ਗੁਰਤੇਜ ਸਿੰਘ
ਨਿੱਘਰੀ ਸੋਚ ਵਾਲੇ ਵਿਚਾਰਵਾਨਾਂ ਦਾ ਪਿਛਲੇ ਸਮਿਆਂ ਵਿੱਚ ਵੱਡਾ ਨਿਸ਼ਾਨਾ ਪਰਉਪਕਾਰੀ ਯੋਧਾ ਬਾਬਾ ਬੰਦਾ ਸਿੰਘ ਬਹਾਦਰ ਵੀ ਰਿਹਾ ਹੈ। ਇਹ ਲਾਸਾਨੀ ਸੂਰਮਾ ਸਸਬਹੁ ਦੇ ਸੱਭਿਆਚਾਰ ਦੇ ਨਿਰੋਧ ਦਾ ਇੱਕ ਜਿਊਂਦਾ-ਜਾਗਦਾ ਪ੍ਰਤੀਕ ਹੈ। ਇਸ ਸੱਭਿਆਚਾਰ ਦੇ ਵੱਡੇ ਤੋਂ ਵੱਡੇ ਬੰਦਿਆਂ ਦੀ ਸੰਗਤ ਵਿੱਚ ਸਾਰੀ ਉਮਰ ਰਹਿ ਕੇ ਉਹ ਹਿਰਨੀ ਦੇ ਪੇਟੋਂ ਮਰੇ ਬੱਚੇ ਦਾ ਮਾਤਮ ਮਾਤਰ ਹੀ ਮਨਾਉਂਦਾ ਰਿਹਾ, ਪਰ ਜਦੋਂ ਉਸ ਨੇ ਮਹਾਂ-ਪਰਉਪਕਾਰੀ ਗੁਰੂ ਦੀ ਸ਼ਰਨ ਲਈ ਤਾਂ ਉਹ ਅੰਮ੍ਰਿਤ ਦੀ ਬੂੰਦ ਲਈ ਬਿਹਬਲ ਹੋ ਗਿਆ ਅਤੇ ਸਾਹਿਬਾਂ ਦੇ ਹਿੰਦ ਨੂੰ ਗ਼ੁਲਾਮੀ ਦੀ ਜ਼ਲਾਲਤ ਵਿੱਚੋਂ ਕੱਢਣ ਦੇ ਮਨਸੂਬੇ ਨੂੰ ਸਿਰੇ ਚਾੜ•ਨ ਲਈ ਤਤਪਰ ਹੋ ਗਿਆ। ਫਿਰ ਏਸ ਬੇ-ਸਾਜ਼ੋ-ਸਾਮਾਨ ਜਰਨੈਲ ਨੇ ਕੇਵਲ ਗੁਰੂ-ਚਰਨਾਂ ਦਾ ਓਟ ਆਸਰਾ ਲੈ ਕੇ ਉਹ ਖੰਡਾ ਖੜਕਾਇਆ, ਜਿਸ ਦੀ ਯਾਦ ਸਦੀਆਂ ਬਣੀ ਰਹੇਗੀ। ਅਸਰਾਰਿ ਸਮਦੀ ਦਾ ਕਰਤਾ ਓਸ ਦੇ ਕਾਰਨਾਮੇ ਨੂੰ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਬੰਗਾਲ ਤੋਂ ਲੈ ਕੇ ਰੂਮ ਤੱਕ ਕੋਈ ਵਿਰੋਧੀ ਯੋਧਾ ਨਹੀਂ ਸੀ, ਜਿਸ ਦੇ ਚਿਹਰੇ ਉੱਤੇ ਗੁਰੂ ਦੇ ਇਸ ਬਹਾਦਰ ਦੇ ਫੱਟ ਦੀ ਲੀਕ ਨਾ ਉਕਰੀ ਗਈ ਹੋਵੇ। ਅੰਮ੍ਰਿਤ ਦੀ ਤਾਸੀਰ ਦਾ ਇਹ ਵੱਡਾ ਜਸ਼ਨ ਸੀ ਜੋ ਗੁਰੂ-ਹਜ਼ੂਰ ਦੀ ਪਹਿਲੀ ਸੁੱਚੀ ਯਾਦਗਾਰ ਹੋ ਨਿੱਬੜਿਆ। ਸੂਰਮਗਤੀ ਦੀ ਚਰਮ-ਸੀਮਾ ਨੂੰ ਛੂੰਹਦੇ ਅਜਿਹੇ ਸਿੰਘ ਦਾ ਸਸਬਹੁ ਦੇ ਨਾਪਾਕ ਇਰਾਦਿਆਂ ਦਾ ਸ਼ਿਕਾਰ ਬਣ ਜਾਣਾ ਕੋਈ ਅਚੰਭਾ ਨਹੀਂ। ਕੁਝ ਹਿੱਸਾ ਇਸ ਵਿੱਚ ਭੰਗੂ ਦੇ ਪੰਥ ਪ੍ਰਕਾਸ਼ ਦੇ ਗੁੱਝੇ ਭਾਵ ਨੂੰ ਨਾ ਸਮਝ ਸਕਣ ਵਾਲੇ ਸਿੱਖ ਵਿਦਵਾਨਾਂ ਨੇ ਵੀ ਪਾਇਆ। ਇੱਕ ਸਮੇ ਤਾਂ ਇਹਨਾਂ ਨੇ ਨਿਰਮਲ ਮਹਾਂ-ਮਾਨਵਾਂ ਦੇ ਦਲ ਵਿੱਚੋਂ ਹੀ ਏਸ ਸੂਰਮੇ ਨੂੰ ਨਿਖੇੜ ਦਿੱਤਾ ਸੀ ,ਪਰ ਏਸ ਦੀ ਆਭਾ ਦਾ ਦੀਵਾ ਸਦਾ ਸੁਚੇਤ ਸਿੱਖ-ਮਨਾਂ ਵਿੱਚ ਜਗਦਾ ਰਿਹਾ ਅਤੇ ਏਸ ਦੀ ਭੀਮਕਾਯ ਨੂੰ ਕੋਈ ਆਂਚ ਨਾ ਆਈ। ਇਸ ਦੇ ਕਈ ਪੁਖ਼ਤਾ ਕਾਰਣ ਹਨ।
ਇੱਕ ਸ਼ੱਕੀ ਤੱਥ ਹੈ ਜੋ ਸਿੰਘ ਸਜਣ ਤੋਂ ਪਹਿਲਾਂ ਦੇ ਬੰਦੇ ਨੂੰ ਵੈਰਾਗੀ ਮੱਤ ਦਾ ਧਾਰਨੀ ਪ੍ਰਚਾਰਦਾ ਹੈ। ਪਰ ਇਸ ਦੇ ਵਿਰੋਧ ਵਿੱਚ ਠੋਸ ਗਵਾਹੀ ਹੈ ਅਮਰਨਾਮਾ ਦੇ ਕਰਤਾ ਨੱਥ ਮੱਲ ਢਾਡੀ ਦੀ, ਜਿਸ ਦਾ ਕਹਿਣਾ ਹੈ ਕਿ ਬੰਦਾ ਉਦਾਸੀ ਸਾਧੂ ਸੀ। ਨੱਥਮੱਲ ਢਾਡੀ ਨੂੰ ਸਾਹਿਬਾਂ ਨੇ ਬੰਦੇ ਨਾਲ ਸੰਪਰਕ ਕਰਨ ਦੀ ਹਦਾਇਤ ਕੀਤੀ ਸੀ ਅਤੇ ਉਹ ਲਗਾਤਾਰ ਉਸ ਨਾਲ ਗੰਭੀਰ ਵਾਰਤਾ ਵਿੱਚ ਰੁੱਝਿਆ ਹੋਇਆ ਸੀ। ਉਸ ਨੂੰ ਅੱਘੜਨਾਥ, ਆਤਮਾਰਾਮ ਆਦਿ ਦਾ ਚੇਲਾ ਅਤੇ ਜੋਗੀ, ਵੈਰਾਗੀ ਦੱਸਣ ਵਾਲੇ ਵਾਕ ਸੱਚਾਈ ਤੋਂ ਕੋਹਾਂ ਦੂਰ ਹਨ, ਕਿਉਂਕਿ ਇਹਨਾਂ ਦੀ ਪੁਸ਼ਟੀ ਕਿਸੇ ਵੀ ਇਤਿਹਾਸਕ ਸੋਮੇ ਤੋਂ ਨਹੀਂ ਹੁੰਦੀ। ਉਦਾਸੀ ਆਪਣੇ-ਆਪ ਨੂੰ ਗੁਰੂ ਨਾਲ ਸੰਬੰਧਿਤ ਦੱਸਦੇ ਹਨ ਤੇ ਸਿੱਖੀ ਦੀ ਭਰਪੂਰ ਜਾਣਕਾਰੀ ਰੱਖਦੇ ਹਨ।
ਗੁਰੂ ਨਾਲ ਪਹਿਲੀ ਮਿਲਣੀ ਸਮੇਂ ਜੋ ਪਹਿਲੇ ਦੋ ਵਾਕ ਬੋਲੇ ਗਏ ਉਹ ਵੀ ਬੰਦੇ ਦੇ ਉਦਾਸੀ ਹੋਣ ਦੀ ਪੁਸ਼ਟੀ ਕਰਦੇ ਹਨ। ਗੁਰੂ ਦੀ ਪੁੱਛ ਦੇ ਜੁਆਬ ਵਿੱਚ ਬੰਦੇ ਦਾ ਸਾਹਿਬਾਂ ਦੇ ਚਰਨਾਂ ਨੂੰ ਲਿਪਟ ਕੇ ਅਥਾਹ ਸ਼ਰਧਾ ਨਾਲ ਆਖਣਾ: 'ਮੈਂ ਤੇਰਾ ਬੰਦਾ ਹਾਂ', ਸਪੱਸ਼ਟ ਸੰਕੇਤ ਕਰਦਾ ਹੈ।
ਖੰਡੇ ਦੀ ਪਾਹੁਲ, ਜਿਸ ਦੀ ਉਸ ਨੂੰ ਤੀਬਰ ਤਲਬ ਸੀ, ਬਖਸ਼ੀ ਗਈ ਅਤੇ ਉਪਰੰਤ ਉਸ ਦਾ ਨਾਮ ਹੋਇਆ ਬਾਬਾ ਬੰਦਾ ਸਿੰਘ। ਸਿਰਦਾਰ ਕਪੂਰ ਸਿੰਘ ਅਨੁਸਾਰ ਉਸ ਦਾ ਫ਼ੌਜੀ ਲਕਬ ਹੋਇਆ 'ਬਹਾਦਰ'। ਪਾਹੁਲ ਦੇ ਨੇਮਾਂ ਤੋਂ ਵਾਕਫ਼ ਹਰ ਕੋਈ ਜਾਣਦਾ ਹੈ ਕਿ ਇਸ ਕੂਚੇ ਵਿੱਚ ਪੈਰ ਧਰਨ ਤੋਂ ਪਹਿਲਾਂ ਹਰ ਕਿਸਮ ਦੇ ਭਰਮਾਂ-ਵਹਿਮਾਂ ਵੱਲੋਂ ਮਰ ਜਾਣਾ ਹੁੰਦਾ ਹੈ। ਇਸ ਮੰਜ਼ਲ ਤੱਕ ਪਹੁੰਚਣ ਲਈ ਕਈ ਗਹਿਰ-ਗੰਭੀਰ ਸੰਕਲਪ ਲੈਣੇ ਪੈਂਦੇ ਹਨ। ਮਸਲਨ ਕਿਰਤ ਨਾਸ਼, ਕਰਮ ਨਾਸ਼, ਧਰਮ ਨਾਸ਼, ਕੁਲ ਨਾਸ਼, ਭਰਮ ਨਾਸ਼ ਹੋ ਕੇ ਜਦੋਂ ਸੱਚ ਦੀ ਪ੍ਰਚੰਡ ਰੌਸ਼ਨੀ ਦਾ ਹਿੱਸਾ ਬਣ ਲੱਟ-ਲੱਟ ਬਲ਼ਦੀ ਅਲਫ਼ ਨੰਗੀ ਆਤਮਾ ਲੈ ਕੇ ਹਜ਼ੂਰੀ ਵਿੱਚ ਆਈਦਾ ਹੈ ਤਾਂ ਸਿਦਕ, ਪਰਉਪਕਾਰ ਦਾ ਸਿਰੋਪਾ ਬਖ਼ਸ਼ ਕੇ ਸੱਚਾ ਸਤਿਗੁਰੂ ਪ੍ਰਚੰਡ ਆਤਮਾ ਉੱਤੇ ਜਦੋਂ ਅੰਮ੍ਰਿਤ ਦੇ ਛੱਟੇ ਮਾਰਦਾ ਹੈ ਤਾਂ ਹੀ ਮੰਜ਼ਿਲ ਦੇ ਦਰਸ ਨਸੀਬ ਹੁੰਦੇ ਹਨ। ਬੰਦੇ ਦਾ ਤਲਿਸਮੀ ਗਰੂਰ, ਜੋਗੀ (ਅੱਘੜ ਨਾਥ) ਦੀਆਂ ਸਿੱਖਿਆਵਾਂ, ਆਤਮਾ ਰਾਮ ਦੇ ਕੁੱਲ ਉਪਦੇਸ਼ ਜੇ ਉਸ ਦੀ ਆਤਮਾ ਦੀ ਲਾਟ ਵਿੱਚ ਭੜ ਭੜ ਕਰਕੇ ਮੱਚੇ ਸਨ ਤਾਂ ਹੀ ਉਹ ਸਿੰਘ ਅਖਵਾਉਣ ਦਾ ਹੱਕਦਾਰ, ਸਿੰਘ ਬਿਰਤੀ ਵਿੱਚ ਵਿਚਰਨ ਵਾਲਾ ਅੰਮ੍ਰਿਤਧਾਰੀ ਖ਼ਾਲਸਾ ਹੋਇਆ ਸੀ। ਜੋਗ, ਵੈਰਾਗ, ਉਦਾਸ ਨੂੰ ਤਿਲਾਂਜਲੀ ਦੇਣ ਉਪਰੰਤ ਹੀ ਉਸ ਨੇ ਵਿਆਹ ਕਰਵਾਇਆ ਸੀ ਅਤੇ ਅਗੰਮੀ ਸ਼ਹੀਦਾਂ ਦੇ ਕਾਫ਼ਲੇ ਵਿੱਚ ਪੱਕੇ ਤੌਰ ਉੱਤੇ ਹਿੱਸਾ ਪਾਉਣ ਲਈ ਇੱਕ ਮਲੂਕੜੇ ਜਿਹੇ ਪੁੱਤ ਨੂੰ ਜਨਮ ਦਿੱਤਾ ਸੀ।
