deshpunjabtimes.blogspot.com

Saturday, 29 October 2011

ਪੰਜਾਬ ਨੂੰ ਛੋਟਾ ਕਰਨ ਦਾ ਜ਼ਿੰਮੇਵਾਰ ਕੌਣ?\ ਡਾ. ਸੁਖਦਿਆਲ ਸਿੰਘ




ਪੰਜਾਬੀ ਸੂਬੇ ਭਾਵ ਵਰਤਮਾਨ ਪੰਜਾਬ ਦਾ ਖੇਤਰਫਲ ਪੰਜਾਹ ਹਜ਼ਾਰ ਕਿਲੋਮੀਟਰ ਤੋਂ ਥੋੜ੍ਹਾ ਜਿਹਾ ਹੀ ਵੱਧ ਹੈ। ਇਹ ਸੂਬਾ ਭੂਗੋਲਿਕ (ਅਸਲੀ) ਪੰਜਾਬ ਦੇ ਪੰਜਵੇਂ ਕੁ ਹਿੱਸੇ ਜਿੱਡਾ ਕੁ ਹੈ।
ਭੂਗੋਲਿਕ ਪੰਜਾਬ ਕਿਸੇ ਸੂਬੇ ਜਾਂ ਰਿਆਸਤ ਦਾ ਨਾਂ ਨਹੀਂ ਹੈ। ਪੰਜਾਬ ਆਪਣੇ-ਆਪ ਵਿੱਚ ਇੱਕ ਦੇਸ਼ ਹੈ। ਪੰਜਾਬ ਸੱਭਿਆਚਾਰਕ ਮੁਲਕ ਅਤੇ ਸੱਭਿਆਤਾਵਾਂ ਨੂੰ ਜਨਮ ਦੇਣ ਵਾਲੀ  ਸਰਜ਼ਮੀਨ ਦਾ ਨਾਂ ਹੈ। ਇਸ ਦਾ ਇਹ ਸੱਭਿਆਚਾਰ ਵਿਸ਼ਵ ਪੱਧਰ ‘ਤੇ ਪਸਰ ਚੁੱਕਿਆ ਹੈ ਅਤੇ ਵਿਸ਼ਵ ਨੂੰ ‘ਹੜੱਪਾ ਸੱਭਿਅਤਾ’ ਦੇ ਨਾਂ ਹੇਠ ਆਪਣਾ ਵਿਕਾਸ ਦਿਖਾ ਚੁੱਕਿਆ ਹੈ। ਅਜੇ ਸਿੰਧ ਘਾਟੀ ਦੀ ਸੱਭਿਅਤਾ ਪਨਪਣੀ ਵੀ ਸ਼ੁਰੂ ਨਹੀਂ ਸੀ ਹੋਈ ਜਦੋਂ ਹੜੱਪਾ ਸੱਭਿਅਤਾ ਵਿਸ਼ਵ ਪੱਧਰ ਉੱਤੇ ਵਿਕਸਤ ਹੋ ਚੁੱਕੀ ਸੀ। ਹੜੱਪਾ ਕੁਦਰਤ ਪੰਜ ਦਰਿਆਵਾਂ ਦੀ ਸਰਜ਼ਮੀਨ ਉਪਰ ਫੈਲੀ ਹੋਈ ਸੱਭਿਅਤਾ ਸੀ। ਇਹ ਸਿੰਧ ਘਾਟੀ ਸੱਭਿਅਤਾ ਤੋਂ ਇੱਕ ਯੁੱਗ ਅਗੇਤੀ ਸੀ। ਹਿੰਦੁਸਤਾਨ ਨੇ ਸਿੰਧ ਘਾਟੀ ਸੱਭਿਅਤਾ ਵਿੱਚੋਂ ਜਨਮ ਲਿਆ ਸੀ ਜਦੋਂਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਇਸ ਤੋਂ ਇੱਕ ਯੁੱਗ ਪਹਿਲਾਂ ਆਪਣੀ ਹੋਂਦ ਕਾਇਮ ਕਰਕੇ ਵਿਸ਼ਵ ਪੱਧਰ ਉਪਰ ਫੈਲ ਚੁੱਕੀ ਸੀ। ਇੱਕ ਯੁੱਗ ਹਜ਼ਾਰ ਸਾਲ ਦਾ ਵੀ ਹੋ ਸਕਦਾ ਹੈ ਅਤੇ ਇਸ ਤੋਂ ਘੱਟ-ਵੱਧ ਵੀ। ਇਹ ਜ਼ਰੂਰੀ ਨਹੀਂ ਕਿ ਪੰਜਾਬ ਅਤੇ ਪੰਜਾਬੀ ਵਰਤਮਾਨ ਗੁਰਮੁਖੀ ਲਿਪੀ ਦੇ ਲਿਬਾਸ ਵਿੱਚ ਹੀ ਹੁੰਦੇ। ਇਹ ਤਾਂ ਯੁੱਗਾਂ-ਯੁਗਾਤਰਾਂ ਬਾਅਦ ਪੰਜਾਬੀ ਸੱਭਿਅਤਾ ਨੂੰ ਮੁੜ ਉਭਾਰਨ ਦਾ ਇੱਕ ਉਪਾਅ ਸੀ ਜਿਹੜਾ ਸਿੱਖ ਲਹਿਰ ਨੇ ਮੁਹੱਈਆ ਕੀਤਾ ਸੀ। ਹੜੱਪਾ ਦਾ ਪੰਜਾਬੀ ਸੱਭਿਆਚਾਰ ਆਪਣੀ ਲਿਪੀ ਵਿੱਚ ਸੀ। ਹੜੱਪਾ ਲਿਪੀ ਅੱਜ ਦੀ ਗੁਰਮੁਖੀ ਨਾਲੋਂ ਕਿਤੇ ਜ਼ਿਆਦਾ ਵਿਕਸਤ ਸੀ। ਹੜੱਪਾ ਲਿਪੀ ਸਿੱਕਿਆਂ, ਮੋਹਰਾਂ ਅਤੇ ਗ੍ਰੰਥਾਂ ਵਿੱਚ ਸੀ। ਹੜੱਪਾ ਦੀ ਬਦਕਿਸਮਤੀ ਇਹ ਸੀ ਕਿ ਇਸ ਨੂੰ ਇਰਾਨ ਤੋਂ ਆਉਣ ਵਾਲੇ ਆਰੀਆ ਕਬੀਲਿਆਂ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ ਅਤੇ ਇਹ ਮੁੜ ਆਪਣੇ ਪੈਰਾਂ ‘ਤੇ ਖੜ੍ਹੀ ਨਹੀਂ ਹੋ ਸਕੀ। ਯੁੱਗਾਂ ਬਾਅਦ ਪੰਜਾਬੀ ਬੋਲੀ ਸਿੱਖ ਲਹਿਰ ਨੇ ਗੁਰਮੁਖੀ ਲਿਬਾਸ ਵਿੱਚ ਫਿਰ ਆਪਣੇ ਪੈਰਾਂ ‘ਤੇ ਖੜ੍ਹੀ ਕੀਤੀ। ਸਿੱਖ ਲਹਿਰ ਨੇ ਗੁਰਮੁਖੀ ਰਾਹੀਂ ਹੜੱਪਾ ਸੱਭਿਅਤਾ ਦੇ ਗੁਆਚ ਚੁੱਕੇ ਅਕਸ ਨੂੰ ਫਿਰ ਤੋਂ ਉਭਾਰਨ ਦਾ ਝੰਡਾ ਚੁੱਕਿਆ ਸੀ।
ਪੰਜਾਬ ਕਿਸੇ ਸੂਬੇ ਜਾਂ ਰਿਆਸਤ ਦਾ ਨਾਂ ਨਹੀਂ ਹੈ। ਇਹ ਆਪਣੇ ਆਪ ਵਿੱਚ ਇੱਕ ਦੇਸ਼ ਹੈ। ਇਸ ਦਾ ਆਪਣਾ ਸੁਤੰਤਰ ਸੱਭਿਆਚਾਰ ਅਤੇ ਰਵਾਇਤਾਂ ਹਨ। ਇਸੇ ਕਾਰਨ ਪੰਜਾਬ ਉੱਪਰ ਜਦੋਂ ਵੀ ਹਿੰਦੁਸਤਾਨੀ ਸਮਰਾਟਾਂ ਦਾ ਰਾਜ ਸਥਾਪਤ ਹੁੰਦਾ ਰਿਹਾ ਹੈ, ਉਨ੍ਹਾਂ ਨੇ ਪੰਜਾਬ ਦੇ ਸੁਤੰਤਰ ਰੁਤਬੇ ਨੂੰ ਸੱਟ ਹੀ ਮਾਰੀ ਹੈ। ਪੰਜਾਬ ਨੂੰ ਸਿਰਫ਼ ਪੰਜਾਬੀ ਹਾਕਮਾਂ ਨੇ ਹੀ ਸੁਤੰਤਰ ਰੁਤਬਾ ਦਿਵਾਇਆ ਹੈ। ਪੰਜਾਬ ਦਾ ਸਮਾਜਿਕ ਪੱਖ ਵੀ ਸਮਝਣਾ ਚਾਹੀਦਾ ਹੈ। ਸਿੱਖ ਧਰਮ ਨੂੰ ਧਾਰਨ ਕਰਨ ਤੋਂ ਪਹਿਲਾਂ ਲੋਕਾਂ ਦੇ ਬਹੁਤ ਵੱਡੇ ਹਿੱਸੇ ਨੇ  ਇਸਲਾਮ ਨੂੰ ਧਾਰਨ ਕਰ ਲਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਜੱਟਾਂ ਨੂੰ ਸਿੱਖ ਧਰਮ ਵਿੱਚ ਲਿਆਂਦਾ ਸੀ। ਗੁਰੂ ਤੇਗ ਬਹਾਦਰ ਜੀ ਨੇ ਤਾਂ ਮਾਲਵੇ ਅਤੇ ਬਾਂਗਰ ਇਲਾਕੇ ਦੇ ਐਸੇ ਤੂਫ਼ਾਨੀ ਦੌਰੇ ਕੀਤੇ ਸਨ ਕਿ ਉੱਥੋਂ ਸਰਵਰੀਆਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਸੀ। ਸਰਵਰੀਏ ਸੂਫ਼ੀਆਂ ਵਾਂਗ ਹੀ ਇਸਲਾਮ ਨੂੰ ਪ੍ਰਚਾਰਨ ਵਾਲੀ ਇੱਕ ਸੰਪਰਦਾ ਸੀ। ਪੰਜਾਬ ਦੇ ਦੌਰਿਆਂ ਨੂੰ ਦੇਖ ਕੇ ਕਸ਼ਮੀਰੀ ਤਬਕਾ ਵੀ ਗੁਰੂ ਤੇਗ ਬਹਾਦਰ ਜੀ ਵੱਲ ਦੇਖਣ ਲੱਗ ਪਿਆ ਸੀ। ਉਹ ਗੁਰੂ ਤੇਗ ਬਹਾਦਰ ਜੀ ਦੀ ਹਜ਼ੂਰੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਪੰਜਾਬ ਵਾਂਗ ਗੁਰੂ ਜੀ ਨੇ ਕਸ਼ਮੀਰ ਦੇ ਦੌਰਿਆਂ ਦਾ ਵੀ ਪ੍ਰੋਗਰਾਮ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਮੁਗਲ ਹਕੂਮਤ ਨੇ ਪਹਿਲਾਂ ਗੁਰੂ ਅਰਜਨ ਦੇਵ ਜੀ ਅਤੇ ਫਿਰ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ। ਉੱਤਰੀ ਭਾਰਤ ਦੇ ਗ਼ੈਰ-ਇਸਲਾਮੀ ਸਮਾਜ ਨੂੰ ਸੰਭਾਲਣ ਲਈ ਇਹ ਬਹੁਤ ਵੱਡੀ ਕੁਰਬਾਨੀ ਸੀ। ਗ਼ੈਰ-ਇਸਲਾਮੀ ਹਾਕਮ ਪੰਜਾਬ ਅਤੇ ਕਸ਼ਮੀਰ ਨੂੰ ਛੱਡ ਚੁੱਕੇ ਸਨ। ਉਨ੍ਹਾਂ ਦੀਆਂ ਨਿਗਾਹਾਂ ਵਿੱਚ ਸਰਸਵਤੀ ਅਤੇ ਘੱਗਰ ਨਦੀਆਂ ਹੀ ਹਿੰਦੁਸਤਾਨ ਦੀ ਪੱਛਮੀ ਸਰਹੱਦ ਸਨ।
ਹੜੱਪਾ ਸੱਭਿਅਤਾ ਦੇ ਖ਼ਾਤਮੇ ਤੋਂ ਬਾਅਦ ਪੰਜਾਬ ਨੇ ਮੁੜ ਆਪਣੀ ਸੁਤੰਤਰ ਹਸਤੀ ਨੂੰ ਪੋਰਸ ਦੇ ਸਮੇਂ ਉਭਾਰਿਆ ਸੀ। 327-28 ਪੂ.ਈ. ਵਿੱਚ ਪੋਰਸ ਪੰਜਾਬ ਦੇ ਕਬੀਲਿਆਂ ਦਾ ਸਰਦਾਰ ਸੀ। ਉਸ ਨੇ ਪੰਜਾਬ ਵਿੱਚ ਆਪਣੀ ਬਾਦਸ਼ਾਹਤ ਕਾਇਮ ਕੀਤੀ ਹੋਈ ਸੀ। ਜਦੋਂ ਯੂਨਾਨ ਦਾ ਬਾਦਸ਼ਾਹ ਸਿਕੰਦਰ ਵਿਸ਼ਵ ਨੂੰ ਫਤਿਹ ਕਰਦਾ ਹੋਇਆ ਹਿੰਦੁਸਤਾਨ ਵੱਲ ਵਧ ਰਿਹਾ ਸੀ ਤਾਂ ਉਹ ਜਿਹਲਮ ਦਰਿਆ ਦੇ ਕੰਢੇ ‘ਤੇ ਆ ਕੇ ਰੁਕ ਗਿਆ ਸੀ। ਜਿਹਲਮ ਪੋਰਸ ਦੇ ਰਾਜ ਦੀ ਪੱਛਮੀ ਸਰਹੱਦ ਸੀ। ਪੋਰਸ ਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਗੁਆਂਢੀ ਰਾਜਾਂ ਨੇ ਜਾਂ ਤਾਂ ਸਿਕੰਦਰ ਨਾਲ ਮੇਲ-ਮਿਲਾਪ ਕਰ ਲਿਆ ਜਾਂ ਨਿਰਪੱਖ ਰਹੇ। ਇਸ ਸਾਰੀ ਚਾਲ ਦੇ ਮੋਢੀ ਕੋਟੱਲਿਆ ਅਤੇ ਚੰਦਰ ਗੁਪਤ ਮੌਰੀਆ ਸਨ। ਕੋਟੱਲਿਆ ਅਤੇ ਚੰਦਰ ਗੁਪਤ ਮੌਰੀਆ ਸਮੇਤ ਅੰਭੀ ਰਾਜੇ ਸਿਕੰਦਰ ਨਾਲ ਮਿਲ ਗਏ ਸਨ। ਉਨ੍ਹਾਂ ਨੂੰ ਪੋਰਸ ਕੰਡੇ ਵਾਂਗ ਰੜਕਦਾ ਸੀ। ਉਹ ਨਹੀਂ ਸੀ ਚਾਹੁੰਦੇ ਕਿ ਪੋਰਸ ਮਜ਼ਬੂਤ ਹੋਵੇ ਪਰ ਉਨ੍ਹਾਂ ਦੀ ਚਾਲ ਪੁੱਠੀ ਪੈ ਗਈ ਸੀ।
ਪੋਰਸ ਨੇ ਦ੍ਰਿੜ੍ਹ ਨਿਸ਼ਚਾ ਕੀਤਾ ਹੋਇਆ ਸੀ ਕਿ ਉਹ ਹਮਲਾਵਰ ਨੂੰ ਕਿਸੇ ਵੀ ਕੀਮਤ ‘ਤੇ ਜਿਹਲਮ ਪਾਰ ਨਹੀਂ ਕਰਨ ਦੇਵੇਗਾ। ਕੋਟੱਲਿਆ ਅਤੇ ਚੰਦਰ ਗੁਪਤ ਮੌਰੀਆ ਸਿਕੰਦਰ ਨਾਲ ਮਿਲ ਚੁੱਕੇ ਸਨ। ਇਸ ਕਰਕੇ ਉਨ੍ਹਾਂ ਨੇ ਸਿਕੰਦਰ ਨੂੰ ਸਲਾਹ ਦਿੱਤੀ ਕਿ ਜਿਹਲਮ ਨੂੰ ਹੇਠਾਂ ਜਾ ਕੇ ਪਾਰ ਕੀਤਾ ਜਾਵੇ। ਜਿਹਲਮ ਨੂੰ ਕਾਫ਼ੀ ਦੂਰ ਹੇਠਾਂ ਜਾ ਕੇ ਪਾਰ ਕਰ ਲਿਆ ਗਿਆ। ਸਿਕੰਦਰ ਅਤੇ ਪੋਰਸ ਦੀ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਵਿੱਚ ਪੋਰਸ ਦਾ ਸਭ ਤੋਂ ਪਿਆਰਾ ਅਤੇ ਵੱਡਾ ਪੁੱਤਰ ਸੰਘਰ ਮਾਰਿਆ ਗਿਆ ਪਰ ਉਸ ਨੇ ਸ਼ਾਮ ਹੋਣ ਤੱਕ ਡਟ ਕੇ ਮੁਕਾਬਲਾ ਕੀਤਾ। ਸਿਕੰਦਰ ਪਹਿਲੇ ਦਿਨ ਦੀ ਦੋ ਪਹਿਰਾਂ ਦੀ ਲੜਾਈ ਵਿੱਚ ਹੀ ਦੁਸ਼ਮਣ ਦਾ ਮਲੀਆਮੇਟ ਕਰ ਦਿੰਦਾ ਸੀ। ਦੋ ਪਹਿਰਾਂ ਦੀ ਲੜਾਈ ਤੱਕ ਉਹ ਦੁਸ਼ਮਣ ਉਪਰ ਫਤਿਹ ਪ੍ਰਾਪਤ ਨਹੀਂ ਕਰ ਸਕਦਾ ਸੀ ਤਾਂ ਉਹ ਉਸ ਨਾਲ ਬਿਨਾਂ ਝਿਜਕ ਸਮਝੌਤਾ ਕਰ ਲੈਂਦਾ ਸੀ। ਇਹੀ ਸਥਿਤੀ ਪੋਰਸ ਨਾਲ ਹੋ ਰਹੀ ਲੜਾਈ ਦੀ ਹੋ ਗਈ ਸੀ। ਸਿਕੰਦਰ ਨੇ ਦੁਪਹਿਰ ਢਲਣ ਤੋਂ ਬਾਅਦ ਆਪਣੇ-ਆਪ ਪੋਰਸ ਦੇ ਹਾਥੀ ਸਾਹਮਣੇ ਜਾ ਕੇ   ਉੱਚੀ ਆਵਾਜ਼ ਵਿੱਚ ਕਿਹਾ, ‘ਪੋਰਸ ਤੂੰ ਮੇਰਾ ਦੋਸਤ ਹੈਂ। ਮੈਂ ਤੇਰੇ ਨਾਲ ਸਮਝੌਤਾ ਕਰਨਾ ਚਾਹੁੰਦਾ ਹਾਂ। ਤੂੰ ਹੀ ਪੰਜਾਬ ਦਾ ਬਾਦਸ਼ਾਹ ਹੈਂ। ਆ ਰਲ ਕੇ ਵਿਸ਼ਵ ਨੂੰ ਫਤਹਿ ਕਰੀਏ।” ਆਖ਼ਿਰ ਕੁਝ ਸਮੇਂ ਦੀ ਬਹਿਸ ਦੋਸਤੀ ਵਿੱਚ ਬਦਲ ਗਈ। ਕੋਟੱਲਿਆ, ਚੰਦਰ ਗੁਪਤ ਅਤੇ ਅੰਭੀ ਦੀਆਂ ਯੋਜਨਾਵਾਂ ਨਾਕਾਮ ਹੋ ਗਈਆਂ ਸਨ। ਸਿਕੰਦਰ ਅਤੇ ਪੋਰਸ ਨੇ ਪੰਜਾਬ ਤੋਂ ਅੱਗੇ ਮਗਧ ਰਾਜ ਨੂੰ ਜਿੱਤਣ ਦੀਆਂ ਸਕੀਮਾਂ ਬਣਾਈਆਂ। ਬਦਕਿਸਮਤੀ ਨਾਲ ਯੂਨਾਨੀ ਸੈਨਾ ਬਗਾਵਤ ਕਰ ਗਈ  ਅਤੇ ਸਿਕੰਦਰ ਨੂੰ ਬਿਆਸ ਦਰਿਆ ਤੋਂ ਹੀ ਵਾਪਸ ਮੁੜਨਾ ਪਿਆ ਅਤੇ ਪੋਰਸ ਫਿਰ ਆਪਣੇ ਹੀ ਬਲਬੂਤੇ ਪਿੱਛੇ ਇਕੱਲਾ ਰਹਿ ਗਿਆ। ਭਾਰਤੀ ਇਤਿਹਾਸਕਾਰਾਂ ਨੇ ਹਮੇਸ਼ਾ ਪੋਰਸ ਨੂੰ ਅਣਗੌਲਿਆਂ ਕੀਤਾ ਅਤੇ ਇਸ ਦੇ ਮੁਕਾਬਲੇ ‘ਤੇ ਕੋਟੱਲਿਆ ਅਤੇ ਚੰਦਰ ਗੁਪਤ ਨੂੰ ਉਭਾਰਿਆ ਹੈ। ਸਿਕੰਦਰ ਦੇ ਮਾਮਲੇ ਵਿੱਚ ਇਨ੍ਹਾਂ ਦੀ ਪੰਜਾਬ ਨਾਲ ਗੱਦਾਰੀ ਨੂੰ ਉੱਕਾ ਹੀ ਨਜ਼ਰਅੰਦਾਜ਼ ਕਰਕੇ ਇਨ੍ਹਾਂ ਨੂੰ ਭਾਰਤ ਦੇ ਉਸੱਰੀਏ ਦੇ ਰੂਪ ਵਿੱਚ ਸਾਹਮਣੇ ਲਿਆਂਦਾ ਹੈ। ਕੋਟੱਲਿਆ ਅਤੇ ਚੰਦਰ ਗੁਪਤ ਨੇ ਆਖ਼ਰਕਾਰ ਪੋਰਸ ਨੂੰ ਧੋਖੇ ਨਾਲ ਮਰਵਾ ਦਿੱਤਾ ਸੀ। ਇਹ ਲੰਮੀ ਚੌੜੀ ਕਹਾਣੀ ਹੈ। ਪੋਰਸ ਦੇ ਰਾਜ ਨੂੰ ਕੁਝ ਸਮੇਂ ਲਈ ਉਸ ਦੇ ਛੋਟੇ ਪੁੱਤਰ ਮੱਲ ਕੇਤੂ (ਮਲਕੀਤ) ਨੇ ਸੰਭਾਲਿਆ ਸੀ ਪਰ ਉਹ ਵੀ ਆਪਣੇ ਰਾਜ-ਕਾਲ ਦੇ ਦੂਜੇ ਸਾਲ ਵਿੱਚ ਹੀ ਪਰਸ਼ੀਆ ਦੇ ਦਾਰਾ ਚੌਥੇ ਦੀ ਮਦਦ ਕਰਨ ਗਿਆ ਜੰਗ ਵਿੱਚ ਮਾਰਿਆ ਗਿਆ ਸੀ। ਮੱਲ ਕੇਤੂ ਦੀ ਵਿਧਵਾ ਰਾਣੀ ਨੂੰ ਕੋਟੱਲਿਆ ਦੀ ਸਲਾਹ ਨਾਲ ਚੰਦਰ ਗੁਪਤ ਨੇ ਬੰਦੀ ਬਣਾ ਲਿਆ ਸੀ। ਇਸ ਤਰ੍ਹਾਂ ਪੰਜਾਬ ਚੰਦਰ ਗੁਪਤ ਮੌਰੀਆ ਦੇ ਰਾਜ ਦਾ ਹਿੱਸਾ ਬਣ ਗਿਆ।
ਬਾਬਰ ਦੇ ਮੁਗਲ ਸਾਮਰਾਜ ਦੀ ਸਥਾਪਨਾ ਦੇ ਨਾਲ ਹੀ ਪੰਜਾਬ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਹੋ ਗਈ ਸੀ। ਸਿੱਖ ਧਰਮ ਨੇ ਪੰਜਾਬ ਦੀ ਧਰਤੀ ‘ਤੇ ਐਸਾ ਇਨਕਲਾਬ ਲਿਆਂਦਾ ਸੀ ਕਿ ਲੋਕ ਜਿਹੜੇ ਹਰ ਹਮਲਾਵਰ ਦੇ ਅੱਗੇ ਝੁਕ ਜਾਂਦੇ ਸਨ, ਫਿਰ ਤੋਂ ਤਲਵਾਰਾਂ ਫੜ ਕੇ ਹਮਲਾਵਰਾਂ ਖ਼ਿਲਾਫ਼ ਖੜ੍ਹੇ ਹੋ ਗਏ। ਗੁਰੂ ਨਾਨਕ ਦੇ ਸਿੱਖ ਇਨਕਲਾਬ ਨੂੰ ਸਾਡੇ ਧਾਰਮਿਕ ਠੇਕੇਦਾਰਾਂ ਅਤੇ ਗੁਰੂ ਦੀ ਗੋਲਕ ਉਪਰ ਆਪਣਾ ਪੇਟ ਪਾਲਣ ਵਾਲੇ ਕੁਝ ਸੰਤਾਂ-ਮਹੰਤਾਂ ਨੇ ਕਰਮਕਾਂਡ ਵਾਲਾ ਬਣਾ ਦਿੱਤਾ ਹੈ ਕਿ ਅੱਜ ਦੇ ਗੁਰਸਿੱਖ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਗੁਰੂ ਨਾਨਕ ਦੀ ਸਿੱਖਿਆ ਕੀ ਹੈ। ਦਸ ਗੁਰੂ ਸਾਹਿਬਾਨ ਰਾਹੀਂ ਸਿਰਜੇ ਗਏ ਸਿੱਖ ਇਨਕਲਾਬ ਦਾ ਸਿੱਟਾ ਇਹ ਹੋਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਪਿੱਛੋਂ ਬੰਦਾ ਸਿੰਘ ਬਹਾਦਰ ਨੇ ਖ਼ਾਲਸੇ ਦੀ ਵਾਗਡੋਰ ਸੰਭਾਲ ਕੇ ਬਹੁਤ ਵੱਡੇ ਹਿੱਸੇ ਵਿੱਚੋਂ ਮੁਗਲ ਸਾਮਰਾਜ ਨੂੰ ਜੜ੍ਹਾਂ ਤੋਂ ਉਖੇੜ ਦਿੱਤਾ ਸੀ। ਇਹ 1709-10 ਦਾ ਸਮਾਂ ਸੀ ਅਤੇ ਗਿਆਰਵੀਂ ਸਦੀ ਵਿੱਚ ਮੁਹੰਮਦ ਗੌਰੀ ਦੇ ਹਮਲਿਆਂ ਤੋਂ ਸ਼ੁਰੂ ਹੋ ਕੇ ਪਹਿਲਾ ਮੌਕਾ ਸੀ ਜਦੋਂ ਬਿਦੇਸ਼ੀ ਸਾਮਰਾਜ ਨੂੰ ਉਲਟਾ ਕੇ ਪੰਜਾਬ ਦੀ ਧਰਤੀ ‘ਤੇ ਇੱਥੋਂ ਦੇ ਲੋਕਾਂ ਦਾ ਰਾਜ ਸਥਾਪਤ ਕੀਤਾ ਗਿਆ ਸੀ। ਇਹ ਕੰਮ ਬੰਦਾ ਸਿੰਘ ਬਹਾਦਰ ਨੇ ਕੀਤਾ ਸੀ। ਬੰਦਾ ਸਿੰਘ ਬਹਾਦਰ ਨੇ ਖ਼ਾਲਸੇ ਦਾ ਰਾਜ ਜਾਂ ਦੂਜੇ ਸ਼ਬਦਾਂ ਵਿੱਚ ਇੱਥੋਂ ਦੇ ਲੋਕਾਂ ਦਾ ਰਾਜ ਸਥਾਪਤ ਕਰਕੇ, ਤੁਰੰਤ ਹੀ ਜਾਗੀਰਦਾਰੀਆਂ ਅਤੇ ਬਿਸਵੇਦਾਰੀਆਂ ਤੋੜ ਕੇ ਇੱਥੋਂ ਦੇ ਕੰਮੀ ਲੋਕਾਂ ਨੂੰ ਵੰਡ ਦਿੱਤੀਆਂ ਸਨ। ਪਿੰਡਾਂ ਦੇ ਕੰਮੀ ਲੋਕ ਵਹੀਰਾਂ ਘੱਤ ਕੇ ਬੰਦਾ ਸਿੰਘ ਬਹਾਦਰ ਕੋਲ ਪਹੁੰਚਦੇ ਸਨ ਅਤੇ ਉਸ ਕੋਲੋਂ ਜ਼ਮੀਨਾਂ ਦੇ ਪਟੇ, ਪਿੰਡਾਂ ਦੀਆਂ ਚੌਧਰਾਂ ਅਤੇ ਘੋੜ ਸਵਾਰਾਂ ਦੀਆਂ ਟੁਕੜੀਆਂ ਲੈ ਕੇ ਆਪੋ-ਆਪਣੇ ਪਿੰਡਾਂ ਨੂੰ ਮੁੜਦੇ ਸਨ। ਉਸ ਸਮੇਂ ਦੀਆਂ ਖ਼ੁਫ਼ੀਆ ਮੁਗਲ ਰਿਪੋਰਟਾਂ ਇਸ ਤਰ੍ਹਾਂ ਦੀਆਂ ਖ਼ਬਰਾਂ ਨਾਲ ਭਰੀਆਂ ਪਈਆਂ ਹਨ ਜਿਨ੍ਹਾਂ ਵਿੱਚ ਦੱਸਿਆ ਹੁੰਦਾ ਸੀ ਕਿ ਪਿੰਡਾਂ ਦੇ ਕੰਮੀ ਅਤੇ ਕਿਰਤੀ ਲੋਕਾਂ ਦੀਆਂ ਵਹੀਰਾਂ ਬੰਦਾ ਸਿੰਘ ਬਹਾਦਰ ਪਾਸ ਪਹੁੰਚ ਰਹੀਆਂ ਹਨ। ਇਹ ਬੰਦਾ ਸਿੰਘ ਬਹਾਦਰ ਦਾ ਖ਼ਾਲਸਾ ਇਨਕਲਾਬ ਸੀ। ਅੱਜ ਦੇ ਕੁਝ ਸਿੱਖ ਸਿਆਸਤਦਾਨ ਆਪਣੀ ਸਿਆਸਤ ਦੀ ਸਫ਼ਲਤਾ ਨਾਲ ਆਪਣੇ ਧੀਆਂ-ਪੁੱਤਾਂ ਨੂੰ ਪਾਲਦੇ ਹਨ ਪਰ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪੁੱਤਰਾਂ ਨੂੰ ਆਮ ਲੋਕਾਂ ਲਈ ਕੁਰਬਾਨ ਕਰ ਦਿੱਤਾ ਸੀ।
ਉਸ ਸਮੇਂ ਦਾ ਬਾਦਸ਼ਾਹ ਬਹਾਦਰ ਸ਼ਾਹ ਆਪਣੀਆਂ ਸਾਰੀਆਂ ਮੁਹਿੰਮਾਂ ਛੱਡ ਕੇ ਪਹੁੰਚ ਗਿਆ ਸੀ। ਉਸ ਦੇ ਨਾਲ ਹੀ ਰਾਜਪੂਤਾਨੇ ਦੇ ਸਾਰੇ ਰਾਜਪੂਤ ਰਾਜੇ, ਮਰਾਠੇ, ਹਰਿਆਣੇ ਅਤੇ ਯੂ.ਪੀ. ਦੇ ਜਾਟ ਨੇਤਾ ਪਹੁੰਚ ਗਏ ਸਨ। ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀਆਂ ਲੋਕ-ਫ਼ੌਜਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਸੀ। ਆਖ਼ਰ ਇਸ ਖ਼ਾਲਸਾ ਇਨਕਲਾਬ ਨੂੰ ਕੁਚਲ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਅਤੇ ਉਸ ਦੇ 780 ਸਾਥੀਆਂ ਨੂੰ ਜਿਉਂਦਿਆਂ ਨੂੰ ਪਕੜ ਲਿਆ ਗਿਆ ਸੀ ਪਰ ਬੰਦਾ ਸਿੰਘ ਬਹਾਦਰ ਆਪਣੀ ਅਤੇ ਆਪਣੇ ਪੁੱਤਰ ਦੀ ਸ਼ਹਾਦਤ ਦੇ ਕੇ ਹਕੂਮਤ ਨੂੰ ਆਖ਼ਰੀ ਵਾਰ ਵੀ ਮਾਤ ਪਾ ਗਿਆ ਸੀ।
ਮੁਗਲ ਸਾਮਰਾਜ ਫਿਰ ਤੋਂ ਪੰਜਾਬ ਵਿੱਚ ਕਾਇਮ ਹੋ ਗਿਆ ਸੀ। 1739 ਵਿੱਚ ਪੰਜਾਬ ਅਤੇ ਹਿੰਦੁਸਤਾਨ ਉਪਰ ਨਾਦਰ ਸ਼ਾਹ ਨੇ ਹਮਲਾ ਕੀਤਾ ਸੀ। ਉਸ ਨੇ ਸਾਰੇ ਉੱਤਰੀ ਭਾਰਤ ਨੂੰ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਤਹਿਸ-ਨਹਿਸ ਕਰ ਦਿੱਤਾ ਸੀ। ਸਾਰੀਆਂ ਹਿੰਦੁਸਤਾਨੀ ਤਾਕਤਾਂ, ਸਮੇਤ ਦਿੱਲੀ ਦੇ ਮੁਗਲ ਬਾਦਸ਼ਾਹ, ਉਸ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੀਆਂ ਸਨ ਪਰ ਖ਼ਾਲਸਾ ਪੰਥ ਪੰਜਾਬ ਵਿੱਚ ਦਰਿਆਵਾਂ ਦੇ ਕੰਢਿਆਂ ‘ਤੇ ਖੜ੍ਹਾ ਨਾਦਰ ਸ਼ਾਹ ਦੇ ਮੁੜਨ ਦੀ ਉਡੀਕ ਕਰ ਰਿਹਾ ਸੀ। ਜਿਉਂ ਹੀ ਨਾਦਰ ਸ਼ਾਹ ਦਿੱਲੀ ਨੂੰ ਲੁੱਟ ਕੇ ਵਾਪਸ ਆ ਰਿਹਾ ਸੀ ਤਾਂ ਖ਼ਾਲਸਾ ਜਥਿਆਂ ਨੇ ਉਸ ਦੀ ਫ਼ੌਜ ਨੂੰ ਹਰ ਦਰਿਆ ਦੇ ਕੰਢਿਆਂ ‘ਤੇ ਲੁੱਟ ਲਿਆ ਅਤੇ ਉਸ ਦੀ ਕੈਦ ਵਿੱਚੋਂ ਹਿੰਦੁਸਤਾਨੀ ਔਰਤਾਂ ਤੇ ਆਦਮੀਆਂ ਨੂੰ ਛੁਡਵਾਇਆ ਸੀ। ਜਿਸ ਤਰ੍ਹਾਂ ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਖੜ੍ਹਾ ਬਾਬਰ ਨੂੰ ਵੰਗਾਰ ਰਿਹਾ ਸੀ, ਉਸੇ ਤਰ੍ਹਾਂ ਨਾਦਰ ਦੇ ਹਮਲੇ ਸਮੇਂ ਵੀ ਇਕੱਲਾ ਖ਼ਾਲਸਾ ਹੀ ਉਸ ਦੇ ਘੋੜਿਆਂ ਦੇ ਸੁੰਮਾਂ ਹੇਠ ਅੰਗਿਆਰ ਵਿਛਾ ਰਿਹਾ ਸੀ। ਆਪਣੀ ਇਸ ਤਰ੍ਹਾਂ ਲੁੱਟ ਹੁੰਦੀ ਦੇਖ ਕੇ ਨਾਦਰ ਸ਼ਾਹ ਭੁਚੱਕਾ ਰਹਿ ਗਿਆ ਸੀ। ਉਸ ਦੇ ਪੰਜਾਬ ਦਾ ਗਵਰਨਰ ਜ਼ਕਰੀਆ ਖ਼ਾਨ ਸੀ। ਉਸ ਨੇ ਜ਼ਕਰੀਆ ਖ਼ਾਨ ਤੋਂ ਪੁੱਛਿਆ ਕਿ ਇਹ ਲੁੱਟ ਮਾਰ ਕਰਨ ਵਾਲੇ ਕੌਣ ਹਨ? ਇਨ੍ਹਾਂ ਗੱਲਾਂ ਨੂੰ ਮੁਸਲਮਾਨ ਲੇਖਕ ਅਹਿਮਦ ਸ਼ਾਹ ਬਟਾਲਵੀ ਨੇ ਵੀ ਲਿਖਿਆ ਹੈ। ਉਹ ਲਿਖਦਾ ਹੈ ਕਿ ਜ਼ਕਰੀਆ ਖ਼ਾਨ ਨੇ ਜਵਾਬ ਦਿੱਤਾ ਕਿ ਇਹ ਸਿੱਖ ਹਨ, ਗੁਰੂ ਨਾਨਕ ਦਾ ਨਾਂ ਲੈਂਦੇ ਹਨ, ਅੰਮ੍ਰਿਤਸਰ ਦੇ ਸਰੋਵਰ ਵਿੱਚ ਇਸ਼ਨਾਨ ਕਰ ਕੇ ਸ਼ਕਤੀ ਪ੍ਰਾਪਤ ਕਰਦੇ ਹਨ। ਨਾਦਿਰ ਸ਼ਾਹ ਨੇ ਪੁੱਛਿਆ ਕਿ ਇਹ ਰਹਿੰਦੇ ਕਿੱਥੇ ਹਨ? ਦੱਸਿਆ ਗਿਆ ਕਿ ਇਨ੍ਹਾਂ ਦਾ ਘਰ-ਘਾਟ ਕੋਈ ਨਹੀਂ ਹੈ। ਹਕੂਮਤ ਨੇ ਇਨ੍ਹਾਂ ਨੂੰ ਕੁੱਟਮਾਰ ਕੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਕੱਢ ਦਿੱਤਾ ਹੈ। ਹੁਣ ਤਾਂ ਇਹ ਘੋੜਿਆਂ ਦੀਆਂ ਕਾਠੀਆਂ ‘ਤੇ ਹੀ ਰਹਿੰਦੇ ਹਨ। ਜੰਗਲਾਂ ਦੇ ਝੁੰਡ ਹੀ ਇਨ੍ਹਾਂ ਦੀਆਂ ਬਸਤੀਆਂ ਹਨ। ਨਾਦਰ ਸ਼ਾਹ ਨੇ ਤੁਰੰਤ ਕਿਹਾ ਕਿ ‘ਤਾਂ ਫਿਰ ਇਨ੍ਹਾਂ ਤੋਂ ਬਚ ਕੇ ਰਹਿ। ਜੇ ਇਨ੍ਹਾਂ ‘ਤੇ ਤੁਰੰਤ ਕਾਬੂ ਨਾ ਪਾਇਆ ਤਾਂ ਇਹ ਇਸ ਧਰਤੀ ਦੇ ਮਾਲਕ ਬਣ ਜਾਣਗੇ।’ ਨਾਦਰ ਸ਼ਾਹ ਜੈਸੇ ਮਹਾਂ-ਧਾੜਵੀ ਦੀਆਂ ਇਸ ਤਰ੍ਹਾਂ ਦੀਆਂ ਟੂਕਾਂ ਸਿਰਫ਼ ਇਹੋ ਹੀ ਦਰਸਾ ਰਹੀਆਂ ਹਨ ਕਿ ਜਦੋਂ ਸਾਰਾ ਹਿੰਦੁਸਤਾਨ ਹਮਲਾਵਰਾਂ ਅੱਗ ਝੁਕ ਗਿਆ ਸੀ ਤਾਂ ਖ਼ਾਲਸਾ ਆਪਣੀ ਮਾਂ-ਭੂਮੀ (ਜਾਂ ਪਿਤਰ-ਭੂਮੀ) ਦੇ ਹੋਏ ਅਪਮਾਨ ਦਾ ਬਦਲਾ ਲੈ ਰਿਹਾ ਸੀ।
ਨਾਦਰ ਸ਼ਾਹ ਦੇ ਹਮਲੇ ਤੋਂ ਪੰਜਾਬ ਦੇ ਇਲਾਕਿਆਂ ਨੂੰ ਤੋੜਨ ਦੀ ਗੱਲ ਸ਼ੁਰੂ ਹੋ ਗਈ ਸੀ। ਨਾਦਰ ਸ਼ਾਹ ਨੇ ਪਹਿਲੀ ਵਾਰ ਪੰਜਾਬ ਦੇ ਚਾਰ ਪਰਗਨੇ, ਜਿਨ੍ਹਾਂ ਨੂੰ ਉਸ ਸਮੇਂ ਦੀ ਬੋਲੀ ਵਿੱਚ ‘ਚਾਰ ਮਹਲ’ ਕਿਹਾ ਜਾਂਦਾ ਸੀ, ਮੁਗਲ ਬਾਦਸ਼ਾਹ ਕੋਲੋਂ ਆਪਣੇ ਸਾਮਰਾਜ ਵਿੱਚ ਮਿਲਾਉਣ ਦੀ ਲਿਖਤੀ ਪ੍ਰਵਾਨਗੀ ਲੈ ਲਈ ਸੀ। ਇਸ ਦੇ ਨਾਲ ਹੀ ਉਸ ਨੇ ਜਿਹਲਮ ਅਤੇ ਸਿੰਧ ਦੇ ਵਿਚਕਾਰਲਾ ਦੁਆਬ ਵੀ ਲਿਖਤੀ ਰੂਪ ਵਿੱਚ ਲੈ ਲਿਆ ਸੀ। ਇਉਂ ਹਿੰਦੁਸਤਾਨ ਦੇ ਆਪਣੇ ਹਾਕਮਾਂ ਨੇ ਹੀ ਦੇਸ਼ ਦੀ ਪੱਛਮੀ ਸਰਹੱਦ ਨੂੰ ਸੁੰਗੇੜਨਾ ਸ਼ੁਰੂ ਕਰ ਦਿੱਤਾ ਸੀ। ਇਸ ਹਿਸਾਬ ਨਾਲ ਹਿੰਦੁਸਤਾਨ ਦੀ ਪੱਛਮੀ ਹੱਦ ਸਿੰਧ ਦਰਿਆ ਨਹੀਂ ਸੀ ਸਗੋਂ ਜਿਹਲਮ ਬਣ ਗਿਆ ਸੀ।
ਨਾਦਰ ਸ਼ਾਹ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਉਪਰ ਹਮਲੇ 1747-48 ਤੋਂ ਲੈ ਕੇ 1767-68 ਤੱਕ ਜਾਰੀ ਰੱਖੇ ਸਨ। ਇਨ੍ਹਾਂ ਦੇ ਸਿੱਟੇ ਵਜੋਂ ਸਤਲੁਜ ਤੱਕ ਦਾ ਸਾਰਾ ਇਲਾਕਾ ਅਫ਼ਗ਼ਾਨ ਸਾਮਰਾਜ ਵਿੱਚ ਮਿਲਾ ਲਿਆ ਗਿਆ ਸੀ। ਅਹਿਮਦ ਸ਼ਾਹ ਅਬਦਾਲੀ ਸਮੇਂ ਹਿੰਦੁਸਤਾਨ ਦੀ ਪੱਛਮੀ ਸਰਹੱਦ ਸਿੰਧ ਅਤੇ ਜਿਹਲਮ ਨਹੀਂ ਸਗੋਂ ਸਤਲੁਜ ਦਰਿਆ ਸੀ। ਸਤਲੁਜ ਤੋਂ ਲੈ ਕੇ ਸਿੰਧ ਦਰਿਆ ਤੱਕ ਦਾ ਵਿਸ਼ਾਲ ਖੇਤਰ ਹਿੰਦੁਸਤਾਨੀ ਹਾਕਮਾਂ ਨੇ ਆਪਣੇ ਹੱਥਾਂ ਨਾਲ ਲਿਖ ਕੇ ਅਫ਼ਗ਼ਾਨ ਸਾਮਰਾਜ ਨੂੰ ਦੇ ਦਿੱਤਾ ਸੀ। ਇਸ ਲਈ ਇਕੱਲਾ ਮੁਗਲ ਬਾਦਸ਼ਾਹ (ਅਹਿਮਦ ਸ਼ਾਹ) ਜਾਂ ਮੁਗਲ ਅਧਿਕਾਰੀ ਹੀ ਜ਼ਿੰਮੇਵਾਰ ਨਹੀਂ ਸਨ ਸਗੋਂ ਮਰਾਠਾ ਨੇਤਾ ਵੀ ਉਨੇ ਹੀ ਜ਼ਿੰਮੇਵਾਰ ਸਨ। ਅਬਦਾਲੀ ਦੇ ਪਿਛਲੇ ਹਮਲਿਆਂ ਸਮੇਂ ਮਰਾਠੇ ਹੀ ਉੱਤਰੀ ਹਿੰਦੁਸਤਾਨ ਦੇ ਮਾਲਕ ਸਨ ਪਰ ਉਹ 1761 ਵਿੱਚ ਪਾਣੀਪਤ ਦੀ ਤੀਜੀ ਲੜਾਈ ਵਿੱਚ ਇਹ ਸਭ ਛੱਡ ਚੁੱਕੇ ਸਨ। ਮੁੜ ਕੇ ਉਨ੍ਹਾਂ ਨੇ ਇਹ ਇਲਾਕੇ ਵਾਪਸ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਸ ਵਿਸ਼ਾਲ ਖੇਤਰ ਵਿੱਚ ਸਤਲੁਜ ਤੋਂ ਲੈ ਕੇ ਸਿੰਧ ਦਰਿਆ ਵਿਚਕਾਰਲਾ ਸਾਰਾ ਪੰਜਾਬ ਕਸ਼ਮੀਰ ਸਮੇਤ ਲੇਹ ਅਤੇ ਲੱਦਾਖ ਅਤੇ ਸਿੰਧ ਪ੍ਰਾਂਤ ਦਾ ਇਲਾਕਾ ਵੀ ਸ਼ਾਮਲ ਸੀ। ਇਹ ਵਿਸ਼ਾਲ ਖੇਤਰ ਹਿੰਦੁਸਤਾਨ ਕੋਲੋਂ ਖੋਹ ਲਿਆ ਗਿਆ ਸੀ।
ਹਿੰਦੁਸਤਾਨ ਦੀਆਂ ਸਾਰੀਆਂ ਤਾਕਤਾਂ ਅਹਿਮਦ ਸ਼ਾਹ ਅਬਦਾਲੀ ਸਾਹਮਣੇ ਹਾਰ ਮੰਨ ਚੁੱਕੀਆਂ ਸਨ। ਮਰਾਠਿਆਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਈਨ ਮੰਨ ਕੇ ਆਪਣਾ ਰਾਜ-ਭਾਗ ਸੰਭਾਲ ਲਿਆ ਸੀ। ਅਬਦਾਲੀ ਹਿੰਦੁਸਤਾਨ ਵਿੱਚ ਰਹਿਣਾ ਨਹੀਂ ਸੀ ਚਾਹੁੰਦਾ ਪਰ ਉਹ ਹਿੰਦੁਸਤਾਨ ਨੂੰ ਐਸੀ ਤਾਕਤ ਹਵਾਲੇ ਕਰਨਾ ਚਾਹੁੰਦਾ ਸੀ ਜਿਹੜੀ ਅਬਦਾਲੀ ਨੂੰ ਆਪਣਾ ਸੁਪਰੀਮ ਲਾਰਡ ਸਮਝ ਕੇ ਰਾਜ ਕਰੇ। ਮਰਾਠੇ ਇਸ ਕੰਮ ਲਈ ਤਿਆਰ ਹੋ ਗਏ ਸਨ। ਮਰਾਠਿਆਂ ਵੱਲੋਂ ਅਬਦਾਲੀ ਹੇਠਾਂ ਰਹਿ ਕੇ ਰਾਜ ਕਰਨ ਦੀ ਗੱਲ ਨਾਲ ਅਬਦਾਲੀ ਦਾ ਇੱਕ ਕੰਮ ਤਾਂ ਪੂਰਾ ਹੋ ਗਿਆ ਸੀ ਪਰ ਉਹ ਇਸ ਦੇ ਨਾਲ-ਨਾਲ ਪੰਜਾਬ ਵੀ ਆਪਣੀ ਵਿਸ਼ਵਾਸ-ਪਾਤਰ ਧਿਰ ਨੂੰ ਸੌਂਪਣਾ ਚਾਹੁੰਦਾ ਸੀ ਤਾਂ ਕਿ ਉਹ ਹਿੰਦੁਸਤਾਨ ਵਿੱਚ ਆਉਣ ਲਈ ਪੰਜਾਬ ਵਿੱਚੋਂ ਦੀ ਸੁਰੱਖਿਅਤ ਲੰਘ ਸਕੇ। ਸੰਨ 1764-65 ਤੱਕ ਅਬਦਾਲੀ ਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਪੰਜਾਬ ਨੂੰ ਸਿਰਫ਼ ਸਿੱਖ ਸੰਭਾਲ ਸਕਦੇ ਸਨ। ਇਸ ਲਈ ਅਬਦਾਲੀ ਦੀਆਂ ਸਾਰੀਆਂ ਕੋਸ਼ਿਸ਼ਾਂ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਲਈ ਲੱਗ ਗਈਆਂ ਸਨ। ਸੰਨ 1765 ਵਿੱਚ ਜਦੋਂ ਅਬਦਾਲੀ ਸੱਤਵੀਂ ਵਾਰ ਲਾਹੌਰ ਆਇਆ ਤਾਂ ਉਸ ਸਮੇਂ ਸਰਦਾਰ ਲਹਿਣਾ ਸਿੰਘ ਭੰਗੀ ਲਾਹੌਰ ਦਾ ਹਾਕਮ ਸੀ। ਅਬਦਾਲੀ ਨੇ ਲਾਹੌਰ ਦੇ ਨਾਮਵਰ ਵਸਨੀਕਾਂ ਨੂੰ ਇਕੱਠਾ ਕਰਕੇ ਪੁੱਛਿਆ ਕਿ ਲਾਹੌਰ ਦਾ ਗਵਰਨਰ ਕਿਸ ਨੂੰ ਬਣਾਉਣਾ ਚਾਹੀਦਾ ਹੈ। ਸਾਰੇ ਵਸਨੀਕਾਂ ਨੇ ਇੱਕ ਰਾਇ ਨਾਲ ਕਿਹਾ ਕਿ ਇੱਥੇ ਲਹਿਣਾ ਸਿੰਘ ਭੰਗੀ ਰਾਜ ਕਰਦਾ ਰਿਹਾ ਹੈ। ਕਿਸੇ ਵੀ ਨਾਗਰਿਕ ਨੂੰ ਉਸ ਤੋਂ ਕੋਈ ਵੀ ਸ਼ਿਕਾਇਤ ਨਹੀਂ ਹੈ। ਉਸ ਦੇ ਰਾਜ ਵਿੱਚ ਪਹਿਲੀ ਵਾਰ ਲਾਹੌਰ ਨਿਵਾਸੀਆਂ ਨੂੰ ਸੁੱਖ-ਸ਼ਾਂਤੀ ਦਾ ਸਮਾਂ ਮਿਲਿਆ ਹੈ। ਇਹ ਸੁਣ ਕੇ ਅਬਦਾਲੀ ਨੇ ਕਿਹਾ, ”ਜਾਓ, ਲਹਿਣਾ ਸਿੰਘ ਭੰਗੀ ਨੂੰ ਸਮਝਾ-ਬੁਝਾ ਕੇ ਇੱਕ ਵਾਰ ਮੇਰੇ ਕੋਲ ਲੈ ਆਓ। ਮੈਂ ਉਸ ਨੂੰ ਆਪਣੇ ਵੱਲੋਂ ਲਾਹੌਰ ਦਾ ਗਵਰਨਰ ਬਣਾ ਦਿਆਂਗਾ।”
