deshpunjabtimes.blogspot.com

Wednesday, 28 September 2011

ਪੰਜਾਬੀ ਲੋਕ ਰੰਗਮੰਚ ਦਾ ਪਿਤਾਮਾ ਗੁਰਸ਼ਰਨ ਸਿੰਘ \ਡਾ. ਆਤਮਜੀਤ ਸਿੰਘ

ਪੰਜਾਬੀ ਰੰਗਮੰਚ ਦੀ ਉਮਰ ਜੇ ਸੌ ਸਾਲ ਵੀ ਮਿਥ ਲਈਏ ਤਾਂ ਉਸ ਵਿੱਚੋਂ ਅੱਧੀ ਸਦੀ ਇਕੱਲੇ ਗੁਰਸ਼ਰਨ ਸਿੰਘ ਦੀ ਹੈ। ਉਹ ਹਰਚਰਨ ਸਿੰਘ-ਗਾਰਗੀ ਦੇ ਸਮੇਂ ਵੀ ਥੀਏਟਰ ਕਰਦਾ ਸੀ; ਘੁੰਮਣ-ਸੇਠੀ-ਹਰਪਾਲ ਟਿਵਾਣਾ ਦੇ ਕਾਲ ਵਿੱਚ ਵੀ ਸਰਗਰਮ ਰਿਹਾ; ਸਿੱਧੂ-ਔਲਖ-ਆਤਮਜੀਤ ਦੇ ਵਕਤ ਦੌਰਾਨ ਵੀ ਉਸ ਦੀ ਪੈਂਠ ਬਣੀ ਰਹੀ; ਕੇਵਲ ਧਾਲੀਵਾਲ, ਪਾਲੀ ਭੁਪਿੰਦਰ ਤੇ ਹੁਣ ਸਾਹਿਬ ਸਿੰਘ, ਅਨੀਤਾ, ਸੰਗੀਤਾ ਤੇ ਉਨ੍ਹਾਂ ਤੋਂ ਬਾਅਦ ਦੇ ਰੰਗਕਰਮੀਆਂ ਦੇ ਦੌਰ ਵਿੱਚ ਵੀ ਗੁਰਸ਼ਰਨ ਸਿੰਘ ਰੰਗਮੰਚ ਦਾ ਸ਼ੇਰੇ ਪੰਜਾਬ ਰਿਹਾ। ਉਹ ਪੰਜਾਬ ਦੇ ਰੰਗਕਰਮ ਦਾ ਇੱਕੋ-ਇੱਕ ਅਜਿਹਾ ਨਾਂ ਹੈ ਜਿਹੜਾ ਸਾਰੇ ਹਿੰਦੁਸਤਾਨ ਅਤੇ ਵਿਦੇਸ਼ਾਂ ਵਿੱਚ  ਬਰਾਬਰ ਦੇ ਸਤਿਕਾਰ ਅਤੇ ਚਾਅ ਨਾਲ ਜਾਣਿਆ ਜਾਂਦਾ ਹੈ। ਉਸ ਦੇ ਸਤਿਕਾਰ ਦਾ ਵੱਡਾ ਕਾਰਨ ਉਸ ਦੇ ਜ਼ਿੰਦਗੀ ਪ੍ਰਤੀ ਵਿਸ਼ਵਾਸ, ਉਨ੍ਹਾਂ ਵਿਸ਼ਵਾਸਾਂ ਪ੍ਰਤੀ ਸੁਹਿਰਦਤਾ ਅਤੇ ਉਨ੍ਹਾਂ ‘ਤੇ ਪਹਿਰਾ ਦੇਣ ਦੀ ਤਾਕਤ ਹੈ। ਇਸ ਸਭ ਕੁਝ ਦੇ ਨਾਲ-ਨਾਲ ਉਸ ਵੱਲੋਂ ਕੀਤਾ ਗਿਆ ਸੰਘਰਸ਼ ਅਤੇ ਕੁਰਬਾਨੀ ਵੀ ਉਸ ਦੇ ਬਿੰਬ ਨੂੰ ਜ਼ਿੰਦਗੀ ਤੋਂ ਵਡੇਰਾ ਬਣਾ ਦਿੰਦੀ ਹੈ। ਉਹ  ਲਗਾਤਾਰ ਪਿਛਲੇ ਤਿੰਨ ਦਹਾਕਿਆਂ ਤੋਂ ਧਰਮ-ਨਿਰਪੱਖ ਅਤੇ ਖੱਬੇਪੱਖੀ ਸੋਚ ਦੇ ਧਾਰਨੀ ਲੋਕਾਂ ਦਾ ਆਦਰਸ਼ ਬਣਿਆ ਰਿਹਾ।
