deshpunjabtimes.blogspot.com

Thursday, 16 February 2017



ਭਾਰਤੀ ਰਾਜਨੀਤੀ ਨੂੰ ਕਲੰਕਿਤ ਕਰ ਰਿਹਾ ਏ ਕਾਲਾ ਧਨ ਤੇ ਅਪਰਾਧੀਕਰਨ


 ਮੋਦੀ ਸਰਕਾਰ ਨੇ ਕਾਲਾ ਧਨ ਰੋਕਣ ਦੇ ਲਈ ਲਿਆ ਯੋਗ ਫੈਸਲਾ 


 ਸਿਆਸੀ ਪਾਰਟੀਆਂ ਲਈ ਨਕਦ ਚੰਦੇ ਦੀ ਹੱਦ 20 ਹਜ਼ਾਰ ਤੋਂ ਘਟਾ ਕੇ 2000 ਕੀਤੀ ਹੁਣ ਹਰ ਪਾਰਟੀ ਨੂੰ ਦਸੰਬਰ ਮਹੀਨੇ ਤੱਕ ਰਿਟਰਨ ਭਰਨੀ ਪਵੇਗੀ 

ਪੰਜਾਬ ਵਿਧਾਨ ਸਭਾ ਦੇ ਉਮੀਦਵਾਰ ਵੀ ਅਪਰਾਧਾਂ 'ਚ ਜਕੜੇ

ਅਪਰਾਧਿਕ ਕੇਸਾਂ ਵਿੱਚ ਉਲਝੇ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ 12 ਫ਼ੀਸਦ ਕਾਂਗਰਸੀ

 11-11 ਫ਼ੀਸਦੀ ਆਪ ਪਾਰਟੀ ਤੇ ਅਕਾਲੀ ਦਲ ਅਤੇ 9-9 ਫ਼ੀਸਦ ਆਪਣਾ ਪੰਜਾਬ ਪਾਰਟੀ, ਅਕਾਲੀ ਦਲ (ਅੰਮ੍ਰਿਤਸਰ) ਤੇ ਭਾਜਪਾ ਦੇ ਉਮੀਦਵਾਰ

ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916







ਲੋਕਤੰਤਰ ਵਿੱਚ ਸੱਤਾ ਤੰਤਰ ਦੀ ਵਾਗਡੋਰ ਜਨਤਾ ਵੱਲੋਂ ਚੁਣੇ ਗਏ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਹੱਥ ਵਿੱਚ ਹੁੰਦੀ ਹੈ। ਭਾਰਤੀ ਜਮਹੂਰੀਅਤ ਦਾ ਇਹ ਕਮਜ਼ੋਰ ਪੱਖ ਹੈ ਕਿ ਇੱਥੇ ਸਾਂਸਦਾਂ-ਵਿਧਾਇਕਾਂ ਦੀ ਚੋਣ ਯੋਗਤਾ ਗੁਣਾਂ ਦੇ ਆਧਾਰ 'ਤੇ ਨਾ ਹੋ ਕੇ, ਵਿਅਕਤੀ, ਜਾਤੀ ਜਾਂ ਪਾਰਟੀ ਦੇ ਧਨ ਬਲ, ਬਾਹੂਬਲ ਤੇ ਲੋਕ-ਸ਼ਕਤੀ ਦੇ ਆਧਾਰ 'ਤੇ ਹੁੰਦੀ ਹੈ। ਇਹੀ ਕਾਰਨ ਹੈ ਕਿ ਰਾਜਨੀਤੀ ਭ੍ਰਿਸ਼ਟਾਚਾਰ ਵਿਚ ਡੁੱਬ ਚੁੱਕੀ ਹੈ, ਜਿਸ ਉੱਪਰ ਅਪਰਾਧੀ ਕਿਸਮ ਦੇ ਲੋਕ ਭਾਰੂ ਹੋ ਚੁੱਕੇ ਹਨ। ਇਸੇ ਕਾਰਨ ਭਾਰਤ ਦਾ ਲੋਕਤੰਤਰ ਲਗਾਤਾਰ ਮਾਲੀਨ ਹੁੰਦਾ ਰਿਹਾ ਹੈ।
ਲੋਕਤੰਤਰ ਦੀ ਬੁਨਿਆਦ ਤਾਂ ਹੀ ਮਜ਼ਬੂਤ ਹੋ ਸਕਦੀ ਹੈ ਜੇਕਰ ਜਨਤਾ ਰਾਜਨੀਤਕ ਪੱਖੋਂ ਸੁਚੇਤ ਤੇ ਇਮਾਨਦਾਰ ਹੋਵੇ। ਜਨਤਾ ਦੇ ਸੁਚੇਤ ਹੋਣ ਨਾ ਕਾਰਨ  ਰਾਜਨੀਤਕ ਲੋਕਾਂ ਨੇ ਏਨੇ ਕਪਟੀ ਮੁਖੌਟੇ ਪਹਿਨ ਲਏ ਹਨ ਕਿ ਉਹ ਰਾਜਨੀਤੀ ਨੂੰ ਛਲ, ਕਪਟ ਤੇ ਮਾਇਆ ਦੇ ਆਧਾਰ 'ਤੇ ਚਲਾ ਰਹੇ ਹਨ ਤੇ ਆਮ ਲੋਕਾਂ ਵਿਚ ਆਪਣੇ ਬਹੂਬਲੀਆਂ ਨਾਲ ਦਹਿਸ਼ਤ ਪੈਦਾ ਕਰ ਰਹੇ ਹਨ, ਜੋ ਵੀ ਉਨ੍ਹਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਦਾ ਹੈ, ਉਸ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ। 