ਲਾਹੌਰ ਦੇ ਵਸਨੀਕ ਅਬਦਾਲੀ ਵੱਲੋਂ ਦਿੱਤੇ ਤੋਹਫ਼ਿਆਂ ਨਾਲ ਲਹਿਣਾ ਸਿੰਘ ਭੰਗੀ ਦੀ ਭਾਲ ਕਰਦੇ ਹੋਏ ਉਸ ਕੋਲ ਪਹੁੰਚ ਗਏ ਸਨ। ਯਾਦ ਰਹੇ ਜਦੋਂ ਅਬਦਾਲੀ ਲਾਹੌਰ ਪਹੁੰਚਿਆ ਸੀ ਤਾਂ ਲਹਿਣਾ ਸਿੰਘ ਭੰਗੀ ਵੀ ਬਾਕੀ ਸਿੱਖ ਸਰਦਾਰਾਂ ਸਮੇਤ ਲਾਹੌਰ ਛੱਡ ਕੇ ਅਬਦਾਲੀ ਤੋਂ ਇੰਨੀ ਦੂਰ ਚਲੇ ਗਏ ਸਨ ਜਿੱਥੋਂ ਤੱਕ ਉਹ ਸਮਝਦੇ ਸਨ ਕਿ ਇੱਥੇ ਤੱਕ ਪਹੁੰਚ ਕੇ ਅਬਦਾਲੀ ਉਨ੍ਹਾਂ ਉਪਰ ਕੋਈ ਤਕੜੀ ਕਾਰਵਾਈ ਨਹੀਂ ਕਰ ਸਕਦਾ ਸੀ। ਸਿੱਖ ਸਰਦਾਰਾਂ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਉਹ ਅਬਦਾਲੀ ਦਾ ਤਾਜ਼ਾਦਮ ਮੁਕਾਬਲਾ ਕਰ ਸਕਣ। ਜਦੋਂ ਅਬਦਾਲੀ ਥੱਕ ਅਤੇ ਅੱਕ ਜਾਂਦਾ ਸੀ ਤਾਂ ਹੀ ਉਹ ਅਬਦਾਲੀ ਉਪਰ ਗੁਰੀਲਾ ਹਮਲੇ ਕਰਦੇ ਸਨ। ਇਹ ਸਿੱਖਾਂ ਦੀ ਯੁੱਧ-ਨੀਤੀ ਸੀ। ਲਾਹੌਰ ਵਾਸੀ ਲਹਿਣਾ ਸਿੰਘ ਭੰਗੀ ਕੋਲ ਗਏ। ਉਸ ਨੂੰ ਅਬਦਾਲੀ ਵੱਲੋਂ ਭੇਜੇ ਗਏ ਤੋਹਫ਼ੇ (ਸੁੱਕੇ ਮੇਵੇ ਅਤੇ ਗਰਮ ਸ਼ਾਲ) ਦਿੱਤੇ ਤੇ ਇਹ ਵੀ ਦੱਸਿਆ ਕਿ ਅਬਦਾਲੀ ਨੇ ਉਸ ਨੂੰ ਲਾਹੌਰ ਦਾ ਗਵਰਨਰ ਬਣਾ ਦੇਣਾ ਹੈ। ਲਹਿਣਾ ਸਿੰਘ ਭੰਗੀ ਨੇ ਇਹ ਜਵਾਬ ਦਿੱਤਾ ਸੀ: ‘ਖਾਲਸੇ ਨੇ ਜੋ ਕੁਝ ਲੈਣਾ ਹੈ ਉਹ ਅਕਾਲ ਪੁਰਖ ਤੋਂ ਲੈਣਾ ਹੈ। ਅਸੀਂ ਤਾਂ ਭੁੱਜੇ ਹੋਏ ਛੋਲੇ ਅਤੇ ਮਿੱਸੀਆਂ ਰੋਟੀਆਂ ਖਾ ਕੇ ਪਲੇ ਹਾਂ, ਜੰਗਲਾਂ ਵਿੱਚ ਰਹਿ ਕੇ ਜੀਵਨ ਬਤੀਤ ਕੀਤਾ ਹੈ। ਇਹ ਮੇਵੇ ਤੇ ਗਰਮ ਸ਼ਾਲ ਸਾਡੇ ਕਿਸੇ ਕੰਮ ਦੇ ਨਹੀਂ। ਅਬਦਾਲੀ ਨੇ ਜੋ ਕੁਝ ਦੇਣਾ ਹੈ, ਉਹ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਦੇਵੇ। ਉੱਥੇ ਸਰਬੱਤ ਖ਼ਾਲਸਾ ਫ਼ੈਸਲਾ ਕਰੇਗਾ ਕਿ ਅਬਦਾਲੀ ਦੀਆਂ ਪੇਸ਼ਕਸ਼ਾਂ ਦਾ ਕੀ ਕਰਨਾ ਹੈ। ਮੈਂ ਇਕੱਲਾ ਇਸ ਬਾਰੇ ਕੁਝ ਨਹੀਂ ਕਹਿ ਸਕਦਾ।’
ਇਹ ਪੇਸ਼ਕਸ਼ ਨਾਕਾਮ ਹੋ ਜਾਣ ਤੋਂ ਬਾਅਦ ਅਬਦਾਲੀ ਪੰਜਾਬ ਨੂੰ ਉਸੇ ਤਰ੍ਹਾਂ ਛੱਡ ਕੇ ਹੀ ਵਾਪਸ ਚਲਿਆ ਗਿਆ ਸੀ। ਖ਼ਾਲਸੇ ਨੇ ਉਸ ਦੇ ਜਾਣ ਤੋਂ ਬਾਅਦ ਫਿਰ ਸਾਰੇ ਪੰਜਾਬ ਨੂੰ ਪਹਿਲਾਂ ਵਾਂਗ ਹੀ ਰੋਕ ਲਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਹਿੰਦੁਸਤਾਨ ਦੀ ਕਿਸੇ ਵੀ ਤਾਕਤ ਨੂੰ ਸਤਲੁਜ ਤੋਂ ਲੈ ਕੇ ਸਿੰਧ ਦਰਿਆ ਤੱਕ ਦੇ ਵਿਸ਼ਾਲ ਖੇਤਰ ਦੀ ਪ੍ਰਵਾਹ ਨਹੀਂ ਸੀ। ਸਿਰਫ਼ ਸਿੱਖ ਆਪਣੇ ਦੇਸ਼ ਨੂੰ ਸਿੰਧ ਦਰਿਆ ਤੱਕ ਆਪਣਾ ਸਮਝਦੇ ਸਨ। ਉਹ ਇੱਥੇ ਕਿਸੇ ਵੀ ਵਿਦੇਸ਼ੀ ਹਾਕਮ ਦਾ ਰਾਜ ਨਹੀਂ ਚਾਹੁੰਦੇ ਸਨ। ਉਨ੍ਹਾਂ ਦਾ ਨਿਸ਼ਾਨਾ ਪੰਜਾਬ ਨੂੰ ਸੁਤੰਤਰ ਕਰਾ ਕੇ ਇੱਥੋਂ ਦੇ ਲੋਕਾਂ ਦਾ ਰਾਜ ਸਥਾਪਤ ਕਰਨਾ ਸੀ। ਉਨ੍ਹਾਂ ਸਾਹਮਣੇ ਬੰਦਾ ਸਿੰਘ ਬਹਾਦਰ ਦਾ ਕਾਇਮ ਕੀਤਾ ਹੋਇਆ ਰਾਜ ਇੱਕ ਮਾਡਲ ਦੀ ਤਰ੍ਹਾਂ ਸੀ। ਅਬਦਾਲੀ ਆਖ਼ਰ ਬੇਵੱਸੀ ਦੀ ਹਾਲਤ ਵਿੱਚ ਪੰਜਾਬ ਨੂੰ ਲਲਚਾਈਆਂ ਅੱਖਾਂ ਨਾਲ ਦੇਖਦਾ ਹੋਇਆ ਮਰ ਗਿਆ ਸੀ। ਉਸ ਨੇ ਮਰਾਠਿਆਂ ਨੂੰ ਹਰਾਇਆ ਸੀ ਪਰ ਪੰਜਾਬ ਵਿੱਚੋਂ ਸਿੱਖਾਂ ਨੇ ਅਬਦਾਲੀ ਨੂੰ ਭਜਾ ਦਿੱਤਾ ਸੀ।
ਅਬਦਾਲੀ ਤੋਂ ਬਾਅਦ ਉਸ ਦੇ ਪੁੱਤਰ ਤੈਮੂਰ ਸ਼ਾਹ ਅਤੇ ਉਸ ਦੇ ਪੋਤਰੇ ਸ਼ਾਹ ਜ਼ਮਾਨ ਦੇ ਹਮਲਿਆਂ ਦੀ ਗੱਲ ਬੜੀ ਦਿਲਚਸਪ ਹੈ। ਦਿੱਲੀ ਦਾ ਮੁਗਲ ਬਾਦਸ਼ਾਹ ਆਲਮ ਤੈਮੂਰ ਦਾ ਸਾਲਾ ਸੀ। ਉਹ ਚਾਹੁੰਦਾ ਸੀ ਕਿ ਤੈਮੂਰ ਸ਼ਾਹ ਦਿੱਲੀ ਪਹੁੰਚ ਕੇ ਉਸ ਦੀਆਂ ਦੁਸ਼ਮਣ ਤਾਕਤਾਂ ਨੂੰ ਸਬਕ ਸਿਖਾਏ। ਇਸ ਦੇ ਬਦਲੇ ਉਹ ਭਾਵੇਂ ਇੱਥੋਂ ਕੁਝ ਵੀ ਲੈ ਜਾਵੇ। ਇਸ ਮਕਸਦ ਲਈ ਤੈਮੂਰ ਸ਼ਾਹ ਨੇ ਕਾਬਲ ਤੋਂ ਚੱਲ ਕੇ ਦਿੱਲੀ ਪਹੁੰਚਣ ਦੀਆਂ ਤਿੰਨ ਕੋਸ਼ਿਸ਼ਾਂ ਕੀਤੀਆਂ ਪਰ ਉਹ ਪੰਜਾਬ ਵਿੱਚੋਂ ਨਹੀਂ ਲੰਘ ਸਕਿਆ ਕਿਉਂਕਿ ਖ਼ਾਲਸੇ ਨੇ ਕਿਹਾ ਹੋਇਆ ਸੀ ਕਿ ਪੰਜਾਬ ਖ਼ਾਲਸੇ ਦਾ ਹੈ। ਇੱਥੋਂ ਦੀ ਕੋਈ ਧਾੜਵੀ ਜਾਂ ਹਮਲਾਵਰ ਨਹੀਂ ਲੰਘ ਸਕਦਾ। ਸੰਨ 1793 ਵਿੱਚ ਤੈਮੂਰ ਸ਼ਾਹ ਮਰ ਗਿਆ ਸੀ ਅਤੇ ਉਸ ਦਾ ਪੁੱਤਰ ਸ਼ਾਹ ਜ਼ਮਾਨ ਕਾਬਲ ਦਾ ਬਾਦਸ਼ਾਹ ਬਣਿਆ। ਉਸ ਨੇ ਵੀ ਤਿੰਨ ਵਾਰ ਆਪਣੇ ਮਾਮੇ ਸ਼ਾਹ ਆਲਮ ਦੀ ਮਦਦ ਕਰਨ ਲਈ ਦਿੱਲੀ ਪਹੁੰਚਣਾ ਚਾਹਿਆ ਪਰ ਉਹ ਵੀ ਪੰਜਾਬ ਵਿੱਚੋਂ ਲੰਘ ਕੇ ਦਿੱਲੀ ਨਹੀਂ ਪਹੁੰਚ ਸਕਿਆ ਕਿਉਂਕਿ ਪੰਜਾਬ ਵਿੱਚ ਖ਼ਾਲਸੇ ਦੀਆਂ ਮਿਸਲਾਂ ਦਾ ਰਾਜ ਸੀ। ਆਖ਼ਰੀ ਵਾਰ ਸ਼ਾਹ ਜ਼ਮਾਨ ਨੇ ਵੀ ਕੋਸ਼ਿਸ਼ ਕੀਤੀ ਸੀ ਕਿ ਸਿੱਖ ਨੇਤਾ ਉਸ ਪਾਸ ਆਉਣ ਅਤੇ ਉਹ ਸਿੱਖਾਂ ਨੂੰ ਪੰਜਾਬ ਸੌਂਪ ਦੇਵੇਗਾ। ਦੂਜੇ ਪਾਸੇ ਸਿੱਖ ਨੇਤਾ ਵਾਰ ਵਾਰ ਕਹਿ ਰਹੇ ਸਨ ਕਿ ਉਨ੍ਹਾਂ ਨੇ ਪੰਜਾਬ ਨੂੰ ਪਹਿਲੋਂ ਹੀ ਆਪਣੀ ਹਿੰਮਤ ਨਾਲ ਰੋਕਿਆ ਹੈ, ਹੁਣ ਉਹ ਸਾਨੂੰ ਕੀ ਦੇਵੇਗਾ। ਉਸ ਸਮੇਂ ਸਿੱਖ ਨੇਤਾ ਮਹਾਰਾਜਾ ਰਣਜੀਤ ਸਿੰਘ ਸੀ। ਇਸ ਨੇ ਸ਼ਾਹ ਜ਼ਮਾਨ ਨੂੰ ਲਾਹੌਰ ਕਿਲ੍ਹੇ ਦੇ ਸੰਮਣ ਬੁਰਜ ਹੇਠ ਖਲੋ ਕੇ ਕਿਹਾ ਸੀ, ”ਐ ਅਦਬਾਲੀ ਦੇ ਪੋਤਰੇ ਤੈਨੂੰ ਖ਼ਾਲਸੇ ਦਾ ਨੇਤਾ ਲਲਕਾਰ ਰਿਹਾ ਹੈ। ਜਾਂ ਤਾਂ ਬਾਹਰ ਨਿਕਲ ਕੇ ਦੋ-ਦੋ ਹੱਥ ਕਰ, ਨਹੀਂ ਤਾਂ ਜਿੱਧਰੋਂ ਆਇਆ ਹੈਂ ਓਧਰ ਨੂੰ ਹੀ ਚਲਾ ਜਾ।” ਇਸ ਤਰ੍ਹਾਂ ਦੀਆਂ ਗੱਲਾਂ ਸਿੱਖ ਨੇਤਾ ਉਸ ਸਮੇਂ ਕਰ ਰਹੇ ਸਨ ਜਦੋਂ ਹਿੰਦੁਸਤਾਨ ਦੀਆਂ ਸਾਰੀਆਂ ਤਾਕਤਾਂ- ਮਰਾਠੇ, ਰਾਜਪੂਤ, ਰੁਹੇਲੇ, ਮੁਗ਼ਲ ਆਦਿ ਬਿਲਕੁਲ ਹਾਰ ਚੁੱਕੀਆਂ ਸਨ ਅਤੇ ਹਿੰਦੁਸਤਾਨ ਦੇ ਪੰਜਾਬ, ਕਸ਼ਮੀਰ ਅਤੇ ਸਿੰਧ ਖੇਤਰਾਂ ਨੂੰ ਭੁੱਲ ਚੁੱਕੀਆਂ ਸਨ।
ਅਫ਼ਗ਼ਾਨ ਸਾਮਰਾਜ ਦੀ ਕਬਰ ‘ਤੇ ਖਾਲਸੇ ਦਾ ਰਾਜ ਉਸਾਰਿਆ ਗਿਆ ਸੀ। ਸੰਨ 1799 ਵਿੱਚ ਲਾਹੌਰ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੇ ਬਾਕਾਇਦਾ ਰੂਪ ਵਿੱਚ ਖ਼ਾਲਸੇ ਦੇ ਰਾਜ ਦਾ ਐਲਾਨ ਕਰ ਦਿੱਤਾ ਸੀ। ਜਿਉਂ ਜਿਉਂ ਖ਼ਾਲਸਾ ਰਾਜ ਫੈਲ ਰਿਹਾ ਸੀ ਤਿਉਂ ਤਿਉਂ ਅਫ਼ਗ਼ਾਨ ਸਾਮਰਾਜ ਸੁੰਗੜ ਰਿਹਾ ਸੀ। ਅਖ਼ੀਰ 1815-16 ਵਿੱਚ ਅਹਿਮਦ ਸ਼ਾਹ ਅਦਬਾਲੀ ਦੇ ਦੋਵੇਂ ਪੋਤਰੇ ਸ਼ਾਹ ਜ਼ਮਾਨ ਅਤੇ ਸ਼ਾਹ ਸੁਜ਼ਾ ਖ਼ਾਲਸੇ ਦੀ ਸ਼ਰਨ ਵਿੱਚ ਆ ਗਏ ਸਨ। ਸ਼ਾਹ ਜ਼ਮਾਨ ਨੂੰ 1801 ਵਿੱਚ ਤਖ਼ਤ ਤੋਂ ਲਾਹ ਕੇ ਦੋਵੇਂ ਅੱਖਾਂ ਤੋਂ ਅੰਨ੍ਹਾ ਕਰ ਦਿੱਤਾ ਗਿਆ ਸੀ। ਤਿੰਨ ਕੁ ਸਾਲਾਂ ਬਾਅਦ ਸ਼ਾਹ ਸੁਜ਼ਾਹ ਕਾਬਲ ਦਾ ਬਾਦਸ਼ਾਹ ਬਣ ਗਿਆ ਸੀ। ਇਹ ਸ਼ਾਹ ਜ਼ਮਾਨ ਦਾ ਛੋਟਾ ਭਰਾ ਸੀ ਪਰ 1808 ਵਿੱਚ ਇਸ ਨੂੰ ਵੀ ਤਖ਼ਤ ਤੋਂ ਲਾਹ ਦਿੱਤਾ ਗਿਆ ਸੀ। ਆਖ਼ਰ ਇਹ ਦੋਵੇਂ ਭਰਾ ਬਚਦੇ-ਬਚਾਉਂਦੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਵਿੱਚ ਆ ਗਏ ਸਨ। ਇਤਿਹਾਸ ਨੇ ਆਪਣਾ ਪੂਰਾ ਚੱਕਰ ਕੱਟ ਲਿਆ ਸੀ। ਤਿੰਨ ਵਾਰ ਪੰਜਾਬ ਵਿੱਚ ਹਮਲਾਵਰ ਵਜੋਂ ਆਇਆ ਸ਼ਾਹ ਜ਼ਮਾਨ 1815 ਵਿੱਚ ਪੰਜਾਬ ਵਿੱਚ ਹੀ ਸ਼ਰਨ ਲੈਣ ਲਈ ਮਜਬੂਰ ਹੋ ਗਿਆ ਸੀ। ਇਹ ਸਭ ਖ਼ਾਲਸੇ ਦੀਆਂ ਪ੍ਰਾਪਤੀਆਂ ਸਨ। ਜਿਹੜਾ ਕੋਹਿਨੂਰ ਹੀਰਾ ਸੰਨ 1739 ਵਿੱਚ ਮੁਗਲ ਬਾਦਸ਼ਾਹ ਕੋਲੋਂ ਨਾਦਰ ਸ਼ਾਹ ਖੋਹ ਕੇ ਲੈ ਗਿਆ ਸੀ ਉਹੀ ਕੋਹਿਨੂਰ ਹੀਰਾ ਅਹਿਮਦ ਸ਼ਾਹ ਅਦਬਾਲੀ ਕੋਲ ਹੁੰਦਾ ਹੋਇਆ ਪਹਿਲਾਂ ਤੈਮੂਰ ਸ਼ਾਹ, ਫਿਰ ਸ਼ਾਹ ਜ਼ਮਾਨ ਅਤੇ ਫਿਰ ਸ਼ਾਹ ਸੁਜ਼ਾਹ ਪਾਸ ਪਹੁੰਚ ਗਿਆ ਸੀ। ਜਦੋਂ ਸ਼ਾਹ ਸੁਜ਼ਾਹ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਵਿੱਚ ਆ ਗਿਆ ਤਾਂ ਕੋਹਿਨੂਰ ਹੀਰਾ ਮੁੜ ਮਹਾਰਾਜਾ ਰਣਜੀਤ ਸਿੰਘ ਪਾਸ ਪਹੁੰਚ ਗਿਆ ਸੀ।
ਮਹਾਰਾਜਾ ਰਣਜੀਤ ਸਿੰਘ ਵੱਲੋਂ ਸੰਨ 1799 ਵਿੱਚ ਕਾਇਮ ਰਾਜ ਸੰਨ 1839 ਤਕ ਫੈਲਦਾ ਅਤੇ ਪਰਸਦਾ ਹੋਇਆ ਕਾਬਲ-ਕੰਧਾਰ ਤਕ ਪਹੁੰਚ ਗਿਆ ਸੀ। ਪੰਜਾਬ ਅਤੇ ਹਿੰਦੁਸਤਾਨ ਦਾ ਉਹ ਖੁੱਸਿਆ ਹੋਇਆ ਵਿਸ਼ਾਲ ਖੇਤਰ, ਜਿਸ ਨੂੰ ਹਿੰਦੁਸਤਾਨੀ ਤਾਕਤਾਂ ਉੱਕਾ ਹੀ ਵਿਸਾਰ ਚੁੱਕੀਆਂ ਸਨ, ਖ਼ਾਲਸੇ ਨੇ ਫਿਰ ਤੋਂ ਅਫ਼ਗ਼ਾਨ ਸਾਮਰਾਜ ਕੋਲੋਂ ਖੋਹ ਕੇ ਵਾਪਸ ਲੈ ਲਿਆ ਸੀ। ਇਸ ਵਾਪਸ ਲਏ ਹੋਏ ਇਲਾਕੇ ਵਿੱਚ ਖ਼ਾਲਸੇ ਨੇ ਆਪਣੀ ਅਗਵਾਈ ਹੇਠ ਹਿੰਦੁਸਤਾਨੀ ਲੋਕਾਂ ਦਾ ਹੀ ਰਾਜ ਸਥਾਪਤ ਕੀਤਾ ਸੀ। ਖ਼ਾਲਸਾ ਰਾਜ ਦੀਆਂ ਪੱਛਮੀ ਹੱਦਾਂ ਸਿੰਧ ਦਰਿਆ ਤੋਂ ਵੀ ਪਰ੍ਹੇ ਚਲੀਆਂ ਗਈਆਂ ਸਨ। ਸੰਨ 1839 ਵਿੱਚ ਤਰੈ-ਪੱਖੀ ਸੰਧੀ ਰਾਹੀਂ ਕਾਬਲ ਦੇ ਤਖ਼ਤ ‘ਤੇ ਸ਼ਾਹ ਸੁਜ਼ਾਹ ਨੂੰ ਬਿਠਾਇਆ ਗਿਆ ਸੀ। ਉਸ ਉੱਪਰ ਸ਼ਰਤ ਲਾਈ ਗਈ ਸੀ ਕਿ ਉਹ ਹਰ ਛਿਮਾਹੀ ਪੰਜਾਬ ਦੇ ਮਹਾਰਾਜੇ ਨੂੰ ਨਜ਼ਰਾਨਾ ਪੇਸ਼ ਕਰਿਆ ਕਰੇਗਾ ਅਤੇ ਕਾਬਲ ਵਿੱਚ ਪਈ ਹਰ ਚੀਜ਼ ਵਾਪਸ ਲਾਹੌਰ ਭੇਜੇਗਾ ਜਿਹੜੀ ਕਦੇ ਹਿੰਦੁਸਤਾਨ ਵਿੱਚੋਂ ਲੁੱਟ ਕੇ ਲਿਆਂਦੀ ਗਈ ਸੀ। ਇਸੇ ਸ਼ਰਤ ਅਧੀਨ ਕਾਬਲ ਤੋਂ ਸੋਮਨਾਥ ਮੰਦਰ ਦੇ ਦਰਵਾਜ਼ੇ ਮੋੜੇ ਗਏ ਸਨ। ਇਹ ਚਾਂਦੀ ਦੇ ਦਰਵਾਜ਼ੇ ਸਨ। ਭਾਵੇਂ ਬਾਕੀ ਵਾਪਸ ਲਿਆਂਦੀਆਂ ਗਈਆਂ ਚੀਜ਼ਾਂ-ਵਸਤਾਂ ਦੀ ਅੱਜ ਸਾਨੂੰ ਪੂਰੀ ਜਾਣਕਾਰੀ ਨਹੀਂ ਮਿਲਦੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਦੀ ਡਿਊਟੀ ਲਗਾ ਦਿੱਤੀ ਸੀ ਕਿ ਉਹ ਸ਼ਾਹ ਸੁਜ਼ਾਹ ਦੇ ਸਹਿਯੋਗ ਨਾਲ ਕਾਬਲ ਦੇ ਖਜ਼ਾਨੇ ਵਿੱਚ ਪਈਆਂ ਉਨ੍ਹਾਂ ਸਾਰੀਆਂ ਵਸਤਾਂ ਦੀ ਸੂਚੀ ਤਿਆਰ ਕਰੇ ਜਿਹੜੀਆਂ ਹਿੰਦੁਸਤਾਨ ਵਿੱਚੋਂ ਲੁੱਟ ਕੇ ਲਿਜਾਈਆਂ ਗਈਆਂ ਸਨ। ਇਨ੍ਹਾਂ ਵਸਤਾਂ ਬਾਰੇ ਰਿਕਾਰਡ ਸੰਭਾਲੇ ਨਹੀਂ ਜਾ ਸਕੇ ਕਿਉਂਕਿ 1839 ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ। ਮਹਾਰਾਜੇ ਦੀ ਮੌਤ ਨਾਲ ਲਾਹੌਰ ਵਿੱਚ ਗੜਬੜੀ ਫੈਲ ਗਈ ਸੀ।
ਕੰਵਰ ਨੌਨਿਹਾਲ ਸਿੰਘ ਸ਼ਾਹ ਸੁਜ਼ਾਹ ਨੂੰ ਕਾਬਲ ਦੇ ਤਖ਼ਤ ਉਪਰ ਬਿਠਾਉਣ ਲਈ ਗਈ ਫ਼ੌਜ ਦਾ ਸੈਨਾਪਤੀ ਸੀ। ਕਾਬਲ ਵਿਖੇ ਸਾਰਾ ਕੰਮ ਬੜੇ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਸੀ ਕਿ ਪਿੱਛੇ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ। ਮਹਾਰਾਜੇ ਦੇ ਅਕਾਲ ਚਲਾਣੇ ਨਾਲ ਸਾਰੀ ਯੋਜਨਾ ਹੀ ਠੁੱਸ ਹੋ ਗਈ ਸੀ। ਕੰਵਰ ਨੌਨਿਹਾਲ ਸਿੰਘ ਨੂੰ ਕਾਬਲ ਤੋਂ ਲਾਹੌਰ ਵਾਪਸ ਆਉਣਾ ਪਿਆ ਸੀ। ਉਹ ਵਸਤਾਂ ਤਾਂ ਵਾਪਸ ਮੰਗਵਾਉਣ ਦਾ ਇੰਤਜ਼ਾਮ ਕਰ ਲਿਆ ਗਿਆ ਸੀ ਪਰ ਬਾਅਦ ਵਿੱਚ ਇਨ੍ਹਾਂ ਨੂੰ ਸੰਭਾਲਿਆ ਨਹੀਂ ਜਾ ਸਕਿਆ ਸੀ। ਕੁਝ ਗੱਲਾਂ ਤਾਂ ਤਰੈ-ਪੱਖੀ ਸੰਧੀ (1839) ਵਿੱਚ ਹੀ ਲਿਖ ਕੇ ਪੂਰੀਆਂ ਕਰ ਲਈਆਂ ਸਨ ਪਰ ਕੁਝ ਗੱਲਾਂ ਲਿਖਤ ਵਿੱਚ ਨਹੀਂ ਆ ਸਕਦੀਆਂ ਸਨ। ਕੁਝ ਗੱਲਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਤਕੜਾ ਜਰਨੈਲ ਜਾਂ ਤਕੜੀ ਧਿਰ ਆਪਣੇ-ਆਪ ਹੀ ਕਰਵਾ ਲੈਂਦੀ ਹੈ। ਭਾਵ ਇਹ ਹੈ ਕਿ ਖ਼ਾਲਸੇ ਨੇ ਹਿੰਦੁਸਤਾਨ ਨਾਲੋਂ ਖੋਹੇ ਗਏ ਇਲਾਕੇ ਦੇ ਨਾਲ-ਨਾਲ ਉਹ ਵਸਤਾਂ ਵੀ ਵਾਪਸ ਲੈ ਲਈਆਂ ਸਨ ਜਿਨ੍ਹਾਂ ਨੂੰ ਹਮਲਾਵਰ ਹਿੰਦੁਸਤਾਨ ਵਿੱਚੋਂ ਲੁੱਟ ਕੇ ਬਾਹਰ ਲੈ ਗਏ ਸਨ। ਇਨ੍ਹਾਂ ਵਿੱਚ ਕੋਹਿਨੂਰ ਹੀਰਾ ਅਤੇ ਸੋਮਨਾਥ ਦੇ ਦਰਵਾਜ਼ੇ ਪ੍ਰਮੁੱਖ ਸਨ। ਕੰਵਰ ਨੌਨਿਹਾਲ ਸਿੰਘ ਨੂੰ ਸਿਰਫ਼ ਅੱਠ-ਨੌਂ ਮਹੀਨੇ ਖ਼ਾਲਸਾ ਦਰਬਾਰ ਵਿੱਚ ਹਕੂਮਤ ਕਰਨ ਦਾ ਮੌਕਾ ਮਿਲਿਆ ਸੀ ਕਿਉਂਕਿ ਕੰਵਰ ਨੌਨਿਹਾਲ ਸਿੰਘ, ਮਹਾਰਾਜਾ ਖੜਕ ਸਿੰਘ ਦੇ ਹੁੰਦਿਆਂ ਹੀ ਖ਼ਾਲਸਾ ਦਰਬਾਰ ਦੇ ਰੀਜੈਂਟ ਬਣ ਗਏ ਸਨ। ਕੰਵਰ ਨੇ ਆਪਣੇ ਅੱਠ-ਨੌਂ ਮਹੀਨਿਆਂ ਦੇ ਸ਼ਾਸਨ ਦੌਰਾਨ ਹੀ ਏਸ਼ੀਆ ਨੂੰ ਫਤਿਹ ਕਰਨ ਦੇ ਮਨਸੂਬੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਉਸ ਦੀ ਸੋਚ ਵਿੱਚ ਹਿੰਦੁਸਤਾਨ ਦਾ ਤਖ਼ਤ ‘ਤਖ਼ਤ-ਏ-ਤਾਊਸ’ ਵੀ ਸਮਾਇਆ ਹੋਇਆ ਸੀ ਜਿਸ ਨੂੰ ਨਾਦਰ ਸ਼ਾਹ ਆਪਣੇ ਨਾਲ ਇਰਾਨ ਲੈ ਗਿਆ ਸੀ। ਕੰਵਰ ਨੌਨਿਹਾਲ ਸਿੰਘ ਨੇ ਕਾਬਲ ਮੁਹਿੰਮ ਤੋਂ ਪ੍ਰੇਰਨਾ ਲੈ ਕੇ ਇਰਾਨ ਵਿੱਚ ਵੀ ਮੁਹਿੰਮ ਲਿਜਾਣ ਦਾ ਮਨ ਬਣਾ ਲਿਆ ਸੀ ਤਾਂ ਕਿ ਹਿੰਦੁਸਤਾਨ ਦੇ ਤਖ਼ਤ ‘ਤਖ਼ਤ-ਏ-ਤਾਊਸ’ ਨੂੰ ਵੀ ਵਾਪਸ ਲਿਆਂਦਾ ਜਾਵੇ ਪਰ ਉਮਰ ਨੇ ਵਫ਼ਾ ਨਹੀਂ ਕੀਤੀ। ਛੇਤੀ ਹੀ ਕੰਵਰ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਖ਼ਾਲਸਾ ਰਾਜ ਆਪਣੇ-ਆਪ ਵਿੱਚ ਇੱਕ ਕਰਿਸ਼ਮਾ ਸੀ। ਸਾਰੇ ਖ਼ਾਲਸਾ ਰਾਜ, ਜਿਸ ਦੀਆਂ ਹੱਦਾਂ ਸਤਲੁਜ ਤੋਂ ਲੈ ਕੇ ਸਿੰਧ ਤੋਂ ਪਰ੍ਹੇ ਕਾਬਲ-ਕੰਧਾਰ ਨਾਲ ਜਾ ਲੱਗੀਆਂ ਸਨ ਤੇ ਜਿਸ ਵਿੱਚ ਕਸ਼ਮੀਰ, ਲੱਦਾਖ, ਤਿੱਬਤ ਦਾ ਵੀ ਇਲਾਕਾ ਸੀ, ਸਿੱਖਾਂ ਦੀ ਗਿਣਤੀ ਮਸਾਂ-ਮਸਾਂ ਦਸ ਫ਼ੀਸਦੀ ਹੀ ਸੀ। ਫਿਰ ਵੀ ਸਿੱਖਾਂ ਨੇ ਹੋਰਾਂ ਨੂੰ ਇਹ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿ ਖ਼ਾਲਸਾ ਰਾਜ ਇੱਕ ਫਿਰਕੇ ਦਾ ਰਾਜ ਹੈ। ਖ਼ਾਲਸਾ ਰਾਜ ਨੂੰ ਸਾਰੇ ਆਪਣਾ ਹੀ ਰਾਜ ਸਮਝਦੇ ਸਨ। ਅਸਲ ਵਿੱਚ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬੀ ਕੌਮ ਹੋਣ ਦਾ ਅਹਿਸਾਸ ਭਰਿਆ ਗਿਆ ਸੀ। ਇਹ ਖ਼ਾਲਸਾ ਰਾਜ ਦੀ ਵੱਡੀ ਪ੍ਰਾਪਤੀ ਸੀ।
ਕੁਝ ਕਾਰਨਾਂ ਕਰਕੇ ਸੰਨ 1849 ਵਿੱਚ ਖ਼ਾਲਸਾ ਰਾਜ ਖ਼ਤਮ ਹੋ ਗਿਆ ਸੀ। ਇਹ ਬਹੁਤ ਵੱਡਾ ਦੁਖਾਂਤ ਸੀ। ਜੋ ਪੰਜਾਬ 1947 ਤਕ ਬਣਿਆ ਰਿਹਾ ਸੀ, ਉਸ ਵਿੱਚੋਂ ਅੰਗਰੇਜ਼ਾਂ ਨੇ ਕਈ ਸੂਬੇ (ਜਿਵੇਂ ਕਿ ਜੰਮੂ-ਕਸ਼ਮੀਰ ਅਤੇ ਉੱਤਰ-ਪੱਛਮੀ ਸਰਹੱਦੀ ਸੂਬੇ) ਅਲੱਗ ਕਰ ਦਿੱਤੇ ਸਨ, ਫਿਰ ਵੀ ਉਹ ਬਹੁਤ ਵੱਡਾ ਸੀ। ਇਹ ਪੰਜਾਬ ਵੀ ਜਮਨਾ ਤੋਂ ਲੈ ਕੇ ਸਿੰਧ ਦਰਿਆ ਤਕ ਦਾ ਸੀ। ਇਹ ਖ਼ਾਲਸੇ ਦੀ ਹੀ ਦੇਣ ਸੀ। ਇੰਨੇ ਵੱਡੇ ਪੰਜਾਬ ਨੂੰ ਪਹਿਲਾਂ ਹਿੰਦੁਸਤਾਨ ਦੀ ਕੋਈ ਵੀ ਤਾਕਤ ਕਾਇਮ ਨਹੀਂ ਕਰ ਸਕੀ ਸੀ। ਸੰਨ 1849 ਤੋਂ ਬਾਅਦ ਸਿੱਖਾਂ ਦੀ ਤਾਕਤ ਖ਼ਤਮ ਹੋ ਗਈ ਸੀ। ਇਸ ਲਈ ਹੁਣ ਉਹ ਪੰਜਾਬ ਨੂੰ ਬਣਾ ਕੇ ਰੱਖਣ ਵਿੱਚ ਜ਼ਿੰਮੇਵਾਰ ਧਿਰ ਨਹੀਂ ਸਨ ਕਿਉਂਕਿ ਉਹ ਪੰਜਾਬ ਦੀ ਕੁੱਲ ਆਬਾਦੀ ਵਿੱਚ ਮਸਾਂ-ਮਸਾਂ ਪੰਦਰਾਂ ਕੁ ਫ਼ੀਸਦੀ ਹੀ ਸਨ। ਜਦੋਂ ਤਕ ਖ਼ਾਲਸੇ ਦੀ ਜ਼ਿੰਮੇਵਾਰੀ ਸੀ ਖ਼ਾਲਸੇ ਨੇ ਇਸ ਨੂੰ ਪੂਰਾ ਕਰਕੇ ਦਿਖਾ ਦਿੱਤਾ ਸੀ। ਖ਼ਾਲਸੇ ਦੀ ਅਗਵਾਈ ਹੇਠ ਪੰਜਾਬ ਅਤਿ ਵਿਸ਼ਾਲ ਮੁਲਕ ਦੇ ਰੂਪ ਵਿੱਚ ਵਿਸ਼ਵ ਦੇ ਨਕਸ਼ੇ ‘ਤੇ ਉੱਭਰ ਆਇਆ ਸੀ। ਪੰਜਾਬ ਵਿਸ਼ਵ ਪੱਧਰ ‘ਤੇ ਸਭ ਤੋਂ ਪਹਿਲਾਂ ਹੜੱਪਾ ਸੱਭਿਅਤਾ ਅਤੇ ਦੂਜੀ ਵਾਰ ਪੋਰਸ ਸਮੇਂ ਉਭਰਿਆ ਸੀ। ਤੀਜਾ ਸਮਾਂ ਖ਼ਾਲਸੇ ਦਾ ਸਮਾਂ ਸੀ ਜਦੋਂ ਪੰਜਾਬ ਅੰਤਰਰਾਸ਼ਟਰੀ ਪੱਧਰ ‘ਤੇ ਉਭਰਿਆ ਸੀ। ਇਹ ਪੂਰੀ ਇੱਕ ਸਦੀ ਦਾ ਸਮਾਂ ਸੀ। ਦਲ ਖ਼ਾਲਸਾ ਸੰਨ 1748 ਵਿੱਚ ਬਣਿਆ ਸੀ ਅਤੇ ਇਸ ਨੇ ਉਸੇ ਸਮੇਂ ਤੋਂ ਹੀ ਸੁਤੰਤਰ ਪੰਜਾਬ ਦਾ ਐਲਾਨ ਕਰ ਦਿੱਤਾ ਸੀ। ਸੰਨ 1849 ਵਿੱਚ ਖ਼ਾਲਸੇ ਦਾ ਰਾਜ ਖ਼ਤਮ ਕਰ ਦਿੱਤਾ ਗਿਆ ਸੀ। ਪੰਜਾਬ ਦੀ ਇਸ ਇੱਕ ਸਦੀ ਦੀਆਂ ਪ੍ਰਾਪਤੀਆਂ ਨੇ ਰਿਕਾਰਡ ਤੋੜ ਦਿੱਤੇ ਸਨ। ਸੰਨ 1947 ਤਕ ਪੰਜਾਬੀ ਲੋਕ ਇਨ੍ਹਾਂ ਪ੍ਰਾਪਤੀਆਂ ਦੇ ਸਿਰ ‘ਤੇ ਹੀ ਜਿਉਂਦੇ ਆ ਰਹੇ ਸਨ।
ਸੰਨ 1947 ਦੀ ਸਾਰੀ ਲੜਾਈ ਕਾਂਗਰਸ ਅਤੇ ਮੁਸਲਿਮ ਲੀਗ ਨੇ ਲੜੀ ਸੀ। ਕਾਂਗਰਸ ਭਾਵੇਂ ਬਾਹਰੀ ਸਰੂਪ ਵਿੱਚ ਧਰਮ ਨਿਰਪੱਖ ਪਾਰਟੀ ਸੀ ਪਰ ਅਸਲ ਵਿੱਚ ਅਜਿਹਾ ਨਹੀਂ ਸੀ। ਮੁਸਲਿਮ ਲੀਗ ਤਾਂ ਪੂਰੇ ਰੂਪ ਵਿੱਚ ਹੀ ਫਿਰਕੂ ਪਾਰਟੀ ਸੀ। ਸਿੱਟੇ ਵਜੋਂ ਸੰਨ 1947 ਵਿੱਚ ਪੰਜਾਬ ਨੂੰ ਬੁਰੀ ਤਰ੍ਹਾਂ ਫਿਰਕਾਪ੍ਰਸਤੀ ਵਿੱਚ ਵੰਡ ਦਿੱਤਾ ਗਿਆ ਸੀ। ਹਿੰਦੂ-ਸਿੱਖ, ਮੁਸਲਮਾਨਾਂ ਦੇ ਹਤਿਆਰੇ ਬਣ ਗਏ ਸਨ ਅਤੇ ਮੁਸਲਮਾਨ, ਹਿੰਦੂ-ਸਿੱਖਾਂ ਦੇ। ਇਸ ਲੋਕਤੰਤਰੀ ਸਿਧਾਂਤ ਅੱਗੇ ਸਿੱਖ ਸਿਰਫ਼ ਫ਼ੀਸਦੀਆਂ ਦੇ ਚੱਕਰ ਵਿੱਚ ਹੀ ਉਲਝ ਕੇ ਰਹਿ ਗਏ ਸਨ। ਪੰਜਾਬ ਵੰਡਿਆ ਗਿਆ ਸੀ, ਇਸ ਦੇ ਲੋਕ ਵੰਡੇ ਗਏ ਸਨ ਅਤੇ ਪੰਜ ਦਰਿਆਵਾਂ ਵਿੱਚ ਪਾਣੀ ਦੀ ਥਾਂ ਬੇਦੋਸ਼ਿਆਂ ਦਾ ਖੂਨ ਵਹਿ ਰਿਹਾ ਸੀ। ਪੰਜਾਬ ਨੂੰ ਵੰਡਣ ਵਾਲੇ 14-15 ਅਗਸਤ 1947 ਨੂੰ ਆਪੋ-ਆਪਣੀਆਂ ਰਾਜਧਾਨੀਆਂ (ਦਿੱਲੀ ਅਤੇ ਰਾਵਲਪਿੰਡੀ) ਵਿੱਚੋਂ ਰੋਸ਼ਨੀਆਂ ਕਰ ਰਹੇ ਸਨ, ਖੁਸ਼ੀਆਂ ਮਨਾ ਰਹੇ ਸਨ ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾਬਰਦਾਰ ਵਾਹਗੇ ਦੀ ਸਰਹੱਦ ‘ਤੇ ਖੜ੍ਹੇ ਕਦੇ ਦਿੱਲੀ ਦੀਆਂ ਰੋਸ਼ਨੀਆਂ ਵੱਲ ਦੇਖ ਰਹੇ ਸਨ ਤੇ ਕਦੇ ਰਾਵਲਪਿੰਡੀ ਦੀਆਂ ਰੋਸ਼ਨੀਆਂ ਵੱਲ।
ਪੰਜਾਬ ਵੰਡਿਆ ਗਿਆ ਸੀ। ਅੱਧੇ ਤੋਂ ਵੀ ਜ਼ਿਆਦਾ ਪੰਜਾਬ ਪਾਕਿਸਤਾਨ ਨੂੰ ਮਿਲ ਗਿਆ ਸੀ। ਗ਼ੈਰ-ਪੰਜਾਬੀ ਖੇਤਰਾਂ ਦਾ ਪੰਜਾਬ ਵਿੱਚ ਰਲੇਵਾਂ ਹੀ ਆਪਣੇ-ਆਪ ਵਿੱਚ ਇੱਕ ਦੁਖਾਂਤਕ ਕਾਂਡ ਸਮੋਈ ਬੈਠਾ ਸੀ। ਸੰਨ 1858 ਵਿੱਚ ਜਦੋਂ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਖ਼ਿਲਾਫ਼ ਫ਼ੌਜੀ ਵਿਦਰੋਹ ਹੋਇਆ ਸੀ ਤਾਂ ਪੰਜਾਬ ਦੀਆਂ ਰਿਆਸਤਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਇਸ ਵਿਦਰੋਹ ਨੂੰ ਕੁਚਲ ਦਿੱਤਾ ਗਿਆ ਸੀ। ਵਿਦਰੋਹ ਕੁਚਲਣ ਤੋਂ ਬਾਅਦ ਮਦਦਗਾਰ ਧਿਰਾਂ ਨੂੰ ਬਖਸ਼ਿਸ਼ਾਂ ਕੀਤੀਆਂ ਗਈਆਂ ਸਨ ਅਤੇ ਬਗ਼ਾਵਤ ਕਰਨ ਵਾਲੀਆਂ ਧਿਰਾਂ ਨੂੰ ਰਗੜਾ ਲਾਇਆ ਗਿਆ ਸੀ। ਵਰਤਮਾਨ ਹਰਿਆਣੇ ਦੇ ਬਾਂਗਰ ਇਲਾਕੇ ਨੂੰ ਦੱਖਣੀ ਹਰਿਆਣਾ ਕਿਹਾ ਜਾਂਦਾ ਹੈ। ਇਹ ਸਾਰਾ ਬਗ਼ਾਵਤ ਕਰਨ ਵਾਲੀਆਂ ਰਿਆਸਤਾਂ ਦਾ ਇਲਾਕਾ ਸੀ। ਇਨ੍ਹਾਂ ਰਿਆਸਤਾਂ ਨੂੰ ਤੋੜ ਕੇ ਪੰਜਾਬ ਦੀਆਂ ਉਨ੍ਹਾਂ ਰਿਆਸਤਾਂ ਨੂੰ ਦੇ ਦਿੱਤਾ ਗਿਆ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਇਹ ਸਾਰੇ ਇਲਾਕੇ ਗ਼ੈਰ-ਪੰਜਾਬੀ ਸਨ। ਨਾ ਇਨ੍ਹਾਂ ਦੀ ਬੋਲੀ ਅਤੇ ਨਾ ਹੀ ਸੱਭਿਆਚਾਰ ਪੰਜਾਬੀ ਸੀ। ਇਹ ਇਲਾਕੇ ਸੰਨ 1858 ਵਿੱਚ ਪੰਜਾਬ ਦੀਆਂ ਰਿਆਸਤਾਂ ਨਾਲ ਮਿਲਾਏ ਗਏ ਸਨ। ਇਉਂ ਇਹ ਪੰਜਾਬ ਦਾ ਹਿੱਸਾ ਬਣ ਗਏ ਸਨ। ਇਸ ਤਰ੍ਹਾਂ ਜੇ ਖਾਸ ਪੰਜਾਬ ਦੀ ਹੀ ਗੱਲ ਕਰਨੀ ਹੋਵੇ ਤਾਂ ਸੰਨ 1947 ਵਿੱਚ ਪੰਜਾਬ ਦਾ ਸਿਰਫ਼ ਤੀਜਾ ਹਿੱਸਾ ਹੀ ਭਾਰਤ ਨੂੰ ਮਿਲਿਆ ਸੀ, ਦੋ ਤਿਹਾਈ ਪੰਜਾਬ, ਪਾਕਿਸਤਾਨ ਵਿੱਚ ਰਹਿ ਗਿਆ ਸੀ। ਪਾਕਿਸਤਾਨੀ ਪੰਜਾਬ ਵਿੱਚੋਂ ਹਿੰਦੂ ਅਤੇ ਸਿੱਖ ਪੂਰੀ ਤਰ੍ਹਾਂ ਕੁੱਟ ਅਤੇ ਲੁੱਟ ਕੇ ਕੱਢ ਦਿੱਤੇ ਗਏ ਸਨ।
ਪੰਜਾਬੀ ਬੋਲੀ ਅਤੇ ਸੱਭਿਆਚਾਰ ਪੰਜਾਬ ਵਿੱਚੋਂ ਹੀ ਗਾਇਬ ਹੋਣਾ ਸ਼ੁਰੂ ਹੋ ਗਿਆ ਸੀ। ਇਸ ਖ਼ਤਰੇ ਤੋਂ ਬਚਣ ਲਈ ਪੰਜਾਬੀ ਸੂਬੇ ਦੀ ਮੰਗ ਉਠੀ। ਪੰਜਾਬੀ ਸੂਬੇ ਦੀ ਮੰਗ ਅਨੁਸਾਰ ਪੰਜਾਬ ਵਿੱਚੋਂ ਗ਼ੈਰ-ਪੰਜਾਬੀ ਸੱਭਿਆਚਾਰ ਵਾਲੇ ਖੇਤਰ ਕੱਢਣੇ ਸਨ। ਬਾਕੀ ਦੇ ਪੰਜਾਬ ਨੂੰ ਪੰਜਾਬੀ ਬੋਲਦਾ ਅਤੇ ਪੰਜਾਬੀ ਸੱਭਿਆਚਾਰ ਵਾਲਾ ਮੰਨ ਕੇ ਪੁਨਰਗਠਿਤ ਕਰਨਾ ਸੀ। ਪੰਜਾਬੀ ਸੂਬੇ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ ਅਤੇ ਇਸ ਵੱਲੋਂ ਕੀਤੀ ਪੰਜਾਬੀ ਸੂਬੇ ਦੀ ਤਜਵੀਜ਼ ਮੁਤਾਬਕ ਪੰਜਾਬ ਵਿੱਚ ਇਸ ਦਾ 65 ਫ਼ੀਸਦੀ ਇਲਾਕਾ ਰਹਿਣਾ ਸੀ ਅਤੇ ਪੈਂਤੀ ਫ਼ੀਸਦੀ ਨਿਕਲ ਜਾਣਾ ਸੀ ਪਰ ਅਕਾਲੀਆਂ ਦੀ ਇਸ ਮੰਗ ਦੇ ਜਵਾਬ ਵਿੱਚ ਕੇਂਦਰੀ ਸਰਕਾਰ ਨੇ ਇਸ ਆਧਾਰ ਉੱਤੇ ਪੰਜਾਬ ਨਹੀਂ ਬਣਾਇਆ। 65 ਫ਼ੀਸਦੀ ਇਲਾਕਾ ਪੰਜਾਬ ਵਿੱਚੋਂ ਕੱਢ ਦਿੱਤਾ ਗਿਆ ਅਤੇ ਸਿਰਫ਼ 35 ਫ਼ੀਸਦੀ ਇਲਾਕਾ ਪੰਜਾਬ ਨੂੰ ਦਿੱਤਾ ਗਿਆ ਸੀ।
ਸੰਨ ਸੰਤਾਲੀ ਦੀ ਵੰਡ ਵੇਲੇ ਸਿੱਖਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਦੀ ਵੰਡ ਨਾ ਹੋਵੇ ਪਰ ਉਹ ਘੱਟ-ਗਿਣਤੀ ਹੋਣ ਕਰਕੇ ਇਸ ਨੂੰ ਰੋਕ ਨਾ ਸਕੇ। ਕਾਂਗਰਸ ਅਤੇ ਮੁਸਲਿਮ ਲੀਗ ਨੇ ਪੰਜਾਬ ਨੂੰ ਲੀਰੋ-ਲੀਰ ਕਰ ਦਿੱਤਾ ਸੀ। 1947 ਤੋਂ ਪਿੱਛੋਂ ਵੀ ਸਿੱਖਾਂ ਨੇ ਭਾਰਤੀ ਪੰਜਾਬ ਵਿੱਚ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਇਹ ਗੱਲ ਮੰਨੀ ਨਹੀਂ ਗਈ। ਆਖ਼ਰ ਪੰਜਾਬੀ ਸੂਬੇ ਦੀ ਮੰਗ ਉਠਾਈ ਗਈ। ਇਸ ਮੰਗ ਨੂੰ ਇਸ ਤਰ੍ਹਾਂ ਮੰਨਿਆ ਗਿਆ ਕਿ ਪੰਜਾਬ ਵਿੱਚੋਂ ਦੋ ਸੂਬਿਆਂ (ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ) ਦਾ ਖੇਤਰ ਕੱਢ ਦਿੱਤਾ ਗਿਆ, ਇਸ ਦੀ ਰਾਜਧਾਨੀ ਚੰਡੀਗੜ੍ਹ ਕੱਢ ਦਿੱਤੀ ਗਈ ਅਤੇ ਤਕਰੀਬਨ ਤੀਜਾ ਹਿੱਸਾ ਪੰਜਾਬੀ ਸੂਬੇ ਦੇ ਰੂਪ ਵਿੱਚ ਛੱਡ ਦਿੱਤਾ ਗਿਆ ਸੀ। ਪੰਜਾਬੀ ਸੂਬਾ ਤਾਂ ਉਹ ਖੇਤਰ ਹੈ ਜਿਹੜਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬਣਾਉਣ ਤੋਂ ਬਾਅਦ ਬਚਿਆ ਹੈ।
ਜਦੋਂ ਵੀ ਪੰਜਾਬ ਵਿਸ਼ਵ ਦੇ ਨਕਸ਼ੇ ‘ਤੇ ਉਭਰਿਆ, ਇਸ ਨੇ ਭਾਰਤੀ ਉਪ-ਮਹਾਂਦੀਪ ਦੀ ਰੱਖਿਆ ਹੀ ਕੀਤੀ ਸੀ। ਬਾਹਰਲੇ ਦੁਸ਼ਮਣਾਂ ਨੂੰ ਇਸ ਨੇ ਰੋਕਿਆ ਸੀ ਪਰ ਭਾਰਤ ਅਤੇ ਪਾਕਿਸਤਾਨ ਬਣਨ ਮਗਰੋਂ ਪੰਜਾਬ ਲੀਰੋ-ਲੀਰ ਹੋਇਆ ਹੈ। ਪੰਜਾਬ ਨਾਲ ਇਹ ਕਰੋਪੀ ਕਿਉਂ ਵਾਪਰੀ ਹੈ? ਕੀ ਕਦੇ ਪੰਜਾਬ ਦਾ ਅੰਨ-ਪਾਣੀ ਖਾਣ ਵਾਲੇ ਲੋਕ ਇਸ ਬਾਰੇ ਸੋਚਣਗੇ?

* ਮੋਬਾਈਲ: 98158-80539

Thursday, 27 October 2011

ਨਵੰਬਰ '84 ਸਿੱਖ ਨਸਲਕੁਸ਼ੀ, ਪਰ ਇਨਸਾਫ਼ ਨਹੀਂ!\ਇੰਜੀ. ਮਨਵਿੰਦਰ ਸਿੰਘ ਗਿਆਸਪੁਰ



ਨਵੰਬਰ 1984 ਦਾ ਮਹੀਨਾ ਸਿੱਖਾਂ ਤੇ ਕਹਿਰ ਦੀ ਹਨੇਰੀ ਹੀ ਸੀ। ਇਹ ਸਰਕਾਰ ਦੀ ਸੋਚੀ ਸਮਝੀ ਸਾਜਿਸ਼ ਸੀ ਜੋ ਸਰਕਾਰ ਨੇ ਬਹੁਤ ਪਹਿਲਾਂ ਬਣਾਈ ਸੀ ਇੰਦਰਾ ਦਾ ਮਰਨਾ ਤਾਂ ਸਿਰਫ ਬਹਾਨਾ ਹੀ ਸੀ। ਇਸ ਦਾ ਟਰੇਲਰ ਸਰਕਾਰ ਨੇ ਸਿੱਖਾਂ ਨੂੰ ਫਰਵਰੀ 1984 ਵਿੱਚ ਹਰਿਆਣਾ ਦੇ ਦਿੱਲੀ ਲਾਗਲੇ ਸ਼ਹਿਰ ਵਿੱਚ ਦਿਖਾਇਆ। 31 ਅਕਤੂਬਰ 1984 ਸ਼ਾਮ ਤੋਂ 6 ਨਵੰਬਰ 1984 ਤੱਕ ਭੀੜ ਹਰ ਸਿੱਖ ਜੋ ਸੜਕਾਂ ਤੇ ਮਿਲਦਾ ਉਸ ਨੂੰ ਮਾਰ ਰਹੀ ਸੀ। ਉਹਨਾਂ ਦੀਆਂ ਟੈਕਸੀਆਂ, ਸਕੂਟਰ, ਕਾਰਾਂ ਸਾੜ ਰਹੀ ਸੀ। ਸਿੱਖਾਂ ਦਾ ਹਰ ਘਰ,ਦੁਕਾਨ,ਦਫਤਰ ਲੁੱਟ ਰਹੇ ਸਨ । ਹਨੇਰੀਆਂ ਰਾਤਾਂ ਅੱਗ ਦੇ ਭਾਬੜਾਂ ਨਾਲ਼ ਚਮਕ ਰਹੀਆਂ ਸਨ । ਹਜੂਮ ਪੈਟਰੋਲ, ਲੋਹੇ ਦੇ ਡੰਡੇ ਤੇ ਚਿੱਟੇ ਪਾਉਡਰ ਲੈ ਕੇ ਗਲੀਆਂ ਬਜਾਰਾਂ ਵਿੱਚ ਸ਼ਰੇਆਮ ਘੁੰਮ ਰਹੇ ਸਨ। ਭੀੜ ਜੇਤੂਆਂ ਭੰਗੜੇ ਪਾਉਂਦੀ, ਚਾਂਗਰਾਂ ਮਾਰਦੀ ਹੈ “ਮਾਰੋ ਸਰਦਾਰ ਗਦਾਰੋ ਕੋ ਇੰਦਰਾ ਕੇ ਹਤਿਆਰੋ ਕੋ । ਇੰਦਰਾ ਅਮਰ ਰਹੇ”।
19 ਨਵੰਬਰ 1984 ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ (ਰਾਜੀਵ ਗਾਂਧੀ) ਦਾ ਬਿਆਨ, “ਇੰਦਰਾ ਜੀ ਦੇ ਕਤਲ ਪਿੱਛੋਂ ਦੇਸ ਵਿੱਚ ਕੁੱਝ ਦੰਗੇ ਹੋਏ ਸਨ । ਅਸੀਂ ਜਾਣਦੇ ਹਾਂ ਲੋਕ ਬਹੁਤ ਗੁੱਸੇ ਵਿੱਚ ਸਨ ਅਤੇ ਕੁਝ ਦਿਨ ਨਜਰ ਆਇਆ ਕਿ ਭਾਰਤ ਹਿਲਿਆ ਪਿਆ ਸੀ, ਪਰ ਜਦੋ ਇੰਜ ਸ਼ਕਤੀਸ਼ਾਲੀ ਦਰੱਖਤ ਡਿਗਦਾ ਹੈ ਇਹ ਕੁਦਰਤੀ ਹੈ ਕਿ ਇਸ ਦੇ ਦੁਆਲੇ ਦੀ ਧਰਤੀ ਥੋੜਾ ਹਿੱਲਦੀ ਹੈ”। ਇਸ ਬਿਆਨ ਵਿੱਚ ਲੋਕਤੰਤਰ ਦੇ ਸਭ ਤੋਂ ਉੱਚ ਅਹੁਦੇ ਤੇ ਬੈਠੇ ਬੰਦੇ ਨੇ ਇੰਦਰਾ ਦੇ ਮਰਨੇ ਨੂੰ ਇੱਕ ਦਰੱਖਤ ਦਾ ਰੂਪਕ ਦਿੱਤਾ ਅਤੇ ਸਿੱਖਾਂ ਦੇ ਸਮੂਹਿਕ ਕਤਲੇਆਮ ਨੂੰ ਧਰਤੀ ਦਾ ਹਿੱਲਣਾ ਦੱਸਿਆ । ਏਦਾਂ ਦੇ ਹੋਰ ਵੀ ਬਹੁਤ ਬਿਆਨ ਅਮਿਤਾਬ ਬਚਨ ਵਰਗਿਆਂ ਤੱਕ ਦੇ “ਖੁਨ ਕੇ ਛੀਂਟੇ ਪੰਜਾਬ ਤੱਕ ਜਾਨੇ ਚਾਹੀਏ” ਜੋ ਸਾਫ ਦਰਸਾਉਂਦੇ ਹਨ ਕਿ ਹਿੰਸਾ ਨੂੰ ਭੜਕਾਉਣਾ ਜ਼ਿਆਦਾ ਤੋਂ ਜ਼ਿਆਦਾ ਸਿੱਖਾਂ ਨੂੰ ਸਬਕ ਸਿਖਾਉਣ ਦੀ ਇੱਕ ਯੋਜਨਾਬੱਧ ਚਾਲ ਸੀ । ਹੁੱਲੜਬਾਜ ਸ਼ਾਤਰ ਅਪਰਾਧੀਆਂ ਨੂੰ ਇੰਦਰਾ ਦੇ ਮਰਨ ਦਾ ਕੋਈ ਗਮ ਨਹੀਂ ਸੀ । ਉਹ ਤਾਂ ਨੱਚਦੇ ਟੱਪਦੇ ਖੁਸ਼ੀਆਂ ਮਨਾਉਂਦੇ ਸਿੱਖ ਬੀਬੀਆਂ ਨਾਲ ਬਲਾਤਕਾਰ ਕਰ ਰਹੇ ਸਨ। ਭੀੜਾਂ ਸਿੱਖਾਂ ਦੇ ਕੀਮਤੀ ਸਮਾਨ ਨੂੰ ਲੁੱਟ-ਲੁੱਟ ਲਿਜਾ ਰਹੀਆਂ ਸਨ। ਸਿੱਖਾਂ ਦੇ ਗਲਾਂ ਵਿੱਚ ਜਲਦੇ ਟਾਇਰ ਪਾਏ ਜਾ ਰਹੇ ਸਨ।
31 ਅਕਤੂਬਰ ਨੂੰ ਸਭ ਤੋਂ ਪਹਿਲਾ ਹਮਲਾ ਦੇਸ਼ ਦੇ ਪਹਿਲੇ ਨਾਗਰਿਕ ਅਰਥਾਤ ਰਾਸ਼ਟਰਪਤੀ ਗਿਆਨੀ ਜੈਲ ਸਿੰਘ 'ਤੇ ਹੋਇਆ । ਬੇਸ਼ਰਮੀ ਦੀ ਹੱਦ ਦੇਖੋ ਉਥੇ ਹਾਜ਼ਰ ਪੁਲਿਸ ਨੇ ਉਹਨਾਂ ਦੰਗਈਆਂ ਨੂੰ ਅਣਗੌਲੇ ਕੀਤਾ ਤੇ ਭੀੜ ਦਾ ਹੌਂਸਲਾ ਖੁੱਲ ਗਿਆ । ਇੱਕ ਹਿੰਦੂ ਗਵਾਹ ਡੀਪੀ ਗਵਈ ਅਨੁਸਾਰ , “ਦੰਗਈਆਂ ਦੀ ਗਿਣਤੀ ਵੀਹ ਪੱਚੀ ਤੋਂ ਵੱਧ ਨਹੀਂ ਸੀ ਉਹਨਾਂ ਨੂੰ ਅਗਰ ਕਾਬੂ ਕਰ ਸਬਕ ਸਿਖਾਇਆ ਜਾਂਦਾ ਤਾਂ ਦਿੱਲੀ ਬਚ ਸਕਦੀ ਸੀ” । ਧਿਆਨ ਦੇਣ ਤੇ ਵਿਚਾਰਨਯੋਗ ਗੱਲ ਹੈ ਕਿ ਜਦ ਪੁਲਿਸ ਨੇ ਜੈਲ ਸਿੰਘ 'ਤੇ ਹੋਏ ਹਮਲੇ ਤੇ ਵੀ ਧਿਆਨ ਨਹੀਂ ਦਿੱਤਾ ਫਿਰ ਆਮ ਲੋਕਾਂ ਤੋ ਹੋਏ ਹਮਲਿਆਂ 'ਤੇ ਪੁਲਿਸ ਧਿਆਨ ਦੇਵੇਗੀ, ਦੀ ਆਸ ਰੱਖਣਾ ਵੀ ਮੂਰਖਤਾ ਹੀ ਕਹਿ ਸਕਦੇ ਹਾਂ।
ਮੰਤਰੀਆਂ/ਸੰਤਰੀਆਂ ਦੀ ਮਿਲੀ ਭੁਗਤ ਦੀ ਇੱਕ ਹੋਰ ਮਿਸਾਲ ਦੇਖਣ ਲਈ ਇਹ ਘਟਨਾ ਨੂੰ ਚੰਗੀ ਤਰ੍ਹਾਂ ਵੀਚਾਰਨਾ ਜਰੂਰੀ ਹੈ “ਸਬਜੀ ਮੰਡੀ ਪੁਲਿਸ ਸਟੇਸ਼ਨ ਦਾ ਇੰਸਪੈਕਟਰ ਗੁਰਮੇਲ ਸਿੰਘ, ਅਸਿਸਟੈਟ ਕਮਿਸ਼ਨਰ ਕੇਵਲ ਸਿੰਘ (ਦੋਵੇਂ ਸਿੱਖ) ਨੇ 31 ਅਕਤੂਬਰ ਨੂੰ 90 ਦੰਗਈਆਂ ਨੂੰ ਫੜਿਆ। ਉਹਨਾਂ ਦੋਵਾਂ ਉੱਚ ਅਧਿਕਾਰੀਆਂ ਨੂੰ ਕਰਫਿਊ ਲਗਾਉਣ ਦੀ ਮੰਗ ਵੀ ਕੀਤੀ । ਝੱਟ ਹੀ ਉਹਨਾਂ ਨੂੰ ਸਬਕ ਸਿਖਾਉਣ ਲਈ ਐਡੀਸ਼ਨਲ ਕਮਿਸ਼ਨਰ ਹੁਕਮ ਚੰਦ ਯਾਦਵ ਪਹੁੰਚਿਆ ਤੇ ਦੋਵਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ।
ਗੱਲ ਅਗਰ ਪੁਲਿਸ ਦੀ ਕਰੀਏ ਤਾਂ ਬਹਾਦਰ ਪੁਲਿਸ ਵਾਲਿਆਂ ਨੇ 1 ਨਵੰਬਰ 1984 ਨੂੰ ਐਨੇ ਕਤਲੇਆਮ ਵਿੱਚ ਕੇਵਲ 26 ਗ੍ਰਿਫਤਾਰੀਆਂ ਕੀਤੀਆਂ, ਉਹ ਸਾਰੀਆਂ ਹੀ ਸਿੱਖਾਂ ਦੀਆਂ ਸਨ, ਭਾਵ ਉਸੇ ਕੌਮ ਦੇ ਮੈਂਬਰਾਂ ਦੀਆਂ ਜਿਹਨਾਂ ਦਾ ਕਤਲੇਆਮ ਹੋ ਰਿਹਾ ਸੀ। ਕਲਿਆਣਪੁਰੀ ਪੁਲਿਸ ਸਟੇਸ਼ਨ ਜਿੱਥੇ ਸਭ ਤੋਂ ਵੱਧ ਸਿੱਖਾਂ ਨੂੰ ਕਤਲ ਕੀਤਾ ਉਥੋਂ ਦਾ ਮੁੱਖੀ ਸੂਰਵੀਰ ਸਿੰਘ ਤਿਆਗੀ ਬਾਰੇ ਮਿੱਤਲ ਰਿਪੋਰਟ, ਅਗਰਵਾਲ ਰਿਪੋਰਟ ਅਤੇ ਜੀ.ਟੀ.ਨਾਨਾਵਤੀ ਨੇ ਨਿਰਣਾ ਦਿੱਤਾ, “ਤਿਆਗੀ ਅਤੇ ਉਸ ਦੇ ਆਦਮੀਆਂ ਨੇ 'ਨਾਜਾਇਜ਼ ਤੌਰ ਤੇ ਸਿੱਖਾਂ ਨੂੰ ਉਹਨਾਂ ਦੇ ਹਥਿਆਰਾਂ ਤੋਂ ਵਾਂਝੇ ਕੀਤਾ, ਜਿਹਨਾਂ ਨਾਲ ਉਹ ਹਿੰਸਕ ਹਮਲਿਆਂ ਤੋਂ ਆਪਣੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਸਨ” । ਹਿੰਸਾ ਵਿੱਚ ਸਰਗਰਮ ਹਿੱਸਾ ਲੈਣ ਲਈ ਡਾ. ਅਸ਼ੋਕ ਕੁਮਾਰ ਗੁਪਤਾ ਨੂੰ ਅਪਰਾਧੀ ਠਹਿਰਾਉਣ ਦੇ ਇਲਾਵਾ, ਕਮਿਸ਼ਨ ਨੇ ਉਨ੍ਹਾ ਦਾ ਭਾਂਡਾ ਭੰਨ ਦੇਣ ਵਾਲੇ ਹਾਲਤਾਂ ਨੂੰ ਦਰਜ ਕੀਤਾ ਜੋ ਸਾਫ ਦੱਸਦੇ ਹਨ ਕਿ ਪੁਲਿਸ ਵਲੋਂ ਸਿੱਖਾਂ ਨੂੰ ਨਿਹੱਥੇ ਕਰਨ ਦੇ 'ਛੇਤੀ ਪਿੱਛੋਂ' ਧਾੜ ਨੇ ਉਹਨਾਂ ਤੇ ਹਮਲਾ ਕਰ ਦਿੱਤਾ।
ਅਗਰ ਗੱਲ ਦੇਸ਼ ਦੇ ਵੱਡੇ ਲੀਡਰਾਂ ਦੀ ਕਰੀਏ, ਨਰਸਿਮਾ ਰਾਉ 1984 ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਸੀ ਤੇ ਜਦ 6 ਨਵੰਬਰ 1992 ਵਿੱਚ ਅਯੁਧਿਆ ਦੀ ਪੁਰਾਤਨ ਮਸਜਿਦ ਨੂੰ ਢਾਹਿਆ ਤਾਂ ਪ੍ਰਧਾਨ ਮੰਤਰੀ ਸੀ । ਪਰ ਉਹ ਦੋਵਾਂ ਸਥਿਤੀਆਂ ਵਿੱਚ ਇਤਿਹਾਸ ਦਾ ਅਪਰਾਧੀ ਸਾਬਤ ਹੋਇਆ। ਜੇਕਰ ਉਸ ਨੇ ਸ਼ਕਤੀਸ਼ਾਲੀ ਦਖਲ ਦਿੱਤਾ ਹੁੰਦਾ ਤਾਂ ਦੋਵੇ ਭਿਆਨਕ ਕਾਰੇ ਬਚ ਸਕਦੇ ਸਨ।
ਇਕੱਲੀ ਦਿੱਲੀ ਵਿੱਚ ਹੀ ਸਰਕਾਰੀ ਅੰਕੜਿਆਂ ਅਨੁਸਾਰ 3000 ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ । ਇਸ ਤੋਂ ਇਲਾਵਾ ਗੋਆ ਵਿੱਚ ਇੱਕ, ਗੁਜਰਾਤ ਵਿੱਚ ਇੱਕ , ਝਾੜਖੰਡ ਵਿੱਚ ਇੱਕ , ਕਰਨਾਟਕਾ ਵਿੱਚ ਇੱਕ , ਅਤੇ ਤਾਮਿਲਨਾਡੂ ਵਿੱਚ ਇੱਕ , ਅਸਾਮ ਵਿੱਚ ਤਿੰਨ, ਜੰਮੂ ਵਿੱਚ ਨੌ, ਰਾਜਸਥਾਨ ਵਿੱਚ ਵੀਹ, ਉੜੀਸਾ ਵਿੱਚ ਇੱਕੀ , ਹਿਮਾਚਲ ਪ੍ਰਦੇਸ ਵਿੱਚ 33, ਵੈਸਟ ਬੰਗਾਲ ਵਿੱਚ ਚੌਂਤੀ , ਮੱਧ ਪ੍ਰਦੇਸ਼ ਵਿੱਚ ਅੜਤਾਲ਼ੀ, ਪ੍ਰਤਿਭਾ ਦੇਵੀ ਪਾਟਿਲ ਦੇ ਹੋਮ ਟਾਊਨ ਮਹਾਂਰਾਸ਼ਟਰਾ ਵਿੱਚ ਇੱਕ ਸੌ ਚਾਰ, ਬਿਹਾਰ ਵਿੱਚ ਇੱਕ ਸੌ ਇਕੱਤਰ, ਹਰਿਆਣਾ ਵਿੱਚ ਇੱਕ ਸੌ ਇਕੱਤਰ, ਉੱਤਰ ਪ੍ਰਦੇਸ਼ ਵਿੱਚ ਪੰਜ ਸੌ ਸਤਾਰਾਂ ਜਨੂੰਨੀਆਂ ਦੁਆਰਾ ਅੱਗ ਲਗਾ ਕੇ ਜਿੰਦਾ ਸਾੜ ਦਿੱਤੇ ਗਏ।
26 ਸਾਲਾਂ ਬਾਅਦ ਹੋਂਦ ਚਿਲੜ ਪਿੰਡ ਅਚਾਨਕ ਹੀ ਪ੍ਰਗਟ ਨਹੀਂ ਹੋਇਆ ਉਹ ਵੀ ਉਸੇ ਭਿਆਨਕ ਦੌਰ ਦਾ ਪ੍ਰਸ਼ਾਸਨ ਵਲੋਂ ਅਣਗੌਲਿਆ ਪਿੰਡ ਸੀ । ਜਿਥੇ ਕਿ ਸੰਯੋਗਵੱਸ 26 ਸਾਲਾਂ ਬਾਅਦ ਵੀ ਸਬੂਤ ਉਵੇਂ ਦੇ ਉਵੇਂ ਦਿਲ ਹਿਲਾਉਣ ਵਾਲੇ ਮਿਲੇ । ਇਲਾਕੇ ਦੀ ਪੁਲਿਸ, ਇਲਾਕੇ ਦੇ ਥੰਮ 'ਪੱਤਰਕਾਰਾ' ਨੂੰ ਇਹ ਖੰਡਰਾਤ ਰੂਪੀ ਬਿਲਡਿੰਗਾਂ ਦਿਖੀਆਂ ਹੀ ਨਹੀਂ । ਬਕਾਇਦਾ ਐਫ ਆਈ ਆਰ ਨੰਬਰ 91 ਤਾਰੀਕ 2.11. 1984 ਨੂੰ 6 ਵਜੇ ਸ਼ਾਮ ਨੂੰ ਇੰਜ ਦਰਜ ਹੋਈ, “ਮੈਂ ਪਿੰਡ ਚਿਲੜ ਕਾ ਸਰਪੰਚ ਹੂੰ । ਹਮਾਰੇ ਗਾਂਵ ਕੇ ਪਾਸ ਏਕ ਛੋਟੀ ਡਾਣੀ, ਜਿਸ ਕੋ ਹੋਜੀ ਪੁਰ ਕੇ ਨਾਮ ਸੇ ਬੋਲਤੇ ਹੈਂ । ਦੋਨੋ ਗਾਂਵ ਕੀ ਪੰਚਾਇਤ ਏਕ ਹੀ ਹੈ। ਗਾਵ ਮੇਂ ਹੋਜੀਪੁਰ ਮੇਂ ਲੱਗਭੱਗ ਛੇ ਸਾਤ ਘਰ ਸਰਦਾਰੋਂ ਕੇ ਹੈ । ਕੱਲ੍ਹ ਦਿਨਾਂਕ 02-11-1984 ਕੋ ਲੱਗਭੱਗ ਸਾਢੇ ਗਿਆਰਾਂ ਵਜੇ ਦਿਨ ਕੀ ਬਾਤ ਹੈ ਕਿ ਹੇਲੀ ਮੰਡੀ, ਪਟੌਦੀ ਜਿਲਾ ਗੁੜਗਾਵਾਂ ਕੀ ਤਰਫ ਸੇ ਏਕ ਟਰੱਕ ਆਦਮੀਓਂ ਕਾ ਭਰ ਕਰ ਹਮਾਰੇ ਗਾਂਵ ਚਿਲੜ ਕੇ ਤਰਫ ਆਇਆ । ਉਸ ਸਮੇਂ ਮੈਂ ਦਿਆਸੁਲੀਦਾਰ ਸ੍ਰੀ ਦੀਪ ਚੰਦ, ਮੰਗੋਲ ਸਿੰਘ ਅਹੀਰ ਨੰਬਰਦਾਰ, ਨਾਨਕ ਚੰਦ ਸੰਨ ਆਫ ਸੁਲਤਾਨ ਅਹੀਰ ਨੰਬਰਦਾਰ ਵਾਸੀ ਦੇਵ ਕਾ, ਔਰ ਵੀ ਗਾਂਵ ਕੇ ਕਈ ਵਿਅੱਕਤੀ ਤਥਾ ਰਤਨ ਸਿੰਘ ਸੰਨ ਆਫ ਬਾਨੂ ਰਾਮ ਜਾਟ ਵਾਸੀ ਘਨੋਰਾ, ਸੁੰਦਰ ਲਾਲ ਸੰਨ ਆਫ ਸੋਹਣ ਲਾਲ ਜਾਟ ਨੂਰਪੁਰ ਵੀ ਹਾਜਿਰ ਥੇ । ਹਮ ਨੇ ਉਸ ਟਰੱਕ ਮੇ ਆਏ ਹੁਏ ਵਿਅਕਤੀ ਜੋ ਕਿ ਯਹ ਕਹਿ ਰਹੇ ਥੇ ਕਿ ਉਸ ਗਾਂਵ ਕੀ ਢਾਣੀ (ਹੋਜੀ ਪੁਰ) ਮੇਂ ਜਿਤਨੇ ਸਰਦਾਰ ਹੈ ਉਨਕੋ ਖਤਮ ਕਰੇਗੇ, ਕਿਉਂਕਿ ਸਰਦਾਰੋ ਨੇ ਹਮਾਰੇ ਪ੍ਰਿਯ ਨੇਤਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਕੋ ਮਾਰਾ ਹੈ। ਲੇਕਿਨ ਉਨ ਲੋਗੋ ਕੋ ਸਮਝਾ ਬੁਝਾ ਕਰ ਵਾਪਿਸ ਭੇਜ ਦੀਆ ਥਾ, ਪ੍ਰੰਤੂ 6 ਵਜੇ ਸ਼ਾਮ ਕੋ ਫਿਰ ਹੇਲੀ, ਪਟੌਦੀ ਕੇ ਦੋ ਤਿੰਨ ਟਰੱਕ ਆਦਮੀਓ ਕੇ ਭਰ ਕਰ ਫਿਰ ਆਏ ਜਿਨਹੋ ਨੇ ਆਤੇ ਹੀ ਚਿਲੜ ਕੀ ਸਭੀ ਹੋਦੀ ਪੁਰ ਮੇ ਪਹੁੰਚ ਕਰ ਆਗ ਲਗਾਨੀ ਆਰੰਭ ਕਰ ਦੀ। ਔਰ ਅਪਨੇ ਹਾਥੋ ਮੇ ਲੀ ਹੁਈ ਲਾਠੀਓ ਸੇ ਜੋ ਵੀ ਵਿਅਕਤੀ ਬਾਹਰ ਨਿਕਲਤਾ ਉਸੇ ਮਾਰਨਾ ਸੁਰੂ ਕਰ ਦੀਆ । ਜੋ ਇਸੀ ਦੌਰਾਨ ਦੀਪ ਚੰਦ ਨੰਬਰਦਾਰ, ਨਾਨਕ ਚੰਦ ਘਨੰਹੀਆ ਲਾਲ ਵਾਸੀ ਚਿਲੜ, ਰਤਨ ਸਿੰਘ, ਸੁੰਦਰ ਲਾਲ ਵਾਸੀ ਨੂਰਪੁਰ ਵੀ ਯਹੀ ਪਰ ਪਹੁੰਚ ਗਏ ਥੇ। ਜਿਨਕੋ ਕਾਫੀ ਸਮਝਾਇਆ ਪ੍ਰੰਤੂ ਉਨ ਲੋਗੋ ਨੇ ਹਮਾਰੀ ਏਕ ਨ ਸੁਨੀ ਔਰ ਕਹਿਨੇ ਲਗੇ ਕਿ ਯਹ ਸਰਦਾਰ ਗਦਾਰ ਹੈ ਇਨਕੋ ਖਤਮ ਕਰੇਂਗੇ। ਔਰ ਤੁਮ ਬੋਲੋ ਤੋ ਤੁਮਾਰਾ ਵੀ ਅੱਛਾ ਅੰਜ਼ਾਮ ਨਹੀਂ ਹੋਗਾ। ਵੋ ਲੋਗ 500-400 ਕੀ ਤਾਦਾਦ ਮੇ ਥੇ ਔਰ ਉਨਹੋ ਨੇ ਪਕੜ ਕਰ ਮਾਰਨੇ ਸੁਰੂ ਕਰ ਦੀਏ। ਜਿਨਸੇ ਮਕਾਨ ਕਾ ਕੁਝ ਵਿਅਕਤੀ ਜਲ ਗਏ ਹੈ। ਜਲੇ ਹੁਏ ਵਿਅਕਤੀ ਕੀ ਹਮ ਸ਼ਨਾਖਤ ਨਹੀਂ ਕਰ ਸਕਤੇ । ਜਲੇ ਹੁਏ ਵਿਅਕਈ ਕੀ ਸੰਖਿਆ ਲੱਗਭੱਗ ਬੀਸ ਹੈ । ਇਸ ਹਾਦਸਾ ਕੀ ਰਿਪੋਰਟ ਉਸੇ ਸਮੇ ਥਾਨਾ ਆਨਾ ਪੜਾ। ਪਰੰਤੂ ਉਨ ਵਿਅਕਤੀਓਂ ਨੇ ਹਮੇਂ ਰੋਕੇ ਰੱਖਾ ਔਰ ਥਾਨੇ ਨਹੀ ਜਾਨੇ ਦੀਆ। ਅਬ ਮੈ ਵਾ ਸੁਬੇਦਾਰ ਦੀਪਚੰਦ ਬਰਾਇ ਰਿਪੋਰਟ ਥਾਨਾ ਆਏ ਹੈ। ਬਿਆਨ ਸੁਨ ਲੀਆ ਗਿਆ ਹੈ। ਯਹ ਕਾਰਾਵਾਈ ਕੀ ਜਾਣਕਾਰੀ ਘਨਪਤ ਸਿੰਘ ਅਧਛਅਧ ਅਥਵਾ ਇਸ ਸਮੇਂ ਸ੍ਰੀ ਘਨਪਤ ਸਿੰਘ ਸਰਪੰਚ ਪੰਚਾਇਤ, ਪੰਚ ਦੀਪ ਚੰਦ ਨੰਬਰਦਾਰ ਵਾਸੀ ਚਿਲੜ ਨੇ ਯਹ ਹਾਜਿਰ ਥਾਨਾ ਆ ਕਰ ਅਭੀ ਬਿਆਨ ਬੋਲਾ ਤਹਿਸੀਲ ਬਰਮਾਦਾ ਜੋ ਲਿਖਾ ਜਾ ਕਰ ਪੜ੍ਹ ਕਰ ਸੁਨਾਇਆ ਸਮਝਾਇਆ ਗਿਆ। ਜਿਸ ਨੇ ਯਹ ਠੀਕ ਮਾਨ ਕਰ ਅਪਨੇ ਹਸਤਾਖਰ ਵ ਤੁਰੰਤ ਅੰਗਰੇਜ਼ੀ ਕੀਏ। ਜਿਸ ਕੀ ਮੈਨੇ ਤਸਦੀਕ ਕੀ ਹੈ ਕਿ ਜੁਰਮ 302/436/34 10 ਕਾ ਹੋਨਾ ਪਾਇਆ ਜਾਤਾ ਹੈ। ਜਿਸ ਕਾ ਮੁਕੱਦਮਾ ਵਾ ਜੁਰਮ ਦਰਜ ਕਰ ਰਜਿਸਟਡ ਕੀਆ । ਜਾ ਕਰ ਸਪੈਸ਼ਲ ਰਿਪੋਰਟ ਕੈਲਾਸ ਪ੍ਰਸ਼ਾਦਿ 469 ਸੇਵਾ ਮੇ ਇਲਾਕਾ ਮੈਜਿਸਟ੍ਰੇਟ ਸਾਹਿਬ ਪਾਸ ਬਾਲਾ ਭੇਜੀ ਜਾ ਰਹੀ ਹੈ। ਕਿਉਂਕਿ ਸਾਈਟ ਸਾਹਿਬ ਕਾ ਹਵਾਲਾ ਰਪਟ ਨੰਬਰ -21 ਮੇ 1-11-84 ਸੇ ਮਯ ਮੁਲਜਮਾਨਥਾਨਾ ਕੇਲ ਰਾਮ ਸਪੈਸ਼ਲ ਡਿਊਟੀ ਰੇਵਾੜੀ ਗਏ ਹੁਏ ਹੈ ਜਿਨਕੋ ਵੀ ਬਜਰੀਆ ਵਾਇਰਲੈਸ ਸੂਚਿਤ ਕੀਆ ਜਾ ਰਹਾ ਹੈ”।
ਬੇਸ਼ਰਮੀ ਦੀ ਹੱਦ ਦੇਖੋ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ, ਸਗੋ ਉਪਰੋਕਤ “ਐਫ.ਆਈ.ਆਰ” ਦਾਸ ਦੀਆਂ ਕੋਸ਼ਿਸਾਂ ਦੁਆਰਾ ਜੱਗ ਜਾਹਿਰ ਹੋਣ ਮਗਰੋ ਇੱਕ ਹੋਰ ਨਵੀਂ ਐਫ.ਆਈ.ਆਰ ਦਰਜ ਕਰ ਲਈ ਕਿ 21 ਨੰ. ਐਫ ਆਈ ਆਰ ਗੁੰਮ ਹੋ ਗਈ ਹੈ । ਖੈਰ ਇਹਨਾਂ ਤੋਂ ਆਸ ਕੀ ਕੀਤੀ ਜਾ ਸਕਦੀ ਹੈ ਹੁਣ ਆਪਣਿਆਂ ਦੀ ਗੱਲ ਕਰਦੇ ਹਾਂ ......
ਬੜੇ ਜੋਸ਼ ਖਰੋਸ਼ ਨਾਲ 2 ਮਾਰਚ 2011 ਰਾਤ ਦਾਸ ਦੇ ਘਰ ਦੀ ਲੁੱਟ ਮਾਰ ਮਗਰੋ ਬੜੀ ਚੜ੍ਹਦੀ ਕਲਾ ਨਾਲ਼ ਅਖੰਡ ਪਾਠ ਸਾਹਿਬ ਅਰੰਭ ਕਰਵਾਇਆ ਗਿਆ। ਤਕਰੀਬਨ ਹਰੇਕ ਪਾਰਟੀ ਦਾ ਨੁਮਾਇੰਦਾ ਹਾਜਰ ਹੋਇਆ। ਸਰਕਾਰ ਵੀ ਹਿੱਲੀ ਪਈ ਸੀ । ਸੀ.ਬੀ.ਆਈ, ਰਾਅ, ਇੰਟੈਲੀਜੈਂਸ ਸਭ ਸਾਵਧਾਨ ਹੋ ਗਈਆਂ ਸਨ । ਜਥੇਦਾਰ ਸਾਹਿਬ ਆਪਣੇ ਕਰ ਕਮਲਾਂ ਨਾਲ਼ ਉਸ ਉਜੜੇ ਲੁੱਟੇ ਪਿੰਡ ਨੂੰ ਜਲਿਆਂ ਵਾਲੇ ਬਾਗ ਦੀ ਤਰਜ ਤੇ ਉਵੇਂ ਦਾ ਉਵੇ ਸੰਭਾਲਣ ਦਾ ਨੀਂਹ ਪੱਥਰ ਤੱਕ ਰੱਖ ਆਏ। ਦੁੱਖ ਦੀ ਗੱਲ ਸਾਡੇ ਆਪਣੇ ਲੀਡਰ ਸਿਰਫ ਅਖਬਾਰੀ ਫੋਟੋਆਂ ਤੱਕ ਹੀ ਸੀਮਿਤ ਸਨ। ਸਿਰਫ ਰਾਜਨੀਤੀ ਕੀਤੀ ਪ੍ਰੈਕਟੀਕਲੀ ਕੋਈ ਵੀ ਉਦਮ ਨਾ ਕੀਤਾ । ਸੱਚ ਬੋਲਣ ਦਾ ਮੈਨੂੰ ਇਨਾਮ ਮਿਲਿਆ ਕਿ ਘਰ ਲੁੱਟ ਮਾਰ ਕਰਵਾਈ, ਨੌਕਰੀ ਗਵਾਈ, ਵਧੀਆ ਇੰਟਰਨੈਸ਼ਨਲ ਸਕੂਲਾਂ ਵਿੱਚ ਪੜ੍ਹਦੇ ਬੱਚੇ ਸਕੂਲੋਂ ਹਟਾਉਣੋ ਪਏ । ਮੈਂ ਆਪਣੇ ਘਰ ਦਾ ਤੀਲਾ ਤੀਲਾ ਖਿਲਰਦਾ ਤੱਕਦਾ ਰਿਹਾ ਕਿ ਸ਼ਾਇਦ ਕੋਈ ਆਪਣਾ ਆਵੇਗਾ ਸਹਾਰਾ ਦੇਵੇਗਾ, ਪਰ ਉਥੇ ਵੀ ਸਿਆਸਤ ਸ਼ੁਰੂ ਹੋ ਗਈ ਕੋਈ ਕਹਿੰਦਾ “ਸਿਰਫ ਐਮ. ਏ. ਪਾਸ ਹੈ” ਕੋਈ ਕਹਿੰਦਾ “ਇਹ ਤਾਂ ਮੁਸ਼ਕਲ ਨਾਲ਼ ਦਸ ਹਜ਼ਾਰ ਵੀ ਨਹੀਂ ਲੈਂਦਾ ਸੀ, ਗਿਆਸਪੁਰਾ ਤਾਂ ਝੂਠ ਬੋਲਦਾ” ਖੈਰ ਜੇ ਗਿਆਸਪੁਰੇ ਨੇ ਝੂਠ ਬੋਲਣਾ ਹੁੰਦਾ ਸਰਕਾਰ ਤੋਂ ਕੁੱਝ ਗੱਫਾ ਲੈ ਕੇ ਮਜੇ ਕਰਦਾ ਆਫਰ ਵੀ ਆਈ ਸੀ । ਆਪਣੇ ਵੱਡੀਆਂ ਵੱਡੀਆਂ ਗੱਪਾਂ ਮਾਰਦੇ ਵਦੇਸੀ ਵੱਸਦੇ ਵੀਰਾਂ ਨੂੰ ਵੀ ਕਿਹਾ ਕਿ ਕਰ ਸਕਦੇ ਹੋ ਤਾਂ ਕੰਮ ਸੈਟ ਕਰਨ ਲਈ ਉਧਾਰ ਮੱਦਦ ਕਰ ਦੇਵੋਂ ਦਾਅਵੇ ਨਾਲ਼ ਕਹਿੰਦਾ ਹਾਂ ਕਿ ਤਿੰਨ ਤੋਂ ਚਾਰ ਸਾਲਾਂ ਤੱਕ ਵਾਪਿਸ ਕਰ ਦੇਵਾਂਗਾ, ਪਰ ਸਭ ਮਗਰਮੱਛੀ ਹੰਝੂਆਂ ਵਾਲੇ ਹੀ ਨਿਕਲੇ, ਖੈਰ !
ਸਰਕਾਰ ਵੀ ਡਰ ਗਈ ਉਸ ਨੇ ਕਾਹਲੀ ਨਾਲ ਇਕ ਮੈਂਬਰੀ ਕਮਿਸਨ ਟੀ.ਪੀ.ਗਰਗ ਨੂੰ ਸਥਾਪਿਤ ਕਰ ਦਿੱਤਾ, ਤੇ ਛੇ ਮਹੀਨੇ ਦੇ ਅੰਦਰ ਅੰਦਰ ਰਿਪੋਰਟ ਵੀ ਦੇਣ ਦਾ ਵਾਅਦਾ ਕੀਤਾ । ਪਰ ਜਿਵੇਂ ਉਪਰ ਕਿਹਾ ਕਿ 'ਗੱਲਾਂ ਦੇ ਯਾਰ ਸੌਂ ਗਏ', ਉਹਨਾ ਤਾਂ ਫੋਟੋਆਂ ਲਗਵਾਉਣੀਆਂ ਸਨ। ਐਸ. ਜੀ.ਪੀ. ਸੀ. ਚੋਣਾ ਵਿੱਚ ਫਿਰ “ਹੋਦ ਚਿੱਲੜ” ਲਈ ਮੋਟੇ ਮੋਟੇ ਹੰਝੂ ਵਹਾਏ ਗਏ । ਪਰ ਕਿਸੇ ਨੂੰ ਕੋਈ ਫਿਕਰ ਨਹੀਂ ਕਿ ਰਿਪੋਰਟ ਕੀ ਤੇ ਕਦੋਂ ਆਈ ? ਮੈਂ ਰਿਪੋਰਟ ਲੈਣ ਲਈ ਤੇ ਹੋਦ ਇੰਨਕੁਆਇਰੀ ਦੇਖਣ ਲਈ ਮਾਰਚ ਤੋਂ ਬਾਅਦ ਤਿੰਨ ਵਾਰ ਗਿਆ । ਇੰਨਕੁਆਇਰੀ ਤਾਂ ਕੀ ਹੋਣੀ ਸੀ ਲੋਕੀ ਮੈਨੂੰ ਮਜਾਕ ਕਰਨ ਲੱਗ ਗਏ । ਜਥੇਦਾਰ ਦੇ ਹੱਥ ਦੁਆਰਾ ਲਗਾਏ ਪੱਥਰ ਦੇ ਕੋਲ 'ਕੁੱਤੇ ਲੱਤ ਚੁੱਕ-ਚੁੱਕ ਮੂਤ ਕਰਦੇ ਆਮ ਦੇਖੇ'। ਉਹਨਾਂ ਨੂੰ ਕੀ ਪਤਾ ਜਥੇਦਾਰ ਦੀ ਪਦਵੀ ਦਾ। 13 ਅਕਤੂਬਰ ਨੂੰ ਟ੍ਰਿਬਿਊਨ ਦੀ ਮਿਹਰਬਾਨੀ ਨਾਲ਼ ਮੇਰੀ ਖਬਰ ਲੱਗੀ ਕਿ ਹੋਦ ਦੀ ਲੋਕਲ ਪੁਲਿਸ ਚੌਂਕੀ ਤੱਕ ਨੂੰ ਪਤਾ ਨਹੀ ਕਿ ਕੋਈ ਜਾਂਚ ਵੀ ਲੱਗੀ ਹੈ ਜਾਂ ਨਹੀਂ ? ਖੁਸਕਿਸਮਤੀ ਨਾਲ ਸਰਕਾਰ ਨੂੰ ਮਜਬੂਰੀ ਵੱਚ 16 ਅਕਤੂਬਰ ਨੂੰ ਜਨਤਕ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ ਕਿ ਸਬੂਤਾਂ ਦੇ ਅਸਲੀ ਦਸਤਾਵੇਜ ਤੇ ਹਲਫਨਾਮੇ ਅੰਗਰੇਜ਼ੀ ਵਿੱਚ ਨਿੱਜੀ ਤੌਰ 'ਤੇ ਪੇਸ਼ ਕਰੋ । ਸਰਕਾਰੀ ਬੇਸ਼ਰਮੀ ਦੇਖੋ ਕਿ ਕਮਿਸ਼ਨ ਸੱਤ ਮਹੀਨਿਆਂ ਬਾਅਦ ਇਕ ਬੈਠਕ ਹੀ ਕਰਨਯੋਗ ਹੋਇਆ ਜਦੋ ਕਿ ਦਾਅਵਾ ਕੀਤਾ ਗਿਆ ਸੀ ਕਿ ਛੇ ਮਹੀਨਿਆਂ ਵਿੱਚ ਰਿਪੋਰਟ ਦੇ ਦੇਣਗੇ । ਪੀੜਤਾਂ ਨੇ ਮੇਰੇ ਨਾਲ਼ ਰਾਬਤਾ ਬਣਾਇਆ, ਸਾਰਿਆਂ ਸਲਾਹ ਬਣਾਈ ਕਿ ਜਲਦੀ ਤੋਂ ਜਲਦੀ ਟੀ.ਪੀ.ਗਰਗ ਨੂੰ ਮਿਲਿਆ ਜਾਵੇ । ਤਕਰੀਬਨ 15 ਜਾਣੇ ਹਿਸਾਰ ਜੱਜ ਨੂੰ ਮਿਲਣ ਗਏ, ਉਹ ਬੜੇ ਵਧੀਆ ਤਰੀਕੇ ਪੇਸ਼ ਆਇਆ ਤੇ ਉਸ ਨੇ ਰਾਏ ਦਿੱਤੀ ਕਿ ਪੀੜਤਾਂ ਵਲੋ ਕੋਈ ਸਾਂਝਾ ਵਕੀਲ ਕਰ ਲਿਆ ਜਾਵੇ ਤਾ ਜੋ ਜਾਂਚ ਉਸਾਰੂ ਤਰੀਕੇ ਚੱਲ ਸਕੇ।