ਸੰਨ 1929 ਵਿੱਚ ਜਨਮੇ ਭਾਅ ਗੁਰਸ਼ਰਨ ਸਿੰਘ ਨੇ ਆਪਣੇ ਰੰਗਮੰਚ ਦਾ ਸਫ਼ਰ ਭਾਵੇਂ ਨੰਗਲ ਤੋਂ ਸ਼ੁਰੂ ਕੀਤਾ ਪਰ ਉਸ ਸਫ਼ਰ ਨੂੰ ਨਿਸ਼ਚਿਤ ਦਿਸ਼ਾ ਅੰਮ੍ਰਿਤਸਰ ਸ਼ਹਿਰ ਵਿੱਚ ਮਿਲੀ। ਭਾਵੇਂ ਅਜੋਕੀ ਪੀੜ੍ਹੀ ਗੁਰਸ਼ਰਨ ਸਿੰਘ ਦੇ ਖੱਬੇ ਪੱਖੀ ਥੀਏਟਰ ਦੇ ਹੀ ਸਨਮੁਖ ਹੋਈ ਹੈ ਪਰ ਗੁਰਸ਼ਰਨ ਸਿੰਘ ਦੇ ਨਾਟ-ਸਫ਼ਰ ਦੇ ਵੱਖ-ਵੱਖ ਪੜਾਵਾਂ ਦੇ ਸਫ਼ਰ ਵੱਲ ਝਾਤੀ ਮਾਰੀਏ ਤਾਂ ਪਤਾ ਲੱਗੇਗਾ ਕਿ ਉਸ ਦੇ ਵਿਚਾਰ ਅਤੇ ਥੀਏਟਰ ਸਮੇਂ ਦੀਆਂ ਹਕੀਕਤਾਂ ਨੂੰ ਪਛਾਣਦੇ ਹੋਏ ਵਿਕਸਤ ਹੋਏ ਹਨ। ਭਾਵੇਂ ਅਸੀਂ ਗੁਰਸ਼ਰਨ ਸਿੰਘ ਨੂੰ ਸਾਦੇ ਤੇ ਸਿੱਧੇ ਥੀਏਟਰ ਦੇ ਮੁਦੱਈ ਦੇ ਤੌਰ ‘ਤੇ ਹੀ ਜਾਨਣਾ ਚਾਹੁੰਦੇ ਹਾਂ ਪਰ ਆਪਣੇ ਸਫ਼ਰ ਦੇ ਆਰੰਭ ਵਿੱਚ ਉਸ ਨੇ ਬਹੁਤ ਸਾਰੀਆਂ ਪਰਤਾਂ ਵਾਲੇ ਅਤੇ ਕਲਾਤਮਕ ਥੀਏਟਰ ਦੇ ਵੀ ਬਹੁਤ ਕਾਮਯਾਬ ਤਜਰਬੇ ਕੀਤੇ। ਬੇਸ਼ੱਕ ਗੁਰਸ਼ਰਨ ਸਿੰਘ ਅਜਿਹੇ ਰੰਗਮੰਚ ਦਾ ਪ੍ਰੋਡਿਊਸਰ ਹੀ ਹੁੰਦਾ ਸੀ; ਨਿਰਦੇਸ਼ਨ ਵਿੱਚ ਉਸ ਦੇ ਸਾਥੀ ਸੁਰੇਸ਼ ਪੰਡਿਤ ਵਰਗੇ ਪ੍ਰਬੁੱਧ ਰੰਗਕਰਮੀ ਹੁੰਦੇ ਸਨ। ਮੈਂ ਗੁਰਸ਼ਰਨ ਸਿੰਘ ਦੁਆਰਾ ਤਿਆਰ ਕੀਤੇ ਅਜਿਹੇ ਅਨੇਕਾਂ ਨਾਟਕ ਦੇਖੇ ਹਨ ਅਤੇ ਇਸ ਗੱਲ ਨੂੰ ਸਵੀਕਾਰਨ ਵਿੱਚ ਮਾਣ ਮਹਿਸੂਸ ਕਰਦਾ ਹਾਂ ਕਿ ਇਨ੍ਹਾਂ ਨਾਟਕਾਂ ਨੇ ਮੇਰੇ ਅੰਦਰ ਇਸ ਕਲਾ ਪ੍ਰਤੀ ਖਿੱਚ ਨੂੰ ਬਹੁਤ ਜ਼ਿਆਦਾ ਚਮਕਾਇਆ। ‘ਡੀਜ਼ਾਇਰ ਅੰਡਰ ਦਿ ਐਲਮਜ’’ ਅਤੇ ‘ਘੋਸਟਸ’’ ਵਰਗੇ ਨਾਟਕਾਂ ਦਾ ਅੰਮ੍ਰਿਤਸਰ ਦੇ ਰੰਗਮੰਚ ‘ਤੇ ਅੱਜ ਤੋਂ ਚਾਲੀ ਸਾਲ ਪਹਿਲਾਂ ਖੇਡਿਆ ਜਾਣਾ ਅਰਥ ਰੱਖਦਾ ਹੈ। ਗਾਂਧੀ ਗਰਾਊਂਡ ਦੇ ਓਪਨ ਏਅਰ ਥੀਏਟਰ ਵਿੱਚ ਉਹ ਨਿਸ਼ਚਿਤ ਸਮੇਂ ਬਾਅਦ 3-4 ਦਿਨਾਂ ਦਾ ਮੇਲਾ ਕਰਦਾ ਹੁੰਦਾ ਸੀ। ਕੁਝ ਕੁ ਰੁਪਿਆਂ ਦੇ ਚੰਦੇ ਨਾਲ ਉਸ ਨੇ ਸਹਿਯੋਗੀ ਮੈਂਬਰ ਬਣਾਏ ਹੋਏ ਸਨ। ਜਿਸ ਤਰ੍ਹਾਂ ਦੇ ਥੀÂਟਰ, ਉਸ ਦੇ ਪ੍ਰਬੰਧ ਅਤੇ ਲੋਕਾਂ ਦੀ ਸ਼ਮੂਲੀਅਤ ਦੀ ਅਸੀਂ ਅੱਜ ਗੱਲ ਕਰਦੇ ਹਾਂ, ਗੁਰਸ਼ਰਨ ਸਿੰਘ ਇਸ ਤਰ੍ਹਾਂ ਦਾ ਥੀਏਟਰ ਬਹੁਤ ਪਹਿਲਾਂ ਕਰ ਚੁੱਕਾ ਸੀ।
