ਹਰਨੇਕ ਸਿੰਘ ਘੜੂੰਆਂ
ਬੜੇ ਲੋਕਾਂ ਤੋਂ ਇਧਰਲੇ ਤੇ ਓਧਰਲੇ ਪੰਜਾਬ ਵਿਚ ਜੱਗੇ ਦੇ ਪਿੰਡ ਅਤੇ ਪਤੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਉੱਘ-ਸੁੱਘ ਨਾ ਮਿਲੀ। ਫਿਰ ਮੋਟੇ ਤੌਰ 'ਤੇ ਅੰਦਾਜ਼ਾ ਲਗਾਇਆ ਕਿ ਜੱਗੇ ਦੇ ਲਾਇਲਪੁਰ ਡਾਕਾ ਮਾਰਨ ਦਾ ਜ਼ਿਕਰ ਆਉਂਦਾ ਹੈ,
'ਜੱਗੇ ਮਾਰਿਆ ਲਾਇਲਪੁਰ ਡਾਕਾ,
ਤਾਰਾਂ ਖੜਕ ਗਈਆਂ।'
ਇਸ ਘਟਨਾ ਨੂੰ ਆਧਾਰ ਮੰਨ ਕੇ ਪੜਤਾਲ ਕਰਨੀ ਸ਼ੁਰੂ ਕੀਤੀ। ਕੁਝ ਅਰਸਾ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਜਥੇਦਾਰ ਹਰੀ ਸਿੰਘ ਵਿਰਕ ਨਾਲ ਹੋਈ। ਜਥੇਦਾਰ ਸਾਹਿਬ ਨੇ ਮੈਨੂੰ ਜੱਗੇ ਦਾ ਖੁਰਾ ਲੱਭ ਕੇ ਦਿੱਤਾ। ਜੱਗਾ ਦਾ ਜਨਮ 1901 ਤੇ 1902 ਦੇ ਨੇੜੇ ਪਿੰਡ ਬੁਰਜ ਰਣ ਸਿੰਘ ਵਾਲਾ ਤਹਿਸੀਲ ਚੂੰਨੀਆਂ, ਜਿਲ•ਾ ਕਸੂਰ ਵਿਖੇ ਹੋਇਆ। ਜੱਗੇ ਦੇ ਬਾਪੂ ਸਰਦਾਰ ਮੱਖਣ ਸਿੰਘ ਦਾ ਸਾਇਆ ਜੱਗੇ ਦੇ ਸਿਰੋਂ ਬਚਪਨ ਵਿਚ ਹੀ ਉੱਠ ਗਿਆ ਸੀ ਤੇ ਉਸ ਦਾ ਪਾਲਣ-ਪੋਸ਼ਣ ਜੱਗੇ ਦੇ ਚਾਚੇ ਰੂਪ ਸਿੰਘ ਤੇ ਜੱਗੇ ਦੀ ਮਾਂ ਭਾਗਣ ਦੀ ਦੇਖ ਰੇਖ ਹੇਠ ਹੋਇਆ। ਜੱਗੇ ਨੇ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਦਿਆਂ ਅਖਾੜਿਆਂ ਵਿਚ ਘੁਲਣਾ ਸ਼ੁਰੂ ਕਰ ਦਿੱਤਾ। ਇੱਕ ਹੋਰ ਤੇਲੀਆਂ ਦਾ ਮੁੰਡਾ ਜੱਗੇ ਨਾਲ ਅਖਾੜਿਆਂ ਵਿਚ ਘੁਲਣ ਜਾਂਦਾ ਸੀ, ਜਿਸ ਦਾ ਨਾਮ ਸੀ 'ਸੋਹਣ'। ਸੋਹਣ ਤੇਲੀ ਨੇ ਜੱਗੇ ਨਾਲ ਮਰਦੇ ਦਮ ਤੀਕ ਦੋਸਤੀ ਨਿਭਾਈ। ਜੱਗੇ ਦਾ ਵਿਆਹ ਤਲਵੰਡੀ ਪਿੰਡ ਦੀ ਇੰਦਰ ਕੌਰ ਨਾਂ ਦੀ ਕੁੜੀ ਨਾਲ ਹੋਇਆ। ਇਨ•ਾਂ ਦੇ ਘਰ ਇਕ ਕੁੜੀ ਪੈਦਾ ਹੋਈ ਜਿਸ ਦਾ ਨਾਂ 'ਗਾਭੋ' ਰੱਖਿਆ ਗਿਆ।
