deshpunjabtimes.blogspot.com

Monday, 29 June 2020

ਭਾਰਤ 'ਚ ਲੰਗਰ ਲਗਾਉਣਾ ਵੀ ਹੋਇਆ ਗੁਨਾਹ, 
ਸਿੱਖ ਵਕੀਲ ਬਿੰਦਰਾ ਦਾ ਨਾਮ ਚਾਰਜਸ਼ੀਟ 'ਚ ਸ਼ਾਮਲ
ਸ਼ਾਹੀਨ ਬਾਗ ਵਿੱਚ ਲਗਾਏ ਗਏ ਧਰਨੇ ਦੌਰਾਨ ਲੰਗਰ ਸੇਵਾ ਕਰਨ ਲਈ ਫਲੈਟ ਤੱਕ ਵੇਚ ਦਿੱਤਾ ਸੀ 
 ਖ਼ੂਨੀ ਦੰਗੇ ਕਰਾਉਣ ਦੇ ਦੋਸ਼ੀ ਕਪਿਲ ਮਿਸ਼ਰਾ ਵਿਰੁਧ ਕੇਸ ਦਰਜ ਨਾ ਹੋਇਆ, 
ਪਰ ਅਨੇਕਾਂ ਬੇਗੁਨਾਹਾਂ ਉੱਪਰ ਦਿੱਲੀ ਪੁਲੀਸ ਨੇ ਕੇਸ ਦਰਜ ਕਰ ਦਿੱਤੇ  

ਵਿਸ਼ੇਸ਼ ਰਿਪੋਰਟ
ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916



ਭਾਰਤ ਵਿਚ ਲੰਗਰ ਲਗਾਉਣਾ ਵੀ ਗੁਨਾਹ ਹੋ ਗਿਆ ਹੈ। ਦਸੰਬਰ 2019 ਸ਼ਾਹੀਨ ਬਾਗ ਦਿੱਲੀ ਵਿਚ ਲਗਾਏ ਗਏ ਧਰਨੇ ਦੌਰਾਨ ਲੰਗਰ ਸੇਵਾ ਕਰਦਿਆਂ ਤੇ ਇਸ ਨੂੰ ਲਗਾਤਾਰ ਜਾਰੀ ਰੱਖਣ ਦੇ ਲਈ ਆਪਣਾ ਫਲੈਟ ਵੇਚਣ ਵਾਲੇ ਐਡਵੋਕੇਟ ਡੀ. ਐਸ. ਬਿੰਦਰਾ ਦਾ ਨਾਮ ਵੀ ਦਿੱਲੀ ਪੁਲੀਸ ਵੱਲੋਂ ਚਾਰਜਸ਼ੀਟ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਚਾਰਜਸ਼ੀਟ ਫਰਵਰੀ 2020 ਵਿਚ ਉੱਤਰੀ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਦੌਰਾਨ ਚਾਂਦਬਾਗ ਵਿਚ ਦਿੱਲੀ ਪੁਲੀਸ ਦੇ ਮਾਰੇ ਗਏ ਸਿਪਾਹੀ ਰਤਨ ਲਾਲ ਨਾਲ ਜੁੜੇ ਮਾਮਲੇ ਨਾਲ ਸਬੰਧਿਤ ਹੈ। ਹਾਲਾਂਕਿ ਚਾਰਜਸ਼ੀਟ ਵਿੱਚ 17 ਕਥਿਤ ਦੋਸ਼ੀਆਂ ਦੇ ਨਾਵਾਂ ਨਾਲ ਡੀ.ਐੱਸ. ਬਿੰਦਰਾ ਦਾ ਨਾਂ ਨਹੀਂ ਹੈ। ਪੁਲੀਸ ਨੇ ਕੁਝ ਗਵਾਹੀਆਂ ਦੇ ਆਧਾਰ 'ਤੇ ਵਕੀਲ ਬਿੰਦਰਾ ਦਾ ਨਾਂ ਚਾਰਜਸ਼ੀਟ ਵਿੱਚ 'ਸੀਏਏ' ਖ਼ਿਲਾਫ਼ ਧਰਨੇ ਕਰਕੇ ਦਾਖ਼ਲ ਕੀਤਾ ਗਿਆ ਹੈ। 
ਬੀਟ ਅਫ਼ਸਰਾਂ ਸੁਨੀਲ ਤੇ ਗਿਆਨ ਸਿੰਘ ਅਨੁਸਾਰ ਸਲੀਮ ਖ਼ਾਂ, ਸਲੀਮ ਮੁੰਨਾ, ਡੀਐੱਸ ਬਿੰਦਰਾ, ਸੁਲੇਮਾਨ ਸਦੀਕੀ, ਆਯੂਬ, ਅਤਹਰ, ਸ਼ਾਹਬਾਦ, ਉਪਾਸਨਾ, ਰਵੀਸ਼ ਤੇ ਹੋਰ ਪ੍ਰਦਰਸ਼ਨ ਦੇ ਪ੍ਰਬੰਧਕ ਸਨ। ਚਾਰਜਸ਼ੀਟ ਵਿੱਚ ਬਿੰਦਰਾ ਵੱਲੋਂ ਲੰਗਰ ਦਾ ਪ੍ਰਬੰਧ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਹਵਾਲਾ ਦਿੱਤਾ ਗਿਆ ਹੈ ਕਿ ਬਿੰਦਰਾ ਨੇ ਕਿਹਾ ਸੀ ਕਿ ਸਿੱਖ ਭਾਈਚਾਰਾ ਮੁਸਲਿਮ ਭਾਈਚਾਰੇ ਦੇ ਨਾਲ ਖੜ੍ਹਾ ਹੈ। ਉਧਰ, ਪੁਲੀਸ ਦੇ ਸੀਨੀਅਰ ਅਧਿਕਾਰੀ ਚਾਰਜਸ਼ੀਟ ਬਾਰੇ ਦੱਸਣ ਤੋਂ ਬਚ ਰਹੇ ਹਨ। 
ਦੂਸਰੇ ਪਾਸੇ ਡੀ.ਐੱਸ. ਬਿੰਦਰਾ ਨੇ ਕਿਹਾ ਕਿ ਉਨ੍ਹਾਂ ਨੇ ਲੰਗਰ ਦੀ ਸੇਵਾ ਕਰਕੇ ਕੋਈ ਅਪਰਾਧ ਨਹੀਂ ਕੀਤਾ ਅਤੇ ਊਨ੍ਹਾਂ ਨੇ ਊਹੀ ਕੀਤਾ, ਜਿਸ ਦੀ ਸਾਡੇ ਗੁਰੂਆਂ ਨੇ ਸਿੱਖਿਆ ਦਿੱਤੀ। ਉਹ ਇਹੋ ਜਿਹੇ ਝੂਠੇ ਕੇਸਾਂ ਤੋਂ ਨਹੀਂ ਡਰਦੇ। ਇਸੇ ਦੌਰਾਨ ਸੋਸ਼ਲ ਮੀਡੀਆ ਉਪਰ ਦਿੱਲੀ ਪੁਲੀਸ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਕਈਆਂ ਨੇ ਬਿੰਦਰਾ ਨਾਲ ਖੜ੍ਹੇ ਹੋਣ ਦੀ ਗੱਲ ਕਹੀ ਹੈ। 

ਮੁਸਲਮਾਨਾਂ 'ਤੇ ਝੂਠੇ ਕੇਸ ਦਰਜ
ਫ਼ਰਵਰੀ ਵਿਚ ਦਿੱਲੀ ਵਿਚ ਹੋਈ ਹਿੰਸਾ ਦੇ ਇਕ ਕੇਸ ਵਿਚ ਦੋਸ਼-ਪੱਤਰ ਦਾਖ਼ਲ ਕਰਦਿਆਂ ਦਿੱਲੀ ਪੁਲੀਸ ਨੇ ਹਿੰਸਾ ਕਰਵਾਉਣ ਦਾ ਦੋਸ਼ ਉਨ੍ਹਾਂ ਸਮਾਜਿਕ ਕਾਰਕੁਨਾਂ ਦੇ ਸਿਰ ਮੜ੍ਹਿਆ ਹੈ ਜਿਨ੍ਹਾਂ ਨੇ ਸ਼ਾਹੀਨ ਬਾਗ਼ ਅਤੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੰਦੋਲਨ ਕੀਤੇ। ਪੁਲੀਸ ਨੇ ਦੋਸ਼ ਲਾਇਆ ਹੈ ਕਿ ਤਾਹਿਰ ਹੁਸੈਨ, ਖਾਲਿਦ ਸੈਫ਼ੀ ਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਉਮਰ ਖਾਲਿਦ ਨੇ ਇਹ ਸਾਜ਼ਿਸ਼ ਰਚੀ। ਵਿਦਿਆਰਥਣਾਂ ਦੇ 'ਪਿੰਜਰਾ ਤੋੜ ਗਰੁੱਪ' ਨੂੰ ਵੀ ਇਸ ਘਟਨਾ-ਕ੍ਰਮ ਨਾਲ ਜੋੜਿਆ ਗਿਆ ਹੈ। ਇਸ ਹਿੰਸਾ ਵਿਚ 53 ਲੋਕ ਮਾਰੇ ਗਏ ਸਨ ਅਤੇ 14 ਮਸੀਤਾਂ ਤੇ ਇਕ ਦਰਗਾਹ 'ਤੇ ਹਮਲਾ ਕੀਤਾ ਗਿਆ। ਇਸ ਕੇਸ ਵਿਚ 'ਆਪ' ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਨੂੰ ਮੁੱਖ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪਰ ਇਸ ਸੰਬੰਧੀ ਪੁਲੀਸ ਨੇ ਕੋਈ ਸਬੂਤ ਪੇਸ਼ ਨਹੀਂ ਕੀਤੇ। ਉਲਟਾ ਭਾਜਪਾ ਦੇ ਸੀਨੀਅਰ ਨੇਤਾਵਾਂ ਜੋ ਇਸ ਹਿੰਸਾ ਦੇ ਲਈ ਜ਼ਿੰਮੇਵਾਰ ਸਨ, ਸ਼ਿਕਾਇਤਾਂ ਆਉਣ ਦੇ ਬਾਵਜੂਦ ਉਨ੍ਹਾਂ ਉੱਪਰ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ। ਉਨ੍ਹਾਂ ਦਿਨਾਂ ਦੌਰਾਨ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਭਾਜਪਾ ਦੇ ਕਈ ਪ੍ਰਮੁੱਖ ਆਗੂਆਂ ਨੇ ਨਫ਼ਰਤ-ਭੜਕਾਊ ਭਾਸ਼ਨ ਦਿੱਤੇ ਜਿਨ੍ਹਾਂ ਕਾਰਨ ਕੇਂਦਰੀ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਚੋਣ ਪ੍ਰਚਾਰ 'ਤੇ ਰੋਕ ਲਗਾਈ ਅਤੇ ਬਾਅਦ ਵਿਚ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। 22 ਫਰਵਰੀ ਨੂੰ ਭਾਜਪਾ ਦੇ ਆਗੂ ਕਪਿਲ ਮਿਸ਼ਰਾ ਨੇ ਪੁਲੀਸ ਅਧਿਕਾਰੀਆਂ ਨਾਲ ਖਲੋ ਕੇ ਧਮਕੀ ਭਰਪੂਰ ਹਿੰਸਕ ਚੁਣੌਤੀ ਦਿੱਤੀ ਕਿ ਜਾਫ਼ਰਾਬਾਦ ਵਿਚ ਸ਼ਾਹੀਨ ਬਾਗ਼ ਵਰਗਾ ਮੋਰਚਾ ਨਹੀਂ ਲੱਗਣ ਦਿੱਤਾ ਜਾਵੇਗਾ। ਦਿੱਲੀ ਪੁਲੀਸ ਨੇ ਕਈ ਹੋਰ ਕੇਸਾਂ ਵਿਚ ਵੀ ਚਾਰਜਸ਼ੀਟ ਦਾਖ਼ਲ ਕੀਤੀ ਹੈ ਪਰ ਕਪਿਲ ਮਿਸ਼ਰਾ ਤੇ ਹੋਰਨਾਂ ਭਗਵੇਂ ਨੇਤਾਵਾਂ ਉੱਪਰ ਕੇਸ ਦਰਜ ਨਹੀਂ ਕੀਤਾ ਗਿਆ।

