deshpunjabtimes.blogspot.com

Saturday, 24 September 2011

ਸਿੱਖ ਰਾਜ ਦੀ ਪਹਿਲੀ ਪਹਿਲੀ ਰਾਜਧਾਨੀ ਲੋਹਗੜ੍ਹ \ਨਰਿੰਜਨ ਸਿੰਘ ਸਾਥੀ


ਫ਼ੈਜ਼ਾਬਾਦ ਵਿੱਚ ਅਸਲੀ ਮੁਖ਼ਲਿਸਪੁਰ ਦੇ ਬਾਦਸ਼ਾਹੀ ਮਹਿਲਾਂ ਦੇ ਖੰਡਰ
ਬਾਬਾ ਬੰਦਾ ਸਿੰਘ ਬਹਾਦਰ ਦੇ ਕਿਲ੍ਹੇ ਅਤੇ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਹਗੜ੍ਹ ਦੇ ਪਿਛੋਕੜ ਬਾਰੇ ਲੰਮੇ ਸਮੇਂ ਤੋਂ ਭੁਲੇਖਾ ਰਿਹਾ ਹੈ। ਗਿਆਨੀ ਗਿਆਨ ਸਿੰਘ ਤੋਂ ਲੈ ਕੇ ਪ੍ਰਿੰਸੀਪਲ ਸਤਿਬੀਰ ਸਿੰਘ ਤਕ ਸਾਰੇ ਸਿੱਖ ਅਤੇ ਪੰਜਾਬੀ ਇਤਿਹਾਸਕਾਰ ਅਤੇ ਅੰਗਰੇਜ਼ੀ ਵਿੱਚ ਲਿਖਣ ਵਾਲੇ ਕੁਝ ਇਤਿਹਾਸਕਾਰ ਵੀ ਲਿਖਦੇ ਹਨ ਕਿ ਕਿਲ੍ਹਾ ਲੋਹਗੜ੍ਹ ਦਾ ਪਹਿਲਾ ਨਾਂ ਮੁਖ਼ਲਿਸਗੜ੍ਹ ਜਾਂ ਮੁਖ਼ਲਿਸਪੁਰ ਸੀ ਕਿਉਂਕਿ ਇਸ ਕਿਲ੍ਹੇ ਨੂੰ ਸ਼ਾਹ ਜਹਾਨ ਦੇ ਇੱਕ ਜਰਨੈਲ ਮੁਖ਼ਲਿਸ ਖ਼ਾਨ ਨੇ ਬਣਵਾਇਆ ਸੀ। ਬਾਦਸ਼ਾਹ ਸ਼ਾਹ ਜਹਾਨ ਕਦੀ-ਕਦੀ ਇੱਥੇ ਆ ਕੇ ਰਹਿੰਦਾ ਅਤੇ ਸ਼ਿਕਾਰ ਖੇਡਦਾ ਸੀ, ਗਿਆਨੀ ਗਿਆਨ ਸਿੰਘ, ਮੁਖ਼ਲਿਸ ਖ਼ਾਨ ਨੂੰ ਸਰਹਿੰਦ ਦਾ ਸੂਬੇਦਾਰ ਦੱਸਦੇ ਹਨ। ਗਿਆਨੀ ਜੀ ਅਨੁਸਾਰ ‘ਬੰਦਾ ਸਿੰਘ ਬਹਾਦਰ ਨੇ ਕਿਲ੍ਹੇ ਮੁਖ਼ਲਿਸਗੜ੍ਹ ਦੀ ਮੁਰੰਮਤ ਕਰਾਉਣੀ ਸ਼ੁਰੂ ਕਰਕੇ ਉਸ ਦਾ ਨਾਂ ਲੋਹਗੜ੍ਹ ਰੱਖਿਆ। ਇਹ ਕਿਲ੍ਹਾ ਮੁਖ਼ਲਿਸ ਖਾਂ ਸੂਬੇ ਸਰਹਿੰਦ ਨੇ ਸਢੌਰੇ ਤੋਂ ਵੀਹ ਕੋਹ ਪਹਾੜ ਵਿੱਚ ਬਹੁਤ ਪੁਖ਼ਤਾ ਬਣਾ ਰੱਖਿਆ ਸੀ। ਸਰਹਿੰਦ ਮਾਰਨ ਤੋਂ ਪਿੱਛੋਂ ਉਸੇ ਸਮੇਂ ਬੰਦੇ ਨੇ ਬਣਵਾਉਣਾ ਆਰੰਭ ਦਿੱਤਾ।’ (ਤਵਾਰੀਖ ਗੁਰੂ ਖਾਲਸਾ, ਭਾਗ ਦੂਜਾ, ਪੰਨਾ 29)
ਨਰਿੰਜਨ ਸਿੰਘ ਸਾਥੀ
ਸ. ਕਰਮ ਸਿੰਘ ਹਿਸਟੋਰੀਅਨ ਲਿਖਦੇ ਹਨ, ‘ਸ਼ਾਹ ਜਹਾਂ ਬਾਦਸ਼ਾਹ ਨੂੰ ਜੈਸਾ ਸ਼ੌਕ ਇਮਾਰਤਾਂ ਦਾ ਸੀ, ਉਸ ਤੋਂ ਕੁਝ ਘੱਟ ਸ਼ਿਕਾਰ ਦਾ ਸੀ। ਸਾਰੀਆਂ ਸ਼ਿਕਾਰ-ਗਾਹਵਾਂ ਨਾਲੋਂ ਉਸ ਨੂੰ ਉਹ ਸ਼ਿਕਾਰਗਾਹ ਚੰਗੀ ਲੱਗੀ, ਜੋ ਸਢੌਰਿਉਂ ਪੰਜ ਕੁ ਕੋਹ ਪਹਾੜੀ ਦੇ ਪੈਰਾਂ ਵਿੱਚ ਸੀ। ਮੁਖ਼ਲਿਸ ਖਾਂ ਨੂੰ ਹੁਕਮ ਦਿੱਤਾ ਕਿ ਇਸ ਸੁੰਦਰ ਰਮਣੀਕ ਅਸਥਾਨ ਵਿੱਚ ਮਹੱਲ ਤੇ ਕਿਲ੍ਹਾ ਬਣਾਏ ਜਾਣ।… ਇੱਕ ਤਕੜਾ ਤੇ ਸੁੰਦਰ ਕਿਲ੍ਹਾ ਮੁਖ਼ਲਿਸਪੁਰ ਦੇ ਨਾਂ ਤੋਂ ਬਣਾਇਆ ਗਿਆ, ਜਿੱਥੇ ਆ ਕੇ ਬਾਦਸ਼ਾਹ ਆਪਣੀਆਂ ਗਰਮੀਆਂ ਦੇ ਦਿਨ ਕੱਟਿਆ ਕਰਦਾ ਸੀ।’ (ਬੰਦਾ ਬਹਾਦਰ ਅਤੇ ਬੰਦਾ ਬਹਾਦਰ ਕੌਣ ਸੀ? (ਪੰਨਾ: 75)