ਇਲਾਕੇ ਵਿਚ ਜੱਗੇ ਦੀ ਚੜ•ਤ ਮੋਕਲ ਦੇ ਜ਼ੈਲਦਾਰ ਨੂੰ ਕੰਡੇ ਵਾਂਗੂੰ ਚੁਭਣ ਲੱਗ ਪਈ। ਇਹ ਜ਼ੈਲਦਾਰ ਨੂੰ ਆਪਣੀ ਧੌਂਸ ਲਈ ਇਕ ਵੰਗਾਰ ਜਾਪਦੀ ਸੀ। ਉਸਨੇ ਜੱਗੇ ਉੱਤੇ ਝੂਠਾ ਕੇਸ ਪੁਆ ਕੇ ਚਾਰ ਸਾਲ ਦੀ ਕੈਦ ਕਰਵਾ ਦਿੱਤੀ। ਜੱਗਾ ਕੈਦ ਕੱਟ ਕੇ ਆਇਆ ਹੀ ਸੀ, ਉਨ•ਾਂ ਦਿਨਾਂ ਵਿਚ ਪਿੰਡ ਭਾਈ ਫੇਰੂ ਚੋਰੀ ਹੋ ਗਈ। ਇਹ ਪਿੰਡ ਕੱਚੀ ਕੋਠੀ ਥਾਣੇ ਵਿਚ ਪੈਂਦਾ ਸੀ। ਇਸ ਥਾਣੇ ਵਿਚ ਇਕ ਬੜਾ ਅੜਬ ਕਿਸਮ ਦਾ ਥਾਣੇਦਾਰ ਅਸਗਰ ਅਲੀ ਤੇ ਜਾਤ ਦਾ ਜੱਟ ਮੁਸਲਮਾਨ ਸੀ। ਜ਼ੈਲਦਾਰ ਤੇ ਥਾਣੇਦਾਰ ਲਈ ਇਹ ਵਧੀਆ ਮੌਕਾ ਸੀ, ਜੱਗੇ ਦੀ ਧੌਣ 'ਚੋਂ ਕਿੱਲਾ ਕੱਢਣ ਲਈ। ਥਾਣੇਦਾਰ ਦੇ ਸੁਨੇਹਾ ਭੇਜਣ 'ਤੇ ਜੱਗੇ ਨੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ। ਉਸ ਦਿਨ ਤੋਂ ਬਾਅਦ ਜੱਗਾ ਭਗੌੜਾ ਹੋ ਗਿਆ। ਸਭ ਤੋਂ ਪਹਿਲਾਂ ਉਸ ਨੇ ਸਿਪਾਹੀ ਦੀ ਬੰਦੂਕ ਖੋਹੀ। ਦੂਜੀ ਬੰਦੂਕ ਆਤਮਾ ਸਿੰਘ ਆਚਰਕੇ ਤੋਂ ਖੋਹੀ। ਜੱਗੇ ਨੇ ਪਹਿਲਾਂ ਡਾਕਾ ਪਿੰਡ ਘੁਮਿਆਰੀ ਵਾਲੇ ਸਰਾਫ਼ਾਂ ਦੇ ਘਰ ਮਾਰਿਆ ਜੋ ਸਰਾਫ਼ੇ ਦੇ ਨਾਲ ਸ਼ਾਹੂਕਾਰਾ ਵੀ ਕਰਦੇ ਸਨ। ਘੁਮਿਆਰੀ ਵਾਲਾ ਪਿੰਡ ਲਾਹੌਰ ਤੇ ਕਸੂਰ ਦੇ ਬਾਰਡਰ 'ਤੇ ਹੈ। ਜੱਗੇ ਦੇ ਨਾਲ ਹੋਰ ਸਾਥੀ ਝੰਡਾ ਸਿੰਘ ਨਿਰਮਲ ਕੇ ਤੇ ਠਾਕੁਰ ਸਿੰਘ ਮੰਡਿਆਲੀ ਦਾ ਸੀ, ਇਨ•ਾਂ ਨੇ ਸਰਾਫ਼ਾਂ ਦਾ ਸੋਨਾ ਲੁੱਟਿਆ ਤੇ ਲੋਕਾਂ ਦੇ ਕਰਜ਼ੇ ਦੀਆਂ ਵਹੀਆਂ ਅੱਗ ਲਾ ਕੇ ਸਾੜ ਦਿੱਤੀਆਂ। ਝੰਡਾ ਸਿੰਘ ਦੇ ਝੂੰਹ 'ਤੇ ਬੈਠ ਕੇ ਸੋਨਾ ਵੰਡਿਆ। ਇਸ ਤੋਂ ਬਾਅਦ ਜੱਗੇ ਨੇ ਆਪਣਾ ਵੱਖਰਾ ਗਰੁੱਪ ਬਣਾ ਲਿਆ। ਇਸ ਦੇ ਨਵੇਂ ਸਾਥੀ ਬਣੇ ਬੰਤਾ ਸਿੰਘ, ਸੋਹਣ ਤੇਲੀ, ਲਾਲੂ ਨਾਈ, ਭੋਲੂ ਤੇ ਬਾਵਾ। ਲਾਲੂ ਨਾਈ ਰੋਟੀ-ਟੁੱਕ ਬਣਾਉਣ ਦਾ ਬੜਾ ਮਾਹਿਰ ਸੀ ਤੇ ਜਦੋਂ ਸਾਰੇ ਸੌਂ ਜਾਂਦੇ, ਹੱਥ ਵਿਚ ਬੰਦੂਕ ਲੈ ਕੇ ਪਹਿਰਾ ਦਿੰਦਾ।
ਭਾਵੇਂ ਜੱਗੇ ਨੇ ਕਾਫ਼ੀ ਡਾਕੇ ਮਾਰੇ ਪਰ ਮਸ਼ਹੂਰ ਸਾਇਦਪੁਰ ਤੇ ਲਾਇਲਪੁਰ ਦੇ ਹੀ ਸਨ। ਜੱਗਾ ਜਿਸ ਪਿੰਡ ਜਾਂਦਾ ਸੀ, ਪੁਲਿਸ ਨੂੰ ਪਹਿਲਾਂ ਸੁਨੇਹਾ ਭਿਜਵਾ ਦਿੰਦਾ ਸੀ: “ਜੇ ਫੜਨਾ ਹੈ ਤਾਂ ਆ ਕੇ ਫੜ ਲੈਣ, ਨਹੀਂ ਬਾਅਦ ਵਿਚ ਪਿੰਡ ਵਾਲਿਆਂ ਨੂੰ ਤੰਗ ਨਾ ਕਰਨਾ।'' ਇਕ ਵਾਰ ਜੱਗਾ ਆਪਣੇ ਨਾਨਕੇ ਪਿੰਡ ਘੁੰਮਣਕੇ ਰਾਸ ਦੇਖਣ ਗਿਆ। ਉਸ ਦਾ ਸੁਨੇਹਾ ਭੇਜਣ 'ਤੇ ਵੀ ਸਾਰੀ ਰਾਤ ਕੋਈ ਪੁਲਿਸ ਵਾਲਾ ਨੇੜੇ ਨਹੀਂ ਢੁੱਕਿਆ। ਜੱਗੇ ਨੇ ਕਈ ਗਰੀਬਾਂ ਦੇ ਸ਼ਾਹੂਕਾਰਾਂ ਕੋਲੋਂ ਵਹੀਆਂ-ਖਾਤੇ ਪੜਵਾ ਕੇ ਕਰਜ਼ੇ ਮਾਫ਼ ਕਰਵਾਏ। ਇਨ•ਾਂ ਦਿਨਾਂ ਵਿਚ ਇਲਾਕੇ ਦੀ ਪੁਲਿਸ ਜਿੰਦਰੇ-ਕੁੰਡੇ ਲਗਾ ਕੇ ਸੌਂਦੀ ਸੀ, ਉਨ•ਾਂ ਨੂੰ ਡਰ ਸੀ ਕਿ ਕਿਤੇ ਜੱਗਾ ਅਸਲਾ ਲੁੱਟ ਕੇ ਨਾ ਲੈ ਜਾਵੇ। ਥਾਣੇਦਾਰ ਅਸਗਰ ਅਲੀ ਨੇ ਆਪਣੀ ਸੁਰੱਖਿਆ ਲਈ ਦੋ ਦਰਵਾਜ਼ੇ ਲਾ ਲਏ।
ਜੱਗੇ ਨੂੰ ਪਤਾ ਸੀ ਡਾਕੂਆਂ ਦੀ ਉਮਰ ਕੋਈ ਬਹੁਤੀ ਲੰਮੀ ਨਹੀਂ ਹੁੰਦੀ। ਉਸ ਨੇ ਆਪਣੀ ਧੀ ਦਾ ਰਿਸ਼ਤਾ ਸਰਦਾਰ ਕੇਹਰ ਸਿੰਘ ਕਾਵਾਂ ਦੇ ਛੋਟੇ ਭਰਾ ਮੱਖਣ ਸਿੰਘ ਦੇ ਲੜਕੇ ਅਬਾਰ ਸਿੰਘ ਨਾਲ ਕਰ ਦਿੱਤਾ ਤੇ ਦੇਣ ਲੈਣ, ਗਹਿਣਾ ਗੱਟਾ ਵਿਆਹ ਤੋਂ ਪਹਿਲਾਂ ਹੀ ਗਾਭੋ ਦੇ ਸਹੁਰੇ ਘਰ ਭੇਜ ਦਿੱਤਾ।