ਦਿੱਲੀ ਪੁਲੀਸ ਦਾ ਇਕਪਾਸੜ ਰੋਲ
ਹਾਲਾਂ ਕਿ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਨੇੜੇ ਮੁਸਲਮਾਨਾਂ ਖਿਲਾਫ਼ ਭੜਕਾਊ ਭਾਸ਼ਣ ਦਿੱਤਾ ਸੀ ਤੇ ਉਸ ਭਾਸ਼ਣ ਦੇ ਕੁਝ ਘੰਟਿਆਂ ਵਿਚ ਹੀ ਮਿਸ਼ਰਾ ਨੇ ਕਾਰਦਾਮਪੁਰੀ ਖੇਤਰ 'ਤੇ ਇਕ ਹਥਿਆਰਬੰਦ ਭਗਵੀਂ ਭੀੜ ਨਾਲ ਦੋ ਕਿਲੋਮੀਟਰ ਦੀ ਦੂਰੀ 'ਤੇ ਹਮਲਾ ਕੀਤਾ ਸੀ।
ਇਸ ਗੱਲ ਦੀ ਗਵਾਹੀ ਮੁਸਲਮਾਨ ਭਾਈਚਾਰੇ ਤੇ ਅੰਦੋਲਨ ਨਾਲ ਜੁੜੇ ਲੋਕਾਂ ਨੇ ਵੀ ਭਰੀ ਹੈ ਕਿ 23 ਫਰਵਰੀ ਦੀ ਦੁਪਹਿਰ ਨੂੰ ਮਿਸ਼ਰਾ ਨੇ ਕਰਦਮਪੁਰੀ ਵਿੱਚ ਭੜਕਾਊ ਭਾਸ਼ਣ ਦਿੱਤਾ ਤੇ ਭੀੜ ਨੂੰ ਮੁਸਲਿਮ ਅਤੇ ਦਲਿਤ ਅੰਦੋਲਨਕਾਰੀਆਂ ਉੱਤੇ ਹਮਲਾ ਕਰਨ ਲਈ ਉਕਸਾਇਆ। ਇਕ ਸ਼ਿਕਾਇਤਕਰਤਾ ਨੇ ਕਪਿਲ ਮਿਸ਼ਰਾ 'ਤੇ ਦੋਸ਼ ਲਗਾਇਆ ਹੈ ਕਿ ਉਹ ਭੀੜ ਨੂੰ ਭੜਕਾਉਂਦੇ ਹੋਏ ਹਵਾ ਵਿਚ ਬੰਦੂਕ ਲਹਿਰਾ ਰਿਹਾ ਸੀ। 
ਕਪਿਲ ਮਿਸ਼ਰਾ ਸਣੇ ਕਈ ਭਾਜਪਾ ਨੇਤਾਵਾਂ ਖਿਲਾਫ ਦਿੱਲੀ ਪੁਲਿਸ ਨੂੰ ਸ਼ਿਕਾਇਤਾਂ ਦਰਜ ਕਰਾਈਆਂ ਗਈਆਂ ਹਨ। ਫਰਵਰੀ ਅਤੇ ਮਾਰਚ 2020 ਦੌਰਾਨ ਉੱਤਰ ਪੂਰਬੀ ਦਿੱਲੀ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਹ ਭਾਜਪਾ ਨੇਤਾਵਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੁਆਰਾ ਕੀਤੀ ਗਈ ਹਿੰਸਾ ਦੇ ਗਵਾਹ ਸਨ। ਸ਼ਿਕਾਇਤ ਕਰਨ ਵਾਲਿਆਂ ਨੇ ਆਪਣੇ ਸ਼ਿਕਾਇਤ ਪੱਤਰ ਵਿਚ ਭਾਜਪਾ ਦੇ ਸੰਸਦ ਮੈਂਬਰ ਤੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੱਤਿਆਲ ਸਿੰਘ, ਉੱਤਰ ਪ੍ਰਦੇਸ਼ ਦੇ ਬਾਗਪਤ ਦੇ, ਨੰਦਕਿਸ਼ੋਰ ਗੁਰਜਰ, ਉੱਤਰ ਪ੍ਰਦੇਸ਼ ਦੇ ਲੋਨੀ ਤੋਂ ਵਿਧਾਇਕ ਮੋਹਨ ਸਿੰਘ ਬਿਸ਼ਟ, ਦਿੱਲੀ ਦੇ ਕਰਨਵਾਲ ਨਗਰ ਤੋਂ ਵਿਧਾਇਕ ਅਤੇ ਮੁਸਤਫਾਬਾਦ ਦੇ ਪੂਰਬ ਵਿਧਾਇਕ ਜਗਦੀਸ਼ ਪ੍ਰਧਾਨ ਦੇ ਨਾਮ ਦਰਜ ਕਰਵਾਏ ਗਏ। ਇਨ੍ਹਾਂ ਸ਼ਿਕਾਇਤਕਰਤਾਵਾਂ ਨੇ ਆਪਣੀਆਂ ਸ਼ਿਕਾਇਤਾਂ ਪ੍ਰਧਾਨ ਮੰਤਰੀ ਦਫਤਰ, ਗ੍ਰਹਿ ਮੰਤਰਾਲੇ, ਉਪ ਰਾਜਪਾਲ ਦਫ਼ਤਰ ਦਿੱਲੀ ਅਤੇ ਕਈ ਥਾਣਿਆਂ ਨੂੰ ਵੀ ਭੇਜੀਆਂ ਹਨ। ਪਰ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋਈ।
ਸ਼ਿਕਾਇਤਕਰਤਾ ਮੁਹੰਮਦ ਜਮੀ ਰਿਜਵੀ, ਜੋ ਉੱਤਰ ਪੂਰਬੀ ਦਿੱਲੀ ਦੇ ਯਮੁਨਾ ਵਿਹਾਰ ਦਾ ਰਹਿਣ ਵਾਲਾ ਹੈ, ਨੇ ਲਿਖਿਆ ਕਿ 23 ਫਰਵਰੀ ਨੂੰ ਦੁਪਹਿਰ 2 ਵਜੇ 25 ਭਗਵਿਆਂ ਦੀ ਭੀੜ ਨੇ ਮਿਸ਼ਰਾ ਨੂੰ ਕਰਦਮਪੁਰੀ ਵਿੱਚ ਮੁਸਲਮਾਨਾਂ ਉੱਤੇ ਹਮਲਾ ਕਰਨ ਲਈ ਉਕਸਾਇਆ। ਕੁਝ ਦਿਨ ਪਹਿਲਾਂ ਮੁਸਲਮਾਨਾਂ ਨੇ ਕਾਰਦਮਪੁਰੀ ਸਮੇਤ ਕਈ ਇਲਾਕਿਆਂ ਵਿੱਚ ਨੈਸ਼ਨਲ ਸਿਵਲ ਰਜਿਸਟਰ ਤੇ ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਸ਼ਾਂਤਮਈ ਅੰਦੋਲਨ ਕੀਤੇ ਸਨ। ਰਿਜਵੀ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ ਕਿ ਮਿਸ਼ਰਾ ਦੇ ਨਾਲ ਖੜ੍ਹੀ ਭਗਵੀਂ ਭੀੜ ਨੇ ਮੁਸਲਮਾਨਾਂ ਤੇ ਦਲਿਤਾਂ ਖਿਲਾਫ਼ ਭੜਕਾਊ ਨਾਅਰੇ ਲਗਾਏ।
ਕਪਿਲ ਮਿਸ਼ਰਾ ਤੁਮ ਲਠ ਬਜਾਓ
ਹਮ ਤੁਮਹਾਰੇ ਸਾਥ ਹੈਂ।
ਲੰਬੇ ਲੰਬੇ ਲਠ ਬਜਾਓ
ਹਮ ਤੁਮਹਾਰੇ ਸਾਥ ਹੈਂ।
ਖੀਂਚ ਖੀਂਚ ਕੇ ਲਠ ਬਜਾਓ
ਹਮ ਤੁਮਹਾਰੇ ਸਾਥ ਹੈਂ। 
ਮੁਲੋਂ ਪਰ ਤੁਮ ਲੱਠ ਬਜਾਓ
ਹਮ ਤੁਮਹਾਰੇ ਸਾਥ ਹੈਂ। 
ਚਮਾਰੋਂ ਪਰ ਤੁਮ ਲਠ ਬਜਾਓ
ਹਮ ਤੁਮਹਾਰੇ ਸਾਥ ਹੈਂ। 
ਸ਼ਿਕਾਇਤ ਵਿਚ ਰਿਜਵੀ ਨੇ ਜ਼ਿਕਰ ਕੀਤਾ ਹੈ ਕਿ ਇਸ ਤੋਂ ਬਾਅਦ ਮਿਸ਼ਰਾ ਨੇ ਭੜਕਾਊ ਨਾਅਰਿਆਂ ਵਾਂਗ ਮੁਸਲਮਾਨਾਂ ਖਿਲਾਫ਼ ਨਫ਼ਰਤ ਨਫ਼ਰਤ ਭਰਪੂਰ ਭਾਸ਼ਣ ਦਿੱਤਾ। ਕਪਿਲ ਮਿਸ਼ਰਾ ਅਤੇ ਉਸਦੇ ਸਾਥੀਆਂ ਦੇ ਹੱਥਾਂ ਵਿੱਚ ਹਥਿਆਰ ਸਨ। ਉਹ ਫਿਰਕੂ ਨਾਅਰੇਬਾਜ਼ੀ ਕਰਦੇ ਧਰਨੇ ਵਲ ਆ ਰਹੇ ਸਨ। ਕਪਿਲ ਮਿਸ਼ਰਾ ਨੇ ਹਿੰਸਕ ਭੀੜ ਨੂੰ ਉਕਸਾਇਆ।''
ਇਸ ਤੋਂ ਬਾਅਦ ਮਿਸ਼ਰਾ ਦੇ ਸਮਰਥਕਾਂ ਨੇ ਕਾਰਦਮਪੁਰੀ ਵਿੱਚ ਪ੍ਰਦਰਸ਼ਨਕਾਰੀਆਂ 'ਤੇ ਪਥਰਾਓ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ, ਪੁਲਿਸ ਦੀ ਹਾਜ਼ਰੀ ਵਿਚ, ਲੋਕਾਂ ਨੇ ਸੜਕਾਂ 'ਤੇ ਕਾਰਾਂ ਨੂੰ ਰੋਕ ਲਿਆ ਅਤੇ ਮੁਸਲਮਾਨਾਂ ਦੀਆਂ ਕਾਰਾਂ ਫੂਕ ਦਿੱਤੀਆਂ ਅਤੇ ਕੁੱਟਮਾਰ ਕੀਤੀ। ਕਪਿਲ ਮਿਸ਼ਰਾ ਆਪਣੀ ਬੰਦੂਕ ਹਵਾ ਵਿੱਚ ਲਹਿਰਾ ਰਿਹਾ ਸੀ ਅਤੇ ਹਮਲਾਵਰਾਂ ਨੂੰ ਕਹਿ ਰਿਹਾ ਸੀ ਕਿ ''ਮੁਲਿਆਂ ਨੂੰ ਨਾ ਛੱਡੋ।'' ਅੱਜ ਅਸੀਂ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਇਹ ਲੋਕ ਪ੍ਰਦਰਸ਼ਨ ਕਰਨਾ ਭੁੱਲ ਜਾਣਗੇ।'' ਮਿਸ਼ਰਾ 'ਤੇ ਲੱਗੇ ਦੋਸ਼ਾਂ ਦੀ ਗੰਭੀਰਤਾ ਦੇ ਬਾਵਜੂਦ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਚਾਂਦਬਾਗ ਦੀ ਰਹਿਣ ਵਾਲੀ ਰੁਬੀਨਾ ਬਾਨੋ ਨੇ ਆਪਣੀ ਸ਼ਿਕਾਇਤ ਵਿਚ ਮਿਸ਼ਰਾ ਸਮੇਤ ਕਈ ਲੋਕਾਂ ਦੇ ਨਾਮ ਲਏ ਹਨ। ਉਸ ਨੇ ਦੱਸਿਆ, ''ਹੁਣ ਪੁਲਿਸ ਅਕਸਰ ਮੇਰੇ ਘਰ ਆਉਂਦੀ ਹੈ ਅਤੇ ਸਿੱਧੀ ਧਮਕੀ ਦਿੰਦੀ ਹੈ ਕਿ ਸ਼ਿਕਾਇਤਾਂ ਵਾਪਸ ਲਵੋ।'' ਚੰਦਬਾਗ ਦੇ ਵਸਨੀਕ ਰਹਿਮਤ ਨੇ ਵੀ ਇਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਜੋ ਉਸ ਦੇ ਸਾਹਮਣੇ 23 ਫਰਵਰੀ ਨੂੰ ਵਾਪਰੀਆਂ ਸਨ। ਯਮੁਨਾ ਵਿਹਾਰ ਦੇ ਵਸਨੀਕ ਮੁਹੰਮਦ ਇਲਿਆਸ ਨੇ ਵੀ ਆਪਣੀ ਸ਼ਿਕਾਇਤ ਵਿੱਚ ਮਿਸ਼ਰਾ ਉੱਪਰ ਹਿੰਸਾ ਦੇ ਦੋਸ਼ ਲਗਾਏ ਹਨ। ਇਲਿਆਸ ਨੇ 17 ਮਾਰਚ 2020 ਨੂੰ ਈਦ ਰਾਹਤ ਕੈਂਪ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਈ, ਉਸਦੀ ਸ਼ਿਕਾਇਤ ਵਿਚ ਦਿਆਲਪੁਰ ਥਾਣੇ ਦੀ ਮੋਹਰ ਲੱਗੀ ਹੈ। ਪਰ ਕਾਰਵਾਈ ਕੋਈ ਨਹੀਂ ਹੋਈ। 
ਬਾਨੋ ਨੇ ਆਪਣੀ ਸ਼ਿਕਾਇਤ ਵਿਚ ਜ਼ਿਕਰ ਕੀਤਾ ਹੈ ਕਿ 24 ਫਰਵਰੀ ਨੂੰ ਉਹ ਸਵੇਰੇ ਕਰੀਬ 11 ਵਜੇ ਧਰਨੇ ਤੇ ਪਹੁੰਚੀ ਤਾਂ ਵੇਖਿਆ ਕਿ ਏਸੀਪੀ ਅਨੁਜ ਸ਼ਰਮਾ, ਦਿਆਲਪੁਰ ਥਾਣੇ ਦੇ ਐਸਐਚਓ ਤਰਸੇਸ਼ਵਰ ਸਿੰਘ, ਬਹੁਤ ਸਾਰੇ ਪੁਲਿਸ ਮੁਲਾਜ਼ਮ ਮੌਜੂਦ ਸਨ ਅਤੇ ਔਰਤਾਂ ਨਾਲ ਬਹਿਸ ਕਰ ਰਹੇ ਸਨ ਅਤੇ ਬਦਸਲੂਕੀ ਕਰ ਰਹੇ ਸਨ। ਉਹ ਕਹਿ ਰਹੇ ਸਨ ਕਿ ਜੇ ਉਹ ਪ੍ਰਦਰਸ਼ਨ ਨੂੰ ਨਹੀਂ ਰੋਕਦੇ ਤਾਂ ਉਹ ''ਆਪਣੇ ਆਪ ਨੂੰ ਜ਼ਿੰਦਗੀ ਤੋਂ ਹੱਥ ਧੋ ਲੈਣਗੇ।'' ਬਾਨੋ ਨੇ ਕਿਹਾ ਹੈ ਕਿ ਪੁਲਿਸ ਤੋਂ ਇਲਾਵਾ ਕੁਝ ਭਗਵੇਂਵਾਦੀ ਲੋਕ ਉਨ੍ਹਾਂ ਨਾਲ ਸਨ ਜੋ ਕਿ ਲਾਠੀ-ਡਾਂਗ, ਤਲਵਾਰ, ਬੰਦੂਕ, ਬੰਬ ਆਦਿ ਲੈਸ ਸਨ। ਬਾਨੋ ਦਾ ਕਹਿਣਾ ਹੈ ਕਿ ''ਫਿਰ ਦਿਆਲਪੁਰ ਥਾਣੇ ਦੇ ਐਸਐਚਓ ਤਾਰਕੇਸ਼ਵਰ ਤੇਜ਼ੀ ਨਾਲ ਆਏ ਅਤੇ ਆਏ ਅਤੇ ਏਸੀਪੀ ਸਾਹਬ ਨੂੰ ਫੋਨ ਦਿੱਤਾ, 'ਸਾਹਿਬ ਕਪਿਲ ਮਿਸ਼ਰਾ ਜੀ ਦਾ ਫੋਨ।' ਉਨ੍ਹਾਂ ਨਾਲ ਗੱਲਬਾਤ ਕਰਦਿਆਂ ਏਸੀਪੀ ਸਾਹਬ ਜੀ, ਜੀ, ਜੀ ਕਹਿ ਰਹੇ ਸਨ। ਫ਼ੋਨ ਨਾ ਕਰਦੇ ਹੋਏ ਚਿੰਤਾ ਨਾ ਕਰੋ, ਚਿੰਤਾ ਨਾ ਕਰੋ, ਲਾਸ਼ਾਂ ਵਿਛਾ ਦਿਆਂਗੇ।''
ਬਾਨੋ ਨੇ ਲਿਖਿਆ ਹੈ ਕਿ ਫੋਨ ਰੱਖਣ ਤੋਂ ਬਾਅਦ ਏਸੀਪੀ ਨੇ ਐਸਐਚਓ ਨੂੰ ਕਿਹਾ ਅਤੇ ਸਾਰਿਆਂ ਨੂੰ ਮਾਰ ਦਿਓ ਅਤੇ ਫਿਰ ਪੁਲਿਸ ਵਾਲਿਆਂ ਨੇ ਔਰਤਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੰਡਾਲ ਵਿਚ ਘੁਸਪੈਠ ਕਰਦਿਆਂ, ਉਨ੍ਹਾਂ ਨੂੰ ਗਾਲਾਂ ਕੱਢੀਆਂ ਅਤੇ ਕਿਹਾ ਕਿ ਆਓ ਤੁਹਾਨੂੰ ਅਜ਼ਾਦੀ ਦੇਈਏ। 'ਬਾਨੋ ਦੇ ਅਨੁਸਾਰ, ਉਨ੍ਹਾਂ ਅੰਬੇਦਕਰ, ਗਾਂਧੀ, ਸਾਵਿਤਰੀਬਾਈ ਫੁਲੇ ਅਤੇ ਹੋਰਾਂ ਦੇ ਪੋਸਟਰ ਵੀ ਪਾੜੇ।  ਬਾਨੋ ਅਨੁਸਾਰ ਇਸ ਦੌਰਾਨ ਇਕ ਪੈਟਰੋਲ ਬੰਬ ਨਾਲ ਪੰਡਾਲ ਨੂੰ ਅੱਗ ਲਗਾ ਦਿੱਤੀ। 
ਇਸਦੇ ਨਾਲ ਹੀ, ਭਗਵੇਂ ਗੁੰਡਿਆਂ ਨੇ ਮੋਹਨ ਨਰਸਿੰਗ ਹੋਮ ਦੀ ਛੱਤ ਤੋਂ ਉਨ੍ਹਾਂ 'ਤੇ ਪੱਥਰਾਂ, ਬੰਬਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬਾਨੋ ਦਾ ਕਹਿਣਾ ਹੈ ਕਿ ਉਸ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋਈ।  ਬਾਨੋ ਨੇ ਆਪਣੀ ਸ਼ਿਕਾਇਤ ਵਿੱਚ ਕਰਾਵਲ ਨਗਰ ਹਲਕੇ ਤੋਂ ਭਾਜਪਾ ਵਿਧਾਇਕ ਮੋਹਨ ਸਿੰਘ ਬਿਸ਼ਟ ਦਾ ਨਾਮ ਵੀ ਲਿਆ ਹੈ ਤੇ ਉਸ ਨੂੰ ਦੰਗਿਆਂ ਦਾ ਜ਼ਿੰਮੇਵਾਰ ਦੱਸਿਆ।
''ਗੋਰਿਆਂ ਨਾਲੋਂ ਭਾਰਤੀ ਵਧੇਰੇ ਨਸਲਵਾਦੀ ਹਨ''-ਅਰੁੰਧਤੀ  ਰਾਏ
ਭਗਵੇਂ ਕੱਟੜਵਾਦੀ ਸੰਗਠਨ ਦਲਿਤਾਂ, ਘੱਟ ਗਿਣਤੀਆਂ ਦੀਆਂ ਹੱਤਿਆਵਾਂ ਤੇ ਗੁੰਡਾਗਰਦੀ ਲਈ ਜ਼ਿੰਮੇਵਾਰ 
 ਭਾਰਤ ਦਾ ਨਸਲਵਾਦ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਪੜਤਾਲ ਦੇ ਰਾਡਾਰ ਤੋਂ ਬਾਹਰ 
 ਰਾਜਸਥਾਨ ਹਾਈ ਕੋਰਟ ਦੇ ਸਾਹਮਣੇ ਲੱਗੀ ਮਨੂੰ ਦੀ ਮੂਰਤੀ ਦਾ ਵਿਰੋਧ ਕਿਉਂ ਨਹੀਂ ਹੋ ਰਿਹਾ 

ਬੀਤੇ ਦਿਨੀਂ ਅਮਰੀਕਨ ਪੁਲੀਸ ਵਲੋਂ ਅਫਰੀਕਾ-ਅਮਰੀਕੀ ਨਾਗਰਿਕ ਜਾਰਜ ਫਲਾਇਡ ਦੇ ਮਾਰੇ ਜਾਣ ਤੋਂ ਬਾਅਦ ਇੱਥੇ ਅੰਦੋਲਨ ਭੜਕ ਗਿਆ ਸੀ। 25 ਮਈ ਦੌਰਾਨ 46 ਸਾਲਾ ਫਲਾਈਡ ਦੀ ਗੋਰੇ ਪੁਲਿਸ ਅਧਿਕਾਰੀ, ਡੇਰੇਕ ਚੌਵਿਨ ਨੇ ਗਰਦਨ 'ਤੇ ਗੋਡਾ ਰੱਖ ਕੇ ਕਤਲ ਕਰ ਦਿੱਤਾ ਸੀ। ਬਹੁਤ ਸਾਰੇ ਜਾਣੇ-ਪਛਾਣੇ ਭਾਰਤੀਆਂ ਦੁਆਰਾ ਫਲਾਈਡ ਦੀ ਹੱਤਿਆ ਦਾ ਵਿਰੋਧ ਕੀਤਾ ਸੀ, ਪਰ ਇਸਦੇ ਉਲਟ ਭਾਰਤ ਵਿਚ ਮੁਸਲਮਾਨਾਂ ਤੇ ਦਲਿਤਾਂ ਉੱਪਰ ਹੋ ਰਹੇ ਅੱਤਿਆਚਾਰਾਂ ਬਾਰੇ ਚੁੱਪ ਧਾਰਨ ਕੀਤੀ ਹੋਈ ਹੈ। ਉਦਾਹਰਣ ਵਜੋਂ, ਨਵੰਬਰ 2019 ਤੋਂ ਮਾਰਚ 2020 ਦੇ ਵਿਚਾਲੇ ਚੱਲ ਰਹੇ ਸਿਟੀਜ਼ਨ ਸੋਧ ਐਕਟ ਵਿਰੁੱਧ ਦੇਸ਼ ਵਿਆਪੀ ਅੰਦੋਲਨ ਵਿਰੁੱਧ ਬੁੱÎਧੀਜੀਵੀਆਂ ਤੇ ਸਿਆਸਤਦਾਨਾਂ ਨੇ ਪੁਲਿਸ ਦੀ ਹਿੰਸਾ ਤੇ ਭੰਨਤੋੜ ਬਾਰੇ ਚੁੱਪ ਧਾਰਨ ਕੀਤੀ ਹੋਈ ਹੈ। ਇਸ ਬਾਰੇ ਅਰੁੰਧਤੀ ਰਾਏ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਲੋਕ ਨਸਲਵਾਦ ਵੱਲ ਵੱਧ ਰਹੇ ਹਨ ਤੇ ਉਹ ਗੋਰਿਆਂ ਨਾਲੋਂ ਵੱਧ ਨਸਲਵਾਦੀ ਹੋ ਚੁੱਕੇ ਹਨ। ਇਸ ਦੇ ਪ੍ਰਮੁਖ ਅੰਸ਼ ਪਾਠਕਾਂ ਦੇ ਹਿੱਤ ਵਿਚ ਪੇਸ਼ ਕੀਤੇ ਜਾ ਰਹੇ ਹਨ।

ਸੁਆਲ-ਤੁਸੀਂ ਅਮਰੀਕਾ ਵਿਚ ਜਾਰਜ ਫਲਾਇਡ ਦੀ ਹੱਤਿਆ ਨੂੰ ਕਿੰਝ ਦੇਖਦੇ ਹੋ?
ਜੁਆਬ-ਮੈਂ ਸਮਝਦੀ ਹਾਂ ਕਿ ਨਸਲਵਾਦ, ਜਾਤੀਵਾਦ ਤੇ ਗੁਲਾਮੀ ਮਨੁੱਖੀ ਅਸਫਲਤਾਵਾਂ ਦੀਆਂ ਜੜ੍ਹਾਂ ਹਨ। ਇਸ ਨੂੰ ਬਹੁਤ ਹੀ ਸੂਖਮ ਢੰਗ ਨਾਲ ਜਾਂਚਣ ਦੀ ਲੋੜ ਹੈ। ਅਮਰੀਕਾ ਵਿੱਚ ਇੱਕ ਪੁਲਸ ਅਧਿਕਾਰੀ ਵੱਲੋਂ ਅਫ਼ਰੀਕੀ ਮੂਲ ਦੇ ਇੱਕ ਕਾਲੀ ਚਮੜੀ ਵਾਲੇ ਅਮਰੀਕੀ ਦੀ ਹੱਤਿਆ ਨੇ ਸਮੁੱਚੇ ਸੰਸਾਰ ਦੇ ਮਾਨਵਵਾਦੀਆਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। 25 ਮਈ ਨੂੰ ਅਮਰੀਕੀ ਚੈਨਲਾਂ 'ਤੇ ਮਨੁੱਖੀ ਹਿਰਦੇ ਨੂੰ ਝੰਜੋੜਣ ਵਾਲਾ ਦ੍ਰਿਸ਼ ਵਾਰ-ਵਾਰ ਦਿਖਾਇਆ ਜਾ ਰਿਹਾ ਸੀ। ਇੱਕ ਪੁਲਸ ਕਾਰ ਦੇ ਪਿਛਲੇ ਪਾਸੇ ਇੱਕ ਕਾਲਾ ਆਦਮੀ ਜ਼ਮੀਨ 'ਤੇ ਮੂਧੇ ਮੂੰਹ ਸੁੱਟਿਆ ਹੋਇਆ ਸੀ। ਇੱਕ ਪੁਲਸ ਅਧਿਕਾਰੀ ਨੇ ਉਸ ਦੀ ਧੌਣ 'ਤੇ ਗੋਡਾ ਰੱਖਿਆ ਹੋਇਆ ਸੀ। ਦੋ ਹੋਰ ਪੁਲਸ ਅਧਿਕਾਰੀਆਂ ਨੇ ਵੀ ਉਸ ਨੂੰ ਨੱਪ ਕੇ ਰੱਖਿਆ ਹੋਇਆ ਸੀ। ਡੈਰੇਕ ਸ਼ੌਵਿਨ ਨਾਂਅ ਦੇ ਪੁਲਸ ਅਧਿਕਾਰੀ ਨੇ ਜਾਰਜ ਫਲਾਇਡ ਨਾਮ ਦੇ ਕਾਲੇ ਵਿਅਕਤੀ ਦੀ ਧੌਣ ਨੂੰ ਆਪਣੇ ਗੋਡੇ ਨਾਲ ਉਦੋਂ ਤੱਕ ਦਬਾ ਕੇ ਰੱਖਿਆ, ਜਦੋਂ ਤੱਕ ਅਂੈਬੂਲੈਂਸ ਨਹੀਂ ਆ ਗਈ। ਇਸ ਦੌਰਾਨ ਜ਼ਮੀਨ 'ਤੇ ਪਿਆ ਫਲਾਇਡ ਚੀਕਦਾ ਰਿਹਾ ਕਿ, ''ਮੈਨੂੰ ਸਾਹ ਨਹੀਂ ਆ ਰਿਹਾ, ਪਲੀਜ਼''  ਪਰ ਕਿਸੇ ਵੀ ਪੁਲਸ ਵਾਲੇ ਨੂੰ ਉਸ 'ਤੇ ਰਹਿਮ ਨਾ ਆਇਆ। ਆਖਰ ਫਲਾਇਡ ਨੇ ਦਮ ਘੁੱਟਣ ਨਾਲ ਦਮ ਤੋੜ ਦਿੱਤਾ।
ਜਾਰਜ ਫਲਾਇਡ ਦੀ ਬੇਰਹਿਮ ਹੱਤਿਆ ਦੀ ਖ਼ਬਰ ਦੇ ਫੈਲਦਿਆਂ ਹੀ ਸਮੁੱਚੇ ਅਮਰੀਕਾ ਵਿੱਚ ਲੋਕ ਸੜਕਾਂ 'ਤੇ ਨਿਕਲ ਆਏ। ਇਸ ਦੌਰਾਨ ਨਸਲਵਾਦੀ ਵਿਚਾਰਾਂ ਵਾਲੇ ਡੋਨਾਲਡ ਟਰੰਪ ਨੇ ਇਸ ਹੱਤਿਆ ਕਾਂਡ 'ਤੇ ਅਜਿਹੀ ਨਫ਼ਰਤ ਭਰਪੂਰ ਟਿੱਪਣੀ ਕਰ ਦਿੱਤੀ, ਜਿਸ ਨੇ ਅੱਗ 'ਤੇ ਪੈਟਰੋਲ ਛਿੜਕਣ ਦਾ ਕੰਮ ਕੀਤਾ। ਟਰੰਪ ਨੇ ਆਪਣੇ ਟਵਿਟਰ 'ਤੇ ਲਿਖਿਆ ਲੁੱਟਮਾਰ ਹੁੰਦੀ ਹੈ ਤਾਂ ਗੋਲੀਆਂ ਚਲਦੀਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਸੱਤਾਧਾਰੀ ਹੀ ਨਸਲਵਾਦ ਨੂੰ ਉਤਸ਼ਾਹਿਤ ਕਰਦੇ ਹਨ।
ਅਸੀਂ ਇਨ੍ਹਾਂ ਸਮੂਹਕ ਤੌਰ 'ਤੇ ਜ਼ੁਲਮ ਵਿਰੁਧ ਅਤੇ ਪ੍ਰਦਰਸ਼ਨਾਂ ਦਾ ਸਮਰਥਨ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਇਮਾਨਦਾਰੀ ਨਾਲ ਆਪਣੇ ਕਿਰਦਾਰ ਤੇ ਕਦਰਾਂ-ਕੀਮਤਾਂ ਤੇ ਕੰਮਾਂ ਦਾ ਮੁਲਾਂਕਣ ਕਰੀਏ। ਅਸੀਂ ਭਾਰਤੀ ਲੋਕ ਇਕ ਬੀਮਾਰ ਸਮਾਜ ਵਿਚ ਰਹਿੰਦੇ ਹਾਂ ਜਿਸ ਵਿਚ ਭਾਈਚਾਰੇ ਅਤੇ ਏਕਤਾ ਦੀ ਭਾਵਨਾਵਾਂ ਲਈ ਕੋਈ ਥਾਂ ਨਹੀਂ ਹੈ।

ਸੁਆਲ-ਕੀ ਅਮਰੀਕਾ ਦਾ ''ਕੂ ਕਲਕਸ ਕਲਾਨ” ਅਤੇ ਭਾਰਤ ਦੇ ''ਗਊ ਰੱਖਿਅਕ ਹਿੰਦੂ” ਵਿਚਾਰਧਾਰਾ ਅਤੇ ਸਰਗਰਮੀਆਂ ਵਿਚ ਆਪਸੀ ਸਮਾਨਤਾ ਰੱਖਦੇ ਹਨ?
ਜੁਆਬ-ਬੇਸ਼ਕ ਇੱਥੇ ਸਮਾਨਤਾਵਾਂ ਹਨ। ਫਰਕ ਇਹ ਹੈ ਕਿ ਜਦੋਂ ''ਕੂ ਕਲਕਸ ਕਲਾਨ'' ਨੇ ਕਤਲੇਆਮ ਕੀਤੇ ਸਨ, ਤਾਂ ਇਸਦਾ ਵੱਖਰਾ ਅੰਦਾਜ਼ ਸੀ। ਆਰਐਸਐਸ ਵਾਂਗ ਕੂ ਕਲਕਸ ਕਲਾਨ ਅਮਰੀਕਾ ਦੀ ਸਭ ਤੋਂ ਪ੍ਰਭਾਵਸ਼ਾਲੀ ਸੰਸਥਾਵਾਂ ਵਿਚੋਂ ਇਕ ਹੁੰਦਾ ਸੀ। ਇਸਦੇ ਮੈਂਬਰ ਪੁਲਿਸ ਅਤੇ ਨਿਆਂਪਾਲਿਕਾ ਸਮੇਤ ਸਾਰੇ ਜਨਤਕ ਅਦਾਰਿਆਂ ਵਿੱਚ ਘੁਸਪੈਠ ਕਰ ਗਏ ਸਨ। ਕੂ ਕਲਕਸ ਕਲਾਨ ਦੁਆਰਾ ਕਤਲੇਆਮ ਸਿਰਫ ਕਤਲ ਨਹੀਂ ਸਨ - ਉਹ ਦਹਿਸ਼ਤਗਰਦੀ ਜ਼ਾਹਿਰ ਕਰਨ ਅਤੇ ਸਬਕ ਸਿਖਾਉਣ ਦੇ ਮੰਤਵ ਨਾਲ ਕੀਤੇ ਗਏ ਪ੍ਰਦਰਸ਼ਨ ਸਨ। ਕੂ ਕਲਕਸ ਕਲਾਨ ਉੱਪਰ ਪਾਬੰਦੀ ਲਗਾਉਣੀ ਓਨੀ ਹੀ ਜ਼ਰੂਰੀ ਹੈ, ਜਿੰਨੀ ਭਗਵੇਂ ਸੰਗਠਨਾਂ 'ਤੇ। ਭਗਵੇਂ ਕੱਟੜਵਾਦੀ ਸੰਗਠਨ ਦਲਿਤਾਂ, ਘੱਟ ਗਿਣਤੀਆਂ ਦੀਆਂ ਹੱਤਿਆਵਾਂ ਤੇ ਗੁੰਡਾਗਰਦੀ ਲਈ ਜ਼ਿੰਮੇਵਾਰ ਹਨ। ਸੁਰੇਖਾ ਭੋਤਮੰਗੇ ਅਤੇ ਉਸਦੇ ਪਰਿਵਾਰ ਨੂੰ ਯਾਦ ਕਰੋ। ਸੁਰੇਖਾ ਭੋਤਾਮੰਗੇ ਅਤੇ ਜਾਰਜ ਫਲਾਇਡ ਦੇ ਪਿਛੋਕੜ ਅਤੇ ਘਟਨਾਵਾਂ ਬਹੁਤ ਵੱਖਰੀਆਂ ਤੇ ਸਾਂਝੀਆਂ ਹਨ। ਸੁਰੇਖਾ ਭੋਤਮੰਗੇ ਅਤੇ ਉਸ ਦੇ ਪਰਿਵਾਰ ਨੂੰ ਉਸ ਦੇ ਆਪਣੇ ਪਿੰਡ ਦੇ ਲੋਕਾਂ ਨੇ ਵੀ ਮਾਰ ਦਿੱਤਾ ਸੀ। ਪੁਲਿਸ ਕਰਮਚਾਰੀ ਡੇਰੇਕ ਚੌਵਿਨ ਨੇ ਬਹੁਤ ਧਿਆਨ ਨਾਲ ਸੋਚਦੇ ਹੋਏ, ਜਾਰਜ ਫਲਾਇਡ ਦਾ ਕਤਲ ਕੀਤਾ। ਉਸ ਦੇ ਆਸ ਪਾਸ ਦਰਸ਼ਕ ਵੀ ਸਨ। ਉਹ ਇਹ ਵੀ ਜਾਣਦਾ ਸੀ ਕਿ ਉਸ ਨੂੰ ਫਿਲਮਾਇਆ ਜਾ ਰਿਹਾ ਸੀ। ਇਸ ਦੇ ਬਾਵਜੂਦ ਉਸਨੇ ਇਸ ਕਤਲ ਨੂੰ ਅੰਜਾਮ ਦਿੱਤਾ। ਉਸਦਾ ਮੰਨਣਾ ਸੀ ਕਿ ਉਹ ਇਸ ਕਤਲ ਕਰਨ ਦੇ ਬਾਵਜੂਦ ਵੀ ਸੁਰੱਖਿਅਤ ਹੈ ਅਤੇ ਉਸ ਨੂੰ ਸਜ਼ਾ ਨਹੀਂ ਹੋਵੇਗੀ। ਇਸ ਸਮੇਂ, ਉੱਚ ਅਹੁਦਿਆਂ 'ਤੇ ਅਜਿਹੇ ਲੋਕ ਹਨ ਜੋ ਗੋਰੇ ਹਨ। ਇਹੀ ਹਾਲ ਹਿੰਦੂ ਰਾਸ਼ਟਰਵਾਦੀਆਂ ਦਾ ਹੈ, ਜੋ ਮੁਸਲਮਾਨਾਂ ਤੇ ਦਲਿਤਾਂ ਉੱਪਰ ਹਮਲੇ ਕਰ ਰਹੇ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਸੱਤਾਧਾਰੀ ਤੇ ਪੁਲੀਸ ਪ੍ਰਬੰਧ ਉਨ੍ਹਾਂ ਨੂੰ ਬਚਾਅ ਲੈਣਗੇ, ਕਿਉਂਕਿ ਉਨ੍ਹਾਂ ਉੱਪਰ ਉੱਚ ਜਾਤੀ ਲੋਕ ਹੀ ਬਿਰਾਜਮਾਨ ਹਨ। ਇਸ ਲਈ, ਦੋਵੇਂ ਸਫਲਤਾਪੂਰਵਕ ਅੱਗੇ ਵੱਧ ਰਹੇ ਹਨ।
ਮੈਂ ਸਮਝਦੀ ਹਾਂ ਕਿ ਭਾਰਤੀਆਂ ਦਾ ਨਸਲਵਾਦ ਗੋਰਿਆਂ ਦੇ ਨਸਲਵਾਦ ਨਾਲੋਂ ਕਿਤੇ ਜ਼ਾਲਮਾਨਾ ਹੈ। ਤੁਸੀਂ ਭਾਰਤੀ ਫ਼ਿਲਮਾਂ ਦੇਖੋ, ਇੰਝ ਜਾਪੇਗਾ ਕਿ ਜਿਵੇਂ ਇਹ ਗੋਰਿਆਂ ਦੇ ਨਸਲਵਾਦ ਨਾਲ ਭਰਪੂਰ ਹਨ। ਮੈਂ ਇਹ ਨਸਲਵਾਦੀ ਘਟਨਾਵਾਂ ਸੜਕਾਂ 'ਤੇ ਆਪਣੇ ਦੋਸਤਾਂ ਨਾਲ ਅੱਖੀ ਡਿੱਠੀਆਂ ਹਨ। ਸਾਲ 2014 ਵਿੱਚ, ਆਮ ਆਦਮੀ ਪਾਰਟੀ ਵੱਲੋਂ ਦਿੱਲੀ ਚੋਣਾਂ ਵਿੱਚ ਇੱਕ ਵੱਡਾ ਫ਼ਤਵਾ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ, ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨੇ ਅੱਧੀ ਰਾਤ ਨੂੰ ਇੱਕ ਛਾਪਾ ਮਾਰਿਆ ਜਿਸ ਵਿੱਚ ਉਸ ਨੇ ਲੋਕਾਂ ਦੇ ਇਕੱਠ ਦੀ ਅਗਵਾਈ ਕੀਤੀ ਗਈ। ਦਿੱਲੀ ਦੇ ਖਿੜਕੀ ਖੇਤਰ ਵਿਚ, ਸਮੂਹ ਨੇ ''ਅਨੈਤਿਕ ਅਤੇ ਗੈਰਕਾਨੂੰਨੀ ਗਤੀਵਿਧੀਆਂ'' ਵਿਚ ਸ਼ਾਮਲ ਕਾਂਗੋ ਅਤੇ ਯੂਗਾਂਡਾ ਦੀਆਂ ਔਰਤਾਂ ਉੱਪਰ ਸਰੀਰਕ ਤੌਰ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਅਪਮਾਨਿਤ ਕੀਤਾ।
ਇਸੇ ਤਰ੍ਹਾਂ ਸਾਲ 2017 ਵਿਚ ਇਕ ਭੀੜ ਨੇ ਗ੍ਰੇਟਰ ਨੋਇਡਾ ਤੇ ਅਫਰੀਕੀ ਵਿਦਿਆਰਥੀਆਂ 'ਤੇ ਨਸ਼ੇ ਵੇਚਣ ਦਾ ਦੋਸ਼ ਲਾਉਂਦਿਆਂ ਹਮਲਾ ਕੀਤਾ ਸੀ। ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਸੀ। ਪਰ ਨੋਇਡਾ ਹਮਲੇ ਤੋਂ ਬਾਅਦ ਨਸਲਵਾਦ ਦੇ ਬਚਾਅ ਵਿਚ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਤਰੁਣ ਵਿਜੇ ਦੇ ਬਿਆਨ ਨੂੰ ਕੌਣ ਭੁੱਲ ਸਕਦਾ ਹੈ- ''ਜੇ ਅਸੀਂ ਨਸਲਵਾਦੀ ਹੁੰਦੇ ਤਾਂ ਪੂਰਾ ਦੱਖਣ ਭਾਰਤ ਸਾਡੇ ਨਾਲ ਕਿਉਂ ਹੁੰਦਾ? - ਤੁਸੀਂ ਤਾਮਿਲਾਂ ਨੂੰ ਜਾਣਦੇ ਹੋ, ਤੁਸੀਂ ਕੇਰਲਾ, ਕਰਨਾਟਕ ਅਤੇ ਆਂਧਰਾ ਨੂੰ ਜਾਣਦੇ ਹੋ - ਅਸੀਂ ਉਨ੍ਹਾਂ ਨਾਲ ਕਿਉਂ ਰਹਿੰਦੇ ਹਾਂ? ਉਹ ਸਾਡੇ ਨਾਲ ਕਿਉਂ ਰਹਿੰਦੇ ਹਨ?''
ਅਸਲ ਵਿਚ ਇਹ ਲੋਕ ਵਿਅਰਥ ਦਲੀਲਾਂ ਦਾ ਸਹਾਰਾ ਲੈ ਕੇ ਅਸਲ ਮੁੱਦੇ ਨੂੰ ਖਤਮ ਕਰਨਾ ਚਾਹੁੰਦੇ ਹਨ। ਇਹ ਇਕ ਸ਼ਾਤਰਾਨਾ ਤਰੀਕਾ ਹੈ। 
ਜਾਤੀਵਾਦ ਅਤੇ ਨਸਲਵਾਦ ਦੇ ਵੱਖੋ ਵੱਖਰੇ ਇਤਿਹਾਸ ਦੇ ਬਾਵਜੂਦ, ਇਹ ਦੋਵੇਂ ਬਹੁਤ ਵੱਖਰੇ ਨਹੀਂ ਹਨ। ਸਿਵਾਏ ਜਾਤੀਵਾਦ ਬ੍ਰਹਮਾ ਹੁਕਮ ਦਾ ਦਾਅਵਾ ਕਰਦਾ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਇਹ ਧਾਰਮਿਕ ਵਿÎਧੀ ਸਦੀਆਂ ਤੋਂ ਦਲਿਤ ਲੋਕਾਂ ਦੇ ਸੰਘਰਸ਼ ਨੂੰ ਕਮਜ਼ੋਰ ਬਣਾਉਂਦੀ ਹੈ ਤੇ ਅੰਧ-ਵਿਸ਼ਵਾਸ ਵਿਚ ਫਸਾ ਕੇ ਉਨ੍ਹਾਂ ਦਾ ਮਨੋਬਲ ਤੋੜਦੀ ਹੈ।
ਅਮਰੀਕਾ ਵਿਚ ਜੋ ਅੰਦੋਲਨ ਹੋ ਰਿਹਾ ਹੈ, ਉਹ ਹੋਰ ਕਿਸੇ ਵੀ ਲਹਿਰ ਨਾਲੋਂ ਵਧੇਰੇ ਸ਼ਕਤੀਸ਼ਾਲੀ ਤੇ ਦਿਖਾਈ ਦੇਣ ਵਾਲਾ ਹੈ। ਭਾਰਤ ਦਾ ਨਸਲਵਾਦ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਪੜਤਾਲ ਦੇ ਰਾਡਾਰ ਤੋਂ ਬਾਹਰ ਹੈ ਅਤੇ ਬਹੁਤ ਸਾਰੇ ਜਾਣੇ-ਪਛਾਣੇ, ਸਤਿਕਾਰਤ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੇ ਵੀ ਇਸ ਨੂੰ ਇਸ ਨੂੰ ਆਪਣੀ ਸੋਚ ਦਾ ਆਧਾਰ ਬਣਾ ਕੇ ਜਾਤੀਵਾਦ ਦੀ ਵਿਰੋਧਤਾ ਨਹੀਂ ਕੀਤੀ।

ਸੁਆਲ-ਜਾਤੀਵਾਦ ਤੇ ਨਸਲਵਾਦ ਵਿਚ ਕੀ ਅੰਤਰ ਹੈ?
ਜੁਆਬ-ਜਾਤੀਵਾਦ ਜਾਂ ਨਸਲਵਾਦ ਦੇ ਵੱਖ-ਵੱਖ ਥਾਵਾਂ 'ਤੇ ਵੱਖ ਵੱਖ ਰੂਪ ਹਨ। ਉਦਾਹਰਣ ਵਜੋਂ, ਦੱਖਣੀ ਅਫਰੀਕਾ ਵਿੱਚ ਕਾਲੇ ਦੱਖਣੀ ਅਫਰੀਕਾ ਦੇ ਲੋਕ ਨਾਈਜੀਰੀਆ ਅਤੇ ਦੂਜੇ ਅਫਰੀਕੀ ਦੇਸ਼ਾਂ ਦੇ ਅਫਰੀਕੀ ਲੋਕਾਂ ਨੂੰ ਨਫ਼ਰਤ ਕਰਦੇ ਹਨ ਅਤੇ ਅਸੀਂ ਭਾਰਤ ਬਾਰੇ ਜਾਣਦੇ ਹਾਂ ਕਿ ਹਰ ਜਾਤੀ ਵਿਚ ਜਾਤੀਵਾਦ ਅਤੇ ਮਨੂੰਵਾਦ ਪ੍ਰਚਲਿਤ ਹੈ ਜਿਸ ਵਿਚ ਉਨ੍ਹਾਂ ਵਲੋਂ ਹੇਠਲੀ ਜਾਤੀ ਉੱਪਰ ਜ਼ੁਲਮ ਕੀਤਾ ਜਾਂਦਾ ਹੈ ਅਤੇ ਇਹ ਰੁਝਾਨ ਸਮਾਜ ਦੇ ਤਲ ਤੋਂ ਲੈ ਕੇ ਹੇਠਾਂ ਤੱਕ ਜਾਂਦਾ ਹੈ। ਇਥੋਂ ਤਕ ਕਿ ਰਾਜਨੀਤਿਕ ਸ਼੍ਰੇਣੀ ਵਿੱਚ ਵੀ ਇਸ ਦੇ ਪ੍ਰਭਾਵ ਹਨ। ਦਲਿਤਾਂ ਨੂੰ ਰਾਜਨੀਤੀ ਵਿਚ ਵੀ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਅਸੀਂ ਇਕ ਜਾਤੀਵਾਦੀ, ਹਿੰਦੂ ਰਾਸ਼ਟਰਵਾਦੀ ਦੇਸ਼ ਵਿਚ ਰਹਿੰਦੇ ਹਾਂ। ਭਾਰਤ ਵਿਚ ਹੀ ਮਨੂੰ ਦੀ ਮੂਰਤੀ ਰਾਜਸਥਾਨ ਹਾਈ ਕੋਰਟ ਦੇ ਬਿਲਕੁਲ ਸਾਹਮਣੇ ਸਥਾਪਿਤ ਕੀਤੀ ਗਈ ਹੈ, ਪਰ ਇਸ ਦਾ ਗਾਂਧੀਵਾਦੀਆਂ ਵਲੋਂ ਵਿਰੋਧ ਨਹੀਂ ਕੀਤਾ ਗਿਆ। ਇਸ ਦਾ ਸਾਫ ਅਰਥ ਹੈ ਕਿ ਭਾਰਤ ਵਿਚ ਜਾਤੀਵਾਦ ਦਾ ਬੋਲਬਾਲਾ ਹੈ। ਭਾਰਤ ਦੇ ਲੋਕ ਇਸ ਬਿਮਾਰੀ ਨੂੰ ਦੂਰ ਕਰਨ ਵਿਚ ਵੀ ਦਿਲਚਸਪੀ ਨਹੀਂ ਰੱਖਦੇ। ਅਸੀਂ ਕਦੋਂ ਅਜਿਹੀਆਂ ਮੂਰਤੀਆਂ ਨੂੰ ਇੱਥੇ ਹਟਾਵਾਂਗੇ, ਜੋ ਭਾਰਤੀ ਲੋਕਤੰਤਰ ਤੇ ਸਮਾਜ ਲਈ ਖਤਰਨਾਕ ਹਨ।
ਮੈਂ ਹੈਰਾਨ ਹਾਂ ਕਿ ਦਲਿਤ ਪੈਂਥਰਜ਼ ਵਰਗੀ ਜਥੇਬੰਦੀ ਨੇ ਇਨ੍ਹਾਂ ਜਾਤੀਵਾਦ ਨਾਲ ਸੰਬੰਧਿਤ ਨਵੇਂ ਸ਼ਾਸਕਾਂ ਨਾਲ ਹੱਥ ਮਿਲਾ ਲਿਆ ਹੈ। ਅਮਰੀਕਾ ਦੇ ਲੋਕ ਸਾਡੇ ਤੋਂ ਅੱਗੇ ਹਨ। ਉਨ੍ਹਾਂ ਵਿਚ ਨਸਲਵਾਦ ਵਿਰੁਧ ਬਗਾਵਤ  ਵਿਚ ਸੁਲਗ ਰਹੀ ਹੈ। ਉਹ ਅਸਲ ਵਿਚ ਲੰਬੇ ਸੰਘਰਸ਼ ਅਤੇ ਸੰਗਠਨ ਦੇ ਨਾਲ ਨਾਲ ਕਵਿਤਾ, ਕਲਾ, ਸੰਗੀਤ, ਸਾਹਿਤ ਤੇ ਇਤਿਹਾਸ ਦੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ। ਅਫ਼ਰੀਕੀ ਅਮਰੀਕੀ ਆਪਣੀਆਂ ਕਹਾਣੀਆਂ ਸੁਣ ਰਹੇ ਅਤੇ ਦੱਸ ਰਹੇ ਹਨ। ਅਮਰੀਕੀ ਲੋਕਾਂ ਦੀ ਨਵੀਂ ਪੀੜ੍ਹੀ ਵਿੱਚ ਨਸਲੀ ਵੰਡ ਦੀ ਵਹਿਸ਼ੀ ਹੋਂਦ ਬਾਰੇ ਬਹੁਤ ਸ਼ਰਮ ਮਹਿਸੂਸ ਕਰਦੀ ਹੈ ਅਤੇ ਨਸਲਵਾਦ ਵਿਰੁਧ ਉਨ੍ਹਾਂ ਵਿਚ ਗੁੱਸਾ ਹੈ। ਗੋਰਿਆਂ ਦਾ ਕਾਲਿਆਂ ਦੇ ਹੱਕ ਵਿਚ ਆਉਣਾ ਇਸੇ ਸੋਚ ਦਾ ਨਤੀਜਾ ਹੈ। 

