deshpunjabtimes.blogspot.com

Monday, 26 September 2011

ਪੰਜਾਬੀ ਭਾਸ਼ਾ/ ਸਭਿਆਚਾਰ ਦੀ ਸਾਂਭ ਸੰਭਾਲ ਅਤੇ ਭਵਿਖ\ਅਮਰਜੀਤ ਸਿੰਘ ਗਰੇਵਾਲ






ਪੰਜਾਬੀ ਸਭਿਆਚਾਰ ਕਿਸੇ ਨਿਸ਼ਚਿਤ ਖਿੱਤੇ ( ਭਾਰਤੀ/ ਪਾਕਿਸਤਾਨੀ ਪੰਜਾਬ) ਦਾ ਸਭਿਆਚਾਰ ਨਹੀਂ, ਰਾਸ਼ਟਰੀ ਵਲਗਣਾਂ ਤੋਂ ਮੁਕਤ ਪਾਰ-ਰਾਸ਼ਟਰੀ ਸਭਿਆਚਾਰ ਹੈ। ਇਸ ਨੂੰ ਕਿਸੇ ਮਿੱਟੀ ਜਾਂ ਧਰਤੀ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਇਹ ਤਾਂ ਇੱਕ ਵਿਸ਼ਾਲ ਦਰਿਆ ਹੈ ਜੋ ਵੰਨ ਸਵੰਨੀਆਂ ਧਰਤੀਆਂ ਨੂੰ ਕੇਵਲ ਸਿੰਜਦਾ ਹੀ ਨਹੀਂ, ਸਗੋਂ ਉਹਨਾ ਤਮਾਮ ਧਰਤੀਆਂ ਦੀ ਖੁਸ਼ਬੂ ਵੀ ਆਪਣੇ ਅੰਦਰ ਸਮਾ ਲੈਂਦਾ ਹੈ। ਭਾਰਤ ਵਿਚ ਇਹ ਪੰਜਾਬ ਦੀ ਧਰਤੀ ਤੋਂ ਗੁਰੂ ਮੱਤ ਅਤੇ ਪੰਜਾਬੀ ਮਾਂ ਬੋਲੀ ਦੀ ਗੁੜ੍ਹਤੀ ਲੈ ਕੇ ਭਾਰਤੀ ਸੰਸਿਕ੍ਰਤੀ ਅਤੇ ਭਾਰਤੀ ਭਾਸ਼ਾਵਾਂ ਦੀ ਵੰਨਸਵੰਨਤਾ ਨਾਲ ਸੰਵਾਦ ਰਚਾਉਂਦਾ ਹੋਇਆ ਜਦੋਂ ਪਾਕਿਸਤਾਨ ਵਿਚ ਪਹੁੰਚਦਾ ਹੈ ਤਾਂ ਪਰਸ਼ੀਅਨ ਜ਼ੁਬਾਨ ਅਤੇ ਇਸਲਾਮ ਇਸ ਨੂੰ ਅਮੀਰੀ ਬਖਸ਼ਦੇ ਹਨ। ਪੱਛਮੀਂ ਮੁਲਕਾਂ ਵਿਚ ਪਹੁੰਚ ਕੇ ਇਹ ਆਧੁਨਿਕਤਾਵਾਦੀ ਅੰਗਰੇਜ਼ੀ ਮਹਿਕ ਨੂੰ ਵੀ ਆਪਣੀ ਬਣਾ ਲੈਂਦਾ ਹੈ। ਹਰ ਥਾਂ ਇਸਦਾ ਸਰੂਪ ਵੱਖਰਾ ਹੈ। ਬੋਲੀ ਵਿਚ ਵੀ ਅਥਾਹ ਵੰਨ ਸਵੰਨਤਾ ਹੈ। ਇਹ ਵੱਖਰਤਾ ਅਤੇ ਵੰਨਸਵੰਨਤਾ ਵੀ ਸਥਿਰ ਨਹੀਂ, ਨਿਰੰਤਰ ਤਬਦੀਲੀ ਵਿਚ ਬੱਝੀ ਹੋਈ ਗਤੀਸ਼ੀਲਤਾ ਹੀ ਹੁੰਦੀ ਹੈ।
ਮਲਵਈ, ਦੁਆਬੀ, ਮਝੈਲੀ, ਡੋਗਰੀ, ਪਹਾੜੀ, ਗੋਜਰੀ, ਹਰਿਆਣਵੀ, ਕਾਂਗੜੀ, ਪੁਆਧੀ, ਪੋਠੋਹਾਰੀ, ਸਰਾਇਕੀ ਸਕੀਆਂ ਭੈਣਾਂ ਹਨ। ਵੈਦਿਕ, ਸੰਸਕ੍ਰਿਤ, ਪ੍ਰਾਕ੍ਰਿਤ, ਅਭ੍ਰੰਸ਼ ਅਦਿ ਮਾਵਾਂ ਦਾਦੀਆਂ ਫੇਰ ਜੱਟ, ਬਾਣੀਏ, ਬ੍ਰਾਹਮਣ, ਤਰਖਾਣ, ਲੁਹਾਰ, ਘੁਮਾਰ, ਆਦਿ ਸਭਨਾਂ ਜਾਤ ਬਰਾਦਰੀਆਂ ਦੀ ਵੀ ਆਪੋ ਆਪਣੀ ਤਹਿਜ਼ੀਬ/ ਬੋਲੀ ਹੈ। ਰਿਕਸ਼ਾ ਵਾਹਕ ਦੀ ਭਾਸ਼ਾ ਹੋਰ ਹੈ ਅਤੇ ਉਚ ਸਿਖਿਆ ਹਾਸਲ ਕਰ ਰਹੇ ਵਿਦਿਆਰਥੀ ਦੀ ਹੋਰ। ਜਿਹੜੀਆਂ ਫਿਲਮਾਂ ਅਤੇ ਟੈਲੀਵੀਯਨ ਅਸੀ ਦੇਖਦੇ ਹਾਂ, ਉਹਨਾ ਦੀ ਸੰਸਕਿਰਤੀ ਅਤੇ ਭਾਸ਼ਾ ਕੋਈ ਹੋਰ ਹੀ ਹਨ। ਕਹਿਣ ਤੋਂ ਭਾਵ ਹੈ ਕਿ ਪੰਜਾਬੀ ਭਾਸ਼ਾ/ ਸਭਿਆਚਾਰ ਕੋਈ ਹੋਮੋਜੀਨੀਅਸ ਭਾਸ਼ਾ/ ਸਭਿਆਚਾਰ ਨਹੀਂ ਹਨ। ਇਹਨਾ ਵਿਚ ਅੰਤਾਂ ਦੀ ਵੰਨਸਵੰਨਤਾ ਅਤੇ ਗਤੀਸ਼ੀਲਤਾ ਮੌਜੂਦ ਹੈ, ਜਿਸ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਬਹੁਤ ਸਾਰੇ ਲੋਕ ਪੰਜਾਬੀ ਸਭਿਆਚਾਰ ਦੀ ਨਹੀਂ ਪੰਜਾਬੀ ਸਭਿਆਚਾਰਾਂ ਦੀ ਗੱਲ ਕਰਨ ਲੱਗ ਪਏ ਹਨ। ਪਰ ਇਹਨਾ ਦੀ ਗਤੀਸ਼ੀਲਤਾ ਅਤੇ ਅੰਤਰਸਬੰਧਤਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਇਹ ਹਮੇਸ਼ਾ ਹੀ ਇੱਕ ਦੂਜੇ ਨਾਲ ਸੰਵਾਦ ਵਿਚ ਰਹਿੰਦੇ ਹਨ। ਇਕ ਸਾਂਝੇ ਪਰਿਵਾਰ ਦਾ ਅਨਿਖੜਵਾਂ ਅੰਗ ਹਨ। ਇਸ ਲਈ, ਇਸ ਨੂੰ ਪੰਜਾਬੀ ਭਾਸ਼ਾ/ ਸਭਿਆਚਾਰ ਦੇ ਪਰਿਵਾਰ ਦੀ ਅੰਤਰ-ਸੰਬੰਧਿਤ ਵੰਨ ਸਵੰਨਤਾ ਕਹਿਣਾ ਵਧੇਰੇ ਉਚਿਤ ਹੋਵੇਗਾ। ਪੰਜਾਬੀ ਭਾਈਚਾਰੇ ਦੇ ਇਹਨਾ ਵੰਨ ਸਵੰਨੇ ਰੂਪਾਂ ਦੀ ਗਤੀਸ਼ੀਲ ਅਤੇ ਅੰਤਰਸੰਬਿੰਧਤ ਸੰਗਠਨਕਾਰੀ ਹੀ ਦਰਅਸਲ ਪੰਜਾਬੀ ਸਭਿਆਚਾਰ ਅਖਵਾਉਂਦੀ ਹੈ। ਇਸ ਗਤੀਸ਼ੀਲ ਅੰਤਰਸੰਬੰਧਿਤ ਵੰਨਸਵੰਨਤਾ ਦੀ ਸਾਂਭ ਸੰਭਾਲ ਹੀ ਪੰਜਾਬੀ ਸਭਿਆਚਾਰ ਦੀ ਸਾਂਭ ਸੰਭਾਲ ਹੈ। ਕਿਉਂਕਿ ਇਸ ਸਾਂਭ ਸੰਭਾਲ ਵਿਚ ਤਬਦੀਲੀ ਦੀ ਸਾਂਭ ਸੰਭਾਲ ਵੀ ਸ਼ਾਮਲ ਹੈ, ਇਸ ਲਈ ਪੰਜਾਬੀ ਸਭਿਆਚਾਰ ਦੀ ਸਾਂਭ ਸੰਭਾਲ ਨੂੰ ਉਸ ਤਰ੍ਹਾਂ ਨਹੀਂ ਸਮਝ ਲੈਣਾ ਚਾਹੀਦਾ ਜਿਵੇਂ ਅਸੀਂ ਅਚਾਰ ਮੁਰੱਬੇ ਪਾ ਕੇ ਸਬਜ਼ੀਆਂ ਅਤੇ ਫਲਾਂ ਦੀ ਸਾਂਭ ਸੰਭਾਲ ਕਰਦੇ ਹਾਂ।
ਪੰਜਾਬੀ ਸਭਿਆਚਾਰ ਦੀ ਇਹ ਅੰਤਰਸੰਬੰਧਿਤ ਵੰਨਸਵੰਨਤਾ ਕੋਈ ਆਜ਼ਾਦ ਅਤੇ ਖੁਦਮੁਖਤਾਰ ਸੰਰਚਨਾ ਨਹੀਂ ਹੁੰਦੀ। ਇਹ ਅਤੇ ਇਸਦੇ ਅੰਗ ਆਪਣੇ ਆਲੇ ਦੁਆਲੇ ਨਾਲ ਵੀ ਸੰਵਾਦ/ ਆਦਾਨ ਪ੍ਰਦਾਨ ਵਿਚ ਬੱਝੇ ਹੁੰਦੇ ਹਨ। ਜੇਕਰ ਪੰਜਾਬੀ ਸਭਿਆਚਾਰ ਇੱਕ ਪਰਿਵਾਰ ਹੈ ਤਾਂ ਇਸਦਾ ਇਹ ਆਲਾ ਦੁਆਲਾ ਉਹ ਭਾਈਚਾਰਾ ਹੈ ਜਿਸ ਵਿਚ ਇਹ ਜੀਂਦਾ ਅਤੇ ਵਿਗਸਦਾ ਅਤੇ ਆਪਣੀ ਪਹਿਚਾਣ ਸਥਾਪਤ ਕਰਦਾ ਹੈ। ਇਸ ਲਈ ਪੰਜਾਬੀ ਭਾਸ਼ਾ/ਸਭਿਆਚਾਰ ਦੀ ਸਾਂਭ ਸੰਭਾਲ ਦਾ ਅਰਥ ਹੈ, ਇਸਦੇ ਪੂਰੇ ਈਕੋ ਸਿਸਟਮ ਦੀ ਸਾਂਭ ਸੰਭਾਲ। ਸੋ ਪੰਜਾਬੀ ਭਾਸ਼ਾ/ਸਭਿਆਚਾਰ ਦੀ ਸਾਂਭ ਸੰਭਾਲ ਆਚਾਰ ਮੁਰੱਬੇ ਪਾਉਣ ਵਰਗਾ ਕੋਈ ਸਰਲ ਕਾਰਜ ਨਹੀਂ ਹੈ। ਇੱਕ ਗਤੀਸ਼ੀਲ ਪ੍ਰਬੰਧਨ ਹੈ।
ਪੰਜਾਬੀ ਭਾਸ਼ਾ:
ਪੰਜਾਬ ਚ ਭਾਸ਼ਾ ਦੇ ਪ੍ਰਯੋਗ ਦੀ ਵਰਤਮਾਨ ਸਥਿਤੀ ਨੂੰ ਸਮਝਣ ਲਈ ਮੈਂ ਦੁਕਾਨਾਂ ਦੇ ਸਾਈਨ ਬੋਰਡ ਪੜ੍ਹਨੇ ਸ਼ੁਰੂ ਕੀਤੇ। ਇਹ ਸਾਈਨ ਬੋਰਡ ਪੜ੍ਹਨ ਦਾ ਕੰਮ ਮੈਂ ਆਪਣੇ ਪਿੰਡ ਤੋਂ ਸ਼ੁਰੂ ਕੀਤਾ। ਪਿੰਡ ਚ ਦੁਕਾਨਾਂ ਦੇ ਬਹੁਤੇ ਸਾਈਨ ਬੋਰਡ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਚ ਸਨ। ਲੁਧਿਆਣੇ ਨੂੰ ਜਾਂਦੇ ਸਮੇਂ ਰਸਤੇ ਚ ਪੈਂਦੀ ਇਕ ਮੰਡੀ ਚ ਦੇਖਿਆ ਕਿ ਉਥੇ ਸਾਈਨ ਬੋਰਡਾਂ ਦੀ ਲਿੱਪੀ ਤਾਂ ਭਾਵੇਂ ਗੁਰਮੁਖੀ ਹੀ ਸੀ ਪਰ ਭਾਸ਼ਾ ਜ਼ਿਆਦਾਤਰ ਅੰਗਰੇਜ਼ੀ ਹੋ ਗਈ ਸੀ, ਜਿਵੇਂ ਕਿ ਜਨਰਲ ਸਟੋਰ, ਮੈਡੀਕਲ ਸਟੋਰ, ਵਾਈਨ ਐਂਡ ਬੀਅਰ ਸ਼ਾਪ ਆਦਿ ਆਦਿ। ਪਰ ਜਦੋਂ ਲੁਧਿਆਣੇ ਪਹੁੰਚਿਆ ਤਾਂ ਇਹ ਜਾਣ ਕੇ ਹੈਰਾਨੀ ਹੋਈ ਕਿ ਭਾਸ਼ਾ ਦੇ ਨਾਲ-ਨਾਲ ਲਿੱਪੀ ਵੀ ਬਦਲ ਚੁੱਕੀ ਸੀ। ਹੁਣ ਬਹੁਤੇ ਸਾਈਨ ਬੋਰਡ ਅੰਗਰੇਜ਼ੀ ਭਾਸ਼ਾ ਅਤੇ ਰੋਮਨ ਲਿੱਪੀ ਚ ਸਨ।
ਸਕੂਲਾਂ ਦਾ ਵੀ ਇਹੋ ਜਿਹਾ ਹੀ ਹਾਲ ਸੀ। ਪਿੰਡਾਂ ਦੇ ਸਕੂਲਾਂ, ਜੋ ਪ੍ਰਮੁੱਖ ਤੌਰ ਤੇ ਸਰਕਾਰੀ ਸਕੂਲ ਸਨ, ਵਿਚ ਪੜ੍ਹਾਈ ਦਾ ਮਾਧਿਅਮ ਪੰਜਾਬੀ ਸੀ। ਮੰਡੀਆਂ ਚ ਬਹੁਤ ਸਾਰੇ ਅੰਗਰੇਜ਼ੀ ਮਾਧਿਅਮ ਵਾਲੇ ਪ੍ਰਾਈਵੇਟ ਸਕੂਲ ਵੀ ਸਨ। ਸ਼ਹਿਰਾਂ ਚ ਅੰਗਰੇਜ਼ੀ ਮਾਧਿਅਮ ਅਤੇ ਵੱਡੀਆਂ ਫ਼ੀਸਾਂ ਵਾਲੇ ਵੱਡੇ-ਵੱਡੇ ਬਰੈਂਡਿਡ ਸਕੂਲਾਂ ਦੀ ਹੀ ਚੌਧਰ ਦੇਖੀ ਗਈ। ਇਹ ਵੀ ਦੇਖਿਆ ਗਿਆ ਕਿ ਪਿੰਡਾਂ ਦੇ ਸਰਕਾਰੀ ਸਕੂਲਾਂ ਚ ਕੇਵਲ ਦਲਿਤਾਂ ਦੇ ਬੱਚੇ ਹੀ ਪੜ੍ਹਦੇ ਸਨ। ਦਲਿਤਾਂ ਤੋਂ ਮੇਰਾ ਭਾਵ ਕੇਵਲ ਦਲਿਤ ਜਾਤੀਆਂ ਦੇ ਬੱਚੇ ਹੀ ਨਹੀਂ। ਆਰਥਿਕ ਤੌਰ ਤੇ ਪੱਛੜੇ ਵਰਗਾਂ ਜਿਵੇਂ ਕਿ ਬੇਜ਼ਮੀਨੇ ਕਿਸਾਨਾਂ, ਪਰਵਾਸੀ ਮਜ਼ਦੂਰਾਂ ਅਤੇ ਅਣਗੌਲੀਆਂ ਬੱਚੀਆਂ ਨੂੰ ਵੀ ਮੈਂ ਇਨ੍ਹਾਂ ਦਲਿਤਾਂ ਚ ਹੀ ਸ਼ਾਮਲ ਕਰਦਾ ਹਾਂ। ਜੇਕਰ ਇਨ੍ਹਾਂ ਸਕੂਲਾਂ ਚ ਜਿਮੀਂਦਾਰਾਂ ਆਦਿ ਦੇ ਬੱਚੇ ਦੇਖੇ ਗਏ ਤਾਂ ਉਹ ਕੇਵਲ ਉਹੀ ਬੱਚੇ ਸਨ ਜਿਨ੍ਹਾਂ ਨੂੰ ਅੰਗਰੇਜ਼ੀ ਸਕੂਲਾਂ ਚੋਂ ਉਨ੍ਹਾਂ ਦੇ ਵਿਵਹਾਰ ਕਾਰਨ ਕੱਢ ਦਿੱਤਾ ਗਿਆ ਸੀ। ਸ਼ਹਿਰਾਂ ਅਤੇ ਕਿਤੇ-ਕਿਤੇ ਕਸਬਿਆਂ ਚ ਵੀ ਉਸਰ ਰਹੇ ਅੰਗਰੇਜ਼ੀ ਮਾਧਿਅਮ ਵਾਲੇ ਬਰੈਂਡਿਡ ਸਕੂਲਾਂ ਚ ਕੇਵਲ ਉਚੀਆਂ ਜਾਤਾਂ/ਅਮੀਰ ਘਰਾਂ ਦੇ ਬੱਚੇ ਹੀ ਪੜ੍ਹਦੇ ਹਨ। ਉਚੀਆਂ ਜਾਤਾਂ ਨੂੰ ਅਮੀਰ ਘਰਾਂ ਨਾਲ ਇਸ ਲਈ ਜੋੜਨਾ ਪਿਆ ਕਿਉਂਕਿ ਅਮੀਰ ਘਰ ਪ੍ਰਮੁੱਖ ਤੌਰ ਤੇ ਅਮੀਰ ਜਾਤਾਂ ਚੋਂ ਹੀ ਸਨ।
ਇਹ ਵੀ ਦੇਖਿਆ ਗਿਆ ਪਿੰਡਾਂ ਦੇ ਸਰਕਾਰੀ ਸਕੂਲਾਂ ਚ ਦਾਖ਼ਲ ਹੋਣ ਵਾਲੇ ਦਸ ਵਿਦਿਆਰਥੀਆਂ ਚੋਂ ਕੇਵਲ 0.42 ਵਿਦਿਆਰਥੀ ਹੀ ਕਾਲਜ ਤੱਕ ਪਹੁੰਚ ਪਾਉਾਂਦੇ ਨ, ਜਦੋਂ ਕਿ ਸ਼ਹਿਰਾਂ ਦੇ ਬਰੈਂਡਿਡ ਅੰਗਰੇਜ਼ੀ ਸਕੂਲਾਂ ਚ ਦਾਖਲ ਹੋਣ ਵਾਲੇ 10 ਵਿਦਿਆਰਥੀਆਂ ਚੋਂ 9.58 ਵਿਦਿਆਰਥੀ ਕਾਲਜਾਂ ਚ ਸਹਿਜੇ ਹੀ ਪਹੁੰਚ ਜਾਂਦੇ ਹਨ। ਇਹ ਵੀ ਅੰਤਰ ਦੇਖਿਆ ਗਿਆ ਕਿ ਪਿੰਡਾਂ ਦੀ 66 ਪ੍ਰਤੀਸ਼ਤ ਅਬਾਦੀ ਚੋਂ ਕਾਲਜਾਂ ਚ ਪਹੁੰਚਣ ਵਾਲੇ 4.2 ਪ੍ਰਤੀਸ਼ਤ ਵਿਦਿਆਰਥੀ ਆਰਟ ਕਾਲਜਾਂ ਚ ਹੀ ਦਾਖਲਾ ਲੈਂਦੇ ਹਨ, ਜਦੋਂ ਕਿ ਸ਼ਹਿਰਾਂ ਦੀ 34 ਪ੍ਰਤੀਸ਼ਤ ਅਬਾਦੀ ਚੋਂ ਕਾਲਜਾਂ ਚ ਪਹੁੰਚਣ ਵਾਲੇ 95 ਪ੍ਰਤੀਸ਼ਤ ਵਿਦਿਆਰਥੀ ਜ਼ਿਆਦਾਤਰ ਪਰੋਫੈਸ਼ਨਲ ਕਾਲਜਾਂ ਚ ਦਾਖਲਾ ਲੈਂਦੇ ਹਨ। ਇਸ ਸਰਵੇ ਤੋਂ ਇਹੋ ਨਤੀਜਾ ਨਿਕਲਦਾ ਹੈ ਕਿ ਪਿੰਡਾਂ ਦੇ ਨਿਚਲੀ ਪੱਧਰ ਦੇ ਪੰਜਾਬੀ ਮਾਧਿਅਮਾਂ ਦੇ ਸਰਕਾਰੀ ਸਕੂਲਾਂ ਚ ਕੇਵਲ ਸਮਾਜਿਕ ਅਤੇ ਆਰਥਿਕ ਤੌਰ ਤੇ ਪੱਛੜੇ ਹੋਏ ਪਰਿਵਾਰਾਂ, ਭਾਵ ਦਲਿਤ ਵਰਗ ਦੇ ਬੱਚੇ ਹੀ ਪੜ੍ਹਦੇ ਹਨ। ਕਿਉਂਕਿ ਇਨ੍ਹਾਂ ਸਕੂਲਾਂ ਚ ਕੁਲੀਨ (ਇਲੀਟ) ਪਰਿਵਾਰਾਂ ਦੇ ਬੱਚੇ ਨਹੀਂ ਪੜ੍ਹਦੇ, ਇਸ ਲਈ ਇਨ੍ਹਾਂ ਸਕੂਲਾਂ ਚ ਵਿੱਦਿਅਕ ਸਹੂਲਤਾਂ ਅਤੇ ਐਜੂਕੇਸ਼ਨ ਡਲਿਵਰੀ ਸਿਸਟਮ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾਂਦਾ। ਨਤੀਜੇ ਵਜੋਂ ਬਹੁਤ ਹੀ ਘੱਟ ਬੱਚੇ ਕਾਲਜ ਤੱਕ ਪਹੁੰਚ ਪਾਉਂਦੇ ਹਨ। ਪਰੋਫੈਸ਼ਨਲ ਕਾਲਜਾਂ ਦੀ ਰੋਜ਼ਗਾਰ ਵਾਲੀ ਵਿਦਿਆ ਤੱਕ ਪਹੁੰਚਣਾ ਤਾਂ ਲਗਭਗ ਅਸੰਭਵ ਵਰਗਾ ਹੀ ਹੁੰਦਾ ਹੈ। ਸੋ ਪੇਂਡੂ ਅਬਾਦੀ ਦਾ ਇਹ ਹਿੱਸਾ ਪੰਜਾਬੀ ਜ਼ੁਬਾਨ ਪੰਜਾਬ/ਪੰਜਾਬੀ ਸਮਾਜ ਦੀ ਹਾਸ਼ੀਆਗਤ ਧਿਰ ਹੈ। ਪੰਜਾਬ ਦੀ ਹਾਸ਼ੀਆਗਤ ਬਹੁਗਿਣਤੀ (66 ਪ੍ਰਤੀਸ਼ਤ) ਦਾ ਮੁਹਾਜ। ਇਸ ਦਲਿਤ, ਦਮਿਤ, ਅਨਪੜ੍ਹ/ਅਧਪੜ੍ਹ ਅਤੇ ਬੇਰੋਜ਼ਗਾਰ ਧਿਰ ਦੀ ਪੰਜਾਬ ਦੇ ਨੀਤੀ ਨਿਰਧਾਰਨ ਚ ਕੋਈ ਥਾਂ ਨਹੀਂ।