ਬਾਹੂਬਲੀਆਂ ਦੀ ਰਾਜਨੀਤੀ ਭਾਰੂ


ਕਹਿਣ ਤੋਂ ਭਾਵ ਭਾਰਤੀ ਜਮਹੂਰੀਅਤ ਵਿਚ ਹਿਟਲਰਸ਼ਾਹੀ ਚਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪਿਛਲੇ ਸੱਤ ਦਹਾਕਿਆਂ ਵਿੱਚ ਜਿਸ ਤਰ੍ਹਾਂ ਸਾਡੀ ਰਾਜਨੀਤੀ ਦਾ ਅਪਰਾਧੀਕਰਨ ਹੋਇਆ ਹੈ, ਉਸ ਕਾਰਣ ਲੋਕਾਂ ਦਾ ਜਮਹੂਰੀਅਤ ਤੋਂ ਵਿਸ਼ਵਾਸ ਟੁੱਟਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਵੱਲੋਂ ਅਪਰਾਧੀਆਂ ਨੂੰ ਸ਼ਹਿ ਦੇਣਾ, ਗਰੀਬ ਜਨਤਾ ਦੀ ਮਾਇਆ ਨਾਲ ਵੋਟ ਖਰੀਦਣਾ, ਡਰਾ ਧਮਕਾ ਕੇ ਵੋਟਾਂ ਲੈਣਾ, ਝੂਠੇ ਕੇਸ ਦਰਜ ਕਰਾਉਣਾ ਰਾਜਨੀਤਕ ਲੋਕਾਂ ਦਾ ਆਮ ਵਰਤਾਰਾ ਬਣ ਗਿਆ ਹੈ। ਇਹ ਘਟਨਾਵਾਂ ਲੋਕਤਾਂਤਰਿਕ ਪ੍ਰਕਿਰਿਆਵਾਂ ਨੂੰ ਸ਼ਰਮਸਾਰ ਕਰਦੀਆਂ ਹਨ। ਅਜੋਕੇ ਰਾਜਨੀਤਕ ਲੋਕਾਂ ਲਈ ਸਾਮਾਜਿਕ ਤੇ ਰਾਜਨੀਤਕ ਕਰਤੱਵ ਤੋਂ ਉੱਚਾ ਕੱਦ ਕੁਰਸੀ ਦਾ ਹੋ ਗਿਆ ਹੈ ਤੇ ਲੋਕਾਂ ਦੇ ਹਿੱਤਾਂ ਤੋਂ ਵੱਧ ਨਿੱਜੀ ਸਵਾਰਥਾਂ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਏਡੀਆਰ ਦੀ ਇੱਕ ਹੋਰ ਰਿਪੋਰਟ ਅਨੁਸਾਰ ਸਿਆਸੀ ਪਾਰਟੀਆਂ ਦੀ ਆਮਦਨ ਵੀ ਦੁੱਗਣਾ, ਚੌਗੁਣਾ ਵਾਧਾ ਹੋਇਆ ਹੈ। ਇੰਨਾ ਹੀ ਨਹੀਂ, ਭਾਜਪਾ ਤੇ ਕਾਂਗਰਸ ਸਮੇਤ ਛੇ ਕੌਮੀ ਪਾਰਟੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ 51 ਖੇਤਰੀ ਸਿਆਸੀ ਪਾਰਟੀਆਂ ਵੱਲੋਂ ਦਿਖਾਏ ਗਏ ਆਪਣੀ ਆਮਦਨ ਦੇ ਫੰਡਾਂ ਦੇ ਵੇਰਵੇ ਵਿੱਚੋਂ ਦੋ ਤਿਹਾਈ ਪੂੰਜੀ ਦੇ ਸਰੋਤਾਂ ਦੀ ਕੋਈ ਜਾਣਕਾਰੀ ਨਹੀਂ। ਰਿਪੋਰਟ ਅਨੁਸਾਰ 2004 ਤੋਂ 2015 ਤੱਕ ਪ੍ਰਮੁੱਖ ਕੌਮੀ ਪਾਰਟੀਆਂ-ਭਾਜਪਾ ਅਤੇ ਕਾਂਗਰਸ ਦੀ ਕ੍ਰਮਵਾਰ 65 ਤੇ 83 ਫ਼ੀਸਦੀ ਜਦੋਂ ਕਿ ਖੇਤਰੀ ਪਾਰਟੀਆਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੇ ਸਪਾ ਦੀ 86 ਅਤੇ 94 ਫ਼ੀਸਦੀ ਆਮਦਨ ਦੇ ਸਰੋਤਾਂ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਸਪੱਸ਼ਟ ਹੈ ਕਿ ਸਿਆਸੀ ਪਾਰਟੀਆਂ ਨੂੰ ਕਾਲਾ ਧਨ ਪ੍ਰਾਪਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇਕਰ ਇਹ ਸੱਚ ਨਾ ਹੁੰਦਾ ਤਾਂ ਇਹ ਸਿਆਸੀ ਪਾਰਟੀਆਂ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਆਪਣੀ ਆਮਦਨ ਦੇ ਸਰੋਤਾਂ ਅਤੇ ਖ਼ਰਚਿਆਂ ਬਾਰੇ ਜਾਣਕਾਰੀ ਦੇਣ ਤੋਂ ਭੱਜਦੀਆਂ ਨਾ। ਸਿਆਸੀ ਪਾਰਟੀਆਂ ਦੀ ਆਮਦਨ ਵਾਂਗ ਹੀ ਸਿਆਸਤਦਾਨਾਂ ਦੀਆਂ ਵਧ ਰਹੀਆਂ ਦੌਲਤਾਂ ਵੀ ਕਾਲੀ ਕਮਾਈ ਰਾਹੀਂ ਵਧਣ ਦੇ ਸੰਕੇਤ ਦਿੰਦੀਆਂ ਹਨ।

ਕਾਲੇ ਧਨ ਵਿਰੁੱਧ ਮੋਦੀ ਸਰਕਾਰ ਦਾ ਕਦਮ


ਇਸ ਵਰਤਾਰੇ ਤੋਂ ਸਪੱਸ਼ਟ ਹੈ ਕਿ ਸਾਡੇ ਮੁਲਕ ਵਿੱਚ ਸਿਆਸਤ ਲੋਕ ਸੇਵਾ ਨਹੀਂ, ਬਲਕਿ ਆਪਣੀਆਂ ਜਾਇਦਾਦਾਂ ਵਧਾਉਣ ਦਾ ਇੱਕ ਸਾਧਨ ਬਣ ਗਿਆ ਹੈ। ਹੁਣੇ ਜਿਹੇ ਬਜਟ ਪੇਸ਼ ਕਰਨ ਦੌਰਾਨ ਕੇਂਦਰ ਸਰਕਾਰ ਵੱਲੋਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਿਆਸੀ ਪਾਰਟੀਆਂ ਨੂੰ ਨਕਦ ਚੰਦੇ ਦੀ ਹੱਦ 20 ਹਜ਼ਾਰ ਤੋਂ ਘਟਾ ਕੇ 2000 ਹਜ਼ਾਰ ਰੁਪਏ ਕਰ ਦਿੱਤੀ।
ਹੁਣ ਹਰ ਪਾਰਟੀ ਨੂੰ ਦਸੰਬਰ ਮਹੀਨੇ ਤੱਕ ਰਿਟਰਨ ਭਰਨੀ ਹੋਵੇਗੀ ਤਾਂ ਜੋ ਦੇਸ ਤੇ ਸਿਆਸੀ ਪਾਰਟੀਆਂ ਕਾਲੇ ਧਨ ਤੋਂ ਮੁਕਤ ਹੋ ਸਕੇ। ਜੋ ਪਾਰਟੀਆਂ ਦਸੰਬਰ ਤੱਕ ਰਿਟਰਨ ਨਹੀਂ ਭਰਨਗੀਆਂ, ਉਨ੍ਹਾਂ ਨੂੰ ਆਮਦਨ ਕਰ ਤੋਂ ਛੋਟ ਵਾਲੀ ਸਹੂਲਤ ਨਹੀਂ ਮਿਲੇਗੀ ਤੇ ਚੋਣ ਕਮਿਸ਼ਨ ਕੋਲ ਉਸ ਦੀ ਸ਼ਿਕਾਇਤ ਵੀ ਹੋਵੇਗੀ। ਰਾਜਨੀਤੀ ਵਿਚ ਇਹ ਸਾਰਥਕ ਕਦਮ ਮੰਨਿਆ ਜਾ ਰਿਹਾ ਹੈ। ਇਹ ਤਜਵੀਜ਼ ਭਾਵੇਂ ਮੁੱਢਲੇ ਪੜਾਅ ਉੱਤੇ ਹੈ, ਪਰ ਇਸ ਨੂੰ ਅਮਲ ਵਿੱਚ ਲਿਆਉਣ ਲਈ ਮੋਦੀ ਸਰਕਾਰ ਉੱਦਮ ਕਰ ਰਹੀ ਹੈ ਤੇ ਉਹ ਜਲਦ  ਜਨ ਪ੍ਰਤੀਨਿਧਤਾ ਐਕਟ (ਆਰਪੀਏ) ਵਿੱਚ ਵੀ ਸੋਧ ਕਰਵਾਏਗੀ।

