ਤੀਰਥ ਅਤੇ ਪੰਡਤ - ਸਥਾਨ ਅਤੇ ਸਥਾਨੀਯ - ਗੱਦੀ ਅਤੇ ਗੱਦੀਦਾਰ - ਇਹ ਦੋ ਆਪਸ ਵਿਚ ਜੁੜੇ ਹੋਏ ਐਸੇ ਨਾਮ ਹਨ ਜਿਨ੍ਹਾਂ ਦੀ ਸੰਸਾਰ ਵਿਚ ਹਮੇਸ਼ਾ ਪੂਜਾ ਹੁੰਦੀ ਰਹੀ ਹੈ। ਭਾਵੇਂ ਇਹੋ ਹੀ ਸੰਸਾਰ ਦੀ ਸਭ ਤੋਂ ਵੱਡੀ ਭੁੱਲ ਹੈ ਅਤੇ ਇਸੇ ਭੁੱਲ ਤੋਂ ਕਈ ਵਾਰ ਵੱਡੇ-ਵੱਡੇ ਦੁਖਾਂਤ ਵਾਪਰ ਗਏ। ਇਹ ਭੁੱਲ ਹਮੇਸ਼ਾ ਅੰਧ-ਵਿਸ਼ਵਾਸ ਤੇ ਅਗਿਆਨੀ ਸ਼ਰਧਾ ਤੋਂ ਜਨਮ ਲੈਂਦੀ ਹੈ ਅਤੇ ਉਸ ਸ਼ਰਧਾ ਦਾ ਕਾਰਣ ਬਣਦਾ ਹੈ ਕਰਤੱਵ। ਕਦੀ ਕੁਝ ਸਮੇਂ ਲਈ ਇਨ੍ਹਾਂ ਦੋ ਜੁੜੇ ਹੋਏ ਨਾਵਾਂ ਵਿਚ ਬੈਠਾ ਤੇ ਬਣ ਗਿਆ ਇਕ ਖੂਬਸੂਰਤ ਕਰਤੱਵ। ਕਈ ਵਾਰ ਸਮੇਂ ਬੀਤਣ ਨਾਲ ਸਥਾਨ ਜਾਂ ਸਥਾਨੀਯ ਵਿਚੋਂ ਕਰਤੱਵ ਉੱਠ ਜਾਂਦਾ ਹੈ ਪਰ ਕਰਤੱਵ ਦੇ ਭੁਲੇਖੇ ਸਥਾਨ ਅਤੇ ਸਥਾਨ 'ਤੇ ਰਹਿਣ ਵਾਲੇ ਵਿਅਕਤੀ ਦੀ ਪੂਜਾ ਚਲਦੀ ਰਹਿੰਦੀ ਹੈ। ਜਿਵੇਂ ਕਈ ਏਕਾਂਤ ਸਥਾਨਾਂ 'ਤੇ ਬੈਠ ਕੇ ਕਦੀ ਕਿਸੇ ਗੁਰਮੁਖ ਪਿਆਰੇ, ਗੁਰਸਿੱਖ ਮਹਾਂਪੁਰਖ ਨੇ ਪ੍ਰਭੂ ਸਿਮਰਨ ਤੇ ਬੰਦਗੀ ਵਿਚ ਸਮਾਂ ਗੁਜ਼ਾਰਿਆ। ਉਸ ਅਸਥਾਨ ਅਤੇ ਅਸਥਾਨ 'ਤੇ ਰਹਿਣ ਵਾਲੇ ਮਹਾਂਪੁਰਸ਼ ਦਾ ''ਸਚੇ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ'' ਅਨੁਸਾਰ ਲੋਕਾਂ ਨੇ ਸਤਿਕਾਰ ਕੀਤਾ। ਪਰ ਉਸ ਮਹਾਂਪੁਰਸ਼ ਤੋਂ ਬਾਅਦ ਉਸ ਦੇ ਚੇਲੇ, ਉਸ ਦੇ ਮਾਣ-ਸਤਿਕਾਰ 'ਤੇ ਕਬਜ਼ਾ ਕਰਨ ਲਈ ਗੱਦੀਦਾਰ ਬਣ ਗਏ। ਪਹਿਲੇ ਮਹਾਂਪੁਰਸ਼ ਦੇ ਨਾਂ ਹੇਠ ਭੇਟਾ ਆਉਂਦੀਆਂ ਗਈਆਂ, ਵੱਡੇ-ਵੱਡੇ ਡੇਰੇ-ਕਾਰਾ-ਕੋਠੀਆਂ ਤੇ ਐਸ਼ ਦਾ ਸਾਮਾਨ ਬਣਦੇ ਗਏ। ਪਹਿਲੇ ਮਹਾਂਪੁਰਸ਼ ਵਾਲੀ ਜੀਵਨ ਜਾਚ ਤੇ ਗੁਰਮਤਿ ਸਿਧਾਂਤ, ਨਾ ਡੇਰੇ ਵਿਚ ਰਿਹਾ ਅਤੇ ਨਾ ਹੀ ਡੇਰੇਦਾਰ (ਗੱਦੀਦਾਰ) ਵਿਚ ਰਿਹਾ। ਪਰ ਉਸ ਨਾਂ ਤੋਂ ਸਤਿਕਾਰ ਅਤੇ ਸੰਪਤੀ ਦੀ ਪ੍ਰਾਪਤ ਲਈ ਕਈ-ਕਈ ਗੱਦੀਦਾਰ ਬਣ ਗਏ। ਅੱਜ ਅਸੀਂ ਵੇਖਦੇ ਹਾਂ ਕਿ ਡੇਰਿਆਂ 'ਤੇ ਕਬਜ਼ਿਆਂ ਲਈ ਗੋਲੀਆਂ ਚਲਦੀਆਂ ਹਨ, ਕਤਲ ਹੁੰਦੇ ਹਨ ਤੇ ਅਦਾਲਤਾਂ ਵਿਚ ਕੇਸ ਚਲਦੇ ਹਨ। ਇਹ ਸਭ ਕੁਝ ਅਸਥਾਨ ਅਤੇ ਅਸਥਾਨੀਯ ਵਿਚ ਗੁਰਮਤਿ ਸਿਧਾਂਤ ਦੀ ਅਣਹੋਂਦ ਕਰਕੇ ਹੀ ਹੈ। ਪਰ ਭੋਲੇ ਸ਼ਰਧਾਲੂ ਅਜੇ ਵੀ ਉਨ੍ਹਾਂ ਡੇਰੇਦਾਰਾਂ ਅਤੇ ਡੇਰਿਆਂ ਦੀ ਪੂਜਾ ਕਰੀ ਜਾਂਦੇ ਹਨ, ਜਿਸ ਨਾਲ ਭੇਖਦਾਰੀ ਪਾਖੰਡ ਦੇ ਵਾਧੇ ਤੋਂ ਜ਼ਿਆਦਾ ਮਨੁੱਖਤਾ ਨੂੰ ਹੋਰ ਕੋਈ ਲਾਭ ਨਹੀਂ ਹੋ ਰਿਹਾ।
ਪੂਜਾ ਕਿਸ ਦੀ ਕਰਨੀ ਹੈ?