09872099100
ਪਿੰਡ ਗਿਆਸਪੁਰ, ਡਾਕ: ਢੰਡਾਰੀ ਕਲਾਂ
ਲੁਧਿਆਣਾ

Saturday, 22 October 2011

ਕੀ ਖ਼ਾਲਸਾ ਰਾਜ ਸੰਭਵ ਹੈ?\ਡਾ. ਗੁਰਭਗਤ ਸਿੰਘ


ਇੱਕੀਵੀਂ ਸਦੀ 'ਚ ਰਹਿੰਦਿਆਂ ਜੇ ਇਹ ਜਾਣਨਾ ਚਾਹੀਏ ਕਿ ਕੀ ਹੁਣ ਖਾਲਸਾ ਰਾਜ ਦੇ ਸਥਾਪਿਤ ਹੋਣ ਅਤੇ ਅਭਿਆਸ 'ਚ ਆਉਣ ਦੀ ਕੋਈ ਸੰਭਾਵਨਾ ਹੈ, ਤਾਂ ਇਹ ਸਪੱਸ਼ਟ ਰੂਪ 'ਚ ਸਮਝਣਾ ਪਵੇਗਾ ਕਿ ਖਾਲਸਾ ਕੀ ਹੈ ਅਤੇ ਇਹ ਕਿਉਂ ਸਿਰਜਿਆ ਗਿਆ ਹੈ? ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਗੁਰ ਰਤਨਾਕਰ ਮਹਾਨ ਕੋਸ਼ 'ਚ ਖਾਲਸਾ ਸ਼ਬਦ ਦਾ ਅਰਥ ''ਸ਼ੁੱਧ'' ਦਿੱਤਾ ਹੈ ਅਤੇ ਉਹ 'ਜ਼ਮੀਨ' ਵੀ ਜੋ ਬਾਦਸ਼ਾਹ ਦੀ ਹੈ। ਕਿਸੇ ਜਾਗੀਰਦਾਰ ਦੀ ਨਹੀਂ। ਜੇ ਇਨ੍ਹਾਂ ਅਰਥਾਂ ਨੂੰ ਉੱਪਰਲੇ ਸੱਤਰ ਉੱਤੇ ਲੈ ਜਾਈਏ ਤਾਂ ਖਾਲਸਾ ਵਾਹਿਗੁਰੂ ਜਾਂ ਅਕਾਲਪੁਰਖ ਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਖਾਲਸਾ ਵਾਹਿਗੁਰੂ/ਅਕਾਲਪੁਰਖ ਦੀ ਚੇਤਨਤਾ ਦੀ ਦੇਹਧਾਰੀ ਨੁਮਾਇੰਦਗੀ ਹੈ।
ਅਕਾਲਪੁਰਖ ਸ੍ਰਿਸ਼ਟੀ ਦਾ ਉਹ ਪਰਮ ਸੱਚਾਈ ਹੈ ਜੋ ਆਦੀ ਹੈ, ਉਹ ਸੀ, ਹੈ ਅਤੇ ਅੱਗੋਂ ਹੋਵੇਗਾ ਵੀ। ਇਹ ਸੱਚ ਹੈ, ਜੀਵਨ ਦਾ ਸਰੋਤ ਹੈ। ਇਸ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਮੇਸ਼ਾ ਆਨੰਦ ਅਤੇ 'ਵਿਗਾਸ' 'ਚ ਹੈ। ਆਪ ਸਿਰਜਦਾ ਹੈ ਅਤੇ ਆਪਣੀ ਸਿਰਜਨਾ ਨੂੰ ਦੇਖ ਕੇ ਬੇਪ੍ਰਵਾਹੀ 'ਚ ਖਿੜਦਾ ਹੈ ਅਤੇ ਸਿਰਜਨਾ ਨੂੰ ਨਿਹਾਲ ਕਰਦਾ ਹੈ। 'ਜਪੁ' ਜੀ 'ਚ ਗੁਰੂ ਨਾਨਕ ਦੇਵ ਜੀ ਜਦੋਂ ਉਸ ਨੂੰ 'ਵਿਗਸੈ ਵੇਪਰਵਾਹੁ' ਜਾਂ 'ਕਰਿ-ਕਰਿ ਵੇਖੈ ਨਦਰਿ ਨਿਹਾਲ' ਨਾਲ ਪਰਿਭਾਸ਼ਿਤ ਕਰਦੇ ਹਨ ਤਾਂ ਉਨ੍ਹਾਂ ਦਾ ਭਾਵ ਅਕਾਲਪੁਰਖ ਦੀ ਉਸ ਵਿਸੇਸ਼ਤਾ ਤੰ ਹੀ ਹੈ ਜੋ ਕੁੱਲ ਸਿਰਜਨਾ ਨੂੰ ਮੌਲਣ ਲਈ ਉਤਸ਼ਾਹ ਦਿੰਦੀ ਹੈ ਅਤੇ ਆਪਣੇ ਹੋਰ ਮੌਲਣ ਨਾਲ ਸੰਬੰਧਿਤ ਨਵੀਆਂ ਪਰਤਾਂ ਨੂੰ ਉਜਾਗਰ ਕਰਦੀ ਰਹਿੰਦੀ ਹੈ। ਸਿਰਜਨਾ ਜਾਂ ਕੋਈ ਵਿਅਕਤੀ ਜਦੋਂ ਉਸ ਨਾਲ ਮਿਲਦਾ ਹੈ ਤਾਂ ਇਹ ਮੇਲ ਇਵੇਂ ਹੀ ਹੁੰਦਾ ਹੈ ਜਿਵੇਂ ਜਲ ਨਾਲ ਮਿਲ ਕੇ ਕੰਵਲ ਫੁੱਲ ਦਾ ਵਿਗਾਸ ਹੁੰਦਾ ਹੈ, ਖਾਲਸਾ ਇਸ ਵਿਸਮਾਦੀ, ਭਰਪੂਰ, ਬਹੁ-ਪੱਖੀ ਸੰਯੋਗ, ਗੁਫਤਗੂ ਰੂਪ ਅਕਾਲਪੁਰਖ ਦੀ ਨੁਮਾਇੰਦਗੀ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਰਜਿਆ ਖਾਲਸਾ ਵੀ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਸਰੂਪ ਹੋਵੇਗਾ, ਜੇ ਉਹ ਪਰਮਾਣਿਕ ਖਾਲਸਾ ਹੈ, ਇਸ 'ਚ ਸੰਦੇਹ ਨਹੀਂ। ਖਾਲਸਾ ਇਕ-ਪਰਿਪੇਖੀ, ਇਕ ਧਰਮੀ, ਇਕ ਕੋਣੀ, ਇਕ ਭਾਸ਼ੀ ਨਹੀਂ ਹੋ ਸਕਦਾ। ਉਸ ਲਈ ਕੁੱਲ ਸਿਰਜਨਾ ਦੀ ਵਿਚਿੱਤਰਤਾ ਨੂੰ 'ਵਿਗਾਸ' ਵਿਚ ਰੱਖਣਾ ਅਤੇ ਆਪ ਵਿਗਾਸ 'ਚ ਰਹਿਣਾ ਹੀ ਵੱਡਾ ਧਰਮ ਹੈ।
ਦੂਜੇ ਨੂੰ ਵਿਗਾਸ 'ਚ ਰੱਖਣਾ ਅਤੇ ਆਪ ਵਿਗਾਸ 'ਚ ਰਹਿਣਾ ਹੀ ਕੁੱਲ ਮਨੁੱਖ ਜਾਤੀਆਂ ਅਤੇ ਪ੍ਰਕਿਰਤੀ ਵੱਲ ਵੱਡੀ ਜ਼ਿੰਮੇਵਾਰੀ ਹੈ ਅਤੇ ਇਹੀ ਖਾਲਸੇ ਨੂੰ ਦਿੱਤੀ ਗਈ ਹੈ। ਜਦੋਂ ਇਹ ਜ਼ਿੰਮੇਵਾਰੀ ਨਹੀਂ ਨਿਭਾਈ ਜਾਂਦੀ ਉਦੋਂ ਹੀ ਸੰਕਟ ਖੜ੍ਹਾ ਹੁੰਦਾ ਹੈ। ਜਦੋਂ ਖਾਲਸਾ ਸਾਜਿਆ ਗਿਆ ਸੀ ਜਾਂ ਜਦੋਂ ਤੋਂ ਗੁਰੂ ਸਾਹਿਬਾਨ ਨੇ ਆਪਣੀ ਲਹਿਰ ਆਰੰਭ ਕੀਤੀ,ਉਸ ਸਮੇਂ ਇਸਲਾਮ ਅਤੇ ਬ੍ਰਾਹਮਣਵਾਦ ਦੋਵੇਂ ਹੀ ਇਕ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਹੋ ਚੁੱਕੇ ਸਨ। ਇਸਲਾਮ ਆਪਣੀ ਰਾਜਨੀਤਕ ਪ੍ਰਭੁੱਤਾ ਵਰਤ ਕੇ ਸ਼ਾਸਕੀ ਜ਼ੋਰ ਨਾਲ ਇਕਵਾਦ ਦਾ ਅਭਿਆਸ ਕਰ ਰਿਹਾ ਸੀ ਅਤੇ ਬ੍ਰਾਹਮਣਵਾਦ ਦੋਵੇਂ ਹੀ ਇਕ ਜ਼ਿੰਮੇਵਾਰੀ ਨਿਭਾਉਣ ਦੇ ਅਸਮਰੱਥ ਹੋ ਚੁੱਕੇ ਸਨ। ਇਸਲਾਮ ਆਪਣੀ ਰਾਜਨੀਤਕ ਪ੍ਰਭੁੱਤਾ ਵਰਤ ਕੇ ਸ਼ਾਸਕੀ ਜ਼ੋਰ ਨਾਲ ਇਕਵਾਦ ਦਾ ਅਭਿਆਸ ਕਰ ਰਿਹਾ ਸੀ ਅਤੇ ਬ੍ਰਾਹਮਣਵਾਦ ਆਪਣੇ ਸਾਮਾਜਿਕ ਗਲਬੇ ਅਤੇ ਜਾਤ-ਪ੍ਰਬੰਧ ਰਾਹੀਂ ਮਨੁੱਖ ਦੇ ਸਹਿਜ-ਵਿਗਾਸ ਨੂੰ ਰੋਕ ਕੇ ਆਪਣੇ ਹਿੱਤਾਂ ਲਈ ਵਿਗਾੜ ਰਿਹਾ ਸੀ। ਸਹਜ-ਵਿਗਾਸ ਨੂੰ ਰੋਕਣਾ ਜ਼ੁਲਮ ਹੈ, ਭਾਵੇਂ ਉਹ ਕਿਸੇ ਰੂਪ 'ਚ ਹੋਵੇ। ਇਸ ਸੰਕਟ 'ਚ ਸੰਕਟ ਪਾਉਣ ਵਾਲੀਆਂ ਰਾਜਨੀਤਕ, ਆਰਥਿਕ ਅਤੇ ਪੁਜਾਰੀ ਸ਼ਕਤੀਆਂ 'ਅਸੁਰ' ਸਨ ਅਤੇ ਇਨ੍ਹਾਂ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ 'ਸੁਰ'। ਖਾਲਸਾ ਸੁਰ ਸ਼ਕਤੀ ਸੀ।
ਸੈਨਾਪਤੀ ਨੇ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਸੀ, ਆਪਣੇ ਗ੍ਰੰਥ 'ਸ੍ਰੀ ਗੁਰੂ ਸੋਭਾ' ਵਿਚ ਜੋ 1711 ਈਸਵੀ 'ਚ ਸਥਾਪਤ ਕੀਤਾ ਗਿਆ, ਇਹ ਲਿਖਿਆ ਹੈ ਕਿ ਖਾਲਸਾ ਤਿੰਨ ਪ੍ਰਮੁੱਖ ਮੰਤਵਾਂ ਲਈ ਸਿਰਜਿਆ ਗਿਆ, ਇਹ ਲਿਖਿਆ ਹੈ ਕਿ ਖਾਲਸਾ ਤਿੰਨ ਪ੍ਰਮੁੱਖ ਮੰਤਵਾਂ ਲਈ ਸਿਰਜਿਆ ਗਿਆ। ਜਗਤ ਉਧਾਰਨ, ਅਸੁਰ ਸੰਘਾਰਨ ਅਤੇ ਸੰਕਟ ਨਿਵਾਰਨ ਲਈ।
ਇਤਿਹਾਸ ਦੇ ਹਰ ਨਵੇਂ ਦੌਰ 'ਚ ਸੁਰ ਅਤੇ ਅਸੁਰ ਸ਼ਕਤੀਆਂ ਦਾ ਰੂਪ ਬਦਲ ਜਾਂਦਾ ਹੈ। ਜੋ ਕਦੇ ਸੁਰ ਸਨ, ਜੇ ਉਹ ਆਪਣੇ ਸੌੜੇ ਹਿੱਤਾਂ ਦੀ ਰਾਖੀ ਲਈ ਦੂਜਿਆਂ ਦੇ ਨਿਰੰਤਰ ਵਿਗਾਸ 'ਚ ਮੁਸ਼ਕਲਾਂ ਖੜ੍ਹੀਆਂ ਕਰਨ, ਉਹ ਨਿਸ਼ਚਿਤ ਹੀ ਅਸੁਰ ਸ਼ਕਤੀਆਂ ਬਣ ਜਾਂਦੇ ਹਨ, ਉਨ੍ਹਾਂ ਨੂੰ ਫਿਰ ਵਿਚਿੱਤਰਤਾ ਅਤੇ ਦੈਵਿਤਾ ਦੇ ਹੁਕਮ 'ਚ ਕਈ ਪੱਧਰਾਂ ਉੱਤੇ ਲਾਮਬੰਦ ਹੋ ਕੇ ਹਰਾਉਣਾ ਪੈਂਦਾ ਹੈ। ਕਿਉਂਕਿ ਇਤਿਹਾਸ 'ਚ ਇਹ ਘੋਲ 'ਬੈਕੁੰਠ' ਦੇ ਪ੍ਰਾਪਤ ਹੋਣ ਤੱਕ ਜਾਰੀ ਰਹਿਣਾ ਹੈ, ਇਸ ਲਈ ਮਨੁੱਖ ਦੇ ਨਿਰੰਤਰ ਵਿਗਾਸ ਨੂੰ ਕਾਇਮ ਰੱਖਣ ਲਈ, ਇਤਿਹਾਸਕ ਸਥਿਤੀ ਅਨੁਸਾਰ ਸੁਰ-ਸ਼ਕਤੀਆਂ ਦੀ ਲੋੜ ਹਮੇਸ਼ਾ ਰਹੇਗੀ। ਗੁਰੂ ਦਾ ਸਿਰਜਿਆ ਖਾਲਸਾ ਇਹ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸਦਾ ਸਾਰਥਕ ਰਹੇਗਾ।
ਪਰ ਇਥੇ ਦੁਹਰਾਉਣ ਅਤੇ ਸਮਝਣ ਵਾਲੀ ਗੱਲ ਇਹ ਹੈ ਕਿ ਸਦੀਵਤਾ ਅਤੇ ਸਾਰਥਕਤਾ ਕੇਵਲ ਗੁਰੂ ਦੇ ਸਾਜੇ ਖਾਲਸਾ ਜੀ ਨੂੰ ਬਖਸ਼ੀ ਗਈ ਹੈ, ਇਸ ਦਾ ਅਰਥ ਇਹ ਹੈ ਕਿ ਖਾਲਸਾ ਫੌਜ ਜਾਂ ਸੰਤ ਸਿਪਾਹੀਆਂ ਨੂੰ ਵਾਹਿਗੁਰੂ ਵਾਂਗ ਸਮੁੱਚੀ ਕਾਇਨਾਤ ਦੀ ਵਿਚਿਤੱਰਤਾ ਆਪਣੇ ਵਿਚ ਸਮੋਣੀ ਪਵੇਗੀ। ਜਿਵੇਂ ਵਾਹਿਗੁਰੂ ਆਪਣੀ ਸਿਰਜਨਾ ਨੂੰ ਵੇਖ ਕੇ ਨਿਹਾਲ ਹੁੰਦਾ ਹੈ ਅਤੇ ਨਿਹਾਲ ਕਰਦਾ ਹੈ, ਇਹੋ ਜਿਹੀ ਦ੍ਰਿਸ਼ਟੀ ਅਤੇ ਚੇਤਨਤਾ ਵਿਕਸਿਤ ਕਰਨੀ ਪਵੇਗੀ। ਇਹ ਕੋਈ ਸੌਖੀ ਗੱਲ ਨਹੀਂ। ਵਾਹਿਗੁਰੂ ਖੁਦ ਆਪਣੀ ਸਿਰਜਨਾ ਦੀ ਵਿਚਿੱਤਰਤਾ ਅਤੇ ਸੁੰਦਰਤਾ ਨੂੰ ਦੇਖ ਕੇ ਵਿਸਮਾਦ ਵਿਚ ਹੈ। ਆਪਣੇ ਵਿਚ ਲੀਨ ਹੋਣ ਵਾਲਿਆਂ ਨੂੰ ਵਿਸਮਾਦ ਵਿਚ ਲੀਨ ਕਰਦਾ ਹੈ। ਇਸ ਵਿਸ਼ੇਸ਼ਤਾ ਦਾ ਸਾਧਾਰਨ ਅਰਥ ਇਹ ਹੈ ਕਿ ਖਾਲਸਾ ਫ਼ੌਜ ਦਾ ਹਰ ਸਿਪਾਹੀ ਜੀਵਨ ਦੀ ਵਿਲੱਖਣਤਾ, ਸੁੰਦਰਤਾ, ਵਿਚਿਤੱਰਤਾ ਤੋਂ ਹਰ ਖਿਣ ਪ੍ਰੇਰਿਤ ਰਹੇ। ਜੀਵਨ ਦੀ ਸ਼ਾਇਰੀ ਅਤੇ ਸੰਗੀਤ ਵਿਚ 'ਮਤਵਾਰਾ' ਹੋਣ ਦੀ ਸਮਰੱਥਾ ਰੱਖੇ। ਅਕਾਲਪੁਰਖ ਦੀ ਸਾਰੀ ਸਿਰਜਨਾ ਹਰ ਖਿਣ ਸੰਗੀਤ ਵਿਚ ਵੱਸ ਰਹੀ ਹੈ। ਸਾਰੀ ਸ੍ਰਿਸ਼ਟੀ ਦੀਆਂ ਸ਼ਕਤੀਆਂ ਆਪਣੀ-ਆਪਣੀ ਥਾਂ ਉੱਤੇ ਅਕਾਲਪੁਰਖ ਦੇ ਦੁਆਲੇ ਸੰਗੀਤ ਵਾਦਨ ਕਰ ਰਹੀਆਂ ਹਨ। 'ਜਪੁ ਜੀ' ਦੀ ਗਵਾਹੀ ਸਾਡੇ ਕੋਲ ਹੈ।
ਖਾਲਸਾ ਸੰਗਠਨਾਂ ਨੂੰ ਵੀ ਇਹ ਸਮਝਣਾ ਪਵੇਗਾ ਕਿ ਅਕਾਲਪੁਰਖ ਦੀ ਸਿਰਜਨਾ ਦੇ ਕਨਫੈਡਰੇਸ਼ਨੀ ਮਾਡਲ ਉੱਤੇ ਹੀ ਸਾਡੇ ਵਿਸ਼ਵ ਦੀ ਸਿਹਤਮੰਦ ਸੰਰਚਨਾ ਬਣ ਸਕਦੀ ਹੈ। ਅਜਿਹੀ ਵਿਸ਼ਵ ਸੰਰਚਨਾ ਜਿਸ ਵਿਚ ਦੂਜੇ ਨਾਲ ਧਿੰਗੋਜੋਰੀ ਨਹੀਂ ਹੋ ਸਕਦੀ। ਨਾ ਹੀ ਕਿਸੇ ਨੂੰ ਛੁਟਿਆਉਣਾ ਜਾਂ ਜ਼ਬਰਦਸਤੀ ਆਪਣੇ ਵੱਲ ਲਿਆਉਣਾ ਬਣਦਾ ਹੈ। ਵੱਡੀ ਚੇਤਨਤਾ ਅਤੇ ਅਭਿਆਸ ਲਈ ਸਥਿਤੀ ਬਣਾਉਣੀ ਜਾਇਜ਼ ਹੈ। ਅਸੁਰ ਸ਼ਕਤੀਆਂ ਦੀ ਠੀਕ ਪਛਾਣ ਕਰਕੇ ਯਤਨ ਕਰਨਾ ਠੀਕ ਹੈ। ਸਾਡੇ ਸਮਿਆਂ ਵਿਚ ਅਸੁਰ ਸ਼ਕਤੀਆਂ ਉਹ ਹਨ ਜੋ ਇੱਕਵਾਦੀ ਹਨ, ਉਸ ਵਿਚ ਫਾਸ਼ੀ ਡਿਕਟੇਟਰ, ਇਸਲਾਮਵਾਦ, ਇਸਾਈਵਾਦ, ਹਿੰਦੂਵਾਦ, ਸਭ ਆ ਜਾਂਦੇ ਹਨ। ਜੇ ਉਹ ਇੱਕਵਾਦ ਦਾ ਅਭਿਆਸ ਕਰਦੇ ਹਨ ਅਤੇ ਕਾਇਨਾਤ ਦੇ ਕਨਫੈਡਰੇਸ਼ਨੀ, ਸੰਗੀਤ ਉਤਪਾਦਕ ਭਾਈਚਾਰੇ ਨੂੰ ਭੰਗ ਕਰਦੇ ਹਨ।
ਪੂੰਜੀਵਾਦੀ ਦਾ ਲਚਕੀਲਾ ਰੂਪ ਜੋ ਦੂਜੇ ਸੱਭਿਆਚਾਰਾਂ ਦਾ ਸਤਿਕਾਰ ਕਰਦਾ ਹੈ ਅਤੇ ਉਨ੍ਹਾਂ ਦੀ ਵਿਚਿੱਤਰਤਾ ਅਨੁਸਾਰ ਆਪਣੇ ਆਪ ਨੂੰ ਬਦਲਦਾ ਰਹਿੰਦਾ ਹੈ, ਇੱਕਵਾਦੀ ਨਹੀਂ। ਕੈਨੇਡਾ ਅਤੇ ਅਮਰੀਕਾ ਦੇ ਪੂੰਜੀਵਾਦ ਅਜਿਹੇ ਚਰਿੱਤਰ ਵਾਲੇ ਹਨ। ਕੈਨੇਡਾ ਵੱਧ ਅਤੇ ਅਮਰੀਕਾ ਘੱਟ। ਜਾਪਾਨ ਦਾ ਪੂੰਜੀਵਾਦ ਵੀ ਅਜਿਹੀ ਲਚਕ ਧਾਰ ਰਿਹਾ ਹੈ। ਸਮਾਜਵਾਦ ਅਜੇ ਇੱਕਵਾਦੀ ਹੈ। ਚੀਨ ਨੇ ਕੁਝ ਲਚਕ ਦਿਖਾਉਣੀ ਆਰੰਭ ਕੀਤੀ ਹੈ ਪਰ ਅਜੇ ਯਾਤਰਾ ਲੰਮੀ ਹੈ। ਭਾਰਤ ਦਾ ਸੰਵਿਧਾਨ ਅਤੇ ਹੋਰ ਰਾਜਨੀਤਕ ਸੰਰਚਨਾਵਾਂ ਕੌਮੀ ਇੱਕਵਾਦ ਉੱਤੇ ਉਸਰੀਆਂ ਹੋਈਆਂ ਹਨ। ਇਨ੍ਹਾਂ ਵਿਚ ਭਾਰਤ ਨੂੰ ਵਿਲੱਖਣ ਸਭਿਆਚਾਰਾਂ ਅਤੇ ਕੌਮਾਂ ਦੇ ਖੇਤਰੀ ਘਰਾਂ ਦੇ ਤੌਰ 'ਤੇ ਨਹੀਂ ਸਵੀਕਾਰ ਕੀਤਾ ਗਿਆ, ਇਸ ਲਈ ਇਹ ਦੂਜੇ ਦੇ ਮੁਕੰਮਲ ਸਤਿਕਾਰ ਨੂੰ ਨਿਯਮ ਵਜੋਂ ਸਵੀਕਾਰ ਨਹੀਂ ਕਰਦੇ। ਨਤੀਜੇ ਵਜੋਂ ਭਾਰਤ ਦੀਆਂ ਰਾਜਨੀਤਕ ਸੰਰਚਨਾਵਾਂ ਇਕ ਕੌਮਵਾਦੀ ਹਨ। ਇਨ੍ਹਾਂ ਦੇ ਅਭਿਆਸ ਵਿਚੋਂ ਕਾਇਨਾਤੀ ਸੰਗੀਤ ਨਹੀਂ ਨਿਕਲ ਸਕਦਾ। ਇਥੇ ਸੰਕਟ ਕਾਇਮ ਹੀ ਰਹੇਗਾ। ਕੇਵਲ ਪੂੰਜੀ ਆਧਾਰਿਤ ਵਿਕਾਸ, ''ਵਿਗਾਸ'' ਨਹੀਂ ਬਣ ਸਕਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਸਾਬਤਿ ਪੂੰਜੀ' ਦੀ ਗੱਲ ਕੀਤੀ ਗਈ ਹੈ। ਸੰਤ-ਗੁਰੂ ਸਾਹਿਬਾਨਾਂ ਨੇ ਆਪਣੇ ਆਪ ਨੂੰ 'ਰਾਮ ਕੇ' 'ਵਣਜਾਰੇ' ਆਖਿਆ ਹੈ। ਇਸ ਦਾ ਅਰਥ ਇਹ ਹੈ ਕਿ ਪੂੰਜੀ ਉਹੀ ਵਿਗਾਸ ਵੱਲ ਲੈ ਜਾ ਸਕਦੀ ਹੈ ਜਿਸ ਵਿਚ ਅਕਾਲ ਪੁਰਖ ਦਾ ਸਤ ਮੌਜੂਦ ਹੋਵੇ। ਅੱਜ ਕਦੇ ਮੁਹਾਵਰੇ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਦੈਵਿਤਾ, ਭਰਪੂਰ ਪ੍ਰਫੁੱਲਤਾ, ਸੰਗੀਤਾਤਮਕ ਕਨਫੈਡਰੇਸ਼ਨੀ ਭਾਈਚਾਰੇ ਦੇ ਹਿੱਤ ਵਿਚ ਲਾਈ ਪੂੰਜੀ ਹੀ ਵਿਗਾਸ ਵੱਲ ਲੈ ਜਾ ਸਕਦੀ ਹੈ। ਕੇਵਲ 'ਵਿਕਾਸ' ਹਿੱਤ ਜਾਂ ਸੂਦ ਵਧਾਉਣ ਲਈ ਲਾਈ ਪੂੰਜੀ ਇਕ ਪਾਸਾਰੀ ਹੈ, ਸਰਬਪੱਖੀ/ਵਿਗਾਸਮੁਖੀ ਨਹੀਂ। ਪੱਛਮ ਵਿਚ ਐਜ਼ਰਾ ਪਾਉਂਡ ਮਾਰਸ਼ਲ ਮੌਸ, ਬਾਤੱਈ ਜਿਹੇ ਚਿੰਤਕ ਆਧੁਨਿਕ ਸਮੇਂ ਵਿਚ ਕਹਿ ਚੁੱਕੇ ਹਨ ਅਤੇ ਸੂਦਖੋਰੀ ਦਾ ਰਾਹ ਘਾਤਕ ਹੈ, ਮਨੁੱਖੀ ਪ੍ਰਫੁੱਲਤਾ ਲਈ ਯੋਗ ਨਹੀਂ। ਪੱਛਮ ਉਨ੍ਹਾਂ ਦੇ ਵਿਚਾਰ ਵਿਚ ਗਲਤ ਰਾਹ ਉੱਤੇ ਤੁਰ ਪਿਆ, ਅਜੇ ਕਿ ਪੱਛਮ ਦੇ ਆਦਿਵਾਸੀ ਕਬੀਲਿਆਂ ਵਿਚ ਮਨੁੱਖੀ ਮਾਣ ਅਤੇ ਭਾਵ-ਪ੍ਰਫੁੱਲਤਾ ਲਈ ਲਾਈ ਸੌਂਦਰਯ-ਮਾਰਗੀ ਪੂੰਜੀ ਦੀ ਪ੍ਰਥਾ ਵੀ ਮੌਜੂਦ ਸੀ। ਕੇਵਲ ਚੀਜ਼ਾਂ ਵਸਤਾਂ ਦੇ ਵਧਾਉਣ ਲਈ ਲਾਈ ਉਪਭੋਗੀ ਪੂੰਜੀ, ਵਿਸ਼ਵ ਇਕ ਸ਼ਾਇਰਾਨਾ/ਸੰਗੀਤਾਕਮਕ ਭਾਈਚਾਰਾ ਨਹੀਂ ਉਸਾਰ ਸਕਦੀ ਜੋ ਸ੍ਰਿਸ਼ਟੀ ਦੇ ਗਾਉਣ ਵਾਲੇ ('ਗਾਵਹਿ') ਵਿਧਾਨ ਦਾ ਅਨੁਸਰਣ ਕਰ ਸਕੇ।
'ਖਾਲਸਾ' ਦੇ ਸੰਤ ਸਿਪਾਹੀ ਨੇ ਜਿਸ ਬ੍ਰਹਿਮੰਡੀ ਗਾਉਣ ਵਾਲੇ, ਸਹਿ-ਹੋਂਦੀ, ਕਨਫੈਡਰੇਸ਼ਨੀ ਭਾਈਚਾਰੇ ਦੀ ਉਸਾਰੀ ਵਿਚ ਸਹਾਇਤਾ ਕਰਨੀ ਹੈ, ਉਸ ਦੀ ਬਣਤਰ ਪਹਿਲਾਂ ਬ੍ਰਹਿਮੰਡੀ ਪੱਧਰ ਉੱਤੇ ਸਮਝਣੀ ਪਵੇਗੀ, ਉਸ ਨੂੰ ਆਪਣੇ ਨਿੱਜੀ ਜੀਵਨ ਵਿਚ ਉਤਾਰਨਾ ਹੋਵੇਗਾ। ਪੰ੍ਰਪਰਿਕ ਰਿਸ਼ਤੇ ਨਾਤੇ ਜੇ ਸੰਗੀਤਾਤਮਕ ਕਨਫੈਡਰੇਸ਼ਨ ਤੋਂ ਪ੍ਰੇਰਿਤ ਨਾ ਹੋਣ ਤਾਂ ਚੇਤਨਤਾ ਦੇਹ ਅਤੇ ਉਨ੍ਹਾਂ ਦਾ ਅਭਿਆਸ ਕ੍ਰਿਆਵੰਤ ਨਹੀਂ ਹੋਣਗੇ।
ਸੰਗੀਤਾਤਮਕ ਬ੍ਰਹਿਮੰਡੀ ਕਨਫੈਡਰੇਸ਼ਨ ਦਾ ਉਤਾਰਾ ਭਾਰਤ ਅਤੇ ਭਾਰਤੀ ਕਨਫੈਡਰੇਸ਼ਨ ਦਾ ਅੰਗ ਪੰਜਾਬ-ਇਸ ਸੰਰਚਨਾ ਲਈ ਹੀ ਖਾਲਸਾ ਦੇ ਸੰਤ ਸਿਪਾਹੀ ਨੇ ਯਾਤਰਾ ਕਰਨੀ ਹੈ ਅਤੇ ਇਹੀ ਸੰਘਰਸ਼ ਹੈ ਜੋ ਲਾਮਬੱਧ ਹੋ ਕੇ ਕਰਨਾ ਹੈ। ਭ੍ਰਿਸ਼ਟ ਪੂੰਜੀ ਨਾਲ ਵਿਕਾਸ ਦਾ ਮੁੱਦਾ ਕਿਧਰੇ ਨਹੀਂ ਪਹੁੰਚਾ ਸਕਦਾ। ਘੱਟੋ-ਘੱਟ ਉਸ 'ਬੈਕੁੰਠ' ਤੱਕ ਨਹੀਂ ਜੋ 'ਮਿੱਤਰ ਪਿਆਰੇ' ਦਾ ਹੈ ਅਤੇ ਜਿਸ ਦੀ ਕਾਮਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਹੈ। ਜਿਸ ਕਨਫੈਡਰੇਸ਼ਨ ਦੀ ਇਥੇ ਗੱਲ ਕੀਤੀ ਜਾ ਰਹੀ ਹੈ, ਉਹ ਨਾ ਇਕ ਕੇਂਦਰਿਤ ਹੈ ਅਤੇ ਨਾ ਹੀ ਕੇਂਦਰਵਾਦੀ। ਕਨਫੈਡਰੇਸ਼ਨ ਵਿਚ ਹਰ ਕੇਂਦਰ ਸਾਪੇਖ ਤੌਰ 'ਤੇ ਸੁਤੰਤਰ ਵੀ ਹੈ ਅਤੇ ਇਕ-ਸੁਰਤਾ ਵਿਚ ਬੱਝਿਆ ਹੋਇਆ ਵੀ ਹੈ। ਤਦ ਹੀ ਰਾਗ ਉਪਜਦਾ ਹੈ, ਸੰਗੀਤ ਫੁੱਟਦਾ ਹੈ।
ਪੰਜਾਬ ਦਾ ਵਿਗਾਸ ਵੀ ਤਦ ਹੀ ਹੋ ਸਕਦਾ ਹੈ ਜੇ ਭਾਰਤ ਸੰਗੀਤਾਤਮਕ ਕਨਫੈਡਰੇਸ਼ਨ ਬਣੇ। ਇਹ ਪੰਜਾਬ ਇਕਾਤਮਕ ਨਹੀਂ ਹੋ ਸਕਦਾ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਲ ਪ੍ਰਧਾਨ ਹੋ ਸਕਦੇ ਹਨ। ਇਨ੍ਹਾਂ ਮੁੱਲਾਂ ਜਾਂ ਵਡਿਆਈਆਂ ਨੂੰ ਪੰਜਾਬੀ ਚੇਤਨਤਾ ਨਹੀਂ ਬਣਨ ਦਿੱਤਾ ਗਿਆ। ਸੌੜੇ ਰਾਜਨੀਤਕ ਅਤੇ ਆਰਥਿਕ ਹਿੱਤਾਂ ਕਾਰਨ ਪੰਜਾਬੀ ਚੇਤਨਤਾ ਨੂੰ ਬਖੇਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ, ਜੋ ਪੰਜਾਬ ਦੀ ਵਿਸ਼ਵ ਨੂੰ ਮਹਾਨ ਦੇਣ ਹੈ, ਨਾਲੋਂ ਤੋੜ ਦਿੱਤਾ ਗਿਆ ਹੈ। ਅੱਜ ਸਿੱਖਾਂ ਦੀ ਨੁਮਾਇੰਦਾ ਕਹਿਣ ਵਾਲੀ ਅਕਾਲੀ ਪਾਰਟੀ ਕੋਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਹੀ ਹੈ, ਮੁੱਲ ਨਹੀਂ।
ਅੱਜ ਲੋੜ ਇਸ ਗੱਲ ਦੀ ਹੈ ਕਿ ਸੂਝਵਾਨ ਅਤੇ ਪ੍ਰਮਾਣਿਕ ਖਾਲਸਾ ਨਿੱਤਰੇ ਜਿਸ ਦੀ ਸਮਝ, ਬ੍ਰਹਿਮੰਡ ਦੀ ਗੁਰੂ ਦਰਸ਼ਿਤ ਕ੍ਰਿਆ ਅਨੁਸਾਰ ਭਾਰਤ, ਪੰਜਾਬ ਨੂੰ ਸੰਗੀਤਾਤਮਕ ਕਨਫੈਡਰੇਸ਼ਨ ਵਿਚ ਬਦਲਣ ਲਈ ਪ੍ਰੇਰਿਤ ਹੋਵੇ। ਇਸ ਕਾਰਜ ਲਈ ਸ਼ਾਇਰਾਨਾ ਮਨ, ਵਿਉਂਤਬੰਦੀ ਅਤੇ ਸ਼ਿੱਦਤ ਭਰਪੂਰ ਕਰਮ ਤਿੰਨਾਂ ਦੀ ਲੋੜ ਹੈ।
ਇਥੇ ਇਹ ਦੱਸਣਾ ਵੀ ਪ੍ਰਾਸੰਗਿਕ ਹੈ ਕਿ ਕਨਫੈਡਰੇਸ਼ਨ ਦਾ ਮੁੱਦਾ, ਜਿਸ ਦਾ ਸ੍ਰੋਤ ਮੁੱਖ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ, 'ਅੰਮ੍ਰਿਤਸਰ ਐਲਾਨਨਾਮਾ' ਰਾਹੀਂ, ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਧੀਨ, ਕੋਈ ਇਕ ਦਹਾਕਾ ਪਹਿਲਾਂ, ਪ੍ਰਵਾਨ ਕੀਤਾ ਗਿਆ ਸੀ। ਪਰ ਅੱਜ ਮਾਨ ਤੋਂ ਸਿਵਾਏ ਅਕਾਲੀਆਂ ਦੇ ਸਭ ਗਰੁੱਪ ਉਸ ਐਲਾਨਨਾਮੇ ਤੋਂ ਭੱਜ ਚੁੱਕੇ ਹਨ। ਅਜੇ ਕਿ ਉਸ ਵਿਚ ਸਭ ਖੇਤਰੀ ਸਭਿਆਚਾਰਾਂ ਲਈ ਸ਼ੁਭ ਕਾਮਨਾ ਅਤੇ ਭਵਿੱਖ-ਉਸਾਰੀ ਲਈ ਬਚਨ ਮੌਜੂਦ ਸੀ। ਉਸ ਮੁੱਦੇ ਨੂੰ ਸੁਰਜੀਤ ਕਰਨ ਦੀ ਲੋੜ ਹੈ।
ਵਿਸ਼ਵ ਤੋਂ ਲੈ ਕੇ ਵਿਅਕਤੀ ਤੱਕ ਖਾਲਸਾ ਰਾਜ ਹੋਣ ਦੀ ਸੰਭਾਵਨਾ ਤਦ ਹੀ ਹੈ ਜੋ ਗੁਰੂ-ਦਰਸ਼ਿਤ ਸੰਗੀਤਾਤਮਕ ਕਨਫੈਡਰੇਸ਼ਨ ਦੇ ਮੁੱਦੇ ਨੂੰ ਚੇਤਨਤਾ ਅਤੇ ਕਰਮ ਦਾ ਹਿੱਸਾ ਬਣਾਇਆ ਜਾਵੇ। ਇਸ ਨਾਲ ਕੇਵਲ ਪੰਜਾਬ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੇ ਵਿਗਾਸ ਲਈ ਹੀ ਰਾਹ ਨਹੀਂ ਖੁੱਲ੍ਹਦਾ, ਸਗੋਂ ਬਾਕੀ ਕੌਮਾਂ ਲਈ ਵੀ 'ਸੁਖ' ਦਾ ਭਵਿੱਖ ਉਸਰੇਗਾ।