ਸੰਨ 1966 ਅਤੇ 1969 ਵਿੱਚ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਨਾਨਕ ਦੇਵ ਦੀਆਂ ਜਨਮ ਸ਼ਤਾਬਦੀਆਂ ਮੌਕੇ ਗੁਰਸ਼ਰਨ ਸਿੰਘ ਨੇ ਇੱਕ ਨਵਾਂ ਰਾਹ ਦੇਖਿਆ। ਉਸ ਨੇ ਗੁਰੂ ਸਾਹਿਬਾਨ ਬਾਰੇ ਲਿਖੇ ਗੁਰਦਿਆਲ ਸਿੰਘ ਫ਼ੁੱਲ ਦੇ ਨਾਟਕਾਂ ਨੂੰ ਖੱਬੇ-ਪੱਖੀ ਨਜ਼ਰ ਨਾਲ ਚਿਤਵਿਆ।  ਗੁਰਸ਼ਰਨ ਸਿੰਘ ਅਤੇ ਫ਼ੁੱਲ ਨੇ ਗੁਰਮਤਿ ਅਤੇ ਮਾਰਕਸਵਾਦ ਦੀ ਵਿਚਾਰਧਾਰਕ   ਸਾਂਝ ਨੂੰ ਪੰਜਾਬ ਦੇ ਹਿੱਤ ਵਿੱਚ ਵਰਤਣ ਦੀ ਕੋਸ਼ਿਸ਼ ਕੀਤੀ ਅਤੇ ‘ਸਭਿ ਕਿਛੁ ਹੋਤਿ ਉਪਾਇ’, ‘ਜਿਨ ਸਚੁ ਪਲੇ ਹੋਇ’’ ਅਤੇ ‘ਨਾਨਕ ਨਾਮ ਸਮਾਲ ਤੂੰ’’ ਵਰਗੇ ਨਾਟਕਾਂ ਨਾਲ ਗੁਰਸ਼ਰਨ ਸਿੰਘ ਅੰਮ੍ਰਿਤਸਰ ਵਿੱਚੋਂ ਬਾਹਰ ਨਿਕਲਿਆ ਅਤੇ ਸਾਰੇ ਪੰਜਾਬ ਵਿੱਚ ਫ਼ੈਲਣ ਲੱਗਾ। ਇਹ ਉਹ ਸਮਾਂ ਸੀ ਜਦੋਂ ਉਸ ਦੇ ਰੰਗਮੰਚ ਨੇ ਸਾਦਗੀ ਧਾਰਨ ਕਰਨੀ ਸ਼ੁਰੂ ਕੀਤੀ ਪਰ ਪੰਜਾਬ ਦੇ ਥੀਏਟਰ ਦੀ ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਇਸ ਨੂੰ ਸ਼ੁਰੂ ਤਾਂ ਵਿਅਕਤੀ ਕਰਦੇ ਹਨ ਪਰ ਮੰਦੀ ਆਰਥਿਕਤਾ ਕਾਰਨ ਇਸ ਦੀ ਵਾਗਡੋਰ ਸੰਸਥਾਵਾਂ ਦੇ ਹੱਥਾਂ ਵਿੱਚ ਚਲੀ ਜਾਂਦੀ ਹੈ। ਹੌਲੀ-ਹੌਲੀ ਗੁਰਸ਼ਰਨ ਸਿੰਘ ਦਾ ਇਹ ਥੀਏਟਰ ਸ਼ਰਧਾ ਦੇ ਧਾਮਾਂ ਦਾ ਥੀਏਟਰ ਬਣ ਗਿਆ।
ਉਸ ਦੇ ਵਿਸ਼ਵਾਸਾਂ ਦਾ ਸਭ ਤੋਂ ਵੱਡਾ ਇਮਤਿਹਾਨ ਐਮਰਜੈਂਸੀ ਦੇ ਦਿਨਾਂ ਵਿੱਚ ਹੋਇਆ। ਅਸੀਂ ਗੁਰਸ਼ਰਨ ਸਿੰਘ ਵੱਲੋਂ ਜਿਸ ਬਹੁਮੁੱਲੇ ਅਤੇ ਬਹੁਪਰਤੀ ਰੰਗਮੰਚ ਕੀਤੇ ਜਾਣ ਦੀ ਗੱਲ ਕਰ ਰਹੇ ਹਾਂ ਉਹ ਅਜੇ ਵੀ ਇਸ ਕਿਸਮ ਦੇ ਰੰਗਮੰਚ ਨੂੰ ਬਹੁਤ ਗੰਭੀਰ ਪੱਧਰ ‘ਤੇ ਕਰ ਰਿਹਾ ਸੀ। ਨਜ਼ਮ ਹੁਸੈਨ ਸੱਯਦ ਦਾ ਨਾਟਕ ‘ਤਖ਼ਤ ਲਾਹੌਰ’’ਅਤੇ ਮੇਜਰ ਇਸਹਾਕ ਮੁਹੰਮਦ ਦੇ ਨਾਟਕ ‘ਕੁਕਨੁਸ’’ ਗਾਂਧੀ ਗਰਾਊਂਡ ਵਿੱਚ ਖੇਡੇ ਗਏ। ਜਿਵੇਂ ਇਹਨਾਂ ਨਾਟਕਾਂ ਵਿੱਚ ਦੁੱਲਾ ਸਥਾਪਤੀ ਨਾਲ ਟੱਕਰ ਲੈਂਦਾ ਹੈ, ਗੁਰਸ਼ਰਨ ਸਿੰਘ ਆਪਣੇ ਸਮੇਂ ਦੀ ਸਥਾਪਤੀ ਨਾਲ ਟਕਰਾ ਰਿਹਾ ਸੀ। ਸਮੇਂ ਦੀ ਸਰਕਾਰ ਉਸ ਤੋਂ ਦੁਖੀ ਸੀ; ਉਸ ਨੂੰ ਸਮੇਂ-ਸਮੇਂ ਇਨਾਮਾਂ-ਸਨਮਾਨਾਂ ਦੇ ਲਾਲਚ ਵੀ ਦਿੱਤੇ ਗਏ ਪਰ ਗੁਰਸ਼ਰਨ ਸਿੰਘ ਆਪਣੇ ਵਿਚਾਰਾਂ ਦੀ ਦ੍ਰਿੜ੍ਹਤਾ ਤੋਂ ਨਹੀਂ ਡੋਲਿਆ। ਨਤੀਜੇ ਵਜੋਂ ਭਾਖੜਾ ਡੈਮ ਦੀ ਉਸਾਰੀ ਵਿੱਚ ਮਹੱਤਵਪੂਰਨ ਹਿੱਸਾ ਪਾਉਣ ਵਾਲੇ ਇਸ ਸੀਮਿੰਟ ਤਕਨਾਲੋਜੀ ਦੇ ਮਾਹਿਰ ਵਿਗਿਆਨੀ ਨੂੰ ਨਾ ਸਿਰਫ਼ ਆਪਣੀ ਨੌਕਰੀ  ਤਿਆਗਣੀ ਪਈ ਬਲਕਿ ਉਸ ਨੂੰ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਨੇ ਸਲਾਖਾਂ ਪਿੱਛੇ ਵੀ ਭੇਜਿਆ ਹਾਲਾਂ ਕਿ ਕੁਝ ਦਿਨ ਪਹਿਲਾਂ ਗਿਆਨੀ ਜ਼ੈਲ ਸਿੰਘ ਨੇ ਹੀ ਜੰਮੂ ਵਿੱਚ ਗੁਰਸ਼ਰਨ ਸਿੰਘ ਦਾ ਨਾਟਕ ਦੇਖ ਕੇ ਉਸ ਨੂੰ ‘ਪੰਜਾਬ ਦਾ ਹੀਰਾ’ ਕਿਹਾ ਸੀ। ਇਸ ਗ੍ਰਿਫ਼ਤਾਰੀ ਨੇ ਉਸਦੇ ਅਹਿਦ ਨੂੰ ਹੋਰ ਪੱਕਾ ਕੀਤਾ ਅਤੇ ਉਸ ਨੇ ਆਪਣੇ ਸੰਦੇਸ਼ ਨੂੰ ਵਧੇਰੇ ਸਪਸ਼ਟ ਕਰਨ ਲਈ ‘ਧਮਕ ਨਗਾਰੇ ਦੀ’’ ਨਾਟਕ ਲਿਖਿਆ ਜਿਹੜਾ ਕਿ ਇੱਕ ਵਾਰ ਫਿਰ ਦੁੱਲੇ ਭੱਟੀ ਦੀ ਜ਼ਿੰਦਗੀ ‘ਤੇ ਹੀ ਆਧਾਰਤ ਹੈ। ਉਸ ਨੂੰ ਜਾਪਿਆ ਕਿ ਪਾਕਿਸਤਾਨੀ ਨਾਟਕਕਾਰ ਆਪਣੇ ਦੇਸ਼ ਦੇ ਹਾਲਾਤ ਕਾਰਨ ਕੁਝ ਕੁ ਢਕੀ ਹੋਈ ਗੱਲ ਕਰਦੇ ਹਨ, ਗੁਰਸ਼ਰਨ ਸਿੰਘ ਖੁੱਲ੍ਹ ਕੇ ਸੱਤਾ ਦੀਆਂ ਬਦਨੀਤੀਆਂ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਸੀ ਪਰ ਅਜੇ ਵੀ ਉਸ ਦੇ ਮਨ ਵਿੱਚ ਬਹੁਤ ਜ਼ਿਆਦਾ ਸਿੱਧੇ ਅਤੇ ਸਾਦੇ ਥੀਏਟਰ ਦੀ ਧਾਰਨਾ ਨਹੀਂ ਸੀ ਬਣੀ। ਇਸੇ ਕਰਕੇ ਉਸ ਨੇ ਇਹ ਨਾਟਕ ਬੰਸੀ ਕੌਲ ਪਾਸੋਂ ਨਿਰਦੇਸ਼ਤ ਕਰਵਾਇਆ।