ਇਹ ਧਿਰ ਪੰਜਾਬ ਚ ਰਹਿੰਦਿਆਂ ਹੋਇਆਂ ਵੀ ਪੰਜਾਬ ਦੀ ਮੁੱਖ ਧਾਰਾ ਤੋਂ ਬਾਹਰ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬੀ ਜ਼ੁਬਾਨ ਵੀ ਇਸ ਧਿਰ ਦਾ ਹਿੱਸਾ ਹੋਣ ਕਾਰਨ ਬੇਗਾਨਗੀ ਵਾਲੀ ਮਾਨਸਿਕਤਾ ਹੀ ਭੋਗ ਰਹੀ ਹੈ। ਪੰਜਾਬੀ ਚ ਸੋਚਣ ਅਤੇ ਲਿਖਣ ਪੜ੍ਹਨ ਵਾਲੇ ਇਹ ਪੇਂਡੂ ਦਲਿਤ ਇਸ ਲਈ ਹਾਸ਼ੀਆਗਤ ਜੀਵਨ ਜੀ ਰਹੇ ਹਨ ਜਾਂ ਫਿਰ ਆਪਣੇ ਹੀ ਘਰ (ਪੰਜਾਬ) ਚ ਬੇਗਾਨਗੀ ਦੇ ਅਹਿਸਾਸ ਥੱਲੇ ਪਲ ਰਹੇ ਹਨ ਕਿਉਂਕਿ ਉਹ ਹਾਲੇ ਇਹ ਨਹੀਂ ਜਾਣ ਸਕੇ ਕਿ ਪੰਜਾਬ ਕੇਵਲ ਉਨ੍ਹਾਂ ਲੋਕਾਂ ਨਾਲ ਹੀ ਸਬੰਧਤ ਹੈ ਜੋ ਪੰਜਾਬੀ ਚ ਸੋਚਦੇ, ਲਿਖਦੇ ਪੜ੍ਹਦੇ ਅਤੇ ਕਾਰ ਵਿਹਾਰ ਕਰਦੇ ਹਨ। ਇਹ ਕੇਵਲ ਉਹੀ ਕਰ ਸਕਦੇ ਹਨ ਜੋ ਪੰਜਾਬੀ ਮਾਧਿਅਮ ਵਾਲੇ ਸਕੂਲਾਂ ਚ ਸਿੱਖਿਆ ਪ੍ਰਾਪਤ ਕਰਦੇ ਹਨ। ਪੰਜਾਬੀ ਚ ਇਹ ਵਿਦਿਆ ਕੇਵਲ ਪੰਜਾਬ ਦੇ ਪੇਂਡੂ ਸਰਕਾਰੀ ਸਕੂਲਾਂ ਚ ਹੀ ਉਪਲਬਧ ਹੈ। ਤੇ ਪੰਜਾਬ ਦੇ ਇਨ੍ਹਾਂ ਪੇਂਡੂ ਸਕੂਲਾਂ ਚ ਕੇਵਲ ਦਲਿਤਾਂ/ਦਮਿਤਾਂ ਦੇ ਬੱਚੇ ਹੀ ਪੜ੍ਹਦੇ ਹਨ। ਹਾਲ ਦੀ ਘੜੀ ਪੰਜਾਬੀ ਪੰਜਾਬੀਆਂ ਦੀ ਨਹੀਂ, ਕੇਵਲ ਪੰਜਾਬ ਦੇ ਦਲਿਤਾਂ ਦੀ ਹੀ ਭਾਸ਼ਾ ਹੈ। ਇਸ ਲਈ ਪੰਜਾਬ ਚ ਰਾਜ ਕਰਨ ਦਾ ਅਧਿਕਾਰ ਵੀ ਇਨ੍ਹਾਂ ਦਲਿਤਾਂ ਕੋਲ ਹੀ ਹੈ। ਜਿਸ ਦਿਨ ਇਨ੍ਹਾਂ ਨੂੰ ਆਪਣੀ ਇਸ ਪੰਜਾਬੀ ਪਹਿਚਾਣ ਅਤੇ ਸ਼ਕਤੀ ਦਾ ਅਹਿਸਾਸ ਹੋ ਗਿਆ ਉਸੇ ਦਿਨ ਪੰਜਾਬੀ ਬੋਲੀ, ਦਲਿਤ, ਪਿੰਡ ਅਤੇ ਸਰਕਾਰੀ ਸਕੂਲ ਕੇਂਦਰ ਚ ਆ ਜਾਣਗੇ। ਇਸ ਚੇਤਨਾ ਦੀ ਗ਼ੈਰ-ਹਾਜ਼ਰੀ ਚ ਪੰਜਾਬੀ ਬੋਲੀ, ਦਲਿਤ, ਪਿੰਡ ਅਤੇ ਸਰਕਾਰੀ ਸਕੂਲ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਕਿਉਂਕਿ ਮੌਜੂਦਾ ਨਿਜ਼ਾਮ, ਰਾਜਨੀਤਕ ਦਬਦਬਾ ਅਤੇ ਆਰਥਿਕ ਅਸੰਤੁਲਨ ਇਨ੍ਹਾਂ ਨੂੰ ਹਾਸ਼ੀਏ ਤੇ ਧੱਕ ਕੇ ਹੀ ਵਿਦਿਆ ਦੇ ਰਿਹਾ ਹੈ। ਪੰਜਾਬੀ ਜਿਮੀਂਦਾਰ ਭਾਵ ਕਿ ਪੰਜਾਬ ਦੀ ਧਨੀ ਕਿਰਸਾਨੀ, ਅੰਗਰੇਜ਼ੀ ਸਕੂਲ ਦੀ ਬਸ ਚ ਬੈਠ ਕੇ ਕਦੋਂ ਦੀ ਸ਼ਹਿਰ ਪਹੁੰਚ ਗਈ ਹੈ। ਅਸੀਂ ਉਸ ਨੂੰ ਵਿਅਰਥ ਹੀ ਆਪਣੇ ਪੇਂਡੂ ਭਾਈਚਾਰੇ ਚ ਸ਼ਾਮਲ ਕਰੀ ਫਿਰਦੇ ਹਾਂ।
ਅਗਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਹਾਂ ਕਿ ਪੰਜਾਬ ਦੀ ਹੋਂਦ, ਪਹਿਚਾਣ ਅਤੇ ਸ਼ਕਤੀ ਸਭ ਪੰਜਾਬੀ ਉਪਰ ਹੀ ਨਿਰਭਰ ਕਰਦੇ ਹਨ। ਇਹ ਗੱਲ ਓਨੀ ਦੇਰ ਤੱਕ ਸਮਝ ਨਹੀਂ ਪੈ ਸਕਦੀ ਜਿੰਨੀ ਦੇਰ ਤੱਕ ਅਸੀਂ ਇਹ ਨਹੀਂ ਜਾਣ ਪਾਉਾਂਦੇ ਕ ਪੰਜਾਬ ਦਾ ਆਰਥਿਕ ਵਿਕਾਸ ਜਾਂ ਫੇਰ ਕਿ ਪੰਜਾਬ ਦੀ ਮਾਡਰੇਨਾਈਜ਼ਨ ਵੀ ਕੇਵਲ ਪੰਜਾਬੀ ਬੋਲੀ ਰਾਹੀਂ ਹੀ ਸੰਭਵ ਹੈ। ਇਹ ਗੱਲ ਸਮਝਣ ਚ ਤਾਂ ਕੋਈ ਔਖ ਨਹੀਂ ਹੋਣੀ ਚਾਹੀਦੀ ਕਿ ਅੱਜ ਦੇ ਸਰਵਿਸ ਅਤੇ ਗਿਆਨ ਅਰਥਚਾਰੇ ਦੇ ਜ਼ਮਾਨੇ ਚ ਪੰਜਾਬ ਓਨੀ ਦੇਰ ਤੱਕ ਵਿਕਾਸ ਨਹੀਂ ਕਰ ਸਕਦਾ, ਜਿੰਨੀ ਦੇਰ ਤੱਕ ਪੰਜਾਬ ਦੀ ਇਹ 66 ਪ੍ਰਤੀਸ਼ਤ ਤੋਂ ਵਧੇਰੇ ਪੰਜਾਬੀ ਚ ਸੋਚਣ ਅਤੇ ਲਿਖਣ ਪੜ੍ਹਨ ਵਾਲੀ ਦਲਿਤ/ਦਮਿਤ ਅਬਾਦੀ ਵਿਕਾਸ ਦੇ ਕੰਮਾਂ ਕਾਰਾਂ ਅਤੇ ਨਿਰਣਾਇਕ ਰੋਲ ਤੋਂ ਬਾਹਰ ਬੈਠੀ ਰਹੇਗੀ। ਪੰਜਾਬ ਦੀ ਸਮੁੱਚੀ ਜਨਤਾ ਨੂੰ ਅੰਗਰੇਜ਼ ਬਨਾਉਣ ਨਾਲੋਂ ਪੰਜਾਬੀ ਬੋਲੀ ਨੂੰ ਵਿਕਾਸ ਦੀ ਬੋਲੀ ਬਣਾ ਲੈਣਾ ਕਿਤੇ ਸੌਖਾ, ਫੌਰੀ ਅਤੇ ਪ੍ਰਭਾਵੀ ਢੰਗ ਹੈ। ਇਹ ਤਾਂ ਅਸੀਂ ਜਾਣਦੇ ਹੀ ਹਾਂ ਕਿ ਅਮਰੀਕਾ, ਇੰਗਲੈਂਡ, ਜਰਮਨੀ, ਫਰਾਂਸ, ਚੀਨ, ਜਪਾਨ, ਕੋਰੀਆ, ਰੂਸ, ਟਰਕੀ, ਈਰਾਨ ਆਦਿ ਜਿਸ ਕਿਸੇ ਨੇ ਵੀ ਵਿਕਾਸ ਕੀਤਾ ਹੈ ਉਹ ਆਪਣੀ ਭਾਸ਼ਾ ਚ ਹੀ ਕੀਤਾ ਹੈ। ਆਪਣੀ ਭਾਸ਼ਾ ਦੇ ਬਾਹਰੋਂ ਦੀ ਵਿਕਾਸ ਦੇ ਘਰ ਦਾ ਕੋਈ ਰਸਤਾ ਨਹੀਂ।
ਅੰਗਰੇਜ਼ੀ ਭਾਸ਼ਾ ਨੇ ਤਾਂ ਸਾਨੂੰ ਵਿਕਾਸ ਦੇ ਅਰਥ ਹੀ ਭੁਲਾ ਦਿੱਤੇ ਹਨ। ਵਿਕਾਸ ਦਾ ਅਰਥ ਹੈ ਕਿ ਅਸੀਂ ਆਪਣੇ ਕੁਦਰਤੀ ਅਤੇ ਮਨੁੱਖੀ ਵਸੀਲਿਆਂ ਦਾ ਇਸ ਢੰਗ ਨਾਲ ਇਸਤੇਮਾਲ ਕਰੀਏ ਕਿ ਉਹ ਇਸਤੇਮਾਲ ਸਾਡੀਆਂ ਲੋੜਾਂ ਤਾਂ ਪੂਰੀਆਂ ਕਰੇ ਪਰ ਸਮਾਜ-ਸੱਭਿਆਚਾਰ ਅਤੇ ਵਾਤਾਵਰਨ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ। ਸਮਾਜ-ਸੱਭਿਆਚਾਰ ਨੂੰ ਧਿਆਨ ਚ ਰੱਖੇ ਬਿਨਾਂ ਕੋਈ ਵੀ ਆਰਥਿਕ ਵਿਕਾਸ ਨਿਆਂ ਪੂਰਨ ਨਹੀਂ ਹੋ ਸਕਦਾ। ਇਸੇ ਤਰ੍ਹਾਂ ਵਾਤਾਵਰਨ ਨੂੰ ਧਿਆਨ ਚ ਰੱਖੇ ਬਿਨਾਂ ਕੋਈ ਵੀ ਆਰਥਿਕ ਵਿਕਾਸ ਉਚਿਤ ਨਹੀਂ ਹੋ ਸਕਦਾ। ਵਿਕਾਸ ਨੂੰ ਸਜਿੰਦ ਬਣਾਈ ਰੱਖਣ ਲਈ ਤਾਂ ਸਮਾਜ- ਸੱਭਿਆਚਾਰ ਅਤੇ ਵਾਤਾਵਰਨ ਦੋਨਾਂ ਨੂੰ ਬਰਾਬਰ ਦੇ ਭਾਈਵਾਲ ਬਣਾਉਣਾ ਪੈਂਦਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਲੋੜਾਂ ਕੇਵਲ ਵਰਤਮਾਨ ਚ ਹੀ ਨਹੀਂ, ਭਵਿੱਖ ਚ ਵੀ ਪੂਰੀਆਂ ਹੁੰਦੀਆਂ ਰਹਿਣ ਤਾਂ ਸਾਨੂੰ ਅੰਗਰੇਜ਼ੀ ਭਾਸ਼ਾ ਵਾਲੇ ਵਿਕਾਸ ਦੀ ਨਹੀਂ ਮਾਤ ਭਾਸ਼ਾ ਵਾਲੇ ਵਿਕਾਸ ਦੀ ਲੋੜ ਹੈ। ਪੰਜਾਬੀ ਭਾਸ਼ਾ ਵਾਲੇ ਵਿਕਾਸ ਦੀ ਲੋੜ ਹੈ। ਪੰਜਾਬ ਦਾ ਹਰਾ ਇਨਕਲਾਬ ਪੰਜਾਬ ਦੇ ਪੌਣ ਪਾਣੀ ਤੇ ਜ਼ਮੀਨਾਂ ਨੂੰ ਇਸੇ ਲਈ ਖਾ ਗਿਆ ਜਾਂ ਫਿਰ ਕਿ ਪੰਜਾਬ ਦੀ ਭਾਈਚਾਰਕਤਾ ਨੂੰ ਵਿਅਕਤੀਵਾਦ ਅਤੇ ਜੁਆਨੀ ਨੂੰ ਨਸ਼ਿਆਂ ਚ ਡੋਬ ਗਿਆ ਕਿ ਇਹ ਵਿਕਾਸ ਆਪਣੀ ਭਾਸ਼ਾ/ਸੱਭਿਆਚਾਰ ਰਾਹੀਂ ਨਹੀਂ, ਇਸ ਦੇ ਬਾਹਰੋਂ ਦੀ ਹੀ ਕਰ ਲਿਆ ਸੀ। ਇਸੇ ਲਈ ਨਤੀਜਾ ਆਨੰਦਮਈ ਖੇੜਾ ਨਹੀਂ, ਖ਼ੁਦਕੁਸ਼ੀਆਂ ਚ ਨਿਕਲਿਆ।
ਪੰਜਾਬ ਦੀ ਭਾਸ਼ਾ ਨੀਤੀ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਕ ਹੋਰ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਵਿਗਿਆਨ ਅਤੇ ਤਕਨਾਲੋਜੀ ਦੀ ਭਾਸ਼ਾ ਅੰਗਰੇਜ਼ੀ ਨਹੀਂ। ਹਰ ਵਿਗਿਆਨ ਅਤੇ ਹਰ ਤਕਨਾਲੋਜੀ ਦੀ ਆਪਣੀ ਭਾਸ਼ਾ ਹੁੰਦੀ ਹੈ, ਜਿਨ੍ਹਾਂ ਨੂੰ ਅਸੀਂ ਮਸਨੂਈ ਭਾਸ਼ਾਵਾਂ (ਆਰਟੀਫੀਸ਼ਲ ਲੈਂਗੁਏਜਿਜ਼) ਆਖਦੇ ਹਾਂ। ਇਹ ਕੁਦਰਤੀ ਭਾਸ਼ਾਵਾਂ ਜਿਵੇਂ ਅੰਗਰੇਜ਼ੀ, ਪੰਜਾਬੀ ਆਦਿ ਤੋਂ ਵੱਖਰੀਆਂ ਹੁੰਦੀਆਂ ਹਨ। ਇਨ੍ਹਾਂ ਦੀ ਸ਼ਬਦਾਵਲੀ ਵੀ ਆਪਣੀ ਹੀ ਹੁੰਦੀ ਹੈ। ਅੰਗਰੇਜ਼ੀ, ਪੰਜਾਬੀ ਆਦਿ ਕੁਦਰਤੀ ਭਾਸ਼ਾਵਾਂ ਤਾਂ ਕੇਵਲ ਗਿਆਨ, ਵਿਗਿਆਨ ਅਤੇ ਤਕਨਾਲੋਜੀ ਦੇ ਅਦਾਨ ਪ੍ਰਦਾਨ ਅਤੇ ਸੰਚਾਰ ਦੀਆਂ ਭਾਸ਼ਾਵਾਂ ਹੀ ਹਨ, ਉਸ ਦੇ ਨਿਰਮਾਣ ਦੀਆਂ ਭਾਸ਼ਾਵਾਂ ਨਹੀਂ। ਬਿਨਾਂ ਸ਼ੱਕ ਅੰਗਰੇਜ਼ੀ ਗਿਆਨ, ਵਿਗਿਆਨ ਅਤੇ ਤਕਨਾਲੋਜੀ ਦੇ ਵਿਸ਼ਵ ਪੱਧਰ ਉਪਰ ਅਦਾਨ ਪ੍ਰਦਾਨ ਦੀ ਭਾਸ਼ਾ ਬਣ ਚੁੱਕੀ ਹੈ। ਸੰਚਾਰ ਦੀ ਭਾਸ਼ਾ ਇਹ ਇਸ ਲਈ ਨਹੀਂ ਬਣ ਸਕਦੀ ਕਿਉਂਕਿ ਸੰਚਾਰ ਦਾ ਸਬੰਧ ਅਨੁਵਾਦ ਅਤੇ ਫੀਡਬੈਕ ਨਾਲ ਹੈ। ਗਿਆਨ, ਵਿਗਿਆਨ ਅਤੇ ਤਕਨਾਲੋਜੀ ਦਾ ਵਿਭਿੰਨ ਸੱਭਿਆਚਾਰਾਂ ਚ ਅਨੁਵਾਦ ਅਤੇ ਫਿਰ ਸੱਭਿਆਚਾਰਕ ਪ੍ਰਤੀਕਿਰਿਆਵਾਂ ਦੀ ਗਿਆਨ, ਵਿਗਿਆਨ ਅਤੇ ਤਕਨਾਲੋਜੀ ਨੂੰ ਫੀਡਬੈਕ, ਇਹ ਕੰਮ ਤਾਂ ਫਿਰ ਕੇਵਲ ਮਾਤਭਾਸ਼ਾ ਚ ਹੀ ਹੋ ਸਕਦਾ ਹੈ।