ਸੁਆਲ-ਕੀ ਤੁਹਾਨੂੰ ਲਗਦਾ ਹੈ ਕਿ ਕੋਵਿਡ -19 ਨਾਲ ਨਜਿੱਠਣ ਲਈ ਸਰਕਾਰ ਦੁਆਰਾ ਚੁੱਕੇ ਗਏ ਤਾਲਾਬੰਦ ਤੇ ਹੋਰ ਅਸਾਧਾਰਣ ਕਦਮ ਠੀਕ ਸਨ? ਜਾਂ ਕੀ ਇਹ ਜਲਦਬਾਜ਼ੀ ਵਾਲੀ ਕਾਰਵਾਈ ਸੀ ?

ਜੁਆਬ-ਭਾਰਤ ਵਿਚ ਕੋਵਿਦ -19 ਦਾ ਪਹਿਲਾ ਕੇਸ 30 ਜਨਵਰੀ ਨੂੰ ਦਰਜ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ ਵੱਲੋਂ 11 ਮਾਰਚ ਨੂੰ ਇਸ ਨੂੰ ਮਹਾਂਮਾਰੀ ਦੇ ਐਲਾਨ ਤੋਂ ਬਾਅਦ ਵੀ, ਭਾਰਤੀ ਸਿਹਤ ਮੰਤਰਾਲੇ ਨੇ ਕਿਹਾ ਕਿਹਾ ਸੀ ਕਿ ਸਿਹਤ-ਐਮਰਜੈਂਸੀ ਵਰਗੀ ਕੋਈ ਸਥਿਤੀ ਨਹੀਂ ਹੈ। ਜਦ ਕਿ ਭਾਰਤ ਸਰਕਾਰ ਨੂੰ ਇਸ ਸਥਿਤੀ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ ਬੰਦ ਕਰਨੇ ਚਾਹੀਦੇ ਸਨ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਅਲੱਗ ਰੱਖਿਆ ਜਾਣਾ ਚਾਹੀਦਾ ਸੀ। ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਸ਼ਾਇਦ ਇਸ ਦਾ ਕਾਰਨ ਟਰੰਪ ਦੀ ਪ੍ਰਸਤਾਵਿਤ ਯਾਤਰਾ ਸੀ। ਟਰੰਪ ਫਰਵਰੀ ਦੇ ਆਖਰੀ ਹਫਤੇ ਵਿੱਚ ਭਾਰਤ ਪਹੁੰਚੇ ਸਨ। ਨਮਸਤੇ ਟਰੰਪ ਵਰਗੇ ਸਮਾਗਮ ਵਿਚ ਹਿੱਸਾ ਲੈਣ ਲਈ ਹਜ਼ਾਰਾਂ ਲੋਕ ਅਮਰੀਕਾ ਤੋਂ ਮੁੰਬਈ ਤੇ ਅਹਿਮਦਾਬਾਦ ਗਏ ਅਤੇ ਸੈਂਕੜੇ ਹਜ਼ਾਰਾਂ ਨੇ ਇਸ ਵਿਚ ਹਿੱਸਾ ਲਿਆ। ਕੋਰੋਨਾਵਾਇਰਸ ਨੇ ਇਨ੍ਹਾਂ ਦੋਵਾਂ ਸ਼ਹਿਰਾਂ ਉੱਤੇ ਭਿਆਨਕ ਹਮਲਾ ਕੀਤਾ। ਕੀ ਇਹ ਸਿਰਫ ਇੱਕ ਇਤਫਾਕ ਹੈ?
ਤਬਲੀਗੀ ਜਮਾਤ ਦੇ ਕਲੰਕ ਅਤੇ ਨਮਸਤੇ ਟਰੰਪ ਦੀ ਮਹਿਮਾ ਨੂੰ ਕਿਵੇਂ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਅਮੀਰ ਲੋਕਾਂ ਨੂੰ ਭਾਰਤ ਵਿਚ ਵਾਪਸ ਲਿਆਉਣ ਲਈ ਹਵਾਈ ਸੇਵਾ ਪ੍ਰਦਾਨ ਕੀਤੀ ਗਈ, ਪਰ ਮਜ਼ਦੂਰਾਂ ਲਈ ਆਵਾਜਾਈ ਦਾ ਕੋਈ ਸਾਧਨ ਉਪਲਬਧ ਨਹੀਂ ਕਰਵਾਇਆ ਗਿਆ। ਇਸ ਲਈ ਉਹ ਸਾਰੇ ਹਜ਼ਾਰਾਂ ਕਿਲੋਮੀਟਰ ਪੈਦਲ ਤੁਰ ਕੇ ਆਪਣੇ ਪਿੰਡ ਵਾਪਸ ਪਰਤ ਆਏ। ਸੈਂਕੜੇ ਹਜ਼ਾਰਾਂ ਗਰੀਬ ਕਿਰਤੀ ਲੋਕਾਂ ਨੂੰ ਜ਼ਬਰਦਸਤੀ ਕੁਆਰੰਟੀਨ ਕੈਂਪਾਂ ਵਿੱਚ ਰੱਖਿਆ ਗਿਆ ਅਤੇ ਫਿਰ ਕੁਝ ਸਮੇਂ ਬਾਅਦ ਇਜਾਜ਼ਤ ਜਾਰੀ ਕਰ ਦਿੱਤੀ ਗਈ। ਬੱਸਾਂ ਅਤੇ ਰੇਲ ਗੱਡੀਆਂ ਨੇ ਉਨ੍ਹਾਂ ਨੂੰ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ।
ਜਦੋਂ ਤਾਲਾਬੰਦੀ ਦਾ ਐਲਾਨ ਸਿਰਫ ਚਾਰ ਘੰਟਿਆਂ ਦੇ ਨੋਟਿਸ 'ਤੇ ਕੀਤਾ ਗਿਆ ਸੀ, ਦੇਸ਼ ਵਿਚ ਕੋਰੋਨਾ ਬਿਮਾਰੀ ਦੇ 545 ਮਾਮਲੇ ਸਨ ਅਤੇ ਉਦੋਂ ਤਕ 10 ਮੌਤਾਂ ਹੋ ਚੁੱਕੀਆਂ ਸਨ। ਇਹ ਕੱਟ-ਪੇਸਟ ਲੌਕਡਾਉਨ ਭਾਰਤ ਸਰਕਾਰ ਵਲੋਂ ਇਟਲੀ ਅਤੇ ਸਪੇਨ ਤੋਂ ਆਯਾਤ ਕੀਤਾ ਗਿਆ ਸੀ, ਜਿਸ ਨੇ ਇਸ ਨੂੰ ''ਸਮਾਜਕ ਦੂਰੀਆਂ'' ਲਈ ਲਾਗੂ ਕੀਤਾ ਸੀ। ਇਹ ਅਡੰਬਰ ਕਿਸੇ ਠੋਸ ਯੋਜਨਾ ਦੇ ਬਗੈਰ ਰਚਿਆ ਗਿਆ। ਤਾਲਾਬੰਦ ਮਨੁੱਖਤਾ ਵਿਰੁੱਧ ਅਪਰਾਧ ਤੋਂ ਘੱਟ ਨਹੀਂ ਹੈ।
ਭਾਰਤ ਵਿਚ ਸਿਰਫ ਅਮੀਰ ਲੋਕ ਹੀ ਸਰੀਰਕ ਦੂਰੀ ਬਣਾ ਸਕਦੇ ਹਨ। ਗਰੀਬ ਸਰੀਰਕ ਤੌਰ 'ਤੇ ਹਰ ਜਗ੍ਹਾ ਪਏ ਹੋਏ ਹਨ। ਝੁੱਗੀਆਂ, ਛੋਟੇ ਮਕਾਨ, ਅਣਅਧਿਕਾਰਤ ਕਲੋਨੀਆਂ ਵਿੱਚ ਉਹ ਇਕੱਠੇ ਰਹਿੰਦੇ ਹਨ। ਉਹ ਸਮਾਜਿਕ ਦੂਰੀਆਂ ਕਿੰਝ ਬਣਾਉਣ?
ਇਸ ਸਾਰੇ ਘਟਨਾਕ੍ਰਮ ਵਿੱਚ ਵੇਖਿਆ ਗਿਆ ਕਿ ਪ੍ਰਧਾਨ ਮੰਤਰੀ, ਜੋ ਚੋਣਾਂ ਜਿੱਤਣ ਦੇ ਮਾਮਲੇ ਵਿੱਚ ਬਹੁਤ ਹੁਸ਼ਿਆਰ ਹਨ, ਪਰ ਉਨ੍ਹਾਂ ਨੂੰ ਉਸ ਦੇਸ਼ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਸ ਦੇ ਉਹ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਇਸ ਬਾਰੇ ਮਾਹਿਰਾਂ ਦੀ ਰਾਇ ਲੈਣ ਦੀ ਕੋਸ਼ਿਸ਼ ਕੀਤੀ ਗਈ। ਉਸਨੇ 138 ਕਰੋੜ ਲੋਕਾਂ ਨੂੰ ਚਾਰ ਘੰਟਿਆਂ ਦੇ ਨੋਟਿਸ 'ਤੇ ਉਨ੍ਹਾਂ ਦੇ ਘਰਾਂ ਵਿੱਚ ਬੰਦ ਕਰ ਦਿੱਤਾ। ਕਿਉਂ? ਕਿਵੇਂ? ਕਿਉਂਕਿ ਇਹੀ ਉਹ ਕਰ ਸਕਦੇ ਸਨ। ਭਾਜਪਾ ਵਿੱਚ ਸਿਆਸਤਦਾਨ, ਨੌਕਰਸ਼ਾਹ, ਵਪਾਰੀ, ਉਦਯੋਗਪਤੀ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਆਪਣੇ ਸਹਿਯੋਗੀ ਬੋਲਣ ਤੋਂ ਡਰਦੇ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਦਾ ਮਿਡਲ ਕਲਾਸ ਵਲੋਂ ਕਰੜਾ ਵਿਰੋਧ ਹੋਵੇਗਾ। ਉਨ੍ਹਾਂ ਦੇ ਦਿਮਾਗ ਜਾਂ ਤਾਂ ਡਰ ਨਾਲ ਭਰੇ ਹੋਏ ਹਨ ਜਾਂ ਉਹ ਪ੍ਰਧਾਨ ਮੰਤਰੀ ਨੂੰ ਖੁਸ਼ ਰੱਖਣ ਵਿਚ ਆਪਣੀ ਸਿਆਸਤ ਤੇ ਭਲਾ ਸਮਝਦੇ। ਹੁਣ ਤੁਸੀਂ ਦੇਖ ਸਕਦੇ ਹੋ ਕਿ ਭਾਰਤ ਕੋਰੋਨਾ ਵਾਇਰਸ ਕਾਰਨ ਪੰਜਵੇਂ ਨੰਬਰ 'ਤੇ ਪਹੁੰਚ ਗਿਆ ਹੈ। ਆਰਥਿਕਤਾ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਗਈ ਹੈ। ਲੋਕਾਂ ਦੀਆਂ ਨੌਕਰੀਆਂ ਚਲੀ ਗਈਆਂ ਹਨ।
ਜੇ ਅਸੀਂ ਪੱਛਮੀ ਦੇਸਾਂ ਵਾਂਗ ਟੈਸਟ ਕੀਤੇ ਹੁੰਦੇ ਤਾਂ ਭਾਰਤ ਕੋਰੋਨਾ ਵਾਇਰਸ ਕਾਰਨ ਬਹੁਤ ਅੱਗੇ ਹੁੰਦਾ। ਅੱਜ ਮੋਦੀ ਦੀ ਨੀਤੀਆਂ ਕਾਰਨ ਭਾਰਤ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਭੁੱਖਮਰੀ ਦੇ ਕਿਨਾਰੇ ਹੈ। ਪਰ ਮੋਦੀ ਅਜੇ ਵੀ ਰਾਫੇਲ ਲੜਾਕੂ ਜਹਾਜ਼ ਖਰੀਦਣ ਅਤੇ ਜੰਗਜੂ ਬਣਨ ਦੀ ਕੋਸ਼ਿਸ਼ ਵਿਚ ਹਨ।
ਮੋਦੀ ਤੇ ਗੋਦੀ ਮੀਡੀਆ ਇਸ ਸੰਕਟ ਤੋਂ ਬਚਾਉਣ ਲਈ ਫਿਰਕਾਪ੍ਰਸਤੀ ਦਾ ਨਰੇਟਿਵ ਸਿਰਜ ਰਿਹਾ ਹੈ। ਯਾਦ ਰਹੇ ਕਿ ਜਾਮੀਆ ਮਿਲੀਆ ਇਸਲਾਮੀਆ ਅਤੇ ਜੇਐਨਯੂ ਦੇ ਵਿਦਿਆਰਥੀਆਂ 'ਤੇ ਪੁਲਿਸ ਅਤੇ ਹਿੰਦੂਤਵ ਦੇ ਗੁੰਡਿਆਂ ਨੇ ਉਨ੍ਹਾਂ ਦੀਆਂ ਯੂਨੀਵਰਸਿਟੀਆਂ ਵਿਖੇ ਬੇਰਹਿਮੀ ਨਾਲ ਹਮਲਾ ਕੀਤਾ ਸੀ। ਇਸ ਵਿਚ ਮੁੱਖ ਤੌਰ 'ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਮੁਸਲਮਾਨ ਵਿਦਿਆਰਥੀਆਂ ਨੂੰ ਉੱਤਰ ਪੂਰਬੀ ਦਿੱਲੀ ਵਿੱਚ ਹਿੰਸਾ ਦੇ ਦੋਸ਼ੀਆਂ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ! ਇਹ ਭੀਮਾ-ਕੋਰੇਗਾਓਂ ਦੇ ਕਾਂਡ ਵਿਚ ਵਾਪਰਿਆ। ਇਸ ਵਿਚ ਭਾਰਤ ਦੇ ਕੁਝ ਸਰਵੋਤਮ ਵਕੀਲਾਂ, ਕਾਰਜਕਰਤਾਵਾਂ, ਅਧਿਆਪਕਾਂ ਅਤੇ ਬੁੱਧੀਜੀਵੀਆਂ ਨੂੰ ਬੇਬੁਨਿਆਦ ਦੋਸ਼ਾਂ ਦੇ ਆਧਾਰ ਤੇ ਜੇਲ੍ਹ ਭੇਜਿਆ ਗਿਆ ਹੈ।
ਮੈਂ ਸਮਝਦੀ ਹਾਂ ਕਿ ਇਹ ਸਭ ਫਾਸ਼ੀਵਾਦੀ ਵਿਚਾਰਧਾਰਾ ਹੈ। ਉੱਤਮਤਾ ਦਾ ਵਿਚਾਰ ਬ੍ਰਾਹਮਣਵਾਦ ਤੇ ਭੂਦੇਵ ਦੇ ਵਿਚਾਰ ਨਾਲੋਂ ਵੱਖਰਾ ਨਹੀਂ ਹੈ, ਜਿਸ ਅਨੁਸਾਰ ਬ੍ਰਾਹਮਣ ਧਰਤੀ ਦਾ ਦੇਵਤਾ ਹੈ। ਇਹ ਵੇਖਣਾ ਮੁਸ਼ਕਲ ਨਹੀਂ ਹੈ ਕਿ ਜਿਵੇਂ 'ਕੁਝ ਲੋਕ ਰੱਬੀ ਹੁਕਮ ਦੇ ਕਾਰਨ ਉੱਤਮ ਪੈਦਾ ਹੁੰਦੇ ਹਨ ਅਤੇ ਕੁਝ ਘਟੀਆ ਹੁੰਦੇ ਹਨ। ਇਹ ਸਭ ਲੱਛਣ ਫਾਸ਼ੀਵਾਦੀ ਵਿਚਾਰਧਾਰਾ ਨਾਲ ਮੇਲ ਖਾਂਦੇ ਹਨ। ਮੁਸਲਮਾਨਾਂ ਦਾ ਸਮਾਜਿਕ ਅਤੇ ਆਰਥਿਕ ਤੌਰ 'ਤੇ ਬਾਈਕਾਟ ਕੀਤਾ ਜਾ ਰਿਹਾ ਹੈ। ਗੋਦੀ ਮੀਡੀਆ ਕੋਰੋਨਾ ਜ਼ਿਹਾਦ ਵਰਗੇ ਹੈਸ਼ਟੈਗਾਂ ਨਾਲ ਖਬਰਾਂ ਪ੍ਰਸਾਰਿਤ ਕਰਦਾ ਹੈ। ਕੋਰੋਨਾ ਸੰਕਟ ਦੌਰਾਨ ਮੁਸਲਮਾਨਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਦੀਆਂ ਭਿਆਨਕ ਖ਼ਬਰਾਂ ਆ ਰਹੀਆਂ ਹਨ। ਭਾਜਪਾ ਨੇਤਾ ਕਪਿਲ ਮਿਸ਼ਰਾ ਮੁਸਲਮਾਨਾਂ ਵਿਰੁਧ ਜ਼ਹਿਰ ਉਗਲ ਚੁੱਕੇ ਹਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਜੋ ''ਦੇਸ਼ ਦੇ ਗੱਦਾਰੋ ਕੋ, ਗੋਲੀ ਮਾਰੋ ਸਾਲਾਂ ਕੋ'' ਵਰਗੇ ਨਾਅਰੇ ਲਗਾ ਚੁੱਕੇ ਹਨ, ਪਰ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਜਦੋਂ ਉਹ ਵਿੱਤ ਮੰਤਰੀ ਦੇ ਕੋਲ ਬੈਠਦੇ ਹਨ ਅਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹਨ ਤਾਂ ਜਨਤਾ ਨੂੰ ਉਪਰੋਂ ਅਜਿਹੇ ਜ਼ਾਲਮਾਨਾ ਸੰਕੇਤ ਮਿਲ ਰਹੇ ਹਨ ਕਿ ਅਜਿਹੀ ਹਰਕਤਾਂ ਨਾਲ ਕੁਝ ਨਹੀਂ ਵਿਗੜਨ ਵਾਲਾ। 
ਇਹੀ ਸੁਨੇਹੇ ਸਮਾਜ ਵਿਚ ਹਿੰਸਾ ਫੈਲਾਉਂਦੇ ਹਨ ਤੇ ਭੀੜਾਂ ਦਾ ਸਭਿਆਚਾਰ ਸਿਰਜਦੇ ਹਨ। ਕੀ ਅਸੀਂ ਉਸ ਦ੍ਰਿਸ਼ ਨੂੰ ਭੁੱਲ ਸਕਦੇ ਹਾਂ ਜਦੋਂ ਫੈਜ਼ਾਨ, ਉਸ ਦੇ ਗਲੇ 'ਤੇ ਸੋਟੀ ਲੈ ਕੇ, ਪਹਿਲਾਂ ਪੁਲਿਸ ਨੇ ਉਸਨੂੰ ਰਾਸ਼ਟਰੀ ਗੀਤ ਗਾਉਣ ਲਈ ਮਜਬੂਰ ਕੀਤਾ ਅਤੇ ਫਿਰ ਸੜਕ 'ਤੇ ਮਰਨ ਲਈ ਛੱਡ ਦਿੱਤਾ? ਕੀ ਤੁਸੀਂ ਕਲਪਨਾ ਵੀ ਕਰ ਸਕਦੇ ਹੋ ਕਿ ਜੇ ਅਜਿਹਾ ਕੁਝ ਅਮਰੀਕਾ ਦੇ ਕਿਸੇ ਅਫਰੀਕੀ ਅਮਰੀਕੀ ਨਾਲ ਵਾਪਰਿਆ ਹੁੰਦਾ ਤਾਂ ਕੀ ਹੁੰਦਾ? ਸੋਚੋ ਸਾਡੀ ਸ਼ਰਮ ਕਿਥੇ ਗੁਆਚ ਗਈ ਹੈ?

