deshpunjabtimes.blogspot.com

Tuesday, 15 May 2012

ਨੌਜਵਾਨਾਂ ਨੂੰ ਸੋਚਵਾਨ ਰੈਡੀਕਲ ਡੈਮੋਕ੍ਰੈਟ ਬਨਾਉਣ ਦੀ ਲੋੜ ਹੈ , ਕਮਿਊਨਿਸਟ ਬਨਾਉਣ ਦੀ ਨਹੀਂ ।




                                       ਪ੍ਰੋ. ਭਗਵਾਨ ਜੋਸ਼ (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ) 'ਰੂਸੀ ਬਲਾਕ ਦਾ ਢੈਅ-ਢੇਰੀ ਹੋਣਾ ਇਤਿਹਾਸਕ ਵਿਸਫੋਟ ਤੋਂ ਘੱਟ ਨਹੀਂ ਸੀ । ਮਾਰਕਸਵਾਦ ਦੀ ਚਮਕ-ਦਮਕ ਹੀ ਮੱਧਮ ਨਹੀਂ ਪਈ, ਇਸ ਵਿਸਫੋਟ ਨਾਲ ਕਮਿਊਨਿਸਟ ਪਾਰਟੀਆਂ ਦੇ ਬੇਸਿਕ 'ਢਾਂਚੇ-ਤੰਤਰ' ਉੱਤੇ ਵੀ ਪ੍ਰਸ਼ਨ-ਚਿੰਨ੍ਹ ਲੱਗ ਚੁੱਕਾ ਹੈ । ਮੁੱਖ ਮੁੱਦੇ ਤੇ ਸੁਆਲ ਉਹ ਨਹੀਂ ਰਹੇ ਜੋ 'ਰੂਸੀ ਬਲਾਕ ' ਦੇ ਪਸਤ ਹੋਣ ਤੋਂ ਪਹਿਲਾਂ ਹੁੰਦੇ ਸਨ । ਅੱਜ ਸਮੁੱਚਾ ਸੰਸਾਰ ਬਦਲ ਗਿਆ ਹੈ ਤੇ ਮਾਨਵਤਾ ਅੱਗੇ ਪੁਰਾਣੀਆਂ ਮੁਸ਼ਕਲਾਂ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਘੁੰਡੀਆਂ ਉੱਠ ਖੜੀਆਂ ਹਨ ।
  ਭਾਰਤ ਦੇ ਸਬੰਧ ਵਿੱਚ ਮੁੱਖ ਸਵਾਲ ਇਹ ਹੈ :- ਕੀ ਡੈਮੋਕ੍ਰੈਟਿਕ ਸਿਆਸੀ ਪ੍ਰਬੰਧ ਦੇ ਅਧੀਨ ਕਿਸੇ ਅਜਿਹੀ ਪਾਰਟੀ ਦਾ ਭਵਿੱਖ ਉੱਜਲਾ ਹੋ ਸਕਦਾ ਹੈ ਜੋ ਆਪਣੇ ਆਪ ਨੂੰ ਕਮਿਊਨਿਸਟ ਕਹਿੰਦੀ ਹੈ ?
  ਅੱਜ ਭਾਰਤ ਵਿੱਚ ਜੋ ਕਮਿਊਨਿਸਟ ਪਾਰਟੀਆਂ ਬਣੀਆਂ ਹੋਈਆਂ ਹਨ, ਉਹ ਸਭ ਉਸ ਪਾਰਟੀ ਦੀ ਰਹਿੰਦ-ਖੂੰਹਦ ਹਨ ਜਿਸ ਦੀ ੧੯੨੦-੨੫ ਦੌਰਾਨ ਕਲਪਨਾ ਕੀਤੀ ਗਈ ਸੀ ,ਪਰ ਬਣਨੀ ਉਹ ੧੯੨੮ ਤੋਂ ਬਾਅਦ ਹੀ ਸ਼ੁਰੂ ਹੋਈ ਸੀ । ਉਸ ਵੇਲੇ ਅਜਿਹੇ ਲੈਨਿਨੀ ਢਾਂਚੇ-ਤੰਤਰ ਵਾਲੀ ਪਾਰਟੀ ਇਸ ਲਈ ਸੰਕਲਪੀ ਗਈ ਸੀ ਕਿਉਂਕਿ ਤੀਜੀ ਕੌਮਾਤਰੀ ਨੂੰ ਇਹ ਯਕੀਨ ਸੀ ਕਿ 'ਸੰਸਾਰ ਇਨਕਲਾਬ' ਬੱਸ ਕੁੱਝ ਹੀ ਸਾਲਾਂ ਦੀ ਦੂਰੀ ਤੇ ਹੈ । ਸੰਸਾਰ ਇਨਕਲਾਬ ਤਾਂ ਨਾ ਆਇਆ ਪਰ ਉਸ ਲਈ ਤਿਆਰ ਕੀਤਾ ਜਾਣ ਵਾਲਾ ਪਾਰਟੀ ਦਾ 'ਢਾਂਚਾ-ਤੰਤਰ' ਜਿਉਂ ਦਾ ਤਿਉਂ ਬਣਿਆ ਰਿਹਾ ਤੇ ਵਿਗੜੇ ਹੋਏ ਰੂਪ ਵਿੱਚ ਅੱਜ ਵੀ ਚਲ ਰਿਹਾ ਹੈ ।
 ਅੱਜ ਜੇਕਰ ਸਮੁੱਚੇ ਸੰਸਾਰ ਵਿਚ ਡੈਮੋਕ੍ਰੈਟਿਕ ਮੁਲਕਾਂ ਦੀ ਸਿਆਸਤ ਨੂੰ ਨੀਝ ਨਾਲ ਤੱਕਿਆ ਜਾਵੇ ਤਾਂ ਪਤਾ ਲੱਗੇਗਾ ਇਸ ਪ੍ਰਬੰਧ ਵਿਚ ਚਾਰ ਤਰ੍ਹਾਂ ਦੀਆਂ ਸਿਆਸੀ ਧਰਾਵਾਂ ਨੂੰ ਉਭਾਰਨ ਦੀ ਸੰਭਾਵਨਾ ਹੁੰਦੀ ਹੈ ਜੋ ਕਿ ਇਕ ਦੂਸਰੀ ਨਾਲ ਅੰਤਰ-ਸੰਬੰਧਿਤ ਹੁੰਦੀਆਂ ਹੋਈਆਂ ਵੀ ਵੱਖਰੋ-ਵੱਖਰਾ ਵਜੂਦ ਰੱਖਦੀਆਂ ਹਨ ।ਇਨਾਂ ਚਾਰ ਸਿਆਸੀ ਧਾਰਾਵਾਂ ਨੁੰ ਇਸ ਪ੍ਰਕਾਰ ਦਰਸਾਇਆ ਜਾ ਸਕਦਾ ਹੈ ।
ਅੱਤ ਲੈਫਟ.... ਸੈਂਟਰ ਲੈਫਟ****ਸੈਂਟਰ***ਸੈਂਟਰ ਰਾਈਟ........ਅੱਤ-ਰਾਈਟ
   ਇਨਾਂ ਚਾਰਾਂ ਵਿੱਚੋਂ ਦੋ ਸਿਆਸੀ ਧਾਰਾਵਾਂ , ਅੱਤ-ਲੈਫਟ ਵਿੰਗ ਤੇ ਅੱਤ-ਰਾਈਟ ਵਿੰਗ ਦਾ ਕੰਮ ਕੇਵਲ ਦੂਸਰੀਆਂ ਦੋ ਸਿਆਸੀ ਧਾਰਾਵਾਂ ਨੂੰ ਪ੍ਰਭਾਵਿਤ ਕਰਨਾ ਹੀ ਹੁੰਦਾ ਹੈ । ਡੈਮੋਕ੍ਰੇਟਿਕ ਪ੍ਰਬੰਧ ਅਧੀਨ ਇਹਨਾਂ ਦੋਵੇਂ ਅੱਤ-ਧਾਰਾਵਾਂ ਦਾ ਕੇਂਦਰ ਨਾਲ ਲਿੰਕ ਕੇਵਲ ਸੈਂਟਰ-ਲੈਫਟ ਜਾਂ ਸੈਂਟਰ – ਰਾਈਟ ਸਿਆਸਤ ਤੇ ਵਿਚਾਰ ਧਾਰਾਵਾਂ ਰਾਹੀਂ ਹੀ  ਜੁੜਦਾ ਹੈ । ਇਹ ਦੋਵੇਂ ਅੱਤ-ਧਾਰਾਵਾਂ ਕਦੀ ਵੀ ਆਪਣੇ ਆਪ ਵਿੱਚ ਬਹੁ-ਮਤ ਹਾਸਿਲ ਨਹੀਂ ਕਰ ਸਕਦੀਆਂ । ਡੈਮੋਕ੍ਰੈਟਿਕ ਤੰਤਰ ਵਿਚ ਇਹ ਸਾਰੀਆਂ ਧਾਰਾਵਾਂ ਕੇਂਦਰ ਨਾਲ ਜੁੜੀਆਂ ਹੁੰਦੀਆਂ ਹਨ । ਇਹ ਕੇਂਦਰ ਹੀ ਸਮੁੱਚੀ ਕੌਮੀ ਸਿਆਸਤ ਦੀ ਮੁੱਖ ਧਾਰਾ ਹੁੰਦਾ ਹੈ ਤੇ ਇਧਰ ਉਧਰ ਸ਼ਿਫਟ ਹੁੰਦਾ ਰਹਿੰਦਾ ਹੈ ।ਕੌਮ ਦੀ ਬਹੁ-ਸੰਮਤੀ ਦੀ ਚੇਤਨਤਾ ਵੀ ਇਸ ਦੇ ਆਲੇ-ਦੁਆਲੇ ਘੁੰਮਦੀ ਰਹਿੰਦੀ ਹੈ । ਇਸ ਕੇਂਦਰ ਨਾਲ ਜੁੜੀਆਂ ਦੋ ਧਾਰਾਵਾਂ , ਸੈਂਟਰ-ਲੈਫਟ ਤੇ ਸੈਂਟਰ-ਰਾਈਟ ਹੀ ਕੌਮੀ ਚੋਣਾਂ ਵਿਚ ਬਹੁ-ਮਤ ਹਾਸਿਲ ਕਰਨ ਦੀ ਸੰਭਾਵਨਾ ਰੱਖਦੀਆਂ ਹਨ। ਇਹਨਾਂ ਦੋਵੇਂ ਧਾਰਾਵਾਂ ਵਿੱਚੋਂ ਕੇਵਲ ਇਕ ਹੀ ਜਾਂ ਤਾਂ ਆਪਣੇ ਆਪ ਦੇ ਬਲ-ਬੁੱਤੇ ਉਪਰ ਜਾਂ ਜੋੜ ਤੋੜ ਕਰ ਕੇ ਸਰਕਾਰ ਬਨਾਉਣ ਤੇ ਚਲਾਉਣ ਦੀ ਯੋਗ ਹੋ ਸਕਦੀ ਹੈ ।
    ਅਜਿਹੇ ਡੈਮੋਕ੍ਰੈਟਿਕ ਪ੍ਰਬੰਧ ਅਧੀਨ ਕਮਿਊਨਿਸਟ ਪਾਰਟੀ ਜਾਂ ਪਾਰਟੀਆਂ ਕਦੀ ਵੀ ਬਹੁ-ਮਤ ਹਾਸਿਲ ਨਹੀਂ ਕਰ ਸਕਦੀਆਂ , ਉਹ ਕੇਵਲ ਮੁੱਦਿਆਂ ਦਾ ਪਰਚਾਰ ਕਰਦੀਆਂ ਰਹਿ ਸਕਦੀਆਂ ਹਨ । ਉਹ ਸੋਚਦੀਆਂ ਹਨ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਦੀ ਆਵਾਜ਼ ਹਾਂ , ਪਰ ਲੋਕ ਵੋਟ ਉਹਨਾਂ ਨੂੰ ਨਹੀਂ , ਵਧੇਰੇ ਕਰ ਕੇ ਸੈਂਟਰ-ਲੈਫਟ ਜਾਂ ਸੈਂਟਰ-ਰਾਈਟ ਪਾਰਟੀ ਨੂੰ ਦਿੰਦੇ ਹਨ । ਇਵੇਂ ਇਹ ਪਾਰਟੀਆਂ ਲੋਕਾਂ ਦੀਆਂ ਸੱਮਸਿਆਵਾਂ ਦੀਆਂ ਢੰਢੋਰਚੀ ਬਣ ਕੇ ਰਹਿ ਜਾਂਦੀਆਂ ਹਨ ਪਰ ਲੋਕਾਂ ਦੇ ਵਿਸ਼ਵਾਸ਼ ਦਾ ਪਾਤਰ ਨਹੀਂ ਬਣ ਸਕਦੀਆਂ । ਪੀ. ਸੀ. ਜੋਸ਼ੀ ਆਖਦਾ ਹੁੰਦਾ ਸੀ : ਮਜ਼ਦੂਰ ਆਪਣੀਆਂ ਤਨਖਾਹਾਂ ਅਤੇ ਹੋਰ ਸੁਵਿਧਾਵਾਂ ਦਾ ਹੱਲ ਕਮਿਊਨਿਸਟ ਲੀਡਰਸ਼ਿਪ ਰਾਹੀਂ ਢੂੰਡਦੇ ਹਨ , ਪਰ ਵੋਟ ਵਧੇਰੇ ਕਰ ਕੇ ਕਾਂਗਰਸ ਨੂੰ ਪਾਉਂਦੇ ਹਨ ।
     ਸੁਆਲ ਪੈਦਾ ਹੁੰਦਾ ਹੈ , ਜੇ ਕਰ ਸਾਰੇ ਸਨਅਤੀ ਮਜ਼ਦੂਰ ਵੀ ਕਮਿਊਨਿਸਟਾਂ ਨੂੰ ਵੋਟ ਪਾ ਦੇਣ ਤਾਂ ਵੀ ਇਸ ਪ੍ਰਬੰਧ ਹੇਠ ਜਿੱਤ ਕਮਿਊਨਿਸਟ ਪਾਰਟੀ ਦੀ ਨਹੀਂ ਹੋ ਸਕਦੀ । ਉਹ ਕੌਮ ਦੀ ਬਹੁ-ਸੰਮਤੀ ਦੀ ਪਾਰਟੀ /ਪਾਰਟੀਆਂ ਨਹੀਂ ਬਣ ਸਕਦੀਆਂ । ਉਹ ਕੇਵਲ ਸੈਂਟਰ-ਲੈਫਟ ਜਾਂ ਸੈਂਟਰ-ਰਾਈਟ ਉੱਪਰ ਪ੍ਰਭਾਵ ਹੀ ਪਾ ਸਕਦੀਆਂ ਹਨ । ਕਈ ਇਤਿਹਾਸਕ ਮੋੜ ਐਸੇ ਹੋ ਸਕਦੇ ਹਨ ਜਿੱਥੇ ਉਹਨਾਂ ਦੇ ਪ੍ਰਭਾਵ ਦੀ ਸਮਰਥਾ ਕਾਫੀ ਹੋ ਸਕਦੀ ਹੈ , ਜਿਵੇਂ ਕਿ ਮਨਮੋਹਨ ਸਿੰਘ ਦੀ ਪਿਛਲੀ ਸਰਕਾਰ ਕਾਇਮ ਰਹਿਣ ਲਈ ਲਗਪਗ ਕਮਿਊਨਿਸਟ ਪਾਰਟੀ ( ਮਾਰਕਸਵਾਦੀ ) ਉੱਪਰ ਨਿਰਭਰ ਸੀ । ਅਜਿਹੇ ਪ੍ਰਭਾਵ ਦੀ ਇਹ ਸਿਖਰਲੀ ਸੀਮਾ ਹੁੰਦੀ ਹੈ ।
    ਏਦਾਂ ਦੇ ਪ੍ਰਭਾਵਾਂ ਵਿਚ ਐਨਾ ਤੰਤ ਨਹੀਂ ਹੁੰਦਾ ਕਿ ਉਹ ਸਮੁੱਚੀ ਸਿਆਸਤ ਦਾ ਰੁੱਖ ਬਦਲ ਕੇ ਉਸ ਨੂੰ ਵਧੇਰੇ ਲੋਕ-ਮੁੱਖੀ ਬਣਾ ਦੇਵੇ । ਇਹ ਕੰਮ ਤਾਂ ਕੇਵਲ ਉਹੀ ਪਾਰਟੀ ਕਰ ਸਕਦੀ ਹੈ ਜੋ ਬਹੁ-ਮਤ ਰਾਹੀਂ ਸਰਕਾਰ ਬਣਾਵੇ ਤੇ ਲੋਕ-ਮੁੱਖੀ ਪ੍ਰੋਗਰਾਮਾਂ ਨੂੰ ਯਕੀਨਨ ਅਮਲ ਵਿਚ ਲਿਆਵੇ ।
    ਇੰਜ ਡੈਮੋਕ੍ਰੈਟਿਕ ਪ੍ਰਬੰਧ ਹੇਠ ਉਹ ਪਾਰਟੀਆਂ ਜੋ ਸੈਂਟਰ-ਲੈਫਟ ਸਿਆਸਤ ਅਪਣਾ ਕੇ ਬਹੁ-ਸੰਮਤੀ ਹਾਸਿਲ ਕਰਨ ਦੀ ਕਾਬਲੀਅਤ ਰੱਖਦੀਆਂ ਹੋਣ ,ਉਹ ਪਾਰਟੀਆਂ ਕੇਵਲ ਸੋਸ਼ਲ ਡੈਮੋਕ੍ਰੈਟਿਕ ਪਾਰਟੀਆਂ ਹੀ ਹੋ ਸਕਦੀਆਂ ਹਨ ਨਾ ਕਿ ਕਮਿਊਨਿਸਟ ਪਾਰਟੀਆਂ  ।
ਕਮਿਊਨਿਸਟ ਪਾਰਟੀਆਂ ਤਾਂ ਸਗੋਂ ਅਜਿਹੀ ਸਿਆਸੀ ਪਾਰਟੀ ਦੇ ਉਭਰਨ ਵਿੱਚ ਰੋੜਾ ਹੀ ਅਟਕਾ  ਸਕਦੀਆਂ ਹਨ । ਉਹ ਨਾ ਤਾਂ ਆਪਣੇ ਆਪ ਨੂੰ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਵਿਚ ਬਦਲ ਸਕਦੀਆਂ ਹਨ ਕਿਉਂਕਿ ਉਹਨਾਂ ਦਾ ਬੀਜ ਰੂਪ (DNA) ਲੈਨਿਨੀ ਹੁੰਦਾ ਹੈ ਜਿਸ ਦੀ ਸਪਿਰਟ ਸੋਸ਼ਲ ਡੈਮੋਕਰੇਸੀ ਦੇ ਖਿਲਾਫ ਹੁੰਦੀ ਹੈ , ਤੇ ਨਾ ਹੀ ਉਹ ਕਿਸੇ ਹੋਰ ਲੈਫਟ-ਵਿੰਗ ਡੈਮੋਕ੍ਰੈਟਿਕ ਪਾਰਟੀ ਨੂੰ ਉਭਰਨ ਤੇ ਫੈਲਣ ਲਈ ਰਾਹ ਮੁੱਹਈਆ ਕਰਦਾ ਹੈ । ਉਹ ਅਜਿਹੀ ਪਾਰਟੀ ਨੂੰ ਇਨਕਲਾਬ ਵਿਰੋਧੀ ਕਹਿ ਕੇ ਭੰਡਦੀਆਂ ਹਨ ।
   ਅੱਜ ਵੀ ਭਾਰਤੀ ਸਿਆਸਤ ਵਿਚ ਕਮਿਊਨਿਸਟ ਪਾਰਟੀਆਂ ਨੇ ਇਹ ਸੈਂਟਰ-ਲੈਫਟ ਸਪੇਸ (centre-left space) ਖਾਲੀ ਛੱਡ ਕੇ ਆਪਣੇ ਆਪ ਹੀ ਕਾਂਗਰਸ ਦੇ ਹਵਾਲੇ ਕੀਤੀ ਹੋਈ ਹੈ । ਇਸੇ ਕਾਰਨ ਹੀ ਇੱਕੋ ਇੱਕ ਕਾਂਗਰਸ ਪਾਰਟੀ ਹੈ ਜਿਸ ਦੀ ਸਿਆਸਤ ਇਸ ਖਾਲੀ ਛੱਡੇ ਸੈਂਟਰ-ਲੈਫਟ ਸਪੇਸ ਤੱਕ ਫੈਲੀ ਹੋਈ ਹੈ । ਭਾਵੇਂ ਕਾਂਗਰਸ ਇਕ ਕੰਜ਼ਰਵੇਟਿਵ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਹੈ ਪਰ ਇਹ ਆਪਣੇ ਆਪ ਨੂੰ ਭਾਰਤੀ ਲੋਕਾਂ ਤੇ ਜਨਤਾ ਦੇ ਸਾਹਮਣੇ ਲੈਫਟ-ਵਿੰਗ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੇ ਤੌਰ 'ਤੇ ਪੇਸ਼ ਕਰਨ ਵਿਚ ਕਾਮਯਾਬ ਰਹਿੰਦੀ ਹੈ । ਇਸ ਦੀ ਧੌਂਸ ਕੇਵਲ ਉਸ ਵਕਤ ਚੈਲੰਜ ਹੋਈ ਜਦੋਂ ਅੱਤ ਰਾਈਟ-ਪਾਰਟੀ  ( BJP ) ਨੇ ਆਪਣੀ ਸਪੇਸ ਨੂੰ ਆਰਜ਼ੀ ਤੌਰ ਤੇ ਤਲਾਂਜਲੀ ਦੇ ਕੇ ਸੈਂਟਰ-ਰਾਈਟ ਸਿਆਸਤ ਅਪਣਾਈ ਤੇ ਬਾਕੀ ਪਾਰਟੀਆਂ ਨਾਲ ਜਮ੍ਹਾਂ-ਤੋੜ ਕਰ ਕੇ ਬਹੁ-ਮੱਤ ਪ੍ਰਾਪਤ ਕਰ ਲਿਆ । ਪਰ ਭਾਰਤੀ ਜਨਤਾ ਪਾਰਟੀ ਅੱਜ ਇੱਕ ਰਾਈਟ-ਵਿੰਗ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਬਨਣ ਤੋਂ ਅਸਮਰਥ ਹੈ , ਉਸੇ ਤਰਾਂ ਜਿਸ ਤਰਾਂ ਕਮਿਊਨਿਸਟ ਪਾਰਟੀਆਂ ਭਾਰਤੀ ਪੱਧਰ ਦੀ ਰੈਡੀਕਲ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਵਿਚ ਤਬਦੀਲ ਹੋਣ ਦੇ ਸਮਰਥ ਨਹੀਂ ਹਨ । ਇਹਨਾਂ ਦੋਨਾਂ ਪਾਰਟੀਆਂ ਦੀ ਅਜਿਹੀ ਅਸਮਰਥਾ ਕਾਰਨ ਕਾਂਗਰਸ ਕੋਲ ਅੱਜ ਇਹ ਦੋਵੇਂ ਤਰ੍ਹਾਂ ਦੀ ਸਪੇਸ ਹੈ : ਸੈਂਟਰ-ਲੈਫਟ ਤੇ ਸੈਂਟਰ-ਰਾਈਟ ।
   ਇੰਜ ਕਾਂਗਰਸ ਦੀ ਸਮੁੱਚੀ ਸਿਆਸਤ ,ਪ੍ਰੋਗਰਾਮ ਤੇ ਆਰਥਿਕ ਨੀਤੀਆਂ ਇਹਨਾਂ ਦੋਨਾਂ ਸਪੇਸਾਂ ਦਾ ਮਿਲਗੋਭਾ ਹੋ ਨਿਬੜਦੀਆਂ ਹਨ । ਜਦੋਂ ਤੱਕ ਕਮਿਊਨਿਸਟ, ਅੱਤ-ਲੈਫਟ ਤੇ ਬੀ.ਜੇ.ਪੀ.  ਅੱਤ-ਰਾਈਟ ਪੋਜੀਸ਼ਨਾਂ ਤੇ ਕਾਇਮ ਹਨ ,ਉਦੋਂ ਤੱਕ ਭਾਰਤ ਵਿਚ ਕਾਂਗਰਸ ਦਾ ਬੋਲ-ਬਾਲਾ ਬਣਿਆ ਰਹੇਗਾ । ਕਾਂਗਰਸ ਆਪਣੇ ਆਪ ਵਿਚ ਐਨੀਂ ਤਕੜੀ ਤਾਕਤ ਨਹੀਂ ਜਿੰਨਾਂ ਇਸ ਨੂੰ ਇਹਨਾਂ ਦੋਵੇਂ ਧਾਰਾਵਾਂ , ਅੱਤ-ਲੈਫਟ ਤੇ ਅੱਤ-ਰਾਈਟ ਨੇ ਬਣਾ ਰੱਖਿਆ ਹੈ ।ਬਹੁਤੀ ਵੇਰ ਕਿਸੇ ਪਾਰਟੀ ਦੀ ਤਾਕਤ ਉਸ ਦੇ ਆਪਣੇ ਬਲ-ਬੁੱਤੇ ਕਰਕੇ ਨਹੀਂ ਸਗੋਂ ਵਿਰੋਧੀ ਧਿਰਾਂ ਦੀ ਅੰਦਰਲੀ ਕਮਜ਼ੋਰੀ ਅਤੇ ਗਲਤ ਸਿਆਸੀ ਸਮਝ ਉੱਪਰ ਟਿਕੀ ਹੁੰਦੀ ਹੈ ।
    ਜਦ ਕਮਿਊਨਿਸਟ ਪਾਰਟੀਆਂ ਆਪਣੇ ਪ੍ਰਬੰਧਕੀ ਢਾਂਚੇ-ਤੰਤਰ ਨੂੰ ਤਿਆਗ ਕੇ ਇਕ ਨਵੀਂ ਲਹਿਰ ਤੇ ਪਾਰਟੀ  (The Party of the Broad Left ) ਵਜੋਂ  ਆਪਣੇ ਆਪ ਨੂੰ ਲੋਕਾਂ ਅੱਗੇ ਪੇਸ਼ ਕਰਕੇ ਉਹਨਾਂ ਦਾ ਵਿਸ਼ਵਾਸ ਹਾਸਿਲ ਨਹੀਂ ਕਰਦੀਆਂ , ਓਨੀਂ ਦੇਰ ਤੱਕ ਕਾਂਗਰਸ ਦਾ ਬਦਲ ਲੋਕ ਹੋਰ ਕਿਤੇ ਢੂੰਢਦੇ ਰਹਿਣਗੇ । ਪਰ ਕਾਂਗਰਸ ਦੇ ਸਮੁੱਚੇ ਲੋਕ/ਪੱਖੀ ਪ੍ਰੋਗਰਾਮਾਂ ਤੇ ਵਾਹਦਿਆਂ ਨੂੰ ਕੇਵਲ ਇਕ ਰੈਡੀਕਲ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਹੀ ਅਮਲ ਵਿਚ ਲਿਆ ਸਕਦੀ ਹੈ । ਜਦ ਤੱਕ ਅਜਿਹੀ ਪਾਰਟੀ ਨਹੀਂ ਉਭਰਦੀ , ਲੋਕਾਂ ਦਾ ਵਿਸ਼ਵਾਸ਼ ਪ੍ਰਾਪਤ ਨਹੀਂ ਕਰਦੀ , ਤਦ ਤੱਕ ਇਹਨਾਂ ਕਾਂਗਰਸੀ ਪ੍ਰੋਗਰਾਮਾਂ ਤੇ ਪਾਲਸੀਆਂ ਦਾ ਅਮਲ ਢਿਲਾ/ਮਿੱਠਾ ਤੇ ਅਗੜ / ਦੁਗੜਾ ਹੀ ਰਹੇਗਾ । ਕਮਿਊਨਿਸਟ ਪਾਰਟੀਆਂ ਕਾਂਗਰਸ ਦੀ ਤਿੱਖੀ ਨੁਕਤਾਚੀਨੀ ਤਾਂ ਕਰ ਸਕਦੀਆਂ ਹਨ , ਤੇ ਬਹੁਤ ਵੇਰ ਨੁਕਤਾਚੀਨੀ  ਠੀਕ ਵੀ ਹੁੰਦੀ ਹੈ , ਸਮਝ ਵੀ ਆਉਂਦੀ ਹੈ , ਪਰ ਉਹ ਕਾਂਗਰਸ ਪਾਰਟੀ ਨੂੰ ਬਿਨਾਂ ਰੈਡੀਕਲ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਬਣੇ (The Party of the Broad Left ) ਅਸਲੀਅਤ ਵਿਚ ਕੋਈ ਲੋਕ-ਪੱਖੀ ਠੋਸ ਅਮਲ ਲੋਕਾਂ ਸਾਹਮਣੇ ਨਹੀਂ ਰੱਖ ਸਕਦੀਆਂ ।
     ਪੰਜਾਬ ਦੀਆਂ ਸੱਮਸਿਆਵਾਂ ਖੇਤੀ ਸਬੰਧੀ ਹਨ ,ਦਲਿਤਾਂ ਅਤੇ ਔਰਤਾਂ ਉਪਰ ਤਸ਼ੱਦਦ ਦੀਆਂ ਹਨ, ਐਜੂਕੇਸ਼ਨ ਤੇ ਵਾਤਾਵਰਣ ਦੇ ਦੂਸ਼ਿਤ ਹੋਣ ਬਾਰੇ ਹਨ । ਇਹਨਾਂ ਸਾਰੀਆਂ ਸੱਮਸਿਆਵਾਂ ਦਾ ਸਮਾਜਕ ਹੱਲ ਢੂੰਡਣ ਲਈ ਪੰਜਾਬ ਦੇ ਕਾਮਰੇਡਾਂ ਨੂੰ ਕਮਿਊਨਿਸਟ ਪਾਰਟੀ ਬਨਾਉਣ ਦੀ ਲੋੜ ਨਹੀਂ, ਰੈਡੀਕਲ ਡੈਮੋਕ੍ਰੇਟਿਕ ਲਹਿਰ ਖੜੀ ਕਰਨ ਦੀ ਲੋੜ ਹੈ ।
ਨੌਜਵਾਨਾਂ ਨੂੰ ਸੋਚਵਾਨ ਰੈਡੀਕਲ ਡੈਮੋਕ੍ਰੈਟ ਬਨਾਉਣ ਦੀ ਲੋੜ ਹੈ , ਕਮਿਊਨਿਸਟ ਬਨਾਉਣ ਦੀ ਨਹੀਂ । 




