deshpunjabtimes.blogspot.com

Saturday, 4 March 2017

ਆਰ.ਐਸ.ਐਸ. ਸਿੱਖ ਪੰਥ 'ਚ ਕਰ ਚੁੱਕੀ ਏ ਘੁਸਪੈਠ
  ਸਿੱਖਾਂ ਦੇ ਦੋ ਤਖ਼ਤ ਆਰ ਐਸ ਐਸ ਦੇ ਸਿੱਧੇ ਕਬਜ਼ੇ 'ਚ

ਡਾ. ਗੁਰਦਰਸ਼ਨ ਸਿੰਘ ਢਿਲੋਂ

ਹਾਲ ਵਿਚ ਹੀ 'ਟਾਈਮਜ਼ ਆਫ਼ ਇੰਡੀਆ' ਦੇ 22 ਦਸੰਬਰ 2015 ਦੇ ਅੰਕ ਵਿਚ ਛਪੀ ਇਸ ਖ਼ਬਰ ਨੇ ਸਿੱਖੀ ਸਿਧਾਂਤਾਂ ਅਤੇ ਸਰੋਕਾਰਾਂ ਨਾਲ ਜੁੜੇ ਹੋਏ ਲੋਕਾਂ ਵਿਚ ਚਿੰਤਾ ਤੇ ਬੇਚੈਨੀ ਦੀ ਲਹਿਰ ਪੈਦਾ ਕਰ ਦਿਤੀ ਹੈ। ਇਸ ਖ਼ਬਰ ਵਿਚ ਆਰ.ਐਸ.ਐਸ. ਦੇ ਚੀਫ਼ ਪੈਟਰਨ ਮੋਹਨ ਭਾਗਵਤ ਨੇ ਸਿੱਖਾਂ ਦੇ ਇਤਿਹਾਸ ਤੇ ਧਾਰਮਿਕ ਖੋਜ ਲਈ ਚਿਰੰਜੀਵ ਸਿੰਘ ਨਾਂ ਦੇ ਵਿਅਕਤੀ ਨੂੰ 85 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਹੈ। ਇਹ ਸਮਾਗਮ ਦਿੱਲੀ ਦੇ ਪ੍ਰਸਿੱਧ ਮਾਲਵੰਕਰ ਹਾਲ ਵਿਚ ਕੀਤਾ ਗਿਆ। 85 ਲੱਖ ਰੁਪਏ ਦੀ ਇਹ ਰਾਸ਼ੀ 'ਭਾਈ ਮਨੀ ਸਿੰਘ ਗੁਰਮਤਿ ਰੀਸਰਚ ਅਤੇ ਅਧਿਐਨ ਕੇਂਦਰ' ਨੂੰ ਦਿਤੀ ਗਈ, ਜਿਸ ਦਾ ਕੰਮ ਸਿੱਖਾਂ ਦੇ ਇਤਿਹਾਸਕ ਦਸਤਾਵੇਜ਼ਾਂ ਨੂੰ ਇਕੱਠਿਆਂ ਕਰਨਾ ਤੇ ਉਨ੍ਹਾਂ ਦੀ ਨਵੇਂ ਸਿਰੇ ਤੋਂ ਵਿਆਖਿਆ ਕਰਨੀ ਹੈ। ਇਥੇ ਇਹ ਵੀ ਚੇਤੇ ਕਰਾਉਣ ਦੀ ਲੋੜ ਹੈ ਕਿ ਚਿਰੰਜੀਵ ਸਿੰਘ ਸੰਨ 1953 ਤੋਂ ਲਗਾਤਾਰ ਆਰ.ਐਸ.ਐਸ. ਦੇ ਪ੍ਰਚਾਰਕ ਵਜੋਂ ਕੰਮ ਕਰ ਰਹੇ ਹਨ। ਸਮਾਗਮ ਵਿਚ ਆਰ.ਐਸ.ਐਸ. ਦੇ ਜਨਰਲ ਸਕੱਤਰ ਅਵਤਾਰ ਸਿੰਘ ਸ਼ਾਸਤਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਚਿਰੰਜੀਵ ਸਿੰਘ ਰਾਸ਼ਟਰੀ ਸਿੱਖ ਸੰਗਤ ਦੇ ਬਾਨੀਆਂ ਵਿਚੋਂ ਇਕ ਹਨ, ਜਿਨ੍ਹਾਂ ਨੇ ਆਰ.ਐਸ.ਐਸ. ਨਾਲ ਜੁੜੀ ਇਸ ਸੰਸਥਾ ਦੀ ਨੀਂਹ ਰੱਖੀ ਅਤੇ ਸੰਨ 1990 ਵਿਚ ਇਸ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਸੰਨ 1999 ਵਿਚ ਖ਼ਾਲਸਾ ਦੇ ਤਿੰਨ ਸੌ ਸਾਲਾ ਸਾਜਨਾ ਦਿਵਸ ਦੇ ਮੌਕੇ 'ਤੇ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਤਕ 'ਸੰਤ ਯਾਤਰਾ' ਵੀ ਆਯੋਜਿਤ ਕਰਵਾਈ। ਸਮਾਗਮ ਦੌਰਾਨ ਚਿਰੰਜੀਵ ਸਿੰਘ ਦੀ ਇਕ ਪੁਸਤਕ 'ਇਹ ਜਨਮ ਤੁਮਾਰੇ ਲੇਖੇ' ਦੇ ਟਾਈਟਲ ਹੇਠ ਰੀਲੀਜ਼ ਵੀ ਕੀਤੀ ਗਈ। ਇਥੇ ਖ਼ਾਸ ਤੌਰ ਤੇ ਵਰਣਨਯੋਗ ਹੈ ਕਿ ਇਹ ਦੋਵੇਂ ਵਿਅਕਤੀ ਸਿੱਖੀ ਸਰੂਪ ਵਿਚ ਹੀ ਹਨ।
ਉਪਰੋਕਤ ਜਾਣਕਾਰੀ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਸਿੱਖੀ ਦੇ ਦੁਸ਼ਮਣ ਕਿਵੇਂ ਸਿੱਖਾਂ ਅਤੇ ਸਿੱਖੀ ਸਿਧਾਂਤਾਂ ਦੀ ਘੇਰਾਬੰਦੀ ਕਰਨ ਵਿਚ ਪੂਰੀ ਤਰ੍ਹਾਂ ਸਰਗਰਮ ਹਨ ਜਦਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦਾ ਅਕਾਲੀ ਦਲ ਕਿਵੇਂ ਸਿੱਧੇ ਤੇ ਅਸਿੱਧੇ ਰੂਪ ਵਿਚ ਭਾਜਪਾ/ਆਰ.ਐਸ.ਐਸ. ਦੇ ਹੱਥਾਂ ਵਿਚ ਖੇਡ ਰਹੇ ਹਨ ਅਤੇ ਉਹ ਇਸ ਬਾਰੇ ਕੋਈ ਵੀ ਪ੍ਰਤੀਕਿਰਿਆ ਨਹੀਂ ਕਰ ਰਹੇ। ਲਗਦਾ ਹੈ ਕਿ ਉਨ੍ਹਾਂ ਦੀ ਸਹਿਮਤੀ ਨਾਲ ਹੀ ਇਹ ਸਾਰਾ ਘਟਨਾਕ੍ਰਮ ਹੋ ਰਿਹਾ ਹੈ। ਪਿਛਲੇ ਸਾਲ 2015 ਵਿਚ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੋ ਵਾਰ ਮਾਨਸਾ ਆਏ ਅਤੇ ਉਥੇ ਉਹ ਰਾਧਾ ਸਵਾਮੀ ਮੁਖੀ ਨੂੰ ਵੀ ਮਿਲੇ। ਮੋਹਨ ਭਾਗਵਤ ਮਾਨਸਾ ਵਿਚ ਪ੍ਰੋਫ਼ੈਸਰ ਬਲਤੇਜ ਸਿੰਘ ਮਾਨ ਦੇ ਘਰ ਵੀ ਗਏ। ਦਸਿਆ ਜਾਂਦਾ ਹੈ ਕਿ ਇਸ ਪਰਿਵਾਰ ਦਾ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਆਰ.ਐਸ.