deshpunjabtimes.blogspot.com

Saturday, 24 September 2011

ਘੱਗਰੇ ਵੀਹ ਗਜ਼ ਦੇ\ਜਗਜੀਤ ਕੌਰ ਜੀਤ



ਘੱਗਰਾ ਕਿਸੇ ਸਮੇਂ ਪੰਜਾਬਣਾਂ ਦੇ ਪਹਿਰਾਵੇ ਦਾ ਮੁੱਖ ਅੰਗ ਹੋਇਆ ਕਰਦਾ ਸੀ। ਘੱਗਰੇ, ਕੁੜਤੀ ਦੁਪੱਟੇ ਵਿੱਚ ਸਜੀ ਪੰਜਾਬਣ ਅਰਸ਼ੋਂ ਉੱਤਰੀ ਪਰੀ ਜਾਪਦੀ ਸੀ। ਸਿਰ ਸੂਹੀ ਫੁੱਲਕਾਰੀ ਲੈ ਕੇ, ਸੋਹਣੇ ਸੱਗੀ ਫੁੱਲ ਗੁੰਦਾ ਕੇ, ਨੌਂ ਗਜ਼ ਦਾ ਘੱਗਰਾ ਪਾ ਕੇ ਖੇਤਾਂ ਦੇ ਵੱਟੋ-ਵੱਟ ਭੱਤਾ ਲੈ ਕੇ ਜਾਂਦੀ ਪੰਜਾਬਣ ਪੈਲਾਂ ਪਾਉਂਦੇ ਮੋਰ ਦਾ ਭੁਲੇਖਾ ਪਾਉਂਦੀ ਸੀ। ਘੱਗਰੇ ਆਮ ਤੌਰ ’ਤੇ ਸੱਤ, ਨੌਂ ਜਾਂ ਗਿਆਰਾਂ ਗਜ਼ ਦੇ ਬਣਾਏ ਜਾਂਦੇ ਸੀ। ਵੱਡੀ ਉਮਰ ਦੀਆਂ ਔਰਤਾਂ ਚਿੱਟੇ ਲੱਠੇ ਜਾਂ ਚਿੱਟੀ ਮਲਮਲ ਦੇ ਘੱਗਰੇ ਪਾਉਂਦੀਆਂ ਸਨ, ਜਦਕਿ ਨਵ-ਵਿਆਹੀਆਂ ਭਰ ਜੋਬਨ ਮੁਟਿਆਰਾਂ ਰੰਗ-ਬਿਰੰਗੇ ਘੱਗਰੇ ਪਹਿਨਦੀਆਂ ਸਨ। ਘੱਗਰੇ ਦੇ ਹੇਠਲੇ ਘੇਰ ’ਤੇ ਲੱਗੀ ਕਿਨਾਰੀ ਜਾਂ ਜ਼ਰੀ ਨੂੰ ਲੌਣ ਕਿਹਾ ਜਾਂਦਾ ਸੀ। ਮਲਮਲ ਜਾਂ ਲੱਠੇ ਦੇ ਘੱਗਰਿਆਂ ’ਤੇ ਆਮ ਕਰਕੇ ਕਾਲੀ ਵਲਦਾਰ ਕਿਨਾਰੀ ਦੀ ਲੌਣ ਲਗਦੀ ਸੀ, ਪਰ ਰੰਗ-ਰੰਗੀਲੇ ਘੱਗਰਿਆਂ ਉਪਰ ਸੁਨਹਿਰੀ ਗੋਟੇ ਜ਼ਰੀ ਦੀ ਲੌਣ ਲਗਾਈ ਜਾਂਦੀ ਸੀ।
 ਘੱਗਰਾ ਪੰਜਾਬਣ ਦੀ ਪੁਸ਼ਾਕ ਦਾ ਮੁੱਖ ਅੰਗ ਹੋਣ ਕਰਕੇ ਘੱਗਰੇ ਤੋਂ ਬਗੈਰ ਨੂੰਹ-ਧੀ ਦਾ ਘਰੋਂ ਬਾਹਰ ਜਾਣਾ ਬੇਪਰਦ ਹੋਣ ਬਰਾਬਰ ਸੀ। ਘੱਗਰੇ ਤੋਂ ਬਿਨਾਂ ਖੇਤ ਭੱਤਾ ਲੈ ਕੇ ਜਾਂਦੀ, ਖੂਹ ਤੋਂ ਪਾਣੀ ਭਰਦੀ, ਸੱਥ ਪਰ੍ਹੇ ਵਿੱਚੋਂ ਲੰਘਦੀ ਜਾਂ ਭਾਈਚਾਰਕ ਇਕੱਠ ਵਿੱਚ ਸ਼ਰੀਕ ਹੁੰਦੀ ਔਰਤ ਨੂੰ ਸਲੀਕੇਵਾਨ ਜਾਂ ਇੱਜ਼ਤਦਾਰ ਔਰਤ ਨਹੀਂ ਸੀ ਮੰਨਿਆ ਜਾਂਦਾ।  ਗਿੱਧੇ ਵਿੱਚ ਨੱਚਦੀਆਂ ਮੁਟਿਆਰਾਂ ਘੱਗਰੇ ਸਵਾਉਣ ਦੀਆਂ ਨਵੀਆਂ ਸਕੀਮਾਂ ਘੜਦੀਆਂ ਰਹਿੰਦੀਆਂ ਜਿਵੇਂ:
ਸੱਤ ਗਜ਼ ਸੂਫ ਦਾ
ਮੈਂ ਘੱਗਰਾ ਸਵਾਇਆ,
ਉਤੇ ਪਵਾਉਣੀਆਂ ਮੋਰ ਕੁੜਿਓ।
ਮੇਰੀ ਸੱਪਣੀ ਵਰਗੀ ਤੋਰ ਕੁੜੀਓ।