ਇੱਕ ਇਨਸਾਨ ਦੇ ਤੌਰ ‘ਤੇ ਉਹ ਹੀਰਾ ਸੀ। ਉਸ ਨੂੰ ਬਲੱਡ ਪ੍ਰੈਸ਼ਰ ਦੀ ਬੀਮਾਰੀ ਹੋਣ ਕਾਰਨ ਗੁੱਸਾ ਬਹੁਤ ਜਲਦੀ ਆਉਂਦਾ ਸੀ ਪਰ ਆਪਣੇ ਗੁੱਸੇ ਨੂੰ ਪੀ ਜਾਣ ਦੀ ਅਥਾਹ ਸ਼ਕਤੀ ਦਾ ਵੀ ਮਾਲਕ ਸੀ ਗੁਰਸ਼ਰਨ ਸਿੰਘ। ਉਸ ਵਿੱਚ ਇਹ ਤਾਕਤ ਸੀ ਕਿ ਉਹ ਹਰੇਕ ਵਿਅਕਤੀ ਪਾਸੋਂ ਉਸ ਦੀ ਪੱਧਰ ਦਾ ਕੰਮ ਲੈ ਲੈਂਦਾ ਸੀ। ਅਜਿਹਾ ਕਰਨ ਸਮੇਂ ਉਹ ਉਸ ਵਿਅਕਤੀ ਦੀ ਸਮਰੱਥਾ ਵੇਖਦਾ ਸੀ, ਧੜਾ ਨਹੀਂ ਸੀ ਦੇਖਦਾ। ਇਹੋ ਕਾਰਨ ਹੈ ਕਿ ਜਿੰਨੇ ਅਦਾਕਾਰ ਪੰਜਾਬੀ ਰੰਗਮੰਚ ਨੂੰ ਇਕੱਲੇ ਗੁਰਸ਼ਰਨ ਸਿੰਘ ਨੇ ਦਿੱਤੇ ਉਨੇ ਇੱਥੋਂ ਦੀਆਂ ਸਾਰੀਆਂ ਯੂਨੀਵਰਸਟੀਆਂ, ਵਿਭਾਗ, ਅਕਾਦਮੀਆਂ ਅਤੇ ਸਰਕਾਰਾਂ ਨੇ ਨਹੀਂ ਦਿੱਤੇ। ਦਲਜੀਤ ਕੌਰ, ਜਤਿੰਦਰ ਕੌਰ, ਸਤਿੰਦਰ ਕੌਰ, ਬੁੱਧ ਸਿੰਘ, ਸੁਰੇਸ਼ ਪੰਡਿਤ, ਸੁਦਰਸ਼ਨ ਸ਼ਰਮਾ, ਵੇਦ ਸ਼ਰਮਾ, ਹਰਭਜਨ ਜੱਭਲ, ਸਰਦਾਰਜੀਤ ਬਾਵਾ, ਕੇਵਲ ਧਾਲੀਵਾਲ, ਪਵਨਦੀਪ, ਅਨੀਤਾ ਸ਼ਬਦੀਸ਼ ਆਦਿਕ ਰੰਗਕਰਮੀਆਂ ਦੀ ਲੰਮੀ ਫ਼ਹਿਰਿਸਤ ਹੈ। ਪੰਜਾਬ ਦਾ ਕੋਈ ਅਜਿਹਾ ਸ਼ਹਿਰ, ਕਸਬਾ ਜਾਂ ਪਿੰਡ ਨਹੀਂ ਜਿੱਥੇ ਉਸ ਦੀ ਖ਼ੁਸ਼ਬੂ ਨਹੀਂ ਪਹੁੰਚੀ। ਉਹ ਰੰਗਮੰਚ ਦਾ ਭਾਅ ਜੀ ਅਤੇ ਟੀ ਵੀ ਦਾ ਭਾਈ ਮੰਨਾ ਸਿੰਘ ਬਣ ਕੇ ਸਾਡੇ ਸਾਰਿਆਂ ਦੇ ਅੰਦਰ ਜਾ ਕੇ ਬਹਿ ਗਿਆ। ਆਪਣੀਆਂ ਗ਼ਲਤੀਆਂ ਉੱਤੇ ਪਰਦਾ ਪਾਉਣ ਦੀ ਬਜਾਏ ੳਨ੍ਹਾਂ ਨੂੰ ਸਵੀਕਾਰਨ ਵਿੱਚ ਉਸ ਦਾ ਜ਼ਿਆਦਾ ਵਿਸ਼ਵਾਸ ਸੀ;  ਉਹ ਇੱਕ ਪਰਮ ਇਨਸਾਨ ਸੀ ਅਤੇ ਹਰ ਹਾਲਤ ਵਿੱਚ ਚੜ੍ਹਦੀ ਕਲਾ ਅਤੇ ਆਸ ਵਿੱਚ ਜਿਉਂਦਾ ਸੀ। ਪਿੱਛੇ ਜਿਹੇ ਮੈਨੂੰ ਉਸ ਨਾਲ ਤਿੰਨ-ਚਾਰ ਥਾਵਾਂ ਤੇ ਬੜੇ ਨੇੜੇ ਹੋ ਕੇ ਵਿਚਰਣ ਦਾ ਮੌਕਾ ਮਿਲਿਆ। ਪੰਜਾਬ ਕਲਾ ਭਵਨ ਵਿੱਚ ਅੰਮ੍ਰਿਤਸਰੀਆਂ ਨੇ ਚੰਡੀਗੜ੍ਹੀਆਂ ਨਾਲ ਰਲ ਕੇ ਵਿਸਾਖੀ ਮਨਾਈ ਜਿਸਦਾ ਨਾਇਕ ਗੁਰਸ਼ਰਨ ਸਿੰਘ ਸੀ। ਡਾਇਲਿਸਸ ‘ਤੇ ਹੋਣ ਦੇ ਬਾਵਜੂਦ ਉਸ ਦੇ ਚਿਹਰੇ ‘ਤੇ ਮੁਸਕਾਨ ਸੀ। ਦੋ ਹਫ਼ਤੇ ਪਹਿਲਾਂ ਸ਼ਬਦੀਸ਼ ਅਤੇ ਅਨੀਤਾ ਨੇ ਗੁਰਸ਼ਰਨ ਸਿੰਘ ਦੇ ਜਨਮ ਦਿਵਸ ਨੂੰ ਅਰਪਿਤ ਅੱਠਵਾਂ ਨਾਟ ਮੇਲਾ ਆਯੋਜਿਤ ਕੀਤਾ। ਗੁਰਸ਼ਰਨ ਸਿੰਘ ਨੂੰ ਮੰਚ ‘ਤੇ ਬਿਠਾ ਕੇ ਕੇਕ ਕੱਟਿਆ ਗਿਆ; ਗੁਰਸ਼ਰਨ ਸਿੰਘ ਦੀ ਆਮਦ ਨੇ ਚਾਰੇ ਪਾਸੇ ਆਸ ਦੇ ਫੁੱਲ ਖਿੜਾ ਦਿੱਤੇ। ਉਹ ਜ਼ਾਤੀ ਪੱਧਰ ‘ਤੇ ਵੀ ਬਹੁਤ ਹੀ ਸਾਦਗੀ ਅਤੇ ਸਪਸ਼ਟਤਾ ਨਾਲ ਜਿਊਣ ਵਾਲਾ ਜਿਊੜਾ ਸੀ।
ਅਸਲ ਵਿੱਚ ਗੁਰਸ਼ਰਨ ਸਿੰਘ ਦਾ ਅਜੋਕਾ ਸਾਦਾ ਅਤੇ ਸਪਸ਼ਟ ਥੀਏਟਰ ਵੀ ਉਸ ਦੀ ਇਸ ਇੱਛਾ ਵਿੱਚੋਂ ਪੈਦਾ ਹੋਇਆ ਕਿ ਲੋਕਾਂ ਨੂੰ ਸੱਤਾ ਅਤੇ ਉਸ ਦੇ ਵਿਰੋਧੀਆਂ ਦੀ ਦਹਿਸ਼ਤ ਅਤੇ ਸਮਾਜੀ ਕੁਰੀਤੀਆਂ ਵਿਰੁੱਧ ਵੱਡੇ ਪੱਧਰ ‘ਤੇ ਲਾਮਬੱਧ ਕੀਤਾ ਜਾਵੇ। ਫ਼ਿਰ ਵੀ ਉਸ ਦਾ ਨਿਸ਼ਾਨਾ ਉੱਥਲ-ਪੁੱਥਲ ਨਹੀਂ ਸੀ, ਸਾਡੇ ਸੋਚਣ ਦੇ ਢੰਗ ਵਿੱਚ ਇੱਕ ਮੂਲ ਤਬਦੀਲੀ ਸੀ ਜਿਸ ਅਨੁਸਾਰ ਅਸੀਂ ਹਰ ਕਿਸਮ ਦੇ ਮਾਨਵੀ ਸਰੋਕਾਰਾਂ ਉੱਤੇ ਪਹਿਰਾ ਦਿੰਦਿਆਂ ਆਪਣੇ ਸਵਾਰਥ, ਲਾਲਚ ਅਤੇ ਹੰਕਾਰ ਤੋਂ ਮੁਕਤ ਹੋਈਏ। ਇਹ ਠੀਕ ਹੈ ਕਿ ਗੁਰਸ਼ਰਨ ਸਿੰਘ ਰਾਜਸੀ ਤੌਰ ‘ਤੇ ਖੱਬੇ-ਪੱਖੀ ਧਿਰਾਂ  ਦੇ ਵਧੇਰੇ ਨੇੜੇ ਰਿਹਾ ਹੈ ਅਤੇ ਬੌਧਿਕ ਤੌਰ ‘ਤੇ ਉਸ ਦਾ ਸਿੱਧਾ ਸਬੰਧ ਮਾਰਕਸੀ ਵਿਚਾਰਧਾਰਾ ਨਾਲ ਜੁੜਦਾ ਹੈ ਪਰ ਪੰਜਾਬ ਦੀ ਕੋਈ  ਧਿਰ ਅਜਿਹੀ ਨਹੀਂ ਜਿਸ ਨੇ ਗੁਰਸ਼ਰਨ ਸਿੰਘ ਨੂੰ ਆਪਣੇ ਦਿਲ ਵਿੱਚ ਥਾਂ ਨਾ ਦਿੱਤੀ ਹੋਵੇ। ਪੰਜਾਬ ਦੀ ਦਹਿਸ਼ਤਗਰਦੀ ਦੇ ਦੌਰ ਵਿੱਚ ਵੀ ਆਤੰਕੀਆਂ ਵਿੱਚ ਅਜਿਹੇ ਲੋਕ ਸ਼ਾਮਲ ਸਨ ਜਿਹੜੇ ਭਾਅ ਦੀ ਕਦਰ ਕਰਦੇ ਸਨ। ਇਸ ਦਾ ਸਪਸ਼ਟ ਕਾਰਨ ਇਹ ਹੈ ਕਿ ਉਸ ਦਾ ਕੱਦ ਥੀਏਟਰ ਤੋਂ ਬਹੁਤ ਉੱਚਾ ਹੋ ਗਿਆ ਸੀ।