ਐਸ. ਨਾਲ ਡੂੰਘਾ ਸਬੰਧ ਹੈ ਅਤੇ ਉਹ ਇਸ ਇਲਾਕੇ ਵਿਚ ਖੁਲ੍ਹ ਕੇ ਆਰ.ਐਸ.ਐਸ. ਦਾ ਪ੍ਰਚਾਰ ਕਰਦੇ ਹਨ। ਇਸੇ ਇਵਜ਼ ਵਿਚ ਪ੍ਰੋਫ਼ੈਸਰ ਬਲਤੇਜ ਸਿੰਘ ਮਾਨ ਨੂੰ ਮਾਇਨਾਰਟੀ ਐਜੂਕੇਸ਼ਨ ਇੰਸਟੀਚਿਊਟ ਦੇ ਮੈਂਬਰ ਵਜੋਂ ਲਿਆ ਗਿਆ। (ਵਿਸਥਾਰ ਲਈ ਵੇਖੋ ਇੰਗਲਿਸ਼ ਟ੍ਰਿਬਿਊਨ 5 ਦਸੰਬਰ, 2015) ਪ੍ਰੋਫ਼ੈਸਰ ਮਾਨ ਪੰਜਾਬੀ ਯੂਨੀਵਰਸਟੀ ਵਿਚ ਬਤੌਰ ਪ੍ਰੋਫ਼ੈਸਰ ਕੰਮ ਕਰ ਚੁੱਕੇ ਹਨ। ਇਥੇ ਖ਼ਾਸ ਤੌਰ 'ਤੇ ਵਰਣਨਯੋਗ ਹੈ ਕਿ ਪੰਜਾਬੀ ਯੂਨੀਵਰਸਟੀ, ਪਟਿਆਲਾ ਪੂਰੀ ਤਰ੍ਹਾਂ ਆਰ.ਐਸ.ਐਸ. ਦੀ ਗ੍ਰਿਫ਼ਤ ਵਿਚ ਆ ਚੁੱਕੀ ਹੈ। 
ਪੰਜਾਬੀ ਯੂਨੀਵਰਸਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਵੀ ਸਿੱਧੇ/ਅਸਿੱਧੇ ਤੌਰ ਤੇ ਇਸ ਜਥੇਬੰਦੀ ਨਾਲ ਸਬੰਧ ਹਨ ਅਤੇ ਇਸੇ ਕਰ ਕੇ ਉਨ੍ਹਾਂ ਨੂੰ ਤੀਜੀ ਵਾਰ ਐਕਸਟੈਨਸ਼ਨ ਮਿਲੀ ਹੈ। ਬਤੌਰ ਵਾਈਸ ਚਾਂਸਲਰ ਉਹ ਉਨ੍ਹਾਂ ਲੋਕਾਂ ਨੂੰ ਹੱਲਾਸ਼ੇਰੀ ਦੇਂਦੇ ਹਨ ਜਿਨ੍ਹਾਂ ਦਾ ਇਸ ਜਥੇਬੰਦੀ ਨਾਲ ਸਿੱਧਾ ਜਾਂ ਅਸਿੱਧਾ ਸੰਪਰਕ ਹੈ। ਇਸ ਯੂਨੀਵਰਸਟੀ ਦੇ ਕਈ ਸਿੱਖ ਪ੍ਰੋਫ਼ੈਸਰ ਇਸ ਵਿਚਾਰਧਾਰਾ ਦੇ ਹਾਮੀ ਹਨ ਅਤੇ ਉਹ ਇਨ੍ਹਾਂ ਵਿਚਾਰਾਂ ਦੇ ਅਨੁਕੂਲ ਹੀ ਸਿੱਖ ਧਰਮ ਅਤੇ ਇਤਿਹਾਸ ਦੀ ਵਿਆਖਿਆ ਕਰਦੇ ਹਨ।
ਆਰ.ਐਸ.ਐਸ. ਵਾਲਿਆਂ ਨੇ ਭਾਰਤੀ ਯੂਨੀਵਰਸਿਟੀਆਂ ਤੋਂ ਉਪਰੰਤ ਵਿਦੇਸ਼ੀ ਯੂਨੀਵਰਸਟੀਆਂ ਵਿਚ ਵੀ ਅਪਣਾ ਮਕੜੀ ਜਾਲ ਪੂਰੀ ਤਰ੍ਹਾਂ ਫੈਲਾ ਲਿਆ ਹੈ। ਕਰੋੜਾਂ ਡਾਲਰ ਖ਼ਰਚ ਕਰ ਕੇ, ਸਿੱਖ ਸਟੱਡੀਜ਼ ਦੀਆਂ ਚੇਅਰਾਂ ਉਤੇ ਕੰਮ ਕਰ ਰਹੇ ਵਿਦਵਾਨਾਂ ਦੀ ਖੁਲ੍ਹੀ ਖ਼ਰੀਦੋ ਫ਼ਰੋਖਤ ਹੋ ਰਹੀ ਹੈ। ਅਰਵਿੰਦ ਪਾਲ ਸਿੰਘ ਮੰਡੇਰ, ਜੋ ਕਿ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਟੀ ਵਿਚ ਬਤੌਰ ਐਸੋਸੀਏਟ ਪ੍ਰੋਫ਼ੈਸਰ ਵਜੋਂ ਕੰਮ ਕਰ ਰਹੇ ਹਨ, ਰਾਹੀਂ ਲਿਖੀ ਗਈ ਕਿਤਾਬ 'ਧਰਮ ਅਤੇ ਪੱਛਮ ਦਾ ਪ੍ਰੇਤ, ਸਿੱਖੀ, ਭਾਰਤ, ਉੱਤਰ ਬਸਤੀਵਾਦੀ ਅਤੇ ਤਰਜ਼ਮੇ ਦੀ ਸਿਆਸਤ' ਸੰਨ 2009 ਵਿਚ ਕੋਲੰਬੀਆ ਯੂਨੀਵਰਸਟੀ ਤੋਂ ਛਪੀ। ਇਹ ਕਿਤਾਬ ਸਿੱਖੀ ਲਈ ਬਹੁਤ ਹੀ ਘਾਤਕ ਹੈ ਅਤੇ ਡਬਲਿਊ.ਐਚ. ਮੈਕਲੋਡ ਦੇ ਸਿੱਖੀ ਬਾਰੇ ਰੱਖੇ ਹੋਏ ਸਿਧਾਂਤਾਂ ਅਨੁਸਾਰ ਲਿਖੀ ਗਈ ਹੈ। ਇਸ ਕਿਤਾਬ ਵਿਚ ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਗੁਰੂ ਸਾਹਿਬਾਨ ਦੀ ਖੁਲ੍ਹਮ ਖੁਲ੍ਹੀ ਤੌਹੀਨ ਕੀਤੀ ਗਈ ਹੈ। ਕੁੱਝ ਮਹੀਨੇ ਪਹਿਲਾਂ ਇਸ ਕਿਤਾਬ ਦੀ ਛਾਣਬੀਣ ਕਰ ਕੇ ਇਕ ਸੁਹਿਰਦ ਪਾਠਕ ਨੇ ਮਿਸ਼ੀਗਨ ਯੂਨੀਵਰਸਟੀ ਨੂੰ ਸ਼ਿਕਾਇਤ ਕੀਤੀ ਸੀ ਕਿ ਇਸ ਕਿਤਾਬ ਵਿਚ ਲਿਖਾਰੀ ਨੇ ਵੱਡੇ-ਵੱਡੇ ਨਾਮਵਰ ਵਿਦਵਾਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਵਿਚੋਂ ਚੋਰੀ ਕਰ ਕੇ, ਬਹੁਤ ਸਾਰਾ ਮਸਾਲਾ ਆਪਣੇ ਨਾਮ ਹੇਠ ਛਪਵਾ ਲਿਆ ਹੈ। ਹੁਣ ਯੂਨੀਵਰਸਟੀ ਵਾਲੇ ਉਸ ਦੀ ਛਾਣਬੀਣ ਕਰ ਰਹੇ ਹਨ। ਉਮੀਦ ਹੈ ਕਿ ਇਸ ਦੀ ਪੂਰੀ ਇਨਕੁਆਰੀ ਉਪਰੰਤ ਮੰਡੇਰ ਨੂੰ ਢੁਕਵੀ ਸਜ਼ਾ ਦਿਤੀ ਜਾਵੇਗੀ। ਇਸ ਕਿਤਾਬ ਦੀ ਹਮਾਇਤ ਵਿਚ ਸੱਭ ਤੋਂ ਵੱਧ ਉਤਸ਼ਾਹ ਪ੍ਰਭਸ਼ਰਨਦੀਪ ਸਿੰਘ ਨਾਮ ਦੇ ਇਕ ਵਿਅਕਤੀ ਨੇ ਵਿਖਾਇਆ ਸੀ। ਯਾਦ ਰਹੇ ਕਿ ਇਸ ਵਿਅਕਤੀ ਦੀ ਆਰ.ਐਸ.ਐਸ. ਨਾਲ ਸਬੰਧਿਤ ਜਥੇਬੰਦੀ 'ਦਾਨਮ' ਨਾਲ ਬਹੁਤ ਨਜ਼ਦੀਕੀ ਰਹੀ ਹੈ ਅਤੇ ਇਨ੍ਹਾਂ ਰਾਹੀਂ ਹੀ ਇਹ ਆਕਸਫ਼ੋਰਡ, ਇੰਗਲੈਂਡ ਤਕ ਪਹੁੰਚ ਗਿਆ। ਪਾਠਕਾਂ ਨੂੰ ਇਥੇ ਖ਼ਾਸ ਤੌਰ ਤੇ ਯਾਦ ਕਰਵਾਇਆ ਜਾਂਦਾ ਹੈ ਕਿ ਆਰ.ਐਸ.ਐਸ. ਨਾਲ ਸਬੰਧਤ ਹਿੰਦੂ ਜਥੇਬੰਦੀ ਨੇ ਮੰਡੇਰ ਨੂੰ ਇਸ ਕਿਤਾਬ ਦੇ ਇਨਾਮ ਵਜੋਂ ਚੋਖੀ ਮਾਇਆ ਪ੍ਰਦਾਨ ਕੀਤੀ ਸੀ।
