deshpunjabtimes.blogspot.com

Thursday, 15 December 2011

ਪੰਜਾਬ ਬਰਬਾਦੀ ਦੇ ਰਾਹ 'ਤੇ\ਇਕਬਾਲ ਸਿੰਘ ਲਾਲਪੁਰਾ



ਚੋਣਾਂ ਨੇੜੇ ਰਾਜਨੀਤਕ ਪਾਰਟੀਆਂ ਚੋਣ ਮਨੋਰਥ ਪੱਤਰਾਂ ਰਾਹੀਂ ਲੋਕਾਂ ਨੂੰ ਲੁਭਾਉਣ ਦਾ ਯਤਨ ਕਰਦੀਆਂ ਹਨ। ਚੋਣ ਜਿੱਤਣ ਤੋਂ ਬਾਅਦ ਇਨ੍ਹਾਂ ਚੋਣ ਮਨੋਰਥ ਪੱਤਰਾਂ ਨੂੰ ਘੱਟ ਹੀ ਅਮਲੀ-ਜਾਮਾ  ਪਹਿਨਾਇਆ ਜਾਂਦਾ ਹੈ। ਜੇ ਰਾਜਸੀ ਪਾਰਟੀਆਂ ਆਪਣੀ ਕਥਨੀ ਤੇ ਕਰਨੀ ਵਿੱਚ ਇੱਕਸੁਰਤਾ ਰੱਖਦੀਆਂ ਤਾਂ ਪੰਜਾਬ ਅੱਜ ਸਭ ਤੋਂ ਖ਼ੁਸ਼ਹਾਲ ਰਾਜ ਦੀ ਦਰਜ਼ਾਬੰਦੀ  ਵਿੱਚ  ਥੱਲੇ ਨਾ ਆਉਂਦਾ। ਬੇਰੁਜ਼ਗਾਰੀ, ਗ਼ਰੀਬੀ, ਨਸ਼ੇਬੰਦੀ ਤੇ ਝਗੜੇ ਕਿਧਰੇ ਨਜ਼ਰ ਨਾ ਆਉਂਦੇ। ਆਗੂਆਂ ਵਲੋਂ ਰਾਜ ਦੇ ਪ੍ਰਬੰਧ ਵਿੱਚ ਬਿਆਨ ਕੀਤੀਆਂ ਕਮਜ਼ੋਰੀਆਂ, ਉਣਤਾਈਆਂ, ਗ਼ਲਤੀਆਂ, ਰਾਜ ਦੀ ਅੰਦਰੂਨੀ ਸਥਿਤੀ ਨੂੰ ਜੱਗ ਜ਼ਾਹਿਰ ਕਰਦੀਆਂ ਹਨ। ਪੰਜਾਬ ਦੇ ਭਵਿੱਖ ਅਤੇ ਵਿਕਾਸ ਦੇ ਮਨੋਰਥ ਲਈ ਹੀ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਅਕਾਲੀ-ਭਾਜਪਾ, ਕਾਂਗਰਸੀ ਆਗੂਆਂ ਤੇ ਪ੍ਰਮੁੱਖ ਉਦਯੋਗਪਤੀਆਂ ਵੱਲੋਂ ਆਪਣੀਆਂ ਯੋਜਨਾਵਾਂ ਤੇ ਪਾਰਟੀ ਨੀਤੀ ਪੇਸ਼ ਕਰਕੇ ਸਾਲ 2020, ਭਾਵ ਅਗਲੇ 8-9 ਸਾਲਾਂ ਲਈ ਵਿਚਾਰ ਚਰਚਾ ਕੀਤੀ ਗਈ।
ਵਿਚਾਰ ਚਰਚਾ ਦੌਰਾਨ ਪੰਜਾਬ ਦੇ ਵਿਕਾਸ ਵਿੱਚ ਮੁੱਖ ਰੁਕਾਵਟਾਂ ਦਾ ਵਰਣਨ ਕਰਦਿਆਂ ਕਾਂਗਰਸ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਰਾਜ ਵਿੱਚ ਲੁੱਟ, ਸਭ ਕੁਝ ਹੜੱਪ ਕਰਨ ਲਈ ਦੂਜਿਆਂ 'ਤੇ ਮੁਕੱਦਮੇ, ਹਰ ਵਪਾਰ ਵਿੱਚ ਭਾਈਵਾਲ ਬਣਨ ਅਤੇ ਕੇਬਲ-ਮਾਫ਼ੀਆ, ਭੂ-ਮਾਫ਼ੀਆ, ਰੇਤ-ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਰਾਹੀਂ ਕਬਜ਼ੇ ਦੀ ਨੀਤੀ ਨੂੰ ਅਪਣਾਇਆ ਹੋਇਆ ਹੈ। ਉਨ੍ਹਾਂ ਪੰਜਾਬ ਦੀਆਂ ਸਮੱਸਿਆਵਾਂ ਲਈ ਪੰਜਾਬੀ ਸੂਬਾ ਮੋਰਚਾ, 17ਵੀਂ ਸਦੀ ਦੀਆਂ ਨੀਤੀਆਂ, 18ਵੀਂ ਸਦੀ ਦਾ ਕਾਨੂੰਨ, 19ਵੀਂ ਸਦੀ ਦੀ ਨੌਕਰਸ਼ਾਹੀ, ਸੱਤਾ ਦਾ ਕੇਂਦਰੀਕਰਨ, ਪੰਜਾਬ 'ਚ ਵਗਦਾ ਨਸ਼ਿਆਂ ਦਾ ਦਰਿਆ, ਥਾਣਾ-ਪਟਵਾਰਖਾਨਾ ਤੱਕ ਰਾਜਸੀ ਪ੍ਰਭਾਵ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਨਾਲ ਰਾਈਟ ਟੂ ਸਰਵਿਸ ਐਕਟ ਨੂੰ ਕਾਂਗਰਸ ਪਾਰਟੀ ਵੱਲੋਂ ਬਣਾਏ ਸੁਵਿਧਾ ਕੇਂਦਰਾਂ ਦੀ ਨਕਲ ਦੱਸਿਆ।
ਕਾਂਗਰਸ ਵੱਲੋਂ ਸਰਕਾਰ ਬਣਨ 'ਤੇ ਰਾਜ ਵਿੱਚ 2020 ਦੇ ਵਿਕਾਸ ਦੀ ਯੋਜਨਾਬੰਦੀ ਲਈ ਲੋਕਪਾਲ ਦੀ ਨਿਯੁਕਤੀ ਲਈ ਮਜ਼ਬੂਤ ਕਾਨੂੰਨ, ਸੂਬਾਈ ਵਿਜੀਲੈਂਸ ਕਮਿਸ਼ਨ ਦਾ ਗਠਨ, ਰਾਜਸੀ ਵਿਰੋਧਤਾ ਕਾਰਨ ਕਾਂਗਰਸੀਆਂ ਤੇ ਸਰਕਾਰ ਵੱਲੋਂ ਦਰਜ 30,000 ਕੇਸ ਵਾਪਸ ਕਰਨਾ, ਸਰਕਾਰੀ ਕੰਮਕਾਜ ਲਈ ਦਿੱਤੇ ਜਾਂਦੇ ਠੇਕਿਆਂ ਵਿੱਚ ਪਾਰਦਰਸ਼ਤਾ ਲਿਆਉਣਾ, ਲੋਕ ਸਮੱਸਿਆਵਾਂ ਦੇ ਹੱਲ ਲਈ ਯੋਜਨਾਬੰਦੀ, ਸਰਕਾਰੀ ਕਰਮਚਾਰੀਆਂ ਦੀ ਲੋੜ ਅਨੁਸਾਰ ਲਗਾਤਾਰ ਭਰਤੀ, ਪੰਜਾਬ ਲੋਕ ਸੇਵਾ ਕਮਿਸ਼ਨ, ਅਧੀਨ ਸੇਵਾਵਾਂ ਚੋਣ ਬੋਰਡ ਦਾ ਪੁਨਰਗਠਨ,  ਖੇਤੀਬਾੜੀ ਵਿੱਚ ਵਿਭਿੰਨਤਾ, 24 ਘੰਟੇ ਬਿਜਲੀ, ਮੰਤਰੀਆਂ ਨੂੰ ਜ਼ਿੰਮੇਵਾਰ ਬਣਾਉਣਾ ਬਾਰੇ ਆਪਣੀ ਨੀਤੀ ਤੇ ਦ੍ਰਿਸ਼ਟੀਕੋਣ ਪੇਸ਼ ਕੀਤਾ।
ਅਕਾਲੀ ਦਲ ਵੱਲੋਂ ਵਿਚਾਰ ਪੇਸ਼ ਕਰਦਿਆਂ ਉਪ ਮੁੱਖ-ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਦੇ ਕਰਜ਼ਈ ਹੋਣ ਬਾਰੇ ਪ੍ਰਚਾਰ ਝੂਠਾ ਹੈ। ਉਨ੍ਹਾਂ ਕਿਹਾ ਕਿ ਤਰੱਕੀ ਲਈ ਦੋ ਹੀ ਤਰੀਕੇ ਹਨ, ਖਰਚੇ ਘਟਾਉ ਜਾਂ ਆਮਦਨ ਵਧਾਓ। ਪੰਜਾਬ ਦੀ ਵਿਕਾਸ ਦਰ 7.5 ਫ਼ੀਸਦੀ ਹੈ, ਜਦੋਂ ਕਿ ਕੇਂਦਰੀ ਯੋਜਨਾ ਕਮਿਸ਼ਨ ਵੱਲੋਂ ਇਹ 5.9 ਫ਼ੀਸਦੀ ਮਿੱਥੀ ਗਈ ਸੀ। ਅਕਾਲੀ ਦਲ ਵੱਲੋਂ 2020 ਤੱਕ ਵਿਕਾਸ ਦੀ ਯੋਜਨਾਬੰਦੀ ਲਈ ਨੀਤੀ ਬਿਆਨ ਕਰਦਿਆਂ ਬਿਜਲੀ ਵਿੱਚ ਬਹੁਲਤਾ, ਹਵਾਈ ਸਫ਼ਰ ਲਈ ਚੰਗਾ ਪ੍ਰਬੰਧ, ਸੜਕਾਂ ਵਿੱਚ ਸੁਧਾਰ, ਭਵਿੱਖ ਲਈ ਸ਼ਹਿਰੀ ਯੋਜਨਾਬੰਦੀ, ਵਿਦਿਆ, ਸਿਹਤ ਤੇ ਖੇਡਾਂ 'ਤੇ ਜ਼ੋਰ, ਖੇਤੀਬਾੜੀ ਵਿੱਚ ਤਕਨੀਕ ਦੀ ਵਰਤੋਂ, ਪੰਜਾਬ ਨੂੰ ਸੂਚਨਾ ਤੇ ਤਕਨਾਲੋਜੀ ਅਤੇ ਉਦਯੋਗ ਕੇਂਦਰ ਬਣਾਉਣਾ, ਨਾਗਰਿਕਾਂ ਨੂੰ ਸੁਧਾਰ ਰਾਹੀਂ ਵੱਧ ਅਧਿਕਾਰ ਦੇਣਾ ਦੱਸਿਆ। ਭਾਰਤੀ ਜਨਤਾ ਪਾਰਟੀ ਦੇ ਆਗੂ ਮਨੋਰੰਜਨ ਕਾਲੀਆ ਨੇ ਰਾਇ ਦਿੱਤੀ ਕਿ ਦੋਵੇਂ ਪ੍ਰਮੁੱਖ ਪਾਰਟੀਆਂ ਇਸ ਲਈ ਸਹਿਮਤ ਹੋਣ ਕਿ ਉਦਯੋਗਿਕ ਵਿਕਾਸ ਦੀ ਨੀਤੀ ਵਿੱਚ ਸਿਹਤ, ਵਿਦਿਆ ਸੁਧਾਰ ਦੀ ਨਿਰੰਤਰਤਾ ਰਹਿਣੀ ਚਾਹੀਦੀ ਹੈ।
ਇੱਕ ਦਾਰਸ਼ਨਿਕ ਅਨੁਸਾਰ ਕਿਸੇ ਵੀ ਸਰਕਾਰ ਦੀ ਉਸ ਦੇ ਰਾਜਕਾਲ ਵਿੱਚ ਕਾਰਗੁਜ਼ਾਰੀ ਦੀ ਸਮੀਖਿਆ, ਉਸ ਦੇ ਕਾਰਜਕਾਲ ਦੌਰਾਨ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ, ਰਾਜ ਅੰਦਰ ਅਮਨ-ਕਾਨੂੰਨ ਦੀ ਹਾਲਤ, ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ ਅਤੇ ਨਵੀਂ ਪੀੜ੍ਹੀ  ਦੇ  ਅੱਗੇ ਵਧਣ ਲਈ ਵਿੱਦਿਅਕ ਖੇਤਰ ਵਿੱਚ ਲੰਮੇ ਸਮੇਂ ਦੀ ਯੋਜਨਾਬੰਦੀ,  ਨਾਗਰਿਕਾਂ ਦੀ ਭਲਾਈ ਲਈ ਰੋਟੀ, ਕੱਪੜਾ, ਮਕਾਨ ਤੇ ਸਿਹਤ ਸਹੂਲਤਾਂ ਦੇ ਪ੍ਰਬੰਧ ਬਾਰੇ ਵਿਚਾਰ ਕਰਨ ਨਾਲ ਹੋ ਜਾਂਦੀ ਹੈ।
ਇਸ ਪਰਖ ਦੇ ਪੈਮਾਨੇ 'ਤੇ ਜੇ ਪੰਜਾਬ ਦੀਆਂ ਸਰਕਾਰਾਂ ਦੀ ਪਰਖ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੀ ਤਸਵੀਰ ਨਜ਼ਰ ਆਉਂਦੀ ਹੈ:- ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਅਮਨ-ਕਾਨੂੰਨ ਦੇ ਹਾਲਾਤ ਨੂੰ ਜੇ ਵਿਚਾਰਿਆ ਜਾਵੇ ਤਾਂ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਲੁੱਟਾਂ-ਖੋਹਾਂ, ਕਤਲ, ਨਸ਼ਿਆਂ ਦੀ ਖੁੱਲ੍ਹੇ ਆਮ ਵਿਕਰੀ, ਅਮਨ-ਕਾਨੂੰਨ ਦੇ ਨਿਘਾਰ ਦੀ ਮੂੰਹ ਬੋਲਦੀ ਤਸਵੀਰ ਹੈ। ਅਜਿਹੇ ਹਾਲਾਤ ਵਿੱਚ ਜਿੱਥੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਨਾ ਹੋਵੇ, ਉੱਥੇ ਉਦਯੋਗ ਤੇ ਵਪਾਰ ਵਿੱਚ ਵਾਧਾ ਮੁਸ਼ਕਲ ਹੋ ਜਾਂਦਾ ਹੈ ਅਤੇ ਜੇ ਝੂਠੇ ਮੁਕੱਦਮਿਆਂ ਵਿੱਚ ਫਸਣ ਦਾ ਡਰ ਹੋਵੇ ਤਾਂ ਸਥਿਤੀ ਹੋਰ ਵੀ ਨਾਜ਼ੁਕ ਹੋ ਜਾਂਦੀ ਹੈ। ਜਿਨ੍ਹਾਂ ਲੋਕ ਨੁਮਾਇੰਦਿਆਂ ਨੇ ਲੋਕਾਂ ਨੂੰ ਇਨਸਾਫ਼ ਲੈ ਕੇ ਦੇਣਾ ਜਾਂ ਅਗਵਾਈ ਕਰਨੀ ਹੁੰਦੀ ਹੈ, ਜੇ ਉਹ ਜ਼ਿਆਦਤੀਆਂ ਕਰਨ ਵਾਲਿਆਂ ਦੇ ਸਾਥੀ ਬਣ ਜਾਣ ਤਾਂ ਆਮ ਆਦਮੀ ਦੀ ਹਾਲਤ ਤਰਸਯੋਗ ਹੋ ਜਾਂਦੀ ਹੈ, ਜੋ ਪੰਜਾਬ ਵਿੱਚ ਪਿਛਲੇ ਸਮੇਂ ਤੋਂ ਰਿਹਾ ਹੈ। ਤਰਾਸਦੀ ਹੈ ਕਿ ਪੰਜਾਬ ਦੇ ਲੋਕ ਨੁਮਾਇੰਦਿਆਂ ਨੂੰ ਆਪਣੇ ਲੋਕਾਂ, ਜਿਨ੍ਹਾਂ ਦੀ ਉਹ ਅਗਵਾਈ ਕਰਦੇ ਹਨ, ਕੋਲੋਂ ਹੀ ਖਤਰਾ ਮਹਿਸੂਸ ਹੁੰਦਾ ਹੈ ਅਤੇ ਉਨ੍ਹਾਂ ਦੀ ਵੱਡੀ ਮੰਗ ਕੇਂਦਰੀ ਨੀਮ ਫ਼ੌਜੀ ਬਲਾਂ ਦੀ ਸੁਰੱਖਿਆ ਲੈਣ ਦੀ ਹੁੰਦੀ ਹੈ।
ਸਰਕਾਰੀ ਅਦਾਰਿਆਂ ਵਿਚਲੀ ਤਸਵੀਰ ਇਹ ਹੈ ਕਿ ਜੋ ਅਧਿਕਾਰੀ ਜਾਂ ਅਫ਼ਸਰ ਇਨਸਾਫ਼ ਦੀ ਪ੍ਰਕਿਰਿਆ ਦੇ ਸੁਤਰਧਾਰ ਹਨ, ਸਰਕਾਰ ਦੀ ਭਾਈ-ਭਤੀਜਾਵਾਦ ਦੀ ਨੀਤੀ ਹੇਠ ਕਿਸੇ ਇੱਕ ਵਿਅਕਤੀ ਜਾਂ ਗਰੁੱਪ ਦੀ ਮਦਦ ਕਾਰਨ ਕਈ ਸਾਲਾਂ ਤੋਂ ਅਦਾਲਤਾਂ ਵਿੱਚ ਸਰਕਾਰ ਵਿਰੁੱਧ ਜਾਂ ਇੱਕ-ਦੂਜੇ ਨਾਲ ਮੁਕੱਦਮੇ ਝਗੜ ਰਹੇ ਹਨ ਅਤੇ ਆਪਣੀ ਤਨਖ਼ਾਹ ਦਾ ਵੱਡਾ ਹਿੱਸਾ ਵਕੀਲਾਂ ਦੀ ਫੀਸ ਵਜੋਂ ਦੇ ਰਹੇ ਹਨ। ਜੇ ਇਨ੍ਹਾਂ ਅਧਿਕਾਰੀਆਂ ਨੂੰ ਹੀ ਸਰਕਾਰ ਇਨਸਾਫ਼ ਨਹੀਂ ਦੇ ਸਕੀ, ਤਾਂ ਇਹ ਅਧਿਕਾਰੀ, ਲੋਕਾਂ ਨੂੰ ਕਿਵੇਂ ਇਨਸਾਫ਼ ਦੇਣਗੇ? ਇਹ ਸਵਾਲ ਆਪਣੇ ਆਪ ਵਿੱਚ ਸਰਕਾਰ ਦੀ ਇਨਸਾਫ਼ ਕਰਨ ਦੀ ਜ਼ਿੰਮੇਵਾਰੀ ਦੀ ਪੋਲ ਖੋਲ੍ਹਦਾ ਹੈ। ਬੀਤੇ 30 ਸਾਲ ਵਿੱਚ ਅਮਨ-ਕਾਨੂੰਨ, ਪੰਜਾਬ ਦੀ ਪ੍ਰਮੁੱਖ ਸਮੱਸਿਆ ਰਿਹਾ ਹੈ ਤੇ ਅਮਨ-ਕਾਨੂੰਨ ਦੇ ਨਾਂ 'ਤੇ ਸੁਰੱਖਿਆ ਕਰਮਚਾਰੀਆਂ ਦੇ ਜੁਰਮ ਅੱਖੋਂ-ਪਰੋਖੇ ਕਰਕੇ ਉਨ੍ਹਾਂ ਨੂੰ ਇਨਾਮ ਤੇ ਤਰੱਕੀਆਂ ਨਾਲ ਨਿਵਾਜਣ ਦਾ ਰਿਵਾਜ ਹੈ। ਇਸ ਸਮੇਂ ਦੌਰਾਨ ਸਭ ਸਰਕਾਰਾਂ ਨੇ ਜੁਰਮ ਵਿੱਚ ਲਿਪਤ ਭ੍ਰਿਸ਼ਟ ਅਧਿਕਾਰੀਆਂ ਦੀ ਪਿੱਠ ਠੋਕੀ ਹੈ। ਸਜ਼ਾ ਹੋਏ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਲਈ ਅਦਾਲਤਾਂ ਨੂੰ ਦਖਲਅੰਦਾਜ਼ੀ ਕਰਨੀ ਪੈ ਰਹੀ ਹੈ। ਰਾਜਨੀਤਕ ਆਗੂ ਅਦਾਲਤਾਂ ਵਿੱਚ ਭ੍ਰਿਸ਼ਟਾਚਾਰ ਦੇ ਮੁਕੱਦਮੇ ਭੁਗਤ ਰਹੇ ਹਨ। ਜਿਨ੍ਹਾਂ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮੁਲਾਜ਼ਮਾਂ ਨੇ ਕੰਮ ਕਰਨਾ ਹੁੰਦਾ ਹੈ, ਉਹ ਉੱਚ ਅਹੁਦਿਆਂ 'ਤੇ ਪੁੱਜ ਕੇ ਸੇਵਾਮੁਕਤੀ ਤੋਂ ਬਾਅਦ ਨੌਕਰੀ ਪ੍ਰਾਪਤ ਕਰਨ ਲਈ ਸਿਆਸੀ ਆਗੂਆਂ ਪਿੱਛੇ ਬੋਰਡ, ਕਾਰਪੋਰੇਸ਼ਨਾਂ, ਕਮਿਸ਼ਨਾਂ ਦੇ ਚੇਅਰਮੈਨ ਬਣਨ ਲਈ ਤੁਰੇ ਫਿਰਦੇ ਹਨ। ਜੇ ਇਹ ਅਫ਼ਸਰ ਮਿੱਥੀ ਸਰਕਾਰੀ ਨੌਕਰੀ ਵਿੱਚ ਹੀ ਚੰਗਾ ਕੰਮ ਕਰਨ ਤਾਂ ਕਮਿਸ਼ਨ ਬਣਾਉਣ ਦੀ ਲੋੜ ਹੀ ਨਾ ਹੋਵੇ।
ਵਿਕਾਸ ਤੋਂ ਭਾਵ ਸੰਚਾਰ ਸਾਧਨ, ਕੱਚਾ ਮਾਲ, ਬਿਜਲੀ, ਉਦਯੋਗ, ਉਪਜ ਦਾ ਸੁਚੱਜਾ ਮੁੱਲ, ਵਪਾਰ ਦੇ ਸਾਧਨ ਜੁਟਾਉਣੇ ਅਤੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇ ਕੇ ਕੰਮ 'ਤੇ ਲਾਉਣ ਲਈ ਵਿਉਂਤਬੰਦੀ ਹੁੰਦਾ ਹੈ। ਸਥਿਤੀ ਇਹ ਹੈ ਕਿ ਨਵੇਂ ਕਾਰਖਾਨਿਆਂ ਦੀ ਉਸਾਰੀ ਨਾ ਹੋਣ 'ਤੇ ਬੇਰੁਜ਼ਗਾਰੀ ਦੀ ਵਧਦੀ ਦਰ ਕਾਰਨ ਰੁਜ਼ਗਾਰ ਦੀ ਤਲਾਸ਼ ਵਿੱਚ ਪੰਜਾਬੀ ਆਪਣਾ ਦੇਸ਼ ਛੱਡ ਕੇ ਜਾਣ ਦੀ ਕਾਹਲੀ ਵਿੱਚ ਧੋਖੇਬਾਜ਼ ਏਜੰਟਾਂ ਪਾਸੋਂ ਲੁੱਟੇ ਜਾ ਰਹੇ ਹਨ। ਸਰਕਾਰ ਦੀ ਤਰੱਕੀ ਦੀ ਯੋਜਨਾਬੰਦੀ ਦੀ ਸੱਚਾਈ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਅਜੇ ਤਕ ਪਿੰਡਾਂ ਦੀਆਂ ਗਲੀਆਂ-ਨਾਲੀਆਂ ਹੀ ਪੱਕੀਆਂ ਨਹੀਂ ਹੋ ਸਕੀਆਂ ਅਤੇ ਸਰਕਾਰੀ ਕਰਮਚਾਰੀ ਵਿਕਾਸ ਲਈ ਖਰਚੀ ਜਾਣ ਵਾਲੀ ਸਰਕਾਰੀ ਪੂੰਜੀ ਨੂੰ ਖੁਰਦ-ਬੁਰਦ ਕਰਨ ਤੇ ਭ੍ਰਿਸ਼ਟਾਚਾਰ ਵਿੱਚ ਹਿੱਸੇਦਾਰ ਹਨ। ਸਿੱਖਿਆ ਸੇਵਾ ਨਾ ਹੋ ਕੇ ਵਪਾਰ ਦਾ ਸਾਧਨ ਬਣ ਚੁੱਕਾ ਹੈ ਅਤੇ ਸਰਕਾਰੀ ਸੰਸਥਾਵਾਂ ਦੀ ਕਾਰਜਕੁਸ਼ਲਤਾ ਵਿੱਚ ਵਿਸ਼ਵਾਸ ਨਾ ਹੋਣ ਕਾਰਨ, ਆਮ ਆਦਮੀ ਆਪਣੇ ਬੱਚੇ ਪੜ੍ਹਾਈ ਤੇ ਸਿਖਲਾਈ ਲਈ ਨਿੱਜੀ ਅਦਾਰਿਆਂ ਵਿੱਚ ਭੇਜਣ ਲਈ ਮਜਬੂਰ ਹੈ। ਨੌਕਰੀਆਂ ਨਾ ਮਿਲਣ ਕਾਰਨ ਨੌਜਵਾਨ ਖ਼ੁਦਕਸ਼ੀ ਜਾਂ ਨਸ਼ਿਆਂ ਵੱਲ ਰੁਚਿਤ ਹੋ ਰਹੇ ਹਨ।
ਜਦੋਂ ਕਿਸਾਨ ਜਿਣਸ ਮੰਡੀ ਵਿੱਚ ਲੈ ਕੇ ਜਾਂਦਾ ਹੈ, ਤਾਂ ਮੁੱਲ ਆੜ੍ਹਤੀਆ ਲਾਉਂਦਾ ਹੈ, ਜਦੋਂ ਗਾਹਕ ਦੁਕਾਨ 'ਤੇ ਜਾਂਦਾ ਹੈ ਤਾਂ ਕੀਮਤ ਦੁਕਾਨਦਾਰ ਲਾਉਂਦਾ ਹੈ। ਕਿਸਾਨ ਦੀ ਜਿਣਸ ਘਰ ਤੋਂ ਚੁੱਕੀ ਜਾਵੇ ਤੇ ਖੱਜਲ-ਖੁਆਰੀ ਅਤੇ ਲੁੱਟ ਤੋਂ ਬਚਾਉਣ ਦੀ ਯੋਜਨਾ ਹਾਲੇ ਬਣਨੀ ਬਾਕੀ ਹੈ। ਮਨਰੇਗਾ ਸਕੀਮ ਅਤੇ ਮਿਡ-ਡੇ  ਮੀਲ ਸਕੀਮ ਅਤੇ ਹੋਰ ਤਰੱਕੀ ਸਕੀਮਾਂ ਲਈ ਕੇਂਦਰ ਸਰਕਾਰ ਵੱਲੋਂ ਭੇਜੀ ਜਾ ਰਹੀ ਰਾਸ਼ੀ ਦੀ ਦੁਰਵਰਤੋਂ ਦੇ ਦੋਸ਼ ਜ਼ਿੰਮੇਵਾਰ ਵਿਅਕਤੀਆਂ 'ਤੇ ਲੱਗ ਰਹੇ ਹਨ। ਰੁਜ਼ਗਾਰ ਲਈ ਮਿਲੀ ਰਾਸ਼ੀ ਦਾ ਚੰਗਾ ਇਸਤੇਮਾਲ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਪਿੰਡਾਂ ਦੇ ਲੋਕ ਸਵੈ-ਮਾਣ ਕਾਰਨ ਆਪਣੇ ਹੀ ਪਿੰਡ ਵਿੱਚ ਮਜ਼ਦੂਰੀ ਕਰਨ ਨੂੰ ਤਿਆਰ ਨਹੀਂ। ਤੇਜ਼ੀ ਨਾਲ ਪਿੰਡਾਂ ਦਾ ਸ਼ਹਿਰੀਕਰਨ ਹੋ ਰਿਹਾ ਹੈ, ਪਰ ਪੇਂਡੂ ਖੇਤਰ ਵਿੱਚ ਖੇਤੀ ਸਹੂਲਤਾਂ ਅਤੇ ਸ਼ਹਿਰੀ ਖੇਤਰ ਵਿੱਚ ਉਦਯੋਗ ਦੇ ਵਿਕਾਸ ਦੀ ਨੀਤੀ ਆਮ ਆਦਮੀ ਨੂੰ ਸਪੱਸ਼ਟ ਨਹੀਂ।
ਲੋਕ ਭਲਾਈ ਹਿੱਤ, ਰੋਟੀ, ਕੱਪੜਾ ਤੇ ਮਕਾਨ ਦੀ ਹਰ ਵਿਅਕਤੀ ਦੀ ਮੰਗ ਪੂਰਾ ਕਰਨ ਲਈ ਸਰਕਾਰ ਕੋਲ 250 ਰੁਪਏ ਬੁਢਾਪਾ ਪੈਨਸ਼ਨ ਤੋਂ ਵੱਧ ਕੁਝ ਨਹੀਂ ਹੈ, ਜੋ ਇੱਕ ਹਫ਼ਤੇ ਦੇ ਭੋਜਨ ਲਈ ਵੀ ਕਾਫ਼ੀ ਨਹੀਂ ਅਤੇ ਬਾਕੀ ਸਕੀਮਾਂ ਕੇਵਲ ਰਾਜਸੀ ਲਾਭ ਲਈ ਹੀ ਹਨ।
ਪੇਂਡੂ ਤੇ ਸ਼ਹਿਰੀ ਵਿਕਾਸ ਲਈ, ਗ੍ਰਾਂਟਾਂ ਦੇ ਗੱਫੇ ਚੋਣਾਂ ਨੇੜੇ ਰਾਜਨੀਤਕ ਲਾਭ ਨੂੰ ਅੱਗੇ ਰੱਖ ਕੇ, ਬਿਨਾਂ ਯੋਜਨਾ ਤੇ ਨਿਯਮਾਂ ਨੂੰ ਤਿਲਾਂਜਲੀ ਦੇ ਕੇ ਵੰਡੇ ਜਾਂਦੇ ਹਨ। ਇਸੇ ਤਰ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਤੇ ਤਨਖ਼ਾਹ ਵਿੱਚ ਵਾਧਾ ਵੀ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਹੁੰਦਾ ਹੈ। ਬੇਰੁਜ਼ਗਾਰੀ, ਪੈਸੇ ਦੇ ਪਾਸਾਰ ਤੇ ਕੀਮਤਾਂ ਦੇ ਵਾਧੇ ਕਾਰਨ  ਆਮ ਆਦਮੀ ਦਾ ਜੀਵਨ ਨਰਕ ਬਣਦਾ ਜਾ ਰਿਹਾ ਹੈ। ਜ਼ਮੀਨਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਜ਼ਿਮੀਂਦਾਰ ਆਪਣੀ ਮਾਂ-ਭੂਮੀ ਨੂੰ ਹੀ ਵੇਚ ਰਿਹਾ ਹੈ ਅਤੇ ਤੇਜ਼ੀ ਨਾਲ ਸ਼ਹਿਰੀਕਰਨ ਹੋਣ ਕਾਰਨ ਪੇਂਡੂ ਸੱਭਿਆਚਾਰ ਤੇ ਰਸਮਾਂ ਵੀ ਖ਼ਤਮ ਹੁੰਦੀਆਂ ਜਾ ਰਹੀਆਂ ਹਨ।
ਸਾਰੀਆਂ ਪਾਰਟੀਆਂ ਦੇ ਅਗਲੇ ਦ੍ਰਿਸ਼ਟੀਕੋਣ ਦੀ ਨੀਤੀ ਵਿੱਚ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੋਈ ਥਾਂ ਨਹੀਂ, ਜਿਨ੍ਹਾਂ ਕਰਕੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਬਣਿਆ ਰਿਹਾ ਹੈ ਭਾਵ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਪੰਜਾਬੀ ਬੋਲੀ, ਚੰਡੀਗੜ੍ਹ, ਦਰਿਆਈ ਪਾਣੀਆਂ ਦੀ ਵੰਡ ਜਾਂ ਭਾਖੜਾ ਦਾ ਮੱਸਲਾ। ਧਰਮਾਂ ਤੇ ਫ਼ਿਰਕਿਆਂ ਦੀ ਆਪਸੀ ਲੜਾਈ, ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ, ਬੇਰੁਜ਼ਗਾਰੀ, ਬੇਇਨਸਾਫ਼ੀ, ਨਿਰਪੱਖਤਾ ਵਰਗੀਆਂ ਸਮੱਸਿਆਵਾਂ ਨੂੰ ਅਣਗੌਲਿਆ ਕਰਕੇ ਸਦੀਵੀ ਸ਼ਾਂਤੀ ਕਿਵੇਂ ਹੋ ਸਕਦੀ ਹੈ ਜਦੋਂਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ, ਉਥੋਂ ਦੀਆਂ ਅਦਾਲਤਾਂ ਪਾਸੋਂ ਭਾਰਤ ਵਿੱਚ ਹੋਏ ਜ਼ੁਰਮਾਂ ਲਈ ਇਨਸਾਫ਼ ਮੰਗ ਰਹੇ ਹਨ। ਅਮਨ ਤੋਂ ਬਿਨਾਂ ਵਿਕਾਸ ਸੰਭਵ ਹੀ ਨਹੀਂ, ਜੋ ਪੰਜਾਬ ਦੀਆਂ ਰਾਜਸੀ ਪਾਰਟੀਆਂ ਦੇ ਏਜੰਡੇ 'ਤੇ ਨਹੀਂ। ਇਸ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬ ਲਈ ਸੁਨਿਹਰੇ ਭਵਿੱਖ ਦੀ ਤਸਵੀਰ ਧੁੰਦਲੀ ਹੀ ਜਾਪਦੀ ਹੈ।
ਸੰਪਰਕ : 97800-03333