ਸਾਨੂੰ ਤਿੰਨ ਭਾਸ਼ਾਵਾਂ ਸਿੱਖਣ ਦੀ ਲੋੜ ਹੁੰਦੀ ਹੈ। ਗਿਆਨ, ਵਿਗਿਆਨ ਅਤੇ ਤਕਨਾਲੋਜੀ ਦੇ ਜਿਸ ਖੇਤਰ ਚ ਅਸੀਂ ਕੰਮ ਕਰਦੇ ਹਾਂ ਉਸ ਦੀ ਤਕਨੀਕੀ ਜਾਂ ਮਸਨੂਈ ਭਾਸ਼ਾ, ਅਦਾਨ ਪ੍ਰਦਾਨ ਦੀ ਭਾਸ਼ਾ (ਜਿਵੇਂ ਕਿ ਮੌਜੂਦਾ ਸਮੇਂ ਚ ਅੰਗਰੇਜ਼ੀ) ਅਤੇ ਸੱਭਿਆਚਾਰ ਦੀ ਭਾਸ਼ਾ ਜਿਵੇਂ ਕਿ ਸਾਡੇ ਸਬੰਧ ਚ ਪੰਜਾਬੀ। ਇਸ ਤਿੰਨ ਭਾਸ਼ਾਈ ਫਾਰਮੂਲੇ ਦੀ ਸਭ ਤੋਂ ਵੱਡੀ ਲੋੜ ਤਾਂ ਗਿਆਨ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਚ ਕੰਮ ਕਰਨ ਵਾਲੇ ਵਿਗਿਆਨੀਆਂ, ਮਾਹਰਾਂ ਅਤੇ ਅਧਿਆਪਕਾਂ ਨੂੰ ਹੁੰਦੀ ਹੈ। ਸ਼ਾਇਦ ਇਸ ਲਈ ਭਾਰਤ ਚ ਸਾਇੰਸ ਅਤੇ ਤਕਨਾਲੋਜੀ ਦਾ ਵਿਕਾਸ ਕੇਵਲ ਉਸ ਸਮੇਂ ਤੋਂ ਹੀ ਹੋ ਸਕਿਆ ਜਦੋਂ ਸਾਡੀਆਂ ਸੱਭਿਆਚਾਰਕ ਭਾਸ਼ਾਵਾਂ ਸਾਡੇ ਵਿਦਿਅਕ ਸਿਸਟਮ ਦਾ ਅਨਿੱਖੜਵਾਂ ਅੰਗ ਸਨ। ਚੰਦਰ ਸ਼ੇਖਰ ਨੂੰ ਜਿਸ ਖੋਜ ਪੱਤਰ ਉਪਰ ਨੋਬਲ ਇਨਾਮ ਮਿਲਿਆ ਉਹ ਉਸ ਨੇ ਨੋਬਲ ਇਨਾਮ ਮਿਲਣ ਤੋਂ ਪੱਚੀ-ਤੀਹ ਸਾਲ ਪਹਿਲਾਂ ਭਾਰਤ ਚ ਰਹਿੰਦਿਆਂ ਤਾਮਿਲ ਭਾਸ਼ਾ ਚ ਲਿਖਿਆ ਸੀ। ਸੱਭਿਆਚਾਰਕ ਭਾਸ਼ਾਵਾਂ ਨਾਲੋਂ ਟੁੱਟਣ ਦਾ ਇਹ ਨਤੀਜਾ ਨਿਕਲਿਆ ਕਿ ਅੱਜ ਸਾਡੀਆਂ ਆਈ ਆਈ ਟੀ ਵਰਗੀਆਂ ਵੱਡੀਆਂ ਸੰਸਥਾਵਾਂ, ਜਿਨ੍ਹਾਂ ਉਪਰ ਅਸੀਂ ਮਾਣ ਕਰਦੇ ਨਹੀਂ ਥੱਕਦੇ, ਕੇਵਲ ਸੇਲਜ਼ਮੈਨ ਹੀ ਪੈਦਾ ਕਰ ਰਹੀਆਂ ਹਨ, ਗਿਆਨੀ, ਵਿਗਿਆਨੀ ਅਤੇ ਤਕਨਾਲੋਜਿਸਟ ਨਹੀਂ।
ਗਿਆਨ ਵਿਗਿਆਨ, ਤਕਨਾਲੋਜੀ ਅਤੇ ਪ੍ਰਸ਼ਾਸਨ ਨੂੰ ਅੰਗਰੇਜ਼ੀ ਭਾਸ਼ਾ ਨਾਲ ਕੇਵਲ ਇਕੋ ਹੀ ਫਾਇਦਾ ਹੈ ਕਿ ਇਹ ਅੰਗਰੇਜ਼ੀ ਜਾਣਨ ਵਾਲੇ ਛੋਟੇ ਜਿਹੇ ਇਲੀਟ ਵਰਗ ਦੀ ਮਲਕੀਅਤ ਬਣੇ ਰਹਿੰਦੇ ਹਨ। ਕੇਵਲ ਇਲੀਟ ਵਰਗਾਂ ਦੀ ਹੀ ਨਹੀਂ। ਅੰਗਰੇਜ਼ੀ ਮਾਤ-ਭਾਸ਼ਾ ਵਾਲੇ ਇਲੀਟ ਮੁਲਕਾਂ ਦੀ ਵੀ। ਇਸੇ ਦਾ ਨਾਮ ਸਾਮਰਾਜਵਾਦ ਹੈ। ਤਿੰਨ ਭਾਸ਼ਾਈ ਨੀਤੀ, ਜਿਸ ਦੀ ਆਪਾਂ ਗੱਲ ਕਰ ਰਹੇ ਸੀ, ਦਬੇ ਕੁਚਲੇ ਲੋਕਾਂ, ਭਾਈਚਾਰਿਆਂ, ਮੁਲਕਾਂ ਦੇ ਵਿਕਾਸ ਦਾ ਹੀ ਮਾਰਗ ਦਰਸ਼ਨ ਨਹੀਂ ਕਰਦੀ ਸਗੋਂ ਗਿਆਨ, ਵਿਗਿਆਨ ਅਤੇ ਤਕਨਾਲੋਜੀ ਦੀ ਮੁਕਤੀ ਦਾ ਦੁਆਰ ਵੀ ਹੈ।
1. ਇਸ ਲਈ ਕਿਸੇ ਵੀ ਭਾਈਚਾਰੇ ਜਾਂ ਮੁਲਕ ਦੀ ਭਾਸ਼ਾ ਨੀਤੀ ਨੂੰ ਗਾਈਡ ਕਰਨ ਵਾਲਾ ਸਭ ਤੋਂ ਪਹਿਲਾ ਮਸਲਾ ਹੈ, ਭਾਸ਼ਾਈ ਵੰਨ ਸਵੰਨਤਾ ਦਾ ਮਸਲਾ। ਜੈਵਿਕ ਵੰਨ ਸਵੰਨਤਾ ਦੇ ਨਾਲ ਨਾਲ ਸਾਡੀ ਭਾਸ਼ਾਈ ਅਤੇ ਸੱਭਿਆਚਾਰਕ ਵੰਨ ਸਵੰਨਤਾ ਵੀ ਖ਼ਤਮ ਹੋ ਰਹੀ ਹੈ। ਯੂਨੈਸਕੋ ਲੈਂਗਵੇਜ਼ ਰੀਵਾਈਟੇਲਾਈਜੇਸ਼ਨ ਦੀ ਇਕ ਰਿਪੋਰਟ ਮੁਤਾਬਕ ਸੌ ਸਾਲਾਂ ਤੋਂ ਵੀ ਘੱਟ ਸਮੇਂ ਚ ਦੁਨੀਆ ਦੀਆਂ 90 ਤੋਂ 95 ਪ੍ਰਤੀਸ਼ਤ ਭਾਸ਼ਾਵਾਂ ਅਤੇ ਇਨ੍ਹਾਂ ਦੇ ਸਾਹਿਤ, ਸੱਭਿਆਚਾਰ ਲੁਪਤ ਹੋ ਜਾਣਗੇ। ਅੱਜ ਦੀਆਂ 6000 ਭਾਸ਼ਾਵਾਂ ਚੋਂ ਕੇਵਲ 300 ਭਾਸ਼ਾਵਾਂ ਹੀ ਬਚ ਸਕਣਗੀਆਂ। ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਵਕਤ ਚ ਕੇਵਲ ਉਹ ਭਾਸ਼ਾਵਾਂ ਹੀ ਬਚਣਗੀਆਂ ਜਿਹੜੀਆਂ ਭਾਸ਼ਾਵਾਂ ਚ ਮਸ਼ੀਨ ਟਰਾਂਸਲੇਸ਼ਨ ਆਦਿ ਦੀਆਂ ਕੰਪਿਊਟਰੀ ਸੁਵਿਧਾਵਾਂ ਉਪਲਬਧ ਹੋਣਗੀਆਂ। ਖੈਰ ਜਿਹੜੀਆਂ ਭਾਸ਼ਾਵਾਂ ਬਚ ਸਕਦੀਆਂ ਹਨ ਉਨ੍ਹਾਂ ਚ ਸਾਡੀਆਂ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਦਾ ਵੀ ਨਾਂ ਆਉਂਦਾ ਹੈ। ਪੰਜਾਬੀ ਦਾ ਵੀ ਹੈ। ਪੰਜਾਬੀ ਬਚ ਸਕਦੀ ਹੈ ਪਰ ਕੀ ਪੰਜਾਬ ਸਰਕਾਰ, ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਪੰਜਾਬੀ ਭਾਈਚਾਰੇ ਕੋਲ ਪੰਜਾਬੀ ਨੂੰ ਬਚਾਉਣ ਲਈ ਲੋੜੀਂਦੀ ਸਿਆਸੀ ਇੱਛਾ ਸ਼ਕਤੀ, ਪੂੰਜੀ ਨਿਵੇਸ਼, ਪ੍ਰਤੀਬੱਧਤਾ ਅਤੇ ਲਗਨ ਮੌਜੂਦ ਹੈ? ਕੀ ਅਸੀਂ ਇਹ ਵਸੀਲੇ ਜੁਟਾ ਪਾਵਾਂਗੇ?
ਪੰਜਾਬੀ ਜਾਂ ਫੇਰ ਕਿ ਹਰ ਜ਼ੁਬਾਨ ਕੇਵਲ ਇਕ ਭਾਸ਼ਾ ਹੀ ਨਹੀਂ, ਆਪਣੇ ਆਪ ਚ ਇਕ ਪੂਰਾ ਸੂਰਾ ਸੰਸਾਰ ਹੁੰਦੀ ਹੈ। ਇਕ ਵਿਸ਼ਵ ਦ੍ਰਿਸ਼ਟੀ, ਇਕ ਮੋਡ ਆਫ਼ ਬੀਂਗ ਅਤੇ ਥਿੰਕਿੰਗ। ਅੱਜ ਦੁਨੀਆ ਚ ਅਜਿਹੇ 6000 ਸੰਸਾਰ/ਵਿਸ਼ਵ ਦ੍ਰਿਸ਼ਟੀਆਂ ਬਚੇ ਹਨ। ਇਨ੍ਹਾਂ ਨੂੰ ਬਚਾ ਲਈਏ। ਇਨ੍ਹਾਂ ਦੀ ਕਰੌਸ ਪੌਲੀਨੇਸ਼ਨ ਜਾਂ ਕਰੌਸ ਬਰੀਡਿੰਗ ਚੋ ਹੀ ਸਿਰਜਣਾਤਮਕਤਾ ਅਤੇ ਨਵੀਨਤਾ ਨੇ ਜਨਮ ਲੈਣਾ ਹੈ। ਇਸ ਵੰਨ ਸਵੰਨਤਾ ਚ ਮਾਨਵ ਅਤੇ ਮਾਨਵ ਸਮਾਜ ਦੇ ਵਿਕਾਸ ਦੀਆਂ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ। ਜਿਵੇਂ ਜੈਵਿਕ ਵੰਨ ਸਵੰਨਤਾ ਬਿਨਾਂ ਜੈਵਿਕ ਵਿਕਾਸ ਸੰਭਵ ਨਹੀਂ, ਬਿਲਕੁੱਲ ਇਸੇ ਤਰ੍ਹਾਂ ਭਾਸ਼ਾਈ ਅਤੇ ਸੰਸਕ੍ਰਿਤਕ ਵੰਨ ਸਵੰਨਤਾ ਤੋਂ ਬਿਨਾਂ ਮਾਨਵਤਾ ਦੀ ਸਰਵਾਇਵਲ ਵੀ ਖ਼ਤਰੇ ਚ ਪੈ ਜਾਂਦੀ ਹੈ। ਇਸ ਭਾਸ਼ਾਈ ਵੰਨ ਸਵੰਨਤਾ ਨੂੰ ਉਤਸ਼ਾਹਿਤ ਕਰਨਾ ਹੈ ਜਾਂ ਨਿਰਉਤਸ਼ਾਹਿਤ ਇਹ ਸਾਡੀ ਭਾਸ਼ਾ ਨੀਤੀ ਦਾ ਮਸਲਾ ਹੈ। ਦੁਨੀਆਂ ਜਾਗ ਰਹੀ ਹੈ। ਅਸੀਂ ਵੀ ਜਾਗੀਏ।
ਸੰਨ 1961 ਦੀ ਮਰਦਮਸ਼ੁਮਾਰੀ ਵੇਲੇ ਭਾਰਤ 1615 ਮਾਤ ਬੋਲੀਆਂ ਰਿਕਾਰਡ ਕੀਤੀਆਂ ਗਈਆਂ। 1971 ਦੀ ਮਰਦਮਸ਼ੁਮਾਰੀ ਚ ਇਨ੍ਹਾਂ ਦੀ ਗਿਣਤੀ ਘਟ ਕੇ 221 ਰਹਿ ਗਈ। ਸੰਨ 1981 ‘ਚ ਇਹ ਗਿਣਤੀ ਹੋਰ ਵੀ ਘਟ ਗਈ ਅਤੇ ਕੇਵਲ 106 ਮਾਤ ਬੋਲੀਆਂ ਹੀ ਰਿਕਾਰਡ ਕੀਤੀਆਂ ਗਈਆਂ। ਭਾਰਤ ਦੀਆਂ ਇਨ੍ਹਾਂ ਸਾਰੀਆਂ ਭਾਸ਼ਾਵਾਂ ਨੂੰ ਕੁਝ ਗਿਣਤੀ ਦੀਆਂ ਪ੍ਰਮੁੱਖ ਭਾਸ਼ਾਵਾਂ ਦੀ ਚੌਧਰ ਥੱਲੇ ਉਪ ਭਾਸ਼ਾਵਾਂ ਦੇ ਰੂਪ ਚ ਮੌਨ ਕਰ ਦਿੱਤਾ ਗਿਆ।
ਇਸ ਵਿਧਾ ਰਾਹੀਂ ਭਾਰਤ ਦੀ ਭਾਸ਼ਾਈ ਅਤੇ ਸੰਸਕ੍ਰਿਤਕ ਵੰਨ ਸਵੰਨਤਾ ਨੂੰ ਖ਼ਤਮ ਕਰਨ ਦੇ ਅਮਲ ਉਪਰ ਅੱਠਵੇਂ ਸ਼ਡਿਊਲ ਰਾਹੀਂ ਸੰਵਿਧਾਨਕ ਮੋਹਰ ਲਗਾ ਦਿੱਤੀ ਗਈ ਹੈ। ਕਹਿਣ ਤੋਂ ਭਾਵ ਹੈ ਕਿ ਭਾਰਤ ਦੀ ਵਿਸ਼ਾਲ ਅਤੇ ਭਾਸ਼ਾਈ ਅਤੇ ਸੰਸਕ੍ਰਿਤਕ ਵੰਨ ਸਵੰਨਤਾ ਨੂੰ ਅੱਠਵੇਂ ਸ਼ਡਿਊਲ ਦੀਆਂ 20-22 ਭਾਸ਼ਾਵਾਂ ਦੇ ਰੂਪ ਚ ਸੰਗਠਿਤ ਕਰ ਦਿੱਤਾ ਗਿਆ ਹੈ। ਭਾਰਤ ਦੇ ਜਿਹੜੇ 30 ਕਰੋੜ ਲੋਕ ਹਿੰਦੀ ਬੋਲਦੇ ਹਨ ਉਹ ਸਾਰੇ ਦੇ ਸਾਰੇ ਖੜ੍ਹੀ ਬੋਲੀ ਨਹੀਂ ਬੋਲਦੇ। ਅਜਿਹੀਆਂ ਕਿੰਨੀਆਂ ਹੀ ਭਾਸ਼ਾਵਾਂ ਬੋਲਦੇ ਹਨ, ਜਿਨ੍ਹਾਂ ਨੂੰ ਹਿੰਦੀ ਦੇ ਨਾਮ ਥੱਲੇ ਮੌਨ ਕਰ ਦਿੱਤਾ ਗਿਆ ਹੈ। ਇਹ ਕੰਮ ਹਿੰਦੀ ਹੀ ਨਹੀਂ ਪੰਜਾਬੀ ਵੀ ਕਰ ਰਹੀ ਹੈ। ਪੁਆਧੀ, ਦੁਆਬੀ, ਮਝੈਲੀ, ਮਲਵਈ, ਪਹਾੜੀ ਆਦਿ ਤਮਾਮ ਭਾਸ਼ਾਵਾਂ ਨੂੰ ਅਸੀਂ ਇਕ ਮਸਨੂਈ ਕਿਸਮ ਦੀ ਸਟੈਂਡਰਡ ਪੰਜਾਬੀ ਰਾਹੀਂ ਖ਼ਤਮ ਕਰਨ ਦੇ ਰਸਤੇ ਉਪਰ ਤੁਰੇ ਹੋਏ ਹਾਂ।
ਜਿਹੜੇ ਦੂਸਰੇ ਮੁੱਦੇ ਤੇ ਵਿਚਾਰ ਚਰਚਾ ਕਰਨ ਦੀ ਲੋੜ ਹੈ ਉਹ ਹੈ ਭਾਸ਼ਾ ਦੇ ਤਕਨੀਕੀ ਵਿਕਾਸ ਦੀ ਗੱਲ। ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਸਰਕਾਰੀ ਅਤੇ ਯੂਨੀਵਰਸਿਟੀ ਪੱਧਰ ਤੇ ਜਿੰਨਾ ਵੀ ਕੰਮ ਹੋਇਆ ਹੈ ਉਹ ਬਹੁਤ ਹੀ ਅਧੂਰਾ, ਨੁਕਸਦਾਰ ਅਤੇ ਨਿਰਾਸ਼ਾਜਨਕ ਹੈ। ਆਈ ਆਈ ਟੀ ਦਿੱਲੀ ਨੇ ਪੰਜਾਬੀ ਕਾਰਪੋਰਾ ਦੇ ਨਿਰਮਾਣ ਦਾ ਕੰਮ ਸ਼ੁਰੂ ਤਾਂ ਕੀਤਾ ਸੀ ਪਰ ਅੱਧ ਵਿਚਾਲੇ ਹੀ ਛੱਡ ਦਿੱਤਾ। ਥਾਪਰ ਇੰਸਟੀਚਿਊਟ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੰਮ ਵੀ ਨਿਚਲੇ ਪੱਧਰ ਦਾ ਹੀ ਹੈ। ਪੰਜਾਬੀ ਯੂਨੀਵਰਸਿਟੀ ਇਹ ਕੰਮ ਕਰ ਸਕਦੀ ਹੈ, ਉਸੇ ਨੂੰ ਹੀ ਕਰਨਾ ਚਾਹੀਦਾ ਹੈ। ਪਰ ਇਕ ਸੁਧਾਰ ਕਰਨਾ ਪਵੇਗਾ। ਪੰਜਾਬੀ ਦੇ ਤਕਨੀਕੀ ਵਿਕਾਸ ਦਾ ਕੰਮ ਕਿਸੇ ਪੰਜਾਬੀ ਦੇ ਭਾਸ਼ਾ ਵਿਗਿਆਨੀ ਦੀ ਰਹਿਨੁਮਾਈ ਅਧੀਨ ਹੋਣਾ ਚਾਹੀਦਾ ਹੈ, ਕਿਸੇ ਇੰਜੀਨੀਅਰ ਦੀ ਰਹਿਨੁਮਾਈ ਅਧੀਨ ਨਹੀਂ। ਇੰਜੀਨੀਅਰ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ ਪਰ ਉਹ ਭੂਮਿਕਾ ਤਦ ਹੀ ਕੋਈ ਨਤੀਜਾ ਕੱਢ ਸਕਦੀ ਹੈ ਜੇਕਰ ਉਹ ਪੰਜਾਬੀ ਭਾਸ਼ਾ ਵਿਗਿਆਨੀਆਂ ਦੀ ਰਹਿਨੁਮਾਈ ਅਧੀਨ ਹੋਵੇ। ਇਹ ਕੰਮ ਕੇਵਲ ਪੰਜਾਬੀ ਵਿਭਾਗ ਅੰਦਰ ਕੰਪਿਊਟਰ ਇੰਜੀਨੀਅਰ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦੇ ਮਾਹਿਰ ਹੀ ਕਰ ਸਕਦੇ ਹਨ। ਇਸ ਕੰਮ ਲਈ ਜਿਹੜੇ ਆਰਥਿਕ ਵਸੀਲਿਆਂ ਦੀ ਲੋੜ ਹੈ ਪੰਜਾਬੀ ਯੂਨੀਵਰਸਿਟੀ ਨੂੰ ਉਹ ਆਰਥਿਕ ਵਸੀਲੇ ਮੁਹੱਈਆ ਕਰਨਾ ਪੰਜਾਬ ਸਰਕਾਰ ਦਾ ਨੈਤਿਕ ਫ਼ਰਜ਼ ਹੈ। ਪੰਜਾਬ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਸ ਲਈ ਕੋਈ ਵੀ ਕੰਮ ਏਨਾ ਮਹੱਤਵੂਰਨ ਨਹੀਂ ਜਿੰਨਾ ਕਿ ਪੰਜਾਬੀ ਜ਼ੁਬਾਨ ਦੀ ਸਾਂਭ ਸੰਭਾਲ ਕਰਨਾ।
