ਾਂ ਵਿੱਚ ਜਾ ਵਸੇ ਤਾਂ ਨਾ ਸਿਰਫ ਆਪਣਾ ਆਰਥਿਕ ਵਿਕਾਸ ਕੀਤਾ ਸਗੋਂ ਉਸ ਦੇਸ਼ ਦੇ ਆਰਥਿਕ ਵਿਕਾਸ ਵਿੱਚ ਵੀ ਸਹਿਯੋਗੀ ਬਣੇ ਅਤੇ ਉਸ ਦੇ ਸਨਮਾਨਿਤ ਨਾਗਰਿਕ ਹੋਣ ਦਾ ਮਾਣ ਹਾਸਿਲ ਕੀਤਾ। ਪਾਕਿਸਤਾਨੋਂ ਉੱਜਡ਼ ਕੇ, ਘਰ ਬਾਰ ਲੁਟਾ ਕੇ, ਦੇਸ਼ ਦੇ ਕਿਸੇ ਕੋਨੇ ਵਿੱਚ ਜਾ ਵੱਸੇ, ਛੋਟੇ ਛੋਟੇ ਕੰਮਾਂ ਤੋ, ਜ਼ਿਦਗੀ ਦੀ ਦੁਬਾਰਾ ਸ਼ੁਰੂਆਤ ਕਰਕੇ, ਦਿਨਾਂ ਵਿੱਚ ਸਿਖਰਾਂ ਤੇ ਪਹੁੰਚਾ ਦਿੱਤਾ। ਮਿਹਨਤੀ ਆਦਮੀ ਦੀ ਸਿਹਤ ਵਧੀਆ ਹੋਣਾ ਸੁਭਾਵਕ ਹੈ। ਪੰਜਾਬੀਆਂ ਦੇ ਸਰੂ ਵਰਗੇ ਕੱਦਾਂ, ਗੱਜ ਗੱਜ ਚੌਡ਼ੀਆਂ ਛਾਤੀਆਂ ਅਤੇ ਡਲਕਾਂ ਮਾਰਦੇ ਡੌਲਿਆਂ ਦੇ ਦੁਨੀਆਂ ਵਿੱਚ ਗੀਤ ਗਾਏ ਜਾਂਦੇ ਹਨ।
ਅਜ ਤਾਂ ਇਹ ਗੱਲਾਂ ਜਿਵੇਂ ਕੋਈ ਕਹਾਣੀਆਂ ਜਾਪਦੀਆਂ ਨੇ। ਕੁੱਝ ਤਾਂ ਮਸ਼ੀਨੀ ਯੁੱਗ ਨੇ ਹੱਲ, ਕੁਹਾਡ਼ੀਆਂ ਅਤੇ ਟੋਕੇ ਖੋਹ ਲਏ। ਉਂਜ ਵੀ ਮਿਹਨਤਕਸ਼ੀ ਤਾਂ ਜਿਵੇਂ ਪੰਜਾਬ ਵਿਚੋਂ ਖੰਭ ਲਾਕੇ ਉੱਡ ਗਈ ਹੈ। ਅਜ ਪੰਜਾਬੀ ਜਿਮੀਂਦਾਰ ਨੂੰ ਇਸ ਗਲ ਦਾ ਮਾਣ ਨਹੀਂ ਕਿ ਉਹ ਆਪਣਾ ਕੰਮ ਕਿਤਨੀ ਮੇਹਨਤ ਨਾਲ ਕਰਦਾ ਹੈ, ਮਾਣ ਇਸ ਗੱਲ ਦਾ ਹੈ ਕਿ ਉਸ ਨੇ ਕੰਮ ਕਰਨ ਲਈ ਭਈਏ ਕਿਤਨੇ ਰੱਖੇ ਹੋਏ ਹਨ। ਵੱਡਿਆਂ ਦੀ ਤਾਂ ਗੱਲ ਹੀ ਛੱਡ ਦਿਓ, ਦੋ ਦੋ ਕਿਲਿਆਂ ਦੇ ਮਾਲਕ ਚਾਰ ਚਾਰ ਭਈਏ ਰੱਖੀ ਬੈਠੇ ਹਨ। ਜਿਨ੍ਹਾਂ ਕੋਲ ਜਮੀਨਾਂ ਨਾਂਅ ਬਰਾਬਰ ਹੀ ਹਨ ਜਾਂ ਬਚੀਆਂ ਹੀ ਨਹੀਂ, ਉਹ ਵੀ ਦੂਸਰੇ ਕੋਲ ਕੰਮ ਕਰਨ ਲਈ ਤਿਆਰ ਨਹੀਂ। ਕਿਉਂਕਿ ਇਹ ਕੰਮ ਤਾਂ ਭਈਏ ਦਾ ਹੈ ਤੇ ਉਹ ਭਈਆ ਥੋਡ਼ਾ ਹੈ? ਭਈਏ ਵਾਲਾ ਕੰਮ ਕਰਨਾ, ਉਸ ਦੀ ਸ਼ਾਨ (status) ਦੇ ਵਿਰੁਧ ਹੈ। ਪੰਜਾਬ ਵਿੱਚ ਕਿਸੇ ਫੈਕਟਰੀ ਵਿੱਚ ਚਲੇ ਜਾਓ, ਮਾਲਕ ਤੋਂ ਬਾਅਦ ਸਿਰਫ ਭਈਏ ਹੀ ਨਜ਼ਰ ਆਉਂਦੇ ਹਨ। ਸਿਰਫ ਮਜ਼ਦੂਰ ਹੀ ਨਹੀਂ, ਪੱਕੇ ਕਾਰੀਗਰਾਂ ਤੋਂ ਲੈਕੇ ਫੋਰਮੈਨਾਂ ਤਕ ਸਭ ਭਈਏ। ਸਿੱਖ ਤਾਂ ਕਿਤੇ ਭਾਗਾਂ ਨਾਲ ਹੀ ਨਜਰ ਆਉਂਦਾ ਹੈ। ਕੁੱਝ ਸਿੱਖ ਕਾਰਖਾਨੇਦਾਰਾਂ ਨਾਲ ਗੱਲਬਾਤ ਹੋਈ। ਉਨ੍ਹਾਂ ਦੇ ਤਜਰਬੇ ਚੌਂਕਾ ਦੇਣ ਵਾਲੇ ਸਨ। ਦਸਣ ਲੱਗੇ, ਪਹਿਲਾਂ ਤਾਂ ਸਿੱਖ, ਭਈਏ ਦੇ ਬਰਾਬਰ ਕੰਮ ਕਰਨ ਨੂੰ ਹੀ ਤਿਆਰ ਨਹੀਂ, ਤੇ ਜੇ ਲੱਗ ਵੀ ਜਾਵੇ, ਭਈਏ ਜਿਤਨੀ ਮਿਹਨਤ ਕਰਦੇ ਹਨ, ਪੰਜਾਬੀ ਉਤਨੇ ਹੀ ਹੱਡ ਹਰਾਮੀ ਹੋ ਗਏ ਹਨ। ਪਹਿਲਾਂ ਤਾਂ ਮਿਹਨਤ ਪੂਰੀ ਨਹੀਂ ਕਰਨੀ, ਉਤੋਂ ਯੂਨੀਅਨ ਬਾਜੀ ਅਤੇ ਕਨੂੰਨ ਬਾਜੀ। ਕੁੱਝ ਇੱਕ ਨੇ ਤਾਂ ਇਥੋਂ ਤਕ ਕਹਿ ਦਿਤਾ, ਕਿ ਹੁਣ ਤਾਂ ਸਿੱਖ ਨੂੰ ਫੈਕਟਰੀ ਦੀ ਵਰਕਸ਼ਾਪ ਅੰਦਰ ਵਾਡ਼ਨ ਤੋਂ ਡਰ ਲੱਗਦਾ ਹੈ। ਅਜ ਵਿਹਲਾ ਫਿਰਨਾ ਜਿਵੇਂ ਦਿਹਾਤੀ ਸਿੱਖ ਦਾ ਫੈਸ਼ਨ ਹੋ ਗਿਆ ਹੈ।
ਅਸਲ ਵਿੱਚ ਇਹ ਪੰਜਾਬ ਸਮੱਸਿਆ ਨਹੀਂ, ਸਿੱਖ ਸਮੱਸਿਆ ਹੈ। ਕਿਉਂਕਿ ਪੰਜਾਬ ਦੀ ਧਰਤੀ, ਮਾਨਸਿਕਤਾ ਅਤੇ ਵਿਰਾਸਤ ਦਾ ਮਾਲਕ ਕੇਵਲ ਸਿੱਖ ਹੈ। ਉਂਜ ਕਹਿਣ ਨੂੰ ਤਾਂ ਪੰਜਾਬ ਵਿੱਚ ਬਥੇਰੇ ਲੋਕ ਵਸਦੇ ਹਨ, ਇਸਦੇ ਠੇਕੇਦਾਰ ਵੀ ਬਣਦੇ ਹਨ ਅਤੇ ਪੰਜਾਬੀਅਤ ਦੇ ਨਾਅਰੇ ਵੀ ਬਹੁਤ ਮਾਰੇ ਜਾਂਦੇ ਹਨ। ਪਰ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਕਿਤਨਾ ਕੁ ਅਪਣਾਇਆ ਹੈ, ਇਹ ਇਸ ਗੱਲ ਤੋਂ ਹੀ ਸਪਸ਼ਟ ਹੈ ਕਿ ਹੋਰ ਤਾਂ ਹੋਰ, ਇਹ ਆਪਣੀ ਮਾਂ ਬੋਲੀ ਤੋਂ ਹੀ ਮੁਨਕਰ ਹਨ। ਪੰਜਾਬ ਦੇ ਹੱਕਾਂ ਲਈ ਤਾਂ ਇਨ੍ਹਾਂ ਨੇ ਆਵਾਜ਼ ਕੀ ਬੁਲੰਦ ਕਰਨੀ ਸੀ, ਸਗੋਂ ਜਦੋਂ ਵੀ ਸਿੱਖ ਪੰਜਾਬ ਦੇ ਹੱਕਾਂ ਲਈ ਹਾਅ ਦਾ ਨਾਅਰਾ ਮਾਰਦੇ ਹਨ, ਇਨ੍ਹਾਂ ਪੰਜਾਬੀਅਤ ਦੇ ਅਲੰਬਰਦਾਰਾਂ ਦੀ ਵਫਾਦਾਰੀ ਸਦਾ ਦੂਜੀਆਂ ਧਿਰਾਂ ਨਾਲ ਹੁੰਦੀ ਹੈ। ਇਸ ਤਰ੍ਹਾਂ ਪੰਜਾਬ ਦੀ ਅੱਣਖ ਦਾ ਵਾਰਸ ਸਿਰਫ ਸਿੱਖ ਹੈ। ਸੋ ਪੰਜਾਬ ਸਮੱਸਿਆ ਹੱਲ ਕਰਨਾ ਜਾਂ ਸਿੱਖ ਸਮੱਸਿਆ ਹੱਲ ਕਰਨਾ ਇੱਕੋ ਗੱਲ ਹੈ।
ਸਿੱਖ ਸਮੱਸਿਆ ਨੂੰ ਹੱਲ ਕਰਨ ਦਾ ਸਹੀ ਤਰੀਕਾ ਤਾਂ ਇਹ ਸੀ ਕਿ ਸਿੱਖਾਂ ਦੀਆਂ ਹੱਕੀ ਮੰਗਾਂ ਮੰਨ ਲਈਆਂ ਜਾਂਦੀਆਂ। ਪਰ ਭਾਰਤ ਦੀ ਰਾਜ ਸੱਤਾ ਤੇ ਅੱਜ ਇੱਕ ਫਿਰਕੂ, ਕੱਟਡ਼ਵਾਦੀ, ਘੱਟਗਿਣਤੀਆਂ ਅਤੇ ਦਲਿਤ ਵਿਰੋਧੀ ਲਾਬੀ ਕਾਬਜ਼ ਹੋ ਚੁਕੀ ਹੈ। ਇਹ ਲਾਬੀ ਵੀ ਕੋਈ ਨਵੀਂ ਹੋਂਦ ਵਿੱਚ ਨਹੀਂ ਆਈ, ਬਹੁਤ ਪੁਰਾਣੇ ਸਮਿਆਂ ਤੋਂ ਹੈ। ਪਰ ਇੱਕ ਵੱਡਾ ਫਰਕ ਹੈ ਕਿ ਅਜ ਇਹ ਰਾਜਸੱਤਾ ਤੇ ਕਾਬਜ਼ ਹੈ। ਤੇ ਸਿੱਖ ਇਸ ਲਾਬੀ ਦੇ ਨਿਸ਼ਾਨੇ ਤੇ ਪਹਿਲੇ ਨੰਬਰ ਤੇ ਹਨ, ਕਿਉਂਕਿ ਸਿੱਖ ਸਭ ਤੋਂ ਘਟ ਗਿਣਤੀ ਵਿੱਚ ਹਨ ਅਤੇ ਸਭ ਤੋਂ ਅਣਖੀਲੇ ਹਨ। ਇਸ ਕਾਬਜ਼ ਲਾਬੀ ਨੇ ਜੋ ਗੈਰ ਇਖਲਾਕੀ, ਗੈਰ ਮਨੁੱਖੀ, ਗੈਰ ਜਮਹੂਰੀ, ਸਾਜਸ਼ੀ ਅਤੇ ਮੁਜਰਮਾਨਾ ਹੱਲ ਲਭਿਆ ਹੈ, ਉਹ ਇਹ ਹੈ ਕਿ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਹੀ ਮੁਕਾ ਦਿਤਾ ਜਾਵੇ। ‘ਨਾ ਰਹੇ ਬਾਂਸ, ਨਾ ਬਜੇ ਬਾਂਸੁਰੀ। ` ਨਾ ਹੱਕ ਮੰਗਣ ਵਾਲੇ ਰਹਿਣ, ਨਾ ਸਮੱਸਿਆ ਖਡ਼ੀ ਹੋਵੇ। ਇਸੇ ਪਾਲਿਸੀ ਤਹਿਤ ਪਿਛਲੇ ਦਿਨਾਂ ਵਿੱਚ ਸਿੱਖ ਨੌਜਵਾਨੀ ਨੂੰ ਚੁਣ ਚੁਣ ਕੇ ਮਾਰਿਆ ਗਿਆ। ਹੁਣ ਰਹਿੰਦਿਆ ਖੂਹੰਦਿਆ ਨੂੰ ਉਪਰਲੇ ਸਾਜਿਸ਼ੀ ਹਮਲੇ ਨਾਲ ਮੁਕਾਇਆ ਜਾ ਰਿਹਾ ਹੈ। ਇਹ ਪਾਲਿਸੀ ਐਸੀ ਹੈ ਕਿ ਕਿਸੇ ਦੇ ਸਿਰ ਕੋਈ ਇਲਜ਼ਾਮ ਨਹੀਂ ਆਉਣਾ, ਨਾ ਕੌਮਾਂਤਰੀ ਪੱਧਰ ਤੇ ਕੋਈ ਰੌਲਾ ਪੈਣਾ ਹੈ ਤੇ ਨਤੀਜੇ ਇਤਨੇ ਖਤਰਨਾਕ ਹਨ ਕਿ ਦਿਹਾਤੀ ਇਲਾਕਿਆਂ ਵਿੱਚ ਸਿੱਖ ਕੌਮ ਨਾ ਜਿਊਂਦਿਆਂ ਵਿੱਚ ਰਹੇਗੀ ਨਾ ਮੋਇਆਂ ਵਿਚ।
ਦੁਸ਼ਮਨ ਸ਼ਕਤੀਆਂ ਬਿਲਕੁਲ ਸਪਸ਼ਟ ਹਨ ਕਿ ਜਦੋਂ ਵੀ ਪੰਜਾਬ ਦੇ ਹੱਕਾਂ ਜਾਂ ਸਿੱਖ ਹੱਕਾਂ ਲਈ ਇਨਕਲਾਬੀ ਸੁਰਾਂ ਉਠਦੀਆਂ ਹਨ, ਇਹ ਸਭ ਤੋਂ ਜਿਆਦਾ ਪੰਜਾਬ ਦੇ ਪਿੰਡਾਂ ਤੋਂ ਉਠਦੀਆਂ ਹਨ, ਇਸ ਵਾਸਤੇ ਪਹਿਲਾ ਨਿਸ਼ਾਨਾ ਪੰਜਾਬ ਦੇ ਦਿਹਾਤੀ ਇਲਾਕੇ ਹਨ। ਇਸ ਨਾਲ ਜਿਥੇ ਪੰਜਾਬ ਵਿਚੋਂ ਇਨਕਲਾਬੀ ਸੁਰਾਂ ਉਠਣੀਆਂ ਬੰਦ ਹੋ ਜਾਣਗੀਆਂ, ਉਥੇ ਨਾਲ ਹੀ ਸਿੱਖੀ ਦਾ ਕੇਂਦਰ ਕਮਜ਼ੋਰ ਹੋ ਜਾਵੇਗਾ, ਜਿਸ ਨਾਲ ਦੁਨੀਆਂ ਭਰ ਵਿੱਚ ਵਸਦੇ ਸਿੱਖ ਪ੍ਰਭਾਵਤ ਹੋਣਗੇ। ਉਂਜ ਵੀ ਸਿੱਖ ਦੁਸ਼ਮਨ ਲਾਬੀ ਨੂੰ ਜੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਤੋਂ ਕੋਈ ਮਾਡ਼ਾ-ਮੋਟਾ ਡਰ ਹੈ ਤਾਂ ਕੇਵਲ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਤੋਂ ਹੈ, ਪਰ ਉਹ ਵੀ ਪੰਜਾਬ ਵਿੱਚਲੀ ਸਿੱਖ ਨੌਜਵਾਨੀ ਤੋਂ ਸਹਿਯੋਗ ਮਿਲਣ ਤੋਂ ਬਿਨਾਂ ਸ਼ਾਇਦ ਬਹੁਤਾ ਕੁੱਝ ਨਹੀਂ ਕਰ ਸਕਦੇ। ਭਾਰਤ ਦੇ ਦੂਸਰੇ ਹਿਸਿਆਂ ਵਿੱਚ ਵਸਦੇ ਸਿੱਖ ਤਾਂ ਉਨ੍ਹਾਂ ਲਈ ‘ਘਰ ਦੀ ਮੁਰਗੀ` ਹਨ। ਇੱਕ ਤਾਂ ਬਹੁਗਿਣਤੀ ਦੇ ਸੁਭਾਵਕ ਪ੍ਰਭਾਵ ਕਾਰਨ ਸਿੱਖੀ ਸਰੂਪ ਵਿੱਚ ਹੁੰਦੇ ਹੋਏ ਵੀ ਘੱਟੋ-ਘੱਟ ਅੱਧ ਪਚੱਧੇ ਤਾਂ ਬ੍ਰਾਹਮਣੀ ਰੀਤੀ ਰਿਵਾਜਾਂ ਵਿੱਚ ਫਸ ਹੀ ਚੁਕੇ ਹਨ। ਕਈ ਸਾਬਤ ਸੂਰਤ, ਇਥੋਂ ਤੱਕ ਕੇ ਅੰਮ੍ਰਿਤਧਾਰੀ ਸਿੱਖ ਮਰਦਾਂ ਦੇ ਹੱਥਾਂ ਤੇ ਬਝੀਆਂ ਮੌਲੀਆਂ ਧਾਗੇ, ਗਲਿਆਂ ਵਿੱਚ ਪਏ ਤਵੀਤ, ਹੱਥਾਂ ਦੀਆਂ ਉਂਗਲੀਆਂ ਵਿੱਚ ਪਈਆਂ ਭਾਂਤ-ਭਾਂਤ ਦੇ ਨਗਾਂ ਦੀਆਂ ਅੰਗੂਠੀਆਂ, ਨਾਲ ਉਨ੍ਹਾਂ ਦੀਆਂ ਬੀਵੀਆਂ ਦੇ ਮੱਥੇ ਤੇ ਸੁਹਾਗ ਦਾ ਸਿੰਧੂਰ, ਗਲੇ ਵਿੱਚ ਮੰਗਲ ਸੂਤਰ, ਅਤੇ ਤਰ੍ਹਾਂ-ਤਰ੍ਹਾਂ ਦੇ ਬ੍ਰਾਹਮਣੀ ਵਰਤ, ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ। ਮੈਂ ਤਾਂ ਨੇਮ ਨਾਲ ਗੁਰਦੁਆਰੇ ਜਾਣ ਵਾਲੇ ਕੁੱਝ ਸਿੱਖਾਂ ਦੇ ਘਰ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖ ਕੇ ਉਨ੍ਹਾਂ ਦੀ ਪੂਜਾ ਹੁੰਦੀ ਵੀ ਵੇਖੀ ਹੈ।
ਸਿਖ ਨੌਜਵਾਨੀ ਵਾਸਤੇ ਇਹ ਬਹੁਤ ਵੱਡੇ ਇਮਤਿਹਾਨ ਦਾ ਸਮਾਂ ਹੈ ਕਿ ਉਹ ਇਤਨੀ ਵੱਡੀ ਸਾਜਿਸ਼ ਵਿਚੋਂ ਕਿਵੇਂ ਬੱਚ ਕੇ ਨਿਕਲਦੀ ਹੈ? ਸਭ ਤੋਂ ਪਹਿਲਾਂ ਇਸ ਸਾਰੀ ਖੇਡ ਨੂੰ ਚੰਗੀ ਤਰ੍ਹਾਂ ਸਮਝ ਕੇ, ਸਾਰੀ ਸਾਜਸ਼ ਨੂੰ ਨਾਕਾਮ ਕਰਨ ਲਈ ਇੱਕ ਇਨਕਲਾਬੀ ਲਹਿਰ ਬਨਾਉਣੀ ਪਵੇਗੀ। ਸਿੱਖ ਨੌਜਵਾਨੀ ਨੂੰ ਇੱਕ ਪੱਕੇ ਇਰਾਦੇ ਨਾਲ ਇਨ੍ਹਾਂ ਤਿੰਨਾਂ ਮਹਾਮਾਰੀਆਂ ਖਿਲਾਫ ਜੂਝਣਾ ਪਵੇਗਾ। ਕੌਮ ਨੂੰ ਆਪਣੇ ਸਾਧਨ(Resources) ਪੈਦਾ ਕਰਨੇ ਪੈਣਗੇ। ਪੰਥਕ ਜਥੇਬੰਦੀਆਂ ਨੂੰ ਬਾਕੀ ਸਭ ਪਾਸਿਉਂ ਧਿਆਨ ਹਟਾ ਕੇ ਸਿੱਖ ਨੌਜਵਾਨੀ ਨੂੰ ਇਨ੍ਹਾਂ ਤਿਨ ਮਾਰੂ ਰੋਗਾਂ ਤੋ ਬਚਾਉਣ ਲਈ ਸਾਰਥਕ ਪ੍ਰੋਗਰਾਮ ਉਲੀਕਣੇ ਪੈਣਗੇ। ਗੁਰਮਤਿ ਪ੍ਰਚਾਰ ਦੇ ਨਾਲ ਨਾਲ ਇਨ੍ਹਾਂ ਮਹਾਮਾਰੀਆਂ ਖਿਲਾਫ ਵੀ ਪ੍ਰਚਾਰ ਮੁਹਿੰਮ ਛੇਡ਼ਨੀ ਪਵੇਗੀ, ਤਾਂ ਕੌਮ ਬਚੇਗੀ। ਅਗਲਾ ਘੇਰਾ ਹੈ ਭਗਵਾ-ਕਰਨ ਦਾ। ਅਸਲ ਵਿੱਚ ਹਿੰਦੂਤੱਵੀ ਸ਼ਕਤੀਆਂ ਨੂੰ ਡਰ ਸਿੱਖ ਦੇ ਸਰੂਪ ਤੋਂ ਨਹੀਂ, ਸਿੱਖੀ ਸਿਧਾਂਤ ਤੋਂ ਹੈ। ਇਨ੍ਹਾਂ ਦਾ ਅਸਲ ਵੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਨਾਲ ਹੈ। ਜਿਸ ਦਾ ਇਲਾਹੀ ਗਿਆਨ ਬ੍ਰਾਹਮਣਵਾਦ ਦੇ ਕੂਡ਼ ਪਾਜ, ਗੈਰ ਮਨੁੱਖੀ ਵਰਨਵੰਡ, ਵਿਖਾਵੇ ਦੇ ਧਰਮ-ਪਾਖੰਡ, ਪੂਜਾ ਤੇ ਪੂਜਾਰੀਵਾਦ, ਮੰਤਰ ਸ਼ਕਤੀ ਤੇ ਮੰਤਰਜਾਪ ਅਤੇ ਕਰਮਕਾਂਡੀ ਸਾਜਸ਼ਾਂ ਨੂੰ ਨਾ ਸਿਰਫ ਨਕਾਰਦਾ ਹੈ ਬਲਕਿ ਸਮਾਜ ਵਿੱਚ ਪੂਰੀ ਤਰ੍ਹਾਂ ਨੰਗਾ ਕਰਕੇ ਇਸ ਤੋਂ ਬਚਣ ਲਈ ਪ੍ਰੇਰਤ ਕਰਦਾ ਹੈ। ਬ੍ਰਾਹਮਣਵਾਦ ਨੂੰ ਡਰ ਗੁਰੂ ਨਾਨਕ ਪਾਤਿਸ਼ਾਹ ਦੇ ਇੱਕ ਈਸ਼ਵਰੀਵਾਦ, ਮਨੁੱਖੀ ਬਰਾਬਰੀ, ਮਨੁਖੀ ਭਾਈਚਾਰੇ, ਨਿਰਮਲ ਅਮਲੀ ਜੀਵਨ, ਸੱਚ ਧਰਮ ਅਤੇ ਸਰਬੱਤ ਦੇ ਭਲੇ ਦੇ ਫਲਸਫੇ ਤੋਂ ਹੈ ਜੋ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਰਗਟ ਹੁੰਦਾ ਹੈ। ਇਸ ਲਈ ਅਗਲੀ ਸਾਜਿਸ਼ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋਡ਼ਨ ਦੀ ਹੈ।
ਸਭ ਤੋਂ ਪਹਿਲਾਂ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁਡ਼ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੁੰ ਮਨਣਾ ਅਤੇ ਸਤਿਗੁਰੂ ਨਾਲੋਂ ਟੁਟਣਾ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਫੁਰਮਾਉਂਦੀ ਹੈ:
"ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।। " (ਗਉਡ਼ੀ ਕੀ ਵਾਰ ਮਹਲਾ ੪ –ਪੰਨਾਂ ੩੦੪)
ਸਤਿਗੁਰੂ ਦੀ ਬਾਣੀ ਸੱਚੇ ਪ੍ਰਭੂ ਦਾ ਸਰੂਪ ਹੈ (ਕਿਉਂਕਿ ਇਹ ਨਿਰੋਲ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ) ਤੇ ਸਤਿਗੁਰੂ ਦੀ ਬਾਣੀ ਰਾਹੀਂ (ਸਤਿ ਸਰੂਪ) ਬਣ ਜਾਈਦਾ ਹੈ।ਸਿੱਖ ਨੇ ਕੇਵਲ ਆਪਣੇ ਜੀਵਨ ਨੂੰ ਹੀ ਨਹੀਂ, ਪੂਰੇ ਮਨੁੱਖੀ ਸਮਾਜ ਨੂੰ, ਇਨਸਾਨੀ ਭਾਈਚਾਰੇ ਨੂੰ ਗੁਰਮਤਿ ਦੇ ਰੰਗ ਵਿੱਚ ਰੰਗਣਾ ਹੈ, ਜੋ ਗੁਰਬਾਣੀ ਨੂੰ ਆਪ ਪਡ਼੍ਹਕੇ, ਵਿਚਾਰੇ, ਸਮਝੇ ਬਿਨਾ ਸੰਭਵ ਨਹੀਂ।
ਸੋ ਅਗਲਾ ਘੇਰਾ ਜੋ ਪੰਥ ਦੋਖੀ ਸ਼ਕਤੀਆਂ ਨੇ ਸਿੱਖੀ ਨੂੰ ਪਾਇਆ ਹੋਇਆ ਹੈ ਉਹ ਹੈ ਸਿੱਖੀ ਦਾ ਸਨਾਤਨੀਕਰਨ ਜਾਂ ਭਗਵਾਕਰਨ ਕਰਨਾ। ਇਸ ਮਕਸਦ ਵਾਸਤੇ ਸਿੱਖੀ ਅੰਦਰ ਇੱਕ ਵੱਡਾ ਜਾਲ ਵਿਛਾਇਆ ਗਿਆ ਹੈ। ਇਹ ਜੋ ਇਤਨੇ ਗੋਲ ਪੱਗਾਂ ਅਤੇ ਲੰਬੇ ਚੋਲਿਆਂ ਵਾਲੇ, ਆਪਣੇ ਆਪ ਨੂੰ ਸੰਤ, ਸਾਧ, ਬਾਬਾ, ਬ੍ਰਹਮਗਿਆਨੀ, ਮਹਾਂਪੁਰਖ ਅਦਿ ਕਹਾਉਣ ਵਾਲੇ ਪਾਖੰਡੀ ਤੁਰੇ ਫਿਰਦੇ ਹਨ, ਇਹ ਸਭ ਇਹੀ ਕੰਮ ਕਰ ਰਹੇ ਹਨ। ਅਸਲ ਵਿੱਚ ਇਹ ਸਭ ਜਾਣੇ-ਅਣਜਾਣੇ ਇਨ੍ਹਾਂ ਬਿਪਰਵਾਦੀ, ਪੰਥ ਦੋਖੀ ਸ਼ਕਤੀਆਂ ਦੇ ਏਜੰਟ ਹਨ। ਪੰਥ ਦੋਖੀ ਸ਼ਕਤੀਆਂ ਨੇ ਸਿੱਖ ਕੌਮ ਨੂੰ ਬਰਬਾਦ ਕਰਨ ਲਈ ਦੋ ਬਹੁਤ ਵੱਡੇ ਕੰਮ ਇਨ੍ਹਾਂ ਰਾਹੀਂ ਹੀ ਕਰਾਏ ਹਨ। ਪਹਿਲਾ ਹੈ ਸਿੱਖ ਕੌਮ ਨੂੰ ਵੰਡਣ ਦਾ ਅਤੇ ਵੰਡੀਆਂ ਪਾਕੇ ਕਮਜ਼ੋਰ ਕਰਨ ਦਾ। ਅੱਜ ਇਨ੍ਹਾਂ ਨਿਰੰਕਾਰੀ, ਆਸ਼ੂਤੋਸ਼ੀਏ, ਝੂਠਾ ਸੌਦਾ, ਭਨਿਆਰਾ, ਬਿਆਸ ਵਾਲੇ, ਨਾਮਧਾਰੀਏ ਆਦਿ ਦੇ ਡੇਰਿਆਂ ਤੇ ਜਾਣ ਵਾਲੇ ਬਹੁਤੇ ਸਿੱਖ ਹੀ ਹਨ। ਦੁਸ਼ਮਨ ਨੇ ਇਤਨਾ ਕਮਾਲ ਦਾ ਜਾਲ ਵਿਛਾਇਆ ਹੈ ਕਿ ਪਹਿਲਾਂ ਤਾਂ ਜੋ ਡੇਰਿਆਂ ਦੇ ਹੋ ਗਏ ਉਹ ਸਿੱਖੀ ਪਖੋਂ ਜਿਉਂਦੇ ਹੀ ਮਰ ਗਏੇ, ਫੇਰ ਜੇ ਲਡ਼ਾਈ-ਝਗਡ਼ਾ ਹੋਵੇ, ਜਿਸ ਪਾਸਿਓਂ ਵੀ ਮਰੇ ਸਿੱਖ ਹੀ ਮਰੇ। ਬਸ ਦੁਸ਼ਮਨ ਇਹੀ ਚਾਹੁੰਦਾ ਹੈ ਕਿ ਸਿੱਖ ਆਪਸ ਵਿੱਚ ਹੀ ਲਡ਼ ਲਡ਼ ਕੇ ਮਰ ਜਾਣ। ਨਿਰੰਕਾਰੀ ਕਾਂਡ ਵਿੱਚ ਕੀ ਹੋਇਆ ਅਤੇ ਹੁਣ ਸੌਦਾ ਸਾਧ ਦੇ ਕੇਸ ਵਿੱਚ ਕੀ ਹੋ ਰਿਹਾ ਹੈ? ਨਾਲੇ ਜੇ ਆਪਸ ਵਿੱਚ ਹੀ ਲਡ਼ਦੇ ਰਹਿਣਗੇ ਤਾਂ ਘੱਟੋ-ਘੱਟ ਅਸਲੀ ਦੁਸ਼ਮਨ ਵੱਲ ਤਾਂ ਧਿਆਨ ਨਹੀਂ ਜਾਵੇਗਾ।ਉੱਪਰ ਕੁੱਝ ਡੇਰਿਆਂ ਦੇ ਨਾਂ ਲਿਖਣ ਨਾਲ ਇੰਝ ਜਾਪਦਾ ਹੋਵੇਗਾ ਜਿਵੇਂ ਇਹੀ ਸਭ ਪੰਥ ਦੋਖੀ ਹਨ ਅਤੇ ਬਾਕੀ ਸਭ ਬਾਬੇ ਪੰਥ ਦਰਦੀ ਅਤੇ ਗੁਰਮਤਿ ਦੇ ਧਾਰਨੀ। ਬਿਲਕੁਲ ਨਹੀਂ। ਬਸ ਫਰਕ ਸਿਰਫ ਇਤਨਾ ਹੈ ਕਿ ਉਹ ਇਤਨੇ ਸਥਾਪਤ ਅਤੇ ਸ਼ਕਤੀਸ਼ਾਲੀ ਹੋ ਚੁੱਕੇ ਹਨ ਕਿ ਉਨ੍ਹਾਂ ਨੁੰ ਹੁਣ ਆਪਣੀ ਹੱਟੀ ਚਲਾਉਣ ਲਈ, ਗੁਰੂ ਗ੍ਰੰਥ ਸਾਹਿਬ ਦੀ ਲੋਡ਼ ਨਹੀਂ ਰਹੀ। ਹੁਣ ਉਹ ਆਪ ਗੁਰੂ ਬਣ ਬੈਠੇ ਹਨ ਅਤੇ ਉਹ ਖਾਲਸਾ ਪੰਥ ਦੇ ਮੁਕਾਬਲੇ ਆਪਣੇ ਅਲੱਗ ਪੰਥ ਚਲਾਈ ਬੈਠੇ ਹਨ ਅਤੇ ਇਹ ਅਜੇ ਆਪਣੇ ਆਪ ਨੂੰ ਸਥਾਪਤ ਕਰ ਰਹੇ ਹਨ। ਕੰਮ ਇਹ ਵੀ ਉਤਨਾਂ ਹੀ ਖਤਰਨਾਕ ਕਰ ਰਹੇ ਹਨ। ਪਖੰਡੀ ਬਾਬੇ ਜਿਤਨੇ ਮਜਬੂਤ ਹੋਣਗੇ, ਸਿੱਖੀ ਵਿੱਚ ਕਰਮਕਾਂਡ, ਮੰਤਰ ਜਾਪ, ਤੀਰਥਾਂ ਦੇ ਦਰਸ਼ਨ ਇਸ਼ਨਾਨ, ਵਹਿਮ ਭਰਮ, ਲਗਨ, ਸ਼ਗਨ-ਅਪਸ਼ਗਨ, ਪੂਜਾ, ਤਪ-ਸਾਧਨੇ ਹਰ ਦਿਨ ਵੱਧਦੇ ਜਾਣਗੇ ਅਤੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦਾ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਤੋਂ ਬਹੁਤ ਦੂਰ ਹੋ ਜਾਵੇਗਾ। ਇਹੀ ਹੈ ਸਿੱਖੀ ਦਾ ਸਨਾਤਨੀਕਰਨ ਅਤੇ ਭਗਵਾਕਰਨ।ਬਹੁਤ ਵੱਡੀਆਂ ਅਤੇ ਗੰਭੀਰ ਚੁਣੌਤੀਆਂ ਹਨ, ਨੌਜਵਾਨ ਸਿੱਖ ਪੀਡ਼੍ਹੀ ਅੱਗੇ। ਇਨ੍ਹਾਂ ਪਖੰਡੀ ਬਾਬਿਆਂ ਦੇ ਭਰਮਜਾਲ ਨੂੰ ਤੋਡ਼ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਲਾਹੀ ਸੱਚ ਗਿਆਨ ਨੂੰ ਪਰਗਟ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਨੂੰ ਬਚਾਉਣਾ। ਦੋ ਪ੍ਰਣ ਤਾਂ ਹਰ ਸਿੱਖ ਨੂੰ ਅਜ ਹੀ ਕਰਨੇ ਪੈਣਗੇ। ਪਹਿਲਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੋਜ਼ ਨੇਮ ਨਾਲ ਜ਼ਰੂਰ ਪਡ਼੍ਹਨੀ ਹੈ ਅਤੇ ਦੂਸਰਾ ਕਿ ਜਿਤਨੀ ਬਾਣੀ ਪਡ਼੍ਹਨੀ ਹੈ, ਸਮਝ ਕੇ, ਵਿਚਾਰ ਕੇ ਪਡ਼੍ਹਨੀ ਹੈ। ਵਿਚਾਰ ਕੇ ਬਾਣੀ ਪਡ਼੍ਹਾਂਗੇ ਤਾਂਹੀ ਪਤਾ ਲਗੇਗਾ, ਸਾਡੇ ਕੋਲ ਕਿਤਨੇ ਰਤਨ ਪਦਾਰਥਾਂ ਨਾਲ ਭਰਪੂਰ ਕਿਡਾ ਅਲੌਕਿਕ, ਇਲਾਹੀ ਗਿਆਨ ਖਜਾਨਾ ਹੈ। ਜਦੋਂ ਸਤਿਗੁਰੂ ਦੀ ਬਖਸ਼ੀ ਗਿਆਨ ਖਡ਼ਗ ਫਡ਼ ਕੇ ਮੈਦਾਨ ਵਿੱਚ ਨਿਤਰਾਂਗੇ, ਕੋਈ ਦੁਸ਼ਮਨ ਅਗੇ ਟਿੱਕ ਨਹੀਂ ਸਕੇਗਾ।
ਬਸ ਇੱਕ ਆਖਰੀ ਗੱਲ ਹੋਰ ਸਾਂਝੀ ਕਰਨੀ ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਨਿਰਭਉ, ਨਿਰਵੈਰ ਦਾ ਸਿਧਾਂਤ ਦਿਤਾ। ਇਸੇ ਨੂੰ ਫਿਰ ਛੇਵੇਂ ਜਾਮੇ, ਸ੍ਰੀ ਗੁਰੂ ਹਰਿਗੋਬਿੰਦ ਪਾਤਿਸ਼ਾਹ ਦੇ ਰੂਪ ਵਿੱਚ ਮੀਰੀ ਪੀਰੀ ਵਜੋਂ ਪਰਗਟ ਕੀਤਾ। ਸਤਿਗੁਰੂ ਨੇ ਇਹ ਸਪਸ਼ਟ ਕਰ ਦਿਤਾ ਕਿ ਰਾਜਨੀਤੀ ਅਤੇ ਸ਼ਕਤੀ ਬਿਨਾਂ, ਧਰਮ ਕਦੇ ਸੁਰਖਿਅਤ ਨਹੀਂ ਰਹਿ ਸਕਦਾ। ਸੁਆਰਥੀ ਸਿੱਖ ਆਗੂਆਂ ਨੇ ਇਸ ਸਿਧਾਂਤ ਦੀ ਗਲਤ ਵਿਆਖਿਆ ਕਰਕੇ ਜਿਤਨੀ ਦੁਰਵਰਤੋਂ ਕੀਤੀ ਹੈ, ਉਹ ਬਿਆਨ ਤੋਂ ਬਾਹਰ ਹੈ। ਇਹ ਇਸ ਗਲ ਦਾ ਵੱਡਾ ਢੰਡੋਰਾ ਪਿਟਦੇ ਹਨ ਕਿ ਸਿੱਖ ਸਿਧਾਂਤ ਵਿੱਚ ਧਰਮ ਅਤੇ ਰਾਜਨੀਤੀ ਇਕੱਠੀ ਹੈ। ਪਰ ਰਾਜਨੀਤੀ ਵਰਤਣੀ ਸੀ ਧਰਮ ਦੀ ਰਖਿਆ ਅਤੇ ਪ੍ਰਫੁਲਤਾ ਲਈ। ਇਨ੍ਹਾਂ ਧਰਮ ਨੂੰ ਕੇਵਲ ਆਪਣੀ ਰਾਜਸੀ ਹਵਸ ਪੂਰੀ ਕਰਨ ਦਾ ਸਾਧਨ ਬਣਾ ਲਿਆ। ਇਹ ਸਾਰਾ ਰੌਲਾ ਇਸ ਲਈ ਪਾਇਆ ਜਾਂਦਾ ਹੈ, ਤਾਕਿ ਭੋਲੇ-ਭਾਲੇ ਸਿੱਖਾਂ ਨੂੰ ਧਰਮ ਦੇ ਨਾਂਅ ਤੇ ਮੂਰਖ ਬਣਾ ਕੇ ਉਨ੍ਹਾਂ ਦੀਆਂ ਵੋਟਾਂ ਵਟੋਰੀਆਂ ਜਾ ਸਕਣ। ਰਾਜ ਸੱਤਾ ਦੀ ਭੁੱਖ ਵਿੱਚ ਇਨ੍ਹਾਂ ਦੇ ਜੀਵਨ ਵਿੱਚ ਇਤਨੀ ਗਿਰਾਵਟ ਆ ਚੁਕੀ ਹੈ ਕਿ ਧਰਮ ਦੇ ਨਾਂਅ ਦੀ ਵਰਤੋਂ ਦੇ ਨਾਲ ਨਾਲ ਵੋਟਾਂ ਵਾਸਤੇ ਇਹ ਹਰ ਪਾਪ ਅਤੇ ਦੁਸ਼ਟ ਕਰਮ ਕਰਦੇ ਹਨ। ਸਿੱਖੀ ਦੇ ਠੇਕੇਦਾਰ ਚੋਣਾਂ ਜਿਤਨ ਖਾਤਰ ਹਰ ਉਹ ਕਰਮ ਕਰਦੇ ਹਨ, ਜੋ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਹਨ। ਨਸ਼ੇ ਵੰਡਣੇ, ਵੋਟਾਂ ਖਰੀਦਣੀਆ, ਗੁੰਡਾ ਗਰਦੀ ਕਰਨੀ ਤੇ ਹੋਰ ਐਸੇ ਕਰਮ ਜਿਨ੍ਹਾਂ ਨੂੰ ਲਿਖਦਿਆਂ ਵੀ ਸ਼ਰਮ ਆਉਂਦੀ ਹੈ। ਹੋਰ ਤਾਂ ਹੋਰ ਇਨ੍ਹਾਂ ਨੇ ਗੁਰਦੁਆਰਾ ਚੋਣਾ ਨੂੰ ਵੀ ਇਸ ਗੰਦਗੀ ਤੋਂ ਨਹੀਂ ਬਖਸ਼ਿਆ। ਜਦੋਂ ਚੋਣਾਂ ਆਉਂਦੀਆਂ ਨੇ ਸਿੱਖ ਆਗੂ ਕਹਾਉਣ ਵਾਲਿਆਂ ਦੁਆਰਾ ਸਿੱਖ ਸਿਧਾਂਤ ਮਿੱਟੀ ਵਿੱਚ ਰੋਲੇ ਜਾਂਦੇ ਹਨ। ਸਿੱਖੀ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਹ ਸਿੱਖਾਂ ਵਿੱਚ ਕਿਤਨੇ ਹਰਮਨ ਪਿਆਰੇ ਹਨ, ਇਹ ਇਸ ਗੱਲ ਤੋਂ ਹੀ ਸਪਸ਼ਟ ਹੈ ਕਿ ਸਿੱਖਾਂ ਦੀਆਂ ਵੋੱਟਾਂ ਲੈਣ ਵਾਸਤੇ ਇਨ੍ਹਾਂ ਨੂੰ ਇਹ ਸਾਰੇ ਪਾਪ ਕਰਮ ਕਰਨੇ ਪੈਂਦੇ ਹਨ। ਪਰ ਕੀ ਫਰਕ ਪੈਂਦਾ ਹੈ, ਬਸ ਇੱਕ ਵਾਰੀ ਚੋਣਾਂ ਜਿਤ ਲਈਆਂ, ਫਿਰ ਮੌਜਾਂ ਹੀ ਮੌਜਾਂ। ਗੱਲ ਵੀ ਤਾਂ ਠੀਕ ਹੈ, ਇਤਨਾ ਤਰੱਦਦ ਕਰਕੇ, ਇਤਨਾ ਖਰਚਾ ਕਰਕੇ ਰਾਜਸੱਤਾ ਹਾਸਲ ਕੀਤੀ ਹੈ। ਹੁਣ ਤਾਂ ਸੂਬੇ ਅਤੇ ਜਨਤਾ ਨੂੰ ਲੁਟਣ ਦਾ ਹੱਕ ਮਿਲ ਗਿਆ ਹੈ। ਜਿਵੇਂ ਵੀ ਲੁਟਿਆ ਜਾ ਸਕੇ। ਕੌਮ ਤਾਂ ਪਹਿਲਾਂ ਹੀ ਵਿਸਾਰੀ ਹੋਈ ਸੀ, ਹੁਣ ਕਾਹਦੀ ਯਾਦ ਆਉਣੀ ਹੈ। ਹਾਂ ਨਾਂਅ ਜਰੂਰ ਵੱਡੇ ਵੱਡੇ ਰਖ ਲਏ ਜਾਂਦੇ ਹਨ, ਅਖੇ, ਮਾਹਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ ਹੈ। ਆਪਣੇ ਮੂੰਹ ਮੀਆਂ ਮਿੱਠੂ। ਕਿਸੇ ਇਤਿਹਾਸਕ ਸਿੱਖ ਸ਼ਖਸੀਅਤ ਦਾ ਨਾਂ ਵੀ ਸਾਫ ਨਹੀਂ ਰਹਿਣ ਦੇਣਾ। ਕੋਈ ਪੁੱਛੇ, ਜਿਹਡ਼ੇ ਇਤਨੇ ਭ੍ਰਿਸ਼ਟਾਚਾਰ ਦੇ ਕੇਸ ਬਣੇ ਹੋਏ ਹਨ, ਕੀ ਇਹ ਸਭ ਮਹਾਰਾਜਾ ਰਣਜੀਤ ਸਿੰਘ ਤੇ ਬਣੇ ਹੋਏ ਹਨ?