ਇਥੇ ਖ਼ਾਸ ਤੌਰ ਤੇ ਵਰਣਨਯੋਗ ਹੈ ਕਿ ਇਸ ਸਾਰੇ ਘਟਨਾਕ੍ਰਮ ਵਿਚ ਮੰਡੇਰ ਦਾ ਸਮਰਥਨ ਕਰਨ ਵਾਲਿਆਂ ਵਿਚ ਮੁਖੀ ਪ੍ਰਭਸ਼ਰਨਦੀਪ ਸਿੰਘ ਅਤੇ ਪੰਜਾਬੀ ਯੂਨੀਵਰਸਟੀ ਦਾ ਸਾਬਕਾ ਪ੍ਰੋਫ਼ੈਸਰ ਕੇਹਰ ਸਿੰਘ ਸੀ।
ਦੂਜੇ ਪਾਸੇ ਗੱਲ ਕਰੀਏ ਕਿ ਪਿਛਲੇ ਕੁੱਝ ਸਾਲਾਂ ਤੋਂ ਆਰ.ਐਸ.ਐਸ. ਨੇ ਸਿੱਖੀ ਦਾ ਸਰੂਪ ਵਿਗਾੜਨ ਲਈ ਅਪਣਾ ਜਾਲ ਦੂਰ-ਦੁਰਾਡੇ, ਦੇਸ਼ਾਂ-ਪ੍ਰਦੇਸ਼ਾਂ ਵਿਚ, ਵੱਖ-ਵੱਖ ਜਥੇਬੰਦੀਆਂ ਦੇ ਨਾਵਾਂ ਹੇਠ ਫੈਲਾਉਣਾ ਸ਼ੁਰੂ ਕਰ ਦਿਤਾ ਹੈ। ਪਹਿਲਾਂ ਇਨ੍ਹਾਂ ਜਥੇਬੰਦੀਆਂ ਨੇ ਅਮਰੀਕਾ ਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਕੰਮ ਕਰ ਰਹੇ ਗੋਰੇ ਪ੍ਰੋਫ਼ੈਸਰਾਂ ਨੂੰ ਅੱਗੇ ਲਗਾ ਕੇ, ਸਿੱਖੀ ਨੂੰ ਢਾਹ ਲਾਉਣ ਲਈ ਕਈ ਕਿਤਾਬਾਂ ਛਪਵਾਈਆਂ। ਇਨ੍ਹਾਂ ਸਾਰੀਆਂ ਕਾਰਵਾਈਆਂ ਵਿਚ ਡਬਲਿਊ.ਐਚ. ਮੈਕਲੋਡ ਦੀ ਅਗਵਾਈ ਹੇਠ ਸਿੱਖੀ ਨੂੰ ਤਰੋੜ-ਮਰੋੜ ਕੇ ਪੇਸ਼ ਕਰਵਾਇਆ ਗਿਆ। ਇਸ ਨੂੰ ਗਹਿਰਾਈ ਤਕ ਸਮਝਣ ਲਈ ਵੇਖੋ 'ਇੰਡੀਅਨ ਐਕਸਪ੍ਰੈੱਸ, 6 ਫ਼ਰਵਰੀ 1991, 24-25 ਅਪ੍ਰੈਲ, 1991, ਇਨ੍ਹਾਂ ਤਿੰਨਾਂ ਲੇਖਾਂ ਰਾਹੀਂ ਆਰ.ਐਸ.ਐਸ. ਦੇ ਇਕ ਪ੍ਰਮੁੱਖ ਵਿਚਾਰਵਾਨ ਰਾਮ ਸਵਰੂਪ ਨੇ ਤਿੰਨ ਵੱਡੇ ਲੇਖ ਲਿਖ ਕੇ ਮੈਕਲੋਡ ਦੇ ਹੱਕ ਵਿਚ ਦਲੀਲਾਂ ਦੇ ਕੇ, ਸਿੱਖੀ ਦੀ ਆਜ਼ਾਦ ਹਸਤੀ ਉਤੇ ਤਾਬੜ-ਤੋੜ ਹਮਲੇ ਕੀਤੇ। ਇਨ੍ਹਾਂ ਲੇਖਾਂ ਦਾ ਢੁਕਵਾਂ ਜਵਾਬ ਮੈਂ ਇੰਡੀਅਨ ਐਕਸਪ੍ਰੈੱਸ ਵਿਚ 21-22 ਮਈ, 1991 ਨੂੰ ਦਿਤਾ, ਤਦ ਇਨ੍ਹਾਂ ਦਾ ਮੂੰਹ ਬੰਦ ਹੋਇਆ। ਪ੍ਰੰਤੂ ਹੁਣ ਹਿੰਦੂਤਵ ਜਥੇਬੰਦੀਆਂ ਨੇ ਸਿੱਖੀ ਸਰੂਪ ਵਾਲੇ ਅਖੌਤੀ ਲਿਖਾਰੀਆਂ ਤੋਂ ਇਹ ਕੰਮ ਕਰਵਾਉਣਾ ਸ਼ੁਰੂ ਕਰ ਦਿਤਾ ਹੈ। ਇਸ ਸਾਰੀ ਕਾਰਵਾਈ ਵਿਚ ਅਰਵਿੰਦ ਪਾਲ ਸਿੰਘ ਮੰਡੇਰ, ਪਸ਼ੌਰਾ ਸਿੰਘ, ਹਰਜੋਤ ਓਬਰਾਏ, ਗੁਰਿੰਦਰ ਸਿੰਘ ਮਾਨ ਅਤੇ ਬਲਵਿੰਦਰ ਸਿੰਘ ਭੋਗਲ ਖ਼ਾਸ ਤੌਰ ਤੇ ਵਰਣਨਯੋਗ ਹਨ। ਇਸ ਤੋਂ ਇਲਾਵਾ ਭਗਵੀਆਂ ਸ਼ਕਤੀਆਂ ਨੇ ਨਾਮਵਰ ਵਿਦੇਸ਼ੀ ਯੂਨੀਵਰਸਟੀਆਂ ਨੂੰ ਬਹੁਤ ਵੱਡੀ ਰਕਮ ਦਾਨ ਵਜੋਂ ਦੇ ਕੇ ਕੁੱਝ ਫੈਲੋਸ਼ਿਪ ਦੇ ਸਥਾਨ ਅਪਣੇ ਅਧੀਨ ਕਰਵਾ ਕੇ, ਸਿੱਖੀ ਸਰੂਪ ਵਾਲੇ ਅਖੌਤੀ ਲਿਖਾਰੀਆਂ ਨੂੰ ਉਸ ਜਗ੍ਹਾ ਤੇ ਲਗਵਾ ਕੇ, ਉਨ੍ਹਾਂ ਦੇ ਨਾਮ ਹੇਠ ਆਪਣੀ ਲਿਖੀ ਸਮਗਰੀ ਛਪਵਾ ਕੇ, ਸਿੱਖੀ ਉਤੇ ਹਮਲਾ ਕਰਨ ਦੀ ਸਾਜ਼ਿਸ਼ ਬਣਾਈ ਹੈ। ਇਸ ਤਰੀਕੇ ਨਾਲ ਉਨ੍ਹਾਂ ਨੇ ਆਕਸਫ਼ੋਰਡ ਯੂਨੀਵਰਸਿਟੀ ਵਿਚ ਅਪਣੇ ਅਧੀਨ ਫ਼ੈਲੋਸ਼ਿਪਾਂ ਲੈ ਲਈਆਂ ਹਨ ਅਤੇ ਉਨ੍ਹਾਂ ਤੇ ਸਿੱਖੀ ਸਰੂਪ ਵਾਲੇ ਸਿੱਖਾਂ ਨੂੰ ਲਗਵਾ ਲਿਆ ਹੈ, ਤਾਂਕਿ ਉਨ੍ਹਾਂ ਦੇ ਨਾਮ ਹੇਠ ਕਰਵਾਈ ਗਈ ਰਿਸਰਚ ਨੂੰ ਮਾਨਤਾ ਮਿਲ ਸਕੇ। ਇਸੇ ਸਕੀਮ ਮੁਤਾਬਕ ਉਨ੍ਹਾਂ ਨੇ ਪ੍ਰਭਸ਼ਰਨਦੀਪ ਸਿੰਘ ਅਤੇ ਉਸ ਦੀ ਘਰ ਵਾਲੀ ਨੂੰ ਫੈਲੋਸ਼ਿਪ ਦੁਆ ਦਿਤੀ ਹੈ, ਹਾਲਾਂਕਿ ਪ੍ਰਭਸ਼ਰਨਦੀਪ ਦੀ ਤਾਂ ਇਸ ਫੈਲੋਸ਼ਿਪ ਲਈ ਉਚਿਤ ਯੋਗਤਾ ਵੀ ਨਹੀਂ ਹੈ। ਇਸ ਕਿਸਮ ਦੇ ਲਿਖਾਰੀਆਂ ਨੂੰ ਦੋ ਕੰਮ ਸੌਂਪੇ ਗਏ ਹਨ (1) ਸਿੱਖੀ ਨੂੰ ਸਮਰਪਤ ਉੱਘੇ ਵਿਦਵਾਨਾਂ ਨੂੰ ਅਪਣੇ ਕੁਫ਼ਰ ਨਾਲ ਬਦਨਾਮ ਕਰਨਾ ਅਤੇ (2) ਆਪ ਅਜਿਹਾ ਕੰਮ ਕਰਨਾ ਜਿਸ ਨਾਲ ਸਿੱਖੀ ਦੀਆਂ ਜੜ੍ਹਾਂ ਵਿਚ ਤੇਲ ਪਾ ਕੇ ਤਬਾਹ ਕੀਤਾ ਜਾ ਸਕੇ। ਯਾਦ ਰਹੇ ਕਿ ਅਜਿਹੀਆਂ ਕਾਰਵਾਈਆਂ ਸਿੰਘ ਸਭਾ ਲਹਿਰ ਦੇ ਉੱਚੇ ਵਿਦਵਾਨ ਲੀਡਰਾਂ ਜਿਵੇਂ ਕਿ ਗਿਆਨੀ ਦਿੱਤ ਸਿੰਘ, ਪ੍ਰੋਫ਼ੈਸਰ ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ, ਭਾਈ ਕਾਨ੍ਹ ਸਿੰਘ ਇਤਿਆਦ ਨਾਲ ਵੀ ਅੰਗਰੇਜ਼ਾਂ ਨੇ ਕਰਵਾਈਆਂ ਸਨ।