ਵੈਰਾਗੀ ਮੱਤ ਦੇ ਧਾਰਨੀ ਆਦਿ ਸ਼ੰਕਰਾਚਾਰੀਆ ਨੂੰ ਤਾਂ ਅਗਲਿਆਂ ਸਸਕਾਰ ਹਿੱਤ ਮਾਂ ਦੇ ਸਰੀਰ ਨੂੰ ਚੁੱਕਣ ਉੱਤੇ ਹੀ ਮੱਤ ਵਿੱਚੋਂ ਛੇਕ ਦਿੱਤਾ ਸੀ। ਵੈਰਾਗ ਦੇ ਭੂਤ ਤੋਂ ਮੁਕੰਮਲ ਨਿਜਾਤ ਹਾਸਲ ਕਰਨ ਲਈ ਹੀ ਸਾਰੀ ਉਮਰ ਬ੍ਰਹਮਚਾਰੀ ਰਹਿਣ ਵਾਲੇ ਬੰਦੇ ਨੇ ਗ੍ਰਹਿਸਤ ਵਿੱਚ ਪ੍ਰਵੇਸ਼ ਕੀਤਾ ਸੀ। ਅਗਿਆਨਤਾ ਦੇ ਹਨੇਰੇ ਵਿੱਚ ਮੁਕੰਮਲ ਤੌਰ ਉੱਤੇ ਡੁੱਬਿਆ ਹੋਇਆ ਮਨੁੱਖ ਹੀ ਉਸ ਨੂੰ ਅਜੇ ਵੀ ਵੈਰਾਗੀ ਲਕਬ ਨਾਲ ਸੰਬੋਧਨ ਕਰ ਸਕਦਾ ਹੈ ਜਾਂ ਫ਼ਿਰ ਉਹ ਮਨੁੱਖ ਜਿਸ ਵਿੱਚ ਸੰਕੀਰਨਤਾ ਦਾ ਵਹਾਅ ਏਨਾ ਪ੍ਰਬਲ ਹੋਵੇ ਕਿ ਉਹ ਉਸ ਦੀ ਸਪੱਸ਼ਟ ਕੀਤੀ ਮਨਸ਼ਾ ਵਿਰੁੱਧ ਵੀ ਉਸ ਨੂੰ ਮਨਮਰਜ਼ੀ ਦੀ ਵਿਚਾਰਧਾਰਾ ਵਿੱਚ ਸਮਾਉਣ ਦਾ ਸੰਕਲਪ ਕਰੀ ਬੈਠਾ ਹੋਵੇ। ਹਰਿੰਦਰ ਸਿੰਘ ਮਹਿਬੂਬ ਕਹਿੰਦਾ ਹੈ, 'ਸਤਿਗੁਰ ਮਹਾਂ ਫ਼ਕੀਰ' ਨੇ ਬਿਰਧ ਬੁੱਤ ਨੂੰ ਇਕੋ ਹੱਲੇ ਢਾਅ ਢੇਰੀ ਕਰ ਦਿੱਤਾ। ਫ਼ੇਰ ਤਿਆਰ ਹੋਇਆ ਉਹ ਬੰਦਾ ਜਿਸ ਨੇ ਤੇਗ਼ ਫੜ ਕੇ ਅਧਰਮ ਦਾ ਰਾਜ ਨਾਸ ਕਰ ਦਿੱਤਾ।
''ਵੈਰਾਗੀ, ਵੈਰਾਗੀ'' ਦੀ ਰੱਟ ਲਾਉਣ ਵਾਲੇ ਇਹ ਵੀ ਨਹੀਂ ਦੱਸਦੇ ਕਿ ਕਿਹੜੇ ਪ੍ਰਮੁੱਖ ਵੈਰਾਗੀ ਰਣਤੱਤੇ ਵਿੱਚ ਜੂਝਣ ਲਈ ਉਸ ਦੇ ਹਮਸਫ਼ਰ ਬਣੇ। ਜੇ ਉਹ ਸੱਚਮੁੱਚ ਹੀ ਵੈਰਾਗੀ ਸੀ ਤਾਂ ਉਸ ਨਾਲ ਵੈਰਾਗੀਆਂ ਦੀ ਕੋਈ ਫ਼ੌਜ ਕਿਉਂ ਨਾ ਚੜ•ੀ? ਉਸ ਦੇ ਹਮਰਕਾਬ ਸਨ ਕੇਵਲ ਅਤੇ ਕੇਵਲ ਗੁਰੂ ਦੇ ਅੰਮ੍ਰਿਤਧਾਰੀ ਸਿੰਘ ਜਾਂ ਪੰਜ ਕੁ ਹਜ਼ਾਰ ਮੁਸਲਮਾਨ ਸਿਪਾਹੀ ਜਿਨ•ਾਂ ਦੇ ਪੀਰਾਂ ਨੇ ਗੁਰੂ-ਹਜ਼ੂਰ ਦੇ ਮਾਸੂਮ ਬਦਨ ਉੱਤੇ ਨਿਰਾ ਨੂਰ ਹੋ ਬਰਸਦਾ ਅੱਲਾਹ ਦੀ ਰਹਿਮਤ ਦਾ ਮੀਂਹ ਵੇਖਿਆ ਸੀ; ਜਿਨ•ਾਂ ਨੇ ਨਿੱਕੀਆਂ-ਨਿੱਕੀਆਂ ਬਾਹਵਾਂ ਵਿੱਚ ਸਾਰੇ ਸੰਸਾਰ ਦੇ ਮਨੁੱਖਾਂ ਨੂੰ ਕਲਾਵੇ ਵਿੱਚ ਲੈਣ ਦੀ ਤਤਪਰਤਾ ਦੇ ਦੀਦਾਰ ਕੀਤੇ ਸਨ। ਬੰਦਾ ਕੇਵਲ ਪੰਜ ਸਿੰਘਾਂ ਨੂੰ ਨਾਲ ਲੈ ਕੇ ਹਜ਼ੂਰੀ ਵਿੱਚੋਂ ਚੱਲਿਆ ਸੀ। ਥੋੜ•ੇ ਸਮੇਂ ਦੇ ਵਕਫ਼ੇ ਨਾਲ ਉਸ ਕੋਲ ਪੱਚੀਆਂ ਦਾ ਕਾਫ਼ਲਾ ਹੋ ਗਿਆ ਸੀ। ਇਹਨਾਂ ਵਿੱਚ ਇੱਕ ਵੀ ਵੈਰਾਗੀ ਨਹੀਂ ਸੀ। ਉਸ ਦੇ ਨਾਲ ਸ਼ਹੀਦ ਹੋਣ ਵਾਲੇ ਸੱਤ ਸੌ ਗੁਰੂ ਕੇ ਲਾਡਲਿਆਂ ਵਿੱਚੋਂ ਕੇਵਲ ਇੱਕ ਨੂੰ ਹੀ ਹਿੰਦੂ (ਵੈਰਾਗੀ ਨਹੀਂ) ਹੋਣ ਦੇ ਭੁਲੇਖੇ ਉਸ ਦੀ ਮਾਂ ਦੀ ਕੀਤੀ ਰਹਿਮ ਦੀ ਅਪੀਲ ਕਾਰਣ ਛੱਡਿਆ ਗਿਆ ਸੀ। ਪਰ ਉਹ ਨੱਢੀ ਉਮਰ ਦੇ ਬਾਲ ਨੂੰ ਵੀ ਗ਼ੈਰ-ਸਿੱਖ ਅਖਵਾ ਕੇ ਜਿਊਂਦੇ ਰਹਿਣਾ ਦਰਕਾਰ ਨਹੀਂ ਸੀ। ਉਹ, ਖਫ਼ੀ ਖ਼ਾਨ ਅਨੁਸਾਰ, ਕਤਲਗਾਹ ਨੂੰ ਜਾਂਦੀ ਜੰਞ ਦਾ ਲਾੜਾ ਬਣ ਗਿਆ ਸੀ ਅਤੇ ਜੱਲਾਦ ਦੇ ਗੰਡਾਸੇ ਦਾ ਸਭ ਤੋਂ ਪਹਿਲਾ ਵਾਰ ਉਸੇ ਨੇ ਸਹਿਆ ਸੀ।
ਬੰਦਾ ਖ਼ਾਲਸਾ ਫ਼ੌਜ ਦਾ ਜਰਨੈਲ ਬਣ ਕੇ ਖ਼ਾਲਸੇ ਦੀ ਦੇਖ-ਰੇਖ ਹੇਠ ਅਜਿਹਾ ਸਰਬ-ਸਾਂਝਾ ਲੋਕ-ਰਾਜ ਕਾਇਮ ਕਰਨ ਆਇਆ ਸੀ ਜਿਹੋ ਜਿਹਾ ਇਤਿਹਾਸ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ। ਸਰਹੰਦ ਤੋਂ ਉੱਜੜੇ ਲੋਕਾਂ ਬਾਦਸ਼ਾਹ ਪਾਸ ਜਾ ਗੁਹਾਰ ਲਾਈ। ਉਸ ਨੇ ਪੁੱਛਿਆ ਬੰਦਾ ਕੌਣ ਹੈ? ਤਾਂ ਜੁਆਬ ਸੀ,''ਉਹ ਗੁਰੂ ਦਾ ਸਿੱਖ ਹੈ।'' ਇਹ ਇਤਿਹਾਸ ਦੇ ਪੰਨਿਆਂ ਉੱਤੇ ਉਕਰਿਆ ਸੱਚ ਹੈ।