Thursday, 17 November 2011

ਉੱਤਰੀ ਭਾਰਤ ਵਿੱਚ ਪਹਿਲੀ ਵਾਰ ਬੇਔਲਾਦ ਜੋੜਿਆਂ ਲਈ ਇਲਾਜ ਹੋਵੇਗਾ ਘੱਟ ਖਰਚ ਵਿੱਚ


ਜਲੰਧਰ-ਹਾਲ ਹੀ ਵਿੱਚ 28 ਜੁਲਾਈ ਤੋਂ 31 ਜੁਲਾਈ ਨੂੰ ਜਪਾਨ ਦੇ ਸ਼ਹਿਰ ਯੋਕੋਹਾਮਾ ਵਿੱਚ ਤੀਸਰੀ ਵਿਸ਼ਵ ਕਾਂਗਰਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਵਿਰਕ ਹਸਪਤਾਲ ਜਲੰਧਰ ਲਈ ਉਸ ਵਕਤ ਮਾਣ ਦਾ ਸਮਾਂ ਸੀ ਜਦੋਂ ਵਿਰਕ ਹਸਪਤਾਲ ਦੇ ਲੈਬ ਡਾਇਰੈਕਟਰ ਡਾ. ਐਸ. ਪੀ. ਐਸ. ਵਿਰਕ ਅਤੇ ਆਈ. ਵੀ. ਐਫ. ਮਾਹਿਰ ਡਾ. ਗੌਤਮ ਅਲਾਹਾਬਾਦੀਆ ਨੂੰ ਤੀਸਰੀ ਵਿਸ਼ਵ ਕਾਂਗਰਸ ਕਾਨਫਰੰਸ ਵਿੱਚ ਭਾਗ ਲੈਣ ਲਈ ਸੱਦਾ ਮਿਲਿਆ। ਦੁਨੀਆਂ ਭਰ ਵਿੱਚੋਂ 100 ਦੇ ਕਰੀਬ ਡੈਲੀਗੇਟਸ ਨੂੰ ਭਾਗ ਲੈਣ ਲਈ ਸੱਦਿਆ ਗਿਆ, ਜਿਹਨਾਂ ਵਿੱਚੋਂ ਪੰਜ ਭਾਰਤ ਦੇ ਡੈਲੀਗੇਟਸ ਸਨ। ਡਾ. ਵਿਰਕ ਅਤੇ ਡਾ. ਗੌਤਮ  ਅਲਾਹਾਬਾਦੀਆ ਉਹਨਾਂ ਚੋਣਵੇਂ ਲੋਕਾਂ ਵਿੱਚੋਂ ਸਨ ਜਿਹਨਾਂ ਨੂੰ ਇਸ ਕਾਨਫਰੰਸ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ।
ਇਸ ਕਾਨਫਰੰਸ ਦਾ ਮੁੱਖ ਮੰਤਵ ਸੀ ਪ੍ਰਗਤੀਸ਼ੀਲ ਦੇਸਾਂ ਜਿਵੇਂ ਕੀ ਭਾਰਤ, ਚੀਨ, ਸਿੰਗਾਪੁਰ, ਪਾਕਿਸਤਾਨ ਅਤੇ ਮਲੇਸ਼ੀਆ ਆਦਿ ਦੇਸਾਂ ਦੇ ਬੇਔਲਾਦ ਜੋੜਿਆਂ ਲਈ ਘੱਟ ਖ਼ਰਚ ਵਿੱਚ ਟੈਸਟ ਟਿਊਬ ਬੇਬੀ ਇਲਾਜ ਸਹੂਲਤ ਉਪਲੱਬਧ ਕਰਵਾਉਣਾ। ਕਾਨਫਰੰਸ ਪ੍ਰਤਿਨਿਧੀ ਅਤੇ ਬੁਲਾਰਿਆਂ ਨੇ ਆਈ. ਵੀ. ਐਫ. ਇਲਾਜ ਵਿਧੀ ਅਤੇ ਪ੍ਰਾਕਿਰਤਿਕ ਚੱਕਰ ਆਈ. ਵੀ. ਐਫ. ਦੇ ਵਿਸ਼ੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ, ਜਿਸ ਨਾਲ ਆਈ. ਵੀ. ਐਫ. ਇਲਾਜ ਵਿਧੀ ਖ਼ਰਚ ਵਿੱਚ 50 ਪ੍ਰਤੀਸ਼ਤ ਤੱਕ ਦੀ ਕਮੀ ਲਿਆਂਦੀ ਜਾ ਸਕਦੀ ਹੈ।
ਜਪਾਨ ਪਹਿਲਾ ਦੇਸ਼ ਹੈ ਜਿਸਨੇ ਘੱਟ ਖਰਚ ਵਿੱਚ ਇਸ ਇਲਾਜ ਵਿਧੀ ਦੇ ਬਾਰੇ ਸੋਚਿਆ ਅਤੇ ਹੁਣ ਇਸ ਇਲਾਜ ਵਿਧੀ ਨਾਲ ਦੂਸਰੇ ਪ੍ਰਗਤੀਸ਼ੀਲ ਦੇਸਾਂ ਦੇ ਮਾਹਿਰਾਂ ਨੂੰ ਵੀ ਜਾਣੂ ਕਰਵਾ ਰਿਹਾ ਹੈ। ਭਾਰਤ ਵਿੱਚ ਡਾ. ਵਿਰਕ ਅਤੇ ਡਾ. ਗੌਤਮ ਅਲਾਹਾਬਾਦੀਆ ਇਸ ਘੱਟ ਖਰਚ ਇਲਾਜ ਵਿਧੀ ਨੂੰ ਵਿਰਕ ਹਸਪਤਾਲ ਵਿੱਚ ਜਲਦ ਹੀ ਲਾਗੂ ਕਰਨ ਜਾ ਰਹੇ ਹਨ। ਇਲਾਜ ਖਰਚ ਵਿੱਚ ਆਈ ਭਾਰੀ ਕਮੀ ਨਾਲ ਉਹਨਾਂ ਬੇਔਲਾਦ ਜੋੜਿਆਂ ਨੂੰ ਭਾਰੀ ਰਾਹਤ ਮਿਲੇਗੀ ਜਿਹੜੇ ਖਰਚੀਲੇ ਇਲਾਜ ਦੀ ਵਜ•ਾ ਕਰਕੇ ਇਲਾਜ ਕਰਵਾਉਣ ਦੇ ਸਮਰੱਥ ਨਹੀਂ ਸੀ ਅਤੇ ਔਲਾਦ ਸੁੱਖ ਤੋਂ ਵਿਰਵਾ ਸੀ। ਉੱਤਰੀ ਭਾਰਤ ਵਿੱਚ ਘੱਟ ਖਰਚ ਵਿੱਚ ਆਈ. ਵੀ. ਐਫ. ਇਲਾਜ ਸਿਰਫ਼ ਵਿਰਕ ਹਸਪਤਾਲ ਜਲੰਧਰ ਵਿੱਚ ਉਪਲੱਬਧ ਹੋਵੇਗਾ। ਕਾਤੋ ਵੂਮਨ ਕਲੀਨਿਕ ਜਪਾਨ ਵਿਸ਼ਵ ਵਿੱਚ ਇੱਕੋ-ਇੱਕ ਅਜਿਹਾ ਕਲੀਨਿਕ ਹੈ ਜੋ ਪਿਛਲੇ ਕਾਫੀ ਵਰਿ•ਆਂ ਤੋਂ ਘੱਟ ਖਰਚ ਵਿੱਚ ਆਈ. ਵੀ. ਐਫ. ਇਲਾਜ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਡਾ. ਵਿਰਕ ਅਤੇ ਡਾ. ਗੌਰਲ ਗਾਂਧੀ ਨੂੰ ਮਹੱਤਵਪੂਰਨ ਮੌਕਾ ਮਿਲਿਆ ਇਸ ਸੈਂਟਰ ਵਿੱਚ ਜਾਣ ਦਾ ਅਤੇ ਸੈਂਟਰ ਦੇ ਡਾਇਰੈਕਟਰ ਓਸਾਮੋਂ ਕਾਤੋ ਨੂੰ ਮਿਲਣ ਦਾ ਜੋ ਯੋਕੋਹਾਮਾ ਜਪਾਨ ਵਿੱਚ ਹੋਈ ਇਸ ਕਾਨਫਰੰਸ ਦੇ ਮੁੱਖ  ਪ੍ਰਤਿਨਿੱਧੀ ਸਨ।
ਜਾਣਕਾਰੀ ਦਿੰਦੇ ਹੋਏ ਡਾ. ਵਿਰਕ ਨੇ ਕਿਹਾ ਕਿ ਆਈ. ਵੀ. ਐਫ. ਘੱਟ ਖ਼ਰਚ ਇਲਾਜ ਦੇ ਲਈ ਵਿਰਕ ਹਸਪਤਾਲ ਜਲੰਧਰ ਵਿੱਚ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਚੁੱਕੀ ਹੈ।
Helpline No. +91-98140-37738, 0091-181-2274296, 2270424, 5089604
dr.spsvirk@gmail.com, drvirk@virkinfertilitycentre.com   Website : www.virkinfertilitycentre.com   www.iwannababy.com












ਵਿਰਕ ਹਸਪਤਾਲ ਨੇ ਉੱਤਰੀ ਭਾਰਤ ਵਿੱਚ ਸ਼ੁਰੂ ਕੀਤੀ ਓਸਾਈਟ ਫ੍ਰੀਜਿੰਗ ਸੇਵਾ
ਜਲੰਧਰ-ਵਰਤਮਾਨ ਵਿੱਚ ਅਵਿਸ਼ਵਾਸਯੋਗ ਜਿਹੀ ਲੱਗਣ ਵਾਲੀ ਚਮਤਕਾਰੀ ਅਸਿਸਟਿਡ ਰਿਪ੍ਰੋਡਕਟਿਵ ਵਰਗੀ ਨਵੀਨ ਤਕਨੀਕ ਦਾ ਵਿਕਾਸ ਹੋ ਚੁੱਕਾ ਹੈ। ਵਿਰਕ ਹਸਪਤਾਲ ਇਸ ਤਰ•ਾਂ ਦੀਆਂ ਚਮਤਕਾਰੀ ਤਕਨੀਕੀ ਸੇਵਾਵਾਂ ਦੇਣ ਵਿੱਚ ਮੁੱਢਲੀ ਕਤਾਰ ਵਿੱਚ ਹੈ।
ਸੰਤਾਨ ਉਤਪਤੀ ਲਈ ਅੰਡੇ ਦੀ ਫ੍ਰੀਜਿੰਗ ਨਵੀਨ ਤਕਨੀਕ ਹੈ, ਜੋ ਹੁਣ ਤੱਕ ਉੱਤਰੀ ਭਾਰਤ ਵਿੱਚ ਸਿਰਫ਼ ਵਿਰਕ ਹਸਪਤਾਲ ਵਿੱਚ ਹੀ ਸ਼ੁਰੂ ਕੀਤੀ ਗਈ ਹੈ। ਹੁਣ ਔਰਤਾਂ ਲਈ ਇਹ ਬਦਲ ਮੌਜੂਦ ਹੈ ਕਿ ਕਿਸ ਤਰ•ਾਂ ਉਹ ਆਪਣੇ ਆਪ ਨੂੰ ਬਾਏਲੋਜਿਕ ਕਲਾਕ ਤੋਂ ਸੁਤੰਤਰ ਰੱਖ ਸਕਦੀਆਂ ਹਨ। ਓਸਾਈਟ ਅੰਡਾ ਫ੍ਰੀਜਿੰਗ ਅਸਲ ਵਿੱਚ ਇੱਕ ਇਸ ਤਰ•ਾਂ ਦੀ ਤਕਨੀਕ ਹੈ, ਜਿਸ ਤੋਂ ਓਸਾਈਟ ਨੂੰ ਲੰਬੇ ਅਰਸੇ ਲਈ ਜਮਾਵ ਬਿੰਦੂ ਤੋਂ ਵੀ ਨਿਮਨ ਤਾਪਮਾਨ ਤੱਕ ਫ੍ਰੀਜ ਕਰਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਦੇ ਲਈ ਪਹਿਲਾਂ ਓਸਾਈਟ ਨੂੰ ਫ੍ਰੀਜਿੰਗ ਸਲਊਸ਼ਨ ਵਿੱਚ ਰੱਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਕੰਪਿਊਟਰ ਨਿਯੰਤਰਿਤ ਮਸ਼ੀਨ ਨਾਲ ਹੌਲੀ-ਹੌਲੀ ਠੰਡਾ ਕੀਤਾ ਜਾਂਦਾ ਹੈ। ਓਸਾਈਟ ਅੰਡੇ ਨੂੰ -196 ਡਿਗਰੀ ਤਾਪਮਾਨ ਤੱਕ ਸੁਰੱਖਿਅਤ ਸਟੋਰ ਕੀਤਾ ਜਾ ਸਕਦਾ ਹੈ ਅਤੇ ਉਸ ਨੂੰ ਆਪਣੀ ਇੱਛਾ ਅਨੁਸਾਰ ਭਵਿੱਖ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਲੈਬ ਡਾਇਰੈਕਟਰ ਡਾ. ਐਸ. ਪੀ. ਐਸ. ਵਿਰਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਇੱਕ ਅਜਿਹੀ ਤਕਨੀਕ ਹੈ, ਜਿਸ ਦੁਆਰਾ ਔਰਤਾਂ ਬਾਏਲੋਜਿਕ ਕਲਾਕ ਦੇ ਦੌਰਾਨ ਸੰਤਾਨ ਉਤਪਤੀ ਲਈ ਪੈਦਾ ਹੋਣ ਵਾਲੇ ਸਿਹਤਮੰਦ ਅੰਡਿਆਂ ਨੂੰ ਸੰਜੋਅ ਕੇ ਰੱਖ ਸਕਦੀਆਂ ਹਨ। ਵੱਧਦੀ ਉਮਰ ਔਰਤਾਂ ਲਈ ਜਨਮ ਤੋਂ ਹੀ ਸੰਤਾਨ ਉਤਪਤੀ ਇੱਕ ਰੁਕਾਵਟ ਰਹੀ ਹੈ। ਜਿਵੇਂ-ਜਿਵੇਂ ਉਮਰ ਵੱਧਦੀ ਹੈ ਸਿਹਤਮੰਦ ਅੰਡਾ ਬਨਣ ਦੀ ਸ਼ਕਤੀ ਸਰੀਰ ਵਿੱਚ ਘੱਟ ਹੁੰਦੀ ਜਾਂਦੀ ਹੈ। ਓਸਾਈਟ ਫ੍ਰੀਜਿੰਗ ਇੱਕ ਅਜਿਹੀ ਤਕਨੀਕ ਹੈ, ਜਿਸ ਨਾਲ ਔਰਤਾਂ ਆਪਣੇ ਸਰੀਰ ਵਿੱਚ ਬਨਣ ਵਾਲੇ ਸਿਹਤਮੰਦ ਅੰਡਿਆਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਸੰਜੋ ਕੇ ਰੱਖ ਸਕਦੀ ਹੈ। ਇਹ ਤਕਨੀਕ ਉਹਨਾਂ ਲੋਕਾਂ ਲਈ ਕਾਰਗਰ ਸਾਬਿਤ ਹੋਵੇਗੀ ਜਿਵੇਂ ਕਿ ਕੈਂਸਰ ਤੋਂ ਪੀੜਿਤ ਔਰਤਾਂ। ਉਹ ਕੀਮੋਥੈਰੇਪੀ ਅਤੇ ਰੇਡੀਏਸ਼ਨ ਦੇ ਕੁਪ੍ਰਭਾਵਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਅਤ ਰੱਖ ਸਕਦੀਆਂ ਹਨ। ਜਾਂ ਉਹ ਔਰਤਾਂ ਜੋ ਕਿਸੇ ਕਾਰਨਾਂ ਤੋਂ ਆਪਣੇ ਪਰਿਵਾਰ ਦੀ ਸ਼ੁਰੂਆਤ ਦੇਰ ਨਾਲ ਕਰਨਾ ਚਾਹੁੰਦੀਆਂ ਹਨ।
ਵਿਰਕ ਹਸਪਤਾਲ ਅਜਿਹੇ ਵਿਗਿਆਨਿਕ ਚਮਤਕਾਰਾਂ ਤਕਨੀਕਾਂ ਦੀਆਂ ਸੇਵਾਵਾਂ ਦੁਆਰਾ ਸੰਤਾਨ ਉਤਪਤੀ ਦੇ ਭਿੰਨ-ਭਿੰਨ ਬਦਲ ਉਪਲੱਬਧ ਕਰਵਾਉਣ ਵਿੱਚ ਸਭ ਤੋਂ ਅੱਗੇ ਹੈ। ਵਿਰਕ ਹਸਪਤਾਲ ਵਿੱਚ ਲੈਬ ਡਾਇਰੈਕਟਰ ਦੀ ਹੈਸੀਅਤ ਨਾਲ ਕੰਮ ਕਰ ਰਹੇ ਡਾ. ਵਿਰਕ ਅੰਡੇ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਕਲੀਨਿਕ ਟ੍ਰਾਇਲਾਂ ਦੁਆਰਾ ਵਧਾਉਣ ਵਿੱਚ ਲਗਾਤਾਰ ਕੰਮ ਕਰ ਰਹੇ ਹਨ। ਡਾ. ਵਿਰਕ ਵੱਲੋਂ ਜੋ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਵਿੱਚ ਸ਼ਾਮਿਲ ਹਨ ਸਾਇਕਲ ਮੌਨੀਟਰਿੰਗ, ਅੰਡੇ ਦੀ ਫ੍ਰੀਜਿੰਗ ਅਤੇ ਸੁਰੱਖਿਆ ਅਤੇ ਐਮਬ੍ਰਾਓਸ ਦਾ ਪ੍ਰਤਿਆਰੋਪਣ ਆਦਿ। ਵਿਰਕ ਹਸਪਤਾਲ ਵਿੱਚ ਇਸ ਸਾਰੀਆਂ ਸਹੂਲਤਾਂ ਅਤਿ-ਆਧੁਨਿਕ ਸਟੇਟ-ਆਫ-ਦ-ਆਰਟ ਸੈਂਟਰ ਵਿੱਚ ਦਿੱਤੀਆਂ ਜਾ ਰਹੀਆਂ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਡਾ. ਵਿਰਕ ਨੂੰ ਦੁਨੀਆਂ ਭਰ ਦੇ ਮਰੀਜਾਂ ਨੂੰ ਚਿਕਤਸੀ ਸੇਵਾਵਾਂ ਦੇਣ ਦਾ ਤਜਰਬਾ ਹਾਸਿਲ ਹੈ।
ਡਾ. ਵਿਰਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਔਰਤਾਂ ਦੇ ਸਰੀਰ ਵਿੱਚ ਬਨਣ ਵਾਲੇ ਅੰਡਿਆਂ ਦੀ ਸੰਖਿਆ ਦੋ ਮਿਲੀਅਨ ਤੱਕ ਹੁੰਦੀ ਹੈ ਅਤੇ ਇਹਨਾਂ ਵਿੱਚ ਬਹੁਤ ਸਾਰੇ ਅੰਡੇ ਵਿਕਸਿਤ ਹੋਣ ਲੱਗਦੇ ਹਨ। ਇਹਨਾਂ ਵਿੱਚੋਂ ਇੱਕ ਅੰਡਾ ਛੁੱਟ ਜਾਂਦਾ ਹੈ ਅਤੇ ਦੂਸਰਾ ਖਤਮ ਹੋ ਜਾਂਦਾ ਹੈ। ਧਿਆਨ ਦੇਣ ਯੋਗ ਗੱਲ ਹੈ ਕਿ ਸਟੋਰ ਲਈ ਕੱਢੇ ਗਏ ਅੰਡੇ ਲੈਣ ਨਾਲ ਭਵਿੱਖ ਵਿੱਚ ਬਨਣ ਵਾਲੇ ਅੰਡਿਆਂ ਤੇ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਓਸਾਈਟ ਫ੍ਰੀਜਿੰਗ ਅੰਡਾ ਸੁਰੱਖਿਅਤ ਰੱਖਣ ਦੀ ਇੱਕ ਐਸੀ ਨਵੀਨ ਬਾਏਓ-ਤਕਨੀਕ ਹੈ ਜੋ ਨਿਕਟ ਭਵਿੱਖ ਵਿੱਚ ਐਮਬ੍ਰਾਓਸ ਫ੍ਰੀਜਿੰਗ ਦੀ ਤਕਨੀਕ ਦੀ ਜਗ•ਾ ਲੈ ਲਵੇਗੀ। ਅਮਰੀਕਨ ਰਿਪ੍ਰੋਡਕਟਿਵ ਮੈਡੀਸਨ ਸੋਸਾਇਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਸਾਈਟ ਕ੍ਰਾਈਓਪ੍ਰਿਜਰਵੇਸ਼ਨ ਓਸਾਈਟ ਡੋਨੇਸ਼ਨ ਅਤੇ ਫਰਟੀਲਿਟੀ ਸੁਰੱਖਿਆ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ।
Helpline No. +91-98140-37738, 0091-181-2274296, 2270424, 5089604
dr.spsvirk@gmail.com, drvirk@virkinfertilitycentre.com   Website : www.virkinfertilitycentre.com   www.iwannababy.com

Saturday, 12 November 2011

ਗੋਰਿਆਂ ਨੂੰ ਸ਼ਸਤਰ ਵਿੱਦਿਆ ਸਿਖਾ ਰਿਹਾ ਨਿਡਰ ਸਿੰਘ ਨਿਹੰਗ



ਬਰਤਾਨੀਆ ਦੀ ਫ਼ੌਜ ਦੇ ਸਾਬਕਾ ਕਮਾਂਡੋ ਦੁਨੀਆਂ ਭਰ ਵਿੱਚ ਸਖ਼ਤ ਜਾਨ ਵਜੋਂ ਮਸ਼ਹੂਰ ਹਨ। ਜਦੋਂ ਉਨ•ਾਂ ਦੇ ਭਾਰਤੀ ਮਾਰਸ਼ਲ ਆਰਟਸ ਨਿਰੀਖਕ ਤੋਂ ਪ੍ਰੇਰਨਾ ਲੈਣ ਦੀ ਗੱਲ ਆਉਂਦੀ ਹੈ ਤਾਂ ਵੀ ਉਹ ਜੇ ਨਿਵੇਕਲੇ ਨਹੀਂ ਤਾਂ ਕਿਸੇ ਤੋਂ ਘੱਟ ਵੀ ਨਜ਼ਰ ਨਹੀਂ ਆਉਂਦੇ। ਇਹ ਸਭ ਗੁਣ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਦੇ ਇਕ ਸਾਬਕਾ ਫੈਕਟਰੀ ਕਾਮੇ ਵਿੱਚ ਸ਼ਾਮਲ ਹਨ। ਸਾਬਕਾ ਕਮਾਂਡੋ ਇਸ ਸਾਬਕਾ ਕਰਮਚਾਰੀ ਪਾਸੋਂ ਸ਼ਸਤਰ ਵਿੱਦਿਆ ਸਿੱਖ ਰਹੇ ਹਨ। ਇਸ ਕਰਮਚਾਰੀ ਦੇ ਵਿਦਿਆਰਥੀਆਂ ਵਿੱਚ ਭਾਰਤੀ, ਚੀਨੀ ਅਤੇ ਮਲੇਸ਼ੀਆ ਸਣੇ ਲਗਪਗ ਸਾਰੇ ਦੇਸ਼ਾਂ ਦੇ ਬੈਂਕਰ, ਅਧਿਆਪਕ ਅਤੇ ਕੰਪਿਊਟਰ ਵਿਸ਼ਲੇਸ਼ਕ ਸ਼ਾਮਲ ਹਨ।
ਪੰਜਾਬ ਦੇ ਜਲੰਧਰ ਦੇ ਪਿਛੋਕੜ ਵਾਲਾ ਇਹ ਸਾਬਕਾ ਫੈਕਟਰੀ ਕਾਮਾ ਨਿਡਰ ਸਿੰਘ ਨਿਹੰਗ ਇਸ ਸਮੇਂ ਸੰਯੁਕਤ ਰਾਸ਼ਟਰ ਦੀ ਮਾਰਸ਼ਲ ਆਰਟਸ ਅਕੈਡਮੀ ਨਾਲ ਸਬੰਧਤ ਹੈ। ਨਿਡਰ ਸਿੰਘ ਦਾ ਧਿਆਨ ਆਪਣੇ ਵਿਦਿਆਰਥੀਆਂ ਅਤੇ ਉਨ•ਾਂ ਦੀਆਂ ਸਿੱਖਣ ਵਿਧੀਆਂ ਉੱਤੇ ਕੇਂਦਰਤ ਹੈ। ਨਿਡਰ ਸਿੰਘ ਨੇ ਦੱਸਿਆ ਕਿ ਉਸ ਕੋਲ ਹਰ ਤਰ•ਾਂ ਦੇ ਲੋਕ ਆਉਂਦੇ ਹਨ, ਪਰ ਉਹ ਠੱਗਾਂ, ਅਪਰਾਧੀਆਂ ਅਤੇ ਧਾਰਮਿਕ ਕੱਟੜਵਾਦੀਆਂ ਨੂੰ ਉਤਸ਼ਾਹਤ ਨਹੀਂ ਕਰਦਾ, ਸਗੋਂ ਉਸ ਦੇ ਜ਼ਿਆਦਾਤਰ ਵਿਦਿਆਰਥੀ, ਬੈਂਕਰ, ਯੂਨੀਵਰਸਿਟੀਆਂ ਦੇ ਵਿਦਿਆਰਥੀ, ਅਧਿਆਪਕ, ਕੰਪਿਊਟਰ ਵਿਸ਼ਲੇਸ਼ਕ ਅਤੇ ਕੰਪਨੀ ਡਾਇਰੈਕਟਰ ਹਨ।
ਨਿਡਰ ਸਿੰਘ ਨਿਹੰਗ ਇਨ•ਾਂ ਵਿਦਿਆਰਥੀਆਂ ਨੂੰ 17ਵੀਂ ਸਦੀ ਵਿੱਚ ਸਿੱਖ ਭਾਈਚਾਰੇ ਵੱਲੋਂ ਈਜਾਦ ਕੀਤੀ ਮਾਰਸ਼ਲ ਆਰਟਸ ਦੀ ਕਿਸਮ ਸ਼ਸਤਰ ਵਿੱਦਿਆ ਦੀ ਸਿਖਲਾਈ ਦੇ ਰਿਹਾ ਹੈ। ਮਾਰਸ਼ਲ ਆਰਟਸ ਦੀ ਇਹ ਕਿਸਮ ਅਸਲ ਵਿੱਚ 1661 ਵਿੱਚ ਸਥਾਪਤ ਬਾਬਾ ਦਰਬਾਰਾ ਸਿੰਘ ਅਖਾੜਾ ਦੀ ਦੇਣ ਹੈ। ਇਹ ਅਖਾੜਾ 1645 ਵਿੱਚ ਜਨਮੇ ਬਾਬਾ ਦਰਬਾਰਾ ਸਿੰਘ ਨੇ ਸ਼ੁਰੂ ਕੀਤਾ ਸੀ। ਗੁਰੂ ਤੇਗ਼ ਬਹਾਦਰ ਜੀ ਦੇ ਸਮੇਂ ਸ਼ੁਰੂ ਹੋਏ ਇਸ ਅਖਾੜੇ ਵਿੱਚ ਸਿਖਾਂਦਰੂਆਂ ਨੂੰ ਬਾਬਾ ਦਰਬਾਰਾ ਸਿੰਘ ਸਿਖਲਾਈ ਦਿੰਦੇ ਸਨ।
ਉਹ ਪੰਜ ਤੋਂ ਦਸ ਸਾਲ ਦੀ ਉਮਰ ਤੱਕ ਨਿਡਰ ਨੂੰ ਆਪਣੇ ਪਿੰਡ ਸ਼ਾਦੀਪੁਰ (ਜਲੰਧਰ) ਦਾ ਗੇੜਾ ਲਵਾਉਂਦੇ ਰਹੇ। ਇਸ ਮਗਰੋਂ ਛੇ ਸਾਲ ਬਾਅਦ ਉਹ ਪਿੰਡ ਸ਼ਾਦੀਪੁਰ ਮੁੜਿਆ ਅਤੇ ਆਪਣੀ ਕਿਸੇ ਰਿਸ਼ਤੇਦਾਰ ਦੇ ਫਾਰਮ ਵਿੱਚ ਕੰਮ ਕਰਨ ਲੱਗ ਗਿਆ। ਇਸ ਦੌਰਾਨ ਉਹ ਗੁਆਂਢੀ ਪਿੰਡ ਮੌ ਸਾਹਿਬ (ਫਿਲੌਰ) ਵਿੱਚ ਰਹਿੰਦਿਆਂ ਸ਼ਸਤਰ ਵਿੱਦਿਆ ਦੇ ਆਖ਼ਰੀ ਝੰਡਾ ਬਰਦਾਰ ਮੋਹਿੰਦਰ ਸਿੰਘ ਨੂੰ ਮਿਲਿਆ।
ਇਸ ਸਮੇਂ 'ਦਿ ਸੰਨ', 'ਡੇਲੀ ਮੇਲ' ਅਤੇ ਹੋਰ ਅਖ਼ਬਾਰਾਂ ਵਿੱਚ ਛਾਏ ਨਿਡਰ ਸਿੰਘ ਨੇ ਦੱਸਿਆ ਕਿ ਜਦੋਂ ਉਹ 17 ਸਾਲ ਦਾ ਸੀ ਤਾਂ ਉਹ ਖੇਡਾਂ ਵਿੱਚ ਕਾਫੀ ਰੁਚੀ ਰੱਖਦਾ ਸੀ। ਇਸ ਦੌਰਾਨ ਉਹ ਉਦੋਂ 70ਵਿਆਂ ਤੇ 80ਵਿਆਂ ਦੀ ਉਮਰ ਵਾਲੇ ਗੁਰੂਦੇਵ ਮੋਹਿੰਦਰ ਸਿੰਘ ਨੂੰ ਮਿਲਿਆ। ਜਦੋਂ ਨਿਡਰ ਨੇ ਸੋਟੀ ਨਾਲ ਉਸ ਉੱਪਰ ਹਮਲਾ ਕੀਤਾ ਤਾਂ ਗੁਰੂਦੇਵ ਨੇ ਉਸ ਨੂੰ ਬਿਨਾਂ ਕਿਸੇ ਦਿੱਕਤ ਤੋਂ ਪਰ•ੇ ਸੁੱਟ ਦਿੱਤਾ। ਨਿਡਰ ਦੀ ਤੇਜ਼ੀ ਤੇ ਜਵਾਨੀ ਵਾਲੇ ਜੋਸ਼ ਤੋਂ ਪਾਰ ਪਾਉਣ ਲਈ ਉਨ•ਾਂ ਤਕਨੀਕ ਦੀ ਵਰਤੋਂ ਕੀਤੀ। ਇਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਸ਼ਸਤਰ ਵਿੱਦਿਆ ਅਪਣਾਉਣ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਅਗਲੇ ਗਿਆਰਾਂ ਸਾਲਾਂ ਤੱਕ ਉਹ ਸ਼ਾਦੀਪੁਰ ਪਿੰਡ ਵਿੱਚ ਹੀ ਰਿਹਾ ਅਤੇ ਮੋਹਿੰਦਰ ਸਿੰਘ ਦਾ ਸ਼ਾਗਿਰਦ ਬਣ ਗਿਆ।
ਨਿਡਰ ਨੇ ਆਪਣੀਆਂ ਸਿਖਲਾਈ ਤਕਨੀਕਾਂ ਬਾਰੇ ਦੱਸਿਆ ਕਿ ਇਸ ਦਾ ਪੂਰਾ ਨਾਂ ਸਨਾਤਮ ਸ਼ਸਤਰ ਵਿੱਦਿਆ ਹੈ। ਇਹ ਹਥਿਆਰਾਂ ਨੂੰ ਵਰਤਣ ਦਾ ਵਿਗਿਆਨ ਹੈ। ਇਸ ਦੀਆਂ ਜੜ•ਾਂ ਪੁਰਾਣੇ ਭਾਰਤੀ ਮਾਰਸ਼ਲ ਆਰਟਸ ਵਿੱਚ ਹਨ। ਬਾਅਦ ਵਿੱਚ ਸਿੱਖਾਂ ਵੱਲੋਂ ਇਸ ਤਕਨੀਕ ਨੂੰ ਆਪਣਾ ਲਿਆ ਗਿਆ।
ਸ਼ਸਤਰ ਵਿੱਦਿਆ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਭਾਰਤ ਭਰ ਵਿੱਚ ਮਸ਼ਹੂਰ ਸੀ। ਪਹਿਲੀ ਐਂਗਲੋਂ ਸਿੱਖ ਜੰਗ 1845-1849 ਮਗਰੋਂ ਇਹ ਵਿੱਦਿਆ ਗ਼ਾਇਬ ਹੋ ਗਈ, ਪਰ 1857 ਦੀ ਆਜ਼ਾਦੀ ਦੀ ਪਹਿਲੀ ਜੰਗ ਮਗਰੋਂ ਇਹ ਵਿੱਦਿਆ ਮੁੜ ਉੱਭਰੀ।
ਨਿਡਰ ਸਿੰਘ ਨੇ ਦੱਸਿਆ ਕਿ 1849 ਮਗਰੋਂ ਲੋਕਾਂ ਉੱਤੇ ਛੇ ਇੰਚ ਤੋਂ ਵੱਡੇ ਬਲੇਡ ਵਾਲਾ ਚਾਕੂ, ਅਸਲਾ, ਤਲਵਾਰ ਆਦਿ ਰੱਖਣ ਉੱਤੇ ਪਾਬੰਦੀ ਲੱਗ ਗਈ। ਇਸ ਕਾਰਨ ਇਹ ਵਿੱਦਿਆ ਵੀ ਅਲੋਪ ਹੋ ਗਈ ਅਤੇ ਸਿਰਫ਼ ਇਸ ਦੇ ਕੁਝ ਅੰਸ਼ ਹੀ ਬਾਕੀ ਬਚੇ ਰਹਿ ਗਏ। ਮੋਹਿੰਦਰ ਸਿੰਘ ਵਰਗੇ ਇੱਕਾ-ਦੁੱਕਾ ਲੋਕਾਂ ਨੇ ਹੀ ਇਸ ਰਵਾਇਤ ਨੂੰ ਜ਼ਿੰਦਾ ਰੱਖਿਆ। 1995 ਵਿੱਚ ਉਨ•ਾਂ ਦੀ ਮੌਤ ਮਗਰੋਂ ਨਿਡਰ ਸਿੰਘ ਆਪਣੇ ਸ਼ਬਦਾਂ ਵਿੱਚ ਇਸ ਵਿੱਦਿਆ ਦਾ ਅਤੇ ਗੁਰੂਦੇਵ ਬਾਬਾ ਦਰਬਾਰਾ ਸਿੰਘ ਸ਼ਸਤਰ ਵਿੱਦਿਆ ਅਖਾੜਾ ਦਾ ਆਖ਼ਰੀ ਸਿੱਖ ਯੋਧਾ ਬਚਿਆ ਹੈ। ਸਰੀਰ ਪੱਖੋਂ ਹੱਟਾ-ਕੱਟਾ ਨਿਡਰ ਸਿੰਘ ਹਫ਼ਤੇ ਵਿੱਚ ਤਿੰਨ ਦਿਨ ਕਲਾਸਾਂ ਲਾਉਂਦਾ ਹੈ। ਉਹ ਬਿਨਾਂ ਹਥਿਆਰਾਂ ਤੋਂ ਲੜਨ ਦੀਆਂ ਤਕਨੀਕਾਂ ਸਿਖਾਉਂਦਾ ਹੈ, ਪਰ ਉਹ 16ਵੀਂ ਸਦੀ ਦੇ ਹਥਿਆਰ ਨੇਜ਼ੇ, ਚਾਕੂਆਂ ਅਤੇ ਭਾਲਿਆਂ ਦੀ ਵਰਤੋਂ ਬਾਰੇ ਵੀ ਦੱਸਦਾ ਹੈ। ਪਿਛਲੇ 30 ਸਾਲਾਂ ਤੋਂ ਹਫ਼ਤੇ ਵਿੱਚ 70 ਘੰਟੇ ਸਿਖਲਾਈ ਦੇਣ ਵਾਲਾ ਨਿਡਰ ਸਿੰਘ ਹੁਣ ਸ਼ਸਤਰ ਵਿੱਦਿਆ ਦੀ ਰਵਾਇਤ ਨੂੰ ਕਾਇਮ ਰੱਖਣ ਲਈ ਸ਼ਾਗਿਰਦ ਦੀ ਭਾਲ ਕਰ ਰਿਹਾ ਹੈ।