ਅੱਜ ਸਿੱਖੀ ਦੀ ਡਾਵਾਂਡੋਲ ਸਥਿਤੀ ਨੂੰ ਸੰਭਾਲਣ ਦੀ ਲੋੜ ਹੈ। ਸਿੱਖੀ ਅਤੇ ਸਿੱਖਾਂ ਦੀ ਚਾਰੇ ਪਾਸਿਉਂ ਘੇਰਾਬੰਦੀ ਕੀਤੀ ਜਾ ਰਹੀ ਹੈ। ਅੱਜ ਸਿੱਖਾਂ ਦੇ ਪੰਜ ਤਖ਼ਤਾਂ ਵਿਚੋਂ ਦੋ ਤਖ਼ਤ ਤਾਂ ਸਿੱਧੇ ਤੌਰ ਤੇ ਆਰ.ਐਸ.ਐਸ. ਦੇ ਕਬਜ਼ੇ ਵਿਚ ਜਾ ਚੁੱਕੇ ਹਨ। ਤਖ਼ਤ ਪਟਨਾ ਸਾਹਿਬ ਦਾ ਜਥੇਦਾਰ ਇਕਬਾਲ ਸਿੰਘ ਆਰ.ਐਸ.ਐਸ. ਦਾ ਖੁਲ੍ਹੇ ਤੌਰ ਤੇ ਅਸਰ ਕਬੂਲ ਕਰ ਚੁੱਕਾ ਹੈ ਤੇ ਹਜ਼ੂਰ ਸਾਹਿਬ ਦਾ ਸਾਰਾ ਪ੍ਰਬੰਧ ਮਹਾਰਾਸ਼ਟਰ ਦੇ ਬੀਜੇਪੀ ਐਮ.ਐਲ.ਏ. ਤਾਰਾ ਸਿੰਘ ਨੂੰ ਸੌਂਪ ਦਿਤਾ ਗਿਆ ਹੈ। ਬਾਕੀ ਦੇ ਤਿੰਨ ਜਥੇਦਾਰ ਅਸਿੱਧੇ ਰੂਪ ਵਿਚ ਬਾਦਲ ਰਾਹੀਂ ਆਰ.ਐਸ.ਐਸ. ਦਾ ਅਸਰ ਕਬੂਲ ਕੇ ਆਪਣੇ ਫ਼ੈਸਲੇ ਕਰਦੇ ਹਨ। ਬਾਦਲ ਸਰਕਾਰ ਵਲੋਂ ਬੀਤੇ ਸਾਲ ਲਿਆ ਫ਼ੈਸਲਾ ਕਿ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਮਾਨਸਾ ਜਿਲ੍ਹੇ ਦੇ ਜੋਗਾ ਪਿੰਡ ਵਿਚ ਸੰਨ 2012 ਵਿਚ ਮਰੀਆਂ ਗਊਆਂ ਦੇ ਨਾਂ ਤੇ ਯਾਦਗਾਰੀ ਸਮਾਰਕ ਉਸਾਰਿਆ ਜਾਵੇਗਾ, ਆਰ.ਐਸ.ਐਸ. ਵਾਲਿਆਂ ਨੂੰ ਹਰ ਹੀਲੇ ਖੁਸ਼ ਰੱਖਣ ਦਾ ਉਪਰਾਲਾ ਹੈ। ਜੂਨ 1984 ਵਿਚ ਹੋਏ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ ਦੌਰਾਨ ਸੈਂਕੜੇ ਬੇਗੁਨਾਹ ਸ਼ਰਧਾਲੂਆਂ ਦੇ ਡੁੱਲ੍ਹੇ ਖ਼ੂਨ ਨੇ ਤਾਂ ਬਾਦਲ ਸਾਹਿਬ ਦੀ ਆਤਮਾ ਨੂੰ ਕਦੇ ਝੰਜੋੜਿਆ ਨਹੀਂ ਪਰ ਗਊਆਂ ਦਾ ਸੰਤਾਪ ਉਨ੍ਹਾਂ ਲਈ ਕਿਤੇ ਜ਼ਿਆਦਾ ਦੁਖਦਾਇਕ ਹੈ। ਪਿਛਲੇ ਸਾਲਾਂ ਵਿਚ ਸੈਂਕੜੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਰਚ ਕੇ ਸ਼ਹੀਦ ਕਰ ਦਿਤਾ ਗਿਆ ਪਰ ਉਨ੍ਹਾਂ ਦਾ ਵੀ ਬਾਦਲ ਸਾਹਿਬ ਦੀ ਮਾਨਸਿਕਤਾ ਤੇ ਤਾਂ ਕੋਈ ਅਸਰ ਨਹੀਂ ਪਿਆ ਪ੍ਰੰਤੂ ਮਰੀਆਂ ਗਊਆਂ ਲਈ, ਉਨ੍ਹਾਂ ਵਲੋਂ ਏਨਾ ਹੇਜ ਵਿਖਾਇਆ ਜਾ ਰਿਹਾ ਹੈ। ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਪੈਨਸ਼ਨਾਂ ਦੇਣ ਲਈ ਸਰਕਾਰ ਕੋਲ ਪੈਸਾ ਨਹੀਂ, ਸਕੂਲਾਂ ਅਤੇ ਹਸਪਤਾਲਾਂ ਕੋਲ ਬਿਲਡਿੰਗਾਂ ਨਹੀਂ ਪ੍ਰੰਤੂ ਗਊਆਂ ਦੀ ਯਾਦਗਾਰ ਲਈ ਕਰੋੜਾਂ ਰੁਪਏ ਮੁਹਈਆ ਕਰਵਾ ਦਿੱਤੇ। 
ਅਸੀ ਨਵੇਂ ਸਾਲ ਵਿਚ ਕੌਮ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਸਿੱਖਾਂ ਦਾ ਭਵਿੱਖ ਬਹੁਤ ਧੁੰਦਲਾ ਹੈ। ਹਰ ਪਾਸਿਉਂ ਸਾਨੂੰ ਬਹੁਤ ਸਾਰੀਆਂ ਚੁਨੌਤੀਆਂ ਦਰਪੇਸ਼ ਹਨ। ਮੇਰੀ ਤੁੱਛ ਬੁੱਧੀ ਅਨੁਸਾਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਸਾਨੂੰ ਬਹੁਤ ਮਾਕੂਲ ਲਿਖੀ ਸਮੱਗਰੀ ਪੈਦਾ ਕਰਨ ਦੀ ਜ਼ਰੂਰਤ ਹੈ। ਇਹ ਲਿਖਤਾਂ ਸਿੱਖੀ ਤੇ ਹੋ ਰਹੇ ਹਮਲਿਆਂ ਦਾ ਵੀ ਦਲੀਲ ਨਾਲ ਜਵਾਬ ਦੇਣ ਅਤੇ ਅਪਣੇ ਧਰਮ ਵਿਚ ਵਿਚਰ ਰਹੇ ਲੋਕਾਂ ਨੂੰ ਸਿੱਖੀ ਦੀ ਵਖਰੀ ਪਹਿਚਾਣ ਬਾਰੇ ਜਾਗਰੂਕ ਕਰਨ। ਇਹ ਸਾਰੇ ਦਸਤਾਵੇਜ਼ ਪੰਜਾਬੀ, ਅੰਗਰੇਜ਼ੀ, ਹਿੰਦੀ ਅਤੇ ਹੋਰ ਜ਼ਬਾਨਾਂ ਵਿਚ ਹੋਣ। ਘੱਟ ਗਿਣਤੀਆਂ ਨੂੰ ਦੁਨੀਆਂ ਵਿਚ ਅਪਣੀ ਹੋਂਦ ਬਣਾਈ ਰੱਖਣ ਲਈ ਇਹ ਅਤਿ ਜ਼ਰੂਰੀ ਹੈ।


