deshpunjabtimes.blogspot.com

Friday, 10 November 2017

'ਜਬੈ ਬਾਣ ਲਾਗਯੋ...' 


ਇੱਕ ਆਮ ਸੁਆਲ ਸਿੱਖਾਂ ਦੇ ਮਨ ਵਿੱਚ ਉੱਠਦਾ ਹੈ ਕਿ ਕੀ ਸਿੱਖ ਖ਼ਤਮ ਹੋ ਜਾਣਗੇ ਤੇ ਕੀ ਸਿੱਖੀ ਖ਼ਤਮ ਹੋ ਰਹੀ ਹੈ? ਅਜੋਕੇ ਸੁਆਲਾਂ ਦਾ ਪਿਛੋਕੜ ਦਾ ਕਾਰਣ ਅਜੋਕਾ ਮਾਹੌਲ ਹੈ। ਕਾਰਨ ਇਹ ਹੈ ਕਿ ਸਿੱਖ ਕੌਮ ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕਰ ਸਕੀ ਤੇ ਨਾ ਹੀ ਕਰ ਰਹੀ ਹੈ। ਹਾਲਾਂ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਸਿੱਖ ਪੰਥ ਪਾਸ ਅਜਿਹਾ ਗੰ੍ਰਥ ਹੈ, ਜਿਸ ਤੋਂ ਸਾਰਾ ਸੰਸਾਰ ਅਗਵਾਈ ਲੈ ਸਕਦਾ ਹੈ, ਕਿਉਂਕਿ ਇਹ ਸਰਬੱਤ ਦੇ ਭਲੇ, ਸਰਬੱਤ ਦੀ ਅਜ਼ਾਦੀ, ਸਾਂਝੀਵਾਲਤਾ ਤੇ ਸੁਚੱਜਾ ਸਮਾਜ ਸਿਰਜਣ ਦਾ ਸੁਨੇਹਾ ਦਿੰਦਾ ਹੈ। ਪਰ ਗੁਰਬਾਣੀ ਦੇ ਕਥਾਕਾਰਾਂ, ਵਿਆਖਿਆਕਾਰਾਂ ਤੇ ਵਿਦਵਾਨ ਸੱਜਣਾਂ ਵੱਲੋਂ ਅਜੋਕੇ ਸਮੇਂ ਕੀਤੀ ਜਾ ਰਹੀ ਵਿਆਖਿਆ, ਪ੍ਰਤੱਖ ਰੂਪ ਵਿੱਚ ਵੇਦਾਂਤ, ਜੋਗ-ਦਰਸ਼ਨ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਕਾਰਨ ਗੁਰਬਾਣੀ ਦੀ ਸਾਮਾਜਿਕ ਸਾਰਥਿਕਤਾ ਤੇ ਇਸ ਦਾ ਕਲਿਆਣਕਾਰੀ ਖਾਸਾ ਲੱਗਪੱਗ ਅਲੋਪ ਹੋ ਚੁੱਕਾ ਹੈ। ਇਸੇ ਕਰਕੇ ਅਜੋਕਾ ਸਿੱਖ ਕਰਮਕਾਂਡਾਂ, ਮੂਰਤੀ ਪੂਜਾ, ਸਵਰਗ-ਨਰਕ, ਪੁਨਰ ਜਨਮ, ਭੂਤ-ਪ੍ਰੇਤ, ਅੰਧ-ਵਿਸ਼ਵਾਸ ਦੇ ਚੱਕਰਵਿਊ ਵਿਚ ਫਸ ਕੇ ਗੁਰੂਆਂ ਦੀ ਵਿਚਾਰਧਾਰਾ ਨਾਲੋਂ ਟੁੱਟ ਚੁੱਕਾ ਹੈ। ਗੁਰਦੁਆਰਿਆਂ ਵਿਚ ਇਸ ਤਰ੍ਹਾਂ ਦੀ ਵਿਆਖਿਆ ਵੀ ਸੁਣਨ ਨੂੰ ਮਿਲ ਰਹੀ ਹੈ, ਜਿਸ ਤੋਂ ਇੰਜ ਜਾਪਦਾ ਹੈ ਜਿਵੇਂ ਗੁਰਬਾਣੀ ਦਾ ਮਨੁੱਖਾ ਜੀਵਨ ਤੇ ਮਨੁੱਖਤਾ ਦੇ ਭਲੇ ਨਾਲ ਕੋਈ ਸਰੋਕਾਰ ਹੀ ਨਾ ਹੋਵੇ। ਕੁਝ ਸਿੰਘ ਸਭਾਈ ਵਿਦਵਾਨਾਂ ਨੇ ਗੁਰਬਾਣੀ ਨੂੰ, ਬ੍ਰਾਹਮਣਵਾਦੀ ਵਿਆਖਿਆ ਵਿੱਚੋਂ ਬਾਹਰ ਕੱਢਣ ਦੇ ਯਤਨ ਜ਼ਰੂਰ ਕੀਤੇ ਹਨ, ਪਰ ਇਹ ਯਤਨ ਯੋਜਨਾਬੱਧ ਨਹੀਂ ਹਨ ਤੇ ਨਾ ਹੀ ਜਮਾਤੀ ਹਨ। ਇਸੇ ਕਰਕੇ ਬ੍ਰਾਹਮਣਵਾਦੀ ਵਿਆਖਿਆ ਸਿੱਖਾਂ 'ਤੇ ਭਾਰੂ ਪੈ ਰਹੀ ਹੈ। ਇਹ ਬ੍ਰਾਹਮਣਵਾਦੀ ਵਿਆਖਿਆ ਆਰ ਐਸ ਐਸ ਰਾਹੀਂ ਤੇ ਡੇਰਿਆਂ ਰਾਹੀਂ ਸਿੱਖ ਪੰਥ ਵਿਚ ਫੈਲਾਈ ਜਾ ਰਹੀ ਹੈ। ਗੁਰਬਾਣੀ ਦੀ ਸਹੀ ਵਿਆਖਿਆ ਨਾ ਹੋਣ ਕਾਰਨ ਤੇ ਗੁਰੂਆਂ ਦੇ ਸਿਧਾਂਤਾਂ ਨੂੰ ਅਮਲੀ ਜ਼ਿੰਦਗੀ ਵਿੱਚ ਨਾ ਲਾਗੂ ਕਰਨ ਕਾਰਨ ਪਤਿਤਪੁਣਾ ਵਧ ਰਿਹਾ, ਸਿੱਖੀ ਵਿਚ ਬ੍ਰਾਹਮਣਵਾਦੀ ਕਰਮਕਾਂਡ ਕਰਮ ਵਧ ਰਹੇ ਹਨ। ਸਿੱਖੀ ਫਲਸਫੇ ਤੋਂ ਦੂਰ ਜਾ ਰਹੇ ਰਾਗੀ, ਢਾਡੀ ਬ੍ਰਾਹਮਣਵਾਦੀ ਪ੍ਰਚਾਰ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਇਸ ਸੰਬੰਧ ਵਿਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੀ ਤੇ ਨਾ ਹੀ ਕੋਈ ਧਰਮ ਪ੍ਰਚਾਰ ਦਾ ਕੇਂਦਰ ਖੋਲ੍ਹ ਸਕੀ ਹੈ ਤੇ ਨਾ ਹੀ ਕੋਈ ਵਿਦਿਅਕ ਸੰਸਥਾ, ਜਿਸ 'ਤੇ ਕੋਈ ਮਾਣ ਹੋ ਸਕੇ। ਅਰਬਾਂ ਰੁਪਏ ਦੀ ਆਮਦਨ ਵਾਲੀ ਗੋਲਕ 'ਚੋਂ ਸ਼੍ਰੋਮਣੀ ਕਮੇਟੀ ਨੇ ਇੱਕ ਵੀ ਪੈਸਾ ਇਸ ਢੰਗ ਨਾਲ ਖ਼ਰਚ ਨਹੀਂ ਕੀਤਾ, ਜਿਸ ਨਾਲ ਸਿੱਖੀ ਦਾ ਵਿਕਾਸ ਹੋ ਸਕੇ ਤੇ ਨਵੀਂ ਪੀੜ੍ਹੀ ਦਾ ਵਿਸ਼ਵਾਸ ਸਿੱਖੀ ਵੱਲ ਆਕਰਸ਼ਿਤ ਹੋ ਸਕੇ।
ਸੁਆਲ ਇਹ ਹੈ ਕਿ ਕੀ ਸਿੱਖ ਖ਼ਤਮ ਹੋ ਸਕਦੇ ਹਨ?