ਰਾਜਨੀਤੀ ਦਾ ਅਪਰਾਧੀਕਰਨ

ਨਵੀਂ ਬਣੀ ਲੋਕ ਸਭਾ ਵਿੱਚ 15ਵੀਂ ਲੋਕ ਸਭਾ ਦੀ ਤੁਲਨਾ ਵਿੱਚ ਅਪਰਾਧਿਕ ਸਾਂਸਦਾਂ ਦੀ ਗਿਣਤੀ ਵਧੀ ਹੀ ਹੈ। 
ਅਖੀਰ ਕਿਉਂ ਸਰਕਾਰ ਇਸ ਦਿਸ਼ਾ ਵਿੱਚ ਕੁਝ ਕਰ ਨਹੀਂ ਰਹੀ? ਇਸ ਮਾਮਲੇ ਵਿੱਚ ਵਿਰੋਧੀ ਧਿਰ ਵੀ ਕਿਉਂ ਚੁੱਪ ਹੈ? ਕੀ ਇਸ ਲਈ ਸਭ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਹੈ। ਕਦੋਂ ਤੱਕ ਬਾਹੂਬਲ, ਧਨਬਲ ਦੀ ਰਾਜਨੀਤੀ ਲੋਕਤੰਤਰ ਨੂੰ ਕਮਜ਼ੋਰ ਕਰਦੀ ਰਹੇਗੀ? ਅੱਜ ਭਾਰਤੀ ਰਾਜਨੀਤੀ ਦੀ ਹਾਲਤ ਇਹ ਹੈ ਕਿ ਗੰਭੀਰ ਦੋਸ਼ਾਂ ਦੇ ਬਾਵਜੂਦ ਸਾਡੀਆਂ ਵਿਧਾਨ ਸਭਾਵਾਂ ਵਿੱਚ, ਸਾਡੀਆਂ ਸੰਸਦ ਵਿੱਚ, ਇੱਥੇ ਤੱਕ ਕਿ ਮੰਤਰੀ ਮੰਡਲਾਂ ਵਿੱਚ ਵੀ ਕਬਜ਼ੇ ਜਮਾਈ ਬੈਠੇ ਹਨ। ਇੱਕ ਸਰਵੇਖਣ ਅਨੁਸਾਰ ਭਾਰਤ ਦੇ 29 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁਲ 609 ਮੰਤਰੀਆਂ ਵਿੱਚੋਂ 210 'ਤੇ ਅਪਰਾਧਿਕ ਮੁਕੱਦਮੇ ਚੱਲ ਰਹੇ ਹਨ। ਇਨ੍ਹਾਂ ਵਿੱਚ ਸਾਡੇ ਕੇਂਦਰੀ ਮੰਤਰੀ ਮੰਡਲ ਦੇ ਮੈਂਬਰ ਵੀ ਸ਼ਾਮਲ ਹਨ। ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰ ਤੇ ਉੱਥੋਂ ਦੇ ਮੰਤਰੀਆਂ 'ਤੇ ਵੀ ਗੰਭੀਰ ਅਪਰਾਧਕ ਮਾਮਲੇ ਹਨ, ਫਿਰ ਵੀ ਉਹ ਸੱਤਾ ਸੁੱਖ ਭੋਗ ਰਹੇ ਹਨ। ਹੁਣੇ ਜਿਹੇ ਪੰਜਾਬ ਚੋਣਾਂ ਲਈ ਨਿੱਤਰੇ ਕੁੱਲ 1145 ਉਮੀਦਵਾਰਾਂ ਵਿੱਚੋਂ 101 ਉਮੀਦਵਾਰਾਂ 'ਤੇ ਅਪਰਾਧਿਕ ਕੇਸ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ 78 ਉਮੀਦਵਾਰਾਂ ਖ਼ਿਲਾਫ਼ ਕਈ ਗੰਭੀਰ ਮਾਮਲੇ ਵੀ ਦਰਜ ਹਨ। ਇਨ੍ਹਾਂ ਵਿੱਚੋਂ 4 ਵਿਰੁੱਧ ਕਤਲ, 11 ਵਿਰੁੱਧ ਇਰਾਦਾ ਕਤਲ ਅਤੇ 6 ਖ਼ਿਲਾਫ਼ ਔਰਤਾਂ 'ਤੇ ਜ਼ੁਲਮ ਕਰਨ ਦੇ ਕੇਸ ਚੱਲ ਰਹੇ ਹਨ।
ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਅਤੇ ਪੰਜਾਬ ਇਲੈਕਸ਼ਨ ਵਾਚ ਨੇ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨਾਂ ਦਾ ਅਧਿਐਨ ਕਰਨ ਤੋਂ ਬਾਅਦ ਉਪਰੋਕਤ ਖ਼ੁਲਾਸੇ ਕੀਤੇ ਹਨ। ਅਪਰਾਧਿਕ ਕੇਸਾਂ ਵਿੱਚ ਉਲਝੇ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ 12 ਫ਼ੀਸਦ ਕਾਂਗਰਸੀ, 11-11 ਫ਼ੀਸਦੀ ਆਮ ਆਦਮੀ ਪਾਰਟੀ (ਆਪ) ਤੇ ਅਕਾਲੀ ਦਲ ਅਤੇ 9-9 ਫ਼ੀਸਦ ਆਪਣਾ ਪੰਜਾਬ ਪਾਰਟੀ, ਅਕਾਲੀ ਦਲ (ਅੰਮ੍ਰਿਤਸਰ) ਤੇ ਭਾਜਪਾ ਦੇ ਉਮੀਦਵਾਰ ਹਨ। ਆਜ਼ਾਦ ਉਮੀਦਵਾਰਾਂ ਵਿੱਚੋਂ ਵੀ 7 ਫ਼ੀਸਦ ਵਿਰੁੱਧ ਅਪਰਾਧਿਕ ਕੇਸ ਚੱਲ ਰਹੇ ਹਨ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਿਰੁੱਧ 6 ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਵਿਰੁੱਧ ਦੋ ਕੇਸ ਦਰਜ ਹਨ।
ਇਸ ਤਰ੍ਹਾਂ ਦਾ ਰਾਜਨੀਤਕ ਚਰਿੱਤਰ ਦੇਸ ਦੇ ਸਾਹਮਣੇ ਗੰਭੀਰ ਸਮੱਸਿਆ ਬਣ ਚੁੱਕਾ ਹੈ, ਜਿਸ ਕਾਰਣ ਸਾਡਾ ਰਾਜਨੀਤਕ ਵਾਤਾਵਰਨ ਪ੍ਰਦੂਸ਼ਿਤ ਹੋ ਚੁੱਕਿਆ ਹੈ। ਅਜੋਕੇ ਬਹੁਗਿਣਤੀ ਰਾਜਨੀਤਕ ਲੀਡਰਾਂ ਦੀ ਮਾਨਸਿਕਤਾ ਇਹ ਬਣ ਚੁੱਕੀ ਹੈ ਕਿ ਦੇਸ ਦੇ ਧਨ ਨੂੰ ਜਿੰਨਾ ਜ਼ਿਆਦਾ ਆਪਣੇ ਲਈ ਨਿਚੋੜਿਆ ਜਾ ਸਕੇ, ਨਿਚੋੜ ਲਓ। ਵੱਡੀ ਗੱਲ ਇਹ ਹੈ ਕਿ ਜਨਤਾ ਨੂੰ ਭ੍ਰਿਸ਼ਟ ਆਚਰਣ ਤੇ ਵਿਵਹਾਰ ਹੁਣ ਸਾਨੂੰ ਦੁੱਖ ਨਹੀਂ ਦਿੰਦਾ। ਜਨਤਾ ਹੁਣ ਇਸ ਵਰਤਾਰੇ ਵਿਰੁੱਧ ਆਵਾਜ਼ ਬੁਲੰਦ ਨਹੀਂ ਕਰਦੀ। ਰਾਜਨੀਤੀ ਕਰਨ ਵਾਲੇ ਸਮਾਜ ਲਈ ਕੰਮ ਨਹੀਂ ਕਰਦੇ, ਬਲਕਿ ਉਨ੍ਹਾਂ ਦਾ ਉਦੇਸ਼ ਸੱਤਾ ਹਾਸਲ ਕਰਨਾ ਹੈ।