Friday, 11 May 2012

ਪੰਜਾਬ ਸੰਤਾਪ ਦੌਰਾਨ ਸ਼ਹੀਦਾਂ ਦੇ ਬੱਚੇ ਵਿਕਾਸ ਦੇ ਰਾਹਾਂ 'ਤੇ\ਪ੍ਰੋ. ਬਲਵਿੰਦਰਪਾਲ ਸਿੰਘ

 ਪੜ੍ਹਾਈ 'ਚ ਸਰ ਕਰ ਰਹੇ ਨੇ ਨਵੀਆਂ ਮੰਜ਼ਲਾਂ 
ਆਪਣੇ ਬੀਤੇ ਨੂੰ ਨਹੀਂ ਭੁੱਲੇ ਸ਼ਹੀਦਾਂ ਦੇ ਬੱਚੇ, ਪਰ ਸਿੱਖ ਕੌਮ ਦੇ ਹਿੱਤ ਲਈ ਕਰ ਗੁਜ਼ਰਨ ਦੇ ਚਾਹਵਾਨ
                   bibi sandeep kaur   98558-03391

    
ਬੀਬੀ ਕਾਸ਼ਤੀਵਾਲ ਤੇ ਬੀਬੀ ਸੋਹਨਜੀਤ ਨੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਦੀ ਸੰਭਾਲ ਕਰਕੇ  ਨਿਭਾਈ ਇਤਿਹਾਸਕ ਭੂਮਿਕਾ
ਪੰਜਾਬ ਸੰਤਾਪ ਦੌਰਾਨ ਬਹੁਤ ਸਾਰੇ ਸਿੰਘ, ਸਿੰਘਣੀਆਂ ਸ਼ਹੀਦ ਹੋਏ ਹਨ। ਉਨ੍ਹਾਂ ਦੇ ਬੱਚਿਆਂ ਨੇ ਉਸ ਸਮੇਂ ਜੋ ਸੰਤਾਪ ਦੇ ਪੱਲ ਹੰਡਾਏ ਹਨ, ਉਨ੍ਹਾਂ ਤੋਂ ਪਾਰ ਹੋ ਕੇ ਉਹ ਪੜ੍ਹਾਈ ਵਿੱਚ ਵਿਕਾਸ ਦੀਆਂ ਪੁਲਾਘਾਂ ਪੁੱਟ ਰਹੇ ਹਨ। ਭਾਵੇਂ ਉਹ ਆਪਣੇ ਬੀਤੇ ਨੂੰ ਨਹੀਂ ਭੁੱਲੇ, ਪਰ ਉਹ ਪੜ੍ਹਾਈ ਵਿੱਚ ਅਹਿਮ ਪ੍ਰਾਪਤੀਆਂ ਕਰਕੇ ਸਿੱਖ ਕੌਮ ਦੇ ਹਿੱਤ ਲਈ ਕਰ ਗੁਜ਼ਰਨ ਦੇ ਚਾਹਵਾਨ ਹਨ। ਖਾਸ ਕਰਕੇ ਉਹ ਸਮੇਂ ਦੇ ਬੱਚੇ ਤੇ ਅੱਜ ਜਵਾਨੀ ਦੀਆਂ ਦਹਿਲੀਜ਼ਾਂ ਪਾਰ ਕਰ ਰਹੇ ਨੌਜਵਾਨ ਤੇ ਮੁਟਿਆਰਾਂ, ਜੋ ਬੀਬੀ ਸੰਦੀਪ ਕੌਰ ਕਾਸ਼ਤੀਵਾਲ ਅਤੇ ਬੀਬੀ ਸੋਹਨਜੀਤ ਕੌਰ ਵੱਲੋਂ ਅਲੱਗ-ਅਲੱਗ ਸਥਾਨਾਂ 'ਤੇ ਚਲਾਏ ਜਾ ਰਹੇ ਅਨਾਥ ਆਸ਼ਰਮਾਂ ਵਿਚ ਪਲ਼ ਰਹੇ ਹਨ, ਪੜ੍ਹ ਰਹੇ ਹਨ ਤੇ ਬਿਨਾਂ ਸ਼ਿਕਵਿਆਂ ਦੇ ਆਪਣੀ ਜ਼ਿੰਦਗੀ ਜਿਊਂ ਰਹੇ ਹਨ। ਹੱਥਲੇ ਕਾਲਮ ਵਿਚ ਪੰਜਾਬ ਸੰਤਾਪ ਦੌਰਾਨ ਸ਼ਹੀਦ ਹੋਏ ਸਿੱਖ ਪਰਿਵਾਰਾਂ ਦੇ ਬੱਚਿਆਂ ਵਿਚੋਂ ਕੁਝ ਇਕ ਦੀ ਅੱਜ ਦੀ ਸਥਿਤੀ ਸਾਂਝੀ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਸਾਰੇ ਰਿਸ਼ਤੇ-ਨਾਤੇ ਉਸ ਸੰਘਰਸ਼ ਦੀ ਬਲੀ ਚੜ੍ਹ ਗਏ। ਇਸ ਦੁਖਾਂਤ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਜੀਵਨ ਦੀਆਂ ਮੰਜਲਾਂ ਤਹਿ ਕੀਤੀਆਂ ਹਨ।

ਕੰਵਰਦੀਪ ਸਿੰਘ
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਧਰਮ ਸਿੰਘ ਕਾਸ਼ਤੀਵਾਲ ਨੇ 1992 ਵਿਚ ਪੰਜਾਬ ਪੁਲਿਸ ਤੋਂ ਬਚਣ ਲਈ ਸਾਈਨਾਇਡ ਨਿਗਲ ਲਿਆ ਸੀ। ਧਰਮ ਸਿੰਘ ਦੀ ਸ਼ਹਾਦਤ ਤੋਂ ਕੁਝ ਮਹੀਨਿਆਂ ਬਾਅਦ ਉਨ੍ਹਾਂ ਦੀ ਧਰਮ ਪਤਨੀ ਸੰਦੀਪ ਕੌਰ ਦੇ ਘਰ ਕੰਵਰਦੀਪ ਸਿੰਘ ਦਾ ਜਨਮ ਹੋਇਆ ਸੀ। ਜਿਹੜਾ ਕਰੀਬ 20 ਸਾਲ ਦਾ ਹੈ। ਕੰਵਰਦੀਪ ਚੰਡੀਗੜ੍ਹ ਦੇ ਐਨੀਮੇਸ਼ਨ ਸਟੂਡੀਓ ਫਰੇਮਬਾਕਸ ਦੇ ਪਹਿਲੇ ਬੈਚ ਦੇ ਵਿਦਿਆਰਥੀ ਹਨ ਤੇ ਉਸ ਨੂੰ ਮਿਲ ਕੇ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ ਕਿ ਉਸ ਦਾ ਅਤੀਤ ਪੰਜਾਬ ਸੰਤਾਪ ਨਾਲ ਜੁੜਿਆ ਹੋਇਆ ਹੈ। ਅੰਗਰੇਜ਼ੀ ਫਿਲਮਾਂ ਖਾਸ ਕਰਕੇ ਐਕਸ਼ਨ ਅਤੇ ਸਾਇੰਸ ਫਿਕਸ਼ਨ ਦਾ ਬੇਹੱਦ ਸ਼ੌਕੀਨ ਹੈ। ਉਹ ਹਾਲੀਵੁੱਡ ਜਾਣਾ ਚਾਹੁੰਦਾ ਹੈ। ਉਸ ਨੂੰ ਵਿੰਪਾਇਰ ਫਿਲਮਾਂ, ਹੱਲੇ-ਗੁੱਲੇ ਵਾਲੇ ਸੰਗੀਤ ਅਤੇ ਸੋਸ਼ਲ ਨੈਟਵਰਕਿੰਗ ਸਾਈਟਸ ਉੱਤੇ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ।

ਰਾਜ ਕੌਰ
ਪਟਿਆਲਾ ਜ਼ਿਲ੍ਹੇ ਦੇ ਪਿੰਡ ਕੱਲਰ ਭੈਣੀ ਦੇ ਮਿਲਖਾ ਸਿੰਘ ਨੂੰ 1992 'ਚ ਤਰਨ ਤਾਰਨ ਨੇੜੇ ਇੱਕ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਰਾਜ ਕੌਰ (25 ਸਾਲ) ਮਿਲਖਾ ਸਿੰਘ ਦੀ ਅਨਾਥ ਹੋਈ ਧੀ ਹੈ, ਜੋ ਕੱਲਰ ਭੈਣੀ ਦੇ ਮਾਤਾ ਗੁਜਰੀ ਸਹਾਰਾ ਟਰੱਸਟ ਅਨਾਥ ਆਸ਼ਰਮ ਵਿਚ ਪਲ਼ੀ ਪੜ੍ਹੀ ਹੈ। ਉਸ ਜਿਹੀਆਂ ਹੋਰ ਕਈ ਧੀਆਂ ਇਸ ਆਸ਼ਰਮ ਦੀ ਛੱਤ ਹੇਠ ਜਵਾਨ ਹੋਈਆਂ ਹਨ। ਪਿਛਲੇ ਦਿਨੀਂ ਰਾਜ ਕੌਰ ਦਾ ਇੱਕ ਪ੍ਰਵਾਸੀ ਪੰਜਾਬੀ ਰੌਸ਼ਨ ਸਿੰਘ (ਇੰਗਲੈਂਡ) ਨਾਲ ਅਨਾਥ ਆਸ਼ਰਮ ਵਿਚ ਵਿਆਹ ਹੋਇਆ। ਰਾਜ ਕੌਰ ਮੈਡੀਕਲ ਲੈਬ ਟੈਕਨੀਸ਼ੀਅਨ ਹੈ। ਹੁਣ ਉਹ ਆਪਣੇ ਪਤੀ ਨਾਲ ਬ੍ਰਿਟੇਨ ਜਾ ਵਸੇਗੀ। ਉਸ ਦੇ ਪਤੀ ਰੌਸ਼ਨ ਸਿੰਘ ਲੰਡਨ ਵਿਚ ਕੈਂਸਰ ਚੈਰਿਟੀ ਵਿਚ ਕੰਮ ਕਰਦੇ ਹਨ।

ਸੁਖਜਿੰਦਰ ਕੌਰ
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸੁਖਦੇਵ ਸਿੰਘ ਬਲੱਗਣ ਨੂੰ 1992 ਵਿਚ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਐਨ ਸਾਹਮਣੇ ਹੋਏ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਉਸ ਦੇ ਦੋ ਬੱਚੇ ਸਨ—ਸੁਖਜਿੰਦਰ ਕੌਰ ਅਤੇ ਸਤਿੰਦਰਪਾਲ ਸਿੰਘ, ਜੋ ਰਿਸ਼ਤੇਦਾਰਾਂ ਵੱਲੋਂ ਠੁਕਰਾਏ ਜਾਣ ਤੋਂ ਬਾਅਦ 1996 ਵਿਚ ਸੁਲਤਾਨਵਿੰਡ ਵਿਚ ਬਣੇ ਸ਼ਹੀਦ ਧਰਮ ਸਿੰਘ ਖਾਲਸਾ ਟਰੱਸਟ ਅਨਾਥ ਆਸ਼ਰਮ ਵਿਚ ਆ ਗਏ ਸਨ। ਸੁਖਜਿੰਦਰ ਕੌਰ ਕੰਪਿਊਟਰ ਦੀ ਸਿਖਲਾਈ ਲੈ ਰਹੀ ਹੈ ਅਤੇ ਅਧਿਆਪਕਾ ਬਣਨਾ ਚਾਹੁੰਦੀ ਹੈ। ਉਸ ਦਾ ਭਰਾ ਵੀ ਇਸੇ ਅਨਾਥ ਆਸ਼ਰਮ ਰਾਹੀਂ ਉੱਚ ਵਿੱਦਿਆ ਹਾਸਲ ਕਰ ਰਿਹਾ ਹੈ।

ਸ਼ਰਨਜੀਤ ਕੌਰ
ਜੈਮਲ ਸਿੰਘ ਅਸਲਪੁਰੇ ਨੂੰ 1992 ਵਿਚ ਦਸੰਬਰ ਮਹੀਨੇ ਪੁਲਿਸ ਨੇ ਇਹ ਕਹਿ ਕੇ ਚੁੱਕਿਆ ਸੀ ਕਿ ਉਹ ਖਾੜਕੂਆਂ ਨੂੰ ਪਨਾਹ ਦਿੰਦਾ ਹੈ। ਇਸ ਤੋਂ ਬਾਅਦ ਜੈਮਲ ਸਿੰਘ ਦਾ ਕੋਈ ਪਤਾ ਨਹੀਂ। ਸ਼ਰਨਜੀਤ ਕੌਰ ਜੈਮਲ ਸਿੰਘ ਦੀ ਧੀ ਹੈ, ਜੋ ਅੱਜ 20 ਸਾਲ ਦੀ ਹੋ ਚੁੱਕੀ ਹੈ। ਉਹ ਵੀ ਸ਼ਹੀਦ ਧਰਮ ਸਿੰਘ ਖਾਲਸਾ ਟਰੱਸਟ ਦੇ ਅਨਾਥ ਆਸ਼ਰਮ ਵਿਚ ਰਹਿੰਦੀ ਹੈ। ਫੈਸ਼ਨ ਡਿਜ਼ਾਈਨਿੰਗ ਉਸ ਦੀ ਰੁਚੀ ਹੈ। ਉਹ ਚਾਹੁੰਦੀ ਹੈ ਕਿ ਅਜਿਹੇ ਭਾਰਤੀ ਪਹਿਰਾਵੇ ਤਿਆਰ ਕਰੇ, ਜੋ ਕਿਸੇ ਵੀ ਤਰ੍ਹਾਂ ਦਾ ਅੰਗ ਪ੍ਰਦਰਸ਼ਨ ਕੀਤੇ ਬਿਨਾਂ ਮਾਡਲਾਂ ਨੂੰ ਰੈਂਪ ਉੱਤੇ ਪਹਿਨਾਏ ਜਾ ਸਕਣ।

ਸਿਮਰਨਜੀਤ ਕੌਰ
ਐੱਮ. ਬੀ. ਏ. ਦੀ ਪੜ੍ਹਾਈ ਕਰ ਰਹੀ 24 ਸਾਲਾ ਸਿਮਰਨਦੀਪ ਕੌਰ ਨੂੰ ਬੀਤੇ ਦੀਆਂ ਧੁੰਦਲੀਆਂ ਜਿਹੀਆਂ ਯਾਦਾਂ ਕਦੀ-ਕਦੀ ਪ੍ਰੇਸ਼ਾਨ ਕਰਦੀਆਂ ਹਨ। ਉਹ ਦੱਸਦੀ ਹੈ ਕਿ ਜੰਮੂ ਵਿਚਲੇ ਉਨ੍ਹਾਂ ਦੇ ਘਰ ਪੰਜਾਬ ਪੁਲਿਸ ਨੇ ਅੱਧੀ ਰਾਤ ਛਾਪਾ ਮਾਰਿਆ ਸੀ, ਕਿਉਂਕਿ ਉਸ ਦੀ ਮਾਂ ਮਾਨ ਕੌਰ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਦੀ ਭਤੀਜੀ ਸੀ। ਬਸ, ਇਹੋ ਇਸ ਪਰਿਵਾਰ ਦਾ ਦੋਸ਼ ਸੀ। ਹਾਲਾਂਕਿ ਮਾਨ ਕੌਰ ਦਾ ਨੀਟਾ ਅਤੇ ਉਸ ਦੇ ਪਰਿਵਾਰ ਨਾਲ ਵੀ ਕੋਈ ਸੰਬੰਧ ਨਹੀਂ ਸੀ, ਪਰ ਪੰਜਾਬ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲਿਆ। ਦਿੱਲੀ ਦੀ ਤਿਹਾੜ ਜੇਲ ਵਿਚ ਸੁੱਟ ਦਿੱਤਾ ਗਿਆ, ਫਿਰ ਜੰਮੂ-ਕਸ਼ਮੀਰ ਪੁਲਿਸ ਨੇ ਸਿਮਰਨਜੀਤ ਦੇ ਟਰੱਕ ਡਰਾਈਵਰ ਪਿਤਾ ਜਗਦੀਸ਼ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਇਕੱਲੀ ਰਹਿ ਗਈ ਸਿਮਰਨਜੀਤ ਨੂੰ ਮਾਤਾ ਗੁਜਰੀ ਟਰੱਸਟ ਨੇ ਗੋਦ ਲੈ ਲਿਆ। ਅੱਜ ਉਹ ਐੱਮ. ਬੀ. ਏ. ਕਰ ਰਹੀ ਹੈ ਅਤੇ ਨਾਲ ਹੀ ਪੀ. ਸੀ. ਐੱਸ. ਦੀ ਟੈਸਟ ਦੀ ਤਿਆਰੀ ਵੀ। ਉਹ ਅਜਿਹਾ ਸਿਸਟਮ ਚਾਹੁੰਦੀ ਹੈ ਕਿ ਪੁਲਿਸ ਆਪਣੀ ਮਰਜ਼ੀ ਨਾਲ ਕਿਸੇ ਦੇ ਘਰ ਨਾ ਵੜੇ ਅਤੇ ਬਿਨਾਂ ਕਸੂਰੋਂ ਕਿਸੇ ਉੱਤੇ ਤਸ਼ੱਦਦ ਨਾ ਕਰੇ, ਪਰ ਉਦਾਸ ਵੀ ਹੋ ਜਾਂਦੀ ਹੈ ਕਿ ਉਸ ਦੀ ਇਹ ਇੱਛਾ ਦੇਸ਼ ਦੇ ਕਿਸੇ ਵੀ ਕੋਨੇ ਵਿਚ ਪੂਰੀ ਹੁੰਦੀ ਨਹੀਂ ਦਿਸਦੀ।

ਹਰਦੀਪ ਸਿੰਘ
ਤਰਨ ਤਾਰਨ ਦੇ ਪਿੰਡ ਮੱਖੀ ਕਲਾਂ ਦੀ ਧੁੰਦਲੀ ਜਿਹੀ ਯਾਦ ਅਨਾਥ ਆਸ਼ਰਮ ਵਿਚ ਰਹਿ ਰਹੇ 20 ਸਾਲਾਂ ਦੇ ਹੋ ਚੁੱਕੇ ਹਰਦੀਪ ਸਿੰਘ ਨੂੰ ਅੱਜ ਵੀ ਹੈ। ਖ਼ਾਸ ਕਰਕੇ ਉਹ ਘੜੀ ਜਦੋਂ ਖਾਕੀਧਾਰੀ ਵਰਦੀ ਵਿਚ ਕੁਝ ਲੋਕ ਉਸ ਦੇ ਘਰ ਆਏ ਸਨ। 1993 ਵਿਚ ਮਾਰਚ ਦੇ ਮਹੀਨੇ ਉਸ ਦੇ ਚਾਚਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਰਟੌਲ ਪਿੰਡ ਦੇ ਬਾਹਰ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਸੀ। ਮਾਨੋਚਾਹਲ ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ਼ ਖਾਲਿਸਤਾਨ ਦਾ ਮੁਖੀ ਮਾਨੋਚਾਹਲ ਦੇ ਮਾਰੇ ਜਾਣ ਤੋਂ ਬਾਅਦ ਹਰਦੀਪ ਦੇ ਪਿਤਾ ਜਗਤਾਰ ਜੱਗਾ ਨੇ ਇਸ ਲਹਿਰ ਨਾਲ ਨਾਤਾ ਤੋੜ ਲਿਆ ਅਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣ ਲਈ ਯੂ. ਪੀ. ਵਿਚ ਟਰੱਕ ਡਰਾਈਵਰੀ ਸ਼ੁਰੂ ਕਰ ਦਿੱਤੀ, ਪਰ ਦੋ ਸਾਲ ਬਾਅਦ 1995 ਵਿਚ ਉਸ ਦੀ ਇੱਕ ਹਾਦਸੇ ਵਿਚ ਮੌਤ ਹੋ ਗਈ। ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਅਤੇ ਖਾਲਿਸਤਾਨੀ ਪਿਛੋਕੜ ਹੋਣ ਕਰਕੇ ਰਿਸ਼ਤੇਦਾਰਾਂ ਨੇ ਮੂੰਹ ਮੋੜ ਲਿਆ ਅਤੇ ਹਰਦੀਪ ਸਿੰਘ ਨੂੰ ਇੱਕ ਅਨਾਥ ਆਸ਼ਰਮ ਨੇ ਪਨਾਹ ਦਿੱਤੀ, ਜਿਥੇ ਉਸ ਵਰਗੇ ਖਾਲਿਸਤਾਨੀ ਸੰਘਰਸ਼ ਦੇ ਅਨਾਥ ਬੱਚੇ ਪਲ਼ ਰਹੇ ਹਨ। ਇਥੇ ਉਹ ਪਟਿਆਲਾ ਦੇ ਇੱਕ ਕਾਲਜ ਵਿਚ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨਜ਼ ਦੀ ਇੰਜੀਨੀਅਰਿੰਗ ਕਰ ਰਿਹਾ ਹੈ। ਉਸ ਦਾ ਸੁਪਨਾ ਕਾਮਯਾਬ ਇੰਜੀਨੀਅਰ ਬਣਨ ਦਾ ਹੈ।

ਜਸਵਿੰਦਰ ਕੌਰ
ਖਾਲਿਸਤਾਨੀ ਜਥੇਬੰਦੀ ਨਾਲ ਸੰਬੰਧ ਹੋਣ ਦੇ ਦੋਸ਼ ਵਿਚ 1994 ਵਿਚ ਕੁਲਵੰਤ ਸਿੰਘ ਨੂੰ ਮਾਰ ਦਿੱਤਾ ਗਿਆ ਸੀ। ਉਸਦੀ ਧੀ ਜਸਵਿੰਦਰ ਕੌਰ (18 ਸਾਲ) ਆਪਣੇ ਵਰਗੇ ਸੈਂਕੜੇ ਬੱਚਿਆਂ ਨਾਲ ਅਨਾਥ ਆਸ਼ਰਮ ਵਿਚ ਰਹਿ ਰਹੀ ਹੈ ਅਤੇ ਆਪਣੀ ਜ਼ਿੰਦਗੀ ਦਾ ਰਾਹ ਆਪ ਚੁਣਨ ਦੇ ਸਮਰੱਥ ਹੋ ਰਹੀ ਹੈ। ਪੂਰਨ ਗੁਰਸਿੱਖ ਰੂਪ ਵਿਚ ਸਜੀ ਇਹ ਬੱਚੀ ਕਬੱਡੀ ਦੀ ਹੋਣਹਾਰ ਖਿਡਾਰੀ ਹੈ। 2007 ਵਿਚ ਉਹ ਕਬੱਡੀ ਜੂਨੀਅਰ ਨੈਸ਼ਨਲ ਵਿਚ ਪੰਜਾਬ ਵੱਲੋਂ ਖੇਡੀ ਸੀ। ਉਂਝ ਉਸਦੀ ਰੁਚੀ ਅਧਿਆਪਕਾ ਬਣਨ ਦੀ ਹੈ। ਕਲਾ ਉਸ ਅੰਦਰ ਕੁਟ-ਕੁਟ ਕੇ ਭਰੀ ਹੋਈ ਹੈ। ਚਾਰਕੋਲ ਦੇ ਪੋਰਟਰੇਟ ਬਣਾਉਣਾ ਉਸਦਾ ਸ਼ੌਂਕ ਹੈ। ਮਾਤਾ ਗੁਜਰੀ ਟਰੱਸਟ ਵਿਚ ਰਹਿ ਰਹੀ ਅਤੇ ਕੱਲਰ ਭੈਣੀ ਦੇ ਨੇੜੇ ਸਥਿਤ ਸੰਤ ਕਿਰਪਾਲ ਅਕੈਡਮੀ ਵਿਚ 12ਵੀਂ ਜਮਾਤ ਵਿਚ ਪੜ੍ਹ ਰਹੀ ਜਸਵਿੰਦਰ ਕੌਰ ਮਾਸੂਮੀਅਤ ਨਾਲ ਕਹਿੰਦੀ ਹੈ ਕਿ ਮੈਂ ਵੀ ਆਪਣੇ ਵਰਗੀ ਕਿਸੇ ਅਨਾਥ ਬੱਚੀ ਨੂੰ ਪਾਲਾਂਗੀ ਅਤੇ ਪੜ੍ਹਾਵਾਂਗੀ।

ਹਰਮਨਪ੍ਰੀਤ ਕੌਰ

ਖਾਲਿਸਤਾਨ ਲਿਬਰੇਸ਼ਨ ਆਰਮੀ ਦੇ ਖੜਕ ਸਿੰਘ ਕਿੱਲੀ ਨੂੰ 1992 ਵਿਚ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਖੜਕ ਸਿੰਘ ਦੀ ਪਤਨੀ ਸੋਹਨਜੀਤ ਕੌਰ (45 ਸਾਲ) ਮਾਤਾ ਗੁਜਰੀ ਟਰੱਸਟ ਚਲਾਉਂਦੀ ਹੈ ਤੇ ਉਸਦੀ 21 ਸਾਲਾ ਧੀ ਹਰਮਨਪ੍ਰੀਤ ਕੌਰ ਪਟਿਆਲਾ ਦੇ ਕਾਲਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਐੱਮ. ਬੀ. ਏ. ਕਰ ਰਹੀ ਹੈ। ਹਰਮਨਪ੍ਰੀਤ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀ ਹੈ, ਪਰ ਸੋਹਨਜੀਤ ਕੌਰ ਚਾਹੁੰਦੀ ਹੈ ਕਿ ਉਸ ਦੀ ਧੀ ਪੰਜਾਬ ਪੁਲਿਸ ਭਰਤੀ ਹੋਵੇ।

ਸਿੱਖ ਆਸ਼ਰਮਾਂ ਦੀ ਇਤਿਹਾਸਕ ਭੂਮਿਕਾ

ਅੰਮ੍ਰਿਤਸਰ ਸਾਹਿਬ ਦੇ ਸੁਲਤਾਨਵਿੰਡ ਵਿਚ ਸਥਿਤ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਅਤੇ ਪਟਿਆਲਾ ਜ਼ਿਲ੍ਹੇ ਦੇ ਕੱਲਰ ਭੈਣੀ ਵਿਚ ਸਥਿਤ ਮਾਤਾ ਗੁਜਰੀ ਟਰੱਸਟ ਵੱਲੋਂ ਚਲਾਏ ਜਾਂਦੇ ਆਸ਼ਰਮਾਂ ਵਿਚ ਤਿੰਨ ਸੌ ਦੇ ਕਰੀਬ ਬੱਚੇ ਰਹਿੰਦੇ ਹਨ, ਜਿਹੜੇ ਸ਼ਹੀਦ ਪਰਿਵਾਰਾਂ ਦੇ  ਬੱਚੇ ਹਨ। ਦੋਵਾਂ ਹੀ ਥਾਵਾਂ ਉੱਤੇ ਹਰ ਸਵੇਰ ਸਾਰੇ ਬੱਚੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਨਿੱਤਨੇਮ ਕਰਦੇ ਹਨ, ਫਿਰ ਆਪੋ-ਆਪਣੀ ਪੜ੍ਹਾਈ ਲਈ ਸਕੂਲਾਂ-ਕਾਲਜਾਂ ਵਿਚ ਚਲੇ ਜਾਂਦੇ ਹਨ। ਖਾਣਾ ਬਣਾਉਣ ਦਾ ਕੰਮ ਆਸ਼ਰਮਾਂ ਵਿਚ ਰਹਿੰਦੀਆਂ ਕੁੜੀਆਂ ਵਾਰੀ ਸਿਰ ਕਰਦੀਆਂ ਹਨ ਅਤੇ ਬਾਕੀ ਕੰਮ ਮੁੰਡੇ ਕਰਦੇ ਹਨ। ਹੁਣ ਤੱਕ 100 ਕੁੜੀਆਂ ਦਾ ਵਿਆਹ ਹੋ ਚੁੱਕਿਆ ਹੈ, ਬਹੁਤੀਆਂ ਵਿਦੇਸ਼ ਵਿਚ ਵਿਆਹੀਆਂ ਗਈਆਂ ਹਨ।
ਇਹ ਆਸ਼ਰਮ ਸੰਗਤਾਂ ਵੱਲੋਂ ਦਿੱਤੇ ਜਾਂਦੇ ਦਸਵੰਧ ਦੇ ਸਹਾਰੇ ਚਲਦੇ ਹਨ। ਆਪਣਾ ਸਭ ਕੁਝ ਗੁਆ ਦੇਣ ਵਾਲੇ ਇਨ੍ਹਾਂ ਬੱਚਿਆਂ ਨੂੰ ਪਨਾਹ ਦੇ ਰਹੇ ਇਨ੍ਹਾਂ ਆਸ਼ਰਮਾਂ ਉੱਤੇ ਵੀ ਪੁਲਿਸ ਅਤੇ ਖੁਫੀਆ ਏਜੰਸੀਆਂ ਦੀ ਅੱਖ ਲੰਬੇ ਸਮੇਂ ਤੋਂ ਹੈ, ਜੋ ਦੋਸ਼ ਲਾ ਰਹੇ ਹਨ ਕਿ ਇਹ ਅਨਾਥ ਆਸ਼ਰਮ ਵਿਸ਼ੇਸ਼ ਕਰਕੇ ਸ਼ਹੀਦ ਧਰਮ ਸਿੰਘ ਖਾਲਸਾ ਟਰੱਸਟ ਨੂੰ ਉਹ ਲੋਕ ਚਲਾ ਰਹੇ ਹਨ, ਜੋ ਭਾਰਤ ਵਿਚ ਗੜਬੜ ਪੈਦਾ ਕਰਦੇ ਹਨ ਅਤੇ ਖਾੜਕੂਆਂ ਦੇ ਬੱਚਿਆਂ ਨੂੰ ਬਹੁਤ ਕਾਇਦੇ ਨਾਲ ਸਿਖਲਾਈ ਦਿੰਦੇ ਹਨ, ਪਰ ਮਨੁੱਖੀ ਅਧਿਕਾਰਾਂ ਤੇ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨ ਦੇ ਪ੍ਰਤੀਨਿਧ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ, ਸਗੋਂ ਆਲੋਚਕਾਂ ਦਾ ਇਹ ਆਖ ਕੇ ਮੂੰਹ ਬੰਦ ਕਰ ਰਹੇ ਹਨ ਕਿ ਪਟਿਆਲਾ ਅਤੇ ਅੰਮ੍ਰਿਤਸਰ ਵਿਚ ਕਰੀਬ ਡੇਢ ਦਹਾਕੇ ਤੋਂ ਚੱਲ ਰਹੇ ਇਨ੍ਹਾਂ ਆਸ਼ਰਮਾਂ ਦਾ ਇੱਕ ਵੀ ਬੱਚਾ ਨਾ ਤਾਂ ਨਸ਼ੇ ਦਾ ਆਦੀ ਹੋਇਆ ਅਤੇ ਨਾ ਹੀ ਅਪਰਾਧਿਕ ਸਰਗਰਮੀ ਵਿਚ ਸ਼ਾਮਲ ਹੋਇਆ ਹੈ, ਜਦਕਿ ਇਨ੍ਹਾਂ ਆਸ਼ਰਮਾਂ ਤੋਂ ਬਾਹਰ ਦੇ ਪੂਰੇ ਪੰਜਾਬ ਦੇ ਬਹੁਗਿਣਤੀ ਬੱਚੇ ਨਸ਼ੇ ਅਤੇ ਹਿੰਸਾ ਵਿਚ ਪੂਰੀ ਤਰ੍ਹਾਂ ਲਿਬੜੇ ਹੋਏ ਹਨ।