ਲੋਹਗੜ੍ਹ ਬਾਰੇ ਡਾ. ਗੰਡਾ ਸਿੰਘ ਵੀ ਕਰਮ ਸਿੰਘ ਹਿਸਟੋਰੀਅਨ ਨਾਲ ਸਹਿਮਤ ਹਨ। ਉਹ ਲਿਖਦੇ ਹਨ, ‘ਬੰਦਾ ਸਿੰਘ ਬਹਾਦਰ ਨੇ ਮੁਖ਼ਲਿਸਗੜ੍ਹ ਦੇ ਕਿਲ੍ਹੇ ਨੂੰ ਆਪਣੀ ਰਾਜਧਾਨੀ ਥਾਪਿਆ ਅਤੇ ਇਸ ਅਸਥਾਨ ਨੂੰ ਆਪਣੀਆਂ ਅਗਲੀਆਂ ਮੁਹਿੰਮਾਂ ਲਈ ਆਧਾਰ-ਕੇਂਦਰ ਬਣਾਇਆ। …ਮੁਖ਼ਲਿਸਗੜ੍ਹ ਦਾ ਕਿਲ੍ਹਾ ਬਾਦਸ਼ਾਹ ਸ਼ਾਹ ਜਹਾਨ ਦੀ ਆਗਿਆ ਅਨੁਸਾਰ ਮੁਖ਼ਲਿਸ ਖ਼ਾਨ ਨੇ ਬਣਵਾਇਆ ਸੀ ਅਤੇ ਬਾਦਸ਼ਾਹ ਕਦੀ-ਕਦੀ ਇੱਥੇ ਗਰਮੀਆਂ ਕੱਟਣ ਆ ਜਾਂਦਾ ਸੀ।’
(ਬੰਦਾ ਸਿੰਘ ਬਹਾਦਰ, ਪੰਨਾ: 38)
ਲੋਹਗੜ੍ਹ ਬਾਰੇ ਡਾ. ਹਰੀ ਰਾਮ ਗੁਪਤਾ ਦੀ ਸੂਚਨਾ ਵੀ ਇਨ੍ਹਾਂ ਹਵਾਲਿਆਂ ਨਾਲ ਮੇਲ ਖਾਂਦੀ ਹੈ। ਡਾ. ਗੁਪਤਾ ਅਨੁਸਾਰ ‘ਬੰਦਾ ਸਿੰਘ ਬਹਾਦਰ ਨੇ ਫਰਵਰੀ 1710 ਦੇ ਸ਼ੁਰੂ ਵਿੱਚ ਮੁਖ਼ਲਿਸਪੁਰ ਨੂੰ ਆਪਣਾ ਹੈੱਡਕੁਆਰਟਰ ਬਣਾਇਆ। ਇਹ ਅਸਥਾਨ ਸਢੌਰੇ ਤੋਂ ਤਕਰੀਬਨ 20 ਕਿਲੋਮੀਟਰ ਦੂਰ ਨਾਹਨ ਦੇ ਦੱਖਣ ਵਿੱਚ ਸ਼ਿਵਾਲਿਕ ਦੀਆਂ ਨੀਵੀਆਂ ਪਹਾੜੀਆਂ ਵਿੱਚ ਹੈ। …ਮੁਖ਼ਲਿਸਪੁਰ ਦਾ ਨਾਂ ਬਦਲ ਕੇ ਲੋਹਗੜ੍ਹ ਰੱਖਿਆ ਗਿਆ ਅਤੇ ਇਹ ਅਸਥਾਨ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਬਣ ਗਿਆ।’ (8istory of the Sikhs, Vol. 99, ਪੰਨਾ:10)
ਪਰ ਇਨ੍ਹਾਂ ਇਤਿਹਾਸਕਾਰਾਂ ਦੇ ਸਨਮੁਖ ਇਹ ਕਹਿਣ ਲੱਗਿਆਂ ‘ਛੋਟਾ ਮੂੰਹ ਵੱਡੀ ਗੱਲ’ ਕਹਿਣ ਵਰਗਾ ਅਹਿਸਾਸ ਹੋ ਰਿਹਾ ਹੈ ਕਿ ਲੋਹਗੜ੍ਹ ਦੇ ਪਿਛੋਕੜ ਬਾਰੇ ਇਹ ਜਾਣਕਾਰੀ ਸਹੀ ਨਹੀਂ ਹੈ। ਸ਼ਾਹ ਜਹਾਨ, ਮੁਖ਼ਲਿਸ ਖ਼ਾਨ ਅਤੇ ਮੁਖ਼ਲਿਸਪੁਰ ਦੀਆਂ ਗੱਲਾਂ ਲੋਹਗੜ੍ਹ ਨਾਲ ਸਬੰਧਤ ਨਹੀਂ ਹਨ। ਸ਼ਾਹ ਜਹਾਨ ਵੱਲੋਂ ਬਣਾਈ ਗਈ ਸ਼ਿਕਾਰਗਾਹ ਮੁਖ਼ਲਿਸਪੁਰ, ਲੋਹਗੜ੍ਹ ਵਾਲੇ ਸਥਾਨ ’ਤੇ ਨਹੀਂ ਬਣਾਈ ਗਈ ਸੀ ਸਗੋਂ ਇਹ ਸ਼ਿਕਾਰਗਾਹ ਲੋਹਗੜ੍ਹ ਵਾਲੇ ਅਸਥਾਨ ਤੋਂ ਕਾਂ-ਦੀ-ਉਡਾਰੀ ਤਕਰੀਬਨ 35 ਕਿਲੋਮੀਟਰ ਦੂਰ ਜਮਨਾ ਦਰਿਆ ਦੇ ਪਰਲੇ ਪਾਸੇ ਬਣਾਈ ਗਈ ਸੀ। ਲੋਹਗੜ੍ਹ ਤੋਂ ਜੇ ਪਾਉਂਟਾ ਸਾਹਿਬ ਵਿਚੀਂ ਅਸਲ ਮੁਖ਼ਲਿਸਪੁਰ ਨੂੰ ਜਾਣਾ ਹੋਵੇ ਤਾਂ ਸੜਕ ਰਾਹੀਂ ਫ਼ਾਸਲਾ ਤਕਰੀਬਨ 90 ਕਿਲੋਮੀਟਰ ਬਣ ਜਾਂਦਾ ਹੈ।
ਮੁਖ਼ਲਿਸਪੁਰ ਵਾਲਾ ਇਹ ਅਸਲ ਸਥਾਨ ਅੱਜਕੱਲ੍ਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹਾਰਨਪੁਰ ਵਿੱਚ ਹੈ। ਸ਼ਾਹ ਜਹਾਨ ਦੇ ਵੇਲੇ ਵੀ ਇਹ ਜਗ੍ਹਾ ਸਹਾਰਨਪੁਰ ਦੀ ਸਰਕਾਰ (ਜ਼ਿਲ੍ਹੇ) ਵਿੱਚ ਹੀ ਪੈਂਦੀ ਸੀ। ‘ਦੀ ਲੇਟਰ ਮੁਗਲਜ਼’ ਦੇ ਕਰਤਾ ਵਿਲੀਅਮ ਇਰਵਿਨ ‘ਮਆਸਿਰ-ਉਲ-ਉਮਰਾ’ (ਲੇਖਕ ਨਵਾਬ ਸ਼ਾਹ ਨਵਾਜ਼ ਖ਼ਾਨ) ਦੇ ਹਵਾਲੇ ਨਾਲ ਲਿਖਦੇ ਹਨ, ‘ਦੇਸੀ ਲੇਖਕ (Native