ਜਗਜੀਤ ਕੌਰ ਜੀਤ
ਸਿੱਠਣੀਆਂ ਨਿਹੋਰਿਆਂ ਵਿੱਚ ਵੀ ਘੱਗਰੇ ਦੀ ਪੂਰੀ ਚਰਚਾ ਰਹੀ ਹੈ। ਕੁੜੀਆਂ ਨਵੇਂ ਜੀਜੇ ਨੂੰ ਵਿਅੰਗ ਨਾਲ ਕਹਿੰਦੀਆਂ ਨੇ ਕਿ ਤੇਰੀ ਮਾਂ ਘੱਗਰੇ ਨੂੰ ਤਰਸ ਰਹੀ ਹੈ ਉਸ ਨੂੰ ਖੜ-ਖੜ ਕਰਦਾ ਸੋਹਣਾ ਘੱਗਰਾ ਸਵਾ ਕੇ ਦੇ, ਕੁੜੀਆਂ ਗਾਉਂਦੀਆਂ ਨੇ-
ਰੜਕੇ-ਰੜਕੇ-ਰੜਕੇ ਵੇ,
ਤੇਰੀ ਮਾਂ ਘੱਗਰੇ ਨੂੰ ਤਰਸੇ ਵੇ।
ਰੜਕੇ-ਰੜਕੇ-ਰੜਕੇ ਵੇ,
ਉਹਨੂੰ ਘੱਗਰਾ ਸਵਾ ਦੇ,
ਜਿਹੜਾ ਖੜਕੇ ਵੇ।

