deshpunjabtimes.blogspot.com

Monday, 26 September 2011

ਅਨਮੋਲ ਵਿਰਾਸਤ ਕਿਲਾ ਲੋਹਗੜ੍ਹ\¸ਸੁਰਿੰਦਰ ਕੋਛੜ, ਅੰਮ੍ਰਿਤਸਰ



ਅਨਮੋਲ ਵਿਰਾਸਤ ਕਿਲਾ ਲੋਹਗੜ੍ਹ

ਅੰਮ੍ਰਿਤਸਰ ਦੇ ਲੋਹਗੜ੍ਹ ਦਰਵਾਜ਼ੇ ਦੇ ਅੰਦਰ ਸੁਸ਼ੋਭਿਤ ਕਿਲਾ ਲੋਹਗੜ੍ਹ, ਜੋ ਕਿ ਹੁਣ ਪੂਰੀ ਤਰ੍ਹਾਂ ਨਾਲ ਗੁਰਦੁਆਰਾ ਸਾਹਿਬ ਵਿਚ ਤਬਦੀਲ ਹੋ ਚੁੱਕਿਆ ਹੈ, ਅੰਮ੍ਰਿਤਸਰ ਦੀ ਧਰਤੀ 'ਤੇ ਉਸਾਰਿਆ ਜਾਣ ਵਾਲਾ ਪਹਿਲਾ ਜੰਗੀ ਕਿਲਾ ਹੈ। ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਸ਼ਹਿਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਦੇ ਨਾਲ-ਨਾਲ ਦੁਸ਼ਮਣ ਤੁਰਕ ਸੈਨਾ ਦੇ ਮੁਕਾਬਲੇ ਲਈ ਫੌਜੀ  ਤਿਆਰੀਆਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸੰਮਤ 1671 ਬਿ. (1614 ਈ.) ਵਿਚ ਇਸ ਕਿਲੇ ਦਾ ਨਿਰਮਾਣ ਕਰਵਾਇਆ ਅਤੇ ਸੰਮਤ 1676 ਬਿ. (ਸੰਨ 1619 ਈ.) ਵਿਚ ਇਸ ਕਿਲੇ ਦੇ ਆਸ-ਪਾਸ ਪੁਰਾਣੇ ਅੰਮ੍ਰਿਤਸਰ (ਰਾਮਦਾਸਪੁਰਾ) ਦੇ ਕੁਝ ਹਿੱਸੇ ਵਿਚ ਪੱਕੀ ਤੇ ਉੱਚੀ ਦੀਵਾਰ ਬਣਵਾਈ। ਸੰਨ 1997 ਵਿਚ ਗੁਰੂ ਮਹਾਰਾਜ ਦੀ ਇਸ ਅਦਭੁੱਤ ਨਿਸ਼ਾਨੀ ਕਿਲਾ ਲੋਹਗੜ੍ਹ ਦੀ ਜਗ੍ਹਾ 'ਤੇ ਸੰਗਮਰਮਰੀ ਗੁਰਦੁਆਰਾ ਕਿਲਾ ਲੋਹਗੜ੍ਹ ਸਾਹਿਬ ਉਸਾਰੇ ਜਾਣ ਤੋਂ ਬਾਅਦ ਗੁਰੂ ਜੀ ਦੁਆਰਾ ਹੱਥੀਂ ਉਸਾਰੇ  ਕਿਲਾ ਲੋਹਗੜ੍ਹ ਦੀਆਂ ਸਭ ਨਿਸ਼ਾਨੀਆਂ ਲੁਪਤ ਹੋ ਗਈਆਂ। ਪਿਛਲੇ ਸਮਿਆਂ ਵਿਚ ਕਿਲਾ ਲੋਹਗੜ੍ਹ ਤੋਂ ਸਿੱਧਾ ਰਸਤਾ ਗੁਰੂ ਕੇ ਮਹਿਲਾਂ ਨੂੰ ਜਾਂਦਾ ਸੀ। ਗੁਰੂ ਬਾਜ਼ਾਰ ਦੇ ਕੋਲ ਜਿਹੇ ਗੁਰੂ ਕੇ ਮਹਿਲ ਉਹ ਅਸਥਾਨ ਹੈ, ਜਿਥੇ ਗੁਰੂ ਹਰਿਗੋਬਿੰਦ ਜੀ ਨਿਵਾਸ ਕਰਿਆ ਕਰਦੇ ਸਨ। ਸੰਨ 1629 ਵਿਚ ਗੁਰੂ ਸਾਹਿਬ ਨੇ ਕਿਲਾ ਲੋਹਗੜ੍ਹ ਦੇ ਸਥਾਨ 'ਤੇ ਹੀ ਸ਼ਾਹੀ ਮੁਗਲ ਸੈਨਾ ਨਾਲ ਮੁਕਾਬਲਾ ਕੀਤਾ। ਦੱਸਿਆ ਜਾਂਦਾ ਹੈ ਕਿ ਬਾਦਸ਼ਾਹ ਸ਼ਾਹਜਹਾਨ ਦੇ ਪਾਲਤੂ ਚਿੱਟੇ ਬਾਜ਼ ਨੂੰ ਗੁਰੂ ਜੀ ਦੇ ਸਿੱਖਾਂ ਵਲੋਂ ਸ਼ਿਕਾਰ ਕਰਦਿਆਂ ਫੜੇ ਜਾਣ ਤੋਂ ਬਾਅਦ ਜਦੋਂ ਗੁਰੂ ਜੀ ਨੇ ਬਾਦਸ਼ਾਹ ਨੂੰ ਉਸਦਾ ਬਾਜ਼ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਬਾਦਸ਼ਾਹ ਨੇ ਆਪਣੇ ਇਕ ਖਾਸ ਅਹਿਲਕਾਰ ਮੁਖਲਸ ਖਾਂ ਨੂੰ 7000 ਫੌਜ ਦੇ ਨਾਲ-ਨਾਲ ਅੰਮ੍ਰਿਤਸਰ 'ਤੇ ਚੜ੍ਹਾਈ ਕਰਨ ਲਈ ਭੇਜ ਦਿੱਤਾ। ਕਿਲਾ ਲੋਹਗੜ੍ਹ ਦੇ ਮੁਕਾਮ 'ਤੇ ਹੀ ਤੁਰਕ ਫੌਜ ਨਾਲ ਗੁਰੂ ਜੀ ਦਾ ਬਹੁਤ ਭਾਰੀ ਯੁੱਧ ਆਰੰਭ ਹੋਇਆ। ਗੁਰੂ ਸਾਹਿਬ ਨੇ ਤੁਰਕਾਂ ਦੇ ਅਜਿਹੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਪਹਿਲਾਂ ਤੋਂ ਹੀ ਕਿਲੇ ਵਿਚਲੇ ਕੁਝ ਬੇਰੀਆਂ ਦੇ ਰੁੱਖਾਂ ਨੂੰ ਤੋਪਾਂ ਵਿਚ ਤਬਦੀਲ ਕਰ ਰੱਖਿਆ ਸੀ। ਉਨ੍ਹਾਂ ਨੇ ਆਪਣੀ ਸਿੱਖ ਫੌਜ ਨੂੰ ਉਨ੍ਹਾਂ ਬੇਰੀ ਦੇ ਰੁੱਖਾਂ 'ਚ  ਕੀਤੇ ਛੇਕਾਂ ਰਾਹੀਂ ਬਰੂਦ ਭਰ ਕੇ ਤੋਪ ਵਾਂਗੂ ਚਲਾਉਣ ਦਾ ਹੁਕਮ ਦਿੱਤਾ। ਇਨ੍ਹਾਂ ਤੋਪਾਂ ਦੀ ਮਾਰ ਨਾਲ ਛੇਤੀ ਤੁਰਕ ਫੌਜ ਦੇ ਪੈਰ ਉਖੜਣ ਲੱਗੇ ਅਤੇ ਉਨ੍ਹਾਂ ਨੂੰ ਕਿਲੇ ਦਾ ਘੇਰਾ ਛੱਡਣ ਲਈ ਮਜਬੂਰ ਹੋਣਾ ਪਿਆ। ਆਖਿਰ ਤਰਨਤਾਰਨ ਰੋਡ 'ਤੇ ਚੱਬੇ ਪਿੰਡ ਦੀ ਜੂਹ ਵਿਚ ਜਿਥੇ ਅੱਜ ਗੁਰਦੁਆਰਾ ਸੰਗਰਾਣਾ ਸਾਹਿਬ ਸੋਭਾਇਮਾਨ ਹਨ, ਦੇ ਮੁਕਾਮ 'ਤੇ ਮੁਖਲਸ ਖਾਂ ਦੇ ਅੰਤ ਨਾਲ ਇਸ ਯੁੱਧ ਦੀ ਸਮਾਪਤੀ ਹੋ ਗਈ। ਬੇਰੀ ਦੇ ਰੁੱਖ ਦੀ ਲੱਕੜ ਦੀ ਬਣੀ ਇਕ ਤੋਪ ਅੱਜ ਵੀ ਕਿਲਾ ਗੁਰਦੁਆਰਾ ਲੋਹਗੜ੍ਹ ਸਾਹਿਬ ਦੇ ਅੰਦਰ ਸ਼ੋਅਕੇਸ ਵਿਚ ਰੱਖੀ ਹੋਈ ਹੈ। ਕੁਝ ਮਹੀਨੇ  ਪਹਿਲਾਂ ਕਿਲਾ ਲੋਹਗੜ੍ਹ ਦੇ ਚੌਕ ਵਿਚ ਨਗਰ ਨਿਗਮ ਵਲੋਂ ਸੀਵਰੇਜ ਪਾਉਣ ਲਈ ਕੀਤੀ ਖੁਦਾਈ ਦੇ ਦੌਰਾਨ ਇਕ-ਦੋ ਨਹੀਂ ਬਲਕਿ ਪੂਰੀਆਂ ਤਿੰਨ ਸੁਰੰਗਾਂ ਮਿਲੀਆਂ। ਇਸ ਖਬਰ ਤੋਂ ਬਾਅਦ ਪੂਰੇ ਸ਼ਹਿਰ ਵਿਚ ਹਫੜਾ-ਦਫੜੀ ਮਚ ਗਈ ਅਤੇ ਨਾਲ ਹੀ ਅਫਵਾਹਾਂ ਦਾ ਬਾਜ਼ਾਰ ਵੀ ਸਰਗਰਮ ਹੋ ਗਿਆ। ਕੋਈ ਇਨ੍ਹਾਂ ਸੁਰੰਗਾਂ ਨੂੰ ਲਾਹੌਰ ਨਾਲ ਜੋੜਣ ਦੇ ਕਿਆਫੇ ਲਗਾ ਰਿਹਾ ਸੀ ਤਾਂ ਕੋਈ ਇਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਵਾਈਆਂ ਦੱਸ ਰਿਹਾ ਸੀ ਅਤੇ ਦੂਜੇ ਪਾਸੇ ਨਗਰ ਨਿਗਮ ਜਾਂ ਕੁਝ ਹੋਰ ਵਿਭਾਗ ਇਸ ਨੂੰ ਨਾਲਾ ਦੱਸ ਕੇ ਪਿੱਛਾ ਛੁਡਾਉਣ ਦੀ ਫਿਰਾਕ ਵਿਚ ਸਨ। ਹਾਲਾਂਕਿ ਗੁਰੂ ਕਾਲ ਤੋਂ ਲੈ ਕੇ ਸਿੱਖ ਰਾਜ ਤਕ ਇਕ ਕਿਲੇ ਵਾਂਗੂ ਇਸਤੇਮਾਲ ਕੀਤੇ ਜਾਂਦੇ ਰਹੇ ਅੰਮ੍ਰਿਤਸਰ ਸ਼ਹਿਰ ਵਿਚੋਂ ਖੁਦਾਈ ਦੇ ਦੌਰਾਨ ਇਸ ਤਰ੍ਹਾਂ ਸੁਰੰਗਾਂ ਦਾ ਮਿਲਣਾ ਨਾ ਤਾਂ ਕੋਈ ਨਵੀਂ ਗੱਲ ਸੀ ਅਤੇ ਨਾ ਹੀ ਕੋਈ ਅਚੰਭੇ ਵਾਲੀ ਹੀ, ਕਿਉਂਕਿ ਕੋਈ ਸਾਲ ਕੁ ਪਹਿਲਾਂ ਵੀ ਅੰਮ੍ਰਿਤਸਰ ਦੇ ਕਟੜਾ ਆਹਲੂਵਾਲੀਆ ਵਿਚ ਇਕ ਕਰੀਬ 200 ਸਾਲਾ ਪੁਰਾਣੇ ਮਕਾਨ ਦੀ ਖੁਦਾਈ ਕਰਨ 'ਤੇ ਨਾਨਕਸ਼ਾਹੀ ਇੱਟਾਂ ਨਾਲ ਬਣੀ ਕਰੀਬ ਸਾਢੇ ਪੰਜ ਫੁੱਟ ਉੱਚੀ ਸੁਰੰਗ ਮਿਲੀ ਸੀ , ਜੋ ਕਿ ਆਹਲੂਵਾਲੀਆ ਮਿਸਲ ਦੇ ਰਿਹਾਇਸ਼ੀ ਕਿਲੇ ਵੱਲ ਨੂੰ ਖੁੱਲ੍ਹਦੀ ਸੀ ਪਰ ਜਲਦੀ ਕਾਰਵਾਈ ਕਰਕੇ ਖੁਦਾਈ ਕਰਵਾ ਰਹੇ ਠੇਕੇਦਾਰ ਨੇ ਸੁਰੰਗ 'ਤੇ ਮਲਬਾ ਸੁਟਵਾ ਕੇ ਮਾਮਲਾ ਰਫਾ-ਦਫਾ ਕਰ ਦਿੱਤਾ। ਉਸ ਤੋਂ ਪਹਿਲਾਂ ਇਸੇ ਪ੍ਰ੍ਰਕਾਰ ਦੀਆ ਕੁਝ ਸੁਰੰਗਾਂ ਕਟੜਾ ਬੱਘੀਆਂ ਇਲਾਕੇ ਵਿਚ ਮੌਜੂਦ ਸ. ਦਿਆਲ ਸਿੰਘ ਮਜੀਠੀਆ ਦੀ ਹਵੇਲੀ ਦੀ ਪਲਾਟਿੰਗ ਕਰਨ ਲੱਗਿਆਂ ਵੀ ਮਿਲ ਚੁੱਕੀਆਂ ਹਨ। ਕਿਲਾ ਗੋਬਿੰਦਗੜ੍ਹ ਵਿਚ ਵੀ ਅਜਿਹੀਆਂ ਕੁਝ ਸੁਰੰਗਾਂ ਦੇ ਹੋਣ ਦੀ ਪੱਕੀ ਸੰਭਾਵਨਾ ਹੈ।
ਹੋ ਸਕਦਾ ਹੈ ਕਿ ਜਦੋਂ ਗੁਰੂ ਜੀ ਨੇ ਕਿਲਾ ਲੋਹਗੜ੍ਹ ਅਤੇ ਕਿਲੇ ਦੇ ਬਾਹਰ ਮਜ਼ਬੂਤ ਦੀਵਾਰ ਦਾ ਨਿਰਮਾਣ ਕਰਵਾਇਆ,  ਉਸੇ ਦੌਰਾਨ ਹੀ ਉਨ੍ਹਾਂ ਗੁਰੂ ਕੇ ਮਹਿਲਾਂ ਤੋਂ ਲੈ ਕੇ ਕਿਲਾ ਲੋਹਗੜ੍ਹ ਤਕ ਉਪਰੋਕਤ ਸੁਰੰਗਾਂ ਦਾ ਵੀ ਨਿਰਮਾਣ ਕਰਵਾਇਆ ਹੋਵੇਗਾ। ਇਨ੍ਹਾਂ ਸੁਰੰਗਾਂ ਵਿਚ ਸਭ ਤੋਂ ਵਿਸ਼ੇਸ਼ ਗੱਲ ਇਹ ਵੀ ਸੀ ਕਿ ਇਨ੍ਹਾਂ ਦੇ ਨਿਰਮਾਣ ਵਿਚ ਜੋ ਇੱਟਾਂ ਇਸਤੇਮਾਲ ਕੀਤੀਆਂ ਗਈਆਂ ਸਨ, ਇਹ ਉਹ ਨਾਨਕਸ਼ਾਹੀ ਇੱਟਾਂ ਨਹੀਂ ਸਨ ਜੋ ਮਹਾਰਾਜਾ ਰਣਜੀਤ ਸਿੰਘ ਜਾਂ ਬ੍ਰਿਟਿਸ਼ ਸ਼ਾਸਨ ਵੇਲੇ ਵਰਤੀਆਂ ਜਾਂਦੀਆਂ ਰਹੀਆਂ, ਬਲਕਿ ਇਨ੍ਹਾਂ ਦੀ ਲੰਬਾਈ ਅਤੇ ਰੂਪ ਰੇਖਾ ਉਨ੍ਹਾਂ ਮੁਗਲ ਸਰਾਵਾਂ ਦੀਆਂ ਇੱਟਾਂ ਨਾਲ ਮਿਲਦੀ-ਜੁਲਦੀ ਸੀ, ਜੋ ਗੁਰੂ ਕਾਲ ਦੇ ਦੌਰਾਨ ਬਣਾਈਆਂ ਗਈਆਂ ਸਨ। ਇਹ ਸੁਰੰਗਾਂ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਬਣਵਾਏ ਕਿਲੇ ਦੇ ਲਾਗਿਓਂ ਮਿਲੀਆਂ ਹੋਣ ਦੇ ਬਾਵਜੂਦ ਇਸ ਸਾਰੇ ਮਾਮਲੇ ਨੂੰ ਸੰਜੀਦਗੀ ਨਾਲ ਨਹੀਂ ਲਿਆ ਗਿਆ ਅਤੇ ਕੋਈ ਉੱਚ-ਪੱਧਰੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਗੁਰ ਨਿਸ਼ਾਨੀ ਮਲਬੇ ਹੇਠਾਂ ਦਬਾ ਦਿੱਤੀ ਗਈ।
ਖੈਰ, ਸਮੇਂ ਦੇ ਪ੍ਰਵਾਹ ਦੇ ਚਲਦਿਆਂ ਭਾਵੇਂ ਅੱਜ ਗੁਰੂ ਜੀ ਦੁਆਰਾ ਖੁਦ ਤਾਮੀਰ ਕਰਵਾਇਆ ਕਿਲਾ ਲੋਹਗੜ੍ਹ, ਇਤਿਹਾਸਕ ਦੀਵਾਰ ਅਤੇ ਉਸ ਕਾਲ ਦੀਆਂ ਸੁਰੰਗਾਂ ਆਦਿ ਗੁਰ ਨਿਸ਼ਾਨੀਆਂ ਅਲੋਪ ਹੋ ਚੁੱਕੀਆਂ ਹਨ, ਪਰ ਕਿਲੇ ਦੀ ਨਿਸ਼ਾਨਦੇਹੀ ਕਰਦੀ ਗੁਰਦੁਆਰਾ ਲੋਹਗੜ੍ਹ ਸਾਹਿਬ ਦੀ ਇਮਾਰਤ ਅੱਜ ਵੀ ਸੋਭਾਇਮਾਨ ਹੈ ਅਤੇ ਅੰਮ੍ਰਿਤਸਰ ਸ਼ਹਿਰ ਦੀ ਸ਼ਾਨ ਨੂੰ ਚਾਰ ਚੰਨ ਲਾ ਰਹੀ ਹੈ। ਤੁਰਕਾਂ ਨਾਲ ਹੋਏ ਯੁੱਧ ਦੀ ਜਿੱਤ ਦੀ ਖੁਸ਼ੀ ਵਿਚ ਹਰ ਸਾਲ  ਫਤਹਿ ਦਿਵਸ ਅਤੇ ਗੁਰੂ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਲੋਹਗੜ੍ਹ ਸਾਹਿਬ ਵਿਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

No comments:

Post a Comment