deshpunjabtimes.blogspot.com

Thursday, 28 September 2017

ਖਾਲਸਾ ਏਡ ਦੀ ਸੇਵਾ ਭਾਵਨਾ ਤੋਂ ਪੂਰੀ ਦੁਨੀਆਂ ਹੋਈ ਕਾਇਲ


ਰੋਜ਼ਾਨਾ 40 ਤੋਂ 50 ਹਜ਼ਾਰ ਸ਼ਰਨਾਰਥੀਆਂ ਦੀ ਕੀਤੀ ਜਾ ਰਹੀ ਹੈ ਦੇਖ-ਭਾਲ 
ਕੌਮਾਂਤਰੀ ਪੱਧਰ 'ਤੇ ਸਿੱਖ ਪੰਥ ਦਾ ਨਾਮ ਚਮਕਿਆ
 ਸ਼ੋਸ਼ਲ ਮੀਡੀਆ 'ਤੇ ਫਿਰਕਾਪ੍ਰਸਤਾਂ ਵੱਲੋਂ ਖਾਲਸਾ ਏਡ ਦੇ ਗੁਰਸਿੱਖਾਂ ਨੂੰ ਕਿਹਾ ਜਾਣ ਲੱਗਾ ਅੱਤਵਾਦੀ
 ਕੌਮਾਂਤਰੀ ਪੱਧਰ 'ਤੇ ਲੋਕਾਂ ਦਾ ਹੁੰਗਾਰਾ ਖਾਲਸਾ ਏਡ ਨੂੰ ਮਿਲਿਆ
ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ





ਰੋਹਿੰਗਾ ਮੁਸਲਮਾਨਾਂ 'ਤੇ ਹੋਈ ਹਿੰਸਾ ਦੇ ਬਾਅਦ ਤੋਂ ਮਿਆਂਮਾਰ ਦਾ ਰਖਾਈਨ ਸੂਬਾ ਸੁਰਖੀਆਂ ਵਿੱਚ ਬਣਿਆ ਹੋਇਆ ਹੈ।  ਮਿਆਂਮਾਰ ਵਿੱਚ ਰੋਹਿੰਗਾ ਭਾਈਚਾਰੇ ਨਾਲ ਜੁੜੀ ਇਹ ਕੋਈ ਪਹਿਲੀ ਹਿੰਸਾ ਨਹੀਂ ਹੈ। ਰਖਾਈਨ ਮਿਆਂਮਾਰ ਦੇ ਉੱਤਰ-ਪੱਛਮੀ ਕੰਢੇ ਬੰਗਲਾਦੇਸ ਦੀ ਸੀਮਾ 'ਤੇ ਵਸਿਆ ਇੱਕ ਸੂਬਾ ਹੈ, ਜੋ 36762 ਵਰਗ ਕਿਲੋਮੀਟਰ ਵਿੱਚ ਫੈਲਿਆ ਹੈ ਤੇ ਸਿਤਵੇ ਇਸ ਦੀ ਰਾਜਧਾਨੀ ਹੈ। ਮਿਆਂਮਾਰ ਸਰਕਾਰ ਦੀ 2014 ਦੀ ਜਨਗਣਨਾ ਰਿਪੋਰਟ ਮੁਤਾਬਕ ਰਖਾਈਨ ਦੀ ਕੁਲ ਅਬਾਦੀ ਤਕਰੀਬਨ 21 ਲੱਖ ਹੈ, ਜਿਸ ਵਿੱਚੋਂ 20 ਲੱਖ ਬੋਧੀ ਹਨ। ਇੱਥੇ ਤਕਰੀਬਨ 29 ਹਜ਼ਾਰ ਮੁਸਲਮਾਨ ਰਹਿੰਦੇ ਹਨ। ਰਿਪੋਰਟ ਮੁਤਾਬਕ ਸੂਬੇ ਦੀ ਕਰੀਬ 10 ਲੱਖ ਦੀ ਅਬਾਦੀ ਨੂੰ ਜਨਗਣਨਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਰਿਪੋਰਟ ਵਿੱਚ ਇਸ 10 ਲੱਖ ਦੀ ਅਬਾਦੀ ਨੂੰ ਮੂਲ ਤੌਰ 'ਤੇ ਇਸਲਾਮ ਧਰਮ ਨੂੰ ਮੰਨਣ ਵਾਲੇ ਦੱਸਿਆ ਗਿਆ ਹੈ। ਹੁਣੇ ਜਿਹੇ ਸਥਾਨਕ ਲੋਕਾਂ ਤੇ ਸੁਰੱਖਿਆ ਦਸਤਿਆਂ ਵੱਲੋਂ ਇਨ੍ਹਾਂ ਉੱਪਰ ਬਹੁਤ ਜ਼ਿਆਦਾ ਅੱਤਿਆਚਾਰ ਕੀਤਾ ਗਿਆ ਹੈ। ਇਨ੍ਹਾਂ ਦੇ ਬੱਚਿਆਂ ਨੂੰ ਤਿੱਖੇ ਹਥਿਆਰਾਂ ਨਾਲ ਕੱਟਿਆ ਵੱਢਿਆ ਗਿਆ ਹੈ, ਇਸਤਰੀਆਂ ਨਾਲ ਬਲਾਤਕਾਰ ਕੀਤੇ ਗਏ ਹਨ ਤੇ ਇਨ੍ਹਾਂ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ ਹੈ। ਜਦੋਂ ਏਨਾ ਜ਼ੁਲਮ ਚੱਲ ਰਿਹਾ ਹੋਵੇ ਤਾਂ ਜ਼ੁਲਮ ਦੇ ਸ਼ਿਕਾਰ ਇਹ ਲੋਕ ਉਹ ਸਥਾਨ ਛੱਡ ਕੇ ਜਾਨਾਂ ਬਚਾਉਣ ਦੇ ਲਈ ਕਿਸੇ ਸੁਰੱਖਿਅਤ ਥਾਂ 'ਤੇ ਪਨਾਹ ਲੈਣਗੇ ਹੀ। ਪਰ ਦੁੱਖ ਦੀ ਗੱਲ ਹੈ ਕਿ ਮੁਸਲਮਾਨ ਹੋਣ ਕਰਕੇ ਕਿਸੇ ਦੇਸ਼ ਨੇ ਉਨ੍ਹਾਂ ਨੂੰ ਪਨਾਹ ਨਹੀਂ ਦਿੱਤੀ, ਸਿਰਫ਼ ਬੰਗਲਾਦੇਸ਼ ਹੀ ਉਨ੍ਹਾਂ ਨੂੰ ਪਨਾਹ ਦੇਣ ਲਈ ਸਾਹਮਣੇ ਆਇਆ।
ਭਾਰਤ ਸਣੇ ਕਈ ਮੁਲਕ ਮਿਆਂਮਾਰ ਵਿਚੋਂ ਉਜਾੜੇ ਗਏ ਰੋਹਿੰਗਿਆ ਮੁਸਲਮਾਨਾਂ ਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਜਥੇਬੰਦੀ 'ਖ਼ਾਲਸਾ ਏਡ' ਵੱਲੋਂ ਜ਼ਬਰ ਦੇ ਸਤਾਏ ਇਨਾਂ ਲੋਕਾਂ ਦੀ ਸੇਵਾ ਕਰਕੇ ਦੁਨੀਆ ਦਾ ਧਿਆਨ ਖਿੱਚਿਆ ਹੈ। 'ਖ਼ਾਲਸਾ ਏਡ' ਨਾਂ ਦੇ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਇਸ ਮਾਨਵਤਾ ਦੀ ਸੇਵਾ ਦਾ ਹਰ ਕੋਈ ਕਾਇਲ ਹੈ। 
ਇਹ ਜਥੇਬੰਦੀ ਸਹੀ ਅਰਥਾਂ ਵਿੱਚ ਗੁਰੂ ਨਾਨਕ ਦੇਵ ਦਾ ਸੁਨੇਹਾ ਦੁਨੀਆ ਵਿੱਚ ਪਹੁੰਚਾ ਰਹੀ ਹੈ। ਭਾਰਤ ਸਰਕਾਰ ਨੇ ਤਾਂ ਸੁਪਰੀਮ ਕੋਰਟ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰੋਹਿੰਗਿਆ ਮੁਸਲਮਾਨਾਂ ਸ਼ਰਨ ਨਹੀਂ ਦੇਵੇਗੀ। 'ਖ਼ਾਲਸਾ ਏਡ' ਪਿਛਲੇ 20-22 ਦਿਨਾਂ ਤੋਂ ਰੋਹਿੰਗਿਆ ਮੁਸਲਮਾਨਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ। ਜਥੇਬੰਦੀ ਦੇ ਵਾਲੰਟੀਅਰ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਲਈ ਦਵਾਈਆਂ, ਲੰਗਰ, ਪੀਣ ਵਾਲੇ ਪਾਣੀ, ਤਰਪਾਲਾਂ ਤੇ ਕੱਪੜਿਆਂ ਦਾ ਪ੍ਰਬੰਧ ਕਰ ਰਹੇ ਹਨ। ਪੰਜਾਬ ਤੋਂ ਦਰਜਨ ਦੇ ਕਰੀਬ ਵਾਲੰਟੀਅਰਾਂ ਦਾ ਜਥਾ ਪਹੁੰਚਿਆ ਹੋਇਆ ਹੈ। ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਹ ਜਥਾ ਮਿਆਂਮਾਰ-ਬੰਗਲਾਦੇਸ਼ ਸਰਹੱਦ ਨੇੜੇ ਟੈਕਨਾਫ਼ ਕਸਬੇ ਵਿੱਚ ਬਣੇ ਸ਼ਰਨਾਰਥੀ ਕੈਂਪਾਂ ਵਿਚ 40-50 ਹਜ਼ਾਰ ਦੇ ਕਰੀਬ ਲੋਕਾਂ ਦੀ ਸਾਂਭ-ਸੰਭਾਲ ਕਰ ਰਿਹਾ ਹੈ।
ਜਦੋਂ ਖਾਲਸਾ ਐਡ ਨਾਂ ਦੀ ਜਥੇਬੰਦੀ ਬੰਗਲਾਦੇਸ ਪਹੁੰਚ ਕੇ ਰੋਹਿੰਗਾ ਸ਼ਰਨਾਰਥੀਆਂ ਦੀ ਮਦਦ ਕਰ ਰਹੀ ਹੈ ਤਾਂ ਵਿਸ਼ਵ ਭਰ ਵਿਚ ਇਸ ਦੀਆਂ ਤਾਰੀਫਾਂ ਹੋ ਰਹੀਆਂ ਹਨ ਕਿ ਸਿੱਖ ਕੌਮ ਕਿੰਨੀ ਵਧੀਆ ਮਨੁੱਖਤਾ ਪੱਖੀ ਸੋਚ ਰੱਖਦੀ ਹੈ ਕਿ ਉਸ ਨੇ ਬੇਘਰੇ, ਉਜਾੜੇ ਲੋਕਾਂ ਦੀ ਸਹਾਇਤਾ ਲਈ ਆਪਾ ਵਾਰ ਦਿੱਤਾ। ਪਰ ਭਾਰਤ ਵਿਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧ ਉਹ ਲੋਕ ਕਰ ਰਹੇ ਹਨ, ਜਿਨ੍ਹਾਂ ਦੇ ਅੰਦਰ ਮਾਨਵਤਾ ਨਹੀਂ ਹੈ, ਜੋ ਫਿਰਕਾਪ੍ਰਸਤ ਹਨ ਤੇ ਲੋਕਾਂ ਨੂੰ ਜਾਤ ਤੇ ਧਰਮ ਦੇ ਨਾਮ 'ਤੇ ਵੰਡ ਰਹੇ ਹਨ। ਇਨ੍ਹਾਂ ਲੋਕਾਂ ਵੱਲੋਂ ਤਰਕ ਇਹ ਵੀ ਦਿੱਤਾ ਜਾ ਰਿਹਾ ਹੈ ਕਿ ਸਿੱਖ ਗੁਰੂਆਂ ਤੇ ਇਸਲਾਮੀ ਰਾਜਿਆਂ ਦਾ ਟਕਰਾਅ ਰਿਹਾ ਹੈ ਤੇ ਉਨ੍ਹਾਂ ਨੇ ਸਿੱਖਾਂ ਤੇ ਸਿੱਖ ਗੁਰੂਆਂ ਉਪਰ ਜ਼ੁਲਮ ਕੀਤੇ ਹਨ ਤਾਂ ਸਿੱਖਾਂ ਨੂੰ ਇਹੋ ਜਿਹੇ ਲੋਕਾਂ ਦੀ ਮਦਦ ਨਹੀਂ ਕਰਨੀ ਚਾਹੀਦੀ ਸੀ। ਇਹ ਸਭ ਕੁਝ ਸ਼ੋਸ਼ਲ ਮੀਡੀਆ 'ਤੇ ਚਲ ਰਿਹਾ ਹੈ। ਨਫ਼ਰਤ ਭਰਭੂਰ ਬਹਿਸਬਾਜ਼ੀ ਹੋ ਰਹੀ ਹੈ ਤੇ ਕੋਈ ਖਾਲਸਾ ਏਡ ਨੂੰ ਬੇਘਰੇ ਤੇ ਉਜਾੜੇ ਮੁਸਲਮਾਨਾਂ ਦੀ ਮਦਦ ਕਾਰਨ ਅੱਤਵਾਦੀ ਦੱਸ ਰਿਹਾ ਹੈ ਤੇ ਕੋਈ ਫੰਡਾਂ ਵਿਚ ਹੇਰਾਫੇਰੀ ਕਰਨ ਵਾਲੇ ਝੂਠੇ ਲੋਕ ਦੱਸ ਰਿਹਾ ਹੈ। ਪਰ ਇਨ੍ਹਾਂ ਦੇ ਹੱਕ ਵਿਚ ਵੀ ਲੋਕਾਂ ਦੀ ਲੰਮੀ ਕਤਾਰ ਜੁੜ ਚੁੱਕੀ ਹੈ। ਇਨ੍ਹਾਂ ਦਾ ਘੇਰਾ ਵਿਸ਼ਵ ਪੱਧਰ ਤੱਕ ਫੈਲ ਚੁੱਕਾ ਹੈ। ਇਸੇ ਕਾਰਨ ਕੌਮਾਂਤਰੀ ਪੱਧਰ 'ਤੇ ਸਿੱਖ ਪੰਥ ਦਾ ਮਾਨਵਵਾਦੀ ਸਰੂਪ ਪ੍ਰਗਟ ਹੋ ਰਿਹਾ ਹੈ।
ਯਾਦ ਰਹੇ ਕਿ ਖਾਲਸਾ ਏਡ ਵਾਲੇ 2005 ਦੇ ਭੂਚਾਲ ਵਿੱਚ ਕਸ਼ਮੀਰੀਆਂ, 2009 ਦੇ ਸਵਾਤ ਸੰਕਟ ਵਿੱਚ ਹਿੰਦੂ ਭਾਈਚਾਰੇ ਦੀ ਮਦਦ ਕਰ ਚੁੱਕੇ ਹਨ। ਖਾਲਸਾ ਏਡ ਦਾ ਕਹਿਣਾ ਸੀ ਕਿ ਰੋਹਿੰਗਾ ਮੁਸਲਮਾਨਾਂ ਦੀ ਹਾਲਤ ਖ਼ਰਾਬ ਹੈ। ਜਿਸ ਵਕਤ ਰੋਹਿੰਗਾ ਨੂੰ ਭਜਾਉਣ ਦੀ ਗੱਲ ਹੋ ਰਹੀ ਸੀ ਤਾਂ ਖਾਲਸਾ ਐਡ ਉਨ੍ਹਾਂ ਦੀ ਭੁੱਖ ਦੀ ਚਿੰਤਾ ਕਰ ਰਿਹਾ ਸੀ, ਦਵਾਈਆਂ ਤੇ ਮੁੜ ਵਸੇਵੇ ਦੀ ਚਿੰਤਾ ਕਰ ਰਿਹਾ ਸੀ। ਹਰ ਤਰ੍ਹਾਂ ਦੀ ਮਦਦ ਪਹੁੰਚਾ ਰਿਹਾ ਸੀ।
ਤੁਹਾਨੂੰ ਯਾਦ ਕਰਾ ਦੇਈਏ ਕਿ ਸੀਰੀਆ ਦੇ ਸੰਕਟ ਵਿੱਚ ਜਦੋਂ ਸੀਰੀਆ ਦੇ ਲੋਕ ਭੱਜ ਕੇ ਯੂਰਪੀ ਦੇਸਾਂ ਵਿੱਚ ਬਣੇ ਰਫਿਊਜ਼ੀ ਕੈਂਪਾਂ ਵਿੱਚ ਜਾ ਰਹੇ ਸਨ, ਉਸ ਵੇਲੇ ਯੂਰਪ ਦੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਖਾਲਸਾ ਏਡ ਨੇ ਬੇਕਰੀ ਸੀਰੀਆ ਦੀ ਸਰਹੱਦ 'ਤੇ ਉਜੜੇ ਲੋਕਾਂ ਦੇ ਖਾਣੇ ਦਾ ਪ੍ਰਬੰਧ ਕੀਤਾ, 16000 ਬਰੈੱਡ ਰੋਜ਼ ਵੰਡੇ ਤੇ ਇਸੇ ਸਾਲ ਲੇਬਨਾਨਾ ਸੀਰੀਆ ਸਰਹੱਦ 'ਤੇ ਰਫਿਊਜੀ ਕੈਂਪ ਵਿੱਚ ਇੱਕ ਸਕੂਲ ਵੀ ਖੋਲ੍ਹਿਆ, ਜਿਸ ਵਿੱਚ 500 ਬੱਚੇ ਪੜ੍ਹਨ ਆਉਂਦੇ ਹਨ। ਇਸੇ ਤਰ੍ਹਾਂ ਇੰਗਲੈਂਡ ਦੀ ਇੱਕ ਹੋਰ ਜੱਥੇਬੰਦੀ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਕੈਲੇ ਫਰਾਂਸ ਵਿੱਚ ਸਰਗਰਮ ਸੀ ਅਤੇ 5000 ਰਫਿਊਜੀਆਂ ਦੇ ਕੈਂਪ ਨੂੰ ਜੰਗਲ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ।
2015 ਦੌਰਾਨ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਦੇ ਸਿੱਖ ਰਫਿਊਜੀਆਂ ਦੀ ਮਦਦ ਲਈ ਸਰਗਰਮ ਹੋਈਆਂ। ਵਿਆਨਾ ਦੀ ਇੱਕ ਸਿੱਖ ਜਥੇਬੰਦੀ ਸਿੱਖ ਹੈਲਪ, ਆਸਟਰੀਆ ਦੇ ਬੈਨਰ ਹੇਠ ਰਫਿਊਜੀਆਂ ਦੀ ਭੁੱਖ ਮਿਟਾਉਣ ਲਈ ਰੇਲਵੇ ਸਟੇਸ਼ਨਾਂ 'ਤੇ ਲੰਗਰ ਲਗਾਉਣ ਲੱਗੀ। ਇਹ ਕਿੰਨਾ ਵੱਡਾ ਉਪਰਾਲਾ ਹੈ ਕਿ ਜਿਸ ਅੱਤਵਾਦੀ ਜਥੇਬੰਦੀ ਦੇ ਨਾਮ 'ਤੇ ਪੂਰੀ ਦੁਨੀਆਂ ਘਬਰਾ ਰਹੀ ਹੈ, ਉਨ੍ਹਾਂ ਦੇ ਖੇਤਰ ਵਿਚ ਜਾ ਕੇ ਗੁਰੂਆਂ ਦੇ ਪ੍ਰਣਾਏ ਸਿੱਖ ਦ੍ਰਿੜ੍ਹਤਾ ਨਾਲ ਲੰਗਰ ਵੰਡ ਰਹੇ ਹੋਣ। 
ਰੋਹਿੰਗਾ ਸ਼ਰਨਾਰਥੀਆਂ ਨੂੰ ਭਾਰਤ ਤੋਂ ਕੱਢਣ ਲਈ ਰਾਜਨੀਤਕ ਬਹਿਸ ਜਾਰੀ ਹੈ। ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਹੈ। ਸਰਕਾਰ ਇਨ੍ਹਾਂ ਨੂੰ ਦੇਸ ਦੀ ਸੁਰੱਖਿਆ ਲਈ ਖ਼ਤਰਾ ਮੰਨਦੀ ਹੈ। ਪਰ ਭਾਰਤ ਦੇ ਹੀ ਨਾਗਰਿਕ ਖਾਲਸਾ ਏਡ ਸੰਗਠਨ ਦੇ ਬੈਨਰ ਹੇਠ ਇਨ੍ਹਾਂ ਦੀ ਮਦਦ ਕਰਨ ਬੰਗਲਾਦੇਸ ਪਹੁੰਚ ਜਾਂਦੇ ਹਨ। ਇਹ ਮਨੁੱਖਤਾਵਾਦੀ ਪਹੁੰਚ ਹੈ। ਇਹ ਸੁਨੇਹਾ ਹੈ ਨਸਲਵਾਦੀਆਂ ਨੂੰ ਕਿ ਸਭ ਮਨੁੱਖ ਬਰਾਬਰ ਹਨ ਤੇ ਮਨੁੱਖਤਾ ਦਾ ਦਰਦ ਸਭ ਦਾ ਸਾਂਝਾ ਹੈ। ਜਦੋਂ ਇਸ ਗੱਲ ਨੂੰ ਸਮਝਾਂਗੇ ਤਾਂ ਰੰਗ, ਨਸਲ ਤੇ ਜਾਤਾਂ ਦੇ ਭੇਦ ਮਿਟ ਜਾਣਗੇ। ਇਹੀ ਕੌਮਾਂਤਰੀ ਪੱਧਰ ਦੀ ਸੋਚ ਹੈ। ਇਸ ਨੂੰ ਹੀ ਬਹਾਲ ਰੱਖਣਾ ਸਾਡਾ ਅਸਲ ਵਿਰਸਾ ਹੈ।  




Wednesday, 13 September 2017

ਖਾਲਸਾ ਏਡ ਰੋਹਿੰਗੀਆ ਸ਼ਰਨਾਰਥੀਆਂ ਦੀ ਸਹਾਇਤਾ ਲਈ ਪਹੁੰਚੀ
 ਮਾਨਵਤਾ ਦੀ ਸੇਵਾ ਰਾਹੀਂ ਸਿੱਖੀ ਦਾ ਨਾਮ ਰੋਸ਼ਨ ਕੀਤਾ 





ਸੰਯੁਕਤ ਰਾਸ਼ਟਰ ਤੋਂ ਪਹਿਲਾਂ ਪਹੁੰਚੇ ਖਾਲਸਾ ਏਡ ਵਾਲੇ



ਮੁਲਕ ਮਿਆਂਮਾਰ ਤੋਂ ਉਜਾੜੇ ਰੋਹਿੰਗੀਆ ਮੁਸਲਮਾਨਾਂ ਨੂੰ ਸ਼ਰਨ ਦੇਣ ਲਈ ਤਿਆਰ ਨਹੀਂ, ਦੂਜੇ ਪਾਸੇ 'ਖ਼ਾਲਸਾ ਏਡ' ਨਾਮੀ ਆਲਮੀ ਐਨਜੀਓ ਦੇ ਵਾਲੰਟੀਅਰ ਉਨ੍ਹਾਂ ਦੀ ਸੇਵਾ ਤੇ ਸਹਾਇਤਾ ਲਈ ਬੰਗਲਾਦੇਸ਼ ਤੇ ਮਿਆਂਮਾਰ ਦੀ ਸਰਹੱਦ 'ਤੇ ਪਹੁੰਚ ਗਏ ਹਨ। 
ਮੀਡੀਆ ਰਿਪੋਰਟਾਂ ਅਨੁਸਾਰ ਇਸ ਸੰਗਠਨ ਵੱਲੋਂ ਰੋਹਿੰਗੀਆ ਸ਼ਰਨਾਰਥੀਆਂ ਨੂੰ ਲੰਗਰ, ਸਵੱਛ ਪਾਣੀ, ਕੱਪੜੇ ਤੇ ਤ੍ਰਿਪਾਲਾਂ ਆਦਿ ਮੁਹੱਈਆ ਕਰਵਾਉਣ ਦੇ ਹੀਲੇ ਕੀਤੇ ਗਏ ਹਨ। ਮਿਆਂਮਾਰ ਦੇ ਰਖ਼ੀਨ ਸੂਬੇ ਵਿੱਚੋਂ ਮਿਆਂਮਾਰੀ ਫ਼ੌਜ ਵੱਲੋਂ ਉਜਾੜੇ ਗਏ ਰੋਹਿੰਗੀਆ ਮੁਸਲਮਾਨਾਂ ਨੇ ਮਿਆਂਮਾਰ-ਬੰਗਲਾ ਸਰਹੱਦ 'ਤੇ ਸਥਿਤ ਕਸਬੇ ਟੈਕਨਾਫ਼ ਵਿੱਚ ਪਨਾਹ ਲਈ ਹੈ। ਉੱਥੇ ਤਿੰਨ ਲੱਖ ਤੋਂ ਵੱਧ ਸ਼ਰਨਾਰਥੀ ਪੁੱਜੇ ਹੋਏ ਹਨ।
ਕੌਮਾਂਤਰੀ ਚੈਨਲਾਂ ਉੱਤੇ ਦਿਖਾਈਆਂ ਜਾ ਰਹੀਆਂ ਵੀਡੀਓ ਕਲਿੱਪਿੰਗਜ਼ ਦਰਸਾਉਂਦੀਆਂ ਹਨ ਕਿ ਸ਼ਰਨਾਰਥੀਆਂ ਨੂੰ ਇਸ ਕਸਬੇ ਵਿੱਚ ਠਹਿਰਾਉਣ ਲਈ ਥਾਂ ਦੀ ਭਾਰੀ ਕਮੀ ਹੈ ਅਤੇ ਬੰਗਲਾਦੇਸ਼ੀ ਅਧਿਕਾਰੀਆਂ ਨੇ ਵੀ ਰੋਟੀ-ਪਾਣੀ ਜਾਂ ਦਵਾਈਆਂ ਆਦਿ ਵਰਗੇ ਬੁਨਿਆਦੀ ਪ੍ਰਬੰਧ ਨਹੀਂ ਕੀਤੇ। ਉੱਪਰੋਂ ਮੌਨਸੂਨ ਦੀ ਰੁੱਤ ਵੱਖਰੀਆਂ ਦਿੱਕਤਾਂ ਪੈਦਾ ਕਰ ਰਹੀ ਹੈ। 
ਅਜਿਹੀ ਸੂਰਤ ਵਿੱਚ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਦੇ ਕਮਿਸ਼ਨ ਜਾਂ ਬੰਗਲਾਦੇਸ਼ ਦੇ ਰਾਹਤ ਅਧਿਕਾਰੀਆਂ ਤੋਂ ਪਹਿਲਾਂ 'ਖਾਲਸਾ ਏਡ' ਦੇ ਵਾਲੰਟੀਅਰਾਂ ਵੱਲੋਂ ਉਸ ਥਾਂ 'ਤੇ ਪੁੱਜਣਾ ਆਪਣੇ ਆਪ ਵਿੱਚ ਸ਼ਲਾਘਾਯੋਗ ਕਦਮ ਹੈ।
'ਖ਼ਾਲਸਾ ਏਡ' ਵੱਲੋਂ ਪਹਿਲਾਂ ਪੱਛਮੀ ਬੰਗਾਲ ਤੋਂ ਢਾਕਾ ਵਿੱਚ ਰਾਹਤ ਸਮੱਗਰੀ ਪਹੁੰਚਾਈ ਜਾਂਦੀ ਹੈ। ਢਾਕਾ ਤੋਂ ਅੱਗੇ ਟੈਕਨਾਫ਼ ਪੁੱਜਦਿਆਂ ਦਸ ਘੰਟੇ ਲੱਗਦੇ ਹਨ। ਬੰਗਲਾਦੇਸ਼ ਤੱਟਵਰਤੀ ਮੁਲਕ ਹੈ ਅਤੇ ਦੋ ਵੱਡੇ ਦਰਿਆਵਾਂ ਦੇ ਡੈਲਟੇ ਦਾ ਹਿੱਸਾ ਵੀ ਹੈ। ਇੱਥੇ ਨਦੀਆਂ ਨਾਲਿਆਂ ਦੀ ਭਰਮਾਰ ਹੈ। 
ਉੱਪਰੋਂ ਮੌਨਸੂਨ ਦੀ ਰੁੱਤ ਵਿੱਚ ਬਰਸਾਤਾਂ ਤੇ ਸਮੁੰਦਰੀ ਛੱਲਾਂ ਵੱਖਰੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ। ਅਜਿਹੇ ਦੁਸ਼ਵਾਰ ਹਾਲਾਤ ਵਿੱਚ 'ਖ਼ਾਲਸਾ ਏਡ' ਵਰਗੇ ਸੰਗਠਨ ਵੱਲੋਂ ਕੀਤਾ ਗਿਆ ਉਪਰਾਲਾ ਸਰਬੱਤ ਦੇ ਭਲੇ ਦੇ ਸੰਕਲਪ ਉੱਤੇ ਹਰ ਹਾਲ ਫੁੱਲ ਚੜ੍ਹਾਏ ਜਾਣ ਦਾ ਪ੍ਰਮਾਣ ਹੈ। ਸੰਸਥਾ ਦੇ ਪ੍ਰਬੰਧਕੀ ਨਿਰਦੇਸ਼ਕ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਇੱਕ ਵੱਡੇ ਰਾਹਤ ਕਾਰਜ ਦੇ ਮੁਢਲੇ ਦੌਰ ਵਿੱਚ 25 ਸਵੈ-ਇਛੁੱਕ ਸੇਵਕਾਂ ਦੀ ਟੀਮ ਰੋਹਿੰਗੀਆ ਰਿਫੀਊਜੀਆਂ ਦੀ ਸਹਾਇਤਾ ਲਈ ਭੇਜ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇੰਨੇ ਲੋਕਾਂ ਦੇ ਇਕਦਮ ਆ ਜਾਣ ਕਾਰਨ ਬੰਗਲਾਦੇਸ਼ ਨੂੰ ਤੁਰੰਤ ਭੋਜਨ, ਠਾਹਰ, ਕੱਪੜੇ ਤੇ ਦਵਾਈਆਂ ਦੀ ਲੋੜ ਹੈ। ਕੁਝ ਲੋਕ ਕੈਂਪਾਂ ਵਿੱਚ ਰਹਿ ਰਹੇ ਹਨ ਪਰ ਮੀਂਹ ਵਾਲਾ ਮੌਸਮ ਉਨਾਂ ਦੇ ਹਾਲਾਤ ਹੋਰ ਵੀ ਤਰਸਯੋਗ ਕਰ ਰਿਹਾ ਹੈ। 
ਅਮਨਪ੍ਰੀਤ ਨੇ ਦੱਸਿਆ ਕਿ ਸਿੱਖ ਸਵੈ-ਇਛੁੱਕ ਸੇਵਕਾਂ ਨੇ ਰੋਹਿੰਗੀਆ ਮੁਸਲਮਾਨਾਂ ਲਈ ਲੰਗਰ ਲਗਾ ਦਿੱਤਾ ਹੈ। ਪਰ ਰਿਫੀਊਜੀਆਂ ਦੀ ਗਿਣਤੀ ਜ਼ਿਆਦਾ ਹੈ, ਇਸ ਲਈ ਉਨ੍ਹਾਂ ਕੋਲ ਛੇਤੀ ਹੀ ਹੋਰ ਰਸਦ ਤੇ ਸਾਰਾ ਜ਼ਰੂਰੀ ਸਾਮਾਨ ਭੇਜ ਦਿੱਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ਮੀਡੀਆ ਰਿਪੋਰਟਾਂ ਵਿੱਚ ਆਇਆ ਹੈ ਕਿ ਮਿਆਂਮਾਰ ਵਿੱਚ ਤਕਰੀਬਨ ਰੋਹਿੰਗੀਆ ਮੁਸਲਮਾਨਾਂ ਦੇ 10 ਹਜ਼ਾਰ ਘਰਾਂ ਨੂੰ ਅੱਗ ਲਗਾ ਦਿੱਤੀ ਹੈ। ਉੱਥੇ ਇਸ ਭਾਈਚਾਰੇ ਦੇ ਲੋਕਾਂ ਦੀ ਵੱਡੇ ਪੱਧਰ 'ਤੇ ਨਸਲਕੁਸ਼ੀ ਹੋ ਰਹੀ ਹੈ।
ਸਿੱਖ ਭਾਈਚਾਰੇ ਉੱਤੇ ਰੱਬੀ ਮਿਹਰ ਹੈ ਕਿ ਇਹ ਮੁਸੀਬਤਜ਼ਦਾ ਲੋਕਾਂ ਲਈ ਓਟ-ਆਸਰਾ ਜੁਟਾਉਣ ਵਿੱਚ ਮੋਹਰੀ ਰਹਿੰਦਾ ਹੈ। ਸਾਲ 1993 ਵਿੱਚ ਸਮੁੰਦਰੀ ਤੂਫ਼ਾਨ 'ਹੁਦ ਹੁਦ' ਨਾਲ ਝੰਬੇ ਉੜੀਸਾ ਵਿੱਚ ਸਭ ਤੋਂ ਪਹਿਲਾਂ ਪੰਜਾਬ ਤੋਂ ਕਾਰ ਸੇਵਾ ਵਾਲੇ ਬਾਬਿਆਂ ਨੇ ਪਹੁੰਚ ਕੇ ਨਾ ਸਿਰਫ਼ ਲੰਗਰ ਲਾਇਆ ਸੀ, ਸਗੋਂ ਸਵੱਛ ਪਾਣੀ ਲਈ ਟਿਊਬਵੈੱਲ ਵੀ ਬੋਰ ਕੀਤੇ ਸਨ। 
ਇਸੇ ਤਰ੍ਹਾਂ 2001 ਵਿੱਚ ਗੁਜਰਾਤ ਵਿੱਚ ਆਏ ਭੂਚਾਲ ਸਮੇਂ ਵੀ ਸਭ ਤੋਂ ਪਹਿਲਾਂ ਰਾਹਤ ਸਮੱਗਰੀ ਲੈ ਕੇ ਗਵਾਲੀਅਰ ਤੋਂ ਸਿੱਖ ਵਾਲੰਟੀਅਰ ਪਹੁੰਚੇ ਸਨ। ਦੁਖਿਆਰੀ ਮਾਨਵਤਾ ਦੀ ਸੇਵਾ ਲਈ ਫੌਰੀ ਹਾਜ਼ਰ ਹੋਣ ਦਾ ਇਹ ਜਜ਼ਬਾ ਜਿੱਥੇ ਸਿੱਖ ਭਾਈਚਾਰੇ ਦਾ ਅਕਸ ਨਿਖਾਰਨ ਪੱਖੋਂ ਮਦਦਗਾਰ ਹੁੰਦਾ ਆਇਆ ਹੈ, ਉੱਥੇ ਹੋਰਨਾਂ ਧਾਰਮਿਕ ਭਾਈਚਾਰਿਆਂ ਲਈ ਵੀ ਪ੍ਰੇਰਨਾ ਸਰੋਤ ਸਾਬਤ ਹੋਇਆ ਹੈ। ਇਸੇ ਜਜ਼ਬੇ ਦੀ ਸਦਾ ਸਦਾ ਬੁਲੰਦਗੀ ਦੀ ਦੁਆ ਕੀਤੀ ਜਾਣੀ ਚਾਹੀਦੀ ਹੈ।