' ਸਾਬਕਾ ਪ੍ਰੋਫ਼ੈਸਰ ਆਫ਼ ਹਿਸਟਰੀ,
ਪੰਜਾਬ ਯੂਨੀਵਰਸਟੀ, ਚੰਡੀਗੜ੍ਹ 

Thursday, 2 March 2017


ਵਿਸ਼ਵ ਸ਼ਾਂਤੀ ਲਈ ਮਹੱਤਵ ਰੱਖਦਾ ਹੈ ਗੁਰਮੇਹਰ ਕੌਰ ਦਾ ਸੁਨੇਹਾ 

 ਫਿਰਕਾਪ੍ਰਸਤਾਂ ਨੇ ਗੁਰਮੇਹਰ ਕੌਰ ਨੂੰ ਬਲਾਤਕਾਰ ਦੀ ਧਮਕੀ ਦੇ ਕੇ ਦਰਸਾ ਦਿੱਤਾ ਕਿ ਭਾਰਤ 'ਚ ਔਰਤ ਅਜ਼ਾਦ ਨਹੀਂ


 ਭਾਜਪਾ ਦੇ ਸਿਆਸਤਦਾਨ ਔਰਤਾਂ ਤੇ ਘੱਟਗਿਣਤੀਆਂ ਵਿਰੁੱਧ ਨਫ਼ਰਤ ਦਾ ਕਰਦੇ ਨੇ ਪ੍ਰਗਟਾਵਾ

 ਏਬੀਵੀਪੀ ਰਾਹੀਂ ਭਾਜਪਾ ਸਮੁੱਚੇ ਸਿੱਖਿਆ ਸੰਸਥਾਨਾਂ ਉੱਪਰ ਕਰਨਾ ਚਾਹੁੰਦੀ ਏ ਕਬਜ਼ੇ 
 ਦਿੱਲੀ ਮਹਿਲਾ ਕਮਿਸ਼ਨ ਵੱਲੋਂ ਗੁਰਮੇਹਰ ਕੌਰ ਬਾਰੇ ਫੇਸਬੁੱਕ ਨੂੰ ਨੋਟਿਸ 
 ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਹਮਾਇਤ


ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ

ਦਿੱਲੀ ਯੂਨੀਵਰਸਿਟੀ ਦੇ ਲੇਡੀ ਸ਼੍ਰੀਰਾਮ ਕਾਲਜ ਦੀ ਵਿਦਿਆਰਥਣ ਗੁਰਮੇਹਰ ਕੌਰ ਜੋ ਕਿ ਕਾਰਗਿਲ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਵੀ ਹੈ, ਨੇ ਬੀਤੇ ਦਿਨੀਂ ਏਬੀਵੀਪੀ ਦੇ ਖ਼ਿਲਾਫ਼ ਕੈਂਪੇਨ ਚਲਾਇਆ ਸੀ। ਇੱਥੇ ਜ਼ਿਕਰਯੋਗ ਹੈ ਕਿ 1999 ਵਿੱਚ ਉਸ ਦੇ ਪਿਤਾ ਦੀ ਸ਼ਹਾਦਤ ਹੋਈ ਸੀ, ਜਦੋਂ ਕਿ ਉਹ 2 ਸਾਲ ਦੀ ਬੱਚੀ ਸੀ। ਅੱਜ ਉਹ 20 ਸਾਲ ਦੀ ਮੁਟਿਆਰ ਹੋ ਚੁੱਕੀ ਹੈ  ਤੇ ਇੱਕ ਦੇਸਭਗਤ ਦੇ ਸ਼ਹੀਦ ਦੀ ਹੈਸੀਅਤ ਨਾਲ ਆਪਣੇ ਦੇਸ, ਸਮਾਜ ਅਤੇ ਵਿੱਦਿਅਕ ਅਦਾਰੇ ਦੇ ਮਾਹੌਲ ਪ੍ਰਤੀ ਜਾਗਰਿਤ ਹੋ ਕੇ ਸੋਚਦੀ ਹੈ। ਰਾਮਜਸ ਕਾਲਜ ਦੇ ਵਿੱਚ ਪ੍ਰਗਟਾਵੇ ਦੀ ਅਜ਼ਾਦੀ ਲਈ ਅੰਗਰੇਜ਼ੀ ਵਿਭਾਗ ਦੁਆਰਾ ਆਯੋਜਿਤ ਸੈਮੀਨਾਰ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਉਮਰ ਖਾਲਿਦ ਨੂੰ ਬੁਲਾਏ ਜਾਣ ਦੇ ਵਿਰੋਧ ਵਿੱਚ ਏਬੀਵੀਪੀ ਨੇ ਹਮਲਾ ਕਰਕੇ ਅਨੇਕਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਦਾ ਵਿਰੋਧ ਕਰਦਿਆਂ ਹੋਇਆਂ ਗੁਰਮੇਹਰ ਨੇ ਫੇਸਬੁਕ 'ਤੇ ਇੱਕ ਚਿੱਤਰ ਲਗਾਇਆ ਕਿ ''ਮੈਂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹਾਂ। ਮੈਂ ਏਬੀਵੀਪੀ ਤੋਂ ਨਹੀਂ ਡਰਦੀ। ਮੈਂ ਇਕੱਲੀ ਹਾਂ। ਭਾਰਤ ਦਾ ਹਰੇਕ ਵਿਦਿਆਰਥੀ ਮੇਰੇ ਨਾਲ ਹੈ। ਸਟੂਡੈਂਟ ਅਗੇਂਸਟ ਏਬੀਵੀਪੀ।''

ਗੁਰਮੇਹਰ ਦਾ ਸੁਨੇਹਾ

ਇਸ ਤੋਂ ਬਾਅਦ ਫਿਰ ਕੀ ਸੀ ਸਮੱਰਥਨ ਤੇ ਵਿਰੋਧ ਵਿੱਚ ਬਹਿਸ ਛਿੜ ਪਈ। ਇਹ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਦਾ ਇੱਕ ਸੁਨੇਹਾ ਇਸ ਤਰ੍ਹਾਂ ਕੌਮਾਂਤਰੀ ਬਹਿਸ ਦਾ ਮੱਸਲਾ ਬਣ ਜਾਵੇਗਾ।


ਫਿਰਕੂ ਸਿਆਸਤਦਾਨ


ਅਸਲ ਵਿੱਚ, ਪਿਛਲੇ ਸਾਲ ਅਪ੍ਰੈਲ ਗੁਰਮੇਹਰ ਨੇ ਇੱਕ ਮੂਕ ਵੀਡੀਓ ਵਿੱਚ ਪਲੇਕਾਰਡ ਰਾਹੀਂ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੰਦਿਆਂ ਕਿਹਾ ਸੀ ਕਿ 'ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ, ਜੰਗ ਨੇ ਮਾਰਿਆ।' ਉਸ ਦੇ ਕਹਿਣ ਦਾ ਭਾਵ ਇਹੀ ਸੀ ਕਿ ਦੋਹਾਂ ਦੇਸਾਂ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ ਤੇ ਜੰਗ ਮਨੁੱਖਤਾ ਦਾ ਘਾਣ ਕਰਦੀ ਹੈ। ਪਹਿਲਾਂ ਵਰਿੰਦਰ ਸਹਿਵਾਗ ਨੇ ਇੱਕ ਤਰ੍ਹਾਂ ਇਸ ਬਿਆਨ ਦਾ ਮਜ਼ਾਕ ਬਣਾ ਦਿੱਤਾ, ਫਿਰ ਅਦਾਕਾਰ ਰਣਦੀਪ ਹੁੱਡਾ, ਕੁਸ਼ਤੀ ਦੀ ਖਿਡਾਰੀ ਬਬਿਤਾ ਫੋਗਾਟ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਮੈਂਟ ਕਰਨ ਵਾਲਿਆਂ ਨੇ ਗੁਰਮੇਹਰ 'ਤੇ ਪਾਕਿਸਤਾਨ ਦੇ ਪ੍ਰਤੀ ਨਰਮ ਹੋਣ ਤੱਕ ਦਾ ਦੋਸ਼ ਲਗਾ ਦਿੱਤਾ। ਮੁੱਕੇਬਾਜ਼ ਯੋਗੇਸ਼ਵਰ ਦੱਤ ਨੇ ਗੁਰਮੇਹਰ ਦੀ ਤੁਲਨਾ ਓਸਾਮਾ ਬਿਨ ਲਾਦੇਨ ਤੇ ਹਿਟਲਰ ਨਾਲ ਕਰ ਦਿੱਤੀ। ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਖੱਬੇਪੱਖੀਆਂ ਨੇ ਉਸ ਦਾ ਦਿਮਾਗ਼ ਗੰਦਾ ਕਰ ਦਿੱਤਾ ਅਤੇ ਕਈ ਦੂਜੇ ਨੇਤਾ ਵੀ ਗੁਰਮੇਹਰ ਦੇ ਪੱਖ-ਵਿਰੋਧੀ ਪੱਖ ਵਿੱਚ ਉਤਰ ਗਏ। ਹਾਲਾਂ ਕਿ ਉਸ ਨੇ ਕੋਈ ਵਿਵਾਦਪੂਰਨ ਗੱਲ ਨਹੀਂ ਕਹੀ ਤੇ ਨਾ ਹੀ ਇਹ ਭਾਰਤੀ ਵਿਰੋਧੀ ਬਿਆਨ ਸੀ। ਪਰ ਸੋਸ਼ਲ ਮੀਡੀਆ ਵਿੱਚ ਇਸ ਮੁੱਦੇ 'ਤੇ ਕੁਝ ਕੱਟੜਵਾਦੀਆਂ ਨੇ ਤਿੱਖੀ ਬਹਿਸ ਹੀ ਨਹੀਂ ਖੜੀ ਕੀਤੀ, ਸਗੋਂ ਉਸ ਨੂੰ ਦੇਸ ਦਾ ਗੱਦਾਰ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਦਿੱਤੀਆਂ।

ਪੀੜਤ ਏ ਗੁਰਮੇਹਰ 

ਗੁਰਮੇਹਰ ਇਸ ਗੱਲ ਤੋਂ ਪੀੜਤ ਹੈ ਕਿ ਕਈ ਮਸ਼ਹੂਰ ਲੋਕ ਮੇਰੀ ਦੇਸ ਭਗਤੀ 'ਤੇ ਸ਼ੱਕ ਕਰ ਰਹੇ ਹਨ। ਉਹ ਕਹਿੰਦੀ ਹੈ ਕਿ ''ਮੈਂ ਦੋ ਗੱਲਾਂ ਸਾਫ਼ ਕਰ ਦੇਣਾ ਚਾਹੁੰਦੀ ਹਾਂ ਇੱਕ ਤਾਂ ਉਹ ਰਾਸ਼ਟਰਵਾਦ ਦੀ ਮੇਰੀ ਧਾਰਨਾ ਨੂੰ ਨਹੀਂ ਸਮਝਦੇ। ਦੂਸਰੇ ਵਿਦਿਆਰਥੀਆਂ ਦੀ ਇਹ ਮੁਹਿੰਮ ਰਾਜਨੀਤਕ ਨਹੀਂ ਹੈ। ਇਹ ਤਾਂ ਵਿਦਿਆਰਥੀਆਂ ਦੇ ਸਿੱਖਿਆ ਸੰਸਥਾਨਾਂ ਨੂੰ ਹਿੰਸਾ ਤੋਂ ਮੁਕਤ ਰੱਖਣ ਲਈ ਹੈ।''