ਤੀਸਰਾ ਮੁੱਦਾ ਹੈ, ਸਰਕਾਰੀ ਪੱਧਰ ਤੇ ਪੰਜਾਬੀ ਨੂੰ ਸੁਹਿਰਦਤਾ ਅਤੇ ਈਮਾਨਦਾਰੀ ਨਾਲ ਲਾਗੂ ਕਰਨਾ। ਇਹ ਗੱਲ ਆਖਣ ਵਿਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਇਸ ਦਿਸ਼ਾ ਚ ਸਾਡੀ ਕਾਰਗੁਜ਼ਾਰੀ ਬਹੁਤ ਹੀ ਅਫ਼ਸੋਸਨਾਕ ਰਹੀ ਹੈ। ਮੈਂ ਇਹ ਗੱਲ ਮੌਜੂਦਾ ਸਰਕਾਰ ਦੇ ਪੰਜਾਬ ਆਫ਼ੀਸ਼ੀਅਲ ਲੈਂਗਵੇਜ਼ (ਅਮੈਂਡਮੈਂਟ) ਬਿਲ 2008 ਨੂੰ ਧਿਆਨ ਚ ਰੱਖ ਕੇ ਹੀ ਆਖ ਰਿਹਾ ਹਾਂ। ਕੀ ਇਕ ਸਧਾਰਨ ਭਾਸ਼ਾ ਅਫ਼ਸਰ ਸੀਨੀਅਰ ਆਈ ਏ ਐਸ ਅਤੇ ਆਈ ਪੀ ਐਸ ਅਫ਼ਸਰਾਂ ਦੇ ਕੰਮ ਦੀ ਇਨਸਪੈਕਸ਼ਨ ਕਰ ਕੇ ਉਨ੍ਹਾਂ ਵਿਰੁੱਧ ਸਜ਼ਾ ਦੀ ਸਿਫ਼ਾਰਸ਼ ਕਰ ਸਕਦਾ ਹੈ? ਫੇਰ ਇਹ ਅਮੈਂਡਮੈਂਟ ਬਿਲ ਆਖਦਾ ਹੈ ਕਿ ਕੇਵਲ ਉਸ ਕਰਮਚਾਰੀ ਵਿਰੁੱਧ ਹੀ ਐਕਸ਼ਨ ਲਿਆ ਜਾ ਸਕਦਾ ਹੈ ਜੋ ਇਸ ਐਕਟ ਦੀਆਂ ਧਾਰਾਵਾਂ ਦੀ ਨਿਰੰਤਰ ਅਵੱਗਿਆ ਕਰੇਗਾ। ਇਸ ਦਾ ਮਤਲਬ ਮਹੀਨੇ ਜਾਂ ਹਫ਼ਤੇ ਚ ਇਕ ਅੱਧ ਚਿੱਠੀ ਪੰਜਾਬੀ ਚ ਲਿਖ ਕੇ ਸਾਰਾ ਕੰਮ ਅੰਗਰੇਜ਼ੀ ਚ ਪਹਿਲਾਂ ਵਾਂਗ ਹੀ ਚਲਾਇਆ ਜਾ ਸਕਦਾ ਹੈ।
ਜੇਕਰ ਪੰਜਾਬ ਸਰਕਾਰ ਸੱਚਮੁੱਚ ਹੀ ਈਮਾਨਦਾਰੀ ਨਾਲ ਪੰਜਾਬੀ ਨੂੰ ਲਾਗੂ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਇਕ ਹੋਰ ਸੋਧ ਬਿਲ ਲਿਆਉਣਾ ਪਵੇਗਾ ਜਿਸ ਚ ਇਸ ਐਕਟ ਦੀਆਂ ਧਾਰਾਵਾਂ ਨੂੰ ਲਾਗੂ ਕਰਵਾਉਣ ਲਈ ਰਾਜ ਪੱਧਰ ਦੇ ਸਰਕਾਰੀ ਭਾਸ਼ਾ ਟ੍ਰਿਬਿਊਨਲ ਦੀ ਸਥਾਪਨਾ ਲਈ ਵਿਵਸਥਾ ਹੋਵੇ। ਫਿਰ ਹਰ ਇਕ ਨਾਗਰਿਕ ਨੂੰ ਇਸ ਐਕਟ ਦੀ ਅਵੱਗਿਆ ਕਰਨ ਵਾਲੇ ਅਫ਼ਸਰਾਂ ਵਿਰੁੱਧ ਸ਼ਿਕਾਇਤ ਕਰਨ ਦੀ ਆਗਿਆ ਹੋਵੇ। ਤੀਸਰੀ ਗੱਲ, ਵਿਭਾਗੀ ਐਕਸ਼ਨ ਦੀ ਥਾਂ ਸਜ਼ਾ ਦੇਣ ਦਾ ਅਧਿਕਾਰ ਟ੍ਰਿਬਿਊਨਲ ਕੋਲ ਹੀ ਹੋਵੇ ਅਤੇ ਹਰ ਅਵੱਗਿਆ ਦੀ ਸਜ਼ਾ ਹੋਵੇ। ਆਪਣੀ ਸੁਹਿਰਦਤਾ ਦਾ ਸਬੂਤ ਦੇਣ ਲਈ ਪੰਜਾਬ ਸਰਕਾਰ ਨੂੰ ਅਜਿਹੇ ਬਿਲ ਦਾ ਖਰੜਾ ਤਿਆਰ ਕਰਨ ਲਈ ਬਿਊਰੋਕਰੈਟਸ ਦੀ ਥਾਂ ਵਿਦਵਾਨਾਂ ਅਤੇ ਕਨੂੰਨੀ ਮਾਹਿਰਾਂ ਦੀ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ।
ਚੌਥਾ ਮੁੱਦਾ ਹੈ, ਪੰਜਾਬ ਲਈ ਤਿੰਨ ਭਾਸ਼ਾਈ ਨੀਤੀ ਦਾ ਨਿਰਮਾਣ। ਸਾਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਕਿਹੜਾ ਕੰਮ ਕਿਸ ਭਾਸ਼ਾ ਚ ਹੋਣਾ ਹੈ। ਪ੍ਰਮੁੱਖ ਤੌਰ ਤੇ ਇਹ ਕੰਮ ਹਨ : ਨੰਬਰ ਇਕ, ਪੰਜਾਬੀ ਅਤੇ ਅੰਗਰੇਜ਼ੀ ਦੀ ਸਕੂਲੀ ਪੜ੍ਹਾਈ ਦਾ ਮਸਲਾ; ਨੰਬਰ ਦੋ, ਸਾਇੰਸ ਅਤੇ ਤਕਨਾਲੋਜੀ ਦੀ ਉਚ ਸਿੱਖਿਆ ਅਤੇ ਖੋਜ ਦਾ ਮਸਲਾ; ਨੰਬਰ ਤਿੰਨ, ਵਿਕਾਸ, ਗਵਰਨੈਂਸ ਅਤੇ ਨਿਆਂ ਦੀ ਭਾਸ਼ਾ ਦਾ ਮਸਲਾ। ਇਸ ਗੱਲ ਚ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਚ ਅੰਗਰੇਜ਼ੀ ਕੇਵਲ ਅਤੇ ਕੇਵਲ ਵਿਗਿਆਨਕ ਅਤੇ ਤਕਨੀਕੀ ਗਿਆਨ ਦੀ ਦਰਾਮਦ ਬਰਾਮਦ ਅਤੇ ਗ਼ੈਰ-ਪੰਜਾਬੀ ਭਾਈਚਾਰਿਆਂ ਨਾਲ ਸੰਵਾਦ ਦੀ ਭਾਸ਼ਾ ਰਹਿ ਕੇ ਬਾਕੀ ਸਾਰੀ ਸਪੇਸ ਪੰਜਾਬੀ ਲਈ ਛੱਡ ਸਕਦੀ ਹੈ। ਅੰਗਰੇਜ਼ੀ ਕਦੀ ਵੀ ਪੰਜਾਬ ਦੇ ਸਜਿੰਦ ਵਿਕਾਸ, ਜਮਹੂਰੀਅਤ ਅਤੇ ਨਿਆਂ ਦੀ ਭਾਸ਼ਾ ਨਹੀਂ ਬਣ ਸਕਦੀ।
ਪੰਜਵਾਂ ਮੁੱਦਾ ਹੈ, ਪੰਜਾਬ ਚ ਪੰਜਾਬੀ ਭਾਸ਼ਾ ਲਈ ਪੰਜਾਬ ਦੀ ਸਭਿਆਚਾਰਕ ਸਨਅਤ ਨੂੰ ਉਤਸ਼ਾਹਿਤ ਕਰਨਾ। ਸਭਿਆਚਾਰਕ ਸਨਅਤ ਦਾ ਅਰਥ ਹੈ ਪੰਜਾਬੀ ਲੇਖਕਾਂ, ਕਲਾਕਾਰਾਂ, ਸੰਗੀਤਕਾਰਾਂ, ਗਾਇਕਾਂ, ਨ੍ਰਿਤਕਾਂ, ਫ਼ਿਲਮਕਾਰਾਂ, ਕਰੈਫਟਸਮੈਨਾਂ ਆਦਿ ਦੀਆਂ ਸਿਰਜਣਾਤਮਕ ਸੰਭਾਵਨਾਵਾਂ ਨੂੰ ਮੀਡੀਆ, ਮੈਨੇਜਮੈਂਟ ਅਤੇ ਸਿੱਖਿਆ ਤਕਨਾਲੋਜੀ ਦੀ ਸਹਾਇਤਾ ਨਾਲ ਇਕ ਵੱਡੇ ਉਦਯੋਗ ਦੇ ਰੂਪ ਚ ਵਿਕਸਤ ਕਰਨਾ। ਇਹ ਸਨਅਤ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਵਿਕਾਸ ਦੇ ਨਾਲ-ਨਾਲ ਵੱਡੇ ਪੱਧਰ ਤੇ ਰੁਜ਼ਗਾਰ ਅਤੇ ਆਮਦਨ ਪੈਦਾ ਕਰ ਕੇ ਪੰਜਾਬ ਦੀ ਬਹੁਪੱਖੀ ਆਰਥਿਕ-ਰਾਜਨੀਤਕ-ਸਭਿਆਚਾਰਕ ਪਹਿਚਾਣ ਅਤੇ ਸ਼ਕਤੀ ਦਾ ਆਧਾਰ ਬਣ ਸਕਦੀ ਹੈ।
ਪੰਜਾਬੀ ਮਾਧਿਅਮ ਰਾਹੀਂ ਸਕੂਲੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਸੂਚਨਾ ਅਤੇ ਸੰਚਾਰ ਤਕਨਾਲੋਜੀ ਦਾ ਉਪਯੋਗ, ਮਲਟੀ ਮੀਡੀਆ ਅਤੇ ਐਨੀਮੇਸ਼ਨ ਪ੍ਰੋਗਰਾਮ ਆਦਿ ਤਿਆਰ ਕਰਨੇ ਵੀ ਬਹੁਤ ਜ਼ਰੂਰੀ ਹਨ। ਇਸ ਤੋਂ ਬਿਨਾਂ ਪੰਜਾਬੀ ਨੂੰ ਵਿਦਿਆ ਦੇ ਮਾਧਿਅਮ ਵਜੋਂ ਅਪਣਾਇਆ ਹੀ ਨਹੀਂ ਜਾ ਸਕਦਾ। ਭਾਸ਼ਾ ਪਾਲਿਸੀ, ਪਲੈਨਿੰਗ ਅਤੇ ਸਟਰੈਟਿਜੀ ਦੇ ਨਿਰਮਾਣ ਦੇ ਨਾਲ ਨਾਲ ਜਿਸ ਵਾਚ ਡੌਗ ਦੀ ਲੋੜ ਹੈ, ਉਹ ਲੋੜ ਕੇਵਲ ਭਾਸ਼ਾ ਮਾਹਿਰਾਂ ਦੀ ਇਕ ਗ਼ੈਰ-ਸਰਕਾਰੀ ਏਜੰਸੀ ਹੀ ਪੂਰੀ ਕਰ ਸਕਦੀ ਹੈ। ਇਕ ਪੰਜਾਬੀ ਭਾਸ਼ਾ ਲੋਕ ਕਮਿਸ਼ਨ ਦੀ ਸਥੱਪਨਾ ਵੀ ਕੀਤੀ ਜਾ ਸਕਦੀ ਹੈ.ਪਰ ਇਹ ਸਾਰੇ ਅਪਰਾਲੇ ਇਕ ਮੂਵਮੈਂਟ ਵਿਚ ਬੱਝ ਕੇ ਹੀ ਲੋੜੀਂਦੇ ਰੀਜ਼ਲਟ ਪੈਦਾ ਕਰ ਸਕਦੇ ਹਨ।
ਪੰਜਾਬੀ ਸਭਿਆਚਾਰ:
ਪੰਜਾਬੀ ਸਭਿਆਚਾਰ ਦੀ ਗੱਲ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਕਰਨਾ ਠੀਕ ਰਹੇਗਾ। ਪੰਜਾਬੀ ਸਭਿਆਚਾਰਕ ਅਧਿਐਨ ਅਤੇ ਪੰਜਾਬੀ ਸਭਿਆਚਾਰਕ ਉਤਪਾਦਨ ਵਿਚ। ਪਹਿਲੇ ਭਾਗ ਵਿਚ ਆਪਾਂ ਸਭਿਆਚਾਰਕ ਪ੍ਰੈਕਟਿਸ ਦੇ ਅਧਿਆਨ ਦੀ ਗੱਲ ਕਰਾਂਗੇ। ਅਜੇਹੇ ਅਧਿਐਨ ਰਾਹੀਂ ਸਮੇਂ ੳਤੇ ਸਮਾਜ ਦੀਆਂ ਬਿਮਾਰੀਆਂ ਦੇ ਨਿਰੀਖਣ ਦੀ ਗੱਲ ਹੋ ਸਕੇਗੀ। ਦੂਸਰੇ ਭਾਗ ਵਿਚ ਅਜੇਹੀਆਂ ਬਿਮਾਰੀਆਂ ਦੇ ਇਲਾਜ ਲਈ ਸਭਿਆਚਾਰਕ ਉਤਪਾਦਨ ਵਿਚ ਕੀਤੀ ਜਾਣ ਵਾਲੀ ਦਖਲ ਅੰਦਾਜ਼ੀ ਦੀ। ਦਿਸ਼ਾ ਨਿਰਦੇਸ਼ ਦੀ।
ਸਭਿਆਚਾਰਕ ਅਧਿਐਨ: ਪੰਜਾਬੀ ਬੰਦੇ/ ਔਰਤ ਤੋਂ ਗੱਲ ਸ਼ੁਰੂ ਕਰਦੇ ਹਾਂ। ਉਸਦੀਆਂ ਪ੍ਰਾਪਤੀਆਂ ਤੋਂ। ਵਿਅਕਤੀਗਤ ਪੱਧਰ ਤੇ ਉਹ ਵੱਡੀਆਂ-ਵੱਡੀਆਂ ਮੱਲਾਂ ਮਾਰ ਰਹੇ ਹਨ। ਕੋਈ ਕਨੇਡਾ ਵਿਚ ਜਾ ਕੇ ਮੁਖ ਮੰਤਰੀ ਬਣ ਜਾਂਦਾ ਹੈ, ਕੋਈ ਅਮਰੀਕਾ ਵਿਚ ਗਵਰਨਰ ਤੇ ਕੋਈ ਭਾਰਤ ਦਾ ਪ੍ਰਧਾਨ ਮੰਤਰੀ। ਕੋਈ ਓਲੰਪਿਕ ਵਿਚ ਗੋਲਡ ਮੈਡਲ ਜਿੱਤਦਾ ਹੈ, ਤੇ ਕੋਈ ਵਿਗਿਆਨ ਵਿਚ ਨੋਬਲ ਇਨਾਮ। ਜਿੱਥੇ ਉਹ ਖੇਤੀਬਾੜੀ, ਵਿਉਪਾਰ, ਸਨਅਤ ਅਤੇ ਤਕਨਾਲੋਜੀ ਵਿਚ ਆਪਣਾ ਸਿੱਕਾ ਮਨਵਾ ਰਹੇ ਹਨ, ਓਥੇ ਕਲਾ ਅਤੇ ਕਲਾਕਾਰੀ ਵਿਚ ਵੀ ਲੀਡਰ ਹਨ। ਪਰ ਦੂਸਰੇ ਪਾਸੇ ਭਾਈਚਾਰਕਤਾ ਦੀ ਪੱਧਰ ਤੇ ਸਾਡਾ ਹਾਲ ਇਹ ਹੈ ਕਿ ਅਸੀਂ ਮਹੱਲੇ ਦੇ ਗੁਰਦੁਆਰੇ ਦਾ ਪ੍ਰਬੰਧ ਵੀ ਠੀਕ ਤਰ੍ਹਾਂ ਨਾਲ ਨਹੀਂ ਚਲਾ ਸਕਦੇ। ਇੱਕ ਦੂਸਰੇ ਦੀਆਂ ਪੱਗਾਂ ਲਾਹ ਦਿੰਦੇ ਹਾਂ। ਇਕੱਲੇ ਗੁਰਦੁਆਰੇ ਦੀ ਗੱਲ ਨਹੀਂ, ਸਾਡੀਆਂ ਸੱਭੇ ਸੰਸਥਾਵਾਂ/ ਪਰੰਪਰਾਵਾਂ ਦਾ ਏਹੋ ਹਾਲ ਹੈ।
ਪੰਜਾਬੀ ਬੰਦਾ ਜਿੱਥੇ ਵੀ ਗਿਆ ਹੈ, ਉਸ ਸਮਾਜ ਵਿਚ ਉਸਨੇ ਆਪਣੇ ਵਿਅਕਤੀਗਤ ਬਲਬੂਤੇ ਤੇ ਹੀ ਆਪਣਾ ਸਥਾਨ ਬਣਾਇਆ ਹੈ। ਆਪਣੀ ਨਿੱਜੀ ਪਛਾਣ ਬਣਾਈ ਹੈ। ਇਸ ਨਿੱਜੀ ਪਛਾਣ ਲਈ ਭਾਵੇਂ ਉਸ ਨੂੰ ਆਪਣੀਆਂ ਭਾਈਚਾਰਕ ਕਦਰਾਂ ਕੀਮਤਾਂ ਅਤੇ ਰਵਾਇਤਾਂ ਦੀ ਬਲੀ ਵੀ ਕਿਉਂ ਨਾ ਦੇਣੀ ਪਈ ਹੋਵੇ। ਮਾਂ ਬੋਲੀ ਨਾਲੋਂ ਰਿਸ਼ਤਾ ਤੋੜਨਾ ਇਕ ਫੈਸ਼ਨ ਬਣ ਗਿਆ ਹੈ।
ਭਾਈਚਾਰਕ/ ਸੰਸਕ੍ਰਿਤਕ/ ਧਾਰਮਿਕ ਸੰਸਥਾਵਾਂ ਨੂੰ ਤਾਂ ਹੁਣ ਅਸੀਂ ਆਪਣੇ ਵਿਅਕਤੀਗਤ ਮੁਨਾਫੇ ਅਤੇ ਸੱਤਾ ਪ੍ਰਾਪਤੀ ਦੇ ਪਲੇਟਫਾਰਮ ਵਜੋਂ ਹੀ ਵਰਤਦੇ ਹਨ। ਪੰਜਾਬ ਦੇ ਸਿੱਖ ਭਾਈਚਾਰੇ ਦੀ ਉਦਾਹਰਣ ਲੈ ਕੇ ਇਹ ਗੱਲ ਸੌਖੀ ਸਮਝੀ ਜਾ ਸਕਦੀ ਹੈ। ਸਿੱਖਾਂ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਜਿੱਥ ਸਿੱਖ ਸੰਸਥਾਵਾਂ/ ਪ੍ਰੰਪਰਾਵਾਂ ਨੂੰ ਪੰਜਾਬ ਦੀ ਲਿਬਰਲ ਸਿਆਸਤ ਦਾ ਅਖਾੜਾ ਬਣਾ ਦਿੱਤਾ ਹੈ, ਓਥੇ ਉਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਵਿਰਸੇ ਨੂੰ ਲਿਬਰਲ ਟਰੇਡ ਨਾਲ ਜੋੜ ਦਿੱਤਾ ਹੈ। ਗੁਰਬਾਣੀ ਨੂੰ ਮੀਡੀਆ ਇੰਡਸਟਰੀ ਵਿਚ ਰੂਪਾਂਤ੍ਰਿਤ ਕਰ ਦਿੱਤਾ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਇਸ ਸਥਿਤੀ ਦੇ ਪੈਦਾ ਹੋਣ ਪਿੱਛੇ ਕੇਵਲ ਸਿੱਖ ਲੀਡਰਸ਼ਿਪ ਦੀ ਮੰਦ ਭਾਵਨਾ ਹੀ ਕੰਮ ਨਹੀਂ ਕਰ ਰਹੀ, ਸਗੋਂ ਉਹ ਭਾਵਨਾ ਵਧੇਰੇ ਕੰਮ ਕਰ ਰਹੀ ਹੈ, ਜੋ ਸਾਡੇ ਸਭਨਾ ਅੰਦਰ ਵਿਅਕਤੀਗਤ ਪੱਧਰ ਤੇ ਮੌਜੂਦ ਹੈ।ਅੱਜ ਦੇ ਹਰ ਪੰਜਾਬੀ ਅੰਦਰ ਮੌਜੂਦ ਹੈ। ਵਿਅਕਤੀਗਤ ਆਜ਼ਾਦੀ, ਵਿਅਕਤੀਗਤ ਪ੍ਰਾਪਤੀਆਂ, ਵਿਅਕਤੀਗਤ ਮੁਨਾਫੇ ਅਤੇ ਵਿਅਕਤੀਗਤ ਤਰੱਕੀ ਦੀ ਲਿਬਰਲ ਭਾਵਨਾ, ਜਿਸ ਨੇ ਸਮਾਜਕ ਬਰਾਬਰੀ, ਭਾਈਚਾਰਕ ਇੱਕਮੁਠਤਾ ਅਤੇ ਨੈਤਿਕ-ਰਾਜਨੀਤਕ ਕਦਰਾਂ ਕੀਮਤਾਂ ਉਪਰ ਟਿਕੀ ਡੈਮੋਕਰੈਟਿਕ ਭਾਵਨਾਂ ਨੂੰ ਸਾਡੇ ਮਨਾਂ ਵਿਚੋਂ ਬਾਹਰ ਕੱਢ ਦਿੱਤਾ ਹੈ। ਇਸ ਮੰਦਭਾਗੀ ਸਥਿਤੀ ਨੂੰ ਪੈਦਾ ਕਰਨ ਲਈ ਅਸੀਂ ਜਿਸ ਲੀਡਰਸ਼ਿਪ ਨੂੰ ਗਾਲ੍ਹਾਂ ਕੱਢੀ ਜਾ ਰਹੇ ਹਾਂ, ਉਹ ਲੀਡਰਸ਼ਿਪ ਸਾਡੀਆਂ ਲਿਬਰਲ ਭਾਵਨਾਵਾਂ ਦੇ ਰੂਪ ਵਿਚ ਸਾਡੇ ਆਪਣੇ ਅੰਦਰ ਹੀ ਮੌਜੂਦ ਹੈ। ਗੈਰ-ਡੈਮੋਕਰੈਟਿਕ ਲਿਬਰਲਿਜ਼ਮ ਪੰਜਾਬੀ ਬੰਦੇ ਦੀ ਰਾਜਨੀਤਕ-ਸਭਿਆਚਾਰਕ ਪਛਾਣ ਬਣ ਚੁੱਕਾ ਹੈ।