Friday, 8 September 2017

ਦੇਸ ਪੰਜਾਬ:  ਕੁਲਦੀਪ ਨਈਅਰ ਦੀ ਕਲਮੀ ਭਗਵੇਂਵਾਦੀ ਦਹਿਸ਼ਤਗਰਦੀਸੰਤ ਭਿੰਡਰਾ...

ਦੇਸ ਪੰਜਾਬ:  ਕੁਲਦੀਪ ਨਈਅਰ ਦੀ ਕਲਮੀ ਭਗਵੇਂਵਾਦੀ ਦਹਿਸ਼ਤਗਰਦੀਸੰਤ ਭਿੰਡਰਾ...:  ਕੁਲਦੀਪ ਨਈਅਰ ਦੀ ਕਲਮੀ ਭਗਵੇਂਵਾਦੀ ਦਹਿਸ਼ਤਗਰਦੀ ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰੀ ਸਾਧ ਰਾਮ ਰਹੀਮ ਨਾਲ ਕੀਤੀ ਸੰਤਾਂ ਨੂੰ ਆਖਿਆ ਭਸਮਾਸੁਰ              ...

 ਕੁਲਦੀਪ ਨਈਅਰ ਦੀ ਕਲਮੀ ਭਗਵੇਂਵਾਦੀ ਦਹਿਸ਼ਤਗਰਦੀ

ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰੀ ਸਾਧ ਰਾਮ ਰਹੀਮ ਨਾਲ ਕੀਤੀ ਸੰਤਾਂ ਨੂੰ ਆਖਿਆ ਭਸਮਾਸੁਰ