Wednesday, 9 November 2011

ਗੁਰੂ ਕਾਲ ਦੇ ਸ੍ਰੋਤਾਂ ਵਿਚ ਗੁਰੂ ਨਾਨਕ ਸਾਹਿਬ



ਡਾ. ਗੁਰਸ਼ਰਨਜੀਤ ਸਿੰਘL
ਗੁਰੂ ਨਾਨਕ ਸਾਹਿਬ ਮੱਧਕਾਲੀ ਪੰਜਾਬ ਵਿਚ ਜਨਮੀ ਇਕ ਐਸੀ ਅਦੁੱਤੀ ਅਤੇ ਸਤਿਕਾਰਤ ਸ਼ਖਸੀਅਤ ਸਨ, ਜਿਸ ਦੇ ਤੁੱਲ ਨਾ ਤਾਂ ਉਨ੍ਹਾਂ ਤੋਂ ਪਹਿਲਾਂ ਅਤੇ ਨਾ ਉਨ੍ਹਾਂ ਤੋਂ ਬਾਅਦ ਹੀ ਕੋਈ ਸ਼ਖਸੀਅਤ ਪੰਜਾਬ ਵਿਚ ਹੋਈ ਹੈ। ਉਨ੍ਹਾਂ ਦੇ ਜੀਵਨ-ਕਾਲ (1469-1539ਈ.) ਵਿਚ ਹੀ ਉਨ੍ਹਾਂ ਨੂੰ ‘ਜਗਤ-ਗੁਰੂ’ (ਵਿਸ਼ਵ-ਅਧਿਆਪਕ) ਦਾ ਰੁਤਬਾ ਮਿਲ ਚੁੱਕਾ ਸੀ। ਇਸੇ ਕਾਰਨ ਉਹ ਇੱਥੋਂ ਦੇ ‘ਜਨ-ਨਾਇਕ’ ਬਣ ਗਏ ਤੇ ਸਭ ਧਰਮਾਂ ਦੇ ਲੋਕਾਂ ਵੱਲੋਂ ਸਤਿਕਾਰੇ ਗਏ। ਇਹ ਗੱਲ ਕੇਵਲ ਉਨ੍ਹਾਂ ਨਾਲ ਹੀ ਜੁੜੀ ਹੈ:
ਨਾਨਕ ਸ਼ਾਹ ਫ਼ਕੀਰ।।
ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ।।
ਇਹ ਉਨ੍ਹਾਂ ਦੀ ਬਹੁਤ ਵੱਡੀ ਪ੍ਰਾਪਤੀ ਸੀ ਕਿ ਆਪਸ ਵਿਚ ਨਫ਼ਰਤ ਕਰ ਰਹੀਆਂ ਸਭ ਧਿਰਾਂ ਦੀ ਗੁਰੂ ਨਾਨਕ ਸਾਹਿਬ ਦੇ ਨਾਂ ਉਪਰ ਸਹਿਮਤੀ ਬਣ ਗਈ। ਪੰਜਾਬ ਵਿਚ ਗੁਰੂ ਨਾਨਕ ਸਭ ਦੇ ਸਾਂਝੇ ਆਦਰਸ਼ ਬਣ ਗਏ ਅਤੇ ਉਹ ਵੀ ਸਦੀਵ ਕਾਲ ਲਈ। ਇਸ ਦਾ ਪ੍ਰਮਾਣ ਇਹ ਹੈ ਕਿ ਪੰਜਾਬ ਵਿਚ ਰਚੇ ਜਾ ਰਹੇ ਸਾਹਿਤ ਵਿਚ ਉਨ੍ਹਾਂ ਦੀ ਸ਼ਖਸੀਅਤ ਅਤੇ ਮਾਨਵਵਾਦੀ-ਕਲਿਆਣਕਾਰੀ ਸਿੱਖਿਆ ਉਪਰ ਅਮਿੱਟ ਛਾਪ ਲੱਗੀ ਹੋਈ ਹੈ। ਪ੍ਰਮਾਣੀਕ ਪੰਜਾਬੀਅਤ ਉਪਰ ਗੁਰੂ ਨਾਨਕ ਦਾ ਰੰਗ ਚੜ੍ਹਿਆ ਹੋਇਆ ਹੈ। ਇਹ ਹੈਰਾਨੀ ਦੀ ਗੱਲ ਬਿਲਕੁਲ ਨਹੀਂ ਕਿ ਗੁਰੂ-ਕਾਲ (1469-1708 ਈ.) ਅਤੇ ਉਸ ਤੋਂ ਬਾਅਦ ਵੀ ਲੰਬੇ ਸਮੇਂ ਤੀਕ ਜਿਹੜਾ ਸਥਾਨਕ ਸਾਹਿਤ ਪੈਦਾ ਹੋਇਆ, ਉਹ ਗੁਰੂ ਨਾਨਕ ਸਾਹਿਬ ਨੂੰ ਹੀ ਸਮਰਪਿਤ ਦਿੱਸਦਾ ਹੈ। ਵਿਸ਼ੇਸ਼ ਕਰਕੇ ਗੁਰੂ-ਕਾਲ ਵਿਚ ਤਾਂ ਗੁਰਮੁਖੀ ਸਾਹਿਤ ਹੀ ਪੰਜਾਬ ਵਿਚ ਰਚਿਆ ਗਿਆ ਹੈ ਅਤੇ ਇਹ ਸਾਰੇ ਦਾ ਸਾਰਾ ਗੁਰੂ ਨਾਨਕ ਸਾਹਿਬ ਦਾ ਗੁਣਗਾਨ ਕਰਦਾ ਹੈ। ਸੋ, ਇਹ ਲਿਖਣਾ ਅਤਿਕਥਨੀ ਨਹੀਂ ਹੋਵੇਗਾ ਕਿ ਗੁਰਮੁਖੀ ਸਾਹਿਤ ਦਾ ਆਰੰਭ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਅਤੇ ਉਪਦੇਸ਼ਾਂ ਨੂੰ ਪ੍ਰਚਾਰਨ ਦੇ ਉਦੇਸ਼ ਨਾਲ ਹੀ ਹੋਇਆ ਸੀ।
ਗੁਰੂ ਕਾਲ ਦੌਰਾਨ ਦੋ ਤਰ੍ਹਾਂ ਦਾ ਸਾਹਿਤ ਗੁਰੂ ਨਾਨਕ ਸਾਹਿਬ ਬਾਰੇ ਪ੍ਰਾਪਤ ਹੁੰਦਾ ਹੈ। ਪਹਿਲਾ ਗੁਰਮੁਖੀ ਲਿੱਪੀ ਵਿਚ ਅਤੇ ਦੂਜਾ ਅਰਬੀ ਫਾਰਸੀ ਵਿਚ। ਉਸ ਦੌਰ ਵਿਚ ਅਰਬੀ-ਫ਼ਾਰਸੀ ਵਿਚ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਪਰ, ਜਿਹੜਾ ਕੁਝ ਲਿਖਿਆ ਗਿਆ ਹੈ ਉਹ ਬਹੁਤ ਹੀ ਮਹੱਤਵਪੂਰਨ ਇਸ ਲਈ ਹੈ ਕਿ ਉਹ ਗੈਰ-ਸਿੱਖਾਂ ਨੇ ਲਿਖਿਆ ਹੈ। ਇਸ ਤਰ੍ਹਾਂ ਦੇ ਸਾਹਿਤ ਨੂੰ ਰਚਣ ਵਾਲਿਆਂ ਵਿਚ ਇਕ ਪ੍ਰਸਿੱਧ ਨਾਂ ਮੁਹਸਿਨਫ਼ਾਨੀ ਦਾ ਹੈ, ਜਿਸ ਦੀ ਪੁਸਤਕ ਦਾ ਨਾਂ ‘ਦਾਬਿਸਤਾਨ ਮਜ਼ਾਹਿਬ’ ਹੈ। ਇਹ ਪੁਸਤਕ ਫ਼ਾਰਸੀ ਵਿਚ ਲਿਖੀ ਹੋਈ ਹੈ ਅਤੇ ਇਸ ਦਾ ਲੇਖਕ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਪੰਜਾਬ ਵਿਚ ਆਇਆ ਸੀ ਤੇ ਇਸ ਬਾਰੇ ਇਹ ਵੀ ਸੰਭਾਵਨਾ ਹੈ ਕਿ ਇਹ ਗੁਰੂ ਹਰਿਗੋਬਿੰਦ ਜੀ ਨੂੰ ਮਿਲਿਆ ਵੀ ਸੀ। ਈਰਾਨ ਵਿਚ ਰਹਿਣ ਵਾਲੇ ਮੁਹਸਿਨਫ਼ਾਨੀ ਦਾ ਅਸਲ ਨਾਂ ਮਊਬਦ ਜੁਲਫ਼ੀਕਾਰ ਅਰਜ਼ਸਤਾਨੀ ਸੀ ਅਤੇ ਉਹ ਪਾਰਸੀ ਮਤ ਦਾ ਧਾਰਨੀ ਸੀ। ਉਸ ਨੇ ਆਪਣੀ ਪੁਸਤਕ ਵਿਚ ਭਾਰਤੀ ਧਰਮਾਂ ਬਾਰੇ ਆਪਣਾ ਨਜ਼ਰੀਆ ਪੇਸ਼ ਕਰਦਿਆਂ, ਇਕ ਅਧਿਆਇ ‘ਨਾਨਕ ਪੰਥੀਆਂ’ ਲਿਖਿਆ ਸੀ। ਉਸ ਦੀ ਕਿਤਾਬ 1645ਈ. ਵਿਚ ਪੂਰੀ ਹੋਈ ਸੀ। ‘ਨਾਨਕ ਪੰਥੀਆਂ’ ਦਾ ਲੇਖਕ ਲਿਖਦਾ ਹੈ ਕਿ ਉਸ ਸਮੇਂ ਦੇ ਸਿੱਖ ਗੁਰੂ ਨਾਨਕ ਸਾਹਿਬ ਨੂੰ ਸਰੀਰ-ਰਹਿਤ ਮੰਨਦਿਆਂ ਪਰਮਾਤਮਾ ਹੀ ਦੱਸਦੇ ਸਨ ਅਤੇ ਉਨ੍ਹਾਂ ਦਾ ਇਹ ਵਿਸ਼ਵਾਸ ਵੀ ਸੀ ਕਿ ਮਰਨ ਤੋਂ ਬਾਅਦ ਉਨ੍ਹਾਂ ਦੀ ਰੂਹ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਅੰਗਦ ਵਿਚ ਪ੍ਰਵੇਸ਼ ਕਰ ਗਈ ਸੀ। ਮੁਹਸਿਨਫ਼ਾਨੀ ਦੀ ਲਿਖਤ ਵਿਚ ਬਹੁਤ ਸਮੱਗਰੀ ਸਿੱਖ ਰਵਾਇਤ ਦੀ ਪ੍ਰੋੜਤਾ ਕਰਦੀ ਹੈ। ਪਰ ਕੁਝ ਸਮੱਗਰੀ ਓਪਰੀ ਵੀ ਹੈ। ਸਮਝ ਵਿਚ ਇਹ ਆਉਂਦਾ ਹੈ ਕਿ ਉਸ ਨੂੰ ਸਿੱਖ ਸਿਧਾਂਤਾਂ ਦੀ ਪੂਰੀ ਸਮਝ ਨਹੀਂ ਸੀ।
ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰੂ-ਕਾਲ ਦੇ ਅਰਬੀ-ਫ਼ਾਰਸੀ ਸ੍ਰੋਤਾਂ ਦੀ ਭਾਲ ਕਰੀਏ ਤਾਂ ਅਗਲਾ ਨਾਂ ਭਾਈ ਨੰਦ ਲਾਲ ਦਾ ਆਉਂਦਾ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸਿੱਖ ਅਤੇ ਦਰਬਾਰੀ ਕਵੀ ਸਨ। ਬਾਦਸ਼ਾਹ ਔਰੰਗਜ਼ੇਬ ਤੋਂ ਡਰ ਕੇ, ਆਨੰਦਪੁਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ। ਭਾਈ ਨੰਦ ਲਾਲ ਹੋਰਾਂ ਨੇ ਬਹੁਤ ਸਾਰੀਆਂ ਰਚਨਾਵਾਂ ਰਚੀਆਂ। ਇਨ੍ਹਾਂ ਵਿਚੋਂ ਇਕ ‘ਗੰਜਨਾਮਾ’ ਹੈ, ਜੋ ਕਿ ਫ਼ਾਰਸੀ ਵਿਚ ਹੈ ਅਤੇ ਇਸ ਲਿਖਤ ਦੇ ਪਹਿਲੇ ਤਰਵੰਜਾ ਬੰਦ ਗੁਰੂ ਨਾਨਕ ਸਾਹਿਬ ਪਰਥਾਇ ਹਨ। ਇਸੇ ਤਰ੍ਹਾਂ ਉਨ੍ਹਾਂ ਦੀ ਪੰਜਾਬੀ ਵਿਚ ਮਿਲਦੀ ‘ਜੋਤਿ ਬਿਗਾਸ’ ਰਚਨਾ ਵਿਚ ਤਰਤਾਲੀ ਬੰਦਾਂ ਵਿਚ ਵੀ ਗੁਰੂ ਨਾਨਕ ਸਾਹਿਬ ਦੀ ਉਸਤਤ ਕੀਤੀ ਗਈ ਹੈ। ‘ਗੰਜਨਾਮਾ’ ਵਿਚ ਨਾਨਕ ਦੇ ਅਰਥ ਦੱਸਦਿਆਂ ਭਾਈ ਸਾਹਿਬ ਨੇ ਲਿਖਿਆ ਹੈ ਕਿ ਇਸ ਨਾਂ ਦੇ ‘ਨੂੰਨ’ ਦਾ ਭਾਵ ਨਿਹਮਤਾਂ ਦੇਣ ਵਾਲਾ ਹੈ, ‘ਅਲਿਫ਼’ (ਾ) ਅਕਾਲ ਪੁਰਖ ਦਾ ਲਖਾਇਕ ਹੈ ਅਤੇ ‘ਕਾਫ਼’ (ਕ) ਅੰਤਮ ਮਹਾਂਪੁਰਸ਼ ਦਾ ਸੂਚਕ ਹੈ। ਗੰਜਨਾਮੇ ਅਨੁਸਾਰ ਗੁਰੂ ਨਾਨਕ ਸਾਹਿਬ ਨੂੰ ਵਾਹਿਗੁਰੂ ਨੇ ਇਕ ਵਿਸ਼ੇਸ਼ ਉਦੇਸ਼ ਲਈ ਧਰਤੀ ਉਪਰ ਭੇਜਿਆ ਸੀ। ਇਹੀ ਗੱਲ ਗੁਰਬਾਣੀ ਵਿਚ ਵੀ ਬਿਆਨ ਕੀਤੀ ਹੈ ਅਤੇ ਭਾਈ ਗੁਰਦਾਸ ਹੋਰਾਂ ਨੇ ਵੀ ਲਿਖੀ ਹੈ।
ਇਹ ਹੋ ਨਹੀਂ ਸਕਦਾ ਕਿ ਗੁਰੂ ਨਾਨਕ ਵਰਗੀ ਵੱਡੀ ਸ਼ਖਸੀਅਤ ਧਰਤੀ ਉਪਰ ਵਿਚਰੀ ਹੋਵੇ ਅਤੇ ਉਸ ਬਾਰੇ ਪੰਜਾਬ ਤੋਂ ਬਾਹਰ ਕੁਝ ਲਿਖਿਆ ਨਾ ਗਿਆ ਹੋਵੇ। ਗੁਰੂ ਨਾਨਕ ਸਾਹਿਬ ਬਾਰੇ ਅਜੇ ਹੋਰ ਖੋਜ ਦੀ ਵੱਡੀ ਲੋੜ ਹੈ। ਡਾ. ਹਿੰਮਤ ਸਿੰਘ ਹੋਰਾਂ ਨੇ ਅਜਿਹੀਆਂ ਕੁਝ ਲਿਖਤਾਂ ਦੀ ਟੋਹ ਲਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਹ ਲਿਖਤਾਂ ਅਰਬੀ-ਫ਼ਾਰਸੀ ਵਿਚ ਹਨ ਤੇ ਸਿੱਖ ਵਿਦਵਾਨਾਂ ਦੀ ਪਹੁੰਚ ਤੋਂ ਬਾਹਰ ਹਨ। ਇਨ੍ਹਾਂ ਵਿਚੋਂ ਇਕ 1509 ਈ. ਦਾ ਅਰਬੀ ਭਾਸ਼ਾ ਵਿਚ ਲਿਖਿਆ ਸਫ਼ਰਨਾਮਾ ‘ਸੱਯਾਹਤੋ ਬਾਬਾ ਨਾਨਕ ਫ਼ਕੀਰ’ ਹੈ, ਜਿਹੜਾ ਮਦੀਨੇ ਦੀ ਲਾਇਬਰੇਰੀ ਵਿਚ ਪਿਆ ਦੱਸਿਆ ਗਿਆ ਹੈ। ਡਾ. ਹਿੰਮਤ ਸਿੰਘ ਦੀ ਸੂਚਨਾ ਅਨੁਸਾਰ ਇਸ ਖਰੜੇ ਦਾ ਪੰਜਾਬੀ ਅਨੁਵਾਦ ਸੱਯਦ ਪ੍ਰਿਥੀਪਾਲ ਸਿੰਘ ਨੇ 1927-30 ਦੌਰਾਨ ਕੀਤਾ ਸੀ ਪਰ ਇਹ ਛਪ ਨਹੀਂ ਸਕਿਆ। ਇਸ ਖਰੜੇ ਦਾ ਲੇਖਕ ਤਾਜੁਦੀਨ ਨਕਸ਼ਬੰਦੀ ਦੱਸਿਆ ਹੈ। ਜਿਹੜਾ ਈਰਾਨ ਤੋਂ ਗੁਰੂ ਨਾਨਕ ਸਾਹਿਬ ਦੇ ਨਾਲ ਹਮਸਫ਼ਰ ਬਣ ਕੇ ਮੱਕਾ-ਮਦੀਨਾ ਗਿਆ ਸੀ। ਇਸ ਪੁਸਤਕ ਵਿਚ ਦੱਸਿਆ ਗਿਆ ਕਿ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਦਾ ਬਹੁਤ ਸਤਿਕਾਰ ਕੀਤਾ ਸੀ, ਜਿਸ ਕਾਰਨ ਕੱਟੜਪੰਥੀ ਮੁਸਲਮਾਨਾਂ ਨੇ ਰੁਕਨਦੀਨ ਉਪਰ ਬਹੁਤ ਜ਼ੁਲਮ ਕੀਤੇ। ਇਹ ਵੀ ਪਤਾ ਚਲਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ-ਕਾਲ ਦੇ ਨੇੜੇ-ਤੇੜੇ ਹੀ ਇਕ ਪੁਸਤਕ ‘ਤਾਰੀਖੇ-ਅਰਬ’ ਵੀ ਰਚੀ ਗਈ ਸੀ ਅਤੇ ਇਸ ਵਿਚ ਵੀ ਗੁਰੂ ਨਾਨਕ ਸਾਹਿਬ ਦੀ ਮੱਕੇ ਫੇਰੀ ਦੀ ਗਵਾਹੀ ਮਿਲਦੀ ਹੈ। ਮੱਕੇ ਦੇ ਅਮੀਰ ਨੇ ਗੁਰੂ ਨਾਨਕ ਨੂੰ ‘ਕਾਫ਼ਰ’ ਐਲਾਨਿਆ  ਅਤੇ ਰੁਕਨਦੀਨ ਦੀ ਸਾਰੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦਿੱਤਾ।
ਗੁਰੂ-ਕਾਲ ਦੇ ਗੁਰਮੁਖੀ ਸ੍ਰੋਤਾਂ ਵਿਚ ਸਭ ਤੋਂ ਪਹਿਲਾ ਸਥਾਨ ਗੁਰੂ ਗੰ੍ਰਥ ਸਾਹਿਬ ਦੀ ਰਚਨਾ ਵਿਚ ਗੁਰੂ ਨਾਨਕ ਸਾਹਿਬ ਦੀ ਆਪਣੀ ਰਚੀ ਬਾਣੀ ਹੈ। ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਵਿਚ ਬਾਣੀ ਰਚੀ ਹੈ। ਉਨ੍ਹਾਂ ਦੁਆਰਾ ਰਚੇ ਕੁਝ ਪਦੇ ਉਨ੍ਹਾਂ ਦੇ ਜੀਵਨ ਤੇ ਸ਼ਖਸੀਅਤ ਬਾਰੇ ਉਨ੍ਹਾਂ ਦੇ ਸਵੈ-ਕਥਨ ਵਜੋਂ ਲਏ ਜਾ ਸਕਦੇ ਹਨ। ਸੁਭਾਵਿਕ ਰੂਪ ਵਿਚ ਹਰ ਲੇਖਕ ਦੀ ਲਿਖਤ ਵਿਚ ਕੁਝ ਅਜਿਹੇ ਅੰਸ਼ ਹੁੰਦੇ ਹਨ ਜਿਹੜੇ ਸਿੱਧੇ ਜਾਂ ਅਸਿੱਧੇ ਤੌਰ ’ਤੇ  ਉਸ ਦੇ ਨਿੱਜ ਨਾਲ ਸਬੰਧਤ ਹੁੰਦੇ ਹਨ। ਇਨ੍ਹਾਂ ਹਵਾਲਿਆਂ ਨਾਲ ਵਿਸ਼ਲੇਸ਼ਣ ਕਰਤਾ ਨੂੰ ਲੇਖਕ ਦੀ ਸ਼ਖਸੀਅਤ ਦਾ ਮੁਲਾਂਕਣ ਕਰਨ ਵਿਚ ਮਦਦ ਮਿਲਦੀ ਹੈ। ਬੇਸ਼ੱਕ, ਬਾਣੀ ਇਤਿਹਾਸ ਦਾ ਗੰ੍ਰਥ ਨਹੀਂ ਹੈ। ਪਰ ਡਾ. ਜੇ.ਐਸ. ਗਰੇਵਾਲ ਤੇ ਡਾ. ਸੁਰਜੀਤ ਹਾਂਸ ਆਦਿ ਕਈ ਵਿਦਵਾਨਾਂ ਨੇ ਗੁਰੂ ਕਾਲ ਦਾ ਇਤਿਹਾਸ ਲਿਖਦਿਆਂ ਬਾਣੀ ਨੂੰ ਇਕ ਸ੍ਰੋਤ ਵਜੋਂ ਪ੍ਰਯੋਗ ਕੀਤਾ ਹੈ। ਗੁਰੂ ਨਾਨਕ ਸਾਹਿਬ ਰਚਿਤ ਬਾਣੀ ਵਿਚਲੇ ਅਨੇਕਾਂ ਹਵਾਲੇ ਉਨ੍ਹਾਂ ਦੇ ਗੁਣ, ਸੁਭਾਅ ਅਤੇ ਪ੍ਰਭਾਵ ਬਾਰੇ ਸÉੈ-ਕਥਨ ਹਨ। ਵਿਸ਼ੇਸ਼ ਕਰਕੇ ਬਾਬਰ ਦੇ ਹਮਲੇ ਦੌਰਾਨ ਉਚਾਰਣ ਕੀਤੇ ਗੁਰੂ ਨਾਨਕ ਸਾਹਿਬ ਦੇ ਚਾਰ ਪਦੇ ਉਨ੍ਹਾਂ ਦੀ ਸੰਵੇਦਨਸ਼ੀਲਤਾ ਦੀ ਗਵਾਹੀ ਭਰਦੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਬਾਅਦ ਹੋਏ ਗੁਰੂ ਸਾਹਿਬਾਨਾਂ ਦੀ ਬਾਣੀ ਅਤੇ ਭੱਟਾਂ ਦੇ ਨਾਲ ਸਤੇ-ਬਲਵੰਡ ਦੀ ਬਾਣੀ ਵਿਚ ਵੀ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਕੁਝ ਹਵਾਲੇ ਪ੍ਰਾਪਤ ਹੁੰਦੇ ਹਨ। ਇਨ੍ਹਾਂ ਹਵਾਲਿਆਂ ਵਿਚ ਇਤਿਹਾਸ ਪੱਖ ਤੋਂ ਮਹੱਤਾ ਰੱਖਣ ਵਾਲਾ ਹਵਾਲਾ ਗੁਰੂ ਅੰਗਦ ਦੇਵ ਜੀ ਨੂੰ ਉਤਰਾਧਿਕਾਰੀ ਥਾਪਣ ਵਾਲਾ ਸੀ। ਗੁਰੂ ਅੰਗਦ ਦੇਵ ਜੀ ਦਾ ਇਕ ਸਲੋਕ ਗੁਰੂ ਗੰ੍ਰਥ ਸਾਹਿਬ ਦੇ ਪੰਨਾ 150 ਉਪਰ ਇਹ ਹੈ ਕਿ ‘ਤਿਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਉ’। ਇਸੇ ਤਰ੍ਹਾਂ ਦੀ ਸ਼ਰਧਾਂਜਲੀ ਮ:੪ ਨੇ ਗੁਰੂ ਗੰ੍ਰਥ ਦੇ ਪੰਨਾ 442 ਉਪਰ ਅਤੇ ਮ:੫ ਪੰਨਾ 322, 612 ਤੇ 750 ਉਪਰ ਦਿੱਤੀ ਹੈ। ਭੱਟਾਂ ਨੇ ਗੁਰੂ ਨਾਨਕ ਸਾਹਿਬ ਨੂੰ ਵਿਸ਼ਨੂੰ, ਵਾਮਨ, ਰਾਮ ਤੇ ਕ੍ਰਿਸ਼ਨ ਆਦਿ ਅਵਤਾਰਾਂ ਵਿਚ ਖੜ੍ਹਾ ਕਰਦੇ ਹੋਏ ਉਨ੍ਹਾਂ ਨੂੰ ‘ਰਾਜਯੋਗੀ’ ਦੀ ਸੰਗਿਆ ਵੀ ਦਿੱਤੀ ਹੈ।
ਗੁਰੂ-ਕਾਲ ਦੇ ਗੁਰਮੁਖੀ ਸਾਹਿਤ ਵਿਚ ਭਾਈ ਗੁਰਦਾਸ ਦਾ ਵਿਸ਼ੇਸ਼ ਸਥਾਨ ਹੈ। ਉਸ ਨੇ ਕੁੱਲ ਚਾਲੀ ਵਾਰਾਂ ਦੀ ਰਚਨਾ ਕੀਤੀ, ਜਿਸ ਵਿਚੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਵਿਸਤ੍ਰਿਤ ਪ੍ਰਕਾਸ਼ ਪਾਉਂਦੀ ਹੈ। ਗੁਰੂ-ਕਾਲ ਵਿਚ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਇਕ ਵਿਸ਼ੇਸ਼ ਸਾਹਿਤ ਪੈਦਾ ਹੋਇਆ, ਜਿਸ ਨੂੰ ‘ਜਨਮਸਾਖੀ’ ਕਿਹਾ ਜਾਂਦਾ ਹੈ। ਇਹ ਸਾਹਿਤ ਗੁਰੂ ਨਾਨਕ ਸਾਹਿਬ ਦੇ ਚਲਾਣੇ ਤੋਂ ਤੁਰੰਤ ਪਿੱਛੋਂ ਜਨਮ ਲੈਣ ਲੱਗ ਪਿਆ ਸੀ ਤੇ ਅਠਾਰਵੀਂ ਸਦੀ ਤੀਕ ਇਸ ਦਾ ਵਿਕਾਸ ਹੁੰਦਾ ਰਿਹਾ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਗੁਰਮੁਖੀ ਸਾਹਿਤ ਦਾ ਪਹਿਲਾ ਗਦ-ਰੂਪ ਵੀ ਹੈ। ਜਨਮਸਾਖੀ ਸਾਹਿਤ ਦੋ ਪ੍ਰਕਾਰ ਦਾ ਦਿੱਸਦਾ ਹੈ-ਨਾਨਕ-ਪੱਖੀ ਅਤੇ ਨਾਨਕ-ਵਿਰੋਧੀ। ਦੋਹਾਂ ਤਰ੍ਹਾਂ ਦੇ ਜਨਮਸਾਖੀ ਸਾਹਿਬ ਦਾ ਸਾਂਝਾ ਮਨੋਰਥ ਇਹ ਰਿਹਾ ਕਿ ਗੁਰੂ ਨਾਨਕ ਬਾਰੇ ਇਕ ਮਿੱਥ ਬਣਾਈ ਜਾਵੇ। ਇਸ ਲਈ ਜਨਮਸਾਖੀਆਂ ਵਿਚ ਅਤਿਕਥਨੀਆਂ ਤੇ ਇਤਿਹਾਸ ਵਿਰੋਧੀ ਹਵਾਲਿਆਂ ਦੀ ਬਹੁਤਾਤ ਹੈ। ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਲਿਖਣ ਵਾਲੇ ਵਿਦਵਾਨਾਂ ਨੂੰ ਜਨਮਸਾਖੀ ਸਾਹਿਤ ਦੀ ਵਰਤੋਂ ਬੜੀ ਸੋਚ-ਸਮਝ ਕੇ ਕਰਨੀ ਪੈਂਦੀ ਹੈ। ਅੰਤ ਵਿਚ ਅਸੀਂ ਇਸ ਨਤੀਜੇ ਉਪਰ ਪਹੁੰਚ ਸਕਦੇ ਹਾਂ ਕਿ ਗੁਰੂ-ਕਾਲ ਦੌਰਾਨ ਗੁਰੂ ਨਾਨਕ ਸਾਹਿਬ ਬਾਰੇ ਜੋ ਕੁਝ ਵੀ ਲਿਖਿਆ ਮਿਲਦਾ ਹੈ ਉਹ ਸ਼ਰਧਾ ਵਿਚੋਂ ਪੈਦਾ ਹੋਇਆ ਹੈ ਜਾਂ ਉਨ੍ਹਾਂ ਪ੍ਰਤੀ ਈਰਖਾ ਕਾਰਨ। ਬਹੁਤ ਸਾਰੇ ਨਵੇਂ ਸ੍ਰੋਤਾਂ ਤੀਕ ਪਹੁੰਚ ਕਰਨ ਦੀ ਲੋੜ ਹੈ ਅਤੇ ਇਸ ਲਈ ਦ੍ਰਿੜ ਇਰਾਦੇ ਤੇ ਸਮਰਪਿਤ ਖੋਜ-ਵਿਦਿਆਰਥੀਆਂ ਦੀ ਜ਼ਰੂਰਤ ਹੋੁਵੇਗੀ ਜੋ ਅਰਬੀ, ਫ਼ਾਰਸੀ ਤੇ ਕੁਝ ਹੋਰ ਭਾਸ਼ਾਵਾਂ ਵਿਚ ਪਏ ਮੱਧਕਾਲੀ ਸਾਹਿਤ ਨੂੰ ਖੰਗਾਲ ਲੈਣ। ਸੰਭਵ ਹੈ ਕਿ ਤਿੱਬਤ ਤੇ ਨੇਪਾਲ ਤੋਂ ਇਲਾਵਾ ਸ੍ਰੀਲੰਕਾ ਅਤੇ ਆਸਾਮੀ, ਉੜੀਆ ਤੇ ਬੰਗਾਲੀ ਵਿਚ ਵੀ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਕੁਝ ਸ੍ਰੋਤ ਹੱਥ ਲੱਗ ਜਾਣ। ਸਾਡਾ ਧਿਆਨ ਕੈਨੇਡਾ ਵਿਚ ਵਸਦੇ ਡਾ. ਦਵਿੰਦਰ ਸਿੰਘ ਚਾਹਲ ਦੇ ਲਿਖੇ ਇਕ ਲੇਖ ਨੇ ਇਸ ਪਾਸੇ ਵੀ ਦਿਵਾਇਆ ਹੈ ਕਿ ਇਟਲੀ ਵਿਚ ਵੀ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਰਹੇ ਸਨ ਅਤੇ ਇਸੇ ਤਰ੍ਹਾਂ ਸੋਹਨ ਸਿੰਘ ਖਾਲਸਾ ਦੀ ਇਕ ਪੁਸਤਕ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਸੰਸਕ ਜਰਮਨ ਅਤੇ ਇੰਗਲੈਂਡ ਵਿਚ ਵੀ ਮੌਜੂਦ ਸਨ। ਵੈਸੇ, ਇਨ੍ਹਾਂ ਗੱਲਾਂ ਦੀ ਪੜਤਾਲ ਕਰਨ ਦੀ ਗੁੰਜਾਇਸ਼ ਹੈ। ਜੇ ਇਹ ਧਾਰਨਾ ਦਰੁੱਸਤ ਹੋਵੇ ਤਾਂ ਨਵੇਂ ਖੋਜ-ਵਿਦਿਆਰਥੀਆਂ ਨੂੰ ਇਨ੍ਹਾਂ ਦੇਸ਼ਾਂ ਦੇ ਉਸ ਸਾਹਿਤ ਦਾ ਅਧਿਐਨ ਵੀ ਕਰਨਾ ਪਵੇਗਾ, ਜਿਸ ਦੀ ਰਚਨਾ 1500-1700 ਈ. ਵਿਚ ਹੋਈ ਹੈ। ਇਸ ਤਰ੍ਹਾਂ ਸਾਨੂੰੂ  ਗੁਰੂ ਨਾਨਕ ਜੀ ਬਾਰੇ ਹੋਰ ਕੀਮਤੀ ਸਮੱਗਰੀ ਮਿਲ ਸਕੇਗੀ।
*ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ:  81465-53724

ਚੁਰਾਸੀ ਦੇ ਕਤਲੇਆਮ ਬਾਰੇ ਸਾਹਿਤ ਦੀ ਘਾਟ\ਹਰਬੀਰ ਸਿੰਘ ਭੰਵਰ




ਪੰਜਾਬ ਵਿੱਚ ਸਾਲ 1978 ਦੀ ਵਿਸਾਖੀ ਪਿੱਛੋਂ ਲਗਪਗ ਦੋ ਦਹਾਕੇ ਬਹੁਤ ਹੀ ਹਿਰਦੇਵੇਦਕ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਕਾਰਨ ਸਮੂਹ ਪੰਜਾਬੀਆਂ ਨੇ ਆਪਣੇ ਪਿੰਡੇ ’ਤੇ ਇੱਕ ਸੰਤਾਪ ਹੰਢਾਇਆ ਹੈ। ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉੇਤੇ ਹੋਇਆ ਫ਼ੌਜੀ ਹਮਲਾ ਵਿਸ਼ਵ ਭਰ ਦੇ ਸਿੱਖਾਂ ਲਈ ਵੀਹਵੀਂ ਸਦੀ ਵਿੱਚ ਸਭ ਤੋਂ ਵੱਡਾ ਦੁਖਾਂਤ ਹੈ। ਨਵੰਬਰ 84 ’ਚ ਸਿੱਖਾਂ ਦੇ ਕਤਲੇਆਮ ਨੇ ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰਸ਼ਾਹ ਦੇ ਹਮਲੇ ਤੇ ਕਤਲੇਆਮ ਅਤੇ ਉਸ ਸਮੇਂ ਵਾਪਰੇ ਛੋਟੇ ਤੇ ਵੱਡੇ ਘੱਲੂਘਾਰਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਹ ਸਾਰੀਆਂ ਘਟਨਾਵਾਂ ਆਜ਼ਾਦ ਭਾਰਤ ਦੇ ਇਤਿਹਾਸ ਦਾ ਕਾਲਾ ਅਧਿਆਇ ਹਨ। ਇਹ ਅਫ਼ਸੋਸ ਦੀ ਗੱਲ ਹੈ ਕਿ ਸਾਹਿਤਕਾਰਾਂ ਵੱਲੋਂ ਇਨ੍ਹਾਂ ਕਾਲੇ ਦਿਨਾਂ ਬਾਰੇ ਬਹੁਤ ਘੱਟ ਸਾਹਿਤ ਰਚਿਆ ਗਿਆ ਹੈ। ਫ਼ੌਜੀ ਹਮਲੇ ਬਾਰੇ ਤਾਂ ਪੰਜਾਬੀ ਤੇ ਅੰਗਰੇਜ਼ੀ ਦੇ ਕਈ ਲੇਖਕਾਂ ਨੇ ਪੁਸਤਕਾਂ ਲਿਖੀਆਂ ਹਨ ਪਰ ਨਵੰਬਰ ’84 ਦੇ ਕਤਲੇਆਮ ਬਾਰੇ ਸਾਹਿਤ ਨਾਂ-ਮਾਤਰ ਹੀ ਮਿਲਦਾ ਹੈ, ਭਾਵੇਂ ਕਿ ਦਿੱਲੀ ਸਥਿਤ ਕਈ ਪ੍ਰੋਫੈਸ਼ਨਲ ਪੱਤਰਕਾਰਾਂ ਦੀਆਂ ਇਨ੍ਹਾਂ ਘਟਨਾਵਾਂ ਅਤੇ ਉਨ੍ਹਾਂ ਦੇ ਪਿਛੋਕੜ ਬਾਰੇ ਖ਼ਬਰਾਂ ਤੇ ਵਿਸ਼ੇਸ਼ ਰਿਪੋਰਟਾਂ ਜੋ ਹੁਣ ਇਤਿਹਾਸ ਦਾ ਹਿੱਸਾ ਬਣ ਚੁੱਕੀਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ  ਅੰਗਰੇਜ਼ੀ ਤੇ ਹਿੰਦੀ ਸਮੇਤ ਲਗਪਗ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਸਾਹਿਤਕਾਰ ਰਹਿੰਦੇ ਹਨ, ਇਨ੍ਹਾਂ ਦਿਲ ਹਿਲਾਊ ਘਟਨਾਵਾਂ ਬਾਰੇ ਪਤਾ ਨਹੀਂ ਉਹ ਕਿਉਂ ਖਾਮੋਸ਼ ਰਹੇ ਅਤੇ ਸ਼ੰਵੇਦਨਸ਼ੀਲ ਨਹੀਂ ਹੋਏ।
ਭਾਵੇਂ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ,  ਫ਼ੌਜ ਵੱਲੋਂ ਸਿੱਖਾਂ ਨਾਲ ਕੀਤੀਆਂ ਗਈਆਂ ਜ਼ਿਆਦਤੀਆਂ, ਜ਼ੁਲਮ ਤੇ ਤਸ਼ੱਦਦ ਬਾਰੇ ਸੱਚਾਈ ਦਬਾਉਣ ਲਈ ਪੰਜਾਬ ਵਿੱਚ ਕਰਫਿਊ ਸਮੇਤ ਅਨੇਕਾਂ ਪਾਬੰਦੀਆਂ ਲਗਾਈਆਂ ਗਈਆਂ ਅਤੇ ਪ੍ਰੈਸ ਉੱਤੇ ਸੈਂਸਰਸ਼ਿਪ ਲਗਾ ਦਿੱਤੀ ਗਈ ਸੀ, ਫਿਰ ਵੀ ਇਸ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ। ਅੰਗਰੇਜ਼ੀ ਤੇ ਪੰਜਾਬੀ ਵਿੱਚ ਬਹੁਤ ਕਿਤਾਬਾਂ ਛਪ ਚੁੱਕੀਆਂ ਹਨ। ਹਰ ਪੁਸਤਕ ਨੇ ਇਸ ਦੁਖਾਂਤ ਦਾ ਕੋਈ ਨਾ ਕੋਈ ਪਹਿਲੂ ਉਜਾਗਰ ਕੀਤਾ ਹੈ ਪਰ ਹਾਲੇ ਵੀ ਬਹੁਤ ਕੁਝ ਸਾਹਮਣੇ ਨਹੀਂ ਆਇਆ। ਬਹੁਤ ਕੁਝ ਛੁਪਾਇਆ ਗਿਆ ਹੈ। ਮਿਸਾਲ ਦੇ ਤੌਰ ’ਤੇ ਸਰਕਾਰ ਤੇ ਅਕਾਲੀ ਲੀਡਰਸ਼ਿਪ ਵਿਚਕਾਰ ਹੋਈਆਂ ਗੁਪਤ ਮੀਟਿੰਗਾਂ ਵਿੱਚ ਕੀ ਗੱਲਬਾਤ ਹੋਈ, ਇਹ ਗੱਲਬਾਤ ਸਿਰੇ ਕਿਉਂ ਨਹੀਂ ਚੜ੍ਹ ਸਕੀ, ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਉੱਤੇ ਫ਼ੌਜੀ ਹਮਲਾ ਕਰਨ ਦੀ ਸਲਾਹ ਕਿਸ ਨੇ ਅਤੇ ਕਦੋਂ ਦਿੱਤੀ, ਉਨ੍ਹਾਂ ਫ਼ੌਜ ਨੂੰ ਇਸ ਕਾਰਵਾਈ ਲਈ ਕਦੋਂ ਹੁਕਮ ਦਿੱਤਾ, ਸਾਕਾ ਨੀਲਾ ਤਾਰਾ ਦੌਰਾਨ ਦਰਬਾਰ ਸਾਹਿਬ ਸਮੂਹ ਵਿੱਚ ਕਿੰਨੇ ਸ਼ਰਧਾਲੂ, ਅਕਾਲੀ ਵਰਕਰ ਤੇ ਖਾੜਕੂ ਮਾਰੇ ਗਏ, ਉਨ੍ਹਾਂ ਦੀ ਪਛਾਣ ਕੀਤੀ ਗਈ ਜਾਂ ਨਹੀਂ, ਕਿੰਨੇ ਫ਼ੌਜੀ ਮਾਰੇ ਗਏ, ਖਾੜਕੂ ਨੇਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਿਵੇਂ ਸ਼ਹੀਦ ਹੋਏ, ਜਨਰਲ ਸੁਬੇਗ ਸਿੰਘ ਨਾਲ ਕਿੰਨੇ ਸਾਬਕਾ ਫ਼ੌਜੀ ਹਮਲੇ ਦੌਰਾਨ ਭਾਰਤੀ ਫ਼ੌਜ ਨਾਲ ਲੜੇ ਤੇ ਸ਼ਹੀਦ ਹੋਏ, ਫ਼ੌਜ ਵੱਲੋਂ ਅੰਮ੍ਰਿਤਸਰ ਸ਼ਹਿਰ ਤੇ ਬਾਹਰੋਂ ਕਿੰਨੇ ਲੋਕਾਂ ਨੂੰ ਪਕੜ ਕੇ ਗੋਲੀ ਮਾਰੀ ਗਈ, ਸਿੱਖ ਰੈਫਰੈਂਸ ਲਾਇਬਰੇਰੀ ਨੂੰ ਕਦੋਂ ਤੇ ਕਿਉਂ ਅੱਗ ਲਗਾਈ ਗਈ, ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਤਮ ਸਮਰਪਣ ਕੀਤਾ ਜਾਂ ਸਰਾਂ ਸ੍ਰੀ ਗੁਰੂ ਰਾਮਦਾਸ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਉੱਤੇ ਕਬਜ਼ਾ ਕਰਨ ਪਿੱਛੋਂ ਹਿਰਾਸਤ ਵਿੱਚ ਲਿਆ। ਸਰਕਾਰ ਵੱਲੋਂ ਜਾਰੀ ਕੀਤੇ ‘ਵ੍ਹਾਈਟ ਪੇਪਰ’ ਵਿੱਚ ਸਿੱਖ ਲੀਡਰਸ਼ਿਪ ਉਤੇ ਹਾਲਾਤ ਵਿਗਾੜਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਕਿਹਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਆਧੁਨਿਕ ਹਥਿਆਰ ਲਿਜਾਏ ਗਏ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਕਿਲੇਬੰਦੀ ਕੀਤੀ ਗਈ, ਇਸ ਪਾਵਨ ਅਸਥਾਨ ਤੋਂ ਸੰਤ  ਭਿੰਡਰਾਂਵਾਲੇ ਵੱਲੋਂ ਫ਼ਿਰਕੂ ਨਫ਼ਰਤ ਤੇ ਹਿੰਸਾ ਦਾ ਪ੍ਰਚਾਰ ਕੀਤਾ ਗਿਆ। ਪੰਜਾਬ ਵਿੱਚ ਆਏ ਦਿਨ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਹੋਣ ਲੱਗੀਆਂ ਅਤੇ ਇਹ ਕਾਰਵਾਈਆਂ ਕਰਨ ਵਾਲੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਪਨਾਹ ਲੈਂਦੇ ਰਹੇ ਹਨ। ਇਸ ਦੇ ਉਲਟ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਵ੍ਹਾਈਟ ਪੇਪਰ ਵਿੱਚ ਸਾਰਾ ਦੋਸ਼ ਕਾਂਗਰਸ ਸਰਕਾਰ ’ਤੇ ਮੜ੍ਹਿਆ ਗਿਆ। ਇਹ ਦੋਸ਼ ਲਗਾਇਆ ਗਿਆ ਕਿ ਆਜ਼ਾਦੀ ਦੀ ਲੜਾਈ ਦੌਰਾਨ ਸਿੱਖਾਂ ਨੇ ਅਥਾਹ ਕਰਬਾਨੀਆਂ ਕੀਤੀਆਂ, ਕਾਂਗਰਸ ਨੇ ਉਸ ਸਮੇਂ ਸਿੱਖਾਂ ਨਾਲ ਕੁਝ ਵਾਅਦੇ ਕੀਤੇ ਸਨ, ਜੋ ਆਜ਼ਾਦੀ ਮਿਲਦਿਆਂ ਹੀ ਭੁਲਾ ਦਿੱਤੇ।
ਕਾਂਗਰਸ ਸਰਕਾਰ ਵੱਲੋਂ ਪੰਜਾਬ ਤੇ ਸਿੱਖਾਂ ਨਾਲ ਪੈਰ-ਪੈਰ ’ਤੇ ਧੱਕਾ ਕੀਤਾ ਗਿਆ, ਇਸ ਦੇ ਦਰਿਆਵਾਂ ਦਾ ਪਾਣੀ ਜ਼ਬਰਦਸਤੀ ਗੁਆਂਢੀ ਸੂਬਿਆਂ ਨੂੰ ਦੇ ਦਿੱਤਾ ਗਿਆ, ਘੱਟ ਗਿਣਤੀ ਸਿੱਖਾਂ ਨੂੰ ਦਬਾਉਣ ਦੇ ਯਤਨ ਕੀਤੇ ਗਏ, ਵਗੈਰਾ ਵਗੈਰਾ। ਦੋਨਾਂ ਪਾਸਿਆਂ ਦੇ ਦੋਸ਼ਾਂ ਤੇ ਜਵਾਬੀ ਦੋਸ਼ਾਂ ਵਿੱਚ ਕਿੰਨੀ ਸੱਚਾਈ ਹੈ, ਇਸ ਬਾਰੇ ਵੀ ਬਹੁਤ ਕੁਝ ਅਣਜਾਣਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸ੍ਰੀਮਤੀ ਗਾਂਧੀ ਪੰਜਾਬ ਦੀਆਂ ਮੰਗਾਂ ਬਾਰੇ ਸੰਤ ਭਿੰਡਰਾਂਵਾਲੇ ਨਾਲ ਸਮਝੌਤਾ ਕਰਨਾ ਚਾਹੁੰਦੇ ਸਨ ਅਤੇ ਇਸ ਬਾਰੇ ਉਨ੍ਹਾਂ ਸੰਤ ਜੀ ਨੂੰ 23 ਜਾਂ 24 ਮਈ 1984 ਨੂੰ ਇੱਕ ਪੱਤਰ ਲਿਖਿਆ ਸੀ। ਇਸੇ ਪੱਤਰ ਨੂੰ ਫ਼ੌਜ ਨੇ ਸਿੱਖ ਰੈਫਰੈਂਸ ਲਾਇਬਰੇਰੀ ’ਚੋਂ ਲੱਭਣ ਦਾ ਯਤਨ ਕੀਤਾ, ਨਹੀਂ ਮਿਲਿਆ ਤਾਂ ਅੱਗ ਲਗਾ ਦਿੱਤੀ ਗਈ-ਇਸ ਵਿੱਚ ਕੀ ਸੱਚਾਈ ਹੈ? ਜੇ ਪੱਤਰ ਲਿਖਿਆ ਸੀ ਤਾਂ ਉਸ ਵਿੱਚ ਕੀ ਲਿਖਿਆ ਸੀ, ਬਾਰੇ ਵੀ ਕੁਝ ਭਰੋਸਯੋਗ ਜਾਣਕਾਰੀ ਨਹੀਂ ਮਿਲ ਰਹੀ।
ਸੰਤ ਲੌਂਗੋਵਾਲ, ਸੰਤ ਭਿੰਡਰਾਂਵਾਲੇ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਤੇ ਕਈ ਹੋਰ ਸਿੱਖ ਲੀਡਰ ਸਾਥੋਂ ਵਿਛੜ ਚੁੱਕੇ ਹਨ। ਅੱਜ ਵੀ ਸ. ਪਰਕਾਸ਼ ਸਿੰਘ ਬਾਦਲ, ਸ. ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ. ਸੁਖਦੇਵ ਸਿੰਘ ਢੀਂਡਸਾ ਸਮੇਤ ਕਈ ਸਿੱਖ ਲੀਡਰ ਸਾਡੇ ਵਿਚਕਾਰ ਹਨ, ਜੋ ਉਕਤ ਸਾਰੀਆਂ ਘਟਨਾਵਾਂ ਬਾਰੇ ਬਹੁਤ ਕੁਝ ਚਾਨਣ ਪਾ ਸਕਦੇ ਹਨ। ਉਸ ਸਮੇਂ ਦੇ ਸਿੰਘ ਸਾਹਿਬਾਨ ਵਿੱਚੋਂ ਕੇਵਲ ਗਿਆਨੀ ਸਾਹਿਬ ਸਿੰਘ, ਸਾਬਕਾ ਹੈੱਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ ਹੀ ਜੀਵਤ ਹਨ ਅਤੇ ਉਹ ਅੱਜ-ਕਲ੍ਹ ਜੰਮੂ ਰਹਿੰਦੇ ਹਨ। ਉਨ੍ਹਾਂ ਨੂੰ ਵੀ ਸਾਕਾ ਨੀਲਾ ਤਾਰਾ ਤੇ ਬਾਅਦ ਦੀਆਂ ਘਟਨਾਵਾਂ ਬਾਰੇ ਬਹੁਤ ਕੁਝ ਪਤਾ ਹੈ,ਉਨ੍ਹਾਂ ਨੂੰ ਮਿਲ ਕੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕਈ ਨੇੜਲੇ ਸਾਥੀ, ਜੋ ਉਨ੍ਹਾਂ ਦਿਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਨ ਅਤੇ ਪਿੱਛੋਂ ਫ਼ੌਜ ਵੱਲੋਂ ਹਿਰਾਸਤ ਵਿੱਚ ਲਏ ਗਏ ਤੇ ਜੋਧਪੁਰ ਜੇਲ੍ਹ ਭੇਜੇ ਗਏ, ਜਿਵੇਂ ਕਿ ਭਾਈ ਰਾਮ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਾਜਿੰਦਰ ਸਿੰਘ ਮਹਿਤਾ, ਵਿਧਾਇਕ ਵਿਰਸਾ ਸਿੰਘ ਵਲਟੋਹਾ, ਭਾਈ ਮਨਜੀਤ ਸਿੰਘ ਸਮੇਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਈ ਮੈਂਬਰ ਸਾਨੂੰ ਬਹੁਤ ਸਾਰੀ ਜਾਣਕਾਰੀ ਦੇ ਸਕਦੇ ਹਨ। ਵਿਦਵਾਨਾਂ ਤੇ ਪੱਤਰਕਾਰਾਂ ਨੂੰ ਇਨ੍ਹਾਂ ਤੋਂ ਸਮਾਂ ਲੈ ਕੇ ਇੰਟਰਵਿਊ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਸ੍ਰੀ ਬੀ.ਡੀ.ਪਾਂਡੇ ਉਸ ਸਮੇਂ ਪੰਜਾਬ ਦੇ ਗਵਰਨਰ ਸਨ, ਉਨ੍ਹਾਂ ਨੂੰ ਪੰਜਾਬ ਦੇ ਉਸ ਸਮੇਂ ਦੇ ਸਾਰੇ ਹਾਲਾਤ ਬਾਰੇ ਪੂਰੀ ਜਾਣਕਾਰੀ ਹੈ। ਕਿਹਾ ਜਾਂਦਾ ਹੈ ਕਿ ਉਹ ਫ਼ੌਜੀ ਕਾਰਵਾਈ ਕਰਨ ਦੇ ਖ਼ਿਲਾਫ਼ ਸਨ, ਉਹ ਕਹਿੰਦੇ ਸਨ ਕਿ ਪੰਜਾਬ ਮਸਲਾ ਇੱਕ ਸਿਆਸੀ ਮਸਲਾ ਹੈ ਤੇ ਇਸ ਦਾ ਹੱਲ ਸਿਆਸੀ ਤੌਰ ’ਤੇ ਹੀ ਕੀਤਾ ਜਾਵੇ। ਉਹ ਅੱਜ-ਕ੍ਹਲ ਸ਼ਾਇਦ ਟੀਹੜੀ ਗੜ੍ਹਵਾਲ ਰਹਿ ਰਹੇ ਹਨ। ਨਾਮਵਰ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਨੇ ਇੱਕ ਵਾਰੀ ਮੈਨੂੰ ਕਿਹਾ ਸੀ ਕਿ ਉਹ ਸ੍ਰੀ ਪਾਂਡੇ ਨਾਲ ਮੁਲਾਕਾਤ ਕਰਨਗੇ, ਸ਼ਾਇਦ ਆਪਣੀ ਸਿਹਤ ਤੇ ਰੁਝੇਵਿਆਂ ਕਾਰਨ ਅਜਿਹਾ ਨਹੀਂ ਕਰ ਸਕੇ। ਕੋਈ ਹੋਰ ਪੱਤਰਕਾਰ ਜਾਂ ਵਿਦਵਾਨ ਇਹ ਯਤਨ ਕਰੇ ਤਾਂ ਬਹੁਤ ਕੁਝ ਨਵੀਂ ਜਾਣਕਾਰੀ ਪ੍ਰਾਪਤ ਹੋ ਜਾਵੇ।
ਪੰਜਾਬ ਨਾਲ ਸਬੰਧਤ ਅਨੇਕਾਂ ਫ਼ੌਜੀ ਅਫ਼ਸਰਾਂ ਤੇ ਜਵਾਨਾਂ ਨੇ ਫ਼ੌਜੀ ਕਾਰਵਾਈ ਵਿੱਚ ਹਿੱਸਾ ਲਿਆ ਸੀ। ਪੰਜਾਬ ਦੇ ਅਨੇਕਾਂ ਸਿਵਲ ਤੇ  ਪੁਲੀਸ ਅਧਿਕਾਰੀਆਂ ਨੇ ਫ਼ੌਜੀ ਕਾਰਵਾਈ ਦੌਰਾਨ ਸਹਿਯੋਗ ਦਿੱਤਾ ਸੀ। ਉਹ ਲਗਪਗ ਸਾਰੇ ਹੁਣ ਸੇਵਾਮੁਕਤ ਹੋ ਚੁੱਕੇ ਹਨ, ਉਨ੍ਹਾਂ ਨਾਲ ਵੀ ਸੰਪਰਕ ਕਰਕੇ ਜਾਣਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਾਕਾ ਨੀਲਾ ਤਾਰਾ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਅਤੇ ਇਤਿਹਾਸ ਨੂੰ ਸਹੀ ਲਿਖਣ ਲਈ ਅਜਿਹੇ ਯਤਨ ਜ਼ਰੂਰੀ ਹਨ। ਇਸੇ ਤਰ੍ਹਾਂ ਨਵੰਬਰ ’84 ਦੇ ਦੇਸ਼ ਵਿਆਪੀ ਵਿਸ਼ੇਸ਼ ਕਰਕੇ ਦਿੱਲੀ ਵਿੱਚ ਸਿੱਖ ਵਿਰੋਧੀ ਦੰਗਿਆਂ ਸਬੰਧੀ ਨਾਵਲ, ਕਹਾਣੀਆਂ ਅਤੇ ਹੋਰ ਖੋਜ ਸਾਹਿਤ ਲਿਖਿਆ ਜਾਣਾ ਜ਼ਰੂਰੀ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਇਤਿਹਾਸ ਦੇ ਇਨ੍ਹਾਂ ਕਾਲੇ ਦਿਨਾਂ ਦੀ ਦਾਸਤਾਨ ਤੋਂ ਜਾਣੂ ਹੋ ਸਕਣ। ਇਸ ਲਈ ਨੌਜਵਾਨ ਪੱਤਰਕਾਰਾਂ, ਵਿਦਵਾਨਾਂ  ਤੇ ਸਾਹਿਤਕਾਰਾਂ ਨੂੰ ਏਧਰ ਧਿਆਨ ਦੇਣਾ ਚਾਹੀਦਾ ਹੈ।
*  ਸੰਪਰਕ:98762-95829

Tuesday, 1 November 2011

'ਇਕਬਾਲ ਸਿੰਘ ਲਾਲਪੁਰਾ 'ਦੇ ਆਰਟੀਕਲ


                                 ਭ੍ਰਿਸ਼ਟਾਚਾਰ ਨੈਤਿਕਤਾ ਅਤੇ ਕਾਨੂੰਨ
 
  ਸਰਕਾਰ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਪਾਸੋਂ ਜਾਇਜ਼ ਕੰਮ ਸਮੇਂ ਸਿਰ ਕਰਵਾਉਣ, ਗੈਰ ਕਾਨੂੰਨੀ, ਨਿਯਮਾਂ ਦੇ ਵਿਰੁੱਧ ਕੰਮਾਂ ਵਿੱਚ, ਮੱਦਦ ਲੈਣ ਲਈ ਉਹਨਾਂ ਨੂੰ ਦਿੱਤੀ ਜਾਂਦੀ ਰਾਸ਼ੀ ਭ੍ਰਿਸ਼ਟਾਚਾਰ ਦੀ ਪ੍ਰੀਭਾਸ਼ਾ ਵਿੱਚ ਆਉਂਦੀ ਹੈ।ਰਿਸ਼ਵਤ ਦੇਣ ਦੀ ਲੋੜ ਉਦੋਂ ਹੀ ਪੈਂਦੀ ਹੈ,ਜਦੋਂ ਆਮ ਜਨਤਾ ਨੂੰ ਇਹ ਲੱਗੇ ਕਿ ਸਬੰਧਿਤ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਉਨਾਂ ਦੀ ਸ਼ਿਕਾਇਤ ਅੱਗੋਂ ਉੱਚ ਅਫਸਰਾਂ ਵਲੋਂ ਨਹੀਂ ਸੁਣੀ ਜਾਵੇਗੀ ਅਤੇ ਅਧਿਕਾਰੀ ਨੂੰ ਨਿਯਮਾਂ ਤੋਂ ਦੂਰ ਗੈਰ ਕਾਨੂੰਨੀ ਕਾਰਵਾਈ ਕਰਨ ਤੇ ਉਸ ਵਿਰੁੱਧ, ਉੱਚ ਅਧਿਕਾਰੀ ਕੋਈ ਕਾਰਵਾਈ ਨਹੀਂ ਕਰਨਗੇ।ਭ੍ਰਿਸ਼ਟਾਚਾਰ ਭਾਵੇਂ ਮੁਗਲ ਰਾਜ ਤੋਂ ਪਹਿਲਾਂ ਹੀ ਭਾਰਤੀ ਸਮਾਜ ਵਿੱਚ ਘਰ ਕਰ ਗਿਆ ਸੀ।ਪਰ ਉਹ ਹਾਕਮ ਵਿਦੇਸ਼ੀ ਸਨ ਤੇ ਭਾਰਤੀਆਂ ਨੂੰ ਦੂਰ ਰੱਖਕੇ, ਉਨ੍ਹਾਂ ਦਾ ਸਰੀਰਕ ਤੇ ਆਰਥਿਕ ਸੋਸ਼ਣ ਕਰਨਾ ਚਾਹੁੰਦੇ ਸਨ।ਸਾਲ ੧੯੪੭ ਅਜ਼ਾਦੀ ਤੋਂ ਬਾਅਦ ਲੋਕ ਰਾਜ ਵਿੱਚ ਵੀ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਜਾਂ ਉਨਾਂ ਦੀ ਮਿਲੀ ਭੁਗਤ ਨਾਲ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਚੁੱਕਾ ਭ੍ਰਿਸ਼ਟਾਚਾਰ ਚਿੰਤਾ ਦਾ ਵਿਸ਼ਾ ਹੈ।ਪਿੰਡ ਤੇ ਸ਼ਹਿਰਾਂ ਵਿੱਚ ਵਿਕਾਸ ਲਈ ਉਪਲਬਧ ਰਾਸ਼ੀ ਵਿਚੋਂ ਵੱਡਾ ਹਿੱਸਾ ਖੁਰਦ-ਬੁਰਦ ਕਰ ਲਿਆ ਜਾਂਦਾ ਹੈ ਅਤੇ ਇਸ ਦੇ ਬਾਰੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਅੱਜ ਤੱਕ ਪਾਰਲੀਮੈਂਟ ਵਿੱਚ, ਗਵਾਹੀ ਭਰਦੇ ਆ ਰਹੇ ਹਨ, ਕਦੇ ਤਾਂ ਇਹ ਆਖਕੇ ਚੁੱਪ ਕਰ ਜਾਂਦੇ ਹਨ ਕਿ ਭ੍ਰਿਸ਼ਟਾਚਾਰ ਦਾ ਪੈਸਾ ਭਾਰਤ ਵਿੱਚ ਹੀ ਰਹੇਗਾ, ਕਦੇ ਕੋਈ ਕਮਿਸ਼ਨ ਜਾਂ ਨਵੇਂ ਕਾਨੂੰਨ ਲੋਕ ਭਾਵਨਾਵਾਂ ਸ਼ਾਂਤ ਕਰਨ ਲਈ ਬਣਾਏ ਜਾਂਦੇ ਹਨ।ਪਰ ਅੱਜ ਤੱਕ ਨਾ ਤਾਂ ਪ੍ਰਭਾਵਸ਼ਾਲੀ ਕਾਰਵਾਈ ਹੋਈ ਹੈ ਅਤੇ ਨਾ ਹੀ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਘਟਿਆ ਹੈ।ਹੁਣ ਤਾਂ ਜ਼ਿਆਦਾ ਦੋਸ਼ ਸਵਿਟਜ਼ਰਲੈਂਡ ਤੇ ਹੋਰ ਵਿਦੇਸ਼ਾਂ ਵਿੱਚ ਭਾਰਤੀ ਧਨ ਗੈਰਕਾਨੂੰਨੀ ਢੰਗ ਨਾਲ ਜਮ੍ਹਾਂ ਕਰਵਾਉਣ ਦੇ ਹੀ ਲੱਗ ਰਹੇ ਹਨ।

 ਦੇਸ਼ ਦੀ ਜਟਿਲ ਕਾਨੂੰਨ ਵਿਵਸਥਾ ਵਿੱਚ ਸਰਕਾਰੀ ਅਧਿਕਾਰੀਆਂ ਦੀ ਨੱਕ ਹੇਠ ਉਨਾਂ ਦੀ ਮਿਲੀ ਭੁਗਤ ਨਾਲ, ਆਮਦਨ ਕਰ, ਵਿਕਰੀ ਕਰ, ਅਕਸਾਇਜ਼ ਕਰ ਤੇ ਸੇਵਾ ਕਰ ਦੀ ਚੋਰੀ ਵਿੱਚ ਜ਼ਿਆਦਾਤਰ ਕਾਰਖਾਨੇਦਾਰ,ਵਪਾਰੀ ਤੇ ਕਾਰੋਵਾਰੀ ਲਿਪਤ ਹਨ।ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਵਾਲਿਆਂ ਲਈ ਭ੍ਰਿਸ਼ਟਾਂ ਵਲੋਂ ਲੱਖ ਪ੍ਰੇਸ਼ਾਨੀਆਂ ਖੜੀਆਂ ਕੀਤੀਆਂ ਜਾਂਦੀਆਂ ਹਨ, ਪਰ ਟੈਕਸਾਂ ਦੀ ਚੋਰੀ ਕਰਨਾ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਅਤਿ ਸੌਖਾ ਕੰਮ ਹੈ।ਠੀਕ ਕੰਮ ਕਰਦਿਆਂ ਵੀ ਜੇਕਰ ਪ੍ਰੇਸ਼ਾਨੀ ਝੱਲਣੀ ਪਵੇ ਤਾਂ ਫਿਰ ਅਧਿਕਾਰੀਆਂ ਦੀ ਭਾਈਵਾਲੀ ਨਾਲ ਸਰਕਾਰੀ ਟੈਕਸ ਦੀ ਚੋਰੀ ਕਰਨਾ ਲੋਕਾਂ ਲਈ ਅਸਾਨ ਉਪਾਅ ਨਜ਼ਰ ਆਉਂਦਾ ਹੈ, ਇਸ ਤਰਾਂ ਟੈਕਸ ਇਕੱਠੇ ਕਰਨ ਵਾਲੇ ਅਧਿਕਾਰੀ ਹੀ ਕਾਰੋਵਾਰੀਆਂ ਨੂੰ ਇਸ ਭ੍ਰਿਸ਼ਟ ਕਾਰਜ਼ ਵਿੱਚ ਸ਼ਾਮਲ ਹੋਣ ਲਈ ਪ੍ਰੇਰਦੇ ਤੇ ਮਜ਼ਬੂਰ ਕਰ ਰਹੇ ਹਨ।ਚੌਕਸੀ ਵਿਭਾਗ ਵੀ ਲੋਕ ਪੱਖੀ ਹੋਣ ਦੀ ਥਾਂ ਭ੍ਰਿਸ਼ਟ ਅਧਿਕਾਰੀਆਂ ਦਾ ਸਾਥੀ ਬਣਦਾ ਹੈ ਅਤੇ ਕਈ ਥਾਂ ਤੇ ਚੌਕਸੀ ਵਿਭਾਗ ਦੇ ਹਿੱਸੇ ਦੇ ਨਾਂ ਤੇ ਵੀ ਪੈਸੇ ਇਕੱਠੇ ਕੀਤੇ ਜਾਂਦੇ ਹਨ।ਇਸ ਭ੍ਰਿਸ਼ਟ ਤੰਤਰ ਵਿੱਚ ਇੱਕ-ਅੱਧ ਇਮਾਨਦਾਰ ਵਿਅਕਤੀ ਦੀ ਅਵਾਜ਼ ਆਮ ਲੋਕਾਂ ਤੱਕ ਨਹੀਂ ਪਹੁੰਚਦੀ।ਜੇਕਰ ਕੋਈ ਚੰਗਾ ਵਿਅਕਤੀ ਜਾਂ ਨੇਕ ਨੀਯਤ ਅਧਿਕਾਰੀ ਭ੍ਰਿਸ਼ਟਾਚਾਰ ਵਿਰੋਧੀ ਗਲ ਕਰਨ ਦੀ ਕੋਸ਼ਿਸ਼ ਕਰਦਾ ਹੈ,ਤਾਂ ਪਹਿਲਾ ਤੀਰ ਭ੍ਰਿਸ਼ਟ-ਤੰਤਰ ਵਲੋਂ ਅਜਿਹੇ ਵਿਅਕਤੀ ਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਾਉਣ ਦਾ ਛੱਡਿਆ ਜਾਂਦਾ ਹੈ,ਫਿਰ ਉਸ ਵਿਰੁੱਧ ਇਨਕੁਆਰੀ ਰਾਂਹੀਂ ਪ੍ਰੇਸ਼ਾਨੀਆਂ ਦਾ ਲੰਬਾ ਦੌਰ ਆਰੰਭ ਹੁੰਦਾ ਹੈ, ਕਈ ਵਾਰ ਤਾਂ ਝੂਠੀਆਂ ਗਵਾਹੀਆਂ ਰਾਂਹੀਂ ਇਮਾਨਦਾਰ ਵਿਅਕਤੀ ਜੇਲ੍ਹ ਵਿੱਚ ਵੀ ਪੁੱਜ ਜਾਂਦੇ ਹਨ।ਸਰੀਰਕ ਤੌਰ ਤੇ ਵੀ ਸੱਟ-ਚੋਟ ਮਾਰ ਕੇ ਡਰਾਉਣ ਦੀ ਕੋਸ਼ਿਸ਼ ਵੀ ਹੁੰਦੀ ਹੈ।

 ਸ੍ਰੀ ਅੰਨਾ ਹਜ਼ਾਰੇ ਵਲੋਂ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਬਿੱਲ ਪਾਸ ਕਰਵਾਉਣ ਲਈ ਕੀਤੇ ਜਾ ਰਹੇ ਉੱਦਮ ਸ਼ਲਾਘਾਯੋਗ ਹਨ ਅਤੇ ਇਸ ਮੁਹਿੰਮ ਵਿੱਚ ਸਾਰੇ ਦੇਸ਼ ਦੇ ਲੋਕ ਉਸ ਦੇ ਨਾਲ ਹਨ।ਪਹਿਲਾਂ ਵੀ ਸ੍ਰੀ ਰਾਮ ਮਨੋਹਰ ਲੋਹੀਆ, ਸ੍ਰੀ ਜੈ ਪ੍ਰਕਾਸ਼ ਨਰਾਇਣ ਅਤੇ ਸ੍ਰੀ ਵਿਸ਼ਵਾਨਾਥ ਪ੍ਰਤਾਪ ਸਿੰਘ ਜੀ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਅਜਿਹੇ ਯਤਨ ਕੀਤੇ ਗਏ ਸਨ ਤੇ ਲੋਕ ਰਾਏ ਤੇ ਸਮਰਥਨ ਵੀ ਉਨਾਂ ਦੇ ਨਾਲ ਸੀ।ਪਰ ਉਨਾਂ ਦੇ ਰਾਹ ਵਿੱਚ ਭ੍ਰਿਸ਼ਟਾਚਾਰੀਆਂ ਵਲੋਂ, ਦੇਵਤਿਆਂ ਦੇ ਯੱਗ ਵਿੱਚ ਦਾਨਵਾਂ ਵਲੋਂ ਰੁਕਾਵਟਾਂ ਖੜੀਆਂ ਕਰਨ ਤੇ ਵਿਘਨ ਪਾਉਣ ਵਾਂਗ ਅਨੇਕ ਮੁਸ਼ਕਲਾਂ ਖੜੀਆਂ ਕੀਤੀਆਂ ਗਈਆਂ।ਵਿਦੇਸ਼ਾਂ ਵਿੱਚ ਪੈਸੇ  ਜਮਾਂ ਕਰਨ ਦੇ ਝੂਠੇ  ਦੋਸ਼ ਵੀ ਉਨ੍ਹਾਂ ਤੇ ਲਾਏ ਗਏ, ਭਾਵੇਂ ਇਹ ਇਲਜ਼ਾਮ ਝੂਠ ਹੀ ਸਾਬਤ ਹੋਏ, ਫਿਰ ਭ੍ਰਿਸ਼ਟ ਆਗੂਆਂ ਨੇ ਉਨ੍ਹਾਂ ਨਾਲ ਸ਼ਾਮਲ ਹੋ ਕੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਅੰਤ ਵੀ ਕਰ ਦਿੱਤਾ।ਅੱਜ ਵੀ ਸ੍ਰੀ ਅੰਨਾ ਹਜ਼ਾਰੇ ਤੇ ਪਹਿਲਾਂ  ਦੋਸ਼ ਲਾਏ ਗਏ ਅਤੇ ਝੂਠੇ ਪਾਏ ਜਾਣ ਤੇ ਮੁਆਫੀ ਵੀ ਮੰਗਣੀ ਪਈ।

            ਨੈਤਿਕਤਾ ਸਮਾਜ ਦੀ ਪਰਖ ਦੀ ਤੱਕੜੀ ਹੈ ਅਤੇ ਕਾਨੂੰਨ ਅਦਾਲਤਾਂ ਵਿੱਚ ਗਵਾਹੀ ਤੋਲਣ ਲਈ।ਸ੍ਰੀ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਇੱਕ ਅਤਿ ਪਵਿੱਤਰ ਕਾਰਜ਼ ਹੈ, ਉਨ੍ਹਾਂ ਦੇ ਸਹਿਯੋਗੀਆਂ, ਸ੍ਰੀ ਮਤੀ ਕਿਰਨ ਬੇਦੀ, ਸ੍ਰੀ ਪ੍ਰਸ਼ਾਂਤ ਭੂਸ਼ਨ ਤੇ ਸ੍ਰੀ ਅਰਵਿੰਦ ਕੇਜਰੀ ਵਾਲ ਤੇ ਵੀ ਕਈ ਤਰਾਂ ਦੀ ਅਨੈਤਿਕਤਾ ਦੇ ਦੋਸ਼ ਲਾਏ ਜਾ ਰਹੇ ਹਨ।ਕਿਸੇ ਵੀ ਮਹਾਨ ਕਾਰਜ ਦੀ ਸਫਲਤਾ ਲਈ ਇਹ ਜਰੂਰੀ ਹੁੰਦਾ ਹੈ ਕਿ ਆਗੂ  ਦੇ ਸਾਥੀਆਂ ਖਿਲਾਫ ਵਿਰੋਧੀਆਂ ਨੂੰ ਉਂਗਲੀ ਚੁੱਕਣ ਦਾ ਮੌਕਾ ਨਾ ਮਿਲੇ।ਸਹਿਯੋਗੀ ਸੱਜਨਾ ਨੂੰ ਇਸ ਪਾਸੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਆਪਣੇ ਆਚਰਣ ਨੂੰ ਕਾਨੂੰਨ ਅਤੇ ਨੈਤਿਕਤਾ ਦੀ ਪਰਖ ਦੇ ਮਿਆਰ ਤੇ ਉੱਚ-ਪਾਏ ਦਾ ਰੱਖਣਾ ਚਾਹੀਦਾ ਹੈ, ਤਾਂ ਜੋ ਵਿਰੋਧ ਕਰਨ ਵਾਲੇ, ਭੋਲ੍ਹੀ ਜਨਤਾ ਦੇ ਦਿਲ ਵਿੱਚ ਆਗੂ ਪ੍ਰਤੀ ਸ਼ੰਕਾ ਪੈਦਾ ਕਰਨ ਵਿੱਚ ਕਾਮਯਾਬ ਨਾ ਹੋ ਸਕਣ।
    ਵਿਕਸਤ ਦੇਸ਼ਾਂ ਵਿੱਚ ਅਨੈਤਿਕਤਾ ਨੂੰ ਵੀ ਅਪਰਾਧ ਮੰਨਿਆ ਜਾਂਦਾ ਹੈ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਬਿਲ ਕਲਿੰਟਨ ਸਮੇਤ ਅਨੇਕਾਂ ਰਾਜਨੀਤਿਕ ਆਗੂਆਂ ਨੂੰ ਇਸ ਅਧਾਰ ਤੇ ਮਹਾਂ-ਦੋਸਾਂ ਦਾ ਸਾਹਮਣਾ ਕਰਨਾ ਪਿਆ ਜਾਂ ਗੱਦੀ ਛੱਡਣੀ ਪਈ ਹੈ।ਪਰ ਭਾਰਤ ਵਰਗੇ ਹਰ ਸਮੇਂ ਧਰਮ,ਨੈਤਿਕਤਾ ਤੇ ਮਰਿਆਦਾ ਦੀਆਂ ਕਹਾਣੀਆਂ ਬਿਆਨ ਕਰਨ ਵਾਲੇ ਦੇਸ਼ ਵਿੱਚ ਅਜੇ ਤੱਕ ਭ੍ਰਿਸ਼ਟਾਚਾਰ ਦੇ ਵਾਧੇ ਬਾਰੇ ਕਿਸੇ ਨੇ ਨੈਤਿਕ ਜ਼ਿੰਮੇਵਾਰੀ ਨਹੀਂ ਲਈ ਅਤੇ ਅੱਗੇ ਤੋਂ ਇਸ ਨੂੰ ਕਾਬੂ ਕਰਨ ਦੀ ਯੋਜਨਾ ਬੰਦੀ ਵੀ ਨਹੀਂ ਹੋਈ ਹੈ। ਰਾਜਸੀ ਲਾਭ ਲਈ ਹੀ, ਇੱਕ-ਦੂਜੇ ਤੇ ਚਿੱਕੜ ਸੁੱਟਣ ਦੀਆਂ ਖਬਰਾਂ, ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਭਾਰਤ ਵਿੱਚ ਅਜੇ ਤੱਕ ਨੈਤਿਕ ਕਦਰਾਂ ਨੂੰ ਮੰਨਣ ਵਾਲੇ ਵਿਅਕਤੀਆਂ ਦਾ ਸਨਮਾਨ ਅਤੇ ਅਨੈਤਿਕਤਾ ਭਰੇ ਜੀਵਨ ਵਾਲੇ ਆਗੂਆਂ ਵਿਰੁੱਧ ਲੋਕ ਅਵਾਜ਼ ਬੁਲੰਦ ਨਹੀਂ ਹੋਈ।ਨੈਤਿਕਤਾ ਨੂੰ ਅੱਖੋਂ ਪਰੋਖੇ ਕਰਕੇ ਕੇਵਲ ਕਨੰੂੰਨੀ ਤੌਰ ਤੇ ਸਜ਼ਾ ਹੋ ਚੁੱਕੇ ਵਿਅਕਤੀਆਂ ਨੂੰ ਹੀ ਲੋਕਸਭਾ ਤੇ ਵਿਧਾਨਸਭਾ ਦੀ ਚੋਣ ਤੇ ਕਨੂੰਨੀ ਪਾਬੰਦੀ ਲਾ ਕੇ ਭ੍ਰਿਸ਼ਟਾਚਾਰਆਂ ਤੇ ਅਪਰਾਧੀਆਂ ਦੇ ਕਾਨੂੰਨ ਬਣਾਉਣ ਵਾਲੀਆਂ ਸੰਸਥਾਵਾਂ ਦੇ ਮੈਂਬਰ ਬਣਨ ਤੋਂ ਨਹੀਂ ਰੋਕਿਆ ਜਾ ਸਕਿਆ ਹੈ, ਕਿਉਂਕਿ ਅਦਾਲਤੀ ਮੁਕੱਦਮੇ ਲੰਬੀ ਪ੍ਰਕਿਰਿਆ ਹੁੰਦੀ ਹੈ, ਜਿੱਥੇ ਦੋਸ਼ੀ ਨਾਲੋਂ ਵੱਧ ਪ੍ਰੇਸ਼ਾਨੀ ਮੁਦੱਈ ਨੂੰ ਝੱਲਣੀ ਪੈਂਦੀ ਹੈ ਅਤੇ ਉਸ ਨੂੰ ਗਵਾਹਾਂ ਦਾ ਗੁਲਾਮ ਵੀ ਬਣਨਾ ਪੈਂਦਾ ਹੈ।
 ਪਹਿਲਾਂ ਸਰਕਾਰੀ ਕਰਮਚਾਰੀਆਂ ਦੀ ਇਮਾਨਦਾਰੀ ਦੀ ਸਾਖ ਨੂੰ ਧਿਆਨ ਵਿੱਚ ਰੱਖ ਕੇ ਉਨਾਂ ਦੀਆਂ ਨਿਯੁਕਤੀਆਂ ਅਤੇ ਤਰੱਕੀਆਂ ਕੀਤੀਆਂ ਜਾਂਦੀਆਂ ਸਨ।ਹੁਣ ਕੇਵਲ ਅਦਾਲਤੀ ਸਜ਼ਾ ਹੀ ਭ੍ਰਿਸ਼ਟ ਕਰਮਚਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਸਕਦੀ ਹੈ, ਬਹੁਤੀ ਵਾਰ ਸਰਕਾਰਾਂ ਅਦਾਲਤ ਵਲੋਂ ਸਜ਼ਾ ਹੋਏ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਨਹੀਂ ਕਰਦੀਆਂ।ਇਸ ਨਾਲ ਕਰਮਚਾਰੀਆਂ ਵਿੱਚ ਭ੍ਰਿਸ਼ਟਾਚਾਰ ਕਾਬੂ ਵਿੱਚ ਆਉਣ ਦੀ ਥਾਂ ਭਾਰਤ ਵਿੱਚ ਦਿਨੋਂ-ਦਿਨ ਵੱਧ ਰਿਹਾ ਹੈ।ਸਮਾਜ ਵਿੱਚ ਨੈਤਿਕਤਾ ਸਥਾਪਤ ਕਰਨ ਲਈ ਅਤੇ ਜਨਤਾ ਦਾ ਵਿਸ਼ਵਾਸ਼ ਜਿੱਤਣ ਲਈ ਆਗੂਆਂ ਵਿਰੁੱਧ ਕਾਨੂੰਨੀ ਤੌਰ ਤੇ ਦੋਸ਼ਾਂ ਨੂੰ ਸਾਬਿਤ ਕਰਨ ਦੀ ਥਾਂ ਕੇਵਲ ਅਨੈਤਿਕਤਾ ਨੂੰ ਹੀ ਅਧਾਰ ਮੰਨਣਾ ਚਾਹੀਦਾ ਹੈ।
    ਸ੍ਰੀ ਅੰਨਾ ਹਜ਼ਾਰੇ ਜੀ ਦੇ ਸਹਿਯੋਗੀਆਂ ਵਲੋਂ ਵੀ ਭ੍ਰਿਸ਼ਟਾਚਾਰ ਲਈ ਕੇਵਲ ਇੱਕ ਹੀ ਰਾਜਸੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦੋਂ ਕਿ ਦੇਸ਼ ਵਿੱਚ ਕਈ ਵਾਰ ਵਿਰੋਧੀ ਧਿਰ ਦੀਆਂ ਸਰਕਾਰਾਂ ਵੀ ਬਣ ਚੁੱਕੀਆਂ ਹਨ ਤੇ ਉਨ੍ਹਾਂ ਸਰਕਾਰਾਂ ਨੇ ਵੀ ਭ੍ਰਿਸ਼ਟਾਚਾਰ ਨੂੰ ਸਮਾਪਤ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਕੀ ਉਹ ਸਭ ਇਮਾਨਦਾਦ ਹਨ? ਭ੍ਰਿਸ਼ਟਾਚਾਰ ਦੇਸ਼ ਦੇ ਹਰ ਸੂਬੇ ਵਿੱਚ ਘਰ ਕਰ ਚੁੱਕਾ ਹੈ ਭਾਂਵੇਂ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ। ਕੇਂਦਰ ਦੀ ਸਰਕਾਰ ਨੂੰ ਅੱਜ ਵੀ ਕਈ ਦੂਜੀਆਂ ਪਾਰਟੀਆਂ ਦਾ ਅੰਦਰੋਂ ਜਾਂ ਬਾਹਰੋਂ ਸਹਿਯੋਗ ਪ੍ਰਾਪਤ ਹੈ, ਜਿਸ ਕਾਰਨ ਭ੍ਰਿਸ਼ਟਾਚਾਰ ਲਈ ਕਿਸੇ ਇੱਕ ਪਾਰਟੀ ਨੂੰ ਦੋਸ਼ੀ ਮੰਨਿਆ ਜਾਣਾ, ਸਚਾਈ ਤੋਂ ਮੂੰਹ ਮੋੜਨ ਵਾਲੀ ਗੱਲ ਹੈ।ਅਜਿਹੀ ਸਥਿਤੀ ਵਿੱਚ ਇੱਕ ਭ੍ਰਿਸ਼ਟ ਦਾ ਵਿਰੋਧ ਕਰਕੇ ਦੂਜੇ ਭ੍ਰਿਸ਼ਟ ਨੂੰ ਮਜਬੂਤ ਕਰਨ ਵਾਲੀ ਗੱਲ ਹੋਵੇਗੀ ਜਿਵੇਂ ਪਹਿਲਾਂ ਹੁੰਦਾ ਰਿਹਾ ਹੈ।
ਦੇਸ਼ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਲਈ, ਨੈਤਿਕਤਾ ਨੂੰ ਪਰਖ ਦੀ ਕਸੌਟੀ ਅਤੇ ਇਨਸਾਫ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਸਮੇੰ ਦੀ ਲੋੜ ਹੈ। ਲੋਕ ਪਾਲ ਦੀ ਕੇਵਲ  ਨਿਯੁਕਤੀ ਹੀ ਸੁਧਾਰ ਲਈ ਕਾਫੀ ਨਹੀਂ, ਸੰਪੂਰਨ ਢਾਂਚੇ ਨੂੰ ਬਦਲਣ ਦੀ ਲੋੜ ਹੈ, ਜਿਥੇ ਕਿਸੇ ਨੂੰ ਸਰਕਾਰੀ ਟੈਕਸ ਚੋਰੀ ਕਰਨ ਦੀ ਲੋੜ ਤੇ ਹਿੰਮਤ ਨਾ ਹੋਵੇ ਅਤੇ ਭ੍ਰਿਸ਼ਟ ਅਧਿਕਾਰੀਆਂ ਤੇ ਰਾਜਸੀ ਆਗੂਆਂ ਦੇ ਗੱਠਜੋੜ ਨੂੰ ਵੀ ਤੋੜਿਆ ਜਾ ਸਕੇ।ਇਸ ਕਾਰਜ ਲਈ ਪਿੰਡ ਤੇ ਮੁਹੱਲਾ ਪੱਧਰ ਤੇ ਲਾਮਬੰਦੀ ਤੇ ਜਾਗ੍ਰਿਤੀ ਮੁਹਿੰਮ ਲੈ ਜਾਣ  ਦੀ ਲੋੜ ਹੈ, ਨਹੀਂ ਤਾਂ ਪਹਿਲਾਂ ਬਣੇ ਕਾਨੂੰਨ ਤੇ ਕਮਿਸ਼ਨਾਂ ਵਾਂਗ ਲੋਕ ਪਾਲ ਵੀ ਰਿਟਾਇਰ ਹੋ ਚੁੱਕੇ ਨੌਕਰਸ਼ਾਹਾ ਤੇ ਜੱਜ ਸਾਹਿਬਾਨ ਲਈ ਨੌਕਰੀ ਵਿੱਚ ਵਾਧੇ ਲਈ ਹੀ ਸਹਾਈ ਹੋਵੇਗਾ ਅਤੇ ਲੋਕ ਪਾਲ ਤੇ ਨਜ਼ਰ ਰੱਖਣ ਲਈ ਇੱਕ ਹੋਰ ਲੋਕ ਪਾਲ ਬਣਾਉਣਾ ਪਏਗਾ ਤੇ ਇਹ ਸਿਲਸਿਲਾ ਨਾ ਖਤਮ ਹੋਣ ਵਾਲਾ ਹੋ ਸਕਦਾ ਹੈ।



                                       ਪੰਜਾਬ ਦਾ ਸਭਿਆਚਾਰ






ਸਭਿਆਚਾਰ ਸ਼ਬਦ ਸੱਭਿਆ+ਆਚਾਰ ਦੋ ਸ਼ਬਦਾਂ ਦਾ ਜੋੜ ਹੈ।ਜਿਸ ਨਿਵੇਕਲੀ ਜੀਵਨ ਵਿਧੀ ਨਾਲ ਮਨੁੱਖ, ਜੀਵਨ ਦੇ ਸਮੂਹ ਸਮਾਜਿਕ, ਅਧਿਆਤਮਕ, ਆਰਥਕ, ਰਾਜਨੀਤਿਕ ਖੇਤਰ ਵਿੱਚ ਉੱਨਤੀ ਕਰੇ,ਆਪਣੇ ਖਿੱਤੇ ਜਾਂ ਭਰਾਵਾਂ ਵਿੱਚ ਰਹਿੰਦੇ, ਸੁੱਖ-ਸ਼ਾਂਤੀ ਤੇ ਆਨੰਦ ਪ੍ਰਾਪਤ ਕਰੇ ਅਤੇ ਉਹ ਕਾਰਜ, ਜਿਨਾਂ ਨਾਲ ਆਪਣੀਆਂ ਨਵੀਆਂ ਪੀੜੀਆਂ ਲਈ ਚੰਗੀ ਉਦਾਹਰਣ ਪੇਸ਼ ਕਰੇ, ਉਨਾਂ ਨੂੰ ਸਭਿਅਕ ਕਾਰਜ  ਤੇ ਉੱਥੋਂ ਦੀ ਸਭਿਅਤਾ ਕਿਹਾ ਜਾਂਦਾ ਹੈ।ਇਸ ਰਾਂਹੀਂ ਹੀ ਕਿਸੇ ਸਮਾਜ, ਪ੍ਰਦੇਸ਼ ਜਾਂ ਦੇਸ਼ ਦੀ, ਵਿਲੱਖਣ ਜੀਵਨ ਦੇ ਅਦਰਸ਼ ਦੀ ਝਲਕ ਨਜ਼ਰ ਆਉਂਦੀ ਹੈ।ਦੁਨੀਆਂ ਦੇ ਹਰ ਦੇਸ਼ ਤੇ ਸਭਿਅਤਾ ਦੀ ਵੱਖਰੀ-ਵੱਖਰੀ ਜੀਵਨ ਸ਼ੈਲੀ ਹੁੰਦੀ ਹੈ।ਇੱਕ ਹੀ ਦੇਸ਼ ਵਿੱਚ ਵੱਖ-ਵੱਖ ਧਰਮਾਂ, ਪ੍ਰਾਂਤਾਂ, ਜਾਤਾਂ ਦੇ ਲੋਕਾਂ ਦਾ ਵੱਖਰਾ-ਵੱਖਰਾ ਜੀਵਨ ਦਾ ਢੰਗ, ਰੀਤੀ ਰਿਵਾਜ਼ ਹੁੰਦੇ ਹਨ।ਭਾਰਤ ਇੱਕ ਪੁਰਾਣੀ ਸਭਿਅਤਾ ਵਾਲਾ ਦੇਸ਼ ਹੈ ਅਤੇ ਜੀਵਨ ਦੇ ਹਰ ਖੇਤਰ ਵਿੱਚ ਇੱਕ-ਸੂਰਤਾ ਤੇ ਇੱਕ-ਸਾਰਤਾ ਦੇ ਨੇਕ ਨਿਯਮ ਵੀ ਦਰਜ਼ ਮਿਲਦੇ ਹਨ, ਪੁਰਾਣਿਕ ਧਾਰਮਿਕ ਗ੍ਰੰਥਾਂ, ਰਮਾਇਣ ਅਤੇ ਗੀਤਾ ਵਿੱਚ ਉੱਤਮ ਜੀਵਨ ਸ਼ੈਲੀ ਦਾ ਵਰਣਨ ਕੀਤਾ ਗਿਆ ਹੈ।ਹਰ ਵਰ੍ਹੇ ਅੱਸੂ ਮਹੀਨੇ ਦੇ ਨਰਾਤਿਆਂ ਵਿੱਚ ਰਾਮ-ਲੀਲਾ ਦਾ ਆਯੋਜਨ ਕਰਕੇ ਮਰਿਆਦਾ ਪ੍ਰਸ਼ੋਤਮ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਕਾਲ ਨਾਲ ਸਬੰਧਿਤ ਸੁੰਦਰ ਗੁਣਾਂ ਦਾ ੯ ਦਿਨਾਂ ਤੱਕ, ਲੋਕਾਂ ਸਾਹਮਣੇ, ਨਾਟਕੀ ਰੁਪਾਂਤਰਨ ਪੇਸ਼ ਕੀਤਾ ਜਾਂਦਾ ਹੈ, ਜਿਸ ਵਿੱਚ ਪਿਤਾ ਦੇ ਹੁਕਮ ਦੀ ਪਾਲਣਾ, ਭਰਾਵਾਂ ਦੇ ਪਿਆਰ, ਸੇਵਾ, ਤਿਆਗ, ਪਤੀ-ਵਰਤਾ ਜੀਵਨ, ਰਾਜਨੀਤਿਕ ਕੁਸ਼ਲਤਾ, ਨਿਸ਼ਕਾਮ ਭਗਤੀ, ਕੀਤੇ ਬਚਨਾਂ ਦੀ ਪਾਲਣਾਂ ਅਤੇ ਬੁਰਿਆਈ ਤੇ ਹਮੇਸ਼ਾਂ ਨੇਕੀ ਦੀ ਜਿੱਤ ਦਾ ਉਪਦੇਸ਼ ਉਜਾਗਰ ਕੀਤਾ ਜਾਂਦਾ ਹੈ।ਇਤਿਹਾਸਕ ਪਾਤਰ ਸ਼ਸ਼ਤਰ ਤੇ ਸ਼ਾਸ਼ਤਰ ਵਿੱਚ ਨਿਪੁੰਨ ਸਨ ਅਤੇ ਆਪਣੀ ਪ੍ਰਜਾ ਅਤੇ ਰਾਜ ਦੀ ਰਾਖੀ ਕਰਨ ਦੇ ਯੋਗ ਸਨ।ਸ਼ਸ਼ਤਰ ਦਾ ਤਿਆਗ ਕਰਕੇ ਦੇਸ਼ ਕਰੀਬ ਇੱਕ ਹਜ਼ਾਰ ਸਾਲ ਦੀ ਗੁਲਾਮੀ ਵਿੱਚ ਰਿਹਾ,ਕਿਉਂਕਿ, ਭਾਰਤੀਆਂ ਨੂੰ ਸ਼ਸ਼ਤਰ ਅਤੇ ਸ਼ਾਸ਼ਤਰਾਂ ਬਾਰੇ ਗਿਆਨ ਅਤੇ  ਨਿਪੁੰਨਤਾ ਨਾ ਹੋਣ ਕਾਰਨ ਕੋਈ ਵੀ ਵਿਦੇਸ਼ੀ ਆ ਕੇ  ਰਾਜ ਕਾਇਮ ਕਰ ਲੈਂਦਾ ਰਿਹਾ ਹੈ।

੧੫ ਵੀ ਸਦੀ ਵਿੱਚ ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਇੱਕ ਵੱਖਰੀ ਜੀਵਨ ਸ਼ੈਲੀ ਧਾਰਮਿਕ ਖੇਤਰ ਵਿੱਚ ਉਜਾਗਰ ਕੀਤੀ, ਜਿਸ ਰਾਂਹੀ ਕਰਮ-ਕਾਂਡ ਦਾ ਤਿਆਗ ਕਰਕੇ ਅਕਾਲ-ਪੁਰਖ ਦੀ ਪੂਜਾ ਕਰਨਾ, ਲੋੜ ਬੰਦ ਦੀ ਸੇਵਾ ਅਤੇ ਡਰ ਤੋਂ ਰਹਿਤ ਬਹਾਦਰੀ ਵਾਲਾ ਜੀਵਨ ਜਿਊਣ ਦਾ ਚਿੱਤਰਣ ਕੀਤਾ।ਇਸ ਨਵੇਂ ਧਾਰਮਿਕ ਸਭਿਆਚਾਰ ਵਿੱਚ "ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਬੰਦਿਆਂ ਵਿਚੇ ਹੋਏ ਮੁਕਤ" ਦੀ ਆਨੰਦ-ਮਈ ਸੋਚ ਪ੍ਰਧਾਨ ਸੀ ਅਤੇ 'ਜੇ ਜੀਵਿਆਂ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ' ਦੇ ਨਾਲ ਗੁਲਾਮੀ ਤੋਂ ਮੁਕਤੀ ਲਈ ਪ੍ਰੇਰਣਾ ਵੀ ਸੀ। ਇਸ ਜੀਵਨ ਜਾਂਚ ਨੂੰ ਅਪਣਾaੁਂਦਿਆਂ ਪੰਜਾਬੀਆਂ ਨੇ ੧੮ ਵੀ ਸਦੀ ਦੇ ਸ਼ੁਰੂ ਵਿੱਚ ਹੀ ਦੇਸ਼ ਵਿਚੋਂ ਗੁਲਾਮੀ ਦਾ ਖਾਤਮਾ ਕਰ ਦਿੱਤਾ ਅਤੇ ਜਾਤ-ਪਾਤ ਰਹਿਤ "ਏਕ ਪਿਤਾ ਏਕਸ ਕੇ ਹਮ ਬਾਰਿਕ" ਦੇ ਨਵੇਂ ਫਲਸਫੇ ਨੂੰ ਅਪਣਾਇਆ।ਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ ਕਿ "ਨਾ ਹਿੰਦੂ ਨਾ ਮੁਸਲਮਾਨ,ਪੰਜਾਬ ਵਸਦਾ ਗੁਰਾਂ ਦੇ ਨਾਂ"  ਇਸ ਦੀ ਜੀਵੰਤ ਮਿਸਾਲ ਪੰਜਾਬ ਦੇ ਹਰ ਫਿਰਕੇ ਦੇ ਲੋਕਾਂ ਵਲੋਂ ਛੂਤ-ਛਾਤ ਦਾ ਤਿਆਗ ਅਤੇ ਲੰਗਰ ਪ੍ਰਥਾ ਨੂੰ ਅਪਣਾਉਣਾ ਹੈ।ਭਾਈ ਗੁਰਦਾਸ ਜੀ ਨੇ ਵੀ ਗੁਰੂ ਸਾਹਿਬ ਦੇ ਜੀਵਨ ਦੇ ਪ੍ਰਭਾਵ ਬਾਰੇ ਦਰਜ਼ ਕੀਤਾ "ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੁ, ਮੁਸਲਿਮ ਕਾ ਪੀਰ" ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਗੁਰੂ ਸਾਹਿਬ ਦੇ ਅੰਤਿਮ ਸਮੇਂ ਦੀਆਂ ਯਾਦਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ।

