ਪ੍ਰਸਿੱਧ ਚਿੰਤਕ ਹਰਵਿੰਦਰ ਭੰਡਾਲ ਮਹਾਨ ਕ੍ਰਾਂਤੀਕਾਰੀ ਲੇਖਕ ਅਰੁੰਧਤੀ ਰਾਏ ਨਾਲ
ਮਹਾਰਾਜਾ ਰਣਜੀਤ ਸਿੰਘ ਦੇ ਸਾਮੰਤੀ ਰਾਜ ਦਾ ਖਾਤਮਾ ਪੰਜਾਬ ਦੇ ਇਤਿਹਾਸ ਵਿਚਲਾ ਮਹੱਤਵਪੂਰਨ ਮੋੜ ਹੈ। ਇਸ ਰਾਜ ਦੇ ਖਾਤਮੇ ਪਿੱਛੋਂ ਅੰਗਰੇਜ਼ਾਂ ਪੰਜਾਬੀ ਸਮਾਜ ਨੂੰ ਬਸਤੀਵਾਦੀ/ਪੂੰਜੀਵਾਦੀ ਅਰਥਚਾਰੇ ਨਾਲ ਬੰਨ• ਦਿੱਤਾ। ਪੰਜਾਬ ਦੇ ਮੈਦਾਨ ਅੰਗਰੇਜ਼ਾਂ ਦੀ ਸਨਅੱਤ ਲਈ ਕੱਚਾ ਮਾਲ ਪੈਦਾ ਕਰਨ ਲਈ ਬੇਤਾਬ ਸਨ। ਅੰਗਰੇਜ਼ਾਂ ਨੇ ਵੀ ਆਪਣੀਆਂ ਬਰਕਤਾਂ ਦਾ ਮੂੰਹ ਪੰਜਾਬ ਲਈ ਖੋਲ• ਦਿੱਤਾ। ਇਸ ਨੂੰ ਪੰਜਾਬ ਦੀ ਸਾਮਾਜਿਕ ਵਿਡੰਬਨਾ ਹੀ ਕਿਹਾ ਜਾ ਸਕਦਾ ਹੈ ਕਿ ਇੱਕ ਪਾਸੇ ਖਾਲਸਾ ਰਾਜ ਦੀ ਸਿਮਰਤੀ, ਸਿੱਖਾਂ ਦੇ ਅਵਚੇਤਨ ਵਿੱਚ ਅਜੇ ਤੱਕ ਜਿਊਂਦੀ ਹੈ; ਦੂਜੇ ਪਾਸੇ ਖਾਲਸਾ ਫ਼ੌਜਾਂ ਦੀ ਹਾਰ ਦੇ ਤੁਰੰਤ ਬਾਅਦ, ਸਿੱਖ ਅੰਗਰੇਜ਼ੀ ਫ਼ੌਜ ਵਿੱਚ ਭਰਤੀ ਵੀ ਹੋਣ ਲੱਗ ਪਏ ਸਨ। ਪਿਤਰਕੀ ਆਧਾਰਿਤ ਸਮਾਜ ਵਿੱਚ ਭਗਤੀ ਕੇਂਦਰਿਤ ਮੁੱਲਾਂ ਦੇ ਆਧਾਰ ਉੱਤੇ ਜਿਊਂਦੇ ਸਿੱਖ ਅੰਗਰੇਜ਼ਾਂ ਨੂੰ ਕੋਈ ਵੱਡਾ ਖ਼ਤਰਾ ਨਹੀਂ ਸਨ ਜਾਪਦੇ। ਇਸੇ ਲਈ ਸਿੱਖੀ ਪਛਾਣ ਨੂੰ ਉਸਾਰਨ ਵਿੱਚ ਅੰਗਰੇਜ਼ਾਂ ਦਾ ਖ਼ਾਸ ਯੋਗਦਾਨ ਰਿਹਾ। ਫ਼ੌਜ ਵਿੱਚ ਵੱਖਰੀ ਧਾਰਮਿਕ ਪਛਾਣ ਉੱਤੇ ਖ਼ਾਸ ਜ਼ੋਰ ਦਿੱਤਾ ਗਿਆ।
ਅੰਗਰੇਜ਼ਾਂ ਦੇ ਅਧੀਨ ਹੋ ਜਾਣ ਪਿੱਛੋਂ ਪੰਜਾਬ ਲੰਮੇ ਸਮੇਂ ਤੱਕ ਸੁੱਤਾ ਹੀ ਰਿਹਾ। ਪੰਜਾਬ ਵਿਚਲੀ ਭਾਰੂ ਧਿਰ ਕਿਸਾਨੀ ਅੰਗਰੇਜ਼ਾਂ ਨਾਲ ਭਿਆਲੀ ਦੇ ਰਾਹ ਤੁਰਦੀ ਰਹੀ। ਇਸੇ ਸਮੇਂ ਦੌਰਾਨ ਉੱਠੀ ਕੂਕਾ ਲਹਿਰ ਪੰਜਾਬ ਦੇ ਦਸਤਕਾਰਾਂ ਦੇ ਅੰਗਰੇਜ਼ੀ ਸਨਅੱਤ ਨਾਲ ਸ਼ਰੀਕੇ ਵਿੱਚੋਂ ਉੱਪਜੀ ਸੀ। ਇਸੇ ਸ਼ਰੀਕੇ ਕਾਰਨ ਮਹਾਤਮਾ ਗਾਂਧੀ ਤੋਂ ਵੀ ਪਹਿਲਾਂ, ਕੂਕਿਆਂ ਨੇ ਅੰਗਰੇਜ਼ੀ ਹਕੂਮਤ ਨਾਲ ਅਸਹਿਯੋਗ ਦਾ ਬਿਗਲ ਵਜਾਇਆ ਸੀ।
19ਵੀਂ ਸਦੀ ਦੇ ਆਖ਼ਰੀ ਤੇ 20ਵੀਂ ਸਦੀ ਦੇ ਅਰੰਭਲੇ ਵਰਿ•ਆਂ ਵਿੱਚ ਪੰਜਾਬੀ ਕਿਸਾਨੀ ਦੀ ਮਨੋਚੇਤਨਾ ਵਿੱਚ ਇੱਕ ਮੋੜ ਪੈਦਾ ਕੀਤਾ। ਸ਼ੁਰੂ-ਸ਼ੁਰੂ ਵਿੱਚ ਪੰਜਾਬੀ ਕਿਸਾਨ ਚੀਨ ਤੋਂ ਮਲਾਇਆ ਗਏ। ਪਰਵਾਸ ਲਈ ਯਾਤਰਾ ਉੱਤੇ ਨਿਕਲਣ ਵਾਲੇ ਇਹ ਪੰਜਾਬੀ ਦਰਮਿਆਨੇ ਕਿਸਾਨ ਸਨ। ਬੇਸ਼ੱਕ ਬਰਤਾਨਵੀ ਹਕੂਮਤ ਨੇ ਪੰਜਾਬ ਦੀ ਖੇਤੀ ਨੂੰ ਓਨਾ ਕੁ ਉੱਨਤ ਕਰਨ ਦੀ ਕੋਸ਼ਿਸ਼ ਕੀਤੀ, ਜਿੰਨੀ ਕੁ ਉਸ ਦੀ ਸਨਅੱਤ ਲਈ ਜ਼ਰੂਰਤ ਸੀ, ਪਰ ਬੁਨਿਆਦੀ ਤੌਰ 'ਤੇ ਹਕੂਮਤ ਤੇ ਕਿਸਾਨਾਂ ਦਰਮਿਆਨ ਆਰਥਿਕ ਰਿਸ਼ਤਾ ਬਸਤੀਵਾਦੀ ਹੀ ਸੀ। ਇਸ ਲਈ ਦਰਮਿਆਨੇ ਤੇ ਛੋਟੇ ਕਿਸਾਨਾਂ ਨੂੰ ਕੋਈ ਲੰਬਾ-ਚੌੜਾ ਮੁਨਾਫ਼ਾ ਨਹੀਂ ਸੀ ਹੁੰਦਾ। ਇਸ ਤੋਂ ਇਲਾਵਾ ਹਕੂਮਤ ਕਿਸਾਨਾਂ ਤੋਂ ਸਿੱਧੀ ਖ਼ਰੀਦ ਨਹੀਂ ਸੀ ਕਰਦੀ। ਅਸਿੱਧੀ ਖ਼ਰੀਦ ਨੇ ਪੰਜਾਬ ਵਿੱਚ ਸ਼ਾਹੂਕਾਰਾਂ ਦੀ ਐਸੀ ਜਮਾਤ ਪੈਦਾ ਕਰ ਦਿੱਤੀ, ਜੋ ਕਿਸਾਨਾਂ ਦੀ ਰੱਤ ਉੱਤੇ ਹੀ ਜਿਊਂਦੀ ਸੀ। ਨਿੱਤ ਵੱਧਦੇ ਮਾਮਲੇ ਨੇ ਵੀ ਕਿਸਾਨਾਂ ਦੀ ਜ਼ਿੰਦਗੀ ਔਖੀ ਕਰ ਦਿੱਤੀ ਸੀ। ਅਜਿਹੇ ਹਾਲਾਤ ਵਿੱਚ ਦਰਮਿਆਨੇ ਕਿਸਾਨਾਂ ਨੇ ਚੰਗੇਰੇ ਮੌਕਿਆਂ ਦੀ ਭਾਲ ਵਿੱਚ ਵਿਦੇਸ਼ੀ ਧਰਤੀਆਂ ਵੱਲ ਮੂੰਹ ਕੀਤਾ।
ਜ਼ਮੀਨ ਵੇਚ-ਵੱਟ ਕੇ, ਸਫ਼ਰ ਦੇ ਪੈਸੇ ਜੁਟਾ ਕੇ ਪੰਜਾਬੀ ਕਿਸਾਨ ਚੀਨ ਤੇ ਮਲਾਇਆ ਪਹੁੰਚਿਆ। ਉੱਥੇ ਉਹ ਅੰਗਰੇਜ਼ਾਂ ਦੀ ਫ਼ੌਜ ਵਿੱਚ ਵੀ ਭਰਤੀ ਹੋਇਆ ਤੇ ਅਮੀਰਾਂ ਦੀ ਚੌਕੀਦਾਰੀ ਵੀ ਕਰਨ ਲੱਗਾ। ਹੋਰ ਵੱਧ ਕਮਾਈ ਲਈ ਇਸ ਨੇ ਅਮਰੀਕਾ ਤੇ ਕੈਨੇਡਾ ਵੱਲ ਚਾਲੇ ਪਾ ਦਿੱਤੇ। ਇਨ•ਾਂ ਕਾਰਖਾਨਿਆਂ ਵਿੱਚ ਕੰਮ ਕਰਦਿਆਂ ਉਸ ਦੀ ਚੇਤਨਾ ਵਿੱਚ ਵੀ ਰੁਪਾਂਤਰਣ ਹੋਇਆ। ਪਹਿਲੀ ਵਾਰ ਉਹ ਮਜ਼ਦੂਰ-ਚੇਤਨਾ ਨਾਲ ਜੁੜਿਆ। ਬਾਬਾ ਸੋਹਣ ਸਿੰਘ ਭਕਨਾ ਨੇ 'ਗਦਰ ਪਾਰਟੀ ਦਾ ਇਤਿਹਾਸ' ਵਿੱਚ ਸਪੱਸ਼ਟ ਲਿਖਿਆ ਹੈ ਕਿ ''ਜਦੋਂ ਇਹ ਕਿਸਾਨ ਪੰਜਾਬ ਵਿੱਚ ਸੀ, ਤਾਂ ਇਨ•ਾਂ ਦਾ ਦਿਮਾਗ਼ ਘੁਮੰਡੀ ਜ਼ਿਮੀਂਦਾਰ ਤੋਂ ਘੱਟ ਨਹੀਂ ਸੀ। ਇਹ ਆਪਣੇ ਆਪ ਨੂੰ ਸਰਦਾਰ ਅਤੇ ਗ਼ੈਰ-ਜ਼ਿਮੀਂਦਾਰਾਂ ਨੂੰ ਕੰਮੀ-ਕਮੀਨ ਸਮਝਦਾ ਸੀ, ਪਰ ਹੁਣ ਜਦੋਂ ਇਸ ਦਾ ਵਾਹ ਕੈਲੀਫੋਰਨੀਆ ਦੇ ਜ਼ਿਮੀਂਦਾਰਾਂ ਤੇ ਕਾਰਖਾਨੇਦਾਰਾਂ ਨਾਲ ਪਿਆ, ਤਾਂ ਇਸ ਨੂੰ ਪਤਾ ਲੱਗਿਆ ਕਿ ਉਹ ਸਰਦਾਰ ਨਹੀਂ, ਦਰਅਸਲ ਬਹੁਤ ਬਦਤਰ ਕਿਸਮ ਦਾ ਗੁਲਾਮ ਹੈ।
ਬਸਤੀਵਾਦੀ ਪੰਜਾਬ ਵਿੱਚ ਵਸਦਿਆਂ ਇਨ•ਾਂ ਕਿਸਾਨਾਂ ਨੇ ਬਸਤੀਵਾਦੀ ਗੁਲਾਮੀ ਨੂੰ ਆਤਮਸਾਤ ਕੀਤਾ ਹੋਇਆ ਸੀ। ਬਸਤੀਵਾਦੀ ਹਕੂਮਤ ਉਨ•ਾਂ ਲਈ ਉੱਨੀ ਹੀ ਸਹਿਜ ਤੇ ਕੁਦਰਤੀ ਸੀ, ਜਿੰਨੀ ਸਹਿਜ ਹਕੂਮਤ ਮਹਾਰਾਜਾ ਰਣਜੀਤ ਸਿੰਘ ਦੀ ਜਾਂ ਮੁਗਲਾਂ ਦੀ ਹੋ ਸਕਦੀ ਸੀ। ਗੁਲਾਮੀ ਦੇ ਅਰਥ ਕਿਸਾਨ ਨੇ ਅਮਰੀਕਾ ਦੇ ਉਦਾਰ-ਲੋਕਤੰਤਰੀ ਮਾਹੌਲ ਵਿੱਚ ਸਮਝੇ। ਇਸ ਅਮਰੀਕਾ ਦੇ ਉਦਾਰ-ਲੋਕਤੰਤਰ ਨੂੰ ਮਾਡਲ ਬਣਾ ਕੇ ਉਹ ਭਾਰਤ ਵਿੱਚ ਸੱਤਾ-ਪਲਟੇ ਦੀ ਤਿਆਰੀ ਵਿੱਚ ਲੱਗ ਗਿਆ।