ਇਸ ਗੈਰ-ਡੈਮੋਕਰੈਟਿਕ ਲਿਬਰਲਿਜ਼ਮ ਨੇ ਕੇਵਲ ਪੰਜਾਬੀ ਭਾਈਚਾਰੇ ਦੀ ਸਮਾਜਕ ਬਰਾਬਰੀ ਅਤੇ ਸਾਂਝੀਵਾਲਤਾ ਉਪਰ ਟਿਕੀ ਹੋਈ ਬਹੁਵਾਦੀ ਡੈਮੋਕਰੈਟਿਕੀ ਇਕਮੁਠਤਾ ਨੂੰ ਹੀ ਬਰਬਾਦ ਨਹੀਂ ਕੀਤਾ, ਸਗੋਂ ਪੰਜਾਬੀ ਬੰਦੇ ਨੂੰ ਅੰਨ੍ਹੀ ਹਵਸ ਦੀ ਚੂਹੇ ਦੌੜ ਵਿਚ ਧਕੇਲ ਕੇ, ਆਤਮ ਹੱਤਿਆ ਦੇ ਰਾਹੇ ਪਾ ਦਿੱਤਾ ਹੈ।
ਪੰਜਾਬੀ ਕਿਸਾਨ ਨੇ, ਵਧੇਰੇ ਪੈਦਾਵਾਰ ਅਤੇ ਮੁਨਾਫੇ ਦੀ ਦੌੜ ਵਿਚ, ਜਿੱਥੇ ਆਪਣੇ ਪੈਦਾਵਾਰੀ ਵਸੀਲੇ ਹੀ ਨਸ਼ਟ ਕਰ ਲਏ ਹਨ, ਓਥੇ ਪੰਜਾਬ ਦੇ ਵਾਤਾਵਰਣ ਨੂੰ ਵੀ ਦੂਸ਼ਿਤ ਕਰ ਦਿੱਤਾ ਹੈ। ਨਤੀਜਾ ਇਹ ਹੋਇਆ ਕਿ ਨਾ ਤਾਂ ਖੇਤੀ ਕਮਾਈ ਵਾਲਾ ਧੰਦਾ ਰਹੀ, ਤੇ ਨਾ ਹੀ ਪੰਜਾਬ ਰਹਿਣ ਦੇ ਕਾਬਲ। ਇਸੇ ਲਈ ਉਹ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਨੂੰ ਦੌੜ ਰਿਹਾ ਹੈ। ਲਿਬਰਲਿਜ਼ਮ ਦੇ ਪ੍ਰਭਾਵ ਅਧੀਨ, ਆਰਥਕ ਖੁਸ਼ਹਾਲੀ ਨੂੰ ਆਪਣਾ ਜੀਵਨ ਲ਼ਖਸ਼ ਅਤੇ ਕੰਜ਼ਿਊਮਰਇਜ਼ਮ ਨੂੰ ਆਪਣੀ ਜੀਵਨ ਸ਼ੈਲੀ ਬਨਾਉਣ ਬਾਅਦ, ਜਦੋਂ ਉਸ ਨੂੰ ਖੇਤੀ ਧੰਦੇ ਦੇ ਘਟ ਰਹੇ ਮੁਨਾਫਿਆਂ ਅਤੇ ਵਧ ਰਹੇ ਕਰਜਿਆਂ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਨੂੰ ਲੱਗਿਆ ਕਿ ਜਿਵੇਂ ਉਸ ਦੇ ਜੀਣ ਦਾ ਮਨੋਰਥ ਹੀ ਖਤਮ ਹੋ ਗਿਆ ਹੋਵੇ। ਇਸ ਤਰ੍ਹਾਂ ਹਰੇ ਇਨਕਲਾਬ ਦੀ ਕੈਪੀਟਲ ਇੰਟੈਸਿਵ ਤਕਨਾਲੋਜੀ ਅਤੇ ਆਧੁਨਿਕਤਾਵਾਦੀ ਵਿਚਾਰਧਾਰਾ ਰਾਹੀਂ, ਪੰਜਾਬੀ ਬੰਦੇ ਅਤੇ ਪੰਜਾਬੀ ਸਮਾਜ ਵਿਚ ਦਾਖਲ ਹੋ ਕੇ, ਉਸ ਨੂੰ ਆਪਣੇ ਵੱਸ ਵਿਚ ਕਰ ਲੈਣ ਵਾਲੇ ਉਦਾਰਵਾਦ ਨੇ ਪੰਜਾਬੀ ਬੰਦੇ ਨੂੰ ਆਤਮਹੱਤਿਆ ਦੇ ਰਾਹੇ ਪਾ ਦਿੱਤਾ। ਪੰਜਾਬੀ ਕਿਸਾਨ ਦੀ ਆਤਮਹੱਤਿਆ ਦਾ ਕਾਰਨ, ਕਰਜ਼ਾ ਨਹੀਂ, ਪੰਜਾਬ ਦਾ ਉਦਾਰਵਾਦੀ ਸਭਿਆਚਾਰ ਹੈ।
ਪੰਜਾਬ ਦੀ ਕਿਰਸਾਣੀ ਲਈ ਕਰਜ਼ੇ ਦੀ ਸਮੱਸਿਆ ਕੋਈ ਨਵੀਂ ਗੱਲ ਨਹੀਂ। ਸ਼ਾਹੂਕਾਰਾਂ ਨੇ ਹਮੇਸ਼ਾ ਹੀ ਇਸਦਾ ਲਹੂ ਪੀਤਾ ਹੈ। ਸਰਕਾਰੀ ਅਤੇ ਕੋਆਪਰੇਟਿਵ ਬੈਂਕਾਂ ਦੀ ਆਮਦ ਤੋਂ ਬਾਅਦ ਤਾਂ ਕਰਜ਼ੇ ਦਾ ਰੂਪ ਓਨਾ ਭਿਆਨਕ ਵੀ ਨਹੀਂ ਰਿਹਾ, ਜਿੰਨਾ ਪਹਿਲਾਂ ਕਦੀ ਹੁੰਦਾ ਸੀ। ਮਹਿਬੂਬ ਖਾਨ ਦੀ ਫਿਲਮ 'ਮਦਰ ਇੰਡੀਆ' ਵਿਚ ਕਿਸਾਨ ਤੋਂ ਪੰਜ ਹਜ਼ਾਰ ਰੁਪੈ ਦਾ ਕਰਜ਼ਾ ਵਸੂਲ ਕਰਨ ਲਈ, ਸ਼ਾਹੂਕਾਰ ਹਰ ਵਾਰ ਉਸਦੀ ਫਸਲ ਦਾ ਤਿੰਨ ਚੌਥਾਈ ਹਿੱਸਾ ਲੈ ਜਾਂਦਾ ਹੈ, ਬਲਦ ਅਤੇ ਔਰਤ ਦੇ ਗਹਿਣੇ ਵੀ ਲੈ ਜਾਂਦਾ ਹੈ, ਸਭ ਕੁਝ ਲੈ ਜਾਂਦਾ ਹੈ, ਪਰ ਉਸ ਦੀ ਮੂਲ ਰਕਮ ਓਥੇ ਦੀ ਓਥੇ ਹੀ ਖੜ੍ਹੀ ਰਹਿੰਦੀ ਹੈ। ਉਸ ਪਰਿਵਾਰ ਨੂੰ ਜਿਹੜੀਆਂ ਮੁਸੀਬਤਾਂ ਵਿਚੋਂ ਦੀ ਲੰਘਣਾ ਪੈਂਦਾ ਹੈ, ਉਹ ਦੇਖ ਕੇ ਰੌਗਟੇ ਖੜ੍ਹੇ ਹੋ ਜਾਂਦੇ ਹਨ। ਪਰ ਇਸ ਸਭ ਕਾਸੇ ਦਾ ਸ਼ਿਕਾਰ, ਇਸ ਫਿਲਮ ਦੀ ਨਾਇਕਾ, ਸਭ ਕੁਝ ਸਹਿਣ ਕਰਦੀ ਹੋਈ ਵੀ, ਆਪਣਾ ਸੰਘਰਸ਼ ਜਾਰੀ ਰੱਖਦੀ ਹੈ। ਆਤਮ ਹੱਤਿਆ ਨਹੀਂ ਕਰਦੀ।
ਮੈਂ ਇਹ ਨਹੀਂ ਕਹਿੰਦਾ ਕਿ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਪਿਛੇ ਕੋਈ ਆਰਥਕ ਅਤੇ ਰਾਜਨੀਤਕ ਫੈਕਟਰ ਕੰਮ ਨਹੀਂ ਕਰ ਰਹੇ। ਹਰ ਸੰਕਟ ਪਿਛੇ ਇਹ ਫੈਕਟਰ ਕੰਮ ਕਰ ਰਹੇ ਹੁੰਦੇ ਹਨ। ਪਰ ਆਪਣੇ ਸੰਕਟ ਨੂੰ ਉਹ ਭਾਈਚਾਰਾ ਕਿਵੇਂ ਰਿਸਪੌਡ ਕਰਦਾ ਹੈ, ਇਹ ਕੇਵਲ ਸਭਿਆਚਾਰਕ ਅਧਿਐਨ ਅਤੇ ਵਿਸ਼ਲੇਸਣ ਰਾਹੀ ਹੀ ਸਮਝਿਆ ਅਤੇ ਡਿਜ਼ਾਈਨ ਕੀਤਾ ਜਾ ਸਕਦਾ ਹੈ।
ਨਿਰਸੰਦੇਹ ਕਰਜ਼ਾ ਇੱਕ ਵੱਡਾ ਸੰਕਟ ਹੈ। ਇਸ ਸੰਕਟ ਨੂੰ ਕਿਸਾਨੀ ਸੰਘਰਸ਼ ਦੇ ਰੂਪ ਵਿਚ ਵੀ ਰਿਸਪੌਡ ਕਰ ਸਕਦੀ ਹੈ, ਜਿਵੇਂ ਹਰੇ ਇਨਕਲਾਬ ਤੋਂ ਪਹਿਲਾਂ ਕਰਦੀ ਸੀ। ਆਤਮ ਹੱਤਿਆ ਦੇ ਰੂਪ ਵਿਚ ਵੀ ਰਿਸਪੌਡ ਕਰ ਸਕਦੀ ਹੈ, ਜਿਵੇਂ ਅੱਜ ਕਰ ਰਹੀ ਹੈ। ਇਹ ਪੰਜਾਬੀ ਕਿਸਾਨ ਦੇ ਸਵੈ (ਸੈਲਫ) ਦੀ ਕੰਸਟਰਕਸ਼ਨ ਦਾ ਮਸਲਾ ਹੈ। ਕਿਉਂਕਿ ਇਹ ਸਭਿਆਚਾਰ ਹੀ ਹੈ ਜੋ ਸਾਡੇ ਸੁਪਨਿਆਂ, ਸੱਧਰਾਂ ਅਤੇ ਮੁੱਲ ਪ੍ਰਬੰਧਾਂ ਦਾ ਨਿਰਮਾਣ ਕਰਦਾ ਹੈ, ਇਸ ਲਈ ਆਤਮ ਹੱਤਿਆ ਕਰਨ ਵਾਲੇ ਕਿਸਾਨ ਦੇ ਸੈਲਫ ਨੂੰ ਸਮਝਣ ਦਾ ਅਰਥ ਹੈ, ਉਸ ਦੀ ਅਜੋਕੀ "ਮੈਂ" ਨੂੰ ਲਿਖਣ ਵਾਲੇ ਉਦਾਰਵਾਦੀ ਸਭਿਆਚਾਰ ਨੂੰ ਪੜ੍ਹਨਾ ਅਤੇ ਸਮਝਣਾ। ਅਜੇਹਾ ਕਰਨ ਲਈ ਸਾਨੂੰ ਉਹਨਾ ਕਥਾ/ ਕਹਾਣੀਆਂ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰਨਾ ਪਵੇਗਾ, ਜੋ ਸਾਡੇ ਸੁਪਨਿਆਂ, ਸੱਧਰਾਂ ਅਤੇ ਮੁੱਲ ਪ੍ਰਬੰਧਾਂ ਦਾ ਨਿਰਮਾਣ ਕਰਨ ਵਾਲੀਆਂ ਸਮਾਜ-ਸਭਿਆਚਾਰਕ ਪਰਕਿਰਿਆਵਾਂ ਅਤੇ ਐਂਟਰਟੇਨਮੈਂਟ/ ਮੀਡੀਆ/ ਐਜੂਕੇਸ਼ਨ ਇੰਡਸਟਰੀ ਰਾਹੀਂ, ਪੰਜਾਬੀ ਸਮਾਜ ਵਿਚ ਸਰਕੂਲੇਟ ਹੁੰਦੀਆਂ ਹਨ।
-------------------
ਕੀ ਜ਼ਰੂਰੀ ਨਹੀਂ ਹੋ ਗਿਆ ਕਿ ਗੱਲ ਅੱਗੇ ਤੋਰਨ ਤੋਂ ਪਹਿਲਾਂ ਸਭਿਆਚਾਰ ਨੂੰ ਪ੍ਰੀਭਾਸਿਤ ਕਰ ਲਿਆ ਜਾਵੇ?
ਸਭਿਆਚਾਰ ਨੂੰ ਪੰਜਾਬੀ ਬੋਲੀ ਵਿਚ ਅੰਗਰੇਜ਼ੀ ਭਾਸ਼ਾ ਦੇ 'ਕਲਚਰ' ਸ਼ਬਦ ਦੀ ਥਾਂ ਵਰਤਿਆ ਜਾਂਦਾ ਹੈ। ਕਲਚਰ ਸ਼ਬਦ ਐਗਰੀਕਲਚਰ ਤੋਂ ਆਇਆ ਹੈ।
ਖੇਤੀ ਵਿਗਿਆਨੀ 'ਕਲਚਰ' ਸ਼ਬਦ ਨੂੰ ਕਲਟੀਵੇਸ਼ਨ ਦੇ ਅਰਥਾਂ ਵਿਚ ਵਰਤਦੇ ਹਨ, ਜਿਵੇਂ ਕਿ 'ਕਲਚਰੇਵਲ ਵੇਰਾਇਟੀਜ਼ ਆਫ਼ ਰਾਈਸ', ਪਰ ਇਸ ਦਾ ਪਮਜਾਬੀ ਅਨੁਵਾਦ ਝੋਨੇ ਦੀਆਂ ਸਭਿਆਚਾਰਕ ਕਿਸਮਾਂ ਨਹੀਂ 'ਝੋਨੇ ਦੀਆਂ ਕਾਸ਼ਤਯੋਗ ਕਿਸਮਾਂ' ਕੀਤਾ ਜਾਂਦਾ ਹੈ।ਜਿਸ ਤਰ੍ਹਾਂ 'ਕਲਚਰ' ਸ਼ਬਦ ਨੂੰ ਅੱਜ ਵੀ ਕਲਟੀਵੇਸ਼ਨ ਦੇ ਅਰਥਾਂ ਵਿਚ ਹੀ ਇਸਤੇਮਾਲ ਕੀਤਾ ਜਾਂਦਾ ਹੈ, ਉਸ ਤਰ੍ਹਾਂ 'ਸਭਿਆਚਾਰ' ਨੂੰ ਕਾਸ਼ਤਕਾਰੀ ਦੇ ਅਰਥਾਂ ਵਿਚ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਇਹ ਇਸ ਲਈ, ਕਿਉਂਕਿ, ਜਦੋਂ ਪੰਜਾਬੀ ਵਿਚ ਕਲਚਰ ਲਈ ਸਭਿਆਚਾਰ ਸ਼ਬਦ ਦੀ ਵਰਤੋਂ ਸ਼ੁਰੂ ਹੋਈ, ਉਦੋਂ ਤੱਕ ਕਲਚਰ ਸ਼ਬਦ ਜ਼ਮੀਨ ਵਿਚ ਫਸਲਾਂ ਦੀ ਕਾਸ਼ਤਕਾਰੀ ਤੋਂ ਚੱਲ ਕੇ ਮਨੁੱਖਾਂ ਅੰਦਰ ਬੌਧਿਕ, ਨੈਤਿਕ, ਸੁਹਜਮਈ, ਆਦਿ ਸਭਿਅਕ ਕਦਰਾਂ ਕੀਮਤਾਂ ਦੀ ਕਲਟੀਵੇਸ਼ਨ ਨਾਲ ਜੁੜ ਚੁੱਕਾ ਸੀ। ਇਸ ਲਈ ਸਭਿਆਚਾਰ ਨੂੰ ਕਲਚਰ ਦੇ ਇਹਨਾ ਨਵੇਂ ਅਰਥ ਪ੍ਰਗਟਾਉਣ ਲਈ ਹੀ ਲਿਆਂਦਾ ਗਿਆ।
ਸੋਲਵੀਂ ਸਦੀ ਤੋਂ ਉਨੀਵੀਂ ਸਦੀ ਤੱਕ ਕਲਚਰ (ਸਭਿਆਚਾਰ) ਨੂੰ ਇਸੇ ਤਰ੍ਹਾਂ ਮਨੁਖਾਂ/ ਸਮਾਜਕ ਭਾਈਚਾਰਿਆਂ/ ਕੌਮਾਂ ਅੰਦਰ ਸਭਿਅਕ ਕਦਰਾਂ ਕੀਮਤਾਂ ਦੀ ਕਲਟੀਵੇਸ਼ਨ ਨਾਲ ਜੋੜ ਕੇ ਹੀ ਦੇਖਿਆ ਜਾਂਦਾ ਰਿਹਾ। ਵੱਖ ਵੱਖ ਭਾਈਚਾਰਿਆਂ ਵਿਚ ਇਹਨਾ ਸਭਿਅਕ ਕਦਰਾਂ ਕੀਮਤਾਂ ਦੀ ਕਲਟੀਵੇਸ਼ਨ ਦਾ ਵੱਖੋ ਵੱਖਰਾ ਪੱਧਰ ਉਹਨਾ ਦੀ ਦਰਜਾਵੰਦੀ ਕਰਦਾ ਸੀ।ਸਭਿਆਚਾਰ ਦੀ ਇਸ ਪਰਿਭਾਸ਼ਾ ਦੇ ਪਿੱਛੇ ਯੂਰਪੀ ਸਾਮਰਾਜਵਾਦ ਦੀ ਬਸਤੀਵਾਦ ਸਿਆਸਤ ਕੰਮ ਕਰ ਰਹੀ ਸੀ। ਕਿਉਂਕਿ ਇਹ ਪਰਿਭਾਸ਼ਾ ਇਕ ਮਨੁਖ ਨੂੰ ਦੂਸਰੇ ਮਨੁਖ ਨਾਲੋਂ, ਇਕ ਭਾਈਚਾਰੇ ਨੂੰ ਦੂਸਰੇ ਭਾਈਚਾਰੇ ਨਾਲੋਂ ਅਤੇ ਇੱਕ ਕੌਮ ਨੂੰ ਦੂਸਰੀ ਕੌਮ ਨਾਲੋਂ ਵਧੇਰੇ ਕਲਚਰਡ (ਸਭਿਅਕ) ਆਖ ਕੇ ਉਹਨਾ ਅੰਦਰ ਊਚ ਨੀਚ ਪੈਦਾ ਕਰਦੀ ਸੀ; ਇਸ ਲਈ ਆਪਣੀਆਂ ਆਧੁਨਿਕਤਾਵਾਦੀ ਕਦਰਾਂ ਕੀਮਤਾਂ ਨੂੰ ਆਧਾਰ ਬਣਾ ਕੇ ਇਹਨਾ ਚਿੱਟੀ ਚਮੜੀ ਵਾਲੇ ਯੋਰਪੀਨਾਂ ਨੇ ਆਪਣੇ ਆਪ ਨੂੰ ਸਭਿਅਕ ਅਤੇ ਕਾਲੀ ਚਮੜੀ ਵਾਲੇ ਅਫਰੀਕਣਾਂ, ਲਾਲ ਚਮੜੀ ਵਾਲੇ ਨੇਟਿਵ ਅਮਰੀਕਣਾਂ ਅਤੇ ਪੀਲੀ ਚਮੜੀ ਵਾਲੇ ਏਸ਼ੀਅਨਾਂ ਨੂੰ ਕੇਵਲ ਅਸ਼ਿਸ਼ਟ, ਗੰਵਾਰ ਅਤੇ ਅਸਭਿਅਕ ਹੀ ਘੋਸ਼ਿਤ ਨਹੀਂ ਕੀਤਾ; ਸਗੋਂ ਉਹਨਾ ਅੰਦਰ ਸਭਿਅਕ ਕਦਰਾਂ ਕੀਮਤਾਂ ਦਾ ਪਾਸਾਰ ਕਰਨ ਲਈ, ਉਹਨਾ ਉਪਰ ਰਾਜ ਕਰਨ ਦਾ ਬਹਾਨਾ ਵੀ ਬਣਾ ਲਿਆ। ਅੰਗਰੇਜ਼ ਕਹਿੰਦੇ ਸਨ ਕਿ ਉਹ ਦੁਨੀਆਂ ਉਪਰ ਇਸ ਲਈ ਰਾਜ ਕਰਦੇ ਹਨ, ਤਾਂ ਕਿ ਦੁਨੀਆਂ ਦੀਆਂ ਹੋਰਨਾ ਨਸਲਾਂ ਨੂੰ ਵੀ ਆਪਣੇ ਵਾਂਗ ਸਭਿਅਕ ਬਣਾਇਆ ਜਾ ਸਕੇ। ਇਸ ਨੂੰ ਉਹ ਆਪਣੀ ਜ਼ਿੰਮੇਵਾਰੀ ਅਤੇ ਬੋਝ ਵਜੋਂ ਪਰਚਾਰਦੇ ਰਹੇ।ਇਸ ਲਈ ਇਹ ਕਹਿਣਾ ਦਰੁਸਤ ਹੋਵੇਗਾ ਕਿ ਸਭਿਆਚਾਰ ਦੀ ਇਸ ਪਰਿਭਾਸ਼ਾ ਪਿਛੇ ਨਸਲੀ ਅਤੇ ਬਸਤੀਵਾਦੀ ਪਾਲੇਟਿਕਸ ਕੰਮ ਕਰ ਰਹੀ ਸੀ।
ਦੁਨੀਆਂ ਨੂੰ ਉਤਕ੍ਰਿਸ਼ਟ ਅਤੇ ਨਿਮਨ ਭਾਈਚਾਰਿਆਂ/ ਕੌਮਾਂ ਵਿਚ ਵੰਡਣ ਵਾਲੀ ਸਭਿਆਚਾਰ ਦੀ ਇਹ ਇਲੀਟਿਸਟ ਪਰਿਭਾਸ਼ਾ, ਕਿਉਂਕਿ ਨਿਮਨ ਭਾਈਚਾਰਿਆ ਨੂੰ ਆਪੋ ਆਪਣਾ ਸਭਿਆਚਾਰ ਤਿਆਗ ਕੇ ਪੱਛਮੀ ਸਭਿਆਚਾਰ ਅਪਨਾਉਣ ਲਈ ਪ੍ਰੇਰਦੀ ਸੀ, ਇਸ ਲਈ ਇਹ ਸਭਿਆਚਾਰਕ ਵੰਨਸਵੰਨਤਾ ਨੂੰ ਮੇਟ ਕੇ ਜੋ ਇਕਸਾਰਤਾ/ ਹੈਜਮਨੀ ਸਥਾਪਤ ਕਰਨਾ ਚਾਹੁੰਦੀ ਸੀ, ਉਹ ਮਨੁਖ ਜਾਤੀ ਦੀ ਸਰਵਾਈਵਲ ਲਈ ਸੰਕਟ ਖੜ੍ਹੇ ਕਰਨ ਵਾਲੀ ਸੀ।ਬਾਇਓ-ਕਲਚਰਲ ਡਾਈਵਰਸਿਟੀ ਦੇ ਮਹੱਤਵ ਨੂੰ ਸਮਝਣ ਬਾਅਦ ਹੀ ਸਾਡਾ ਸਭਿਆਚਾਰ ਦੀ ਇਸ ਪਰਿਭਾਸ਼ਾ ਤੋਂ ਖਹਿੜਾ ਛੁਟ ਸਕਿਆ।
ਉਤਕ੍ਰਿਸ਼ਟ (ਸਭਿਅਕ) ਅਤੇ ਨਿਮਨ (ਅਸ਼ਿਸ਼ਟ) ਸਭਿਆਚਾਰਾਂ ਵਿਚਲੀ ਇਹ ਦੁਫਾੜ ਵਿਭਿੰਨ ਭਾਈਚਾਰਿਆਂ/ ਕੌਮਾਂ ਵਿਚ ਹੀ ਨਹੀਂ, ਇੱਕੋ ਭਾਈਚਾਰੇ ਦੀਆਂ ੳਚੀਆਂ ਨੀਵੀਆਂ ਜਾਤਾਂ/ ਜਮਾਤਾਂ ਅਤੇ ਸ਼ਹਿਰੀ/ ਪੇਂਡੂ ਜਾਂ ਮਰਦਾਂ/ ਔਰਤਾਂ ਵਿਚਕਾਰ ਵੀ ਸੀ। ਉਹਨਾ ਦੇ ਸਾਹਿਤ ਅਤੇ ਕਲਾ ਵਿਚ ਵੀ ਲਕੀਰ ਖਿੱਚ ਦਿੱਤੀ ਗਈ। ਡੌਮੀਨੈਂਟ ਜਾਤਾਂ/ ਜਮਾਤਾਂ ਦੇ ਲਿਖਤੀ ਸਾਹਿਤ, ਸ਼ਾਸਤਰੀ ਸੰਗੀਤ ਅਤੇ ਕੋਮਲ ਕਲਾਵਾਂ ਨੂੰ ਉਤਕ੍ਰਿਸ਼ਟ ਅਤੇ ਸਬਔਰਡੀਨੇਟ ਜਾਤਾਂ/ ਜਮਾਤਾਂ ਦੇ ਲੋਕ ਸਾਹਿਤ, ਲੋਕ ਸੰਗੀਤ ਅਤੇ ਲੋਕ ਕਲਾਵਾਂ ਨੂੰ ਨਿਮਨ ਮੰਨਿਆ ਜਾਣ ਲੱਗ ਪਿਆ। ਸਮਾਜਕ ਰੁਤਬੇ ਦੀ ਪੌੜੀ ਚੜ੍ਹਨ ਲਈ, ਛੋਟੀਆਂ ਜਾਤਾਂ/ ਜਮਾਤਾਂ ਦੇ ਲੋਕਾਂ ਵਾਸਤੇ ਇਹ ਜ਼ਰੂਰੀ ਸੀ ਕਿ ਉਹ ਆਪਣਾ ਸਾਹਿਤ ਸਭਿਆਚਾਰ ਤਿਆਗ ਕੇ, ਉਤਲੀਆਂ ਜਾਤਾਂ/ ਜਮਾਤਾਂ ਦੇ ਸਾਹਿਤ ਸਭਿਆਚਾਰ ਨੂੰ ਅਪਨਾਉਣ। ਅਕਾਦਮਿਕਤਾ ਉਪਰ ਵੀ ਇਸ ਸੋਚ ਦਾ ਗਹਿਰਾ ਅਸਰ ਪਿਆ। ਅੰਗਰੇਜ਼ੀ ਵਿਭਾਗਾਂ ਦੀ ਨਕਲੇ ਖੁੱਲ੍ਹਣ ਵਾਲੇ ਪੰਜਾਬੀ ਵਿਭਾਗਾਂ ਨੇ ਵੀ, ਉਹਨਾ ਵਾਂਗ ਹੀ, ਆਪਣੇ ਆਪ ਨੂੰ ਕੇਵਲ ਉਤਕ੍ਰਿਸ਼ਟ ਸਮਝੇ ਜਾਣ ਵਾਲੇ ਲਿਖਤੀ ਸਾਹਿਤ ਦੇ ਅਧਿਐਨ ਤੱਕ ਹੀ ਸੀਮਤ ਕਰ ਲਿਆ।
ਅੰਗਰੇਜ਼ੀ/ ਪੰਜਾਬੀ ਵਿਭਾਗਾਂ ਦੇ ਇਸ ਸੌੜੇਪਣ ਦੇ ਵਿਰੋਧ ਵਿਚੋਂ ਹੀ ਸਭਿਆਚਾਰ ਅਧਿਐਨ ਦਾ ਉਦਭਵ ਅਤੇ ਵਿਕਾਸ ਹੋਇਆ। ਦਰਅਸਲ, ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਵਿਚ, ਰੇਮੰਡ ਵਿਲੀਅਮਜ਼ ਅਤੇ ਰਿਚਰਡ ਹੌਗਰਟ ਦੇ ਅੰਗਰੇਜ਼ੀ ਵਿਭਾਗਾਂ ਦੀ ਸੌੜੀ ਸੋਚ ਵਿਰੁੱਧ ਸੰਘਰਸ਼ ਵਿਚੋਂ ਹੀ ਸਭਿਆਚਾਰ ਅਧਿਐਨ ਦਾ ਜਨਮ ਹੁੰਦਾ ਹੈ। ਜਿੱਥੇ ਇਹ ਲੋਕ ਪਾਪੂਲਰ ਸਾਹਿਤ ਅਤੇ ਕਲਾ ਦੀ ਐਕਸਕਲਿਊਯਨ ਵਿਰੁਧ ਲੜ ਰਹੇ ਸਨ, ਓਥੇ ਸਾਹਿਤ ਅਤੇ ਕਲਾ ਦੀ ਗਰੇਡਿੰਗ ਅਤੇ ਵੈਲਯੂ ਜੱਜਮੈਂਟ ਨੂੰ ਵੀ ਰੱਦ ਕਰਦੇ ਸਨ। ਇਹਨਾ ਚਿੰਤਕਾਂ ਨੇ, ਮਾਰਕਸਵਾਦੀ ਇਤਿਹਾਸਕਾਰ ਈ ਪੀ ਥੌਪਸਨ ਦੀ ਸਹਾਇਤਾ ਨਾਲ, ਲੋਕ ਸਭਿਆਚਾਰ ਅਤੇ ਲੋਕ ਪਰੰਪਰਾਵਾਂ ਦੇ ਅਧਿਐਨ ਨੂੰ ਅਗਰਭੂਮੀ ਤੇ ਲੈ ਆਂਦਾ। ਮਜ਼ਦੂਰ ਜਮਾਤ ਦੀ ਮਾਨਸਿਕਤਾ ਨੂੰ ਸਮਝਣ ਲਈ, ਥੌਪਸਨ ਨੇ ਉਹਨਾ ਦੀਆਂ ਸਾਹਿਤਕ ਅਤੇ ਲੋਕ ਪਰੰਪਰਾਵਾ ਦਾ ਅਧਿਐਨ ਕੀਤਾ। ਇਸ ਅਧਿਐਨ ਦੇ ਆਧਾਰ ਉਪਰ ੳਸਨੇ ਜਿਹੜੀ ਪੁਸਤਕ, ਦੀ ਮੇਕਿੰਗ ਆਫ਼ ਦ ਇੰਗਲਿਸ਼ ਵਰਕਿੰਗ ਕਲਾਸ (1963) ਲਿਖੀ, ਉਸਦੀਆਂ ਦਸ ਲੱਖ ਕਾਪੀਆਂ ਵਿਕੀਆਂ। ਹੌਗਰਟ ਦੀ ਦੀ ਯੂਜ਼ਿਜ਼ ਆਫ਼ ਲਿਟਰੇਸੀ (1957) ਅਤੇ ਵਿਲੀਅਮ ਦੀਆਂ ਕਲਚਰ ਐਂਡ ਸੁਸਾਇਟੀ (1958) ਅਤੇ ਦੀ ਲੌਗ ਰੈਵੋਲੂਸ਼ਨ (1961), ਇਸ ਦਿਸ਼ਾ ਵਿਚ, ਉਸ ਸਮੇ ਦੀਆ ਮਹੱਤਵ ਪੂਰਨ ਪੁਸਤਕਾਂ ਹਨ।
ਕਿਉਂਕਿ ਮਜ਼ਦੂਰ ਜਮਾਤ ਦੀਆਂ ਸਮਾਜ-ਸਭਿਆਚਾਰਕ ਅਤੇ ਪਾਪੁਲਰ/ ਲੋਕ ਸਾਹਿਤ/ ਕਲਾ ਪਰੰਪਰਾਵਾਂ ਦਾ ਅਧਿਐਨ ਕੀਤੇ ਬਿਨਾ, ਉਹਨਾ ਦੀ ਮਾਨਸਿਕਤਾ ਨੂੰ ਸਮਝਿਆ ਹੀ ਨਹੀਂ ਸੀ ਜਾ ਸਕਦਾ; ਇਸ ਲਈ ਉਹਨਾ ਦੀ ਮਾਨਸਿਕਤਾ ਨੂੰ ਸਮਝਣ ਵਾਸਤੇ ਸਨ 1962 ਵਿਚ, ਸਭਿਆਚਾਰ ਅਧਿਐਨ ਦੇ, ਬਰਮਿੰਗਮ ਪੋਸਟ ਗਰੈਜੂਏਟ ਸੈਂਟਰ ਫ਼ਾਰ ਕੌਂਟੈਂਪਰੇਰੀ ਕਲਚਰਲ ਸਟੱਡੀਜ਼, ਦੀ ਸਥਾਪਨਾ ਕੀਤੀ ਗਈ। ਦੁਨੀਆਂ ਨੂੰ ਸਮਝ ਪੈ ਚੁੱਕੀ ਸੀ ਕਿ ਕਿਸੇ ਵੀ ਭਾਈਚਾਰੇ ਦੀ ਮਾਨਸਿਕਤਾ ਦੇ ਨਿਰਮਾਣ ਵਿਚ, ਲਿਖਤੀ ਸਾਹਿਤ ਨਾਲੋਂ, ਉਸ ਭਾਈਚਾਰੇ ਦੀਆਂ ਸਮਾਜ-ਸਭਿਆਚਾਰਕ ਪਰੰਪਰਾਵਾਂ, ਲੋਕ ਸਾਹਿਤ ਕਲਾਵਾਂ ਅਤੇ ਮੀਡੀਆਂ/ ਐਂਟਰਟੇਨਮੈਂਟ/ ਐਜੂਕੇਸ਼ਨਲ ਇੰਡਸਟਰੀ ਦਾ ਵਧੇਰੇ ਰੋਲ ਹੁੰਦਾ ਹੈ।
ਲੋਕਾਂ ਨੂੰ ਕਾਬੂ ਕਰਨ ਲਈ, ਹਾਕਮ ਜਮਾਤ ਦੁਆਰਾ ਉਹਨਾ ਵਿਚ ਸਥਾਪਤ ਕੀਤੀਆਂ ਜਾਣ ਵਾਲੀਆ ਕਦਰਾਂ ਕੀਮਤਾਂ ਨੂੰ ਨੰਗਿਆ ਕਰਨ ਲਈ ਪਾਪੂਲਰ ਸਾਹਿਤ ਅਤੇ ਕਲਾ ਦੇ ਅਧਿਐਨ ਵਿਚ, ਪਹਿਲਾਂ ਰਿਚਰਡ ਹੌਗਰਟ ਅਤੇ ਫੇਰ ਸਟੂਅਰਟ ਹਾਲ ਦੇ ਨਿਰਦੇਸ਼ਨ ਅਧੀਨ, ਇਸ ਸੰਸਥਾ ਨੇ ਪਥ-ਪ੍ਰਦਰਸ਼ਕ ਦਾ ਰੋਲ ਅਦਾ ਕੀਤਾ। ਸੱਤਵੇਂ ਦਹਾਕੇ ਵਿਚ ਰੋਲਾਂ ਬਾਰਥ ਦੇ ਮਿੱਥ ਬਾਰੇ ਅਤੇ ਲੁਇਸ ਅਲਥੂਸਰ ਦੇ ਆਈਡੀਆਲੋਜੀ ਬਾਰੇ ਕੰਮ ਤੋਂ ਇਲਾਵਾ ਸਕਰੀਨ ਰਾਹੀਂ ਸਾਹਮਣੇ ਆਉਣ ਵਾਲੇ ਫਿਲਮ ਅਧਿਐਨ ਅਤੇ ਨਾਰੀਵਾਦੀ ਖੋਜਾਂ ਨੂੰ ਅਪਨਾਉਣ ਨਾਲ ਇਕ ਨਵਾਂ ਉਤਸ਼ਾਹ ਜਾਗਿਆ, ਜੋ ਪਰੰਪਰਾਗਤ ਸਾਹਿਤ ਅਧਿਐਨ ਦੇ ਵਿਭਾਗਾਂ ਵਿਚ ਦਿਖਾਈ ਨਹੀਂ ਸੀ ਦਿੰਦਾ।
ਸਭਿਆਚਾਰ ਅਧਿਐਨ ਨੇ ਜਿਥੇ ਪਾਪੁਲਰ/ ਲੋਕ ਸਾਹਿਤ-ਕਲਾ ਪਰੰਪਰਾਵਾਂ ਦੀ ਆਈਸੋਲੇਸ਼ਨ ਖਤਮ ਕੀਤੀ, ਓਥੇ ਉੱਤਮ ਅਤੇ ਨਿਮਨ (ਪਾਪੂਲਰ) ਪਰੰਪਰਾਵਾਂ ਵਿਚ ਅੰਤਰ ਮੇਟ ਕੇ ਇਹ ਸਾਬਤ ਕਰ ਦਿੱਤਾ ਕਿ ਹਾਕਮ ਜਮਾਤ ਅਤੇ ਮਜ਼ਦੂਰ ਜਮਾਤ ਦੇ ਸਭਿਆਚਾਰ ਅਲੱਗ ਅਲੱਗ ਨਹੀਂ ਹੁੰਦੇ। ਮਾਰਕਸ ਅਤੇ ਐਂਗਲਜ਼, ਇਹ ਗੱਲ 1848 ਵਿਚ ਹੀ ਜਾਣਦੇ ਸਨ ਕਿ ਹਾਕਮ ਵਿਚਾਰਧਾਰਾ (ਆਈਡੀਆਲੋਜੀ) ਹੀ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਹੁੰਦੀ ਹੈ।
ਇਸ ਤਰ੍ਹਾਂ ਸਭਿਆਚਾਰ ਦੀ ਇਕ ਨਵੀਂ, ਵਿਸਤ੍ਰਿਤ ਅਤੇ ਮਾਨਵ ਵਿਗਿਆਨੀ ਪ੍ਰੀਭਾਸ਼ਾ ਸਾਹਮਣੇ ਆਈ। ਇਸ ਪ੍ਰੀਭਾਸ਼ਾ ਨੇ ਸਭਿਆਚਾਰ ਨੂੰ ਅਜੇਹੇ ਸਮੁਚ ਦੇ ਰੂਪ ਵਿਚ ਪੇਸ਼ ਕੀਤਾ; ਜਿਸ ਵਿਚ ਗਿਆਨ, ਵਿਗਿਆਨ, ਸਾਹਿਤ, ਕਲਾ, ਧਰਮ, ਨੈਤਿਕਤਾ, ਸ਼ਰਧਾ, ਵਿਸ਼ਵਾਸ, ਰੀਤੀ ਰਿਵਾਜ, ਨਾਤੇਦਾਰੀ ਆਦਿ ਉਹ ਸਭ ਕੁਝ ਸ਼ਾਮਲ ਹੈ; ਜਿਸ ਵਿਚੋਂ ਦੀ ਲੰਘ ਕੇ ਮਨੁਖ, ਆਪਣੀ ਜੈਵਿਕਤਾ ਤੋਂ ਪਾਰ, ਮਨੁਖੀ ਪਾਸਾਰ ਅਖਤਿਆਰ ਕਰਦਾ ਹੈ। ਮਨੁਖ ਨਾਲ ਜੁੜਿਆ ਹੋਇਆ ਉਹ ਸਭ ਕੁਝ, ਜੋ ਬਾਇਆਲੋਜੀਕਲ ਅਤੇ ਜਨੈਟਿਕ ਨਹੀਂ, ਇਸ ਵਿਚ ਸ਼ਾਮਲ ਹੈ। ਸਮੁਚੀ ਜੀਵਨ ਜੁਗਤ।
ਇਸ ਪਰਿਭਾਸ਼ਾ ਦੀ ਸਮੱਸਿਆ ਇਹ ਹੈ ਕਿ ਇਸ ਵਿਚ ਸਭਿਆਚਾਰ ਏਨਾ ਓਵਰਇਨਫਲੇਟ ਹੋ ਜਾਂਦਾ ਹੈ ਕਿ ਸਭਿਆਚਾਰ ਅਤੇ ਸੋਸ਼ਲ ਸਟਰਕਚਰ ਵਿਚ ਕੋਈ ਅੰਤਰ ਹੀ ਨਹੀਂ ਰਹਿ ਜਾਂਦਾ। ਜੇਕਰ ਸਭਿਆਚਾਰ, ਸਮਾਜਕ ਸੰਗਠਨ ਦਾ ਹੀ ਦੂਸਰਾ ਨਾਮ ਹੈ, ਤਾਂ ਫੇਰ ਸਭਿਆਚਾਰ ਦੀ ਧਾਰਨਾ ਦੀ ਕੋਈ ਜ਼ਰੂਰਤ ਹੀ ਨਹੀਂ ਰਹਿ ਜਾਂਦੀ। ਸਾਇਦ ਇਸੇ ਕਰਕੇ, ਇਕ ਸਮੇ ਤੇ ਮਾਨਵ ਵਿਗਿਆਨੀਆਂ ਨੇ, ਸਭਿਆਚਾਰ ਦੀ ਧਾਰਨਾ ਨੂੰ ਤਿਆਗ ਕੇ, ਤੁਲਨਾਤਮਕ ਸਮਾਜ ਵਿਗਿਆਨ ਦਾ ਸਿਧਾਤ ਪੇਸ਼ ਕਰ ਦਿੱਤਾ ਸੀ।
ਇਸ ਸਮਸਿਆ ਨਾਲ ਜੂਝਦਿਆ ਹੀ, ਸਭਿਆਚਾਰ ਬਾਰੇ ਸਾਡੀ ਵਰਤਮਾਨ ਸੂਝ ਵਿਕਸਤ ਹੋਈ ਜਿਸ ਅਨੁਸਾਰ ਸਭਿਆਚਾਰ ਨੂੰ ਅਰਥਾਂ ਦਾ ਉਤਪਾਦਨ ਕਰਨ ਵਾਲੇ ਸਿਸਟਮ ਵਜੋਂ ਪ੍ਰੀਭਾਸ਼ਿਤ ਕੀਤਾ ਜਾਣ ਲੱਗਾ। ਇਸ ਪ੍ਰੀਭਾਸ਼ਾ ਅਨੁਸਾਰ ਸਭਿਆਚਾਰ ਨੂੰ ਅਰਥਾਂ ਦਾ ਉਤਪਾਦਨ ਕਰਨ ਵਾਲੀਆਂ ਸਮਾਜਕ ਪ੍ਰਕਿਰਿਆਵਾਂ (ਸੋਸ਼ਲ ਪ੍ਰੈਕਟੇਸਿਜ਼) ਦੀ ਸੰਗਠਨਕਾਰੀ ਵਜੋਂ ਸਮਝਿਆ ਜਾਂਦਾ ਹੇ। ਪਰ ਇਹ ਸਮਾਜਕ ਪ੍ਰਕਿਰਿਆਵਾਂ ਸਮਾਜਕ ਸੰਗਠਨ (ਸੋਸ਼ਲ ਸਟਰਕਚਰ) ਤੋਂ ਵੱਖ ਨਹੀਂ ਹਨ। ਸਗੋਂ ਸਮਾਜਕ ਸੰਗਠਨ ਦਾ ਉਹ ਪੱਖ ਪੇਸ਼ ਕਰਦੀਆਂ ਹਨ, ਜੋ ਅਰਥਾਂ ਦੀ ਪਰੋਡਕਸ਼ਨ, ਸਰਕੂਲੇਸ਼ਨ ਅਤੇ ਐਕਸਚੇਂਜ ਨਾਲ ਜੁੜਿਆ ਹੁੰਦਾ ਹੈ।