Writers) ‘ਗੁਰੂ’ (ਬੰਦਾ ਸਿੰਘ ਬਹਾਦਰ) ਦੇ ਕਿਲ੍ਹੇ ਦਾ ਭੁਲੇਖਾ ਮੁਖ਼ਲਿਸਪੁਰ ਨਾਲ ਪਾ ਦਿੰਦੇ ਹਨ। ਮੁਖ਼ਲਿਸਪੁਰ ਉਸ ਸ਼ਿਕਾਰਗਾਹ ਦਾ ਨਾਂ ਸੀ, ਜਿਸ ਨੂੰ ਹੁਣ ਬਾਦਸ਼ਾਹੀ ਮਹਿਲ ਕਹਿੰਦੇ ਹਨ। ਇਹ ਸ਼ਿਕਾਰਗਾਹ ਤੇ ਮਹਿਲ ਸ਼ਾਹ ਜਹਾਨ ਨੇ, ਦਰਿਆ ਜਮਨਾ ਦੇ ਖੱਬੇ ਕਿਨਾਰੇ ਉਤੇ ਉਸ ਥਾਂ ਤੋਂ ਕੁਝ ਮੀਲ ਹੇਠਾਂ ਬਣਵਾਏ ਸਨ, ਜਿੱਥੋਂ ਜਮਨਾ ਵਿੱਚੋਂ ਪੂਰਬੀ ਤੇ ਪੱਛਮੀ ਨਹਿਰਾਂ ਨਿਕਲਦੀਆਂ ਹਨ। ਸਹਾਰਨਪੁਰ ਸਰਕਾਰ ਦੇ ਪਰਗਨਾ ਮੁਜ਼ੱਫਰਾਬਾਦ ਨਾਲੋਂ ਕੁਝ ਜ਼ਮੀਨ ਕੱਟ ਕੇ ਇਸ ਜਗ੍ਹਾ ਦੇ ਨਾਂ ਲਾਈ ਗਈ ਸੀ, ਜਿਸ ਨੂੰ ਫ਼ੈਜ਼ਾਬਾਦ ਕਹਿੰਦੇ ਹਨ।’
ਇਸ ਤਰ੍ਹਾਂ ਵਿਲੀਅਮ ਇਰਵਿਨ ਨੇ ਲੋਹਗੜ੍ਹ ਤੇ ਮੁਖ਼ਲਿਸਪੁਰ ਨੂੰ ਰਲਗੱਡ ਕਰਨ ਦਾ ਭੁਲੇਖਾ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਭੁਲੇਖਾ ਪਾਇਆ ਕਿਸ ਨੇ? ਜਾਪਦਾ ਹੈ ਕਿ ਲੋਹਗੜ੍ਹ ਤੇ ਮੁਖ਼ਲਿਸਪੁਰ ਨੂੰ ਇੱਕੋ ਥਾਂ ਦੱਸਣ ਦੀ ਗੱਲ ਸਾਡੇ ਇਤਿਹਾਸਕਾਰਾਂ (ਸ. ਕਰਮ ਸਿੰਘ ਹਿਸਟੋਰੀਅਨ ਤੇ ਡਾ. ਗੰਡਾ ਸਿੰਘ ਆਦਿ) ਨੇ ਮੁਹੰਮਦ ਕਾਸਿਮ ‘ਇਬਰਤ’ ਲਾਹੌਰੀ ਦੇ ‘ਇਬਰਤਨਾਮਾ’ (1723 ਈ.) ਤੋਂ ਲਈ ਹੈ। ਫਾਰਸੀ ਤਵਾਰੀਖਦਾਨਾਂ ਵਿੱਚੋਂ ਮੁਹੰਮਦ ਕਾਸਿਮ ਸ਼ਾਇਦ ਇੱਕੋ-ਇੱਕ ਲੇਖਕ ਹੈ ਜਿਸ ਨੇ ਲੋਹਗੜ੍ਹ ਦਾ ਪਹਿਲਾ ਨਾਂ ਮੁਖ਼ਲਿਸਪੁਰ ਲਿਖਿਆ ਹੈ। ਮੁਹੰਮਦ ਕਾਸਿਮ ‘ਇਬਰਤਨਾਮਾ’ ਵਿੱਚ ਲਿਖਦੇ ਹਨ: ‘ਬੰਦਾ ਬਹਾਦਰ ਨੇ ਸਢੌਰੇ ਨੇੜੇ ਮੁਖਲਿਸਪੁਰ ਦੇ ਕਿਲ੍ਹੇ ਵਿੱਚ ਸ਼ਰਨ ਲਈ ਜੋ ਸਰਹਿੰਦ ਤੋਂ 40 ਕੋਹ ਦੂਰ ਹੈ। ਡੱਬਰ ਦੇ ਨੀਵੇਂ ਇਲਾਕੇ ਵਿੱਚ ਇਹ ਥਾਂ ਬਾਦਸ਼ਾਹਾਂ ਦੀ ਸ਼ਿਕਾਰਗਾਹ ਹੈ।’ (Sikh 8istory from Persian Sources; ਸੰਪਾਦਕ:ਜੇ.ਐੱਸ. ਗਰੇਵਾਲ ਤੇ ਇਰਫ਼ਾਨ ਹਬੀਬ,117-18)
ਮੁਖ਼ਲਿਸਪੁਰ ਬਾਦਸ਼ਾਹਾਂ ਦੀ ਸ਼ਿਕਾਰਗਾਹ ਤਾਂ ਜ਼ਰੂਰ ਸੀ ਪਰ ਇਹ ਸ਼ਿਕਾਰਗਾਹ ਲੋਹਗੜ੍ਹ ਵਾਲੇ ਸਥਾਨ ’ਤੇ ਨਹੀਂ ਸੀ, ਸਗੋਂ ਇੱਥੋਂ ਪੂਰਬ-ਦੱਖਣ ਵਿੱਚ ਕਾਂ-ਦੀ ਉਡਾਰੀ ਤਕਰੀਬਨ 35 ਕਿਲੋਮੀਟਰ ਦੂਰ ਦਰਿਆ ਜਮਨਾ ਦੇ ਖੱਬੇ ਕਿਨਾਰੇ ਉੱਤੇ ਸੀ। ਜੇ.ਐੱਸ. ਗਰੇਵਾਲ ਅਤੇ ਇਰਫ਼ਾਨ ਹਬੀਬ ਵੱਲੋਂ ਸੰਪਾਦਿਤ ਪੁਸਤਕ ‘Sikh 8istory from Persian Sources’ ਵਿੱਚ ਲੋਹਗੜ੍ਹ ਅਤੇ ਮੁਖ਼ਲਿਸਪੁਰ (ਫ਼ੈਜ਼ਾਬਾਦ) ਦੇ ਅੰਤਰ ਨੂੰ ਇੱਕ ਨਕਸ਼ੇ ਦੀ ਮਦਦ ਨਾਲ ਸਮਝਾਇਆ ਵੀ ਗਿਆ ਹੈ।