ਸਰਹੰਦ ਫ਼ਤਹਿ ਕਰਨ ਤੋਂ ਬਾਅਦ ਜਦੋਂ ਮੁਲਖੱਈਆ ਲੁੱਟ ਦੀਆਂ ਕੌਡੀਆਂ ਬਟੋਰ ਰਿਹਾ ਸੀ ਤਾਂ ਸਿਦਕੀ ਸਿੰਘ ਜਰਨੈਲ ਚਸ਼ਮਦੀਦ ਗਵਾਹਾਂ ਦੀ ਮਦਦ ਨਾਲ ਉਹ ਸਹੀ ਥਾਂਵਾਂ ਲੱਭ ਰਹੇ ਸਨ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ, ਜਿੱਥੇ ਮਾਤਾ ਸ਼ਹੀਦ ਹੋਈ, ਜਿੱਥੇ ਮਾਨਵਤਾ ਦੀ ਟਹਿਣੀ ਉੱਤੇ ਲੱਗੇ ਸਭ ਤੋਂ ਸੁਹਲ ਫੁੱਲਾਂ ਦਾ ਸਸਕਾਰ ਹੋਇਆ ਸੀ। ਉੱਥੇ ਉਹਨਾਂ ਨਿਸ਼ਾਨ ਗੱਡ ਕੇ ਦੇਹੁਰੇ ਸਥਾਪਤ ਕੀਤੇ, ਨਾ ਕਿ ਵੈਰਾਗੀ ਮੱਠ।
ਲੋਕਾਂ ਦਾ ਸਰਬ-ਸਾਂਝਾ ਰਾਜ ਕਾਇਮ ਕਰ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਕਾ ਚਲਾਇਆ ਗੁਰੂ ਨਾਨਕ ਗੋਬਿੰਦ ਸਿੰਘ ਦੇ ਨਾਂਅ ਦਾ, ਜਿਸ ਉੱਤੇ ਦੋਨਾਂ ਜਹਾਨਾਂ ਵਿੱਚ ਸੱਚੇ ਸਾਹਿਬ ਦਾ ਫ਼ਜ਼ਲ ਹੈ ਅਤੇ ਜਿਸ ਦੇ ਧਰਮਾਸੂਲ ਦੋਨਾਂ ਜਹਾਨਾਂ ਵਿੱਚ ਖ਼ਰੇ ਸਿੱਕੇ ਦੀ ਹੈਸੀਅਤ ਰੱਖਦੇ ਹਨ ਅਤੇ ਹਰ ਸੁਖਫਲ਼ਦਾਇਕ ਹਨ। ਆਪਣੇ ਰਾਜ ਦੀ ਮੁਹਰ ਬਣਾਇਆ ਉਸ ਸੁੱਚੀ ਭਾਵਨਾ ਨੂੰ ਜਿਸ ਵਿੱਚ ਗੁਰੂ ਕੀ ਦੇਗ਼ ਤੇਗ਼ ਦੀ ਫ਼ਤਹਿ ਦੀ ਕਾਮਨਾ ਕੀਤੀ ਗਈ ਸੀ। ਟੁਢ ਨੇ ਆਪਣੇ ਰਾਜ-ਪੱਤਰਾਂ ਵਿੱਚ ਖ਼ਾਲਸਾ ਰਹਿਤ ਰੱਖਣ ਦੀ ਪ੍ਰੇਰਨਾ ਕੀਤੀ ਅਤੇ ਮੁਗ਼ਲਾਂ ਦੇ ਅਖ਼ਬਾਰ ਨਵੀਸ ਲਿਖਦੇ ਹਨ ਕਿ ਉਹ ਹਰ ਆਉਣ ਵਾਲੇ ਨੂੰ ਪਾਹੁਲ ਛੱਕਣ ਦੀ ਤਾਕੀਦ ਕਰਦਾ ਅਤੇ ਸੱਦਾ ਪ੍ਰਵਾਨ ਕਰਨ ਵਾਲੇ ਨੂੰ ਆਪਣੇ ਹੱਥੀਂ ਅੰਮ੍ਰਿਤ ਛਕਾਉਂਦਾ। ਟੁਢ ਨੇ ਦੀਨਦਾਰ ਖਾਨ ਨੂੰ ਦੀਨਦਾਰ ਸਿੰਘ ਬਣਾਇਆ, ਨਾ ਕਿ ਦੀਨਾ ਵੈਰਾਗੀ। ਜਿੰਨੇ ਹੁਕਮਰਾਨ ਉਸ ਨੇ ਸਥਾਪਤ ਕੀਤੇ ਸਾਰੇ ਸਿੰਘ ਸਨ, ਜਿਨ•ਾਂ ਕੋਲੋਂ ਨਿਰਪੱਖ ਰਾਜ ਦੀ ਤਵੱਕੋਂ ਹੋ ਸਕਦੀ ਸੀ। ਪਤਾ ਨਹੀਂ ਉਸ ਦੇ ਸੁਭਾਅ ਜਾਂ ਕਰਨੀ ਦੀ ਕਿਸ ਪ੍ਰਮੁੱਖ ਅਲਾਮਤ ਨੂੰ ਮੁੱਖ ਰੱਖ ਕੇ ਉਸ ਨੂੰ ਵੈਰਾਗੀ ਵਾੜੇ ਵਿੱਚ ਧੱਕਿਆ ਜਾ ਰਿਹਾ ਹੈ?
ਗੁਰ ਫੁਰਮਾਨ ਹੈ, ''ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ£ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ''। ਜਿਨ•ਾਂ ਨੇ ਪ੍ਰੇਤ ਤੋਂ ਦੇਵਤੇ ਤੇ ਮਾਣਸ ਤੋਂ ਦੇਵਤੇ ਬਣਨਾ ਹੈ, ਉਹ ਦਸਮੇਸ਼ ਦਾ ਨਾਸ਼ ਸਿਧਾਂਤ ਅਪਣਾ ਕੇ ਅੰਮ੍ਰਿਤ ਦੇ ਪੰਜ ਚੁਲ਼ੇ ਛੱਕ ਕੇ ਹੀ ਬਣ ਸਕਦੇ ਹਨ।
ਚਿੜੀਆਂ ਤੋਂ ਬਾਜ਼ ਬਣਨ ਦਾ ਵੀ ਏਹੋ ਤਰੀਕਾ ਹੈ; ਨਹੀਂ ਤਾਂ ਹਿੰਦ ਦੀ ਪੁਰਾਤਨ ਸੱਭਿਅਤਾ ਨੇ ਲੱਖਾਂ ਮਰਜੀਵੜੇ ਪੈਦਾ ਕੀਤੇ ਹੁੰਦੇ ਅਤੇ ਕਦੇ ਵੀ ਸਤਾਰਾਂ-ਸਤਾਰਾਂ ਸਾਲਾਂ ਦੇ, ਮੁਹੰਮਦ ਬਿਨ ਕਾਸਿਮ ਵਰਗੇ, ਛੋਕਰਿਆਂ ਨੇ ਸਦੀਆਂ ਦੇ ਤਾਜਾਂ ਨੂੰ ਠੁੱਡੇ ਨਾ ਮਾਰੇ ਹੁੰਦੇ; ਨਾ ਹੀ ਹਿੰਦ ਹਜ਼ਾਰ ਸਾਲ ਤੱਕ ਗ਼ੁਲਾਮ ਹੁੰਦੀ ਤੇ ਨਾ ਹੀ ਇਥੇ 'ਗ਼ੁਲਾਮ ਵੰਸ਼' ਵਧਦੇ-ਫੁੱਲਦੇ। ਜੋਗੀਆਂ, ਵੈਰਾਗੀਆਂ ਤੇ ਸਾਧਾਂ ਦੇ ਬੇਲਗ਼ਾਮ ਵੱਗ ਏਥੇ ਪਹਿਲਾਂ ਵੀ ਸਨ ਅਤੇ ਅੱਜ ਵੀ ਹਨ। ਭੱਖ਼ੇ ਮੈਦਾਨ ਵਿੱਚ ਤੇਗਾਂ ਓਹੀ ਸੂਤਦੇ ਹਨ, ਜਿਨ•ਾਂ ਨੂੰ ਖੰਡੇ-ਬਾਟੇ ਦੀ ਪਾਣ ਚੜ•ੀ ਹੁੰਦੀ ਹੈ। ਇਹ ਰੁਤਬੇ ਤੇਜ਼-ਤਰਾਰ ਜ਼ੁਬਾਨਾਂ ਦੀ ਦੁਰਵਰਤੋਂ ਨਾਲ ਹਾਸਲ ਨਹੀਂ ਹੁੰਦੇ (''ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ£'' ਅਤੇ ''ਛਾਡਿ ਸਿਆਨਪ ਬਹੁ ਚਤੁਰਾਈ£ ਗੁਰ ਪੂਰੇ ਕੀ ਟੇਕ ਟਿਕਾਈ£'' ਗੁਰੂ-ਫ਼ੁਰਮਾਨ ਹਨ)। ਇਹਨਾਂ 'ਸਿਆਣਪਾਂ' ਨੇ ਹਿੰਦ ਨੂੰ ਪਹਿਲਾਂ ਵੀ ਕਾਸੇ ਜੋਗਾ ਨਹੀਂ ਛੱਡਿਆ। ਮਹਾਂਭਾਰਤ ਦੀਆਂ ਅਠਾਰਾਂ-ਅਠਾਰਾਂ ਖੂਹਣੀਆਂ ਦੇ ਮਨੁੱਖੀ ਸਮੂਹ ਵਿੱਚੋਂ ਕੇਵਲ ਬਿਦਰ ਤੇ ਕਰਨ ਹੀ ਸਤਿਕਾਰਯੋਗ ਪਾਤਰ ਹਨ, ਜਿਨ•ਾਂ ਨੂੰ ਆਪਣੇ ਆਖਣ ਦਾ ਮਾਣ ਮਨੁੱਖਤਾ ਕਰ ਸਕਦੀ ਹੈ। ਇਹਨਾਂ ਵਰਗੇ ਹੀਰੇ ਤਾਂ ਗੁਰ-ਚਰਨ-ਛੋਹ ਪ੍ਰਾਪਤ ਪੰਜਾਬ ਦੀ ਮਿੱਟੀ ਨੇ ਨਿਰੰਤਰ ਉਗਲੇ ਹਨ। ਬਘੇਲ ਸਿੰਘ, ਬੋਤਾ ਸਿੰਘ, ਗਰਜਾ ਸਿੰਘ ਵਰਗੇ ਏਥੇ ਖੁੰਬਾਂ ਵਾਂਗ ਉੱਗੇ ਸਨ। ਅੱਜ ਵੀ ਏਸੇ ਵਿਧੀ, ਸਵੱਬ ਰਾਹੀਂ ਮਨੁੱਖਤਾ ਅਤੇ ਹਿੰਦ ਦਾ ਕਲਿਅਣ ਸੰਭਵ ਹੈ।
ਝੂਠੀਆਂ-ਸੱਚੀਆਂ ਗੱਲਾਂ ਜੋੜ ਕੇ ਅਰੋੜੇ ਦਾ ਸਨਮਾਨ ਕਿਸੇ ਮਾਣਕਸ਼ਾਹ ਨੂੰ ਧੱਕੇ ਨਾਲ ਦਵਾਇਆ ਜਾ ਸਕਦਾ ਹੈ, ਸਾਬਣ-ਪਾਣੀ ਪੀਣ ਦੇ ਸ਼ੌਕੀਨ ਜਨਰੈਲ ਵੀ ਕਈ ਪ੍ਰਗਟ ਹੋ ਜਾਣਗੇ ਪਰ ਲੜਾਈ ਦੇ ਮੈਦਾਨ ਵਿੱਚ ਜੂਝਣ ਵਾਲੇ ਦਸਮੇਸ਼ ਦੇ ਲੜ ਲੱਗ ਕੇ ਹੀ ਤਿਆਰ ਹੁੰਦੇ ਹਨ। ਈਰਖਾਵਾਂ, ਖੁਣਸਾਂ, ਹੁੱਜਤਾਂ ਨੂੰ ਤਿਆਗੋ ਅਤੇ ਸੱਚੇ ਦਿਲ ਨਾਲ ਗੁਰੂ ਕੇ ਧਰਮੀ ਸੂਰਮਿਆਂ ਨੂੰ ਅਪਣਾਉ। ਚੋਰੀਆਂ, ਚਲਾਕੀਆਂ, ਮਹਿਜ਼ ਲਫ਼ਜ਼ਾਂ ਦੀ ਵਰਤੋਂ ਨਾਲ ਸੰਸਾਰ ਦੀ ਕੋਈ ਸੱਭਿਅਤਾ ਕਦੇ ਮਹਾਨ ਨਹੀਂ ਬਣੀ, ਸਗੋਂ ਕੇਵਲ ਆਪਣਾ ਸੱਭਿਆਚਾਰਕ ਨੰਗ ਵਿਖਾ ਕੇ ਸ਼ਰਮਸਾਰ ਹੀ ਹੋਈ ਹੈ।

No comments:
Post a Comment