ਜਿਉਂ-ਜਿਉਂ ਕੰਮ ਮਸ਼ੀਨੀ ਹੁੰਦੇ ਗਏ, ਪੰਜਾਬਣਾਂ ਦੇ ਕੱਦ-ਕਾਠ ਵੀ ਘਟਦੇ ਗਏ। ਨਾਜ਼ੁਕ ਸਰੀਰ ਘੱਗਰੇ ਦਾ ਭਾਰ ਨਾ ਸਹਿ ਸਕੇ ਤੇ ਘੱਗਰੇ ਦੀ ਥਾਂ ਹਲਕੀ ਘੱਗਰੀ ਦਾ ਜਨਮ ਹੋਇਆ। ਕੁਝ ਸਮਾਂ ਛੋਟੀਆਂ ਘੱਗਰੀਆਂ ਦਾ ਬੜਾ ਰਿਵਾਜ ਰਿਹਾ। ਇਹ ਥੋੜ੍ਹੇ ਵਲਾਂ ਵਾਲੀ ਹੋਣ ਕਰਕੇ ਪਹਿਨਣ ਵਿੱਚ ਸੁਖਾਲੀ ਹੁੰਦੀ ਸੀ, ਪਰ ਸਮੇਂ ਦੇ ਗੇੜ ਵਿੱਚ ਘੱਗਰੀ ਵੀ ਕਿਧਰੇ ਅਲੋਪ ਹੋ ਗਈ। ਫਿਰ ਵਾਰੀ ਆਈ ਪੰਜਾਬੀ ਸੂਟ-ਸਲਵਾਰ ਦੀ। ਜਿਸ ਨੂੰ ਪੰਜਾਬਣਾਂ ਨੇ ਭਾਰੀ ਘੱਗਰੇ ਤੋਂ ਨਿਜ਼ਾਤ ਪਾ ਕੇ ਬੜੇ ਸ਼ੌਕ ਨਾਲ ਪਹਿਨਣਾ ਸ਼ੁਰੂ ਕੀਤਾ। ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ ਪੰਜਾਬਣਾਂ ਦਾ ਮਨਭਾਉਂਦਾ ਪਹਿਰਾਵਾ ਬਣ ਗਿਆ, ਪਰ ਪੱਛਮਵਾਦ ਅਤੇ ਟੀ.ਵੀ. ਚੈਨਲਵਾਦ ਦੀ ਅਜਿਹੀ ਮਾਰੂ ਹਨੇਰੀ ਝੁੱਲੀ, ਜੋ ਸਾਡੇ ਸ਼ਾਹੀ ਸਲੀਕੇਵਾਨ ਪਹਿਰਾਵੇ ਉਡਾ ਕੇ ਲੈ ਗਈ ਅਤੇ ਸਾਡੇ ਵੱਲ ਸੁੱਟ ਗਈ ਪੱਛਮ ਦੀ ਜੂਠ ਉੱਚੇ ਲੰਡੇ ਕੱਪੜੇ। ਆਪਣੀ ਬੋਲੀ ਅਤੇ ਬਾਣਾ ਭੁੱਲਣ ਵਾਲੀ ਸੱਭਿਅਤਾ ਆਪਣੀ ਪਛਾਣ ਖੋ ਬੈਠਦੀ ਹੈ। ‘ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ’ ਦੇ ਸਿਧਾਂਤ ’ਤੇ ਚੱਲਦਿਆਂ ਆਪਣੀਆਂ ਬੱਚੀਆਂ ਨੂੰ ਸਭਿਅਕ ਸਲੀਕੇਵਾਨ ਪੁਸ਼ਾਕਾਂ ਪਹਿਨਾਈਏ ਨਾ ਕਿ ਉਹ ਤੰਗ ਨੰਗੇਜ਼ਵਾਦੀ, ਭੜਕੀਲੇ ਲਿਬਾਸ ਪਹਿਨ ਕੇ ਪੰਜਾਬਣ ਦਾ ਮਾਣ ਵੀ ਗਵਾ ਲੈਣ। ਆਉ ਆਪਣੀ ਬੋਲੀ ਅਤੇ ਬਾਣੇ ’ਤੇ ਨਾਜ਼ ਕਰਦੇ ਹੋਏ ਆਪਣੇ ਸੱਭਿਆਚਾਰ ਨੂੰ ਸਾਂਭੀਏ। ਮਤਾ ਕਿਤੇ ਸਾਡੇ ਪਹਿਰਾਵੇ ਅਜਾਇਬਘਰਾਂ ਵਿੱਚ ਕੈਦ ਹੋ ਕੇ ਹੀ ਨਾ ਰਹਿ ਜਾਣ।

ਮੋਬਾਈਲ: 94173-80887

No comments:

Post a Comment