ਗੁਰਮੇਹਰ ਨੂੰ ਧਮਕੀਆਂ

ਇਸ ਤੋਂ ਸਾਫ ਜ਼ਾਹਿਰ ਹੈ ਕਿ ਅਖੌਤੀ ਰਾਸ਼ਟਰਵਾਦ ਦੀ ਪਰਿਭਾਸ਼ਾ ਦੇ ਅੰਤਰਗਤ ਫਿਰਕੂ ਲੋਕਾਂ ਨੇ ਭਾਰਤੀ ਸੰਵਿਧਾਨ ਵਿੱਚ ਬੋਲਣ ਦੀ ਅਜ਼ਾਦੀ ਤੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇੱਥੋਂ ਤੱਕ ਸਿੱਖਿਆ ਸੰਸਥਾਨਾਂ ਦਾ ਮਾਹੌਲ ਜ਼ਹਿਰੀਲਾ ਤੇ ਭੜਕਾਊ ਬਣਾ ਦਿੱਤਾ ਹੈ। ਅਸਲ ਵਿੱਚ ਇਸ ਪਿੱਛੇ ਸਭ ਰਾਜਨੀਤੀ ਚੱਲ ਰਹੀ ਹੈ। ਭਾਜਪਾ ਚਾਹੁੰਦੀ ਹੈ ਕਿ ਸਿੱਖਿਆ ਸੰਸਥਾਨਾਂ ਉੱਪਰ ਉਸ ਦਾ ਕਬਜ਼ਾ ਹੋਵੇ, ਤਾਂ ਜੋ ਸਮੁੱਚੇ ਵਿਦਿਆਰਥੀ ਵਰਗ ਨੂੰ ਭਗਵੇਂ ਰੰਗ ਵਿੱਚ ਰੰਗ ਕੇ ਆਪਣੀ ਸਿਆਸਤ ਨੂੰ ਮਜ਼ਬੂਤ ਬਣਾਇਆ ਜਾ ਸਕੇ। ਇਸੇ ਲਈ ਏਬੀਵੀਪੀ ਨਾਂ ਦਾ ਸੰਗਠਨ ਖੜ੍ਹਾ ਕੀਤਾ ਗਿਆ ਹੈ। ਜਿੱਥੋਂ ਤੱਕ ਗੁਰਮੇਹਰ ਨੂੰ ਬਲਾਤਕਾਰ ਧਮਕੀਆਂ ਦਾ ਸੁਆਲ ਹੈ ਇਹ ਸਿੱਧੇ ਤੌਰ 'ਤੇ ਅਪਰਾਧ ਹੈ ਤੇ ਇਸ ਵਿਰੁੱਧ ਭਾਵੇਂ ਕੇਸ ਦਰਜ ਹੋ ਚੁੱਕਾ ਹੈ ਤੇ ਗੁਰਮੇਹਰ ਨੂੰ ਸੁਰੱਖਿਆ ਵੀ ਮਿਲ ਚੁੱਕੀ ਹੈ, ਪਰ ਦੋਸ਼ੀਆਂ ਦਾ ਹਾਲੇ ਤੱਕ ਗ੍ਰਿਫ਼ਤਾਰ ਨਾ ਹੋਣਾ ਸਾਫ਼ ਜ਼ਾਹਿਰ ਕਰਦਾ ਹੈ ਕਿ ਇਸ ਪਿੱਛੇ ਡੂੰਘੀ ਸਿਆਸਤ ਕੰਮ ਕਰ ਰਹੀ ਹੈ। ਇਨ੍ਹਾਂ ਸਿਆਸਤਦਾਨਾਂ ਦੀ ਅਨੈਤਿਕ ਰਾਜਨੀਤੀ ਕਾਰਨ ਅੱਜ ਭਾਰਤ ਵਿੱਚ ਔਰਤ ਸੁਰੱਖਿਅਤ ਨਹੀਂ। ਬਲਾਤਕਾਰ ਹੋ ਰਹੇ ਹਨ ਪਰ ਕਿਸੇ ਨੂੰ ਸਜ਼ਾ ਨਹੀਂ।
ਇਹ ਕਿੰਨੀ ਦੁਖਾਂਤਕ ਗੱਲ ਹੈ ਕਿ ਜਿਸ ਦਾ ਬਾਪ ਕੈਪਟਨ ਮਨਦੀਪ ਸਿੰਘ ਦੇਸ ਦੇ ਲਈ ਸ਼ਹੀਦ ਹੋ ਗਿਆ ਹੋਵੇ, ਉਸ ਨੂੰ ਕੁਝ ਹਵਸੀ ਲੋਕ ਬਲਾਤਕਾਰ ਦੀਆਂ ਧਮਕੀਆਂ ਦੇਣ, ਤਾਂ ਇਹ ਦੇਸ ਦੀ ਜਮਹੂਰੀਅਤ 'ਤੇ ਕਾਲਾ ਧੱਬਾ ਹੈ।
ਕੀ ਦੇਸਵਾਸੀਆਂ ਨੂੰ ਇਸ ਗੱਲ 'ਤੇ ਮਾਣ ਨਹੀਂ ਕਿ ਕੈਪਟਨ ਮਨਦੀਪ ਸਿੰਘ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਸ਼ਹੀਦ ਹੋਏ ਹਨ ਕਿ ਮੇਰੇ ਪਿੱਛੇ ਮੇਰਾ ਪਰਿਵਾਰ ਹੈ ਤੇ ਉਨ੍ਹਾਂ ਦੀ ਸੁਰੱਖਿਆ ਕੌਣ ਕਰੇਗਾ। ਪਰ ਅਫ਼ਸੋਸ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਤੇ ਇੱਕ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਨਹਾ ਸਮੇਤ ਕਈ ਰਾਜਸੀ ਹਸਤੀਆਂ ਨੇ ਇਸ ਮਾਮਲੇ ਵਿੱਚ ਸਿਆਸਤ ਖੇਡੀ ਹੈ ਤੇ ਸ਼ਹੀਦ ਕੈਪਟਨ ਦੀ ਧੀ ਵਿਰੁੱਧ ਮੰਦੀ ਸ਼ਬਦਾਵਲੀ ਬੋਲ ਕੇ ਗੁੰਡਾਗਰਦ ਤਾਕਤਾਂ ਦੇ ਹੌਂਸਲੇ ਵਧਾਏ ਹਨ।