ਬੁਰਾਈ ਵਿਵਸਥਾ 'ਚ


ਸੱਚ ਤਾਂ ਇਹ ਹੈ ਕਿ ਬੁਰਾਈ ਲੋਕਤੰਤਰਿਕ ਵਿਵਸਥਾ ਵਿੱਚ ਨਹੀਂ, ਬੁਰੇ ਤਾਂ ਅਸੀਂ ਲੋਕ ਹਾਂ, ਜੋ ਇਹ ਸਭ ਦੇਖ ਕੇ ਚੁੱਪ ਹਾਂ। ਬੁਰਾਈ ਸਾਡੇ ਚਰਿੱਤਰ ਵਿੱਚ ਹੈ, ਇਸ ਲਈ ਵਿਵਸਥਾ ਬੁਰੀ ਹੈ। ਸਾਡਾ ਰੂਪਾਂਤਰਨ ਹੋਵੇਗਾ, ਤਾਂ ਵਿਵਸਥਾ ਦਾ ਤੰਤਰ ਸੁਧਰੇਗਾ। ਭ੍ਰਿਸ਼ਟ ਵਾਤਾਵਰਨ ਸਾਡੇ ਖ਼ੂਨ ਵਿੱਚ ਰਚ ਚੁੱਕਾ ਹੈ। 
ਇਹੀ ਕਾਰਨ ਹੈ ਕਿ ਸਾਨੂੰ ਕੋਈ ਵੀ ਕੰਮ ਦੇਸ ਦੇ ਵਿਰੁੱਧ ਨਹੀਂ ਲੱਗਦਾ ਤੇ ਨਾ ਹੀ ਅਜਿਹਾ ਕੋਈ ਕੰਮ ਸਾਨੂੰ ਬੇਚੈਨ ਕਰਦਾ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਰਾਜਨੀਤੀ ਵਿਚ ਸੱਚ, ਨਿਆਂ, ਇਮਾਨਦਾਰੀ, ਨੈਤਿਕਤਾ ਬਹੁਤ ਜ਼ਰੂਰੀ ਹਨ ਤਾਂ ਹੀ ਦੇਸ ਦਾ ਵਿਕਾਸ ਹੋ ਸਕਦਾ ਹੈ। ਰਾਜਨੀਤਕ ਨੈਤਿਕਤਾ ਦੀ ਮੰਗ ਹੈ ਕਿ ਸੱਤਾ ਦੇ ਨਾਂਅ 'ਤੇ ਸੌਦਾ ਨਾ ਕੀਤਾ ਜਾਵੇ ਤੇ ਨਾ ਹੀ ਆਪਸੀ ਸਮਝੌਤਾ ਕੀਤਾ ਜਾਵੇ।  ਦਲ ਬਦਲੀਆਂ ਖਤਮ ਹੋਣ ਤੇ ਅਪਰਾਧੀ ਤੱਤਾਂ ਦੀ ਭਾਰਤੀ ਰਾਜਨੀਤੀ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ, ਇਸ ਲਈ ਚੋਣ ਵਰਤਾਰਾ ਸਖ਼ਤ ਬਨਾਉਣ ਦੀ ਲੋੜ ਹੈ, ਜਿੱਥੇ ਉਮੀਦਵਾਰਾਂ ਦਾ ਖਰਚਾ ਵੀ ਘੱਟ ਹੋਵੇ ਤੇ ਅਪਰਾਧੀ ਤੱਤਾਂ ਤੇ ਕਾਲੇ ਧਨ ਵਾਲਿਆਂ ਨੂੰ ਚੋਣ ਲੜਨ ਦੀ ਇਜਾਜ਼ਤ ਵੀ ਨਾ ਹੋਵੇ। ਸਾਨੂੰ ਇਸ ਗੱਲ 'ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਸਾਡੇ ਲੋਕ-ਪ੍ਰਤੀਨਿਧੀ ਕਿਸ ਤਰ੍ਹਾਂ ਨਾਲ ਲੋਕਤੰਤਰ ਨੂੰ ਮਜ਼ਬੂਤ ਕਰਨ, ਰਾਜਨੀਤੀ ਵਿੱਚ ਫੈਲੇ ਅਪਰਾਧ ਤੇ ਭ੍ਰਿਸ਼ਟਾਚਾਰ ਦੀ ਸਫ਼ਾਈ ਹੋਵੇ ਤੇ ਦੇਸ ਨੂੰ ਵਿਕਾਸ ਦੇ ਰਾਹਾਂ 'ਤੇ ਤੋਰਿਆ ਜਾਵੇ। ਇਹ ਗੱਲ ਵਰਨਣਯੋਗ ਹੈ ਕਿ ਜਿਸ ਦੇਸ ਦੀ ਰਾਜਨੀਤੀ ਵਿਚ ਚੰਗੇ ਲੋਕ ਪ੍ਰਵੇਸ਼ ਕਰਨਗੇ, ਉਹੀ ਦੇਸ ਸੁਰੱਖਿਅਤ ਤੇ ਤਰੱਕੀ ਦੇ ਰਾਹਾਂ 'ਤੇ ਜਾ ਸਕਦਾ ਹੈ।




Wednesday, 15 February 2017


ਟਰੰਪ ਦੀਆਂ ਨੀਤੀਆਂ ਵਿਸ਼ਵ ਤੇ ਪ੍ਰਵਾਸੀ ਭਾਰਤੀਆਂ ਲਈ ਖਤਰਨਾਕ

ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ


ਦੁਨੀਆਂ ਦੇ ਮਹਾਨ ਵਿਗਿਆਨਕ ਦਾਰਸ਼ਨਿਕ ਵਿਚਾਰਕ ਅਲਬਰਟ ਆਈਸਟਾਈਨ ਨੇ ਇਕ ਵਾਰ ਕਿਹਾ ਸੀ ਕਿ ਤੀਸਰੇ ਵਿਸ਼ਵ ਯੁੱਧ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ, ਪਰ ਚੌਥਾ ਵਿਸ਼ਵ ਯੁੱਧ ਜੋ ਹੋਵੇਗਾ, ਉਹ ਡਾਂਗਾਂ ਤੇ ਪੱਥਰਾਂ ਨਾਲ ਲੜਿਆ ਜਾਵੇਗਾ। ਜੇਕਰ ਅਸੀਂ ਆਈਨਸਟਾਈਨ ਦੀ ਇਸ ਭਵਿੱਖਬਾਣੀ ਬਾਰੇ ਸੋਚੀਏ ਤਾਂ ਚੌਥੇ ਦੀ ਗੱਲ ਤਾਂ ਦੂਰ ਤੀਸਰੇ ਵਿਸ਼ਵ ਯੁੱਧ ਵਿਚ ਹੋਣ ਵਾਲੇ ਵਿਨਾਸ਼ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਾਂਗੇ। ਕਾਰਨ ਇਹ ਹੈ ਕਿ ਟਰੰਪ ਨੇ ਜਦੋਂ ਦੀ ਅਮਰੀਕਾ ਦੇ ਰਾਸ਼ਟਰਪਤੀ ਦੀ ਕੁਰਸੀ ਸੰਭਾਲੀ ਹੈ, ਉਦੋਂ ਤੋਂ ਅੱਤਵਾਦ ਤੇ ਨਸਲਵਾਦ ਦੇ ਖਤਰੇ ਮਨੁੱਖਤਾ ਉੱਪਰ ਵੱਡੀ ਪੱਧਰ 'ਤੇ ਮੰਡਰਾਉਣ ਲੱਗ ਪਏ ਹਨ। ਟਰੰਪ ਦੀ ਸੋਚ ਉਸ ਖਤਰੇ ਵਲ ਲਿਜਾ ਰਹੀ ਹੈ, ਜਿਸ ਦੇ ਪ੍ਰਤੀ ਆਈਨਸਟਾਈਨ ਨੇ ਦੁਨੀਆਂ ਨੂੰ ਸੁਚੇਤ ਕੀਤਾ ਸੀ।
ਟਰੰਪ ਨੇ ਸੱਤਾ ਸੰਭਾਲਦੇ ਹੀ ਆਪਣੇ ਚੋਣਾਵੀ ਵਾਅਦਿਆਂ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਪੂਰੀ ਚੋਣਾਵੀ ਮੁਹਿੰਮ ਵਿਚ ਮੁਸਲਮਾਨ ਸਭ ਤੋਂ ਜ਼ਿਆਦਾ ਨਿਸ਼ਾਨੇ ਤੇ ਰਹੇ ਹਨ। ਅਮਰੀਕਾ ਵਿਚ ਪਿਛਲੇ ਦੋ ਦਹਾਕਿਆਂ ਵਿਚ ਜੋ ਸਭ ਤੋਂ ਘਾਤਕ ਸੋਚ ਘਰ ਕਰ ਗਈ ਹੈ, ਉਹ ਇਹ ਹੈ ਕਿ ਅੱਤਵਾਦ ਮੁਸਲਮਾਨ ਹੀ ਫੈਲਾ ਰਹੇ ਹਨ, ਇਸ ਲਈ ਅਮਰੀਕਾ ਵਿਚ ਇਨਾਂ ਦਾ ਖਾਤਮਾ ਜ਼ਰੂਰੀ ਹੈ। ਦਾੜ•ੀ, ਟੋਪੀ ਮੁਸਲਮਾਨਾਂ ਦੇ ਪ੍ਰਤੀਕ ਬਣ ਗਏ ਹਨ। ਅਮਰੀਕਾ ਦੇ ਨਸਲਵਾਦੀ ਲੋਕ ਏਨੇ ਜਨੂੰਨੀ ਹੋ ਚੁੱਕੇ ਹਨ ਕਿ ਮੁਸਲਮਾਨਾਂ ਦੀ ਟੋਪੀ ਤੇ ਸਿੱਖਾਂ ਦੀ ਪੱਗ ਤੱਕ ਵੀ ਫਰਕ ਨਹੀਂ ਕਰ ਸਕੇ। ਇਹੀ ਕਾਰਨ ਹੈ ਕਿ ਅਮਰੀਕਾ ਦੇ ਸਿੱਖਾਂ ਤੇ ਗੁਰਦੁਆਰਿਆਂ ਉੱਪਰ ਕਈ ਨਸਲਵਾਦੀ ਹਮਲੇ ਹੋ ਚੁੱਕੇ ਹਨ। ਹੁਣ ਟਰੰਪ ਨੇ ਇਸਲਾਮਿਕ ਸਟੇਟ ,ਅਲਕਾਇਦਾ ਵਰਗੇ ਸੰਗਠਨਾਂ ਨਾਲ ਨਿਪਟਣ ਦੇ ਲਈ ਆਪਣੀ ਹਿੰਸਕ ਸੋਚ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਉਹ ਅੱਤਵਾਦੀਆਂ ਤੋਂ ਪੁੱਛਗਿੱਛ ਲਈ ਮੂੰਹ ਤੇ ਨੱਕ ਵਿਚ ਪਾਣੀ ਭਰਨ ਵਰਗੇ ਤਰੀਕਿਆਂ ਦੇ ਇਸਤੇਮਾਲ ਬਾਰੇ ਪੈਟਾਗਨ ਨਾਲ ਵਿਚਾਰ ਕਰਨਗੇ। ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਅਜਿਹੇ ਖਤਰਨਾਕ ਢੰਗਾਂ ਦਾ ਐਲਾਨ ਕਰਨਾ ਵਿਸ਼ਵ ਦੀ ਸ਼ਾਂਤੀ ਲਈ ਹੋਰ ਖਤਰਨਾਕ ਸਿੱਧ ਹੋਵੇਗਾ।
ਅਮਰੀਕਾ ਤਾਂ ਦੁਨੀਆਂ ਵਿਚ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਪੈਰੋਕਾਰ ਹੋਣ ਦਾ ਦਾਅਵਾ ਕਰਦਾ ਹੈ, ਪਰ ਟਰੰਪ ਦਾ ਇਹ ਬਿਆਨ ਦੁਨੀਆਂ ਤੇ ਅਮਰੀਕਾ ਨੂੰ ਜਵਾਲਾਮੁੱਖੀ ਵਿਚ ਝੌਂਕਣ ਦੇ ਬਰਾਬਰ ਹੈ। ਆਈਐਸ ਵੀ ਆਪਣੇ ਵਿਰੋਧੀਆਂ ਵਿਰੁੱਧ ਅਜਿਹੇ ਖਤਰਨਾਕ ਅਣਮਨੁੱਖੀ ਢੰਗ ਅਪਨਾ ਰਿਹਾ ਹੈ, ਜਿਸ ਦੀ ਦੁਨੀਆਂ ਵਿਚ ਅਲੋਚਨਾ ਹੋ ਰਹੀ ਹੈ। ਫਿਰ ਟਰੰਪ ਤੇ ਇਨਾਂ ਦਰਿੰਦੇ ਇਸਲਾਮਿਕ ਸਟੇਟ ਵਿਚ ਕੀ ਅੰਤਰ ਰਹਿ ਜਾਵੇਗਾ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਿੰਸਾ ਨਾਲ ਹਿੰਸਾ ਖਤਮ ਨਹੀਂ ਹੁੰਦੀ। 
ਹੁਣੇ ਜਿਹੇ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਵਿਚ ਮੁਸਲਮਾਨਾਂ ਨੂੰ ਨਹੀਂ ਵੜਨ ਦੇਣਗੇ। ਯਮਨ, ਈਰਾਨ, ਸੁਡਾਨ, ਸੋਮਾਲੀਆ, ਲੀਬੀਆ, ਇਰਾਕ ਤੇ ਸੀਰੀਆ ਦੇ ਨਾਗਰਿਕ ਹੁਣ ਅਮਰੀਕੀ ਜ਼ਮੀਨ 'ਤੇ ਪੈਰ ਨਹੀਂ ਰੱਖ ਸਕਣਗੇ। ਟਰੰਪ ਦੀਆਂ ਨੀਤੀਆਂ ਦਾ ਪੂਰੇ ਵਿਸ਼ਵ ਵਿਚ ਵਿਰੋਧ ਪਾਇਆ ਜਾ ਰਿਹਾ ਹੈ। ਯੂਰਪ ਤੇ ਇੰਗਲੈਂਡ ਦੇ ਲੋਕ ਵੀ ਟਰੰਪ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਅਮਰੀਕਾ ਵਿਚ ਲੋਕ ਸੜਕਾਂ 'ਤੇ ਉਤਰ ਆਏ ਹਨ। ਟਰੰਪ ਦੇ ਬਿਆਨਾਂ ਨੇ ਦੁਨੀਆਂ ਨੂੰ ਮੁਸਲਮਾਨਾਂ ਤੇ ਇਸਾਈਆਂ ਇਨ•ਾਂ ਦੋ ਖੇਮਿਆਂ ਵਿਚ ਵੰਡ ਦਿੱਤਾ ਹੈ। ਜਰਮਨੀ ਦੀ ਚਾਂਸਲਰ ਏਜੇਲਾ ਮਾਰਕਿਲ ਨੇ ਟਰੰਪ ਦੇ ਮੁਸਲਮਾਨਾਂ ਨੂੰ ਅਮਰੀਕਾ ਵਿਚ ਨਹੀਂ ਵੜਨ ਦੇਣ ਦੇ ਫੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨਾਂ ਸਾਫ਼ ਕਿਹਾ ਹੈ ਕਿ ਕਿਸੇ ਵੀ ਧਰਮ ਨੂੰ ਅੱਤਵਾਦ ਦੇ ਨਾਲ ਨਹੀਂ ਬੰਨਿਆ ਜਾ ਸਕਦਾ। ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ ਥੈਰੇਸਾ ਨੂੰ ਕਹਿਣਾ ਪਿਆ ਕਿ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਸਰਕਾਰ ਦਾ ਮਾਮਲਾ ਹੈ, ਪਰ ਉਹ ਟਰੰਪ ਦੇ ਨਜ਼ਰੀਏ ਨਾਲ ਸਹਿਮਤ ਨਹੀਂ। ਅਮਰੀਕਾ  ਦੇ ਸਾਬਕਾ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਵੀ ਟਰੰਪ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਅਮਰੀਕਾ ਵਿਭਿੰਨ-ਵਿਭਿੰਨ ਸੱਭਿਆਚਾਰਾਂ ਦਾ ਦੇਸ ਹੈ ਤੇ ਇਸ ਨੂੰ ਧਰਮ, ਜਾਤ ਤੇ ਨਸਲ ਦੇ ਆਧਾਰ 'ਤੇ ਨਹੀਂ ਵੰਡਿਆ ਜਾ ਸਕਦਾ। ਦੂਜੇ ਪਾਸੇ ਟਰੰਪ ਨੂੰ ਅਮਰੀਕਾ ਦੀ ਸੰਘੀ ਅਪੀਲ ਅਦਾਲਤ ਨੇ ਵੱਡਾ ਝਟਕਾ ਦਿੰਦਿਆਂ ਸ਼ਿਆਟਲ ਦੀ ਇਕ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਟਰੰਪ ਦੇ ਵਿਵਾਦਿਤ ਯਾਤਰਾ ਬੈਨ ਹੁਕਮ 'ਤੇ ਰੋਕ ਲਗਾ ਦਿੱਤੀ ਹੈ। ਟਰੰਪ ਨੇ ਭਾਵੇਂ ਇਸ ਸੰਬੰਧੀ ਅਦਾਲਤ ਦੇ ਜੱਜ ਬਾਰੇ ਫਾਸ਼ੀਵਾਦੀ ਟਿੱਪਣੀਆਂ ਕੀਤੀਆਂ ਹਨ ਤੇ ਇਹ ਵੀ ਕਿਹਾ ਹੈ ਕਿ ਉਹ ਆਪਣੇ ਸਟੈਂਡ 'ਤੇ ਦ੍ਰਿੜ ਰਹਿਣਗੇ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਅਮਰੀਕਾ ਹੁਣ ਫਾਸ਼ੀਵਾਦੀ ਨੀਤੀਆਂ ਵਲ ਤੁਰ ਪਿਆ ਹੈ।
ਉਹਨਾਂ

ਪ੍ਰਵਾਸੀ ਭਾਰਤੀਆਂ ਵਿਰੁੱਧ ਨੀਤੀ

ਅਮਰੀਕਾ ਵਿੱਚ ਰਾਸ਼ਟਰਪਤੀ ਟਰੰਪ ਨੇ ਸੱਤ ਮੁਸਲਿਮ ਦੇਸਾਂ ਦੇ ਨਾਗਰਿਕਾਂ ਦੇ ਪ੍ਰਵੇਸ਼ 'ਤੇ ਪਾਬੰਦੀ ਤੋਂ ਬਾਅਦ ਹੁਣ ਐੱਚ 1-ਬੀ ਵੀਜ਼ਾ ਨੀਤੀ ਨੂੰ ਸਖ਼ਤ ਬਣਾਉਣ ਵੱਲ ਕਦਮ ਵਧਾਇਆ ਹੈ। ਅਮਰੀਕੀ ਹਿੱਤਾਂ ਦੀ ਸੁਰੱਖਿਆ ਦੇ ਨਾਂਅ 'ਤੇ ਇਸ ਮਸਲੇ 'ਤੇ ਸੰਸਦ ਵਿੱਚ ਇਕ ਬਿੱਲ ਵੀ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਵਿਚ ਅਮਰੀਕੀ ਕਿਰਤੀਆਂ ਤੋਂ ਪਹਿਲਾਂ ਵਿਦੇਸ਼ੀ ਲੋਕਾਂ ਨੂੰ ਨੌਕਰੀਆਂ ਦਿੱਤੇ ਜਾਣ 'ਤੇ ਸਖ਼ਤ ਰੋਕ ਦੀ ਗੱਲ ਕੀਤੀ ਗਈ ਹੈ। ਨਾਲ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵੀਜ਼ਾ ਧਾਰਕ ਅਮਰੀਕੀ ਕਰਮਚਾਰੀਆਂ ਦੀ ਜਗ•ਾ ਨਹੀਂ ਲੈ ਸਕਦੇ। ਸੰਸਦ ਵਿਚ ਇਸ ਬਿੱਲ ਨੂੰ ਪੇਸ਼ ਕਰਨ ਵਾਲੇ ਸਾਂਸਦ ਚੱਕ ਗ੍ਰਾਸਲੇ ਦਾ ਕਹਿਣਾ ਹੈ ਕਿ ਕਾਂਗਰਸ ਨੇ ਅਮਰੀਕਾ ਦੇ ਯੋਗ ਕਰਮਚਾਰੀਆਂ ਦੀ ਮਦਦ ਦੇ ਲਈ ਵੀਜ਼ਾ ਨਿਯਮਾਂ ਨੂੰ ਬਣਾਇਆ ਸੀ, ਨਾ ਕਿ ਇਸ ਲਈ ਕਿ ਵਿਦੇਸ਼ੀ ਲੋਕ ਆਉਣ ਤੇ ਉਨਾਂ ਦੀਆਂ ਨੌਕਰੀਆਂ ਹੜੱਪ ਲੈਣ। 
ਜੇ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ ਉਸ ਦਾ ਸਭ ਤੋਂ ਵੱਡਾ ਖਮਿਆਜ਼ਾ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਚੁੱਕਣਾ ਪਵੇਗਾ। ਇਸ ਬਿੱਲ ਨਾਲ ਆਈਬੀਐਮ, ਟੀਸੀਐਸ ਤੇ ਇਨਫੋਰਸਿਸ ਵਰਗੀਆਂ ਜ਼ਿਆਦਾ ਪ੍ਰਭਾਵਿਤ ਹੋਣਗੀਆਂ ਜਿਨਾਂ ਵਿਚ ਐਚ 1-ਬੀ ਤੇ ਐਲ 1 ਵੀਜ਼ਾ ਦੇ ਤਹਿਤ ਵੱਡੀ ਸੰਖਿਆ ਵਿਚ ਭਾਰਤੀ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ। ਇਸ ਵਿੱਚ ਐੱਚ 1-ਬੀ ਵੀਜ਼ਾ ਹਾਸਲ ਕਰਨ ਲਈ ਘੱਟ ਤੋਂ ਘੱਟ ਤਨਖ਼ਾਹ 60 ਹਜ਼ਾਰ ਤੋਂ ਵਧਾ ਕੇ ਇੱਕ ਲੱਖ ਤੀਹ ਹਜ਼ਾਰ ਅਮਰੀਕੀ ਡਾਲਰ ਕਰਨ ਦਾ ਪ੍ਰਸਤਾਵ ਹੈ।
ਇੱਥੇ ਜ਼ਿਕਰਯੋਗ ਹੈ ਕਿ ਐੱਚ 1-ਬੀ ਵੀਜ਼ਾ ਵਿਦੇਸ਼ੀ ਮਾਹਿਰਾਂ ਨੂੰ ਅਮਰੀਕਾ ਆ ਕੇ ਆਪਣੇ ਤਜਰਬੇ ਦਾ ਲਾਭ ਦੇਣ ਦੇ ਉਦੇਸ਼ ਨਾਲ ਜਾਰੀ ਕੀਤਾ ਜਾਂਦਾ ਹੈ। ਅਮਰੀਕੀ ਨਾਗਰਿਕਾਂ ਦੇ ਮੁਕਾਬਲੇ ਬਹੁਤ ਘੱਟ ਮਿਹਨਤਾਨਾ ਦੇਣ ਦੀ ਸਹੂਲਤ ਕਾਰਨ ਹੀ ਭਾਰਤੀ ਪੇਸ਼ੇਵਰਾਂ ਨੂੰ ਸੌਖਿਆਂ ਹੀ ਰੁਜ਼ਗਾਰ ਮਿਲ ਜਾਂਦਾ ਸੀ। ਇਸ ਲਈ ਪਹਿਲੀ ਨਜ਼ਰ ਵਿੱਚ ਇਹ ਕਦਮ ਅਜਿਹੇ ਲੋਕਾਂ ਦੇ ਹਿੱਤ ਵਿੱਚ ਉਠਾਇਆ ਗਿਆ ਲੱਗਦਾ ਹੈ। ਪਰ ਸੱਚ ਇਹ ਹੈ ਕਿ ਇਹ ਕਾਨੂੰਨ ਬਣਨ ਤੋਂ ਬਾਅਦ ਉੱਥੇ ਕੰਪਨੀਆਂ ਲਈ ਭਾਰਤ ਜਾਂ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਆਈਟੀ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਣਾ ਮੁਸ਼ਕਲ ਹੋ ਜਾਵੇਗਾ।ਸਪੱਸ਼ਟ ਹੈ ਕਿ ਟਰੰਪ ਸਰਕਾਰ ਦੇ ਇਹ ਫੈਸਲੇ ਨਾ ਸਿਰਫ਼ ਦੁਨੀਆਂ ਦੇ ਪੱਧਰ 'ਤੇ, ਸਗੋਂ ਖ਼ੁਦ ਅਮਰੀਕਾ ਵਿੱਚ ਡੂੰਘੀ ਚਿੰਤਾ ਦੀ ਲਹਿਰ ਪੈਦਾ ਕਰ ਰਹੇ ਹਨ।
ਇਸੇ ਕਾਰਣ ਅਮਰੀਕਾ ਦੇ ਅੰਦਰ ਹੀ ਉਨਾਂ ਦਾ ਵਿਰੋਧ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਇਹੀ ਨਹੀਂ, ਖ਼ਬਰਾਂ ਇਹ ਵੀ ਆ ਚੁੱਕੀਆਂ ਹਨ ਕਿ ਦੁਨੀਆਂ ਭਰ 'ਚ ਅਮਰੀਕਾ ਦੇ ਬਹੁਤ ਸਾਰੇ ਰਾਜਨੇਤਾਵਾਂ ਨੇ ਰਾਸ਼ਟਰਪਤੀ ਟਰੰਪ ਦੇ ਅਪ੍ਰਵਾਸੀਆਂ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੀ ਕਾਰਜਕਾਰੀ ਅਟਾਰਨੀ ਜਨਰਲ ਸੈਲੀ ਯੇਟਸ ਨੇ ਵੀ ਪ੍ਰਵਾਸੀਆਂ ਦੇ ਮਸਲੇ 'ਤੇ ਟਰੰਪ ਦੇ ਹੁਕਮ ਦਾ ਬਚਾਅ ਨਾ ਕਰਨ ਦੀ ਅਪੀਲ ਕੀਤੀ ਸੀ। ਇਸ ਦੇ ਬਦਲੇ ਟਰੰਪ ਨੇ ਉਸ ਨੂੰ ਬਰਖ਼ਾਸਤ ਕਰ ਦਿੱਤਾ। ਜ਼ਾਹਿਰ ਹੈ ਕਿ ਟਰੰਪ ਜਿਸ ਰਸਤੇ 'ਤੇ ਚਲ ਪਏ ਹਨ, ਉਸ ਦਾ ਵਿਰੋਧ ਅਮਰੀਕੀ ਭਾਈਚਾਰੇ ਵੱਲੋਂ ਕਰੜੇ ਰੂਪ ਵਿਚ ਕੀਤਾ ਜਾ ਰਿਹਾ ਹੈ, ਕਿਉਂਕਿ ਉਨਾਂਨੂੰ ਗਿਆਨ ਹੈ ਕਿ ਇਸ ਨਾਲ ਜਿਹਾਦੀ ਅੱਤਵਾਦ ਨੂੰ ਉਤਸ਼ਾਹ ਮਿਲੇਗਾ ਤੇ ਉਹ ਇਸਲਾਮ ਨਾਲ ਸੰਬੰਧਿਤ ਲੋਕਾਂ ਨੂੰ ਯਕੀਨ ਦਿਵਾਉਣ ਵਿਚ ਸਫਲ ਹੋਣਗੇ ਕਿ ਅਮਰੀਕਾ ਇਸਲਾਮ ਵਿਰੋਧੀ ਹੈ। ਅਮਰੀਕੀਆਂ ਵੱਲੋਂ ਟਰੰਪ ਦਾ ਵਿਰੋਧ ਮਨੁੱਖਤਾ ਦੇ ਹਿੱਤ ਵਿਚ ਹੈ। ਬਹੁਗਿਣਤੀ ਅਮਰੀਕੀ ਭਾਈਚਾਰਾ ਸਮਝਦਾ ਹੈ ਕਿ ਅਮਰੀਕਾ ਬਹੁਲਤਾਵਾਦੀ ਦੇਸ ਹੈ, ਜਿਸ ਵਿਚ ਭਿੰਨ-ਭਿੰਨ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ। ਇਸੇ ਸਾਂਝ ਵਿਚ ਹੀ ਅਮਰੀਕਾ ਦੀ ਹੋਂਦ ਹੈ।