                                    ਪ੍ਰੋ. ਬਲਵਿੰਦਰਪਾਲ ਸਿੰਘ
                                          ਮੋਬ. 9815700916











ਉੱਘਾ ਪੱਤਰਕਾਰ, ਆਰੀਆ ਸਮਾਜੀ ਕੁਲਦੀਪ ਨਈਅਰ ਪੰਜਾਬੀ ਹੋਣ ਦਾ ਬੁਰਕਾ ਪਾ ਕੇ ਸਿੱਖ ਪੰਥ, ਪੰਜਾਬ ਤੇ ਪੰਜਾਬੀਅਤ ਵਿਰੁਧ ਭੁਗਤਦਾ ਰਿਹਾ ਤੇ ਇਸ ਦੀ ਸਾਂਝ ਪੰਜਾਬ ਵਿਰੋਧੀ ਪੰਜਾਬ ਦੇ ਖੱਬੇ ਪੱਖੀਆਂ ਤੇ ਭਗਵੀਂ ਤਾਕਤਾਂ ਨਾਲ ਹੈ ਜੋ ਸਿੱਖੀ ਤੇ ਪੰਜਾਬ ਦੇ ਵਿਰੋਧ ਵਿਚ ਭੁਗਤਦੇ ਤੇ ਜ਼ਹਿਰ ਉਗਲਦੇ ਰਹੇ ਹਨ ਤੇ ਪੰਜਾਬ ਹਿੱਤੂ ਮਤਾ ਅਨੰਦਪੁਰ ਸਾਹਿਬ ਇਨ੍ਹਾਂ ਦੇ ਨਿਸ਼ਾਨੇ 'ਤੇ ਰਹੇ ਹਨ। ਇਸ ਕਲਮੀ ਦਹਿਸ਼ਤਗਰਦੀ ਰਾਹੀਂ ਆਰੀਆ ਸਮਾਜੀ ਨਈਅਰ  ਆਪਣੀਆਂ ਲਿਖਤਾਂ ਰਾਹੀਂ ਸਮੇਂ-ਸਮੇਂ 'ਤੇ ਸਿੱਖ ਸੰਘਰਸ਼ ਤੇ ਖ਼ਾਸ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਪ੍ਰਤੀ ਨਫ਼ਰਤ ਦੀ ਅੱਗ ਉਗਲਦੇ ਰਹੇ ਹਨ ਜੋ ਅੱਜ ਤੱਕ ਨਿਰੰਤਰ ਜਾਰੀ ਹੈ। 
6 ਸਤੰਬਰ 2017 ਦੌਰਾਨ ਇਕ ਪੰਜਾਬੀ ਦੀ ਅਖਬਾਰ ਦੇ ਐਡੀਟੋਰੀਅਲ ਪੰਨੇ 'ਤੇ ਕੁਲਦੀਪ ਨਈਅਰ ਦਾ ਲੇਖ ''ਲੋਕਾਂ ਦੀਆਂ ਵੋਟਾਂ ਨਾਲ ਚੱਲਣ ਵਾਲੀ ਵਿਵਸਥਾ ਵਿਚ ਬਾਬਿਆਂ ਦੀ ਕੋਈ ਜਗਾ ਨਹੀਂ'' ਪ੍ਰਕਾਸ਼ਿਤ ਹੋਇਆ ਹੈ। ਇਸ ਲੇਖ ਵਿਚ ਕੁਲਦੀਪ ਨਈਅਰ ਨੇ ਬਲਾਤਕਾਰੀ ਸੌਦਾ ਸਾਧ ਦੀ ਤੁਲਨਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨਾਲ ਕੀਤੀ ਤੇ ਸੰਤਾਂ ਨੂੰ ''ਭਸਮਾਸੁਰ'' ਤੱਕ ਆਖ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਆਰੀਅਨ ਮਿੱਥ ਅਨੁਸਾਰ ਭਸਮਾਸੁਰ ਇੱਕ ਅਜਿਹਾ ਰਾਖਸ ਸੀ, ਜਿਸ ਨੂੰ ਵਰਦਾਨ ਸੀ ਕਿ ਉਹ ਜਿਸ ਦੇ ਸਿਰ ਉੱਤੇ ਹੱਥ ਰੱਖੇਗਾ, ਉਹ ਭਸਮ ਹੋ ਜਾਵੇਗਾ।''
ਲੇਖਕ ਨਈਅਰ ਸੰਤ ਭਿੰਡਰਾਵਾਲਿਆਂ ਦੀ ਤੁਲਨਾ ਸੌਦਾ ਸਾਧ ਨਾਲ ਇਹ ਆਖ਼ ਕੇ ਕਰਦਾ ਹੈ ਕਿ ''ਭਿੰਡਰਾਂਵਾਲਾ ਤੇ ਰਾਮ ਰਹੀਮ ਦਰਮਿਆਨ ਕੁਝ ਸਮਾਨਤਾਵਾਂ ਹਨ। ਜੇਕਰ ਭਿੰਡਰਾਂਵਾਲਾ ਕਾਂਗਰਸ ਦਾ ਪੈਦਾ ਕੀਤਾ ਹੋਇਆ ਸੀ ਤਾਂ ਰਾਮ ਰਹੀਮ ਨੂੰ ਹਰਿਆਣਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਜਿਨ੍ਹਾਂ ਵਿਚ ਭਾਜਪਾ ਵੀ ਸ਼ਾਮਿਲ ਹੈ, ਦਾ ਸਮਰਥਨ ਹਾਸਿਲ ਹੈ ਬਾਬਾ ਗੁਰਮੀਤ ਰਾਮ ਰਹੀਮ ਭਿੰਡਰਾਂਵਾਲਾ ਬਣਨ ਦੇ ਰਾਹ 'ਤੇ ਸੀ।''
ਪਰ ਇਸ ਫਿਰਕੂ ਲੇਖਕ ਨੂੰ ਗਿਆਨ ਨਹੀਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਮਨੋਰਥ ਗੁਰਮਤਿ ਫਲਸਫੇ ਅਨੁਸਾਰ ਆਪਣਾ ਕਿਰਦਾਰ ਬੁਲੰਦ ਰੱਖਦਿਆਂ ਪੰਜਾਬ ਤੇ ਪੰਥਕ ਹਿੱਤਾਂ ਲਈ ਜੂਝਣਾ, ਕੌਮ ਨੂੰ ਆਪਣੀ ਮੰਜਲ ਵਲ ਤੌਰਨਾ ਤੇ ਕੌਮੀ ਹਿੱਤਾਂ ਲਈ ਬਾਬਾ ਦੀਪ ਸਿੰਘ ਵਾਂਗ ਆਪਣਾ ਸੀਸ ਤਲੀ 'ਤੇ ਧਰਨਾ ਸੀ, ਨਾ ਕਿ ਬਲਾਤਕਾਰੀ ਸੌਦਾ ਸਾਧ ਵਾਂਗ ਆਧੁਨਿਕ ਇੰਦਰਪੁਰੀ ਤਰਜ਼ ਦਾ ਡੇਰਾ ਸਿਰਜਣਾ ਸੀ। ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਇੱਕ ਬਲਾਤਕਾਰੀ ਸਾਧ ਨਾਲ ਕਿਵੇਂ ਸੰਭਵ ਹੈ ਜੋ ਜਿਹੜਾ 14-14 ਸਾਲ ਦੀ ਮਾਸੂਮ ਬੱਚੀਆਂ ਨੂੰ ਨੰਗਾ ਨਚਾਉਂਦਾ ਰਿਹਾ, ਉਨ੍ਹਾਂ ਨਾਲ ਬਲਾਤਕਾਰ ਕਰਦਾ ਰਿਹਾ ਤੇ ਜਿਸ ਉੱਪਰ ਆਪਣੇ ਭਗਤਾਂ ਦੀਆਂ ਲਾਸ਼ਾਂ ਨੂੰ ਡੇਰੇ ਵਿਚ ਦਬਾਉਣ ਦੇ ਵੀ ਦੋਸ਼ ਹਨ। ਇਹ ਦੋਸ਼ ਕਿਸੇ ਹੋਰ ਨੇ ਨਹੀਂ, ਉਸ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਤੇ ਉਸ ਦੇ ਡੇਰੇ ਇਸ ਇਕ ਸਾਧ ਹੰਸਰਾਜ ਨੇ ਲਗਾਏ ਹਨ ਕਿ ਰਾਮ ਰਹੀਮ ਸਾਧੂਆਂ ਦਾ ਬ੍ਰੇਨ ਵਾਸ਼ ਕਰਕੇ ਉਨ੍ਹਾਂ ਨੂੰ ਆਪਣੇ ਕਾਬੂ ਵਿਚ ਰੱਖਦਾ ਸੀ। ਇਸ ਬੂਟੀ ਨੂੰ ਤਿਆਰ ਕਰਨ ਦੇ ਲਈ ਵੈਦ ਰੱਖੇ ਹੋਏ ਸਨ ਅਤੇ ਇਸ ਨੂੰ ਖਵਾਉਣ ਤੋਂ ਬਾਅਦ ਹੀ ਸਾਧੂਆਂ ਨੂੰ ਨਿਪੁੰਸਕ ਬਣਾਉਣ ਲਈ ਤਿਆਰ ਕੀਤਾ ਜਾਂਦਾ ਸੀ। 
ਯਾਦ ਰਹੇ ਕਿ ਇਹ ਸਾਧੂ ਹੰਸਰਾਜ ਵੀ ਸੌਦਾ ਸਾਧ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਚੁੱਕਾ ਹੈ। ਮਹਾਨ ਸੰਤ ਕਬੀਰ ਜੀ ਨੇ ਅਜਿਹੇ ਮਾਇਆਧਾਰੀ ਤੇ ਵਿਲਾਸੀ ਸਾਧਾਂ ਦੀ ਤੁਲਨਾ ਬਨਾਰਸ ਦੇ ਠੱਗਾਂ ਨਾਲ ਕਰਦੇ ਹਨ : 
ਗਜ ਸਾਢੇ ਤੈ ਤੈ ਧੋਤੀਆ 
ਤਿਹਰੇ ਪਾਇਨਿ ਤਗ ।। 
ਗਲੀ ਜਿਨ੍ਹ੍ਹਾ ਜਪਮਾਲੀਆ
ਲੋਟੇ ਹਥਿ ਨਿਬਗ ।।
ਓਇ ਹਰਿ ਕੇ ਸੰਤ ਨ ਆਖੀਅਹਿ 
ਬਾਨਾਰਸਿ ਕੇ ਠਗ ।।
ਇਹ ਤੱਥ ਜਾਣਨ ਵਾਲਾ ਹਰ ਸਾਧਾਰਨ ਮਨੁੱਖ ਸਮਝ ਸਕਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕੋਈ ਸਿਆਸੀ ਮਨੋਰਥ ਨਹੀਂ ਸੀ। ਸਿਆਸੀ ਨਿਸ਼ਾਨਾ ਉਹਨਾਂ ਦੇ ਗਲ਼ ਮੜ੍ਹਨਾ ਅਕਾਲੀਆਂ ਤੇ ਕਾਂਗਰਸ ਦੀ ਮਿਲੀਭੁਗਤ ਰਾਹੀਂ ਸਿਰਜਿਆ ਚੱਕਰਵਿਊ ਸੀ ਜਿਸ ਦੇ ਅੰਤਰਗਤ ਉਹ ਸੰਤ ਭਿੰਡਰਾਂਵਾਲਿਆਂ ਨੂੰ ਕਾਂਗਰਸ ਦੀ ਪੈਦਾਇਸ਼ ਬਣਾ ਕੇ ਇਲਜਾਮ ਲਗਾਏ ਗਏ ਤੇ ਸ਼ਹੀਦ ਕੀਤਾ ਗਿਆ। ਨਿਰੰਕਾਰੀਆਂ ਨੂੰ ਖੁੱਲ੍ਹ ਖੇਡਣ ਦੇ ਨਾਪਾਕ ਇਰਾਦੇ ਨੂੰ ਅੰਜ਼ਾਮ ਦੇਣ ਲਈ ਕੇਂਦਰ ਸਰਕਾਰ ਨੇ ਉਸ ਸਮੇਂ ਦੀ ਅਕਾਲੀ ਸਰਕਾਰ ਨਾਲ ਮਿਲ ਕੇ ਪੰਜਾਬ ਨੂੰ ਉਜਾੜਨ ਤੇ ਸਿੱਖ ਦੁਖਾਂਤ ਸਿਰਜਣ ਦੀ ਇਹ ਸਾਜ਼ਿਸ਼ ਰਚੀ। 
ਕੁਲਦੀਪ ਨਈਅਰ ਵੀ ਇਸ ਥਿਉਰੀ 'ਤੇ ਚਲਦਾ ਹੋਇਆ ਆਖਦਾ ਹੈ ਕਿ 1977 ਵਿਚ ਅਕਾਲੀ ਦਲ-ਜਨਤਾ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅਕਾਲੀ ਪੰਜਾਬ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਰਹੇ ਸਨ ਅਤੇ ਕਾਂਗਰਸ ਦਾ ਆਧਾਰ ਉਖਾੜ ਰਹੇ ਸਨ। ਉਸੇ ਸਮੇਂ ਸੰਜੇ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ ਅਕਾਲੀਆਂ ਨਾਲ ਟੱਕਰ ਲੈਣ ਲਈ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਚੁਣਿਆ ਤੇ ਉਸ ਦਾ ਸਮਰਥਨ ਕੀਤਾ। ਜਦੋਂ ਤਕ ਇੰਦਰਾ ਗਾਂਧੀ ਨੇ ਇਹ ਮਹਿਸੂਸ ਕੀਤਾ ਕਿ ਉਹ ਭਸਮਾਸੁਰ ਬਣ ਚੁੱਕਾ ਹੈ ਤੇ ਉਸ ਦੇ ਜਾਣ ਦਾ ਸਮਾਂ ਆ ਗਿਆ ਹੈ, ਉਦੋਂ ਤਕ ਭਿੰਡਰਾਂਵਾਲਾ ਇੰਨਾ ਤਾਕਤਵਰ ਹੋ ਚੁੱਕਾ ਸੀ ਕਿ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚੋਂ ਕੱਢਣ ਦਾ ਕੰਮ ਭਾਰਤੀ ਫੌਜ ਨੂੰ ਕਰਨਾ ਪਿਆ।''
ਇਸ ਤੋਂ ਸਪੱਸ਼ਟ ਹੈ ਕਿ ਨਈਅਰ ਫ਼ੌਜੀ ਹਮਲੇ ਦਾ ਹਮਾਇਤੀ ਹੈ। ਪਰ ਇਸ ਦੇ ਉਲਟ ਇਹ ਤੱਥ ਸਾਹਮਣੇ ਆ ਚੁਕੇ ਹਨ ਕਿ ਦਰਬਾਰ ਸਾਹਿਬ ਉੱਤੇ 1984 ਦੇ ਫ਼ੌਜੀ ਹਮਲੇ ਦੀ ਸਾਜਿਸ਼ ਇੰਦਰਾ ਸਰਕਾਰ ਨੇ ਘੜੀ ਸੀ ਤਾਂ ਜੋ ਸਿੱਖ ਕੌਮ ਪ੍ਰਤੀ ਨਫਰਤ ਫੈਲਾ ਕੇ 2% ਸਿੱਖਾਂ ਨੂੰ ਆਧੁਨਿਕ ਸਟੇਟ ਦੀ ਅਥਾਹ ਫ਼ੌਜੀ ਤਾਕਤ ਨਾਲ ਕੁਚਲ ਕੇ ਦੁਰਗਾ ਬਣ 1985 ਦੀਆਂ ਚੋਣਾਂ ਵਿੱਚ ਜਿਤਿਆ ਜਾਵੇ ਅਤੇ ਆਪਣੇ ਵੰਸ਼ ਨੂੰ ਰਾਜ-ਗੱਦੀ 'ਤੇ ਕਾਇਮ ਰੱਖਿਆ ਜਾਵੇ। ਇਸ ਦੌਰਾਨ ਸਾਜ਼ਿਸ਼ੀ ਢੰਗ ਨਾਲ ਅਕਾਲੀਆਂ ਨਾਲ ਸਮਝੌਤੇ ਕਰ-ਕਰ ਕੇ ਤੋੜੇ ਗਏ। ਇਸ ਦਾ ਵਾਰ-ਵਾਰ ਜ਼ਿਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੀਆਂ ਸਪੀਚਾਂ ਵਿਚ ਕੀਤਾ ਹੈ, ਜੋ ਯੂ-ਟਿਊਬ 'ਤੇ ਦੇਖੀਆਂ ਜਾ ਸਕਦੀਆਂ ਹਨ। 
ਉਸ ਸਮੇਂ ਦੀ ਇੰਦਰਾ ਸਰਕਾਰ ਨੇ ਕੁਲਦੀਪ ਨਈਅਰ ਵਰਗੇ ਅਨੇਕਾਂ ਸਰਕਾਰੀ ਦਲਾਲਾਂ ਰਾਹੀਂ ਅਕਾਲੀ ਆਗੂਆਂ ਨੂੰ ਖਰੀਦਿਆ ਗਿਆ ਤਾਂ ਜੋ ਸੰਤ ਭਿੰਡਰਾਂਵਾਲਿਆਂ ਦਾ ਵਿਰੋਧ ਕੀਤਾ ਜਾ ਸਕੇ ਤੇ ਧਰਮ ਯੁੱਧ ਮੋਰਚੇ ਨੂੰ ਢਾਹ ਲਗਾਈ ਜਾ ਸਕੇ, ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਦੇ ਵੀ ਅਕਾਲੀਆਂ ਦਾ ਵਿਰੋਧ ਨਹੀਂ ਕੀਤਾ ਤਾਂ ਜੋ ਪੰਥ ਵਿਚ ਏਕਤਾ ਬਹਾਲ ਰੱਖਦਿਆਂ ਪੰਥਕ ਨਿਸ਼ਾਨੇ ਨੂੰ ਪ੍ਰਾਪਤ ਕੀਤਾ ਜਾ ਸਕੇ ਤੇ ਕੇਂਦਰ ਸਰਕਾਰ ਨੂੰ ਫੁੱਟ ਪਾਉਣ ਦਾ ਮੌਕਾ ਨਾ ਦਿੱਤਾ ਜਾ ਸਕੇ। ਸੰਤ ਭਿੰਡਰਾਂਵਾਲੇ ਅਠਾਰਵੀ ਸਦੀ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਵੀਹਵੀ ਸਦੀ ਵਿਚ ਵਿਚਰਦੀ ਮਹਾਨ ਰੂਹ ਸਨ, ਜਿਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਵਾਂਗ ਗੜੀ ਨਹੀਂ ਛੱਡੀ ਸ਼ਹਾਦਤ ਨੂੰ ਪਹਿਲ ਦਿਤੀ। ਉਹਨਾਂ ਨੇ ਸੱਤਾਧਾਰੀਆਂ ਤੇ ਨੈਸ਼ਨਲਵਾਦ ਦੇ ਅਸਲੀ ਚਿਹਰੇ ਦਾ ਪਰਦਾਫਾਸ਼ ਕੀਤਾ ਕੀਤਾ ਜੋ ਪੰਜਾਬ, ਸਿੱਖ ਪੰਥ, ਘੱਟ ਗਿਣਤੀਆਂ, ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਦੀ ਨਸਲਕੁਸ਼ੀ ਕਰਨਾ ਚਾਹੁੰਦੇ ਸਨ। 
ਯਾਦ ਰਹੇ ਕਿ ਅਕਾਲ ਤਖਤ ਸਾਹਿਬ ਤੋਂ ਸੰਤ ਭਿੰਡਰਾਂਵਾਲਿਆਂ ਨੂੰ ਕੌਮ ਵੀਹਵੀਂ ਸਦੀ ਦੇ ਮਹਾਨ ਸਿੱਖ ਦਾ ਖ਼ਿਤਾਬ ਦਿੰਦੀ ਹੈ। ਸੰਤ ਭਿੰਡਰਾਂਵਾਲੇ ਪੰਥ ਦੀ ਉਸ ਵੇਲੇ ਦੀ ਸਿਰਮੌਰ ਪ੍ਰਚਾਰਕ ਟਕਸਾਲ ਦੇ 14ਵੇਂ ਮੁਖੀ ਸਨ। ਫ਼ੌਜੀ ਹਮਲੇ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਇਕ ਭਾਸ਼ਣ ਵਿਚ ਆਖਿਆ ਜੋ ਕਿ ਯੂ-ਟਿਊਬ 'ਤੇ ਵੀ ਮੌਜੂਦ ਹੈ। 'ਸਰਕਾਰ ਅਕਾਲੀਆਂ ਨਾਲ ਸਨਮਾਨਜਨਕ ਸਮਝੌਤਾ ਕਰ ਲਵੇ, ਅਨੰਦਪੁਰ ਦਾ ਮਤਾ ਮੰਨ ਲਵੇ, ਸਿੱਖ ਕੈਦੀ ਰਿਹਾਅ ਕਰੇ, ਮੈਂ ਵਾਪਸ ਚੌਂਕ ਮਹਿਤੇ ਜਾ ਕੇ ਸਿੱਖੀ-ਪ੍ਰਚਾਰ ਵਿੱਚ ਜੁਟ ਜਾਵਾਂਗਾ। 
ਭਾਰਤ ਦੀ ਪੁਲਿਸ ਅਤੇ ਸਿਆਸਤਦਾਨ ਸੰਤ ਭਿੰਡਰਾਂਵਾਲਿਆਂ ਉੱਤੇ ਹਾਲੇ ਤੱਕ ਕੋਈ ਵੀ ਪੁਖਤਾ ਇਲਜ਼ਾਮ ਨਾ ਲਗਾ ਸਕੇ, ਨਾ ਹੀ ਉਨ੍ਹਾਂ ਉੱਪਰ ਉੱਤੇ ਕਾਨੂੰਨ ਦੀ ਉਲੰਘਣਾ ਦਾ ਕੋਈ ਦੋਸ਼ ਲੱਗਾ ਹੈ। ਇੱਥੋਂ ਤੱਕ ਅਪ੍ਰੈਲ 1984 ਤੱਕ ਉਹ ਦੁਸ਼ਮਣ ਜਮਾਤ ਕਾਂਗਰਸ ਦੀਆਂ ਨਜ਼ਰਾਂ ਵਿੱਚ ਵੀ ਸੰਤ ਸੀ (ਰਾਜੀਵ ਗਾਂਧੀ ਦਾ ਬਿਆਨ)। ਅਜਿਹੇ ਮਹਾਂਪੁਰਖ ਬਾਰੇ ਕੁਲਦੀਪ ਨਈਅਰ ਵੱਲੋਂ ਗਲਤ ਬਿਆਨਬਾਜ਼ੀ ਕਰਨਾ ਤੇ ਸੰਤਾਂ ਦੀ ਤੁਲਨਾ ਇਕ ਬਲਾਤਕਾਰੀ ਸਾਧ ਨਾਲ ਕਰਨਾ ਅਜਿਹੀ ਪੱਤਰਕਾਰੀ ਹੈ, ਜੋ ਝੂਠ ਫਰੇਬ 'ਤੇ ਟਿਕੀ ਹੋਈ ਹੈ, ਇਸ ਨੂੰ ਪੀਲੀ ਪੱਤਰਕਾਰੀ ਦਾ ਨਾਮ ਦਿੱਤਾ ਜਾ ਸਕਦਾ ਹੈ। 
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਤਿਹਾਸ ਵਿਚ ਨਾਇਕ ਹਨ ਇਸ ਦੇ ਉਲਟ ਬਲਾਤਕਾਰੀ ਸਾਧ ਨੂੰ ਜਦੋਂ ਅਦਾਲਤ ਦੋਸ਼ੀ ਐਲਾਨਦੀ ਹੈ ਤਾਂ ਉਸ ਦਾ ਅਦਾਲਤ ਵਿਚ ਪਿਸ਼ਾਬ ਨਿਕਲ ਜਾਂਦਾ ਹੈ ਤੇ ਰੋਂਦਾ ਕੁਰਲਾਉਂਦਾ ਮਾਫ਼ੀ ਮੰਗਦਾ ਫਰਸ਼ ਤੇ ਜਾ ਡਿਗਦਾ ਹੈ। ਆਖਿਰ ਰੂਹਾਨੀ ਮੰਡਲ ਵਿਚ ਪਹੁੰਚੀ ਸਖਸ਼ੀਅਤ ਸੰਤ ਭਿੰਡਰਾਂਵਾਲੇ ਤੇ ਬਲਾਤਕਾਰੀ ਬਾਬਾ ਰਾਮ ਰਹੀਮ ਵਿਚ ਇਹੀ ਤਾਂ ਅੰਤਰ ਸੀ ਕਿ ਸੰਤ ਭਿੰਡਰਾਂਵਾਲੇ  ਮੌਤ ਨੂੰ ਲਾੜੀ ਮੰਨਦੇ ਸਨ ਤੇ ਇਸ ਦੇ ਉਲਟ ਬਲਾਤਕਾਰੀ ਬਾਬਾ ਰਾਮ ਰਹੀਮ ਦਾ ਸਜ਼ਾ ਨੂੰ ਸੁਣ ਕੇ ਪਿਸ਼ਾਬ ਨਿਕਲ ਜਾਂਦਾ ਹੈ।
ਕੁਲਦੀਪ ਨਈਅਰ ਨੂੰ ਸੰਤ ਭਿੰਡਰਾਂਵਾਲੇ ਅੱਤਵਾਦੀ ਨਜ਼ਰ ਆਉਂਦੇ ਹਨ, ਪਰ ਉਸ ਨੂੰ ਅੰਮ੍ਰਿਤ ਸਰੋਵਰ ਵਿੱਚ ਸਿਗਰਟਾਂ ਦੇ ਡੱਬੇ ਸੁੱਟਣ ਵਾਲੇ, ਦਰਬਾਰ ਸਾਹਿਬ ਦਾ ਮਾਡਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਤੋੜਨ ਵਾਲੇ, ਕਰਨਾਲ-ਪਾਣੀਪੱਤ ਦੇ ਗੁਰਦਵਾਰੇ ਸਾੜਨ ਵਾਲੇ, ਦਿੱਲੀ ਜਾਂਦੇ ਹਜ਼ਾਰਾਂ ਸਿੱਖ ਇਸਤਰੀ-ਆਦਮੀਆਂ ਦੀ ਬੇ-ਇੱਜ਼ਤੀ ਅਤੇ ਮਾਰ ਕੁੱਟ ਕਰਨ ਵਾਲੇ, ਸੀਸਗੰਜ ਉੱਤੇ ਪੱਥਰ ਮਾਰਨ ਵਾਲੇ, ਪੰਜਾਬੀ ਬੋਲੀ ਤੋਂ ਮੂੰਹ ਫੇਰਨ ਵਾਲੇ, ਪੰਜਾਬ ਦੀਆਂ ਬਿਜਲੀ-ਪਾਣੀ ਦੀਆਂ ਹੱਕੀ ਮੰਗਾਂ ਨੂੰ ਵਿਸਾਰਨ ਵਾਲੇ, ਕਿਸਾਨਾਂ ਦੀ ਲੁੱਟ ਕਰ ਕੇ ਆਤਮਘਾਤ ਵਾਸਤੇ ਮਜਬੂਰ ਕਰਨ ਵਾਲੇ, ਪੁਲਿਸ ਨਾਲ ਰਲ਼ ਕੇ ਸਿੱਖ ਬੱਚਿਆਂ ਦੇ ਕਤਲ ਕਰਵਾਉਣ ਵਾਲੇ ਆਦਿ ਆਦਿ ਅੱਤਵਾਦੀ ਤੇ ਦੋਸ਼ੀ ਨਜ਼ਰ ਕਿਉਂ ਨਹੀਂ ਆਉਂਦੇ? ਨਈਅਰ ਦੀ ਕਲਮ ਇਸ ਬਾਰੇ ਕਿਉਂ ਅਧਰੰਗ ਦੀ ਸ਼ਿਕਾਰ ਹੋ ਜਾਂਦੀ ਹੈ? 
ਫ਼ੌਜੀ ਅਪਰੇਸ਼ਨ ਤੋਂ ਪਹਿਲਾਂ ਉਸ ਸਮੇਂ ਦੀ ਤੱਤਕਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵਾਰ-ਵਾਰ ਕਿਹਾ  ਫ਼ੌਜ, ਪੁਲਿਸ ਦਰਬਾਰ ਸਾਹਿਬ ਨਹੀਂ ਜਾਵੇਗੀ, ਗੁਰੂ ਅਰਜਨ ਦੇ ਸ਼ਹੀਦੀ ਦਿਹਾੜੇ ਹਮਲਾ ਕਰਨਾ, ਤਿੰਨ ਜੂਨ ਨੂੰ ਦੋ ਘੰਟੇ ਕਰਫ਼ਿਊ ਹਟਾ ਕੇ ਪੁਰਬ ਮਨਾਉਣ ਆਈ ਸੰਗਤ ਦਰਬਾਰ ਪ੍ਰਸਰ ਵਿੱਚ ਪਹੁੰਚਣ ਤੋਂ ਬਾਅਦ ਫ਼ੌਜੀ ਹਮਲਾ ਕਰਨਾ, ਫ਼ੌਜੀਆਂ ਨੂੰ ਸ਼ਰਾਬ ਨਾਲ ਧੁੱਤ ਕਰਕੇ ਅੰਦਰ ਭੇਜਣਾ, ਹਜ਼ਾਰਾਂ ਲੋਕਾਂ ਨੂੰ ਪਾਣੀ ਖੁਣੋਂ ਤੜਫ਼ਾ-ਤੜਫ਼ਾ ਕੇ ਮਾਰਨਾ, ਸੰਤਾਂ ਸਮੇਤ ਹਰ ਇੱਕ ਦਾ ਜ਼ਾਲਮਾਨਾ ਕਤਲ ਕਰਨ ਦਾ ਸਪਸ਼ਟ ਹੁਕਮ ਚਾੜ੍ਹਨਾ ਆਦਿ ਸਭ ਇਤਿਹਾਸਕ ਘਟਨਾਵਾਂ ਦੱਸਦੀਆਂ ਹਨ ਕਿ ਇਹ ਰਾਖਸ਼ੀ ਮਨ ਦੀ ਉਪਜ ਤੇ ਸਿੱਖ ਵਿਰੋਧੀ ਸਾਜ਼ਿਸ਼ਾਂ ਸਨ, ਜਿਸ ਬਾਰੇ ਕਦੇ ਕੁਲਦੀਪ ਨਈਅਰ ਨੇ ਆਪਣੀਆਂ ਲਿਖਤਾਂ ਵਿਚ ਭੋਗ ਵੀ ਨਹੀਂ ਪਾਇਆ। ਜਨਰਲ ਅਨੁਸਾਰ ਤਾਂ ਇਹ ਯੋਜਨਾ ਜੂਨ 84 ਤੋਂ 30 ਮਹੀਨੇ ਪਹਿਲਾਂ ਘੜੀ ਸੀ।
ਏਸ ਲੇਖ ਤੋਂ ਪਹਿਲਾਂ ਵੀ ਇਹ ਲੇਖਕ ਸਿੱਖ ਪੰਥ, ਸੰਤ ਭਿੰਡਰਾਂਵਾਲੇ ਤੇ ਪੰਜਾਬ ਬਾਰੇ ਆਪਣੀ ਨਾਜ਼ੀ ਸੋਚ ਨੂੰ ਆਪਣੀ ਪੁਸਤਕ (2eyond “he Lines, Roli 2ooks, 4elhi ੨੦੧੨) ਵਿਚ ਪੇਸ਼ ਕਰ ਚੁੱਕਾ ਹੈ। 