ਪੁਰਾਤਨ ਸਮੇਂ ਵਿੱਚ ਪਿੰਡ ਦੀ ਧੀ ਸਭ ਦੀ ਧੀ ਹੁੰਦੀ ਸੀ ਅਤੇ ਹਰ ਨੌਜਵਾਨ ਦੀ ਛੋਟੀ-ਵੱਡੀ ਭੈਣ ਸਮਝੀ ਜਾਂਦੀ, ਪਿੰਡ ਵਿੱਚ ਤਾਂ ਕੀ ਮਾਂ-ਬਾਪ ਦਾਦੀ-ਦਾਦੇ ਦੇ ਗੋਤਰ ਵਿੱਚ ਵੀ ਵਿਆਹ ਮਰਿਆਦਾ ਦੇ ਉਲਟ ਸਮਝਿਆ ਜਾਂਦਾ ਸੀ, ਅਜਿਹੀ ਗਲਤੀ ਲਈ  ਭਾਈਚਾਰੇ ਵਿੱਚੋਂ ਛੇਕਣ ਵਰਗੀ ਸਜਾ ਭੁਗਤਣੀ ਪੈਂਦੀ ਸੀ।ਦੋਸਤਾਂ ਦੀ ਥਾਂ ਪੱਗ-ਵੱਟ ਭਰਾ ਅਦਰਸ਼ ਭਾਈ ਚਾਰੇ ਦੀ ਪਵਿੱਤਰਤਾ ਅਤੇ ਬਚਨ-ਬੱਧਤਾ ਪੂਰੇ ਸਮਾਜ ਨੂੰ ਇੱਕ ਪਰਿਵਾਰ ਵਿੱਚ ਬੰਨਦੀ ਸੀ।ਪਿੰਡ ਦਾ ਹਰ ਵਿਅਕਤੀ ਜਾਤ-ਪਾਤ, ਧਰਮ ਦੇ ਵਿਖਰੇਂਵੈ ਤੋਂ ਉੱਤੇ ਉੱਠ ਕੇ ਸਭ  ਨੌਜਵਾਨ ਪੀੜ੍ਹੀ ਦਾ ਭਾਈ, ਚਾਚਾ, ਤਾਇਆ ਹੁੰਦਾ ਸੀ ਅਤੇ ਬੱਚੇ ਉਸ ਦਾ ਭੈਅ ਤੇ ਮਾਣ ਆਪਣੇ ਵਡੇਰਿਆਂ ਵਾਂਗ ਹੀ ਮਨ ਵਿੱਚ ਰੱਖਦੇ ਸਨ।

ਗੁਰਮਤਿ ਮਰਿਆਦਾ ਵੀ ਸਮਾਜਿਕ ਨਿਯਮਾਂ ਨੂੰ ਇਸ ਤਰਾਂ ਬਿਆਨ ਕਰਦੀ ਹੈ,  ਸੰਗਤ ਆਈ ਮਾਈ-ਭੈਣ ਤੇ ਭੈੜੀ ਨਜ਼ਰ ਰੱਖਣ ਵਾਲਾ  ਦੋਸ਼ੀ ,ਗਰੀਬ ਨਾਲ ਭਾਈਚਾਰਕ ਸਾਂਝ ਨਾ ਬਣਾਉਣੀ, ਕਰੋਧੀ ਹੋਣਾ, ਅਤਿਥੀ ਦਾ ਧੰਨ ਖੋਹਣਾ, ਕੀਤੇ ਕੌਲ ਦੀ ਪਾਲਣਾ ਨਾ ਕਰਨਾ, ਔਰਤ ਦਾ ਨਾਚ ਜਾਂ ਗੀਤ ਸੁਣਨਾ ਅਤੇ ਪਰਾਈ ਔਰਤ ਨਾਲ ਰਿਸ਼ਤਾ ਕਾਇਮ ਕਰਨਾ, ਕਿਸੇ ਦੀ ਨਿੰਦਾ ਕਰਨੀ, ਜੂਆ ਖੇਡਣਾ, ਚੋਰੀ ਕਰਨੀ, ਸ਼ਰਾਬ, ਭੰਗ, ਤਮਾਕੂ, ਹੁੱਕਾ, ਚਰਸ, ਗਾਂਜਾ, ਟੋਪੀ ਤਾੜੀ ਅਤੇ ਖਾਕੂ ਨੂੰ ਵਰਤਣਾ ਦੰਡਯੋਗ  ਅਪਰਾਧ। ਇਸ ਸੱਭਿਆਚਾਰ ਵਿੱਚ ਗਿਆਨੀ ਉਹ ਜਿਸਦੀ ਕਰਨੀ ਤੇ ਕਥਨੀ ਵਿੱਚ ਅੰਤਰ ਨਾ ਹੋਵੇ , ਧਰਮੀ  ਉਹ ਜੋ ਸਾਰੇ ਧਰਮਾਂ ਨੂੰ ਬਰਾਬਰ ਸਮਝੇ ਅਤੇ  ਦੂਜੇ ਧਰਮ ਨੂੰ ਮੰਨਣ ਵਾਲਿਆਂ  ਦੀਆਂ  ਰਸਮਾਂ ਵਿੱਚ ਅੜਿਕਾ ਨਾ ਬਣੇ।

ਪੰਜਾਬ ਦੇ ਸੱਭਿਆਚਾਰ ਵਿੱਚ ਗੀਤ ਸੰਗੀਤ ਲਈ ਵੀ ਵਿਸ਼ੇਸ਼ ਥਾਂ ਰਹੀ ਹੈ ਪਰ ਮਰਿਆਦਾ ਅੰਦਰ।ਵਿਆਹ ਸ਼ਾਦੀ ਦੇ ਸ਼ਗਨ, ਜਿਸ ਵਿੱਚ ਘੋੜੀਆਂ, ਸੁਹਾਗ, ਬੋਲੀਆਂ, ਗਿੱਧਾ, ਭੰਗੜਾ, ਸਿੱਠਣੀਆਂ, ਨਾਨਕੀ ਛੱਕ, ਮਹਿੰਦੀ ਦੀ ਰਸਮ, ਚੌਂਕਾ ਪੂਰਨਾ, ਵੱਟਣਾ ਲਾਉਣਾ, ਸਿਹਰਾ-ਬੰਦੀ, ਸੁਰਮੇ ਦੀ ਰਸਮ, ਸਲਾਮੀ ਲਗਾaਣਾ, ਇੰਜੜੀ ਦੀ ਰਸਮ, ਘੋੜੀ ਚੜ੍ਹਨਾ ਗਾaਂਦਿਆਂ ਹੀ ਸੋਭਦੇ ਹਨ।ਪੰਜਾਬ ਦੇ ਚੰਗੇ ਉੱਤਮ ਤੇ ਅਸਲ ਸਭਿਆਚਾਰ ਦਾ ਸ਼ਬਦ-ਚਿੱਤਰ ਘੜ੍ਹਦੇ ਪੁਰਾਤਨ ਲੇਖਕਾਂ ਨੇ, ਪੰਜਾਬੀਆਂ ਦੇ ਇਸ਼ਟ, ਗੁਰੂ-ਪੀਰ, ਦੇਵਤੇ ਤੇ ਸਾਧ-ਸੰਤਾਂ ਦੇ ਕਈ ਤਰਾਂ ਦੇ ਰੂਪਾਂ ਨੂੰ, ਸਿਆਲਾਂ ਵਿੱਚ ਧੂਣੀਆਂ ਸੇਕਣਾ, ਸੱਥ ਵਿੱਚ ਬੈਠ ਕੇ ਰਾਜਨੀਤੀ,  ਬ੍ਰਾਹਮਣਾ, ਮਹਾਜਨਾਂ, ਤੇ ਪਿੰਡ ਦੇ ਸ਼ਾਹਾਂ ਦੀਆਂ ਗਿਆਨ ਭਰਪੂਰ ਗੱਲਾਂ, ਸਮੱਸਿਅਵਾਂ ਨੂੰ ਸਾਂਝੇ ਤੌਰ ਤੇ ਵਿਚਾਰਨਾ, ਗਾਲੜ੍ਹੀਆਂ ਤੇ ਗਪੌੜਿਆਂ ਦੀਆਂ ਗੱਪਾਂ ਨਾਲ ਢਿੱਡੀਂ ਪੀੜਾਂ ਪੈਣਾ, ਸਮਾਜ ਦੇ ਵਹਿਮ-ਭਰਮ, ਤਿਥ-ਤਿਉਹਾਰ, ਲੋਹੜੀ, ਦੀਵਾਲੀ, ਦੁਸਿਹਰਾ, ਹੋਲੀ ਤੇ ਤੀਆਂ ਵਰਗੇ ਸਰਵ-ਧਰਮ ਤਿਉਹਾਰਾਂ ਬਾਰੇ , ਵਿਆਹ ਵੇਲੇ ਵਿਚੋਲਿਆਂ ਦਾ ਉਹਲਾ ਤੇ ਲੋਕਾਂ ਦੀਆਂ ਭਾਨੀਆਂ, ਜਨਮ-ਵਿਆਹ, ਖੁਸ਼ੀ-ਗਮੀਂ, ਮੌਤ ਵੇਲੇ ਦੀਆਂ ਰਸਮਾਂ ਨੂੰ ਗੀਤ ਤੇ ਕਵਿਤਾਵਾਂ ਦੇ ਰੂਪ ਵਿੱਚ ਲਿਖਿਆ ਹੈ। ਜਿਸ ਨਾਲ ਸਹਿਜੇ ਹੀ ਪੰਜਾਬੀ ਸਭਿਆਚਾਰ ਦੀ ਅੰਦਰੂਨੀ ਤਸਵੀਰ ਉੱਭਰਦੀ ਹੈ, ਕੁਝ ਬੰਨਗੀਆਂ ਇਸ ਤਰ੍ਹਾਂ ਹਨ:- ਪੰਜਾਬੀ  ਨਸ਼ੇ ਵਿਰੁੱਧ , "ਪੋਸਤਾ ਦਿਲ ਦੋਸਤਾ ਤੇਰਾ ਮੁੱਢੋਂ ਪੁਟਾਵਾਂ ਬੂਟਾ। ਵਸਦੇ ਘਰ ਉਜਾੜ ਕੇ ਹੱਥ ਫੜਾਵੇਂ ਠੂਠਾ॥ ਚਾਹ ਨੂੰ ਨਸ਼ਾ ਮੰਨ ਕੇ; ਅਜ ਕੱਲ ਦਾ ਗੁਰਸਿੱਖ ਜੇ ਦੇਖੋ ਕਰਤੂਤ ਕੀ ਕਰੇਂਦਾ ਅੰਿਮ੍ਰਤ ਵੇਲੇ ਉੱਠ ਕੇ ਚੁੱਲੇ ਦੁਆਲੇ ਹੋਏ ਬਹਿੰਦਾ।ਦੋ ਸੇਰ ਪਾਣੀ ਪਾਇ ਕੇ ਮਨਮੁਖ ਕਾੜ੍ਹਾ ਕੜ੍ਹੰਦਾ। ਤੱਤੇ ਪਾਣੀ ਨਾਲ ਪੇਟ ਭਰ ਕੇ ਕੂਨੇ ਵਾਂਗ ਛਲਕੰਦਾ। ਮਨਮੁਖ ਅਤਿ ਮੰਦੀ ਹੂੰ ਮੰਦਾ।ਸਮਾਜਿਕ ਕਦਰਾਂ-ਕੀਮਤਾਂ ਬਾਰੇ; ਸ਼ਾਹ ਬਿਨਾਂ ਪੱਤ ਨਹੀਂ।ਗੁਰੂ ਬਿਨਾਂ ਗੱਤ ਨਹੀਂ।ਨਾਰੀ ਬਿਨਾਂ ਜਤ ਨਹੀਂ।ਆਪਣੇ ਮੂੰਹੋਂ ਆਪ ਮੀਆਂ ਮਿੱਠੂ ਬਣਨ ਬਾਰੇ;  ਵੱਡਾ ਵਡਿਆਈ ਨਾ ਕਰੇ,ਵੱਡਾ ਨਾ ਬੋਲੇ ਬੋਲ।ਹੀਰਾ ਮੂੰਹੋਂਨਾ ਆਖਦਾ ਮੇਰਾ ਹੈ ਲੱਖ ਮੋਲ।ਬੁਰ੍ਹੇ ਚਰਿੱਤਰ ਦੀ ਪਛਾਣ; ਤਿੰਨ ਕਰੜੇ ਨਾ ਭਲੇ, ਇਸਤਰੀ, ਘੋੜਾ, ਕਮਾਣ।ਅੁਹ ਰਣ ਮੇ ਗਿਆ ਭੂਰਕੜੇ ਉਸ ਦਾ ਨਾ ਛੁਟੇ ਬਾਣ।ਅੁਹ ਬੋਲਿਆਂ ਸਿਰ ਚੜ੍ਹੇ ਘਰ ਆਏ ਮਹਿਮਾਨ।ਵਿਅਕਤੀ ਦੀ ਪਰਖ ਬਾਰੇ; ਧੀਰਜ ਧਰਮ ਮਿੱਤਰ ਔਰ ਨਾਰੀ, ਬਿਪਤਾ ਕਾਲ ਪਰਖੀਏ ਚਾਰੀ।ਸੁੰਦਰ ਔਰਤ ਤੇ ਖੂਬਸੂਰਤ ਮਰਦ ਦੀ ਪਹਿਚਾਣ;  ਸਿੰਘ ਬਾਂਕੇ ਮਰਦ ਸੋਹੇ ਸੁੰਮ ਬਾਂਕੇ ਘੋੜੀਆਂ।ਮੁੱਛ ਬਾਂਕੀ ਮਰਦ ਸੋਹੇ,ਨੈਣ ਬਾਂਕੇ ਗੋਰੀਆਂ।ਸਾਧੂ ਪੈਸੇ ਦਾ ਭੁੱਖਾ ਨਹੀਂ;   ਪੱਲੇ ਰਿਜਕ ਨਾ ਰੱਖਦੇ ਪੰਛੀ ਤੇ ਦਰਵੇਸ਼।ਜਿਨਾਂ ਤੱਕਿਆ ਰੱਬ ਦਾ ਤਿਨਾ ਰਿਜਕ ਹਮੇਸ਼।ਗਿਆਨ ਦੀ ਗੱਲ;  ਅੰਨੇ ਅੱਗੇ ਮੁਜਰਾ, ਬੋਲੇ ਅੱਗੇ ਗੱਲ।ਗੂੰਗੇ ਹੱਥ ਸੁਨੇਹੜਾ, ਭਾਵੇਂ ਘੱਲ ਨਾ ਘੱਲ।ਮੰਗਣਾ ਤੇ ਮੁਕਰਨਾ ਪੰਜਾਬ ਦਾ ਸਭਿਆਚਾਰ ਨਹੀਂ;  ਮੰਗਣ ਗਿਆ ਸੋ ਮਰ ਗਿਆ ਮੋਇਆ ਸੋ ਮੰਗਣ ਜਾਏ।aਦੋਂ ਮੋਇਆ ਸੋ ਜਾਣੀਏ ਜਿਹੜਾ ਹੁੰਦਿਆਂ ਮੁੱਕਰ ਜਾਏ।

ਸ੍ਰੀ ਧਨੀ ਰਾਮ ਚਾਤ੍ਰਿਕ ਜੀ ਨੇ ਵੀ ਇਸ ਸੁਨਿਹਰੇ ਪੰਜਾਬ ਦਾ ਖੂਬਸੂਰਤ ਚਿੱਤਰ  "ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾਂ ਦੇ ਸਭ ਸਮਾਨ ਤੇਰੇ" ਨਾਲ ਪੇਸ਼ ਕੀਤਾ ਹੈ।ਇਸ ਲੰਬੇ ਗੀਤ ਵਿੱਚ ਚਾਤ੍ਰਿਕ ਦਰਜ਼ ਕਰਦੇ ਹਨ;  ਤੇਰੀ ਤਹਿਜੀਵ ਕਦੀਮੀ ਹੈ, ਇਕਬਾਲ ਤੇਰਾ ਲਾਸਾਨੀ ਹੈ।ਤਕਸ਼ਿਲਾ ਤੇਰੇ ਇਤਿਹਾਸਾਂ ਦੀ, ਇਕ ਧੁੰਦਲੀ ਜਿਹੀ ਨਿਸ਼ਾਨੀ ਹੈ॥ ਪੰਜਾਬੀਆਂ ਦੀ ਬਹਾਦਰੀ ਤੇ ਹੌਂਸਲੇ ਬਾਰੇ; ਤੂੰ ਅਜ਼ਾਦੀ ਦਾ ਆਗੂ ਹੈ, ਤੂੰ ਕੁਰਬਾਨੀ ਦਾ ਬਾਨੀ ਹੈ।ਹਰ ਔਕੜ ਪਏ ਭਰਾਵਾਂ ਦੀ, ਤੂੰ ਕਰਦਾ ਅਗਵਾਨੀ ਹੈ॥ ਨਿਰਛੱਲ ਸੁਭਾਅ ਬਾਰੇ; ਤੂੰ ਅੰਦਰੋਂ ਬਾਹਰੋਂ ਨਿੱਘਾ ਹੈ,ਨਾ ਗਰਮੀ ਹੈ ਨਾ ਪਾਲਾ ਹੈ।ਨਾ ਬਾਹਰ ਕੋਈ ਦਿਖਾਵਾ ਹੈ,ਨਾ ਅੰਦਰ ਕਾਲਾ ਕਾਲਾ ਹੈ॥ ਪੰਜਾਬੀ ਬੋਲੀ ਦੀ ਸ਼ਾਨ ਬਾਰੇ; ਤੇਰੀ ਮਾਖੀaਂ ਮਿੱਠੀ ਬੋਲੀ ਦੀ,ਜ਼ੀ ਕਰਦਿਆਂ ਸਿਫਤ ਨਾ ਰੱਜਦਾ ਹੈ।ਉਰਦੂ ਹਿੰਦੀ ਦਿਆਂ ਸਾਜਾਂ ਵਿੱਚ, ਸੁਰ-ਤਾਲ ਤੇਰਾ ਹੀ ਵੱਜਦਾ ਹੈ॥ਸਭ ਦੁਨੀਆਂ ਤੋਂ ਉੱਤਮ ਪੰਜਾਬ; ਦੁਨੀਆਂ ਸਾਰੀ ਵੀ ਸੋਹਣੀ ਹੈ,ਪਰ ਤੇਰਾ ਰੰਗ ਨਿਆਰਾ ਹੈ।ਤੇਰੀ ਮਿੱਟੀ ਦਾ ਕੁੱਲ੍ਹਾ ਵੀ, ਸ਼ਾਹੀ-ਮਹਿਲ੍ਹਾਂ ਤੋਂ ਪਿਆਰਾ ਹੈ॥

ਧੀਆਂ-ਭੈਣਾਂ ਪਰਦੇ ਅੰਦਰ ਗਿੱਧਾ ਪਾਉਂਦੀਆਂ ਤੇ ਖੁਸ਼ੀ ਤੇ ਤ੍ਰਿਝਣਾ ਮਨਾਉਂਦੀਆਂ ਸਨ।ਔਰਤਾਂ ਦੇ ਚੰਗੇਰੇ ਜੀਵਨ ਲਈ ਮਾਈ ਭਾਗੋ, ਮਾਤਾ ਖੀਵੀ, ਬੀਬੀ ਨਾਨਕੀ, ਮਾਤਾ ਗੁਜ਼ਰੀ ਤੇ ਮਾਤਾ ਸਾਹਿਬ ਕੌਰ ਦੇ ਅਦਰਸ਼ ਜੀਵਨ ਦੀ ਝਲਕ ਪੰਜਾਬਣਾਂ ਲਈ ਪ੍ਰੇਰਣਾ ਸਰੋਤ ਸੀ।
     
ਨੌਜ਼ਵਾਨਾਂ ਵਿੱਚ ਘੋੜ ਸਵਾਰੀ, ਨੇਜ਼ਾਬਾਜੀ, ਤੀਰਅੰਦਾਜ਼ੀ ਅਤੇ ਤਲਵਾਰਬਾਜ਼ੀ ਵਿੱਚ ਮੁਹਾਰਤ ਤੇ ਬਹਾਦਰੀ ਵੱਡੇ ਗੁਣ ਸਨ।ਦੇਸ਼-ਕੌਮ ਲਈ ਕੁਰਬਾਨੀ ਨੂੰ ਪਹਿਲ ਦਿੰਦੇ ਇਹ ਗੀਤ ਆਮ ਸੁਣੇ ਜਾਂਦੇ ਸਨ "ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਂਨੂੰ ਰਕਾਬ ਉੱਤੇ,ਮੇਰੇ ਦੇਸ਼ ਤੇ ਬਣੀ ਏ ਭੀੜ ਭਾਰੀ,ਟੁੱਟ ਪਏ ਨੇ ਵੈਰੀ ਪੰਜਾਬ ਉੱਤੇ"।

ਅੱਜ ਪੰਜਾਬ ਵਿੱਚ ਸਭਿਆਚਾਰ ਨੂੰ ਪੇਸ਼ ਕਰਨ ਦੇ ਨਾਂ ਤੇ ਮੇਲ੍ਹੇ ਲੱਗਦੇ ਹਨ, ਟੈਲੀਵਿਜ਼ਨ, ਰੇਡੀa ਤੇ ਸਭਿਆਚਾਰਕ ਪ੍ਰੋਗਰਾਮਾਂ ਤੇ ਨ੍ਰਿਤ ਵੀ ਪੇਸ਼ ਕੀਤੇ ਜਾਂਦੇ ਹਨ ਅਤੇ ਪੰਜਾਬੀਆਂ ਦੇ ਸੱਭਿਆਚਾਰ ਦਾ ਚਿੱਤਰਣ ਕੀਤਾ ਜਾਂਦਾ ਹੈ, ਪਰ, ਕੀ ਇਹ ਪੰਜਾਬ ਦਾ ਸਹੀ ਸੱਭਿਆਚਾਰ ਹੈ? ਇਹ ਸਵਾਲ ਹਰ ਇੱਕ ਦੇ ਮੰਨ ਵਿੱਚ ਉੱਠਦਾ ਹੈ

ਨਵੇਂ ਪੰਜਾਬੀ ਸਭਿਆਚਾਰ ਜਿਸ ਤੇ ਪੱਛਮੀ ਸਭਿਅਤਾ ਦੇ ਪ੍ਰਭਾਵ ਨੂੰ ਬਦਲਾa ਦਾ ਕਾਰਨ ਬਿਆਨ ਕੀਤਾ ਜਾਂਦਾ ਹੈ ਵਿੱਚ ਨਸ਼ੇ, ਆਪਸੀ ਲੜਾਈਆਂ, ਹਥਿਆਰਾਂ ਦਾ ਦਿਖਾਵਾ ਅਤੇ ਨਜ਼ਾਇਜ ਰਿਸ਼ਤਿਆਂ ਦਾ ਹੀ ਚਿੱਤਰਨ ਹੋ ਰਿਹਾ ਹੈ। ਰਿਸ਼ਤਿਆਂ ਵਿੱਚ ਪਵਿੱਤਰਤਾ ਦੀ ਘਾਟ ਸਮਾਜ ਵਿੱਚ ਅਮਨ ਕਾਨੂੰਨ ਵਿੱਚ ਅਸਥਿਰਤਾ ਪੈਦਾ ਕਰ ਰਹੀ ਹੈ।ਰੇਵ ਪਾਰਟੀਆਂ ਅਤੇ ਸੜਕਾਂ ਤੇ ਫਿਰਦੇ ਨਸ਼ੇ ਦੀ ਵਰਤੋਂ ਕਰਦੇ ਨੌਜ਼ਵਾਨ ਲੜਕੇ-ਲੜਕੀਆਂ ਆਮ ਵੇਖੇ ਜਾ ਸਕਦੇ ਹਨ।ਅੱਜ ਕੋਈ ਵੀ ਸਮਾਜਿਕ ਸਮਾਗਮ ਨਸ਼ਿਆਂ ਦੀ ਵਰਤੋਂ ਬਿਨਾਂ ਅਧੂਰਾ ਰਹਿੰਦਾ ਹੈ।ਲੇਖਕ ਤੇ ਗਾਇਕ ਵੀ ਨਸ਼ਿਆਂ ਦੀ ਵਡਿਆਈ ਕਰਦੇ ਨੌਜ਼ਵਾਨਾਂ ਨੂੰ ਇਨ੍ਹਾਂ ਵੱਲ ਪ੍ਰੇਰਿਤ ਕਰਦੇ ਹਨ।ਜਿਵੇਂ 'ਪੁੱਤ ਸਰਦਾਰਾਂ ਦੇ ਖਾਣ ਬੱਕਰੇ ਤੇ ਪੀਣ ਸ਼ਰਾਬਾਂ', 'ਮਿੱਤਰਾਂ ਦੀ ਮੋਟਰ ਤੇ ਨਿੱਤ ਦੀ ਗਲਾਸੀ ਖੜਕੇ' ਆਦਿ।

ਗਿੱਧਾ ਘਰ ਦੀ ਚਾਰ ਦਿਵਾਰੀ ਤੋ ਬਾਹਰ ਸੜਕਾਂ, ਸਟੇਜਾਂ ਤੇ ਆ ਗਿਆ ਅਤੇ ਸਭਿਆਚਾਰ ਪ੍ਰੋਗਰਾਮ ਦੇ ਨਾਂ ਹੇਠ ਵਿਆਹ ਸ਼ਾਦੀਆਂ ਵਿੱਚ ਮਨੋਰੰਜਨ ਲਈ ਅੱਧ-ਨੰਗੀਆਂ, ਨੱਚਣ ਗਾਉਣ ਵਾਲੀਆਂ ਲੜਕੀਆਂ ਸ਼ਰਮਿੰਦਾ ਹੀ ਕਰਦੀਆਂ ਹਨ।ਸੜਕਾਂ ਤੇ ਟੈਲੀਵਿਜ਼ਨ ਤੇ ਨੱਚਦੀਆਂ ਅਜਿਹੀਆਂ ਬੀਬੀਆਂ ਜਿਨ੍ਹਾਂ ਦੇ ਤਨ ਤੇ ਘੱਗਰੇ ਤੇ ਫੁਲਕਾਰੀਆਂ ਨਜ਼ਰ ਨਾ ਆਉਣਾ, ਪੰਜਾਬ ਦੇ ਸਭਿਆਚਾਰ ਦੀ ਉਦਾਹਰਣ ਪੇਸ਼ ਨਹੀਂ ਕਰਦੀਆਂ,  ਨਸ਼ੇ ਕਰਦੀਆਂ, ਕਤਲ ਤੇ ਚੋਰੀ ਵਰਗੇ ਜ਼ੁਰਮਾਂ ਵਿੱਚ ਸ਼ਾਮਲ ਹੁੰਦੀਆਂ ਪੰਜਾਬਣਾ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ।ਇਕ ਪੁਰਾਣੇ ਲੇਖਕ ਨੇ ਇਹ ਸਤਰਾਂ ਸ਼ਾਇਦ ਅੱਜ ਦੇ ਸਮਾਜ ਦੀ ਭਵਿੱਖਬਾਣੀ ਵਜੋਂ ਲਿਖੀਆਂ ਸਨ; 'ਮਾਵਾਂ ਦੀ ਥਾਂ ਬਾਪੂ ਦੁੱਧ ਪਿਆਉਣਗੇ। ਕੁੱਛੜ ਬੱਚੇ ਚੁੱਕ ਕੇ ਗਾਣੇ ਗਾਉਣਗੇ। ਬੰਦਿਆਂ ਦੇ ਲੱਤ ਮਾਰ ਕੇ ਤੀਵੀਂ ਪੁੱਠਾ ਸੁੱਟੇਗੀ। ਬਹੁਤਾ ਔਖਾ ਹੋਇਆ ਫੜ ਗਲ ਘੁੱਟੇਗੀ'।

ਜਿਨ੍ਹਾਂ ਤੋਂ ਸਮਾਜ ਨੇ ਸੇਧ ਲੈਣੀ ਹੈ ਉਨ੍ਹਾਂ, ਸਰਕਾਰੀ, ਗੈਰ ਸਰਕਾਰੀ, ਧਾਰਮਿਕ ਤੇ ਰਾਜਸੀ ਆਗੂਆਂ ਵਲੋਂ ਅਯੋਜਿਤ ਕੀਤੇ ਜਾਂਦੇ ਸਮਾਗਮਾਂ ਵਿੱਚ ਜਨਤਾ ਨੂੰ ਇਕੱਠਾ ਕਰਨ ਲਈ, ਨੱਚਣ-ਗਾਉਣ ਵਾਲੀਆਂ ਔਰਤਾਂ ਇੱਕ ਸੌਖਾ ਸਾਧਨ ਮੰਨਿਆ ਜਾਂਦਾ ਹੈ। ਸਕੂਲਾਂ ਕਾਲਜਾਂ ਦੇ ਸਭਿਆਚਾਰਕ ਪ੍ਰੋਗਰਾਮਾਂ,  ਖੇਡ ਮੈਦਾਨਾਂ ਵਿੱਚ ਭੀੜ ਇਕੱਠੀ ਕਰਨ ਲਈ,  ਟੈਲੀਵਿਜ਼ਨ ਤੇ ਪੰਜਾਬ ਦੇ ਸਭਿਆਚਾਰ ਨੂੰ ਪੇਸ਼ ਕਰਨ ਦੇ ਨਾਂ ਤੇ, ਗਾਇਕਾਂ, ਲੇਖਕਾਂ ਤੇ ਕਲਾਕਾਰਾਂ ਵਲੋਂ  ਸਟੇਜਾਂ ਤੋਂ ਵੀ, ਆਪਣੇ ਇਤਿਹਾਸਕ ਵਿਰਸੇ ਨੂੰ ਭੁੱਲ ਕੇ, ਅਸ਼ਲੀਲਤਾ ਨੂੰ ਪੇਸ਼ ਕਰਕੇ, ਸਭਿਆਚਾਰ ਦੇ ਰੂਪ ਵਿੱਚ ਅਸਭਿਆਚਾਰ ਪੇਸ਼ ਕੀਤਾ ਜਾ ਰਿਹਾ ਹੈ। ਆਪਣੇ ਵਿਰਸੇ ਨੂੰ ਭੁੱਲ ਕੇ ਕੌਮਾਂ ਕਦੇ ਤਰੱਕੀ ਨਹੀਂ ਕਰਦੀਆਂ, ਇਸ ਲਈ ਲੇਖਕਾਂ, ਵਿਚਾਰਵਾਨਾਂ ਤੇ ਸਮਾਜ ਦੇ ਆਗੂਆਂ ਨੂੰ ਵਿਚਾਰਨ ਦੀ ਲੋੜ ਹੈ।

iqbalsingh_73@yahoo.co.in
                             Tel- 978000-3333.
                                   