Wednesday, 3 June 2020

ਜੂਨ '84 ਦਾ ਖੂਨੀ ਘਲੂਘਾਰਾ ਵੱਡਾ ਦੁਖਾਂਤ 
          ਤੇ ਗੁਰੂ ਨਾਨਕ ਪੰਥ ਦਾ ਭਵਿੱਖ
                                         ਘੱਲੂਘਾਰਾ 'ਤੇ ਵਿਸ਼ੇਸ਼
                                      ਪ੍ਰੋ. ਬਲਵਿੰਦਰਪਾਲ ਸਿੰਘ
                                         9815700916



ਸਿੱਖਾਂ ਦੇ ਇਤਿਹਾਸ ਵਿਚ ਘੱਲੂਘਾਰੇ ਪਹਿਲਾਂ ਵੀ ਵਾਪਰੇ ਹਨ ਪ੍ਰੰਤੂ ਜੂਨ '84 ਦਾ ਖ਼ੂਨੀ ਘੱਲੂਘਾਰਾ ਪਿਛਲੇ ਵਾਪਰੇ ਘੱਲੂਘਾਰਿਆਂ ਨਾਲੋਂ ਕਿਤੇ ਵੱਧ ਭਿਆਨਕ ਅਤੇ ਦੁਖਾਂਤਕ ਇਸ ਲਈ ਸੀ, ਕਿਉਂਕਿ ਇਹ ਆਜ਼ਾਦ ਭਾਰਤ ਦੇ ਵਿਚ ਆਜ਼ਾਦੀ ਦੇ ਲਈ ਕੁਰਬਾਨੀ ਦੇਣ ਵਾਲੀ ਸਿੱਖ ਕੌਮ ਨਾਲ ਵਾਪਰਿਆ। ਇਸ ਭਿਅੰਕਰ ਘੱਲੂਘਾਰੇ ਦਾ ਸੰਤਾਪ ਗੁਰੂ ਨਾਨਕ ਪੰਥ ਹਾਲੇ ਵੀ ਭੋਗ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਭਾਜਪਾ, ਖੱਬੇ ਪੱਖੀ ਤੇ ਹੋਰ ਬਹੁਤ ਸਾਰੀਆਂ ਰਾਸ਼ਟਰਵਾਦੀ ਪਾਰਟੀਆਂ ਸਿੱਖ ਪੰਥ ਦੇ ਵਿਰੋਧ ਵਿਚ ਖੜੀਆਂ ਰਹੀਆਂ। ਭਗਵੇਂਵਾਦੀ ਜਥੇਬੰਦੀਆਂ ਇਸ ਸਾਕੇ ਦੀ ਖ਼ੁਸ਼ੀ ਮਨਾਉਂਦੇ ਹੋਏ ਲੱਡੂ ਵੰਡਦੀਆਂ ਰਹੀਆਂ ਤੇ ਹੁਣ ਵੀ ਇਸ ਦਿਹਾੜੇ ਦੌਰਾਨ ਸਿੱਖਾਂ ਦੇ ਜ਼ਖ਼ਮਾਂ ਉੱਪਰ ਲੂਣ ਭੂਕਦੀਆਂ ਹਨ। ਭਾਜਪਾ ਨੇਤਾ ਐਲਕੇ ਅਡਵਾਨੀ ਨੇ ਆਪਣੀ ਜੀਵਨ ਕਥਾ 'ਮਾਈ ਕੰਟਰੀ ਮਾਈ ਲਾਈਫ' ਵਿਚ ਲਿਖਿਆ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਜ਼ੋਰ ਪਾ ਕੇ ਕਿਹਾ ਸੀ ਕਿ ਜਲਦੀ ਤੋਂ ਜਲਦੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕੀਤਾ ਜਾਵੇ। 
ਯਾਦ ਰਹੇ ਕਿ ਦਰਬਾਰ ਸਾਹਿਬ ਉੱਪਰ ਫ਼ੌਜੀ ਹਮਲੇ ਦੀ ਵਿਉਂਤਬੰਦੀ ਬਹੁਤ ਵੱਡੀ ਪੱਧਰ ਤੇ ਕਈ ਮਹੀਨੇ ਪਹਿਲਾਂ ਤੋਂ ਹੀ ਹੋ ਚੁੱਕੀ ਸੀ। ਪਹਾੜੀ ਇਲਾਕੇ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ, ਇਸ ਉੱਪਰ ਫੌਜੀ ਅਪਰੇਸ਼ਨ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਬਰਤਾਨੀਆ ਸਰਕਾਰ ਤੋਂ ਵੀ ਇਸ ਮੰਤਵ ਲਈ ਸਲਾਹਕਾਰ ਮੰਗਵਾਏ ਗਏ ਸਨ ਜਿਨ੍ਹਾਂ ਨੇ ਖ਼ੁਫ਼ੀਆ ਤੌਰ 'ਤੇ ਦਰਬਾਰ ਸਾਹਿਬ ਜਾ ਕੇ ਪੂਰਾ ਸਰਵੇਖਣ ਕਰ ਕੇ, ਭਾਰਤ ਸਰਕਾਰ ਨੂੰ ਅਪਣੀ ਸਲਾਹ ਪੇਸ਼ ਕੀਤੀ ਸੀ। ਇਸ ਸੰਬੰਧੀ ਸਾਰੇ ਸਬੂਤ ਸਾਹਮਣੇ ਆ ਚੁੱਕੇ ਹਨ, ਪਰ ਉਨ੍ਹਾਂ ਦਾ ਅਜੇ ਵੀ ਅਧਿਐਨ ਕਰਨਾ ਬਾਕੀ ਹੈ। ਹੈਰਾਨੀ ਦਾ ਵਿਸ਼ਾ ਹੈ ਕਿ ਭਾਰਤ ਦੀ ਪ੍ਰਧਾਨ ਮੰਤਰੀ ਇਕ ਪਾਸੇ ਪੰਜਾਬ ਸਮੱਸਿਆ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਮੀਟਿੰਗਾਂ ਕਰ ਰਹੀ ਸੀ ਤੇ ਦੂਸਰੇ ਪਾਸੇ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕਰ ਦਿੱਤਾ ਤੇ ਇਹੋ ਜਿਹੇ ਖਤਰਨਾਕ ਹਾਲਾਤ ਜਾਣ ਬੁੱਝ ਕੇ ਬਣਾਏ ਗਏ ਤਾਂ ਜੋ ਸਿੱਖ ਪੰਥ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਸਕੇ। 
ਆਈਕੇ ਗੁਜਰਾਲ ਨੇ ਮੀਡੀਆ ਵਿਚ  ਸਾਫ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਦਾ ਅਕਾਲੀਆਂ ਨਾਲ ਸਮਝੌਤਾ ਕਰਨ ਦਾ ਕੋਈ ਇਰਾਦਾ ਹੀ ਨਹੀਂ ਸੀ। 2 ਜੂਨ 1984 ਨੂੰ ਜਦੋਂ ਕਿ ਦਰਬਾਰ ਸਾਹਿਬ ਨੂੰ ਚਾਰੇ ਪਾਸਿਉਂ ਫ਼ੌਜਾਂ ਨੇ ਘੇਰ ਲਿਆ ਸੀ ਅਤੇ ਫ਼ਾਇਰਿੰਗ ਸ਼ੁਰੂ ਹੋ ਚੁੱਕੀ ਸੀ, ਤਾਂ ਵੀ ਪ੍ਰਧਾਨ ਮੰਤਰੀ ਨੇ ਇਕ ਟੈਲੀਵਿਜ਼ਨ ਸੰਦੇਸ਼ ਦੁਆਰਾ ਅਕਾਲੀਆਂ ਨੂੰ ਗੱਲਬਾਤ ਦਾ ਸੱਦਾ ਦੇਣ ਦਾ ਨਾਟਕ ਰਚਿਆ ਤਾਂ ਜੋ ਦੁਨੀਆਂ ਨੂੰ ਗੁਮਰਾਹ ਕੀਤਾ ਜਾ ਸਕੇ। ਸਿੱਖਾਂ ਨਾਲ ਟਕਰਾਓ ਤੇ ਦਰਬਾਰ ਸਾਹਿਬ ਉੱਪਰ ਹਮਲੇ ਦਾ ਵਿਚਾਰ ਇੰਦਰਾ ਪਹਿਲਾਂ ਹੀ ਬਣਾ ਚੁੱਕੀ ਸੀ, ਕਿਉਂਕਿ ਇੰਦਰਾ ਵਲੋਂ ਲਗਾਈ ਐਮਰਜੈਂਸੀ ਦਾ ਵਿਰੋਧ ਸਿੱਖਾਂ ਨੇ ਵੱਡੇ ਪੱਧਰ 'ਤੇ ਕੀਤਾ ਸੀ। ਇਸੇ ਕਰਕੇ ਇੰਦਰਾ ਨੂੰ ਐਮਜਰੈਂਸੀ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ। ਇਸ ਹਾਰ ਨੂੰ ਇੰਦਰਾ ਬਰਦਾਸ਼ਤ ਨਹੀਂ ਕਰ ਸਕੀ, ਜਿਸ ਵਿਚੋਂ ਇਹ ਘੱਲੂਘਾਰਾ ਨਿਕਲਿਆ। ਇਸ ਘੱਲੂਘਾਰੇ ਦੇ ਜਨਮ ਦਾ ਇਹ ਵੀ ਕਾਰਨ ਸੀ ਕਿ ਇੰਦਰਾ ਹਿੰਦੂਤਵ ਦੀ ਰਚਨਾ ਕਰਕੇ ਤੇ ਸਿੱਖ ਕੌਮ ਨੂੰ ਅੱਤਵਾਦੀ ਐਲਾਨ ਕੇ ਫੌਜੀ ਅਪਰੇਸ਼ਨ ਕਰਕੇ ਆਪਣੀ ਸੱਤਾ ਕਾਇਮ ਰੱਖਣਾ ਚਾਹੁੰਦੀ ਸੀ। ਹਾਲਾਂਕਿ ਸੰਨ 1982 ਦੌਰਾਨ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਧਰਮ ਯੁੱਧ ਮੋਰਚਾ ਬਹੁਤ ਹੀ ਸ਼ਾਂਤਮਈ ਮੋਰਚਾ ਸੀ ਜਿਸ ਵਿਚ ਤਕਰੀਬਨ ਦੋ ਲੱਖ ਦੇ ਕਰੀਬ ਸਿੱਖ ਜੇਲ੍ਹਾਂ ਵਿਚ ਗਏ ਸਨ। ਪਰ ਇੰਦਰਾ ਗਾਂਧੀ ਨੇ ਇਸ ਨੂੰ ਅੱਤਵਾਦ ਨਾਲ ਜੋੜ ਕੇ ਇਹ ਫਿਰਕੂ ਖੇਡ ਖੇਡੀ। ਇਕ ਸਾਜ਼ਿਸ਼ ਤਹਿਤ ਅਧੀਨ ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ ਗੁਰੂ ਅਰਜਨ ਦੇਵ ਦੀ ਸ਼ਹਾਦਤ ਵਾਲੇ  6 ਜੂਨ ਦਾ ਦਿਨ ਜਾਣ ਬੁਝ ਕੇ ਚੁਣਿਆ ਗਿਆ ਤਾਂ ਜੋ ਉੱਥੇ ਇਕੱਠੀਆਂ ਸੰਗਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਹਮਲੇ ਦੌਰਾਨ ਮਸ਼ੀਨ ਗੰਨਾਂ, ਹੈਲੀਕਾਪਟਰਾਂ, ਟੈਂਕਾਂ ਤੇ ਰਾਕਟਾਂ ਦੀ ਵਰਤੋਂ ਕੀਤੀ ਗਈ। ਅਕਾਲ ਤਖ਼ਤ ਢਹਿ ਢੇਰੀ ਕੀਤਾ ਗਿਆ। ਤਕਰੀਬਨ ਹਜ਼ਾਰਾਂ ਸੰਗਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਮੌਕੇ ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਨਾਲ ਲੜਨ ਵਾਲਿਆਂ ਦੀ ਗਿਣਤੀ ਤਾਂ ਪੰਜਾਹ ਤੋਂ ਲੈ ਕੇ ਸੌ ਦੇ ਕਰੀਬ ਹੀ ਦਸੀ ਜਾਂਦੀ ਹੈ। ਪਰ ਸੁਆਲ ਇਹ ਹੈ ਕਿ ਏਨੀ ਕੁ ਗਿਣਤੀ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਏਨਾ ਵੱਡਾ ਫੌਜੀ ਅਪਰੇਸ਼ਨ ਕਿਉਂ ਕੀਤਾ ਗਿਆ? ਸਿੱਖ ਰੈਂਫ਼ਰੈਂਸ ਲਾਇਬਰੇਰੀ ਨੂੰ ਸਾੜ ਕੇ ਸੁਆਹ ਕਰ ਦਿਤਾ ਗਿਆ। ਹੁਣ ਤੱਕ ਇਹ ਸਾਹਿਤਕ ਖਜ਼ਾਨਾ ਵਾਪਸ ਨਹੀਂ ਕੀਤਾ ਗਿਆ। ਦਰਬਾਰ ਸਾਹਿਬ ਦੇ ਨਾਲ ਪੰਜਾਬ ਵਿਚ 72 ਹੋਰ ਗੁਰਦਵਾਰਿਆਂ ਉਪਰ ਵੀ ਭਾਰਤੀ ਫ਼ੌਜ ਨੇ ਇੰਦਰਾ ਸਰਕਾਰ ਦੇ ਹੁਕਮ ਅਨੁਸਾਰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਇਨ੍ਹਾਂ ਗੁਰਦਵਾਰਿਆਂ ਅੰਦਰ ਕੋਈ ਖਾੜਕੂ ਮੋਜੂਦ ਨਹੀਂ ਸੀ। ਪਰ ਉੱਥੇ ਵੀ ਸਿੱਖ ਸੰਗਤਾਂ ਨੂੰ ਜ਼ਲੀਲ ਕੀਤਾ ਗਿਆ ਤੇ ਫੌਜ ਵਲੋਂ ਤਸ਼ੱਦਦ ਢਾਹਿਆ ਗਿਆ। ਮਨੁੱਖੀ ਅਧਿਕਾਰਾਂ ਦਾ ਜੋ ਘਾਣ 84 ਤੋਂ ਬਾਅਦ ਪੰਜਾਬ ਵਿਚ ਹੋਇਆ, ਝੂਠੇ ਪੁਲੀਸ ਮੁਕਾਬਲੇ ਹੋਏ, ਲਾਵਾਰਸ ਲਾਸ਼ਾਂ ਦਾ ਕੇਸ ਮਨੁੱਖੀ ਅਧਿਕਾਰਾਂ ਦੇ ਨੇਤਾ ਜਸਵੰਤ ਸਿੰਘ ਖਾਲੜਾ ਨੇ ਲਿਆਂਦਾ ਉਸ ਦੀ ਮਿਸਾਲ ਸਾਰੇ ਭਾਰਤ ਵਿਚ ਨਹੀਂ ਮਿਲਦੀ। ਆਖਿਰ ਜਸਵੰਤ ਸਿੰਘ ਖਾਲੜਾ ਨੂੰ ਵੀ ਲਾਵਾਰਸ ਲਾਸ਼ ਬਣਾ ਦਿੱਤਾ ਗਿਆ। ਇਹ ਭਾਰਤੀ ਜਮਹੂਰੀਅਤ ਦਾ ਕਤਲ ਸੀ। ਅੱਜ ਤੱਕ ਸਿੱਖ ਕੌਮ ਇਸ ਘੱਲੂਘਾਰੇ ਕਾਰਨ ਬੇਗਾਨਗੀ ਦਾ ਅਹਿਸਾਸ ਕਰ ਰਹੀ ਹੈ।
ਵਰਣਨਯੋਗ ਹੈ ਕਿ ਪੰਜਾਬੀ ਸਾਹਿਤਕਾਰਾਂ ਨੇ ਇਸ ਘਟਨਾ ਦਾ ਯਥਾਰਥਕ ਪੱਖ ਆਪਣੀ ਲਿਖਤਾਂ ਵਿਚ ਕਦੇ ਵੀ ਪੇਸ਼ ਨਹੀਂ ਕੀਤਾ ਤੇ ਉਹ ਸਰਕਾਰੀ ਇਨਾਮਾਂ ਪਦਮ ਸ੍ਰੀ, ਪਦਮ ਵਿਭੂਸ਼ਨ ਵਰਗੇ ਪੁਰਸਕਾਰਾਂ ਦੀ ਝਾਕ ਵਿਚ ਆਪਣੀਆਂ ਜਮੀਰਾਂ ਵੇਚਦੇ ਰਹੇ। ਗ਼ੈਰਾਂ ਤੋਂ ਇਲਾਵਾ ਸਾਡੇ ਆਪਣੇ ਪੰਥਕ ਆਗੂਆਂ ਨੇ ਵੀ ਇਸ ਘੱਲੂਘਾਰੇ ਦੌਰਾਨ ਪੰਥ ਨਾਲ ਧੋਖਾ ਕੀਤਾ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪੰਥ ਦੀ ਸੋਚ ਤੋਂ ਪਰੇ ਜਾ ਕੇ ਲੰਗੜਾ ਲੂਲਾ ਰਾਜੀਵ-ਲੌਂਗੋਵਾਲ ਸਮਝੌਤਾ ਕੀਤਾ। ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਗੁਰੂ ਨਾਨਕ ਪੰਥ ਦੀ ਸੋਚ ਦੇ ਉਲਟ ਭੁਗਤਦੇ ਰਹੇ ਤੇ ਸੱਤਾ ਪ੍ਰਾਪਤੀ ਦੇ ਲਈ ਕੇਂਦਰ ਸਰਕਾਰ ਖਾਸ ਕਰਕੇ ਭਾਜਪਾ ਦੇ ਅਧੀਨ ਰਾਜਨੀਤੀ ਕਰਦੇ ਰਹੇ। ਨਿਰੰਕਾਰੀ ਕਾਂਡ, ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ, ਸੌਦਾ ਸਾਧ, ਦਰਿਆਈ ਪਾਣੀ ਦੇ ਮਸਲੇ ਇਸ ਗੱਲ ਦੇ ਗਵਾਹ ਹਨ ਕਿ ਬਾਦਲ ਪਰਿਵਾਰ ਦੀ ਨਿਸ਼ਠਾ ਪੰਥ ਪ੍ਰਤੀ ਕਦਾਚਿਤ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਤੌਰ 'ਤੇ ਭੋਗ ਪੈਣਾ ਅਤੇ ਰਾਜਾਂ ਦੀ ਖੁਦਮੁਖਤਿਆਰੀ ਢਾਂਚੇ ਤੋਂ ਪਰੇ ਹੱਟਣਾ ਪੰਥ ਲਈ ਇਕ ਹੋਰ ਵੱਡਾ ਦੁਖਾਂਤ ਹੈ। ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਹੋਂਦ ਨਾ ਉਭਰਨ ਦੇਣਾ ਬਾਦਲ ਦਲ ਦੀ ਸਿਧਾਂਤਹੀਣੀ ਸਿਆਸਤ ਦਾ ਹਿੱਸਾ ਸੀ ਤੇ ਹੈ। ਅਜੇ ਸਿੱਖ ਇਤਿਹਾਸਕਾਰਾਂ ਤੇ ਲੇਖਕਾਂ ਨੇ ਇਸ ਬਾਰੇ ਬਹੁਤ ਕੁਝ ਲਿਖਣਾ ਹੈ ਤੇ ਬਹੁਤ ਤੱਥ ਸਾਹਮਣੇ ਆਉਣੇ ਬਾਕੀ ਹਨ। ਦਰਬਾਰ ਸਾਹਿਬ, ਅੰਮ੍ਰਿਤਸਰ ਗੁਰੂ ਨਾਨਕ ਪੰਥ ਦੀ ਰੂਹ ਵਿਚ ਵਸਦਾ ਹੈ। ਇਸ ਦੇ ਸਾਹਮਣੇ ਝੂਲਦੇ ਦੋ ਨਿਸ਼ਾਨ ਸਿੱਖ ਗੁਰੂਆਂ ਦੀ ਮੀਰੀ-ਪੀਰੀ ਵਿਚਾਰਧਾਰਾ ਦੇ ਮੂੰਹ ਬੋਲਦੇ ਪ੍ਰਤੀਕ ਹਨ, ਜੋ ਗੁਰੂ ਨਾਨਕ ਪੰਥ ਨੂੰ ਆਪਣੀ ਪ੍ਰਭੂਸੱਤਾ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ। ਪਰ ਇਨ੍ਹਾਂ ਨਿਸ਼ਾਨ ਸਾਹਿਬ ਦੇ ਬਸੰਤੀ ਤੋਂ ਭਗਵੇਂ ਕਰ ਦਿੱਤੇ ਜਾਣੇ ਸਿੱਖ ਕੌਮੀਅਤ ਦਾ ਭਗਵਾਂਕਰਨ ਵੱਲ ਪੁੱਟੇ ਕਦਮ ਹਨ। ਬਾਦਲ ਪਰਿਵਾਰ ਦੀ ਗੁਰੂ ਗ੍ਰੰਥ ਸਾਹਿਬ ਅੱਗੇ ਹਾਜ਼ਰੀ ਨਾ ਹੋ ਕੇ ਭਗਵੇਂਵਾਦ ਦੇ ਕੈਂਪ ਨਾਲ ਗੱਠਜੋੜ ਕਰਨਾ ਸਿੱਖ ਜਗਤ ਲਈ ਵੱਡੇ ਦੁਖਾਂਤ ਸਿਰਜਦਾ ਹੈ। ਦਰਬਾਰ ਸਾਹਿਬ ਵਿਖੇ ਗੋਲੀਆਂ ਦਾ ਨਿਸ਼ਾਨ ਮਿਟਾ ਦੇਣੇ ਇਸੇ ਦਿਸ਼ਾ ਵਲ ਕਦਮ ਸੀ ਕਿ ਸਿੱਖ ਇਹ ਸਾਕਾ ਭੁੱਲ ਜਾਣ। ਪਰ ਸਿੱਖ ਸਿਧਾਂਤ, ਸਿੱਖ ਪਰੰਪਰਾ, ਸਿੱਖ ਫਿਲਾਸਫੀ ਤੇ ਸਿੱਖ ਇਤਿਹਾਸ ਲਗਾਤਾਰ ਸਿੱਖ ਜਗਤ ਦੀ ਅਗਵਾਈ ਕਰ ਰਹੇ ਹਨ, ਜਿਸ ਤਹਿਤ ਏਨਾ ਵੱਡਾ ਦੁਖਾਂਤ ਭੁੱਲ ਜਾਣਾ ਅਸੰਭਵ ਹੈ। ਏਨੀ ਗੱਲ ਜ਼ਰੂਰ ਹੈ ਕਿ ਸਿੱਖ ਆਪਣੀ ਸੰਗਤ ਰੂਪੀ ਜਮਾਤ ਨਹੀਂ ਸਿਰਜ ਸਕੇ ਤੇ ਨਾ ਹੀ ਇਸ ਤੋਂ ਬਾਅਦ ਗੁਰਮਤਿ ਪੱਖੀ ਰਾਜਨੀਤੀ ਵਲ ਵੱਧ ਸਕੇ ਹਨ, ਜਿਸ ਦੇ ਇਸ਼ਾਰੇ ਗੁਰੂ ਅਰਜਨ ਦੇਵ ਜੀ ਨੇ ਹਲੇਮੀ ਰਾਜ ਦੇ ਰੂਪ ਵਿਚ ਕੀਤੇ ਹਨ। ਜਾਤੀਵਾਦ, ਕਰਮਕਾਂਡ, ਸਿੱਖ ਸਿਧਾਂਤਾਂ ਦਾ ਬ੍ਰਾਹਮਣੀਕਰਨ ਤੇ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਹਲੇਮੀ ਰਾਜ ਦੇ ਸੰਕਲਪ ਵਿਚ ਵੱਡੀ ਰੁਕਾਵਟ ਹਨ। ਮੁਗਲ ਹਕੂਮਤ ਤੋਂ ਲੈ ਕੇ ਧਾੜਵੀ  ਨਾਦਰ ਸ਼ਾਹ, ਅਬਦਾਲੀ ਅੰਰਗੇਜ਼ ਦਰਬਾਰ ਸਾਹਿਬ ਦੇ ਮਹੱਤਵ ਨੂੰ ਹਮੇਸ਼ਾ ਜਾਣਦੇ ਰਹੇ ਹਨ।