ਅਭੁੱਲ ਗੁਰੂ ਕਰਤਾਰ, ਸਿੱਖ ਨੂੰ ਗਿਆਨ ਨਾਲ ਜੋੜਦਾ ਹੈ ਅਤੇ ਸਮਝਾਉਂਦਾ ਹੈ ਕਿ ਸਿੱਖ ਪੂਜਾ ਕਰਨ ਤੋਂ ਪਹਿਲਾਂ ਵੇਖੇ ਕਿ ਇਸ ਸਥਾਨ ਜਾਂ ਸਥਾਨ 'ਤੇ ਰਹਿਣ ਵਾਲੇ ਵਿਚ ਕਰਤੱਵ ਜਾਂ ਸਿਧਾਂਤ ਹੈ ਕਿ ਨਹੀਂ। ਪੂਜਾ ਤਾਂ ਕਰਤੱਵ ਤੇ ਸਿਧਾਂਤ ਦੀ ਹੈ। ਪਰ ਅੱਜ ਵੇਖ ਰਹੇ ਹਾਂ ਕਿ ਸਿੱਖੀ ਵਿਚ ਵੀ ਧਰਮ ਅਸਥਾਨ (ਤੀਰਥ) ਅਤੇ ਧਰਮ ਅਸਥਾਨਾਂ ਦੀਆਂ ਪਦਵੀਆਂ 'ਤੇ ਕਾਬਜ਼ ਲੋਕਾਂ ਦੀ ਮਹੱਤਤਾ ਐਨੀ ਵੱਧ ਰਹੀ ਹੈ ਕਿ ਵਿਅਕਤੀਆਂ ਨੂੰ ਹੀ ਗੁਰੂ ਹਰਿਗੋਬਿੰਦ ਸਾਹਿਬ ਦੀ ਬਰਾਬਰਤਾ ਦੇ ਦਿੱਤੀ ਜਾਂਦੀ ਹੈ। ਹਾਲਾਂ ਕਿ ਉਨ੍ਹਾਂ ਦੇ ਕਾਰਣ ਹੀ ਕਈ ਵਾਰ ਪਵਿੱਤਰ ਅਸਥਾਨਾਂ ਤੋਂ ਗੁਰਮਤਿ ਸਿਧਾਂਤ ਦੀ ਅਣਹੋਂਦ ਵੀ ਹੋ ਜਾਂਦੀ ਹੈ ਅਤੇ ਕੌਮੀ ਬਿਖਰਾਓ ਵੀ ਹੋ ਜਾਂਦਾ ਹੈ। ਪਰ ਅਗਿਆਨੀ ਸ਼ਰਧਾ ਕਾਰਣ ਲੋਕ ਸਿਧਾਂਤ ਨਾਲੋਂ ਅਸਥਾਨ ਅਤੇ ਡੇਰੇਦਾਰ ਨਾਲ ਜ਼ਿਆਦਾ ਜੁੜ ਰਹੇ ਹਨ।
ਦਾਨ ਕਰਨ ਤੋਂ ਪਹਿਲਾਂ ਯੋਗ-ਅਯੋਗ ਜ਼ਰੂਰ ਵੇਖ
ਇਸੇ ਕਾਰਣ ਹੀ ਅੱਜ ਵਿਅਕਤੀ ਹੀ 'ਗੁਰੂ' ਅਤੇ ਕੁਝ ਵਿਅਕਤੀ ਹੀ ਆਪਣੇ ਆਪ ਨੂੰ 'ਪੰਥ' ਆਖ ਰਹੇ ਹਨ ਅਤੇ ਆਮ ਸਿੱਖ ਉਨ੍ਹਾਂ ਨੂੰ ਪੰਥ ਮੰਨੀ ਜਾਂਦਾ ਹੈ, ਜੋ ਕਿ ਗੁਰੂ ਦੇ ਪੰਥ ਲਈ ਘਾਤਕ ਸੋਚ ਹੈ। ਕਈ ਵਾਰ ਇਨ੍ਹਾਂ ਦੀ ਅਗਵਾਈ ਕਾਰਣ ਹੀ ਅਨੇਕਾਂ ਦੁਖਾਂਤ ਵਾਪਰ ਜਾਂਦੇ ਹਨ, ਸਿੱਖ ਪਰਿਵਾਰਾਂ ਦੇ ਬੱਚੇ ਪਤਿਤ ਅਤੇ ਨਸ਼ਿਆਂ ਵੱਲ ਝੁਕ ਰਹੇ ਹਨ, ਆਚਰਨ-ਹੀਣਤਾ ਵੱਧ ਰਹੀ ਹੈ। ਜਿਨ੍ਹਾਂ ਧਰਮ ਅਸਥਾਨਾਂ ਤੋਂ ਗੁਰਮਤਿ ਪ੍ਰਚਾਰ-ਪਸਾਰ ਦੀਆਂ ਲਹਿਰਾਂ ਉਠਣੀਆਂ ਸਨ, ਸਿੱਖ ਉਨ੍ਹਾਂ ਧਰਮ ਅਸਥਾਨਾਂ ਅਤੇ ਆਪਣੇ ਸਰਮਾਏ ਨੂੰ ਬਹੁਤੀ ਥਾਈਂ ਐਸੇ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦੇ ਹਵਾਲੇ ਕਰੀ ਬੈਠਾ ਹੈ ਕਿ ਇਹ ਸਭ ਕੁਝ ਇਕ ਧੰਦਾ ਬਣ ਕੇ ਰਹਿ ਗਿਆ ਹੈ। ਆਮ ਸਿੱਖ ਇਹ ਕਹਿ ਕੇ ਸੰਤੁਸ਼ਟ ਹੈ
ਕ ਮੈਂ ਤਾਂ ਗੁਰਦੁਆਰੇ ਮੱਥਾ ਟੇਕਿਆ ਹੈ, ਮੈਂ ਤਾਂ ਦਾਨ ਕੀਤਾ ਹੈ, ਮੈਨੂੰ ਕੀ? ਪਰ ਇਹ ਇਕ ਬੜੀ ਵੱਡੀ ਭੁੱਲ ਹੈ। ਗੁਰੂ ਆਖ ਰਿਹਾ ਹੈ ਕਿ ਮੱਥਾ ਟੇਕਣ ਤੇ ਦਾਨ ਕਰਨ ਤੋਂ ਪਹਿਲਾਂ ਯੋਗ-ਅਯੋਗ ਜ਼ਰੂਰ ਵੇਖ ਲੈ :
ਖੇਤੁ ਪਛਾਣੈ ਬੀਜੈ ਦਾਨੁ॥
ਸੋ ਖਤ੍ਰੀ ਦਰਗਹ ਪਰਵਾਣੁ॥
(ਗੁ.ਗ੍ਰੰ.ਸਾ. ਪੰਨਾ 1411)
ਜਿਹੜੀ ਗਊ ਕਦੇ ਦੁੱਧ ਨਾ ਦੇਵੇ, ਉਹ ਗਊ ਕਿਸ ਕੰਮ ਦੀ? ਕੌਣ ਉਸ ਨੂੰ ਪੱਠੇ ਪਾਵੇਗਾ, ਕੌਣ ਸੰਭਾਲੇਗਾ? ਜਿਸ ਪੰਖੀ ਦੇ ਪੰਖ ਹੀ ਨਾ ਰਹੇ, ਉਡਾਰੀਆਂ ਹੀ ਨਾ ਰਹੀਆਂ, ਉਸ ਨੂੰ ਪੰਖੀ ਕਿਵੇਂ ਆਖੋਗੇ? ਜਿਵੇਂ ਜਲ ਤੋਂ ਬਿਨਾਂ ਜਲ ਦੇ ਜੀਵਨ ਨਹੀਂ ਹੋ ਸਕਦੇ, ਇਸੇ ਤਰ੍ਹਾਂ ਨਾਮ ਭਗਤੀ, ਤਿਆਗ ਤੇ ਗੁਰਮਤਿ ਸਿਧਾਂਤ ਵਿਹੂਣੇ ਕਿਸੇ ਸਥਾਨ ਜਾਂ ਅਸਥਾਨੀਯ ਨੂੰ ਨਹੀਂ ਪੂਜਿਆ ਜਾ ਸਕਦਾ।
ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ॥
ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ॥
(ਗੁ.ਗ੍ਰੰ.ਸਾ. ਪੰਨਾ 1095)
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ
ਜੈਸੇ ਕਾਗਰਾ ਕਰਤ ਬੀਚਾਰੰ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ
ਪੂਜੀਐ ਕਰਿ ਨਮਸਕਾਰੰ॥
(ਗੁ.ਗ੍ਰੰ.ਸਾ. ਪੰਨਾ 1293)
ਕੀ ਤੀਰਥ 'ਤੇ ਇਸ਼ਨਾਨ ਕਰੀਏ?
ਹੇ ਦੀਨ-ਦੁਨੀਆਂ ਦੇ ਮਾਲਕ, ਮੇਰੇ ਪਿਆਰੇ! ਤੇਰੇ ਕੋਲ ਬੈਠਣ ਨਾਲ ਹੀ ਮੇਰੀ ਸੋਭਾ ਹੈ। ਜੇ ਤੂੰ ਹਿਰਦੇ ਦੇ ਵਿਹੜੇ ਆ ਜਾਵੇਂ ਤਾਂ ਮੇਰੇ ਜੀਵਨ ਦਾ ਘਰ ਹਰ ਕਿਸੇ ਨੂੰ ਸੋਹਣਾ ਲੱਗਦਾ ਹੈ। ਪਰ ਜੇ ਇਸ ਘਰ ਵਿਚੋਂ ਤੂੰ ਉੱਠ ਜਾਵੇਂ ਤਾਂ ਮੇਰੀ ਕੋਈ ਸੋਭਾ ਨਹੀਂ ਹੈ। ਜਿਵੇਂ ਤਾੜ ਦਾ ਦਰਖਤ (ਜਿਸ ਦੇ ਪਾਣੀ ਵਿਚ ਨਸ਼ਾ ਹੁੰਦਾ ਹੈ) ਅਪਵਿੱਤਰ ਮੰਨਿਆ ਜਾਂਦਾ ਹੈ, ਉਸੇ ਤੋਂ ਬਣੇ ਹੋਏ ਕਾਗਜ਼ 'ਤੇ ਜਦੋਂ ਧਰਮ ਗ੍ਰੰਥ ਜਾਂ ਭਗਤੀ ਦੇ ਸ਼ਬਦ ਲਿਖੇ ਜਾਂਦੇ ਹਨ ਤਾਂ ਪੂਜਾ ਹੁੰਦੀ ਹੈ। ਪਰ ਉਹ ਪੂਜਾ ਸ਼ਬਦ ਦੀ ਹੈ, ਕਾਗਜ਼ ਦੀ ਨਹੀਂ। ਉਹ ਪੂਜਾ ਸਿਧਾਂਤ ਦੀ ਹੈ, ਸਥਾਨ ਦੀ ਨਹੀਂ।
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥
ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥
ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ॥
ਸੰਸਾਰ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ॥
ਗੁਰ ਵਾਕੁ ਨਿਰਮੁਲ ਸਦਾ ਚਾਨਣੁ॥
ਨਿਤ ਸਾਚੁ ਤੀਰਥੁ ਮਜਨਾ॥
(ਗੁ.ਗ੍ਰੰ.ਸਾ. ਪੰਨਾ 687)
ਕਿਹੜੇ ਤੀਰਥ 'ਚ ਇਸ਼ਨਾਨ ਕਰੀਏ?