ਮੁਖ਼ਲਿਸਪੁਰ ਨੂੰ ਮੁਖ਼ਲਿਸ ਖ਼ਾਨ ਦੁਆਰਾ ਬਣਾਏ ਜਾਣ ਦੀ ਪੁਸ਼ਟੀ ਵੀ ਇਤਿਹਾਸ ਨਹੀਂ ਕਰਦਾ। ਮੁਆਸਿਰ-ਉਲ-ਉਮਰਾ (ਸ਼ਾਹ ਨਵਾਜ਼ ਖ਼ਾਨ) ਦੇ ਦੋ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਮੁਖ਼ਲਿਸਪੁਰ ਦੀਆਂ ਇਮਾਰਤਾਂ (ਬਾਦਸ਼ਾਹੀ ਮਹਿਲ) 1655-57 ਵਿੱਚ ਸ਼ਾਹ ਜਹਾਨ ਦੇ ਹੁਕਮ ਨਾਲ, ਗਜ਼ਨਫ਼ਰ ਖ਼ਾਨ ਅਤੇ ਹੁਸੈਨ ਬੇਗ ਖ਼ਾਨ ਨੇ ਪੰਜ ਲੱਖ ਦੇ ਖਰਚੇ ਨਾਲ ਬਣਾਈਆਂ ਸਨ ਅਤੇ ਬਾਦਸ਼ਾਹ ਇਸ ਖੁਸ਼ਗਵਾਰ ਸਥਾਨ ’ਤੇ ਆਮ ਤੌਰ ’ਤੇ ਆਇਆ ਕਰਦਾ ਸੀ। (“he Maathir-ul-”mra, Vol. 9 Low Price 5d. ੧੯੯੯  ਪੰਨਾ:581 ਤੇ 828)
ਮੁਖ਼ਲਿਸਪੁਰ ਬਾਰੇ ਵਧੀਆ ਜਾਣਕਾਰੀ ਸਾਨੂੰ ਹਿੰਦੀ ਵਿੱਚ ਲਿਖੀ ਇੱਕ ਪੁਸਤਕ ‘ਮੁਗਲ ਸਮਰਾਟ ਸ਼ਾਹ ਜਹਾਂ’ ਵਿੱਚ ਮਿਲਦੀ ਹੈ। ਰਾਜਸਥਾਨ ਹਿੰਦੀ ਗ੍ਰੰਥ ਅਕਾਦਮੀ ਜੈਪੁਰ ਵੱਲੋਂ ਛਪੀ ਇਸ ਪੁਸਤਕ ਦੇ ਲੇਖਕ ਪ੍ਰਸਿੱਧ ਇਤਿਹਾਸਕਾਰ ਡਾ. ਬਨਾਰਸੀ ਪ੍ਰਸਾਦ ਸਕਸੈਨਾ ਹਨ। ਡਾ. ਸਕਸੈਨਾ ਨੇ ਮੁਖ਼ਲਿਸਪੁਰ (ਫੈਜ਼ਾਬਾਦ) ਦਾ ਦੋ ਵਾਰ ਜ਼ਿਕਰ ਕੀਤਾ ਹੈ। ਪੰਨਾ-276 ’ਤੇ ਉਹ ਸਿਰਫ਼ ਏਨਾ ਹੀ ਦੱਸਦੇ ਹਨ ਕਿ ਸ਼ਾਹ ਜਹਾਂ ਨੇ ‘ਕਸ਼ਮੀਰ, ਲਾਹੌਰ, ਅੰਬਾਲਾ, ਬਾਰੀ, ਫ਼ੈਜ਼ਾਬਾਦ (ਸਹਾਰਨਪੁਰ ਜ਼ਿਲ੍ਹਾ) ਗਵਾਲੀਅਰ, ਕਾਬਲ ਅਤੇ ਹੋਰ ਅਨੇਕ ਨਗਰਾਂ ਵਿੱਚ ਇਮਾਰਤਾਂ ਬਣਵਾਈਆਂ।’
ਇਸ ਤੋਂ ਅੱਗੇ ਪੰਨਾ 342 ਉਤੇ ਡਾ. ਸਕਸੈਨਾ, ਮੁਹੰਮਦ ਸਾਲੇਹ ਕੰਬੂ ਦੀ ਤਾਰੀਖ ‘ਅਮਲੇ ਸਾਲੇਹ’ (1669 ਈ.) ਦੇ ਹਵਾਲੇ ਨਾਲ ਦੱਸਦੇ ਹਨ ਕਿ ਸੰਨ 1656 ਦੇ ਅਖ਼ੀਰ ਵਿੱਚ ਦਿੱਲੀ ਵਿੱਚ ਮਹਾਂਮਾਰੀ ਫੈਲ ਗਈ। ਬਾਦਸ਼ਾਹ ਸ਼ਾਹ ਜਹਾਨ ਦਿੱਲੀ ਤੋਂ ਬਾਹਰ ਚਲਾ ਗਿਆ। ਬਿਮਾਰੀ ਦਾ ਹੱਲਾ ਕੁਝ ਘਟਿਆ ਤਾਂ ਬਾਦਸ਼ਾਹ ਵਾਪਸ ਦਿੱਲੀ ਆ ਗਿਆ। ਬਿਮਾਰੀ ਦਾ ਜ਼ੋਰ ਫਿਰ ਵਧਿਆ ਤਾਂ ‘ਬਾਦਸ਼ਾਹ 6 ਫਰਵਰੀ (1657) ਨੂੰ ਫਿਰ ਦਿੱਲੀ ਤੋਂ ਚੱਲ ਪਿਆ। ਇਸ ਵਾਰ ਉਹ ਜਮਨਾ ਕਿਨਾਰੇ, ਰਾਜਧਾਨੀ ਤੋਂ 100 ਮੀਲ ਦੂਰ, ਮੁਖ਼ਲਿਸਪੁਰ ਗਿਆ। ਇੱਥੋਂ ਦੀ ਜਲਵਾਯੂ ਬਹੁਤ ਸੁਹਾਵਣੀ ਸੀ। ਗਰਮੀ ਰੁੱਤ ਵਿੱਚ ਨਾ ਤਾਂ ਬਹੁਤ ਗਰਮੀ ਪੈਂਦੀ ਸੀ ਅਤੇ ਨਾ ਹੀ ਬਹੁਤੀ ਠੰਢ। ਬਾਦਸ਼ਾਹ ਨੇ ਉਥੇ ਆਪਣੇ ਅਤੇ ਆਪਣੇ ਵੱਡੇ ਪੁੱਤਰ ਲਈ ਸੁੰਦਰ ਮਹਿਲ ਬਣਵਾਏ ਸਨ। ਇਮਾਰਤਾਂ ਦੀ ਉਸਾਰੀ ਦਾ ਕੰਮ ਕਾਫ਼ੀ ਸਮਾਂ ਪਹਿਲਾਂ ਤੋਂ ਚੱਲ ਰਿਹਾ ਸੀ, ਜੋ ਹੁਣ ਪੂਰਾ ਹੋ ਗਿਆ ਸੀ। ਬਾਦਸ਼ਾਹ ਨੇ ਇਸ ਜਗ੍ਹਾ ਦਾ ਨਾਂ ਫ਼ੈਜ਼ਾਬਾਦ ਰੱਖਿਆ। ਇਮਾਰਤਾਂ ਦਾ ਵੇਰਵਾ ਦਿੰਦੇ ਹੋਏ ਮੁਹੰਮਦ ਸਾਲੇਹ ਕੰਬੂ ਨੇ ਲਿਖਿਆ ਹੈ ਕਿ ਇਹ ‘ਰਾਜਧਾਨੀ ਦੇ ਮਹਿਲਾਂ ਦੇ ਸਾਮਾਨ ਹੀ ਹਨ। ਇਨ੍ਹਾਂ ਵਿੱਚ ਸੌਣ ਵਾਲੇ ਕਮਰੇ (ਖਵਾਬਗਾਹ), ਜ਼ਨਾਨਖਾਨਾ, ਗੁਸਲਖਾਨਾ, ਝਰੋਖਾ-ਦਰਸ਼ਨ ਅਤੇ ਦੀਵਾਨੇ-ਖਾਸ ਤੇ ਦੀਵਾਨੇ-ਆਮ ਵੀ ਹਨ। ਮਹਿਲਾਂ ਦੀ ਕੁਰਸੀ ਜਮਨਾ-ਤਟ ਤੋਂ ਨੌਂ ਗਜ਼ ਉੱਚੀ ਹੈ।’ ਸੰਖੇਪ ਵਿੱਚ ਏਨਾ ਕਹਿਣਾ ਹੀ ਯੋਗ ਹੋਵੇਗਾ ਕਿ ਇਸ ਇਤਿਹਾਸਕਾਰ ਨੇ ਇਸ ਸਥਾਨ ਦਾ ਬੇਹੱਦ ਮਨਮੋਹਕ ਦ੍ਰਿਸ਼ ਪੇਸ਼ ਕੀਤਾ ਹੈ।’
ਮੁਨਸ਼ੀ ਦੇਵੀ ਪ੍ਰਸਾਦ ਕ੍ਰਿਤ ‘ਸ਼ਾਹਜਹਾਂ-ਨਾਮਾ’ (1898 ਈ.) ਵੀ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਾ ਹੈ। ਡਾ. ਰਘੁਬੀਰ ਸਿੰਘ ਅਤੇ ਡਾ. ਮਨੋਹਰ ਸਿੰਘ ਰਾਣਾਵਤ ਦੁਆਰਾ ਸੰਪਾਦਿਤ ਇਸ ‘ਸ਼ਾਹਜਹਾਂ-ਨਾਮੇ’ ਦਾ ਸੋਧਿਆ ਐਡੀਸ਼ਨ, ਪਬਲੀਕੇਸ਼ਨ ਸਕੀਮ ਜੈਪੁਰ ਨੇ 1990 ਈ. ਵਿੱਚ ਪ੍ਰਕਾਸ਼ਿਤ ਕੀਤਾ ਹੈ। ਮੁਖ਼ਲਿਸਪੁਰ (ਫ਼ੈਜ਼ਾਬਾਦ) ਬਾਰੇ ਮੁਨਸ਼ੀ ਦੇਵੀ ਪ੍ਰਸਾਦ ਥੋੜ੍ਹੇ ਜਿਹੇ ਫ਼ਰਕ ਨਾਲ ਉਹੀ ਜਾਣਕਾਰੀ ਦਿੰਦੇ ਹਨ ਜਿਹੜੀ ਡਾ. ਬਨਾਰਸੀ ਪ੍ਰਸਾਦ ਸਕਸੈਨਾ ਨੇ ਦਿੱਤੀ ਹੈ। ਮੁਨਸ਼ੀ ਦੇਵੀ ਪ੍ਰਸਾਦ ਅਨੁਸਾਰ ਬਾਦਸ਼ਾਹ ਸ਼ਾਹ ਜਹਾਨ ਦਿੱਲੀ ਵਿੱਚ ਦੁਬਾਰਾ ਬਿਮਾਰੀ ਫੈਲਣ ਕਰਕੇ ਦਿੱਲੀ ਤੋਂ 6 ਫਰਵਰੀ 1657 ਈ. ਨੂੰ ਚੱਲ ਕੇ 2 ਮਾਰਚ 1657 ਨੂੰ ਮੁਖ਼ਲਿਸਪੁਰ ਪਹੁੰਚੇ। ‘‘ਇਹ ਪਿੰਡ, ਸ਼ਾਹਜਹਾਨਾਬਾਦ ਤੋਂ 47 ਕੋਹ ਜਮਨਾ ਦੇ ਕਿਨਾਰੇ ਉੱਤੇ, ਹਿਮਾਲੀਆ ਪਹਾੜ ਦੇ ਹੇਠਾਂ ਸਿਰਮੌਰ ਦੇ ਨੇੜੇ ਸਹਾਰਨਪੁਰ ਦੇ ਪਿੰਡਾਂ ਵਿੱਚ ਸੀ।…ਦਿੱਲੀ ਤੋਂ ਉੱਥੇ ਤਕ ਕਿਸ਼ਤੀਆਂ ਇੱਕ ਹਫ਼ਤੇ ਵਿੱਚ ਆਉਂਦੀਆਂ-ਜਾਂਦੀਆਂ ਸਨ। ਬਾਦਸ਼ਾਹ ਨੇ ਪਿਛਲੇ ਸਾਲ ਤੋਂ ਇੱਥੇ ਵੱਡੀਆਂ ਇਮਾਰਤਾਂ ਬਣਾਉਣੀਆਂ ਸ਼ੁਰੂ ਕੀਤੀਆਂ ਸਨ। ਉਹ ਹੁਣ ਤਿਆਰ ਹੋ ਚੁੱਕੀਆਂ ਸਨ। ਬਾਦਸ਼ਾਹ ਨੇ ਇਸ ਜਗ੍ਹਾ ਦੀ ਜਲਵਾਯੂ ਆਪਣੀ ਇੱਛਾ-ਅਨੁਕੂਲ ਦੇਖ ਕੇ ਮੁਖ਼ਲਿਸਪੁਰ ਦਾ ਨਾਂ ਫ਼ੈਜ਼ਾਬਾਦ ਰੱਖਿਆ। ਆਸ-ਪਾਸ ਦੇ 30 ਲੱਖ ਦਾਮ ਦੀ ਆਮਦਨ ਵਾਲੇ ਪਿੰਡ ਇਸ ਨਾਲ ਜੋੜ ਦਿੱਤੇ। ਦਿੱਲੀ ਦੇ ਬਾਦਸ਼ਾਹੀ ਦੌਲਤਖ਼ਾਨੇ ਵਰਗਾ ਦੌਲਤਖ਼ਾਨਾ ਇੱਥੇ ਜਮਨਾ ਦੇ ਕਿਨਾਰੇ ਵੀ ਬਣਾਇਆ ਗਿਆ।…ਛੇ ਗਜ਼ ਚੌੜੀ ਇੱਕ ਨਹਿਰ ਜਮਨਾ ਵਿੱਚੋਂ ਕੱਢ ਕੇ ਇਨ੍ਹਾਂ ਇਮਾਰਤਾਂ ਅਤੇ ਬਗੀਚਿਆਂ ਵਿੱਚ ਪ੍ਰਵਾਹਿਤ ਕੀਤੀ ਗਈ। ਪਿਛਲੇ ਦੋ ਸਾਲ ਦੋ ਮਹੀਨਿਆਂ ਵਿੱਚ ਇੱਥੇ ਪੰਜ ਲੱਖ ਰੁਪਏ ਖਰਚ ਹੋ ਚੁੱਕੇ ਹਨ ਅਤੇ ਇੱਕ ਲੱਖ ਰੁਪਏ ਦਾ ਕੰਮ ਅਜੇ ਬਾਕੀ ਹੈ।