Friday, 21 October 2011

ਪੰਜਾਬ ਦੇ ਅਨੰਦ ਕਾਰਜ ਗੁਰਮਤਿ ਰੰਗ ਤੋਂ ਸੱਖਣੇ\ੇਪ੍ਰੋ. ਬਲਵਿੰਦਰਪਾਲ ਸਿੰਘ


ਪੰਜਾਬ ਦੇ ਸਿੱਖਾਂ ਵਿਚ ਏਨਾ ਨਿਘਾਰ ਆ ਗਿਆ ਹੈ ਕਿ ਅਨੰਦ ਕਾਰਜ ਮਾਇਆਵੀ ਰੁੱਚੀਆਂ ਅਤੇ ਬ੍ਰਾਹਮਣਵਾਦੀ ਸੰਸਕਾਰਾਂ ਨਾਲ ਜੁੜਦੇ ਜਾ ਰਹੇ ਹਨ। ਪੰਜਾਬ ਵਿਚ ਅਨੰਦ ਕਾਰਜ ਦਾ ਸਮਾਂ ਹੁਣ 12 ਵਜੇ ਦੁਪਹਿਰ ਤੋਂ ਪਹਿਲਾਂ ਨਹੀਂ, ਸ਼ਾਮ 2 ਵਜੇ ਤੋਂ ਲੈ ਕੇ 4 ਵਜੇ ਤੱਕ ਹੋ ਗਿਆ ਹੈ। ਬਰਾਤਾਂ ਸਮੇਂ ਸਿਰ ਨਹੀਂ ਪਹੁੰਚਦੀਆਂ। ਵਿਆਹਾਂ 'ਤੇ ਸਿੱਖ ਆਪਣੀ ਸਮਰਥਾ ਤੋਂ ਵੱਧ ਕਰਜ਼ੇ ਚੁੱਕ ਕੇ ਖਰਚਾ ਕਰ ਰਹੇ ਹਨ। ਕਿਸਾਨਾਂ ਦੀ ਹਾਲਤ ਏਨੀ ਮੰਦੀ ਹੈ ਕਿ ਉਹ ਐਨ. ਆਰ. ਆਈ. ਸਿੱਖਾਂ ਅਤੇ ਅਮੀਰ ਪੰਜਾਬੀਆਂ ਨੂੰ ਦੇਖ ਕੇ ਵੱਡੇ-ਵੱਡੇ ਪੈਲੇਸ ਬੁੱਕ ਕਰ ਲੈਂਦੇ ਹਨ ਅਤੇ ਆਪਣੀ ਸਮਰਥਾ ਤੋਂ ਵੱਧ ਖਰਚਾ ਕਰਕੇ ਕਰਜ਼ਾਈ ਹੋ ਜਾਂਦੇ ਹਨ। ਮੁੜਕੇ ਫਿਰ ਆਤਮ-ਹੱਤਿਆਵਾਂ ਦੇ ਰਾਹੇ ਤੁਰ ਪੈਂਦੇ ਹਨ। ਬਰਾਤਾਂ ਦੀ ਗਿਣਤੀ ਵਿਚ ਵੀ ਦਿਨੋਂ ਦਿਨ ਵਾਧਾ ਵਿਖਾਵੇ ਵਜੋਂ ਹੁੰਦਾ ਜਾ ਰਿਹਾ, ਜਿਸ ਨੂੰ ਲੜਕੀ ਤੇ ਲੜਕੇ ਵਾਲੇ ਆਪਣੀ ਸ਼ਾਨ ਸਮਝਦੇ ਹਨ। ਲੜਕੇ ਵਾਲੇ ਇਸ ਲਈ ਸ਼ਾਨ ਸਮਝਦੇ ਕਿ ਬਰਾਤ 'ਚ ਵੱਧ ਸੰਬੰਧੀ ਸ਼ਾਮਲ ਹਨ ਅਤੇ ਲੜਕੀ ਵਾਲੇ ਇਸ ਲਈ ਸ਼ਾਨ ਸਮਝਦੇ ਹਨ ਕਿ ਉਹ ਏਨੀ ਵੱਡੀ ਬਰਾਤ ਦੀ ਸੇਵਾ ਸੰਭਾਲ ਕਰ ਰਹੇ ਹਨ। ਦਾਜ ਦੀ ਗੱਲ ਹੀ ਛੱਡੋ, ਪਹਿਲਾਂ ਸਕੂਟਰ, ਫਰਿੱਜ ਤੇ ਟੈਲੀਵਿਜ਼ਨ ਦੇਣਾ ਆਮ ਗੱਲ ਸਮਝਿਆ ਜਾਂਦਾ ਸੀ, ਹੁਣ ਵੱਡੀ ਤੋਂ ਵੱਡੀ ਤੇ ਵਧੀਆ-ਵਧੀਆ ਕਾਰ ਦੇਣੀ ਆਮ ਗੱਲ ਬਣ ਗਈ ਹੈ। ਹਾਲਾਂ ਕਿ ਗੁਰੂ ਸਾਹਿਬ ਵਿਚ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਗੁਣਾਂ ਦਾ ਦਾਜ ਸਭ ਤੋਂ ਉੱਤਮ ਹੈ ਅਤੇ ਪਦਾਰਥਕ ਦਾਜ ਪਖੰਡ ਹੈ। ਇਹ ਕਿਸੇ ਕੰਮ ਨਹੀਂ ਆਉਣਾ। ਲੜਕੀ ਦੇ ਘਰੋਂ ਦਾਜ ਲਿਜਾਣਾ ਜਾਂ ਦਾਜ ਦੀ ਮੰਗ ਕਰਨੀ ਗੁਰਮਤਿ ਸਿਧਾਂਤਾਂ ਵਿਰੋਧੀ ਹੈ। ਦਾਜ ਦੇ ਕੇ ਵਿਆਹ ਕਰਨਾ ਬ੍ਰਾਹਮਣਵਾਦ ਦੀ ਰੀਤ ਹੈ, ਨਾ ਕਿ ਖਾਲਸੇ ਦੀ ਮਰਿਯਾਦਾ। ਸ੍ਰੀ ਗੁਰੂ ਰਾਮਦਾਸ ਜੀ ਦਾਜ ਨੂੰ ਦਿਖਾਵਾ ਅਤੇ ਅਡੰਬਰ ਸਮਝਦੇ ਹਨ। ਇਸ ਦੇ ਲਈ ਉਹਨਾਂ ਨੇ ਦਾਜ ਰਸਮ ਦਾ ਖੰਡਨ ਕੀਤਾ ਹੈ;
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ
ਸੁ ਕੂੜੁ ਅਹੰਕਾਰੁ ਕਚੁ ਪਾਜੋ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੭੯)
ਪੰਜਾਬ ਵਿਚ ਪਹਿਲਾਂ ਅਨੰਦ ਕਾਰਜ ਦੀ ਰਸਮ ਘਰਾਂ ਵਿਚ ਹੀ ਹੁੰਦੀ ਸੀ ਅਤੇ ਪੰਡਾਲ ਘਰ ਦੇ ਮੂਹਰੇ ਲਗਾਕੇ ਬਰਾਤ ਦੀ ਆਓ ਭਗਤ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਂਦਾ ਸੀ। ਪਰ ਹੁਣ ਬਰਾਤਾਂ ਮੈਰਿਜ ਪੈਲੇਸਾਂ ਵਿਚ ਆਉਂਦੀਆਂ ਹਨ। ਪਹਿਲਾਂ ਤਾਂ ਮੈਰਿਜ ਪੈਲੇਸ 'ਚ ਹੀ ਗੁਰੂ ਗ੍ਰੰਥ ਸਾਹਿਬ ਲਿਆ ਕੇ ਅਨੰਦ ਕਾਰਜ ਕਰ ਦਿੱਤਾ ਜਾਂਦਾ ਸੀ, ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹੁਕਮਨਾਮਾ ਜਾਰੀ ਕਰਨ ਕਰਕੇ ਮੈਰਿਜ ਪੈਲੇਸ 'ਚ ਗੁਰੂ ਗ੍ਰੰਥ ਸਾਹਿਬ ਲਿਆਉਣ ਦੀ ਮਨਾਹੀ ਹੈ। ਕਾਰਨ ਇਹ ਸੀ ਕਿ ਮੈਰਿਜ ਪੈਲਸ ਵਿਚ ਸ਼ਰਾਬ ਵੀ ਵਰਤਾਈ ਜਾਂਦੀ ਸੀ ਅਤੇ ਬਰਾਤੀ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਨੰਦ ਕਾਰਜ ਸਮੇਂ ਭੱਦੇ ਮਖੌਲ ਕਰਦੇ ਸਨ।
ਹੁਣ ਭਾਵੇਂ ਗੁਰਦੁਆਰੇ ਵਿਚ ਅਨੰਦ ਕਾਰਜ ਹੋਣ ਲੱਗੇ ਹਨ, ਪਰ ਲੜਕੀ-ਲੜਕੇ ਦੇ ਖਾਸ ਰਿਸ਼ਤੇਦਾਰ ਹੀ ਗੁਰਦੁਆਰੇ ਵਿਚ ਅਨੰਦ ਕਾਰਜ ਦੀ ਰਸਮ ਵਿਚ ਸ਼ਾਮਲ ਹੁੰਦੇ ਹਨ। ਬਾਕੀ ਦੇ ਬਰਾਤੀ ਤੇ ਮਾਂਝੀ (ਲੜਕੀ ਧਿਰ) ਰਿਸ਼ਤੇਦਾਰ ਮੈਰਿਜ ਪੈਲੇਸ ਵਿਚ ਸ਼ਰਾਬਾਂ ਪੀ ਰਹੇ ਹੁੰਦੇ ਹਨ ਜਾਂ ਫਿਰ ਗੱਪਾਂ ਮਾਰ ਰਹੇ ਹੁੰਦੇ ਹਨ। ਉਨ੍ਹਾਂ ਦਿਲਾਂ ਵਿਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਮਰਪਿਤ ਭਾਵਨਾ ਨਹੀਂ ਹੁੰਦੀ। ਦਿੱਲੀ ਦੇ ਸਿੱਖਾਂ ਤੇ ਐਨ.ਆਰ.ਆਈ. ਸਿੱਖਾਂ ਦੇ ਵਿਆਹਾਂ ਵਿਚ ਵੱਡੇ ਤੋਂ ਵੱਡੇ ਫਾਰਮ ਹਾਊਸ ਵਿਚ ਵਿਆਹ ਸਮਾਗਮ ਕੀਤੇ ਜਾਂਦੇ ਹਨ ਤੇ ਵੱਡੇ ਤੋਂ ਵੱਡੇ ਗਾਇਕਾਂ ਨੂੰ ਮਨੋਰੰਜਨ ਲਈ ਸੱਦਿਆ ਜਾਂਦਾ ਹੈ। ਇਨ੍ਹਾਂ ਦੀ ਦੇਖੋ ਦੇਖੀ ਇਹ ਰਿਵਾਜ ਪੰਜਾਬ ਦੇ ਸਿੱਖਾਂ ਲਈ ਖਤਰਨਾਕ ਸਿੱਧ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਸਿੱਖਾਂ ਨੇ ਵਿਆਹ ਸਮਾਂ ਦੌਰਾਨ ਪੈਸੇ ਦਾ ਉਜਾੜਾ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਇਸ ਵਿਖਾਵੇ ਕਾਰਨ ਵਿਆਹ ਦੀ ਰਸਮ ਵਿਚ ਲਾਲਚ ਤੇ ਲੈਣ-ਦੇਣ ਭਾਰੂ ਹੁੰਦੇ ਜਾ ਰਹੇ ਹਨ ਅਤੇ ਰਿਸ਼ਤੇਦਾਰੀਆਂ ਵਿਚ ਨਿੱਘ ਦੀ ਥਾਂ ਪੈਸਾ ਤੇ ਲਾਲਚ ਭਾਰੂ ਹੁੰਦਾ ਜਾ ਰਿਹਾ ਹੈ।  ਖਾੜਕੂਵਾਦ ਦੇ ਦਿਨਾਂ ਨੂੰ ਪੰਜਾਬ ਦੇ ਲੋਕ ਹਾਲੇ ਵੀ ਯਾਦ ਕਰਦੇ ਹਨ ਕਿ ਉਸ ਸਮੇਂ ਖਾੜਕੂਆਂ ਨੇ 11 ਤੋਂ ਵੱਧ ਬਰਾਤ ਲਿਆਉਣ, ਮੈਰਿਜ ਪੈਲੇਸਾਂ ਵਿਚ ਵਿਆਹ ਰਚਾਉਣ, ਦਾਜ ਲੈਣ ਤੇ ਦੇਣ ਉੱਪਰ ਪਾਬੰਦੀ ਲਗਾ ਦਿੱਤੀ ਸੀ। ਪਰ ਖਾੜਕੂਵਾਦ ਦੇ ਖਤਮ ਹੋ ਜਾਣ ਤੋਂ ਬਾਅਦ ਸਿੱਖਾਂ ਅਤੇ ਪੰਜਾਬੀਆਂ ਵਿਚ ਇਹ ਸ਼ੁਦਾਅ ਫਿਰ ਹਾਵੀ ਹੋ ਗਿਆ ਹੈ।
ਪਹਿਲਾਂ ਸਵੇਰੇ 11 ਵਜੇ ਮਸਾਂ ਹੀ ਬਰਾਤ ਤਿਆਰ ਹੁੰਦੀ ਹੈ। ਪੰਜਾਬ ਦੀਆਂ ਸਿੱਖ ਬੀਬੀਆਂ ਆਪ ਸਜਣ ਦੀ ਥਾਂ ਬਿਊਟੀ ਪਾਰਲਰ ਵਾਲੀਆਂ ਬੀਬੀਆਂ ਤੋਂ ਸਜਣ ਤੁਰ ਜਾਂਦੀਆਂ ਹਨ। ਬਿਊਟੀ ਪਾਰਲਰ ਵਾਲੀਆਂ ਬੀਬੀਆਂ ਜੇਕਰ ਜ਼ਿਆਦਾ ਸਮਾਂ ਨਾ ਲੈਣ ਤਾਂ ਉਹ ਵੱਧ ਪੈਸੇ ਲੈਣ ਦੇ ਹੱਕਦਾਰ ਨਹੀਂ ਬਣਦੀਆਂ। ਬੀਬੀਆਂ ਸਮਝਦੀਆਂ ਹਨ ਕਿ ਉਹ ਬਿਊਟੀ ਪਾਰਲਰ ਵਿਚ ਜਾ ਕੇ ਹੇਮਾ ਮਾਲਨੀ ਦੀਆਂ ਭੈਣਾਂ ਬਣ ਗਈਆਂ ਹਨ, ਅਸਲ ਵਿਚ ਉਹ ਕਾਰਟੂਨ ਤੋਂ ਵੱਧ ਕੁਝ ਨਹੀਂ ਲਗਦੀਆਂ। ਜੇਕਰ ਉਹ ਆਪ ਸਜਣ, ਸੰਵਰਨ, ਸਮਾਂ ਵੀ ਘੱਟ ਲੱਗੇ, ਪੈਸੇ ਵੀ ਬਚਣ, ਸੋਹਣੀਆਂ ਵੀ ਲੱਗਣ ਤੇ ਬਰਾਤਾਂ ਵੀ ਸਮੇਂ ਸਿਰ ਪੁੱਜਣ।
ਬਰਾਤ ਹਾਲੇ ਲੜਕੀ ਵਾਲੇ ਦੇ ਘਰ ਪੁੱਜਦੀ ਹੈ, ਮਿਲਣੀ ਤੋਂ ਪਹਿਲਾਂ ਹਲਕਾ-ਫੁਲਕਾ ਰਫਰੈਸ਼ਮੈਂਟ ਦੇ ਰੂਪ ਵਿਚ ਚਾਹ ਪਾਣੀ ਦਿੱਤਾ ਜਾਂਦਾ ਹੈ ਤਾਂ ਜੋ ਬਰਾਤ ਤਿਆਰ ਸ਼ਿਆਰ ਹੋ ਕੇ ਮੈਰਿਜ ਪੈਲੇਸ 'ਚ ਨਾਸ਼ਤਾ ਕਰਨ ਪੁੱਜ ਜਾਵੇ। ਬੀਬੀਆਂ 2 ਘੰਟੇ ਫਿਰ ਇਥੇ ਸਜਣ ਸੰਵਰਨ 'ਤੇ ਲਾ ਦਿੰਦੀਆਂ ਹਨ। 12 ਜਾਂ ਇਕ ਵਜੇ ਮੈਰਿਜ ਪੈਲੇਸ ਵਿਚ ਮਿਲਣੀ ਹੁੰਦੀ ਹੈ। ਮਿਲਣੀ ਉਪਰੰਤ ਸਾਲੀਆਂ ਜੀਜੇ ਕੋਲੋਂ ਰਿਬਨ ਕਟਾਉਂਦੀਆਂ ਹਨ। ਲੜਕੇ ਧਿਰ ਵੱਲੋਂ ਏਨੇ ਭੱਦੇ ਮਜ਼ਾਕ ਕੀਤੇ ਜਾਂਦੇ ਹਨ ਕਿ ਇਹੋ ਜਿਹੇ ਮਜ਼ਾਕ ਕਿਸੇ ਹੋਰ ਧਰਮ ਦੇ ਵਿਆਹਾਂ ਵਿਚ ਦੇਖਣ ਨੂੰ ਨਹੀਂ ਮਿਲਦੇ। ਕਈ ਵਾਰ ਤਾਂ ਨੌਬਤ ਲੜਾਈ-ਭੜਾਈ 'ਤੇ ਆ ਜਾਂਦੀ ਹੈ। ਇਸ ਤੋਂ ਉਪਰੰਤ ਜੈ ਮਾਲਾ ਦੀ ਰਸਮ ਅਦਾ ਕੀਤੀ ਜਾਂਦੀ ਹੈ। ਰਿਸ਼ਤੇਦਾਰਾਂ ਵੱਲੋਂ ਸ਼ਗਨ ਪਾਏ ਜਾਂਦੇ ਹਨ। ਜਦ ਅਨੰਦ ਕਾਰਜ ਹੀ ਕਰਨਾ ਹੈ ਤਾਂ ਜੈ ਮਾਲਾ ਦੇ ਕੀ ਅਰਥ ਹਨ। ਇਥੇ ਜ਼ਿਕਰਯੋਗ ਹੈ ਕਿ 'ਜੈ ਮਾਲਾ' ਦਾ ਰਿਵਾਜ ਹਿੰਦੂ ਰਸਮ ਨਾਲ ਸੰਬੰਧਿਤ ਹੈ। ਇਸ ਨੂੰ ਪ੍ਰੇਮ-ਵਿਆਹ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਜਦੋਂ ਪ੍ਰਿਥਵੀ ਰਾਜ ਚੌਹਾਨ ਨੇ ਸਵੰਬਰ ਦੌਰਾਨ ਸੰਜੋਗਤਾ ਕੱਢ ਲਿਆਂਦੀ ਸੀ ਤਾਂ ਉਸ ਦੇ ਗਲ ਵਿਚ ਜੈ ਮਾਲਾ ਪ੍ਰਿਥਵੀ ਰਾਜ ਨੇ ਪਾਈ ਸੀ। ਜੈ ਮਾਲਾ ਦਾ ਅਰਥ ਜਿੱਤ ਦੀ ਮਾਲਾ। ਜਿੱਤ ਦੀ ਮਾਲਾ ਦਾ ਅੰਤਰੀਵੀ ਅਰਥ ਲੜਕੀ ਉੱਤੇ ਜਿੱਤ ਪ੍ਰਾਪਤ ਕਰਨਾ ਜਾਂ ਉਸ ਨੂੰ ਘਰੋਂ ਕੱਢਕੇ ਲਿਆਉਣਾ ਹੈ ਅਤੇ ਆਪਣੀ ਬਣਾਉਣਾ ਹੈ। ਇਸ ਰਸਮ ਦਾ ਅਨੰਦ ਕਾਰਜ ਨਾਲ ਦੂਰ ਦਾ ਵੀ ਵਾਸਤਾ ਨਹੀਂ। ਅਨੰਦ ਕਾਰਜ ਦਾ ਅਰਥ ਹੈ, ਦੋਹਾਂ ਧਿਰਾਂ ਲੜਕੀ-ਲੜਕੇ ਦਾ ਅਨੰਦ ਮਿਲਾਪ, ਦੋਹਾਂ ਧਿਰਾਂ ਦੇ ਮਾਪਿਆਂ ਦਾ ਆਪਸ ਵਿਚ ਸੰਬੰਧੀ ਬਣਨਾ, ਉਹ ਵੀ ਅਕਾਲਪੁਰਖ ਤੇ ਗੁਰੂ ਗ੍ਰੰਥ ਸਾਹਿਬ ਦੀ ਅਸ਼ੀਰਵਾਦ ਨਾਲ। ਕੀ ਪੰਜਾਬ 'ਚ ਸਿੱਖ ਗੁਰਮਤਿ ਵਿਰੋਧੀ ਰਸਮਾਂ ਕਰਕੇ ਆਪਣੇ ਧਰਮ ਤੇ ਗੁਰੂ ਨੂੰ ਬੇਦਾਵਾ ਨਹੀਂ ਦੇ ਰਹੇ?
  ਅਨੰਦ ਕਾਰਜ ਸਮਾਂ ਅੰਮ੍ਰਿਤ ਵੇਲੇ ਤਾਂ ਹੀ ਨਿਸ਼ਚਿਤ ਸੀ ਕਿ ਸਮੇਂ ਸਿਰ ਵਿਆਹ ਦੀ ਰਸਮ ਨਿਭਾ ਕੇ, ਸਮੇਂ ਸਿਰ ਖਾ-ਪੀ ਕੇ ਘਰ ਵਾਪਸ ਪਰਤਿਆ ਜਾਵੇ ਤਾਂ ਜੋ ਸਾਡਾ ਸਿੱਖ ਸਮਾਜ ਅਨੁਸ਼ਾਸਨਬੱਧ ਨਜ਼ਰ ਆਵੇ। ਪਰ ਹੁਣ ਅਨੰਦ ਕਾਰਜ ਅਨੁਸ਼ਾਸਨਬੱਧ ਨਹੀਂ ਰਹਿ ਗਏ। ਵੱਡੇ ਵੱਡੇ ਮੈਰਿਜ ਪੈਲੇਸਾਂ ਵਿਚ ਵਿਆਹ ਹੋਣ ਲੱਗੇ ਹਨ, ਫਜ਼ੂਲ ਪੈਸਾ ਉਡਾਇਆ ਜਾ ਰਿਹਾ ਹੈ, ਸਾਦੀਆਂ ਰਸਮਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ, ਜਿਨ੍ਹਾਂ ਦੀ ਸ਼ੁਰੂਆਤ ਸਾਡੇ ਗੁਰੂਆਂ ਨੇ ਕੀਤੀ ਸੀ। ਗੁਰੂਆਂ ਨੇ ਤਾਂ ਦਾਜ ਲੈਣ, ਮੰਗਣ ਦੀ ਗੁਰਬਾਣੀ ਵਿਚ ਨਿੰਦਾ ਕੀਤੀ ਹੈ ਅਤੇ ਇਸ ਨੂੰ ਵਿਖਾਵਾ ਕਿਹਾ ਹੈ। ਪਰ ਅਸੀਂ ਗੁਰੂਆਂ ਦੀ ਸਿੱਖਿਆ ਭੁੱਲ ਕੇ ਦਾਜ ਦੇਣ-ਲੈਣ ਲੱਗ ਪਏ ਹਾਂ ਅਤੇ ਬਰਾਤਾਂ ਦੀਆਂ ਹੇੜਾਂ ਬੁਲਾ ਕੇ ਜਾਂ ਵੱਧ ਤੋਂ ਵੱਧ ਬਰਾਤ ਲਿਜਾ ਕੇ ਆਪਣੀ ਕੌਮ ਦਾ ਮਜ਼ਾਕ ਉਡਾ ਰਹੇ ਹਾਂ। ਜਦ ਕਿ ਸਿੱਖਾਂ ਨੂੰ ਅਜਿਹੀਆਂ ਰਸਮਾਂ ਨੂੰ ਫੋਕਟ ਕਰਮ ਮੰਨ ਕੇ ਸੁਧਾਰ ਲਹਿਰ ਚਲਾਉਣੀ ਚਾਹੀਦੀ ਸੀ ,ਵਿਆਹਾਂ ਵਿਚ ਘੱਟ ਤੋਂ ਘੱਟ ਬਰਾਤ ਲਿਆਉਣ ਤੇ ਘੱਟ ਖਰਚ ਕਰਨ ਦੀ ਪਿਰਤ ਪਾਉਣੀ ਚਾਹੀਦੀ ਸੀ। ਅਨੰਦ ਕਾਰਜ ਦੀ ਪਵਿੱਤਰ ਰਸਮ ਗੁਰਦੁਆਰੇ ਵਿਚ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸੰਗਤ ਦੀ ਮੌਜੂਦਗੀ ਵਿਚ ਹੋਣੀ ਚਾਹੀਦੀ ਹੈ। ਅਨੰਦ ਕਾਰਜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਚਾਰ ਲਾਵਾਂ ਦਾ ਕੀਰਤਨ ਕੀਤਾ ਜਾਂਦਾ ਹੈ। ਪਹਿਲੀ ਲਾਵ ਵਿਚ ਲੜਕਾ-ਲੜਕੀ ਇਸ ਦੇ ਖਤਮ ਹੋਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਕਰਮਾ ਕਰਕੇ ਬੈਠ ਜਾਂਦੇ ਹਨ। ਬਾਕੀ ਤਿੰਨ ਲਾਵਾਂ ਵਿਚ ਵੀ ਉਹ ਅਜਿਹਾ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਪਹਿਲੀ ਲਾਵ ਵਿਆਹ ਕਾਰਜ ਆਰੰਭ ਅਤੇ ਪ੍ਰਵਿਰਤੀਮਈ ਕਰਮਸ਼ੀਲ ਜੀਵਨ ਦਾ ਚਿੰਨ ਹੈ। ਦੂਜੀ ਲਾਂਵ ਵਰ ਤੇ ਵਹੁਟੀ ਦੇ ਮਿਲਾਪ ਅਤੇ ਆਪਸ ਵਿਚਲੀਆਂ ਪਵਿੱਤਰ ਭਾਵਨਾਵਾਂ ਦੀ ਪ੍ਰਤੀਕ ਹੈ। ਤੀਸਰੀ ਲਾਵ ਆਪਸ ਵਿਚਲੀ ਰੁਚੀ ਅਤੇ ਪ੍ਰੇਮ ਬੰਧਨ ਦਾ ਚਿੰਨ੍ਹ ਹੈ। ਚੌਥੀ ਲਾਵ ਸਹਿਜ ਭਾਵ ਨਾਲ ਗ੍ਰਹਿਸਥ ਆਸ਼ਰਮ ਤੇ ਕਰਤਵਾਂ ਤੇ ਜ਼ਿੰਮੇਵਾਰੀਆਂ ਦੀ ਪ੍ਰਤੀਕ ਹੈ। ਜਿਵੇਂ
ਹਰਿ ਪਹਿਲੜੀ ਲਾਵ ਪਰਵਿਰਤੀ
ਕਰਮ ਦ੍ਰਿੜਾਇਆ ਬਲਿ ਰਾਮ ਜੀਉ£
..... ....... .......
ਜਨ ਕਹੈ ਨਾਨਕੁ ਲਾਵ ਪਹਿਲੀ
ਆਰੰਭੁ ਕਾਜੁ ਰਚਾਇਆ£
ਹਰਿ ਦੂਜੜੀ ਲਾਵ ਸਤਿਗੁਰੁ
ਪੁਰਖੁ ਮਿਲਾਇਆ ਬਲਿ ਰਾਮ ਜੀਉ£
..... ....... .......
ਜਨ ਨਾਨਕ ਦੂਜੀ ਲਾਵ ਚਲਾਈ
ਅਨਹਦ ਸਬਦ ਵਜਾਏ£
ਹਰਿ ਤੀਜੜੀ ਲਾਵ ਮਨਿ ਚਾਉ ਭਇਆ
ਬੈਰਾਗੀਆ ਬਲਿ ਰਾਮ ਜੀਉ£
..... ....... .......
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ
ਹਰਿ ਪਾਇਆ ਬਲਿ ਰਾਮ ਜੀਉ£
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੭੭੩-੭੪)
ਲਾਵਾਂ ਸੰਪੂਰਨ ਹੋਣ ਉਪਰੰਤ ਅਨੰਦ ਸਾਹਿਬ ਦਾ ਕੀਰਤਨ ਕਰਕੇ, ਵਧਾਈ ਦੇਣ ਸੰਬੰਧੀ ਸ਼ਬਦ ਗਾਏ ਜਾਂਦੇ ਹਨ। ਇਸ ਤੋਂ ਬਾਅਦ ਅਰਦਾਸ ਕਰਕੇ, ਗੁਰਵਾਕ ਲੈਣ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਇਸ ਰਸਮ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ ਤੇ ਦੇਗ ਵਰਤਾਈ ਜਾਂਦੀ ਹੈ।
 ਜੇ ਅਸੀਂ ਅਨੰਦ ਕਾਰਜ ਨੂੰ ਹਿੰਦੂ ਵਿਆਹ ਨਾਲ ਤੁਲਨਾਈਏ ਤਾਂ ਅਨੰਦ ਕਾਰਜ ਉਤਮ ਰਸਮ ਹੈ, ਕਿਉਂਕਿ ਇਸ ਵਿਚ ਦਾਜ ਰਸਮ ਨੂੰ ਨਿੰਦਿਆ ਗਿਆ ਹੈ, ਜਿਥੇ ਇਹ ਰਸਮ ਪਵਿੱਤਰਤਾ ਤੇ ਸਾਧਾਰਨਤਾ ਦਾ ਚਿੰਨ੍ਹ ਬਣਦੀ ਹੈ, ਉਥੇ ਮਰਦੇ ਦਮ ਤੱਕ ਨਿਭਦੀ ਹੈ।
ਸਿੱਖੀ ਦਾ ਜਨਮ ਹੀ ਸੁਧਾਰ ਲਹਿਰ ਵਿਚ ਹੋਇਆ ਸੀ, ਪਰ ਅਸੀਂ ਕਰਮਕਾਂਡੀ ਸਮਾਜ ਦਾ ਅੰਗ ਬਣਦੇ ਜਾ ਰਹੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਨੰਦ ਕਾਰਜ ਬਾਰੇ ਸੁਧਾਰ ਲਹਿਰ ਚਲਾਉਣੀ ਚਾਹੀਦੀ ਹੈ। ਜੋ ਮਰਯਾਦਾ ਅਨੰਦ ਕਾਰਜ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਰਬ ਪ੍ਰਵਾਨਤ ਪੰਥਕ ਮਰਯਾਦਾ ਅਨੁਸਾਰ ਨਿਸ਼ਚਤ ਹੋਈ ਹੈ, ਉਸ ਨੂੰ ਲਾਗੂ ਕਰਾਉਣਾ ਸਭ ਦਾ ਫਰਜ਼ ਹੈ। ਜੇਕਰ ਸਾਡੇ ਵਿਚ ਅਨੁਸ਼ਾਸਨ ਹੀ ਨਾ ਰਿਹਾ ਤਾਂ ਸਾਡੀ ਕੌਮ ਕਿਵੇਂ ਬਚੇਗੀ। ਖਾਲਸਾ ਤਾਂ ਅਕਾਲਪੁਰਖ ਕੀ ਫੌਜ ਹੈ। ਫਿਰ ਫੌਜ ਤਾਂ ਅਨੁਸ਼ਾਸਨਬੱਧ ਹੀ ਹੋਣੀ ਚਾਹੀਦੀ ਹੈ।




ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਅਨੁਸਾਰ 'ਅਨੰਦ ਸੰਸਕਾਰ' ਦੇ ਨਿਯਮ


* ਸਿੱਖ ਦਾ ਵਿਆਹ ਬਿਨਾਂ ਜਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਦਾ ਹੈ। ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ। ਸਿੱਖ ਦਾ ਵਿਆਹ 'ਅਨੰਦ' ਰੀਤੀ ਨਾਲ ਕਰਨਾ ਚਾਹੀਦਾ ਹੈ। ਲੜਕੀ-ਲੜਕੇ ਦਾ ਵਿਆਹ ਬਚਪਨ ਵਿਚ ਕਰਨਾ ਵਿਵਰਜਿਤ ਹੈ। ਜਦ ਲੜਕੀ ਸਰੀਰ, ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਤਾਂ ਕਿਸੇ ਯੋਗ ਸਿੱਖ ਨਾਲ 'ਅਨੰਦ' ਪੜ੍ਹਾਇਆ ਜਾਵੇ।
* 'ਅਨੰਦ' ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇਕ ਕਿਰਪਾਨ, ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ।
* 'ਅਨੰਦ' ਦਾ ਦਿਨ ਮੁਕੱਰਰ ਕਰਨ ਲੱਗਿਆਂ ਕੋਈ ਥਿਤਿ-ਵਾਰ, ਚੰਗੇ-ਮੰਦੇ ਦਿਨ ਦੀ ਖੋਜ ਕਰਨ ਲਈ ਪੱਤਰੀ ਵਾਚਣਾ ਮਨਮਤ ਹੈ। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿਚ ਸਲਾਹ ਕਰਕੇ ਚੰਗਾ ਦਿਸੇ, ਨਿਯਤ ਕਰਨਾ ਚਾਹੀਦਾ ਹੈ।
* ਸਿਹਰਾ, ਮੁਕਟ ਜਾਂ ਗਾਨਾ ਬੰਨ੍ਹਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਢਣੀ, ਘੜੋਲੀ ਭਰਨੀ, ਰੁੱਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਵੇਦੀ ਗੱਡਣੀ, ਸ਼ਰਾਬ ਆਦਿ ਮਨਮਤ ਹੈ।
* ਜਿੰਨੇ ਥੋੜ੍ਹੇ ਆਦਮੀ ਲੜਕੀ ਵਾਲਾ ਮੰਗਾਵੇ, ਓਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ, ਦੋਹੀਂ ਪਾਸੀਂ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ 'ਫਤਹ' ਗਜਾਈ ਜਾਵੇ।
* ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲੱਗੇ। ਸੰਗਤ ਜਾਂ ਰਾਗੀ ਕੀਰਤਨ ਕਰਨ। ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬਿਠਾਏ ਜਾਣ। ਲੜਕੀ, ਲੜਕੇ ਦੇ ਖੱਬੇ ਪਾਸੇ ਬੈਠੇ। ਸੰਗਤ ਦੀ ਆਗਿਆ ਲੈਕੇ 'ਅਨੰਦ' ਪੜ੍ਹਾਉਣ ਵਾਲਾ ਸਿੱਖ (ਮਰਦ ਜਾਂ ਇਸਤਰੀ) ਲੜਕੇ ਲੜਕੀ ਤੇ ਉਨ੍ਹਾਂ ਦਿਆਂ ਮਾਪਿਆਂ ਜਾਂ ਸਰਬਰਾਹਾਂ ਨੂੰ ਖੜ੍ਹਾ ਕਰਕੇ 'ਅਨੰਦ' ਦੇ ਅਰੰਭ ਦਾ ਅਰਦਾਸਾ ਸੋਧੇ। ਫਿਰ ਉਹ ਲੜਕੇ ਲੜਕੀ ਨੂੰ ਗੁਰਮਤਿ ਅਨੁਸਾਰ ਗ੍ਰਹਿਸਤ ਧਰਮ ਦੇ ਫਰਜ਼ਾਂ ਦਾ ਉਪਦੇਸ਼ ਕਰੋ।
ਪਹਿਲੇ, ਦੋਹਾਂ ਨੂੰ ਸਾਂਝਾ ਉਪਦੇਸ਼ ਕਰੇ। ਇਸ ਵਿਚ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ-ਪਤਨੀ ਦੇ ਸੰਬੰਧਾਂ ਨੂੰ ਜੀਵ ਜੀਵ ਤੇ ਪਰਮਾਤਮਾ ਦੇ ਪਿਆਰ ਦੇ ਨਮੂਨੇ ਉੱਤੇ ਢਾਲਣ ਦੀ ਵਿਧੀ ਦੱਸੇ।
ਆਪਸ ਵਿਚ ਪ੍ਰੇਮ ਦਵਾਰਾ 'ਏਕ ਜੋਤਿ ਦੁਇ ਮੂਰਤੀ' ਹੋਣਾ ਦੱਸੇ ਤੇ ਇਕੁਰ ਗ੍ਰਹਿਸਤ ਧਰਮ ਨਿਭਾਉਂਦੇ ਹੋਏ ਆਪਣੇ ਸਾਂਝੇ ਭਰਤਾ 'ਅਕਾਲ ਪੁਰਖ' ਨਾਲ ਇਕਮਿਕ ਹੋਣਾ ਦ੍ਰਿੜ੍ਹਾਵੇ। ਦੋਹਾਂ ਨੇ ਇਸ ਸੰਜੋਗ ਨੂੰ ਮਨੁੱਖਾ ਜਨਮ ਦੀ ਯਾਤਰਾ ਨੂੰ ਸਫਲਤਾ ਨਾਲ ਨਿਭਾਉਣ ਦਾ ਸਾਧਨ ਬਣਾਉਣਾ ਹੈ। ਦੋਹਾਂ ਨੇ ਇਸ ਸੰਜੋਗ ਦੇ ਰਾਹੀਂ ਪਵਿੱਤਰ ਤੇ ਗੁਰਮੁਖੀ ਜੀਵਨ ਬਿਤਾਉਣਾ ਹੈ।
ਫਿਰ ਲੜਕੇ ਤੇ ਲੜਕੀ ਨੂੰ ਆਪੋ ਆਪਣੇ ਵੱਖੋ-ਵੱਖਰੇ, ਗ੍ਰਹਿਸਤ ਧਰਮ ਦੇ ਫਰਜ਼ ਦੱਸੇ ਜਾਣ। ਵਰ ਨੂੰ ਦੱਸਿਆ ਜਾਵੇ ਕਿ ਲੜਕੀ ਵਾਲਿਆਂ ਨੇ ਤੁਹਾਨੂੰ ਹੀ ਸਭ ਤੋਂ ਵੱਧ ਯੋਗ ਜਾਣ ਕੇ ਵਰ ਚੁਣਿਆ ਹੈ। ਆਪ ਨੇ ਆਪਣੀ ਪਤਨੀ ਨੂੰ ਅਰਧੰਗੀ ਜਾਣ ਕੇ ਸਾਰੀਆਂ ਅਵਸਥਾਂ ਵਿਚ ਇਕੋ ਜਿਹਾ ਪਿਆਰ ਕਰਨਾ ਹੈ ਤੇ ਵੰਡ ਛਕਣਾ ਹੈ। ਏਸ ਦੇ ਸਰੀਰ ਤੇ ਇੱਜ਼ਤ ਦੇ ਰਾਖੇ ਤੁਸੀਂ ਹੋ। ਇਸਤਰੀ-ਬਰਤ ਧਰਮ ਵਿਚ ਪੱਕੇ ਰਹਿਣਾ। ਇਸ ਦੇ ਮਾਤਾ ਪਿਤਾ ਤੇ ਸੰੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਤੁੱਲ ਆਦਰ ਦੇਣਾ।
ਕੰਨਿਆਂ ਨੂੰ ਦੱਸਿਆ ਜਾਵੇ ਕਿ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੇ ਹਜ਼ੂਰ ਇਸ ਸੱਜਣ ਦੇ ਲੜ ਲਾਇਆ ਜਾਂਦਾ ਹੈ। ਆਪ ਇਨ੍ਹਾਂ ਦੇ 'ਨਿਰਮਲ ਭਉ' ਵਿਚ ਰਹਿੰਦੇ ਹੋਏ ਇਨ੍ਹਾਂ ਨੂੰ ਹੀ ਆਪਣੇ ਸਾਰੇ ਪ੍ਰੇਮ ਤੇ ਸ਼ਰਧਾ ਦਾ ਮਾਲਕ ਸਮਝਣਾ, ਦੁਖ ਸੁਖ, ਦੇਸ ਪਰਦੇਸ ਵਿਚ ਆਪਣੇ ਪਤੀ-ਬਰਤ ਧਰਮ ਵਿਚ ਪੱਕੇ ਰਹਿਣਾ, ਸੇਵਾ ਕਰਨੀ। ਇਨ੍ਹਾਂ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਵਾਂਗ ਜਾਣਨਾ।
ਉਪਦੇਸ਼ ਦੀਆਂ ਗੱਲਾਂ ਪ੍ਰਵਾਨ ਕਰਦੇ ਹੋਏ ਵਰ ਤੇ ਕੰਨਿਆ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ। ਫਿਰ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਸੱਜਣ ਸੂਹੀ ਮਹੱਲਾ ੪ ਵਿਚ ਦਿੱਤੀਆਂ ਲਾਵਾਂ ਦਾ ਪਾਠ ਸੁਣਾਵੇ। ਹਰੇਕ ਲਾਂਵ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆਂ, ਵਰ ਦਾ ਪੱਲਾ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਪਰਕਰਮਾ ਕਰਨ। ਪਰਕਰਮਾ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕ੍ਰਮ ਅਨੁਸਾਰ ਸੁਰ ਨਾਲ ਗਾਈ ਜਾਣ ਅਤੇ ਵਰ ਕੰਨਿਆਂ ਹਰ ਇਕ ਲਾਂਵ ਮਗਰੋਂ ਮੱਥਾ ਟੇਕ ਕੇ ਅਗਲੀ ਲਾਂਵ ਸੁਣਨ ਲਈ ਖੜ੍ਹੇ ਹੋ ਜਾਣ। ਉਪਰੰਤ ਮੱਥਾ ਟੇਕ ਕੇ ਆਪਣੀ ਥਾਂ 'ਤੇ ਬੈਠ ਜਾਣ ਤੇ ਰਾਗੀ ਸਿੰਘ ਜਾਂ ਅਨੰਦ ਕਰਾਉਣ ਵਾਲਾ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਪਉੜੀ ਦਾ ਪਾਠ ਕਰੇ। ਫਿਰ 'ਅਨੰਦ' ਦੀ ਸਮਾਪਤੀ ਦਾ ਅਰਦਾਸਾ ਸੋਧਿਆ ਜਾਵੇ ਤੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ।
* ਅਨਮਤ ਵਾਲਿਆਂ ਦਾ ਵਿਆਹ 'ਅਨੰਦ' ਰੀਤੀ ਨਾਲ ਨਹੀਂ ਹੋ ਸਕਦਾ। ਲੜਕੇ ਜਾਂ ਲੜਕੀ ਦਾ ਸੰਜੋਗ ਪੈਸਾ ਲੈ ਕੇ ਨਾ ਕਰੋ।
* ਜੇ ਬਾਲਕੀ ਦੇ ਮਾਪੇ ਕਦਾਂਚ ਸਬੱਬ ਪਾਇ ਕੈ ਬਾਲਕੀ ਦੇ ਗ੍ਰਹਿ ਵਿਖੇ ਜਾਣ ਅਤੇ ਉਥੇ ਪ੍ਰਸ਼ਾਦਿ ਤਿਆਰ ਹੋਵੇ ਤਾਂ ਖਾਣ ਤੋਂ ਸੰਕੋਚਣਾ ਨਹੀਂ। ਅੰਨ ਨਾ ਖਾਣਾ ਸਭ ਭਰਮ ਹੈ। ਖਾਲਸੇ ਨੂੰ, ਖਾਣਾ ਖਲਾਵਣਾ ਸ੍ਰੀ ਗੁਰੂ ਬਾਬੇ ਅਕਾਲ ਪੁਰਖ ਬਖਸ਼ਿਆ ਹੈ। ਬੇਟੀ ਬੇਟੇ ਵਾਲੇ ਆਪਸ ਵਿਚ ਖਾਂਦੇ ਰਹਿਣ, ਇਸੇ ਵਾਸਤੇ ਜੋ ਗੁਰੂ ਨੇ ਦੋਵੇਂ ਸਾਕ ਇਕ ਕੀਤੇ ਹਨ।
* ਜਿਸ ਇਸਤਰੀ ਦਾ ਭਰਤਾ ਕਾਲ-ਵੱਸ ਹੋ ਜਾਵੇ, ਉਹ ਚਾਹੇ ਤਾਂ ਯੋਗ ਵਰ ਦੇਖ ਕੇ ਪੁਨਰ ਸੰਯੋਗ ਕਰ ਲਵੇ। ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਸ ਲਈ ਵੀ ਇਹੋ ਹੁਕਮ ਹੈ। ਪੁਨਰ ਵਿਆਹ ਦੀ ਵੀ ਇਹੋ ਰੀਤ ਹੈ, ਜੋ 'ਅਨੰਦ' ਲਈ ਉੱਤੇ ਦੱਸੀ ਹੈ। ਆਮ ਹਾਲਤਾਂ ਵਿਚ ਸਿੱਖ ਨੂੰ ਇਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਦਾ। ਅੰਮ੍ਰਿਤਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਵੀ ਅੰਮ੍ਰਿਤ ਛਕਾ ਲਵੇ।



ਵਿਆਹਾਂ ਦੀ ਸੁਧਾਰ ਲਹਿਰ ਬਾਰੇ  ਫੈਡਰੇਸ਼ਨ ਨੂੰ ਕਿਉਂ ਯਾਦ ਕੀਤਾ ਜਾਂਦਾ ਹੈ?

1986 ਵਿਚ ਮੈਂ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਹਾਈ ਕਮਾਂਡ ਵਿਚ ਪ੍ਰੈੱਸ ਸਕੱਤਰ ਸਾਂ। ਦੁਆਬੇ ਦੇ ਕਾਲਜਾਂ ਵਿਚ ਕਈ ਥਾਵਾਂ 'ਤੇ ਕਾਮਰੇਡਾਂ ਦੇ ਯੂਨਿਟ ਖਤਮ ਕਰਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਯੂਨਿਟ ਸਥਾਪਤ ਕੀਤੇ ਸਨ। ਉਸ ਸਮੇਂ ਫੈਡਰੇਸ਼ਨ ਦੇ ਪ੍ਰਧਾਨ ਸ. ਹਰਿੰਦਰ ਸਿੰਘ ਕਾਹਲੋਂ ਸਨ। ਫਿਰ ਭਾਈ ਗੁਰਜੀਤ ਸਿੰਘ ਆਏ, ਉਨ੍ਹਾਂ ਉਪਰੰਤ ਭਾਈ ਦਲਜੀਤ ਸਿੰਘ ਬਿੱਟੂ। ਮੇਰੀ ਆਮ ਕਰਕੇ ਫੈਡਰੇਸ਼ਨ ਆਗੂਆਂ ਨਾਲ ਬਹਿਸ ਹੁੰਦੀ ਸੀ ਕਿ ਅਸੀਂ ਸਿੱਖੀ ਸੁਧਾਰ ਦੀ ਗੱਲ ਕਰੀਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਸਾਡੀ ਇਹ ਜਮਾਤ ਖੜ੍ਹੀ ਹੋਵੇ। ਹਿੰਸਾ ਨਾਲ ਗੱਲ ਅੱਗੇ ਨਹੀਂ ਤੁਰਨੀ। ਅਸੀਂ ਪੜ੍ਹਨ ਵਾਲੇ ਮੁੰਡੇ ਹਾਂ ਤੇ ਸਾਨੂੰ ਬੌਧਿਕਤਾ ਨਾਲ ਸਮਾਜ ਬਦਲਣਾ ਪਵੇਗਾ। ਗੁਰਬਾਣੀ ਤੋਂ ਸੇਧ ਲੈ ਕੇ ਨਸ਼ਿਆਂ ਵਿਰੋਧੀ ਅਤੇ ਦਾਜ ਵਿਰੋਧੀ ਲਹਿਰ ਸ਼ੁਰੂ ਕੀਤੀ ਗਈ। ਪਰ ਜਦੋਂ ਇਸ ਨੂੰ ਹਿੰਸਕ ਢੰਗ ਨਾਲ ਲਾਗੂ ਕੀਤਾ ਗਿਆ ਤਾਂ ਗੱਲ ਖਤਮ ਹੋ ਗਈ ਪਰ ਅੱਜ ਵੀ ਇਸ ਲਹਿਰ ਨੂੰ ਯਾਦ ਕੀਤਾ ਜਾਂਦਾ ਹੈ, ਕਿਉਂਕਿ ਲੋਕ ਸੁਖੀ ਹੋ ਗਏ ਸਨ। ਕੋਈ ਡਰਦੇ ਮਾਰੇ ਦਾਜ ਨਹੀਂ ਸੀ ਮੰਗਦਾ। ਕੋਈ ਦਾਜ ਦੇ ਕਾਰਨ ਲੜਕੀ ਨੂੰ ਤਲਾਕ ਨਹੀਂ ਸੀ ਦਿੰਦਾ, ਘਰੋਂ ਨਹੀਂ ਸੀ ਕੱਢਦਾ। ਵਿਆਹਾਂ ਵਿਚ ਸ਼ਰਾਬਾਂ ਵੀ ਨਹੀਂ ਸੀ ਚੱਲਦੀਆਂ। ਇਨ੍ਹਾਂ ਗੱਲਾਂ ਨੂੰ ਜੇਕਰ ਫੈਡਰੇਸ਼ਨ ਵੱਲੋਂ ਬੌਧਿਕ ਢੰਗ ਨਾਲ ਤੋਰਿਆ ਜਾਂਦਾ ਤਾਂ ਗੱਲ ਬਹੁਤ ਵਧੀਆ ਤੁਰਨੀ ਸੀ। ਕਾਲਜਾਂ ਦੀਆਂ ਹਿੰਦੂ ਲੜਕੀਆਂ ਫੈਡਰੇਸ਼ਨ ਦੀ ਇਸ ਲਹਿਰ ਦੀਆਂ ਬਹੁਤ ਪ੍ਰਸ਼ੰਸਕ ਸਨ। ਉਹ ਕਾਲਜਾਂ ਵਿਚ ਸਿਰ ਢਕ ਕੇ ਵੀ ਆਉਣ ਲੱਗ ਪਈਆਂ ਸਨ। ਕਾਲਜਾਂ ਵਿਚ ਗੁੰਡਾ ਗਰਦੀ, ਲੜਕੀਆਂ ਨਾਲ ਛੇੜ-ਛਾੜ ਖਤਮ ਹੋ ਗਈ ਸੀ। ਲੜਕੀ ਚਾਹੇ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਜਾਂ ਸਿੱਖ ਪਰਿਵਾਰ ਨਾਲ, ਉਹ ਸਾਡੇ ਕਰੈਕਟਰ 'ਤੇ ਵਿਸ਼ਵਾਸ ਕਰਦੀ ਸੀ। ਕਦੇ ਕੋਈ ਮੁਜਾਹਰਾ ਹੋਣਾ ਤਾਂ ਹਿੰਦੂ ਲੜਕੀਆਂ ਵੀ ਜੈਕਾਰੇ ਗੁੰਜਾਉਂਦੇ ਹੋਏ ਵੱਧ-ਚੜ੍ਹ ਕੇ ਹਿੱਸਾ ਲੈਂਦੀਆਂ ਸਨ। ਅੱਜ ਵੀ ਇਸੇ ਸੁਧਾਰ ਲਹਿਰ ਨੂੰ ਵਿਚਾਰਧਾਰਕ ਢੰਗ ਨਾਲ ਚਲਾਉਣ ਦੀ ਜ਼ਰੂਰਤ ਹੈ, ਕਿਉਂਕਿ ਇਹ ਸਿੱਖ ਲਹਿਰ ਦਾ ਹਿੱਸਾ ਹੈ। ਗੁਰੂ ਸਾਹਿਬਾਨ ਸਾਨੂੰ ਆਪ ਇਸ ਬਾਰੇ ਸੁਨੇਹਾ ਦੇ ਚੁੱਕੇ ਹਨ-ਨਸ਼ੇ ਨਹੀਂ ਕਰਨੇ, ਦਾਜ ਨਹੀਂ ਲੈਣਾ ਅਤੇ ਕਰਮ-ਕਾਂਡੀ ਰਸਮਾਂ ਨਹੀਂ ਕਰਨੀਆਂ। ਮਾਇਆ ਦਾ ਵਿਖਾਵਾ ਨਹੀਂ ਕਰਨਾ। ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰੇ ਰਿਸ਼ਤੇਦਾਰ ਮੇਰੇ ਨਾਲ ਇਸ ਕਰਕੇ ਨਾਰਾਜ਼ ਹੋ ਗਏ ਸਨ, ਕਿਉਂਕਿ ਅਸੀਂ ਬਰਾਤ ਵਿਚ ਸਿਰਫ 11 ਬੰਦੇ ਹੀ ਗਏ ਸਾਂ। ਮੇਰਾ ਤਾਇਆ ਵੀ ਮੇਰੇ ਨਾਲ ਨਾਰਾਜ਼ ਸੀ, ਕਿਉਂਕਿ ਮੈਂ ਆਪਣਾ ਬਚਪਨ ਆਪਣੇ ਤਾਏ ਕੋਲ ਹੀ ਗੁਜਾਰਿਆ ਸੀ। ਨਾ ਮੈਂ ਕਲਗੀ ਲਗਾਈ ਸੀ, ਨਾ ਹੀ ਸਿਹਰਾ ਬੰਨ੍ਹਿਆ ਸੀ। ਨਾ ਮੈਂ ਘੋੜੀ ਚੜ੍ਹਿਆ ਸੀ। ਬਿਨਾਂ ਬੈਂਡ-ਵਾਜੇ ਤੋਂ ਬਰਾਤ ਲੈ ਕੇ ਗਿਆ ਸੀ। ਨਾ ਹੀ ਮੈਂ ਦਾਜ ਦੀ ਮੰਗ ਰੱਖੀ ਸੀ। ਮੇਰੇ ਦਿਲ ਵਿਚ ਇਹੀ ਗੱਲ ਸੀ ਕਿ ਜੇਕਰ ਅਸੀਂ ਦੂਜਿਆਂ ਨੂੰ ਸਿੱਖਿਆ ਦਿੰਦੇ ਹਾਂ ਕਿ ਦਾਜ ਨਾ ਲਵੋ, ਸਾਧਾਰਨ ਰਸਮਾਂ ਕਰੋ ਤਾਂ ਫਿਰ ਸਾਨੂੰ ਇਸ 'ਤੇ ਚੱਲਣਾ ਚਾਹੀਦਾ ਹੈ।