ਗੁਰੂ ਜੀ ਆਖਦੇ ਹਨ ਕਿ ਕੀ ਤੀਰਥਾਂ 'ਤੇ ਇਸ਼ਨਾਨ ਕਰਨ ਜਾਵਾਂ? ਨਹੀਂ। ਹੇ ਪ੍ਰਭੂ! ਤੇਰਾ ਨਾਮ ਹੀ ਤੀਰਥ ਹੈ। ਸ਼ਬਦ ਦੀ ਵਿਚਾਰ ਵਿਚੋਂ ਜਿਹੜਾ ਅੰਦਰ ਗੁਰੂ ਸਿਧਾਂਤ ਦੇ ਗਿਆਨ ਦਾ ਪ੍ਰਕਾਸ਼ ਹੋਣਾ ਹੈ, ਬਸ ਉਹੋ ਹੀ ਮੇਰਾ ਤੀਰਥ ਅਸਥਾਨ ਹੈ ਅਤੇ ਇਸ ਅੰਦਰ ਦੇ ਤੀਰਥ ਦਾ ਇਸ਼ਨਾਨ ਹਰ ਸਮੇਂ ਪਵਿੱਤਰ ਹੈ। ਕਿਸੇ ਦਿਨ-ਦਿਹਾੜ ਜਾਂ ਸਮੇਂ ਦੀ ਉਡੀਕ ਨਹੀਂ ਕਰਨੀ ਪੈਂਦੀ। ਹੇ ਧਰਤੀ ਦੇ ਸਹਾਰੇ ਪ੍ਰਭੂ, ਮੈਂ ਤੇਰੇ ਕੋਲੋਂ ਹਮੇਸ਼ਾ ਨਾਮ ਦੀ ਜਾਚਨਾ ਕਰਦਾ ਹਾਂ। 'ਆਪਣਾ ਨਾਮੁ ਦੇਹੁ' ਤਾਂ ਕਿ ਮੇਰੇ ਅੰਦਰ ਹੀ ਤੀਰਥ ਬਣ ਜਾਵੇ।
ਸੰਸਾਰ, ਨਾਮ ਤੋਂ ਬਿਨਾਂ ਰੋਗੀ ਹੈ ਅਤੇ ਸੱਚ ਤੋਂ ਬਿਨਾਂ ਮੈਲਾ ਹੈ। ਗੁਰੂ ਸ਼ਬਦ ਹੀ ਨਿਰਮਲ ਹੈ ਜੋ ਸਦਾ ਗਿਆਨ ਦਾ ਚਾਨਣ ਦਿੰਦਾ ਹੈ ਅਤੇ ਅਗਿਆਨਤਾ ਦੀ ਮੈਲ ਧੋਂਦਾ ਹੈ। ਇਸ ਲਈ ਨਾਮ ਦੇ ਤੀਰਥ 'ਤੇ ਗੁਰ-ਗਿਆਨ ਵਿਚ ਇਸ਼ਨਾਨ ਹੀ ਸੱਚਾ ਇਸ਼ਨਾਨ ਹੈ।
ਗੁਰੂ ਦੇ ਸਿਧਾਂਤ ਗੁਆ ਚੁੱਕੇ ਅਸਥਾਨ (ਤੀਰਥ) ਨੂੰ ਅਤੇ ਕੇਵਲ ਭੇਖਧਾਰੀ ਦਿਖਾਵੇ ਦੇ ਅਸਥਾਨੀਯ (ਪੰਡਤ) ਨੂੰ ਮੁਖਾਤਬ ਕਰਕੇ ਆਇਖਆ :
ਤੀਰਥ ਜਾਉ ਤ ਹਉ ਹਉ ਕਰਤੇ£
ਪੰਡਿਤ ਪੂਛਉ ਤ ਮਾਇਆ ਰਾਤੇ£੧£
ਸੋ ਅਸਥਾਨੁ ਬਤਾਵਹੁ ਮੀਤਾ£
ਜਾ ਕੈ ਹਰਿ ਹਰਿ ਕੀਰਤਨੁ ਨੀਤਾ॥ ਰਹਾਉ॥
, (ਗੁ.ਗ੍ਰੰ.ਸਾ. ਪੰਨਾ 385)