ਇਸੇ ਕਰਕੇ ਦਰਬਾਰ ਸਾਹਿਬ 'ਤੇ ਹਮਲੇ ਹੁੰਦੇ ਰਹੇ ਤੇ ਕਬਜ਼ੇ ਵੀ ਹੁੰਦੇ ਰਹੇ। ਅੰਗਰੇਜ਼ ਰਾਜ ਦੌਰਾਨ ਸਿੱਖੀ ਤੋਂ ਬੇਮੁੱਖ ਹੋਏ ਮਹੰਤਾਂ, ਪੁਜਾਰੀਆਂ ਦਾ ਦਰਬਾਰ ਸਾਹਿਬ ਤੇ ਗੁਰਧਾਮਾਂ ਉੱਪਰ ਕਬਜ਼ਾ ਕਰਵਾ ਦਿੱਤਾ ਗਿਆ ਤਾਂ ਜੋ ਆਜ਼ਾਦੀ ਤੇ ਸਿੱਖ ਸਿਧਾਂਤਾਂ ਦਾ ਪ੍ਰਚਾਰ ਗੁਰਧਾਮਾਂ ਰਾਹੀਂ ਨਾ ਹੋ ਸਕੇ। ਇਹੀ ਘਾੜਤਾਂ ਹੁਣ ਘੜੀਆਂ ਜਾ ਰਹੀਆਂ ਹਨ ਅਤੇ ਸੱਤਾ ਦੀ ਲਾਲਚੀ ਸਿੱਖ ਲੀਡਰਸ਼ਿਪ  ਨਾਲ ਇਨ੍ਹਾਂ ਦਾ ਗੱਠਜੋੜ ਹੈ। ਅੰਗਰੇਜ਼ ਕਾਲ ਦੌਰਾਨ ਸਿੰਘ ਸਭਾ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਨੇ ਗੁਰਧਾਮਾਂ ਨੂੰ ਆਜ਼ਾਦ ਕਰਵਾ ਕੇ ਗੁਰੂ ਨਾਨਕ ਪੰਥ ਨੂੰ ਰਾਜਨੀਤਕ ਤੇ ਧਾਰਮਿਕ ਪੱਖ ਤੋਂ ਮਜ਼ਬੂਤ ਕੀਤਾ ਸੀ, ਪਰ ਅੱਜ ਸਿੱਖ ਦਿਸ਼ਾਹੀਣ ਹਨ, ਕਿਉਂਕਿ ਸਿਧਾਂਤਕ ਅਗਵਾਈ ਕਰਨ ਵਾਲੀ ਨਾ ਉਨ੍ਹਾਂ ਕੋਲ ਬੁੱਧੀਜੀਵੀ ਜਮਾਤ ਤੇ ਨਾ ਸਿਆਸੀ ਜਮਾਤ ਹੈ। 36 ਸਾਲ ਬੀਤ ਜਾਣ 'ਤੇ ਵੀ ਸਿੱਖਾਂ ਦੇ ਮਨਾਂ ਵਿਚ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਵਿਰੁਧ ਰੋਸ ਲਗਾਤਾਰ ਬਣਿਆ ਹੋਇਆ ਹੈ। ਸਿੱਖਾਂ ਦੇ ਜ਼ਖ਼ਮਾਂ ਤੇ ਮਰਹਮ ਲਾਉਣ ਦਾ ਕੋਈ ਵੀ ਯਤਨ ਨਹੀਂ ਕੀਤਾ ਗਿਆ। ਅਹਿਮ ਸਵਾਲ ਇਹ ਉਠਦਾ ਹੈ ਕਿ ਅੱਜ ਦੀ ਸਥਿਤੀ ਵਿਚ ਜਦੋਂ ਸਿਖਾਂ ਦਾ ਸੰਗਠਨ ਨਹੀਂ ਹੈ ਤਾਂ ਉਸ ਮੌਕੇ ਸਿੱਖ ਪੰਥ ਨੂੰ ਆਪਣੀ ਆਵਾਜ਼ ਕਿਵੇਂ ਬੁਲੰਦ ਕਰਨੀ ਚਾਹੀਦੀ ਹੈ ਤੇ ਕਿਵੇਂ ਸਿਆਸੀ ਤੌਰ 'ਤੇ ਪੰਜਾਬ ਦੀ ਅਗਵਾਈ ਕਰਦਿਆਂ ਵਿਸ਼ਵ ਵਿਚ ਰੋਲ ਨਿਭਾਉਣਾ ਚਾਹੀਦਾ ਹੈ। ਜੂਨ 1984 ਦੇ ਖ਼ੂਨੀ ਸਾਕੇ ਨਾਲ ਸਬੰਧਿਤ ਸਾਰੇ ਖ਼ੁਫ਼ੀਆ ਦਸਤਾਵੇਜ਼ ਰਲੀਜ਼ ਕਰਵਾ ਕੇ, ਇਸ ਘਟਨਾ ਦੀ ਪੂਰੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਖੜਾ ਕੀਤਾ ਜਾਣਾ ਚਾਹੀਦਾ ਹੈ। ਦਰਬਾਰ ਸਾਹਿਬ ਅੰਦਰ ਸ਼ਹੀਦ ਹੋਏ ਸਾਰੇ ਸਿੱਖਾਂ ਦੀ ਲਿਸਟ ਤਿਆਰ ਕਰਨੀ ਚਾਹੀਦੀ ਹੈ ਤਾਂ ਜੋ ਨਿਰਪੱਖ ਜਾਂਚ ਵਲ ਵਧਿਆ ਜਾ ਸਕੇ। ਇੰਗਲੈਂਡ ਦੇ ਸਿੱਖਾਂ ਨੂੰ ਚਾਹੀਦਾ ਹੈ ਕਿ ਬ੍ਰਿਟਿਸ਼ ਸਰਕਾਰ ਨੂੰ ਵੀ ਅਪੀਲ ਕਰ ਕੇ ਪਤਾ ਲਗਾਏ ਕਿ ਇੰਗਲੈਂਡ ਦਾ ਇਸ ਸਾਕੇ ਵਿਚ ਕੀ ਰੋਲ ਸੀ। 
ਗੁਰੂ ਨਾਨਕ ਪੰਥ ਨੂੰ ਇਸ ਸੰਕਟ ਦੌਰਾਨ ਆਪਣੀ ਜ਼ਿੰਮੇਵਾਰੀ ਤੈਅ ਕਰਦਿਆਂ ਹੋਇਆਂ ਮਜ਼ਬੂਤ ਸਿਆਸੀ ਸੰਗਠਨ ਉਸਾਰਨ ਦੀ ਅਤਿਅੰਤ ਲੋੜ ਹੈ, ਜਿਸ ਦੀ ਪਹੁੰਚ ਵਿਸ਼ਵ ਪੱਧਰ 'ਤੇ ਹੋਵੇ।  ਇਹ ਦੁਖਾਂਤ ਉਦੋਂ ਸਦੀਵੀ ਹੋ ਜਾਂਦੇ ਹਨ, ਜਦੋਂ ਸਾਡੀ ਗੁਰਦੁਆਰਾ ਸੰਸਥਾ, ਰਾਜਨੀਤੀ, ਆਰਥਿਕਤਾ, ਵਿੱਦਿਆ, ਸੱਭਿਆਚਾਰ, ਸਿੱਖ ਰਾਜਨੀਤਕ ਤੇ ਪ੍ਰਭੂ ਸੱਤਾ ਦਾ ਮਾਡਲ ਅਤੇ ਸਮੁੱਚੇ ਸਿੱਖ ਸੰਸਥਾਵਾਂ ਕਮਜ਼ੋਰ ਹੋ ਜਾਣ ਤੇ ਉਨ੍ਹਾਂ ਵਿਚ ਸੁਧਾਰ ਦੇ ਤੇ ਸੰਗਠਨ ਕਰਨ ਦੇ ਯਤਨ ਨਾ ਕੀਤੇ ਜਾਣ। ਗੁਰੂ ਨਾਨਕ ਪੰਥ ਕੋਲ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਸਿੱਖ ਫਿਲਾਸਫ਼ੀ ਤੋਂ ਸੇਧ ਪ੍ਰਾਪਤ ਕਰਦੀ ਆਪਣੀ ਵਿਸ਼ਵ ਪੱਧਰੀ ਸੋਚ ਹੋਣੀ ਚਾਹੀਦੀ ਹੈ। ਕੌਮੀ ਲੋੜਾਂ ਅਨੁਕੂਲ ਪੰਜਾਬ ਤੋਂ ਭਾਰਤ ਅਤੇ ਦੂਰ-ਦੁਰਾਡੇ ਦੇਸ਼ਾਂ ਵਿਚ ਸਿੱਖ ਧਰਮ ਦਾ ਸੁਨੇਹਾ ਦੇਣ ਵਾਲੇ ਗੁਰਦੁਆਰਿਆਂ, ਧਰਮ-ਕੇਂਦਰਾਂ ਅਤੇ ਧਾਰਮਿਕ ਸੰਸਥਾਵਾਂ ਕੋਲ ਸਪੱਸ਼ਟ ਸਾਂਝਾ ਕੌਮੀ ਏਜੰਡਾ ਅਤੇ ਸਦੀਵੀਂ ਪ੍ਰਚਾਰ ਨੀਤੀ ਹੋਣੀ ਜ਼ਰੂਰੀ ਹੈ। ਇਨ੍ਹਾਂ ਹੀ ਲੀਹਾਂ ਉੱਤੇ ਸਿੱਖ ਪੰਥ ਦਾ ਜੀਵਨ ਦੀਆਂ ਸਾਰੀਆਂ ਸੰਸਥਾਵਾਂ ਦਾ ਗੁਰਮਤਿ ਮਾਡਲ ਅਨੁਸਾਰ ਨੀਤੀਤੰਤਰ ਉਸਾਰਨਾ ਜ਼ਰੂਰੀ ਹੈ। ਸਿੱਖ ਪੰਥ ਦੀ ਰਾਜਨੀਤਿਕ-ਸੱਤਾ ਨੀਤੀ, ਆਰਥਿਕ ਨੀਤੀ, ਗੁਰਮਤਿ ਗਿਆਨ ਤੇ ਬੌਧਿਕ ਨੀਤੀ, ਸੱਭਿਆਚਾਰਕ ਨੀਤੀ, ਵਿਦੇਸ਼ ਨੀਤੀ, ਖੇਡ ਨੀਤੀ, ਮੀਡੀਆ ਨੀਤੀ, ਸਿੱਖ ਨੌਜਵਾਨੀ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਜੀਵਨ ਸੁਰੱਖਿਆ ਯਕੀਨੀ ਬਣਾਉਂਦਿਆਂ ਉਨ੍ਹਾਂ ਦੇ ਸਿਰਜਣਾਤਮਿਕ ਕਾਰਜਾਂ ਵਿਚ ਯੋਗਦਾਨ ਸਬੰਧੀ ਨੀਤੀ ਤਿਆਰ ਕਰਨੀ ਚਾਹੀਦੀ ਹੈ। ਗੁਰਦੁਆਰੇ  ਸਿੱਖੀ ਦੇ ਸਕੂਲ ਵਜੋਂ ਸਥਾਪਤ ਹੋਣੇ ਚਾਹੀਦੇ ਹਨ। ਜਿੰਨਾ ਚਿਰ ਤੱਕ ਅਸੀਂ ਸਿੱਖ ਸਭਿਆਚਾਰ ਉਸਾਰਨ ਵਲ ਧਿਆਨ ਨਹੀਂ ਦੇਵਾਂਗੇ ਤੇ ਹਲੇਮੀ ਰਾਜ ਤਹਿਤ ਆਪਣੀ ਪ੍ਰਭੂ ਸੱਤਾ ਨਹੀਂ ਉਸਾਰੇਗਾ, ਓਨਾ ਚਿਰ ਤੱਕ ਸਿੱਖ ਘੱਲੂਘਾਰੇ ਦੇ ਦੁਖਾਂਤ ਸਾਡੇ ਜਖ਼ਮ ਬਣਦੇ ਰਹਿਣਗੇ। ਹੋ ਸਕਦਾ ਹੈ ਕਿ ਹੋਲੀ ਹੋਲੀ ਅਸੀਂ ਕਮਜ਼ੋਰ ਹੁੰਦੇ ਇਨ੍ਹਾਂ ਨੂੰ ਭੁੱਲ ਵੀ ਜਾਈਏ, ਪਰ ਜਦੋਂ ਅਸੀਂ ਆਪਣੇ ਗਿਆਨ ਸਿਲੇਬਸਾਂ ਨਾਲ ਲੈਸ ਹੋਵਾਂਗੇ ਤਾਂ ਹੀ ਸਾਡਾ ਭਵਿੱਖ ਉਜਵਲ ਹੋ ਸਕੇਗਾ। 
ਗੁਰੂ ਗ੍ਰੰਥ ਸਾਹਿਬ ਵਿਚਲਾ ਹਲੇਮੀ ਰਾਜ ਇਹੋ ਹੀ ਉਹ ਮਾਡਲ ਹੈ ਜਿਸ ਦੀ ਪੂੰਜੀਵਾਦ, ਸਮਾਜਵਾਦ, ਸਾਮਵਾਦ, ਇਸਲਾਮਿਕ ਸ਼ਰੀਅਤ ਅਤੇ ਹਿੰਦੂਤਵ ਤੋਂ ਬਦਲਵੀਂ ਪ੍ਰਭੂ ਸੱਤਾ ਪ੍ਰਬੰਧ ਦੀ ਅੱਜ ਵਿਸ਼ਵ ਮਾਨਵ ਸੱਭਿਅਤਾ ਨੂੰ ਲੋੜ ਹੈ। ਇਸ ਸੰਬੰਧ ਵਿਚ ਡੂੰÎਘੀ ਵਿਆਖਿਆ ਕਰਨ ਦੇ ਨਾਲ ਸੰਗਤੀ ਪੱਧਰ 'ਤੇ ਅਭਿਆਸ ਜਾਰੀ ਰੱਖਣ ਦੀ ਲੋੜ ਹੈ। ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਵੱਸਦਾ ਸਿੱਖ ਭਾਈਚਾਰਾ ਅਤੇ ਗੁਰੂ ਨਾਨਕ ਨਾਮ ਲੇਵਾ ਵਰਗਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੈ ਤਾਂ ਜੋ ਪੰਜਾਬੀ ਭਾਈਚਾਰੇ ਨੂੰ ਇਕਮੁੱਠ ਕਰਕੇ ਵਿਸ਼ਾਲ ਸੰਗਠਨ ਸਿਰਜਿਆ ਜਾਵੇ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ ਤੇ ਗੁਰੂ ਨਾਨਕ ਪੰਥ ਵਿਸ਼ਵ ਪੱਧਰ ਦਾ ਸਭਿਅਕ ਮਾਡਲ ਵਜੋਂ ਉਭਰ ਕੇ ਸਾਹਮਣੇ ਆ ਸਕੇ। ਇਸ ਸੰਬੰਧੀ ਸਾਨੂੰ ਸੰਗਠਨ ਸਿਰਜ ਕੇ ਵਿਸ਼ਾਲਤਾ ਨਾਲ ਵਿਸ਼ਵ ਪੱਧਰ 'ਤੇ ਆਪਣੀ ਰਾਜਨੀਤੀ ਦਾ ਅਭਿਆਸ ਕਰਨ ਦੀ ਲੋੜ ਹੈ।