ਪੰਜਾਬ ਦੇ ਅਖੌਤੀ ਕਾਮਰੇਡਾਂ ਦਾ ਪੰਜਾਬ ਨਾਲ ਧੋਖਾ\ਪ੍ਰਭਸ਼ਰਨਦੀਪ ਸਿੰਘ



ਕਾਮਰੇਡਾਂ ਵੱਲੋਂ, ਹਿੰਦੁਸਤਾਨੀ ਹਕੂਮਤ ਦੀ ਤਰਜ਼ 'ਤੇ, ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸਮੱਸਿਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਮੱਸਿਆ ਕੀ ਹੈ? ਕਾਮਰੇਡਾਂ ਮੁਤਾਬਕ ਪੰਜਾਬ ਹੱਸ ਰਿਹਾ ਸੀ, ਗਾ ਰਿਹਾ ਸੀ। ਕੁਝ ਲੋਕ ਆਏ ਤੇ ਉਹਨਾਂ ਨੇ ਕੁਝ ਮੱਸਲੇ ਛੇੜ ਦਿੱਤੇ। ਪੰਜਾਬ ਵਿੱਚ ਇੱਕ ਅੱਗ ਲੱਗੀ। ਇਹ ਰੰਗਲੀ ਧਰਤੀ ਲਹੂ ਲੁਹਾਣ ਹੋ ਗਈ। ਇਹ ਮਸਲੇ ਛੇੜਨ ਵਾਲੇ ਲੋਕ ਕੌਣ ਸਨ? ਬਿਨਾਂ ਸ਼ੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਤੇ ਉਨ੍ਹਾਂ ਦੇ ਸਾਥੀ ਸਨ, ਜਿਨ੍ਹਾਂ ਨੇ ਇਹ ਮੱਸਲੇ ਛੇੜੇ। ਜੁਝਾਰੂ ਸਿੰਘ, ਜਿਹਨਾਂ ਨੇ ਜੂਨ ਚੁਰਾਸੀ ਤੋਂ ਬਾਅਦ ਲੜਾਈ ਇੱਕ ਨਵੇਂ ਸਿਰੇ ਤੋਂ ਵਿੱਢੀ, ਜਿਹੜੇ ਕਈ ਸਾਲ ਆਪਣੇ ਸਾਰੇ ਤਾਣ ਨਾਲ ਲੜਦੇ ਰਹੇ। ਕੌਣ ਸਨ ਇਹ ਲੋਕ ਜਿਨ੍ਹਾਂ ਨੇ ਇਸ ਦੀ ਪਾਵਨ ਮਿੱਟੀ ਲਹੂ ਨਾਲ ਸਿੰਜ ਦਿੱਤੀ? ਅੱਜ ਅਸੀਂ ਇਨ੍ਹਾਂ ਸੁਆਲਾਂ ਦੇ ਦਰਪੇਸ਼ ਹੋਣਾ ਹੈ ਜਾਂ ਸ਼ਾਇਦ ਇਨ੍ਹਾਂ ਸੁਆਲਾਂ ਦੇ ਸਥਾਪਿਤ ਹੋ ਚੁੱਕੇ ਜੁਆਬਾਂ ਦੀ ਗੱਲ ਕਰਨੀ ਹੈ।
ਕੌਣ ਹਨ ਪੰਜਾਬ ਦੀ ਮੁਹੱਬਤ ਦੇ ਦਾਅਵੇਦਾਰ? ਜੇ ਇਹ ਕਮਿਊਨਿਸਟ ਹਨ ਤਾਂ ਪੰਜਾਬ ਦੀ ਧਰਤੀ ਨਿਰਾਸ਼ ਹੋਏ ਕਮਿਊਨਿਸਟਾਂ ਦੀ ਜਗੀਰ ਨਹੀਂ। ਕਮਿਊਨਿਸਟਾਂ ਨੇ ਪੰਜਾਬ ਦੇ ਦਰਦ ਨਾਲ ਦਗ਼ਾ ਕਮਾਇਆ ਹੈ। ਉਨ੍ਹਾਂ ਨੇ ਸੰਨ ਸੰਤਾਲੀ ਦੇ ਦੁੱਖ ਨੂੰ ਆਪਣਾ ਸੌਦਾ ਵੇਚਣ ਲਈ ਵਰਤਿਆ ਹੈ। ਵਾਰਿਸ ਸ਼ਾਹ ਦੇ ਨਾਂ 'ਤੇ ਯੂਰਪੀ ਸੈਕੂਲਰਇਜ਼ਮ ਦਾ ਲਾਂਗਾ ਢੋਇਆ ਹੈ। ਬੀਬੀ ਅੰਮ੍ਰਿਤਾ ਪ੍ਰੀਤਮ ਨੇ ਵਾਰਿਸ ਸ਼ਾਹ ਨੂੰ ਵਾਜਾਂ ਕਿਵੇਂ ਮਾਰੀਆਂ, ਇਹ ਤਾਂ ਸ਼ਾਇਦ ਉਹਨੂੰ ਵੀ ਨਾ ਪਤਾ ਹੋਵੇ, ਪਰ ਜਿਵੇਂ ਉਸ ਗੱਲ ਦਾਂ ਕਾਮਰੇਡਾਂ ਨੇ ਜਨਾਜ਼ਾ ਕੱਢਿਆ, ਇਹ ਸਾਨੂੰ ਜ਼ਰੂਰ ਪਤਾ ਹੈ। ਸਿਰਜਣਾ ਦੇ ਖਿਣਾਂ ਵਿੱਚ ਇੱਕ ਬੇਖ਼ਬਰੀ ਹੁੰਦੀ ਹੈ। ਅਰਥਾਂ ਤੋਂ, ਭਾਵ ਤੋਂ, ਕੋਈ ਉਚੇਰੀ ਗੱਲ ਹੁੰਦੀ ਹੈ, ਜਿਸ ਨੂੰ ਫੜ ਲੈਣ ਦਾ ਕਵੀ ਵਿਚ ਵੀ ਤਾਣ ਨਹੀਂ ਹੁੰਦਾ। ਕਵਿਤਾ ਉਸ ਗੱਲ ਦੇ ਹੋਣ ਦੇ ਅਹਿਸਾਸ 'ਚੋਂ ਆਏ ਨਿੱਘ ਵਿੱਚ ਜਿਉਂਦੀ ਹੈ, ਵਿਗਸਦੀ ਹੈ। ਇਸ ਨੂੰ ਇਉਂ ਸਿੱਧ ਪੱਧਰਾ ਬਣਾ ਕੇ ਪ੍ਰਚਾਰਨਾ ਇੱਕ ਹੋਛਾ ਆਪਹੁਦਰਾਪਣ ਹੈ। ਕਵੀ ਦੀ ਪ੍ਰਵਾਨਗੀ ਵੀ ਇਸ ਲਈ ਕਾਫ਼ੀ ਹੋਵੇ, ਜ਼ਰੂਰੀ ਨਹੀਂ, ਕਿਉਂਕਿ ਉਹਨਾਂ ਖਿਣਾਂ 'ਚੋਂ ਬਾਹਰ ਆ ਕੇ ਕਵੀ ਵੀ ਕੋਈ ਹੋਰ ਹੈ। ਕਮਿਊਨਿਸਟਾਂ ਨੇ ਅਜਿਹੇ ਹੋਛੇਪਣ ਵਿੱਚ ਕੋਈ ਕਸਰ ਨਹੀਂ ਛੱਡੀ। ਪੰਜਾਬ ਦੀ ਧਰਤੀ ਨਾਲ ਜਤਾਇਆ ਕਬਜ਼ੇ ਦਾ ਅਧਿਕਾਰ, ਕਮਿਊਨਿਸਟਾਂ ਦੀ ਵੱਡੀ ਬਦਤਮੀਜ਼ੀ ਸੀ। ਇਥੋਂ ਤੱਕ ਕਿ ਉਹ ਸਿੰਘਾਂ ਦੇ ਪੰਜਾਬ ਦੀ ਧਰਤੀ ਨਾਲ ਲਗਾਓ ਨੂੰ ਚੁਣੌਤੀਆਂ ਦੇਣ ਲੱਗੇ। ਅੱਜ ਸਿੰਘਾਂ ਅੱਗੇ ਇਹ ਸ਼ਰਤ ਹੋ ਗਈ ਹੈ ਕਿ ਉਹ ਪੰਜਾਬ ਦੀ ਧਰਤੀ ਨਾਲ ਮੁਹੱਬਤ ਦਾ ਇਜ਼ਹਾਰ ਕਮਿਊਨਿਸਟਾਂ ਵਾਂਗੂੰ ਕਰਨ ਜਾਂ ਫਿਰ ਉਨ੍ਹਾਂ ਦੇ ਫ਼ਤਵਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਅਸੀਂ ਪੰਜਾਬ ਦੀ ਧਰਤੀ ਨਾਲ ਉਹ ਵਫ਼ਾ ਪਾਲੀ ਹੈ ਜਿਸ ਦਾ ਕੋਈ ਸਾਨੀ ਨਹੀਂ। ਪਰ ਅਸੀਂ ਧਰਤੀ ਦੇ ਹਾਂ, ਧਰਤੀ ਦੇ ਇਕ ਟੁਕੜੇ ਦੇ ਨਹੀਂ। ਅਸੀਂ 'ਮਾਤਾ ਧਰਤਿ ਮਹਤੁ' ਦੇ ਅਲਾਪ ਨਾਲ ਆਪਣੀ ਸਵੇਰ ਦਾ ਆਰੰਭ ਕਰਦੇ ਹਾਂ। ਅਸੀਂ ਆਖ਼ਰੀ ਦਮ ਤੱਕ ਪੰਜਾਬ ਦੀ ਧਰਤੀ ਦੇ ਹੋ ਕੇ ਵੀ ਇਸ ਦੇ ਮੋਹ ਤੋਂ ਪਾਰ ਹਾਂ। ਸਾਡੇ ਲਈ ਪਾਉਂਟਾ ਸਾਹਿਬ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਸਦਾ ਹੀ ਧੂਹ ਪਾਉਣ ਵਾਲੇ ਅਸਥਾਨ ਰਹੇ ਹਨ। ਬਗਦਾਦ ਤੇ ਮੱਕੇ ਮਦੀਨੇ ਦੀਆਂ ਧਰਤੀਆਂ ਤੇ ਹੋਈਆਂ ਬਾਬਾ ਜੀ ਦੀਆਂ ਪੈੜਾਂ ਸਾਡੇ ਮੱਥੇ ਨੂੰ ਹਰਦਮ ਲੋਅ ਵਿਖਾਉਂਦੀਆਂ ਰਹਿੰਦੀਆਂ ਹਨ।  ਧਰਤੀ ਧਰਮਸਾਲ ਹੈ, ਸਭਿਆਚਾਰਕ ਜਾਂ ਨਸਲੀ ਪਛਾਣ ਮਨੁੱਖ ਦੀ ਹਸਤੀ ਨੂੰ ਸੀਮਤ ਕਰਨ ਦਾ ਨਾਂ ਹੈ। ਧਰਤੀ ਪਾਵਨ ਹੈ, ਪੰਜਾਬ ਸਾਡਾ ਆਪਣਾ ਹੈ, ਪਰ ਬੰਦੇ ਦੀ ਜੜ੍ਹ ਕਿਤੇ ਹੋਰ ਲੱਗੀ ਹੈ। ਬੰਦਾ ਧਰਤੀ ਦਾ ਜਾਇਆ ਹੋ ਕੇ ਵੀ ਇਸ ਦੇ ਮੋਹ ਦੇ ਬੰਧਨਾਂ ਤੋਂ ਪਾਰ ਹੈ। ਕਮਿਊਨਿਸਟ ਤਾਂ ਇਹ ਨਹੀਂ ਜਾਣਦੇ, ਪਰ ਪੰਜਾਬ ਦੀਆਂ ਮਾਵਾਂ, ਭੈਣਾਂ, ਧੀਆਂ ਜਿਹੜੀਆਂ ਸਦੀਆਂ ਤੋਂ ਇਹ ਗਾਉਂਦੀਆਂ ਆ ਰਹੀਆਂ ਹਨ ਕਿ 'ਜਨਮ ਗੁਰਾਂ ਦਾ ਪਟਨੇ ਸਾਹਿਬ ਦਾ', ਜਾਣਦੀਆਂ ਹਨ ਕਿ ਧਰਤੀ ਉਹੀ ਪਾਵਨ ਹੈ ਜਿਹੜੀ ਨਿਵਾਜੀ ਗਈ। ਜਿਹੜੀ ਗੁਰੂ ਨੇ ਨਿਵਾਜ ਦਿੱਤੀ ਉਹੀ ਸਾਡੀ ਹੈ।
ਸਿੰਘਾਂ ਨੇ ਧਰਤੀ ਨੂੰ ਨਿਵਾਜਣ ਵਾਲੇ ਖਿਣਾਂ ਨਾਲ ਅਪਣੱਤ ਪਾਲ਼ੀ ਤੇ ਉਸ ਨਾਲ ਬੰਦ-ਬੰਦ ਕਟਾ ਕੇ ਨਿਭੇ। ਕਾਮਰੇਡ ਇਹ ਸਮਝ ਨਹੀਂ ਸਕੇ। ਉਹ ਸਦਾ ਇਸ ਤੋਂ ਵਿੱਥ ਤੇ ਜਿਉਂਦੇ ਰਹੇ। ਧਰਤੀ, ਧਰਮ, ਸਭਿਆਚਾਰ ਆਦਿ ਬਾਰੇ ਕਾਮਰੇਡਾਂ ਦੇ ਨਜ਼ਰੀਏ ਦੀ ਪੜਚੋਲ ਦੀ ਗੱਲ ਤਾਂ ਛੱਡੋ ਉਨ੍ਹਾਂ ਨੇ ਆਪ ਵੀ ਇਨ੍ਹਾਂ ਗੱਲਾਂ ਬਾਰੇ ਪੜਚੋਲ ਨਹੀਂ ਕੀਤੀ। ਜਿਸ ਨੂੰ ਸੰਵਾਦ ਕਹਿੰਦੇ ਹਨ ਉਹ ਪਿਛਲੀ ਡੇਢ ਸਦੀ ਦੇ ਇਸ ਆਧੁਨਿਕ ਦੌਰ ਵਿੱਚ ਕਦੇ ਸ਼ੁਰੂ ਹੀ ਨਹੀਂ ਹੋਇਆ। ਕਾਮਰੇਡਾਂ ਨੇ ਇੱਕ ਆਪਾ ਧਾਪੀ ਵਿੱਚ ਹੀ ਮਾਰਕਸਵਾਦ ਦੇ ਨਾਂ ਤੇ ਗਾਹ ਪਾਈ ਰੱਖਿਆ। ਕਦੇ ਚੈਨ ਦੇ ਦੋ ਪਲ ਹਾਸਲ ਹੀ ਨਹੀਂ ਕਰ ਸਕੇ ਜਦੋਂ ਉਹ ਸੋਚ ਸਕਣ ਕਿ ਅਸਲ ਵਿਚ ਚੱਲ ਕੀ ਰਿਹਾ ਹੈ। ਯੂਰਪ, ਰੂਸ, ਜਾਂ ਚੀਨ ਵਿੱਚ ਕੀ ਚੱਲ ਰਿਹਾ ਹੈ ਤੇ ਪੰਜਾਬ ਵਿੱਚ ਕੀ ਹੋ ਰਿਹਾ ਹੈ। ਪੇਤਲੀ ਸਮਝ 'ਚੋਂ ਨਿਕਲੀ ਹੋਛੀ ਨਾਅਰੇਬਾਜ਼ੀ ਨਾਲ ਪੰਜਾਬ ਦੀ ਧਰਤੀ ਦੇ ਉਜਾੜੇ ਦਾ ਮੁੱਢ ਅਸਲ ਵਿਚ ਬੰਨਿਆ ਹੀ ਕਾਮਰੇਡਾਂ ਨੇ। ਸਥਿਤੀ ਦਾ ਵਿਅੰਗ ਇਹ ਸੀ ਕਿ ਮਨੁੱਖੀ ਬਰਾਬਰੀ ਦੇ ਸਿਧਾਂਤ ਦੇ ਦਾਅਵੇਦਾਰ 'ਫਿਰਕੂ ਰਾਸ਼ਟਰਵਾਦੀ ਰਾਜ' ਦੇ ਹੱਥ ਠੋਕੇ ਬਣ ਕੇ ਰਹਿ ਗਏ। ਪੰਜਾਬ 'ਚ ਸ਼ਾਂਤੀ ਦੀਆਂ ਦੁਹਾਈਆਂ ਦੇਣ ਵਾਲੇ ਕਾਮਰੇਡਾਂ ਨੇ ਕਦੇ ਇਹ ਸਮਝਿਆ ਹੀ ਨਹੀਂ ਕਿ ਯੂਰਪ ਦੇ ਸੈਕੂਲਰ ਰਾਜ ਦੀ ਤਰਜ਼ 'ਤੇ ਹਿੰਦੂ ਰਾਸ਼ਟਰ ਦਾ ਉਸਾਰਿਆ ਜਾਣਾ ਅਸਲ ਵਿਚ ਸਮੱਸਿਆ ਹੈ। ਅਮਨ ਦੇ ਨਾਂ ਤੇ ਆਪਣੀ ਖੱਪ ਨੂੰ ਸਹੀ ਠਹਿਰਾਉਣ ਵਾਲੇ ਇਹ ਵੇਖਣ ਜੋਗਾ ਠਰੰਮਾ ਹੀ ਹਾਸਲ ਨਹੀਂ ਕਰ ਸਕੇ ਕਿ ਐਨਲਾਈਟਨਮੈਂਟ ਫਲਸਫ਼ੇ ਨਾਲ ਜੁੜੀ ਮੈਟਾਫਿਜ਼ਿਕਸ ਤੇ ਇਸ ਵਿਚੋਂ ਨਿਕਲਿਆ ਸਾਮਰਾਜਵਾਦੀ ਬਿਰਤਾਂਤ ਦੁਨੀਆਂ 'ਤੇ ਕਿਸ ਕਿਸਮ ਦੀਆਂ ਤਬਦੀਲੀਆਂ ਲਿਆ ਰਿਹਾ ਹੈ? ਇਸ ਨੂੰ ਦਿੱਤਾ ਗਿਆ ਮਾਰਕਸਵਾਦੀ ਜੁਆਬ ਅਸਲ ਵਿਚ ਕੀ ਸੀ? ਇਸ ਸਭ ਕੁਝ ਨੂੰ ਯੂਰਪ ਦੇ ਰੂਹਾਨੀ ਸੰਕਟ ਵਜੋਂ ਕਿਵੇਂ ਵੇਖਣਾ ਹੈ। ਈਸਾਈਅਤ ਦੇ ਨਾਂ ਤੇ ਗੋਰੀ ਨਸਲ ਨੂੰ ਜ਼ਮੀਨ ਮੁਹੱਈਆ ਕਰਵਾਉਣ ਵਾਲੇ ਹੇਗਲ ਨਾਲ਼ ਮਾਰਕਸ ਦਾ ਅਸਲ ਵਿੱਚ ਕੀ ਸੰਬੰਧ ਹੈ? ਮਾਰਕਸ ਹੇਗਲ ਦੇ ਘੇਰੇ ਤੋਂ ਕਿੰਨਾ ਕੁ ਬਾਹਰ ਹੈ? ਫਰਾਇਡ ਤੇ ਯੁੰਗ ਦੇ ਸੰਵਾਦ ਦੇ ਕੀ ਆਧਾਰ ਹਨ? ਦੈਰਿਦਾ ਦਾ ਨਿਤਸ਼ੇ, ਹਾਈਡਿਗਰ ਤੇ ਮੈਟਾਫਿਜ਼ਿਕਸ ਦੀ ਪੂਰੀ ਪਰੰਪਰਾ ਨਾਲ ਸੰਵਾਦ ਅਸਲ ਵਿੱਚ ਕੀ ਹੈ? ਇਹ ਕੁਝ ਸਵਾਲ ਹਨ ਜੋ ਮੈਂ ਅਜੇ ਸਿਰਫ ਸਾਹਮਣੇ ਲਿਆ ਰਿਹਾ ਹਾਂ, ਪਰ ਮੈਂ ਇਨ੍ਹਾਂ ਦੇ ਜਵਾਬ ਦੇਣ ਦੀ ਗੁਸਤਾਖੀ ਹਰਗਿਜ਼ ਨਹੀਂ ਕਰ ਰਿਹਾ। ਮੈਂ ਤਾਂ ਇਹ ਕਹਿ ਰਿਹਾ ਹਾਂ ਕਿ ਪੰਜਾਬੀ ਕਾਮਰੇਡ ਕਦੇ ਇਨ੍ਹਾਂ ਸਵਾਲਾਂ ਦੇ ਰੂਬਰੂ ਨਹੀਂ ਹੋਏ। ਉਨ੍ਹਾਂ ਨੇ ਚੱਜ ਨਾਲ ਮਾਰਕਸ ਨੂੰ ਵੀ ਨਹੀਂ ਸਮਝਿਆ। ਉਨ੍ਹਾਂ ਨੇ ਪੰਜਾਬ ਵਿੱਚ ਖਰੂਦ ਹੀ ਪਾਈ ਰੱਖਿਆ। ਉਨ੍ਹਾਂ ਦੀ ਕਵਿਤਾ ਪੰਜਾਬ ਦੇ ਗੀਤਾਂ ਨੂੰ ਖਾ ਗਈ ਤੇ ਉਨ੍ਹਾਂ ਦੀ ਗਲਪ ਨੇ ਪੰਜਾਬ ਦੇ ਰਿਸ਼ਤਿਆਂ ਦਾ ਘਾਣ ਕਰ ਦਿੱਤਾ। ਉਨ੍ਹਾਂ ਦੇ ਲੇਖਾਂ ਨੇ ਉਹ ਖੱਪ ਪਾਈ ਕਿ ਕਿਸੇ ਬੰਦੇ ਲਈ ਸੋਚਨ ਵਿਚਾਰਨ ਦੇ ਦੋ ਪਲ਼ ਹਾਸਲ ਕਰਨੇ ਮੁਹਾਲ ਹੋ ਗਏ।