Thursday, 20 October 2011

ਫ਼ਿਲਮੀ ਕਿਰਦਾਰਾਂ ਦਾ ਨੌਜਵਾਨ ਪੀੜ੍ਹੀ 'ਤੇ ਪ੍ਰਭਾਵ\ਇਕਬਾਲ ਸਿੰਘ ਲਾਲਪੁਰਾ


ਦੇਸ਼ ਕੌਮ  ਲਈ ਸ਼ਹੀਦੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਨਾਇਕ ਦਾ ਦਰਜਾ ਦਿੱਤਾ ਜਾਂਦਾ ਹੈ। ਸੱਤਰ ਦੇ ਦਹਾਕੇ ਤੱਕ ਦੇਸ਼ ਦੀ ਆਜ਼ਾਦੀ  ਦੇ  ਨਾਇਕ  ਸ਼ਹੀਦੇ  ਆਜ਼ਮ ਸ. ਭਗਤ ਸਿੰਘ, ਸੁਭਾਸ਼ ਚੰਦਰ ਬੋਸ, ਸ. ਕਰਤਾਰ ਸਿੰਘ ਸਰਾਭਾ ਅਤੇ ਬਾਅਦ ਵਿੱਚ ਦੇਸ਼ ਦੀ ਅਜ਼ਾਦੀ ਦੀ ਰੱਖਿਆ ਲਈ ਦੇਸ਼ ਤੋਂ ਕੁਰਬਾਨ ਹੋਣ ਵਾਲੇ  ਫ਼ੌਜੀ ਜਵਾਨ, ਜਰਨੈਲ ਅਤੇ ਖੇਡਾਂ ਵਿੱਚ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੇ ਉਡਣਾ ਸਿੱਖ ਮਿਲਖਾ ਸਿੰਘ ਵਰਗੇ ਲੋਕ  ਨਾਇਕ ਹੁੰਦੇ ਸਨ। ਅਨੇਕਾਂ ਨੌਜਵਾਨ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਦੇਸ਼ ਸੇਵਾ, ਭਾਰਤੀ ਫ਼ੌਜ ਵਿੱਚ ਭਰਤੀ ਹੋਣਾ, ਖੇਡ  ਦੇ ਮੈਦਾਨ ਵਿੱਚ ਮੱਲਾਂ ਮਾਰਨ ਲਈ  ਪ੍ਰੇਰਿਤ ਹੋ ਕੇ, ਇਨਸਾਫ਼, ਸੱਚ ਅਤੇ  ਇਮਾਨਦਾਰੀ ਨਾਲ ਸੇਵਾ ਕਰਨੀ ਅਤੇ ਗ਼ਲਤ ਕੰਮ ਤੋਂ ਦੂਰ ਰਹਿਣਾ ਆਪਣਾ ਧਰਮ ਮੰਨਦੇ ਸਨ। ਫ਼ਿਲਮੀ ਪਰਦੇ 'ਤੇ ਇੱਕ ਵੱਖਰੇ ਚਰਿੱਤਰ ਦਾ ਵਿਅਕਤੀ ਫ਼ਿਲਮਾਂ ਦਾ ਅਭਿਨੇਤਾ ਹੁੰਦਾ ਹੈ, ਜੋ ਕਿਸੇ ਇਤਿਹਾਸਕ,  ਮਿਥਿਹਾਸਕ ਵਿਅਕਤੀ ਦੀ ਨਕਲ ਕਰਕੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਪਰ ਆਪ ਉਹ ਇੱਕ ਨਕਲਚੀ ਤੋਂ ਵੱਧ ਕੁਝ ਨਹੀਂ ਹੁੰਦਾ। ਖ਼ਲਨਾਇਕ ਉਹ ਕਿਰਦਾਰ ਹੁੰਦਾ ਹੈ, ਜਿਸ ਦਾ ਜੀਵਨ ਝੂਠ, ਅਤੇ ਜੁਰਮਾਂ ਤੇ ਆਧਾਰਿਤ ਹੁੰਦਾ ਹੈ ਅਤੇ ਉਹ ਬੁਰਾਈ ਨੂੰ ਹੀ ਲੋਕਾਂ ਸਾਹਮਣੇ ਪੇਸ਼  ਕਰਦਾ ਹੈ। ਪਿਛਲੇ  ਸਮੇਂ ਵਿੱਚ ਫ਼ਿਲਮਾਂ ਦੇ ਅਭਿਨੇਤਾਵਾਂ ਨੂੰ ਵੀ ਹੀਰੋ ਜਾਂ ਨਾਇਕ ਖ਼ਲਨਾਇਕ ਦੀ ਸੰਗਿਆ ਨਾਲ  ਪਛਾਣਿਆ ਜਾਂਦਾ ਹੈ। ਪੁਰਾਣਿਕ ਅਤੇ ਇਤਿਹਾਸਕ ਪਾਤਰਾਂ ਦੀ ਭੂਮਿਕਾ ਨਿਭਾਉਣ ਵਾਲੇ ਅਨੇਕਾਂ  ਅਭਿਨੇਤਾਵਾਂ ਨੂੰ ਭਾਰਤ ਦੇ ਲੋਕਾਂ ਨੇ ਅਸਲੀ ਜੀਵਨ ਵਿੱਚ ਵੀ ਨਾਇਕ ਦਾ ਦਰਜਾ  ਦਿੱਤਾ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਦੇਸ਼ ਦੇ ਰਾਜਾਂ ਦੀ ਰਾਜਨੀਤੀ ਦੀ ਵਾਗਡੋਰ ਵੀ ਸੰਭਾਲੀ। ਸ੍ਰੀ ਐਨ.ਟੀ. ਰਾਮਾਰਾਓ, ਸ੍ਰੀ ਐਮ.ਜੀ. ਰਾਮਾ ਚੰਦਰਨ ਆਦਿ ਅਭਿਨੇਤਾ ਆਂਧਰਾ ਪ੍ਰਦੇਸ਼  ਅਤੇ  ਤਾਮਿਲਨਾਡੂ  ਦੇ  ਮੁੱਖ  ਮੰਤਰੀ  ਬਣੇ। ਅੱਜ ਵੀ ਕਈ ਅਭਿਨੇਤਾ ਰਾਜ ਸਭਾ, ਲੋਕ ਸਭਾ, ਰਾਜ ਵਿਧਾਨ ਸਭਾਵਾਂ ਵਿੱਚ ਜਨਤਾ ਦੀ ਨੁਮਾਇੰਦਗੀ ਕਰ ਰਹੇ ਹਨ। ਭਾਰਤ ਦੀ ਨੌਜਵਾਨ ਪੀੜੀ, ਅੱਜ ਵੀ ਫ਼ਿਲਮਾਂ ਦੇ ਨਾਇਕ ਜਾਂ ਅਭਿਨੇਤਰੀਆਂ ਨੂੰ ਹੀ ਆਪਣਾ ਆਦਰਸ਼ ਵਿਅਕਤੀ ਮੰਨਦੀ ਹੈ।
ਕੀ ਇਹ ਵਿਅਕਤੀ ਅਸਲ ਜੀਵਨ ਵਿੱਚ ਵੀ ਨਾਇਕ ਹਨ? ਪਿਛਲੇ ਸਮੇਂ ਤੋਂ ਇਹ ਗੱਲ ਲੋਕਾਂ ਦੇ ਦਿਲਾਂ ਵਿੱਚ ਸ਼ੰਕੇ ਪੈਦਾ ਕਰਦੀ ਹੈ । ਮੁੰਬਈ ਦੀ ਇੱਕ ਅਦਾਲਤ ਵਲੋਂ ਮਾਰੀਆ ਸੁਸਾਰਾਜ ਅਤੇ ਜਿਉ ਰਾਮ ਨੂੰ ਨੀਰਜ਼ ਗਰੋਵਰ ਦੇ ਕਤਲ ਵਿੱਚ ਸ਼ਾਮਲ ਹੋਣ 'ਤੇ ਸਜ਼ਾ ਸੁਣਾਈ ਗਈ। ਕਰੀਬ 2 ਦਹਾਕਿਆਂ ਵਿੱਚ ਫ਼ਿਲਮੀ ਕਲਾਕਾਰਾਂ ਵਲੋਂ ਜੁਰਮਾਂ ਵਿੱਚ ਸ਼ਾਮਲ ਹੋਣ ਦੀ   ਲੰਬੀ ਸੂਚੀ ਬਣ ਚੁੱਕੀ ਹੈ। ਇਹ ਅਦਾਕਾਰ ਦੇਸ਼ ਦੀ ਰਾਖੀ ਲਈ ਪਰਦੇ 'ਤੇ ਨਿਭਾਏ ਕਿਰਦਾਰ ਨੂੰ ਅਸਲ ਜੀਵਨ ਵਿੱਚ ਅਪਨਾਉਣ ਦੀ ਥਾਂ ਦੇਸ਼ ਧਰੋਹੀਆਂ ਦੀ ਮਦਦ ਕਰਨ ਦੇ ਮੁਕੱਦਮੇ ਜਾਂ ਦੋਸ਼ੀ ਪਾਏ ਜਾਣ 'ਤੇ ਸਜ਼ਾ ਭੁਗਤ ਰਹੇ ਹਨ। ਇੱਕ ਮਸ਼ਹੂਰ ਸਮਗਲਰ ਨਾਲ ਅਤਿਵਾਦੀਆਂ ਦੀ ਮਦਦ ਕਰਨ ਤੇ ਉਨ੍ਹਾਂ ਦੇ ਹਥਿਆਰ ਛੁਪਾ ਕੇ ਰੱਖਣ ਵਿੱਚ ਇੱਕ ਮਸ਼ਹੂਰ ਅਭਿਨੇਤਾ ਨੂੰ ਸਜ਼ਾ ਹੋ ਚੁੱਕੀ ਹੈ। ਇੱਕ ਤੋਂ ਵੱਧ ਵਿਆਹ ਕਰਾਉਣੇ ਤੇ ਕਨੂੰਨ ਤੋਂ ਬਚਣ ਲਈ ਧਰਮ ਬਦਲ ਲੈਣਾ, ਨਸ਼ੀਲੇ ਪਦਾਰਥਾਂ ਦੀ ਵਰਤੋਂ, ਫ਼ਿਲਮੀ ਕਲਾਕਾਰਾਂ ਲਈ ਆਮ ਜਿਹੀ ਗੱਲ ਹੈ। ਕੋਈ  ਅਭਿਨੇਤਾ ਭਾਰਤ ਦੇ ਕਾਨੂੰਨ ਦੀ ਉਲੰਘਣਾ ਕਰਕੇ ਜੰਗਲੀ ਜੀਵ-ਜੰਤੂਆਂ ਨੂੰ ਮਾਰਨ ਜਾਂ ਤੇਜ਼ ਰਫ਼ਤਾਰ ਗੱਡੀ ਨਾਲ ਸੜਕ ਕਿਨਾਰੇ ਸੁੱਤੇ ਗ਼ਰੀਬ ਬੇਸਹਾਰਾ ਲੋਕਾਂ ਨੂੰ ਕੁਚਲਣ ਦੇ ਦੋਸ਼ਾਂ ਹੇਠ ਮੁਕੱਦਮੇ ਭੁਗਤ ਰਿਹਾ ਹੈ। ਨਸ਼ਿਆਂ ਦੇ ਵਪਾਰੀਆਂ ਨਾਲ ਰਿਸ਼ਤੇਦਾਰੀਆਂ ਹੋਣ ਬਾਰੇ ਵੀ ਕਿਸੇ ਨਾ ਕਿਸੇ ਅਭਿਨੇਤਾ ਤੇ ਦੋਸ਼ ਲੱਗਦੇ  ਰਹਿੰਦੇ ਹਨ। ਅਭਿਨੇਤਰੀਆਂ ਵੀ  ਦੇਸ਼ ਵਿਰੋਧੀ ਗੈਂਗਸਟਰਾਂ ਦੇ ਗਰੋਹ ਦਾ ਹਿੱਸਾ ਬਣ ਰਹੀਆਂ ਹਨ। ਵਿਦੇਸ਼ ਯਾਤਰਾ ਤੋਂ ਵਾਪਸ  ਆਉਂਦੀਆਂ  ਲੱਖਾਂ ਦੇ ਗਹਿਣੇ ਬਿਨਾਂ ਟੈਕਸ ਭਰੇ ਭਾਰਤ ਵਿੱਚ ਦਾਖ਼ਲ ਹੁੰਦਿਆਂ ਫੜ ਕੇ ਹਵਾਲਾਤਾਂ ਵਿੱਚ ਬੰਦ ਹੁੰਦੀਆਂ ਹਨ । ਪ੍ਰਮੁੱਖ ਅਤਿ ਲੋੜੀਂਦੇ ਕੌਮ-ਧਰੋਹੀਆਂ ਦੀਆਂ ਪਾਰਟੀਆਂ ਵਿੱਚ ਇਹ ਅਭਿਨੇਤਰੀਆਂ ਬਾਹਰਲੇ ਮੁਲਕਾਂ ਵਿੱਚ ਹਾਜ਼ਰੀ  ਭਰਦੀਆਂ ਟੈਲੀਵਿਜ਼ਨ ਦੀ ਸਕਰੀਨ 'ਤੇ ਪੇਸ਼ ਕੀਤੀਆਂ ਜਾਂਦੀਆਂ ਹਨ ।
ਟੈਲੀਵਿਜ਼ਨ ਦੇ ਪ੍ਰੋਗਰਾਮ ਵਿੱਚ ਅਜਿਹੇ ਕਈ ਅਸਲ ਜੀਵਨ ਦੇ ਖ਼ਲਨਾਇਕ, ਨਾਇਕ ਦੀ  ਭੂਮਿਕਾ ਵਿੱਚ ਪੇਸ਼ ਕੀਤੇ ਜਾਂਦੇ ਹਨ। ਇੱਕ ਪ੍ਰੋਗਰਾਮ ਵਿੱਚ ਪੇਸ਼ ਕੀਤੇ ਪਾਤਰਾਂ ਦੀ ਚੋਣ ਸਿਰਫ਼ ਇਸ ਲਈ ਕੀਤੀ ਗਈ ਕਿ ਉਹ ਦੋਸ਼ਾਂ ਦੇ ਘੇਰੇ ਵਿੱਚ ਹਨ, ਇਨ੍ਹਾਂ ਵਿੱਚੋਂ ਇੱਕ ਰਾਜਸੀ ਆਗੂ ਦਾ ਪੁੱਤਰ  ਹੈ, ਜੋ ਨਸ਼ੇ  ਕਰਨ ਦਾ ਆਦੀ ਹੈ। ਇੱਕ  ਵਿਅਕਤੀ ਜੋ ਆਪਣੀ ਪਤਨੀ ਦੀ ਕੁੱਟਮਾਰ ਕੁੱਟਦਾ ਸੀ, ਇੱਕ  ਅਭਿਨੇਤਰੀ  ਜੋ  ਕੱਪੜੇ ਬਦਲਣ ਵਾਂਗ ਪਤੀ ਬਦਲਣ ਦੀ ਸ਼ੌਕੀਨ ਹੈ ਆਦਿ ਸ਼ਾਮਲ ਸਨ। ਇਨ੍ਹਾਂ ਵਿਅਕਤੀਆਂ ਵੱਲੀ ਵਰਤੀ ਜਾਂਦੀ ਅਸ਼ਲੀਲ ਸ਼ਬਦਾਵਲੀ ਪਰਿਵਾਰ ਵਿੱਚ ਬੈਠ ਕੇ  ਸੁਣਨਯੋਗ ਨਹੀਂ ਹੈ। ਇਨ੍ਹਾਂ ਨੂੰ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ  ਕਰੋੜਾਂ  ਰੁਪਏ ਪੇਸ਼ ਕੀਤੇ ਜਾਂਦੇ ਹਨ। ਦੇਸ਼ ਵਿੱਚ ਦਾਜ ਵਿਰੋਧੀ ਕਨੂੰਨ ਬਣ ਚੁੱਕਿਆ ਹੈ। ਦਾਜ ਲੈਣ ਅਤੇ ਦੇਣ ਵਾਲੇ ਦੋਵੇਂ ਹੀ  ਸਜ਼ਾ ਦੇ ਭਾਗੀ ਹਨ ਪਰ ਟੀ. ਵੀ. ਦੇ ਪ੍ਰੋਗਰਾਮਾਂ  ਵਿੱਚ ਦਾਜ  ਤੇ  ਵਿਆਹ ਦਾ ਖਰਚਾ ਕਰੋੜਾਂ ਰੁਪਏ ਦਿਖਾਇਆ ਜਾ ਰਿਹਾ ਹੈ ਅਤੇ ਕਾਨੂੰਨ ਵੀ ਦਰਸ਼ਕਾਂ ਦੀ  ਤਰ੍ਹਾਂ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਫ਼ਿਲਮ ਇੰਡਸਟਰੀ ਵਿੱਚ ਦੇਸ਼ ਵਿਰੋਧੀ ਅਤਿ ਲੋੜੀਂਦੇ ਅਪਰਾਧੀਆਂ ਦੇ ਧਨ ਦੇ ਚਲਨ ਬਾਰੇ ਚਰਚਾ ਹਮੇਸ਼ਾਂ ਅਖ਼ਬਾਰਾਂ  ਦੀਆਂ  ਸੁਰਖ਼ੀਆਂ ਬਣਦੀਆਂ  ਰਹਿੰਦੀਆਂ ਹਨ। ਅਸਲ ਜੀਵਨ ਦੇ ਨਾਇਕ  ਫ਼ਿਲਮਾਂ ਜਾਂ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਵਿੱਚ ਘੱਟ ਹੀ ਨਜ਼ਰ  ਆਉਂਦੇ  ਹਨ । ਅਸਲ  ਜੀਵਨ  ਦੇ  ਖ਼ਲਨਾਇਕ ਫ਼ਿਲਮਾਂ ਦੇ ਪਰਦੇ 'ਤੇ ਨਾਇਕ ਵਜੋਂ ਪੇਸ਼ ਹੋ ਕੇ ਨੌਜਵਾਨ ਵਰਗ  ਲਈ  ਦੁਚਿੱਤੀ  ਵਾਲੀ  ਸਥਿਤੀ  ਪੈਦਾ  ਕਰਦੇ ਹਨ, ਨੌਜਵਾਨ ਪੀੜੀ  ਇਨ੍ਹਾਂ ਦਾ ਫ਼ਿਲਮੀ  ਕਿਰਦਾਰ ਵੇਖੇ ਜਾਂ ਅਸਲ ਜੀਵਨ?  ਫ਼ਿਲਮਾਂ ਬਣਾਉਣ ਵਾਲੇ ਪ੍ਰੋਡਿਊਸਰ ਜਾਂ ਡਾਇਰੈਕਟਰ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਕਿ ਅਸਲ ਜੀਵਨ ਵਿੱਚ  ਧਰਮ, ਇਨਸਾਫ਼ ਅਤੇ ਗ਼ਰੀਬ ਦੀ ਰੱਖਿਆ ਦੇ ਚਰਿੱਤਰ ਵਾਲੇ ਵਿਅਕਤੀ ਨੂੰ ਹੀ ਨਾਇਕ ਦੀ ਭੂਮਿਕਾ ਦੇਣ ਅਤੇ  ਅਸਲ ਜੀਵਨ  ਵਿੱਚ  ਜੁਰਮ ਕਰਨ ਜਾਂ ਸਹਿਯੋਗ ਦੇਣ ਵਾਲੇ ਅਭਿਨੇਤਾ ਅਭਿਨੇਤਰੀਆਂ ਨੂੰ ਖ਼ਲਨਾਇਕ ਦੀ ਭੂਮਿਕਾ ਵਿੱਚ ਹੀ ਪੇਸ਼ ਕਰਨ। ਇਸ ਤਰ੍ਹਾਂ ਕਮਾਈ ਦੇ ਨਾਲ ਸਮਾਜ ਵਿੱਚ ਵੀ ਸੁਧਾਰ ਹੋਵੇਗਾ।

Wednesday, 19 October 2011

ਗੁਰਬਾਣੀ ਦਾ ਰਾਜ\ਬਲਵਿੰਦਰ ਪਾਲ ਸਿੰਘ (ਪ੍ਰੋ.)


ਗੁਰਬਾਣੀ ਦਾ ਰਾਜ, ਰਾਜ ਮੱਦ 'ਤੇ ਆਧਾਰਿਤ ਨਹੀਂ, ਨਾ ਹੀ ਇਸ ਵਿਚ ਅਨਿਆਂ, ਹਉਮੈਂ ਦੀ ਪ੍ਰਵਿਰਤੀ ਹੈ, ਇਹ ਰਾਜ ਗਣਤੰਤਰ 'ਤੇ ਆਧਾਰਿਤ ਹੈ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬੇਗਮਪੁਰਾ ਤੇ ਹਲੇਮੀ ਰਾਜ ਦਾ ਨਾਮ ਦਿੱਤਾ ਗਿਆ ਹੈ। ਕੁਝ ਕੁ ਚਿੰਤਕ ਗੁਰਬਾਣੀ ਦੇ ਰਾਜ ਸੰਕਲਪ ਨੂੰ ਨਕਾਰਨ ਅਤੇ ਆਪਣੇ ਸਾਜ਼ਿਸ਼ੀ ਮਨੋਰਥ ਦੀ ਪੂਰਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ੫੩੪ ਪੰਨੇ 'ਤੇ ਦਰਜ ਪਾਵਨ ਸ਼ਲੋਕ 'ਰਾਜੁ ਨ ਚਾਹਉ ਮੁਕਤਿ ਨ ਚਾਹਉ' ਦਾ ਹਵਾਲਾ ਦੇ ਕੇ ਸਿੱਖਾਂ ਦੇ ਮਨ ਵਿਚ ਇਹ ਭ੍ਰਾਂਤੀ ਪੈਦਾ ਕੀਤੀ ਹੈ ਕਿ ਗੁਰੂ ਦਾ ਆਸ਼ਾ ਰਾਜ ਪ੍ਰਾਪਤੀ ਨਹੀਂ, ਸਿਰਫ ਅਕਾਲ ਪੁਰਖ ਦੀ ਭਗਤੀ ਹੈ।
ਜੇਕਰ ਇਹ ਗੱਲ ਸੱਚ ਹੁੰਦੀ ਤਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ, ਮੀਰੀ-ਪੀਰੀ ਦੇ ਸੰਕਲਪ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਨੂੰ ਸਿਰਜਣ ਦੀ ਲੋੜ ਨਾ ਹੁੰਦੀ ਅਤੇ ਫਿਰ ਸਿੱਖ ਪੰਥ ਨੂੰ ਸੰਨਿਆਸੀਆਂ ਵਾਂਗ ਡੇਰੇ ਤੇ ਮੱਠ ਹੀ ਬਣਾ ਲੈਣੇ ਚਾਹੀਦੇ ਸਨ। ਪਰ ਇਤਿਹਾਸ ਵਿਚ ਅਜਿਹਾ ਨਹੀਂ ਵਾਪਰਿਆ, ਜ਼ੁਲਮ ਦੀ ਖਾਤਰ ਪਹਿਲਾਂ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਹਾਂਗੀਰ ਦੇ ਰਾਜ ਮੱਦ ਨੂੰ ਲਲਕਾਰਿਆ ਅਤੇ ਦਿੱਲੀ ਤਖਤ ਦੇ ਬਰਾਬਰ ਸ੍ਰੀ ਅਕਾਲ ਤਖਤ ਸਾਹਿਬ ਸਿਰਜਿਆ। ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਰਾਇ ਜੀ ਨੇ ਮਨੁੱਖੀ ਹਿੱਤਾਂ ਲਈ ਔਰੰਗਜ਼ੇਬ ਦੇ ਭਰਾ ਦਾਰਾ ਨੂੰ ਬਚਾਉਣ ਲਈ ਔਰੰਗਜ਼ੇਬ ਦੀਆਂ ਫੌਜਾਂ ਨੂੰ ਡੱਕੀ ਰੱਖਿਆ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੇ ਜ਼ਾਲਮ ਰਾਜ ਦੀ ਵਿਰੋਧਤਾ ਕਰਦਿਆਂ ਸ਼ਹਾਦਤ ਦਿੱਤੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਿਰਜ ਕੇ ਮੁਗਲ ਰਾਜ ਨੂੰ ਚੁਣੌਤੀ ਦਿੱਤੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿਚ ਤੌਰ ਕੇ ਖਾਲਸਾ ਰਾਜ ਦੀ ਸਿਰਜਣਾ ਕਰਵਾਈ। ਇਹ ਇਤਿਹਾਸ ਗੁਰਬਾਣੀ ਦੇ ਰਾਜ ਸਿਰਜਣ ਦਾ ਹੀ ਇਤਿਹਾਸ ਹੈ, ਜਿਸ ਲਈ ਸਿੰਘਾਂ-ਸਿੰਘਣੀਆਂ ਨੂੰ ਹੁਣ ਤੱਕ ਕੁਰਬਾਨੀਆਂ ਦੇਣੀਆਂ ਪਈਆਂ।
'ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ' ਦਾ ਅਰਥ ਇਹ ਹੈ ਕਿ ਰਾਜ ਤੇ ਮੁਕਤੀ ਉਹ ਨਹੀਂ ਚਾਹੀਦੀ, ਜਿਸ ਵਿਚ ਪ੍ਰਭੂ ਪ੍ਰਤੀ ਪਿਆਰ ਹੀ ਖਤਮ ਹੋ ਜਾਵੇ ਤੇ ਉਹ ਰਾਜ ਮੱਦ ਬਣ ਜਾਵੇ। ਸਭ ਤੋਂ ਪਹਿਲਾਂ ਪ੍ਰਭੂ ਦੀ ਪ੍ਰੀਤ ਹੈ, ਪ੍ਰਭੂ ਦਾ ਭਉ ਹੈ ਤਾਂ ਹੀ ਰਾਜ ਕਾਮਯਾਬ ਤੇ ਮਨੁੱਖੀ ਹਿੱਤ 'ਚ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਦਰਸ਼ਵਾਦੀ ਰਾਜ ਦੇ ਲਈ ਸੰਤ ਰਵਿਦਾਸ ਜੀ ਨੇ ਬੇਗਮਪੁਰਾ ਸ਼ਹਿਰ ਦੀ ਵਰਤੋਂ ਕੀਤੀ ਹੈ। ਸੰਤ ਰਵਿਦਾਸ ਅਨੁਸਾਰ ਬੇਗਮਪੁਰਾ ਅਜਿਹੇ ਰਾਜ ਦਾ ਸੰਕਲਪ ਹੈ, ਜਿਥੇ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ, ਰੂਪ ਨਹੀਂ ਦੇਖਿਆ ਜਾਂਦਾ, ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਇਥੇ ਨਾ ਕੋਈ ਚਿੰਤਾ ਹੈ, ਨਾ ਕੋਈ ਡਰ ਹੈ। ਡਰ ਵੀ ਕਾਹਦਾ ਹੋਵੇ। ਡਰ ਤਾਂ ਸਾਰੇ ਮੌਤ ਨਾਲ ਜੁੜੇ ਹੁੰਦੇ ਹਨ। ਜੇ ਮਨੁੱਖ ਮੌਤ ਤੋਂ ਮੁਕਤ ਹੋ ਗਿਆ ਤਾਂ ਉਸ ਨੂੰ ਡਰ ਕਾਹਦਾ। ਇਸ ਨਗਰ ਵਿਚ ਤਾਂ ਚਿੰਤਾ ਵੀ ਕੋਈ ਨਹੀਂ। ਚਿੰਤਾ ਤਾਂ ਉਥੇ ਹੁੰਦੀ ਹੈ, ਜਿਥੇ ਅਸੀਂ ਸੁਰੱਖਿਅਤ ਨਹੀਂ ਹੁੰਦੇ। ਬੇਗਮਪੁਰਾ ਵਿਚ ਤਾਂ ਸਭ ਕੁਝ ਹੈ, ਪ੍ਰਾਪਤ ਕਰਨ ਦੀ ਇੱਛਾ ਨਹੀਂ ਰਹਿੰਦੀ, ਕਿਉਂ ਮਨੁੱਖੀ ਮਨ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ, ਫਿਰ ਰਾਜ ਮੱਦ ਕਿਉਂ ਪੈਦਾ ਹੋਵੇਗਾ। ਜੇਕਰ ਅਜਿਹੇ ਰਾਜ ਦੀ ਸਿਰਜਣਾ ਹੋ ਜਾਏ ਤਾਂ ਮਨੁੱਖ ਨੂੰ ਸਭ ਕੁਝ ਪ੍ਰਾਪਤ ਹੋ ਗਿਆ ;
ਬੇਗਮ ਪੁਰਾ ਸਹਰ ਕੋ ਨਾਉ£ ਦੂਖੁ ਅੰਦੋਹੁ ਨਹੀ ਤਿਹਿ ਠਾਉ£
ਨਾਂ ਤਸਵੀਸ ਖਿਰਾਜੁ ਨ ਮਾਲੁ£ ਖਉਫੁ ਨ ਖਤਾ ਨ ਤਰਸੁ ਜਵਾਲੁ£
ਅਬ ਮੋਹਿ ਖੂਬ ਵਤਨ ਗਹ ਪਾਈ£ ਊਹਾਂ ਖੈਰਿ ਸਦਾ ਮੇਰੇ ਭਾਈ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੩੪੫)
ਗੁਰਬਾਣੀ ਰਾਜ ਦਾ ਉਦੇਸ਼ ਜਨ ਕਲਿਆਣ ਹੈ ਅਤੇ ਇਹ ਰਾਜ ਆਪਣੇ ਨਾਗਰਿਕਾਂ ਲਈ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਕੇ ਉਨ੍ਹਾਂ ਦੇ ਕਲਿਆਣ ਲਈ ਸੁਖਾਵੇਂ ਮਾਹੌਲ ਨੂੰ ਉਸਾਰਦਾ ਹੈ ਅਤੇ ਮਨੁੱਖੀ ਜੀਵਨ ਵਿਚ ਕਪਟ, ਅਨਿਆਂ, ਧੱਕੇਸ਼ਾਹੀ, ਜ਼ੁਲਮ ਅਤੇ ਨਾ ਬਰਾਬਰੀ ਦਾ ਖਾਤਮਾ ਕਰਦਾ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਜਿਹੇ ਰਾਜ ਲਈ 'ਹਲੇਮੀ ਰਾਜ' ਦੀ ਵਰਤੋਂ ਕੀਤੀ ਹੈ ;
ਹੁਣਿ ਹੁਕਮੁ ਹੋਆ ਮਿਹਰਵਾਣ ਦਾ£ ਪੈ ਕੋਇ ਨ ਕਿਸੈ ਰਞਾਣਦਾ£
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ£
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੭੪)
ਉਪਰੋਕਤ ਪਾਵਨ ਸ਼ਲੋਕ 'ਚ ਜੋ ਰਾਜ ਦਾ ਸੰਕਲਪ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੇਸ਼ ਕੀਤਾ ਹੈ, ਉਸ ਦਾ ਆਧਾਰ ਸ਼ਕਤੀ ਨਹੀਂ, ਸਗੋਂ ਹਲੇਮੀ ਹੈ। ਗੁਰੂ ਸਾਹਿਬ ਨੇ ਇਸ ਵਿਚ ਭਾਈਚਾਰਕ ਪਿਆਰ ਦੀ ਨੀਂਹ ਉਤੇ ਉਸਰੇ ਰਾਜ ਨੂੰ ਹਲੇਮੀ ਰਾਜ ਦਾ ਨਾਂ ਦਿੱਤਾ ਹੈ ਜੋ ਅਕਾਲ ਪੁਰਖ ਦੇ ਹੁਕਮ ਵਿਚ ਸਥਾਪਤ ਹੁੰਦਾ ਹੋਇਆ ਸਰਬ ਕਲਿਆਣਕਾਰੀ ਹੁੰਦਾ ਹੈ। ਮੀਰੀ-ਪੀਰੀ ਦੇ ਸੰਗਮ ਦਾ ਭਾਵ ਇਹੋ ਸੀ ਕਿ ਧਰਮ ਤੇ ਰਾਜਨੀਤੀ, ਚੜ੍ਹਦੀਕਲਾ ਤੇ ਸਰਬੱਤ ਦੇ ਭਲੇ ਲਈ ਮਿਲ ਕੇ ਚੱਲਣ। ਧਰਮ ਮਨ ਨੂੰ ਜਿੱਤਣ ਦਾ ਹੁਨਰ ਹੈ, ਰਾਜ ਦੁਨੀਆਂ ਨੂੰ ਜਿੱਤਣ ਦਾ। ਰਾਜ ਦਾ ਅਰਥ ਹਕੂਮਤ ਕਰਨ ਦੀ ਹਵਸ ਨਹੀਂ, ਸਗੋਂ ਰਾਜ

ਦਾ ਭਾਵ ਹੈ ਸਮਾਜ ਦੀਆਂ ਪਦਾਰਥਕ ਸ਼ਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਵਿਸ਼ਵ ਕਲਿਆਣ ਲਈ ਵਰਨਣ ਹਿੱਤ ਵਿਉਂਤਬੱਧ ਉਪਾਓ ਕਰਨਾ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਚਾਈ ਦੀ ਪੱਕੀ ਨੀਂਹ ਉੱਤੇ ਇਕ ਤਰ੍ਹਾਂ ਅਜਿਹੇ ਰਾਜ ਦੀ ਬੁਨਿਆਦ ਰੱਖ ਦਿੱਤੀ ਸੀ, ਜਿਵੇਂ ਕਿ ਭਾਈ ਸਤੇ ਨੇ ਕਿਹਾ ਹੈ ;
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੬੬)
ਗੁਰਬਾਣੀ ਦਾ ਰਾਜ ਸੰਕਲਪ ਗਣਤੰਤਰ ਰਾਜ ਹੈ ਜੋ ਕਿ ਦੁਨਿਆਵੀ ਕਿਸਮ ਦੇ ਲੋਕਤੰਤਰ ਤੋਂ ਭਿੰਨ ਹੈ, ਜਿਸ ਦਾ ਮੁੱਖ ਸੋਮਾ ਅਕਾਲ ਪੁਰਖ ਹੈ। ਦੁਨਿਆਵੀ ਲੋਕਤੰਤਰ ਵਿਚ ਪ੍ਰਤੀਨਿਧੀਆਂ ਦੀ ਚੋਣ ਵੋਟਾਂ ਰਾਹੀਂ ਹੁੰਦੀ ਹੈ, ਜਿਸ ਵਿਚ ਗੁਣਾਂ ਦੀ ਥਾਂ, ਮੁਕਾਬਲੇ ਦੀ ਭਾਵਨਾ ਅਤੇ ਪਦਾਰਥਕ ਸੋਚ ਹਾਵੀ ਹੁੰਦੀ ਹੈ ਜੋ ਕਿ ਲੜਾਈ ਦਾ ਰੂਪ ਧਾਰਨ ਕਰ ਜਾਂਦੀ ਹੈ। ਇਸ ਪ੍ਰਥਾ 'ਚ ਬਹੁਗਿਣਤੀ ਦੀ ਹਮਾਇਤ ਦਾ ਸਿਧਾਂਤ ਹੁੰਦਾ ਹੈ, ਗੁਣਾਂ ਦੀ ਕੋਈ ਥਾਂ ਨਹੀਂ ਹੁੰਦੀ। ਗੁਰਬਾਣੀ ਲੋਕਤੰਤਰ ਵਿਚ ਚੋਣ ਪਰਖ ਦਾ ਸਿਧਾਂਤ ਹੈ, ਜਿਸ ਵਿਚ ਗੁਣਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਗੁਰੂ ਸਾਹਿਬਾਨਾਂ ਨੇ ਗੁਰਿਆਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਸਿਰਜਣਾ ਇਸ ਢੰਗ ਨਾਲ ਹੀ ਕੀਤੀ ਸੀ। ਗੁਰਬਾਣੀ ਲੋਕਤੰਤਰ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸ ਵਿਚ ਪ੍ਰਤੀਨਿਧ ਜਾਂ ਪੰਚ ਚੁਣੇ ਜਾਣ ਵਾਲੇ ਵਿਅਕਤੀ ਦੀ ਯੋਗਤਾ 'ਤੇ ਜ਼ੋਰ ਹੈ। ਦੁਨਿਆਵੀ ਲੋਕਤੰਤਰ ਵਿਚ ਇਹ ਗੱਲ ਨਹੀਂ ਹੈ। ਇਸ ਵਿਚ ਤਾਂ ਭ੍ਰਿਸ਼ਟ, ਅਪਰਾਧੀ ਅਤੇ ਹੋਰ ਔਗੁਣਾਂ ਭਰੇ ਲੋਕ ਪ੍ਰਤੀਨਿਧ ਹਾਵੀ ਹੋ ਜਾਂਦੇ ਹਨ। 'ਚੋਰ ਉਚੱਕਾ ਚੌਧਰੀ ਗੁੰਡੀ ਰੰਨ ਪ੍ਰਧਾਨ' ਦਾ ਅਖਾਣ ਇਸੇ ਲੋਕਤੰਤਰ ਦੀ ਉਪਜ ਹੈ। ਗੁਰਬਾਣੀ ਲੋਕਤੰਤਰ ਵਿਚ ਵਿਚ ਸੰਗਤ ਪ੍ਰਤੀਨਿਧੀ ਚੁਣਨ ਵੇਲੇ ਉਸ ਦਾ ਜੀਵਨ ਦੇਖਦੀ ਹੈ, ਵਿਅਕਤੀ ਦੇ ਗੁਣਾਂ ਦੀ ਪਰਖ ਹੁੰਦੀ ਹੈ ਜਾਂ ਇੰਝ ਆਖ ਲਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਜਿਹੇ ਰਾਜ ਦੀ ਪੇਸ਼ਕਾਰੀ ਹੋਈ ਹੈ, ਜਿਸ ਦੀ ਵਾਗਡੋਰ ਅਜਿਹੇ ਧਰਮੀ ਅਤੇ ਗਿਆਨਵਾਨ ਰਾਜੇ ਦੇ ਹੱਥ ਵਿਚ ਹੈ, ਜਿਹੜਾ ਆਪਣੇ ਗਿਆਨ ਨਾਲ ਮਨੁੱਖ ਦੀਆਂ ਆਪਸੀ ਵਿਰੋਧੀ ਰੁਚੀਆਂ ਅਤੇ ਸ਼ਕਤੀਆਂ ਨੂੰ ਇਕੱਤਰ ਕਰਕੇ ਉਨ੍ਹਾਂ ਵਿਚ ਇਕਸੁਰਤਾ ਲਿਆ ਸਕਦਾ ਹੈ ;
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ£
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੦੮੮)
ਇਸ ਤਰ੍ਹਾਂ ਗੁਰਬਾਣੀ ਦੇ ਸਿਧਾਂਤ ਅਨੁਸਾਰ ਰਾਜਾ ਰਾਜ ਦੇ ਯੋਗ, ਨਿਆਂਸ਼ੀਲ ਹੋਣਾ ਚਾਹੀਦਾ ਹੈ ਜੋ ਕਿ ਕਿਸੇ ਨਾਲ ਪੱਖਪਾਤ ਨਾ ਕਰੇ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਕਰੇ, ਜ਼ਾਲਮ ਨਾ ਹੋਵੇ ਅਤੇ ਮਨੁੱਖੀ ਕਲਿਆਣ 'ਚ ਵਿਸ਼ਵਾਸ ਕਰਦਾ ਹੋਵੇ। ਬੇਸਮਝ ਜਾਂ ਕੁਰਾਹੇ ਪਏ ਵਿਅਕਤੀ ਨੂੰ ਜੇ ਰਾਜਾ ਬਣਾ ਦਿੱਤਾ ਜਾਵੇ ਤਾਂ ਗੁਰਬਾਣੀ ਅਨੁਸਾਰ ਉਹ 'ਅੰਨਾ ਰਾਜਾ' ਸਾਬਤ ਹੁੰਦਾ ਹੈ ;
ਨਾਨਕ ਅੰਧਾ ਹੋਇ ਕੈ ਦਸੈ ਰਾਹੈ ਸਭਸੁ ਮੁਹਾਏ ਸਾਥੈ£
ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੪੦)
ਅਜਿਹਾ ਆਗੂ ਆਪ ਤਾਂ ਡੁੱਬਦਾ ਹੀ ਹੈ, ਨਾਲ ਹੀ ਆਪਣੇ ਪਿਛੇ ਲੱਗਣ ਵਾਲਿਆਂ ਨੂੰ ਹੀ ਡੋਬ ਛੱਡਦਾ ਹੈ। ਗੁਰਬਾਣੀ ਅਨੁਸਾਰ ਜੋ ਰਾਜਾ ਹੰਕਾਰ ਦੇ ਅਧੀਨ ਕਾਰਜ ਕਰਦਾ ਹੈ, ਉਹ ਨਸ਼ਟ ਹੋ ਜਾਂਦਾ ਹੈ ;
ਜਿਸ ਕੈ ਅੰਤਰਿ ਰਾਜ ਅਭਿਮਾਨੁ£ ਸੋ ਨਰਕਪਾਤੀ ਹੋਵਤ ਸੁਆਨੁ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੨੭੮)
ਗੁਰਬਾਣੀ ਲੋਕਤੰਤਰ ਵਿਚ ਚੁਣੇ ਜਾਣ ਵਾਲੇ ਪ੍ਰਤੀਨਿਧੀਆਂ ਅਤੇ ਦੁਨਿਆਵੀ ਕਿਸਮ ਦੇ ਲੋਕਤੰਤਰ ਵਿਚ ਚੁਣੇ ਜਾਣ ਵਾਲੇ ਪ੍ਰਤੀਨਿਧੀਆਂ ਦੇ ਨਿਸ਼ਾਨੇ ਵਿਚ ਹੀ ਬੁਨਿਆਦੀ ਅੰਤਰ ਹੁੰਦਾ ਹੈ। ਦੁਨਿਆਵੀ ਲੋਕਤੰਤਰ ਦੇ ਪ੍ਰਤੀਨਿਧਾਂ ਦਾ ਨਿਸ਼ਾਨਾ ਚੌਧਰ, ਤਾਕਤ, ਮਾਇਆ, ਹਾਸਲ ਕਰਨਾ ਹੁੰਦਾ ਹੈ, ਦੂਜੇ ਪਾਸੇ ਗੁਰਬਾਣੀ ਲੋਕਤੰਤਰ ਵਿਚ ਨਿਸ਼ਾਨਾ ਸੇਵਾ, ਤਿਆਗ ਤੇ ਕੁਰਬਾਨੀ ਹੁੰਦਾ ਹੈ। ਇਥੇ ਦੌੜ ਕੁਰਸੀ ਲਈ ਨਹੀਂ, ਸੇਵਾ ਲਈ ਲਗਦੀ ਹੈ। ਦੁਨਿਆਵੀ ਲੋਕਤੰਤਰ ਦੇ ਕਿੰਨੇ ਹੀ ਪ੍ਰਤੀਨਿਧਾਂ ਦੇ ਵਿਰੁੱਧ ਭ੍ਰਿਸ਼ਟਾਚਾਰ, ਕੁਨਬਾ ਪਰਵਰੀ ਅਤੇ ਹੋਰ ਜ਼ੁਲਮਾਂ ਦੇ ਮਾਮਲੇ ਸਾਹਮਣੇ ਆਏ ਹਨ। ਫਿਰ ਜੋੜ ਤੋੜ, ਦਾਅ ਪੇਚ, ਦਲ ਬਦਲੀ ਆਦਿ ਕਿੰਨੀਆਂ ਹੀ ਬੁਰਾਈਆਂ ਇਸ ਲੋਕਤੰਤਰ ਨੂੰ ਘੁਣ ਵਾਂਗ ਲੱਗੀਆਂ ਹੋਈਆਂ ਹਨ। ਗੁਰਬਾਣੀ ਲੋਕਤੰਤਰ ਅਨੁਸਾਰ ਲੋਕ ਰਾਇ ਨੂੰ ਮੰਨ ਕੇ ਗੁਣਾਂ ਦੇ ਆਧਾਰ 'ਤੇ ਕੋਈ ਫੈਸਲਾ ਲਿਆ ਜਾਂਦਾ ਹੈ। ਜੋ ਰਾਜਾ ਲੋਕ ਰਾਇ ਤੋਂ ਉਲਟ ਫੈਸਲਾ ਲੈਂਦਾ ਹੈ ਜਾਂ ਆਪਣੇ ਨਿੱਜੀ ਹਿੱਤਾਂ ਲਈ ਆਪਣੀ ਰਾਇ ਠੋਸਦਾ, ਉਸ ਦਾ ਰਾਜ ਥੋੜ ਚਿਰਾ ਹੁੰਦਾ ਹੈ। ਜਿਵੇਂ ;
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ£
ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੬੪੨)
ਰਾਜ ਭਾਗ ਨੂੰ ਜੀਵਨ ਦਾ ਸਭ ਕੁਝ ਮੰਨ ਲੈਣਾ ਗੁਰਬਾਣੀ ਦਾ ਉਦੇਸ਼ ਨਹੀਂ। ਰਾਜ ਇਕ ਸਾਧਨ ਹੈ ਮਨੁੱਖੀ ਸਮਾਜ ਦੇ ਵਿਕਾਸ ਦਾ। ਜੇ ਸਮਾਜ ਦੇ ਵਿਕਾਸ ਨੂੰ ਅਖੋਂ ਉਹਲੇ ਕਰਕੇ ਕੋਈ ਰਾਜਾ ਵਿਅਕਤੀਗਤ ਲਾਭਾਂ ਲਈ ਇਸ ਸਾਰੀ ਸ਼ਕਤੀ ਨੂੰ ਵਰਤੇ ਤਾਂ ਇਹ ਹਾਨੀਕਾਰਕ ਔਗੁਣ ਬਣ ਜਾਂਦਾ ਹੈ। ਇਸੇ ਕਰਕੇ ਗੁਰਬਾਣੀ ਵਿਚ ਵਾਰ-ਵਾਰ ਯਾਦ ਕਰਵਾਇਆ ਜਾਂਦਾ ਹੈ ਕਿ ਧਰਮ ਤੋਂ ਬੇਮੁਖ ਚਲਣ ਵਾਲੀ ਰਾਜ ਸ਼ਕਤੀ ਮਨੁੱਖਤਾ ਲਈਤਬਾਹਕੁੰਨ ਸਾਬਤ ਹੁੰਦੀ ਹੈ ;
ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ£
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੨੮੮)
ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ£
ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੭੦੮)
ਇਹ ਗੱਲ ਸੱਚ ਹੈ ਕਿ ਧਰਮ ਦੇ ਵਿਕਾਸ ਲਈ ਰਾਜ ਦੀ ਅਤਿਅੰਤ ਜ਼ਰੂਰਤ ਹੈ। ਜੇਕਰ ਸਿਧਾਂਤ ਨੂੰ ਪ੍ਰੋਜੈਕਟ ਕਰਨਾ ਹੈ ਤਾਂ ਰਾਜ ਦਾ ਹੋਣਾ ਜ਼ਰੂਰੀ ਹੈ। ਗੁਰਬਾਣੀ ਦਾ ਰਾਜ ਸੰਕਲਪ ਅਜੋਕੇ ਸਮੇਂ ਮਾਡਲ ਰੂਪ ਵਿਚ ਉਭਾਰਨ ਦੀ ਲੋੜ ਹੈ, ਜਿਸ ਦੀ ਸ਼ੁਰੂਆਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਵਿਚ ਚੋਣ ਦੀ ਵਿਧੀ ਭਾਰਤੀ ਲੋਕਤੰਤਰ ਦੀ ਥਾਂ ਗੁਰਬਾਣੀ ਲੋਕਤੰਤਰ ਵਾਲੀ ਲਾਗੂ ਕਰਨ ਦਾ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਇਸ ਵਿਚ ਜੋ ਗੁਰਸਿੱਖ ਚੁਣੇ ਜਾਣ ਉਹ ਗੁਰਮਤਿ ਕਾਜ ਤੇ ਪੰਥ ਦੀ ਚੜ੍ਹਦੀਕਲਾ ਨੂੰ ਸਮਰਪਿਤ ਹੋਣ ਨਾ ਕਿ ਰਾਜ ਮੱਦ ਵਿਚ ਗੜੁਚੇ ਹੋਣ। ਗੁਰਬਾਣੀ ਦੇ ਰਾਜ ਸੰਕਲਪ 'ਤੇ ਪਹਿਰਾ ਦੇਣ ਨਾਲ ਹੀ ਪੰਥ ਵਿਚ ਜਾਗ੍ਰਿਤੀ ਪੈਦਾ ਹੋ ਸਕਦੀ ਹੈ ਅਤੇ ਇਸ ਵਿਧੀ ਨੂੰ ਪ੍ਰੈਕਟਿਸ ਵਿਚ ਲਿਆਉਣ ਨਾਲ ਹੀ ਪਾਤਸ਼ਾਹੀ ਮਿਲ ਸਕਦੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਆਪਣੇ ਭਵਿੱਖ ਦੇ ਮਾਲਕ ਬਣੀਏ ਤਾਂ ਲੋੜ ਹੈ ਅਜਿਹੀ ਲੀਡਰਸ਼ਿਪ ਪੈਦਾ ਕਰਨ ਦੀ ਜੋ ਕਿ ਗੁਰਬਾਣੀ ਦੇ ਰਾਜ ਸੰਕਲਪ 'ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਵੇ, ਆਪਣੇ ਅਮਲੀ ਜੀਵਨ ਦਾ ਅੰਗ ਬਣਾ ਕੇ ਗੁਰੂ ਸੁਹਜ ਦਾ ਨਿਘ ਮਾਣੇ।

Tuesday, 18 October 2011

ਫ਼ਿਲਮਾਂ ਰਾਹੀਂ ਲਗਾਈ ਜਾ ਰਹੀ ਏ ਸਿੱਖੀ ਨੂੰ ਢਾਹ\ਸੁਦੀਪ ਸਿੰਘ ਢਿੱਲੋਂ





ਪਹਿਲਾਂ ਤੋਂ ਹੀ ਅਣਗਿਣਤ ਖ਼ਤਰਿਆਂ ਅਤੇ ਮੁਸੀਬਤਾਂ ਦਰਮਿਆਨ ਘਿਰੀ ਹੋਈ ਪੰਜਾਬੀ ਜ਼ੁਬਾਨ ਅਤੇ ਸਿੱਖੀ ਉੱਤੇ, ਅਜੋਕੀਆਂ ਫ਼ਿਲਮਾਂ ਅਤੇ ਲੜੀਵਾਰ, ਲਗਾਤਾਰ ਹਮਲੇ ਉੱਤੇ ਹਮਲੇ ਕਰ ਰਹੇ ਹਨ ਅਤੇ ਇੰਜ ਜਾਪਦਾ ਹੈ ਕਿ ਇਹ ਲੋਕ, ਪੰਜਾਬੀ ਅਤੇ ਸਿੱਖੀ ਉੱਪਰ ਹਮਲਾ ਕਰਨ ਦਾ ਇੱਕ ਵੀ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ।
'ਮਿਸ਼ਨ ਕਸ਼ਮੀਰ' ਨਾਂ ਦੀ ਹਿੰਦੀ ਫ਼ਿਲਮ ਨੇ ਤਾਂ ਦੇਸ ਲਈ ਸਭ ਤੋਂ ਵੱਧ ਜਾਨਾਂ ਵਾਰਨ ਵਾਲੇ ਸਿੱਖ ਫ਼ੌਜੀਆਂ ਨੂੰ, ਇਸ ਫ਼ਿਲਮ ਰਾਹੀਂ, ਡਰਪੋਕ ਪੇਸ਼ ਕੀਤਾ ਗਿਆ ਸੀ। ਫ਼ਿਲਮ ਦੇ ਸ਼ੁਰੂਆਤੀ ਦ੍ਰਿਸ਼ ਵਿੱਚ ਹੀ, ਸਿੱਖੀ ਸਰੂਪ ਵਾਲਾ ਇੱਕ ਫ਼ੌਜੀ, ਜਦੋਂ ਇੱਕ ਅਜਿਹੀ ਥਾਂ 'ਤੇ ਖੜ੍ਹਾ ਹੁੰਦਾ ਹੈ, ਜਿਸ ਦੇ ਥੱਲੇ ਦੁਸ਼ਮਣਾਂ ਵੱਲੋਂ ਬੰਬ ਰੱਖਿਆ ਹੁੰਦਾ ਹੈ ਤਾਂ ਇਹ ਸਿੱਖ ਫ਼ੌਜੀ ਫਿਰ ਅੱਗੇ ਜੋ ਕੁਝ ਕਹਿੰਦਾ ਅਤੇ ਕਰਦਾ ਵਿਖਾਇਆ ਗਿਆ ਹੈ, ਉਹ ਵੇਖ ਕੇ ਕਿਸੇ ਸਿੱਖ ਜੱਥੇਬੰਦੀ ਜਾਂ ਸ਼੍ਰੋਮਣੀ ਕਮੇਟੀ ਨੇ ਕਿਉਂ ਨਹੀਂ ਕੁੱਝ ਕੀਤਾ? ਇਹ ਸਵਾਲ ਅੱਜ ਵੀ ਰੜਕਦਾ ਹੈ। ਫਿਲਮ ਵਿੱਚ ਵਿਖਾਇਆ ਗਿਆ ਹੈ ਕਿ ਇੱਕ ਛੋਟੇ ਜਿਹੇ ਬੰਬ ਤੋਂ ਡਰ ਕੇ, ਇਹ ਸਿੱਖ ਫ਼ੌਜੀ , ਕੰਬਣ ਲੱਗ ਪੈਂਦਾ ਹੈ ਅਤੇ ਏਨਾ ਡਰ ਜਾਂਦਾ ਹੈ ਕਿ ਆਪਣੀ ਪੈਂਟ ਵਿੱਚ ਹੀ ਪਿਸ਼ਾਬ ਕਰਦਾ ਵੇਖਿਆ ਜਾਂਦਾ ਹੈ। ਫਿਰ ਇਸ ਡਰੇ ਹੋਏ ਸਿੱਖ ਫ਼ੌਜੀ ਵੱਲੋਂ ਮਦਦ ਦੀਆਂ ਚੀਕਾਂ ਨੂੰ ਸੁਣ ਕੇ ਇੱਕ ਗ਼ੈਰ-ਸਿੱਖ ਫ਼ੌਜੀ ਬੜੀ ਦਲੇਰੀ ਨਾਲ ਉਸ ਨੂੰ ਬਚਾਉਂਦਾ ਹੈ ਜਦਕਿ ਅਸਲੀਅਤ ਅਤੇ ਇਤਿਹਾਸ ਵਿੱਚ, ਹਮੇਸ਼ਾਂ ਇਸ ਦੇ ਉਲਟ ਹੀ ਹੋਇਆ ਹੈ। ਇਸ ਫ਼ਿਲਮ ਨੂੰ ਬਣਾਉਣ ਵਾਲਾ, ਵਿਧੂ ਵਿਨੋਦ ਚੋਪੜਾ, ਆਪਣੇ ਆਪ ਨੂੰ ਪੰਜਾਬੀ ਦੱਸਦਾ ਹੈ, ਪਰ ਇਹ ਦ੍ਰਿਸ਼ ਫ਼ਿਲਮਾਉਣ ਲੱਗਿਆਂ ਸ਼ਾਇਦ ਉਸ ਨੂੰ ਸ਼ਰਮ ਭੁੱਲ ਗਈ ਸੀ।
ਫ਼ਿਲਮਾਂ ਵਿੱਚ ਸਿੱਖਾਂ ਨੂੰ ਮਜ਼ਾਕ ਦੇ ਪਾਤਰ ਵਜੋਂ ਵਿਖਾਉਣਾ ਤਾਂ ਆਮ ਵਰਤਾਰਾ ਸੀ, ਪਰ ਇਸੇ ਵਿਧੂ ਵਿਨੋਦ ਚੋਪੜਾ ਨੇ, ਰਾਜੂ ਹਿਰਾਨੀ ਰਾਹੀਂ ਬਣਾਈ ਆਪਣੀ ਇੱਕ ਹੋਰ ਫ਼ਿਲਮ, 'ਲਗੇ ਰਹੋ ਮੁੰਨਾਭਾਈ' ਵਿੱਚ ਇੱਕ ਸਿੱਖ ਕਿਰਦਾਰ ਨੂੰ ਖਲਨਾਇਕ ਬਣਾ ਦਿੱਤਾ। ਇਸ ਫਿਲਮ ਵਿਚਲੇ ਸਿੱਖ ਪਾਤਰ, 'ਲੱਕੀ ਸਿੰਘ' ਨੂੰ ਇੱਕ ਬੇਰਹਿਮ ਆਦਮੀ ਵਜੋਂ ਪੇਸ਼ ਕੀਤਾ ਗਿਆ, ਜੋ ਹਰ ਹੀਲੇ ਬੇਸਹਾਰਾ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰੋਂ ਕੱਢ ਕੇ ਉਹ ਸਾਰੇ ਘਰ ਹੜੱਪਣਾ ਚਾਹੁੰਦਾ ਹੈ।