ਕੁਲਦੀਪ ਨਈਅਰ ਦਾ ਇਹ ਥਾਟ ਆਰੀਆ ਸਮਾਜੀਆਂ ਦੀ ਬੋਧਿਕਤਾ ਦਾ ਸੰਤਾਪ ਹੈ। ਸੰਤ ਭਿੰਡਰਾਂਵਾਲਿਆਂ ਨੂੰ ਸੌਦਾ ਸਾਧ ਵਾਂਗ ਸਟੇਟ ਦੀ ਪੈਦਾਇਸ਼ ਦੱਸ ਕੇ ਇਹ ਇਤਿਹਾਸਕ ਸੂਝ-ਬੂਝ ਤੋਂ ਆਪਣੇ-ਆਪ ਨੂੰ ਕੋਰਾ ਹੀ ਨਹੀਂ ਦਰਸਾ ਰਿਹਾ ਬਲਕਿ ਆਪਣੀ ਬੌਧਿਕਤਾ ਦਾ ਜਲੂਸ ਕੱਢ ਰਿਹਾ ਹੈ। ਉਸ ਨੂੰ ਇਸ ਮਹਾਨ ਗੁਰਸਿੱਖ ਵਿਚੋਂ 'ਸੰਤ' ਦੇ ਇਤਿਹਾਸਕ ਗੁਣ ਇਸ ਲਈ ਨਜ਼ਰ ਨਹੀਂ ਆਉਂਦੇ, ਕਿਉਂਕਿ ਉਹ ਜਿਸ ਆਰੀਅਨ ਵਿਚਾਰਧਾਰਾ ਨਾਲ ਬੱਝਾ ਹੋਇਆ ਹੈ, ਉਸ ਨੂੰ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾਰਸ਼ਨਿਕ ਅੰਦਾਜ਼ ਵਿੱਚ 'ਬਿਪਰਨ ਕੀ ਰੀਤ' ਆਖਿਆ ਹੈ। ਇਸੇ ਨੀਤੀ ਤਹਿਤ ਉਹ ਸਿੱਖਾਂ ਦੀ ਵੱਖਰੀ ਹੋਂਦ ਤੇ ਸਿੱਖ ਨਾਇਕਾਂ ਦਾ ਵਿਰੋਧ ਕਰਦਾ ਹੈ, ਜਿਨ੍ਹਾਂ ਨੇ ਮਨੁੱਖਤਾ ਤੇ ਸਰਬੱਤ ਦੇ ਭਲੇ ਲਈ ਇਤਿਹਾਸ ਦੀ ਸਿਰਜਣਾ ਕੀਤੀ ਹੈ।