ਇਹ ਕਮਿਊਨਿਸਟ ਜਦ ਇਹ ਦੁਹਾਈ ਪਾਉਂਦੇ ਹਨ ਕਿ ਰੰਗਲਾ ਪੰਜਾਬ ਕੁਝ ਕੱਟੜਵਾਦੀਆਂ ਨੇ ਉਜਾੜ ਕੇ ਰੱਖ ਦਿੱਤਾ, ਤਾਂ ਇਹ ਨਹੀਂ ਸਮਝਦੇ ਕਿ ਇਨ੍ਹਾਂ ਵੱਲੋਂ ਅਮਨ ਕਾਇਮ ਰੱਖਣ ਲਈ ਦਿੱਤੀ ਦੁਹਾਈ ਦਾ ਅਰਥ ਹੈ ਕਿ ਜੋ ਹੈ ਸੋ ਠੀਕ ਹੈ। ਭਾਰਤ ਦੀ ਇਕ ਕੌਮੀ ਰਾਜ ਤੌਰ 'ਤੇ ਹੋਈ ਕਾਇਮੀ ਇਕ ਕੁਦਰਤੀ ਵਰਤਾਰਾ ਹੈ ਤੇ ਇਸ ਦਾ ਬਦਲ ਇਸ ਦੇ ਆਰਥਿਕ ਤੇ ਸਿਆਸੀ ਢਾਂਚੇ ਦੀ ਤਬਦੀਲੀ ਹੀ ਹੈ। ਅਜਿਹਾ ਕਹਿੰਦਿਆਂ ਉਹ ਕੌਮੀ ਰਾਜ ਤੇ ਇਸ ਦੇ ਮਾਰਕਸਵਾਦੀ ਬਦਲ ਦੋਹਾਂ ਦੀ ਅਸਲੀਅਤ ਨਹੀਂ ਸਮਝਦੇ। ਪੰਜਾਬ ਦੇ ਕਾਮਰੇਡਾਂ ਨੂੰ ਇਹ ਜਾਨਣ ਦੀ ਲੋੜ ਹੈ ਕਿ ਖੱਬੇ ਪੱਖੀ ਤੇ ਸੱਜੇ ਪੱਖੀ ਹਿਗੇਲੀਅਨ ਇੱਕੋ ਘੇਰੇ ਵਿੱਚ ਕਿਵੇਂ ਘੁੰਮ ਰਹੇ ਹਨ। ਇੱਕ ਪਾਸੇ ਜਾਰਜ ਸੱਜੇ ਪੱਖੀ ਪੱਛਮੀ (ਖਾਸ ਕਰ ਅਮਰੀਕਨ) ਸਿਆਸਤਦਾਨ ਈਸਾਈਅਤ ਦੇ ਦਾਅਵੇਦਾਰ ਬਣ ਕੇ ਅੱਗੇ ਆ ਰਹੇ ਹਨ ਤੇ ਅਮਰੀਕਨ ਜਨਤਾ ਅਕਸਰ ਉਹਨਾਂ ਦੇ ਇਸ ਦਾਅਵੇ ਤੇ ਮੋਹਰ ਵੀ ਲਾਉਂਦੀ ਰਹੀ ਹੈ, ਦੂਜੇ ਪਾਸੇ ਫੂਕੋ ਦੀ ਧਾਰਾ ਨਾਲ ਸੰਬੰਧਿਤ ਵਿਦਵਾਨ ਅਮਰੀਕਨ ਪੂੰਜੀਵਾਦ ਬਾਰੇ ਸਖ਼ਤ ਸੁਰ ਅਪਣਾਉਂਦਿਆਂ, ਮਾਰਕਸਵਾਦੀ ਬਿਰਤਾਂਤ ਦੇ ਆਸਰੇ ਨਾਲ ਈਸਾਈਅਤ ਦੀ ਬਿਹਤਰ ਪ੍ਰੀਭਾਸ਼ਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਕਹਿਣ ਤੋਂ ਭਾਵ ਗੱਲ ਕੁਝ ਹੋਰ ਹੈ ਤੇ ਪੰਜਾਬ ਦੇ ਕਾਮਰੇਡ ਉਹਨੂੰ ਹੋਰ ਹੀ ਸਮਝ ਰਹੇ ਹਨ। ਉਨ੍ਹਾਂ ਦੀ ਮਾਰਕਸਵਾਦ ਬਾਰੇ ਸਮਝ ਬਹੁਤ ਸਿੱਧੜ ਜਿਹੀਆਂ ਧਾਰਨਾਵਾਂ 'ਤੇ ਆਧਾਰਿਤ ਹੈ। ਇਸ ਲਈ ਉਨ੍ਹਾਂ ਵੱਲੋਂ ਕੌਮੀ ਰਾਜ ਦੀ ਪ੍ਰੀਭਾਸ਼ਾ ਤੇ ਇਸ ਦੇ ਬਦਲ ਬਾਰੇ ਧਾਰਨ ਕੀਤੀ ਪਹੁੰਚ ਨੂੰ ਪ੍ਰਮਾਣਿਕ ਮੰਨਣ ਦਾ ਕੋਈ ਠੋਸ ਆਧਾਰ ਨਹੀਂ ਹੈ। ਕਹਿਣ ਨੂੰ ਤਾਂ ਜੀਅ ਕਰਦਾ ਹੈ ਕਿ ਉੱਤਰ ਆਧੁਨਿਕ ਬਿਰਤਾਂਤ ਦਾ ਅਨੁਭਵ ਅਜਿਹੀ ਸਥਿਤੀ ਵਿੱਚ ਮੱਦਦਗਾਰ ਸਾਬਤ ਹੋ ਸਕਦਾ ਹੈ, ਪਰ ਪੰਜਾਬ ਦੇ ਕਾਮਰੇਡਾਂ ਨੂੰ ਤਾਂ ਆਧੁਨਿਕਤਾਵਾਦੀ ਫਲਸਫੇ ਦਾ ਹੀ ਪਤਾ ਨਹੀਂ, ਉੱਤਰ-ਆਧੁਨਿਕਵਾਦ ਇਹ ਕੀ ਪੜ੍ਹਨਗੇ। ਇਸ ਲਈ ਖਾਲਿਸਤਾਨ ਦੀ ਲਹਿਰ ਦੇ ਸੰਬੰਧ ਵਿੱਚ ਅਮਨ ਕਾਨੂੰਨ ਦੇ ਨਾਂ 'ਤੇ ਪੰਜਾਬ ਦੇ ਕਾਮਰੇਡਾਂ ਵੱਲੋਂ ਮਚਾਏ ਰਾਮ-ਰੌਲੇ ਵਿੱਚ ਨਾ ਤਾਂ ਪੰਜਾਬ ਨਾਲ ਕੋਈ ਗੂੜ੍ਹੀ ਮੁਹੱਬਤ ਨਜ਼ਰ ਆਉਂਦੀ ਹੈ, ਨਾ ਹੀ ਸਥਿਤੀ ਦੀ ਸਹੀ ਸਮਝ। ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਮਹਿਜ਼ ਇਸ ਕਰਕੇ ਨਕਾਰਨਾ ਕਿ ਰੰਗਲਾ ਪੰਜਾਬ ਉਜੜ ਗਿਆ, ਕਮਿਊਨਿਸਟਾਂ ਦੇ ਅਨੁਭਵ ਨੂੰ ਸਾਰੇ ਵਰਤਾਰੇ ਤੋਂ ਅਲਹਿਦਗੀ ਵਿੱਚ ਚਲਦਾ ਵਿਖਾਉਂਦਾ ਹੈ।
ਜੇ ਹੁਣ ਉਹਨਾਂ ਦੇ ਸੁਆਲ ਵੱਲ ਵਾਪਸ ਆਈਏ ਕਿ ਕੌਣ ਸਨ ਇਹ ਲੋਕ ਜਿਹਨਾਂ ਨੇ ਪੰਜਾਬ ਦੀ ਪਾਵਨ ਮਿੱਟੀ ਨੂੰ ਲਹੁ ਨਾਲ ਸਿੰਜ ਦਿੱਤਾ? ਤਾਂ ਮੈਂ ਕਹਿਣਾ ਚਾਹਾਂਗਾ ਕਿ ਉਹ ਲੋਕ ਸਨ ਜਿਹਨਾਂ ਨੇ ਪੰਜਾਬ ਦੇ ਹਾਸਿਆਂ ਦੀ ਬਜਾਏ ਇਸ ਦੇ ਹੰਝੂਆਂ ਦੀ ਪਛਾਣ ਕੀਤੀ। ਜਿਹਨਾਂ ਨੇ ਇਸ ਧਰਤੀ 'ਤੇ ਵੱਸਦੇ ਲੋਕ ਦਰਦ ਨੂੰ ਮੁਕੰਮਲ ਸੰਜੀਦਗੀ ਨਾਲ ਸਮਰਪਣ ਦਿੱਤਾ ਤੇ ਇਸ ਤੋਂ ਆਪਣਾ ਆਪ ਕੁਰਬਾਨ ਕਰ ਗਏ। ਉਨ੍ਹਾਂ ਨੇ ਮੌਤ ਨੂੰ ਇਸ ਅਹਿਸਾਸ ਨਾਲ ਗਲੇ ਲਾਇਆ ਕਿ ਧਰਤੀ ਦੀ ਮਿੱਟੀ ਬਹੁਤ ਪਾਵਨ ਹੈ, ਪਰ ਇਸ ਤੋਂ ਕੁਰਬਾਨ ਹੋਣ ਲਈ ਇਨਸਾਨ ਦੇ ਲਹੂ ਤੋਂ ਪਵਿੱਤਰ ਕੁਝ ਹੋਰ ਲੱਭਣਾ ਔਖਾ ਹੈ। ਇਹ ਸਨ ਉਹ ਲੋਕ ਜਿਨ੍ਹਾਂ ਨੇ ਹਿੰਦੁਸਤਾਨ ਵਿਚ ਸਥਾਪਤ ਹੋਏ ਜ਼ਿੰਦਗੀ ਦੇ ਰਾਹ ਨੂੰ ਅਨਿਆਂਕਾਰੀ ਜਾਣ ਕੇ ਚੁਣੌਤੀ ਦਿੱਤੀ। ਇਹ ਸਨ ਉਹ ਲੋਕ ਜਿਹੜੇ ਧਰਤੀ ਦੇ ਟੁਕੜੇ ਲਈ ਤਾਂ ਨਹੀਂ, ਪਰ ਧਰਤੀ ਦੇ ਇਸ ਹਿੱਸੇ ਤੇ ਆਪਣੀ ਤਰਜ਼ ਦੀ ਜ਼ਿੰਦਗੀ ਜਿਉਣ ਲਈ ਲੜੇ।
ਬਿਨਾਂ ਸ਼ੱਕ ਪੰਜਾਬ ਦੀ ਧਰਤੀ 'ਤੇ ਬਹੁਤ ਖੂਨ ਡੁਲਿਆ। ਇਕ ਦਮਨਕਾਰੀ ਰਾਜ, ਜਿਸ ਦੀਆ ਨੀਹਾਂ ਬਸਤੀਵਾਦੀ ਹਾਕਮਾਂ ਨੇ ਸਾਡੀ ਹਿੱਕ ਵਿਚ ਗੱਡੀਆਂ, ਦੀ ਹੋਂਦ ਨੂੰ ਚੁਣੌਤੀ ਦੇਣ ਤੇ ਉਸ ਦੇ ਹਾਕਮਾਂ ਨੇ ਖੂਨ ਖਰਾਬੇ ਦਾ ਰਾਹ ਅਖਤਿਆਰ ਕਰ ਲਿਆ। ਇਹਦੇ ਲਈ ਦੋਸ਼ੀ ਇਸ ਜਬਰ ਦੇ ਖਿਲਾਫ਼ ਲੜ-ਮਰਨ ਵਾਲੇ ਸਿੰਘ ਹਨ ਜਾਂ ਇਸ ਰਾਜ ਦੀ ਪੁਸ਼ਤਪਨਾਹੀ ਕਰਨ ਵਾਲੇ ਕਮਿਊਨਿਸਟ? ਇਹ ਠੀਕ ਹੈ ਕਿ ਸਿੱਖਾਂ ਦੇ ਇਕ ਹਿੱਸੇ ਨੇ ਆਪਣੇ ਆਪ ਨੂੰ ਇਸ ਲੜਾਈ ਤੋਂ ਅਲਹਿਦਗੀ 'ਤੇ ਰੱਖਿਆ। ਇਸ ਵਿਚ ਸ਼ੱਕ ਨਹੀਂ ਕਿ ਇਨਾਂ ਲੋਕਾਂ ਲਈ ਇਹ ਲੜਾਈ ਤੇ ਇਸ ਵਿਚ ਹਿੱਸਾ ਲੈਣ ਵਾਲੇ ਇਕ ਸਮੱਸਿਆ ਸੀ। ਪਰ ਸੁਆਲ ਤਾਂ ਇਹ ਹੈ ਕਿ ਇਨ੍ਹਾਂ ਲੋਕਾਂ ਦੀ ਚੁੱਪ ਤੇ ਅਲਹਿਦਗੀ ਬਾਰੇ ਅਸੀਂ ਕੀ ਸਮਝ ਬਣਾਉਣੀ ਹੈ? ਇਸ ਸੰਬੰਧ ਵਿਚ ਮੇਰੀ ਸਮਝ ਇਹ ਹੈ ਕਿ ਅਜਿਹੀ ਪਹੁੰਚ ਭਾਰਤੀ ਸੰਵਿਧਾਨਕ ਢਾਂਚੇ ਨੂੰ ਇਕ ਵਾਜਬ ਤੇ ਸਥਿਰ ਵਰਤਾਰੇ ਵਜੋਂ ਮਾਨਤਾ ਦੇਣ ਵਜੋਂ ਹੋਈ ਜੋ ਕਿ ਇਸ ਢਾਂਚੇ ਲਈ ਕੰਮ ਕਰਦੇ ਲੋਕਾਂ ਵੱਲੋਂ ਆਉਣੀ ਕੁਦਰਤੀ ਹੈ। ਜੋ ਕਿ ਇਸ ਵਰਤਾਰੇ ਨੂੰ ਚੁਣੌਤੀ ਦੇਣ ਵਾਲੇ ਕਿਸੇ ਸੰਜੀਦਾ ਦਾਰਸ਼ਨਿਕ ਬਿਰਤਾਂਤ ਦੀ ਗ਼ੈਰ-ਹਾਜ਼ਰੀ ਵਿਚ ਸੁਭਾਵਿਕ ਹੋ ਨਿੱਬੜਦੀ ਹੈ। ਭਾਰਤੀ ਸੰਵਿਧਾਨਕ ਢਾਂਚਾ ਬਸਤੀਵਾਦੀ ਹਾਕਮ ਅੰਗਰੇਜ਼ ਦੀ ਜੀਵਨ ਦ੍ਰਿਸ਼ਟੀ ਦੇ ਫੈਲਾਅ ਵਿਚੋਂ ਨਿਕਲਿਆ ਵਰਤਾਰਾ ਹੈ। ਯੂਰਪੀਨ ਬਸਤੀਵਾਦੀ ਆਪਣੀ ਜੀਵਨ ਤਰਜ਼ ਦਾ ਸਗਲ ਵਿਆਪੀਕਰਨ ਕਰ ਲੈਣ ਵਿਚ ਸਫਲ ਹੋਏ ਹਨ। ਸਿੱਟੇ ਵਜੋਂ ਉਨ੍ਹਾਂ ਦੀਆਂ ਸਮੱਸਿਆਵਾਂ ਖਾਹਮਖਾਹ ਹੀ ਸਾਰੀ ਦੁਨੀਆ ਦੀਆਂ ਸਮੱਸਿਆਵਾਂ ਬਣ ਗਈਆਂ ਤੇ ਉਨ੍ਹਾਂ ਵੱਲੋਂ ਸੁਝਾਇਆ ਹਰ ਹੱਲ ਸਾਰੀ ਦੁਨੀਆਂ ਲਈ ਇਕੋ ਇਕ ਹੱਲ ਹੋ ਕੇ ਰਹਿ ਗਿਆ। ਪੱਛਮੀ ਸਾਮਰਾਜੀਆਂ ਵੱਲੋਂ ਸਾਰੀ ਦੁਨੀਆਂ ਦੇ ਉਲਟ ਵਿੱਢੀ ਲੜਾਈ ਅਸਲ ਵਿਚ ਇਹੋ ਹੈ ਕਿ ਮੇਰੇ ਹਿਸਾਬ ਨਾਲ ਜਿਉਂ, ਨਹੀਂ ਤਾਂ ਮਰ। ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਸਮੱਸਿਆ ਸਮਝਣ ਵਾਲੇ ਸਥਾਪਤ ਸਿਸਟਮ ਵਿਚ ਜੀਵਨ ਬਤੀਤ ਕਰਨ ਨੂੰ ਤਰਜੀਹ ਦੇਣ ਵਾਲੇ ਜਾਂ ਬੱਸ ਇਸਦੇ ਆਦੀ ਹੋ ਚੁੱਕੇ ਲੋਕ ਹਨ। ਆਪਣੀ ਜੀਵਨ ਤਰਜ਼ ਬਰਕਰਾਰ ਰੱਖਣ ਲਈ ਤੇ ਆਪਣੇ ਹੱਕ ਹਾਸਲ ਕਰਨ ਲਈ ਜੰਗ ਦੇ ਮੈਦਾਨ ਵਿਚ ਲੜਨ ਵਾਲੇ ਜੁਝਾਰੂ ਸਿੰਘ ਅਜਿਹੇ ਲੋਕਾਂ ਲਈ ਸਮੱਸਿਆ ਹਨ। ਕਿਉਂਕਿ ਲੜਾਈ 'ਚੋਂ ਨਿਕਲਣ ਵਾਲੀ ਸਾਰਥਕ ਤਬਦੀਲੀ ਤਾਂ ਸ਼ਾਇਦ ਜਿੱਤ ਤੋਂ ਬਾਅਦ ਹੀ ਸਾਹਮਣੇ ਆਉਂਦੀ ਹੈ, ਪਰ ਤਬਾਹੀ ਤਾਂ ਲੜਾਈ ਦਾ ਪਹਿਲਾ ਤੇ ਸਿੱਧਾ ਨਤੀਜਾ ਹੈ। ਅੱਜ ਜਿਹੇ ਦੌਰਾਂ ਵਿਚ, ਜਦੋਂ ਸੰਸਾਰ ਦਾ ਵਪਾਰੀਕਰਨ ਕਰਨ ਵਾਲੇ ਬਿਰਤਾਂਤ ਮਨੁੱਖੀ ਮਨ ਨੂੰ ਸ਼ਕਲ ਦਿੰਦੇ ਹਨ, ਅਜਿਹੀ ਸਮਝ ਜ਼ਿਆਦਾ ਫੈਲਦੀ ਹੈ।
ਕਾਮਰੇਡਾਂ ਨੂੰ ਚਾਹੀਦਾ ਹੈ ਕਿ ਮਾਰਕਸਵਾਦ ਨਾਲ਼ ਆਪਣੀ ਪ੍ਰਤੀਬੱਧਤਾ, ਜਿਸ ਦਾ ਕਿ ਉਹ ਦਾਅਵਾ ਕਰਦੇ ਹਨ, ਦੇ ਮੱਦੇ ਨਜ਼ਰ, ਇਸ ਚਿੰਤਨਧਾਰਾ ਪ੍ਰਤੀ ਆਪਣੀ ਸਮਝ ਸਾਂਝੀ ਕਰਦੇ ਹੋਏ ਇਹ ਸਪੱਸ਼ਟ ਕਰਨ ਕਿ ਜ਼ਿੰਦਗੀ ਨੂੰ ਇਤਿਹਾਸਕ ਤੇ ਦਵੰਦਾਤਮਕ ਪਦਾਰਥਵਾਦ ਦੇ ਨੁਕਤੇ ਤੋਂ ਪ੍ਰੀਭਾਸ਼ਿਤ ਤੇ ਸੰਗਠਿਤ ਕਰਨ ਦੇ ਅਸਲ ਵਿੱਚ ਕੀ ਪ੍ਰਭਾਵ ਹਨ?