ਗੁਰਮੇਹਰ ਦੀ ਹਮਾਇਤ


ਗੁਰਮੇਹਰ ਨੇ ਕੁਝ ਕਾਰਨਾਂ ਕਰਕੇ ਚਾਹੇ ਉਸ ਨੂੰ ਪਰਿਵਾਰ ਦਾ ਦਬਾਅ ਮੰਨ ਲਓ ਹੁਣ ਏਬੀਵੀਪੀ ਖ਼ਿਲਾਫ਼ ਮੁਹਿੰਮ ਤੋਂ ਖ਼ੁਦ ਨੂੰ ਅਲਹਿਦਾ ਕਰ ਲਿਆ ਹੈ ਤੇ ਜਲੰਧਰ ਆਪਣੇ ਘਰ ਆ ਗਈ ਹੈ। ਉਸ ਦੇ ਦਾਦੇ ਨੇ ਵੀ ਗੁਰਮੇਹਰ ਦਾ ਸਮਰਥਨ ਕੀਤਾ ਹੈ। ਇਸ ਦੌਰਾਨ ਉਸ ਦੇ ਦਾਦਾ ਕਮਲਜੀਤ ਸਿੰਘ ਨੇ ਕਿਹਾ ਕਿ ਗੁਰਮੇਹਰ ਕੌਰ ਜਲਦੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਵਾਪਸ ਦਿੱਲੀ ਚਲੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਮੇਹਰ ਦਲੇਰ ਲੜਕੀ ਹੈ ਤੇ ਉਸ ਵੱਲੋਂ ਉਠਾਏ ਮੁੱਦਿਆਂ ਨੂੰ ਰਾਜਸੀ ਰੰਗਤ ਨਾ ਦਿੱਤੀ ਜਾਵੇ। ਉਨ੍ਹਾਂ ਦੇ ਪੁੱਤਰ ਕੈਪਟਨ ਮਨਦੀਪ ਸਿੰਘ ਨੇ ਦੇਸ਼ ਲਈ ਜਾਨ ਵਾਰੀ ਹੈ। ਭਾਰਤ-ਪਾਕਿ ਵਿੱਚ ਸ਼ਾਂਤੀ ਦਾ ਮਾਹੌਲ ਰੱਖਣ ਦੀ ਵਕਾਲਤ ਕਰਨ ਵਾਲੀ ਗੁਰਮਿਹਰ ਕੌਰ ਨੇ ਕੋਈ ਗਲਤ ਗੱਲ ਨਹੀਂ ਕੀਤੀ।
ਕਾਂਗਰਸ , ਖੱਬੇਪੱਖੀ ਧਿਰਾਂ, ਆਪ ਪਾਰਟੀ ਵੀ ਇਸ ਦੇ ਸਮਰਥਨ ਵਿੱਚ ਆ ਗਈੇਆਂ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਹਮਾਇਤ ਕਰ ਚੁੱਕੀ ਹੈ, ਹੁਣ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵੱਲੋਂ ਗੁਰਮੇਹਰ ਕੌਰ ਦੀ ਹਮਾਇਤ ਕਰ ਦਿੱਤੀ ਗਈ ਹੈ ਕਿ ਉਹ ਪੰਜਾਬ ਦੀ ਧੀ ਨਾਲ ਖਲੋਤੇ ਹਨ। ਇਨ੍ਹਾਂ ਧਿਰਾਂ ਦਾ ਮੰਨਣਾ ਹੈ ਕਿ  ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਨਾਲ ਅਜਿਹੀ ਦੁਖਦਾਈ ਘਟਨਾ ਵਾਪਰਨਾ ਸ਼ਹੀਦਾਂ ਦਾ ਵੱਡਾ ਅਪਮਾਨ ਹੈ। ਪਰ ਗੁਰਮੇਹਰ ਦੇ ਘਰ ਦੇ ਇਸ ਨੂੰ ਰਾਜਨੀਤਕ ਮੁੱਦਾ ਨਹੀਂ ਬਣਾਉਣਾ ਚਾਹੁੰਦੇ, ਚਾਹੇ ਕੁਝ ਵੀ ਹੋਵੇ, ਗੁਰਮੇਹਰ ਵਿਚਾਰਧਾਰਕ ਆਜ਼ਾਦੀ ਦਾ ਝੰਡਾ ਬੁਲੰਦ ਕਰਨ ਵਿੱਚ ਕਾਮਯਾਬ ਹੋਈ ਹੈ।
ਇਸ ਸੰਦਰਭ ਵਿੱਚ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਫੇਸਬੁੱਕ ਨੂੰ ਨੋਟਿਸ ਜਾਰੀ ਕਰਕੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਨੂੰ ਜਾਨ ਤੋਂ ਮਾਰਨ ਅਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਦੇਣ ਵਾਲਿਆਂ ਦਾ ਬਿਊਰਾ ਦੇਣ ਲਈ ਆਖਿਆ ਹੈ।
ਕਮਿਸ਼ਨ ਨੇ ਦੋਸ਼ੀਆਂ ਦੇ ਆਈ ਪੀ ਐਡਰੈੱਸ ਅਤੇ ਹੋਰ ਜਾਣਕਾਰੀ ਦੇਣ ਲਈ ਵੀ ਕਿਹਾ ਹੈ। ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਨੇ ਜਿਹੜੇ ਫੇਸਬੁੱਕ ਖਾਤਿਆਂ ਤੋਂ ਧਮਕੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਬੰਦ ਕਰਨ ਲਈ ਵੀ ਆਖਿਆ ਹੈ। ਦਿੱਲੀ ਪੁਲਸ ਨੇ ਮਹਿਲਾ ਕਮਿਸ਼ਨ ਦੇ ਦਖਲ ਤੋਂ ਬਾਅਦ ਇਸ ਮਾਮਲੇ ਸੰਬੰਧੀ ਐੱਫ ਆਈ ਆਰ ਦਰਜ ਕਰ ਲਈ ਹੈ। ਦੁਨੀਆਂ ਭਰ ਵਿੱਚ ਮਨੁੱਖੀ ਸਮਾਜ ਲਈ ਕੰਮ ਕਰਨ ਵਾਲੀਆਂ ਸਾਰੀਆਂ ਮਸ਼ਹੂਰ ਸ਼ਖ਼ਸੀਅਤਾਂ, ਲੋਕ, ਮਨੁੱਖੀ ਅਧਿਕਾਰ ਸੰਗਠਨਾਂ ਨੇ ਯੁੱਧ ਨੂੰ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਹੈ। ਯੁੱਧ ਵਿੱਚ ਵਿਰੋਧੀ ਪੱਖ ਦੇ ਰੂਪ ਵਿੱਚ ਦੋ ਦੇਸ ਹੁੰਦੇ ਹੋਣ, ਪਰ ਯੁੱਧ ਦਾ ਨਤੀਜਾ ਆਖਿਰਕਾਰ ਅਣਗਿਣਤ ਇਨਸਾਨਾਂ ਦੀ ਮੌਤ ਤੇ ਇਨਸਾਨੀਅਤ ਦੇ ਨੁਕਸਾਨ ਦੀ ਸ਼ਕਲ ਵਿੱਚ ਹੀ ਸਾਹਮਣੇ ਆਉਂਦਾ ਹੈ। ਇਸ ਪੱਖੋਂ ਜੇਕਰ ਸਿਰਫ਼ 20 ਸਾਲ ਦੀ ਵਿਦਿਆਰਥਣ ਗੁਰਮੇਹਰ ਆਪਣੇ ਪਿਤਾ ਦੇ ਸ਼ਹੀਦ ਹੋਣ ਦੇ ਬਾਵਜੂਦ ਕਿਸੇ ਖ਼ਾਸ ਪੱਖ ਨੂੰ ਕਸੂਰਵਾਰ ਠਹਿਰਾਉਣ ਦੀ ਬਜਾਏ ਉਸ ਦੇ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਸੀ, ਤਾਂ ਇਸ ਨੂੰ ਉਸ ਅਮਨ ਸ਼ਾਂਤੀ ਵਾਲੀ ਭਾਵਨਾ ਦਾ ਸਬੂਤ ਮੰਨਿਆ ਜਾਣਾ ਚਾਹੀਦਾ ਹੈ, ਜਿਸ ਹਾਹੀਂ ਦੋਹਾਂ ਦੇਸਾਂ ਵਿੱਚ ਅਮਨ ਸ਼ਾਂਤੀ ਦਾ ਸੁਨੇਹਾ ਉਜਾਗਰ ਹੁੰਦਾ ਹੈ। ਬੀਤੇ ਹੋਏ ਨਫ਼ਰਤ ਦੇ ਅਧਿਆਇ ਨੂੰ ਭੁਲਾ ਕੇ ਹੀ ਮਨੁੱਖਤਾ ਤੇ ਪ੍ਰੇਮ ਦਾ ਸਮਾਜ ਬਣਾਇਆ ਜਾ ਸਕਦਾ ਹੈ।

ਕੀ ਹੋਵੇ

ਇਸ ਸੰਦਰਭ ਵਿੱਚ ਨਾਲ ਦੇਖੀਏ, ਤਾਂ ਗੁਰਮੇਹਰ ਦੇ ਵਿਚਾਰ ਹਿੰਸਾ ਤੇ ਨਫ਼ਰਤ ਨੂੰ ਰੱਦ ਕਰਦੇ ਹਨ। ਜਿਸ ਲੜਕੀ ਦੇ ਪਿਤਾ ਕਾਰਗਿਲ ਜੰਗ ਵਿੱਚ ਅੱਤਵਾਦੀਆਂ ਨਾਲ ਲੜਦੇ ਹੋਏ ਦੇਸ ਲਈ ਸ਼ਹੀਦ ਹੋਏ, ਉਸ ਦੀ ਸਦਭਾਵਨਾ ਦੀ ਮੰਗ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਤੇ ਉਸ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ। ਇਹ ਕਿਸ ਤਰ੍ਹਾਂ ਦੀ ਮਲੀਨ ਸੋਚ ਹੈ, ਜੋ ਰਾਸ਼ਟਰਵਾਦ 'ਤੇ ਪਹਿਰਾ ਦੇਣ ਦਾ ਦਿਖਾਵਾ ਕਰ ਰਹੀ ਹੈ। ਇਸ ਨਾਲ ਉਹ ਨਿਰਦੋਸ਼ ਮੁਟਿਆਰ ਗੁਰਮੇਹਰ ਖ਼ੁਦ ਨੂੰ ਪੀੜਤ ਮਹਿਸੂਸ ਕਰ ਰਹੀ ਹੈ। ਲੋੜ ਇਸ ਗੱਲ ਦੀ ਹੈ ਕਿ ਸਮੁੱਚਾ ਸਮਾਜ ਔਰਤ ਦੀ ਅਜ਼ਾਦੀ ਦੇ ਲਈ ਤੇ ਵਿਸ਼ਵ ਦੀ ਸ਼ਾਂਤੀ ਲਈ ਗੁਰਮੇਹਰ ਕੌਰ ਦੀ ਹਮਾਇਤ ਕਰੇ, ਤਾਂ ਜੋ ਫਾਸ਼ੀਵਾਦੀ ਤਾਕਤਾਂ ਵਿਰੁੱਧ ਜੂਝਣ ਵਾਲੀਆਂ ਜਮਹੂਰੀ ਤਾਕਤਾਂ ਦਾ ਮਨੋਬਲ ਵਧ ਸਕੇ।