ਸਮਾਜਕ ਸੰਗਠਨ ਦੇ, ਸਭਿਆਚਾਰਕ ਪੱਖ ਤੋਂ ਇਲਾਵਾ, ਹੋਰ ਵੀ ਕਈ ਪੱਖ ਹੁੰਦੇ ਹਨ; ਜਿਵੇਂ ਕਿ ਆਰਥਕ ਅਤੇ ਰਾਜਨੀਤਕ ਪੱਖ। ਜਿਵੇਂ ਸਮਾਜਕ ਸੰਗਠਨ ਦਾ ਸਭਿਆਚਾਰਕ ਪੱਖ ਅਰਥਾਂ ਦੀ ਪੈਦਾਵਾਰ ਅਤੇ ਖਪਤ ਨੂੰ ਡੀਲ ਕਰਦਾ ਹੈ, ਤਿਵੇਂ ਹੀ ਇਸਦੇ ਆਰਥਕ ਅਤੇ ਰਾਜਨੀਤਕ ਪੱਖ ਕ੍ਰਮਵਾਰ ਦੌਲਤ ਅਤੇ ਸ਼ਕਤੀ ਦੀ ਪੈਦਾਵਾਰ ਅਤੇ ਖਪਤ ਨਾਲ ਜੁੜੇ ਹੁੰਦੇ ਹਨ। ਪਰ ਇਹ ਨਹੀਂ ਕਿ ਸਮਾਜਕ ਸੰਗਠਨ ਦੇ ਇਹਨਾ ਵੱਖ-ਵੱਖ ਪੱਖਾਂ ਵਿਚਕਾਰ ਕੋਈ ਚਾਰ ਦੀਵਾਰੀਆਂ ਉਸਰੀਆਂ ਹੋਣ। ਸਗੋਂ ਇਹ ਕਹਿਣਾ ਉਚਿਤ ਹੋਵੇਗਾ ਕਿ ਆਰਥਕ, ਰਾਜਨੀਤਕ ਅਤੇ ਸਭਿਆਚਾਰਕ ਪੱਖ ਕਿਸੇ ਵੀ ਸਮਾਜਕ ਸੰਗਠਨ ਦੇ ਵੱਖੋ-ਵੱਖਰੇ ਪਰ ਅੰਤਰਸੰਬੰਧਿਤ ਪਾਸਾਰ ਹੁੰਦੇ ਹਨ। ਅੰਤਰਸੰਬੰਧਿਤਾ ਵਾਲੀ ਗੱਲ ਉਪਰ ਇਸ ਲਈ ਜ਼ੋਰ ਦੇਣ ਦੀ ਲੋੜ ਪੈ ਰਹੀ ਹੈ, ਕਿਉਂਕਿ ਸਭਿਆਚਾਰ ਦੀ ਇਸ ਪ੍ਰੀਭਾਸ਼ਾ ਤੋਂ ਇੰਝ ਲਗਦਾ ਹੈ ਜਿਵੇਂ ਕਿ ਸੋਸ਼ਲ ਪ੍ਰੈਕਟਿਸ ਦੇ ਕੁਝ ਖਾਸ ਖੇਤਰ, ਜਿਵੇਂ ਕਿ ਗਿਆਨ, ਵਿਗਿਆਨ, ਸਾਹਿਤ, ਕਲਾ, ਮੀਡੀਆ, ਐਂਟਰਟੇਨਮੈਂਟ, ਧਰਮ, ਲੋਕ ਪ੍ਰੰਪਰਾਵਾਂ, ਆਦਿ ਹੀ ਸਭਿਆਚਾਰ ਦਾ ਖੇਤਰ ਹੋਣ। ਸਭਿਆਚਾਰ ਕੋਈ ਸਟੈਟਿਕ ਫਾਰਮਜ਼ ਦਾ ਨਾਮ ਨਹੀ। ਕਿਉਂਕਿ ਹਰ ਸੋਸ਼ਲ ਪ੍ਰੈਕਟਿਸ ਵਿਚ ਅਰਥਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ, ਇਸ ਲਈ ਸਭਿਆਚਾਰ ਨੂੰ ਸਮਾਜਕ ਅਭਿਆਸ/ ਤਬਦੀਲੀ ਨਾਲੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਆਰਥਕਤਾ ਅਤੇ ਰਾਜਨੀਤੀ ਵਾਂਗ ਹੀ ਹਰੇਕ ਸਮਾਜਕ ਪ੍ਰਕਿਰਿਆ ਅਤੇ ਤਬਦੀਲੀ ਦਾ ਸਭਿਆਚਾਰਕ ਪਾਸਾਰ ਵੀ ਹੁੰਦਾ ਹੈ।ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿਸੇ ਸਮਾਜਕ ਸੰਗਠਨ ਦੇ ਆਰਥਕ, ਰਾਜਨੀਤਕ ਅਤੇ ਸਭਿਆਚਾਰਕ ਪਾਸਾਰ ਇੰਪੀਰੀਕਲ ਹਕੀਕਤਾਂ ਨਹੀਂ, ਵਿਸ਼ਲੇਸ਼ਣੀ ਕੈਟੇਗਰੀਆ ਹਨ। ਕਿਸੇ ਵੀ ਭਾਈਚਾਰੇ ਦਾ ਆਰਥਕ ਪਾਸਾਰ ਉਸ ਭਾਈਚਾਰੇ ਵਿਚ ਵਸਤੂਆਂ, ਸੇਵਾਵਾਂ ਅਤੇ ਦੌਲਤ ਦੀ ਪੈਦਾਵਾਰ, ਸਰਕੂਲੇਸ਼ਨ ਅਤੇ ਖਪਤ ਦੇ ਵਿਸ਼ਲੇਸ਼ਣ ਨਾਲ ਸੰਬੰਧ ਰੱਖਦਾ ਹੈ; ਜਦੋਂ ਕਿ ਰਾਜਨੀਤਕ ਪਾਸਾਰ ਉਸ ਪੈਦਾਵਾਰ ਅਤੇ ਖਪਤ ਦੇ ਕੰਟਰੋਲ ਦਾ ਅਧਿਐਨ ਕਰ ਰਿਹਾ ਹੁੰਦਾ ਹੈ।ਦੂਸਰੇ ਪਾਸੇ ਸਭਿਆਚਾਰਕ ਪਾਸਾਰ ਪੈਦਾਵਾਰ, ਸਰਕੂਲੇਸ਼ਨ ਅਤੇ ਖਪਤ ਕਰਨ ਵਾਲੀ ਮਾਨਸਿਕਤਾ ਦੀ ਕੰਸਟਰਕਸ਼ਨ ਦੇ ਵਿਸ਼ਲੇਸ਼ਣ ਨਾਲ ਸੰਬੰਧਤ ਹੁੰਦਾ ਹੈ।ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਭਿਆਚਾਰ ਕੋਈ ਸਥਿਰ, ਸਥਾਈ, ਸੁਨਿਸ਼ਚਿਤ ਅਤੇ ਠੋਸ ਢਾਂਚਾ ਨਹੀਂ ਕਿ ਉਸਦਾ ਅਧਿਐਨ ਪੇਸ਼ ਕੀਤਾ ਜਾ ਸਕੇ। ਜਦੋਂ ਅਸੀਂ ਪੰਜਾਬੀ ਸਭਿਆਚਾਰ ਦੇ ਅਧਿਐਨ ਦੀ ਗੱਲ ਕਰਦੇ ਹਾਂ, ਤਾਂ ਉਹ ਪੰਜਾਬੀ ਸਭਿਆਚਾਰ ਦੇ ਅਧਿਐਨ ਦੀ ਨਹੀਂ, ਪੰਜਾਬੀ ਸਮਾਜ ਦੇ ਸਭਿਆਚਾਰਕ ਅਧਿਐਨ ਦੀ ਗੱਲ ਹੁੰਦੀ ਹੈ। ਆਰਥਕ ਅਤੇ ਰਾਜਨੀਤਕ ਅਧਿਐਨ ਉਪਰ ਵੀ ਇਹੋ ਧਾਰਨਾ ਲਾਗੂ ਹੁੰਦੀ ਹੈ। ਸਭਿਆਚਾਰ ਵਾਂਗ ਹੀ ਅਸੀਂ ਕਿਸੇ ਭਾਈਚਾਰੇ ਦੇ, ਅਰਥਚਾਰੇ ਅਤੇ ਰਾਜਨੀਤੀ ਦਾ ਅਧਿਐਨ ਨਹੀਂ, ਸਗੋਂ ਉਸ ਭਾਈਚਾਰੇ ਦਾ ਆਰਥਕ ਅਤੇ ਰਾਜਨੀਤਕ ਅਧਿਐਨ ਪੇਸ਼ ਕਰ ਰਹੇ ਹੁੰਦੇ ਹਾਂ।
---------------------------
ਇਹ ਯਾਤਰਾ ਜਿੱਥੇ ਸਭਿਆਚਾਰ ਨੂੰ ਸਮਾਜਕ ਅਭਿਆਸ ਅਤੇ ਸਮਾਜਕ ਤਬਦੀਲੀ ਨਾਲ ਜੋੜਦੀ ਹੈ, ਓਥੇ ਸਾਨੂੰ ਸਭਿਆਚਾਰ ਤੋਂ ਸਭਿਆਚਾਰਕ ਅਧਿਐਨ ਅਤੇ ਸਭਿਆਚਾਰਕ ਵਿਸ਼ਲੇਸ਼ਣ ਤੱਕ ਵੀ ਲੈ ਜਾਂਦੀ ਹੈ। ਇਸੇ ਲਈ ਆਪਾਂ ਸਭਿਆਚਾਰ ਦੀ ਥਾਂ, ਸਮਾਜਕ ਅਭਿਆਸ/ ਚਨੌਤੀ/ ਤਬਦੀਲ਼ੀ/ ਸੰਕਟ ਦੇ ਸਭਿਆਚਾਰਕ ਅਧਿਐਨ ਅਤੇ ਵਿਸ਼ਲੇਸ਼ਣ ਦੀ ਗੱਲ ਕਰ ਰਹੇ ਹਾਂ।
ਖੇਤੀ ਧੰਦੇ ਵਿਚ ਆਈ ਆਰਥਕ ਖੜੋਤ ਅਤੇ ਕਰਜ਼ੇ ਦੇ ਸਤਾਏ ਹੋਏ ਅੱਜ ਦੇ ਪੰਜਾਬੀ ਕਿਸਾਨ ਨੇ ਸੰਘਰਸ਼ ਦਾ ਰਸਤਾ ਤਿਆਗ ਕੇ ਆਤਮ ਹੱਤਿਆ ਦਾ ਰਾਹ ਕਿਉਂ ਅਪਣਾ ਲਿਆ ਹੈ, ਇਸ ਦਾ ਜੁਆਬ ਅਰਥ ਸ਼ਾਸਤਰੀ ਅਧਿਐਨ ਰਾਹੀਂ ਨਹੀਂ, ਪੰਜਾਬੀ ਸਮਾਜ ਦੇ ਸਭਿਆਚਾਰਕ ਅਧਿਐਨ ਅਤੇ ਵਿਸ਼ਲੇਸ਼ਣ ਰਾਹੀਂ ਹੀ ਦਿੱਤਾ ਜਾ ਸਕਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਪਿਛੇ ਕੋਈ ਆਰਥਕ ਅਤੇ ਰਾਜਨੀਤਕ ਫੈਕਟਰ ਕੰਮ ਨਹੀਂ ਕਰ ਰਹੇ। ਹਰ ਸੰਕਟ ਪਿਛੇ ਇਹ ਫੈਕਟਰ ਕੰਮ ਕਰ ਰਹੇ ਹੁੰਦੇ ਹਨ। ਪਰ ਆਪਣੇ ਸੰਕਟ ਨੂੰ ਉਹ ਭਾਈਚਾਰਾ ਕਿਵੇਂ ਰਿਸਪੌਡ ਕਰਦਾ ਹੈ, ਇਹ ਕੇਵਲ ਸਭਿਆਚਾਰਕ ਅਧਿਐਨ ਅਤੇ ਵਿਸ਼ਲੇਸਣ ਰਾਹੀ ਹੀ ਸਮਝਿਆ ਅਤੇ ਡਿਜ਼ਾਈਨ ਕੀਤਾ ਜਾ ਸਕਦਾ ਹੈ।
ਭਾਵੇਂ ਅਸੀਂ ਜਿੰਨਾ ਮਰਜ਼ੀ ਕਹੀ ਜਾਈਏ ਕਿ ਸਾਡੀ ਕੋਈ ਸਭਿਆਚਾਰਕ ਨੀਤੀ ਨਹੀਂ। ਕਿ ਪੰਜਾਬ ਨੇ ਆਪਣੀ ਕੋਈ ਸਭਿਆਚਾਰਕ ਨੀਤੀ ਬਣਾਈ ਹੀ ਨਹੀਂ। ਪਰ ਕੋਈ ਭਾਈਚਾਰਾ ਆਪਣੇ ਸੰਕਟ ਨੂੰ ਕਿਵੇਂ ਰਿਸਪੌਡ ਕਰਦਾ ਹੈ, ਇਹ ਉਸ ਭਾਈਚਾਰੇ ਦੀਆਂ ਸਭਿਆਚਾਰਕ ਨੀਤੀਆਂ ਉੱਪਰ ਹੀ ਨਿਰਭਰ ਕਰਦਾ ਹੈ। ਸੋ ਸਾਡੀਆਂ ਸਭਿਆਚਾਰਕ ਨੀਤੀਆਂ ਤਾਂ ਹੈਨ, ਪਰ ਲੁਪਤ, ਭਾਵ ਕਿ ਅਸੀਂ ਉਹਨਾ ਪ੍ਰਤੀ ਸੁਚੇਤ ਨਹੀਂ ਹਾਂ। ਉਹਨਾ ਦਾ ਹਾਲੇ ਤੱਕ ਅਧਿਐਨ ਨਹੀਂ ਕੀਤਾ। ਉਦਾਹਰਣ ਦੇ ਤੌਰ ਤੇ, ਪੰਜਾਬ ਦੇ ਵਰਤਮਾਨ ਖੇਤੀ ਸੰਕਟ ਨੂੰ ਪੰਜਾਬ ਦੇ ਕਿਸਾਨ ਜਿਨ੍ਹਾਂ ਸਭਿਆਚਾਰਕ ਨੀਤੀਆਂ ਦੇ ਆਧਾਰ ਤੇ ਆਤਮ ਹੱਤਿਆਵਾਂ (ਭਾਂਜ) ਦੇ ਰੂਪ ਵਿਚ ਰਿਸਪੌਡ ਕਰਦੇ ਹਨ, ਉਹਨਾ ਨੂੰ ਅਸੀਂ, ਆਪਣੇ ਇਸ ਅਧਿਐਨ ਰਾਹੀਂ ਕਲਚਰਲ ਲਿਬਰਲਿਜ਼ਮ ਦੇ ਰੂਪ ਵਿਚ ਪਛਾਣਿਆ ਹੈ।
ਅਸੀਂ ਇਹ ਵੀ ਦੇਖ ਲਿਆ ਹੈ ਕਿ ਹਰੇ ਇਨਕਲਾਬ ਤੋਂ ਪਹਿਲਾਂ ਸਾਡੀਆਂ ਸਭਿਆਚਾਰਕ ਪਾਲਸੀਆਂ ਇਹ ਨਹੀਂ, ਕੋਈ ਹੋਰ ਸਨ. ਕਿਉਂਕਿ ਉਸ ਵਕਤ ਅਸੀਂ ਉਸ ਸੰਕਟ ਨੂੰ ਹੋਰ ਤਰ੍ਹਾਂ ਨਾਲ ਰਿਸਪੌਡ ਕਰਦੇ ਸਾਂ।ਇਹ ਲੁਪਤ ਰੁਪ ਵਿਚ ਬਣਦੀਆਂ ਬਿਣਸਦੀਆਂ ਰਹਿੰਦੀਆਂ ਹਨ।ਪਰ ਇਹਨਾ ਲੁਪਤ ਪਾਲਸੀਆਂ ਨੂੰ, ਕਿਉਂਕਿ ਅਸੀਂ ਸੁਚੇਤ ਪੱਧਰ ਡੈਮੋਕਰੈਟਿਕ ਢੰਗ ਨਾਲ ਆਪ ਨਹੀਂ ਬਣਾਇਆ ਹੁੰਦਾ, ਇਸ ਲਈ ਇਹਨਾ ਪ੍ਰਤੀ ਸਾਡੀ ਜਾਂ ਕਿਸੇ ਹੋਰ ਦੀ ਕੋਈ ਜਿੰਮੇਵਾਰੀ ਵੀ ਨਹੀਂ ਹੁੰਦੀ।
ਕਿਸਾਨਾਂ ਦੀਆਂ ਆਤਮ ਹੱਤਿਆਵਾਂ ਤੋਂ ਇਲਾਵਾ, ਪੰਜਾਬੀ ਸਮਾਜ ਨੂੰ ਹੋਰ ਵੀ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਹਨਾ ਦਾ ਸਭਿਆਚਾਰਕ ਅਧਿਐਨ ਕਰਨ ਦੀ ਲੋੜ ਹੈ। ਮਾਦਾ ਭਰੂਣ ਹੱਤਿਆ ਇੱਕ ਉਦਾਹਰਣ ਹੈ।ਜੇਕਰ ਅਸੀਂ ਲੜਕੀਆਂ ਦੀ ਭਰੂਣ ਹੱਤਿਆ ਨੂੰ ਰੋਕਣਾ ਹੈ ਤਾਂ ਸਾਨੂੰ ਆਪਣੀ ਉਹ ਮਾਨਸਿਕਤਾ ਬਦਲਨੀ ਹੋਵੇਗੀ, ਜਿਹੜੀ ਮਾਨਸਿਕਤਾ ਆਪਣੀ ਧੀਅ ਧਿਆਣੀ ਦਾ ਕਤਲ ਕਰਕੇ ਆਖਦੀ ਹੈ: " ਗੁੜ ਖਾਈਂ, ਪੂਣੀ ਕੱਤੀਂ/ ਆਪ ਨਾ ਆਈਂ, ਵੀਰੇ ਨੂੰ ਘੱਤੀਂ।"
ਜੇ ਅਸੀਂ ਮਾਦਾ ਭਰੂਣ ਹੱਤਿਆ ਰੋਕਣੀ ਹੈ, ਤਾਂ ਸਾਨੂੰ ਆਪਣੇ ਆਪ ਨੂੰ ਬਦਲਣਾ ਹੋਵੇਗਾ। ਆਪਣੇ ਸਵੈ ਨੂੰ ਬਦਲਨਾ ਹੋਵੇਗਾ। ਇਹ ਤਦ ਹੀ ਸੰਭਵ ਹੈ, ਜੇ ਅਸੀਂ ਉਹ ਕਥਾ ਕਹਾਣੀਆਂ, ਮੁੱਲ ਪ੍ਰਬੰਧ, ਸਮਾਜਕ ਰਹੁ ਰੀਤਾਂ ਅਤੇ ਸੋਚ ਵਿਚਾਰ ਬਦਲਾਂਗੇ, ਜੋ ਸਾਡੀ ਭਰੂਣ ਹੱਤਿਆ ਕਰਨ ਵਾਲੀ ਅਜੋਕੀ ਮਾਨਸਿਕਤਾ ਦਾ ਨਿਰਮਾਣ ਕਰਦੇ ਹਨ।
ਇਹ ਤਾਂ ਅਸੀਂ ਜਾਣ ਲਿਆ ਹੈ ਕਿ ਕਿਸੇ ਵੀ ਸਮਾਜਕ ਵਰਤਾਰੇ/ ਸਮੱਸਿਆ/ ਸੰਕਟ/ ਤਬਦੀਲੀ ਨੂੰ ਸਮਝਣ ਲਈ ਆਰਥਕ, ਰਾਜਨੀਤਕ ਅਤੇ ਸਭਿਆਚਾਰਕ ਫੈਕਟਰ ਬਰਾਬਰ ਦਾ ਮਹੱਤਵ ਰੱਖਦੇ ਹਨ।ਇਹਨਾ ਵਿਚੋਂ ਕਿਸੇ ਇਕ ਦੀ ਗੈਰਹਾਜ਼ਰੀ ਵਿਚ ਕੀਤਾ ਗਿਆ ਅਧਿਐਨ ਕੇਵਲ ਅਧੂਰਾ ਹੀ ਨਹੀਂ, ਗੁਮਰਾਹਕੁਨ ਵੀ ਹੋ ਸਕਦਾ ਹੈ। ਵਰਤਮਾਨ ਸਮਾਜਕ ਸਮੱਸਿਆਵਾਂ ਦੇ ਆਰਥਕ ਅਤੇ ਰਾਜਨੀਤਕ ਅਧਿਐਨ ਅਤੇ ਸਮਾਧਾਨ ਲਈ ਤਾਂ ਪੰਜਾਬ ਵਿਚ ਖੋਜ ਅਤੇ ਸਿੱਖਿਆ ਦੀਆਂ ਅਨੇਕਾਂ ਸੰਸਥਾਵਾਂ ਹਨ, ਪਰ ਅਜੇਹੀਆਂ ਸਮੱਸਿਆਵਾਂ ਦਾ ਸਭਿਆਚਾਰਕ ਅਧਿਐਨ ਕਰਨ ਲਈ ਇੱਕ ਵੀ ਸੰਸਥਾ ਨਹੀਂ ਹੈ। ਕਈ ਯੂਨੀਵਰਸਟੀਆਂ ਆਪਣੇ ਪੰਜਾਬੀ ਵਿਭਾਗਾਂ ਵਿਚ ਸਭਿਆਚਾਰ ਅਧਿਐਨ ਦੇ ਪ੍ਰੋਗਰਾਮ ਤਾਂ ਚਲਾਉਂਦੀਆਂ ਹਨ, ਪਰ ਉਹ ਪ੍ਰੋਗਰਾਮ ਲੁਪਤ ਹੋ ਰਹੇ ਪੰਜਾਬੀ ਲੋਕ ਸਾਹਿਤ ਅਤੇ ਕਲਾ ਦੇ ਅਧਿਐਨ ਅਤੇ ਉਹਨਾ ਦੀ ਸਾਂਭ ਸੰਭਾਲ ਤੱਕ ਹੀ ਸੀਮਤ ਰਹਿ ਜਾਂਦੇ ਹਨ। ਸ਼ਾਇਦ ਇਸੇ ਲਈ, ਸਭਿਆਚਾਰਕ ਅਧਿਐਨ ਦੀ ਘਾਟ ਕਾਰਨ, ਅਸੀਂ ਆਪਣੀ ਕਿਸੇ ਵੀ ਸਮੱਸਿਆ ਦਾ ਕੋਈ ਤਸੱਲੀਬਖਸ਼ ਹੱਲ ਨਹੀਂ ਢੂੰਡ ਸਕੇ।ਇਸ ਲਈ ਪੰਜਾਬ ਵਿਚ ਵਰਤਮਾਨ ਸਮਾਜਕ ਸਮੱਸਿਆਵਾਂ ਦੇ ਅਧਿਐਨ ਅਤੇ ਵਿਸ਼ਲੇਸ਼ਣ ਨੂੰ ਉਤਸਾਹਿਤ ਕਰਨਾ ਅਤੇ ਉਸ ਲਈ ਖੋਜ ਅਤੇ ਸਿੱਖਿਆ ਦੀਆਂ ਸੰਸਥਾਵਾਂ ਦਾ ਨਿਰਮਾਣ ਪੰਜਾਬ ਦੀ ਸਭਿਆਚਾਰ ਪਾਲਿਸੀ ਦੀ ਪਹਿਲੀ ਲੋੜ ਅਤੇ ਇਸਦੇ ਨਿਰਮਾਣ ਵੱਲ ਪਹਿਲਾ ਕਦਮ ਹੋਵੇਗਾ।
ਸਭਿਆਚਾਰਕ ਉਤਪਾਦਨ: ਸਭਿਆਚਾਰ ਉਤਪਾਦਨ ਦੀ ਧਾਰਨਾ ਸਭਿਆਚਾਰਕ ਸਨਅਤ ਵਿਚ ਪੈਦਾ ਹੋਣ ਵਾਲੀ ਸਭਿਆਚਾਰਕ ਪੂੰਜੀ ਨਾਲ ਜੁੜੀ ਹੋਈ ਹੈ। ਸਭਿਆਚਾਰਕ ਸਨਅਤ ਦੀ ਸਪੋਰਟ ਲਈ ਸਭਿਆਚਾਰਕ ਇਨਫਰਾਸਟਰਕਚਰ/ ਸਾਈਬਰ-ਇਨਫਰਾਸਟਰਕਚਰ ਦੇ ਨਿਰਮਾਣ ਦੀ ਵੀ ਆਵੱਸ਼ਕਤਾ ਹੁੰਦੀ ਹੈ।