Wednesday, 6 September 2017


ਭਗਵੇਂ ਦਹਿਸ਼ਤਗਰਦਾਂ ਨੇ ਪੱਤਰਕਾਰ ਗੌਰੀ ਲੰਕੇਸ਼ ਦਾ ਕੀਤਾ ਕਤਲ 

ਬਲਵਿੰਦਰ ਪਾਲ ਸਿੰਘ






ਸੀਨੀਅਰ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਤੇ ਮਨੁੱਖੀ ਅਧਿਕਾਰਾਂ ਦੀ ਚੈਂਪੀਅਨ ਗੌਰੀ ਲੰਕੇਸ਼ ਦੀ ਬੀਤੇ ਦਿਨੀਂ ਤਿੰਨ ਨਾਮੀ ਭਗਵੇਂ ਬਦਮਾਸ਼ਾਂ ਵੱਲੋਂ ਗੋਲੀ ਮਾਰ ਦੇ ਹੱਤਿਆ ਕਰ ਦਿੱਤੀ। ਕਰਨਾਟਕ ਦੇ ਗ੍ਰਹਿ ਮੰਤਰੀ ਰਾਮਾਲਿੰਗਾ ਰੈਡੀ ਨੇ ਇਸ ਭਿਆਨਕ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਿੰਨ ਬਦਮਾਸ਼ਾਂ ਨੇ ਗੌਰੀ ਦੇ ਘਰ ਵਿੱਚ ਦਾਖਲ ਹੋ ਕੇ ਸੱਤ ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਤਿੰਨ ਗੋਲੀਆਂ ਗੌਰੀ ਲੰਕੇਸ਼ ਨੂੰ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਯਾਦ ਰਹੇ ਕਿ ਆਪਣੇ ਘਰ ਦੇ ਬਾਹਰ ਹੱਤਿਆ ਦਾ ਸ਼ਿਕਾਰ ਹੋਈ ਗੌਰੀ ਲੰਕੇਸ਼ ਇੱਕ ਪੱਤਰਕਾਰ-ਕਾਰਕੁੰਨ ਸੀ, ਜੋ ਵਿਵਸਥਾ ਵਿਰੋਧੀ, ਗ਼ਰੀਬ ਤੇ ਦਲਿਤ ਸਮਰਥਕ ਸੀ। ਕੰਨੜ ਪੱਤਰਕਾਰਤਾ ਵਿੱਚ ਕੁਝ ਮਹਿਲਾ ਸੰਪਾਦਕਾਂ ਵਿੱਚ ਸ਼ਾਮਲ ਗੌਰੀ ਉੱਘੀ ਕਾਰਕੁੰਨ ਸੀ ਜੋ ਨਕਸਲਵਾਦੀਆਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟਾਉਂਦੀ ਸੀ ਤੇ ਖੱਬੇਪੱਖੀ ਵਿਚਾਰਾਂ ਨੂੰ ਖੁੱਲ੍ਹੇ ਤੌਰ 'ਤੇ ਪੇਸ਼ ਕਰਦੀ ਸੀ।

ਕੌਣ ਏ ਗੌਰੀ ਲੰਕੇਸ਼

ਸਾਲ 1962 ਵਿੱਚ ਪੈਦਾ ਹੋਈ ਕੰਨੜ ਪੱਤਰਕਾਰ ਤੇ ਕੰਨੜ ਹਫ਼ਤਾਵਾਰੀ ਟੈਬਲਾਇਡ 'ਲੰਕੇਸ਼ ਪੱਤਰਿਕਾ' ਦੇ ਸੰਸਥਾਪਕ ਪੀ. ਲੰਕੇਸ਼ ਦੀ ਬੇਟੀ ਸੀ। ਉਸ ਦੀ ਭੈਣ ਕਵਿਤਾ ਤੇ ਭਰਾ ਇੰਦਰਜੀਤ ਲੰਕੇਸ਼ ਪ੍ਰਸਿੱਧ ਫਿਲਮ ਤੇ ਥਿਏਟਰ ਹਸਤੀਆਂ ਹਨ। ਆਪਣੇ ਭਰਾ ਤੇ ਪੱਤਰਿਕਾ ਦੇ ਪ੍ਰੋਪਰਾਈਟਰ ਤੇ ਪ੍ਰਕਾਸ਼ਕ ਇੰਦਰਜੀਤ ਨਾਲ ਮੱਤਭੇਦ ਤੋਂ ਬਾਅਦ ਉਨ੍ਹਾਂ ਨੇ ਲੰਕੇਸ਼ ਪੱਤਰਿਕਾ ਦੇ ਸੰਪਾਦਕ ਅਹੁਦੇ ਨੂੰ ਛੱਡ ਕੇ 2005 ਵਿੱਚ ਕੰਨੜ ਟੈਬਲਾਇਡ 'ਗੌਰੀ ਲੰਕੇਸ਼ ਪੱਤਰਿਕਾ' ਦੀ ਸ਼ੁਰੂਆਤ ਕੀਤੀ ਸੀ। 
ਪੱਤਰਕਾਰ ਤੇ ਐਕਟੀਵਿਸਟ ਗੌਰੀ ਲੰਕੇਸ਼ ਨੇ ਪਿਛਲੇ ਦਿਨੀਂ ਆਪਣੇ ਟਵਿੱਟਰ ਅਤੇ ਫੇਸਬੁਕ 'ਤੇ ਰੋਰਿੰਗਯਾ ਮੁਸਲਮਾਨਾਂ, ਨੋਟਬੰਦੀ ਦੇ ਨੁਕਸਾਨ, ਭਾਰਤੀ ਮਾਪਿਆਂ ਨੂੰ ਸਮਲਿੰਗੀਆਂ ਬਾਰੇ ਜਾਗਰੂਕ ਕਰਨ ਵਾਲੇ ਯੂਟਿਊਬ ਵੀਡੀਓ ਤੇ ਕੇਂਦਰ ਤੇ ਨਰਿੰਦਰ ਮੋਦੀ ਦੀ ਆਲੋਚਨਾ ਨਾਲ ਜੁੜੇ ਪੋਸਟ ਕੀਤੇ ਸਨ। ਉਸ ਨੇ ਆਪਣੇ ਕੰਨੜ ਹਫ਼ਤਾਵਾਰੀ ਪੱਤ੍ਰਿਕਾ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਕੇਂਦਰ ਸਰਕਾਰ ਤੇ ਉਸ ਦੇ ਨੇਤਾਵਾਂ ਦੀ ਆਲੋਚਨਾ ਵਿੱਚ ਘੱਟ ਤੋਂ ਘੱਟ 8 ਲੇਖ ਪ੍ਰਕਾਸ਼ਿਤ ਕੀਤੇ ਸਨ। 
ਲੰਕੇਸ਼ ਨੇ ਆਪਣੇ ਆਖਰੀ ਹਫ਼ਤੇ ਲੜੀਵਾਰ ਸਟੋਰੀਆਂ ਵਿੱਚ ਗੋਰਖਪੁਰ ਦੇ ਬਾਬਾ ਰਾਘਵਦਾਸ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਅਤੇ ਡਾਕਟਰ ਕਫੀਲ ਖਾਨ ਨੂੰ ਹਟਾਏ ਜਾਣ ਦੇ ਖ਼ਿਲਾਫ਼ ਲਿਖਿਆ ਸੀ। ਸੋਸ਼ਲ ਮੀਡੀਆ 'ਤੇ ਗੌਰੀ ਲੰਕੇਸ਼ ਭਾਜਪਾ ਸਰਕਾਰ ਦੀ ਆਲੋਚਨਾ ਵਾਲੀ ਪੋਸਟ ਲਿਖਦੀ ਸੀ, ਜਾਂ ਸ਼ੇਅਰ ਕਰਦੀ ਸੀ। 
ਪਿਛਲੇ ਕੁਝ ਦਿਨਾਂ ਵਿੱਚ ਉਸ ਨੇ ਕੇਰਲ ਦੇ ਨੌਕਰਸ਼ਾਹ ਜੇਮਸ ਵਿਲਸਨ ਦੇ ਕਈ ਟਵੀਟ ਰੀਟਵੀਟ ਕੀਤੇ ਸਨ।  
ਭਾਜਪਾ ਸਾਂਸਦ ਪ੍ਰਹਿਲਾਦ ਅਤੇ ਪਾਰਟੀ ਅਹੁਦੇਦਾਰ ਉਮੇਸ਼ ਦੋਸ਼ੀ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਪਿਛਲੇ ਸਾਲ ਹੁਬਲੀ ਦੇ ਮੈਜਿਸਟਰੇਟ ਦੀ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਨ੍ਹਾਂ ਨੇ 23 ਜਨਵਰੀ 2008 ਨੂੰ ਉਸ ਦੀ ਪੱਤਰਿਕਾ ਵਿੱਚ ਪ੍ਰਕਾਸ਼ਿਤ ਇੱਕ ਖ਼ਬਰ 'ਤੇ ਰੋਸ ਪ੍ਰਗਟਾਇਆ ਸੀ। ਗੌਰੀ ਸਮਾਜ ਦੀ ਮੁੱਖ ਧਾਰਾ ਵਿੱਚ ਮੁੜਨ ਦੇ ਇੱਛੁਕ ਨਕਸਲੀਆਂ ਦੇ ਮੁੜ ਵਸੇਬੇ ਲਈ ਕੰਮ ਕਰ ਚੁੱਕੀ ਸੀ ਤੇ ਸੂਬੇ ਵਿੱਚ ਸਿਟੀਜ਼ਨਸ ਇਨੀਸ਼ਿਏਟਿਵ ਫਾਰ ਪੀਸ (ਸੀਆਈਪੀ) ਦੀ ਸਥਾਪਨਾ ਕਰਨ ਵਾਲਿਆਂ ਵਿੱਚ ਸ਼ਾਮਲ ਰਹੀ ਸੀ।
ਵਿਲਸਨ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ  ਸਮੇਤ ਹੋਰ ਨੀਤੀਆਂ ਦੀ ਅਕਸਰ ਆਲੋਚਨਾ ਕਰਦੀ ਸੀ। ਪਿਛਲੇ ਦਿਨੀਂ ਗੌਰੀ ਲੰਕੇਸ਼ ਨੇ ਜ਼ਿਆਦਾਤਰ ਵੱਖ-ਵੱਖ ਖ਼ਬਰਾਂ ਦੇ ਲਿੰਕ ਸ਼ੇਅਰ ਕੀਤੇ ਹਨ। ਉਸ ਨੇ ਸੁਪਰੀਮ ਕੋਰਟ ਦੁਆਰਾ ਕੇਂਦਰ ਸਰਕਾਰ ਤੋਂ ਰੋਹਿੰਗਾ ਮੁਸਲਮਾਨਾਂ ਨੂੰ ਵਾਪਸ ਭੇਜਣ ਦੇ ਬਾਬਤ ਜੁਆਬਤਲਬ ਕਰਨ ਦੀ ਖ਼ਬਰ ਦਾ ਲਿੰਕ ਸ਼ੇਅਰ ਕੀਤਾ ਸੀ। ਗੌਰੀ ਲੰਕੇਸ਼ ਦਾ ਫੇਸਬੁਕ ਅਕਾਊਂਟ ਉਸ ਦੇ ਟਵਿੱਟਰ ਅਕਾਊਂਟ ਨਾਲ ਜੁੜਿਆ ਹੋਇਆ ਹੈ, ਇਸ ਲਈ ਫੇਸਬੁੱਕ 'ਤੇ ਵੀ ਜ਼ਿਆਦਾਤਰ ਉਸ ਦੇ ਟਵਿੱਟਰ ਵਾਲੇ ਪੋਸਟ ਹੀ ਹਨ।