ਜੱਗੇ ਦੇ ਪਿੰਡ ਤੋਂ ਕੁਝ ਕੋਹ ਦੂਰ ਸਿੱਧੂਪੁਰ ਪਿੰਡ ਸੀ। ਇਸ ਪਿੰਡ ਦਾ ਮਲੰਗੀ ਡਾਕੂ ਹੋਇਆ ਹੈ ਤੇ ਇਸ ਦਾ ਇਕ ਸਾਥੀ ਹਰਨਾਮ ਸਿੰਘ ਸੀ। ਇਹ ਦੋ ਕੁ ਵਰ•ੇ ਪਹਿਲਾਂ ਮਾਰੇ ਗਏ ਸਨ। ਮਲੰਗੀ ਮੁਸਲਮਾਨ ਫਕੀਰਾਂ ਦਾ ਮੁੰਡਾ ਸੀ ਤੇ ਹਰਨਾਮ ਸਿੰਘ ਇਕ ਛੋਟੇ ਜਿਹੇ ਸਿੱਖ ਕਿਸਾਨ ਪਰਿਵਾਰ ਦਾ ਮੁੰਡਾ ਸੀ। ਦੋਨਾਂ ਦੀ ਦੰਦ-ਟੁਕਵੀਂ ਰੋਟੀ ਸੀ। ਮਲੰਗੀ ਠੇਕੇ-ਵਟਾਈ 'ਤੇ ਜ਼ਮੀਨ ਦੀ ਵਾਹੀ ਕਰਦਾ ਸੀ। ਉਨ•ਾਂ ਦਿਨਾਂ ਵਿਚ ਆਮ ਰਿਵਾਜ ਸੀ ਸਾਰੇ ਪਿੰਡ ਦੀ ਰੋਟੀ ਇਕ ਸਾਂਝੇ ਤੰਦੂਰ 'ਤੇ ਪੱਕਦੀ ਹੁੰਦੀ ਸੀ। ਮਲੰਗੀ ਦੀ ਛੋਟੀ ਭੈਣ ਤੇ ਭਾਈ ਤੰਦੂਰ ਤੇ ਰੋਟੀਆਂ ਪਕਾ ਰਹੇ ਸਨ, ਇੰਨੇ ਨੂੰ ਜ਼ੈਲਦਾਰ ਦੇ ਕਾਮੇ ਵੀ ਰੋਟੀਆਂ ਬਣਾਉਣ ਆ ਗਏ, ਉਨ•ਾਂ ਨੇ ਤੰਦੂਰ ਤੋਂ ਮਲੰਗੀ ਦੀਆਂ ਰੋਟੀਆਂ ਬੰਦ ਕਰਕੇ ਪਹਿਲਾਂ ਜ਼ੈਲਦਾਰ ਦੀਆਂ ਰੋਟੀਆਂ ਲਾਉਣ ਲਈ ਕਿਹਾ। ਜਦੋਂ ਮਲੰਗੀ ਦੀ ਭੈਣ ਨਾ ਮੰਨੀ, ਕਾਮਿਆਂ ਨੇ ਉਸ ਦੇ ਚਪੇੜਾਂ ਮਾਰੀਆਂ। ਇਸੇ ਦੌਰਾਨ ਮਲੰਗੀ ਦਾ ਛੋਟਾ ਭਾਈ ਮਲੰਗੀ ਤੇ ਹਰਨਾਮੇ ਨੂੰ ਬੁਲਾ ਲਿਆਇਆ। ਝਗੜਾ ਵਧ ਗਿਆ। ਜ਼ੈਲਦਾਰ ਦੇ ਬੰਦਿਆਂ ਨੇ ਮਲੰਗੀ ਦਾ ਛੋਟਾ ਭਾਈ ਕਤਲ ਕਰ ਦਿੱਤਾ। ਮਲੰਗੀ ਤੇ ਹਰਨਾਮੇ ਦੇ ਵੀ ਸੱਟਾਂ ਮਾਰੀਆਂ, ਉਲਟਾ ਆਪਣੇ ਇਕ ਕਾਮੇ ਦੇ ਗੋਲੀਆਂ ਮਾਰ ਕੇ ਮਲੰਗੀ, ਹਰਨਾਮੇ ਤੇ ਹਰਨਾਮੇ ਦੇ ਬਾਪ 'ਤੇ ਕਤਲ ਦਾ ਕੇਸ ਬਣਾ ਦਿੱਤਾ। ਮਲੰਗੀ ਹੋਰੀਂ ਹਵਾਲਾਤ ਵਿਚ ਹੀ ਸਨ, ਜਦੋਂ ਇਕ ਰਾਤ ਜ਼ੈਲਦਾਰ ਦੇ ਬੰਦਿਆਂ ਨੇ ਮਲੰਗੀ ਦੀ ਭੈਣ ਨੂੰ ਹੱਥ ਪਾ ਲਿਆ। ਮਲੰਗੀ ਦੀ ਅੰਨ•ੀ ਮਾਂ ਕੰਧਾਂ ਨਾਲ ਟੱਕਰਾਂ ਮਾਰ ਕੇ ਬੇਹੋਸ਼ ਹੋ ਗਈ। ਜਦੋਂ ਇਸ ਘਟਨਾ ਦਾ ਮਲੰਗੀ ਹੋਰਾਂ ਨੂੰ ਪਤਾ ਲੱਗਿਆ ਤਾਂ ਹਰਨਾਮੇ ਦੇ ਬਾਪ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਮਲੰਗੀ ਤੇ ਹਰਨਾਮਾ ਹਵਾਲਾਤ ਵਿਚੋਂ ਕੰਧ ਪਾੜ ਕੇ ਫ਼ਰਾਰ ਹੋ ਗਏ। ਹਵਾਲਾਤ ਵਿਚੋਂ ਬਾਹਰ ਆਉਂਦਿਆਂ ਇਨ•ਾਂ ਨੇ ਸਭ ਤੋਂ ਪਹਿਲਾਂ ਸਿੱਧੂਪੁਰ ਦੇ ਜ਼ੈਲਦਾਰ ਦਾ ਸਾਰਾ ਟੱਬਰ ਮਾਰ ਦਿੱਤਾ। ਸਿਰਫ਼ ਮੁੰਡਾ ਆਪਣੀ ਜਾਨ ਬਚਾ ਕੇ ਨਿਕਲ ਗਿਆ। ਇਸ ਤੋਂ ਬਾਅਦ ਮਲੰਗੀ ਤੇ ਹਰਨਾਮਾ ਡਾਕੂ ਬਣ ਗਏ।
ਇਨ•ਾਂ ਨੇ ਪਹਿਲਾਂ ਕੁਝ ਲੁਟੇਰਿਆਂ ਤੇ ਵਿਆਜ ਖਾਣੇ ਸ਼ਾਹੂਕਾਰਾਂ ਨੂੰ ਸੋਧਿਆ। ਫਿਰ ਜਿਹੜਾ ਕੋਈ ਸਰਕਾਰ ਪੱਖੀ, ਗਰੀਬਾਂ ਨੂੰ ਤੰਗ ਕਰਦਾ ਸੀ ਉਸ ਨੂੰ ਸੋਧਣਾ ਸ਼ੁਰੂ ਕੀਤਾ। ਇਸ ਜੋੜੀ 'ਤੇ ਸਰਕਾਰ ਨੇ ਇਨਾਮ ਰੱਖ ਦਿੱਤਾ। ਇਕ ਰਾਤ ਮਲੰਗੀ ਤੇ ਹਰਨਾਮਾ ਕਿਸੇ ਵਾਕਫ਼ ਬੰਦੇ ਦੇ ਡੇਰੇ 'ਤੇ ਠਹਿਰੇ ਸਨ। ਡੇਰੇ ਵਾਲੇ ਨੇ ਮਲੰਗੀ ਹੋਰਾਂ ਨੂੰ ਮੇਥਿਆਂ ਵਾਲੀਆਂ ਰੋਟੀਆਂ ਦੱਸ ਕੇ ਭੰਗ ਵਾਲੀਆਂ ਖੁਆ ਦਿੱਤੀਆਂ। ਇਨਾਮ ਦੇ ਲਾਲਚ ਵਸ ਪੁਲਿਸ ਨੂੰ ਮਲੰਗੀ ਹੋਰਾਂ ਦੇ ਭੰਗ ਨਾਲ ਨਸ਼ਈ ਹੋਣ ਦੀ ਇਤਲਾਹ ਦੇ ਦਿੱਤੀ। ਮਲੰਗੀ ਤੇ ਹਰਨਾਮਾ ਡੇਰੇ 'ਤੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ।
ਜੱਗੇ ਦੀ ਧੀ ਮਾਤਾ ਰੇਸ਼ਮ ਕੌਰ ਉਰਫ਼ ਗਾਭੋ ਇਕ ਦਿਨ ਜੱਗੇ ਨੇ ਸਾਥੀਆਂ ਨਾਲ ਮਲੰਗੀ ਦੇ ਪਿੰਡ ਸਿੱਧੂਪੁਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਥੇ ਉਹ ਮਲੰਗੀ ਦੀ ਮਾਂ ਦੀ ਖ਼ਬਰ-ਸਾਰ ਲੈਣਾ ਚਾਹੁੰਦਾ ਸੀ ਤੇ ਨਾਲੇ ਮਲੰਗੀ ਨੂੰ ਮਰਵਾਉਣ ਵਾਲੇ ਵੀ ਉਸ ਨੂੰ ਰੜਕ ਰਹੇ ਸਨ। ਮਲੰਗੀ ਦਾ ਡੇਰਾ ਉਜੜਿਆ ਪਿਆ ਸੀ, ਸਿਰਫ਼ ਅੰਨ•ੀ ਮਾਂ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੀ ਸੀ। ਜੱਗੇ ਨੇ ਦੁਪਹਿਰ ਡੇਰੇ 'ਤੇ ਹੀ ਕੱਟਣ ਦਾ ਪ੍ਰੋਗਰਾਮ ਬਣਾ ਲਿਆ। ਉਸ ਨੇ ਲਾਲੂ ਨਾਈ ਨੂੰ ਰੋਟੀ ਟੁੱਕ ਦਾ ਇੰਤਜ਼ਾਮ ਕਰਨ ਲਈ ਕਿਹਾ। ਲਾਲੂ ਦਾ ਪਿੰਡ 'ਲੱਖੂ ਕੇ' ਸਿੱਧੂਪੁਰ ਦੇ ਨਾਲ ਹੀ ਪੈਂਦਾ ਸੀ। ਉਸ ਨੇ ਆਪਣੇ ਪੰਜੇ ਭਾਈਆਂ ਨੂੰ ਮਿਲਣ ਦੇ ਬਹਾਨੇ ਬੁਲਾ ਲਿਆ ਤੇ ਆਉਣ ਲੱਗਿਆਂ ਦੇਸੀ ਸ਼ਰਾਬ ਲਿਆਉਣ ਲਈ ਤਾਕੀਦ ਕੀਤੀ। ਮੰਦੇ ਭਾਗਾਂ ਨੂੰ ਜੱਗੇ ਨੇ ਰੋਟੀ ਤੋਂ ਪਹਿਲਾਂ ਸ਼ਰਾਬ ਦੇ ਦੋ-ਦੋ ਹਾੜੇ ਲਾਉਣ ਦਾ ਪ੍ਰੋਗਰਾਮ ਬਣਾ ਲਿਆ। ਬੰਤੇ ਤੇ ਜੱਗੇ ਨੇ ਆਪਣੇ ਆਪਣੇ ਗਿਲਾਸ ਵਿਚ ਸ਼ਰਾਬ ਪਾ ਕੇ ਬੋਤਲ ਮੰਜੇ ਦੀ ਦੌਣ ਵਿਚ ਫਸਾ ਦਿੱਤੀ। ਸੋਹਣ ਤੇਲੀ ਨੇ ਲਾਲੂ ਨਾਈ ਦੇ ਪਿੰਡ 'ਲੱਖੂ ਕੇ' ਕਿਸੇ ਦੋਸਤ ਨੂੰ ਮਿਲਣ ਜਾਣਾ ਸੀ, ਇਸ ਕਰਕੇ ਨਹੀਂ ਪੀਤੀ, ਉਸ ਨੇ ਭਾਈਆਂ ਸਮੇਤ ਪਹਿਰੇ 'ਤੇ ਖੜ•ਨਾ ਸੀ। ਕਿੰਨੀ ਦੇਰ ਗਲਾਸ ਖੜਕਦੇ ਰਹੇ, ਠੱਠੇ-ਮਖੌਲ ਚੱਲਦੇ ਰਹੇ।
ਮਲੰਗੀ ਦੀ ਮਾਂ ਦੇ ਵਿਹੜੇ ਦੋ ਸਾਲ ਬਾਅਦ ਰੌਣਕ ਪਰਤੀ ਸੀ। ਅੱਜ ਅੰਨ•ੀ ਮਾਂ ਨੂੰ ਜੱਗੇ ਦੀਆਂ ਗੱਲਾਂ ਵਿੱਚੋਂ ਮਲੰਗੀ ਦੇ ਬੋਲਾਂ ਦੀ ਖ਼ੁਸ਼ਬੋ ਆ ਰਹੀ ਸੀ। ਜੱਗੇ ਨੇ ਗੱਲਾਂ ਵਿਚ ਸਮਝਾਇਆ:
“ਮਾਂ ਮੇਰੀਏ ਕਿਤੇ ਸਾਡੇ ਯਾਰ ਮਲੰਗੀ ਦੀ ਰੂਹ ਇਸ ਗੱਲੋਂ ਨਾ ਤੜਫਦੀ ਰਵੇ ਕਿ ਮੇਰਾ ਕਿਸੇ ਨੇ ਬਦਲਾ ਨ•ੀਂ ਲਿਆ, ਅੱਜ ਸਾਰੇ ਉਲਾਂਭੇ ਲਾਹ ਦਿਆਂਗੇ।''
ਸਾਰਿਆਂ ਇਕੱਠੇ ਰੋਟੀ ਪਾਣੀ ਖਾਧਾ। ਸੋਹਣ ਤੇਲੀ ਆਪਣੇ ਦੋਸਤ ਨੂੰ 'ਲੱਖੂ ਕੇ' ਮਿਲਣ ਤੁਰ ਪਿਆ, ਲਾਲੂ ਨਾਈ ਤੇ ਉਸ ਦਾ ਭਾਈ ਬੰਦੂਕਾਂ ਫੜ ਕੇ ਪਹਿਰੇ 'ਤੇ ਖਲੋ ਗਏ। ਕਲਹਿਣੀ ਸ਼ਰਾਬ ਦੇ ਲੋਰ ਵਿਚ ਜੱਗੇ ਤੇ ਬੰਤੇ ਦੀ ਅੱਖ ਲੱਗ ਗਈ, ਉਹ ਇਕੋ ਹੀ ਮੰਜੇ 'ਤੇ ਲੰਮੇ ਪੈ ਗਏ।