ਯਸ਼ ਚੋਪੜਾ ਦੇ, ਯਸ਼ ਰਾਜ ਬੈਨਰ ਹੇਠ, ਬਣਨ ਵਾਲੀਆਂ ਫ਼ਿਲਮਾਂ ਵਿੱਚ ਭਾਵੇਂ ਪੰਜਾਬੀ ਦਾ ਅਕਸ ਬਾਕੀਆਂ ਦੇ ਮੁਕਾਬਲੇ ਕੁੱਝ ਸਾਫ਼-ਸੁਥਰਾ ਹੁੰਦਾ ਹੈ, ਪਰ ਪੂਰੀ ਤਰ੍ਹਾਂ ਸਾਫ਼ ਇਹ ਵੀ ਨਹੀਂ ਕਹੇ ਜਾ ਸਕਦੇ। ਮਿਸਾਲ ਦੇ ਤੌਰ 'ਤੇ ਇਨ੍ਹਾਂ ਵੱਲੋਂ ਬਣਾਈ ਗਈ ਫ਼ਿਲਮ 'ਮੋਹੱਬਤੇਂ' ਵਿੱਚ ਅਨੁਪਮ ਖੇਰ ਨੂੰ ਇੱਕ ਸਿੱਖ ਕਿਰਦਾਰ ਵਿੱਚ ਵਿਖਾਇਆ ਗਿਆ ਸੀ ਜੋ ਮਜ਼ਾਕੀਆ ਹੋਣ ਦੇ ਨਾਲ-ਨਾਲ ਔਰਤਾਂ ਨਾਲ ਛੇੜਖਾਨੀ ਕਰਦਾ ਹੈ ਅਤੇ ਬਾਅਦ ਵਿੱਚ, ਸਰੇ-ਬਾਜ਼ਾਰ, ਔਰਤਾਂ ਹੱਥੋਂ ਚੱਪਲਾਂ ਨਾਲ ਕੁੱਟ ਖਾਂਦਾ ਵਿਖਾਇਆ ਗਿਆ। ਜਾਪਦਾ ਹੈ ਕਿ ਯਸ਼ ਚੋਪੜਾ ਨੇ ਪੰਜਾਬ ਦਾ ਇਤਿਹਾਸ ਪੜ੍ਹਿਆ ਨਹੀਂ ਹੋਵੇਗਾ, ਨਹੀਂ ਤਾਂ ਇਨ੍ਹਾਂ ਨੂੰ ਜ਼ਰੂਰ ਪਤਾ ਹੁੰਦਾ ਕਿ ਜਦੋਂ ਵਿਦੇਸ਼ੀ ਹਮਲੇ ਹੁੰਦੇ ਸੀ ਤਾਂ ਉਹ ਕੌਣ ਸਨ ਜੋ ਬਹਾਦਰੀ ਨਾਲ ਔਰਤਾਂ ਨੂੰ ਬਚਾਉਂਦਾ ਹੁੰਦਾ ਸੀ? ਇਨ੍ਹਾਂ ਦੀ ਕੰਪਨੀ ਦੀ ਹੀ ਇੱਕ ਹੋਰ ਫ਼ਿਲਮ 'ਦਿਲ ਬੋਲੇ ਹੜਿੱਪਾ' ਵਿੱਚ ਪੰਜਾਬ ਦੀ ਇੱਕ ਲੜਕੀ, ਪੰਜਾਬੀ 'ਬੰਦਿਸ਼ਾਂ' ਤੋਂ ਤੰਗ ਆ ਕੇ ਆਪਣੇ ਕ੍ਰਿਕਟ ਖੇਡਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਮਜ਼ਾਕੀਆ ਜਿਹੇ ਨਜ਼ਰ ਆਉਣ ਵਾਲੇ ਸਿੱਖ ਮੁੰਡੇ ਦਾ ਭੇਸ ਧਾਰ ਲੈਂਦੀ ਹੈ ਅਤੇ ਹਿੰਦੀ ਫ਼ਿਲਮਾਂ ਦੇ ਪੰਜਾਬੀਅਤ ਪ੍ਰਤੀ ਨਜ਼ਰੀਏ ਨੂੰ ਅੱਗੇ ਟੋਰਦੀ ਹੋਈ ਊਟ-ਪਟਾਂਗ ਹਰਕਤਾਂ ਕਰਦੀ ਵਿਖਾਈ ਗਈ ਹੈ।
ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਾਉਣ ਵਾਲੇ ਧਰਮਿੰਦਰ ਵੱਲੋਂ, ਆਪਣੇ ਪੁੱਤਰਾਂ ਦੇ ਡੁੱਬਦੇ ਹੋਏ ਕੈਰੀਅਰ ਨੂੰ ਬਚਾਉਣ ਖ਼ਾਤਰ ਬਣਾਈ ਗਈ ਫ਼ਿਲਮ 'ਯਮਲਾ ਪਗਲਾ ਦੀਵਾਨਾ'  ਨੇ ਵੀ ਪੰਜਾਬੀ ਜ਼ੁਬਾਨ ਅਤੇ ਸਿੱਖੀ ਨੂੰ ਖੋਰਾ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਫ਼ਿਲਮ ਦੇ ਸ਼ੁਰੂਆਤੀ ਦ੍ਰਿਸ਼ ਵਿੱਚ ਜਦੋਂ ਇੱਕ ਸਿੱਖ ਐਨ. ਆਰ. ਆਈ. ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਪੁੱਛਦਾ ਹੈ, ਤਾਂ ਬੱਚੇ ਅੱਗੋਂ 'ਮਾਂ-ਭੈਣ ਦੀਆਂ ਗਾਲ੍ਹਾਂ' ਕੱਢਦੇ ਵਿਖਾਏ ਗਏ ਹਨ ਭਾਵ ਇਸ ਫ਼ਿਲਮ ਨੇ ਪੰਜਾਬੀਅਤ ਦਾ ਇਹ ਮਤਲਬ ਦੱਸਿਆ ਹੈ। ਇਸ ਫ਼ਿਲਮ ਵਿੱਚ 'ਗਜੋਧਰ' ਨਾਂ ਦਾ ਇੱਕ ਭਈਆ, ਆਪਣੇ ਵਿਛੜੇ ਹੋਏ ਸਰਦਾਰ ਭਰਾ ਨਾਲ, 'ਸਾਹਿਬਾ' ਨਾਂ ਦੀ ਇੱਕ ਕੁੜੀ ਨੂੰ ਭਜਾਉਣ ਖਾਤਰ ਪੰਜਾਬ ਆਉਂਦਾ ਹੈ। ਹਾਲਾਂ ਕਿ 'ਸਾਹਿਬਾ' ਦੇ 8-10 ਭਰਾ ਦੱਸੇ ਗਏ ਹਨ, ਪਰ ਸਾਰੇ ਏਨੇ ਬੇਵਕੂਫ਼ ਵਿਖਾਏ ਗਏ ਹਨ ਕਿ ਉਨ੍ਹਾਂ ਨੂੰ ਇਸ ਨਕਲੀ ਸਰਦਾਰ ਬਣੇ ਭਈਏ ਬਾਰੇ ਕੁੱਝ ਵੀ ਪਤਾ ਨਹੀਂ ਲੱਗਦਾ। ਉੱਪਰੋਂ ਪੰਜਾਬੀ ਕੁੜੀ ਦੇ ਇਹ ਸਾਰੇ ਭਰਾ, ਫੋਕੇ ਸਰਦਾਰ ਵਿਖਾਏ ਗਏ ਹਨ ਜੋ ਆਪਣੀ ਖ਼ਾਲੀ ਪਸਤੌਲ ਨਾਲ ਲੋਕਾਂ ਨੂੰ ਡਰਾਉਂਦੇ ਹਨ। ਇਸ ਫ਼ਿਲਮ ਵਿੱਚ ਪੰਜਾਬੀਆਂ ਨੂੰ 'ਵਿਹਲੜਾਂ' ਵਜੋਂ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ ਇੱਕੋ-ਇੱਕ ਟੀਚਾ 'ਕੈਨੇਡਾ' ਜਾਣਾ ਹੀ ਹੁੰਦਾ ਹੈ ਜਿਸ ਲਈ ਉਹ ਕੁੱਝ ਵੀ ਕਰ ਸਕਦੇ ਹਨ। ਇਸ ਫ਼ਿਲਮ ਵਿੱਚ ਇਹ ਵੀ ਵਿਖਾਇਆ ਗਿਆ ਹੈ ਕਿ ਪੰਜਾਬੀ ਅਨਪੜ੍ਹਾਂ ਦੀ ਕੌਮ ਹੈ, ਜਿਸ ਨੂੰ ਪੰਜਾਬੀ ਤੋਂ ਇਲਾਵਾ ਹੋਰ ਕੋਈ ਭਾਸ਼ਾ ਨਹੀਂ ਆਉਂਦੀ। ਫ਼ਿਲਮ ਦੇ ਇੱਕ ਦ੍ਰਿਸ਼ ਵਿੱਚ ਇੱਕ ਐਨ. ਆਰ. ਆਈ. ਬੰਦਾ, ਪੰਜਾਬੀਆਂ ਦੇ ਵੱਡੇ ਇਕੱਠ ਨੂੰ ਅੰਗਰੇਜ਼ੀ ਵਿੱਚ ਖੁੱਲ੍ਹੇਆਮ ਗਾਲ੍ਹਾਂ ਕੱਢਦਾ ਹੈ, ਪਰ ਉੱਥੇ ਖੜ੍ਹੇ ਪੰਜਾਬੀ, ਖ਼ੁਸ਼ ਹੋ ਕੇ ਤਾੜੀਆਂ ਮਾਰਦੇ ਵਿਖਾਏ ਗਏ ਹਨ ਭਾਵ ਉੱਥੇ ਖੜ੍ਹੇ ਸਾਰੇ ਲੋਕਾਂ ਵਿੱਚ ਇੱਕ ਵੀ ਪੰਜਾਬੀ ਅਜਿਹਾ ਨਹੀਂ ਸੀ, ਜਿਸ ਨੂੰ ਅੰਗਰੇਜ਼ੀ ਦਾ ਕੋਈ ਅੱਖਰ ਆਉਂਦਾ ਹੋਵੇ ਇਸ ਤੋਂ ਇਲਾਵਾ ਪੰਜਾਬ ਦੇ ਟਿਊਬਵੈੱਲਾਂ  ਵਿੱਚੋਂ, ਪੰਜਾਬ ਦੇ ਪਵਿੱਤਰ ਪਾਣੀ ਦੀ ਥਾਂ 'ਸ਼ਰਾਬ' ਨਿਕਲਦੀ ਵੀ ਇਸ ਫ਼ਿਲਮ ਵਿੱਚ ਵਿਖਾਈ ਗਈ ਹੈ ਅਤੇ ਅੱਗੇ ਜਾ ਕੇ ਇੱਕ ਸਿੱਖ ਨੂੰ, ਬਾਲਟੀ ਨਾਲ ਸ਼ਰਾਬ ਪੀ ਕੇ ਲਲਕਾਰੇ ਮਾਰਦੇ ਹੋਏ ਵੀ ਵਿਖਾਇਆ ਗਿਆ ਹੈ।
'ਜਬ ਵੀ ਮੈੱਟ' ਨਾਂ ਦੀ ਹਿੰਦੀ ਫ਼ਿਲਮ ਬਹੁਤ ਚੱਲੀ ਸੀ। ਇਸ ਹਿੰਦੀ ਫ਼ਿਲਮ ਵਿੱਚ ਵਰਤੇ ਗਏ ਪੰਜਾਬੀ ਬੋਲਾਂ ਵਾਲੇ 'ਮੌਜਾਂ ਹੀ ਮੌਜਾਂ' ਅਤੇ 'ਨਗਾੜਾ ਬਜਾ' ਗੀਤਾਂ ਨੇ ਫ਼ਿਲਮਾਂ ਦੇ ਸੰਗੀਤ ਨੂੰ ਕਰੋੜਾਂ ਦੀ ਕਮਾਈ ਕਰਾਈ ਸੀ, ਪਰ ਫ਼ਿਲਮ ਬਣਾਉਣ ਵਾਲਿਆਂ ਨੇ ਪੰਜਾਬੀਅਤ ਦਾ ਸ਼ੁਕਰੀਆ ਕਰਨਾ ਤਾਂ ਦੂਰ, ਸਗੋਂ ਬੇੜਾ ਗ਼ਰਕ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਫ਼ਿਲਮ ਦੀ ਨਾਇਕਾ, 'ਗੀਤ' ਨਾਂ ਦੀ ਕੁੜੀ, ਬਠਿੰਡਾ ਦੇ ਇੱਕ ਸਿੱਖ ਪਰਿਵਾਰ ਦੀ ਕੁੜੀ ਵਿਖਾਈ ਗਈ ਹੈ, ਜੋ ਆਪਣੇ ਸਰਦੇ-ਪੁਜਦੇ ਘਰ ਨੂੰ ਛੱਡ ਕੇ ਮੁੰਬਈ ਵਿੱਚ ਇੱਕ ਛੋਟੀ ਜਿਹੀ ਨੌਕਰੀ ਕਰਦੀ ਹੈ, ਸਿਰਫ਼ ਇਸ ਲਈ ਤਾਂ ਕਿ ਉਹ ਆਪਣੇ ਘਰ ਦੀਆਂ ਕਥਿਤ 'ਬੰਦਿਸ਼ਾਂ' ਤੋਂ ਆਜ਼ਾਦ ਰਹਿ ਸਕੇ।
ਫ਼ਿਲਮ ਵਿੱਚ ਆਪਣੇ ਆਪ ਨੂੰ ਵਾਰ-ਵਾਰ 'ਸਿਖਣੀ ਹੂੰ ਮੈਂ ਬਠਿੰਡਾ ਕੀ' ਕਹਿੰਦੀ ਵਿਖਾਈ ਗਈ ਇਹ ਕੁੜੀ, ਮੁੰਬਈ ਵਿੱਚ ਇਸ ਲਈ ਰਹਿੰਦੀ ਹੈ ਤਾਂ ਕਿ ਉਹ ਆਪਣੇ ਪਹਾੜੀ ਇਲਾਕੇ ਦੇ ਪ੍ਰੇਮੀ ਨਾਲ, ਅਜ਼ਾਦ ਹੋ ਕੇ ਰਾਬਤਾ ਕਾਇਮ ਕਰ ਕਰ ਸਕੇ।
ਫ਼ਿਲਮ ਵਿੱਚ ਇਸ ਕੁੜੀ ਦੇ ਘਰਦਿਆਂ ਨੇ, ਮਨਜੀਤ ਨਾਂ ਦੇ ਇੱਕ ਸਿੱਖੀ ਸਰੂਪ ਵਾਲੇ ਨੌਜਵਾਨ ਨੂੰ, ਇਸ ਦੇ ਜੀਵਨ ਸਾਥੀ ਵਜੋਂ ਚੁਣਿਆ ਹੁੰਦਾ ਹੈ, ਪਰ ਇਹ ਲੜਕੀ, ਕਿਸੇ ਵੀ ਕੀਮਤ 'ਤੇ ਮਨਜੀਤ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ, ਬਲਕਿ ਮੁੰਬਈ ਤੋਂ ਨਾਲ ਆਏ ਇੱਕ ਸਾਥੀ ਲੜਕੇ ਉੱਤੇ ਘਰਦਿਆਂ ਤੋਂ ਜ਼ਿਆਦਾ ਭਰੋਸਾ ਕਰਦੇ ਹੋਏ ਉਸ ਨਾਲ ਆਪਣੇ ਪਹਾੜੀ ਇਲਾਕੇ ਦੇ ਪ੍ਰੇਮੀ 'ਅੰਸ਼ੁਮਨ' ਕੋਲ ਸ਼ਿਮਲੇ ਭੱਜ ਜਾਂਦੀ ਹੈ, ਫਿਰ ਜਦੋਂ ਉਸ ਦਾ ਪ੍ਰੇਮੀ ਅੰਸ਼ੁਮਨ, ਉਸ ਨੂੰ ਦੁਰਕਾਰ ਦੇਂਦਾ ਹੈ, ਤਾਂ ਵੀ ਇਹ ਲੜਕੀ ਆਪਣੇ ਬਚਪਨ ਦੇ ਸਾਥੀ ਮਨਜੀਤ ਨਾਲ ਵਿਆਹ ਕਰਾਉਣ ਲਈ ਰਾਜ਼ੀ ਨਹੀਂ ਹੁੰਦੀ, ਬਲਕਿ ਉਸ ਮੁੰਬਈ ਵਾਲੇ ਮੁੰਡੇ ਨਾਲ ਵਿਆਹ ਕਰ ਲੈਂਦੀ ਹੈ, ਜੋ ਸਿਰਫ਼ ਸਫ਼ਰ ਦੌਰਾਨ ਉਸ ਨਾਲ ਰਿਹਾ ਸੀ। ਇਸ ਤਰ੍ਹਾਂ, ਫ਼ਿਲਮ ਵਾਲਿਆਂ ਨੇ, ਪੰਜਾਬੀ ਗਾਣੇ ਵਰਤ ਕੇ, ਕਰੋੜਾਂ ਦੀ ਕਮਾਈ ਕੀਤੀ, ਪੰਜਾਬ ਦੇ ਕੁਝ ਦ੍ਰਿਸ਼ ਵਿਖਾ ਕੇ ਫ਼ਿਲਮ ਵਿੱਚ ਰੰਗ ਭਰੇ ਅਤੇ ਪੰਜਾਬੀ ਮੁਟਿਆਰਾਂ ਬਾਰੇ ਕੀ ਸੁਨੇਹਾ ਦਿੱਤਾ? ਇਹੀ ਕਿ, ਪੰਜਾਬੀ ਜਾਂ ਸਿੱਖ ਪਰਿਵਾਰਾਂ ਅੰਦਰ ਉਨ੍ਹਾਂ ਦਾ ਦਮ ਘੁਟਦਾ ਹੈ, ਸਿੱਖ ਲੜਕੇ ਨਾਲ ਵਿਆਹ ਕਰਾਉਣ ਦੀ ਬਜਾਏ ਉਹ ਘਰੋਂ ਭੱਜਣ ਨੂੰ ਤਰਜੀਹ ਦੇਂਦੀਆਂ ਹਨ... ਹੋਰ ਬਹੁਤ ਕੁਫ਼ਰ ਇਸ ਫ਼ਿਲਮ ਵਿੱਚ ਤੋਲਿਆ ਗਿਆ ਹੈ।
ਇੱਕ ਹੋਰ ਚੀਜ਼ ਪਾਠਕਾਂ ਨੇ ਜ਼ਰੂਰ ਨੋਟ ਕੀਤੀ ਹੋਵੇਗੀ ਕਿ ਇਨ੍ਹਾਂ ਸਾਰੇ ਕਥਿਤ ਪੰਜਾਬੀ ਜਾਂ ਸਿੱਖ ਪਿਛੋਕੜ ਵਾਲੇ ਟੀਵੀ ਲੜੀਵਾਰਾਂ ਵਿੱਚ, ਸਿੱਖੀ ਸਿਧਾਂਤਾਂ ਦਾ ਰੱਜ ਕੇ ਮਲੀਆਮੇਟ ਕੀਤਾ ਜਾਂਦਾ ਹੈ। ਸਿਰਫ਼ ਕੰਧ ਉੱਤੇ ਗੁਰੂ ਸਾਹਿਬਾਨ ਦੀ ਫ਼ੋਟੋ ਲੱਗੀ ਵਿਖਾ ਕੇ ਅਤੇ ਪਰਿਵਾਰ ਦੇ ਮੁਖੀ ਨੂੰ ਗਾਤਰੇ ਵਾਲਾ ਅੰਮ੍ਰਿਤਧਾਰੀ ਵਿਖਾ ਕੇ, ਲੜੀਵਾਰ ਵਾਲਿਆਂ ਨੂੰ ਜਿਵੇਂ ਛੋਟ ਮਿਲ ਜਾਂਦੀ ਹੈ ਕਿ ਹੁਣ ਇਸ ਪਰਿਵਾਰ ਨੂੰ ਕਰਮ-ਕਾਂਡ ਕਰਦੇ ਵਿਖਾਉਣ ਜਾਂ ਇਸ ਪਰਿਵਾਰ ਦੀਆਂ ਨੌਜਵਾਨ ਲੜਕੀਆਂ ਨੂੰ ਉਹ ਜਿਹੋ ਜਿਹਾ ਮਰਜ਼ੀ ਵਿਖਾ ਸਕਦੇ ਹਨ।

ਇਸ ਤਰ੍ਹਾਂ, ਇਹ ਸਾਰੇ ਲੜੀਵਾਰ ਅਤੇ ਫ਼ਿਲਮਾਂ ਵਾਲੇ ਸੰਵਾਦਾਂ ਵਿੱਚ ਖੁੱਲ੍ਹੇਆਮ ਸਿੱਖਾਂ ਨੂੰ ਵਾਰ-ਵਾਰ ਹਿੰਦੂ ਦੱਸੇ ਜਾਂਦੇ ਵਿਖਾਉਂਦੇ ਹਨ।  ਇੱਕ ਹੋਰ ਚੀਜ਼ ਹੈ, ਇਨ੍ਹਾਂ ਅਖੌਤੀ ਪੰਜਾਬੀ/ਸਿੱਖ ਪਿਛੋਕੜ ਵਾਲੇ ਨਾਟਕਾਂ, ਲੜੀਵਾਰਾਂ ਅਤੇ ਫ਼ਿਲਮਾਂ ਵਿੱਚ ਕਦੇ ਵੀ ਸਿੱਖ ਲੜਕੇ ਨੂੰ ਕੇਂਦਰੀ ਪਾਤਰ ਨਹੀਂ ਵਿਖਾਇਆ ਜਾਂਦਾ, ਬਲਕਿ ਸਿਰਫ਼ ਸਿੱਖ ਲੜਕੀ ਨੂੰ ਹੀ ਮੁੱਖ ਪਾਤਰ ਬਣਾਇਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਭਾਰਤੀ ਫ਼ਿਲਮਾਂ ਵਿੱਚ ਹਮੇਸ਼ਾ ਭਾਰਤੀ ਹੀਰੋ ਅਤੇ ਹੀਰੋਇਨ ਪਾਕਿਸਤਾਨ ਤੋਂ ਵਿਖਾਈ ਜਾਂਦੀ ਹੈ। ਇਹ ਸਭ ਕੁੱਝ ਇੱਕ ਨੀਤੀ ਤਹਿਤ ਹੋ ਰਿਹਾ ਹੈ।

Saturday, 15 October 2011

ਦਿਲ ਤੇਰੇ 'ਤੇ ਆ ਗਿਆ ਨੀ ਯੂ. ਪੀ. ਦੀ ਭਈਆ ਰਾਣੀ ਜੀ




ਭਈਆ ਸ਼ਬਦ ਦਾ ਸ਼ਬਦੀ ਅਰਥ ਬੇਸ਼ੱਕ ਭਰਾ ਜਾਂ ਭਾਈ ਤੋਂ ਹੈ, ਪਰ ਪੰਜਾਬੀ ਸਮਾਜ ਵਿਚ ਵਰਤਿਆ ਜਾਂਦਾ ਇਹ ਸ਼ਬਦ ਯੂ. ਪੀ., ਬਿਹਾਰ ਦੇ ਭਈਆਂ ਦੀ ਤਰਜ਼ਮਾਨੀ ਕਰਦਾ ਹੈ ਜੋ ਪਾਪੀ ਪੇਟ ਦੇ ਸਵਾਲ ਦਾ ਹੱਲ ਲੱਭਣ ਲਈ ਸਥਾਈ ਜਾਂ ਅਸਥਾਈ ਰੂਪ ਵਿਚ ਪੰਜਾਬ ਦੀ ਆਰਥਿਕਤਾ ਨਾਲ ਜੁ²ੜੇ ਹੋਏ ਹਨ। ਭਈਆਂ ਦੀ ਅੱਡਰਤਾ ਭਰਪੂਰ ਜੀਵਨਧਾਰਾ ਜਿੱਥੇ ਪੰਜਾਬੀਆਂ ਦੇ ਮਜ਼ਾਕ ਦੀ ਪਾਤਰ ਬਣਦੀ ਹੈ, ਉਥੇ ਪੰਜਾਬੀ ਸਭਿਆਚਾਰ ਨੂੰ ਨਵੀਨ ਮੁਹਾਂਦਰਾ ਵੀ ਪ੍ਰਦਾਨ ਕਰਦੀ ਹੈ। ਇਸ ਮੁਹਾਂਦਰੇ ਦੀ ਹੀ ਪੇਸ਼ਕਾਰੀ ਹਨ ਭਈਆ ਕਲਚਰ ਨੂੰ ਸਮਰਪਿਤ ਪੰਜਾਬੀ ਗੀਤਾਂ ਦੇ ਕੁਝ ਬੋਲ-
ਖੇਤਾਂ ਵਿਚ ਕੰਮ ਕਰਦੀ ਜਵਾਨ ਅਤੇ ਮੂੰਹ-ਮੱਥੇ ਲੱਗਦੀ ਭਈਆ ਰਾਣੀ ਨੂੰ ਦੇਖ ਕੇ ਇਕ ਪੰਜਾਬੀ ਜੱਟ ਦਾ ਇਮਾਨ ਇੰਜ ਡੋਲਦਾ ਹੈ-
ਮੈਂ ਪੰਜਾਬੀ ਜੱਟ, ਕੁਲਹਾੜੀ ਪੱਟ,
ਓ ਭਈਆ ਰਾਣੀ ਜੀ,
ਮੇਰੇ ਨਾਲ ਤੁਸੀਂ ਕਰ ਲਓ
ਫਿੱਟ ਕਹਾਣੀ ਜੀ।
ਕਹਿੰਦੇ ਨੇ ਇਸ਼ਕ ਅੰਨ੍ਹਾ ਹੁੰਦਾ ਹੈ। ਇਹ ਜਾਤ, ਧਰਮ, ਰੰਗ, ਨਸਲ ਅਤੇ ਪ੍ਰਦੇਸ਼ਿਕ ਬੰਧਨਾਂ ਨੂੰ ਅਣਡਿੱਠ ਕਰ ਦਿੰਦਾ ਹੈ। ਇਸ ਕਥਨ ਦੀ ਪੁਸ਼ਟੀ ਕਰਦੇ ਨੇ ਕਿਸੇ ਪੰਜਾਬੀ ਗਭਰੂ ਦੇ ਯੂ. ਪੀ. ਦੀ ਤ੍ਰੀਮਤ ਨੂੰ ਕਹੇ ਇਹ ਬੋਲ-
ਮੇਰੀ ਗੱਲ ਦਾ ਝੂਠ ਨਾ ਜਾਣੀ।
ਦਿਲ ਤੇਰੇ 'ਤੇ ਆ ਗਿਆ ਨੀ,
ਯੂ. ਪੀ. ਦੀ ਭਈਆ ਰਾਣੀ ਜੀ।
ਕਦੇ-ਕਦੇ ਭਈਆ ਰਾਣੀ ਵੀ ਪੰਜਾਬੀ ਮੁੰਡੇ ਦੀ ਚਾਹਤ ਨੂੰ ਪ੍ਰਵਾਨਗੀ ਦੇ ਦਿੰਦੀ ਹੈ ਅਤੇ ਦਿਲ ਵੱਟੇ ਦਿਲ ਵਟਾ ਲੈਂਦੀ ਹੈ। ਇਸ ਵਟਾਂਦਰੇ ਦੇ ਸਿੱਟੇ ਵਜੋਂ ਉਹ ਉਸ ਦੇ ਚੁੱਲ੍ਹੇ ਦੀ ਮਾਲਕ ਵੀ ਬਣ ਜਾਂਦੀ ਹੈ। ਮੁਸ਼ਕਲ ਨਾਲ ਚਾਰ ਪੰਜ ਸਾਲ ਹੀ ਸੁੱਖ ਦੇ ਲੰਘਦੇ ਹਨ। ਬਿਗਾਨੀ ਖੁਰਲੀ ਵਿਚ ਮੂੰਹ ਮਾਰਨ ਦੀ ਆਦਤ ਵੱਸ ਜਦੋਂ ਉਸ ਦਾ ਖਾਵੰਦ ਉਸ ਕੋਲੋਂ ਕਿਨਾਰਾ ਕਰਨ ਲੱਗ ਪੈਂਦਾ ਹੈ ਤਾਂ ਭਈਆ ਰਾਣੀ ਆਪਣੀ ਤੜਪ ਨੂੰ ਹੋਠਾਂ ਉਪਰ ਇੰਜ ਲਿਆਉਂਦੀ ਹੈ-
ਅਬ ਤੋ ਦਿਲ ਵੀ ਭਰ ਗਿਆ
ਲੱਗਦਾ ਭਈਆ ਰਾਣੀ ਸੇ।

ਗੱਲ ਇਥੇ ਹੀ ਨਹੀਂ ਖੜ੍ਹਦੀ, ਜਦੋਂ ਭਈਆ ਰਾਣੀ ਦੀ ਕੋਈ ਵਾਹ-ਪੇਸ਼ ਨਹੀਂ ਚੱਲਦੀ ਤਾਂ ਉਹ ਆਪਣੇ ਪੁਰਾਣੇ ਮਿੱਤਰ ਨੂੰ ਅਸਤੀਫਾ ਦੇ ਜਾਂਦੀ ਹੈ। ਉਸ ਦੇ ਅਸਤੀਫੇ ਦੀ ਖੁਸ਼ੀ ਸਭ ਤੋਂ ਵੱਧ ਉਸ ਗਭਰੂ ਦੀ ਈਰਖਾਲੂ ਭਰਜਾਈ ਨੂੰ ਹੁੰਦੀ ਹੈ ਅਤੇ ਉਹ ਆਪਣੀ ਖੁਸ਼ੀ ਦਾ ਇਜ਼ਹਾਰ ਇੰਜ ਕਰਦੀ ਹੈ
ਤੇਰੀ ਭਈਆ ਰਾਣੀ ਹੋਰ ਕੋਈ ਲੈ ਗਿਆ
ਵੇ ਮੈਨੂੰ ਅੱਜ ਬਹੁਤ ਖੁਸ਼ੀਆਂ।
ਉਂਜ ਬਹੁਤ ਸਾਰੇ ਭਈਆ ਪੰਜਾਬ ਵਿਚ ਟੁੱਕ ਦਾ ਮਸਲਾ ਹੱਲ ਕਰਨ ਲਈ ਆਉਂਦੇ ਹਨ। ਪਰ ਕਈ ਵਾਰ ਉਹ ਇਥੋਂ ਦੇ ਹੀ ਹੋ ਕੇ ਰਹਿ ਜਾਂਦੇ ਹਨ। ਉਨ੍ਹਾਂ ਦੀ ਸਥਾਈ ਠਹਿਰ ਕਈ ਵਾਰ ਪੰਜਾਬੀਆਂ ਨੂੰ ਰੜਕਣ ਵੀ ਲੱਗ ਪੈਂਦੀ ਹੈ। ਇਹ ਰੜਕ ਕਈ-ਕਈ ਵਾਰ ਮਾਰ-ਕੁਟਾਈ ਤੱਕ ਵੀ ਪਹੁੰਚ ਜਾਂਦੀ ਹੈ। ਇਸ ਦੀ ਪੈਰਵੀ ਕਰਦੇ ਨੇ ਇਹ ਬੋਲ-
ਕਿੰਨੇ ਸਾਡਾ ਭਈਆ ਕੁੱਟਿਆ,
ਕਿੰਨੇ ਇਹ 'ਤੇ ਹੱਥ ਚੁੱਕਿਆ
ਪੰਜਾਬ ਵਿਚ ਲੰਮੀ ਲਹਿਰ ਹੋਣ ਕਰਕੇ ਬਹੁਤ ਸਾਰੇ ਭਈਆ ਖਿਚੜੀ (ਹਿੰਦੀ ਨੁਮਾ ਪੰਜਾਬੀ) ਭਾਸ਼ਾ ਬੋਲਣ ਲੱਗ ਪਏ ਹਨ। ਪਰ ਉਨ੍ਹਾਂ ਦੁਆਰਾ ਬੋਲੀ ਜਾਂਦੀ ਬੋਲੀ ਆਪਣੇ ਪੂਰਨ ਅਤੇ ਸ਼ੁੱਧ ਅਰਥ ਸੰਚਾਰ ਕਰਨ ਦੀ ਬਜਾਏ ਕਿਸੇ ਭੰਬਲਭੂਸੇ ਦਾ ਬਾਈਸ ਵੀ ਬਣ ਜਾਂਦੀ ਹੈ। ਜਿਵੇਂ ਇਕ ਖੇਤ ਮਜ਼ਦੂਰ ਭਈਆ ਖੇਤੀ ਕੰਮ ਕਰਦੇ ਆਪਣੇ ਸਾਥੀਆਂ ਦਾ ਖਾਣਾ ਲੈ ਜਾਣ ਸਮੇਂ ਇਕ ਬੀਬੀ ਨੂੰ ਗਿਣਤੀ ਇੰਜ ਬਿਆਨਦਾ ਹੈ
ਬਾਰਾਂ ਬੰਦਾ ਖੇਤ ਬੀਬੀ ਜੀ 'ਤੇਰਾ' ਬੰਦਾ ਮੈਂ।
ਪੰਜਾਬੀ ਸਮਾਜ ਵਿਚ ਜੇਠ-ਭਰਜਾਈ ਦਾ ਰਿਸ਼ਤਾ ਬਹੁਤਾ ਸੁਖਦਾਈ ਸਾਬਿਤ ਨਾ ਹੋ ਕੇ ਕੜੱਤਣ ਭਰਪੂਰ ਹੀ ਰਿਹਾ ਹੈ। ਬਹੁਤ ਸਾਰੀਆਂ ਚੁਸਤ ਭਰਜਾਈਆਂ ਲਾਰਾ-ਲੱਪਾ ਪਾਲਿਸੀ ਤਹਿਤ ਜੇਠਾਂ (ਖਾਸ ਕਰਕੇ ਛੜਿਆਂ) ਤੋਂ ਆਪਣਾ ਕੰਮ ਤਾਂ ਅਕਸਰ ਕਰਵਾਉਂਦੀਆਂ ਰਹਿੰਦੀਆਂ ਹਨ ਪਰ ਬਦਲੇ ਵਿਚ ਉਨ੍ਹਾਂ ਦੇ 'ਹੱਥ-ਪੱਲੇ' ਕੁਝ ਵੀ ਨਹੀਂ ਪਾਉਂਦੀਆਂ। ਇਕ ਭਰਜਾਈ ਦੇ ਅਜਿਹੇ ਵਿਵਹਾਰ ਤੋਂ ਤੰਗ ਆਇਆ ਇਕ ਛੜਾ ਜੇਠ ਉਸ ਨੂੰ ਇੰਜ ਸੰਬੋਧਿਤ ਹੁੰਦਾ ਹੈ-
ਤੇਰਾ ਜੇਠ ਤੇਰੇ ਸਿਰ ਚੜ੍ਹ ਕੇ
ਯੂ. ਪੀ. 'ਚੋਂ ਜਨਾਨੀ ਲੈ ਆਊਗਾ।
ਅੱਗੋਂ ਭਰਜਾਈ ਵੀ ਕਿਹੜੀ ਘੱਟ ਹੁੰਦੀ ਹੈ। ਉਹ ਆਪਣੇ ਜੇਠ ਦੀ ਅਨਪੜ੍ਹਤਾ ਦਾ ਮਜ਼ਾਕ ਇਹ ਕਹਿ ਕੇ ਉਡਾਉਂਦੀ ਹੈ-
ਤੂ ਊੜਾ ਐੜਾ ਜਾਣਦਾ ਨਹੀਂ
ਹਿੰਦੀ ਵਿਚ ਕਿਵੇਂ ਬੁਲਾਵੇਂਗਾ।
ਉਪਰੋਕਤ ਚਰਚਾ ਤੋਂ ਇਸ ਸਿੱਟੇ 'ਤੇ ਪਹੁੰਚਿਆ ਜਾ ਸਕਦਾ ਹੈ ਕਿ ਹਿੰਦੋਸਤਾਨ ਦੇ ਵੱਖ-ਵੱਖ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਭਈਏ ਨਾ ਸਿਰਫ ਪੰਜਾਬ ਦੀ ਆਰਥਿਕਤਾ ਨੂੰ ਹੀ ਠੁੰਮਣਾ ਦੇ ਰਹੇ ਹਨ, ਸਗੋਂ ਪੰਜਾਬੀ ਰਹਿਤਲ 'ਤੇ ਵੀ ਆਪਣਾ ਵਿਸ਼ੇਸ਼ ਪ੍ਰਭਾਵ ਛੱਡ ਰਹੇ ਹਨ