Monday, 13 February 2017

ਇਨਕਲਾਬੀ ਸ਼ਾਇਰਾ ਪ੍ਰੋ.  ਕਿਸ਼ਾਂਵਲ ਵਿਸ਼ੇਸ਼ ਅਵਾਰਡ ਨਾਲ ਸਨਮਾਨਿਤ 

-ਕੌਮਾਂਤਰੀ ਸਾਹਿਤ ਸਭਿਆਚਾਰ ਮੰਚ ਵਲੋਂ   ਸਨਮਾਨ ਸਮਾਰੋਹ ਤੇ ਨਾਰੀ ਕਵੀ ਦਰਬਾਰ ਕਰਵਾਇਆ



ਬਠਿੰਡਾ -ਕੌਮਾਂਤਰੀ ਸਾਹਿਤ ਸਭਿਆਚਾਰ ਮੰਚ ਵਲੋਂ 12 ਫਰਵਰੀ 2017 ਦਿਨ ਐਤਵਾਰ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਸਨਮਾਨ ਸਮਾਰੋਹ ਅਤੇ ਨਾਰੀ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕੀਤੀ ਡਾ.ਭੀਮ ਇੰਦਰ ਸਿੰਘ ਮੁੱਖੀ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ,  ਡਾ. ਪ੍ਰਿਤਪਾਲ ਕੌਰ ਚਾਹਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ।. ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ ਅਤਰਜੀਤ ਕਹਾਣੀਕਾਰ, ਜਗਮੇਲ ਸਿੰਘ ਜਠੌਲ ਅਤੇ ਡਾ. ਹਰਿੰਦਰਪਾਲ ਸਿੰਘ ਅਤੇ ਸਨਮਾਨਿਤ ਸ਼ਖਸੀਅਤਾਂ  ਤੋਤਾ ਰਾਮ ਚੀਮਾ ਅਤੇ ਪਰੋ. ਕਰਮਜੀਤ ਕੌਰ ਕਿਸ਼ਾਂਵਲ । ਪ੍ਰੋਫੈਸਰ ਗੁਰਦਿਆਲ ਸਿੰਘ ਰਚਿਤ ਨਾਵਲ ਪਰਸਾ ਦੇ ਨਾਇਕ 'ਸ੍ਰੀ ਸ੍ਰੀ ਰਾਮ ਸ਼ਰਮਾ ਭੁੱਚੋ ਕਲਾਂ' ਪਰਸਕਾਰ ਅਣਗੌਲੇ ਬਜੁਰਗ ਲੇਖਕ ਸ੍ਰੀ ਤੋਤਾ ਰਾਮ ਚੀਮਾ ਅਤੇ ਇਨਕਲਾਬੀ ਸ਼ਾਇਰਾ ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ ਨੂੰ ਪ੍ਰਦਾਨ ਕੀਤਾ ਗਿਆ. ਡਾ. ਸੁਰਜੀਤ ਸਿੰਘ ਸ਼ਰਮਾ ਨੇ ਨਾਵਲ ਪਰਸਾ ਲਈ ਆਧਾਰ ਬਣੇ ਆਪਣੇ ਦਾਦਾ ਜੀ ਬਾਰੇ ਗੱਲਬਾਤ ਕੀਤੀ.ਪ੍ਰੋਫੈਸਰ ਗੁਰਦਿਆਲ ਸਿੰਘ ਰਚਿਤ ਨਾਵਲ ਪਰਸਾ ਦੇ ਨਾਇਕ 'ਸ੍ਰੀ ਸ੍ਰੀ ਰਾਮ ਸ਼ਰਮਾ ਭੁੱਚੋ ਕਲਾਂ' ਪਰਸਕਾਰ ਅਣਗੌਲੇ ਬਜੁਰਗ ਲੇਖਕ ਸ੍ਰੀ ਤੋਤਾ ਰਾਮ ਚੀਮਾ ਅਤੇ ਇਨਕਲਾਬੀ ਸ਼ਾਇਰਾ ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ ਨੂੰ ਪ੍ਰਦਾਨ ਕੀਤਾ ਗਿਆ। ਡਾ. ਸੁਰਜੀਤ ਸਿੰਘ ਸ਼ਰਮਾ ਨੇ ਨਾਵਲ ਪਰਸਾ ਲਈ ਆਧਾਰ ਬਣੇ ਆਪਣੇ ਦਾਦਾ ਜੀ ਬਾਰੇ ਗੱਲਬਾਤ ਕੀਤੀ.। ਇਸ ਤੋਂ ਇਲਾਵਾ ਇੰਜਨੀਅਰ ਰਾਕੇਸ਼ ਕੁਮਾਰ ਨੇ ਫਿਰੋਜ਼ਪੁਰ ਵਿਖੇ ਤੂੜੀ ਬਾਜ਼ਾਰ ਵਿਚ ਸ਼ਹੀਦ ਭਗਤ ਸਿੰਘ ਹੁਰਾਂ ਦੇ ਗੁਪਤ ਅੱਡੇ ਸਬੰਧੀ ਜਾਣਕਾਰੀ ਦਿੰਦਿਆਂ ਮੰਗ ਉਠਾਈ ਕਿ ਉਸ ਹਵੇਲੀ ਨੂੰ ਇਤਿਹਾਸਿਕ ਸਥਾਨ ਦੇ ਰੂਪ ਵਿੱਚ ਮਾਨਤਾ ਦੇ ਕੇ ਮਿਊਜ਼ੀਅਮ ਸਥਾਪਿਤ ਕੀਤਾ ਜਾਵੇ.।ਨਿਮੰਤਰਿਤ ਕਵੀਆਂ ਨੂੰ ਪੁਸਤਕਾਂ ਦੇ ਸੈੱਟ ਅਤੇ ਆਰਟਿਸਟ ਗੁਰਪ੍ਰੀਤ ਰਾਹੀਂ ਤਿਆਰ ਕੀਤੇ ਕਿਤਾਬ ਵਾਲੇ ਭਗਤ ਸਿੰਘ ਦਾ ਚਿੱਤਰ ਭੇਟ ਕੀਤਾ ਗਿਆ. ਇਸ ਤੋਂ ਇਲਾਵਾ ਇੰਜਨੀਅਰ ਰਾਕੇਸ਼ ਕੁਮਾਰ ਨੇ ਫਿਰੋਜ਼ਪੁਰ ਵਿਖੇ ਤੂੜੀ ਬਾਜ਼ਾਰ ਵਿਚ ਸ਼ਹੀਦ ਭਗਤ ਸਿੰਘ ਹੁਰਾਂ ਦੇ ਗੁਪਤ ਅੱਡੇ ਸਬੰਧੀ ਜਾਣਕਾਰੀ ਦਿੰਦਿਆਂ ਮੰਗ ਉਠਾਈ ਕਿ ਉਸ ਹਵੇਲੀ ਨੂੰ ਇਤਿਹਾਸਿਕ ਸਥਾਨ ਦੇ ਰੂਪ ਵਿੱਚ ਮਾਨਤਾ ਦੇ ਕੇ ਮਿਊਜ਼ੀਅਮ ਸਥਾਪਿਤ ਕੀਤਾ ਜਾਵੇ..