ਜੇਕਰ ਸਿੱਖ ਇਤਿਹਾਸ ਵੱਲ ਝਾਤੀ ਮਾਰੀਏ, ਤਾਂ ਗੁਰੂ ਅਰਜਨ ਦੇਵ ਸਾਹਿਬ ਤੱਤੀ ਤਵੀ 'ਤੇ ਬੈਠ ਕੇ ਜ਼ਾਲਮ ਤੇ ਭ੍ਰਿਸ਼ਟ ਸਟੇਟ ਨੂੰ ਲਲਕਾਰਿਆ ਸੀ ਤੇ ਸ਼ਹਾਦਤ ਦਿੱਤੀ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੇ ਲਈ ਆਪਣਾ ਸੀਸ ਵਾਰ ਦਿੱਤਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਰਬੰਸ ਸਿੱਖ ਪੰਥ ਲਈ ਵਾਰ ਦਿੱਤਾ ਸੀ। ਇਨ੍ਹਾਂ ਗੁਰੂ ਸਾਹਿਬਾਨਾਂ ਤੋਂ ਸੇਧ ਲੈਂਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਸਿੱਖ ਪੰਥ ਲਈ ਆਪਣਾ ਪਰਿਵਾਰ ਵਾਰ ਦਿੱਤਾ। ਸਿੱਖ ਪੰਥ ਦੀ ਮਹਾਨਤਾ ਦੀ ਨੀਂਹ ਨੂੰ ਪਕੇਰਾ ਰੱਖਣ ਦੇ ਲਈ ਸਿੱਖਾਂ ਨੇ ਗੁਰੂਆਂ ਦੀਆਂ ਪੈੜਾਂ 'ਤੇ ਚੱਲ ਕੇ ਆਪਣੇ ਸੀਸ ਵਾਰ ਕੇ, ਚਰਖੜੀਆਂ 'ਤੇ ਚੜ੍ਹ ਕੇ, ਆਰਿਆਂ ਨਾਲ ਸਿਰ ਕਟਵਾ ਕੇ ਤੇ ਸਿੱਖ ਮਾਵਾਂ ਨੇ ਜ਼ਾਲਮ ਹਕੂਮਤ ਵੱਲੋਂ ਕਤਲ ਕੀਤੇ ਬੱਚਿਆਂ ਦੇ ਗਲਾਂ ਵਿੱਚ ਹਾਰ ਪੁਆ ਕੇ ਸਿੱਖ ਧਰਮ ਨੂੰ ਉਜਾਗਰ ਕੀਤੀ ਰੱਖਿਆ ਅਤੇ ਜ਼ਾਲਮ ਹਕੂਮਤ ਦੀ ਈਨ ਨਾ ਮੰਨੀ। ਇਸ ਔਖੀ ਘੜੀ ਦੌਰਾਨ ਵੀ ਸਿੱਖੀ ਪ੍ਰਫੁਲਿਤ ਹੋਈ। ਘੱਲੂਘਾਰਿਆਂ ਵਿੱਚ ਸ਼ਹਾਦਤਾਂ ਦਿੰਦਿਆਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਦਿੱਲੀ ਤੱਕ ਝੰਡਾ ਜਾ ਲਹਿਰਾਇਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ 40 ਸਾਲ ਰਾਜ ਕੀਤਾ। ਅੰਗਰੇਜ਼ ਕਾਲ ਦੇ ਦੌਰਾਨ ਆਰੀਆ ਸਮਾਜੀਆਂ, ਇਸਾਈ ਮਿਸ਼ਨਰੀਆਂ ਦੇ ਪ੍ਰਤੀਕਰਮ ਵਜੋਂ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ ਦੀ ਅਗਵਾਈ ਵਿਚ ਸਿੰਘ ਸਭਾ ਲਹਿਰ ਸਥਾਪਤ ਹੋਈ, ਜਿਸ ਕਾਰਨ ਵਿਦਿਅਕ ਸੰਸਥਾਵਾਂ ਹੋਂਦ ਵਿਚ ਆਈਆਂ ਤੇ ਸਿੱਖੀ ਵਿਚ ਸੁਧਾਰ ਤੇ ਵਿਕਾਸ ਦੇ ਵੱਡੇ ਪੜਾਅ ਤੈਅ ਕੀਤੇ ਗਏ।
ਪਰ ਅੱਜ ਜੋ ਨਿਘਾਰ ਆਇਆ ਤਾਂ ਹੀ ਸੁਆਲ ਪੁੱਛਣਾ ਪੈ ਰਿਹਾ ਹੈ ਕਿ ਕੀ ਸਿੱਖੀ ਖ਼ਤਮ ਤਾਂ ਨਹੀਂ ਹੋ ਜਾਵੇਗੀ। ਇਸ ਨੂੰ ਗੰਭੀਰਤਾ ਨਾਲ ਵਿਚਾਰਨ ਤੇ ਸੋਚਣ ਦੀ ਲੋੜ ਹੈ। ਇਸ ਸੁਆਲ ਪਿੱਛੇ ਤੌਖ਼ਲਾ ਇੱਕ ਡਰ ਤੇ ਸੱਚ ਹੈ, ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਜਿਹੜੀ ਕੌਮ ਸਿੱਧੇ ਹਮਲੇ ਨਾਲ ਖ਼ਤਮ ਹੋਈ, ਹੁਣ ਉਸ 'ਤੇ ਭਗਵੇਂਵਾਦੀਆਂ ਤੇ ਸਰਕਾਰੀ ਕਾਮਰੇਡਾਂ ਵੱਲੋਂ ਅੰਦਰੂਨੀ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਅੱਜ ਸਾਡੀਆਂ ਜੜ੍ਹਾਂ 'ਤੇ ਵਾਰ ਕੀਤਾ ਜਾ ਰਿਹਾ ਹੈ। ਸਿੱਖਾਂ ਦੇ ਹਿਤੈਸ਼ੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਨ ਬੇਖ਼ੌਫ਼ ਹੋ ਕੇ ਕੁੰਭਕਰਨੀ ਨੀਂਦ ਵਿੱਚ ਸੁੱਤੇ ਹੋਏ ਹਨ। ਆਰ. ਐੱਸ. ਐੱਸ. ਦੀ ਸੋਚ ਦੁਨੀਆਂ ਦੀ ਬਦਨਾਮ ਸੰਸਥਾ ਇਸਲਾਮਕ ਸਟੇਟ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਇਸਲਾਮਕ ਸਟੇਟ ਤਾਂ ਹਥਿਆਰਾਂ ਨਾਲ ਸ਼ਰੇਆਮ ਘਟਨਾ ਕਰਕੇ ਜ਼ਿੰਮੇਵਾਰੀ ਲੈਂਦੀ ਹੈ, ਪਰ ਆਰ. ਐੱਸ. ਐੱਸ. ਘੁਣ ਦੀ ਤਰ੍ਹਾਂ ਪੂਰੀ ਦੀ ਪੂਰੀ ਗੁਰੂਆਂ ਦੁਆਰਾ ਸਿਰਜੀ ਸਿੱਖ ਇਮਾਰਤ ਅਰਥਾਤ ਖਾਲਸਾ ਪੰਥ ਨੂੰ ਖਾ ਰਹੀ ਹੈ ਤੇ ਉਨ੍ਹਾਂ ਨੇ ਇਸ ਹਮਲੇ ਲਈ ਆਪਣਾ ਸਲੀਪਰ ਸੈੱਲ ਰਾਸ਼ਟਰੀ ਸਿੱਖ ਸੰਗਤ ਦੇ ਨਾਂ 'ਤੇ ਤਿਆਰ ਕਰ ਲਿਆ ਹੈ। ਰਾਸ਼ਟਰੀ ਸਿੱਖ ਸੰਗਤ ਅੰਮ੍ਰਿਤਧਾਰੀ ਸਿੱਖਾਂ ਦੇ ਭੇਸ ਵਿੱਚ ਰਾਗੀ-ਪਾਠੀ ਪ੍ਰਚਾਰਕ ਬਣਾ ਰਹੀ ਹੈ, ਨਕਲੀ ਸਿੱਖ ਤਿਆਰ ਕਰ ਰਹੀ ਹੈ, ਜਿਨ੍ਹਾਂ ਦੀ ਟਰੇਨਿੰਗ ਆਰ. ਐੱਸ. ਐੱਸ. ਵੱਲੋਂ ਦਿੱਤੀ ਜਾ ਰਹੀ ਹੈ। ਇਤਿਹਾਸ ਬਦਲਿਆ ਜਾ ਰਿਹਾ ਹੈ ਤੇ ਗੁਰਬਾਣੀ ਦੀ ਵਿਆਖਿਆ ਬ੍ਰਾਹਮਣਵਾਦੀ ਨਿਯਮਾਂ ਤਹਿਤ ਕਰਵਾਈ ਜਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦਾ ਵੱਡਾ ਕੇਂਦਰ ਬਣ ਚੁੱਕੀ ਹੈ। ਗੁਰਦੁਆਰਿਆਂ ਉੱਪਰ ਡੇਰੇਦਾਰਾਂ ਦੀ ਸਹਾਇਤਾ ਨਾਲ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦਾ ਮਨੋਰਥ ਪਿੰਡਾਂ ਦੇ ਸਿੱਖਾਂ ਵਿਚ ਆਪਣੀ ਘੁਸਪੈਠ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਦਸਮ ਗੰ੍ਰਥ ਨੂੰ ਸਰਵਉੱਚ ਗ੍ਰੰਥ ਮੰਨਣਾ ਤੇ ਸਿੱਖਾਂ ਵਿਚ ਵੰਡੀਆਂ ਪਾਉਣਾ ਹੈ। ਇਸ ਕਾਰਜ ਪਿੱਛੇ ਉਸ ਦਾ ਮਨੋਰਥ ਸਿੱਖ ਪੰਥ ਨੂੰ ਗੁਰੂਆਂ ਦੀ ਧਰਤੀ ਤੋਂ ਖਦੇੜਨਾ ਹੈ। ਇਸ ਗੱਲ ਦੀ ਸਮਝ ਸਿੱਖ ਪੰਥ ਨੂੰ ਨਹੀਂ ਪੈ ਰਹੀ। ਆਰ. ਐੱਸ. ਐੱਸ. ਦੇ ਮੱਧ ਪ੍ਰਦੇਸ਼ ਦੇ ਗੁਨਾ ਕਸਬੇ ਵਿਚਲੇ ਹੈੱਡਕੁਆਰਟਰ ਵਿੱਚ 120 ਸੇਵਾਮੁਕਤ ਉੱਚ ਅਫਸਰ ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਕੰਮ ਕਰ ਰਹੇ ਹਨ। ਆਰ. ਐੱਸ. ਐੱਸ. ਨਾਲ ਸੰਬੰਧਿਤ ਅਧਿਆਪਕ, ਲੈਕਚਰਾਰ ਤੇ ਪਿੰ੍ਰਸੀਪਲ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਲਗਾਏ ਜਾ ਰਹੇ ਹਨ ਤਾਂ ਜੋ ਗੁਰਮਤਿ ਦੀ ਇਨਕਲਾਬੀ ਵਿਆਖਿਆ ਨੂੰ ਰੋਕਿਆ ਜਾ ਸਕੇ। ਆਰ. ਐੱਸ. ਐੱਸ. ਵੱਲੋਂ ਹੁਣੇ ਜਿਹੇ ਜਿਸ ਤਰ੍ਹਾਂ ਦਿੱਲੀ ਵਿੱਚ ਸਾਢੇ 350 ਸਾਲਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਉਹ ਆਰ. ਐੱਸ. ਐੱਸ. ਦੀ ਖਾਲਸਾ ਪੰਥ ਨੂੰ ਪਹਿਲੀ ਵੰਗਾਰ ਸੀ ਕਿ ਦੇਖ ਲਓ ਅਸੀਂ ਤੁਹਾਡੇ ਘਰ ਵਿੱਚ ਦਾਖ਼ਲ ਹੋ ਚੁੱਕੇ ਹਾਂ। ਆਪਣੇ-ਆਪ ਨੂੰ ਸਾਂਭ ਲਓ। ਆਪਣਾ ਵਿਰਸਾ ਸੰਭਾਲ ਲਓ। ਹੁਣ ਲੋੜ ਇਹੀ ਭਾਸਦੀ ਹੈ ਕਿ ਗੁਰਬਾਣੀ ਦੀ ਵਿਚਾਰਧਾਰਾ ਦੇ ਆਧਾਰ 'ਤੇ ਇਨਸਾਫ਼ ਤੇ ਸ਼ਾਂਤੀ ਦੇ ਲਈ ਜਥੇਬੰਦ ਹੋ ਕੇ ਸਭ ਮਨੁੱਖਤਾ ਨੂੰ ਇਕਮੁੱਠ ਕੀਤਾ ਜਾਵੇ ਤੇ ਜਾਤੀ ਪਾਤੀ ਰਹਿਤ ਸਮਾਜ ਸਿਰਜਣ ਵਲ ਵਧਿਆ ਜਾਵੇ। ਗੁਰਬਾਣੀ ਦੀ ਸਹੀ ਵਿਆਖਿਆ ਹੋਂਦ ਵਿਚ ਲਿਆਂਦੀ ਜਾਵੇ ਤੇ ਗੁਰਦੁਆਰਿਆਂ ਵਿਚ ਇਸ ਦਾ ਪ੍ਰਚਾਰ ਕੀਤਾ ਜਾਵੇ। ਇਸ ਮਨੋਰਥ ਲਈ ਸਿੱਖ ਸਾਹਿਤ ਤੇ ਸਿੱਖ ਅਕੈਡਮੀ ਦੀ ਸਿਰਜਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਧੁਨਿਕ ਤਕਨੀਕਾਂ ਰਾਹੀਂ ਆਰ ਐਸ ਐਸ ਤੇ ਸਰਕਾਰੀ ਕਾਮਰੇਡ ਲੇਖਕਾਂ ਦਾ ਮੁਕਾਬਲਾ ਕੀਤਾ ਜਾਵੇ, ਜਿਨ੍ਹਾਂ ਦੀਆਂ ਤਾਰਾਂ ਸਿੱਖ ਵਿਰੋਧੀਆਂ ਤੇ ਆਰ ਐਸ ਐਸ ਨਾਲ ਜੁੜੀਆਂ ਹੋਈਆਂ ਹਨ ਤੇ ਉਹ ਲਗਾਤਾਰ ਸਿੱਖ ਇਤਿਹਾਸ, ਸਿੱਖ ਸਾਹਿਤ ਤੇ ਗੁਰਬਾਣੀ ਵਿਚਾਰਧਾਰਾ 'ਤੇ ਵਾਰ ਕਰ ਰਹੇ ਹਨ। 
ਪੰਥ ਦਾ ਰਾਜਸੀ ਨਿਸ਼ਾਨਾ ਤੈਅ ਕਰਨ ਦੀ ਵੀ ਜ਼ਰੂਰਤ ਹੈ ਕਿ ਉਸ ਨੇ ਆਪਣਾ ਭਵਿੱਖ ਕਿਵੇਂ ਨਿਸ਼ਚਿਤ ਕਰਨਾ ਹੈ। ਜੇ 1978 ਵਾਲੇ ਅਨੰਦਪੁਰ ਮਤੇ ਨੂੰ ਵੀ ਅਪਣਾ ਲਿਆ ਜਾਵੇ, ਤਾਂ ਅਸੀਂ ਖ਼ੁਦਮੁਖਤਿਆਰੀ ਵੱਲ ਵੱਧ ਸਕਦੇ ਹਾਂ। ਤਾਮਿਲਨਾਡੂ, ਕੇਰਲਾ, ਨਾਗਾਲੈਂਡ, ਬੰਗਾਲ, ਅਸਾਮ ਤੇ ਹੋਰ ਬਹੁਤ ਸਾਰੇ ਸੂਬੇ ਇਸ ਰਾਹ 'ਤੇ ਤੁਰੇ ਹੋਏ ਹਨ। ਇਸੇ ਸਿਧਾਂਤ ਨੂੰ ਅਪਨਾ ਕੇ ਭਾਰਤ ਤੇ ਦੁਨੀਆਂ ਵਿਚ ਲੋਕਾਂ ਦੀ ਹਮਦਰਦੀ ਵੀ ਜਿੱਤੀ ਜਾ ਸਕਦੀ ਹੈ। ਸਾਨੂੰ ਪੰਜਾਬੀ ਭਾਸ਼ਾ ਦੀ ਰੱਖਿਆ ਲਈ ਵੀ ਕਦਮ ਚੁੱਕਣੇ ਪੈਣਗੇ ਤਾਂ ਹੀ ਅਸੀਂ ਸਿੱਖ ਵਿਰਸਾ ਤੇ ਆਪਣੀ ਹੋਂਦ ਕਾਇਮ ਰੱਖ ਸਕਾਂਗੇ।
ਸਾਨੂੰ ਗੁਰਦੁਆਰਾ ਸੁਧਾਰ ਦੀ ਵੀ ਅਤਿਅੰਤ ਲੋੜ ਹੈ। ਗੁਰਦੁਆਰਾ ਕਮੇਟੀਆਂ ਦੀਆਂ ਚੋਣਾਂ ਵਿੱਚ ਵੀ ਬਹੁਤ ਗਿਰਾਵਟ ਆ ਗਈ ਹੈ ਤੇ ਗੁੰਡਾਗਰਦ ਕਿਸਮ ਦੇ ਲੋਕ ਗੁਰਦੁਆਰਿਆਂ 'ਤੇ ਹਾਵੀ ਹੋ ਗਏ ਹਨ ਤੇ ਉਹ ਚੋਣਾਂ ਦੌਰਾਨ ਗੈਂਗਸਟਰਾਂ ਦੀ ਤਰ੍ਹਾਂ ਲੜਦੇ ਹਨ, ਮਾਇਆ ਤੇ ਨਸ਼ਿਆਂ ਨਾਲ ਉਹ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ 'ਤੇ ਕਾਬਜ਼ ਹੁੰਦੇ ਹਨ, ਜਿਸ ਨਾਲ ਸਿੱਖ ਪੰਥ ਦਾ ਅਕਸ ਵਿਗੜ ਰਿਹਾ ਹੈ। ਕੋਈ ਅਜਿਹਾ ਹੱਲ ਟੋਲਿਆ ਜਾਣਾ ਚਾਹੀਦਾ ਹੈ ਜਿਸ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਚੰਗੇ ਤੇ ਸੱਚੇ ਸੁੱਚੇ ਲੋਕਾਂ ਦੇ ਹੱਥ ਵਿੱਚ ਰਹਿ ਸਕੇ ਤੇ ਲੜਾਈਆਂ ਝਗੜੇ ਨਾ ਹੋਣ। ਗੁਰਦੁਆਰੇ ਕਾਇਮ ਕਰਨ ਦਾ ਇੱਕ ਵੱਡਾ ਮਨੋਰਥ ਇਹ ਵੀ ਸੀ ਕਿ ਸਥਾਨਕ ਤੌਰ 'ਤੇ ਗੁਰੂ ਦੀ ਗੋਲਕ ਕਾਇਮ ਕੀਤੀ ਜਾਵੇ ਤੇ ਪੰਥਕ ਫੰਡ ਨੂੰ ਸਥਾਨਕ ਤੌਰ 'ਤੇ ਸਿੱਖ ਪੰਥ ਦੀ ਚੜ੍ਹਦੀ ਕਲਾ, ਗ਼ਰੀਬਾਂ ਦੀ ਸਹਾਇਤਾ ਤੇ ਆਲੇ-ਦੁਆਲੇ ਨੂੰ ਚੰਗਾ ਬਣਾਉਣ ਹਿੱਤ ਵਰਤਿਆ ਜਾਵੇ ਤੇ ਪੰਥ ਦੇ ਸਾਂਝੇ ਫੰਡ ਨਾਲ ਰੋਜ਼ਾਨਾ ਅਖ਼ਬਾਰ ਤੇ ਟੀਵੀ ਚੈਨਲ ਦਾ ਪ੍ਰਬੰਧ ਕੀਤਾ ਜਾਵੇ। ਜੇ ਸਾਡੇ ਕੋਲ  ਇਹ ਆਧੁਨਿਕ ਯੁੱਗ ਦੇ ਹਥਿਆਰ ਨਹੀਂ ਹੋਣਗੇ ਤਾਂ ਅਸੀਂ ਸਿੱਖੀ ਦਾ ਵਿਕਾਸ ਨਹੀਂ ਕਰ ਸਕਾਂਗੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਗੁਰੂਆਂ ਦੀ ਧਾਰਨਾ ਨੂੰ ਪੁਨਰ ਵਿਸ਼ਲੇਸ਼ਣ ਕਰਨ ਤੇ ਅਮਲ ਵਿਚ ਲਿਆਉਣ ਦੀ ਲੋੜ ਹੈ।
ਪੰਜਾਬ ਨੂੰ 'ਸਿੱਖਾਂ ਦਾ ਹੋਮਲੈਂਡ' ਕਿਹਾ ਜਾਂਦਾ ਹੈ। ਇੱਥੋਂ ਦੇ ਸਿੱਖ ਵਿਦਿਅਕ ਅਦਾਰਿਆਂ ਦਾ ਪ੍ਰਬੰਧ ਵਧੀਆ ਹੋਣਾ ਚਾਹੀਦਾ ਹੈ, ਪਰ ਸਾਡੇ ਨਾਲੋਂ ਇਸਾਈਆਂ ਤੇ ਹਿੰਦੂ ਧਰਮ ਵਾਲਿਆਂ ਦੇ ਵਿਦਿਅਕ ਅਦਾਰੇ ਕਿਤੇ ਵਧੀਆ ਹਨ। ਪਰ ਅਸੀਂ ਇਕ ਵੀ ਸਿੱਖ ਵਿਦਿਅਕ ਅਦਾਰੇ 'ਤੇ ਮਾਣ ਨਹੀਂ ਕਰ ਸਕਦੇ ਕਿ ਉਹ ਸਿੱਖੀ ਦੇ ਵਿਕਾਸ ਵਿਚ ਯੋਗਦਾਨ ਪਾ ਰਿਹਾ ਹੈ। ਸਿੱਖ ਵਿਦਿਅਕ ਅਦਾਰਿਆਂ ਦਾ ਵਿੱਦਿਅਕ ਪੱਧਰ ਬਹੁਤ ਨੀਵਾਂ ਮੰਨਿਆ ਜਾਂਦਾ ਹੈ ਤੇ ਸਟਾਫ਼ ਵਿੱਚ ਸਿਫ਼ਾਰਸ਼ੀ ਲੋਕਾਂ ਤੋਂ ਲੈ ਕੇ ਕੱਟੜ ਨਾਸਤਕ, ਕਾਮਰੇਡ ਤੇ ਸਿੱਖੀ ਦੇ ਉਲਟ ਪ੍ਰਚਾਰ ਕਰਨ ਵਾਲੇ ਅਧਿਆਪਕ ਭਰਤੀ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਇਸ ਸੰਬੰਧ ਵਿਚ ਜ਼ਿੰਮੇਵਾਰ ਹੈ। ਸਿੱਖ ਵਿੱਦਿਅਕ ਅਦਾਰਿਆਂ ਨੂੰ ਠੀਕ ਢੰਗ ਨਾਲ ਸੰਭਾਲ ਲਿਆ ਜਾਵੇ ਤਾਂ ਸਿੱਖੀ ਦਾ ਵਿਕਾਸ ਹੋ ਸਕਦਾ ਹੈ  ਤੇ ਨੌਜਵਾਨ ਸਿੱਖਾਂ ਨੂੰ ਪਤਿਤਪੁਣੇ ਤੋਂ ਵੀ ਦੂਰ ਕਰਕੇ ਆਪਣੇ ਵਿਰਸੇ ਨਾਲ ਜੋੜਿਆ ਜਾ ਸਕਦਾ ਹੈ। 
ਗੁਰਮਤਿ ਇਨਕਲਾਬ ਦੀ ਮੁੜ ਵਾਪਸੀ ਲਈ ਗੁਰੂ ਗੰ੍ਰਥ ਸਾਹਿਬ ਦੇ ਉਪਦੇਸ਼ ਦਾ ਪ੍ਰਚਾਰ, ਸਾਹਿਤ ਸਿਰਜਣਾ ਅਤੇ ਇਸ ਦੀ ਵਿਚਾਰਧਾਰਾ 'ਤੇ ਆਧਾਰਿਤ ਸਾਮਾਜਿਕ, ਆਰਥਿਕ, ਰਾਜਨੀਤਕ ਤੇ ਸੱਭਿਆਚਾਰਕ ਨਿਜ਼ਾਮ ਦੀ ਰੂਪ-ਰੇਖਾ ਤਾਂ ਹੀ ਘੜ ਸਕਾਂਗੇ ਜੇਕਰ ਸਾਨੂੰ ਗੁਰੂਆਂ ਦੀ ਵਿਚਾਰਧਾਰਾ ਤੇ ਗੁਰੂਆਂ ਦੇ ਸਿਧਾਂਤਾਂ ਦੀ ਸਿਧਾਂਤਕ ਸਪੱਸ਼ਟਤਾ ਹੋਵੇਗੀ। ਲੋੜ ਹੈ ਕਿ ਅਸੀਂ ਗੁਰਮਤਿ ਜੀਵੀਏ, ਸੰਗਤ ਸਿਰਜੀਏ ਤੇ ਮਨੁੱਖਤਾ ਦੇ ਹਿੱਤ ਵਿਚ ਸੰਘਰਸ਼ ਦੇ ਰਾਹ ਪਈਏ ਤਾਂ ਹੀ ਅਸੀਂ ਗੁਰੂ ਦੇ ਆਦੇਸ਼ਾਂ ਨੂੰ ਪੂਰੇ ਵਿਸ਼ਵ ਵਿਚ ਪਸਾਰ ਸਕਾਂਗੇ। ਗਿਆਨੀ ਦਿੱਤ ਸਿੰਘ ਸਾਹਿਤ ਸਭਾ ਵੱਲੋਂ ਸਾਡੀ ਪਲੇਠੀ ਪੁਸਤਕ 'ਜਬੈ ਬਾਣ ਲਾਗਯੋ...' ਸਿੱਖ ਸਾਹਿਤ ਵਲ ਇਹ ਸਾਡਾ ਪਹਿਲਾ ਸਫ਼ਰ ਹੈ, ਆਸ ਕਰਦੇ ਹਾਂ ਕਿ ਇਸ ਕਾਰਜ ਨੂੰ ਅਗਾਹ ਤੋਰਦਿਆਂ ਤੁਸੀਂ ਸਾਨੂੰ ਤਨੋ, ਮਨੋ, ਧਨੋਂ ਸਹਿਯੋਗ ਦਿੰਦੇ ਰਹੋਗੇ। ਸਾਡਾ ਨਿਸ਼ਾਨਾ ਗੁਰਬਾਣੀ ਦੀ ਸਹੀ ਵਿਆਖਿਆ ਨਾਲ ਸਿੱਖ ਪੰਥ ਨੂੰ ਜੋੜਨਾ, ਇਤਿਹਾਸ ਦੀ ਸਿਰਜਣਾ ਕਰਨਾ ਤੇ ਸਿੱਖ ਪੰਥ 'ਤੇ ਹੋ ਰਹੇ ਕੂੜ ਵਿਚਾਰਧਾਰਕ ਹਮਲਿਆਂ ਦਾ ਜਵਾਬ ਦੇਣਾ ਹੈ। ਇਸ ਕਾਰਜ ਵਿਚ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ, ਅਸੀਂ ਉਨ੍ਹਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੁਹਾਡਾ ਸਹਿਯੋਗ ਰਿਹਾ ਤਾਂ ਇਹ ਗੁਰ ਸ਼ਬਦ ਲਹਿਰ ਨਿਰੰਤਰ ਜਾਰੀ ਰਹੇਗੀ।

ਬਲਵਿੰਦਰਪਾਲ ਸਿੰਘ (ਪ੍ਰੋ.)
ਹਰਜੋਤ ਸਿੰਘ ਸੰਧੂ


Tuesday, 7 November 2017

ਮੋਦੀ ਦੇ ਰਾਜਕਾਲ ਦੌਰਾਨ ਡਰ ਤੇ ਸਹਿਮ ਦਾ ਮਾਹੌਲ


ਭਾਰਤ ਵਿੱਚ ਡਰ ਦਾ ਜੋ ਮਾਹੌਲ ਸਿਰਜਿਆ ਜਾ ਰਿਹਾ ਹੈ, ਉਸ ਦੇ ਲਈ ਸਾਨੂੰ ਪਿਛੋਕੜ ਵਿੱਚ ਜਾਣਾ ਪਵੇਗਾ। 2010 ਤੋਂ 2017 ਤੱਕ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਸਕ ਭੀੜਾਂ ਨੇ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਜਿਸ ਵਿੱਚ 51% ਹਿੰਸਾ ਦਾ ਸ਼ਿਕਾਰ ਮੁਸਲਮਾਨ ਭਾਈਚਾਰਾ ਹੋਇਆ। 7.9% ਹਿੰਸਾ ਦਾ ਸ਼ਿਕਾਰ ਦਲਿਤ ਭਾਈਚਾਰੇ ਦੇ ਲੋਕ ਹੋਏ। ਇਹ ਹਿੰਸਾ ਦੀਆਂ ਘਟਨਾਵਾਂ ਉੱਤਰ ਪ੍ਰਦੇਸ਼, ਹਰਿਆਣਾ, ਗੁਜਰਾਤ, ਮੱਧ ਪ੍ਰਦੇਸ਼, ਦਿੱਲੀ ਤੇ ਰਾਜਸਥਾਨ ਵਿੱਚ ਹੋਈਆਂ। ਪਰ ਦੇਖਣ ਵਾਲੀ ਗੱਲ ਇਹ ਹੈ ਕਿ 1984 ਵਿੱਚ ਦਿੱਲੀ ਕਾਨ੍ਹਪੁਰ, ਬੁਕਾਰੋ ਅਤੇ ਦੇਸ ਦੇ ਹੋਰਨਾਂ ਹਿੱਸਿਆਂ ਵਿੱਚ ਹੋਈ ਹਿੰਸਾ ਦੌਰਾਨ ਸਿੱਖ ਭਾਈਚਾਰੇ ਨੂੰ ਜਿੰਨਾ ਨੁਕਸਾਨ ਪਹੁੰਚਾਇਆ ਗਿਆ, ਉਹ ਇਸ ਸਭ ਨਾਲੋਂ ਕਿਤੇ ਜ਼ਿਆਦਾ ਹੈ। 