ਕੁਝ ਚਿਰ ਪਿੱਛੋਂ ਟਿਕੀ ਦੁਪਹਿਰ ਦੀ ਵੱਖੀ, ਦੋ ਗੋਲੀਆਂ ਦੀ ਇਕੱਠੀ ਆਵਾਜ਼ ਨੇ ਧਰਤੀ ਚੀਰ ਕੇ ਲਹੂ-ਲੁਹਾਨ ਕਰ ਦਿੱਤੀ। ਜੱਗੇ ਤੇ ਬੰਤੇ ਦੀਆਂ ਸਾਹ ਰਗਾਂ ਵਿਚ ਨੇੜਿਓਂ ਗੋਲੀਆਂ ਮਾਰੀਆਂ ਗਈਆਂ ਸਨ, ਮੰਜੇ 'ਤੇ ਦੋਹਾਂ ਦੇ ਸਰੀਰ ਤੜਫ਼ ਰਹੇ ਸਨ। ਫਿਰ ਹੋਰ ਗੋਲੀਆਂ ਨੇ ਇਨ•ਾਂ ਦੇ ਸਰੀਰ ਨੂੰ ਠੰਢਿਆਂ ਕਰ ਦਿੱਤਾ।
ਸੋਹਣ ਤੇਲੀ ਗੋਲੀਆਂ ਦੀ ਆਵਾਜ਼ ਸੁਣ ਕੇ ਵਾਪਸ ਮੁੜ ਆਇਆ, ਜਦੋਂ ਉਸ ਨੇ ਆ ਕੇ ਦੇਖਿਆ, ਜੱਗੇ ਤੇ ਬੰਤੇ ਦੀਆਂ ਲਾਸ਼ਾਂ ਵਿਚੋਂ ਖੂਨ ਚੋਅ ਕੇ ਮੰਜੇ ਦੀਆਂ ਵਿਰਲਾਂ ਰਾਹੀਂ ਧਰਤੀ 'ਤੇ ਟਪਕ ਰਿਹਾ ਸੀ,
'ਜੱਗਾ ਵੱਢਿਆ ਬੋਹੜ ਦੀ ਛਾਂਵੇਂ,
ਨੌਂ ਮਣ ਰੇਤ ਭਿੱਜ ਗਈ।
ਪੂਰਨਾ, ਨਾਈਆਂ ਨੇ
ਵੱਢ ਸੁੱਟਿਆ ਜੱਗਾ ਸੂਰਮਾ।'
ਸੋਹਣ ਤੇਲੀ ਇਹ ਵੇਖ ਕੇ ਗੁੱਸੇ ਵਿਚ ਪਾਗਲ ਹੋ ਉੱਠਿਆ ਤੇ ਲਾਲੂ ਨਾਈ ਨੂੰ ਹੱਥੀਂ ਪੈ ਗਿਆ। ਪਿੱਛੋਂ ਲਾਲੂ ਦੇ ਭਾਈ ਨੇ ਉਸ ਦੀ ਪਿੱਠ ਵਿਚ ਗੋਲੀ ਮਾਰ ਕੇ ਉਸ ਨੂੰ ਵੀ ਥਾਏਂ ਢੇਰੀ ਕਰ ਦਿੱਤਾ। ਲਾਲੂ ਨਾਈ ਇਲਾਕੇ ਦੀ ਪੁਲਿਸ ਨਾਲ ਮਿਲ ਚੁੱਕਿਆ ਸੀ। ਲਾਲੂ ਨਾਈ ਨੇ ਯਾਰ ਮਾਰ ਕਰਕੇ ਭਾਰੀ ਰਕਮ, ਇਕ ਮੁਰੱਬਾ ਜ਼ਮੀਨ, ਇਕ ਘੋੜੇ ਦੀ ਖੱਟੀ ਖੱਟ ਲਈ ਸੀ ਜੋ ਕਿ ਸਰਕਾਰ ਵੱਲੋਂ ਜੱਗੇ 'ਤੇ ਇਨਾਮ ਰੱਖਿਆ ਹੋਇਆ ਸੀ। ਜਿਸ ਜੱਗੇ ਦੇ ਪਰਛਾਵੇਂ ਕੋਲੋਂ ਪੁਲਿਸ ਨੂੰ ਡਰ ਲੱਗਦਾ ਸੀ ਉਹਨੂੰ ਮਾਰਨਾ ਪੁਲਿਸ ਦੇ ਵੱਸ ਦੀ ਗੱਲ ਨਹੀਂ ਸੀ। ਸੋ, ਇਹ ਕਾਰਾ ਪੁਲਿਸ ਨੇ ਲਾਲੂ ਨਾਈ ਦੀ ਜ਼ਮੀਰ ਖਰੀਦ ਕੇ ਕਰਵਾਇਆ। ਲਾਲੂ ਨੂੰ ਵੀ ਜੇਲ• ਹੋਈ। ਬਾਅਦ ਵਿਚ ਲਾਲੂ ਨੂੰ ਕੈਦੀਆਂ ਨੇ ਜੇਲ• ਵਿਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ।
ਜੱਗਾ ਸਿਰਫ਼ ਤਿੰਨ ਮਹੀਨੇ ਭਗੌੜਾ ਰਿਹਾ। ਇਸ ਦੌਰਾਨ ਪੂਰੇ ਇਲਾਕੇ ਨੇ ਆਜ਼ਾਦ ਫਿਜ਼ਾ ਦਾ ਆਨੰਦ ਮਾਣਿਆ। ਨਾ ਪੁਲਿਸ ਦੀ ਧੌਂਸ, ਨਾ ਸ਼ਾਹੂਕਾਰਾਂ ਦੀਆਂ ਕੁਰਕੀਆਂ, ਸਗੋਂ ਸਰਕਾਰ ਪੱਖੀ ਆਪਣੀਆਂ ਜਾਨਾਂ ਬਚਾਉਂਦੇ ਰਹੇ। ਭਾਵੇਂ ਪਤੰਗੇ ਵਾਂਗੂੰ ਇਨ•ਾਂ ਲੋਕਾਂ ਦੀ ਉਮਰ ਥੋੜੀ ਹੁੰਦੀ ਹੈ ਪਰ ਜਾਬਰ ਹੁਕਮਰਾਨ ਵਿਰੁੱਧ ਸੂਰਮੇ ਪੰਜਾਬੀਆਂ ਦੀ ਅਣਖ ਤੇ ਹੱਕਾਂ ਲਈ ਅਜਿਹੇ ਸੂਰਮੇ ਕਿਸੇ ਨਾ ਕਿਸੇ ਨਾਲ ਜੂਝਦੇ ਤੇ ਕੁਰਬਾਨੀਆਂ ਦਿੰਦੇ ਰਹੇ। ਕਦੇ ਦੁੱਲਾ ਭੱਟੀ ਬਣ ਕੇ, ਕਦੇ ਅਹਿਮਦ ਖਰਲ ਬਣ ਕੇ, ਕਦੇ ਜਿਊਣਾ ਮੌੜ, ਕਦੇ ਮਲੰਗੀ ਤੇ ਕਦੇ ਜੱਗਾ ਜੱਟ ਬਣ ਕੇ। ਭਾਈਚਾਰੇ ਦੀ ਆਜ਼ਾਦੀ ਸਿਰਾਂ ਦੇ ਸੌਦੇ ਕਰਕੇ ਇਨ•ਾਂ ਲੋਕਾਂ ਨੇ ਕਾਇਮ ਰੱਖੀ।
"ਜੱਗਾ ਜੱਟ ਨਈਂ ਕਿਸੇ ਨੇ ਬਣ ਜਾਣਾ, ਘਰ-ਘਰ ਪੁੱਤ ਜੰਮਦੇ।" ....ਬੱਸ ਹੋਰ ਲਫ਼ਜ਼ ਹੀ ਨਹੀਂ ਨੇ। ਹਰਨੇਕ ਸਿੰਘ ਘੜੂੰਆਂ ਹੋਰਾਂ ਦਾ ਤਹਿ ਦਿਲੋਂ ਸ਼ੁਕਰੀਆ। ਬਸ ਪੱਤਰਕਾਰਾਂ, ਅਖ਼ਬਾਰਾਂ 'ਟੀ.ਵੀ. ਵਾਲ਼ਿਆਂ ਨੂੰ ਬੇਨਤੀ ਐ ਕਿ ਇਸਤੋਂ ਪਹਿਲਾਂ ਕਿ ਜੱਗੇ ਦੀ ਆਖ਼ਰੀ ਚਸ਼ਮਦੀਦ, ਉਹਨਾਂ ਦੀ ਧੀ, ਵੀ ਸਾਡੇ ਤੋਂ ਜੁਦਾ ਹੋ ਜਾਵੇ, ਉਹਨਾਂ ਦੇ ਵੱਧ ਤੋਂ ਵੱਧ ਇੰਟਰਵਿਊ, ਵੀਡੀਓ ਇਤਿਆਦਿ ਬਣਾਏ ਜਾਣ 'ਤੇ ਉਹਨਾਂ ਦੇ ਬਿਆਨ ਕੀਤੇ ਅੱਖੀਂ ਡਿੱਠੇ ਇਤਿਹਾਸ ਨੂੰ ਆਉਣ ਵਾਲ਼ੀਆਂ ਪੁਸ਼ਤਾਂ ਵਾਸਤੇ, ਬਤੌਰ ਇਕ ਬੇਹੱਦ ਕੀਮਤੀ ਦਸਤੇਵੇਜ਼, ਸਾਂਭ ਲਿਆ ਜਾਵੇ।
ReplyDelete