ਇਸ ਪਰਚੇ ਦੇ ਪਹਿਲੇ ਭਾਗ ਵਿਚ, ਸਭਿਆਚਾਰ ਪ੍ਰੈਕਟਿਸ ਦੇ ਅਧਿਐਨ ਦੀ ਗੱਲ ਕਰਦੇ ਸਮੇਂ ਆਪਾਂ ਜਿਸ ਸਮਾਜਕ ਬਿਮਾਰੀ ਦਾ ਨਿਰੀਖਣ ਕਰ ਰਹੇ ਸੀ, ਇਸ ਦੂਸਰੇ ਭਾਗ ਵਿਚ ਉਸ ਬਿਮਾਰੀ ਦੇ ਇਲਾਜ ਲਈ ਸਭਿਆਚਾਰ ਉਤਪਾਦਨ ਵਿਚ ਕੀਤੀ ਜਾਣ ਵਾਲੀ ਦਖਲਅੰਦਾਜ਼ੀ ਅਤੇ ਲੋੜੀਂਦੇ ਦਿਸ਼ਾ ਨਿਰਦੇਸ਼ ਦੀ ਉਦਾਹਰਣ ਲੈ ਕੇ ਪੰਜਾਬ ਦੀ ਸਭਿਆਚਾਰਕ ਨੀਤੀ ਬਾਰੇ ਆਪਣੀ ਗੱਲਬਾਤ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰਾਂਗੇ।
ਪਹਿਲੇ ਭਾਗ ਵਿਚ ਆਪਾਂ ਪੰਜਾਬੀ ਭਾਈਚਾਰੇ ਅੰਦਰ ਵਧ ਰਹੀ ਵਿਅਕਤੀਗਤ ਆਜ਼ਾਦੀ ਅਤੇ ਵਿਅਕਤੀਗਤ ਤਰੱਕੀ ਦੀ ਹਵਸ (ਗੈਰ-ਡੈਮੋਕਰੈਟਿਕ ਲਿਬਰਲਿਜ਼ਮ) ਬਾਰੇ ਗੱਲਬਾਤ ਕਰ ਰਹੇ ਸੀ। ਇਸ ਹਵਸ ਨੇ ਪੰਜਾਬੀ ਭਾਈਚਾਰੇ ਅੰਦਰ ਕਿਸ ਕਿਸਮ ਦੀਆਂ ਬਿਮਾਰੀਆਂ ਪੈਦਾ ਕੀਤੀਆਂ ਹਨ, ਇਹ ਵੀ ਗੱਲ ਕਰ ਰਹੇ ਸੀ। ਹੁਣ ਸੁਆਲ ਹੈ ਕਿ ਇਸ ਬਿਮਾਰੀ ਉਪਰ ਕਾਬੂ ਪਾਉਣ ਲਈ ਸਭਿਆਚਾਰਕ ਉਤਪਾਦਨ ਨੂੰ ਕਿਸ ਕਿਸਮ ਦਾ ਮੋੜ ਦਿੱਤਾ ਜਾਵੇ। ਆਪਾਂ ਇਹ ਵੀ ਦੇਖ ਆਏ ਹਾਂ ਕਿ ਇਸ ਬਿਮਾਰੀ ਦੇ ਪੈਦਾ ਹੋਣ ਵਿਚ ਪੰਜਾਬੀ ਭਾਈਚਾਰੇ ਜਾਂ ਪੰਜਾਬ ਸਟੇਟ ਦੀਆਂ ਸਭਿਆਚਾਰਕ ਪਾਲਸੀਆਂ ਦਾ ਕੋਈ ਰੋਲ ਨਹੀਂ। ਰੋਲ ਕਿੱਥੋਂ ਹੋਣਾ ਸੀ, ਪੰਜਾਬ ਦੀਆਂ ਕੋਈ ਸਭਿਆਚਾਰਕ ਪਾਲਸੀਆਂ ਹੈਨ ਹੀ ਨਹੀਂ। ਪੰਜਾਬ ਵਿਚ ਸਭਿਆਚਾਰ ਨੀਤੀਆਂ ਦੀ ਗੈਰ ਹਾਜ਼ਰੀ ਨੂੰ ਜ਼ਰੂਰ ਕਸੂਰਵਾਰ ਠਹਿਰਾਇਆ ਜਾ ਸਕਦਾ ਹੈ। ਅਜੇਹੀਆਂ ਨੀਤੀਆਂ ਦੀ ਗੈਰ ਹਾਜ਼ਰੀ ਵਿਚ ਹੀ ਸਭਿਆਚਾਰਕ ਸਨਅਤ ਪੰਜਾਬੀ ਭਾਈਚਾਰੇ ਅੰਦਰ ਅਜੇਹੀਆਂ ਬਿਮਾਰੀਆਂ ਫੈਲਾਉਣ ਜਾਂ ਫੇਰ ਕਿ ਪੰਜਾਬ ਦੀ ਅਜੇਹੀ ਬਿਮਾਰ ਮਾਨਸਿਕਤਾ ਕੰਸਟਰਕਟ ਕਰਨ ਵਿਚ ਕਾਮਯਾਬ ਹੋ ਸਕੀ। ਅਜੇਹੀ ਬਿਮਾਰੀ ਨੂੰ ਫੈਲਾਉਣ ਪਿੱਛੇ ਸਭਿਆਚਾਰਕ ਸਨਅਤ ਦੀ ਵਧੇਰੇ ਮੁਨਾਫੇ ਦੀ ਲਾਲਸਾ ਅਤੇ ਉਸ ਨੂੰ ਚਲਾਉਣ ਵਾਲੇ ਕਾਰਪੋਰੇਟ ਸੈਕਟਰ ਦੀਆਂ ਉਦਾਰਵਾਦੀ ਨੀਤੀਆਂ ਕੰਮ ਕਰ ਰਹੀਆਂ ਹਨ।
ਜਿਹੜੀ ਸਭਿਆਚਾਰਕ ਸਨਅਤ ਸਾਡੇ ਸਮਾਜ ਵਿਚ ਅਜੇਹੀਆਂ ਬਿਮਾਰੀਆਂ ਫੈਲਾ ਰਹੀ ਹੈ, ਉਸ ਨੂੰ ਮੈਂ ਪੰਜਾਬ ਦੀ ਸਭਿਆਚਾਰਕ ਸਨਅਤ ਨਹੀਂ ਕਿਹਾ। ਸਭਿਆਚਾਰਕ ਨੀਤੀਆਂ ਵਾਂਗ ਹੀ ਪੰਜਾਬ ਦੀ ਕੋਈ ਸਭਿਆਚਾਰਕ ਸਨਅਤ ਵੀ ਨਹੀਂ ਹੈ। ਅਜੇਹੀ ਸਨਅਤ ਦੀ ਗੈਰ ਹਾਜ਼ਰੀ ਕਾਰਨ ਹੀ ਗਲੋਬਲ ਮੀਡੀਆ ਆਪਣੀ ਇਸ ਨਿਊ-ਲਿਬਰਲ ਸਾਜਿਸ਼ ਵਿਚ ਕਾਮਯਾਬ ਹੋ ਰਿਹਾ ਹੈ। ਇਸੇ ਨੂੰ ਸਭਿਆਚਾਰਕ ਇਮਪੀਰੀਅਲਿਜ਼ਮ ਦਾ ਨਾਮ ਦਿੱਤਾ ਗਿਆ ਹੈ ਜੋ ਸਾਡੀ ਆਪਣੀ ਸਭਿਆਚਾਰਕ ਸਨਅਤ ਦੀ ਗੈਰ ਹਾਜ਼ਰੀ ਵਿਚ ਹੀ ੀਵਗਸਦਾ ਹੈ। ਜੇਕਰ ਅਸੀਂ ਆਪਣੀਆਂ ਸਮਾਜਕ ਬਿਮਾਰੀਆਂ ਉਪਰ ਸੱਚ ਮੁੱਚ ਹੀ ਕਾਬੂ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਦੋ ਕੰਮ ਤਾਂ ਤੁਰੰਤ ਹੀ ਕਰਨੇ ਪੈਣਗੇ। ਨੰਬਰ ਇਕ ਪੰਜਾਬ ਦੀ ਸਭਿਆਚਾਰ ਪਾਲਿਸੀ ਦਾ ਨਿਰਮਾਣ ਕਰਨਾ ਅਤੇ ਦੂਸਰਾ ਇਸ ਪਾਲਿਸੀ ਦੇ ਪਹਿਲੇ ਪ੍ਰੋਗਰਾਮ ਵਜੋਂ ਪੰਜਾਬ ਵਿਚ ਸਭਿਆਚਾਰਕ ਸਨਅਤ ਦੀ ਵੱਡੇ ਪੱਧਰ ਤੇ ਸਥਾਪਨਾ ਕਰਨਾ। ਇਸ ਦੇ ਨਾਲ ਹੀ ਅਜੇਹੀ ਸਨਅਤ ਦੇ ਵਿਕਾਸ ਲਈ ਸਭਿਆਚਾਰਕ ਇਨਫਰਾਸਟਰਕਚਰ/ ਸਾਈਬਰ ਇਨਫਰਾਸਟਰਕਚਰ ਦਾ ਨਿਰਮਾਣ ਵੀ ਪਹਿਲੀਆਂ ਲੋੜਾਂ ਵਿਚ ਹੀ ਸ਼ਾਮਲ ਹੈ।
ਪੰਜਾਬ ਵਿਚ ਸਭਿਆਚਾਰਕ ਸਨਅਤ ਦਾ ਨਿਰਮਾਣ ਕੇਵਲ ਪੰਜਾਬ ਦੀਆਂ ਸਮਾਜਕ ਬਿਮਾਰੀਆਂ ੳਪਰ ਕਾਬੂ ਹੀ ਨਹੀਂ ਪਾਏਗਾ, ਸਗੋਂ ਆਪਣੇ ਆਪ ਵਿਚ ਇੱਕ ਵੱਡੀ ਸਨਅਤ ਜਾਂ ਵੱਡਾ ਵਿਉਪਾਰ ਹੋਣ ਦੇ ਨਾਤੇ ਪੰਜਾਬ ਦੀ ਯੂਥ ਲਈ ਰੁਜ਼ਗਾਰ ਦਾ ਅਤੇ ਪੰਜਾਬ ਰਾਜ ਲਈ ਆਮਦਨ ਦਾ ਸੱਭ ਤੋਂ ਵੱਡਾ ਵਸੀਲਾ ਵੀ ਹੋ ਸਕਦਾ ਹੈ। ਇਹ ਗੱਲ ਮੈਂ ਇਸ ਲਈ ਆਖ ਰਿਹਾ ਹਾਂ ਕਿਉਂਕਿ 1976 ਤੋਂ ਲੈ ਕੇ ਅੱਜ ਤੱਕ ਇਹ ਸਭਿਆਚਾਰਕ ਸਨਅਤ ਹੀ ਅਮਰੀਕਾ ਦਾ ਸਭ ਤੋਂ ਵੱਡਾ ਐਕਸਪੋਰਟ ਸੈਕਟਰ ਬਣੀ ਹੋਈ ਹੈ। ਇੰਗਲੈਂਡ ਵਿਚ ਇਹ ਐਰੋਸਪੇਸ ਅਤੇ ਫਾਰਮੇਸਿਊਟੀਕਲ ਇੰਡਸਟਰੀ ਨਾਲੋਂ ਨੌ ਗੁਣਾ ਵਧੇਰੇ ਪੈਦਾਵਾਰ ਕਰ ਰਹੀ ਹੈ। ਸਭਿਆਚਾਰਕ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਵਿਚ ਕਲਾਤਮਕ ਸਿਰਜਣਾ, ਤਕਨੀਕੀ ਇੰਨੋਵੇਸ਼ਨ ਅਤੇ ਬਿਜ਼ਨਸ ਐਨਟਰਪਰਿਨਿਓਰਸ਼ਿਪ ਦੀ ਸਾਂਝੀ ਐਫਰਟ ਨੂੰ ਹੀ ਸਭਿਆਚਾਰਕ ਸਨਅਤ ਦਾ ਨਾਮ ਦਿੱਤਾ ਗਿਆ ਹੈ। ਕਈ ਲੋਕ ਇਸ ਨੂੰ ਕਰੀਏਟਿਵ ਇੰਡਸਟਰੀਜ਼ ਦਾ ਨਾਮ ਵੀ ਦਿੰਦੇ ਹਨ।ਇਸ ਵਿਚ ਮੀਡੀਆ ਇੰਡਸਟਰੀ, ਐਂਟਰਟੇਨਮੈਂਟ ਇੰਡਸਟਰੀ, ਡਿਜ਼ਾਈਨ ਇੰਡਸਟਰੀ ਅਤੇ ਐਜੂਕੇਸਨ ਇੰਡਸਟਰੀ ਸਾਮਲ ਹਨ। ਪੰਜਾਬ ਵਿਚ ਇਸ ਉਭਰ ਰਹੀ ਇੰਡਸਟਰੀ ਦੀਆਂ ਖੋਜ ਅਤੇ ਸਿੱਖਿਆ ਨਾਲ ਸਬੰਧਿਤ ਲੋੜਾਂ ਦੀ ਪੂਰਤੀ ਲਈ ਕੋਈ ਇੱਕ ਵੀ ਸਮਸਥਾ ਨਹੀਂ ਹੈ। ਪੰਜਾਬ ਵਿਚ ਸਭਿਆਚਾਰਕ ਸਨਅਤ ਦੇ ਵਿਕਾਸ ਲਈ ਅਜੇਹੀਆਂ ਖੋਜ ਅਤੇ ਸਿਖਿਆ ਸੰਸਥਾਵਾਂ ਦਾ ਨਿਰਮਾਣ ਵੀ ਸਾਡੀ ਸਭਿਆਚਾਰਕ ਨੀਤੀ ਦਾ ਮੁਖ ਪਹਿਲੂ ਹੋਣਾ ਚਾਹੀਦਾ ਹੈ। ਇਹ ਮੈਂ ਇਸ ਲਈ ਆਖ ਰਿਹਾ ਹਾਂ ਕਿਉਂਕਿ ਐਨ ਆਰ ਆਈ ਭਾਈਚਾਰੇ, ਜਿਹਨਾ ਵਿਚ ਪੰਜਾਬੀ ਭਾਈਚਾਰਾ ਪ੍ਰਮੁਖ ਹੈ, ਦੀ ਮਿਹਨਤ ਸਦਕਾ ਭਾਰਤ ਵਿਚ ਆਉਣ ਵਾਲੀ ਬੀ ਪੀ ਓ ਇਡਸਟਰੀ ਪੰਜਾਬ ਵਿਚ ਇਸ ਲਈ ਸਥਾਪਾਤ ਨਾ ਹੋ ਸਕੀ ਕਿਉਂਕਿ ਉਸ ਵਕਤ ਸਾਡੇ ਕੋਲ ਇਸ ਇਡਸਟਰੀ ਲਈ ਨੌਲਿਜ ਵਰਕਰ ਪੈਦਾ ਕਰਨ ਵਾਲੀਆਂ ਸਫੀਸ਼ੈਂਟ ਸੰਸਥਾਵਾਂ ਨਹੀਂ ਸਨ। ਸਾਊਥ ਵਿਚ ਸਨ, ਇਸ ਲਈ ਇਹ ਇੰਡਸਟਰੀ ਓਥੇ ਸਥਾਪਤ ਹੋ ਗਈ। ਹੁਣ ਸਾਡੇ ਕੋਲ ਇੱਕ ਵਾਰ ਫੇਰ ਮੌਕਾ ਆਇਆ ਹੈ। ਜੇਕਰ ਅਸੀਂ ਕਰੀਏਟਿਵ ਆਰਟਸ ਅਤੇ ਤਕਨਾਲੋਜੀ ਦੀਆਂ ਸੰਸਥਾਵਾਂ ਦੀ ਸਥਾਪਨਾ ਨਾਂ ਕੀਤੀ ਤਾਂ ਇਹ ਮੌਕਾ ਵੀ ਖੁੰਝ ਜਾਵੇਗਾ।
ਇਸ ਤੋਂ ਬਾਅਦ ਪੰਜਾਬ ਦੇ ਸੁਜਿੰਦ ਵਿਕਾਸ (ਸਸਟੇਨੇਬਲ ਡਿਵੈਲਪਮੈਂਟ) ਵਿਚ ਸਭਿਆਚਾਰਕ ਨੀਤੀ ਦੇ ਮਹੱਤਵ ਦੀ ਗੱਲ ਕਰਨੀ ਬਣਦੀ ਹੈ। ਇਹ ਗੱਲ ਵੀ ਇੱਕ ਉਦਾਹਰਣ ਲੈ ਕੇ ਹੀ ਕਰਦੇ ਹਾਂ। ਪੰਜਾਬ ਵਿਚ ਖੇਤੀ ਦੇ ਮਸ਼ੀਨੀਕਰਣ ਦੀ ਲੋੜ ਨੂੰ ਮਹਿਸੂਸ ਕਰਦਿਆ ਪੰਜਾਬ ਖੇਤੀਬਾੜੀ ਯੂਨੀਵਰਸਟੀ ਵਿਚ ਖੇਤੀ ਇੰਜਨੀਅਰਿੰਗ ਕਾਲਿਜ ਦੀ ਸਥਾਪਨਾ ਕੀਤੀ ਗਈ ਸੀ। ਅਮਰੀਕਾ ਦੀਆਂ ਯੂਨੀਵਰਸਟੀਆਂ ਵਿਚੋਂ ਇਸ ਖੇਤਰ ਵਿਚ ਉਚ ਸਿਖਿਆ ਪ੍ਰਾਪਤ ਕਰ ਚੁੱਕੇ ਮਾਹਿਰਾਂ ਨੂੰ ਵਿਸ਼ੇਸ਼ ਤੌਰ ਤੇ ਭਰਤੀ ਕੀਤਾ ਗਿਆ। ਵੱਡੇ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਗਏ। ਪਰ ਇਸ ਸਭ ਕਾਸੇ ਦੇ ਬਾਵਜੂਦ ਇਹ ਸੰਸਥਾ ਕੋਈ ਇੱਕ ਵੀ ਅਜੇਹੀ ਸਫਲ ਮਸ਼ੀਨ ਤਿਆਰ ਨਹੀਂ ਕਰ ਸਕੀ, ਜੋ ਪੰਜਾਬ ਦੇ ਖੇਤਾਂ ਵਿਚ ਕੰਮ ਕਰ ਰਹੀ ਹੋਵੇ। ਜਿਹੜੀਆਂ ਮਸ਼ੀਨਾਂ ਸਾਡੇ ਖੇਤਾਂ ਵਿਚ ਕੰਮ ਕਰ ਰਹੀਆਂ ਹਨ, ਉਹ ਸਭ ਪੰਜਾਬ ਦੇ ਅਨਪੜ੍ਹ ਅਤੇ ਅੱਧਪੜ੍ਹ ਮਿਸਤਰੀਆਂ ਦੀਆਂ ਡਿਜ਼ਾਈਨ ਕੀਤੀਆਂ ਹੋਈਆਂ ਹਨ।
ਜਿਸ ਮਾਹਿਰ ਨੂੰ ਪਤਾ ਹੀ ਨਹੀਂ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਵਿਚ ਉਸ ਦੀ ਬਣਾਈ ਹੋਈ ਮਸ਼ੀਨ ਨੇ ਕੰਮ ਕਰਨਾ ਹੈ, ਉਹਨਾ ਦੀ ਆਰਥਕ ਸਥਿਤੀ ਅਤੇ ਸਮਾਜਕ- ਸਭਿਆਚਾਰਕ ਪ੍ਰੰਪਰਾਵਾ ਅਤੇ ਵਾਤਾਵਰਣ ਕੰਡੀਸਨਜ਼ ਕੀ ਹਨ, ਓਨੀ ਦੇਰ ਤੱਕ ਉਸ ਦੀ ਮਸ਼ੀਨ ਵਾਇਬਲ ਅਤੇ ਸਸਟੇਨੇਬਲ ਨਹੀਂ ਹੋ ਸਕਦੀ। ਖੈਰ, ਕਹਿਣ ਤੋਂ ਭਾਵ ਇਹ ਹੈ ਕਿ ਸਭਿਆਚਾਰ ਨੂੰ ਨਜ਼ਰਅੰਦਾਜ਼ ਕਰਕੇ ਕੀਤਾ ਗਿਆ ਵਿਕਾਸ ਕਦੀ ਵੀ ਵਾਇਬਲ, ਬੀਅਰੇਬਲ, ਈਕੁਏਟੇਬਲ ਅਤੇ ਸਸਟੇਨੇਬਲ ਨਹੀਂ ਹੋ ਸਕਦਾ। ਅਜੇਹਾ ਕਰਨ ਲਈ ਜ਼ਰੂਰੀ ਹੈ ਸਾਇੰਸ, ਤਕਨਾਲੋਜੀ, ਇੰਜਨੀਅਰਿੰਗ ਅਤੇ ਮੈਨਜਮੈਂਟ ਦੀ ਐਜੂਕੇਸ਼ਨ ਵਿਚ ਵਰਤਮਾਨ ਸਭਿਆਚਾਰ ਅਧਿਐਨ ਅਤੇ ਹੁਮੈਨਟੀਜ਼ ਦੀ ਸਿੱਖਿਆਂ ਨੂੰ ਥਰੂਆਊਟ ਲਾਜ਼ਮੀ ਤੌਰ ਤੇ ਪੜ੍ਹਾਇਆ ਜਾਵੇ।
ਸਭਿਆਚਾਰਕ ਹੈਰੀਟੇਜ, ਵੰਨਸਵੰਨਤਾ, ਬਹੁਵਾਦ, ਆਦਿ ਸਭਿਆਚਾਰ ਨਾਲ ਜੁੜੇ ਹੋਏ ਅਨੇਕਾਂ ਅਜੇਹੇ ਮਸਲੇ ਹਨ ਜਿਹਨ ਨੂੰ ਅਸੀਂ ਟੱਚ ਨਹੀਂ ਕਰ ਸਕੇ। ਦਰਅਸਲ ਸਭਿਆਚਾਰਕ ਅਧਿਐਨ ਅਤੇ ਨਿਰਮਾਣ ਨਿਰੰਤਰ ਅਧਿਐਨ, ਖੋਜ ਅਤੇ ਇੰਟਰ ਡਸਿਲਲਨਰੀ ਸੰਵਾਦ ਦਾ ਮਸਲਾ ਹੈ। ਇਸ ਸੈਮੀਨਾਰ ਦਾ ਉਦੇਸ਼ ਤਾਂ ਸਭਿਆਚਾਰਕ ਮਸਲਿਆਂ ਦੇ ਮਹੱਤਵ ਨੂੰ ਹਾਈਲੇਟ ਕਰਨਾ ਹੀ ਸੀ। ਸੋ ਕਰ ਦਿੱਤਾ, ਪਰ ਕੰਮ ਕਰਨਾ ਤਾਂ ਹਾਲੇ ਸਾਰਾ ਹੀ ਬਾਕੀ ਪਿਆ ਹੈ।
Grewal52@gmail.com - 

No comments:

Post a Comment