1984 ਵਿੱਚ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਉਸ ਦਾ ਸਾਰੇ ਦੇਸ ਵਿੱਚ ਪ੍ਰਚਾਰ ਕਰਕੇ ਪਾਰਲੀਆਮੈਂਟ ਚੋਣਾਂ ਵਿੱਚ ਸਿੱਖਾਂ ਵਿਰੁੱਧ ਪ੍ਰਚਾਰ ਕਰਕੇ ਫਾਇਦਾ ਲਿਆ ਫਿਰ ਜਦੋਂ ਸਰਕਾਰ ਜਾਂ ਬ੍ਰਾਹਮਣਵਾਦ ਨੇ ਦੇਖਿਆ ਕਿ ਘੱਟ ਗਿਣਤੀਆਂ ਨੂੰ ਨੁਕਸਾਨ ਪੁਚਾ ਕੇ ਦੇਸ ਵਿੱਚ ਫਾਇਦਾ ਮਿਲਦਾ ਹੈ, ਤਾਂ 1992 ਵਿੱਚ ਬਾਬਰੀ ਮਸਜਿਦ ਨੂੰ ਸ਼ਹੀਦ ਕਰ ਦਿੱਤਾ ਗਿਆ। ਮੇਰੇ ਕਹਿਣ ਦਾ ਭਾਵ ਹੈ ਕਿ ਅਸੀਂ ਘੱਟ ਗਿਣਤੀਆਂ ਇੱਕ ਦੂਜੇ ਦਾ ਨੁਕਸਾਨ ਹੁੰਦਾ ਦੇਖ ਕੇ ਵੀ ਚੁੱਪੀ ਧਾਰ ਰੱਖੀ ਹੈ, ਜਿਸ ਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ।
ਆਰ. ਐੱਸ. ਐੱਸ. ਰਾਸ਼ਟਰਵਾਦ ਦਾ ਜੋ ਸਿਧਾਂਤ ਲੈ ਕੇ ਆ ਰਹੀ ਹੈ ਕੀ ਉਹ ਸੰਵਿਧਾਨ ਵਿੱਚ ਪਏ ਰਾਸ਼ਟਰਵਾਦ ਵਰਗਾ ਹੈ? ਇੱਕ ਦੇਸ ਵਿੱਚ ਦੋ ਰਾਸ਼ਟਰਵਾਦ ਕਿਵੇਂ ਚਲ ਸਕਦੇ ਹਨ ਅਤੇ ਇਸ ਤਰ੍ਹਾਂ ਭਾਰਤੀ ਸੰਵਿਧਾਨ ਦੀ ਹੋਂਦ ਕਿਵੇਂ ਕਾਇਮ ਰਹਿ ਸਕੇਗੀ। ਕੀ ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਵਿੱਚ ਇਸਲਾਮ, ਆਦਿਵਾਸੀਆਂ, ਦਲਿਤਾਂ, ਮੂਲ ਨਿਵਾਸੀਆਂ ਅਤੇ ਹਰੇਕ ਤਰ੍ਹਾਂ ਦੇ ਛੋਟੇ ਸੱਭਿਆਚਾਰ ਨੂੰ ਨਾਲ ਲੈ ਕੇ ਚੱਲਣ ਪ੍ਰਤੀ ਜੋ ਫਲਸਫਾ ਪ੍ਰਗਟ ਕੀਤਾ ਗਿਆ ਹੈ, ਕੀ ਅੱਜ ਅਸੀਂ ਦੁਬਾਰਾ ਖੜ੍ਹੇ ਕਰ ਸਕਾਂਗੇ ਅਤੇ ਸਰਬੱਤ ਦੀ ਅਜ਼ਾਦੀ, ਸਰਬੱਤ ਦੇ ਭਲੇ ਤੇ ਸਾਂਝੀਵਾਲਤਾ ਨੂੰ ਪ੍ਰਗਟਾਅ ਸਕਾਂਗੇ? ਜਿੱਥੇ ਬੇਗ਼ਮਪੁਰਾ ਦੇ ਸੰਕਲਪ ਰਾਹੀਂ ਗੁਰੂ ਰਵੀਦਾਸ ਜੀ ਦੇ ਅਜਿਹੇ ਸਮਾਜ ਸਿਰਜਣ ਦੀ ਗੱਲ ਕੀਤੀ ਹੈ, ਉਹ ਅਸੀਂ ਸੱਚਮੁੱਚ ਇਸ ਦੇਸ ਵਿੱਚ ਅਮਲੀ ਤੌਰ 'ਤੇ ਹੋਂਦ ਵਿੱਚ ਲਿਆ ਸਕਾਂਗੇ ਇਹ ਪ੍ਰਮੁੱਖ ਚੈਲਿੰਜ ਸਾਡੇ ਲਈ ਹਨ।
ਲੋੜ ਇਹ ਹੀ ਭਾਸਦੀ ਹੈ ਕਿ ਮਨੁੱਖਤਾ ਦੇ ਇਨਕਲਾਬ ਲਈ ਤੇ ਮਨੂੰਵਾਦ ਦੇ ਸਫ਼ਾਏ ਲਈ ਜੋ ਮਨੁੱਖਤਾ ਨੂੰ ਵੰਡਦਾ ਹੈ, ਉਸ ਵਿਰੁੱਧ ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਇਹ ਵਿਚਾਰ ਖੜ੍ਹਾ ਕੀਤਾ ਜਾਵੇ। ਮੈਂ ਸਮਝਦਾ ਹਾਂ ਕਿ ਇੱਥੇ ਮੁੰਬਈ ਵਿਖੇ ਜਸਟਿਸ ਐਂਡ ਕਾਨਫਰੰਸ ਵਿੱਚ ਦੇਸ ਵਿਦੇਸ਼ ਤੋਂ ਬੁੱਧੀਜੀਵੀ ਆਏ ਨੇ। ਉਹ ਇਸ ਫਲਸਫੇ ਨੂੰ ਜਾਣਨ, ਇਸ ਸੰਪੂਰਨ ਸਰਵਪੱਖੀ ਇਨਕਲਾਬ ਦੀ ਗੱਲ ਕਰਨ ਵਾਲੇ ਅਤੇ ਅਮਲੀ ਰੂਪ ਵਿੱਚ ਲਿਆਉਣ ਵਾਲੇ ਪੂਰੇ ਦੇਸ ਦੇ ਮਹਾਂਪੁਰਖਾਂ ਨੇ ਵਿਚਾਰਾਂ ਨੂੰ ਦੇਸ ਦੇ ਲਿਤਾੜੇ ਜਾ ਰਹੇ ਸਮੂਹ ਲੋਕਾਂ ਦੀ ਏਕਤਾ ਲਈ ਆਧਾਰ ਬਣਾਉਣ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇੱਕ ਵਾਰ ਅਸੀਂ ਜਾਤਾਂ-ਧਰਮਾਂ ਤੇ ਕੌਮਾਂ ਤੋਂ ਉੱਪਰ ਉੱਠ ਕੇ ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਨੂੰ ਪੜ੍ਹੀਏ ਤੇ ਸਮਾਜ ਵਿੱਚ ਲਾਗੂ ਕਰੀਏ। ਇਹ ਹੀ ਦੇਸ ਵਿੱਚ ਮਨੁੱਖੀ ਏਕਤਾ ਦਾ ਆਧਾਰ ਬਣ ਸਕਦਾ ਹੈ। ਇਸ ਸੰਮੇਲਨ ਵਿੱਚ ਇਸ ਸਬੰਧੀ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ।