ਕੌਠੀ ਨੰ-੫                                                                                                                                                                                                                                                      
ਪੀ.ਏ.ਪੀ ਕੰਪਲੈਕਸ
ਜਲੰਧਰ।           

Saturday, 29 October 2011

ਪੰਜਾਬ ਨੂੰ ਛੋਟਾ ਕਰਨ ਦਾ ਜ਼ਿੰਮੇਵਾਰ ਕੌਣ?\ ਡਾ. ਸੁਖਦਿਆਲ ਸਿੰਘ




ਪੰਜਾਬੀ ਸੂਬੇ ਭਾਵ ਵਰਤਮਾਨ ਪੰਜਾਬ ਦਾ ਖੇਤਰਫਲ ਪੰਜਾਹ ਹਜ਼ਾਰ ਕਿਲੋਮੀਟਰ ਤੋਂ ਥੋੜ੍ਹਾ ਜਿਹਾ ਹੀ ਵੱਧ ਹੈ। ਇਹ ਸੂਬਾ ਭੂਗੋਲਿਕ (ਅਸਲੀ) ਪੰਜਾਬ ਦੇ ਪੰਜਵੇਂ ਕੁ ਹਿੱਸੇ ਜਿੱਡਾ ਕੁ ਹੈ।
ਭੂਗੋਲਿਕ ਪੰਜਾਬ ਕਿਸੇ ਸੂਬੇ ਜਾਂ ਰਿਆਸਤ ਦਾ ਨਾਂ ਨਹੀਂ ਹੈ। ਪੰਜਾਬ ਆਪਣੇ-ਆਪ ਵਿੱਚ ਇੱਕ ਦੇਸ਼ ਹੈ। ਪੰਜਾਬ ਸੱਭਿਆਚਾਰਕ ਮੁਲਕ ਅਤੇ ਸੱਭਿਆਤਾਵਾਂ ਨੂੰ ਜਨਮ ਦੇਣ ਵਾਲੀ  ਸਰਜ਼ਮੀਨ ਦਾ ਨਾਂ ਹੈ। ਇਸ ਦਾ ਇਹ ਸੱਭਿਆਚਾਰ ਵਿਸ਼ਵ ਪੱਧਰ ‘ਤੇ ਪਸਰ ਚੁੱਕਿਆ ਹੈ ਅਤੇ ਵਿਸ਼ਵ ਨੂੰ ‘ਹੜੱਪਾ ਸੱਭਿਅਤਾ’ ਦੇ ਨਾਂ ਹੇਠ ਆਪਣਾ ਵਿਕਾਸ ਦਿਖਾ ਚੁੱਕਿਆ ਹੈ। ਅਜੇ ਸਿੰਧ ਘਾਟੀ ਦੀ ਸੱਭਿਅਤਾ ਪਨਪਣੀ ਵੀ ਸ਼ੁਰੂ ਨਹੀਂ ਸੀ ਹੋਈ ਜਦੋਂ ਹੜੱਪਾ ਸੱਭਿਅਤਾ ਵਿਸ਼ਵ ਪੱਧਰ ਉੱਤੇ ਵਿਕਸਤ ਹੋ ਚੁੱਕੀ ਸੀ। ਹੜੱਪਾ ਕੁਦਰਤ ਪੰਜ ਦਰਿਆਵਾਂ ਦੀ ਸਰਜ਼ਮੀਨ ਉਪਰ ਫੈਲੀ ਹੋਈ ਸੱਭਿਅਤਾ ਸੀ। ਇਹ ਸਿੰਧ ਘਾਟੀ ਸੱਭਿਅਤਾ ਤੋਂ ਇੱਕ ਯੁੱਗ ਅਗੇਤੀ ਸੀ। ਹਿੰਦੁਸਤਾਨ ਨੇ ਸਿੰਧ ਘਾਟੀ ਸੱਭਿਅਤਾ ਵਿੱਚੋਂ ਜਨਮ ਲਿਆ ਸੀ ਜਦੋਂਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਇਸ ਤੋਂ ਇੱਕ ਯੁੱਗ ਪਹਿਲਾਂ ਆਪਣੀ ਹੋਂਦ ਕਾਇਮ ਕਰਕੇ ਵਿਸ਼ਵ ਪੱਧਰ ਉਪਰ ਫੈਲ ਚੁੱਕੀ ਸੀ। ਇੱਕ ਯੁੱਗ ਹਜ਼ਾਰ ਸਾਲ ਦਾ ਵੀ ਹੋ ਸਕਦਾ ਹੈ ਅਤੇ ਇਸ ਤੋਂ ਘੱਟ-ਵੱਧ ਵੀ। ਇਹ ਜ਼ਰੂਰੀ ਨਹੀਂ ਕਿ ਪੰਜਾਬ ਅਤੇ ਪੰਜਾਬੀ ਵਰਤਮਾਨ ਗੁਰਮੁਖੀ ਲਿਪੀ ਦੇ ਲਿਬਾਸ ਵਿੱਚ ਹੀ ਹੁੰਦੇ। ਇਹ ਤਾਂ ਯੁੱਗਾਂ-ਯੁਗਾਤਰਾਂ ਬਾਅਦ ਪੰਜਾਬੀ ਸੱਭਿਅਤਾ ਨੂੰ ਮੁੜ ਉਭਾਰਨ ਦਾ ਇੱਕ ਉਪਾਅ ਸੀ ਜਿਹੜਾ ਸਿੱਖ ਲਹਿਰ ਨੇ ਮੁਹੱਈਆ ਕੀਤਾ ਸੀ। ਹੜੱਪਾ ਦਾ ਪੰਜਾਬੀ ਸੱਭਿਆਚਾਰ ਆਪਣੀ ਲਿਪੀ ਵਿੱਚ ਸੀ। ਹੜੱਪਾ ਲਿਪੀ ਅੱਜ ਦੀ ਗੁਰਮੁਖੀ ਨਾਲੋਂ ਕਿਤੇ ਜ਼ਿਆਦਾ ਵਿਕਸਤ ਸੀ। ਹੜੱਪਾ ਲਿਪੀ ਸਿੱਕਿਆਂ, ਮੋਹਰਾਂ ਅਤੇ ਗ੍ਰੰਥਾਂ ਵਿੱਚ ਸੀ। ਹੜੱਪਾ ਦੀ ਬਦਕਿਸਮਤੀ ਇਹ ਸੀ ਕਿ ਇਸ ਨੂੰ ਇਰਾਨ ਤੋਂ ਆਉਣ ਵਾਲੇ ਆਰੀਆ ਕਬੀਲਿਆਂ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ ਅਤੇ ਇਹ ਮੁੜ ਆਪਣੇ ਪੈਰਾਂ ‘ਤੇ ਖੜ੍ਹੀ ਨਹੀਂ ਹੋ ਸਕੀ। ਯੁੱਗਾਂ ਬਾਅਦ ਪੰਜਾਬੀ ਬੋਲੀ ਸਿੱਖ ਲਹਿਰ ਨੇ ਗੁਰਮੁਖੀ ਲਿਬਾਸ ਵਿੱਚ ਫਿਰ ਆਪਣੇ ਪੈਰਾਂ ‘ਤੇ ਖੜ੍ਹੀ ਕੀਤੀ। ਸਿੱਖ ਲਹਿਰ ਨੇ ਗੁਰਮੁਖੀ ਰਾਹੀਂ ਹੜੱਪਾ ਸੱਭਿਅਤਾ ਦੇ ਗੁਆਚ ਚੁੱਕੇ ਅਕਸ ਨੂੰ ਫਿਰ ਤੋਂ ਉਭਾਰਨ ਦਾ ਝੰਡਾ ਚੁੱਕਿਆ ਸੀ।
ਪੰਜਾਬ ਕਿਸੇ ਸੂਬੇ ਜਾਂ ਰਿਆਸਤ ਦਾ ਨਾਂ ਨਹੀਂ ਹੈ। ਇਹ ਆਪਣੇ ਆਪ ਵਿੱਚ ਇੱਕ ਦੇਸ਼ ਹੈ। ਇਸ ਦਾ ਆਪਣਾ ਸੁਤੰਤਰ ਸੱਭਿਆਚਾਰ ਅਤੇ ਰਵਾਇਤਾਂ ਹਨ। ਇਸੇ ਕਾਰਨ ਪੰਜਾਬ ਉੱਪਰ ਜਦੋਂ ਵੀ ਹਿੰਦੁਸਤਾਨੀ ਸਮਰਾਟਾਂ ਦਾ ਰਾਜ ਸਥਾਪਤ ਹੁੰਦਾ ਰਿਹਾ ਹੈ, ਉਨ੍ਹਾਂ ਨੇ ਪੰਜਾਬ ਦੇ ਸੁਤੰਤਰ ਰੁਤਬੇ ਨੂੰ ਸੱਟ ਹੀ ਮਾਰੀ ਹੈ। ਪੰਜਾਬ ਨੂੰ ਸਿਰਫ਼ ਪੰਜਾਬੀ ਹਾਕਮਾਂ ਨੇ ਹੀ ਸੁਤੰਤਰ ਰੁਤਬਾ ਦਿਵਾਇਆ ਹੈ। ਪੰਜਾਬ ਦਾ ਸਮਾਜਿਕ ਪੱਖ ਵੀ ਸਮਝਣਾ ਚਾਹੀਦਾ ਹੈ। ਸਿੱਖ ਧਰਮ ਨੂੰ ਧਾਰਨ ਕਰਨ ਤੋਂ ਪਹਿਲਾਂ ਲੋਕਾਂ ਦੇ ਬਹੁਤ ਵੱਡੇ ਹਿੱਸੇ ਨੇ  ਇਸਲਾਮ ਨੂੰ ਧਾਰਨ ਕਰ ਲਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਜੱਟਾਂ ਨੂੰ ਸਿੱਖ ਧਰਮ ਵਿੱਚ ਲਿਆਂਦਾ ਸੀ। ਗੁਰੂ ਤੇਗ ਬਹਾਦਰ ਜੀ ਨੇ ਤਾਂ ਮਾਲਵੇ ਅਤੇ ਬਾਂਗਰ ਇਲਾਕੇ ਦੇ ਐਸੇ ਤੂਫ਼ਾਨੀ ਦੌਰੇ ਕੀਤੇ ਸਨ ਕਿ ਉੱਥੋਂ ਸਰਵਰੀਆਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਸੀ। ਸਰਵਰੀਏ ਸੂਫ਼ੀਆਂ ਵਾਂਗ ਹੀ ਇਸਲਾਮ ਨੂੰ ਪ੍ਰਚਾਰਨ ਵਾਲੀ ਇੱਕ ਸੰਪਰਦਾ ਸੀ। ਪੰਜਾਬ ਦੇ ਦੌਰਿਆਂ ਨੂੰ ਦੇਖ ਕੇ ਕਸ਼ਮੀਰੀ ਤਬਕਾ ਵੀ ਗੁਰੂ ਤੇਗ ਬਹਾਦਰ ਜੀ ਵੱਲ ਦੇਖਣ ਲੱਗ ਪਿਆ ਸੀ। ਉਹ ਗੁਰੂ ਤੇਗ ਬਹਾਦਰ ਜੀ ਦੀ ਹਜ਼ੂਰੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਪੰਜਾਬ ਵਾਂਗ ਗੁਰੂ ਜੀ ਨੇ ਕਸ਼ਮੀਰ ਦੇ ਦੌਰਿਆਂ ਦਾ ਵੀ ਪ੍ਰੋਗਰਾਮ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਮੁਗਲ ਹਕੂਮਤ ਨੇ ਪਹਿਲਾਂ ਗੁਰੂ ਅਰਜਨ ਦੇਵ ਜੀ ਅਤੇ ਫਿਰ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ। ਉੱਤਰੀ ਭਾਰਤ ਦੇ ਗ਼ੈਰ-ਇਸਲਾਮੀ ਸਮਾਜ ਨੂੰ ਸੰਭਾਲਣ ਲਈ ਇਹ ਬਹੁਤ ਵੱਡੀ ਕੁਰਬਾਨੀ ਸੀ। ਗ਼ੈਰ-ਇਸਲਾਮੀ ਹਾਕਮ ਪੰਜਾਬ ਅਤੇ ਕਸ਼ਮੀਰ ਨੂੰ ਛੱਡ ਚੁੱਕੇ ਸਨ। ਉਨ੍ਹਾਂ ਦੀਆਂ ਨਿਗਾਹਾਂ ਵਿੱਚ ਸਰਸਵਤੀ ਅਤੇ ਘੱਗਰ ਨਦੀਆਂ ਹੀ ਹਿੰਦੁਸਤਾਨ ਦੀ ਪੱਛਮੀ ਸਰਹੱਦ ਸਨ।
ਹੜੱਪਾ ਸੱਭਿਅਤਾ ਦੇ ਖ਼ਾਤਮੇ ਤੋਂ ਬਾਅਦ ਪੰਜਾਬ ਨੇ ਮੁੜ ਆਪਣੀ ਸੁਤੰਤਰ ਹਸਤੀ ਨੂੰ ਪੋਰਸ ਦੇ ਸਮੇਂ ਉਭਾਰਿਆ ਸੀ। 327-28 ਪੂ.ਈ. ਵਿੱਚ ਪੋਰਸ ਪੰਜਾਬ ਦੇ ਕਬੀਲਿਆਂ ਦਾ ਸਰਦਾਰ ਸੀ। ਉਸ ਨੇ ਪੰਜਾਬ ਵਿੱਚ ਆਪਣੀ ਬਾਦਸ਼ਾਹਤ ਕਾਇਮ ਕੀਤੀ ਹੋਈ ਸੀ। ਜਦੋਂ ਯੂਨਾਨ ਦਾ ਬਾਦਸ਼ਾਹ ਸਿਕੰਦਰ ਵਿਸ਼ਵ ਨੂੰ ਫਤਿਹ ਕਰਦਾ ਹੋਇਆ ਹਿੰਦੁਸਤਾਨ ਵੱਲ ਵਧ ਰਿਹਾ ਸੀ ਤਾਂ ਉਹ ਜਿਹਲਮ ਦਰਿਆ ਦੇ ਕੰਢੇ ‘ਤੇ ਆ ਕੇ ਰੁਕ ਗਿਆ ਸੀ। ਜਿਹਲਮ ਪੋਰਸ ਦੇ ਰਾਜ ਦੀ ਪੱਛਮੀ ਸਰਹੱਦ ਸੀ। ਪੋਰਸ ਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਗੁਆਂਢੀ ਰਾਜਾਂ ਨੇ ਜਾਂ ਤਾਂ ਸਿਕੰਦਰ ਨਾਲ ਮੇਲ-ਮਿਲਾਪ ਕਰ ਲਿਆ ਜਾਂ ਨਿਰਪੱਖ ਰਹੇ। ਇਸ ਸਾਰੀ ਚਾਲ ਦੇ ਮੋਢੀ ਕੋਟੱਲਿਆ ਅਤੇ ਚੰਦਰ ਗੁਪਤ ਮੌਰੀਆ ਸਨ। ਕੋਟੱਲਿਆ ਅਤੇ ਚੰਦਰ ਗੁਪਤ ਮੌਰੀਆ ਸਮੇਤ ਅੰਭੀ ਰਾਜੇ ਸਿਕੰਦਰ ਨਾਲ ਮਿਲ ਗਏ ਸਨ। ਉਨ੍ਹਾਂ ਨੂੰ ਪੋਰਸ ਕੰਡੇ ਵਾਂਗ ਰੜਕਦਾ ਸੀ। ਉਹ ਨਹੀਂ ਸੀ ਚਾਹੁੰਦੇ ਕਿ ਪੋਰਸ ਮਜ਼ਬੂਤ ਹੋਵੇ ਪਰ ਉਨ੍ਹਾਂ ਦੀ ਚਾਲ ਪੁੱਠੀ ਪੈ ਗਈ ਸੀ।
ਪੋਰਸ ਨੇ ਦ੍ਰਿੜ੍ਹ ਨਿਸ਼ਚਾ ਕੀਤਾ ਹੋਇਆ ਸੀ ਕਿ ਉਹ ਹਮਲਾਵਰ ਨੂੰ ਕਿਸੇ ਵੀ ਕੀਮਤ ‘ਤੇ ਜਿਹਲਮ ਪਾਰ ਨਹੀਂ ਕਰਨ ਦੇਵੇਗਾ। ਕੋਟੱਲਿਆ ਅਤੇ ਚੰਦਰ ਗੁਪਤ ਮੌਰੀਆ ਸਿਕੰਦਰ ਨਾਲ ਮਿਲ ਚੁੱਕੇ ਸਨ। ਇਸ ਕਰਕੇ ਉਨ੍ਹਾਂ ਨੇ ਸਿਕੰਦਰ ਨੂੰ ਸਲਾਹ ਦਿੱਤੀ ਕਿ ਜਿਹਲਮ ਨੂੰ ਹੇਠਾਂ ਜਾ ਕੇ ਪਾਰ ਕੀਤਾ ਜਾਵੇ। ਜਿਹਲਮ ਨੂੰ ਕਾਫ਼ੀ ਦੂਰ ਹੇਠਾਂ ਜਾ ਕੇ ਪਾਰ ਕਰ ਲਿਆ ਗਿਆ। ਸਿਕੰਦਰ ਅਤੇ ਪੋਰਸ ਦੀ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਵਿੱਚ ਪੋਰਸ ਦਾ ਸਭ ਤੋਂ ਪਿਆਰਾ ਅਤੇ ਵੱਡਾ ਪੁੱਤਰ ਸੰਘਰ ਮਾਰਿਆ ਗਿਆ ਪਰ ਉਸ ਨੇ ਸ਼ਾਮ ਹੋਣ ਤੱਕ ਡਟ ਕੇ ਮੁਕਾਬਲਾ ਕੀਤਾ। ਸਿਕੰਦਰ ਪਹਿਲੇ ਦਿਨ ਦੀ ਦੋ ਪਹਿਰਾਂ ਦੀ ਲੜਾਈ ਵਿੱਚ ਹੀ ਦੁਸ਼ਮਣ ਦਾ ਮਲੀਆਮੇਟ ਕਰ ਦਿੰਦਾ ਸੀ। ਦੋ ਪਹਿਰਾਂ ਦੀ ਲੜਾਈ ਤੱਕ ਉਹ ਦੁਸ਼ਮਣ ਉਪਰ ਫਤਿਹ ਪ੍ਰਾਪਤ ਨਹੀਂ ਕਰ ਸਕਦਾ ਸੀ ਤਾਂ ਉਹ ਉਸ ਨਾਲ ਬਿਨਾਂ ਝਿਜਕ ਸਮਝੌਤਾ ਕਰ ਲੈਂਦਾ ਸੀ। ਇਹੀ ਸਥਿਤੀ ਪੋਰਸ ਨਾਲ ਹੋ ਰਹੀ ਲੜਾਈ ਦੀ ਹੋ ਗਈ ਸੀ। ਸਿਕੰਦਰ ਨੇ ਦੁਪਹਿਰ ਢਲਣ ਤੋਂ ਬਾਅਦ ਆਪਣੇ-ਆਪ ਪੋਰਸ ਦੇ ਹਾਥੀ ਸਾਹਮਣੇ ਜਾ ਕੇ   ਉੱਚੀ ਆਵਾਜ਼ ਵਿੱਚ ਕਿਹਾ, ‘ਪੋਰਸ ਤੂੰ ਮੇਰਾ ਦੋਸਤ ਹੈਂ। ਮੈਂ ਤੇਰੇ ਨਾਲ ਸਮਝੌਤਾ ਕਰਨਾ ਚਾਹੁੰਦਾ ਹਾਂ। ਤੂੰ ਹੀ ਪੰਜਾਬ ਦਾ ਬਾਦਸ਼ਾਹ ਹੈਂ। ਆ ਰਲ ਕੇ ਵਿਸ਼ਵ ਨੂੰ ਫਤਹਿ ਕਰੀਏ।” ਆਖ਼ਿਰ ਕੁਝ ਸਮੇਂ ਦੀ ਬਹਿਸ ਦੋਸਤੀ ਵਿੱਚ ਬਦਲ ਗਈ। ਕੋਟੱਲਿਆ, ਚੰਦਰ ਗੁਪਤ ਅਤੇ ਅੰਭੀ ਦੀਆਂ ਯੋਜਨਾਵਾਂ ਨਾਕਾਮ ਹੋ ਗਈਆਂ ਸਨ। ਸਿਕੰਦਰ ਅਤੇ ਪੋਰਸ ਨੇ ਪੰਜਾਬ ਤੋਂ ਅੱਗੇ ਮਗਧ ਰਾਜ ਨੂੰ ਜਿੱਤਣ ਦੀਆਂ ਸਕੀਮਾਂ ਬਣਾਈਆਂ। ਬਦਕਿਸਮਤੀ ਨਾਲ ਯੂਨਾਨੀ ਸੈਨਾ ਬਗਾਵਤ ਕਰ ਗਈ  ਅਤੇ ਸਿਕੰਦਰ ਨੂੰ ਬਿਆਸ ਦਰਿਆ ਤੋਂ ਹੀ ਵਾਪਸ ਮੁੜਨਾ ਪਿਆ ਅਤੇ ਪੋਰਸ ਫਿਰ ਆਪਣੇ ਹੀ ਬਲਬੂਤੇ ਪਿੱਛੇ ਇਕੱਲਾ ਰਹਿ ਗਿਆ। ਭਾਰਤੀ ਇਤਿਹਾਸਕਾਰਾਂ ਨੇ ਹਮੇਸ਼ਾ ਪੋਰਸ ਨੂੰ ਅਣਗੌਲਿਆਂ ਕੀਤਾ ਅਤੇ ਇਸ ਦੇ ਮੁਕਾਬਲੇ ‘ਤੇ ਕੋਟੱਲਿਆ ਅਤੇ ਚੰਦਰ ਗੁਪਤ ਨੂੰ ਉਭਾਰਿਆ ਹੈ। ਸਿਕੰਦਰ ਦੇ ਮਾਮਲੇ ਵਿੱਚ ਇਨ੍ਹਾਂ ਦੀ ਪੰਜਾਬ ਨਾਲ ਗੱਦਾਰੀ ਨੂੰ ਉੱਕਾ ਹੀ ਨਜ਼ਰਅੰਦਾਜ਼ ਕਰਕੇ ਇਨ੍ਹਾਂ ਨੂੰ ਭਾਰਤ ਦੇ ਉਸੱਰੀਏ ਦੇ ਰੂਪ ਵਿੱਚ ਸਾਹਮਣੇ ਲਿਆਂਦਾ ਹੈ। ਕੋਟੱਲਿਆ ਅਤੇ ਚੰਦਰ ਗੁਪਤ ਨੇ ਆਖ਼ਰਕਾਰ ਪੋਰਸ ਨੂੰ ਧੋਖੇ ਨਾਲ ਮਰਵਾ ਦਿੱਤਾ ਸੀ। ਇਹ ਲੰਮੀ ਚੌੜੀ ਕਹਾਣੀ ਹੈ। ਪੋਰਸ ਦੇ ਰਾਜ ਨੂੰ ਕੁਝ ਸਮੇਂ ਲਈ ਉਸ ਦੇ ਛੋਟੇ ਪੁੱਤਰ ਮੱਲ ਕੇਤੂ (ਮਲਕੀਤ) ਨੇ ਸੰਭਾਲਿਆ ਸੀ ਪਰ ਉਹ ਵੀ ਆਪਣੇ ਰਾਜ-ਕਾਲ ਦੇ ਦੂਜੇ ਸਾਲ ਵਿੱਚ ਹੀ ਪਰਸ਼ੀਆ ਦੇ ਦਾਰਾ ਚੌਥੇ ਦੀ ਮਦਦ ਕਰਨ ਗਿਆ ਜੰਗ ਵਿੱਚ ਮਾਰਿਆ ਗਿਆ ਸੀ। ਮੱਲ ਕੇਤੂ ਦੀ ਵਿਧਵਾ ਰਾਣੀ ਨੂੰ ਕੋਟੱਲਿਆ ਦੀ ਸਲਾਹ ਨਾਲ ਚੰਦਰ ਗੁਪਤ ਨੇ ਬੰਦੀ ਬਣਾ ਲਿਆ ਸੀ। ਇਸ ਤਰ੍ਹਾਂ ਪੰਜਾਬ ਚੰਦਰ ਗੁਪਤ ਮੌਰੀਆ ਦੇ ਰਾਜ ਦਾ ਹਿੱਸਾ ਬਣ ਗਿਆ।
ਬਾਬਰ ਦੇ ਮੁਗਲ ਸਾਮਰਾਜ ਦੀ ਸਥਾਪਨਾ ਦੇ ਨਾਲ ਹੀ ਪੰਜਾਬ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਹੋ ਗਈ ਸੀ। ਸਿੱਖ ਧਰਮ ਨੇ ਪੰਜਾਬ ਦੀ ਧਰਤੀ ‘ਤੇ ਐਸਾ ਇਨਕਲਾਬ ਲਿਆਂਦਾ ਸੀ ਕਿ ਲੋਕ ਜਿਹੜੇ ਹਰ ਹਮਲਾਵਰ ਦੇ ਅੱਗੇ ਝੁਕ ਜਾਂਦੇ ਸਨ, ਫਿਰ ਤੋਂ ਤਲਵਾਰਾਂ ਫੜ ਕੇ ਹਮਲਾਵਰਾਂ ਖ਼ਿਲਾਫ਼ ਖੜ੍ਹੇ ਹੋ ਗਏ। ਗੁਰੂ ਨਾਨਕ ਦੇ ਸਿੱਖ ਇਨਕਲਾਬ ਨੂੰ ਸਾਡੇ ਧਾਰਮਿਕ ਠੇਕੇਦਾਰਾਂ ਅਤੇ ਗੁਰੂ ਦੀ ਗੋਲਕ ਉਪਰ ਆਪਣਾ ਪੇਟ ਪਾਲਣ ਵਾਲੇ ਕੁਝ ਸੰਤਾਂ-ਮਹੰਤਾਂ ਨੇ ਕਰਮਕਾਂਡ ਵਾਲਾ ਬਣਾ ਦਿੱਤਾ ਹੈ ਕਿ ਅੱਜ ਦੇ ਗੁਰਸਿੱਖ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਗੁਰੂ ਨਾਨਕ ਦੀ ਸਿੱਖਿਆ ਕੀ ਹੈ। ਦਸ ਗੁਰੂ ਸਾਹਿਬਾਨ ਰਾਹੀਂ ਸਿਰਜੇ ਗਏ ਸਿੱਖ ਇਨਕਲਾਬ ਦਾ ਸਿੱਟਾ ਇਹ ਹੋਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਪਿੱਛੋਂ ਬੰਦਾ ਸਿੰਘ ਬਹਾਦਰ ਨੇ ਖ਼ਾਲਸੇ ਦੀ ਵਾਗਡੋਰ ਸੰਭਾਲ ਕੇ ਬਹੁਤ ਵੱਡੇ ਹਿੱਸੇ ਵਿੱਚੋਂ ਮੁਗਲ ਸਾਮਰਾਜ ਨੂੰ ਜੜ੍ਹਾਂ ਤੋਂ ਉਖੇੜ ਦਿੱਤਾ ਸੀ। ਇਹ 1709-10 ਦਾ ਸਮਾਂ ਸੀ ਅਤੇ ਗਿਆਰਵੀਂ ਸਦੀ ਵਿੱਚ ਮੁਹੰਮਦ ਗੌਰੀ ਦੇ ਹਮਲਿਆਂ ਤੋਂ ਸ਼ੁਰੂ ਹੋ ਕੇ ਪਹਿਲਾ ਮੌਕਾ ਸੀ ਜਦੋਂ ਬਿਦੇਸ਼ੀ ਸਾਮਰਾਜ ਨੂੰ ਉਲਟਾ ਕੇ ਪੰਜਾਬ ਦੀ ਧਰਤੀ ‘ਤੇ ਇੱਥੋਂ ਦੇ ਲੋਕਾਂ ਦਾ ਰਾਜ ਸਥਾਪਤ ਕੀਤਾ ਗਿਆ ਸੀ। ਇਹ ਕੰਮ ਬੰਦਾ ਸਿੰਘ ਬਹਾਦਰ ਨੇ ਕੀਤਾ ਸੀ। ਬੰਦਾ ਸਿੰਘ ਬਹਾਦਰ ਨੇ ਖ਼ਾਲਸੇ ਦਾ ਰਾਜ ਜਾਂ ਦੂਜੇ ਸ਼ਬਦਾਂ ਵਿੱਚ ਇੱਥੋਂ ਦੇ ਲੋਕਾਂ ਦਾ ਰਾਜ ਸਥਾਪਤ ਕਰਕੇ, ਤੁਰੰਤ ਹੀ ਜਾਗੀਰਦਾਰੀਆਂ ਅਤੇ ਬਿਸਵੇਦਾਰੀਆਂ ਤੋੜ ਕੇ ਇੱਥੋਂ ਦੇ ਕੰਮੀ ਲੋਕਾਂ ਨੂੰ ਵੰਡ ਦਿੱਤੀਆਂ ਸਨ। ਪਿੰਡਾਂ ਦੇ ਕੰਮੀ ਲੋਕ ਵਹੀਰਾਂ ਘੱਤ ਕੇ ਬੰਦਾ ਸਿੰਘ ਬਹਾਦਰ ਕੋਲ ਪਹੁੰਚਦੇ ਸਨ ਅਤੇ ਉਸ ਕੋਲੋਂ ਜ਼ਮੀਨਾਂ ਦੇ ਪਟੇ, ਪਿੰਡਾਂ ਦੀਆਂ ਚੌਧਰਾਂ ਅਤੇ ਘੋੜ ਸਵਾਰਾਂ ਦੀਆਂ ਟੁਕੜੀਆਂ ਲੈ ਕੇ ਆਪੋ-ਆਪਣੇ ਪਿੰਡਾਂ ਨੂੰ ਮੁੜਦੇ ਸਨ। ਉਸ ਸਮੇਂ ਦੀਆਂ ਖ਼ੁਫ਼ੀਆ ਮੁਗਲ ਰਿਪੋਰਟਾਂ ਇਸ ਤਰ੍ਹਾਂ ਦੀਆਂ ਖ਼ਬਰਾਂ ਨਾਲ ਭਰੀਆਂ ਪਈਆਂ ਹਨ ਜਿਨ੍ਹਾਂ ਵਿੱਚ ਦੱਸਿਆ ਹੁੰਦਾ ਸੀ ਕਿ ਪਿੰਡਾਂ ਦੇ ਕੰਮੀ ਅਤੇ ਕਿਰਤੀ ਲੋਕਾਂ ਦੀਆਂ ਵਹੀਰਾਂ ਬੰਦਾ ਸਿੰਘ ਬਹਾਦਰ ਪਾਸ ਪਹੁੰਚ ਰਹੀਆਂ ਹਨ। ਇਹ ਬੰਦਾ ਸਿੰਘ ਬਹਾਦਰ ਦਾ ਖ਼ਾਲਸਾ ਇਨਕਲਾਬ ਸੀ। ਅੱਜ ਦੇ ਕੁਝ ਸਿੱਖ ਸਿਆਸਤਦਾਨ ਆਪਣੀ ਸਿਆਸਤ ਦੀ ਸਫ਼ਲਤਾ ਨਾਲ ਆਪਣੇ ਧੀਆਂ-ਪੁੱਤਾਂ ਨੂੰ ਪਾਲਦੇ ਹਨ ਪਰ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪੁੱਤਰਾਂ ਨੂੰ ਆਮ ਲੋਕਾਂ ਲਈ ਕੁਰਬਾਨ ਕਰ ਦਿੱਤਾ ਸੀ।
ਉਸ ਸਮੇਂ ਦਾ ਬਾਦਸ਼ਾਹ ਬਹਾਦਰ ਸ਼ਾਹ ਆਪਣੀਆਂ ਸਾਰੀਆਂ ਮੁਹਿੰਮਾਂ ਛੱਡ ਕੇ ਪਹੁੰਚ ਗਿਆ ਸੀ। ਉਸ ਦੇ ਨਾਲ ਹੀ ਰਾਜਪੂਤਾਨੇ ਦੇ ਸਾਰੇ ਰਾਜਪੂਤ ਰਾਜੇ, ਮਰਾਠੇ, ਹਰਿਆਣੇ ਅਤੇ ਯੂ.ਪੀ. ਦੇ ਜਾਟ ਨੇਤਾ ਪਹੁੰਚ ਗਏ ਸਨ। ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀਆਂ ਲੋਕ-ਫ਼ੌਜਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਸੀ। ਆਖ਼ਰ ਇਸ ਖ਼ਾਲਸਾ ਇਨਕਲਾਬ ਨੂੰ ਕੁਚਲ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਅਤੇ ਉਸ ਦੇ 780 ਸਾਥੀਆਂ ਨੂੰ ਜਿਉਂਦਿਆਂ ਨੂੰ ਪਕੜ ਲਿਆ ਗਿਆ ਸੀ ਪਰ ਬੰਦਾ ਸਿੰਘ ਬਹਾਦਰ ਆਪਣੀ ਅਤੇ ਆਪਣੇ ਪੁੱਤਰ ਦੀ ਸ਼ਹਾਦਤ ਦੇ ਕੇ ਹਕੂਮਤ ਨੂੰ ਆਖ਼ਰੀ ਵਾਰ ਵੀ ਮਾਤ ਪਾ ਗਿਆ ਸੀ।