ਕਿਸਾਨ ਤੋਂ ਮਜ਼ਦੂਰ ਬਣਨ ਦਾ ਇਹ ਅਮਲ ਵਿਦੇਸ਼ੀ ਧਰਤੀ ਉੱਤੇ, ਅਜਨਬੀ ਮਾਹੌਲ ਵਿੱਚ ਵਾਪਰਿਆ ਸੀ। ਮਜ਼ਦੂਰ ਬਣ ਕੇ ਇਹ ਕਿਸਾਨ, ਅਜਨਬੀ ਧਰਤੀ ਉੱਤੇ ਆਪਣੇ ਬ੍ਰਾਹਮਣਿਕ ਸਸਕਾਰਾਂ ਨੂੰ ਭੁੱਲਣ ਵਿੱਚ ਸਫ਼ਲ ਹੋਇਆ। ਇਸੇ ਕਾਰਨ ਗ਼ਦਰ ਪਾਰਟੀ ਦਾ ਕਾਰਕੁੰਨ, ਦਲਿਤ ਮੰਗੂ ਰਾਮ ਮੁੱਗੋਵਾਲੀਆ ਇਹ ਮੰਨਦਾ ਹੈ ਕਿ ਪਾਰਟੀ ਵਿੱਚ ਕੰਮ ਕਰਦਿਆਂ ਉਸ ਨੂੰ ਕਦੇ ਜਾਤ-ਪਾਤ ਤੇ ਊਚ-ਨੀਚ ਦਾ ਅਹਿਸਾਸ ਨਹੀਂ ਸੀ ਹੋਇਆ। ਇਹ ਗੱਲ ਵੱਖਰੀ ਹੈ ਕਿ ਆਪਣੀ ਧਰਤੀ ਉੱਤੇ ਇਨ•ਾਂ ਅਵਚੇਤਨੀ ਸੰਸਕਾਰਾਂ ਦੇ ਫਿਰ ਤੋਂ ਜਾਗ ਪੈਣ ਦਾ ਖ਼ਤਰਾ ਹੁੰਦਾ ਹੈ। ਇਸੇ ਲਈ ਗ਼ਦਰੀਆਂ ਬਾਰੇ ਇਹ ਪ੍ਰਸ਼ੰਸਾਤਮਕ ਸ਼ਬਦ ਕਹਿਣ ਵਾਲਾ ਮੁੱਗੋਵਾਲੀਆ, ਪੰਜਾਬ ਪਹੁੰਚ ਕੇ ਜਾਤੀ ਆਧਾਰਿਤ 'ਆਦਿ-ਧਰਮ ਮੰਡਲ' ਦੀ ਸਥਾਪਨਾ ਕਰ ਲੈਂਦਾ ਹੈ। ਵਿਦੇਸ਼ੀ ਧਰਤੀ ਉੱਤੇ ਪੈਦਾ ਹੋਈ ਮਜ਼ਦੂਰ-ਚੇਤਨਾ, ਦੇਸੀ ਧਰਤੀ ਦੀ ਮਾਲਕ ਕਿਸਾਨੀ ਚੇਤਨਾ ਅੱਗੇ ਗੋਡੇ ਟੇਕਣ ਲਈ ਮਜਬੂਰ ਹੋ ਜਾਂਦੀ ਹੈ।
ਪਰ ਕਿਸਾਨ ਤੋਂ ਮਜ਼ਦੂਰ ਬਣ ਕੇ ਵੀ ਇਹ ਪੰਜਾਬੀ ਬੰਦਾ ਆਪਣੀ ਧਾਰਮਿਕ ਪਛਾਣ ਤੋਂ ਮੁਕਤ ਨਾ ਹੋ ਸਕਿਆ। ਇਸੇ ਲਈ ਆਪਣੇ ਸਭ ਕਰਜ਼ੇ ਉਤਾਰਨ ਪਿੱਛੋਂ ਸਭ ਦੇਸਾਂ ਵਿੱਚ ਗੁਰਦੁਆਰਿਆਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ। ਇਹ ਗੁਰਦੁਆਰੇ ਇੱਕ ਪਾਸੇ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖਾਂ ਦੀ ਸਿਆਸੀ ਸਰਗਰਮੀ ਦਾ ਕੇਂਦਰ ਬਣੇ,
ਉੱਥੇ ਨਾਲ ਹੀ ਇਨ•ਾਂ ਨੇ ਪੰਜਾਬੀਆਂ ਨੂੰ ਆਪਣੇ ਸੈਕੂਲਰ ਕਿਸਮ ਦੇ ਸਿਆਸੀ ਕੇਂਦਰ ਉਸਾਰਨ ਤੋਂ ਵੀ ਰੋਕੀ ਰੱਖਿਆ। ਗ਼ਦਰ ਪਾਰਟੀ ਦੀਆਂ ਸਰਗਰਮੀਆਂ ਵਿੱਚ ਇਨ•ਾਂ ਗੁਰਦੁਆਰਿਆਂ ਦੀ ਆਪਣੀ ਭੂਮਿਕਾ ਰਹੀ ਹੈ।
ਗ਼ਦਰ ਪਾਰਟੀ ਦੇ ਕੁਝ ਹੋਰ ਵਿਰੋਧਾਭਾਸ ਵੀ ਬਹੁਤ ਦਿਲਚਸਪ ਹਨ। ਜਿਵੇਂ ਗਦਰੀਆਂ ਵਿੱਚ ਬਹੁਗਿਣਤੀ ਪੰਜਾਬੀ ਸਿੱਖਾਂ ਦੀ ਸੀ, ਪਰੰਤੂ ਪੰਡਤ ਕਾਂਸ਼ੀ ਰਾਮ ਮੜੋਲੀ, ਲਾਲਾ ਹਰਦਿਆਲ ਤੇ ਮੁਨਸ਼ੀ ਰਾਮ ਜਿਹੇ ਹਿੰਦੂ ਅਤੇ ਕਰੀਮ ਬਖ਼ਸ਼ ਤੇ ਰਹਿਮਤ ਅਲੀ ਵਜੀਦਕੇ ਜਿਹੇ ਮੁਸਲਮਾਨ ਵੀ ਇਸ ਦੇ ਮੋਢੀ ਮੈਂਬਰਾਂ ਵਿੱਚੋਂ ਸਨ। ਵਧੇਰੇ ਗ਼ਦਰੀ ਆਪਣੇ ਧਰਮਾਂ ਵਿੱਚ ਵਿਸ਼ਵਾਸ ਰੱਖਦਿਆਂ ਵੀ ਸਭ ਧਰਮਾਂ ਦੇ ਲੋਕਾਂ ਨਾਲ ਰਲ ਕੇ ਦੇਸ ਦੀ ਅਜ਼ਾਦੀ ਲਈ ਲੜਨ-ਮਰਨ ਨੂੰ ਤਿਆਰ ਸਨ। ਇਸ ਸਿਆਸੀ ਜਥੇਬੰਦੀ ਦਾ ਮਨੋਰਥ ਹਥਿਆਰਬੰਦ ਇਨਕਲਾਬ ਰਾਹੀਂ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣਾ ਤੇ ਭਾਰਤ ਵਿੱਚ ਰਾਸ਼ਟਰੀ ਜਮਹੂਰੀਅਤ ਕਾਇਮ ਕਰਨਾ ਸੀ। ਗਦਰੀ ਦੇਸ ਪਰਤ ਕੇ ਲੋਕਾਂ ਤੇ ਖਾਸ ਕਰ ਫ਼ੌਜਾਂ ਵਿੱਚ ਬਗ਼ਾਵਤ ਭੜਕਾ ਕੇ ਰਾਜ-ਪਲਟਾ ਕਰਨਾ ਚਾਹੁੰਦੇ ਸਨ। ਪਹਿਲੀ ਸੰਸਾਰ ਜੰਗ ਉਮੀਦ ਤੋਂ ਛੇਤੀ ਛਿੜ ਗਈ। ਇਸ ਲਈ ਗ਼ਦਰੀਆਂ ਨੂੰ ਬਿਨਾਂ ਤਿਆਰੀ ਤੋਂ ਹੀ ਭਾਰਤ ਆਉਣਾ ਪਿਆ। ਇਸ ਲਈ ਉਨ•ਾਂ ਨੂੰ ਗ੍ਰਿਫ਼ਤਾਰ ਕਰਨ ਲਈ ਅੰਗਰੇਜ਼ਾਂ ਨੂੰ ਵਧੇਰੇ ਤਰੱਦਦ ਨਾ ਕਰਨਾ ਪਿਆ। ਦੇਸ ਅੰਦਰ, ਖ਼ਾਸ ਕਰ ਪੰਜਾਬ ਅੰਦਰ ਲੋਕ ਆਪਣੇ ਨਾਲ ਹੋ ਰਹੇ ''ਅਣਮਨੁੱਖੀ ਸਲੂਕ'' ਪ੍ਰਤੀ ਬਿਲਕੁਲ ਚੇਤੰਨ ਨਹੀਂ ਸਨ। ਇਸ ਦੇ ਉਲਟ ਪਹਿਲੀ ਸੰਸਾਰ ਜੰਗ ਦੌਰਾਨ ਪੰਜਾਬੀਆਂ ਨੇ ਵੱਡੀ ਗਿਣਤੀ ਵਿੱਚ ਅੰਗਰੇਜ਼ਾਂ ਨੂੰ ਭਰਤੀ ਦਿੱਤੀ ਸੀ। ਅੰਗਰੇਜ਼ਾਂ ਨੂੰ ਫ਼ੌਜੀ ਤਾਕਤ ਹਾਸਲ ਹੋਈ ਸੀ ਤੇ ਪੰਜਾਬੀਆਂ ਨੂੰ ਰੁਜ਼ਗਾਰ। ਇਸੇ ਲਈ ਗ਼ਦਰੀ ਕੁਝ ਫ਼ੌਜੀ ਛਾਉਣੀਆਂ ਵਿੱਚ ਬਗਾਵਤ ਦੀ ਕੋਸ਼ਿਸ਼ ਤੋਂ ਵੱਧ ਸਫ਼ਲ ਨਾ ਹੋਏ।
ਸਰਕਾਰ ਨੇ ਗ਼ਦਰੀਆਂ ਦਾ ਬੇਰਹਿਮੀ ਨਾਲ ਦਮਨ ਕੀਤਾ। ਖ਼ਤਰਨਾਕ ਸਮਝੇ ਜਾਂਦੇ ਗ਼ਦਰੀਆਂ ਨੂੰ, ਪਹਿਲਾਂ ਚੱਲ ਰਹੇ ਮੁਕੱਦਮੇ ਵਿੱਚ ਰੋਕ ਕੇ, ਦਿਨਾਂ ਵਿੱਚ ਹੀ ਫਾਹੇ ਟੰਗ ਦਿੱਤਾ ਗਿਆ। ਜਿਊਂਦੇ ਬਚੇ ਗ਼ਦਰੀਆਂ ਦਾ ਸੰਘਰਸ਼ ਕਾਲੇ ਪਾਣੀ ਤੇ ਜੇਲ•ਾਂ ਵਿੱਚ ਵੀ ਜਾਰੀ ਰਿਹਾ।
ਗ਼ਦਰ ਪਾਰਟੀ ਵੱਖ-ਵੱਖ ਪਿੱਠ-ਭੂਮੀਆਂ ਵਾਲੇ ਰਾਸ਼ਟਰਵਾਦੀ ਕਿਸਮ ਦੇ ਲੋਕਾਂ ਦਾ ਮਿਲਗੋਭਾ ਸੀ। ਇਸੇ ਲਈ ਰਾਜ-ਪਲਟੇ ਦੇ ਯਤਨ ਦੀ ਅਸਫਲਤਾ ਪਿੱਛੋਂ ਇਨ•ਾਂ ਨੇ ਵੱਖੋ-ਵੱਖ ਰਾਹ ਫੜੇ। ਅਮਰੀਕਾ ਦੀ ਗ਼ਦਰ ਪਾਰਟੀ ਨੇ ਮਾਸਕੋ ਇੰਟਰਨੈਸ਼ਨਲ ਨਾਲ ਵੀ ਸੰਬੰਧ ਜੋੜੇ। ਭਾਈ ਸੰਤੋਖ ਸਿੰਘ ਤੇ ਭਾਈ ਰਤਨ ਸਿੰਘ ਪਾਰਟੀ ਦੇ ਪ੍ਰਤੀਨਿੱਧਾਂ ਵਜੋਂ ਮਾਸਕੋ ਗਏ, ਪਰ ਇਸ ਦਾ ਅਰਥ ਇਹ ਵੀ ਨਹੀਂ ਕਿ ਉਹ ਆਧੁਨਿਕਤਾ ਦੇ ਉੱਚਤਮ ਰੂਪ ਮਾਰਕਸਵਾਦ ਨਾਲ ਇੱਕਮਿੱਕ ਹੋ ਗਏ ਸਨ। ਉਦੋਂ ਮਾਸਕੋ ਗੁਪਤ ਰੂਪ ਵਿੱਚ ਹੀ ਜਾਇਆ ਜਾ ਸਕਦਾ ਸੀ। ਇਸ ਲਈ ਭੇਸ ਬਦਲਣ ਲਈ ਕੇਸ ਵੀ ਕਟਵਾਉਣੇ ਪੈ ਸਕਦੇ ਸਨ, ਪਰ ਭਾਈ ਰਤਨ ਸਿੰਘ ਕੇਸ ਕਟਵਾਉਣ ਤੋਂ ਝਿਜਕਦੇ ਸਨ। ਇਸ ਲਈ ਸਿਆਟਲ ਵਿੱਚ ਕੰਮ ਕਰਦੇ ਹਰਜਾਪ ਸਿੰਘ ਨੂੰ ਭਾਈ ਰਤਨ ਸਿੰਘ ਦੀ ਥਾਂ ਮਾਸਕੋ ਜਾਣ ਲਈ ਤਿਆਰ ਕੀਤਾ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਭਾਈ ਸੰਤੋਖ ਸਿੰਘ ਤੇ ਭਾਈ ਰਤਨ ਸਿੰਘ ਦੋਵੇਂ, ਬਿਨਾਂ ਕੇਸ ਕਟਵਾਇਆਂ ਹੀ ਮਾਸਕੋ ਜਾਣ ਵਿੱਚ ਸਫ਼ਲ ਹੋ ਗਏ। ਇਸ ਤਰ•ਾਂ ਧਾਰਮਿਕ ਸੰਸਕਾਰਾਂ ਤੋਂ ਮੁਕਤ ਹੋਣ ਤੋਂ ਬਿਨਾਂ ਹੀ ਸਮਾਜਵਾਦੀ ਵਿਚਾਰਾਂ ਨਾਲ ਸੰਪਰਕ ਸੰਭਵ ਹੋ ਗਿਆ।
ਇੱਧਰ ਦੇਸ ਵਿੱਚ ਪਹਿਲੀ ਸੰਸਾਰ ਜੰਗ ਦੇ ਖਾਤਮੇ ਪਿੱਛੋਂ ਹਵਾ ਬਦਲ ਗਈ। ਰੌਲਟ ਐਕਟ ਦੇ ਖ਼ਿਲਾਫ਼ ਲੋਕਾਂ ਵਿੱਚ ਵੱਡਾ ਉਭਾਰ ਦੇਖਿਆ ਗਿਆ। ਜੰਗ ਦੇ ਖਾਤਮੇ ਪਿੱਛੋਂ ਘਰ ਆਏ ਨਾਂ ਕੱਟੇ ਫ਼ੌਜੀਆਂ ਦੀ ਇਸ ਵਿੱਚ ਵੱਡੀ ਭੂਮਿਕਾ ਸੀ। ਜੰਗ ਦੀ ਹਲਚਲ ਨੇ ਸ਼ਾਂਤੀ ਦੀ ਆਦਤ ਖ਼ਤਮ ਕਰ ਦਿੱਤੀ ਸੀ। ਫਲਸਰੂਪ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਫਿਰ ਨਨਕਾਣਾ ਸਾਹਿਬ ਦੇ ਸਾਕੇ ਪਿੱਛੋਂ ਕੁਝ ਗਰਮ ਦਲੀਏ ਅਕਾਲੀ, ਬੱਬਰ ਅਕਾਲੀ ਬਣ ਗਏ। ਉਨ•ਾਂ ਅਕਾਲੀਆਂ ਦਾ ਸ਼ਾਂਤਮਈ ਸੱਤਿਆਗ੍ਰਹਿ ਦਾ ਰਾਹ ਛੱਡ ਕੇ ਹਿੰਸਾ ਦਾ ਰਾਹ ਅਪਨਾਉਣ ਦਾ ਫ਼ੈਸਲਾ ਕੀਤਾ।
ਪਹਿਲੇ ਅਕਾਲੀ ਸਾਜ਼ਿਸ਼ ਕੇਸ 1921 ਵਿੱਚ ਦੋ ਗ਼ਦਰੀ ਵਤਨ ਸਿੰਘ ਕਾਹਰੀ ਸਾਹਰੀ ਤੇ ਚੈਂਚਲ ਸਿੰਘ ਜੰਡਿਆਲਾ ਸ਼ਾਮਲ ਸਨ। ਕਰਮ ਸਿੰਘ ਦੌਲਤਪੁਰ ਵਾਲੇ ਬੱਬਰ ਜਥੇ ਨੂੰ ਗ਼ਦਰੀਆਂ ਦਾ ਜਥਾ ਹੀ ਸਮਝਿਆ ਜਾਂਦਾ ਹੈ। ਇਸ ਵਿੱਚ ਸ਼ਾਮਲ ਕਰਮ ਸਿੰਘ ਝਿੰਗੜ ਤੇ ਆਸਾ ਸਿੰਘ ਭਕੜੁਦੀ ਵੀ ਗ਼ਦਰੀ ਸਨ। ਇਸ ਜਥੇ ਨੇ ਹੀ ਪਹਿਲਾਂ ਗ਼ਦਰ ਪਾਰਟੀ ਦੇ ਪਰਚੇ 'ਗ਼ਦਰ' ਦੀ ਤਰਜ਼ ਉੱਤੇ ਪਰਚਾ 'ਬੱਬਰ ਅਕਾਲੀ ਦੁਆਬਾ', ਸ਼ੁਰੂ ਕੀਤਾ ਸੀ। ਬਾਅਦ ਵਿੱਚ ਇਸ ਜਥੇ ਦੀ ਕਿਸ਼ਨ ਸਿੰਘ ਗੜਗੱਜ ਦੇ ਚੱਕਰਵਰਤੀ ਜਥੇ ਨਾਲ ਏਕਤਾ ਪਿੱਛੋਂ ਪਰਚੇ ਦੀ ਜ਼ਿੰਮੇਵਾਰੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੇ ਸਾਂਭ ਲਈ, ਪਰ ਪਰਚੇ ਉੱਤੇ ਸੰਪਾਦਕ ਦਾ ਨਾਂ ਕਰਮ ਸਿੰਘ ਦੌਲਤਪੁਰ ਹੀ ਛੱਪਦਾ ਰਿਹਾ। ਇਸੇ ਤਰ•ਾਂ ਗਦਰੀ ਬਾਬਾ ਭਾਗ ਸਿੰਘ ਕੈਨੇਡੀਅਨ ਦੀ ਮਾਸਟਰ ਮੋਤਾ ਸਿੰਘ ਨਾਲ ਬੇਹੱਦ ਨੇੜਤਾ ਰਹੀ। ਨਨਕਾਣਾ ਸਾਹਿਬ ਦੇ ਸਾਕੇ ਪਿੱਛੋਂ ਕਾਬੁਲ ਕਿਆਮ ਦੌਰਾਨ ਬਾਬਾ ਭਾਗ ਸਿੰਘ ਨੇ ਮਾਸਟਰ ਮੋਤਾ ਸਿੰਘ ਦੀ ਬੇਹੱਦ ਮਦਦ ਕੀਤੀ।
ਗ਼ਦਰ ਪਾਰਟੀ ਤੇ ਬੱਬਰ ਅਕਾਲੀ, ਦੋਹਾਂ ਰਾਹੀਂ ਵਧੇਰੇ ਪੰਜਾਬੀ ਕਿਸਾਨੀ ਹੀ ਗਤੀਸ਼ੀਲ ਹੋਈ। ਅਮਰੀਕਾ ਦੇ ਸੈਕੂਲਰ-ਉਦਾਰਵਾਦੀ ਮਾਹੌਲ ਵਿੱਚ ਗ਼ਦਰ ਪਾਰਟੀ ਵੀ ਸੈਕੂਲਰ ਰੂਪ ਗ੍ਰਹਿਣ ਕਰਨ ਵਿੱਚ ਸਫ਼ਲ ਹੋ ਗਈ ਸੀ, ਪਰ ਬੱਬਰ ਅਕਾਲੀ ਲਹਿਰ ਦੇਸੀ ਪੰਜਾਬ ਦੇ ਇੱਕ ਇਲਾਕੇ ਦੁਆਬੇ ਵਿੱਚ ਉਪਜੀ ਸੀ। ਇਸ ਲਈ ਇਸ ਦੇ ਕੇਂਦਰ ਵਿੱਚ ਧਰਮ ਹੀ ਰਿਹਾ। ਗ਼ਦਰ ਪਾਰਟੀ ਵਿੱਚ ਮਜ•ਬੀ ਬਹਿਸ-ਮੁਬਾਹਸੇ ਲਈ ਕੋਈ ਥਾਂ ਨਹੀਂ ਸੀ, ਪਰ ਬੱਬਰ ਅਕਾਲੀ ਜਥੇ ਵਿੱਚ ਸ਼ਾਮਲ ਹੋਣ ਲਈ, ਨੇਮ ਨਾਲ ਪੰਜ ਬਾਣੀਆਂ ਦਾ ਪਾਠ ਜ਼ਰੂਰੀ ਸੀ। ਬੱਬਰ ਧਾਰਮਿਕ ਸਰੋਕਾਰਾਂ ਨਾਲ ਜੁੜ ਕੇ ਵੀ ਕਦੇ ਫਿਰਕਾਪ੍ਰਸਤ ਨਾ ਬਣੇ। ਉਨ•ਾਂ ਦਾ ਵਿਰੋਧ ਕਿਸੇ ਹੋਰ ਧਰਮ ਨਾਲ ਨਹੀਂ ਸੀ। ਇਸ ਪੱਖ ਤੋਂ ਉਹ ਆਰੀਆ ਸਮਾਜ, ਸਿੰਘ ਸਭਾ ਜਾਂ ਮੁਸਲਿਮ ਲੀਗ ਤੋਂ ਬਹੁਤ ਅਗਾਂਹ ਸਨ। ਉਨ•ਾਂ ਦਾ ਵਿਰੋਧ ਅੰਗਰੇਜ਼ੀ ਹਾਕਮਾਂ ਨਾਲ ਹੀ ਰਿਹਾ। ਛੇ ਬੱਬਰਾਂ ਦੇ ਫਾਂਸੀ ਚੜ• ਜਾਣ ਪਿੱਛੋਂ ਕਾਨਪੁਰ ਦੇ 'ਮਿਲਾਪ' ਅਖਬਾਰ ਵਿੱਚ ਭਗਤ ਸਿੰਘ ਦੁਆਰਾ ਲਿਖੇ ਲੇਖ 'ਹੋਲੀ ਦੇ ਦਿਨ ਖ਼ੂਨ ਦੇ ਛਿੱਟੇ' ਵਿੱਚ ਵੀ ਉਨ•ਾਂ ਦੀ ਦੇਸ ਭਗਤੀ ਨੂੰ ਹੀ ਵਡਿਆਇਆ ਗਿਆ ਹੈ।
ਬੱਬਰ ਅਕਾਲੀਆਂ ਦੇ ਕੇਸ ਲੜਨ ਵਿੱਚ ਵੀ ਗ਼ਦਰੀਆਂ ਨੇ ਮਦਦ ਕੀਤੀ। ਦੇਸ ਭਗਤੀ ਬੱਬਰਾਂ ਤੇ ਗ਼ਦਰੀਆਂ ਨੂੰ ਜੋੜ ਵਾਲਾ ਸਾਂਝਾ ਤੱਤ ਸੀ। ਇੱਕ ਹੋਰ ਤੱਤ ਸੀ, ਪੰਜਾਬ ਵਿਚਲੀ ਜਮਾਤੀ ਸਾਂਝ। ਪੰਜਾਬ ਦੀ ਕਿਸਾਨੀ ਲਈ ਧਰਮ ਕਦੇ ਕੋਈ ਮਸਲਾ ਨਹੀਂ ਰਿਹਾ, ਕਿਉਂਕਿ ਇਸ ਲਈ ਇਸ ਦਾ ਧਰਮ ਹਮੇਸ਼ਾ ਇਨਕਲਾਬੀ ਹੀ ਰਿਹਾ ਹੈ। ਬੱਬਰ ਅਕਾਲੀ ਲਹਿਰ, ਗਦਰ ਲਹਿਰ ਤੋਂ ਵੀ ਵੱਧ ਕਿਸਾਨੀ ਕੇਂਦਰਿਤ ਸੀ। ਬੱਬਰਾਂ ਨੇ ਵੀ ਗ਼ਦਰੀਆਂ ਵਾਂਗ ਹੀ ਬੇਮਿਸਾਲ ਕੁਰਬਾਨੀਆਂ ਕੀਤੀਆਂ। ਵਿਅਕਤੀਗਤ ਸੂਰਮਤਾਈ ਵਿੱਚ ਵੀ ਉਹ ਬੇਜੋੜ ਸਨ। ਮਾਸਟਰ ਮੋਤਾ ਸਿੰਘ ਤੇ ਕਿਸ਼ਨ ਸਿੰਘ ਗੜਗੱਜ ਜਿਹੇ ਆਗੂਆਂ ਦੇ ਛੇਤੀ ਗ੍ਰਿਫ਼ਤਾਰ ਹੋ ਜਾਣ ਕਾਰਨ ਉਨ•ਾਂ ਦੀਆਂ ਸਾਰੀਆਂ ਸਰਗਰਮੀਆਂ ਟੋਡੀਆਂ ਨੂੰ ਸੋਧਣ ਤੱਕ ਹੀ ਸੀਮਤ ਰਹਿ ਗਈਆਂ। ਥੋੜ•ੇ ਜਿਹੇ ਅਰਸੇ ਲਈ ਉਨ•ਾਂ ਦੁਆਬੇ ਵਿਚਲੀ ਪ੍ਰਸ਼ਾਸਨਿਕ ਮਸ਼ੀਨਰੀ ਹੀ ਫੇਲ• ਕਰ ਦਿੱਤੀ। ਦੁਆਬੇ ਵਿੱਚ ਬੱਬਰਾਂ ਦੀ ਦਹਿਸ਼ਤ ਬਾਰੇ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਵੀ ਸਵਾਲ ਉੱਠੇ। ਹਕੂਮਤ ਨੂੰ ਵਾਧੂ ਰਸਾਲਾ ਤੇ ਫੌਜ ਸਥਾਨਕ ਪ੍ਰਸ਼ਾਸਨ ਦੇ ਹਵਾਲੇ ਕਰਨੀ ਪਈ।
ਪਰ ਬੱਬਰ ਲਹਿਰ ਨੂੰ ਛੇਤੀ ਹੀ ਦਬਾ ਦੇਣ ਵਿੱਚ ਬੱਬਰਾਂ ਦੇ ਆਪਣੇ ਸਾਥੀਆਂ ਦਾ ਵੀ ਵੱਡਾ ਯੋਗਦਾਨ ਰਿਹਾ। ਵਧੇਰੇ ਬੱਬਰ ਆਪਣੇ ਸਾਥੀਆਂ ਦੀ ਮੁਖਬਰੀ ਕਾਰਨ ਹੀ ਫੜੇ ਗਏ ਜਾਂ ਮਾਰੇ ਗਏ। ਦੂਜੇ ਸਾਜ਼ਿਸ਼ ਕੇਸ ਵਿੱਚ 91 ਬੱਬਰਾਂ ਉੱਤੇ ਮੁਕੱਦਮਾ ਚੱਲਿਆ ਸੀ ਜਦ ਕਿ 21 ਵਾਅਦਾ ਮੁਆਫ਼ ਗਵਾਹ ਉਨ•ਾਂ ਦੇ ਖਿਲਾਫ਼ ਭੁਗਤੇ ਸਨ। ਬੱਬਰਾਂ ਨੂੰ ਸਜ਼ਾਵਾਂ ਦੁਆਉਣ ਵਿੱਚ ਇਨ•ਾਂ ਵਾਅਦਾ-ਮੁਆਫ਼ਾਂ ਦਾ ਹੀ ਵੱਡਾ ਰੋਲ ਸੀ। 1933 ਵਿੱਚ ਹਰੀ ਸਿੰਘ ਸੂੰਢ ਤੇ ਸਾਥੀਆਂ ਨੇ ਬੇਲਾ ਸਿੰਘ ਜਿਆਨ ਨੂੰ ਮਾਰ ਮੁਕਾਇਆ ਸੀ। ਇਹ ਬੇਲਾ ਸਿੰਘ ਉਹੀ ਸੀ ਜਿਸ ਨੇ ਵੈਨਕੂਵਰ ਦੇ ਗੁਰਦੁਆਰੇ ਵਿੱਚ ਭਾਈ ਭਾਗ ਸਿੰਘ ਤੇ ਭਾਈ ਬਤਨ ਸਿੰਘ ਨੂੰ ਕਤਲ ਕੀਤਾ ਸੀ। ਬੇਲਾ ਸਿੰਘ ਦੇ ਕਤਲ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਸੀ। ਅੰਗਰੇਜ਼ੀ ਪੁਲੀਸ ਦਾ ਤਸ਼ੱਦਦ ਸਹਿ ਕੇ ਵੀ ਹਰੀ ਸਿੰਘ ਸੂੰਢ ਹੋਰਾਂ ਵਿੱਚੋਂ ਕੋਈ ਵਾਅਦਾ ਮੁਆਫ਼ ਗਵਾਹ ਬਣਨ ਲਈ ਨਹੀਂ ਸੀ ਮੰਨਿਆ। ਇਸ ਲਈ ਬੇਲਾ ਸਿੰਘ ਕਤਲ ਕੇਸ ਵਿੱਚੋਂ ਸਾਰੇ ਬੱਬਰ ਰਿਹਾਅ ਹੋ ਗਏ ਸਨ।
ਦਰਅਸਲ ਵਧੇਰੇ ਬੱਬਰਾਂ ਵਿੱਚ ਸਿਧਾਂਤਕ ਪਕਿਆਈ ਨਹੀਂ ਸੀ। ਉਹ ਅਣਖ ਤੇ ਗ਼ੈਰਤ ਜਿਹੀਆਂ ਸਾਮੰਤੀ ਕੀਮਤਾਂ ਤੋਂ ਪ੍ਰੇਰਿਤ ਹੋ ਰਹੇ ਸਨ। ਅਮਲ ਕਰਨ ਲਈ ਉਨ•ਾਂ ਕੋਲ ਕੋਈ ਸਿਆਸੀ ਪਰੋਗਰਾਮ ਨਹੀਂ ਸੀ। ਇਸੇ ਲਈ ਉਹ ਅਰਾਜਕ ਕਿਸਮ ਦੀਆਂ ਕਾਰਵਾਈਆਂ ਵਿੱਚ ਹੀ ਲੱਗੇ ਰਹੇ। ਮਾਸਟਰ ਮੋਤਾ ਸਿੰਘ ਇਸ ਸਮੂਹ ਆਧਾਰਿਤ ਸੂਝ ਨਾਲ ਜੁੜਨ ਵਿੱਚ ਸਫਲ ਹੋਏ। ਬੱਬਰ ਅਕਾਲੀ ਲਹਿਰ ਦੌਰਾਨ ਵੀ ਉਨ•ਾਂ ਹੀ ਬੱਬਰਾਂ ਨੂੰ ਸੂੰਢ ਪਿੰਡ ਵਾਸੀਆਂ ਉੱਤੇ ਹਮਲੇ ਦੀ ਮਾਅਰਕੇ ਬਾਜ਼ ਕਾਰਵਾਈ ਤੋਂ ਹੋੜਿਆ ਸੀ। ਉਹ ਅਕਾਲੀ ਤੇ ਰੂਸੀ ਬਾਲਸ਼ਵਿਕਾਂ ਦੀ ਵਿਚਾਰਧਾਰਾ ਨੂੰ ਆਪਸ ਵਿੱਚ ਰਲਾਉਣਾ ਚਾਹੁੰਦੇ ਸਨ। ਇਸ ਲਈ ਉਨ•ਾਂ 'ਅਕਾਲਸ਼ਵਿਜ਼ਮ' ਦਾ ਸੰਕਲਪ ਪੇਸ਼ ਕੀਤਾ। ਅਖੀਰ 1938 ਵਿੱਚ ਉਨ•ਾਂ ਆਪਣੇ ਵਾਂਗ ਸੋਚਣ ਵਾਲੇ ਬੱਬਰਾਂ ਨਾਲ ਰਲ ਕੇ ਕਿਰਤੀ ਕਿਸਾਨ ਲਹਿਰ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜੇਲ•ਾਂ ਵਿੱਚੋਂ ਰਿਹਾਅ ਹੋਏ ਵਧੇਰੇ ਗਦਰੀ ਵੀ ਉਸੇ ਥਾਂ ਪਹੁੰਚ ਚੁੱਕੇ ਸਨ। ਗ਼ਦਰੀਆਂ ਦੁਆਰਾ ਲਈ ਇਸ ਪੁਜ਼ੀਸ਼ਨ ਪਿੱਛੇ ਭਾਈ ਸੰਤੋਖ ਸਿੰਘ ਕਿਰਤੀ ਦਾ ਵੱਡਾ ਹੱਥ ਸੀ। ਇਸ ਤਰ•ਾਂ ਗ਼ਦਰੀ ਤੇ ਮਾਸਟਰ ਮੋਤਾ ਸਿੰਘ ਦੀ ਅਗਵਾਈ ਵਾਲੇ ਬੱਬਰ, ਦੋ ਵੱਖ-ਵੱਖ ਰਾਹਾਂ ਤੋਂ ਹੁੰਦਿਆਂ ਹੋਇਆਂ, ਇੱਕ ਵਾਰ ਫਿਰ ਸਾਂਝੇ ਨੁਕਤੇ ਉੱਤੇ ਆ ਮਿਲੇ ਸਨ।
ਮਾਸਟਰ ਮੋਤਾ ਸਿੰਘ ਦਾ ਇਹ ਅਕਾਲਸ਼ਵਿਜ਼ਮ ਹੀ ਅਜ਼ਾਦੀ ਲਈ ਸੰਘਰਸ਼ ਦੇ ਦਿਨਾਂ ਤੋਂ ਅੱਜ ਤੱਕ ਪੰਜਾਬ ਦੀ ਖੱਬੇ ਪੱਖੀ ਲਹਿਰ ਦੀ ਅਗਵਾਈ ਕਰਦਾ ਰਿਹਾ ਹੈ। ਗੁਰੂ ਗੋਬਿੰਦ ਸਿੰਘ, ਬਬਰ, ਭਗਤ, ਸਰਾਭਾ ਸਾਰੇ ਖੱਬੇ ਪੱਖੀ ਲਹਿਰ ਦਾ ਸੱਭਿਆਚਾਰਕ ਵਿਰਸਾ ਬਣਾਉਂਦੇ ਰਹੇ ਹਨ। ਇਹ ਕਿਸਾਨੀ ਲਈ ਸੁਭਾਵਿਕ ਨਾਇਕ ਹਨ। ਗੁਰੂ ਗੋਬਿੰਦ ਸਿੰਘ ਦੀ ਆਸਤਕਤਾ ਤੇ ਭਗਤ ਸਿੰਘ ਦੀ ਨਾਸਤਕਤਾ ਕੋਈ ਮੁੱਦਾ ਨਹੀਂ ਹੈ। ਇਹੀ ਅਕਾਲਸ਼ਵਿਜ਼ਮ ਹੈ। ਇਸ ਵਿੱਚ ਪਦਾਰਥਵਾਦ ਤੇ ਵਿਚਾਰਵਾਦ ਦੋਵੇਂ ਆਪੋ ਵਿੱਚ ਰਲ-ਮਿਲ ਜਾਂਦੇ ਹਨ। ਪਰ ਇਸੇ ਕਾਰਨ ਫਲਸਫੇ ਵਿਚਲੇ ਪਦਾਰਥਵਾਦੀ ਤੱਤ ਤੇ ਉਨ•ਾਂ ਨਾਲ ਜੁੜਨ ਵਾਲੀਆਂ ਜਮਾਤਾਂ ਦੀ ਪਛਾਣ ਵੀ ਧੁੰਦਲੀ ਪੈ ਜਾਂਦੀ ਹੈ। ਸਿੱਟੇ ਵਜੋਂ ਪੰਜਾਬ ਦੀ ਖੱਬੀ ਲਹਿਰ, ਦਲਿਤਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫਲ ਨਹੀਂ ਹੋ ਸਕੀ। ਕਿਸਾਨ-ਦਲਿਤ ਵਿਰੋਧਤਾਈ ਨੂੰ ਸਮਝਣ ਤੇ ਇਸ ਦੇ ਹੱਲ ਲਈ ਖੁਦ ਕਿਸਾਨੀ ਮਾਨਸਿਕਤਾ ਤੋਂ ਮੁਕਤ ਹੋਣਾ ਜ਼ਰੂਰੀ ਹੁੰਦਾ ਹੈ। ਪੰਜਾਬ ਦੀ ਧਰਤੀ ਉੱਤੇ ਇਹ ਗੱਲ ਸੰਭਵ ਨਾ ਹੋ ਸਕੀ। ਇਹੀ ਪੰਜਾਬ ਦੇ ਖੱਬੇ ਪੱਖੀਆਂ ਦਾ ਦੁਖਾਂਤ ਹੈ। ਪੰਜਾਬ ਦੇ ਖੱਬੇ ਖੁਦ ਗਿਆਨਕਰਨ ਦੀ ਰੂਹ ਨਹੀਂ ਸਮਝ ਸਕੇ। ਆਧੁਨਿਕਤਾ ਤੱਕ ਪਹੁੰਚਣ ਲਈ ਇਸ ਇਤਿਹਾਸਕਤਾ ਨੂੰ ਲਾਜ਼ਮੀ ਸਮਝਣਾ ਪਵੇਗਾ।


No comments:
Post a Comment