-ਸੁਰਿੰਦਰ ਪਾਲ ਸਿੰਘ ਗੋਲਡੀ

98144 60009
7307033333


Monday, 6 November 2017

ਭੁੱਖ ਨਾਲ ਮਰ ਰਹੇ ਭਾਰਤ ਦੇ ਲੋਕ ਤੇ ਮੋਦੀ ਦਾ ਸ਼ਾਈਨਿੰਗ ਇੰਡੀਆ



ਝਾਰਖੰਡ ਸਾਧਨਾਂ ਦੇ ਮਾਮਲੇ ਵਿੱਚ ਭਾਰਤ ਦਾ ਅਮੀਰ ਸੂਬਾ ਹੈ, ਪਰ ਇੱਥੋਂ ਦੇ ਲੋਕ ਕਾਫ਼ੀ ਗ਼ਰੀਬ ਹਨ ਤੇ ਭੁੱਖਮਰੀ ਦਾ ਸ਼ਿਕਾਰ ਹਨ। ਦੇਸ ਦੇ ਸਾਰੇ ਕਾਰਪੋਰੇਟ ਘਰਾਣੇ ਝਾਰਖੰਡ ਦੇ ਸਾਧਨਾਂ ਦਾ ਸ਼ੋਸ਼ਣ ਕਰਕੇ ਖ਼ੂਬ ਅਮੀਰ ਬਣ ਗਏ ਹਨ, ਪਰ ਇੱਥੋਂ ਦਾ ਨਾਗਰਿਕ ਦਾਲ ਛੱਡੋ, ਚੌਲਾਂ ਦੀ ਭਾਲ ਵਿੱਚ ਭੁੱਖਾ ਮਰ ਰਿਹਾ ਹੈ। ਦੁਸ਼ਯੰਤ ਕੁਮਾਰ ਦਾ ਸ਼ੇਅਰ ਹੈ : 'ਭੂਖ ਹੈ ਤੋ ਸਬਰ ਕਰ, ਰੋਟੀ ਨਹੀਂ ਤੋ ਕਿਆ ਹੂਆ। ਅੱਜਕੱਲ੍ਹ ਭਾਰਤੀ ਸੰਸਦ ਵਿੱਚ ਇਸ ਮੁੱਦੇ 'ਤੇ ਬਹਿਸ ਹੋ ਰਹੀ ਹੈ। ਸ਼ਾਇਰ ਇਸ ਵਿੱਚ ਹੁਕਮਰਾਨਾਂ ਦਾ ਮਜ਼ਾਕ ਉਡਾ ਰਿਹਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਭੁੱਖ ਸਬਰ ਨਹੀਂ ਜਾਣਦੀ। ਇਸ ਦੇ ਬਾਵਜੂਦ ਭਾਰਤੀ ਸਿਸਟਮ ਗ਼ਰੀਬਾਂ ਦੀ ਪ੍ਰੀਖਿਆ ਲੈਂਦੀ ਰਹਿੰਦਾ ਹੈ। ਤੁਹਾਨੂੰ ਯਾਦ ਕਰਵਾ ਦੇਈਏ ਕਿ ਹੁਣੇ ਜਿਹੇ ਝਾਰਖੰਡ ਵਿੱਚ ਭੁੱਖ ਨਾਲ ਤਿੰਨ ਮੌਤਾਂ ਹੋਈਆਂ ਹਨ। ਸਿਮਡੇਗਾ ਦੀ ਸੰਤੋਸ਼ੀ ਦੀ ਮੌਤ ਇਸ ਲਈ ਹੋ ਗਈ ਕਿ ਰਾਸ਼ਨ ਕਾਰਡ ਆਧਾਰ ਨਾਲ ਨਹੀਂ ਜੁੜਿਆ ਸੀ। ਡੀਲਰ ਨੇ ਰਾਸ਼ਨ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ। ਝਰੀਆ ਦੇ ਬੈਜਨਾਥ ਰਵਿਦਾਸ ਦੀ ਮੌਤ ਇਸ ਲਈ ਹੋ ਗਈ ਕਿ ਸਰਕਾਰੀ ਵਿਵਸਥਾ ਵਿੱਚ ਫੈਲੇ ਭ੍ਰਿਸ਼ਟਾਚਾਰ ਨੇ ਉਸ ਨੂੰ ਤਿੰਨ ਸਾਲ ਤੋਂ ਰਾਸ਼ਨ ਕਾਰਡ ਨਹੀਂ ਦਿੱਤਾ ਸੀ। ਜਦ ਕਿ ਦੇਵਘਰ ਜ਼ਿਲ੍ਹੇ ਦੇ ਰੂਪਲਾਲ ਮਰਾਂਡੀ ਦੀ ਮੌਤ ਇਸ ਲਈ ਹੋ ਗਈ ਕਿ ਮਸ਼ੀਨ ਵਿੱਚ ਉਸ ਦਾ ਤੇ ਉਸ ਦੀ ਧੀ ਦਾ ਅੰਗੂਠਾ ਮੈਚ ਨਹੀਂ ਹੋਇਆ। ਇਸ ਕਾਰਨ ਪਿਛਲੇ ਦੋ ਮਹੀਨੇ ਤੋਂ ਉਸ ਨੂੰ ਰਾਸ਼ਨ ਨਹੀਂ ਮਿਲਿਆ। ਸੁਆਲ ਇਹ ਪੈਦਾ ਹੁੰਦਾ ਹੈ ਕਿ ਭਾਰਤ ਦੀ ਸਰਕਾਰ ਭਾਰਤ ਦੇ ਮਲਿਕ ਭਾਗੋਆ ਤੋਂ ਵੀ ਵੱਧ ਨਿਰਦਈ ਹੈ, ਜੋ ਗਰੀਬਾਂ ਤੇ ਕਿਰਤੀਆਂ ਦਾ ਖ਼ੂਨ ਚੂਸ ਰਹੇ ਹਨ।  ਸਰਕਾਰੀ ਤੰਤਰ ਤਾਂ ਏਨਾ ਜ਼ਾਲਮ ਹੈ ਕਿ ਜੇਕਰ ਗ਼ਰੀਬ ਦੇ ਕੋਲ ਇੱਕ ਆਧਾਰ ਕਾਰਡ ਨਹੀਂ ਹੈ, ਤਾਂ ਰਾਸ਼ਨ 'ਤੇ ਵੀ ਪਾਬੰਦੀ ਲੱਗ ਗਈ ਹੈ। ਭ੍ਰਿਸ਼ਟਾਚਾਰ ਮਿਟਾਉਣ ਦੇ ਨਾਂ 'ਤੇ ਭੁੱਖ ਨਾਲ ਮੌਤ ਸ਼ਾਇਦ ਬਹੁਤ ਵੱਡੀ ਸਜ਼ਾ ਹੈ। ਇਹ ਹੈ ਮੋਦੀ ਦਾ ਸ਼ਾਈਨਿੰਗ ਇੰਡੀਆ। ਇੰਡੀਆ ਤਰੱਕੀ ਕਰ ਰਿਹਾ ਹੈ, ਇੰਡੀਆ ਦਾ ਕਾਰਪੋਰੇਟ ਜਗਤ ਅਮੀਰ ਹੋ ਰਿਹਾ ਹੈ। ਮੋਦੀ, ਅਡਾਨੀ, ਅੰਬਾਨੀ, ਟਾਟਾ ਬਿਰਲਿਆ ਦਾ ਰਾਜ ਹੈ, ਜੋ ਪੂਰੇ ਭਾਰਤ ਨੂੰ ਲੁੱਟ ਕੇ ਖਾ ਰਹੇ ਹਨ। ਕੀ ਮਲਿਕ ਭਾਗੋਆਂ ਦੀ ਤਰੱਕੀ ਭਾਰਤ ਦੀ ਤਰੱਕੀ ਹੈ?