ਸ਼੍ਰੋਮਣੀ ਅਕਾਲੀ ਦਲ ਪੰਜਾਬ ਹਿੱਤ 'ਚ ਨੈਟਵਰਕ ਕਿਵੇਂ ਸਿਰਜੇ\ਪ੍ਰੋ. ਬਲਵਿੰਦਰਪਾਲ ਸਿੰਘ


ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਾਤਮੇ ਤੋਂ ਬਾਅਦ ਸਿੱਖ ਕੌਮ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਵਿਦਵਾਨ ਅਤੇ ਧਨਾਢ ਸਿੱਖਾਂ ਨੇ ਖਾਲਸਾ ਦੀਵਾਨ ਸੁਸਾਇਟੀ ਅਤੇ ਆਪਣੇ ਤੌਰ 'ਤੇ ਸੰਗਠਿਤ ਕਰਕੇ ਸਿੱਖ ਕੌਮ ਨੂੰ ਸੇਧ ਦੇਣ ਦਾ ਯਤਨ ਕੀਤਾ ਪਰ ਸਿੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਮਰਿਯਾਦਾ ਦੇ ਮਸਲੇ 'ਤੇ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿਚ ਹੀ ਪ੍ਰਗਟ ਹੋਈ। 14 ਦਸੰਬਰ, 1920 ਤੋਂ ਬਾਅਦ ਲਗਾਤਾਰ ਸਿੱਖ ਸਮੱਸਿਆਵਾਂ ਦੀ ਤਰਜਮਾਨੀ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਕਰਦਾ ਰਿਹਾ ਹੈ। ਕੁਲ ਮਿਲਾ ਕੇ ਇਸ ਦਾ 85 ਸਾਲਾ ਰਸਤਾ ਬਿਖੜਿਆ ਮਾਰਗ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੇਂ-ਸਮੇਂ ਨਾਲ ਕਈ ਨੀਤੀਆਂ ਬਦਲ ਕੇ ਰਾਜਸੀ ਤਾਕਤ ਹਾਸਲ ਕਰਨ ਦਾ ਯਤਨ ਹੁੰਦਾ ਰਿਹਾ ਹੈ। ਇਕ ਸਮੇਂ ਕਾਂਗਰਸ ਪਾਰਟੀ ਨਾਲ ਮਿਲ ਕੇ ਵੀ ਚੋਣਾਂ ਲੜੀਆਂ ਗਈਆਂ ਪਰ ਇਹ ਗਠਜੋੜ ਜ਼ਿਆਦਾ ਦੇਰ ਨਹੀਂ ਚਲ ਸਕਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਹਰੋਂ ਆਏ ਸ਼ਰਨਾਰਥੀਆਂ ਦਾ ਵਸੇਬਾ ਪੰਜਾਬੀ ਸੂਬੇ ਦੀ ਸਥਾਪਨਾ ਅਤੇ ਪੰਜਾਬੀ ਬੋਲੀ ਨੂੰ ਸਹੀ ਥਾਂ ਦੇਣ ਲਈ ਸੰਘਰਸ਼ ਹੁੰਦਾ ਰਿਹਾ। ਪੰਜਾਬੀ ਸੂਬੇ ਦਾ ਮੋਰਚਾ ਇਸੇ ਅਕਾਲੀ ਸੰਘਰਸ਼ ਦੀ ਦੇਣ ਸੀ। 1966 ਵਿਚ ਪੰਜਾਬ ਦੀ ਵੰਡ ਤੋਂ ਬਾਅਦ ਦਰਿਆਈ ਪਾਣੀਆਂ ਦੀ ਵੰਡ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਰਾਜਧਾਨੀ, ਫਾਜ਼ਿਲਕਾ ਅਤੇ ਅਬੋਹਰ ਦਾ ਮਸਲਾ ਸਿਆਸੀ ਤੌਰ 'ਤੇ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ 'ਤੇ ਹਮੇਸ਼ਾ ਭਾਰੂ ਰਿਹਾ ਹੈ। ਫਿਰਕੂ ਸਿਆਸਤਦਾਨਾਂ ਨੇ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਮੰਗਾਂ ਜਿਵੇਂ ਪੰਜਾਬੀ ਬੋਲੀ ਅਤੇ ਰਾਜ ਨੂੰ ਵੱਧ ਅਧਿਕਾਰ ਦੇਣ ਨੂੰ ਵੱਖਵਾਦ ਦਾ ਨਾਂ ਦੇ ਕੇ ਸਿੱਖਾਂ ਅਤੇ ਪੰਜਾਬੀਆਂ ਨੂੰ ਦਬਾਉਣ ਦੇ ਯਤਨ ਕੀਤੇ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਰਾਖੇ ਦੇ ਤੌਰ 'ਤੇ ਲੋਕਾਂ ਵਿਚ ਜਾਣਿਆ ਜਾਣ ਲੱਗਾ, ਕਿਉਂਕਿ ਕੇਂਦਰ ਵਿਚ ਬਹੁਤਾ ਸਮਾਂ ਕਾਂਗਰਸ ਦੀ ਸਰਕਾਰ ਹੀ ਰਹੀ ਜੋ ਕਿ ਪੰਜਾਬ ਤੇ ਸਿੱਖ ਹੱਕਾਂ ਦਾ ਘਾਣ ਕਰਦੀ ਰਹੀ ਹੈ ਅਤੇ ਸਿੱਖ ਤੇ ਪੰਜਾਬ ਮਸਲਿਆਂ ਨੂੰ ਦੇਸ਼ ਤੋੜਨ ਵਾਲੀਆਂ ਗੱਲਾਂ ਵਜੋਂ ਪ੍ਰਚਾਰਦੀ ਰਹੀ ਹੈ। ਅਕਾਲੀ ਦਲ ਦੀ ਤਾਕਤ ਦਾ ਮੁੱਖ ਸੋਮਾ ਸਿੱਖ ਪੰਥ ਅਤੇ ਗੁਰਦੁਆਰੇ ਰਹੇ ਹਨ। ਸਿੱਖ ਗੁਰਦੁਆਰਿਆਂ ਤੋਂ ਅਕਾਲੀਆਂ ਦਾ ਕਬਜ਼ਾ ਹਟਾਉਣ ਅਤੇ ਸਿੱਖ ਪੰਥ ਨੂੰ ਵੰਡਣਾ ਅਕਾਲੀ ਦਲ ਕਮਜ਼ੋਰ ਕਰਨ ਦੇ ਦੋ ਨੁਕਾਤੀ ਪ੍ਰੋਗਰਾਮ ਕਾਂਗਰਸੀਆਂ ਵੱਲੋਂ ਰਹੇ ਹਨ।
1978 ਤੋਂ ਲੈ ਕੇ 1993 ਤੱਕ ਇਕ ਵੱਖਰੀ ਸੋਚ ਪੰਜਾਬ ਵਿਚ ਭਾਰੂ ਰਹੀ ਜੋ ਮੁੱਖ ਤੌਰ 'ਤੇ ਨਿਰੰਕਾਰੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਨ ਅਤੇ ਮਾਣ ਸਤਿਕਾਰ ਨਾ ਕਰਨ ਤੋਂ ਝਗੜੇ ਦੇ ਰੂਪ ਵਿਚ ਆਰੰਭ ਹੋ ਕੇ ਭਾਰੀ ਹਿੰਸਾ ਵਿਚ ਬਦਲ ਗਈ। ਇਸ ਹਿੰਸਾ ਕਾਰਨ ਪੰਜਾਬ ਦੀ ਜਾਨੀ ਤੇ ਮਾਲੀ ਤਬਾਹੀ ਹੋਈ। ਹਿੰਦੂ ਤੇ ਸਿੱਖ ਫਿਰਕਿਆਂ ਵਿਚ ਤਨਾਅ ਪੈਦਾ ਹੋ ਗਿਆ, ਜਿਸ ਨੇ ਪੰਜਾਬ ਦਾ ਅਮਨ-ਚੈਨ ਖੋਹ ਲਿਆ। ਇਹ ਖੂਨੀ ਸਿਆਸਤ ਪੰਜਾਬ ਵਿਰੋਧੀਆਂ ਨੂੰ ਖੂਬ ਰਾਸ ਆਈ ਸੀ, ਜਿਸ ਨੂੰ ਬਹੁਤੀਆਂ ਸਿੱਖ ਜਥੇਬੰਦੀਆਂ ਅਤੇ ਅਕਾਲੀ ਦਲ ਵੀ ਨਾ ਸਮਝ ਸਕਿਆ। 1992-93 ਵਿਚ ਖਾੜਕੂਵਾਦ ਦਾ ਦੌਰ ਖਤਮ ਹੋਇਆ।  1992 ਵਿਚ ਥੋੜ੍ਹੀਆਂ ਵੋਟਾਂ ਨਾਲ ਬਣੀ ਕਾਂਗਰਸ ਸਰਕਾਰ ਨੂੰ ਸ਼ੁਰੂ ਵਿਚ ਖੁਦ ਨੂੰ ਇਹ ਯਕੀਨ ਨਹੀਂ ਸੀ ਕਿ ਉਹ 5 ਸਾਲ ਦਾ ਸਮਾਂ ਪੂਰਾ ਕਰਨਗੇ ਵੀ ਕਿ ਨਹੀਂ? ਪਰ ਖਾੜਕੂਵਾਦ ਦੇ ਖਾਤਮੇ ਨਾਲ ਇਕ ਨਵੀਂ ਕਿਸਮ ਦੇ ਰਾਜਸੀ ਮਾਹੌਲ ਦੀ ਸਿਰਜਨਾ ਹੋਈ। ਕਾਂਗਰਸ ਸਰਕਾਰ ਦੇ ਬਹੁਤੇ ਵਿਧਾਨਕਾਰ ਨਵੇਂ ਜਾਂ ਹੌਲੇ ਪਾਏ ਦੇ ਸਨ। ਸ਼੍ਰੋਮਣੀ ਅਕਾਲੀ ਦਲ ਵਿਚ ਵੀ ਮੁੱਖ ਵਿਰੋਧੀ ਧਿਰ ਵਿਚ 1980 ਤੋਂ 1997 ਤੱਕ ਬਹੁਤ ਸਾਰੇ ਪੁਰਾਣੇ ਵਿਧਾਨਕਾਰ ਮੌਜੂਦ ਨਾ ਰਹੇ ਅਤੇ ਉਨ੍ਹਾਂ ਦੀ ਥਾਂ ਨਵੇਂ ਲੋਕਾਂ ਨੇ ਲੀਡਰਸ਼ਿਪ ਸੰਭਾਲੀ।
ਜੋ ਕੌਮਾਂ ਹਾਰ ਜਾਂਦੀਆਂ ਹਨ, ਉਨ੍ਹਾਂ ਵਿਚ ਨਿਰਾਸ਼ਾ ਆ ਜਾਣੀ ਆਮ ਵਰਗੀ ਗੱਲ ਹੈ ਅਤੇ ਉਹ ਲੋਕ ਫਿਰ ਧਰਮ ਤੋਂ ਦੂਰ ਹੋ ਕੇ ਧਾਰਮਿਕ ਚਿੰਨ੍ਹ ਤਿਆਗ ਦਿੰਦੇ ਹਨ। ਇਹ ਹੀ ਅੱਜ ਪੰਜਾਬ ਵਿਚ ਸਿੱਖਾਂ ਨਾਲ ਵਾਪਰ ਰਿਹਾ ਹੈ, ਕਿਉਂਕਿ ਖਾੜਕੂਵਾਦ ਵਿਚ ਅਸਪੱਸ਼ਟ ਨੀਤੀ ਅਤੇ ਆਪਣਾ ਰਾਜਨੀਤਕ ਢਾਂਚਾ ਨਾ ਉਸਾਰਨ ਕਰਕੇ ਸਿੱਖ ਨੌਜਵਾਨਾਂ ਦਾ ਘਾਣ ਵੀ ਹੋਇਆ ਅਤੇ ਇਹ ਵੀ ਸਪੱਸ਼ਟ ਨਾ ਹੋਇਆ ਕਿ ਹਿੰਦੂਆਂ ਤੇ ਬੇਗੁਨਾਹਾਂ ਦੇ ਕਤਲ ਕੌਣ ਕਰ ਰਿਹਾ ਹੈ। ਸਿੱਖ ਨੌਜਵਾਨਾਂ ਨੂੰ ਇਸ ਲਹਿਰ ਤੋਂ ਰਾਜਨੀਤਕ ਸੇਧ ਨਾ ਮਿਲ ਸਕੀ ਤੇ ਉਹ ਖਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਪੰਥ ਅਤੇ ਪੰਜਾਬ ਦੀ ਅਗਵਾਈ ਕਰਨ ਤੋਂ ਅਸਮਰੱਥ ਰਹੇ। ਨਤੀਜਾ ਇਹ ਹੋਇਆ ਕਿ ਅਕਾਲੀ ਦਲ ਦੇ ਰਵਾਇਤੀ ਆਗੂਆਂ ਕੋਲ ਪੰਥ ਅਤੇ ਪੰਜਾਬ ਦੀ ਵਾਗਡੋਰ ਫੇਰ ਆ ਗਈ।
ਰਵਾਇਤੀ ਅਕਾਲੀ ਲੀਡਰਸ਼ਿਪ ਦਾ ਵਿਰੋਧ ਕਰਨ ਵਾਲੀ ਸਿੱਖ ਸਟੂਡੈਂਟਸ ਫੈਡਰੇਸ਼ਨ ਆਪਣੇ ਨਿਘਾਰ ਅਤੇ ਅਸਪੱਸ਼ਟ ਨੀਤੀ ਕਾਰਨ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਈ ਅਤੇ ਪੰਜਾਬ ਨੂੰ ਸੇਧ ਦੇਣ ਦੀ ਥਾਂ ਲੋਭ-ਲਾਲਚ ਦੀ ਅਜੋਕੀ ਰਾਜਨੀਤੀ ਵਿਚ ਗਰਕ ਹੋ ਗਈ। ਅੱਜ ਹਾਲਤ ਇਹ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਅਨੇਕਾਂ ਧੜੇ ਹਨ ਅਤੇ ਹਰੇਕ ਧੜਾ ਇਕ ਟਾਂਗੇ ਵਿਚ ਪੂਰਾ ਆ ਜਾਂਦਾ ਹੈ। ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਅਤੇ ਸਿੱਖਾਂ ਨਾਲ ਜੋ ਬੀਤਿਆ ਹੈ, ਜੋ ਦੁਖਾਂਤ ਹੰਢਾਇਆ ਹੈ, ਉਸ ਦਾ ਅੱਜ ਤੱਕ ਕੋਈ ਪੰਥਕ ਧਿਰ ਅਧਿਐਨ ਨਹੀਂ ਕਰ ਸਕੀ ਕਿ ਸਿੱਖਾਂ ਦਾ ਘਾਣ ਕਿਉਂ ਹੋਇਆ, ਹਾਰ ਕਿਉਂ ਨਸੀਬ ਹੋਈ, ਦਰਬਾਰ ਸਾਹਿਬ 'ਤੇ ਹਮਲਾ ਕਿਉਂ ਹੋਇਆ, ਕੌਣ ਜ਼ਿੰਮੇਵਾਰ ਸਨ ਇਸ ਹਮਲੇ ਲਈ, ਕਿੰਨੇ ਲੋਕ ਮਾਰੇ ਗਏ ਅਤੇ ਕਿੰਨਾ ਨੁਕਸਾਨ ਹੋਇਆ, ਖਾੜਕੂਵਾਦ ਦੌਰਾਨ ਕਿੰਨੇ ਸਿੱਖ ਨੌਜਵਾਨ ਲਾਵਾਰਿਸ ਲਾਸ਼ਾਂ ਬਣੇ ਅਤੇ ਕਿੰਨੇ ਸੰਤਾਪ ਭੋਗ ਰਹੇ ਪਰਿਵਾਰਾਂ ਦੀ ਪੰਥ ਨੇ ਸਾਰ ਲਈ। ਇਸੇ ਨਿਰਾਸ਼ਾ ਭਰਪੂਰ ਵਾਤਾਵਰਨ ਕਾਰਨ ਪ੍ਰੇਸ਼ਾਨ ਹੋ ਕੇ ਸਿੱਖ ਨੌਜਵਾਨ ਸਿੱਖੀ ਤੋਂ ਦੂਰ ਹੋ ਗਏ। ਅੱਜ ਸਿੱਖ ਪਰਿਵਾਰਾਂ ਦੀਆਂ ਲੜਕੀਆਂ, ਕੇਸਾਧਾਰੀ ਲੜਕਿਆਂ ਨਾਲ ਸ਼ਾਦੀ ਕਰਨ ਤੋਂ ਗੁਰੇਜ਼ ਕਰਦੀਆਂ ਹਨ ਅਤੇ ਗਲੋਬਲਾਈਜ਼ੇਸ਼ਨ ਕਲਚਰ, ਨੰਗੇਜ਼ਵਾਦ, ਟੋਪੀਆਂ ਵਾਲੀ ਸਰਦਾਰੀ, ਕੁੰਡਲਾਂ ਵਾਲੀ ਮੁੰਡੀਰ, ਪੰਜਾਬ ਅਤੇ ਸਿੱਖੀ ਉੱਤੇ ਭਾਰੂ ਪੈਂਦੀ ਜਾ ਰਹੀ ਹੈ।
1997 ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਲੋਕਾਂ ਨੇ ਭਾਰੀ ਬਹੁਮਤ ਨਾਲ ਜਿਤਾਇਆ, 1998 ਦੀ ਲੋਕ ਸਭਾ ਵਿਚ ਵੀ ਅਕਾਲੀ ਦਲ ਅਤੇ ਉਸ ਦੀ ਸਹਿਯੋਗੀ ਭਾਜਪਾ 13 ਦੀਆਂ 13 ਸੀਟਾਂ 'ਤੇ ਹੀ ਕਾਬਜ਼ ਹੋਈ ਪਰ ਇਹ ਲੋਕ-ਹਮਾਇਤ ਬਹੁਤਾ ਸਮਾਂ ਕਾਇਮ ਨਾ ਰਹਿ ਸਕੀ ਅਤੇ 1999 ਦੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ, ਭਾਜਪਾ 13 ਵਿਚੋਂ 10 ਸੀਟਾਂ 'ਤੇ ਹਾਰ ਗਏ। ਉਸ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਪਿੰਡ-ਪਿੰਡ ਪਹੁੰਚ ਕਰਕੇ ਸੰਗਤ ਦਰਸ਼ਨ ਰਾਹੀਂ ਗਰਾਂਟਾਂ ਵੰਡੀਆਂ ਗਈਆਂ ਪਰ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਜ਼ਿਆਦਾ ਸਹਾਈ ਨਾ ਹੋ ਸਕੀਆਂ ਅਤੇ ਸਰਕਾਰ ਬਣਾਉਣ ਦੇ ਯੋਗ ਨਾ ਹੋਈਆਂ। ਮੌਜੂਦਾ ਕੈਪਟਨ ਸਰਕਾਰ ਤੋਂ ਲੋਕ ਹੇਠ ਲਿਖੇ ਕਾਰਨਾਂ ਕਰਕੇ ਪਿੱਛੇ ਹਟ ਰਹੇ ਹਨ-
* ਸਰਕਾਰ ਦਾ ਚੋਣਾਂ ਸਮੇਂ ਕੀਤੇ ਵਾਅਦੇ ਤੋਂ ਮੁਕਰਨਾ, ਜਿਵੇਂ ਬਿਜਲੀ-ਪਾਣੀ ਦੀ ਸਹੂਲਤ, ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ਬੰਦ ਕਰਨਾ ਆਦਿ। ਪਬਲਿਕ 'ਤੇ ਟੈਕਸ ਦਾ ਬੋਝ ਜਿਵੇਂ ਬਿਜਲੀ, ਪਾਣੀ ਅਤੇ ਹਾਊਸ ਟੈਕਸ ਵਿਚ ਵਾਧਾ।
* ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਨਾ ਮਿਲਣਾ। ਉਨਤੀ ਦੇ ਕੰਮ ਨਾ ਹੋਣਾ। ਰੋਜ਼ਾਨਾ ਕੰਮ ਆਉਣ ਵਾਲੀਆਂ ਚੀਜ਼ਾਂ ਵਿਚ ਮਹਿੰਗਾਈ।
* ਬੇਇਨਸਾਫੀ-ਕੇਵਲ ਸਿਫਾਰਸ਼ ਨਾਲ ਜਾਂ ਰਿਸ਼ਵਤ ਲੈ ਕੇ ਹੀ ਲੋਕਾਂ ਦੇ ਕੰਮ ਹੋਣੇ। ਪ੍ਰਸ਼ਾਸਨ ਵਿਚ ਸਿਆਸੀ ਲੀਡਰਾਂ ਵੱਲੋਂ ਦਖਲਅੰਦਾਜ਼ੀ ਕਰਨਾ। ਭ੍ਰਿਸ਼ਟਾਚਾਰ ਵਿਚ ਵਾਧਾ-ਅਮਨ ਕਾਨੂੰਨ ਦੀ ਨਿੱਘਰਦੀ ਹਾਲਤ
ਮਈ 2004 ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪਿਛਲੀਆਂ ਲੋਕ ਸਭਾ ਚੋਣਾਂ ਵਿਚ 11 ਸੀਟਾਂ ਜਿੱਤ ਕੇ ਇਕ ਵੱਡੀ ਪਾਰਟੀ ਦੇ ਤੌਰ 'ਤੇ ਸਾਹਮਣੇ ਆਈ ਹੈ ਪਰ ਬਾਅਦ ਵਿਚ ਹੋਈਆਂ ਤਿੰਨ ਵਿਧਾਨ ਸਭਾ ਜ਼ਿਮਨੀ ਚੋਣਾਂ ਕਪੂਰਥਲਾ, ਗੜ੍ਹਸ਼ੰਕਰ ਅਤੇ ਅਜਨਾਲਾ ਵਿਚ ਵੱਡੇ ਫਰਕ ਨਾਲ ਇਹ ਗਠਜੋੜ ਕਾਂਗਰਸ ਪਾਸੋਂ ਹਾਰ ਗਿਆ। ਜਿਸ ਤੋਂ ਦੁਬਿਧਾ ਦੀ ਸਥਿਤੀ ਪੈਦਾ ਹੋ ਗਈ ਕਿ ਕੀ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਹਲਕਿਆਂ ਵਿਚ ਕਮਜ਼ੋਰ ਹੋਇਆ ਹੈ ਜਾਂ ਕਾਂਗਰਸ ਮਜ਼ਬੂਤ ਹੋਈ ਹੈ? ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਸਥਿਤੀ ਕਿਸ ਤਰ੍ਹਾਂ ਦੀ ਹੋਵੇਗੀ?
ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਦਾ ਮੁੱਖ ਸਰੋਤ ਆਮ ਸਿੱਖ ਸੰਗਤ ਰਹੀ ਹੈ। ਸਿੱਖ ਆਪਣੇ ਧਰਮ ਅਤੇ ਧਰਮੀ ਆਗੂਆਂ ਨੂੰ ਹਮੇਸ਼ਾ ਸਤਿਕਾਰ ਦਿੰਦੇ ਰਹੇ ਹਨ। ਅੱਜ ਵੀ ਇਹ ਸਥਿਤੀ ਆਮ ਤੌਰ 'ਤੇ ਤਾਂ ਸਿੱਖਾਂ ਦੀ ਪਹਿਚਾਣ ਇਕ ਬਹਾਦਰ, ਨਿਆਂਪਸੰਦ, ਆਪਾ ਵਾਰਨ ਵਾਲੇ ਅਤੇ ਸੇਵਾ ਕਰਨ ਵਾਲੇ ਦੇ ਰੂਪ ਵਿਚ ਹੁੰਦੀ ਹੈ। ਪੁਰਾਣੇ ਸਿੱਖ ਲੀਡਰਾਂ ਨੇ ਭਾਵੇਂ ਬਹੁਤੀ ਜਾਇਦਾਦ ਨਹੀਂ ਬਣਾਈ ਪਰ ਆਪਣੀ ਦ੍ਰਿੜ੍ਹਤਾ, ਇਮਾਨਦਾਰੀ ਅਤੇ ਸੇਵਾ ਨਾਲ ਸਿੱਖ ਕੌਮ ਦਾ ਵਿਸ਼ਵਾਸ ਜਿੱਤਿਆ ਸੀ। ਉਹ ਲੀਡਰ, ਕੌਮ ਅਤੇ ਸਮਾਜ ਦੀ ਸੇਵਾ ਨੂੰ ਆਪਣਾ ਨਿਸ਼ਾਨਾ ਬਣਾ ਕੇ ਰੱਖਦੇ ਸਨ ਅਤੇ ਰਾਜਸੀ ਤਾਕਤ ਉਨ੍ਹਾਂ ਲਈ ਦੂਜੇ ਨੰਬਰ 'ਤੇ ਹੁੰਦੀ ਸੀ ਪਰ ਅੱਜ ਰਾਜਸੀ ਤਾਕਤ ਪਹਿਲੇ ਨੰਬਰ 'ਤੇ ਹੈ ਅਤੇ ਸਿਧਾਂਤ ਨੰਬਰ ਦੋ 'ਤੇ ਹਨ। ਇਸ ਕਰਕੇ ਪੰਜਾਬ ਦੇ ਲੋਕਾਂ ਵਿਚ ਨਿਰਾਸ਼ਾ ਆਉਣੀ ਸੁਭਾਵਕ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਦੋ-ਧਾਰੀ ਨੀਤੀਆਂ ਗੁਰਦੁਆਰਿਆਂ ਵਿਚ ਦਖਲ ਅਤੇ ਪੰਥ ਵਿਚ ਫੁੱਟ ਵਿਰੋਧੀਆਂ ਦਾ ਹਥਿਆਰ ਰਿਹਾ ਹੈ। ਅੱਜ ਵੀ ਅਨੇਕਾਂ ਅਕਾਲੀ ਦਲ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ-1920, ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ), ਇੰਟਰਨੈਸ਼ਨਲ ਅਕਾਲੀ ਦਲ (ਅਤਿੰਦਰਪਾਲ ਸਿੰਘ), ਸ਼੍ਰੋਮਣੀ ਖਾਲਸਾ ਦਲ (ਦਲਜੀਤ ਸਿੰਘ ਬਿੱਟੂ ਗਰੁੱਪ) ਜੋ ਇਸੇ ਸਮੇਂ ਸਰਗਰਮ ਹਨ। ਰਾਜਸੀ ਪਾਰਟੀ ਲੋਕਾਂ ਦੀ ਸੇਵਾ ਕਰਕੇ ਉਨ੍ਹਾਂ ਦੀਆਂ ਮੰਗਾਂ ਲਈ ਸੰਘਰਸ਼ ਰਾਹੀਂ ਤਾਕਤ ਹਾਸਲ ਕਰਦੀਆਂ ਹਨ। ਪਰ ਬਹੁਤੇ ਅਕਾਲੀ ਦਲ ਨਾ ਲੋਕ ਹਿੱਤ ਦੀ ਗੱਲ ਕਰਦੇ ਹਨ, ਨਾ ਗਲਤ ਸਰਕਾਰੀ ਨੀਤੀਆਂ ਦਾ ਵਿਰੋਧ ਕਰਦੇ ਹਨ ਅਤੇ ਨਾ ਹੀ ਲੋਕਾਂ ਕੋਲ ਜਾਂਦੇ ਹਨ। ਕੇਵਲ ਇਕ ਨੁਕਾਤੀ ਪ੍ਰੋਗਰਾਮ ਮੁੱਖ ਅਕਾਲੀ ਦਲ ਦਾ ਵਿਰੋਧ ਕਰਕੇ ਹੀ ਸਿਆਸਤ ਵਿਚ ਟਿਕੇ ਹੋਏ ਹਨ। ਲੋਕਾਂ ਦੀ ਗੱਲ ਨਾ ਕਰਨ ਕਰਕੇ ਇਨ੍ਹਾਂ ਨੂੰ ਲੋਕਾਂ ਦਾ ਭਰੋਸਾ ਜਾਂ ਹਮਾਇਤ ਮਿਲਣੀ ਬਹੁਤ ਮੁਸ਼ਕਲ ਹੈ ਪਰ ਇਹ ਸਾਰੇ ਅਕਾਲੀ ਲੀਡਰ ਨਾਅਰੇਬਾਜ਼ੀ ਵਾਲੀ ਸਿਆਸਤ ਕਰਕੇ ਕਾਂਗਰਸ ਨੂੰ ਜ਼ਰੂਰ ਮਜ਼ਬੂਤ ਕਰ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਜ਼ਰੂਰ ਪਹੁੰਚਾ ਰਹੇ ਹਨ। ਹਾਲਾਂ ਕਿ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਤੇ ਸਿੱਖਾਂ ਦੇ ਕੌਮਾਂਤਰੀ ਮੁੱਦੇ ਉਠਾ ਕੇ ਆਪਣੀ ਵੱਖਰੀ ਪਛਾਣ ਬਣਾਈ ਬੈਠਾ ਹੈ। ਪਰ ਪੰਜਾਬ ਦੀ ਲੋੜ ਬਾਦਲ ਤੇ ਮਾਨ ਦੀ ਆਪਸੀ ਸਾਂਝ ਹੈ ਜੋ ਕਿ ਆਪਸ ਵਿਚ ਵਿਰੋਧ ਰੱਖਣ ਦੇ ਬਾਵਜੂਦ ਪੰਜਾਬ ਹਿੱਤਾਂ ਲਈ ਸਾਂਝੇ ਤੌਰ 'ਤੇ ਚੱਲਣ।
ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਦਾ ਸਰੋਤ ਸਿੱਖ ਭਾਈਚਾਰਾ ਹੈ ਅਤੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਹੈ। ਇਕ ਨਿਸ਼ਾਨ, ਇਕ ਗੁਰੂ ਤੇ ਇਕ ਮਰਿਯਾਦਾ ਸਿੱਖੀ ਦੀ ਤਾਕਤ ਹੈ। ਸਿੰਘ ਸਾਹਿਬਾਨ ਦੀ ਆਪਸੀ ਲੜਾਈ, ਗੁਰਦੁਆਰਿਆਂ ਦਾ ਢਿੱਲਾ ਪ੍ਰਬੰਧ ਅਤੇ ਵੱਖ-ਵੱਖ ਮਰਯਾਦਾ, ਵੱਖਰੇਵੇਂ ਪੈਦਾ ਕਰਦੀ ਹੈ। ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਮੁਰੰਮਤ ਅਤੇ ਉਸਾਰੀ ਇਤਿਹਾਸ ਨੂੰ ਅੱਖੋਂ ਪਰੋਖੇ ਰੱਖ ਕੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਕੀਤੀ ਜਾਂਦੀ ਹੈ। ਇਹ ਇਸ ਤਰ੍ਹਾਂ ਦਾ ਅਹਿਸਾਸ ਕਰਵਾਉਂਦੀ ਹੈ ਕਿ ਚੰਗਾ ਕੰਮ ਤਾਂ ਬਾਬੇ ਹੀ ਕਰ ਸਕਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਪੈਰੀਂ-ਗੋਡੀਂ ਹੱਥ ਲਵਾ ਕੇ, ਇਹ ਬਾਬੇ ਸਿੱਖ ਦਾ ਗੁਰੂ ਤੋਂ ਵਿਸ਼ਵਾਸ ਘੱਟ ਕਰਦੇ ਹਨ। ਸਿੱਖੀ ਦੇ ਮੁੱਖ ਕੇਂਦਰ ਅਤੇ ਗੁਰਦੁਆਰਿਆਂ ਵਿਚ ਸੇਵਾਦਾਰਾਂ ਵੱਲੋਂ ਪ੍ਰੇਮ ਨਾਲ ਸ਼ਰਧਾਲੂਆਂ ਦੇ ਪੇਸ਼ ਨਾ ਆਉਣਾ ਵੀ ਸਿੱਖੀ ਦੀ ਚੰਗੀ ਤਸਵੀਰ ਪੇਸ਼ ਨਹੀਂ ਕਰਦਾ। ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਆਪਣਾ ਆਚਰਨ ਅਤੇ ਧਰਮ ਨਾਲੋਂ ਸਿਆਸਤ ਵਿਚ ਜ਼ਿਆਦਾ ਦਿਲਚਸਪੀ ਕਰਕੇ ਉਹ ਲੋਕਾਂ ਨੂੰ ਸਿੱਖੀ ਵੱਲ ਉਤਸ਼ਾਹਿਤ ਨਹੀਂ ਕਰਦੇ। ਗੁਰਦੁਆਰਾ ਪ੍ਰਬੰਧ ਵਿਚ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਇਸ ਸੰਸਥਾ ਦੀ ਤਸਵੀਰ ਖਰਾਬ ਕਰ ਰਹੀਆਂ ਹਨ। ਇਕ ਵੀ ਅਜਿਹਾ ਸਿੱਖ ਧਾਰਮਿਕ ਆਗੂ ਨਹੀਂ ਜੋ ਸਮੂਹ ਸਿੱਖ ਸੇਵਕਾਂ ਵੱਲੋਂ ਸਤਿਕਾਰਿਆ ਜਾਂਦਾ ਹੋਵੇ। ਬਾਬੇ ਵੀ ਧਰਮ ਨਾਲੋਂ ਸਿਆਸਤ ਵਿਚ ਜ਼ਿਆਦਾ ਸਰਗਰਮ ਹਨ ਅਤੇ ਸੇਵਾ ਨਾਲੋਂ ਮਾਇਆ ਨੂੰ ਜ਼ਿਆਦਾ ਸਤਿਕਾਰ ਦਿੰਦੇ ਹਨ। ਸਿੱਖ ਆਪਣੇ ਗੁਰੂ ਵਿਚ ਅਟੁੱਟ ਵਿਸ਼ਵਾਸ ਰੱਖਦੇ ਹਨ ਅਤੇ ਵਹਿਮਾਂ-ਭਰਮਾਂ ਨੂੰ ਸਿੱਖੀ ਵਿਚ ਕੋਈ ਥਾਂ ਨਹੀਂ ਦਿੰਦੇ। ਅੱਜ ਦੇ ਸਿੱਖ ਧਾਰਮਿਕ ਲੀਡਰ ਜੋਤਸ਼ੀਆਂ ਦੇ ਪਿੱਛੇ ਤੁਰੇ ਫਿਰਦੇ ਆਪ ਦੇਖੇ ਜਾਂਦੇ ਹਨ, ਜਿਸ ਨਾਲ ਆਮ ਲੋਕਾਂ ਦਾ ਵਿਸ਼ਵਾਸ ਵੀ ਡੋਲਦਾ ਹੈ।
ਅਕਾਲੀ ਦਲ ਹੌਲੀ-ਹੌਲੀ ਇਕ ਸੂਬੇ ਦੀ ਪਾਰਟੀ ਬਣ ਕੇ ਰਹਿ ਗਿਆ ਹੈ। ਅੰਤਰ-ਰਾਜੀ ਜਾਂ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਭਾਈਚਾਰੇ ਨੂੰ ਰਾਜਸੀ ਸੇਧ ਲਈ ਅਕਾਲੀ ਦਲ ਦੀ ਨੀਤੀ ਸਪੱਸ਼ਟ ਨਹੀਂ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਆਪਣੇ ਖੇਤਰ ਵਿਚ ਵੱਖਰੀਆਂ ਹੋ ਸਕਦੀਆਂ ਹਨ ਪਰ ਕੇਂਦਰੀ ਰੂਪ ਵਿਚ ਮਦਦ ਦੀ ਉਨ੍ਹਾਂ ਨੂੰ ਹਰ ਸਮੇਂ ਲੋੜ ਹੈ। ਅਕਾਲੀ ਦਲ ਦੀ ਅੰਤਰਰਾਸ਼ਟਰੀ ਨੀਤੀ ਲਈ ਵੀ ਇਕ ਕਮੇਟੀ ਦੀ ਜ਼ਰੂਰਤ ਹੈ ਜੋ ਸਮੇਂ-ਸਮੇਂ ਸਿਰ ਇਨ੍ਹਾਂ ਮੁੱਦਿਆਂ 'ਤੇ ਸਿੱਖ ਤੇ ਅਕਾਲੀ ਦਲ ਦੀ ਨੀਤੀ ਸਪੱਸ਼ਟ ਕਰੇ।
ਸਮਾਜਕ ਖੇਤਰ ਵਿਚ ਜਾਤਪਾਤ ਨੂੰ ਕੁਚਲਿਆਂ ਜਾਤਾਂ ਨਾਲ ਸੰਬੰਧਿਤ ਸਿੱਖ ਸਿੱਖੀ ਅਤੇ ਹੋਰ ਧਰਮਾਂ ਵਿਚ ਆਪਣੇ ਲਈ ਕੋਈ ਫਰਕ ਮਹਿਸੂਸ ਨਹੀਂ ਕਰਦੇ। ਸਿੱਖ ਗੁਰੂ ਸਾਹਿਬਾਨ ਨੇ ਉਸ ਸਮੇਂ ਦੇ ਦੱਬੇ-ਕੁਚਲੇ ਲੋਕਾਂ ਨੂੰ ਆਪਣੇ ਬਰਾਬਰ ਥਾਂ ਹੀ ਨਹੀਂ ਦਿੱਤੀ, ਪੁੱਤਰ, ਭਾਈ ਦਾ ਦਰਜਾ ਦਿੱਤਾ ਅਤੇ ਔਖੀ ਘੜੀ ਵਿਚ ਆਪਣਾ ਪੋਸ਼ਾਕਾ ਅਤੇ ਕਲਗੀ ਵੀ ਦਿੱਤੀ ਪਰ ਅੱਜ ਸਿੱਖਾਂ ਨੂੰ ਦੁਬਾਰਾ ਜਾਤਪਾਤ ਵੱਲ ਧੱਕਣ ਦਾ ਵਿਰੋਧ ਕਿਸੇ ਸਿੱਖ ਲੀਡਰ ਵੱਲੋਂ ਨਹੀਂ ਹੋ ਰਿਹਾ ਜਿਸ ਨਾਲ ਇਕ ਵੱਡਾ ਫਿਰਕਾ ਹੌਲੀ-ਹੌਲੀ ਪਿੱਛੇ ਹਟਦਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੂੰ ਸਿੱਖ ਧਰਮ ਵਿਚ ਹੋਰ ਸਾਰਥਕ ਹੋਣ ਲਈ ਹੇਠ ਲਿਖੇ ਮੁੱਦੇ ਵਿਚਾਰਨੇ ਚਾਹੀਦੇ ਹਨ।
a ਸ਼੍ਰੋਮਣੀ ਕਮੇਟੀ ਮੈਂਬਰਾਂ ਰਾਹੀਂ ਪਿੰਡ ਪੱਧਰ 'ਤੇ ਸੰਗਠਿਤ ਸਿੱਖ ਚੇਤਨਾ ਲਹਿਰ ਚਲਾਈ ਜਾਣੀ ਚਾਹੀਦੀ ਹੈ। ਸ਼ਹਿਰ ਅਤੇ ਪਿੰਡ ਪੱਧਰ ਦੀਆਂ ਜਥੇਬੰਦੀਆਂ ਦੀ ਏਕਤਾ ਹੋਣੀ ਚਾਹੀਦੀ ਹੈ। ਅਕਾਲ ਤਖਤ ਸਾਹਿਬ ਨਾਲ ਮਿਲ ਕੇ ਇਕੱਠੇ ਗੁਰਪੁਰਬ ਮਨਾਉਣੇ ਚਾਹੀਦੇ ਹਨ ਅਤੇ ਸੇਵਾ ਕਰਨੀ ਚਾਹੀਦੀ ਹੈ।
a ਵਿਦਿਆ ਅਤੇ ਸਿਹਤ ਖੇਤਰ ਵਿਚ ਸਸਤੀਆਂ ਸਹੂਲਤਾਂ ਸਿੱਖਾਂ ਲਈ ਪੈਦਾ ਕਰਨੀਆਂ ਚਾਹੀਦੀਆਂ ਹਨ।
a ਗੁਰਦੁਆਰਾ ਸਾਹਿਬਾਨ ਦਾ ਇਕ ਨਕਸ਼ਾ ਅਤੇ ਇਕ ਮਰਿਯਾਦਾ ਹੋਵੇ। ਗੁਰਦੁਆਰਾ ਸਾਹਿਬ ਵਿਚ ਪਾਠ, ਕੀਰਤਨ, ਲੰਗਰ ਅਤੇ ਰਿਹਾਇਸ਼ ਦੀ ਸਹੂਲਤ ਲਾਜ਼ਮੀ ਹੋਵੇ। ਇਤਿਹਾਸਕ ਗੁਰਦੁਆਰਿਆਂ ਵਿਚ ਸਫਾਈ ਦੀ ਸੇਵਾ ਅਤੇ ਲੰਗਰ ਦੀ ਸੇਵਾ ਲਈ ਪਿੰਡ ਵਾਈਜ਼ ਲਾਮਬੰਦੀ ਕਰਕੇ ਡਿਊਟੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ।
a ਸਿੱਖ ਇਤਿਹਾਸ ਅਤੇ ਫਿਲਾਸਫੀ-ਗੁਰਬਾਣੀ ਖੋਜ ਬਾਰੇ ਨੀਤੀ ਨਿਰਧਾਰਤ ਕਰਨੀ ਚਾਹੀਦੀ ਹੈ। ਹਰ ਪੁਸਤਕ ਦਾ ਖਰੜਾ ਛਪਣ ਤੋਂ ਪਹਿਲਾਂ ਪ੍ਰਵਾਨ ਹੋਣਾ ਚਾਹੀਦਾ ਹੈ।
a ਸ਼੍ਰੋਮਣੀ ਕਮੇਟੀ ਸੇਵਾਦਾਰਾਂ ਦੀ ਪੁਸ਼ਾਕ ਤਿਆਰ-ਬਰ-ਤਿਆਰ ਸਿੰਘਾਂ ਵਾਲੀ ਅਤੇ ਖੂਬਸੂਰਤ ਹੋਣੀ ਚਾਹੀਦੀ ਹੈ। ਸਿੱਖ ਬੁੱਧੀਜੀਵੀਆਂ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਕੀਤਾ ਜਾਣਾ ਚਾਹੀਦਾ ਹੈ। ਪਿੰਡਾਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਚੰਗੇ ਪ੍ਰਚਾਰਕ ਤੇ ਗ੍ਰੰਥੀ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ ਜੋ ਕਿ ਸੰਗਤਾਂ ਨੂੰ ਗੁਰਮਤਿ ਨਾਲ ਜੋੜਨ ਅਤੇ ਗੁਰਮਤਿ ਸੇਧ ਦੇ ਕੇ ਨਸ਼ੇ, ਆਪਸੀ ਲੜਾਈ ਝਗੜੇ ਅਤੇ ਜਾਤਪਾਤ ਮਿਟਾ ਸਕਣ।
ਆਰਥਿਕ ਖੇਤਰ ਵਿਚ ਖੇਤੀਬਾੜੀ, ਜੋ ਸਿੱਖਾਂ ਦਾ ਮੁੱਖ ਕਿੱਤਾ ਹੈ ਲਾਹੇਵੰਦ ਨਹੀਂ ਰਿਹਾ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਨੇ ਕਿਸਾਨ ਨੂੰ ਬਿਜਲੀ-ਪਾਣੀ ਮੁਫਤ ਦੇ ਕੇ ਉਨ੍ਹਾਂ ਦੀ ਹਮਾਇਤ ਹਾਸਲ ਕੀਤੀ ਸੀ। ਕਾਂਗਰਸ ਪਾਰਟੀ ਵੱਲੋਂ ਇਹ ਸਹੂਲਤ ਵਾਪਸ ਲੈ ਕੇ ਕਿਸਾਨਾਂ ਨੂੰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਆਉਣ ਦਾ ਮੌਕਾ ਦਿੱਤਾ ਹੈ ਪਰ ਇਕੱਲੀ ਬਿਜਲੀ ਪਾਣੀ ਮੁਫਤ ਕਰਕੇ ਟੈਕਸ ਅਤੇ ਖਰਚੇ ਵਧਾ ਕੇ ਕਿਸਾਨਾਂ ਨੂੰ ਪਾਰਟੀ ਨਾਲ ਪੱਕੇ ਤੌਰ 'ਤੇ ਖੜ੍ਹਾ ਨਹੀਂ ਕਰ ਸਕਣਗੇ ਜਦ ਤੱਕ ਘੱਟ ਖਰਚੇ ਦੇ ਨਾਲ ਆਮਦਨ ਨਹੀਂ ਵਧੇਗੀ, ਕੇਵਲ ਮੁਫਤ ਚੀਜ਼ਾਂ ਨਾਲ ਸਦਾ ਲਈ ਨਾ ਤਾਂ ਹਮਾਇਤ ਹੀ ਰਹਿ ਸਕੇਗੀ ਅਤੇ ਨਾ ਹੀ ਰਾਜਸੀ ਤਾਕਤ। ਇਸ ਲਈ ਖੇਤੀਬਾੜੀ ਬਾਰੇ ਨੀਤੀ ਬਦਲਣ ਦੀ ਲੋੜ ਹੈ। ਕੇਵਲ ਖੇਤੀਬਾੜੀ ਵਿਚ ਭਿੰਨਤਾ ਅਤੇ ਖੇਤੀਬਾੜੀ ਨਾਲ ਸੰਬੰਧਿਤ ਸਨਅਤਾਂ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਤੋਂ ਬਾਹਰ ਕੱਢ ਸਕਣ ਦੇ ਯੋਗ ਹਨ।
ਕੰਮ ਤੋਂ ਨਫਰਤ ਅਰਥਾਤ ਕਿਰਤ ਤੋਂ ਭਾਂਜ ਦਾ ਰਾਹ ਪੰਜਾਬੀਆਂ ਲਈ ਖੁਸ਼ਹਾਲੀ ਦਾ ਰਾਹ ਬੰਦ ਕਰ ਰਿਹਾ ਹੈ। ਪ੍ਰਵਾਸੀ ਮਜ਼ਦੂਰ ਇਥੇ ਹਰ ਤਰ੍ਹਾਂ ਨਾਲ ਪ੍ਰਫੁਲਤ ਹੋ ਰਹੇ ਹਨ। ਜੇਕਰ ਪ੍ਰਾਈਵੇਟ ਫੈਕਟਰੀਆਂ ਵੀ ਆਈ. ਟੀ. ਆਈ. ਵਿਚੋਂ ਟਰੇਂਡ ਨੌਜਵਾਨ ਭਰਤੀ ਕਰਨ ਅਤੇ ਥੋੜ੍ਹੇ ਖਰਚੇ ਤੇ ਵੱਧ ਕਮਾਈ ਵਾਲੇ ਵਪਾਰ ਦੇ ਕਿੱਤੇ ਕਰਨ ਵੱਲ ਵਧਣ ਤਾਂ ਪੰਜਾਬ ਦੇ ਪੈਸੇ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਰੋਜ਼ਗਾਰ ਵੀ ਵਧ ਸਕਦਾ ਹੈ।
ਸਾਰੇ ਸ਼ਹਿਰੀਆਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ ਪਰ ਸਰਕਾਰੀ ਅਧਿਕਾਰੀ ਚੰਗੀ ਸੇਵਾ ਅਤੇ ਪ੍ਰੇਰਨਾ ਨਾਲ ਲੋਕਾਂ ਨੂੰ ਹੋਰ ਕੰਮ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ। ਸਰਕਾਰੀ ਅਦਾਰਿਆਂ ਵਿਚ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਗਲਤ ਆਦਮੀਆਂ ਨੂੰ ਤਾਕਤ ਦਿੰਦਾ ਹੈ। ਭ੍ਰਿਸ਼ਟ ਕਰਮਚਾਰੀਆਂ ਅਤੇ ਅਫਸਰਾਂ ਦਾ, ਜਿਨ੍ਹਾਂ ਦਾ ਮੁੱਖ ਨਿਸ਼ਾਨਾ ਪੈਸਾ ਇਕੱਠਾ ਕਰਨਾ, ਹਿੱਸਾ ਦੇਣਾ ਅਤੇ ਲੋਕਾਂ ਨੂੰ ਲੁਟਣਾ ਹੁੰਦਾ ਹੈ, ਉਨ੍ਹਾਂ ਨੇ ਲੋਕ ਸੇਵਾ ਅਤੇ ਆਪਣੀ ਗੈਰਤ ਨੂੰ ਛੱਡ ਦਿੱਤਾ ਹੈ। ਪਿਛਲੇ ਸਮੇਂ ਵਿਚ ਲੋਕ ਸੇਵਾ ਵਾਲੇ ਅਤੇ ਇਮਾਨਦਾਰ ਅਧਿਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਰਾਜਸੀ ਲੀਡਰਾਂ ਦੀ ਸਰਪ੍ਰਸਤੀ ਹਾਸਲ ਨਹੀਂ ਕਰ ਸਕੇ। ਜਿਸ ਨਾਲ ਅਕਾਲੀ ਪ੍ਰਸ਼ਾਸਨ ਅਤੇ ਦੂਜੇ ਪ੍ਰਸ਼ਾਸਨ ਵਿਚ ਕੋਈ ਫਰਕ ਨਹੀਂ ਰਿਹਾ।
1997 ਤੋਂ 2002 ਤੱਕ ਅਤੇ ਇਸ ਤੋਂ ਪਹਿਲਾਂ ਜ਼ਿਆਦਤੀਆਂ ਅਤੇ ਭ੍ਰਿਸ਼ਟਾਚਾਰ ਲਈ ਬਦਨਾਮ ਅਫਸਰ ਹੀ ਉੱਚ ਅਹੁਦਿਆਂ 'ਤੇ ਰਹੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸੇਵਾ ਦੇ ਏਜੰਡੇ ਨੂੰ ਲਾਗੂ ਕਰਨ ਦੀ ਥਾਂ ਭ੍ਰਿਸ਼ਟਾਚਾਰ ਨੂੰ ਹੀ ਅੱਗੇ ਰੱਖਿਆ ਅਤੇ ਆਪਣੇ ਇਸ ਕੰਮ ਵਿਚ ਵਿਧਾਨਕਾਰਾਂ ਨੂੰ ਮਹੀਨੇ ਭਰਕੇ ਸ਼ਾਮਿਲ ਕਰ ਲਿਆ। ਅਪਰਾਧੀ ਸਰਕਾਰੀ ਅਧਿਕਾਰੀ ਅਤੇ ਵਿਧਾਨਕਾਰਾਂ ਦਾ ਗਠਜੋੜ ਆਮ ਆਦਮੀ ਦੀ ਜ਼ਿੰਦਗੀ ਨੂੰ ਦੁਖੀ ਕਰ ਰਿਹਾ ਸੀ ਅਤੇ ਅੱਜ ਵੀ ਕਰ ਰਿਹਾ ਹੈ।
ਲੋਕ ਸਮੱਸਿਆ ਲਈ ਰਾਜਸੀ ਪਾਰਟੀਆਂ ਦੇ ਵਰਕਰ ਅਤੇ ਸਮਾਜ ਸੇਵਕ ਅੱਗੇ ਆਉਂਦੇ ਹਨ ਜਿਸ ਨਾਲ ਲੋਕਾਂ ਦਾ ਭਰੋਸਾ ਜਿੱਤਿਆ ਜਾਂਦਾ ਹੈ ਪਰ ਅੱਜ ਲੋਕਾਂ ਦੀ ਸਮੱਸਿਆ ਲਈ ਕੋਈ ਵੀ ਨੌਜਵਾਨ, ਸੋਸ਼ਲ ਵਰਕਰ ਅੱਗੇ ਆ ਕੇ ਆਪ ਕੋਈ ਕਸ਼ਟ ਝੱਲਣ ਨੂੰ ਤਿਆਰ ਨਹੀਂ। ਕੇਵਲ ਉਹੀ ਮੌਕਾਪ੍ਰਸਤ ਲੋਕ ਅੱਗੇ ਆ ਰਹੇ ਹਨ ਜੋ ਸਿਆਸੀ ਲੀਡਰਾਂ ਦੇ ਆਲੇ-ਦੁਆਲੇ ਘੁੰਮ ਕੇ ਸਰਕਾਰੀ ਅਧਿਕਾਰੀਆਂ ਨਾਲ ਦੋਸਤੀ ਅਤੇ ਉਨ੍ਹਾਂ ਦਾ ਦਲਾਲ ਬਣ ਕੇ ਹੀ ਲੋਕਾਂ ਵਿਚ ਵਿਚਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਸਿੱਖ ਰਾਜਸੀ ਮੁੱਦਿਆਂ ਬਾਰੇ ਨੀਤੀ ਲੋਕਾਂ ਵਿਚ ਸਪੱਸ਼ਟ ਨਹੀਂ ਹੈ। ਅਨੰਦਪੁਰ ਸਾਹਿਬ ਦਾ ਮਤਾ ਜਾਂ ਅੰਮ੍ਰਿਤਸਰ ਦਾ ਮਤਾ ਸਿਰਫ ਅਖਬਾਰੀ ਚਰਚਾ ਦਾ ਵਿਸ਼ਾ ਹਨ। ਇਸ ਨੂੰ ਪ੍ਰਾਪਤ ਕਰਨ ਲਈ ਕੋਈ ਯਤਨ ਹੁੰਦਾ ਨਜ਼ਰ ਨਹੀਂ ਆ ਰਿਹਾ। ਦਰਿਆਈ ਪਾਣੀਆਂ ਦਾ ਮੁੱਦਾ ਵੀ ਅਕਾਲੀ ਦਲ ਨੂੰ ਆਪਣਾ ਜਾਤੀ ਕੇਸ ਸਮਝ ਕੇ ਲੜਨਾ ਚਾਹੀਦਾ ਹੈ, ਕਿਉਂਕਿ ਇਹ ਕੇਸ ਪੇਚੀਦਾ ਹੁੰਦਾ ਜਾ ਰਿਹਾ ਹੈ ਅਤੇ ਕਾਂਗਰਸ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ। ਪਾਰਟੀ ਲਈ ਵਚਨਬੱਧ ਅਨੁਸ਼ਾਸਿਤ ਕਾਡਰ ਦੀ ਸਖਤ ਲੋੜ ਹੈ ਜੋ ਲੋਕਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਲਈ ਪਿੰਡ ਪੱਧਰ 'ਤੇ ਮੁਕਾਬਲਾ ਕਰ ਸਕੇ, ਇਸੇ ਨੀਤੀ ਤਹਿਤ ਸ਼੍ਰੋਮਣੀ ਅਕਾਲੀ ਦਲ ਆਪਣਾ ਮਨੁੱਖੀ ਅਧਿਕਾਰਾਂ ਵੱਲ ਸਿੱਖ ਸੰਕਲਪ ਸਿਰਜ ਕੇ ਲੋਕਾਂ ਦੀ ਨੇੜਤਾ ਪ੍ਰਾਪਤ ਕਰ ਸਕਦਾ ਹੈ।
ਸਮੁੱਚੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਵੈ-ਪੜਚੋਲ ਦੀ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੁਧਾਰ, ਸੇਵਾ, ਲੋਕਾਂ ਦੀਆਂ ਸਮੱਸਿਆਵਾਂ ਲਈ ਪਿੰਡ ਪੱਧਰ 'ਤੇ ਸੰਘਰਸ਼, ਇਮਾਨਦਾਰ, ਬਹਾਦਰ ਅਤੇ ਚੰਗੇ ਅਕਸ ਵਾਲੀ ਪਾਰਟੀ ਨੂੰ ਸਮਰਪਿਤ ਵਰਕਰਾਂ ਦੀ ਲਾਮਬੰਦੀ ਨਾਲ ਆਮ ਲੋਕਾਂ ਨਾਲ ਤਾਲਮੇਲ ਅਤੇ ਸਿੱਖੀ ਚੇਤਨਾ ਜਗਾ ਕੇ ਸਿੱਖੀ ਸ਼ਾਨ ਨੂੰ ਬਹਾਲ ਕੀਤਾ ਜਾ ਸਕਦਾ ਹੈ ਅਤੇ ਕੁਝ ਵੋਟਾਂ ਦੀ ਖਾਤਰ ਉਨ੍ਹਾਂ ਬਾਬਿਆਂ ਦਾ ਪਿੱਛਾ ਛੱਡਣਾ ਚਾਹੀਦਾ ਹੈ ਜਿਹੜੇ ਸਿੱਖੀ ਦਾ ਵਿਰੋਧ ਕਰਦੇ ਹਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਨਹੀਂ ਸਵੀਕਾਰਦੇ।
ਇਕ ਨਵੀਂ ਸਿੱਖ ਚੇਤਨਾ ਲਹਿਰ ਸੰਗਠਤ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖਾਂ ਨੂੰ ਨਾਲ ਲੈ ਕੇ ਆਰੰਭ ਕੀਤੀ ਜਾਵੇ, ਸਹੀ ਯੋਜਨਾਬੰਦੀ ਮਾੜੇ ਰੁਝਾਨ ਨੂੰ ਠੱਲ੍ਹ ਪਾ ਸਕਦੀ ਹੈ ਅਤੇ ਕੁਰਬਾਨੀ ਤੋਂ ਬਿਨਾਂ ਲੀਡਰ ਪੈਦਾ ਨਹੀਂ ਹੁੰਦੇ ਤੇ ਜੋ ਅਸੀਂ ਪਰਦੇ ਵਿਚ ਕਰਦੇ ਹਾਂ। ਲੋਕਾਂ ਨੂੰ ਪਤਾ ਹੁੰਦਾ ਹੈ ਇਸ ਲਈ ਲੋਕਾਂ ਨੂੰ ਧੋਖੇ ਵਿਚ ਰੱਖ ਕੇ ਲੀਡਰਸ਼ਿਪ ਨਹੀਂ ਹੋ ਸਕਦੀ। ਅਕਾਲੀ ਦਲ ਨੂੰ ਮੁੜ ਰਾਜਸੀ ਤਾਕਤ ਹਾਸਲ ਕਰਨ ਲਈ ਹੇਠ ਲਿਖੇ ਮੁੱਦੇ ਵਿਚਾਰਨੇ ਚਾਹੀਦੇ ਹਨ-
1. ਪਿੰਡ ਪੱਧਰ 'ਤੇ ਜਥੇਬੰਦੀ ਕਾਇਮ ਕੀਤੀ ਜਾਵੇ ਜੋ ਹਰ ਗਰੀਬ ਅਤੇ ਲੋੜਵੰਦ ਦੀ ਜਾਇਜ਼ ਮਦਦ ਕਰੇ ਤੇ ਲੋੜ ਪੈਣ 'ਤੇ ਸੰਘਰਸ਼ ਕਰੇ।
2. ਜ਼ਿਲ੍ਹਾ ਪੱਧਰ 'ਤੇ ਪਾਰਟੀ ਦਫਤਰ ਕੰਮ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਲਈ ਅਫਸਰਾਂ ਤੱਕ ਪਹੁੰਚ ਕਰਨ। ਜੇਕਰ ਇਨਸਾਫ ਨਹੀਂ ਮਿਲਦਾ ਤਾਂ ਕਾਨੂੰਨੀ ਤੌਰ 'ਤੇ ਜਾਂ ਰਾਜਸੀ ਤੌਰ 'ਤੇ ਸੰਘਰਸ਼ ਕੀਤਾ ਜਾਵੇ।
3. ਕੇਂਦਰੀ ਪੱਧਰ 'ਤੇ ਰਾਜਸੀ, ਆਰਥਿਕ ਅਤੇ ਸਮਾਜਕ ਬਰਾਬਰੀ ਅਤੇ ਭਾਈਚਾਰੇ ਬਾਰੇ ਨੀਤੀ ਸਪੱਸ਼ਟ ਕੀਤੀ ਜਾਵੇ।
4. ਭ੍ਰਿਸ਼ਟ ਲੀਡਰਾਂ ਦੀ ਥਾਂ ਨਵੇਂ, ਪੰਥ-ਪੰਜਾਬ ਸਮਰਪਿਤ ਇਮਾਨਦਾਰ ਵਿਅਕਤੀਆਂ ਨੂੰ ਅੱਗੇ ਲਿਆਂਦਾ ਜਾਵੇ।
5. ਸਰਕਾਰੀ ਅਧਿਕਾਰੀਆਂ ਰਾਹੀਂ ਪੈਸੇ ਇਕੱਠੇ ਨਾ ਕੀਤੇ ਜਾਣ। ਇਹ ਲੋਕਾਂ ਨਾਲ ਦੂਰੀ ਪੈਦਾ ਕਰਦੇ ਹਨ ਅਤੇ ਆਪ ਲੁੱਟ-ਖਸੁੱਟ ਕਰਦੇ ਹਨ।
6. ਬਾਬਿਆਂ ਅਤੇ ਡੇਰੇਦਾਰਾਂ ਤੋਂ ਦੂਰੀ ਰੱਖੀ ਜਾਵੇ। ਸ੍ਰੀ ਦਰਬਾਰ ਸਾਹਿਬ ਵਿਚ ਹੀ ਵਿਸ਼ਵਾਸ ਰੱਖਿਆ ਜਾਵੇ।
7. ਪਾਰਟੀ ਦਫਤਰ ਅੰਮ੍ਰਿਤਸਰ ਵਿਚ ਬਣੇ।
8. ਹੁਣ ਤੋਂ ਹੀ ਜਨ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾਵੇ। ਪੰਜਾਬ ਅਤੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਧਰਨੇ, ਰੈਲੀਆਂ ਦੀ ਥਾਂ ਹਲਕੇ ਵਾਰ ਇਕੱਠ ਕੀਤੇ ਜਾਣੇ ਚਾਹੀਦੇ ਹਨ।
9. ਜਾਤ-ਪਾਤ ਵਿਰੁੱਧ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਦਲਿਤਾਂ ਦੇ ਹੋ ਰਹੇ ਬਾਈਕਾਟਾਂ ਨੂੰ ਖਤਮ ਕਰਾਉਣਾ ਚਾਹੀਦਾ ਹੈ ਅਤੇ ਉੱਚੀਆਂ ਤੇ ਨੀਵੀਆਂ ਜਾਤਾਂ ਦੀ ਸਾਂਝੀਵਾਲਤਾ ਨੂੰ ਬਹਾਲ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ।