deshpunjabtimes.blogspot.com

Thursday, 19 March 2020

ਰਾਹਤ ਕੈਂਪਾਂ ਦਿੱਲੀ 'ਚ ਹਿੰਸਾ ਪੀੜਤ ਮੁਸਲਮਾਨ ਭਾਈਚਾਰਾ               ਜਿਸ ਦੀ ਸਾਰ ਨਹੀਂ ਲਈ ਜਾ ਰਹੀ
 ਛੋਟੇ ਜਿਹੇ ਕੈਂਪ 'ਚ ਹਜ਼ਾਰ ਦੇ ਕਰੀਬ ਮੁਸਲਮਾਨ ਰਹਿ ਰਹੇ ਹਨ 
ਦੇਸ ਵਿਦੇਸ਼ 'ਚ ਬੈਠੀਆਂ ਸੰਗਤਾਂ ਮੁਸਲਮਾਨ ਭਾਈਚਾਰੇ ਦੀ ਮਦਦ ਕਰਨ—ਸਿੱਖ ਸੇਵਕ ਸੁਸਾਇਟੀ 
 ਮੁਸਲਮਾਨ ਭਾਈਚਾਰੇ ਨੇ ਲਗਾਏ ਦੋਸ਼ ਕਈ ਮੁਸਲਮਾਨ ਨੌਜਵਾਨਾਂ ਨੂੰ ਪੁਲੀਸ ਚੁੱਕ ਕੇ ਨਹੀਂ ਦੱਸ ਰਹੀ ਅਤਾ ਪਤਾ
ਵਿਸ਼ੇਸ਼ ਰਿਪੋਰਟ

ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916




ਮੀਡੀਆ ਤੇ ਸਿਆਸਤਦਾਨਾਂ ਵਲੋਂ 84 ਦੇ ਕਤਲੇਆਮ ਲਈ ਦੰਗਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਇਸੇ ਤਰ੍ਹਾਂ ਮੌਜੂਦਾ 2020 ਹਿੰਸਾ ਜਿਸ ਵਿਚ ਮੁਸਲਮਾਨ ਭਾਈਚਾਰਾ ਬੁਰੀ ਤਰ੍ਹਾਂ ਬਰਬਾਦ ਹੋਇਆ, ਲਈ ਵੀ ਦੰਗਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਦੋਵਾਂ ਮਾਮਲਿਆਂ ਵਿਚ ਹਮਲਾਵਰ ਹਿੰਸਕ ਟੋਲੇ ਦੇਸ਼ ਦੀ ਵੱਡੀ ਬਹੁਗਿਣਤੀ ਵਾਲੇ ਭਾਈਚਾਰੇ ਨਾਲ ਸਬੰਧਿਤ ਸਨ, ਜੋ ਕਿ ਸੱਤਾਧਾਰੀ ਧਿਰਾਂ ਦੇ ਨੇਤਾਵਾਂ ਵਲੋਂ ਕਰਵਾਏ ਦੱਸੇ ਜਾਂਦੇ ਹਨ। ਇਹ ਠੀਕ ਹੈ ਕਿ ਅਜੋਕੀ ਹਿੰਸਾ ਵਿਚ ਬਹੁਗਿਣਤੀ ਭਾਈਚਾਰੇ ਅਤੇ ਵੱਡੀ ਘੱਟਗਿਣਤੀ ਦੇ ਧੜਿਆਂ ਦੌਰਾਨ ਕੁਝ ਝੜਪਾਂ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਪਰ ਇਨ੍ਹਾਂ ਝੜਪਾਂ ਦੌਰਾਨ ਵੀ ਜੇ ਵੱਡੀ ਘੱਟਗਿਣਤੀ ਦਾ ਕੋਈ ਗਰੁੱਪ ਜਥੇਬੰਦ ਹੋ ਕੇ ਦੂਜੇ ਇਲਾਕਿਆਂ ਵਿਚ ਨਹੀਂ ਗਿਆ, ਬਲਕਿ ਆਪਣੀ ਸੁਰੱਖਿਆ ਵਿਚ ਕਾਰਵਾਈ ਕੀਤੀ ਹੈ। ਹਾਲਾਂ ਕਿ ਬਹੁਤ ਸਾਰੀਆਂ ਵੀਡੀਓ ਫਿਲਮਾਂ ਸ਼ੋਸ਼ਲ ਮੀਡੀਆ ਵਿਚ ਮਿਲ ਰਹੀਆਂ ਹਨ ਕਿ ਪੁਲੀਸ ਦੀ ਹਾਜ਼ਰੀ ਵਿਚ ਇਹ ਹਿੰਸਾ ਹੋਈ। ਕਈ ਥਾਂ 'ਤੇ ਪੁਲੀਸ ਦੀ ਵਰਦੀ ਵਿਚ ਕੁਝ ਲੋਕ ਹਿੰਸਾ ਕਰਦੇ ਦਿਖਾਈ ਦੇ ਰਹੇ ਹਨ। ਦਿੱਲੀ ਸਿੱਖ ਕਤਲੇਆਮ ਵਾਂਗ ਇਹ ਵੀ ਹਿੰਸਾ ਧਾਰਮਿਕ ਘੱਟਗਿਣਤੀਆਂ ਖ਼ਿਲਾਫ਼ ਗਿਣ-ਮਿਥ ਕੇ ਜਥੇਬੰਦਕ ਢੰਗ ਨਾਲ ਕੀਤੀ ਗਈ। ਨਫਰਤ ਦਾ ਮਾਹੌਲ ਸੱਤਾਧਾਰੀ ਧਿਰ ਦੇ ਕੁਝ ਨੇਤਾਵਾਂ ਵਲੋਂ ਸਿਰਜਿਆ ਗਿਆ ਤੇ ਨਫ਼ਰਤ ਭਰਪੂਰ ਨਾਅਰੇ ਲਗਾਏ ਗਏ। ਦਿੱਲੀ ਵਿਚ ਹੋਈ ਹਿੰਸਾ ਦੌਰਾਨ ਬਹੁਤ ਸਾਰੇ ਲੋਕ ਬੰਦੂਕਾਂ ਦੀਆਂ ਗੋਲੀਆਂ ਤੇ ਤੇਜ਼ਾਬੀ ਬੰਬਾਂ ਨਾਲ ਜ਼ਖ਼ਮੀ ਕੀਤੇ ਗਏ। 
ਇਸ ਹਿੰਸਾ ਵਿਚ ਇਕ ਪੁਲੀਸ ਕਰਮਚਾਰੀ ਦੂਸਰਾ ਆਈਬੀ ਦਾ ਵਿਅਕਤੀ ਮਾਰਿਆ ਗਿਆ, ਜੋ ਕਿ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸੀ, ਪਰ ਇਸ ਦੇ ਬਾਵਜੂਦ ਇਸ ਨੂੰ ਦੋ ਤਰਫਾ ਹਿੰਸਾ ਨਹੀਂ ਕਿਹਾ ਜਾ ਸਕਦਾ। ਜੇਕਰ ਅਸੀਂ ਇਸ ਨੂੰ ਦੰਗੇ ਕਹਿੰਦੇ ਹਾਂ ਤਾਂ ਅਸੀਂ ਮੁਸਲਮਾਨ ਭਾਈਚਾਰੇ ਤੇ ਘੱਟ ਗਿਣਤੀਆਂ ਨਾਲ ਬੇਇਨਸਾਫੀ ਕਰ ਰਹੇ ਹਾਂ। ਇੱਥੋਂ ਤੱਕ ਸਰਕਾਰੀ ਹਸਪਤਾਲਾਂ ਵਿਚ ਮੁਸਲਮਾਨ ਭਾਈਚਾਰੇ ਨਾਲ ਵਿਤਕਰਾ ਕੀਤਾ ਗਿਆ ਤੇ ਉਨ੍ਹਾਂ ਦਾ ਇਲਾਜ ਵੀ ਠੀਕ ਤਰ੍ਹਾਂ ਨਾ ਕੀਤਾ ਗਿਆ। ਇਹ ਸ਼ਿਕਾਇਤਾਂ ਉਸ ਸਮੇਂ ਮਿਲੀਆਂ, ਜਦੋਂ ਮੈਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੀ ਟੀਮ ਦੇ ਨਾਲ ਦਿੱਲੀ ਵਿਖੇ ਗਿਆ। ਸ. ਰਜਿੰਦਰ ਸਿੰਘ ਪੁਰੇਵਾਲ ਚੇਅਰਮੈਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਪਰਮਿੰਦਰਪਾਲ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਗੋਲਡੀ, ਸਾਹਿਬ ਸਿੰਘ, ਦਿੱਲੀ ਦੇ ਕੋਆਰਡੀਨੇਟਰ ਮਨਪ੍ਰੀਤ ਸਿੰਘ ਸ਼ਾਮਲ ਸਨ।
ਜਿੱਥੋਂ ਤੱਕ ਰਾਹਤ ਕੈਪਾਂ ਦਾ ਸੁਆਲ ਹੈ ਮੈਂ ਈਦਗਾਹ ਮੁਸਤਫਾਪੁਰ ਵਾਲੇ ਇਲਾਕੇ ਵਿਚ ਗਿਆ ਸਾਂ, ਇੱਥੇ ਹਜ਼ਾਰ ਲੋਕਾਂ ਦਾ ਰਾਹਤ ਕੈਂਪ ਲੱਗਾ ਹੋਇਆ ਹੈ, ਬਹੁਗਿਣਤੀ ਔਰਤਾਂ ਸ਼ਾਮਲ ਹਨ। ਇੱਥੇ ਰਹਿਣ, ਖਾਣ, ਪਾਣੀ, ਕੱਪੜਿਆਂ, ਦਵਾਈਆਂ ਤੇ ਦੇਖਭਾਲ ਦੀ ਘਾਟ ਮਹਿਸੂਸ ਹੋਈ। ਇਨ੍ਹਾਂ ਲੋਕਾਂ ਤੋਂ ਪਤਾ ਲੱਗਿਆ ਕਿ ਪੀੜਤਾਂ ਨੇ ਆਪਣੇ ਰਿਸ਼ਤੇਦਾਰਾਂ ਕੋਲ ਪਿੰਡਾਂ ਵਿਚ ਸ਼ਰਨ ਲਈ ਹੋਈ ਹੈ। ਪੀੜਤਾਂ ਦੀ ਮਦਦ ਜ਼ਿਆਦਾਤਰ ਸਿੱਖ ਭਾਈਚਾਰਾ ਕਰ ਰਿਹਾ ਹੈ। 20 ਤੋਂ 50 ਲੋਕ ਮਿਲ ਕੇ ਪੀੜਤ ਲੋਕਾਂ ਦੇ ਰਹਿਣ ਤੇ ਖਾਣ ਪੀਣ ਦਾ ਇੰਤਜ਼ਾਮ ਕਰ ਰਹੇ ਹਨ। ਗੁਰਦੁਆਰਾ ਖਾਲਸਾ ਏਡ ਦੇ ਵਲੰਟੀਅਰਾਂ ਨੇ ਵੀ ਪੀੜਤਾਂ ਦੇ ਖਾਣੇ ਦਾ ਇੰਤਜ਼ਾਮ ਕੀਤਾ ਹੋਇਆ ਹੈ। ਸਰਕਾਰ ਨੂੰ ਚਾਹੀਦਾ ਸੀ ਕਿ ਇਨ੍ਹਾਂ ਦੀ ਸਨਮਾਨਜਨਕ ਢੰਗ ਨਾਲ ਮਦਦ ਕਰਦੀ ਪਰ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਪੁਲੀਸ ਦਾ ਵਰਤਾਰਾ ਵੀ ਉਨ੍ਹਾਂ ਪ੍ਰਤੀ ਠੀਕ ਨਹੀਂ। 
ਜਦੋਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਟਰੱਕ ਰਾਹੀਂ ਰਾਸ਼ਨ ਵੰਡ ਰਹੀ ਸੀ ਤਾਂ ਇਕ ਪੁਲੀਸ ਦੀ ਗੱਡੀ ਆਈ ਤਾਂ ਪੁਲੀਸ ਦੀ ਗੱਡੀ ਵਿਚ ਉੱਚੀ ਉੱਚੀ ਹੂਟਰ ਵੱਜਣ ਲੱਗ ਪਏ ਤੇ ਇਥੋਂ ਟਰੱਕ ਪਰੇ ਕਰ ਲਿਆ ਜਾਵੇ। ਮੈਂ ਉਸ ਸਮੇਂ ਆਪਣੇ ਪੱਤਰਕਾਰੀ ਦਾ ਕਾਰਡ ਦਿਖਾਇਆ ਤੇ ਪੁੱਛਿਆ ਕਿ ਰਸਤਾ ਤੇ ਲੰਘਣਯੋਗ ਹੈ, ਤੁਸੀਂ ਲੰਘ ਕਿਉਂ ਨਹੀਂ ਜਾਂਦੇ? ਇਹ ਤਾਂ ਪੀੜਤ ਲੋਕਾਂ ਦੀ ਮਦਦ ਕਰ ਰਹੇ ਹਨ। ਸਰਕਾਰ ਵਾਲਾ ਕੰਮ ਕਰ ਰਹੇ ਹਨ। ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਪੁਲੀਸ ਵਾਲੇ ਉਸ ਸਮੇਂ ਝੱਟ ਹੀ ਕੋਈ ਜਵਾਬ ਦਿੱਤੇ ਬਿਨਾ ਚਲੇ ਗਏ। ਮੈਂ ਸਮਝਦਾ ਹਾਂ ਕਿ ਇਸ ਨਫਰਤ ਭਰਪੂਰ ਹਿੰਸਾ ਨੇ ਜੋ ਜਖ਼ਮ ਮੁਸਲਮਾਨ ਭਾਈਚਾਰੇ ਨੂੰ ਦਿੱਤੇ ਹਨ, ਉਨ੍ਹਾਂ ਨੂੰ ਸ਼ਾਇਦ ਹੀ ਕਦੇ ਭਰਿਆ ਜਾ ਸਕੇ। ਜੇਕਰ ਸਰਕਾਰ ਸੰਵੇਦਨਸ਼ੀਲਤਾ ਦਿਖਾਵੇ ਤਾਂ ਉਨ੍ਹਾਂ ਦੇ ਜਖਮਾਂ ਨੂੰ ਮਲ੍ਹਮ ਲੱਗ ਸਕਦੀ ਹੈ। 
ਰਾਹਤ ਕੈਪਾਂ ਤੋਂ ਕੁਝ ਔਰਤਾਂ ਨਾਲ ਵੀ ਮੇਰੀ ਗੱਲ ਹੋਈ। ਔਰਤਾਂ ਨੇ ਦੱਸਿਆ ਕਿ ਕੁਝ ਛੇੜਛਾੜ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਿਆ ਗਿਆ ਹੈ ਤੇ ਉਨ੍ਹਾਂ ਨਾਲ ਸਰੀਰਕ ਹਿੰਸਾ ਵੀ ਹੋਈ ਹੈ। ਚਾਂਦਬਾਗ ਵਿਚ ਜਦ ਮੁਸਲਮਾਨ ਹਿੰਸਕ ਲੋਕਾਂ ਦੀ ਭੀੜ ਤੋਂ ਜਾਣ ਬਚਾ ਰਹੇ ਸਨ ਤਦ ਇਹ ਔਰਤਾਂ ਆਪਣੀ ਜਾਨ ਦੇ ਨਾਲ ਆਪਣੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਵਿਚ ਸਨ। ਇਹ ਔਰਤਾਂ ਡਰਦੀਆਂ ਹਨ ਕਿ ਸਮਾਜ ਵਿਚ ਉਨ੍ਹਾਂ ਦੀ ਬੇਇਜ਼ਤੀ ਹੋਵੇਗੀ ਤੇ ਪੁਲੀਸ ਉਨ੍ਹਾਂ ਨੂੰ ਹੋਰ ਧਮਕਾਏਗੀ, ਇਸ ਲਈ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੀਆਂ। ਮਨੁੱਖੀ ਅਧਿਕਾਰ ਸੰਗਠਨ ਵੀ ਇਨ੍ਹਾਂ ਦੀ ਮਦਦ 'ਤੇ ਨਹੀਂ ਆਏ ਤੇ ਨਾ ਹੀ ਕੋਈ ਵਕੀਲਾਂ ਦੀ ਜਥੇਬੰਦੀ ਇਨ੍ਹਾਂ ਦੀ ਮਦਦ 'ਤੇ ਪਹੁੰਚੀ ਹੈ।
ਇਸ ਕੈਂਪ ਦੇ ਦੌਰਾਨ ਹਿੰਸਕ ਲੋਕਾਂ ਦੀ ਹੈਵਾਨੀਅਤ ਦਾ ਸ਼ਿਕਾਰ ਹੋਈਆਂ ਇਹਨਾਂ ਪੀੜਤਾਂ ਵਿਚ ਕੋਈ ਮਾਂ ਹੈ, ਜਿਸ ਦੀਆਂ ਦੋ ਬੇਟੀਆਂ ਦਾ ਵਿਆਹ ਇਸੇ ਸਾਲ ਹੋਣਾ ਹੈ। ਕੋਈ ਉਧੇੜ ਉਮਰ ਦੀ ਵਿਧਵਾ ਹੈ, ਕੋਈ ਨਵ-ਵਿਆਹੀ ਔਰਤਾਂ ਹਨ। ਇਨ੍ਹਾਂ ਔਰਤਾਂ ਵਿਚ ਇਸ ਤਰ੍ਹਾਂ ਦਹਿਸ਼ਤ ਛਾਈ ਹੋਈ ਹੈ ਕਿ ਉਹ ਆਪਣੀ ਰਿਪੋਰਟ ਜਾਂ ਸ਼ਿਕਾਇਤ ਥਾਣੇ ਵਿਚ ਦਰਜ ਨਹੀਂ ਕਰਵਾਉਣਾ ਚਾਹੁੰਦੀਆਂ। ਉਨ੍ਹਾਂ ਨੂੰ ਪੁਲੀਸ ਤੋਂ ਵੀ ਡਰ ਲੱਗਦਾ ਹੈ। ਰਾਹਤ ਕੈਂਪ ਵਿਚ 26 ਸਾਲ ਦੀ ਬੁਰਕਾ ਪਾਈ ਆਫਰੀਨ ਮਿਲੀ, ਜੋ ਆਪਣੇ ਘਰ ਵਾਲੇ ਨਾਲ ਚਾਂਦ ਬਾਗ ਵਿਚ ਰਹਿੰਦੀ ਸੀ, ਉਸ ਦੇ ਵਿਆਹ  ਡੇਢ ਸਾਲ ਹੋਇਆ ਸੀ। ਉਸ ਦੇ ਚਿਹਰੇ 'ਤੇ ਪੀੜਾ ਸਾਫ ਦਿਖਾਈ ਦੇ ਰਹੀ ਸੀ। ਉਸ ਨੇ ਦੱਸਿਆ ਕਿ 24 ਫਰਵਰੀ ਦੀ ਰਾਤ ਅਚਾਨਕ ਕੁਝ ਗੁੰਡੇ ਛੱਤ ਟੱਪ ਕੇ ਸਾਡੇ ਘਰ ਆ ਵੜੇ। ਸਾਡੇ ਘਰ ਦੇ ਨਾਲ ਇਕ ਖਾਲੀ ਪਲਾਟ ਹੈ, ਉਥੋਂ ਹੀ ਭੀੜ ਘਰ ਵਿਚ ਵੜੀ ਤੇ ਸਮਾਨ ਭੰਨ੍ਹਣ ਲੱਗ ਪਈ। ਮੈਂ ਤੇ ਮੇਰਾ ਘਰ ਵਾਲਾ ਮੇਨ ਗੇਟ ਵਲ ਭੱਜ ਪਏ, ਪਰ ਭੀੜ ਨੇ ਸਾਨੂੰ ਜਕੜ ਲਿਆ। ਮੈਨੂੰ ਗਾਲ੍ਹਾਂ ਕੱਢੀਆਂ ਤੇ ਮੇਰਾ ਬੁਰਕਾ ਖਿੱਚ ਕੇ ਪਾੜ ਦਿੱਤਾ। ਮੇਰੇ ਸ਼ੋਅਰ ਮੈਨੂੰ ਬਚਾਉਣ ਦੌੜੇ ਤਾਂ ਹਿੰਸਕ ਲੋਕਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਗੁੰਡੇ ਮੇਰੇ ਨਾਲ ਛੇੜਾਖਾਨੀ ਕਰਨ ਲੱਗ ਪਏ। ਇਸ ਦੌਰਾਨ ਸ਼ੋਰ ਸ਼ਰਾਬਾ ਸੁਣ ਕੇ ਗੁਆਂਢ ਤੋਂ ਕੁਝ ਲੋਕ ਆਏ ਤੇ ਉਨ੍ਹਾਂ ਨੇ ਸਾਨੂੰ ਬਚਾਇਆ। ਅਸੀਂ ਗੁਆਂÎਢੀ ਹਿੰਦੂਆਂ ਦੇ ਘਰ ਆਪਣੀ ਰਾਤ ਗੁਜਾਰੀ ਤੇ ਹੁਣ ਅਸੀਂ ਕੈਂਪ ਵਿਚ ਹਾਂ। ਆਫਰੀਨ ਦੀਆਂ ਅੱਖਾਂ ਵਿਚ ਹੰਝੂ ਸਨ ਤੇ ਕਿਹਾ ਕਿ ਮੈਨੂੰ ਬੁਰੀ ਤਰ੍ਹਾਂ ਨੋਚਿਆ ਗਿਆ, ਪਰ ਮੇਰੀ ਇੱਜ਼ਤ ਬਚ ਗਈ। ਸਾਡਾ ਘਰ ਬੁਰੀ ਤਰ੍ਹਾਂ ਬਰਬਾਦ ਹੋ ਗਿਆ। ਹੁਣ ਅਸੀਂ ਇਸ ਰਾਹਤ ਕੈਂਪ ਵਿਚ ਹਾਂ। ਸਾਡੀ ਸਿੱਖ ਭਾਈਚਾਰਾ ਮਦਦ ਕਰ ਰਿਹਾ ਹੈ। 
ਉੱਥੇ ਇਕ ਹੋਰ ਲੜਕੀ ਰੇਸ਼ਮਾ ਮਿਲੀ ਜੋ ਤਲਾਕਸ਼ੁਧਾ ਹੈ ਤੇ ਆਪਣੇ ਮਾਤਾ-ਪਿਤਾ ਕੋਲ ਦੋ ਬੱਚਿਆਂ ਨਾਲ ਚਾਂਦ ਬਾਗ ਰਹਿੰਦੀ ਸੀ। ਰੇਸ਼ਮਾ ਦਸਦੀ ਹੈ ਕਿ 24 ਫਰਵਰੀ ਦੀ ਰਾਤ ਨੂੰ ਮੁਹੱਲੇ 'ਤੇ ਹਮਲਾ ਹੋਇਆ। ਸਵੇਰੇ ਖਬਰਾਂ ਮਿਲ ਰਹੀਆਂ ਸਨ ਕਿ ਘਰ ਫੂਕੇ ਜਾ ਰਹੇ, ਲੁੱਟੇ ਜਾ ਰਹੇ ਹਨ। ਕੁਝ ਸਮੇਂ ਵਿਚ ਹਿੰਸਕ ਲੋਕ ਉੱਥੇ ਆ ਪਹੁੰਚੇ ਜੋ ਪੈਟਰੋਲ ਬੰਬ ਸੁੱਟ ਰਹੇ ਸਨ। ਸਾਡੇ ਘਰ ਦਾ ਇਕ ਹਿੱਸਾ ਅੱਗ ਨਾਲ ਸੜ ਚੁੱਕਾ ਸੀ। ਘਰ ਕੱਚਾ ਸੀ ਢਹਿ ਢੇਰੀ ਹੋਣ ਲੱਗਾ ਅਸੀਂ ਭੱਜ ਕੇ ਬਾਹਰ ਨਿਕਲੇ। ਰਸਤੇ ਵਿਚ ਹਿੰਸਕ ਗੁੰਡਿਆਂ ਨੇ ਮੈਨੂੰ ਜਕੜ ਲਿਆ ਤੇ ਮੇਰੇ ਕੱਪੜੇ ਪਾੜ ਦਿੱਤੇ ਤੇ ਮੇਰੇ ਨਾਲ ਛੇੜਾਖਾਨੀ ਕੀਤੀ। ਮੇਰੇ ਗਲੇ 'ਤੇ ਅਜੇ ਵੀ ਵਹਿਸ਼ੀ ਦੇ ਦੰਦ ਦੇ ਨਿਸ਼ਾਨ ਹਨ। ਹਿੰਸਕ ਲੋਕਾਂ ਦੇ ਲਈ ਤਾਂ ਔਰਤਾਂ ਖਿਡੌਣਾ ਹੁੰਦੀਆਂ ਹਨ। 
ਉੱਥੇ ਤਰੁਨਮ ਨਾਮ ਦੀ ਔਰਤ ਮਿਲੀ, ਜਿਸ ਪਤੀ ਤੇ ਦੋ ਜਵਾਨ ਬੇਟੀਆਂ ਨਾਲ ਸਨ। ਤਰੁਨਮ ਨੇ ਮੈਨੂੰ ਦੱਸਿਆ ਕਿ ਜੀ ਕੇ ਕੀ ਕਰਾਂਗੇ ਸਾਡਾ ਤਾਂ ਕੁਝ ਨਹੀਂ ਬਚਿਆ। ਨਾ ਪੈਸਾ ਨਾ ਘਰ ਨੇ ਇੱਜ਼ਤ। ਉਸ ਦੀਆਂ ਦੋ ਬੇਟੀਆਂ ਦਾ ਇਸੇ ਸਾਲ ਨਿਕਾਹ ਹੋਣਾ ਹੈ। ਤਰੁਨਮ ਕਹਿੰਦੀ ਹੈ ਕਿ ਬਲਾਤਕਾਰ ਕਿਸ ਨੂੰ ਕਹਿੰਦੇ ਹਨ, ਇਨ੍ਹਾਂ ਕੁੱਤਿਆਂ ਨੇ ਮੇਰਾ ਸਰੀਰ ਨੋਚ ਦਿੱਤਾ, ਲਿਹਾਜ਼ ਹੀ ਨਹੀਂ ਕੀਤਾ ਉਹ ਸੇਰ 20-21 ਸਾਲ ਦੇ ਲੜਕੇ ਸਨ। ਉਨ੍ਹਾਂ ਨੇ ਮੇਰੀ ਸੋਨੇ ਦੀ ਅੰਗੂਠੀ ਲੁੱਟ ਲਈ, ਮੇਰੇ ਕਮਰ ਦੇ ਹੇਠਾਂ ਨੀਲੇ ਨਿਸ਼ਾਨ ਪਏ ਹੋਏ ਹਨ। ਉਸ ਵਕਤ ਮੇਰੀਆਂ ਬੇਟੀਆਂ ਘਰ ਵਿਚ ਨਹੀਂ ਸਨ, ਰਿਸ਼ਤੇਦਾਰਾਂ ਦੇ ਘਰ ਗਈਆਂ ਸਨ, ਇਹ ਦਰਿੰਦੇ ਉਨ੍ਹਾਂ ਨੂੰ ਵੀ ਨੋਚ ਕੇ ਖਾ ਜਾਂਦੇ। 
ਉੱਥੇ ਇਕ ਔਰਤ ਸ਼ਬਾਨਾ ਮਿਲੀ। ਉਸ ਦੇ ਪਤੀ ਦੇ ਪੰਜ ਸਾਲ ਪਹਿਲਾਂ ਦਿਹਾਂਤ ਹੋ ਚੁੱਕਾ ਹੈ, ਉਸ ਦਾ ਕੋਈ ਬੱਚਾ ਨਹੀਂ ਹੈ। ਉਹ ਪੰਜ ਸਾਲ ਤੋਂ ਚਾਂਦ ਬਾਗ ਦੇ ਇਕ ਕਮਰੇ ਵਿਚ ਇਕੱਲੀ ਰਹਿ ਰਹੀ ਸੀ ਤੇ ਸਿਲਾਈ ਕਢਾਈ ਨਾਲ ਆਪਣਾ ਘਰ ਚਲਾਉਂਦੀ ਸੀ। 25 ਫਰਵਰੀ ਨੂੰ ਜਦ ਹਿੰਸਕ ਗੁੰਡੇ ਮੁਹੱਲੇ ਪਹੁੰਚੇ ਤਾਂ ਮੈਨੂੰ ਇੰਝ ਲੱਗਿਆ ਕਿ ਅਸੀਂ ਕਿਸੇ ਹੋਰ ਦੇਸ ਵਿਚ ਹਾਂ। ਉਨ੍ਹਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਤੇ ਸਾਡਾ ਸਾਰਾ ਸਮਾਨ ਭੰਨ੍ਹ ਦਿੱਤਾ। ਉਨ੍ਹਾਂ ਨੇ ਮੈਨੂੰ ਅੱਧਾ ਨੰਗ ਕਰ ਦਿੱਤਾ। ਗੁੰਡੇ ਮੈਨੂੰ ਨੰਗਾ ਕਰਕੇ ਸੜਕ ਤੇ ਘੁੰਮਾਉਣ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੇ ਮੇਰੇ ਕੱਪੜੇ ਪਾੜ ਦਿੱਤੇ ਤੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਹੁਣ ਮੈਂ ਇਸ ਰਾਹਤ ਕੈਂਪ ਵਿਚ ਹਾਂ।
ਸ਼ਿਵ ਵਿਹਾਰ ਦੀਆਂ ਔਰਤਾਂ ਨੇ ਵੀ ਦੱਸਿਆ ਕਿ ਉਨ੍ਹਾਂ ਨਾਲ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ ਤੇ ਇਸ ਤੋਂ ਬਾਅਦ ਮੁਸਤਫਾਬਾਦ ਕੈਂਪ ਵਿਚ ਸ਼ਰਨ ਲਈ ਹੈ। 
ਮੁਸਤਫਾਬਾਦ ਜਿੱਥੇ ਇਹ ਰਾਹਤ ਕੈਂਪ 33 ਫੁੱਟ ਰੋਡ 'ਤੇ ਈਦਗਾਹ ਵਿਚ ਲੱਗਾ ਹੋਇਆ ਹੈ। ਇਸ ਕੈਂਪ ਵਿਚ ਪੁਲੀਸ ਦਲ ਸੁਰੱਖਿਅ ਦੇ ਲਈ ਮੌਜੂਦ ਨਹੀਂ ਹੈ। ਹਾਲਾਂਕਿ ਉਥੋਂ ਦੇ ਸਹਿਯੋਗੀ ਆਸਿਫ ਚੌਧਰੀ ਦੱਸਦੇ ਹਨ ਕਿ ਉਨ੍ਹਾਂ ਨੇ ਪੁਲੀਸ ਸੁਰੱਖਿਆ ਮੰਗੀ ਵੀ ਹੈ, ਪਰ ਹਾਲੇ ਤੱਕ ਨਹੀਂ ਮਿਲੀ। ਇਸ ਕੈਂਪ ਵਿਚ ਸ਼ਿਵ ਵਿਹਾਰ ਤੋਂ ਪੀੜਤ ਲੋਕ ਵੀ ਆਏ ਹੋਏ ਹਨ। ਸ਼ਿਵ ਪੁਰੀ ਬਾਬਰਪੁਰ ਮੁਸਤਾਫਾਬਾਦ, ਘੋਂਡਾ ਦੇ ਲੋਕ ਆਏ ਹੋਏ ਹਨ। ਮੁਸਤਫਾਬਾਦ ਦੇ ਐਮ ਐਲ ਏ ਹਾਜ਼ੀ ਯਨੂਸ ਨੇ ਦੱਸਿਆ ਕਿ ਸਾਡੇ ਇੱਥੇ ਚਾਰ ਰਾਹਤ ਕੈਪਾਂ ਦੀ ਜ਼ਰੂਰਤ ਹੈ, ਉਮੀਦ ਹੈ ਕਿ ਜਲਦੀ ਸਾਨੂੰ ਮਿਲ ਜਾਣਗੇ। 
ਸ਼ਿਵ ਵਿਹਾਰ ਦੇ ਇਕ ਬਜ਼ੁਰਗ ਮੁਹੰਮਦ ਨਫੀਜ਼ ਨੇ ਦੱਸਿਆ ਕਿ ਸਾਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਸਾਡਾ ਸਭ ਕੁਝ ਲੁੱਟਿਆ ਜਾ ਚੁੱਕਾ ਹੈ। ਅਸੀਂ ਇਸ ਰਾਹਤ ਕੈਂਪ ਤੋਂ ਜਾਣਾ ਚਾਹੁੰਦੇ ਹਾਂ। ਅਸੀਂ ਇੱਥੇ ਸੁਰੱਖਿਅਤ ਨਹੀਂ ਹਾਂ, ਕਿਉਂਕਿ ਪੁਲੀਸ ਦਾ ਇੰਤਜ਼ਾਮ ਨਹੀਂ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਪਰ ਉਹ ਸਾਡੇ 10-12 ਸਾਲ ਦੇ ਬੱਚਿਆਂ ਨੂੰ ਹੀ ਚੁੱਕ ਕੇ ਲਿਜਾ ਰਹੇ ਹਨ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ ਤੇ ਪ੍ਰਧਾਨ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਦੇਸ-ਵਿਦੇਸ਼ ਦੀਆਂ ਸੰਗਤਾਂ ਨੂੰ ਪੀੜਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।

Monday, 16 March 2020

ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ 
ਦਿੱਲੀ ਹਿੰਸਾ ਇਲਾਕਿਆਂ 'ਚ ਪਹੁੰਚੀ 
ਬੇਗੁਨਾਹ ਮੁਸਲਮਾਨ ਭਾਈਚਾਰੇ ਨੂੰ ਬਚਾਉਣ ਵਾਲੇ ਮਹਿੰਦਰ ਸਿੰਘ ਤੇ ਜਿੰਦਰ ਸਿੰਘ ਦਾ ਕੀਤਾ ਸਨਮਾਨ
ਪੁਰੇਵਾਲ ਨੇ ਕਿਹਾ ਕਿ ਅਸੀਂ ਬੇਗੁਨਾਹਾਂ ਦੇ ਹੱਕ 'ਚ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹਾਂਗੇ 
ਗੁੰਡੇ ਧਮਕੀਆਂ ਦੇ ਰਹੇ ਹਨ ਤੇ ਸਿੱਖ ਪਰਿਵਾਰਾਂ ਦੀ ਸੁਰੱਖਿਆ ਕਰੇ ਸਰਕਾਰ—ਖਾਲਸਾ