ਝਾਰਖੰਡ ਸਾਧਨਾਂ ਦੇ ਮਾਮਲੇ ਵਿੱਚ ਦੇਸ ਦਾ ਅਮੀਰ ਸੂਬਾ ਹੈ, ਪਰ ਇੱਥੋਂ ਦੇ ਲੋਕ ਕਾਫ਼ੀ ਗ਼ਰੀਬ ਹਨ। ਇੱਥੇ ਲੋਹਾ, ਤਾਂਬਾ, ਮਾਇਕਾ, ਬਾਕਸਾਈਟ, ਗਰੇਫਾਈਟ ਅਤੇ ਯੂਰੇਨੀਅਮ ਨਿਕਲਦਾ ਹੈ। ਅੱਜ ਝਾਰਖੰਡ ਨੂੰ ਬਣੇ ਹੋਏ ਕਈ ਸਾਲ ਹੋ ਗਏ ਹਨ। ਨਾ ਤਾਂ ਸਥਾਨਕ ਸਾਧਨਾਂ ਦਾ ਲਾਭ ਇੱਥੋਂ ਦੇ ਲੋਕਾਂ ਨੂੰ ਮਿਲਿਆ, ਨਾ ਹੀ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਇੱਥੋਂ ਦੇ ਲੋਕਾਂ ਨੂੰ ਮਿਲਿਆ। ਇੱਥੋਂ ਦੇ ਸਾਰੇ ਆਦੀਵਾਸੀ ਪਰਿਵਾਰਾਂ ਦੀਆਂ ਔਰਤਾਂ ਵੱਡੇ ਸ਼ਹਿਰਾਂ ਵਿੱਚ ਘਰੇਲੂ ਨੌਕਰਾਣੀ ਦੇ ਤੌਰ 'ਤੇ ਕੰਮ ਕਰਦੀਆਂ ਮਿਲਣਗੀਆਂ, ਜਿਨ੍ਹਾਂ ਨੂੰ ਸਾਲਾਨਾ ਵੀਹ ਤੋਂ ਤੀਹ ਹਜ਼ਾਰ ਰੁਪਏ ਦੇ ਠੇਕੇ 'ਤੇ ਲਿਜਾਇਆ ਜਾਂਦਾ ਹੈ ਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਹੈ।
ਭੁੱਖ ਨਾਲ ਮੌਤ ਹੋ ਜਾਣੀ ਭਾਰਤ ਵਿੱਚ ਕੋਈ ਨਵੀਂ ਗੱਲ ਨਹੀਂ ਹੈ, ਪਰ 21ਵੀਂ ਸਦੀ ਵਿੱਚ ਭੁੱਖ ਨਾਲ ਹੋਣ ਵਾਲੀ ਲੜਾਈ ਵਿੱਚ ਭਾਰਤ 100ਵੇਂ ਨੰਬਰ 'ਤੇ ਚਲਿਆ ਗਿਆ ਹੈ। ਭੁੱਖ ਦੇ ਖ਼ਿਲਾਫ਼ ਭਾਰਤ ਨਾਲੋਂ ਚੰਗੀ ਲੜਾਈ ਗੁਆਂਢੀ ਨੇਪਾਲ ਅਤੇ ਬੰਗਲਾਦੇਸ ਨੇ ਲੜੀ ਹੈ। ਅਜ਼ਾਦੀ ਤੋਂ ਪਹਿਲਾਂ ਵੀ ਭਾਰਤ ਵਿੱਚ ਭੁੱਖ ਨਾਲ ਮੌਤਾਂ ਹੁੰਦੀਆਂ ਸਨ। ਅਜ਼ਾਦੀ ਤੋਂ ਬਾਅਦ ਵੀ ਭੁੱਖ ਨਾਲ ਮੌਤਾਂ ਹੁੰਦੀਆਂ ਰਹੀਆਂ। ਫਿਰ ਅਜ਼ਾਦੀ ਦਾ ਕੀ ਫਾਇਦਾ ਹੋਇਆ? ਬਿਹਾਰ, ਬੰਗਾਲ ਤੇ ਮਹਾਰਾਸ਼ਟਰ ਦੇ ਅਕਾਲ ਨੇ ਸਰਕਾਰਾਂ ਨੂੰ ਭੁੱਖ ਨਾਲ ਨਿਬੜਨ ਲਈ ਯੋਜਨਾਵਾਂ ਬਣਾਉਣ ਨੂੰ ਮਜਬੂਰ ਕੀਤਾ। ਇਸ ਨਾਲ ਨਤੀਜੇ ਵੀ ਸਾਹਮਣੇ ਆਏ। ਸਿੰਜਾਈ ਤੇ ਖੇਤੀਬਾੜੀ ਖੇਤਰ ਵਿੱਚ ਚੰਗੇ ਕੰਮ ਨਾਲ ਦੇਸ ਅੰਨ ਦੇ ਮਾਮਲੇ 'ਚ ਆਤਮ-ਨਿਰਭਰ ਹੋ ਗਿਆ। ਇਸ ਤੋਂ ਬਾਅਦ ਭੁੱਖ ਨਾਲ ਮੌਤ ਭਾਰਤ ਲਈ ਸ਼ਰਮ ਵਾਲੀ ਗੱਲ ਹੈ।
 ਦੇਸ ਦੇ ਅੰਨ-ਭੰਡਾਰ ਭਰੇ ਹੋਏ ਹਨ। ਪਿੰਡ-ਪਿੰਡ ਤਕ ਜ਼ਿਲ੍ਹਾ ਪ੍ਰਸ਼ਾਸਨ ਦੀ ਪਹੁੰਚ ਹੈ। ਫਿਰ ਵੀ ਭੁੱਖ ਨਾਲ ਮੌਤਾਂ ਹੋ ਰਹੀਆਂ ਹਨ। ਭੁੱਖ ਨਾਲ ਪਲਾਇਨ ਹੋ ਰਿਹਾ ਹੈ। ਇਸ ਵਿੱਚ ਕੁਦਰਤੀ ਆਫ਼ਤਾਂ ਦਾ ਯੋਗਦਾਨ ਨਹੀਂ ਹੈ। ਇਹ ਮੌਤਾਂ ਸਰਕਾਰੀ ਤੰਤਰ ਦੀ ਉਦਾਸੀਨਤਾ ਤੇ ਲਾਪਰਵਾਹੀ ਦੇ ਕਾਰਨ ਹੋਈਆਂ ਹਨ।
ਡਿਜੀਟਲ ਇੰਡੀਆ ਤੇ ਆਧਾਰ ਨੰਬਰ ਸਹੂਲਤ ਦੀ ਬਜਾਏ ਸਮੱਸਿਆ ਬਣ ਰਹੇ ਹਨ। ਰਾਸ਼ਨ ਕਾਰਡ ਤੋਂ ਬਾਅਦ ਦੇਸ ਦੇ ਸਾਰੇ ਬੈਂਕ ਖਾਤਿਆਂ ਨੂੰ ਆਧਾਰ ਨੰਬਰ ਨਾਲ ਜੋੜਨ ਦੇ ਹੁਕਮ ਦਿੱਤੇ ਗਏ ਹਨ। ਹਾਲਾਂ ਕਿ ਮਾਮਲਾ ਫਿਲਹਾਲ ਅਦਾਲਤ ਵਿੱਚ ਹੈ ਤੇ ਸੁਪਰੀਮ ਕੋਰਟ ਇਸ ਦੀ ਲੋੜ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰ ਰਿਹਾ ਹੈ, ਫਿਰ ਵੀ ਆਧਾਰ ਨੰਬਰ ਨੂੰ ਹਰੇਕ ਥਾਂ ਜ਼ਰੂਰੀ ਕਰਨ ਦੀ ਸਰਕਾਰੀ ਜ਼ਿੱਦ ਇਨ੍ਹਾਂ ਮੌਤਾਂ ਲਈ ਹੱਦ ਤੋਂ ਵੱਧ ਜ਼ਿੰਮੇਵਾਰ ਹੈ। ਮੋਦੀ ਸਰਕਾਰ ਆਪਣੇ ਹਠ 'ਤੇ ਕਾਇਮ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਭੁੱਖ ਨਾਲ ਮਰ ਰਹੇ ਲੋਕਾਂ ਦਾ ਦਰਦ ਨਹੀਂ, ਉਹ ਅਖੌਤੀ ਸੁਪਨਿਆਂ ਵਿਚ ਜੀਅ ਰਿਹਾ ਹੈ, ਡਿਜ਼ੀਟਲ ਇੰਡੀਆ ਤਰੱਕੀ ਕਰਦਾ ਭਾਰਤ, ਵਧ ਰਿਹਾ ਭਾਰਤ, ਪਰ ਅਸਲ ਵਿਚ ਭਾਰਤ ਦੀ ਤਸਵੀਰ ਬੜੀ ਦਰਦ ਭਰੀ ਹੈ। ਇਹ ਤਾਂ ਝਾਰਖੰਡ ਸੂਬੇ ਤੋਂ ਦੇਖੀ ਜਾ ਸਕਦੀ ਹੈ ਕਿ ਭਾਰਤ ਭੁੱਖ ਨਾਲ ਮਰ ਰਿਹਾ ਹੈ ਤੇ ਕਾਰਪੋਰੇਟ ਜਗਤ ਗਰੀਬਾਂ ਦਾ ਜੋਕਾਂ ਬਣ ਕੇ ਲਹੂ ਨਿਚੋੜ ਰਿਹਾ ਹੈ।
-ਰਜਿੰਦਰ ਸਿੰਘ ਪੁਰੇਵਾਲ