10 ਪੱਤਰਕਾਰਾਂ ਦੀ ਵੀ ਹੋ ਚੁੱਕੀ ਹੈ ਹੱਤਿਆ


ਨਵੀਂ ਦਿੱਲੀ-ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਇੱਕ ਵਾਰ ਫਿਰ ਤੋਂ ਭਗਵੇਂ ਅੱਤਵਾਦ ਦਾ ਖਤਰਾ ਮੰਡਰਾਉਣ ਲਗ ਪਿਆ ਹੈ। ਹਮਲਾਵਰਾਂ ਨੇ ਗੌਰੀ ਲੰਕੇਸ਼ ਨੂੰ ਗੋਲੀ ਮਾਰ ਦਿੱਤੀ। ਪਿਛਲੇ ਕੁਝ ਸਾਲ 'ਤੇ ਨਜ਼ਰ ਪਾਈਏ, ਤਾਂ ਕਈ ਮੌਕਿਆਂ 'ਤੇ ਪੱਤਰਕਾਰਾਂ ਵੱਲੋਂ ਅਵਾਜ਼ ਚੁੱਕਣ 'ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਭਾਰਤ ਦੇ ਸੰਵਿਧਾਨ ਵਿੱਚ ਪੱਤਰਕਾਰੀ ਨੂੰ ਲੋਕਤੰਤਰ ਦੇ ਚੌਥੇ ਥੰਮ੍ਹ ਦਾ ਦਰਜਾ ਦਿੱਤਾ ਗਿਆ ਹੈ। ਪਰ ਹੁਣੇ ਜਿਹੇ ਕੁਝ ਵਾਰਦਾਤਾਂ ਨੂੰ ਦੇਖੀਏ, ਤਾਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੱਤਰਕਾਰਾਂ ਦਾ ਜੀਵਨ ਖ਼ਤਰੇ ਵਿੱਚ ਹੈ। 
1. 13 ਮਈ 2016 ਨੂੰ ਬਿਹਾਰ ਦੇ ਸੀਵਾਨ ਵਿੱਚ 'ਹਿੰਦੀ ਦੈਨਿਕ ਹਿੰਦੁਸਸਤਾਨ' ਦੇ ਪੱਤਰਕਾਰ ਰਾਜਦੇਵ ਰੰਜਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦਫ਼ਤਰ ਤੋਂ ਪਰਤ ਰਿਹਾ ਰਾਜੇਦਵ ਨੂੰ ਨੇੜੇ ਤੋਂ ਗੋਲੀ ਮਾਰੀ ਗਈ ਸੀ। ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ। ਹੱਤਿਆ ਦਾ ਦੋਸ਼ ਇਲਾਕੇ ਦੇ ਬਾਹੂਬਲੀ ਸ਼ਹਾਬੂਦੀਨ 'ਤੇ ਲੱਗਿਆ।
2. ਮਈ 2015 ਵਿੱਚ ਮੱਧ ਪ੍ਰਦੇਸ਼ ਵਿੱਚ ਵਿਆਪਮ ਘੁਟਾਲੇ ਦੀ ਕਵਰੇਜ ਕਰਨ ਗਏ ਆਜ ਤੱਕ ਦੇ ਵਿਸ਼ੇਸ਼ ਰਿਪੋਰਟਰ ਅਕਸ਼ੈ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਮੌਤ ਦੇ ਕਾਰਨਾਂ ਤੋਂ ਹਾਲੇ ਤੱਕ ਪਰਦਾ ਨਹੀਂ ਚੁੱਕਿਆ ਜਾ ਸਕਿਆ।
3. ਜੂਨ 2015 ਵਿੱਚ ਮੱਧ ਪ੍ਰਦੇਸ਼ ਵਿੱਚ ਬਾਲਾਘਾਟ ਜ਼ਿਲ੍ਹੇ ਵਿੱਚ ਅਗਵਾ ਪੱਤਰਕਾਰ ਸੰਦੀਪ ਕੋਠਾਰੀ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ। ਮਹਾਰਾਸ਼ਟਰ ਵਿੱਚ ਵਰਧਾ ਦੇ ਕਰੀਬ ਸਥਿਤ ਇੱਕ ਖੇਤ ਵਿੱਚ ਉਸ ਦੀ ਲਾਸ਼ ਮਿਲੀ ਸੀ।
4. ਸਾਲ 2015 ਵਿੱਚ ਹੀ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਪੱਤਰਕਾਰ ਜੋਗਿੰਦਰ ਸਿੰਘ ਨੂੰ ਜਿੰਦਾ ਸਾੜ ਦਿੱਤਾ ਗਿਆ। ਖ਼ਬਰਾਂ ਅਨੁਸਾਰ ਜੋਗਿੰਦਰ ਸਿੰਘ ਨੇ ਫੇਸਬੁਕ 'ਤੇ ਉੱਤਰ ਪ੍ਰਦੇਸ਼ ਦੇ ਪਿਛੜਾ ਵਰਗ ਕਲਿਆਣ ਮੰਤਰੀ ਰਾਮਮੂਰਤੀ ਵਰਮਾ ਦੇ ਖ਼ਿਲਾਫ਼ ਖ਼ਬਰਾਂ ਲਿਖੀਆਂ ਸਨ, ਜਿਸ ਕਾਰਨ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ।
5. ਸਾਲ 2013 ਵਿੱਚ ਮੁਜ਼ੱਫਰਨਗਰ 'ਚ ਹੋਏ ਕਤਲੇਆਮਾਂ ਦੌਰਾਨ ਨੈੱਟਵਰਕ 18 ਦੇ ਪੱਤਰਕਾਰ ਰਾਜੇਸ਼ ਸ਼ਰਮਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
6. ਆਂਧਰਾ ਪ੍ਰਦੇਸ਼ ਦੇ ਸੀਨੀਅਰ ਪੱਤਰਕਾਰ ਐੱਮਵੀਐੱਨ ਸ਼ੰਕਰ ਦੀ 26 ਨਵੰਬਰ 2014 ਨੂੰ ਹੱਤਿਆ ਕਰ ਦਿੱਤੀ ਗਈ ਸੀ। ਐੱਮਵੀਐੱਨ ਆਂਧਰਾ ਪ੍ਰਦੇਸ਼ ਵਿੱਚ ਤੇਲ ਮਾਫੀਆ ਦੇ ਖ਼ਿਲਾਫ਼ ਲਗਾਤਾਰ ਖ਼ਬਰਾਂ ਕਵਰੇਜ ਕਰ ਰਿਹਾ ਸੀ।
7. ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਸਿਰਸਾ ਵਿੱਚ ਹੱਤਿਆ ਕਰ ਦਿੱਤੀ ਗਈ ਸੀ। 21 ਨਵੰਬਰ 2002 ਨੂੰ ਉਸ ਦੇ ਦਫ਼ਤਰ ਵਿੱਚ ਵੜ ਕੇ ਕੁਝ ਲੋਕਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ।
8. ਹਿੰਦੀ ਦੈਨਿਕ ਦੇਸ਼ਬੰਧੂ ਦੇ ਪੱਤਰਕਾਰ ਸਾਈਂ ਰੈੱਡੀ ਨੂੰ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿੱਚ ਸ਼ੱਕੀ ਹਥਿਆਰਬੰਦ ਲੋਕਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
9. ਮਹਾਰਾਸ਼ਟਰ ਦੇ ਪੱਤਰਕਾਰ ਤੇ ਲੇਖਕ ਨਰਿੰਦਰ ਦਾਭੋਲਕਰ ਨੂੰ 20 ਅਗਸਤ 2013 ਨੂੰ ਮੰਦਰ ਦੇ ਸਾਹਮਣੇ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ ਸੀ।
10. ਮਿਡ ਡੇ ਦੇ ਮਸ਼ਹੂਰ ਕਰਾਈਮ ਰਿਪੋਰਟਰ ਜਿਓਤਿਰਮਯ ਡੇ ਦੀ 11 ਜੂਨ 2011 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਸ ਕੋਲ ਅੰਡਰਵਰਲਡ ਨਾਲ ਜੁੜੀ ਕਈ ਤਰ੍ਹਾਂ ਦੀ ਜਾਣਕਾਰੀ ਸੀ।