Friday, 4 May 2012

ਪੰਜਾਬ 'ਚ ਖੱਬੇ ਪੱਖੀਆਂ ਦਾ ਭਵਿੱਖ ਹਨੇਰੇ ਵਿਚ ਕਿਉਂ\ਕਰਮਜੀਤ ਸਿੰਘ


ਪੰਜਾਬ ਵਿਚ ਮਾਰਕਸਵਾਦ ਲੈਨਿਨਵਾਦ ਵਿਚਾਰਧਾਰਾ ਨਾਲ ਪ੍ਰਣਾਈਆਂ ਰਾਜਸੀ ਪਾਰਟੀਆਂ ਬੁੱਧੀਜੀਵੀਆਂ ਅਤੇ ਹਮਦਰਦਾਂ ਦਾ ਭਵਿੱਖ ਘੁੱਪ ਹਨੇਰੇ ਵਿੱਚ ਹੈ ਤੇ ਰਹੇਗਾ ਵੀ। ਝੱਟ ਪੱਟ ਦਿੱਤੇ ਇਸ ਫਤਵੇ ਦੇ ਠੋਸ ਤਰਕ ਮੌਜੂਦ ਹਨ ਪਰ ਇਨ੍ਹਾਂ ਦੀਆਂ ਗਹਿਰ ਗੰਭੀਰ ਪਰਤਾਂ ਨੂੰ ਬਹੁਤ ਘੱਟ ਫਰੋਲਿਆ ਗਿਆ ਹੈ। ਜੇ ਕਦੇ ਰਾਜਨੀਤਕ ਸਿਧਾਂਤਕਾਰਾਂ ਤੇ ਨਿਰਪੱਖ ਕਹਾਉਂਦੇ ਵਿਦਵਾਨਾਂ ਦੀਆਂ ਮਹਿਫਲਾਂ ਵਿਚ ਇਸ ਸੰਬੰਧੀ ਕਦੇ ਚਰਚਾ ਵੀ ਹੁੰਦੀ ਰਹੀ ਹੈ ਤਾਂ ਇਕ ਦੂਜੇ ਨਾਲ ਟਕਰਾਉਂਦੇ ਵਿਚਾਰ ਜਾਂ ਤਾਂ ਜਜ਼ਬਾਤੀ ਬਹਿਸ ਵਿਚ ਉਲਝ ਜਾਂਦੇ ਰਹੇ ਤੇ ਜਾਂ ਫਿਰ ਤਕਨੀਕੀ ਕਿਸਮ ਦੀਆਂ ਖੁਸ਼ਕ ਦਲੀਲਾਂ ਵਿਚ ਬੇਅਸਰ ਹੋ ਕੇ ਰਹਿ ਜਾਂਦੇ।
ਭਾਰਤ ਦੇ ਹੋਰਨਾਂ ਸੂਬਿਆਂ ਵਿਚ ਖੱਬੇ ਪਖੀਆਂ ਦੇ ਵਧਣ ਫੁੱਲਣ ਦੀ ਚੌਖੀ ਗੁੰਜਾਇਸ਼ ਹੈ, ਸੀ ਤੇ ਰਹੇਗੀ ਵੀ, ਪਰ ਕੀ ਕਾਰਨ ਹੈ ਕਿ ਪੰਜਾਬ ਦਾ ਦਿਲ ਇਨ੍ਹਾਂ ਨੂੰ ਅੱਗੇ ਵਧਣ ਲਈ ਰਾਹ ਨਹੀਂ ਦਿੰਦਾ? ਹਾਂ, ਪੰਜਾਬੀ ਦਿਮਾਗ ਦੀ ਬਣਤਰ ਕੁਝ ਵੱਖਰੀ ਕਿਸਮ ਦੀ ਹੈ। ਇਹ ਇੱਕ ਪੱਧਰ ਉੱਤੇ ਹਰ ਵਿਚਾਰਧਾਰਾ ਨੂੰ ਜੀ ਆਇਆਂ ਕਹਿੰਦਾ ਹੈ, ਪਰ ਇਸ ਦੇ ਨਾਲ ਇੱਕ ਵੱਡੀ ਹਕੀਕਤ ਇਹ ਵੀ ਜੁੜੀ ਹੋਈ ਹੈ ਕਿ ਪੰਜਾਬੀ ਭਾਈਚਾਰਾ ਉਸ ਵਿਚਾਰਧਾਰਾ ਨੂੰ ਰਾਜਨੀਤਕ ਸ਼ਕਤੀ ਬਣਨ ਦੀ ਕਦਾਚਿਤ ਇਜਾਜ਼ਤ ਨਹੀਂ ਦਿੰਦਾ। ਪੰਜਾਬੀਆਂ ਦੀ ਇਸ ਦਿਲਚਸਪ ਮਾਨਸਿਕ ਬਣਤਰ ਦੇ ਪਿੱਛੇ ਅਸਲ ਕਾਰਨ ਕੀ ਹੋ ਸਕਦੇ ਹਨ? ਇਹ ਵੱਖਰਾ ਨੁਕਤਾ ਕਿਸੇ ਹੋਰ ਥਾਂ ਤੇ ਵਿਚਾਰਿਆ ਜਾ ਸਕਦਾ ਹੈ, ਪਰ ਇਥੇ ਕੇਵਲ ਖੱਬੇ ਪੱਖੀਆਂ ਦੀ ਰਾਜਨੀਤਕ ਤਾਕਤ ਦਾ ਹਿਸਾਬ ਕਿਤਾਬ ਲਾਉਣਾ ਅਤੇ ਉਨ੍ਹਾਂ ਦੇ ਹਨੇਰੇ ਭਵਿੱਖ ਦੇ ਕਾਰਨਾਂ ਵਿੱਚ ਡੂੰਘਾ ਉਤਰਨਾ ਹੈ।
ਹਰ ਸੁਲਝਿਆ ਮਨੁੱਖ ਜਾਣਦਾ ਹੈ ਕਿ ਸਿਰਫ ਇਕ ਤਾਕਤ ਬੰਦੇ ਨੂੰ ਸਿਰ ਤੋਂ ਪੈਰਾਂ ਤੱਕ ਬਦਲਦੀ ਹੈ ਤੇ ਉਹ ਹੈ ਇਨਕਲਾਬ। ਇਸ ਰਾਜਨੀਤਕ ਹਕੀਕਤ ਵਿੱਚ ਲੰਘੇ ਤੋਂ ਬਿਨਾਂ ਮਨੁੱਖ ਅਧੂਰਾ ਰਹਿੰਦਾ ਹੈ। ਜੇ ਮਨੁੱਖ ਦੇ ਅਣਖੀਲੇ ਧਾਰਮਿਕ ਜਜ਼ਬਿਆਂ ਨੂੰ ਰਾਜਨੀਤਕ ਸੇਧ ਨਹੀਂ ਮਿਲਦੀ ਜਾਂ ਉਹ ਕਿਸੇ ਰਾਜਨੀਤਕ ਤਾਕਤ ਦਾ ਸੁਚੇਤ ਜਾਂ ਅਚੇਤ ਹਿੱਸਾ ਬਣ ਕੇ ਆਪਣਾ ਸਫਰ ਤੈਅ ਨਹੀਂ ਕਰਦਾ ਤਾਂ ਉਹ ਭਾਵੇਂ ਵਿਅਕਤੀਗਤ ਤੌਰ 'ਤੇ ਕਿੰਨਾ ਵੀ ਕਾਮਯਾਬ ਕਿਉਂ ਨਾ ਹੋ ਜਾਵੇ, ਉਸ ਨੂੰ ਇਤਿਹਾਸ ਵਿੱਚ ਥਾਂ ਨਹੀਂ ਮਿਲਦੀ। ਜੇ ਮਿਲਦੀ ਵੀ ਹੈ, ਤਾਂ ਉਹ ਵਿਅਕਤੀ ਮਹਾਨ ਘਟਨਾਵਾਂ ਦੇ ਫੁੱਟ ਨੋਟ ਹੀ ਬਣਦੇ ਹਨ। ਰੂਸ, ਫਰਾਂਸ, ਅਮਰੀਕਾ ਤੇ ਚੀਨ ਵਿੱਚ ਇਨਕਲਾਬ ਹੋਏ। ਇੱਕ ਨਵਾਂ ਰਾਜਨੀਤਕ ਮਨੁੱਖ ਉਭਰ ਕੇ ਸਾਹਮਣੇ ਆਇਆ ਅਤੇ ਇਨਸਾਨ ਨੇ ਜੀਵਨ ਦੇ ਹਰੇਕ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟੀਆਂ। ਅਸੀਂ ਹੁਣ ਦੁਖੀ ਹੋ ਕੇ ਇਹ ਤਾਂ ਕਹਿ ਸਕਦੇ ਹਾਂ ਕਿ ਉਹ ਸਾਰੇ ਇਨਕਲਾਬ ਔਝੜੇ ਰਾਹਾਂ ਤੇ ਪੈ ਗਏ, ਜਿਸ ਵਿਚ ਅੰਤ ਨੂੰ ਮਨੁੱਖ ਮਸ਼ੀਨ ਬਣ ਕੇ ਰਹਿ ਗਿਆ, ਪਰ ਇਹ ਨਹੀਂ ਕਹਿ ਸਕਦੇ ਕਿ ਬੰਦਾ ਇਕੋ ਥਾਂ ਬੁੱਤ ਦਾ ਬੁੱਤ ਬਣਿਆ ਰਿਹਾ। ਇਨ੍ਹਾਂ ਇਨਕਲਾਬਾਂ ਨੇ ਵੱਡੀ ਹਿਲਜੁਲ ਲਿਆਂਦੀ ਤੇ ਮਨੁੱਖੀ ਰਿਸ਼ਤਿਆਂ ਵਿਚ ਹੇਠਲੀ ਉੱਤੇ ਹੋਈ ਜੋ ਇਤਿਹਾਸ ਨੇ ਪਹਿਲਾਂ ਕਦੇ ਨਹੀਂ ਸੀ ਵੇਖੀ।
ਪਰ ਕੀ ਹਿੰਦੁਸਤਾਨ ਇਹੋ ਜਿਹੇ ਇਨਕਲਾਬ ਵਿੱਚੋਂ ਲੰਘਿਆ? ਅਜ਼ਾਦੀ ਦੀ ਲੜਾਈ ਨੂੰ ਅਸੀਂ ਇਨਕਲਾਬ ਦਾ ਨਾਂਅ ਨਹੀਂ ਦੇ ਸਕਦੇ, ਕਿਉਂਕਿ ਇਥੇ ਮਨੁੱਖੀ ਸੰਬੰਧਾਂ ਵਿਚ ਆਈ ਸਿਫਤੀ ਤਬਦੀਲੀ ਨਾ ਹੋਇਆਂ ਵਰਗੀ ਹੈ। ਪਰ ਇਸ ਦੇਸ਼ ਦਾ ਇਕ ਹਿੱਸਾ-ਪੰਜਾਬ ਇਨਕਲਾਬ ਦੇ ਵੱਡੇ ਅਮਲ ਵਿੱਚੋਂ ਜ਼ਰੂਰ ਲੰਘਿਆ ਹੈ। ਪ੍ਰਸਿੱਧ ਇਤਿਹਾਸਕਾਰ ਆਰਨਾਲਡ ਟਾਇਨਬੀ ਨੇ ਤਾਂ ਇਥੋਂ ਤੱਕ ਸਵੀਕਾਰ ਕੀਤਾ ਹੈ ਕਿ ਸੰਸਾਰ ਵਿਚ ਸਭ ਤੋਂ ਪਹਿਲਾਂ ਕਿਰਤੀ ਇਨਕਲਾਬ ਰੂਸ ਦਾ ਨਹੀਂ, ਸਗੋਂ ਉਹ ਇਨਕਲਾਬ ਸੀ, ਜੋ ਪੰਜਾਬ ਵਿਚ ਆਇਆ ਤੇ ਜਿਸ ਦੇ ਬਾਨੀ ਗੁਰੂ ਗੋਬਿੰਦ ਸਿੰਘ ਸਨ। ਰਾਜਨੀਤਕ ਇਤਿਹਾਸ ਦੇ ਵਿਦਵਾਨ ਜਗਜੀਤ ਸਿੰਘ ਨੇ ਸਿੱਖ ਇਨਕਲਾਬ ਉੱਤੇ ਇਕ ਪ੍ਰਮਾਣਿਕ ਪੁਸਤਕ ਵੀ ਲਿਖੀ ਹੈ, ਜਿਸ ਵਿਚ ਇਹ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਇਹ ਹਰ ਪੱਖ ਤੋਂ ਇਕ ਮੁਕੰਮਲ ਇਨਕਲਾਬ ਸੀ, ਜਿਸ ਪਿੱਛੇ ਇਕ ਸਿਧਾਂਤ ਵੀ ਸੀ, ਇਕ ਵਿਉਂਤ ਵੀ ਸੀ ਤੇ ਜਿਸ ਦਾ ਰਾਜਨੀਤਕ, ਧਾਰਮਿਕ ਤੇ ਸਭਿਆਚਾਰਕ ਸਫਰ ਪੂਰੇ ਯੋਜਨਾਬੱਧ ਤਰੀਕੇ ਨਾਲ ਗੁਰੂ ਨਾਨਕ ਤੋਂ ਸ਼ੁਰੂ ਹੋ ਕੇ 250 ਸਾਲ ਚਲਿਆ। ਇਹੋ ਜਿਹੀ ਮਿਸਾਲ ਭਾਰਤ ਵਿੱਚ ਹੋਰ ਕਿਤੇ ਨਹੀਂ ਮਿਲਦੀ। ਹਾਂ, ਮਹਾਂਰਾਸ਼ਟਰ ਵਿੱਚ ਸ਼ਿਵਾ ਜੀ ਦੀ ਜਦੋਜਹਿਦ ਵਿਚ ਇੱਕ ਵੱਡੀ ਰਾਜਨੀਤਕ ਬਗਾਵਤ ਜ਼ਰੂਰ ਸੀ, ਰਾਜ ਦੀ ਤਮੰਨਾ ਵੀ ਸੀ, ਪਰ ਇਸ ਮਹਾਨ ਜਦੋਜਹਿਦ ਪਿੱਛੇ ਇੱਕ ਮਹਾਨ ਸਿਧਾਂਤ ਦਾ ਪ੍ਰਕਾਸ਼ ਉਥੇ ਵੀ ਨਹੀਂ ਹੋ ਸਕਿਆ।
ਜਦੋਂ ਅਸੀਂ ਪੰਜਾਬ ਵਿੱਚ ਖੱਬੇ ਪੱਖੀਆਂ ਦਾ ਭਵਿੱਖ ਸੱਦਾ ਧੁੰਦਲਾ ਰਹਿਣ ਦਾ ਫਤਵਾ ਦਿੰਦੇ ਹਾਂ ਤਾਂ ਇਸ ਦਾ ਕਾਰਨ ਇਹ ਹੈ ਕਿ ਇੱਥੇ ਸਿੱਖ ਇਨਕਲਾਬ ਨੇ ਆਪਣੇ ਪਿੱਛੇ ਇਹੋ ਜਿਹਾ ਵਿਰਸਾ ਛੱਡ ਦਿੱਤਾ ਹੈ, ਇਹੋ ਜਿਹੀਆਂ ਰਵਾਇਤਾਂ ਸਥਾਪਤ ਕਰ ਦਿੱਤੀਆਂ ਹਨ, ਇਹੋ ਜਿਹਾ ਸ਼ਕਤੀਸ਼ਾਲੀ ਦਿਓ ਕੱਦ ਸਭਿਆਚਾਰ ਸਿਰਜ ਦਿੱਤਾ ਹੈ ਕਿ ਉਸ ਦਾ ਮੰਨਣਯੋਗ ਤੇ ਬਲਵਾਨ ਬਦਲ ਪੈਦਾ ਕਰਨਾ ਤੇ ਉਸ ਨੂੰ ਪੰਜਾਬੀਆਂ ਦੇ ਦਿਲ ਦਾ ਹਿੱਸਾ ਬਣਾਉਣਾ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਹੈ। ਜੇ ਸਿੱਖਾਂ ਦੇ ਕਮਜ਼ੋਰ ਅਤੇ ਸਿਧਾਂਤਹੀਣ ਹੋ ਚੁੱਕੇ ਵਰਤਮਾਨ ਤੋਂ ਲਾਭ ਉਠਾ ਕੇ ਖੱਬੇ ਪੱਖੀ ਲੋਕ ਹੋਰਨਾਂ ਤਾਕਤਾਂ ਨਾਲ ਮਿਲ ਕੇ ਕੋਈ ਮਾੜਾ ਮੋਟਾ ਓਹੜ-ਪੋਹੜ ਬਣਾ ਲੈਣ ਵਿਚ ਸਫਲ ਵੀ ਹੋ ਜਾਣ ਤਾਂ ਵੀ ਉਹ ਇੱਕ ਤਾਂ ਰੂਹਾਨੀ ਕੀਮਤਾਂ ਤੋਂ ਸੱਖਣਾ ਹੋਵੇਗਾ ਤੇ ਦੂਜਾ, ਉਹ ਕੰਮ ਚਲਾਊ, ਵਕਤੀ ਤੇ ਆਰਜ਼ੀ ਕਿਸਮ ਦਾ ਹੋਵੇਗਾ।