ਨਿਮੰਤਰਿਤ ਕਵੀਆਂ ਨੂੰ ਪੁਸਤਕਾਂ ਦੇ ਸੈੱਟ ਅਤੇ ਆਰਟਿਸਟ ਗੁਰਪ੍ਰੀਤ ਰਾਹੀਂ ਤਿਆਰ ਕੀਤੇ ਕਿਤਾਬ ਵਾਲੇ ਭਗਤ ਸਿੰਘ ਦਾ ਚਿੱਤਰ ਭੇਟ ਕੀਤਾ ਗਿਆ.
ਬੇਸ਼ੱਕ ਸਮਾਗਮ ਨੂੰ ਨਾਰੀ ਕਵੀ ਦਰਬਾਰ ਦਾ ਨਾਂ ਦਿੱਤਾ ਗਿਆ ਸੀ ਪਰ ਸਮੇਂ ਮੁਤਾਬਕ ਬਹੁਤ ਸਾਰੇ ਹਾਜ਼ਰ, ਉਹ ਵੀ ਨਵੇਂ ਕਵੀਆਂ ਨੇ ਵੀ ਆਪਣੇ ਕਲਾਮ ਪੇਸ਼ ਕਰ ਕੇ ਹਾਜ਼ਰੀ ਲਵਾਈ. ਕਵਿਤਰੀਆਂ ਵਿੱਚ ਕਰਮਜੀਤ ਕੌਰ ਜਲਾਲ, ਛਿੰਦਰ ਕੌਰ ਸਰਸਾ, ਅਰਸ਼ ਬਿੰਦੂ, ਅਕਵੀਰ ਕੌਰ ਜਲੰਧਰ, ਅਰਵਿੰਦਰ ਕੌਰ, ਕੁਲਜੀਤ ਸਵੀ ਸਰਾਭਾ, ਤਨਵੀਰ ਸ਼ਰਮਾ, ਅਮਰਜੀਤ ਕੌਰ ਬੀ. ਐਸ. ਐਨ. ਐਲ. ਬਠਿੰਡਾ, ਇਕ ਨੰਨ੍ਹੀ ਬੱਚੀ ਨਵਦੀਪ ਕੌਰ ਮੰਡੀ ਕਲਾਂ ਸ਼ਾਮਲ ਸਨ।
ਮਰਦ ਕਵੀਆਂ ਵਿਚ ਸੁਖਵਿੰਦਰ ਮੀਰ, ਅਮਰਿਤਪਾਲ ਬਠਿੰਡਾ, ਜਗਸੀਰ ਸਿੰਘ ਤਾਜੀ, ਭੋਲਾ ਸਿੰਘ ਸ਼ਮੀਰੀਆ, ਗੁਰਸੇਵਕ ਸਿੰਘ ਬੀੜ, ਕੁਲਦੀਪ ਸਿੰਘ ਰਾਮਪੁਰਾ, ਸੰਦੀਪ ਸ਼ੇਰਗਿੱਲ, ਤੇਜਾ ਸਿੰਘ ਪ੍ਰੇਮੀ, ਦਰਸ਼ਨ ਸਿੰਘ ਨੰਗਲ, ਅਮਰ ਸਿੰਘ ਸਿੱਧੂ ਆਦਿ ਨੇ ਹਾਜ਼ਰੀ ਲਵਾਈ ।
ਕੌਮਾਂਤਰੀ ਸਾਹਿਤ ਸਭਿਆਚਾਰ ਮੰਚ ਦੇ ਬੁਲਾਰੇ ਪਰਵਾਜ਼ ਮੈਗਜ਼ੀਨ ਨੰ. 3 ਨੂੰ ਰੀਲੀਜ਼ ਕੀਤਾ ਗਿਆ. ਇਸ ਅੰਕ ਅਤੇ ਮਹਾ ਸਵੇਤਾ ਦੇਵੀ ਸਬੰਧੀ ਅਤਰਜੀਤ ਕਹਾਣੀਕਾਰ ਅਤੇ ਨਰਭਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਲੇਖਕਾਂ ਨੂੰ ਮਹਾਂ ਸਵੇਤਾ ਦੇਵੀ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ ।





Sunday, 12 February 2017


ਪੰਜਾਬ /ਬਲਵਿੰਦਰ ਪਾਲ ਸਿੰਘ

ਪੰਜਾਬ /ਬਲਵਿੰਦਰ ਪਾਲ ਸਿੰਘ
ਇਤਿਹਾਸ ਹਮੇਸ਼ਾ ਪੂਰਾ ਯਥਾਰਥ
ਨਹੀਂ ਦੇਂਦਾ ਏ
ਜੁਝਾਰੂ ਕੌਮਾਂ ਦਾ ਜੀਵਨ
ਨਸਲਕੁਸ਼ੀ ਵਰਗਾ ਹੁੰਦਾ ਏ
ਕੋਈ ਨਾਮ ਸਾਹਾਂ ਵਿਚ
ਰਚਿਆ ਵਸਿਆ ਹੁੰਦਾ ਏ
ਕੋਈ ਨਾਮ ਹੋਠਾਂ ਤੇ
ਲੋਕ ਗੀਤ ਜਿਹਾ ਹੁੰਦਾ ਏ
ਕਿਸੇ ਨੂੰ ਕਿਤੇ ਫਿਲਸਤੀਨ
ਕਿਤੇ ਨਾਗਾਲੈਂਡ
ਕਿਤੇ ਕਸ਼ਮੀਰ
ਕਹਿੰਦੇ ਨੇ
ਪਰ ਇਸਦਾ ਮਤਲਬ
ਹਰ ਭਾਸ਼ਾ ਵਿਚ
ਪੰਜਾਬ ਹੀ ਹੁੰਦਾ ਏ।

Thursday, 9 February 2017

ਇੰਝ ਕਿਓਂ /ਕਿਸ਼ਾਂਵਾਲ



ਸਾਗਰ ਦੀ ਤੜਫ
ਕਿ ਫਿਰ ਉਠੇ ਕੋਈ ਲਹਿਰ
ਲਹਿਰ ਫਿਰ ਤੜਫੇ
ਸਾਗਰ ਵਿੱਚ ਸਮਾਉਣ ਨੂੰ
ਲੋਚੇ ਉਹ
ਕਿ ਮਿਟਦੀ ਰਹਾਂ ਉਮਰ ਭਰ
ਹਰ ਪਲ ਲਵਾਂ ਜਨਮ
ਹਰ ਪਲ ਮਿਟਾਂ
ਤੇ ਪੂਰਾ ਹੋਵੇ ਸਮਰਪਣ
ਲਹਿਰ ਦਰ ਲਹਿਰ
ਉਛਲਦਾ ਰਹੇ ਸਾਗਰ !!