ਭੋਲੇ ਲੋਕੋ! ਬਹੁਤੇ ਤੀਰਥਾਂ 'ਤੇ ਕਬਜ਼ਾ ਜਮਾ ਕੇ ਗੱਦੀਆਂ ਲਾਈ ਬੈਠੇ ਲੋਕ ਅੱਜ ਹਉਮੈ, ਹੰਕਾਰ ਅਤੇ ਝੂਠੀ ਮਾਇਆ ਦੇ ਗ੍ਰਸੇ ਹੋਏ ਹੀ ਦਿਸਦੇ ਹਨ। ਇਸੇ ਲਈ ਤੀਰਥ ਅਸਥਾਨਾਂ ਦੇ ਕੰਢਿਆਂ 'ਤੇ ਰਹਿ ਕੇ ਰੋਜ਼ ਦਰਸ਼ਨ-ਇਸ਼ਨਾਨ ਕਰਨ ਅਤੇ ਸਥਾਨੀਯ ਪੰਡਤਾਂ, ਵਿਦਵਾਨਾਂ ਤੇ ਪ੍ਰਚਾਰਕਾਂ ਦਾ ਪ੍ਰਚਾਰ ਵੀ ਕਿਸੇ ਦੇ ਜੀਵਨ ਵਿਚ ਕੋਈ ਪਰਿਵਰਤਨ ਨਹੀਂ ਲਿਆ ਰਿਹਾ। ਜਿਵੇਂ ਸਮੁੰਦਰ ਵਿਚ ਮੋਤੀ, ਮਾਣਕ ਆਦਿ ਕੀਮਤੀ ਵਸਤੂਆਂ ਤੇ ਚੌਦਾਂ ਰਤਨ ਹਨ ਪਰ ਕੰਢੇ 'ਤੇ ਗੰਦਗੀ ਤੇ ਕੂੜੇ ਦੇ ਢੇਰ ਪਏ ਹਨ। ਕਿਨਾਰੇ 'ਤੇ ਵੱਸਣ ਵਾਲੇ ਲੱਖਾਂ ਲੋਕ ਗਰੀਬ, ਭਿਖਾਰੀ ਤੇ ਮੰਗਦੇ ਹੀ ਹਨ, ਉਹ ਮਨੁੱਖ ਕਿੰਨਾ ਭੋਲਾ ਹੋਵੇਗਾ ਜਿਹੜਾ ਉਸ ਕੂੜੇ ਦੇ ਢੇਰ ਵਿਚੋਂ ਮੋਤੀ ਭਾਲੇਗਾ ਅਤੇ ਕਿਨਾਰੇ ਬੈਠੇ ਗਰੀਬਾਂ ਕੋਲੋਂ ਆਪਣੀ ਭੁੱਖ ਮਿਟਾਉਣ ਦੀ ਆਸ ਰੱਖੇਗਾ। ਗੁਰੂ ਜੀ ਕਹਿੰਦੇ ਹਨ ਕਿ ਮੈਨੂੰ ਇਨ੍ਹਾਂ ਤੋਂ ਕੋਈ ਆਸ ਨਹੀਂ, ਮੈਨੂੰ ਉਹ ਅਸਥਾਨ ਦੱਸੋ ਜਿੱਥੇ ਗੁਰਮਤਿ, ਸ਼ਬਦ ਸਿਧਾਂਤ ਮੋਤੀਆਂ ਦੇ ਢੇਰ ਲੱਗੇ ਹੋਏ ਹੋਣ ਅਤੇ ਗੁਰਸਿੱਖ ਹੰਸ ''ਗੁਰ ਕਾ ਸਬਦੁ ਰਤੰਨੁ ਹੈ'' ਦੀ ਚੋਗ ਚੁੱਗ ਰਹੇ ਹੋਣ, ਜੋ ਕਿ ਗੁਰੂ ਸ਼ਬਦ ਦੇ ਸਾਗਰ ਵਿਚ ਡੂੰਘੀ ਟੁੱਭੀ ਲਾਇਆਂ ਹੀ ਮਿਲਦੀ ਹੈ :
ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ॥
ਬਾਣੀ ਗੁਰਬਾਣੀ ਲਾਗੇ ਤਿਨ ਹਥਿ ਚੜਿਆ ਰਾਮ॥
(ਗੁ.ਗ੍ਰੰ.ਸਾ. ਪੰਨਾ 442)
ਸਾਬਕਾ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ


No comments:
Post a Comment