ਪੰਜਾਬ ਵਿਚ ਰਾਜਨੀਤੀ ਦਾ ਸਿੱਖ ਬਦਲ ਸਦਾ ਹੀ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਰਹੇਗਾ। ਇਸ ਦੇ ਨਗਰ ਇਤਿਹਾਸਕ ਕਾਰਨ ਹਨ। ਮਿਸਾਲ ਵਜੋਂ ਸਿੱਖ ਇਨਕਲਾਬ ਦੇ 10 ਰਹਿਬਰਾਂ ਵਿਚੋਂ ਦੋ ਤਾਂ ਵੱਡੇ ਸ਼ਹੀਦ ਹਨ। ਦੋ ਇਹੋ ਜਿਹੇ ਹਨ ਜੋ ਹਥਿਆਰਬੰਦ ਲਹਿਰ ਦੇ ਉਚਤਮ ਤੇ ਸੁੱਚੇ ਤਜਰਬਿਆਂ ਵਿਚੋਂ ਜਿਵੇਂ ਲੰਘੇ ਹਨ, ਉਹੋ ਜਿਹੀ ਮਿਸਾਲ ਭਾਰਤ ਦੇ ਇਤਿਹਾਸ ਵਿਚ ਹੋਰ ਕਿਤੇ ਵੀ ਨਹੀਂ ਮਿਲਦੀ। ਅਮਨ ਤੇ ਜੰਗ ਦੇ ਪਵਿੱਤਰ ਰਿਸ਼ਤੇ ਦੇ ਵੰਨ-ਸੁਵੰਨੇ ਰੂਪਾਂ ਦੀ ਪੀਂਘ ਜੋ ਪੰਜਾਬ ਦੇ ਇਤਿਹਾਸ ਵਿੱਚ ਚੜ੍ਹੀ ਹੈ, ਉਹ ਸਤਰੰਗੀ ਪੀਂਘ ਹੋਰ ਕਿਤੇ ਨਹੀਂ ਵੇਖੀ ਗਈ। ਇਸ ਲਈ ਰੂਸੀ ਇਨਕਲਾਬ ਤੋਂ ਪਿੱਛੋਂ ਜੋ ਅਮਨ ਦਾ ਸਿਧਾਂਤ ਸੋਵੀਅਤ ਯੂਨੀਅਨ ਨੇ ਦੁਨੀਆ ਸਾਹਮਣੇ ਲਿਆਂਦਾ, ਉਹ ਥੋਥਾ ਹੀ ਸਾਬਤ ਹੋਇਆ ਤੇ ਭਾਂਜਵਾਦੀ ਵੀ। ਉਸ ਵਿੱਚ ਨਿਰਭਉ ਤੇ ਨਿਰਵੈਰ ਹੋਣ ਦੇ ਗੁਣ ਨਹੀਂ ਸਨ ਜੋ ਸਿਖ ਸਿਧਾਂਤ ਦੀ ਸ਼ਾਨ ਬਣਦੇ ਹਨ।
ਉਹ ਕਿਹੜਾ ਰਾਜਾ ਹੈ, ਜਿਹੜਾ ਸਿੱਖ ਸਿਧਾਂਤ ਨੂੰ ਸਦ ਜਾਗਤ ਅਵਸਥਾ ਤੇ ਮੁਕੰਮਲ ਤਾਜ਼ਗੀ ਵਿਚ ਰੱਖਦਾ ਹੈ? ਉਹ ਹੈ, ਇਤਿਹਾਸ ਦੀ ਸਦਾਬਹਾਰ ਚੇਤੰਨਤਾ, ਜੇ ਗੁਰੂ ਗ੍ਰੰਥ ਸਾਹਿਬ ਵਿਚ ਨਿਹਿਤ ਹੈ। ਗੱਲ ਇਸ ਹੱਦ ਤੱਕ ਦੂਰ ਚਲੇ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਉਹ ਭਗਤ ਵੀ ਆ ਗਏ ਹਨ ਜੋ ਹੋਰਨਾਂ ਖਿਤਿਆਂ, ਧਰਮਾਂ ਤੇ ਸਭਿਆਚਾਰਾਂ ਨਾਲ ਜੁੜੇ ਹੋਏ ਹਨ। ਜੇ ਇਹ ਭਗਤ ਗੁਰੂ ਗ੍ਰੰਥ ਸਾਹਿਬ ਵਿਚ ਨਾ ਆਉਂਦੇ ਤਾਂ ਉਨ੍ਹਾਂ ਭਗਤਾਂ ਦਾ ਮਹਾਨ ਰਾਜਨੀਤਕ ਰੂਪ ਲੁਕਿਆ ਹੀ ਰਹਿਣਾ ਸੀ। ਮਿਸਾਲ ਵਜੋਂ ਗੁਰੂ ਰਵਿਦਾਸ ਸਿਧਾਂਤ ਸਿੱਖੀ ਸਿਧਾਂਤ ਨੂੰ ਨਵੇਂ ਰਾਜਸੀ ਰੰਗ ਨਾਲ ਜੋੜਦਾ ਹੈ ਤੇ ਧੰਨੇ ਭਗਤ ਦਾ ਰੋਟੀ ਦੀ ਲੋੜ ਦਾ ਸਿਧਾਂਤ ਸਿੱਖੀ ਅਰਥਚਾਰੇ ਨੂੰ ਲੋਕਾਂ ਦੀ ਰੂਹ ਦੇ ਨੇੜੇ ਲਿਆਉਣ ਲਈ ਮਜ਼ਬੂਰ ਕਰਦਾ ਹੈ। ਉਹ ਕਿਹੜੀ ਗੱਲ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਨਹੀਂ? ਭਾਵੇਂ ਇਸ ਦਾ ਰਾਜਨੀਤਕ ਸਿਧਾਂਤ ਵਿਦਵਾਨਾਂ ਵਲੋਂ ਬਝਵੇਂ ਰੂਪਾਂ ਵਿਚ ਘੱਟ ਹੀ ਪੇਸ਼ ਹੋਇਆ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਰੰਗ ਗੁਰੂ ਸਾਹਿਬਾਨ ਦੇ ਜੀਵਨ ਵਿਚ ਅਤੇ ਮੋੜਵੇਂ ਰੂਪ ਵਿਚ ਸਿੱਖ ਇਤਿਹਾਸ ਵਿਚ ਢਲਦੇ ਵੇਖੇ ਗਏ ਹਨ। ਕੀ ਏਨਾ ਵੱਡਾ ਬਦਲ ਮਾਰਕਸਵਾਦੀ ਸਿਧਾਂਤਕਾਰ ਦੇ ਸਕਦੇ ਹਨ?
ਅੱਜ ਕਲ੍ਹ ਦੇ ਮਾਰਕਸਵਾਦੀ ਤਾਂ ਟੱਬਰਾਂ ਦੇ ਮੋਹ ਵਿੱਚੋਂ ਹੀ ਨਹੀਂ ਨਿਕਲ ਸਕਦੇ। ਕੌਣ ਤੱਤੀਆਂ ਤਵੀਆਂ 'ਤੇ ਬੈਠੇਗਾ? ਕੌਣ ਆਪਣੇ ਪੁੱਤਰ ਮਰਵਾਉਂਦਾ ਹੈ? ਕਿੱਥੇ ਨਿੱਕੀਆਂ-ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਸਕਦੀਆਂ ਹਨ? ਕਿਸੇ ਦੇ ਮਨੁੱਖੀ ਹੱਕਾਂ ਲਈ ਅਵਾਜ਼ ਤਾਂ ਸਦਾ ਹੀ ਉੱਠਦੀ ਰਹੇਗੀ, ਪਰ ਗੁਰੂ ਤੇਗ ਬਹਾਦਰ ਵਾਂਗ ਮਨੁੱਖੀ ਹੱਕਾਂ ਲਈ ਸ਼ਹੀਦ ਕੌਣ ਹੋਵੇਗਾ? ਕਿੱਥੇ ਹਨ ਗੁਰੂਆਂ ਦੀ ਜਾਇਦਾਦਾਂ? ਉਹ ਤਾਂ ਪੰਜਾਬ ਦਾ ਸਾਂਝਾ ਵਿਰਸਾ ਬਣ ਗਈਆਂ ਹਨ? ਇਹ ਸਹੀ ਹੈ ਕਿ ਸਿੱਖਾਂ ਦੀ ਰਾਜਸੀ ਪਾਰਟੀਆਂ ਵਿਚ ਆਇਆ ਨਿਘਾਰ ਤੇ ਉਨ੍ਹਾਂ ਦੇ ਡਿਗਦੇ ਕਿਰਦਾਰਾਂ ਨੂੰ ਲੈ ਕੇ ਮਾਰਕਸੀ ਸਿਧਾਂਤਕਾਰ ਆਲੋਚਨਾ ਤਾਂ ਕਰ ਸਕਦੇ ਹਨ, ਪਰ ਇਸ ਵਿਰੋਧ ਵਿੱਚੋਂ ਉਨ੍ਹਾਂ ਨੂੰ ਪੱਕੇ ਪੈਰੀਂ ਬਹਿਣ ਲਈ ਥਾਂ ਨਹੀਂ ਮਿਲਦੀ। ਇਸ ਦੇ ਦੋ ਕਾਰਨ ਹਨ। ਇਕ ਮਾਰਕਸੀ ਵੀਰ ਖੁਦ ਆਪ ਦੁੱਧ ਧੋਤੇ ਨਹੀਂ। ਦੂਜਾ, ਉਨ੍ਹਾਂ ਕੋਲ ਕੋਈ ਪਾਏਦਾਰ ਬਦਲ ਨਹੀਂ।
ਮਾਰਕਸਵਾਦ ਅਸਫਲ ਕਿਉਂ ਰਹੇਗਾ? ਇਸ ਲਈ, ਕਿਉਂਕਿ ਬ੍ਰਹਿਮੰਡ ਦੀ ਅਨੰਤਤਾ ਤੇ ਇਸ ਵਿਚ ਲੁਕੇ ਡੂੰਘੇ ਰੂਹਾਨੀ ਅਰਥ ਮਨੁੱਖ ਨੂੰ ਅਨੰਤ ਦੇ ਪੈਂਡਿਆਂ ਉੱਤੇ ਤੋਰਦੇ ਹਨ ਜਦਕਿ ਮਾਰਕਸਵਾਦ ਵਿਗਿਆਨ ਦੇ ਸਤਈ ਅਰਥਾਂ ਤੋਂ ਪ੍ਰੇਰਨਾ ਲੈਂਦਾ ਹੈ ਤੇ ਨਹੀਂ ਜਾਣਦਾ ਕਿ ਵਿਗਿਆਨ ਦੇ ਡੂੰਘੇ ਅਰਥ ਦੀ ਵੀ ਅਸੀਮ ਤੇ ਅਨੰਤ ਦੁਨੀਆਂ ਨਾਲ ਸਾਂਝ ਹੈ ਜੋ ਜੀਵਨ ਨੂੰ ਹਰ ਪਲ ਹਰਾ ਕਚੂਚ ਰੱਖਦੀ ਹੈ।
ਕਰੀਬ ਚਾਰ ਦਹਾਕੇ ਪਹਿਲਾਂ ਮਾਰਕਸਵਾਦੀ ਪਾਰਟੀਆਂ ਨਾਲ ਜੁੜੇ ਬੁੱਧੀਜੀਵੀ ਤੇ ਸਿਆਸੀ ਆਗੂ ਮਾਰਕਸਵਾਦੀ ਸਿਧਾਂਤ ਨਾਲ ਘੱਟ ਤੇ ਸਿਖ ਇਤਿਹਾਸ ਨਾਲ ਵਧ ਜੁੜੇ ਹੋਏ ਸਨ। ਇਥੇ ਹੀ ਬੱਸ ਨਹੀਂ, ਸਗੋਂ ਅਜ਼ਾਦੀ ਦੇ ਇਤਿਹਾਸ ਵਿਚ ਬੰਗਾਲੀਆਂ ਤੇ ਪੰਜਾਬੀਆਂ ਦੇ ਸਾਂਝੇ ਰਾਜਨੀਤਕ ਤੇ ਇਨਕਲਾਬੀ ਕੇਂਦਰ ਗੁਰਦੁਆਰਿਆਂ ਵਿਚ ਹੀ ਸਨ। ਇਸ ਲਈ ਮਨੁੱਖ ਦੇ ਹਥੋਂ ਮਨੁੱਖ ਦੀ ਲੁੱਟ ਖਸੁਟ ਖਤਮ ਕਰਨ ਦੇ ਸਾਰੇ ਸਮਾਨ ਪੰਜਾਬ ਦੇ ਇਤਿਹਾਸ ਵਿੱਚ ਸਾਂਭੇ ਪਏ ਹਨ। ਇਹੋ ਜਿਹੇ ਇਤਿਹਾਸ ਦੇ ਬਦਲ ਹੋਰ ਕੌਣ ਸਿਰਜ ਸਕਦਾ ਹੈ? ਕਿਥੋਂ ਲਿਆ ਸਕਦਾ ਹੈ? ਕਿਵੇਂ ਲਿਆ ਸਕਦਾ ਹੈ? ਬਿਨਾਂ ਸ਼ੱਕ ਅੱਜ ਦੇ ਮਾਰਕਸੀ ਬੁੱਧੀਜੀਵੀ ਤੇ ਸਿਆਸੀ ਆਗੂ ਗਿਆਨ ਦੇ ਆਧੁਨਿਕ ਸਿਧਾਂਤਾਂ ਤੋਂ ਵੱਧ ਜਾਣੂ ਹਨ ਤੇ ਵਿਦਿਅਕ ਅਦਾਰਿਆਂ ਵਿਚ ਛਾਏ ਹੋਏ ਹਨ, ਪਰ ਪਿਛਲੇ ਇਕ ਦਹਾਕੇ ਤੋਂ ਇਨ੍ਹਾਂ ਨੂੰ ਵੀ ਕਈ ਪਾਸਿਆਂ ਤੋਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਨ੍ਹਾਂ ਗਿਆਨੀਆਂ ਦਾ ਨਵੇਂ ਮੁਹਾਵਰੇ ਵਿਚ ਮੁਕਾਬਲਾ ਕਰਨ ਦੀ ਜਾਚ ਉਨ੍ਹਾਂ ਦੇ ਵਿਰੋਧੀਆਂ ਕੋਲ ਵੀ ਆ ਗਈ ਹੈ। ਇਸ ਲਈ ਅਗਾਂਹ ਵਧੂਆਂ ਦੇ ਰੂਫ ਵਿਚ ਛਾਏ ਇਨ੍ਹਾਂ ਖਬੇ ਪੱਖੀਆਂ ਉੱਤੇ ਹੁਣ ਢਲਦੀਆਂ ਸ਼ਾਮਾਂ ਹਨ। ਬਹੁਤ ਸਾਰੇ ਬੁੱਧੀਜੀਵੀ ਤਾਂ ਪਲਟੀ ਵੀ ਮਾਰ ਰਹੇ ਹਨ। ਹਾਂ, ਇਹ ਗੱਲ ਵੱਖਰੀ ਹੈ ਕਿ ਕੁਝ ਮੌਕਾਪ੍ਰਸਤ ਹਨ ਤੇ ਕੁਝ ਸੱਚੀਮੁਚੀ ਸੰਜੀਦਾ ਤੇ ਸੁਹਿਰਦ ਹਨ ਤੇ ਮਹਿਸੂਸ ਕਰਨ ਲਗ ਪਏ ਹਨ ਕਿ ਪੰਜਾਬ ਦੇ ਵਿਰਸੇ ਦਾ ਰਾਜਨੀਤਕ ਬਦਲ ਵੀ ਪੰਜਾਬ ਦੇ ਵਿਰਸੇ ਵਿਚੋਂ ਹੀ ਲਭੇਗਾ। ਜੇ ਬਾਹਰ ਭਟਕਦੇ ਰਹੇ ਤਾਂ ਏਧਰੋਂ ਵੀ ਧੱਕੇ ਪੈਣਗੇ ਤੇ ਓਧਰੋਂ ਵੀ।