ਮੁਗਲ ਸਾਮਰਾਜ ਫਿਰ ਤੋਂ ਪੰਜਾਬ ਵਿੱਚ ਕਾਇਮ ਹੋ ਗਿਆ ਸੀ। 1739 ਵਿੱਚ ਪੰਜਾਬ ਅਤੇ ਹਿੰਦੁਸਤਾਨ ਉਪਰ ਨਾਦਰ ਸ਼ਾਹ ਨੇ ਹਮਲਾ ਕੀਤਾ ਸੀ। ਉਸ ਨੇ ਸਾਰੇ ਉੱਤਰੀ ਭਾਰਤ ਨੂੰ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਤਹਿਸ-ਨਹਿਸ ਕਰ ਦਿੱਤਾ ਸੀ। ਸਾਰੀਆਂ ਹਿੰਦੁਸਤਾਨੀ ਤਾਕਤਾਂ, ਸਮੇਤ ਦਿੱਲੀ ਦੇ ਮੁਗਲ ਬਾਦਸ਼ਾਹ, ਉਸ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੀਆਂ ਸਨ ਪਰ ਖ਼ਾਲਸਾ ਪੰਥ ਪੰਜਾਬ ਵਿੱਚ ਦਰਿਆਵਾਂ ਦੇ ਕੰਢਿਆਂ ‘ਤੇ ਖੜ੍ਹਾ ਨਾਦਰ ਸ਼ਾਹ ਦੇ ਮੁੜਨ ਦੀ ਉਡੀਕ ਕਰ ਰਿਹਾ ਸੀ। ਜਿਉਂ ਹੀ ਨਾਦਰ ਸ਼ਾਹ ਦਿੱਲੀ ਨੂੰ ਲੁੱਟ ਕੇ ਵਾਪਸ ਆ ਰਿਹਾ ਸੀ ਤਾਂ ਖ਼ਾਲਸਾ ਜਥਿਆਂ ਨੇ ਉਸ ਦੀ ਫ਼ੌਜ ਨੂੰ ਹਰ ਦਰਿਆ ਦੇ ਕੰਢਿਆਂ ‘ਤੇ ਲੁੱਟ ਲਿਆ ਅਤੇ ਉਸ ਦੀ ਕੈਦ ਵਿੱਚੋਂ ਹਿੰਦੁਸਤਾਨੀ ਔਰਤਾਂ ਤੇ ਆਦਮੀਆਂ ਨੂੰ ਛੁਡਵਾਇਆ ਸੀ। ਜਿਸ ਤਰ੍ਹਾਂ ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਖੜ੍ਹਾ ਬਾਬਰ ਨੂੰ ਵੰਗਾਰ ਰਿਹਾ ਸੀ, ਉਸੇ ਤਰ੍ਹਾਂ ਨਾਦਰ ਦੇ ਹਮਲੇ ਸਮੇਂ ਵੀ ਇਕੱਲਾ ਖ਼ਾਲਸਾ ਹੀ ਉਸ ਦੇ ਘੋੜਿਆਂ ਦੇ ਸੁੰਮਾਂ ਹੇਠ ਅੰਗਿਆਰ ਵਿਛਾ ਰਿਹਾ ਸੀ। ਆਪਣੀ ਇਸ ਤਰ੍ਹਾਂ ਲੁੱਟ ਹੁੰਦੀ ਦੇਖ ਕੇ ਨਾਦਰ ਸ਼ਾਹ ਭੁਚੱਕਾ ਰਹਿ ਗਿਆ ਸੀ। ਉਸ ਦੇ ਪੰਜਾਬ ਦਾ ਗਵਰਨਰ ਜ਼ਕਰੀਆ ਖ਼ਾਨ ਸੀ। ਉਸ ਨੇ ਜ਼ਕਰੀਆ ਖ਼ਾਨ ਤੋਂ ਪੁੱਛਿਆ ਕਿ ਇਹ ਲੁੱਟ ਮਾਰ ਕਰਨ ਵਾਲੇ ਕੌਣ ਹਨ? ਇਨ੍ਹਾਂ ਗੱਲਾਂ ਨੂੰ ਮੁਸਲਮਾਨ ਲੇਖਕ ਅਹਿਮਦ ਸ਼ਾਹ ਬਟਾਲਵੀ ਨੇ ਵੀ ਲਿਖਿਆ ਹੈ। ਉਹ ਲਿਖਦਾ ਹੈ ਕਿ ਜ਼ਕਰੀਆ ਖ਼ਾਨ ਨੇ ਜਵਾਬ ਦਿੱਤਾ ਕਿ ਇਹ ਸਿੱਖ ਹਨ, ਗੁਰੂ ਨਾਨਕ ਦਾ ਨਾਂ ਲੈਂਦੇ ਹਨ, ਅੰਮ੍ਰਿਤਸਰ ਦੇ ਸਰੋਵਰ ਵਿੱਚ ਇਸ਼ਨਾਨ ਕਰ ਕੇ ਸ਼ਕਤੀ ਪ੍ਰਾਪਤ ਕਰਦੇ ਹਨ। ਨਾਦਿਰ ਸ਼ਾਹ ਨੇ ਪੁੱਛਿਆ ਕਿ ਇਹ ਰਹਿੰਦੇ ਕਿੱਥੇ ਹਨ? ਦੱਸਿਆ ਗਿਆ ਕਿ ਇਨ੍ਹਾਂ ਦਾ ਘਰ-ਘਾਟ ਕੋਈ ਨਹੀਂ ਹੈ। ਹਕੂਮਤ ਨੇ ਇਨ੍ਹਾਂ ਨੂੰ ਕੁੱਟਮਾਰ ਕੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਕੱਢ ਦਿੱਤਾ ਹੈ। ਹੁਣ ਤਾਂ ਇਹ ਘੋੜਿਆਂ ਦੀਆਂ ਕਾਠੀਆਂ ‘ਤੇ ਹੀ ਰਹਿੰਦੇ ਹਨ। ਜੰਗਲਾਂ ਦੇ ਝੁੰਡ ਹੀ ਇਨ੍ਹਾਂ ਦੀਆਂ ਬਸਤੀਆਂ ਹਨ। ਨਾਦਰ ਸ਼ਾਹ ਨੇ ਤੁਰੰਤ ਕਿਹਾ ਕਿ ‘ਤਾਂ ਫਿਰ ਇਨ੍ਹਾਂ ਤੋਂ ਬਚ ਕੇ ਰਹਿ। ਜੇ ਇਨ੍ਹਾਂ ‘ਤੇ ਤੁਰੰਤ ਕਾਬੂ ਨਾ ਪਾਇਆ ਤਾਂ ਇਹ ਇਸ ਧਰਤੀ ਦੇ ਮਾਲਕ ਬਣ ਜਾਣਗੇ।’ ਨਾਦਰ ਸ਼ਾਹ ਜੈਸੇ ਮਹਾਂ-ਧਾੜਵੀ ਦੀਆਂ ਇਸ ਤਰ੍ਹਾਂ ਦੀਆਂ ਟੂਕਾਂ ਸਿਰਫ਼ ਇਹੋ ਹੀ ਦਰਸਾ ਰਹੀਆਂ ਹਨ ਕਿ ਜਦੋਂ ਸਾਰਾ ਹਿੰਦੁਸਤਾਨ ਹਮਲਾਵਰਾਂ ਅੱਗ ਝੁਕ ਗਿਆ ਸੀ ਤਾਂ ਖ਼ਾਲਸਾ ਆਪਣੀ ਮਾਂ-ਭੂਮੀ (ਜਾਂ ਪਿਤਰ-ਭੂਮੀ) ਦੇ ਹੋਏ ਅਪਮਾਨ ਦਾ ਬਦਲਾ ਲੈ ਰਿਹਾ ਸੀ।
ਨਾਦਰ ਸ਼ਾਹ ਦੇ ਹਮਲੇ ਤੋਂ ਪੰਜਾਬ ਦੇ ਇਲਾਕਿਆਂ ਨੂੰ ਤੋੜਨ ਦੀ ਗੱਲ ਸ਼ੁਰੂ ਹੋ ਗਈ ਸੀ। ਨਾਦਰ ਸ਼ਾਹ ਨੇ ਪਹਿਲੀ ਵਾਰ ਪੰਜਾਬ ਦੇ ਚਾਰ ਪਰਗਨੇ, ਜਿਨ੍ਹਾਂ ਨੂੰ ਉਸ ਸਮੇਂ ਦੀ ਬੋਲੀ ਵਿੱਚ ‘ਚਾਰ ਮਹਲ’ ਕਿਹਾ ਜਾਂਦਾ ਸੀ, ਮੁਗਲ ਬਾਦਸ਼ਾਹ ਕੋਲੋਂ ਆਪਣੇ ਸਾਮਰਾਜ ਵਿੱਚ ਮਿਲਾਉਣ ਦੀ ਲਿਖਤੀ ਪ੍ਰਵਾਨਗੀ ਲੈ ਲਈ ਸੀ। ਇਸ ਦੇ ਨਾਲ ਹੀ ਉਸ ਨੇ ਜਿਹਲਮ ਅਤੇ ਸਿੰਧ ਦੇ ਵਿਚਕਾਰਲਾ ਦੁਆਬ ਵੀ ਲਿਖਤੀ ਰੂਪ ਵਿੱਚ ਲੈ ਲਿਆ ਸੀ। ਇਉਂ ਹਿੰਦੁਸਤਾਨ ਦੇ ਆਪਣੇ ਹਾਕਮਾਂ ਨੇ ਹੀ ਦੇਸ਼ ਦੀ ਪੱਛਮੀ ਸਰਹੱਦ ਨੂੰ ਸੁੰਗੇੜਨਾ ਸ਼ੁਰੂ ਕਰ ਦਿੱਤਾ ਸੀ। ਇਸ ਹਿਸਾਬ ਨਾਲ ਹਿੰਦੁਸਤਾਨ ਦੀ ਪੱਛਮੀ ਹੱਦ ਸਿੰਧ ਦਰਿਆ ਨਹੀਂ ਸੀ ਸਗੋਂ ਜਿਹਲਮ ਬਣ ਗਿਆ ਸੀ।
ਨਾਦਰ ਸ਼ਾਹ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਉਪਰ ਹਮਲੇ 1747-48 ਤੋਂ ਲੈ ਕੇ 1767-68 ਤੱਕ ਜਾਰੀ ਰੱਖੇ ਸਨ। ਇਨ੍ਹਾਂ ਦੇ ਸਿੱਟੇ ਵਜੋਂ ਸਤਲੁਜ ਤੱਕ ਦਾ ਸਾਰਾ ਇਲਾਕਾ ਅਫ਼ਗ਼ਾਨ ਸਾਮਰਾਜ ਵਿੱਚ ਮਿਲਾ ਲਿਆ ਗਿਆ ਸੀ। ਅਹਿਮਦ ਸ਼ਾਹ ਅਬਦਾਲੀ ਸਮੇਂ ਹਿੰਦੁਸਤਾਨ ਦੀ ਪੱਛਮੀ ਸਰਹੱਦ ਸਿੰਧ ਅਤੇ ਜਿਹਲਮ ਨਹੀਂ ਸਗੋਂ ਸਤਲੁਜ ਦਰਿਆ ਸੀ। ਸਤਲੁਜ ਤੋਂ ਲੈ ਕੇ ਸਿੰਧ ਦਰਿਆ ਤੱਕ ਦਾ ਵਿਸ਼ਾਲ ਖੇਤਰ ਹਿੰਦੁਸਤਾਨੀ ਹਾਕਮਾਂ ਨੇ ਆਪਣੇ ਹੱਥਾਂ ਨਾਲ ਲਿਖ ਕੇ ਅਫ਼ਗ਼ਾਨ ਸਾਮਰਾਜ ਨੂੰ ਦੇ ਦਿੱਤਾ ਸੀ। ਇਸ ਲਈ ਇਕੱਲਾ ਮੁਗਲ ਬਾਦਸ਼ਾਹ (ਅਹਿਮਦ ਸ਼ਾਹ) ਜਾਂ ਮੁਗਲ ਅਧਿਕਾਰੀ ਹੀ ਜ਼ਿੰਮੇਵਾਰ ਨਹੀਂ ਸਨ ਸਗੋਂ ਮਰਾਠਾ ਨੇਤਾ ਵੀ ਉਨੇ ਹੀ ਜ਼ਿੰਮੇਵਾਰ ਸਨ। ਅਬਦਾਲੀ ਦੇ ਪਿਛਲੇ ਹਮਲਿਆਂ ਸਮੇਂ ਮਰਾਠੇ ਹੀ ਉੱਤਰੀ ਹਿੰਦੁਸਤਾਨ ਦੇ ਮਾਲਕ ਸਨ ਪਰ ਉਹ 1761 ਵਿੱਚ ਪਾਣੀਪਤ ਦੀ ਤੀਜੀ ਲੜਾਈ ਵਿੱਚ ਇਹ ਸਭ ਛੱਡ ਚੁੱਕੇ ਸਨ। ਮੁੜ ਕੇ ਉਨ੍ਹਾਂ ਨੇ ਇਹ ਇਲਾਕੇ ਵਾਪਸ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਸ ਵਿਸ਼ਾਲ ਖੇਤਰ ਵਿੱਚ ਸਤਲੁਜ ਤੋਂ ਲੈ ਕੇ ਸਿੰਧ ਦਰਿਆ ਵਿਚਕਾਰਲਾ ਸਾਰਾ ਪੰਜਾਬ ਕਸ਼ਮੀਰ ਸਮੇਤ ਲੇਹ ਅਤੇ ਲੱਦਾਖ ਅਤੇ ਸਿੰਧ ਪ੍ਰਾਂਤ ਦਾ ਇਲਾਕਾ ਵੀ ਸ਼ਾਮਲ ਸੀ। ਇਹ ਵਿਸ਼ਾਲ ਖੇਤਰ ਹਿੰਦੁਸਤਾਨ ਕੋਲੋਂ ਖੋਹ ਲਿਆ ਗਿਆ ਸੀ।
ਹਿੰਦੁਸਤਾਨ ਦੀਆਂ ਸਾਰੀਆਂ ਤਾਕਤਾਂ ਅਹਿਮਦ ਸ਼ਾਹ ਅਬਦਾਲੀ ਸਾਹਮਣੇ ਹਾਰ ਮੰਨ ਚੁੱਕੀਆਂ ਸਨ। ਮਰਾਠਿਆਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਈਨ ਮੰਨ ਕੇ ਆਪਣਾ ਰਾਜ-ਭਾਗ ਸੰਭਾਲ ਲਿਆ ਸੀ। ਅਬਦਾਲੀ ਹਿੰਦੁਸਤਾਨ ਵਿੱਚ ਰਹਿਣਾ ਨਹੀਂ ਸੀ ਚਾਹੁੰਦਾ ਪਰ ਉਹ ਹਿੰਦੁਸਤਾਨ ਨੂੰ ਐਸੀ ਤਾਕਤ ਹਵਾਲੇ ਕਰਨਾ ਚਾਹੁੰਦਾ ਸੀ ਜਿਹੜੀ ਅਬਦਾਲੀ ਨੂੰ ਆਪਣਾ ਸੁਪਰੀਮ ਲਾਰਡ ਸਮਝ ਕੇ ਰਾਜ ਕਰੇ। ਮਰਾਠੇ ਇਸ ਕੰਮ ਲਈ ਤਿਆਰ ਹੋ ਗਏ ਸਨ। ਮਰਾਠਿਆਂ ਵੱਲੋਂ ਅਬਦਾਲੀ ਹੇਠਾਂ ਰਹਿ ਕੇ ਰਾਜ ਕਰਨ ਦੀ ਗੱਲ ਨਾਲ ਅਬਦਾਲੀ ਦਾ ਇੱਕ ਕੰਮ ਤਾਂ ਪੂਰਾ ਹੋ ਗਿਆ ਸੀ ਪਰ ਉਹ ਇਸ ਦੇ ਨਾਲ-ਨਾਲ ਪੰਜਾਬ ਵੀ ਆਪਣੀ ਵਿਸ਼ਵਾਸ-ਪਾਤਰ ਧਿਰ ਨੂੰ ਸੌਂਪਣਾ ਚਾਹੁੰਦਾ ਸੀ ਤਾਂ ਕਿ ਉਹ ਹਿੰਦੁਸਤਾਨ ਵਿੱਚ ਆਉਣ ਲਈ ਪੰਜਾਬ ਵਿੱਚੋਂ ਦੀ ਸੁਰੱਖਿਅਤ ਲੰਘ ਸਕੇ। ਸੰਨ 1764-65 ਤੱਕ ਅਬਦਾਲੀ ਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਪੰਜਾਬ ਨੂੰ ਸਿਰਫ਼ ਸਿੱਖ ਸੰਭਾਲ ਸਕਦੇ ਸਨ। ਇਸ ਲਈ ਅਬਦਾਲੀ ਦੀਆਂ ਸਾਰੀਆਂ ਕੋਸ਼ਿਸ਼ਾਂ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਲਈ ਲੱਗ ਗਈਆਂ ਸਨ। ਸੰਨ 1765 ਵਿੱਚ ਜਦੋਂ ਅਬਦਾਲੀ ਸੱਤਵੀਂ ਵਾਰ ਲਾਹੌਰ ਆਇਆ ਤਾਂ ਉਸ ਸਮੇਂ ਸਰਦਾਰ ਲਹਿਣਾ ਸਿੰਘ ਭੰਗੀ ਲਾਹੌਰ ਦਾ ਹਾਕਮ ਸੀ। ਅਬਦਾਲੀ ਨੇ ਲਾਹੌਰ ਦੇ ਨਾਮਵਰ ਵਸਨੀਕਾਂ ਨੂੰ ਇਕੱਠਾ ਕਰਕੇ ਪੁੱਛਿਆ ਕਿ ਲਾਹੌਰ ਦਾ ਗਵਰਨਰ ਕਿਸ ਨੂੰ ਬਣਾਉਣਾ ਚਾਹੀਦਾ ਹੈ। ਸਾਰੇ ਵਸਨੀਕਾਂ ਨੇ ਇੱਕ ਰਾਇ ਨਾਲ ਕਿਹਾ ਕਿ ਇੱਥੇ ਲਹਿਣਾ ਸਿੰਘ ਭੰਗੀ ਰਾਜ ਕਰਦਾ ਰਿਹਾ ਹੈ। ਕਿਸੇ ਵੀ ਨਾਗਰਿਕ ਨੂੰ ਉਸ ਤੋਂ ਕੋਈ ਵੀ ਸ਼ਿਕਾਇਤ ਨਹੀਂ ਹੈ। ਉਸ ਦੇ ਰਾਜ ਵਿੱਚ ਪਹਿਲੀ ਵਾਰ ਲਾਹੌਰ ਨਿਵਾਸੀਆਂ ਨੂੰ ਸੁੱਖ-ਸ਼ਾਂਤੀ ਦਾ ਸਮਾਂ ਮਿਲਿਆ ਹੈ। ਇਹ ਸੁਣ ਕੇ ਅਬਦਾਲੀ ਨੇ ਕਿਹਾ, ”ਜਾਓ, ਲਹਿਣਾ ਸਿੰਘ ਭੰਗੀ ਨੂੰ ਸਮਝਾ-ਬੁਝਾ ਕੇ ਇੱਕ ਵਾਰ ਮੇਰੇ ਕੋਲ ਲੈ ਆਓ। ਮੈਂ ਉਸ ਨੂੰ ਆਪਣੇ ਵੱਲੋਂ ਲਾਹੌਰ ਦਾ ਗਵਰਨਰ ਬਣਾ ਦਿਆਂਗਾ।”
ਲਾਹੌਰ ਦੇ ਵਸਨੀਕ ਅਬਦਾਲੀ ਵੱਲੋਂ ਦਿੱਤੇ ਤੋਹਫ਼ਿਆਂ ਨਾਲ ਲਹਿਣਾ ਸਿੰਘ ਭੰਗੀ ਦੀ ਭਾਲ ਕਰਦੇ ਹੋਏ ਉਸ ਕੋਲ ਪਹੁੰਚ ਗਏ ਸਨ। ਯਾਦ ਰਹੇ ਜਦੋਂ ਅਬਦਾਲੀ ਲਾਹੌਰ ਪਹੁੰਚਿਆ ਸੀ ਤਾਂ ਲਹਿਣਾ ਸਿੰਘ ਭੰਗੀ ਵੀ ਬਾਕੀ ਸਿੱਖ ਸਰਦਾਰਾਂ ਸਮੇਤ ਲਾਹੌਰ ਛੱਡ ਕੇ ਅਬਦਾਲੀ ਤੋਂ ਇੰਨੀ ਦੂਰ ਚਲੇ ਗਏ ਸਨ ਜਿੱਥੋਂ ਤੱਕ ਉਹ ਸਮਝਦੇ ਸਨ ਕਿ ਇੱਥੇ ਤੱਕ ਪਹੁੰਚ ਕੇ ਅਬਦਾਲੀ ਉਨ੍ਹਾਂ ਉਪਰ ਕੋਈ ਤਕੜੀ ਕਾਰਵਾਈ ਨਹੀਂ ਕਰ ਸਕਦਾ ਸੀ। ਸਿੱਖ ਸਰਦਾਰਾਂ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਉਹ ਅਬਦਾਲੀ ਦਾ ਤਾਜ਼ਾਦਮ ਮੁਕਾਬਲਾ ਕਰ ਸਕਣ। ਜਦੋਂ ਅਬਦਾਲੀ ਥੱਕ ਅਤੇ ਅੱਕ ਜਾਂਦਾ ਸੀ ਤਾਂ ਹੀ ਉਹ ਅਬਦਾਲੀ ਉਪਰ ਗੁਰੀਲਾ ਹਮਲੇ ਕਰਦੇ ਸਨ। ਇਹ ਸਿੱਖਾਂ ਦੀ ਯੁੱਧ-ਨੀਤੀ ਸੀ। ਲਾਹੌਰ ਵਾਸੀ ਲਹਿਣਾ ਸਿੰਘ ਭੰਗੀ ਕੋਲ ਗਏ। ਉਸ ਨੂੰ ਅਬਦਾਲੀ ਵੱਲੋਂ ਭੇਜੇ ਗਏ ਤੋਹਫ਼ੇ (ਸੁੱਕੇ ਮੇਵੇ ਅਤੇ ਗਰਮ ਸ਼ਾਲ) ਦਿੱਤੇ ਤੇ ਇਹ ਵੀ ਦੱਸਿਆ ਕਿ ਅਬਦਾਲੀ ਨੇ ਉਸ ਨੂੰ ਲਾਹੌਰ ਦਾ ਗਵਰਨਰ ਬਣਾ ਦੇਣਾ ਹੈ। ਲਹਿਣਾ ਸਿੰਘ ਭੰਗੀ ਨੇ ਇਹ ਜਵਾਬ ਦਿੱਤਾ ਸੀ: ‘ਖਾਲਸੇ ਨੇ ਜੋ ਕੁਝ ਲੈਣਾ ਹੈ ਉਹ ਅਕਾਲ ਪੁਰਖ ਤੋਂ ਲੈਣਾ ਹੈ। ਅਸੀਂ ਤਾਂ ਭੁੱਜੇ ਹੋਏ ਛੋਲੇ ਅਤੇ ਮਿੱਸੀਆਂ ਰੋਟੀਆਂ ਖਾ ਕੇ ਪਲੇ ਹਾਂ, ਜੰਗਲਾਂ ਵਿੱਚ ਰਹਿ ਕੇ ਜੀਵਨ ਬਤੀਤ ਕੀਤਾ ਹੈ। ਇਹ ਮੇਵੇ ਤੇ ਗਰਮ ਸ਼ਾਲ ਸਾਡੇ ਕਿਸੇ ਕੰਮ ਦੇ ਨਹੀਂ। ਅਬਦਾਲੀ ਨੇ ਜੋ ਕੁਝ ਦੇਣਾ ਹੈ, ਉਹ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਦੇਵੇ। ਉੱਥੇ ਸਰਬੱਤ ਖ਼ਾਲਸਾ ਫ਼ੈਸਲਾ ਕਰੇਗਾ ਕਿ ਅਬਦਾਲੀ ਦੀਆਂ ਪੇਸ਼ਕਸ਼ਾਂ ਦਾ ਕੀ ਕਰਨਾ ਹੈ। ਮੈਂ ਇਕੱਲਾ ਇਸ ਬਾਰੇ ਕੁਝ ਨਹੀਂ ਕਹਿ ਸਕਦਾ।’
ਇਹ ਪੇਸ਼ਕਸ਼ ਨਾਕਾਮ ਹੋ ਜਾਣ ਤੋਂ ਬਾਅਦ ਅਬਦਾਲੀ ਪੰਜਾਬ ਨੂੰ ਉਸੇ ਤਰ੍ਹਾਂ ਛੱਡ ਕੇ ਹੀ ਵਾਪਸ ਚਲਿਆ ਗਿਆ ਸੀ। ਖ਼ਾਲਸੇ ਨੇ ਉਸ ਦੇ ਜਾਣ ਤੋਂ ਬਾਅਦ ਫਿਰ ਸਾਰੇ ਪੰਜਾਬ ਨੂੰ ਪਹਿਲਾਂ ਵਾਂਗ ਹੀ ਰੋਕ ਲਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਹਿੰਦੁਸਤਾਨ ਦੀ ਕਿਸੇ ਵੀ ਤਾਕਤ ਨੂੰ ਸਤਲੁਜ ਤੋਂ ਲੈ ਕੇ ਸਿੰਧ ਦਰਿਆ ਤੱਕ ਦੇ ਵਿਸ਼ਾਲ ਖੇਤਰ ਦੀ ਪ੍ਰਵਾਹ ਨਹੀਂ ਸੀ। ਸਿਰਫ਼ ਸਿੱਖ ਆਪਣੇ ਦੇਸ਼ ਨੂੰ ਸਿੰਧ ਦਰਿਆ ਤੱਕ ਆਪਣਾ ਸਮਝਦੇ ਸਨ। ਉਹ ਇੱਥੇ ਕਿਸੇ ਵੀ ਵਿਦੇਸ਼ੀ ਹਾਕਮ ਦਾ ਰਾਜ ਨਹੀਂ ਚਾਹੁੰਦੇ ਸਨ। ਉਨ੍ਹਾਂ ਦਾ ਨਿਸ਼ਾਨਾ ਪੰਜਾਬ ਨੂੰ ਸੁਤੰਤਰ ਕਰਾ ਕੇ ਇੱਥੋਂ ਦੇ ਲੋਕਾਂ ਦਾ ਰਾਜ ਸਥਾਪਤ ਕਰਨਾ ਸੀ। ਉਨ੍ਹਾਂ ਸਾਹਮਣੇ ਬੰਦਾ ਸਿੰਘ ਬਹਾਦਰ ਦਾ ਕਾਇਮ ਕੀਤਾ ਹੋਇਆ ਰਾਜ ਇੱਕ ਮਾਡਲ ਦੀ ਤਰ੍ਹਾਂ ਸੀ। ਅਬਦਾਲੀ ਆਖ਼ਰ ਬੇਵੱਸੀ ਦੀ ਹਾਲਤ ਵਿੱਚ ਪੰਜਾਬ ਨੂੰ ਲਲਚਾਈਆਂ ਅੱਖਾਂ ਨਾਲ ਦੇਖਦਾ ਹੋਇਆ ਮਰ ਗਿਆ ਸੀ। ਉਸ ਨੇ ਮਰਾਠਿਆਂ ਨੂੰ ਹਰਾਇਆ ਸੀ ਪਰ ਪੰਜਾਬ ਵਿੱਚੋਂ ਸਿੱਖਾਂ ਨੇ ਅਬਦਾਲੀ ਨੂੰ ਭਜਾ ਦਿੱਤਾ ਸੀ।
ਅਬਦਾਲੀ ਤੋਂ ਬਾਅਦ ਉਸ ਦੇ ਪੁੱਤਰ ਤੈਮੂਰ ਸ਼ਾਹ ਅਤੇ ਉਸ ਦੇ ਪੋਤਰੇ ਸ਼ਾਹ ਜ਼ਮਾਨ ਦੇ ਹਮਲਿਆਂ ਦੀ ਗੱਲ ਬੜੀ ਦਿਲਚਸਪ ਹੈ। ਦਿੱਲੀ ਦਾ ਮੁਗਲ ਬਾਦਸ਼ਾਹ ਆਲਮ ਤੈਮੂਰ ਦਾ ਸਾਲਾ ਸੀ। ਉਹ ਚਾਹੁੰਦਾ ਸੀ ਕਿ ਤੈਮੂਰ ਸ਼ਾਹ ਦਿੱਲੀ ਪਹੁੰਚ ਕੇ ਉਸ ਦੀਆਂ ਦੁਸ਼ਮਣ ਤਾਕਤਾਂ ਨੂੰ ਸਬਕ ਸਿਖਾਏ। ਇਸ ਦੇ ਬਦਲੇ ਉਹ ਭਾਵੇਂ ਇੱਥੋਂ ਕੁਝ ਵੀ ਲੈ ਜਾਵੇ। ਇਸ ਮਕਸਦ ਲਈ ਤੈਮੂਰ ਸ਼ਾਹ ਨੇ ਕਾਬਲ ਤੋਂ ਚੱਲ ਕੇ ਦਿੱਲੀ ਪਹੁੰਚਣ ਦੀਆਂ ਤਿੰਨ ਕੋਸ਼ਿਸ਼ਾਂ ਕੀਤੀਆਂ ਪਰ ਉਹ ਪੰਜਾਬ ਵਿੱਚੋਂ ਨਹੀਂ ਲੰਘ ਸਕਿਆ ਕਿਉਂਕਿ ਖ਼ਾਲਸੇ ਨੇ ਕਿਹਾ ਹੋਇਆ ਸੀ ਕਿ ਪੰਜਾਬ ਖ਼ਾਲਸੇ ਦਾ ਹੈ। ਇੱਥੋਂ ਦੀ ਕੋਈ ਧਾੜਵੀ ਜਾਂ ਹਮਲਾਵਰ ਨਹੀਂ ਲੰਘ ਸਕਦਾ। ਸੰਨ 1793 ਵਿੱਚ ਤੈਮੂਰ ਸ਼ਾਹ ਮਰ ਗਿਆ ਸੀ ਅਤੇ ਉਸ ਦਾ ਪੁੱਤਰ ਸ਼ਾਹ ਜ਼ਮਾਨ ਕਾਬਲ ਦਾ ਬਾਦਸ਼ਾਹ ਬਣਿਆ। ਉਸ ਨੇ ਵੀ ਤਿੰਨ ਵਾਰ ਆਪਣੇ ਮਾਮੇ ਸ਼ਾਹ ਆਲਮ ਦੀ ਮਦਦ ਕਰਨ ਲਈ ਦਿੱਲੀ ਪਹੁੰਚਣਾ ਚਾਹਿਆ ਪਰ ਉਹ ਵੀ ਪੰਜਾਬ ਵਿੱਚੋਂ ਲੰਘ ਕੇ ਦਿੱਲੀ ਨਹੀਂ ਪਹੁੰਚ ਸਕਿਆ ਕਿਉਂਕਿ ਪੰਜਾਬ ਵਿੱਚ ਖ਼ਾਲਸੇ ਦੀਆਂ ਮਿਸਲਾਂ ਦਾ ਰਾਜ ਸੀ। ਆਖ਼ਰੀ ਵਾਰ ਸ਼ਾਹ ਜ਼ਮਾਨ ਨੇ ਵੀ ਕੋਸ਼ਿਸ਼ ਕੀਤੀ ਸੀ ਕਿ ਸਿੱਖ ਨੇਤਾ ਉਸ ਪਾਸ ਆਉਣ ਅਤੇ ਉਹ ਸਿੱਖਾਂ ਨੂੰ ਪੰਜਾਬ ਸੌਂਪ ਦੇਵੇਗਾ। ਦੂਜੇ ਪਾਸੇ ਸਿੱਖ ਨੇਤਾ ਵਾਰ ਵਾਰ ਕਹਿ ਰਹੇ ਸਨ ਕਿ ਉਨ੍ਹਾਂ ਨੇ ਪੰਜਾਬ ਨੂੰ ਪਹਿਲੋਂ ਹੀ ਆਪਣੀ ਹਿੰਮਤ ਨਾਲ ਰੋਕਿਆ ਹੈ, ਹੁਣ ਉਹ ਸਾਨੂੰ ਕੀ ਦੇਵੇਗਾ। ਉਸ ਸਮੇਂ ਸਿੱਖ ਨੇਤਾ ਮਹਾਰਾਜਾ ਰਣਜੀਤ ਸਿੰਘ ਸੀ। ਇਸ ਨੇ ਸ਼ਾਹ ਜ਼ਮਾਨ ਨੂੰ ਲਾਹੌਰ ਕਿਲ੍ਹੇ ਦੇ ਸੰਮਣ ਬੁਰਜ ਹੇਠ ਖਲੋ ਕੇ ਕਿਹਾ ਸੀ, ”ਐ ਅਦਬਾਲੀ ਦੇ ਪੋਤਰੇ ਤੈਨੂੰ ਖ਼ਾਲਸੇ ਦਾ ਨੇਤਾ ਲਲਕਾਰ ਰਿਹਾ ਹੈ। ਜਾਂ ਤਾਂ ਬਾਹਰ ਨਿਕਲ ਕੇ ਦੋ-ਦੋ ਹੱਥ ਕਰ, ਨਹੀਂ ਤਾਂ ਜਿੱਧਰੋਂ ਆਇਆ ਹੈਂ ਓਧਰ ਨੂੰ ਹੀ ਚਲਾ ਜਾ।” ਇਸ ਤਰ੍ਹਾਂ ਦੀਆਂ ਗੱਲਾਂ ਸਿੱਖ ਨੇਤਾ ਉਸ ਸਮੇਂ ਕਰ ਰਹੇ ਸਨ ਜਦੋਂ ਹਿੰਦੁਸਤਾਨ ਦੀਆਂ ਸਾਰੀਆਂ ਤਾਕਤਾਂ- ਮਰਾਠੇ, ਰਾਜਪੂਤ, ਰੁਹੇਲੇ, ਮੁਗ਼ਲ ਆਦਿ ਬਿਲਕੁਲ ਹਾਰ ਚੁੱਕੀਆਂ ਸਨ ਅਤੇ ਹਿੰਦੁਸਤਾਨ ਦੇ ਪੰਜਾਬ, ਕਸ਼ਮੀਰ ਅਤੇ ਸਿੰਧ ਖੇਤਰਾਂ ਨੂੰ ਭੁੱਲ ਚੁੱਕੀਆਂ ਸਨ।
ਅਫ਼ਗ਼ਾਨ ਸਾਮਰਾਜ ਦੀ ਕਬਰ ‘ਤੇ ਖਾਲਸੇ ਦਾ ਰਾਜ ਉਸਾਰਿਆ ਗਿਆ ਸੀ। ਸੰਨ 1799 ਵਿੱਚ ਲਾਹੌਰ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੇ ਬਾਕਾਇਦਾ ਰੂਪ ਵਿੱਚ ਖ਼ਾਲਸੇ ਦੇ ਰਾਜ ਦਾ ਐਲਾਨ ਕਰ ਦਿੱਤਾ ਸੀ। ਜਿਉਂ ਜਿਉਂ ਖ਼ਾਲਸਾ ਰਾਜ ਫੈਲ ਰਿਹਾ ਸੀ ਤਿਉਂ ਤਿਉਂ ਅਫ਼ਗ਼ਾਨ ਸਾਮਰਾਜ ਸੁੰਗੜ ਰਿਹਾ ਸੀ। ਅਖ਼ੀਰ 1815-16 ਵਿੱਚ ਅਹਿਮਦ ਸ਼ਾਹ ਅਦਬਾਲੀ ਦੇ ਦੋਵੇਂ ਪੋਤਰੇ ਸ਼ਾਹ ਜ਼ਮਾਨ ਅਤੇ ਸ਼ਾਹ ਸੁਜ਼ਾ ਖ਼ਾਲਸੇ ਦੀ ਸ਼ਰਨ ਵਿੱਚ ਆ ਗਏ ਸਨ। ਸ਼ਾਹ ਜ਼ਮਾਨ ਨੂੰ 1801 ਵਿੱਚ ਤਖ਼ਤ ਤੋਂ ਲਾਹ ਕੇ ਦੋਵੇਂ ਅੱਖਾਂ ਤੋਂ ਅੰਨ੍ਹਾ ਕਰ ਦਿੱਤਾ ਗਿਆ ਸੀ। ਤਿੰਨ ਕੁ ਸਾਲਾਂ ਬਾਅਦ ਸ਼ਾਹ ਸੁਜ਼ਾਹ ਕਾਬਲ ਦਾ ