ਪ੍ਰੋ. ਬਲਵਿੰਦਰਪਾਲ ਸਿੰਘ
ਪਿਛਲੇ ਦੌਰ ਵਿਚ ਮਾਰਕਸਵਾਦੀ ਵਿਚਾਰਧਾਰਾ ਦਾ ਸ਼ੀਰਾਜਾ ਰੂਸ ਖੰਡ ਖੰਡ ਹੋ ਚੁੱਕਿਆ ਹੈ। ਕਾਰਣ ਇਹ ਹੈ ਕਿ ਰੂਸ ਦੇ ਮਾਰਕਸਵਾਦੀ ਆਗੂਆਂ ਨੇ ਨਾ ਸਮੇਂ ਦੀ ਨਬਜ਼ ਨੂੰ ਪਛਾਣਿਆ ਹੈ ਅਤੇ ਨਾ ਹੀ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਹੈ। ਨਤੀਜੇ ਵਜੋਂ ਉਨ•ਾਂ ਦਾ ਜਨਤਾ ਵਿਚ ਆਧਾਰ ਖਤਮ ਹੋ ਗਿਆ। ਪਰ ਪਿੱਛੇ ਜਿਹੇ ਉਨ•ਾਂ ਨੇ ਡੂੰਘੀ ਨੀਝ ਤੇ ਸਿਆਣਪ ਤੋਂ ਕੰਮ ਲੈ ਕੇ ਅਜੋਕੇ ਯੁਗ ਵਿਚ ਧਰਮ ਦੇ ਮਹੱਤਵ ਨੂੰ ਸਮਝਦਿਆਂ ਹੋਇਆ ਆਪਣਾ ਵਿਰਸਾ ਤੇ ਵਰਤਮਾਨ ਈਸਾਈਅਤ ਨਾਲ ਜੋੜ ਲਿਆ ਹੈ ਤਾਂ ਜੋ ਉਹ ਲੋਕਾਂ ਵਿਚ ਆਪਣਾ ਆਧਾਰ ਦੁਬਾਰਾ ਸਿਰਜ ਸਕਣ। ਇਸ ਦਾ ਨਤੀਜਾ ਇਹ ਹੋਇਆ ਕਿ ਰੂਸ ਦੇ ਲੋਕਾਂ ਵਿਚ ਉਨ•ਾਂ ਦੀ ਪੁਛ ਪ੍ਰਤੀਤ ਦੁਬਾਰਾ ਹੋਣ ਲੱਗ ਪਈ ਹੈ।
ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਮਾਰਕਸਵਾਦੀ ਸਿੱਖ ਚਿੰਤਕਾਂ ਨੇ ਇਸ ਤੋਂ ਕੋਈ ਸਬਕ ਨਹੀਂ ਸਿਖਿਆ। ਉਨ•ਾਂ ਦੀ ਸੋਚ ਇਥੇ ਖੜੀ ਹੈ ਕਿ ਰੂਸ ਦੇ ਲੋਕਾਂ ਨੇ ਮਾਰਕਸਵਾਦੀ ਵਿਚਾਰਧਾਰਾ ਨੂੰ ਨਹੀਂ ਨਕਾਰਿਆ, ਬਲਕਿ ਉਥੋਂ ਦੇ ਆਗੂਆਂ ਦੀ ਨੀਤੀ ਨੂੰ ਨਕਾਰਿਆ ਹੈ ਜੋ ਕਿ ਸੁਚੱਜੇ ਢੰਗ ਨਾਲ ਲੋਕਾਂ ਦੀ ਅਗਵਾਈ ਨਹੀਂ ਕਰ ਸਕੇ। ਇਨ•ਾਂ ਚਿੰਤਕਾਂ ਦੀ ਸੋਚ ਇਸੇ ਰੂੜੀਵਾਦੀ ਸਿਧਾਂਤ ਨੂੰ ਲੈ ਕੇ ਖੜੀ ਹੈ ਕਿ 'ਮਾਰਕਸ ਅਨੁਸਾਰ ਧਰਮ ਅਫੀਮ' ਹੈ। ਇਸੇ ਰੂੜੀਵਾਦੀ ਸਿਧਾਂਤ ਕਾਰਣ ਉਹ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਅਗਾਂਹਵਧੂ ਵਿਚਾਰਧਾਰਾ ਨਾਲ ਟੱਕਰ ਲੈ ਕੇ ਆਪਣੇ ਲੋਕਾਂ ਵਿਚੋਂ ਆਧਾਰਹੀਣ ਹੋ ਗਏ ਹਨ। ਜੇਕਰ ਇਹ ਰੂਸ ਦੇ ਮਾਰਕਸੀਆਂ ਵਾਂਗ ਸਿੱਖ ਧਰਮ ਨੂੰ ਆਪਣਾ ਆਧਾਰ ਬਣਾ ਕੇ ਚਲਦੇ ਤਾਂ ਉਹ ਲੋਕਾਂ ਦੇ ਹਿਰਦੇ 'ਤੇ ਰਾਜ ਕਰਦੇ। ਇਨ•ਾਂ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਮਾਰਕਸ ਨੇ ਉਸ ਧਰਮ ਨੂੰ ਅਫੀਮ ਕਿਹਾ ਹੈ ਜੋ ਕਿ ਅੰਧ-ਵਿਸ਼ਵਾਸ ਫੈਲਾਉਂਦੇ ਹਨ। ਸਿੱਖ ਧਰਮ ਤਾਂ ਤਰਕਸ਼ੀਲ, ਅਗਾਂਹਵਧੂ ਅਤੇ ਉਤਮ ਕੀਮਤਾਂ ਦਾ ਪ੍ਰਸਾਰਨ ਕਰਨ ਵਾਲਾ ਧਰਮ ਹੈ। ਕੀ ਅਜਿਹਾ ਧਰਮ ਅਫੀਮ ਹੋ ਸਕਦਾ ਹੈ?
ਪਰ ਪੰਜਾਬ ਦੇ ਸਿੱਖ ਮਾਰਕਸਵਾਦੀ ਜੋ ਕਿ ਜ਼ਿਆਦਾਤਰ ਦਿਹਾਤੀ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਹਨ, ਨੇ ਇਸ ਸਚਿਆਈ ਨੂੰ ਸਮਝਣ ਦਾ ਯਤਨ ਨਹੀਂ ਕੀਤਾ, ਸਗੋਂ ਉਨ•ਾਂ ਨੇ ਗੁਰੂ ਗ੍ਰੰਥ ਸਾਹਿਬ ਵਿਰੋਧੀ ਨੀਤੀ ਅਪਨਾ ਕੇ ਪੰਜਾਬ ਦੀ ਜਵਾਨੀ ਨੂੰ ਵੀ ਗੁੰਮਰਾਹ ਕੀਤਾ ਅਤੇ ਪੰਜਾਬ ਦੀ ਸਿਆਸਤ ਨੂੰ ਵੀਹਵੀਂ ਸਦੀ ਦੇ ਸਤਵੇਂ ਦਹਾਕੇ ਵਿਚ ਕਮਿਊਨਿਸਟ ਜਾਂ ਮਾਰਕਸੀ ਵਿਚਾਰਧਾਰਾ ਵਿਚ ਢਾਲਣ ਦੀ ਅਸਫਲ ਕੋਸ਼ਿਸ਼ ਕੀਤੀ। ਪੰਜਾਬ ਵਿਚ ਕਮਿਊਨਿਸਟਾਂ ਦੇ ਤਿੰਨ ਧੜੇ ਰਹੇ - ਰੂਸ ਪੱਖੀ, ਚੀਨ ਪੱਖੀ ਅਤੇ ਖਾੜਕੂ ਮਾਰਕਸਵਾਦੀ ਲੈਨਿਨਵਾਦੀ। ਅਜਿਹਾ ਨਹੀਂ ਕਿ ਇਹੀ ਤਿੰਨ ਧੜੇ ਸਨ, ਬਲਕਿ ਛੋਟੇ ਛੋਟੇ ਗਰੁੱਪ ਗਿਣ ਲਈਏ ਤਾਂ ਇਹ ਗਿਣਤੀ ਦਰਜਨ ਦੇ ਨੇੜੇ ਜਾ ਢੁਕਦੀ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਇਨ•ਾਂ ਨੇ ਇਸ ਢੰਗ ਨਾਲ ਘੁਸਪੈਠ ਕਰ ਲਈ ਕਿ ਅਠਵੇਂ ਦਹਾਕੇ ਤੱਕ ਬਹੁਗਿਣਤੀ ਕਾਲਜ/ਯੂਨੀਵਰਸਿਟੀਆਂ ਦੇ ਅਧਿਆਪਕ ਕਮਿਊਨਿਸਟਾਂ ਵਿਚੋਂ ਹੀ ਆਉਂਦੇ ਸਨ। ਨਤੀਜਾ ਇਹ ਹੋਇਆ ਕਿ ਬਹੁਤੇ ਸਿੱਖ ਨੌਜਵਾਨ ਆਪਣੇ ਸਿੱਖ ਧਰਮ ਨੂੰ ਅਲਵਿਦਾ ਆਖ ਕੇ ਇਸ ਮਾਰਕਸੀ ਵਿਚਾਰਧਾਰਾ ਨਾਲ ਜਾ ਜੁੜੇ ਅਤੇ ਆਪਣੇ ਧਾਰਮਿਕ ਚਿੰਨ ਕੇਸ-ਦਾਹੜੀਆਂ ਤੱਕ ਕਟਾ ਕੇ ਨਸ਼ਿਆਂ, ਸ਼ਰਾਬਾਂ ਅਤੇ ਸਿਗਰਟਾਂ ਦੇ ਦੌਰ ਵਿਚ ਜਾ ਬਿਰਾਜੇ। ਇਸ ਕਿਸਮ ਨਾਲ ਉਹ ਆਪਣੇ ਆਪ ਨੂੰ ਅਗਾਂਹਵਧੂ ਅਤੇ ਆਧੁਨਿਕ ਆਖਣ ਲੱਗ ਪਏ। ਇਸ ਰੁਝਾਨ ਨੇ ਸਾਡੇ ਨੌਜਵਾਨਾਂ ਨੂੰ ਆਪਣੇ ਬਹੁਮੁੱਲੇ ਵਿਰਸੇ ਨਾਲੋਂ ਤੋੜ ਕੇ ਬਿਗਾਨੇ ਸਭਿਆਚਾਰ ਦੀ ਮਾਨਸਿਕ ਗੁਲਾਮੀ ਦਾ ਸ਼ਿਕਾਰ ਬਨਾਉਣ ਦੀ ਅਨਜਾਣੀ ਅਤੇ ਅਣਚਾਹੀ ਕੋਸ਼ਿਸ਼ ਕੀਤੀ ਹੈ। ਇਨ•ਾਂ ਬਿਗਾਨੇ ਸਭਿਆਚਾਰ ਪ੍ਰਸਾਰਨ ਵਾਲੇ ਸਿੱਖ ਧਰਮ ਨਾਲ ਸੰਬੰਧਿਤ ਕਾਮਰੇਡ ਆਗੂਆਂ ਨੇ ਇਸ ਇਤਿਹਾਸ ਵੱਲ ਵੀ ਖਿਆਲ ਨਹੀਂ ਕੀਤਾ ਕਿ ਜਦ 1947 ਵਿਚ ਦੇਸ ਅਜ਼ਾਦ ਹੋਇਆ ਸੀ ਤਾਂ ਰੂਸ ਵਿਚੋਂ ਮਾਰਕਸਵਾਦ ਵਿਚਾਰਧਾਰਾ ਅਪਨਾ ਕੇ ਆਏ ਪੰਜਾਬ ਦੇ ਬਹੁਤ ਸਾਰੇ ਗਦਰੀ ਬਾਬੇ ਅਖੰਡ ਕੀਰਤਨੀ ਜਥੇ ਦੇ ਸਿਰਜਣਹਾਰ ਸੰਤ ਭਾਈ ਰਣਧੀਰ ਸਿੰਘ ਜੀ ਦੀ ਸਿਖਿਆ ਤੋਂ ਪ੍ਰਭਾਵਿਤ ਹੋ ਕੇ ਸਿੱਖ ਸਭਿਆਚਾਰ ਨਾਲ ਮੁੜ ਜੁੜ ਗਏ ਸਨ। ਉਨ•ਾਂ ਨੇ ਆਪਣੀਆਂ ਧਾਰਮਿਕ ਰਸਮਾਂ ਨਿਤਨੇਮ, ਸਿੱਖ ਰਹਿਤ ਮਰਿਯਾਦਾ, ਸਿੱਖੀ ਸਰੂਪ ਨੂੰ ਦੁਬਾਰਾ ਅਪਨਾ ਲਿਆ ਸੀ।
ਹੁਣ ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿੱਖ ਧਰਮ ਜੇਕਰ ਇਨ•ਾਂ ਵਧੀਆ ਵਿਚਾਰਧਾਰਕ ਧਰਮ ਸੀ ਤਾਂ ਉਹ ਸਿੱਖ ਨੌਜਵਾਨਾਂ ਨੂੰ ਮਾਰਕਸਵਾਦ ਪੱਛਮੀ ਸਭਿਆਚਾਰ ਅਤੇ ਪਤਿਤਪੁਣੇ ਵੱਲ ਜਾਣ ਤੋਂ ਰੋਕ ਕਿਉਂ ਨਹੀਂ ਸਕਿਆ?
ਕਾਰਣ ਇਹੀ ਹੈ ਕਿ ਸਿੱਖ ਧਰਮ ਵਿਚ ਪ੍ਰਚਾਰ ਤੇ ਪ੍ਰਸਾਰ ਦੀ ਘਾਟ ਸੀ। ਇਨ•ਾਂ ਦੇ ਆਗੂਆਂ ਅਤੇ ਜਥੇਬੰਦੀਆਂ ਦਾ ਰੌਲ ਨਕਾਰਾਤਮਕ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਵੱਲ ਇਨ•ਾਂ ਦੀ ਪਹੁੰਚ ਸਾਰਥਕ ਨਹੀਂ ਸੀ। ਇਹ ਸੰਗਤ ਦੀ ਥਾਂ ਸੰਗਮਰਮਰ ਦੇ ਗੁਰਧਾਮ ਸਿਰਜਣ ਵੱਲ ਰੁਚਿਤ ਹੁੰਦੇ ਰਹੇ। ਇਸ ਲੀਡਰਸ਼ਿਪ ਬਾਰੇ ਆਮ ਲੋਕਾਂ ਦਾ ਵਿਸ਼ਵਾਸ ਸੀ ਕਿ ਇਹ ਪੰਥ ਦੇ ਨਾਂ 'ਤੇ ਰੋਟੀਆਂ ਸੇਕ ਰਹੇ ਹਨ, ਪਰ ਇਨ•ਾਂ ਵਿਚ ਪੰਥਕ ਜਾਗ੍ਰਿਤੀ ਨਾਂ ਦੀ ਕੋਈ ਅਵਸਥਾ ਨਹੀਂ। ਇਥੋਂ ਤੱਕ ਸੰਤ ਫਤਹਿ ਸਿੰਘ ਦੇ ਹਵਨ ਕੁੰਡ ਨੇ ਸਿੱਖ ਲੀਡਰਸ਼ਿਪ ਪ੍ਰਤੀ ਕਈ ਸ਼ੰਕੇ ਖੜ•ੇ ਕਰ ਦਿੱਤੇ, ਜਿਵੇਂ ਕਿ ਹੁਣ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਹਵਨ, ਯੱਗ, ਜੋਤਿਸ਼ ਨੂੰ ਅਪਨਾ ਰਹੇ ਹਨ ਅਤੇ ਵਾਹਿਗੁਰੂ ਜੀ ਦਾ ਖਾਲਸਾ ਕਹਿਣ ਦੀ ਥਾਂ ਜੈ ਸ੍ਰੀ ਰਾਮ ਕਹਿਣ ਦੀ ਪਿਰਤ ਪਾ ਰਹੇ ਹਨ। ਇਹ ਤਾਂ ਸੱਚ ਹੈ ਜਿਹੋ ਜਿਹਾ ਬੀਜੋਗੇ, ਤਿਹੋ ਜਿਹਾ ਪਾਓਗੇ। ਜੇਕਰ ਸਿੱਖ ਧਰਮ ਦੇ ਪ੍ਰਚਾਰਕਾਂ ਨੇ ਬਿਲਡਿੰਗਾਂ ਉਸਾਰਨੀਆਂ ਸਨ ਅਤੇ ਗੁਰਮਤਿ ਵਿਚਾਰਧਾਰਾ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਵਿਚ ਫਿਟ ਕਰਨਾ ਹੈ ਤਾਂ ਬਿਲਡਿੰਗ ਦੀ ਗਿਣਤੀ ਹੀ ਵਧਣੀ ਸੀ, ਨਾ ਕਿ ਸੰਗਤ ਦੀ। ਜੇਕਰ ਸੰਗਤ ਉਸਰਨੀ ਵੀ ਸੀ, ਉਹ ਵੀ ਹਿੰਦੂਤਵੀ ਵਿਸ਼ਵਾਸਾਂ ਵਾਲੀ। ਸਿੱਖ ਲੀਡਰਸ਼ਿਪ ਗੁਰਮਤਿ ਸਿਧਾਂਤ ਉਸਾਰਨ 'ਤੇ ਬਲ ਦਿੰਦੇ ਤਾਂ ਕਿਵੇਂ ਹੋ ਸਕਦਾ ਸੀ ਕਿ ਸਿੱਖ ਨੌਜਵਾਨ ਸਿੱਖ ਧਰਮ ਨੂੰ ਅਲਵਿਦਾ ਕਹਿ ਕੇ ਮਾਰਕਸਵਾਦ ਵੱਲ ਚਲੇ ਜਾਂਦੇ। ਇਸ ਦੇ ਉਲਟ ਮਾਰਕਸਵਾਦੀ ਚਿੰਤਕ ਸਿੱਖ ਚਿੰਤਕਾਂ ਅਤੇ ਪ੍ਰਚਾਰਕਾਂ ਨਾਲ ਵੱਧ ਸਿਆਣੇ ਸਨ, ਜਿਸ ਕਾਰਣ ਉਹ ਸਿੱਖ ਨੌਜਵਾਨਾਂ ਨੂੰ ਆਪਣੇ ਵੱਲ ਖਿਚ ਸਕੇ।
ਜਦੋਂ ਰੂਸ ਟੁਟਿਆ ਤਾਂ ਪੰਜਾਬ ਵਿਚੋਂ ਮਾਰਕਸਵਾਦੀ ਲਹਿਰ ਵੀ ਦਮ ਤੋੜਨ ਲੱਗੀ। ਇਸ ਨੂੰ ਸਭ ਤੋਂ ਵੱਡਾ ਝਟਕਾ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ 1980 ਈਸਵੀ ਵਿਚ ਦਿੱਤਾ। ਉਨ•ਾਂ ਨੇ ਅਕਾਲੀਆਂ ਦੇ ਕਾਲੇ ਕਲਚਰ ਦੀ ਥਾਂ ਉਨ•ਾਂ ਨੇ ਗੁਰਮਤਿ ਦੇ ਸਭਿਆਚਾਰ ਨੂੰ ਅਪਨਾ ਕੇ, ਲੋਭ-ਲਾਲਚ ਤੋਂ ਉਪਰ ਉਠ ਕੇ ਪੰਥ ਦੀ ਚੜ•ਦੀ ਕਲਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਨ•ਾਂ ਦੀ ਇਸ ਪਹੁੰਚ ਕਰਕੇ ਸਿੱਖ ਨੌਜਵਾਨ ਸਿੱਖੀ ਵੱਲ ਮੁੜ ਪਰਤਣ ਲੱਗੇ। ਇਸ ਬੁਖਲਾਹਟ ਤੋਂ ਘਬਰਾ ਕੇ ਕਾਮਰੇਡ ਆਗੂ ਸੰਤ ਭਿੰਡਰਾਂਵਾਲਿਆਂ ਦੀ ਅੰਨ•ੇਵਾਹ ਵਿਰੋਧਤਾ ਕਰਨ ਲੱਗ ਪਏ ਅਤੇ ਉਨ•ਾਂ ਨੇ ਪੰਜਾਬ ਦੀਆਂ ਮੁੱਖ ਮੰਗਾਂ ਦੇ ਏਜੰਡੇ ਅਨੰਦਪੁਰ ਮਤੇ ਦੀ ਵਿਰੋਧਤਾ ਵੀ ਕਰ ਦਿੱਤੀ। ਇਹ ਪੰਜਾਬੀਆਂ ਨੂੰ ਇਹ ਗੱਲ ਸਮਝ ਆ ਗਈ ਕਿ ਮਾਰਕਸਵਾਦੀ ਆਗੂਆਂ ਦੀ ਸਿੱਖਾਂ ਤੇ ਪੰਜਾਬ ਪ੍ਰਤੀ ਪਹੁੰਚ ਸਿਹਤਮੰਦ ਨਹੀਂ।
ਹੁਣ ਸਿੱਖ ਧਰਮ ਦੇ ਪ੍ਰਚਾਰਕ ਅਤੇ ਜਥੇਬੰਦੀਆਂ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਦਰਿਆ ਨੂੰ ਪਾਰ ਕਰਨ ਦੀਆਂ ਅੰਗੜਾਈਆਂ ਲੈ ਰਹੇ ਹਨ। ਇਨ•ਾਂ ਨੂੰ ਹੁਣ ਇਹ ਸਮਝਣ ਦੀ ਲੋੜ ਹੈ ਕਿ ਉਹ ਆਪਣੇ ਗਿਆਨਵਾਨ ਵਿਅਕਤੀਆਂ ਨੂੰ ਜੋ ਮਾਰਕਸੀ ਵਿਚਾਰਧਾਰਾ ਦੇ ਅਧੀਨ ਆਪਣੇ ਵਿਰਸੇ ਨੂੰ ਤਿਲਾਂਜਲੀ ਦੇ ਗਏ ਸਨ, ਕਿਵੇਂ ਨਾ ਕਿਵੇਂ ਆਪਣੇ ਧਰਮ ਵਿਚ ਵਾਪਸ ਲਿਆਂਦਾ ਜਾਵੇ। ਇਸ ਸੰਬੰਧ ਵਿਚ ਸਭ ਤੋਂ ਵੱਡੀ ਲੋੜ ਇਨ•ਾਂ ਵਿਦਵਾਨਾਂ ਨੂੰ ਗੁਰਮਤਿ ਨਾਲ ਜੋੜਨ ਦੀ ਹੈ, ਨਾ ਕਿ ਉਨ•ਾਂ ਨੂੰ ਕਾਮਰੇਡ ਤੇ ਨਾਸਤਕ ਕਹਿ ਕੇ ਆਪਣੇ ਧਰਮ ਨਾਲ ਹੋਰ ਪਾੜਾ ਵਧਾਉਣ ਦੀ ਲੋੜ ਹੈ। ਜੇਕਰ ਮਾਰਕਸੀ ਸਿੱਖ ਵਿਦਵਾਨ ਸਿੱਖ ਧਰਮ ਉਪਰ ਵਿਚਾਰਧਾਰਕ ਹਮਲਾ ਕਰਦੇ ਹਨ ਤਾਂ ਉਨ•ਾਂ ਦਾ ਜੁਆਬ ਦੇਣ ਲਈ ਸਿੱਖ ਵਿਦਵਾਨਾਂ ਨੂੰ ਦਲੀਲ ਨਾਲ ਢੁਕਵਾਂ ਜੁਆਬ ਚਾਹੀਦਾ ਹੈ। ਸਿੱਖ ਵਿਦਵਾਨਾਂ ਨੂੰ ਇਹ ਸੱਚ ਮੰਨ ਕੇ ਚੱਲਣਾ ਪਵੇਗਾ ਕਿ ਅਸੀ ਸ਼ਬਦ ਗੁਰੂ ਵਾਲੇ ਕੋਈ ਕੱਚੇ ਪੈਰੀਂ ਨਹੀਂ ਜੋ ਕਿ ਮਾਰਕਸੀ ਚਿੰਤਕਾਂ ਨੂੰ ਦਲੀਲ ਨਾਲ ਨਾ ਸਮਝਾ ਸਕੀਏ। ਮਾਰਕਸਵਾਦੀ ਚਿੰਤਕਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਉਹ ਰੋਮਾਂਟਿਕ ਇਨਕਲਾਬ ਵਿਚ ਮਸਤ ਹੋ ਕੇ ਸਿੱਖ ਧਰਮ ਵਰਗੇ ਅਗਾਂਹਵਧੂ ਧਰਮ ਨੂੰ ਨਾ ਨਕਾਰਨ। ਜੇਕਰ ਉਹ ਇਸੇ ਤਰ•ਾਂ ਕਰਦੇ ਰਹੇ ਤਾਂ ਉਹ ਆਪਣੇ ਲੋਕਾਂ ਤੋਂ ਨਿਖੜ ਕੇ ਨਕਾਰਾ ਹੋ ਜਾਣਗੇ। ਇਸ ਵਿਚ ਕੋਈ ਸ਼ੱਕ ਨਹੀਂ ਗੁਰਮਤਿ ਅਤੇ ਮਾਰਕਸਵਾਦ ਦਾ ਸਿਧਾਂਤ ਪੱਖੋਂ ਬਾਕੀ ਵਿਚਾਰਧਾਰਾਵਾਂ ਨਾਲ ਜ਼ਿਆਦਾ ਮੇਲ ਹੈ ਅਤੇ ਇਕ ਸਾਂਝ ਵੀ ਹੈ। ਪਰ ਜਿਥੇ ਮਾਰਕਸ ਆਪਣੀ ਗੱਲ ਅਧੂਰੀ ਛੱਡਦਾ ਹੈ ਜਾਂ ਉਕਾਈ ਕਰਦਾ ਹੈ, ਉਥੇ ਗੁਰਮਤਿ ਸੰਪੂਰਨ ਕਰਦੀ ਹੈ ਅਤੇ ਮਨੁੱਖ ਨੂੰ ਪਰਮ ਮਨੁੱਖ ਬਨਾਉਣ ਲਈ ਵਚਨਬੱਧ ਹੈ। ਹਲੇਮੀ ਰਾਜ ਅਤੇ ਬੇਗਮਪੁਰੇ ਦਾ ਸਿਧਾਂਤ ਇਸੇ ਗੱਲ ਦਾ ਪ੍ਰਮਾਣ ਹਨ, ਜਿਸ ਵਿਚ ਹਰੇਕ ਮਨੁੱਖ ਨੂੰ ਆਪਣੀ ਅਜ਼ਾਦੀ ਮਾਨਣ ਦਾ ਹੱਕ ਹੈ ਅਤੇ ਹਰੇਕ ਦੇ ਅਧਿਕਾਰ ਉਥੇ ਸੁਰੱਖਿਅਤ ਹਨ। ਗੁਰਮਤਿ ਨੇ ਇਸ ਜੱਗ ਨੂੰ ਸੱਚੇ ਦੀ ਕੋਠੜੀ ਮੰਨ ਕੇ ਇਸ ਵਿਚ ਕਰਮਸ਼ੀਲ ਹੋਣ, ਹੱਸ, ਖੇਡ ਕੇ ਪਹਿਨ ਕੇ ਅਜ਼ਾਦ ਰਹਿਣ ਦਾ ਸੰਦੇਸ਼ ਦਿੱਤਾ ਹੈ ;
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੫੨੨)
ਇਹੀ ਕਾਰਣ ਹੈ ਕਿ ਸਿੱਖ ਅੱਜ ਤੁਲਨਾਤਮਕ ਰੂਪ ਵਿਚ ਵਧੇਰੇ ਖਾਂਦੇ-ਪੀਂਦੇ, ਮਿਹਨਤੀ ਅਤੇ ਕਰਮਸ਼ੀਲ ਕੌਮੀਅਤ ਹਨ।
ਮਾਰਕਸਵਾਦ ਤੇ ਗੁਰਮਤਿ ਦੋਵੇਂ ਹੀ ਪਦਾਰਥਵਾਦੀ ਸੋਚ ਦੇ ਵਿਰੁੱਧ ਹੁੰਦੇ ਹੋਏ ਸਖਸ਼ੀਅਤ ਨੂੰ ਕਾਇਮ ਰੱਖਣ ਅਤੇ ਰਚਨਾਤਮਕ ਬਨਾਉਣ ਦੇ ਹੱਕ ਵਿਚ ਹਨ, ਬਿਨਾਂ ਮੌਕੇ ਤੇ ਸਹੂਲਤਾਂ ਦੇਣ, ਜਿਉਂਦੇ ਰਹਿਣ ਦੀ ਅੰਨੀ ਦੌੜ ਵਿਚ ਬੇ-ਮੁਹਾਰੀ ਅਜ਼ਾਦੀ ਦੇਣ ਦੇ ਹੱਕ ਵਿਚ ਨਹੀਂ। ਦੋਵਾਂ ਵਿਚਾਰਧਾਰਾਵਾਂ ਦਾ ਸਿਧਾਂਤ ਇਹੀ ਹੈ ਕਿ ਸਾਰੇ ਸਾਧਨ ਮਨੁੱਖਤਾ ਦੀ ਭਲਾਈ ਹਿੱਤ ਵਰਤੇ ਜਾਣੇ ਚਾਹੀਦੇ ਹਨ, ਨਾ ਕਿ ਅਮੀਰ ਲੋਕਾਂ ਦੇ ਹਿੱਤਾਂ ਦੀ ਪੂਰਤੀ ਅਤੇ ਉਨ•ਾਂ ਦੇ ਮੁਨਾਫੇ ਵਧਾਉਣ ਲਈ, ਜਿਸ ਨਾਲ ਕਿ ਆਰਥਿਕ ਨਾ ਬਰਾਬਰੀ ਦਾ ਸੰਕਟ ਗਹਿਰਾ ਹੁੰਦਾ ਹੋਵੇ। ਗੁਰਬਾਣੀ ਦਾ ਨਾਮ ਜਪਣ, ਵੰਡ ਛਕਣ, ਕਿਰਤ ਕਰਨ ਦਾ ਸਿਧਾਂਤ ਆਰਥਿਕ ਬਰਾਬਰੀ ਸਿਰਜਣ ਵਾਲਾ ਸਿਧਾਂਤ ਹੈ ਜੋ ਕਿ ਮਾਰਕਸ ਤੋਂ ਪਹਿਲਾਂ ਸਿੱਖ ਗੁਰੂਆਂ ਨੇ ਪ੍ਰਸਾਰਿਤ ਕੀਤਾ ਸੀ। ਮਾਰਕਸ ਜ਼ੋਰ ਦਿੰਦਾ ਹੈ ਕਿ ਪਦਾਰਥ ਬਹੁਲਤਾ ਹੀ ਇਕ ਐਸਾ ਕਾਰਨ ਹੈ ਜੋ ਮਾਨਵੀ ਜੀਵਨ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦਾ ਹੈ। ਆਪਣੀ ਪੁਸਤਕ ''ਏ ਕੰਟਰੀ ਬਿਊਸ਼ਨ ਟੂ ਦਾ ਕਰਿਟੀਕ ਆਫ ਪੁਲਿਟੀਕਲ ਇਕਾਨਮੀ'' ਦੀ ਭੂਮਿਕਾ ਵਿਚ ਉਹ ਲਿਖਦਾ ਹੈ ;
''ਪਦਾਰਥਕ ਜੀਵਨ ਦਾ ਪੈਦਾਵਰੀ ਢੰਗ ਸਾਮਾਜਿਕ, ਰਾਜਨੀਤਕ ਅਤੇ ਬੌਧਿਕ ਜੀਵਨ ਦੇ ਆਮ ਅਮਲ ਨੂੰ ਨਿਸ਼ਚਿਤ ਕਰਦਾ ਹੈ। ਇਹ ਚੇਤਨਾ ਨਹੀਂ, ਜਿਹੜੀ ਮਨੁੱਖਾਂ ਦੀ ਹੋਂਦ ਨੂੰ ਨਿਸ਼ਚਿਤ ਕਰਦੀ ਹੈ, ਸਗੋਂ ਉਨ•ਾਂ ਦੀ ਸਾਮਾਜਿਕ ਹੋਂਦ ਹੀ ਹੈ, ਜਿਹੜੀ ਉਨ•ਾਂ ਦੀ ਚੇਤਨਾ ਨੂੰ ਨਿਸ਼ਚਿਤ ਕਰਦੀ ਹੈ।''
ਉਪਰੋਕਤ ਬਿਆਨ ਸਪੱਸ਼ਟ ਤੌਰ 'ਤੇ ਮਨੁੱਖੀ ਜੀਵਨ ਅਤੇ ਸਮਾਜ ਦੇ ਪਿਛੇ ਕੰਮ ਕਰਦੇ ਆਰਥਿਕ ਮੰਤਵਾਂ ਦੇ ਮਹੱਤਵ ਨੂੰ ਕਾਇਮ ਕਰਦਾ ਹੈ। ਇਸ ਦਾ ਅਰਥ ਇਹ ਵੀ ਹੈ ਕਿ ਪਦਾਰਥਕ ਭਲਾਈ ਤੋਂ ਬਿਨਾਂ ਮਨੁੱਖੀ ਜੀਵਨ ਲਈ ਕਿਸੇ ਚੀਜ਼ ਦੀ ਅਹਿਮੀਅਤ ਨਹੀਂ। ਇਸ ਤਰ•ਾਂ ਮਾਰਕਸ ਦੀ ਵਿਚਾਰਧਾਰਾ ਵਿਚ ਨੈਤਿਕ ਅਤੇ ਰੂਹਾਨੀ ਪੱਖ ਦੀ ਅਣਹੋਂਦ ਹੈ। ਜਦ ਕਿ ਗੁਰਮਤਿ ਵਿਚਾਰਧਾਰਾ ਸਦਾਚਾਰਕ, ਨੈਤਿਕ ਅਤੇ ਰੂਹਾਨੀ ਪੱਖ ਤੇ ਬਲ ਦਿੰਦੀ ਹੋਈ ਪਦਾਰਥ ਦੇ ਮਹੱਤਵ ਨੂੰ ਸਮਝਦੀ ਹੈ। ਪ੍ਰਸਿੱਧ ਵਿਦਵਾਨ ਵੂਦਰੋ ਵਿਲਸਨ ਨੇ ਠੀਕ ਹੀ ਕਿਹਾ ਹੈ ਕਿ ਸਾਡੀ ਸਭਿਅਤਾ ਪਦਾਰਥਕ ਤੌਰ 'ਤੇ ਜਿਉਂਦਾ ਨਹੀਂ ਰਹਿ ਸਕਦੀ, ਜਦੋਂ ਤੱਕ ਇਸ ਨੂੰ ਰੂਹਾਨੀ ਤੌਰ 'ਤੇ ਅਜ਼ਾਦ ਨਹੀਂ ਕਰਦੇ।
ਮਾਰਕਸ ਕਿਰਤੀਆਂ ਨੂੰ ਅਮੀਰਾਂ/ਜਾਗੀਰਦਾਰਾਂ ਤੋਂ ਆਪਣੇ ਹੱਕ ਖੋਹਣ ਅਤੇ ਸੰਘਰਸ਼ ਕਰਨ ਲਈ ਪ੍ਰੇਰਦਾ ਹੈ। ਜਦ ਕਿ ਗੁਰਬਾਣੀ ਦਾ ਸਿਧਾਂਤ ਅਜਿਹੇ ਖੂਨੀ ਸੰਘਰਸ਼ ਤੋਂ ਉਪਰ ਉਠ ਕੇ ਅਮੀਰਾਂ ਨੂੰ ਕਿਰਤ ਕਮਾਈ ਅਤੇ ਦਸਵੰਧ ਸੰਕਲਪ ਅਪਨਾਉਣ 'ਤੇ ਜ਼ੋਰ ਦਿੰਦਾ ਹੈ ਤਾਂ ਜੋ ਸਮਾਜ ਵਿਚ ਬਰਾਬਰਤਾ ਹੋ ਸਕੇ। ਇਸ ਤਰ•ਾਂ ਗੁਰਬਾਣੀ ਦਾ ਸਿਧਾਂਤ ਮਾਰਕਸਵਾਦ ਤੋਂ ਅਗਾਂਹਵਧੂ ਅਤੇ ਭਵਿੱਖ ਵਿਚ ਸਥਿਰਤਾ ਕਾਇਮ ਰੱਖਣ ਵਾਲਾ ਸਿਧਾਂਤ ਹੈ। ਪ੍ਰਸਿੱਧ ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. ਨੇ ਮਾਰਕਸ ਤੇ ਸਿੱਖ ਸਿਧਾਂਤ ਦੇ ਤੁਲਨਾਤਮਕ ਦ੍ਰਿਸ਼ਟੀਕੋਣ ਤੋਂ ਚਰਚਾ ਕਰਦੇ ਹੋਏ ਕਿਹਾ ਹੈ; ''ਖਾਲਸੇ ਅਤੇ ਕਮਿਊਨਿਸਟ ਪਾਰਟੀ ਦੇ ਮੱਤਾਂ ਵਿਚਕਾਰ ਸਦਾਚਾਰਕ ਪਾੜਾ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਕਮਿਊਨਿਜ਼ਮ ਦਾ ਅਨੈਤਿਕਤਾਵਾਦ ਇਸ ਦਾ ਮੂਲ ਸਿਧਾਂਤ ਹੈ। ਜਦੋਂ ਕਿ ਖਾਲਸਾ ਮੱਤ ਮਨੋਰਥਾਂ ਤੋਂ ਵੀ ਵੱਧ ਸਾਧਨਾਂ ਦੇ ਨੈਤਿਕ ਚਰਿਤਰ ਨੂੰ ਬੁਨਿਆਦੀ ਮਹੱਤਵ ਦੇਂਦਾ ਹੈ ਅਤੇ ਖਾਲਸਾ ਮੱਤ ਨੈਤਿਕ ਕਦਰਾਂ ਕੀਮਤਾਂ ਨੂੰ ਉਤਮ ਮੰਨਦਾ ਹੈ, ਨਾ ਕਿ ਸਮਝੌਤੇ ਯੋਗ। ਭਾਵੇਂ ਵੱਖ-ਵੱਖ ਸਮਾਜਾਂ ਅਤੇ ਜੁਗਾਂ ਵਿਚ ਇਨ•ਾਂ ਨੂੰ ਕਿੰਨਾ ਵੀ ਘੱਟ ਕਿਉਂ ਨਾ ਅਪਨਾਇਆ ਗਿਆ ਹੋਵੇ।''
ਮਾਰਕਸਵਾਦੀਆਂ ਦਾ ਇਹ ਦਾਅਵਾ ਗਲਤ ਹੈ ਕਿ ਕਿਰਤੀ ਜਮਾਤਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਹਿਲੀ ਵਿਚਾਰਧਾਰਾ ਮਾਰਕਸਵਾਦ ਹੈ, ਜਦ ਕਿ ਗੁਰਮਤਿ ਦਾ ਸਿਧਾਂਤ ਕਿਰਤੀ ਜਮਾਤਾਂ ਦੇ ਹਿੱਤਾਂ ਦੀ ਰਖਵਾਲੀ ਲਈ ਵਚਨਬੱਧ ਹੈ। ਸਿੱਖ ਇਤਿਹਾਸ ਵਿਚ ਅਜਿਹੀਆਂ ਬਹੁਤ ਮਿਸਾਲਾਂ ਹਨ, ਜਦੋਂ ਕਿ ਕਿਰਤੀ ਜਮਾਤਾਂ ਨੂੰ ਬਹੁਤ ਸਤਿਕਾਰ ਦਿੱਤਾ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਇਨ•ਾਂ ਦੀ ਸ਼ਲਾਘਾ ਕਰਦੇ ਹੋਏ ਆਖਦੇ ਹਨ ;
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹੀਂ ਮੋ ਸੋ ਗਰੀਬ ਕ੍ਰੋਰ ਪਰੇ।
ਇਸ ਤਰ•ਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਮਹਾਂਪੁਰਸ਼ ਸਨ, ਜਿਨ•ਾਂ ਨੇ ਰੂਸੋ ਵਲੋਂ ਸ਼ੋਸ਼ਣ ਕਨਟਰੈਕਟ ਲਿਖਣ ਤੋਂ ਤਕਰੀਬਨ ਸੱਠ ਵਰ•ੇ ਪਹਿਲਾਂ ਅਤੇ ਮਾਰਕਸ ਵਲੋਂ ਕਮਿਊਨਿਸਟ ਮੈਨੀਫੈਸਟੋ ਲਿਖਣ ਤੋਂ ਕੋਈ ਡੇਢ ਸੌ ਸਾਲ ਪਹਿਲਾਂ ਖਾਲਸੇ ਦੀ ਸਿਰਜਣਾ ਕਰਕੇ ਸਾਮਾਜਿਕ ਕ੍ਰਾਂਤੀ ਲੈ ਆਉਂਦੀ ਸੀ।
ਸਪੱਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਇਕ ਇਨਕਲਾਬੀ ਵਿਚਾਰਧਾਰਾ ਹੈ, ਜਿਸ ਦਾ ਮੰਤਵ ਸਾਮਾਜਿਕ, ਆਰਥਿਕ, ਸਭਿਆਚਾਰਕ, ਰਾਜਨੀਤਕ ਆਦਿ ਹਰ ਖੇਤਰ ਦੀਆਂ ਬੁਰਾਈਆਂ ਅਤੇ ਕੁਰੀਤੀਆਂ ਨੂੰ ਖਤਮ ਕਰਕੇ ਰੂਹਾਨੀ ਅਤੇ ਇਖਲਾਕੀ ਕਦਰਾਂ-ਕੀਮਤਾਂ ਨੂੰ ਅਪਨਾ ਕੇ ਇਕ ਆਦਰਸ਼ਵਾਦੀ ਵਿਸ਼ਵ-ਸਮਾਜ ਦੀ ਸੰਭਾਵਨਾ ਬਨਾਉਣਾ ਹੈ। ਹੱਕ ਸੱਚ ਤੇ ਨਿਆਂ ਦਾ ਅਜਿਹਾ ਹਲੇਮੀ ਰਾਜ, ਬੇਗਮਪੁਰਾ ਸਥਾਪਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਹਰ ਤਰ•ਾਂ ਪ੍ਰੇਰਨਾ ਦਿੱਤੀ ਹੈ। ਇਸ ਤਰ•ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਮਾਰਕਸ ਤੋਂ ਅੱਗੇ ਅਤੇ ਪਾਰ ਦੀ ਗੱਲ ਕਰਦੀ ਹੈ। ਇਹ ਵੀ ਸੱਚ ਹੈ ਕਿ ਮਾਰਕਸਵਾਦ ਸਮੇਂ ਤੋਂ ਪਛੜ ਗਿਆ ਹੈ ਅਤੇ ਪੂੰਜੀਵਾਦੀ ਸਭਿਅਤਾ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ। ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਮੇਂ ਸਥਿਤੀ, ਕਾਲ ਤੋਂ ਪਾਰ ਹੈ ਅਤੇ ਹਰੇਕ ਤਰ•ਾਂ ਦੀਆਂ ਸਮੱਸਿਆਵਾਂ ਨਾਲ ਜੂਝਣ ਅਤੇ ਹੱਲ ਕਰਨ ਦੇ ਸਮਰੱਥ ਹੈ। ਲੋੜ ਤਾਂ ਇਸ ਗੱਲ ਦੀ ਹੈ ਕਿ ਸਰਬੱਤ ਦੇ ਭਲੇ ਦੇ ਨਿਸ਼ਾਨੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿਚ ਵਿਸ਼ਵ ਵਿਆਪੀ ਸਾਮਾਜਿਕ, ਆਰਥਿਕ, ਸਭਿਆਚਾਰਕ ਢਾਂਚਾ ਘੜ• ਕੇ ਲਾਗੂ ਕੀਤਾ ਜਾਵੇ ਅਤੇ ਮਨੁੱਖਤਾ ਨੂੰ ਸੇਧ ਦਿੱਤੀ ਜਾਵੇ।


No comments:
Post a Comment