ਉਪਰਲੀ ਗੱਲਬਾਤ ਤੋਂ ਸਪਸ਼ਟ ਹੈ ਕਿ ਇਹ ਸਭ ਬਾਦਲਕਿਆਂ ਬਾਰੇ ਲਿਖਿਆ ਜਾ ਰਿਹਾ ਹੈ। ਦੂਸਰਿਆਂ ਬਾਰੇ ਕੀ ਲਿਖਾਂ? ਕਹਿਣਗੇ, ਸਾਨੂੰ ਤਾਂ ਆਪਣਾ ਕਿਰਦਾਰ ਵਿਖਾਉਣ ਦਾ ਮੌਕਾ ਹੀ ਨਹੀਂ ਮਿਲਿਆ। ਪਰ ਇੱਕ ਗੱਲ ਤਾਂ ਜ਼ਰੂਰ ਲਿਖ ਸਕਦਾ ਹਾਂ, ਜੋ ਆਪ ਤਜਰਬਾ ਕੀਤੀ ਹੈ। ਚੋਣਾ ਵਿੱਚ ਇਨ੍ਹਾਂ ਦਾ ਕਿਰਦਾਰ ਵੀ ਉਹੀ ਹੈ, ਜੋ ਬਾਦਲਕਿਆਂ ਦਾ। ਪਿੱਛਲੀਆਂ ਕੁੱਝ ਚੋਣਾਂ ਵਿਚ, ਵਿਸ਼ੇਸ਼ ਕਰਕੇ ਗੁਰਦੁਆਰਾ ਚੋਣਾਂ ਵਿੱਚ ਬਡ਼ੀ ਬੇਨਤੀ ਕੀਤੀ, ਘੱਟੋ-ਘੱਟ ਅਸੀਂ ਤਾਂ ਆਪਣਾ ਸਿੱਖ ਕਿਰਦਾਰ ਨਿਭਾਈਏ। ਤਕਰੀਬਨ ਸਭ ਦਾ ਮਿਲਦਾ ਜੁਲਦਾ ਜੁਆਬ ਸੀ। ਚੋਣਾਂ ਵਿੱਚ ਇਹ ਸਭ ਕਰਨਾ ਪੈਂਦਾ ਹੈ। ਸਤਿਗੁਰੂ ਨੇ ਪਾਪ ਦੇ ਖਿਲਾਫ ਧਰਮ ਦੀ ਖਡ਼ਗ ਲੈਕੇ ਜੰਗ ਕੀਤੀ ਸੀ, ਇਹ ਪਾਪ ਨੂੰ ਪਾਪ ਨਾਲ ਮਾਰਨਾ ਚਾਹੁੰਦੇ ਹਨ। ਗੁਰੂ ਪਾਤਿਸ਼ਾਹ ਜਾਂ ਉਨ੍ਹਾਂ ਦੇ ਨਿਰਮਲ ਸਿਧਾਂਤਾਂ ਤੇ ਤਾਂ ਕਿਸੇ ਨੂੰ ਵਿਸ਼ਵਾਸ ਨਹੀਂ। ਇਸੇ ਲਈ ਉਦੋਂ ਹੀ ਮੰਨ ਬਣਾ ਲਿਆ ਇਸ ਗੰਦ ਵਿਚੋਂ ਨਿਕਲ ਜਾਣਾ ਹੈ।
ਆਪਣੀ ਗੱਲ ਛੱਡ ਕੇ ਕੌਮ ਦੀ ਗੱਲ ਕਰਾਂ। ਸੱਚਾਈ ਤਾਂ ਇਹ ਹੈ ਕਿ ਅਜ ਕੌਮ ਦੀ ਗੱਲ ਕਰਨ ਵਾਲਾ ਹੀ ਕੋਈ ਨਹੀਂ।
ਅਸੀਂ ਅਕਸਰ ਇਹ ਕਹਿ ਕੇ ਤਸੱਲੀ ਕਰ ਲੈਂਦੇ ਹਾਂ ਕਿ ਫਿਲਮਾਂ, ਟੀ ਵੀ ਅਤੇ ਪੱਛਮੀਂ ਪ੍ਰਭਾਵ ਨੇ ਇਹ ਜ਼ੁਲਮ ਢਾਇਆ ਹੈ। ਪਰ ਇਨ੍ਹਾਂ ਸਭ ਚੀਜ਼ਾਂ ਦਾ ਇਤਨਾ ਮਾਰੂ ਪ੍ਰਭਾਵ ਕੇਵਲ ਪੰਜਾਬ ਤੇ ਹੀ ਕਿਉਂ ਪੈ ਰਿਹਾ ਹੈ, ਪੰਜਾਬ ਤੋਂ ਬਾਹਰ ਕਿਉਂ ਨਹੀਂ ਪੈ ਰਿਹਾ? ਜਿਵੇਂ ਜਿਵੇਂ ਪੰਜਾਬ ਤੋਂ ਦੂਰ ਜਾਂਦੇ ਜਾਓ, ਕੋਈ ਵਿਰਲਾ ਹੀ ਪਤਿਤ ਸੂਰਤ ਵਾਲਾ ਮਿਲਦਾ ਹੈ, ਉਹ ਵੀ ਆਮ ਤੌਰ ਤੇ ਜਿਸਦਾ ਪਿਛੋਕਡ਼ ਪੰਜਾਬ ਨਾਲ ਹੋਵੇ। ਮੇਰੇ ਕਹਿਣ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਇਨ੍ਹਾਂ ਚੀਜ਼ਾਂ ਦਾ ਕੋਈ ਅਸਰ ਨਹੀਂ। ਪੱਛਮੀਂ ਸਭਿਆਚਾਰ ਨੇ ਤਾਂ ਪੂਰੇ ਪੂਰਬ-ਦਖੱਣ ਏਸ਼ੀਆ ਖੇਤਰ ਨੂੰ ਪ੍ਰਭਾਵਤ ਕੀਤਾ ਹੋਇਆ ਹੈ ਅਤੇ ਭਾਰਤ ਇਸ ਦੀ ਵਿਸ਼ੇਸ਼ ਮਾਰ ਥਲੇ ਹੈ। ਭਾਰਤੀ ਫਿਲਮਾਂ, ਟੀ ਵੀ ਅਤੇ ਹੋਰ ਮੀਡੀਆ, ਸਿੱਖ ਬੱਚਿਆਂ ਨੂੰ ਗੁਮਰਾਹ ਕਰਨ, ਉਨ੍ਹਾਂ ਅੰਦਰ ਕੌਮੀ ਹੀਨ ਭਾਵਨਾ ਪੈਦਾ ਕਰਨ ਅਤੇ ਸਿੱਖੀ ਵਿੱਚ ਸਿਧਾਂਤਕ ਰਲਗੱਡ ਕਰਨ ਵਾਸਤੇ ਪੂਰੀ ਸਾਜਸ਼ੀ ਵਿਓਂਤਬੰਦੀ ਨਾਲ ਕੰਮ ਕਰ ਰਹੇ ਹਨ। ਪਰ ਪੰਜਾਬ ਵਿੱਚ ਇਹ ਬੇਡ਼ਾ ਡੋਬਣ ਦੀ ਜਿਮੇਂਵਾਰ ਸਿਰਫ ਤੇ ਸਿਰਫ ਅਕਾਲੀ ਲੀਡਰਸ਼ਿਪ ਹੈ। ਇਨ੍ਹਾਂ ਨੇ ਬਹੁਤ ਤਰੀਕੇ ਨਾਲ ਪਤਿਤਪੁਣੇ ਨੂੰ ਉਤਸਾਹਤ ਕੀਤਾ, ਆਪਣੇ ਬੱਚਿਆਂ ਨੂੰ ਪਤਿਤ ਮਾਡਲ ਬਣਾਕੇ ਪੇਸ਼ ਕੀਤਾ, ਸਾਬਤ ਸੂਰਤ ਸਿਖ ਨੌਜੁਆਨਾਂ ਤੇ ਇਤਨਾ ਜ਼ੁਲਮ ਢਾਹਿਆ ਅਤੇ ਢੁਆਇਆ ਕੇ ਬਾਕੀ ਡਰਦੇ ਸਿਰ ਮੁਨਾ ਦੇਣ। ਆਪਣੇ ਰਾਜਕਾਲ ਵਿੱਚ ਸਿਰ ਮੁੰਨਿਆਂ ਨੂੰ ਨੌਕਰੀਆਂ ਦੇਕੇ, ਤਰੱਕੀਆਂ ਦੇਕੇ, ਸਿਆਸੀ ਮਾਨਤਾ ਦੇਕੇ ਨਿਵਾਜਿਆ। ਸਭ ਕੁੱਝ ਇਤਨੀ ਵਿਓਂਤ ਬੰਦੀ ਨਾਲ ਕੀਤਾ ਹੈ ਕਿ ਬਹੁਤੇ ਭੋਲੇ-ਭਾਲੇ ਸਿੱਖਾਂ ਨੂੰ ਸਮਝ ਹੀ ਨਹੀਂ ਲੱਗੀ ਕਿ ਉਹ ਕਦੋਂ ਸਿੱਖੀ ਤੋਂ ਬਹੁਤ ਦੂਰ ਚਲੇ ਗਏ ਹਨ। ਬਹੁਤੇ ਤਾਂ ਸਿਰ ਮੂੰਹ ਮੁਨਾਕੇ ਅਜ ਵੀ ਇਹੀ ਖੁਸ਼ਫਹਿਮੀ ਪਾਲ ਰਹੇ ਹਨ, ਕਿ ਵਾਲਾਂ ਨਾਲ ਕੀ ਫਰਕ ਪੈਂਦਾ ਹੈ? ਸਿੱਖੀ ਤਾਂ ਸਾਡੇ ਮਨ ਵਿੱਚ ਹੈ। ਕੌਣ ਸਮਝਾਵੇ? ਓਏ ਭੋਲਿਆ! ਜੇ ਮਨ ਵਿੱਚ ਸਿੱਖੀ ਬਚੀ ਹੁੰਦੀ ਤਾਂ ਚੇਹਰੇ ਤੋਂ ਫੁਟ-ਫੁਟ ਪੈਂਦੀ। ਹਾਂ ਕੁੱਝ ਕਟੱਡ਼ਵਾਦਤਾ ਦੀਆਂ ਕਣੀਆਂ ਬਚੀਆਂ ਹੋ ਸਕਦੀਆਂ ਹਨ, ਜਿਨ੍ਹਾਂ ਬਾਰੇ ਤੂੰ ਅੰਦਰ ਸਿੱਖੀ ਹੋਣ ਦਾ ਭਰਮ ਪਾਲ ਰਿਹਾ ਹੈਂ।
ਅਜ ਲੋਡ਼ ਹੈ ਕਿ ਸਿੱਖ ਨੌਜਵਾਨੀ ਆਪਣੇ ਵਿਚੋਂ ਇੱਕ ਨਵੀਂ ਲੀਡਰਸ਼ਿਪ ਉਭਾਰੇ। ਐਸੀ ਲੀਡਰਸ਼ਿਪ ਜੋ ਪ੍ਰੂਰੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪਰਣਾਈ ਹੋਵੇ। ਜੋ ਗੁਰਮਤਿ ਦੇ ਹਰ ਸਿਧਾਂਤ ਨੂੰ ਅਪਨਾਉਣਾ, ਆਪਣਾ ਆਦਰਸ਼ ਅਤੇ ਗੁਰਮਤਿ ਅਨੁਸਾਰ ਜੀਵਨ ਜੀਣ ਨੂੰ ਆਪਣਾ ਮਕਸਦ ਸਮਝਦੀ ਹੋਵੇ। ਜੋ ਪੰਥ ਪਰਸਤ ਹੋਵੇ, ਕੌਮ ਵਾਸਤੇ ਆਪਣਾ ਜੀਵਨ ਕੁਰਬਾਨ ਕਰ ਦੇਵੇ। ਦੂਰਅੰਦੇਸ਼ ਹੋਵੇ। ਕੌਮ ਖਿਲਾਫ ਘਡ਼ੀਆਂ ਜਾ ਰਹੀਆਂ ਗੁਪਤ ਸਾਜਸ਼ਾਂ ਨੂੰ ਸਮਝਣ ਦੇ ਸਮਰਥ ਹੋਵੇ। ਕਿਸੇ ਕੌਮੀ ਪ੍ਰੋਗਰਾਮ ਨੂੰ ਉਲੀਕਣ ਲੱਗਿਆਂ, ਉਸ ਦੇ ਕੌਮ ਦੇ ਭਵਿੱਖ ਤੇ ਅਗਲੀਆਂ ਸਦੀਆਂ ਵਿੱਚ ਪੈਣ ਵਾਲੇ ਹਰ ਪ੍ਰਭਾਵ ਨੂੰ ਪਹਿਲਾਂ ਵਿਚਾਰ ਲਵੇ। ਜੋ ਇੱਕ ਨਵੀਂ ਆਜ਼ਾਦ ਹਸਤੀ ਵਾਲੀ ਸਿੱਖ ਜਥੇਬੰਦੀ ਕਾਇਮ ਕਰੇ। ਨੌਜਵਾਨ ਤਾਂ ਅਜ ਵੀ ਸਿਆਸਤ ਵਿੱਚ ਆ ਰਹੇ ਹਨ ਪਰ ਸਭ ਸਿਰਫ ਸਿਆਸਤ ਵਾਸਤੇ। ਸਭ ਦਾ ਨਿਸ਼ਾਨਾ ਐਮ ਐਲ ਏ ਅਤੇ ਵਜੀਰੀ ਦੀਆਂ ਕੁਰਸੀਆਂ ਹਨ। ਕਿਸੇ ਦਾ ਵੀ ਮਕਸਦ ਪੰਥ ਨਹੀਂ। ਹਰ ਕੋਈ ਜਨਤਾ ਵਿੱਚ ਵੱਡਾ ਆਗੂ ਬਣਕੇ ਉਭਰਨਾ ਚਾਹੁੰਦਾ ਹੈ। ਕੋਈ ਵਰਕਰ ਯਾ ਕੌਮ ਦਾ ਸੇਵਾਦਾਰ ਨਹੀਂ ਬਣਨਾ ਚਾਹੂਦਾ। ਮੇਰਾ ਇਹ ਮਤਲਬ ਬਿਲਕੁਲ ਨਹੀਂ ਕਿ ਚੋਣਾਂ ਨਹੀਂ ਲਡ਼ਨੀਆਂ, ਐਮ ਐਲ ਏ, ਮਿਨਿਸਟਰ ਨਹੀਂ ਬਣਨਾ। ਪਰ ਮਿਸ਼ਨ ਇਕੋ ਹੋਣਾ ਚਾਹੀਦਾ ਹੈ, ਮੈਂ ਮਰ੍ਹਾਂ ਪੰਥ ਜੀਵੇ। ਜੋ ਕੰਮ ਕਰੇਗਾ, ਪਹਿਚਾਣ ਸੁਭਾਵਕ ਬਣ ਜਾਵੇਗੀ। ਸਾਡਾ ਮਕਸਦ ਮਨਿਸਟਰੀ ਨਾ ਹੋਵੇ। ਜੇ ਪ੍ਰਾਪਤ ਹੋ ਜਾਵੇ ਤਾਂ ਜਿਸ ਵਾਹਿਗੁਰੂ ਨੇ ਦਿੱਤੀ ਹੈ, ਉਸ ਦੀ ਬਖਸ਼ਿਸ਼ ਸਮਝ ਕੇ ਕੌਮ ਅਤੇ ਮਨੁਖਤਾ ਦੇ ਭਲੇ ਲਈ ਵਰਤੀਏ। ਦੁਨੀਆਂ ਨੂੰ ਦਸ ਦਈਏ, ਸਿੱਖ ਕਿਰਦਾਰ ਕੀ ਹੁੰਦਾ ਹੈ।ਇੱਕ ਵਚਨਬੱਧ ਅਗਵਾਈ ਵਿਚ, ਗੁਰਮਤਿ ਸਿਧਾਂਤਾਂ, ਪੰਥਕ ਮਰਿਯਾਦਾ ਅਤੇ ਪੂਰਨ ਪੰਥਕ ਹਿਤਾਂ ਨੂੰ ਪਰਨਾਈ ਹੋਈ, ਕਿਸੇ ਧਡ਼ੇਬੰਦੀ ਤੋਂ ਨਿਰਲੇਪ, ਪੰਥ ਦੀ ਆਜ਼ਾਦ ਹਸਤੀ ਦੀ ਪ੍ਰਤੀਕ, ਇੱਕ ਨਵੀਂ ਜਥੇਬੰਦੀ ਦੀ ਸਥਾਪਨਾ ਅਜ ਸਿੱਖ ਕੌਮ ਦੀ ਵੱਡੀ ਲੋਡ਼ ਹੈ। ਜਿਸ ਨੂੰ ਕੇਵਲ ਸਿੱਖ ਨੌਜਵਾਨੀ ਹੀ ਪੂਰਾ ਕਰ ਸਕਦੀ ਹੈ।
ਮੁਖ-ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ
(9876104726)


No comments:
Post a Comment