ਦਿੱਲੀ-ਦਿੱਲੀ-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਬੀਤੇ ਦਿਨੀਂ ਭਜਨਪੁਰਾ, ਈਦਗਾਹ, ਮੁਸਤਫਾਪੁਰ (ਈਦਗਾਹ) ਇਲਾਕਿਆਂ ਵਿਚ ਪਹੁੰਚੀ, ਜਿੱਥੇ ਫਿਰਕੂ ਹਿੰਸਾ ਹੋਈ ਸੀ। ਇਸ ਦੌਰਾਨ ਮੁਸਲਮਾਨ ਭਾਈਚਾਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਕੁਝ ਹਿੰਦੂ ਭਾਈਚਾਰੇ ਦੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਿਆ ਸੀ। ਪਰ ਮੁਸਤਫਾਪੁਰ ਵਿਚ ਵੱਡਾ ਕੈਂਪ ਪੀੜਤ ਮੁਸਲਮਾਨਾਂ ਦਾ ਲੱਗਾ ਹੋਇਆ ਹੈ, ਜਿਸ ਵਿਚ ਬਹੁਗਿਣਤੀ ਔਰਤਾਂ ਸ਼ਾਮਲ ਹਨ, ਜਿਨ੍ਹਾਂ ਦੇ ਘਰ ਸਾੜ ਦਿੱਤੇ, ਤਬਾਹ ਕਰ ਦਿੱਤੇ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਸ. ਰਜਿੰਦਰ ਸਿੰਘ ਪੁਰੇਵਾਲ ਚੇਅਰਮੈਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਮਨਪ੍ਰੀਤ ਸਿੰਘ ਕੁਆਰਡੀਨੇਟਰ ਦਿੱਲੀ ਨੇ ਦੱਸਿਆ ਕਿ ਇਸ ਮੌਕੇ ਸ. ਜਿੰਦਰ ਸਿੰਘ ਅਤੇ ਸ. ਮਹਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਮੁਸਲਮਾਨ ਭਾਈਚਾਰੇ ਨੂੰ ਹਿੰਸਕ ਗੁੰਡਿਆਂ ਕੋਲੋਂ ਬਚਾਅ ਕੇ ਸੁਰੱਖਿਅਤ ਥਾਂਵਾਂ 'ਤੇ ਭੇਜਿਆ। ਇਹਨਾਂ ਦੀ ਮਦਦ ਹਿੰਦੂ ਭਾਈਚਾਰੇ ਨੇ ਵੀ ਕੀਤੀ। ਇਸ ਮੌਕੇ ਸ. ਮਹਿੰਦਰ ਸਿੰਘ ਤੇ ਜਿੰਦਰ ਨੇ ਦੱਸਿਆ ਕਿ ਕੋਈ ਵੀ ਸਾਡਾ ਗੁਆਂਢੀ ਹਿੰਸਾ ਵਿਚ ਸ਼ਾਮਲ ਨਹੀਂ ਸੀ। ਅਸੀਂ ਮੁਸਲਮਾਨ ਭਾਈਚਾਰੇ ਨੂੰ ਬਚਾਇਆ ਹੈ। ਸਾਡੀ ਮਦਦ ਇਸ ਸ਼ੁੱਭ ਕਾਰਜ ਵਿਚ ਹਿੰਦੂ ਭਾਈਚਾਰੇ ਨੇ ਵੀ ਕੀਤੀ ਹੈ, ਜੋ ਕਿ ਸਾਡੇ ਗੁਆਂਢੀ ਸਨ। ਜਿੰਦਰ ਸਿੰਘ ਭਜਨਪੁਰਾ ਨੇ ਦੱਸਿਆ ਕਿ ਉਨ੍ਹਾਂ ਨੇ ਹਿੰਸਕ ਭੀੜ ਵਿਚੋਂ ਆਪਣੇ ਹਿੰਦੁ ਗੁਆਂਢੀਆਂ ਦੀ ਮਦਦ ਨਾਲ ਇਕ ਮੁਸਲਮਾਨ ਵਿਅਕਤੀ ਨੂੰ ਕਤਲ ਹੋਣ ਤੋਂ ਬਚਾਇਆ ਤੇ ਸੁਰੱਖਿਅਤ ਥਾਂ 'ਤੇ ਭੇਜਿਆ। ਇਸ ਤਰ੍ਹਾਂ ਹੋਰ ਵੀ ਕਈ ਪਰਿਵਾਰ ਬਚਾਏ ਗਏ। ਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਖਾਲਸਾ ਪੰਥ ਨੂੰ ਬੇਨਤੀ ਕਰਦੇ ਹਨ ਕਿ ਪੀੜਤਾਂ ਦੀ ਮਦਦ ਕੀਤੀ ਜਾਵੇ ਤੇ ਗੁਰੂ ਨਾਨਕ ਦੇ ਵਿਚਾਰ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਜਾ ਸਕੇ।ਸ. ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨਾਲ ਮਿਲ ਕੇ 60 ਮੁਸਲਮਾਨ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਜਦ ਕਿ ਉੱਥੇ ਪੈਟਰੋਲ ਬੰਬ, ਗੋਲੀਆਂ ਚਲ ਰਹੀਆਂ ਸਨ। ਅਸੀਂ ਪੁਲੀਸ ਨੂੰ ਟੈਲੀਫੋਨ ਕੀਤਾ ਜੋ ਮੁਸਲਮਾਨ ਮਸਜਿਦ ਵਿਚ ਬੰਦ ਹੋ ਗਏ ਸਨ ਤੇ ਆਲੇ ਦੁਆਲੇ ਅੱਗਾਂ ਲੱਗ ਚੁੱਕੀਆਂ ਸਨ, ਉਨ੍ਹਾਂ ਨੂੰ ਪੁਲੀਸ ਰਾਹੀਂ ਬਾਹਰ ਕੱਢਿਆ ਗਿਆ ਤੇ ਗੁੰਡੇ ਅਨਸਰਾਂ ਨੂੰ ਉਸ ਇਲਾਕੇ ਵਿਚੋਂ ਬਾਹਰ ਕਢਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੰਨ 1984 ਵਿੱਚ ਮੇਰੀ ਤਕਰੀਬਨ 16-17 ਸਾਲ ਦੀ ਉਮਰ ਸੀ। ਅਸੀਂ ਉਹ ਮੰਜ਼ਰ, ਉਹ ਦੁਖ ਵੇਖਿਆ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਜੋ ਮੰਜ਼ਰ ਸਾਡੇ 'ਤੇ ਬੀਤਿਆ, ਉਸੇ ਤਰੀਕੇ ਦਾ ਸਾਹਮਣਾ ਇਨ੍ਹਾਂ ਬੇਗੁਨਾਹਾਂ ਨੂੰ ਕਰਨਾ ਪਵੇ। ਇਸ ਤੋਂ ਬਾਅਦ ਅਸੀਂ ਆਪਣੇ ਵਹੀਕਲਾਂ 'ਤੇ ਸਾਰੇ ਮੁਸਲਮਾਨਾਂ ਨੂੰ ਹੌਂਸਲਾ ਦਿੱਤਾ ਤੇ ਸੁਰੱਖਿਅਤ ਇਲਾਕਿਆਂ ਵਿਚ ਭਿਜਵਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਧਮਕੀਆਂ ਮਿਲ ਰਹੀਆਂ ਹਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਸਾਡੀ ਸਹਾਇਤਾ ਕਰਨ ਦੀ ਥਾਂ ਸਾਡਾ ਵਿਰੋਧ ਕਰ ਰਹੀਆਂ ਹਨ। ਇਸ ਮੌਕੇ ਰਜਿੰਦਰ ਸਿੰਘ ਪੁਰੇਵਾਲ ਤੇ ਪਰਮਿੰਦਰਪਾਲ ਸਿੰਘ ਖਾਲਸਾ ਨੇ ਸ. ਮਹਿੰਦਰ ਸਿੰਘ ਤੇ ਜਿੰਦਰ ਸਿੰਘ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦਾ ਮਾਣ ਵਧਾਇਆ। ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਖਾਲਸਾ ਪੰਥ ਉਨ੍ਹਾਂ ਦਾ ਨਾਲ ਹੈ। ਉਨ੍ਹਾਂ ਨੇ ਦਿੱਲੀ ਪੁਲੀਸ ਪ੍ਰਸ਼ਾਸ਼ਣ ਨੂੰ ਅਪੀਲ ਕੀਤੀ ਕਿ ਇਹਨਾਂ ਦੀ ਸੁਰੱਖਿਆ ਕੀਤੀ ਜਾਵੇ। ਜੇਕਰ ਇਨ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਲਈ ਪੁਲੀਸ ਪ੍ਰਸ਼ਾਸ਼ਣ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ।ਇਸ ਮੌਕੇ ਮੁਸਤਫਾਪੁਰ (ਈਦਗਾਹ) ਵਿਚ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੀ ਟੀਮ ਗਈ, ਜਿੱਥੇ ਹਜ਼ਾਰ ਮੁਸਲਮਾਨਾਂ ਦਾ ਰਾਹਤ ਕੈਂਪ ਲੱਗਾ ਹੋਇਆ ਸੀ, ਜੋ ਕਿ ਹਿੰਸਾ ਦਾ ਸ਼ਿਕਾਰ ਸਨ ਤੇ ਬੇਘਰ ਹੋ ਚੁੱਕੇ ਸਨ। ਇੱਥੇ ਇਨ੍ਹਾਂ ਨੂੰ ਰਾਸ਼ਨ ਵੰਡਿਆ ਗਿਆ। ਕੁਝ ਮੁਸਲਮਾਨਾਂ ਨੇ ਦੱਸਿਆ ਕਿ ਇੱਥੇ ਮੁਸਲਮਾਨ ਬੱਚੇ ਪੁਲੀਸ ਚੁੱਕ ਰਹੀ ਹੈ ਤੇ ਦੱਸ ਨਹੀਂ ਰਹੀ। ਜਦ ਕਿ ਹਿੰਸਕ ਤੱਤਾਂ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ। ਜਦ ਕਿ ਉਨ੍ਹਾਂ ਦੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਹਨ। ਰਜਿੰਦਰ ਸਿੰਘ ਪੁਰੇਵਾਲ ਤੇ ਪਰਮਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਰਾਹਤ ਕੈਂਪਾਂ ਵੱਲ ਧਿਆਨ ਦੇਵੇ ਤੇ ਉਨ੍ਹਾਂ ਬੇਘਰ ਹਿੰਸਾਂ ਦੇ ਸ਼ਿਕਾਰ ਲੋਕਾਂ ਨੂੰ ਵਸਾਵੇ ਤੇ ਜੋ ਬੇਗੁਨਾਹ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਵਾਇਰਸ ਫੈਲ ਚੁੱਕੀ ਹੈ ਤਾਂ ਇੱਥੇ ਮੈਡੀਕਲ ਸਹੂਲਤਾਂ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਲਈ ਇੱਥੇ ਉਚੇਚੇ ਪ੍ਰਬੰਧ ਕਰਨ ਦੀ ਲੋੜ ਹੈ। ਇਨ੍ਹਾਂ ਕੈਪਾਂ ਵਿਚ ਮੁਸਲਮਾਨ ਭਾਈਚਾਰਾ ਖੁੱਲ੍ਹੇ ਵਿਚ ਰਹਿ ਰਿਹਾ ਹੈ, ਜਿਸ ਵਿਚ ਬਹੁਤੀਆਂ ਸਹੂਲਤਾਂ ਨਹੀਂ ਤੇ ਥੋੜ੍ਹੀ ਜਿਹੀ ਥਾਂ 'ਤੇ ਹਜ਼ਾਰ ਵਿਅਕਤੀਆਂ ਦਾ ਰਹਿਣਾ ਜਿੱਥੇ ਸਫਾਈ ਦੀ ਘਾਟ ਹੈ, ਉਹ ਖਤਰੇ ਤੋਂ ਖਾਲੀ ਨਹੀਂ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਹੈ ਕਿ ਇੱਥੇ ਲੰਗਰ ਖੁੱਲ੍ਹੇ ਵਰਤਾਏ ਜਾਣ ਤੇ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਸਮੁੱਚੇ ਸਿੱਖ ਸੰਗਤ ਸਹਾਇਤਾ ਕਰੇ ਅਤੇ ਗੁਰਦੁਆਰੇ ਵਿਚ ਸ਼ਰਨ ਦਿੱਤੀ ਜਾਵੇ। ਇਸ ਦੇ ਨਾਲ ਉਨ੍ਹਾਂ ਦੀ ਆਰਥਿਕ ਸਹਾਇਤਾ ਵੀ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜੇ ਹੋ ਕੇ ਆਪਣਾ ਘਰ ਪਰਿਵਾਰ ਚਲਾ ਸਕਣ। ਇਸ ਮੌਕੇ ਸੁਰਿੰਦਰਪਾਲ ਸਿੰਘ ਗੋਲਡੀ, ਮਨਜੀਤ ਸਿੰਘ ਗਤਕਾ ਮਾਸਟਰ, ਬਲਵਿੰਦਰਪਾਲ ਸਿੰਘ, ਸਾਹਿਬ ਸਿੰਘ, ਮਨਪ੍ਰੀਤ ਕੌਰ ਵਾਈਸ ਕੁਆਰਡੀਨੇਟਰ, ਇਕਬਾਲ ਸਿੰਘ ਮਿਸ਼ਨ ਚੜ੍ਹਦੀ ਕਲਾ ਮਹਾਰਾਸ਼ਟਰ, ਜ਼ੋਰਾਵਰ ਸਿੰਘ ਗਤਕਾ ਮਾਸਟਰ ਦਿੱਲੀ, ਗੁਰਮੀਤ ਕੌਰ, ਸੰਤੋਖ ਸਿੰਘ, ਦਵਿੰਦਰ ਸਿੰਘ, ਸਰਬਜੋਤ ਸਿੰਘ, ਗੁਰਮੀਤ ਸਿੰਘ, ਪ੍ਰਦੀਪ ਸਿੰਘ, ਰਿਆਜ਼ ਅਹਿਮਦ, ਸੁਰਜੀਤ ਸਿੰਘ, ਵਜ਼ੀਰ ਸਿੰਘ, ਜਸਪਾਲ ਸਿੰਘ, ਪ੍ਰਭਜੀਤ ਸਿੰਘ, ਸਤਨਾਮ ਸਿੰਘ ਤੇ ਬਲਦੇਵ ਸਿੰਘ ਆਦਿ ਸ਼ਾਮਲ ਸਨ।

Saturday, 7 March 2020

 ਮਨੁੱਖਤਾ ਦਾ ਰਾਖਾ ਤੇ ਵਿਸ਼ਵ ਸ਼ਾਂਤੀ ਦਾ ਦੂਤ ਸਿਖ 
 ਦਿੱਲੀ ਹਿੰਸਾ ਤੋਂ ਬਾਅਦ ਮੁਸਲਮਾਨਾਂ ਵਿਚ ਹਿਜਰਤ ਸ਼ੁਰੂ 
 ਗੁਰੂ ਦੇ ਖਾਲਸੇ ਮੋਹਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਲੈ ਕੇ 50 ਤੋਂ ਵੱਧ ਮੁਸਲਮਾਨਾਂ ਦੀਆਂ ਜਾਨਾਂ ਬਚਾਈਆਂ 
 ਮੁਸਲਮਾਨਾਂ ਦੇ ਸਿਰੇ 'ਤੇ ਪੱਗਾਂ ਬੰਨ੍ਹ ਕੇ ਸੁਰੱਖਿਅਤ ਖੇਤਰਾਂ ਵਿਚ ਛੱਡਿਆ ਤੇ ਘਰ 'ਚ ਪਨਾਹ ਦਿੱਤੀ 
ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916
ਦਿੱਲੀ ਵਿਚ ਹੋਈ ਤਾਜ਼ਾ ਹਿੰਸਾ ਦਿੱਲੀ ਸਿੱਖ ਕਤਲੇਆਮ ਨਵੰਬਰ 84 ਤੋਂ ਵੱਖਰੀ ਨਹੀਂ ਹੈ। ਉਤਰ-ਪੂਰਬੀ ਦਿੱਲੀ ਦੇ ਦਰਜਨ ਦੇ ਕਰੀਬ ਖੇਤਰਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਵਾਲੇ ਦੋ ਦਿਨ 24 ਅਤੇ 25 ਫਰਵਰੀ ਨੂੰ ਵੱਡੇ ਪੱਧਰ 'ਤੇ ਹੋਈ ਸਾੜਫੂਕ, ਲੁੱਟ ਤੇ ਕਤਲਾਂ ਦਾ ਸਿਲਸਿਲਾ ਬਿਲਕੁੱਲ ਨਵੰਬਰ '84 ਵਾਲੇ ਨਮੂਨੇ 'ਤੇ ਹੋਇਆ ਹੈ। ਅੱਗੇ ਸ਼ੋਸ਼ਲ ਮੀਡੀਆ ਨਹੀਂ ਸੀ, ਪਰ ਹੁਣ ਮੌਜੂਦ ਹੈ, ਜਿਸ ਕਰਕੇ ਘਟਨਾਵਾਂ ਦਾ ਸੱਚ ਸਾਹਮਣੇ ਆਇਆ ਹੈ। ਸ਼ੋਸ਼ਲ ਮੀਡੀਏ ਵਿਚ ਆਈਆਂ ਫਿਲਮਾਂ ਨੇ ਦਰਸਾ ਦਿੱਤਾ ਕਿ ਇਹ ਹਿੰਸਾ ਪੁਲੀਸ ਦੀ ਅਗਵਾਈ ਵਿਚ ਹੋਈ ਅਤੇ ਪੁਲੀਸ ਵੀ ਕਈ ਥਾਂ 'ਤੇ ਹਿੰਸਾ ਵਿਚ ਸ਼ਾਮਲ ਸੀ। ਬੜੇ ਦਿਨਾਂ ਤੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਖਿਲਾਫ਼ ਭਾਜਪਾ ਆਗੂਆਂ ਵਲੋਂ ਅੱਗ ਉਗਲੀ ਜਾ ਰਹੀ ਸੀ, 'ਦੇਸ ਕੇ ਗਦਾਰੋ ਕੋ ਗੋਲੀ ਮਾਰੋ ਸਾਲੋ ਕੋ'। ਮੁਸਲਮਾਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਦੇਸ਼ ਵਿਰੋਧੀ ਹੋਣ ਦੇ ਫਤਵਿਆਂ ਨਾਲ ਨਿਵਾਜਿਆ ਜਾ ਰਿਹਾ ਸੀ।
24 ਫਰਵਰੀ ਦੀ ਦੁਪਹਿਰ ਨੂੰ ਕੇਜਰੀਵਾਲ ਸਰਕਾਰ ਵਿਚ ਮੰਤਰੀ ਰਹੇ ਤੇ ਹੁਣ ਭਾਜਪਾ ਦੇ ਆਗੂ ਬਣੇ ਕਪਿਲ ਮਿਸ਼ਰਾ ਨੇ ਯਮੁਨਾਪਾਰ ਦੇ ਭਜਨਪੁਰ ਚੌਕ ਵਿਚ ਨਾਗਰਿਕਤਾ ਕਾਨੂੰਨ ਖਿਲਾਫ਼ ਧਰਨਾ ਦੇ ਰਹੀਆਂ ਔਰਤਾਂ ਦੇ ਖਿਲਾਫ਼ ਵੱਡੇ ਪੁਲਿਸ ਅਫਸਰਾਂ ਦੀ ਹਾਜ਼ਰੀ ਵਿਚ ਭੜਕਾਹਟ ਭਰੀ ਤੇ ਅਪਮਾਨਜਨਕ ਸ਼ਬਦਾਵਲੀ ਵਰਤੀ ਕਿ ਸੜਕਾਂ ਖਾਲੀ ਕਰ ਦਿਓ, ਨਹੀਂ ਤਾਂ  ਟਰੰਪ ਦੇ ਜਾਣ ਤੋਂ ਬਾਅਦ ਅਸੀਂ ਖਾਲੀ ਕਰਵਾ ਲਵਾਂਗੇ। ਇਸ ਧਮਕੀ ਭਰੇ ਬਿਆਨ ਤੋਂ ਕੁਝ ਘੰਟਿਆਂ ਬਾਅਦ ਇਹ ਹਿੰਸਾ ਭੜਕ ਗਈ। ਭੀੜ ਕੋਲ ਖਤਰਨਾਕ ਹਥਿਆਰ, ਬੰਦੂਕਾਂ, ਪੈਟਰੋਲ ਬੰਬ ਤੇ ਹੋਰ ਮਾਰੂ ਅਸਲਾ ਸੀ। ਉੱਤਰ-ਪੂਰਬੀ ਦਿੱਲੀ ਵਿਚ ਪੈਂਦੇ ਸ਼ਿਵ ਵਿਹਾਰ, ਭਜਨਪੁਰਾ, ਚਾਂਦਬਾਗ, ਜਾਫਰਾਬਾਦ, ਖਜੂਰੀ, ਮੌਜਪੁਰ, ਕਰਦਮਪੁਰੀ, ਮੁਸਤਫਾਬਾਦ, ਬਰਿਜਪੁਰੀ, ਗੋਕਲਪੁਰੀ, ਸੀਲਮਪੁਰ, ਕਬੀਰ ਨਗਰ ਆਦਿ ਪੈਂਦੇ ਖੇਤਰਾਂ ਵਿਚ 50 ਤੋਂ ਵੱਧ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ, 700 ਤੋਂ ਵੱਧ ਜ਼ਖ਼ਮੀ ਹੋਏ ਹਨ। ਸਾਰੇ ਹੀ ਮੁਹੱਲਿਆਂ ਵਿਚ ਹੋ-ਹੱਲਾ ਮਚਾਉਂਦੇ ਗੁੰਡਿਆਂ ਦੇ ਮੂੰਹ-ਸਿਰ ਹੈਲਮਟਾਂ ਨਾਲ ਢਕੇ ਹੋਣ ਦੀ ਗੱਲ ਸ਼ੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਹੈ। ਸਭ ਦੇ ਨਾਅਰੇ ਜੈ ਸ੍ਰੀ ਰਾਮ ਸਨ ਤੇ ਕਹਿ ਰਹੇ ਸਨ ਕਿ ਮੁਲੋ ਕੋ ਸਬਕ ਸਿਖਾਓ। ਦੱਸਿਆ ਜਾਂਦਾ ਹੈ ਕਿ ਭਗਵੇਂ ਗੁੰਡਿਆਂ ਨੇ ਰਸਤਿਆਂ ਵਿਚ ਰੋਕ ਕੇ ਖਾਸ ਕਰ ਮੁਸਲਮਾਨ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ। 
ਗੁਰੂ ਤੇਗ ਬਹਾਦਰ ਹਸਪਤਾਲ ਦਿਲਸ਼ਾਦ ਗਾਰਡਨ ਵਿਚ ਆਈਆਂ ਲਾਸ਼ਾਂ ਸੰਭਾਲਣ ਤੇ ਸਸਕਾਰ ਕਰਾਉਣ ਵਿਚ ਸ਼ਾਮਿਲ ਸਮਾਜ ਸੇਵੀ ਸੰਸਥਾ ਦੇ ਮੁਖੀ ਸਾਬਕਾ ਵਿਧਾਇਕ ਆਗੂ ਸ: ਜਤਿੰਦਰ ਸਿੰਘ ਸ਼ੰਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗੋਲੀਆਂ ਮਿੱਥ ਕੇ ਮਾਰੀਆਂ ਗਈਆਂ ਤੇ ਮਰਨ ਵਾਲੇ ਸਾਰੇ ਨੌਜਵਾਨ ਸਨ ਤੇ ਗੋਲੀਆਂ ਉਨ੍ਹਾਂ ਦੇ ਮੱਥੇ, ਮੂੰਹ ਜਾਂ ਛਾਤੀ ਵਿਚ ਲੱਗੀਆਂ। 
ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀਆਂ ਦੁਕਾਨਾਂ ਚੁਣ ਕੇ ਸਾੜੀਆਂ ਤੇ ਲੁੱਟੀਆਂ। ਸ਼ਿਵ ਵਿਹਾਰ ਵਿਚ ਮੀਲ ਲੰਬੀ ਪਟੀ ਵਿਚ ਸੜੇ ਵਾਹਨ ਖੜ੍ਹੇ ਹਨ। ਚਾਰ ਮਸਜਿਦਾਂ ਤੇ ਦੋ ਮਦਰੱਸਿਆਂ ਨੂੰ ਅੱਗ ਲੱਗੀ। ਇਹ ਵੀ ਵਰਨਣਯੋਗ ਗੱਲ ਹੈ ਕਿ ਸਾਰੇ ਖੇਤਰ ਵਿਚ ਕਈ ਦਰਜਨ ਹਿੰਦੂ ਧਾਰਮਿਕ ਅਸਥਾਨ ਹਨ ਪਰ ਕਿਸੇ ਨੂੰ ਵੀ ਨੁਕਸਾਨ ਨਹੀਂ ਪੁੱਜਾ। ਨਵੰਬਰ '84 ਵਿਚ ਜਿਸ ਤਰ੍ਹਾਂ ਹਿੰਸਾ ਪੀੜਤ ਸ਼ਹਿਰਾਂ ਤੋਂ ਵੱਡੀ ਗਿਣਤੀ ਸਿੱਖ ਹਿਜਰਤ ਕਰਕੇ ਪੰਜਾਬ ਚਲੇ ਗਏ ਸਨ, ਲਗਪਗ ਉਸੇ ਤਰ੍ਹਾਂ ਪ੍ਰਭਾਵਿਤ ਖੇਤਰਾਂ ਦੇ ਮੁਸਲਮਾਨ ਘਰਾਂ ਨੂੰ ਤਾਲੇ ਲਗਾ ਕੇ ਉੱਤਰ ਪ੍ਰਦੇਸ਼ ਤੇ ਪੰਜਾਬ ਵਲ ਜਾਣੇ ਸ਼ੁਰੂ ਹੋ ਗਏ ਹਨ।

ਸਿੱਖ ਸ਼ਾਂਤੀ ਦੇ ਦੂਤ
ਪੂਰਬੀ ਦਿੱਲੀ ਵਿੱਚ ਭੜਕੀ ਫਿਰਕੂ ਹਿੰਸਾ ਵਿੱਚ ਘੱਟੋ-ਘੱਟ 40 ਜਾਨਾਂ ਗਈਆਂ ਹਨ ਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਜਦੋਂ ਇੱਕ ਦੂਜੇ ਦੀ ਖੂਨ ਦੀ ਪਿਆਸੀ ਭੀੜ ਭੜਕੀ ਹੋਈ ਸੀ ਤਾਂ ਸਿੱਖਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਜਾਤ-ਧਰਮ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਦਦ ਕੀਤੀ। ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਵਲੋਂ ਪ੍ਰਭਾਵਿਤ ਖੇਤਰਾਂ ਵਿਚ ਸਵੇਰੇ-ਸ਼ਾਮ ਲੰਗਰ ਵਰਤਾਇਆ ਗਿਆ। 
ਖਾਲਸਾ ਏਡ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜਤ ਲੋਕਾਂ ਦੀ ਸਾਰ ਲੈਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਉਜੜੇ ਲੋਕਾਂ ਦੇ ਰਹਿਣ ਦੇ ਇੰਤਜ਼ਾਮ, ਲੰਗਰ ਦਾ ਇੰਤਜ਼ਾਮ, ਮੈਡੀਕਲ ਸਹੂਲਤਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੀ ਥਾਂ ਖਾਲਸਾ ਜੀ ਰਾਹਤ ਕਾਰਜ ਵਿਚ ਸਰਗਰਮ ਹਨ। 

ਭਾਈ ਮੋਹਿੰਦਰ ਸਿੰਘ ਅਮਨ ਦੂਤ
53 ਸਾਲ ਦੇ ਭਾਈ ਮੋਹਿੰਦਰ ਸਿੰਘ ਆਪਣੇ ਪੁੱਤਰ ਇੰਦਰਜੀਤ ਸਿੰਘ ਨੇ 50 ਮੁਸਲਮਾਨਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾ ਕੇ ਤੇ ਉਨ੍ਹਾਂ ਦੀ ਜਾਨਾਂ ਬਚਾ ਕੇ ਅਮਨ ਦੂਤ ਦੀ ਭੂਮਿਕਾ ਨਿਭਾਈ ਹੈ ਤੇ ਸੁਨੇਹਾ ਦਿੱਤਾ ਕਿ ਸਿੱਖ ਵਾਹਿਗੁਰੂ ਦੇ ਮੈਸੇਂਜਰ ਹਨ, ਜੋ ਜ਼ੁਲਮ ਦੇ ਵਿਰੁਧ ਹਨ ਤੇ ਭੀੜਾਂ ਪੈਣ 'ਤੇ ਪੀੜਤਾਂ ਦੇ ਹੱਕ ਵਿਚ ਖੜ੍ਹਦੇ ਹਨ। 
ਮੋਹਿੰਦਰ ਸਿੰਘ  ਨੇ ਆਪਣੇ ਬੇਟੇ ਦੀ ਮਦਦ ਨਾਲ ਆਪਣੇ ਦੁਪਹੀਆਂ ਵਾਹਨਾਂ ਉੱਤੇ ਗੋਕੁਲਪੁਰੀ ਬਾਜ਼ਾਰ ਤੋਂ ਮੁਸਲਮਾਨ ਪਰਿਵਾਰਾਂ  ਨੂੰ ਕਰਦਮਪੁਰੀ ਤੱਕ ਪਹੁੰਚਾਇਆ।
ਮੁਹੰਮਦ ਹਮਜਾ ਉਸ ਵੇਲੇ ਉਸੇ ਮਸਜਿਦ ਵਿੱਚ ਸੀ, ਜੋ ਤੋੜੀ ਭੰਨ੍ਹੀ ਗਈ। ਉਨ੍ਹਾਂ ਨੇ ਦੱਸਿਆ, ''ਇੱਕਦਮ ਭਗਦੜ ਮਚੀ ਤੇ ਜੈ ਸ੍ਰੀਰਾਮ ਦੇ ਨਾਅਰਿਆਂ ਦੀ ਆਵਾਜ਼ ਆਉਣ ਲੱਗੀ। ਅਸੀਂ ਸਭ ਤੋਂ ਪਹਿਲਾਂ ਭੱਜ ਕੇ ਮਸਜਿਦ ਦੇ ਦਰਵਾਜੇ ਬੰਦ ਕੀਤੇ। ਉਸੇ ਵੇਲੇ ਮਸਜਿਦ 'ਤੇ ਲਾਠੀਆਂ ਡੰਡਿਆਂ ਨਾਲ ਹਮਲਾ ਹੋ ਗਿਆ ਸੀ।''
''ਮਸਜਿਦ ਵਿੱਚ ਚੀਕ-ਪੁਕਾਰ ਸੁਣਾਈ ਦੇ ਰਹੀ ਸੀ। ਥੋੜ੍ਹੀ ਦੇਰ ਲਈ ਭੀੜ ਉੱਥੋਂ ਹਟੀ ਤੇ ਅੱਗੇ ਚਲੀ ਗਈ। ਸਾਡੇ ਸਾਹਮਣੇ ਸਰਦਾਰ ਜੀ (ਮੋਹਿੰਦਰ ਸਿੰਘ) ਰਹਿੰਦੇ ਹਨ, ਉਹ ਆਏ ਤੇ ਕਹਿੰਦੇ ਕਿ ਡਰੋ ਨਾ, ਅਸੀਂ ਤੁਹਾਡੇ ਨਾਲ ਹਾਂ।''
ਮੁਹੰਮਦ ਹਮਜ਼ਾ ਕਹਿੰਦੇ ਹਨ ਕਿ ਮੋਹਿੰਦਰ ਸਿੰਘ ਨੇ ਮੇਰੇ ਪਰਿਵਾਰ ਤੇ ਕਈ ਲੋਕਾਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੇ ਮੇਰੇ ਪੱਗ ਬੰਨੀ। ਮੈਂ ਬਹੁਤ ਡਰਿਆ ਹੋਇਆ ਸੀ। ਉਹ ਪਹਿਲਾਂ ਤਾਂ ਮੇਰੇ ਪਰਿਵਾਰ ਨੂੰ ਛੱਡ ਕੇ ਆਏ ਸੀ। ਫਿਰ ਮੈਨੂੰ।''
ਮੈਂ ਹੌਂਸਲੇ ਵਿਚ ਆ ਗਿਆ ਤੇ ਮੈਂ ਸਭ ਨੂੰ ਕਿਹਾ ਕਿ ਸਾਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਸਾਨੂੰ ਸਰਦਾਰ ਜੀ ਬਚਾਉਣਗੇ।''
ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਦੀ ਇਸ ਮਸਜਿਦ ਨੂੰ ਨੁਕਸਾਨ ਪਹੁੰਚਾਇਆ ਗਿਆ
ਉਸ ਦਿਨ ਬਾਰੇ ਦੱਸਦਿਆਂ ਗੋਕੁਲਪੁਰੀ ਦੇ ਵਸਨੀਕ ਮੁਹੰਮਦ ਇਲਿਆਸ ਨੇ ਕਿਹਾ, ''ਅਸੀਂ ਪਹਿਲਾਂ ਪੁਲਿਸ ਨੂੰ ਫੋਨ ਕੀਤਾ। ਪੁਲਿਸ ਤਾਂ ਆਈ ਨਹੀਂ ਪਰ ਡੇਢ ਘੰਟਿਆਂ ਬਾਅਦ ਦੰਗਾਈ ਫਿਰ ਆ ਗਏ। ਉਸ ਵੇਲੇ ਅਸੀਂ ਮਸਜਿਦ ਵਿੱਚ ਹੀ ਸੀ। ਯਾਨੀ ਤਕਰੀਬਨ ਤਿੰਨ ਘੰਟੇ ਅਸੀਂ ਮਸਜਿਦ ਵਿੱਚ ਹੀ ਸੀ ਪਰ ਉਸ ਦੌਰਾਨ ਕੋਈ ਪੁਲਿਸਵਾਲਾ ਨਹੀਂ ਆਇਆ।''
ਸਾਨੂੰ ਲਗਦਾ ਸੀ ਕਿ ਇਹ ਫਿਰਕੂ ਗੁੰਡੇ ਸਾਨੂੰ ਮਾਰ ਦੇਣਗੇ। ਪਰ ਅੱਲਾ ਦਾ ਰੂਪ ਸ. ਮੋਹਿੰਦਰ ਸਿੰਘ ਦੀਆਂ ਮਿਹਰਾਂ ਹੋਈਆਂ, ਉਹ ਆਪਣੇ ਪੁੱਤਰ ਨੂੰ ਲੈ ਕੇ ਸਾਨੂੰ ਮਿਲੇ ਤੇ ਘਬਰਾਓ ਨਹੀਂ ਅਸੀਂ ਤੁਹਾਨੂੰ ਸੁਰੱਖਿਅਤ ਥਾਂ 'ਤੇ ਛੱਡ ਕੇ ਆਵਾਂਗੇ। ਉਨ੍ਹਾਂ ਨੇ ਇੱਕ ਸਕੂਟੀ ਅਤੇ ਇੱਕ ਬਾਈਕ ਲੈ ਕੇ ਚਾਰ-ਚਾਰ ਬੰਦਿਆਂ ਨੂੰ ਬਿਠਾ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ। ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਦੇ ਵਸਨੀਕ ਮੁਹੰਮਦ ਇਲਿਆਸ ਦਾ ਕਹਿਣਾ ਹੈ ਕਿ ''ਜੇ ਸਰਦਾਰ ਜੀ ਸਾਡੀ ਮਦਦ ਨਾ ਕਰਦੇ ਤਾਂ ਸ਼ਾਇਦ ਅਸੀਂ ਜ਼ਿੰਦਾ ਹੀ ਨਾ ਹੁੰਦੇ।'' 
ਸਿਰਫ ਭਾਰਤੀ ਮੀਡੀਏ ਵਿਚ ਹੀ ਨਹੀਂ,  ਵਿਦੇਸ਼ੀ ਮੀਡਿਆ ਵਿੱਚ ਵੀ ਭਾਈ ਮੋਹਿੰਦਰ ਸਿੰਘ ਦੀ ਪ੍ਰਸ਼ੰਸ਼ਾ ਹੋ ਰਹੀ ਹੈ। ਮੋਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਿੱਥੇ ਬੁਲੇਟ ਵਲੋਂ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਉੱਤੇ ਅਪੜਾ ਰਿਹਾ ਸੀ ਤੇ ਉਹ ਐਕਟਿਵਾ ਦੇ ਜ਼ਰੀਏ ਇਹ ਕੰਮ ਕਰ ਰਹੇ ਸਨ। ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਨੇ ਗੋਕੁਲਪੁਰੀ ਵਿਚ ਕਰਦਮਪੁਰੀ  ਦੇ ਵਿੱਚ ਇੱਕ ਘੰਟੇ ਵਿੱਚ 20 ਚੱਕਰ ਲਗਾਏ। 
ਉਨ੍ਹਾਂ ਨੇ ਕਈ ਛੋਟੀ ਬੱਚੀਆਂ ਅਤੇ ਔਰਤਾਂ  ਦੇ ਨਾਲ ਹਰ ਉਮਰ  ਦੇ ਲੋਕਾਂ ਨੂੰ ਸੁਰੱਖਿਅਤ ਠਿਕਾਣੇ ਉੱਤੇ ਪਹੁੰਚਾਇਆ । ਉਨ੍ਹਾਂ ਨੇ ਕੁੱਝ ਲੋਕਾਂ ਅਤੇ ਬੱਚੀਆਂ ਨੂੰ ਸਿੱਖਾਂ ਦੀ ਦਸਤਾਰ ਵੀ ਬੰਨ੍ਹ ਦਿੱਤੀ  ਤਾਂ ਕਿ ਦੰਗਾ ਕਰਨ ਵਾਲੇ ਗੁੰਡੇ ਉਨ੍ਹਾਂ ਨੂੰ ਮੁਸਲਮਾਨ ਨਾ ਸਮਝਣ।  ਮੋਹਿੰਦਰ ਸਿੰਘ  ਗੋਕੁਲਪੁਰੀ ਵਿੱਚ ਆਪਣੇ ਬੇਟੇ  ਦੇ ਨਾਲ ਮਿਲ ਕਰ ਇਲੇਕਟੋਰਾਨਿਕਸ ਦੀ ਇੱਕ ਦੁਕਾਨ ਚਲਾਉਂਦੇ ਹੈ।
ਮੋਹਿੰਦਰ ਸਿੰਘ ਨੇ ਦੱਸਿਆ, ''ਸੰਨ 1984 ਵਿੱਚ ਮੇਰੀ ਤਕਰੀਬਨ 16-17 ਸਾਲ ਦੀ ਉਮਰ ਸੀ। ਅਸੀਂ ਉਹ ਦੁਖਾਂਤ ਤੇ ਭਿਅੰਕਰ ਨਜ਼ਾਰਾ ਵੇਖਿਆ ਸੀ। ਮੌਜੂਦਾ ਮਾਹੌਲ ਨਾਲ ਉਹ ਮੰਜ਼ਰ, ਉਹ ਯਾਦਾਂ ਸਾਡੇ ਸਾਹਮਣੇ ਆ ਗਈਆਂ। ਮੈਂ ਨਹੀਂ ਚਾਹੁੰਦਾ ਸੀ ਕਿ ਜੋ ਸਾਡੇ ਨਾਲ ਬੀਤਿਆ, ਉਹੀ ਸਾਡੇ ਗੁਆਂਢੀਆਂ ਨਾਲ ਬੀਤੇ। 1984 ਵੇਲੇ ਸਾਨੂੰ ਵੀ ਸਮਾਜ ਦੇ ਕੁਝ ਲੋਕਾਂ ਨੇ ਬਚਾਇਆ ਸੀ। ਉਸ ਸਮੇਂ ਦਾ ਸਮਾਜ ਦਾ ਕਰਜ਼ਾ ਸਾਡੇ 'ਤੇ ਸੀ। ਅਕਾਲ ਪੁਰਖ ਨੇ ਸਾਨੂੰ, ਉਸ ਕਰਜ਼ੇ ਨੂੰ ਵਿਆਜ਼ ਸਮੇਤ ਮੋੜਨ ਦਾ ਮੌਕਾ ਦਿੱਤਾ।''
ਇਥੋਂ ਦੇ ਮੁਸਲਮਾਨ ਲੋਕ ਡਰੇ-ਸਹਿਮੇ ਹੋਏ ਹਨ ਪਰ ਇਹ ਇਸ ਗੱਲ ਤੋਂ ਰਾਹਤ ਮਹਿਸੂਸ ਕਰਦੇ ਹਨ ਕਿ ਮਹਿੰਦਰ ਸਿੰਘ ਤੇ ਇੰਦਰਜੀਤ ਸਿੰਘ ਵਰਗੇ ਲੋਕਾਂ ਦੀ ਵਜ੍ਹਾ ਨਾਲ ਇਨਸਾਨੀਅਤ ਅਜੇ ਜ਼ਿੰਦਾ ਹੈ।

ਮੰਕੀ ਮੈਨ ਦੇ ਦੌਰ ਵਿਚ ਪਹੁੰਚ ਗਈ ਦਿੱਲੀ, 
ਖਰਗੋਸ਼ ਬਣ ਕੇ ਛਾਲਾਂ ਮਾਰਦੀ ਰਹੀ


ਭੱਖਦਾ ਮੱਸਲਾ
ਰਵੀਸ਼ ਕੁਮਾਰ 
2001 ਵਿਚ ਇਸੇ ਤਰ੍ਹਾਂ ਮੰਕੀ ਮੈਨ ਦੇ ਦੌਰ ਵਿਚ ਦਿੱਲੀ ਰਾਤਾਂ ਨੂੰ ਜਾਗਣ ਲੱਗੀ ਸੀ। ਦਿੱਲੀ ਬਿਮਾਰ ਹੈ। ਵਾਰ-ਵਾਰ ਬਿਸਤਰੇ ਤੋਂ ਉੱਠ ਉੱਠ ਕੇ ਦੇਖਣ ਲੱਗੀ ਹੈ ਕਿ ਨਰਸ ਆਈ ਹੈ ਕਿ ਨਹੀਂ। ਡਾਕਟਰ ਸਾਹਿਬ ਕੱਦ ਆਉਣਗੇ, ਹਰ ਸਕਿੰਟ ਲੱਗਦਾ ਹੈ ਈਸੀਜੀ ਡਰਾਪ ਕਰ ਰਿਹਾ ਹੈ। ਬਿਮਾਰ ਦੀ ਦੇਖਭਾਲ ਕਰਨ ਵਾਲੇ ਬਰਾਂਡੇ ਵਿਚ ਟਹਿਲ ਰਹੇ ਹਨ। ਸ਼ਾਮ ਹੁੰਦੇ ਹੀ ਧੜਾਧੜ ਫੋਨ ਆਉਣ ਲੱਗ ਜਾਂਦੇ ਹਨ। ਮੈਸੇਜ ਦੇ ਆਉਣ ਦੀ ਰਫ਼ਤਾਰ ਵੱਧਦੀ ਜਾ ਰਹੀ ਹੈ, ਮੁਹੱਲਿਆ ਦੇ ਨਾਮ ਜੁੜਨ ਲੱਗੇ ਹਨ। ਸਰਿਤਾ ਵਿਹਾਰ, ਮਦਨਪੁਰ ਖਾਦਰ ਤੋਂ ਲੈ ਕੇ ਰੋਹਿਨੀ, ਦੁਆਰਕਾ ਤੋਂ ਮੈਸੇਜ ਆਉਣ ਲੱਗ ਜਾਂਦੇ ਹਨ। 2001 ਵਿਚ ਇਸੇ ਤਰ੍ਹਾਂ ਮੰਕੀ ਮੈਨ ਦੇ ਦੌਰ ਵਿਚ ਦਿੱਲੀ ਰਾਤਾਂ ਦੌਰਾਨ ਜਾਗਣ ਲੱਗ ਪਈ ਸੀ। ਲੋਕ ਤਰ੍ਹਾਂ ਤਰ੍ਹਾਂ ਦੀ ਕਲਪਨਾ ਕਰਨ ਲਗ ਪਏ ਸਨ। ਕਿਸੇ ਗਲੀ ਤੋਂ ਅਚਾਨਕ ਕੋਈ ਚੀਖਦਾ ਹੋਇਆ ਆਉਂਦਾ ਸੀ ਕਿ ਉਸ ਨੇ ਮੰਕੀ ਮੈਨ ਦੇਖਿਆ ਹੈ। ਕੋਈ ਛੱਤ ਦੀਆਂ ਪਉੜੀਆਂ ਤੋਂ ਡਿੱਗ ਜਾਂਦਾ ਸੀ, ਸੱਟ ਲੱਗ ਜਾਂਦੀ ਸੀ। ਇਸ ਵਾਰ ਤਾਂ ਸੱਚਮੁੱਚ ਮੰਕੀ ਮੈਨ ਆ ਗਿਆ ਹੈ। ਹਿੰਸਾ ਦੀ ਭਾਸ਼ਾ ਬਰਦਾਸ਼ਤ ਕਰਨ ਦੀ ਅਪਰਾਧ ਰੁਚੀ ਦਿੱਲੀ ਵਾਲਿਆਂ ਨੂੰ ਮੰਕੀ ਮੈਨ ਦੇ ਦੌਰ ਵਿਚ ਲੈ ਗਈ। ਕੋਈ ਹੋਸ਼ ਵਿਚ ਨਹੀਂ ਸੀ। ਅੱਧੀ ਰਾਤ ਸੁਣ ਕੇ ਪੂਰੀ ਕਹਾਣੀ ਬਣਾ ਰਿਹਾ ਸੀ। ਕਿਸੇ ਨੇ ਕਿਹਾ ਕਿ ਖੁਦ ਨਹੀਂ ਦੇਖਿਆ, ਬੱਸ ਸੁਣਿਆ ਹੈ, ਇਸ ਤੋਂ ਬਾਅਦ ਮੈਸੇਜ ਅੱਗੇ ਵਧਾ ਦਿੱਤਾ। ਜਿਸ ਤੋਂ ਵੀ ਪੁੱਛਿਆ ਕਿਸੇ ਕੋਲ ਜੁਆਬ ਨਹੀਂ ਸੀ। ਏਨਾ ਵੀ ਹੋਸ਼ ਨਹੀਂ ਸੀ ਕਿ ਜੇਕਰ ਕੁਝ ਸੁਣਿਆ ਹੈ ਤਾਂ ਪਹਿਲਾਂ ਚੈਕ ਕਰੋ, ਪੁਲੀਸ ਨਾਲ ਗੱਲ ਕਰੋ। ਕਿਸੇ ਨੇ ਕਿਹਾ ਦੁਕਾਨਾਂ ਬੰਦ ਹੋ ਰਹੀਆਂ ਹਨ। ਇੱਥੇ ਪੁਲੀਸ ਆ ਗਈ ਹੈ। ਇੱਥੇ ਦੰਗੇ ਹੋ ਰਹੇ ਹਨ। ਬਗੈਰ ਚੈਕ ਕੀਤੇ, ਬਗੈਰ ਪੂਰੀ ਜਾਣਕਾਰੀ ਲਏ ਇੱਥੋਂ ਦੇ ਨਾਗਰਿਕ ਦੂਸਰੇ ਨਾਗਰਿਕਾਂ ਨੂੰ ਸਿਰਦਰਦੀ ਦਿੰਦੇ ਰਹੇ ਤੇ ਪੁਲੀਸ ਨੂੰ ਪਾਗਲ ਕਰਦੇ ਰਹੇ। ਜਨਵਰੀ ਤੋਂ ਦਿੱਲੀ ਇਹੀ ਤਾਂ ਕਰ ਰਹੀ ਹੈ। ਅੱਧੀ ਅਧੂਰੀਆਂ ਗੱਲਾਂ ਨਾਲ ਨਾਅਰੇ ਲਗਾਉਣ ਲੱਗ ਜਾਂਦੀ ਹੈ। ਅੱਜ ਵੀ ਇਸ ਦੀਆਂ ਸੜਕਾਂ 'ਤੇ ਗੋਲੀ ਮਾਰੋ ਦੇ ਨਾਅਰੇ ਲੱਗ ਰਹੇ ਹਨ। ਗੋਲੀਆਂ ਚੱਲ ਰਹੀਆਂ ਹਨ। ਚੋਣ ਦੇ ਬਾਅਦ ਵੀ ਹਿੰਸਾ ਤੇ ਅਫਵਾਹਾਂ ਦਾ ਤਾਪਮਾਨ ਘੱਟ ਨਹੀਂ ਹੋਇਆ, ਉਤਰੀ ਪੂਰਬੀ ਦਿੱਲੀ ਤਾਂ ਜਲ ਸੜ ਹੀ ਗਈ। ਦਿੱਲੀ ਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਸੀ ਕਿ ਹਿੰਸਾ ਦੀ ਅਫਵਾਹ ਇਸ ਸ਼ਹਿਰ ਵਿਚ ਵੜੇਗੀ ਤਾਂ ਗੱਲ ਗੱਲ 'ਤੇ ਰਾਤਾਂ ਦੀ ਨੀਂਦ ਉਡੇਗੀ। ਦਿੱਲੀ ਨੇ ਦੋ ਮਹੀਨੇ ਤੋਂ ਚੁੱਪ ਰਹਿ ਕੇ ਹਿੰਸਾ ਦੀ ਭਾਸ਼ਾ ਨੂੰ ਸੁਣਿਆ ਹੈ, ਮਨਜ਼ੂਰੀ ਦਿੱਤੀ ਹੈ, ਮਾਨਤਾ ਦਿੱਤੀ ਹੈ। ਹੁਣ ਉਹ ਆਪਣੀ ਹੀ ਦਿੱਤੀ ਹੋਈ ਮਾਨਤਾ ਤੋਂ ਘਬਰਾਉਣ ਲੱਗੀ ਹੈ।
ਦਿੱਲੀ ਹੁਣ ਦਿੱਲੀ ਨਹੀਂ ਰਹੀ, ਰਾਜਧਾਨੀ ਹੋਣ ਦੀ ਆਪਣਾ ਮਾਣ ਸੀ ਦਿੱਲੀ ਵਾਲਿਆਂ ਕੋਲ ਸੀ, ਉਹ ਮਾਣ ਮਿੱਟੀ ਵਿਚ ਰੁਲ ਗਿਆ ਹੈ। ਉੱਤਰ ਪੂਰਬੀ ਦਿੱਲੀ ਦੇ ਦੰਗਿਆਂ ਦਾ ਹਾਲ ਦੇਖ ਕੇ ਕਿਸ ਨੂੰ ਵਿਸ਼ਵਾਸ ਹੋਵੇਗਾ ਕਿ ਪੁਲੀਸ ਆਵੇਗੀ, ਹਿੰਸਾ ਰੁਕ ਜਾਵੇਗੀ। ਦੁਕਾਨਾਂ ਨਹੀਂ ਫੂਕੀਆਂ ਜਾਣਗੀਆਂ। ਰਾਜਧਾਨੀ ਹੋਣ ਦਾ ਅਕਸ ਖਤਮ ਹੋ ਕੇ ਰਹਿ ਗਿਆ ਹੈ। ਪਰ ਇਸ ਵਾਰ ਪੁਲੀਸ ਨੇ ਸਾਵਧਾਨੀ ਦਿਖਾਈ ਤੁਰੰਤ ਹੀ ਮੁਹੱਲਿਆਂ ਦੇ ਨਾਮ ਤੋਂ ਅਫਵਾਹਾਂ ਦਾ ਖੰਡਨ ਕਰਨਾ ਸ਼ੁਰੂ ਕਰ ਦਿੱਤਾ। ਵਿਸ਼ਵਾਸ ਬਹਾਲ ਹੋਇਆ। ਦਿੱਲੀ ਵਿਚ ਸ਼ਾਂਤੀ ਮਾਰਚ ਵਿਚ ਗੋਲੀ ਮਾਰਨ ਦੇ ਨਾਅਰੇ ਲੱਗਣ ਲੱਗ ਪਏ। ਹੁਣ ਅਜਿਹੇ ਸ਼ਹਿਰ ਵਿਚ ਲੋਕ ਸ਼ਾਮ ਦੇ ਵਕਤ ਖਰਗੋਸ਼ ਨਹੀਂ ਹੋਣਗੇ ਤਾਂ ਕਿੱਥੋਂ ਦੇ ਹੋਣਗੇ? ਇੱਥੋਂ ਹੀ ਉਹ ਉਛਲਣਗੇ। ਹਰ ਖੜਕੇ ਤੇ ਲੱਗੇਗਾ ਕਿ ਸ਼ੇਰ ਆ ਗਿਆ ਹੈ। ਹਰ ਕੋਈ ਬਿਨਾਂ ਦੇਖੇ ਬਿਨਾਂ ਜਾਚੇ ਮੈਸੇਜ ਕਰਦਾ ਜਾ ਰਿਹਾ ਹੈ, ਮੈਸੇਜ ਆ ਰਿਹਾ ਹੈ ਤਾਂ ਫਾਰਵਰਡ ਕਰ ਰਿਹਾ ਹੈ। ਕੋਈ ਕਿਸੇ ਤੋਂ ਪੁੱਛ ਨਹੀਂ ਰਿਹਾ ਕਿ ਸਹੀ ਸਹੀ ਦੱਸੋ। ਕਿੱਥੇ ਦੇਖਿਆ, ਕਿੱਧਰ ਦੇਖਿਆ, ਕਿਸ ਤੋਂ ਸੁਣਿਆ ਕੋਈ ਤਸਵੀਰ ਹੈ, ਪੁਲੀਸ ਨਾਲ ਗੱਲ ਹੋਈ ਹੈ। ਬੱਸ ਮੈਸੇਜ ਲਿਖੋ ਤੇ ਫਾਰਵਰਡ ਕਰ ਦਿਓ, ਫੋਨ ਕਰਨ ਲੱਗ ਜਾਓ। ਦਿੱਲੀ ਵਿਚ ਅਫਵਾਹਾਂ ਦਾ ਦੌਰ ਅਜੇ ਚੱਲੇਗਾ। ਮੰਕੀ ਮੈਨ ਆ ਗਿਆ ਹੈ। ਇਸ ਵਾਰ ਮੰਕੀ ਮੈਨ ਉਸ ਨਫ਼ਰਤ ਦੀ ਪ੍ਰਯੋਗਸ਼ਾਲਾ ਵਿਚ ਤਿਆਰ ਹੋਇਆ ਹੈ, ਜਿਸ ਦਾ ਕੁਝ ਨਹੀਂ ਹੋ ਸਕਦਾ। ਪ੍ਰਯੋਗ ਸਫਲ ਰਿਹਾ ਹੈ ਕਿ ਦਿੱਲੀ ਦੇ ਲੋਕਾਂ ਨੂੰ ਜੋ ਨਾਗਰਿਕ ਹੋਣ ਦਾ ਮਾਣ ਹਾਸਲ ਸੀ, ਉਹ ਹੁਣ ਭੈਅ ਵਿਚ ਬਦਲ ਰਿਹਾ ਹੈ। ਮੈਂ ਕਈ ਸਾਲ ਪਹਿਲੇ ਕਿਹਾ ਸੀ ਕਿ ਇਕ ਡਰਿਆ ਹੋਇਆ ਪੱਤਰਕਾਰ ਮਰਿਆ ਹੋਇਆ ਨਾਗਰਿਕ ਪੈਦਾ ਕਰਦਾ ਹੈ। ਤੁਸੀਂ ਦਿਨ ਰਾਤ ਚੈਨਲਾਂ ਤੇ ਵਟਸਐਪ ਮੈਸੇਜ ਦੀਆਂ ਦੁਨੀਆਂ ਵਿਚ ਡਰ ਵੰਡ ਰਹੇ ਹੋ ਤੇ ਡਰ ਖਰੀਦ ਰਹੇ ਹੋ। ਇਸ ਲਈ ਦਿੱਲੀ ਨੂੰ ਆਰਾਮ ਚਾਹੀਦਾ ਹੈ, ਚੰਗੀ ਨੀਂਦ ਚਾਹੀਦੀ ਹੈ। ਦਿੱਲੀ ਦੇ ਲੋਕ ਨਿਊਜ਼ ਚੈਨਲ ਨਾ ਦੇਖਣ, ਵਟਸਐਪ ਤੋਂ ਦੂਰ ਰਹਿਣ। ਲੋਕਾਂ ਦੇ ਘਰ ਵਿਚ ਜਾਣ, ਗੁਆਂਢੀਆਂ ਨੂੰ ਮਿਲਣ, ਥਾਣੇ ਜਾ ਕੇ ਐਸ ਐਚ ਓ ਸਾਹਿਬ ਨੂੰ ਮਿਲਣ। ਮੋਦੀ ਗੋਦੀ ਮੀਡੀਆ ਤੇ ਐਕਰਾਂ ਦੀ ਭਾਸ਼ਾ ਸੁਣ ਕੇ ਦਿੱਲੀ ਦੀ ਕਲਪਨਾ ਨਾ ਕਰਨ ਨਹੀਂ ਤਾਂ ਤੁਸੀਂ ਖਰਗੋਸ਼ ਦੀ ਤਰ੍ਹਾਂ ਉਛਲਦੇ ਕੁਦਦੇ ਰਹੋਗੇ। ਖਰਗੋਸ਼ 'ਤੇ ਹੀ ਪ੍ਰਯੋਗ ਹੁੰਦਾ ਹੈ ਏਨਾ ਤਾਂ ਤੁਹਾਨੂੰ ਪਤਾ ਹੀ ਹੋਵੇਗਾ।