ਭਾਵੇਂ ਉਸ ਵਾਸਤੇ ਸਮਾਜ ਪ੍ਰਥਮ ਹੋ ਗਿਆ ਸੀ ਤੇ ਥੀਏਟਰ ਦੁਜੈਲਾ, ਫਿਰ ਵੀ ਪੰਜਾਬ ਸਮੱਸਿਆ ਨਾਲ ਜੁੜੇ ਨਾਟਕਾਂ ਦੀ ਲਹਿਰ ਨੇ ਉਸ ਦੀ ਨਾਟਕਕਾਰ ਦੇ  ਰੂਪ ਵਿੱਚ ਪਹਿਚਾਣ ਨੂੰ ਵੀ ਪੀਡਾ ਕੀਤਾ। ਗੁਰਸ਼ਰਨ ਸਿੰਘ ਨੇ ਜਿੰਨੀ ਘਾਲਣਾ ਪੰਜਾਬੀ ਰੰਗਮੰਚ ਲਈ ਕੀਤੀ ਹੈ, ਉਹ ਮਿਸਾਲੀ ਹੈ। ਉਸ ਨੇ ਪੰਜਾਬੀ ਨਾਟਕਾਂ ਨੂੰ ਆਪਣੇ ਥੀਏਟਰ ਰਾਹੀਂ ਪਿੰਡ-ਪਿੰਡ ਪਹੁੰਚਾ ਦਿੱਤਾ। ਉਸ ਪਾਸ ਚੇਤਨਾ, ਊਰਜਾ ਅਤੇ ਸੁਹਿਰਦਤਾ ਦਾ ਜਿਹੜਾ ਖ਼ਜ਼ਾਨਾ ਸੀ, ਉਸ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਪੰਜਾਬੀ ਨਾਟਕ/ਥੀਏਟਰ ਨੂੰ ਇੱਕ ਵਿਲੱਖਣ ਸ਼ੈਲੀ ਪ੍ਰਦਾਨ ਕਰਦਾ। ਇਸ ਪਾਸੇ ਉਹ ਤੇਜ਼ੀ ਨਾਲ ਵਧ ਵੀ ਰਿਹਾ ਸੀ ਪਰ ਉਹ ਆਪਣੀ ਸ਼ੈਲੀ ਨੂੰ ਸੂਤਰਬੱਧ ਕਰਕੇ ਸਾਡੇ ਸਾਹਮਣੇ ਨਹੀਂ ਰੱਖ ਸਕਿਆ ਕਿਉਂਕਿ ਉਸ ਦੀ ਪ੍ਰਾਥਮਿਕਤਾ ਰਾਜਸੀ ਅਤੇ ਸਮਾਜੀ ਚੇਤਨਾ ਬਣ ਚੁੱਕੀ ਸੀ, ਨਾਟਕ ਜਾਂ ਥੀਏਟਰ ਨਹੀਂ ਸੀ ਰਹੀ। ਜੇ ਉਹ ਅਜਿਹਾ ਕਰ ਜਾਂਦਾ ਤਾਂ ਸ਼ਾਇਦ ਵਿਸ਼ਵ ਥੀਏਟਰ ਨੂੰ ਉਸ ਦੀ ਇੱਕ ਹੋਰ ਦੇਣ ਹੁੰਦੀ ਪਰ ਉਸ ਲਈ ਥੀਏਟਰ ਕੇਵਲ ਇੱਕ ਸਾਧਨ ਸੀ ਜਿਸ ਰਾਹੀਂ ਉਹ ਆਪਣੇ ਵਿਚਾਰਾਂ ਨੂੰ ਲੋਕਾਂ ਤਕ ਪਹੁੰਚਾਉਣਾ ਚਾਹੁੰਦਾ ਸੀ। ਉਹ ਅਸਲ ਵਿੱਚ ਥੀਏਟਰ ਰਾਹੀਂ ਲੋਕਾਂ ਵਿੱਚ ਇੱਕ ਤਤਕਾਲੀ ਤਬਦੀਲੀ ਲਿਆਉਣਾ ਚਾਹੁੰਦਾ ਸੀ।  ਇਸ  ਲਈ ਉਹ ਆਪਣੇ ਥੀਏਟਰ ਨੂੰ ਲਗਾਤਾਰ ਇੰਨਾ ਸਰਲ ਕਰਦਾ ਗਿਆ ਕਿ ਉਸ ਉੱਤੇ ਇਹ ਪ੍ਰਸ਼ਨ ਵੀ ਹੋਣ ਲੱਗਾ ਕਿ ਕੀ ਉਸਦਾ ਕਾਰਜ ਥੀਏਟਰ ਹੈ ਵੀ ਕਿ ਨਹੀਂ ਪਰ ਨਿਸ਼ਚੈ ਹੀ ਗੁਰਸ਼ਰਨ ਸਿੰਘ ਦਾ ਕੰਮ ਪੰਜਾਬੀ ਦੇ ਸਮਾਨੰਤਰ ਨਾਟਕ ਅਤੇ ਸਮਾਜਿਕ ਚੇਤਨਾ ਵਾਸਤੇ ਕੀਤੇ ਯਤਨਾਂ ਦੀ ਸਰਵੋਤਮ ਮਿਸਾਲ ਹੈ।