…ਬਾਦਸ਼ਾਹ ਸਲਾਮਤ ਫ਼ੈਜ਼ਾਬਾਦ ਤੋਂ 8 ਅਪਰੈਲ 1657 ਨੂੰ ਕੂਚ ਕਰਕੇ ਤੀਜੇ ਦਿਨ ਖਿਜ਼ਰਾਬਾਦ ਪਹੁੰਚੇ। ਉੱਥੋਂ ਕਿਸ਼ਤੀ ਵਿੱਚ ਸਵਾਰ ਹੋ ਕੇ ਉਹ 20 ਅਪਰੈਲ ਨੂੰ ਏਜਾਬਾਦ ਬਾਗ਼ ਵਿੱਚ ਪਹੁੰਚੇ ਅਤੇ ਫਿਰ 27 ਅਪਰੈਲ 1657 ਈ. ਨੂੰ ਉਨ੍ਹਾਂ ਨੇ ਸ਼ਾਹਜਹਾਨਾਬਾਦ ਦੇ ਕਿਲ੍ਹੇ ਵਿੱਚ ਪ੍ਰਵੇਸ਼ ਕੀਤਾ।’’ (ਦੇਵੀ ਪ੍ਰਸਾਦ ਕ੍ਰਿਤ ਸ਼ਾਹਜਹਾਂ-ਨਾਮਾ, ਪੰਨਾ: 301-02)
‘ਮਆਸਿਰ-ਏ-ਆਲਮਗੀਰੀ’ (1710 ਈ., ਲੇਖਕ: ਮੁਹੰਮਦ ਸਾਕੀ ਮੁਸਤਾਦ ਖ਼ਾਨ) ਅਨੁਸਾਰ ਬਾਦਸ਼ਾਹ ਔਰੰਗਜ਼ੇਬ ਵੀ 1662 ਈ. ਵਿੱਚ ਕਸ਼ਮੀਰ ਨੂੰ ਜਾਂਦਾ ਹੋਇਆ ਮੁਖ਼ਲਿਸਪੁਰ ਵਿੱਚੋਂ ਲੰਘਿਆ ਸੀ। ਅਸਲ ਹਵਾਲਾ ਇਸ ਤਰ੍ਹਾਂ ਹੈ ਕਿ ‘9 ਦਸੰਬਰ 1662 ਈ. ਨੂੰ ਬਾਦਸ਼ਾਹ ਪੰਜਾਬ ਵੱਲ ਰਵਾਨਾ ਹੋਇਆ। ਕਰਨਾਲ ਦੇ ਫ਼ਾਜ਼ਿਲ ਖ਼ਾਂ ਨੂੰ ਫਾਲਤੂ ਕਾਰਖ਼ਾਨਿਆਂ ਨਾਲ ਸਿੱਧੇ ਰਸਤੇ ਲਾਹੌਰ ਜਾਣ ਦਾ ਹੁਕਮ ਦਿੱਤਾ ਅਤੇ ਆਪ ਮੁਖ਼ਲਿਸਪੁਰ ਵੱਲੋਂ ਸ਼ਿਕਾਰ ਖੇਡਦਾ ਹੋਇਆ 9 ਫਰਵਰੀ, 1663 ਈ. ਨੂੰ ਲਾਹੌਰ ਪਹੁੰਚਾ ਅਤੇ ਖ਼ਿਦਮਤਗਾਰ ਖ਼ਾਂ ਨੂੰ ਕਸ਼ਮੀਰ ਦਾ ਰਸਤਾ ਸਾਫ਼ ਕਰਨ ਲਈ ਭੇਜਿਆ।’ (ਔਰੰਗਜ਼ੇਬਨਾਮਾ (‘ਮਆਸਿਰ-ਏ-ਆਲਮਗੀਰੀ’ ਦਾ ਹਿੰਦੀ ਅਨੁਵਾਦ) ਸੰਪਾਦਕ: ਡਾ. ਅਸ਼ੋਕ ਕੁਮਾਰ ਸਿੰਘ, ਪੰਨਾ: 25)
ਪਾਉਂਟਾ ਸਾਹਿਬ ਤੋਂ ਮੁਖ਼ਲਿਸਪੁਰ, ਸਹਾਰਨਪੁਰ ਵਾਲੀ ਸੜਕ ’ਤੇ ਤਕਰੀਬਨ 45 ਕਿਲੋਮੀਟਰ ਦੂਰ ਹੈ। ਨੀਮ-ਪਹਾੜੀ ਕਿਸਮ ਦਾ ਇਲਾਕਾ ਹੈ। ਪੂਰਬੀ ਨਹਿਰ ਦਾ ਪੁਲ ਪਾਰ ਕਰਕੇ ਫ਼ੈਜ਼ਾਬਾਦ-ਮੁਖ਼ਲਿਸਪੁਰ ਦੀ ਸ਼ਿਕਾਰਗਾਹ ਅਤੇ ਬਾਦਸ਼ਾਹੀ ਮਹਿਲਾਂ ਦੇ ਖੰਡਰ ਹਨ। ਬਾਦਸ਼ਾਹੀ ਮਹਿਲਾਂ ਦੀ ਸ਼ਾਹੀ ਸ਼ਾਨ ਹੁਣ ਖ਼ਤਮ ਹੋ ਚੁੱਕੀ ਹੈ। ਹਰ ਪਾਸੇ ਝਾੜ-ਝੰਖਾਰ ਅਤੇ ਜੰਗਲ ਉੱਗਿਆ ਹੋਇਆ ਹੈ। ਮੋਢੇ-ਮੋਢੇ ਤੱਕ ਉੱਚੇ ਘਾਹ-ਬੂਟੇ ਵਿੱਚੋਂ ਲੰਘਣਾ ਵੀ ਮੁਸ਼ਕਲ ਹੈ। ਕਦੀ ਸ਼ਾਹਜਹਾਨ ਨੇ ਇੱਥੇ ਜਮਨਾ ਦੇ ਉੱਚੇ ਕੰਢੇ ਉੱਤੇ ਥੋੜ੍ਹੇ-ਥੋੜ੍ਹੇ ਫ਼ਰਕ ਨਾਲ ਚਾਰ ਮਹਿਲ ਬਣਾਏ ਸਨ। ਮਹਿਲਾਂ ਦੇ ਇੱਕ ਪਾਸੇ ਇੱਕ ਵੱਡਾ ਤਲਾਅ ਵੀ ਬਣਾਇਆ ਸੀ ਪਰ ਜਿਨ੍ਹਾਂ ਮਹਿਲਾਂ ਵਿੱਚ ਕਦੀ ਬੇਗ਼ਮਾਂ ਫਿਰਦੀਆਂ ਸਨ, ਅੱਜ ਦੀ ਹਾਲਤ ਖਸਤਾ ਹੈ। ਇਨ੍ਹਾਂ ਵਿੱਚੋਂ ਇੱਕ ਮਹਿਲ ਨੂੰ ਰੰਗ ਮਹਿਲ ਕਹਿੰਦੇ ਸਨ। ਬਾਦਸ਼ਾਹਾਂ ਵੇਲੇ ਇੱਥੇ ਨਾਚ-ਗਾਣਾ ਹੁੰਦਾ ਸੀ। ਲੋਕ ਕਹਿੰਦੇ ਹਨ ਕਿ ਇੱਥੇ ਹੁਣ ਵੀ ਵੀਰਵਾਰ ਦੀ ਰਾਤ ਨੂੰ ਪਰੀਆਂ ਨਾਚ ਕਰਦੀਆਂ ਹਨ। ਪਿੰਡਾਂ ਦੇ ਕਈ ਮਨਚਲੇ ਇੱਥੇ ਅੱਧੀ-ਅੱਧੀ ਰਾਤ ਨੂੰ ਪਰੀਆਂ ਦਾ ਨਾਚ ਦੇਖਣ ਲਈ ਬੀਆਬਾਨ ਵਿੱਚ ਘੁੰਮਦੇ ਰਹਿੰਦੇ ਹਨ।
ਬਾਦਸ਼ਾਹੀ ਮਹਿਲਾਂ ਦੇ ਇਹ ਖੰਡਰ ‘ਬਾਦਸ਼ਾਹੀ ਬਾਗ਼’ ਦੇ ਬੱਸ ਅੱਡੇ ਤੋਂ ਤਕਰੀਬਨ ਪੰਜ ਕਿਲੋਮੀਟਰ ਦੂਰ, ਪਿੰਡ ਫ਼ੈਜ਼ਾਬਾਦ ਦੀ ਜ਼ਮੀਨ ਵਿੱਚ ਹਨ। ‘ਬਾਦਸ਼ਾਹੀ ਬਾਗ਼’ ਨਾਂ ਦਾ ਬੱਸ ਅੱਡਾ, ਬੱਸ ਅੱਡੇ ਨੇੜੇ ਲੋਕ ਨਿਰਮਾਣ ਵਿਭਾਗ ਦੀ ਇੱਕ ਇਮਾਰਤ ਦਾ ਨਾਂ ‘ਨਰੀਕਸ਼ਨ ਭਵਨ ਬਾਦਸ਼ਾਹੀ ਬਾਗ਼ ਜ਼ਿਲ੍ਹਾ ਸਹਾਰਨਪੁਰ’ ਅਤੇ ਇੱਕ ‘ਖ਼ਾਰਾ ਪਰਿਯੋਜਨਾ ਆਵਾਸੀਯ ਕਲੋਨੀ’ ਦੇ ਨਾਂ ਨਾਲ ਵੀ ‘ਬਾਦਸ਼ਾਹੀ ਬਾਗ਼’ (ਸਹਾਰਨਪੁਰ) ਲਿਖਿਆ ਹੋਇਆ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸ਼ਾਹ ਜਹਾਨ ਨੇ ਇੱਥੇ ਤਲਾਅ ਅਤੇ ਮਹਿਲ ਬਣਾਉਣ ਦੇ ਨਾਲ-ਨਾਲ ਇੱਕ ਬਾਗ਼ ਵੀ ਲਗਵਾਇਆ ਸੀ। ਹੁਣ ਬਾਗ਼ ਤਾਂ ਖ਼ਤਮ ਹੋ ਗਿਆ ਹੈ ਪਰ ਉਸ ਦਾ ਨਾਂ ਅਜੇ ਬਾਕੀ ਹੈ। ਸ਼ਾਹ ਜਹਾਨ ਦਾ ਇਰਾਦਾ ਇੱਥੇ ਰਾਜਧਾਨੀ ਬਣਾਉਣ ਦਾ ਸੀ। ਲੋਕਾਂ ਨੇ ਸੋਚਿਆ ਕਿ ਇੱਥੇ ਰਾਜਧਾਨੀ ਬਣਨ ਨਾਲ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਜਾਵੇਗਾ। ਉਨ੍ਹਾਂ ਨੇ ਨੇੜੇ ਦੇ ਇੱਕ ਪਿੰਡ ਖ਼ਿਜ਼ਰਾਬਾਦ ਦੇ ਕੁਝ ਬੰਦੇ ਬਾਦਸ਼ਾਹ ਦੇ ਸਾਹਮਣੇ ਲਿਆ ਖੜ੍ਹੇ ਕੀਤੇ, ਜਿਨ੍ਹਾਂ ਦੇ ਗਲਾਂ ਵਿੱਚ ਗਿੱਲ੍ਹੜ ਉੱਭਰੇ ਹੋਏ ਸਨ ਅਤੇ ਆਖਿਆ, ‘ਇੱਥੇ ਪਾਣੀ ਏਨਾ ਖ਼ਰਾਬ ਹੈ ਕਿ ਗਲ਼ਾਂ ਵਿੱਚ ਗਿੱਲ੍ਹੜ ਹੋ ਜਾਂਦੇ ਹਨ।’ ਬਾਦਸ਼ਾਹ ਨੇ ਖ਼ਰਾਬ ਪਾਣੀ ਕਾਰਨ ਇੱਥੇ ਰਾਜਧਾਨੀ ਬਣਾਉਣ ਦਾ ਇਰਾਦਾ ਛੱਡ ਦਿੱਤਾ। ਜੇ ਹੁਣ ਵੀ ਕੋਈ ਕਹੇ ਕਿ ਲੋਹਗੜ੍ਹ ਦਾ ਪਹਿਲਾ ਨਾਂ ਮੁਖ਼ਲਿਸਗੜ੍ਹ ਜਾਂ ਮੁਖ਼ਲਿਸਪੁਰ ਸੀ ਤਾਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਸਵਾਲ ਇਹ ਹੈ ਕਿ ਜੇ ਲੋਹਗੜ੍ਹ ਦਾ ਪਹਿਲਾ ਨਾਂ ਮੁਖ਼ਲਿਸਗੜ੍ਹ ਨਹੀਂ ਸੀ ਤਾਂ ਉੱਥੇ ਬਣੇ ਪੁਰਾਣੇ ਕਿਲ੍ਹੇ ਦਾ ਨਾਂ ਕੀ ਸੀ ਅਤੇ ਇਸ ਨੂੰ ਕਿਸ ਨੇ ਬਣਾਇਆ ਸੀ? ਇਸ ਸਵਾਲ ਦਾ ਜਵਾਬ ਵੀ ਵਿਲੀਅਮ ਇਰਵਿਨ, ਉਨ੍ਹਾਂ ਪਾਸ ਮੌਜੂਦ ਇੱਕ ਟ੍ਰੈਕਟ 1nonymous 6ragments ਦੇ ਹਵਾਲੇ ਨਾਲ ਦਿੰਦੇ ਹਨ। ਇਰਵਿਨ ਸਾਹਿਬ ਲੋਹਗੜ੍ਹ ਦਾ ਪਿਛੋਕੜ ਇਸ ਤਰ੍ਹਾਂ ਦੱਸਦੇ ਹਨ, ‘‘ਕਿਹਾ ਜਾਂਦਾ ਹੈ ਕਿ ਇਹ ਥਾਂ ਸਢੌਰੇ ਤੋਂ ਸੱਤ-ਅੱਠ ਕੋਹ ਦੂਰ, ਉੱਤਰੀ ਪਹਾੜੀਆਂ ਦੇ ਨੇੜੇ ਹੈ ਅਤੇ ਇਨ੍ਹਾਂ ਪਹਾੜੀਆਂ ਦੇ ਇੱਕ ਸਿਰੇ ’ਤੇ ਇੱਕ ਛੋਟੀ ਜਿਹੀ ਪਹਾੜੀ ਹੈ, ਜਿਸ ਉੱਤੇ ਚੜ੍ਹਨਾ ਬਹੁਤ ਮੁਸ਼ਕਲ ਹੈ। ਇਸ ਪਹਾੜੀ ਉੱਤੇ ਸ਼ੇਰ ਖ਼ਾਨ ਸੂਰੀ ਦੇ ਪੁੱਤਰ ਇਸਲਾਮ ਖ਼ਾਨ ਨੇ ਆਪਣੇ ਸੰਖੇਪ ਰਾਜਕਾਲ ਵਿੱਚ ਪਾਵਾਗੜ੍ਹ ਨਾਂ ਦੀ ਇੱਕ ਮਜ਼ਬੂਤ ਗੜ੍ਹੀ ਬਣਾਉਣੀ ਸ਼ੁਰੂ ਕੀਤੀ ਪਰ ਉਸ ਦੀ ਮੌਤ ਹੋ ਜਾਣ ਕਾਰਨ ਇਹ ਗੜ੍ਹੀ ਅਧੂਰੀ ਰਹਿ ਗਈ। ਹੌਲੀ-ਹੌਲੀ ਇਹ ਗੜ੍ਹੀ ਖੰਡਰ ਬਣ ਗਈ, ਜਿਸ ਦੇ ਕੁਝ ਹਿੱਸੇ ਅਜੇ ਵੀ ਖੜ੍ਹੇ ਹਨ। ਬੰਦਾ ਸਿੰਘ ਬਹਾਦਰ ਨੇ ਇਸ ਗੜ੍ਹੀ ਦੀ ਮੁਰੰਮਤ ਕਰਕੇ ਇਸ ਵਿੱਚ ਕੁਝ ਵਾਧਾ ਕਰ ਲਿਆ।’’ (“he Later Mughals. Low Price 5d. ੧੯੯੫, ਪੰਨਾ: 109)
ਡਾ. ਸਤੀਸ਼ ਚੰਦਰ ਇੱਕ ਮੰਨੇ ਹੋਏ ਇਤਿਹਾਸਕਾਰ ਹਨ। ਉਨ੍ਹਾਂ ਨੇ ਡੂੰਘੀ ਖੋਜ ਨਾਲ ਇੱਕ ਪੁਸਤਕ ‘Parties and Politics at “he Mughal 3ourt: ੧੭੦੭-੧੭੪੦’ ਲਿਖੀ ਹੈ। ਲੋਹਗੜ੍ਹ ਬਾਰੇ ਉਹ ‘ਇਮਪੀਰੀਅਲ ਗਜ਼ਟੀਅਰ’ ਦੇ ਹਵਾਲੇ ਨਾਲ ਵਿਲੀਅਮ ਇਰਵਿਨ ਦੇ ਇਸ ਕਥਨ ਦੀ ਇੰਨ-ਬਿੰਨ ਪ੍ਰੋੜ੍ਹਤਾ ਕਰਦੇ ਹਨ। ਇੱਕ ਫੁੱਟ-ਨੋਟ ਵਿੱਚ ਉਹ ਲਿਖਦੇ ਹਨ, ‘ਨਾਹਨ ਅਤੇ ਸਢੌਰੇ ਦੇ ਵਿਚਕਾਰ ਸ਼ੇਰ ਸ਼ਾਹ ਦੇ ਪੁੱਤਰ ਇਸਲਾਮ ਸ਼ਾਹ ਨੇ ਪਾਵਾਗੜ੍ਹ ਨਾਂ ਦਾ ਇੱਕ ਕਿਲ੍ਹਾ ਬਣਾਉਣਾ ਸ਼ੁਰੂ ਕੀਤਾ ਸੀ। ਉਸ ਦੀ ਮੌਤ ਕਾਰਨ ਇਹ ਕਿਲ੍ਹਾ ਨਾ-ਮੁਕੰਮਲ ਰਹਿ ਗਿਆ। ਇਹ ਕਿਲ੍ਹਾ ਓਨਾ ਚਿਰ ਖੰਡਰ ਹੀ ਪਿਆ ਰਿਹਾ, ਜਦ ਤੱਕ ਕਿ ਬੰਦਾ ਬਹਾਦਰ ਨੇ ਆ ਕੇ ਇਸ ਦੀ ਮੁਰੰਮਤ ਨਾ ਕਰ ਲਈ ਅਤੇ ਇਸ ਵਿੱਚ ਵਾਧਾ ਨਾ ਕਰ ਲਿਆ।etteer)-Parties and Politics at “he Mughal 3ourt, ਪੰਨਾ: 52.)
ਡਾ. ਬੀ.ਐੱਸ. ਨਿੱਝਰ ਵੀ ਆਪਣੀ ਪੁਸਤਕ Punjab ”nder “he Later Mughals (੧੯੭੨) ਵਿੱਚ ਡਾ. ਸਤੀਸ਼ ਚੰਦਰ ਦੇ ਹਵਾਲੇ ਦੀ ਪ੍ਰੋੜ੍ਹਤਾ ਕਰਦੇ ਹਨ। ਡਾ. ਨਿੱਝਰ ਵੱਲੋਂ ਦਿੱਤੇ ਗਏ ਇੱਕ ਫੁੱਟ-ਨੋਟ ਵਿੱਚ ਇਹੀ ਸੂਚਨਾ ਦਿੱਤੀ ਗਈ ਹੈ।
ਇਤਿਹਾਸ ਦਾ ਨਿਰਣਾ ਮੁਖ਼ਲਿਸਪੁਰ (ਮੁਖ਼ਲਿਸਗੜ੍ਹ) ਦੇ ਹੱਕ ਵਿੱਚ ਨਹੀਂ ਜਾਂਦਾ ਕਿਉਂਕਿ ਮੁਖ਼ਲਿਸਪੁਰ ਤਾਂ ਲੋਹਗੜ੍ਹ ਤੋਂ ਕਾਂ-ਦੀ-ਉਡਾਰੀ 35 ਕਿਲੋਮੀਟਰ ਦੂਰ ਦਰਿਆ ਜਮਨਾ ਦੇ ਪਰਲੇ ਕਿਨਾਰੇ ਉੱਤੇ ਸੀ। ਅਸਲ ਵਿੱਚ ਲੋਹਗੜ੍ਹ ਦਾ ਪੁਰਾਣਾ ਨਾਂ ਪਾਵਾਗੜ੍ਹ ਸੀ ਅਤੇ ਇਸ ਨੂੰ ਸ਼ੇਰ ਸ਼ਾਹ ਸੂਰੀ ਦੇ ਪੁੱਤਰ ਇਸਲਾਮ ਸ਼ਾਹ ਨੇ ਬਣਵਾਇਆ ਸੀ।
                                                                                                                                   * ਮੋਬਾਈਲ: 98155-40968

No comments:

Post a Comment