ਆਤੰਕਵਾਦ ਦੇ ਖ਼ਿਲਾਫ਼ ਉਸ ਦੀ ਰੰਗਮੰਚੀ ਲੜਾਈ ਅਸਲ ਵਿੱਚ ਸਮਾਜਿਕ ਲੜਾਈ ਸੀ ਜਿਹੜੀ ਉਸ ਨੇ ਆਪਣੇ ਦਮ-ਖਮ ਉੱਤੇ ਲੜੀ। ਇਹੀ ਉਹ ਸਮਾਂ ਹੈ ਜਿਹੜਾ  ਉਸ ਦੇ ਥੀਏਟਰ ਨੂੰ ਸਾਦਗੀ ਅਤੇ ਸਪਸ਼ਟਤਾ ਦਿੰਦਾ ਹੈ। ਉਸ ਸਮੇਂ ਉਹ ਰੰਗਮੰਚ ਨੂੰ ਸਸਤੇ ਮੁੱਲਾਂ ‘ਤੇ ਕਰਕੇ ਆਪਣੇ ਸੰਦੇਸ਼ ਨੂੰ ਬਹੁਤੇ ਲੋਕਾਂ ਤਕ ਪਹੁੰਚਾਉਣਾ ਚਾਹੁੰਦਾ ਸੀ। ਇਸ ਕਾਰਜ ਵਿੱਚ ਉਸ ਦੀ ਸਫ਼ਲਤਾ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ  ਅੱਜ ਅਨੇਕਾਂ ਨਾਟ-ਮੰਡਲੀਆਂ ਉਸ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲ ਰਹੀਆਂ ਹਨ। ਅਕਾਦਮੀਆਂ ਦੇ ਮਾਣ-ਸਨਮਾਨ ਹੁਣ ਉਸ ਦੇ ਅਸਲ ਕੱਦ ਨਾਲੋਂ ਬਹੁਤ ਛੋਟੇ ਰਹਿ ਗਏ ਹਨ। ਗੁਰਸ਼ਰਨ ਸਿੰਘ ਦੇ ਨਾਂ ‘ਤੇ ਪੰਜਾਬ ਵਿੱਚ ਵੱਡੇ ਤੇ ਛੋਟੇ ਨਾਟ-ਘਰ ਬਣ ਰਹੇ ਹਨ। ਗਿਆਨ ਸਾਗਰ ਟਰੱਸਟ ਵੱਲੋਂ 1200 ਸੀਟਾਂ ਦਾ ਜਿਹੜਾ ਵੱਕਾਰੀ ਪੱਧਰ ਦਾ ਭਾਅ ਜੀ ਗੁਰਸ਼ਰਨ ਸਿੰਘ ਥੀਏਟਰ ਬਨੂੜ ਵਿੱਚ ਉਸਾਰਿਆ ਜਾ ਰਿਹਾ ਹੈ, ਉਹ ਇਸ ਸਮੇਂ ਆਖ਼ਰੀ ਛੁਹਾਂ ਲੈ ਰਿਹਾ ਹੈ, ਮੈਨੂੰ ਖ਼ੁਸ਼ੀ ਹੈ ਕਿ ਮੈਂ ਉਸਦੀ ਉਸਾਰੀ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹਾਂ। ਗੁਰਸ਼ਰਨ ਸਿੰਘ ਸਾਡੇ ਸਮੇਂ ਦੇ ਸਭ ਤੋਂ ਵੱਧ ਕਦਰਯੋਗ ਪੰਜਾਬੀਆਂ ਵਿੱਚੋਂ ਇੱਕ ਹੈ ਜਿਸ ਦੇ ਪੂਰਨਿਆਂ ‘ਤੇ ਪੰਜਾਬ ਚੱਲਦਾ ਰਹੇ ਤਾਂ ਸਾਡਾ ਸਭ ਦਾ ਬਹੁਤ ਭਲਾ ਹੋਵੇਗਾ। ਗੁਰਸ਼ਰਨ ਸਿੰਘ ਤੁਰ ਗਿਆ ਹੈ ਪਰ ਉਸ ਦੀਆਂ ਪੈੜਾਂ ਬਰਕਰਾਰ ਹਨ; ਆਓ ਉਨ੍ਹਾਂ ‘ਤੇ ਚੱਲਣ ਦਾ ਅਹਿਦ ਕਰੀਏ!
* ਸੰਪਰਕ: 98760-18501

No comments:

Post a Comment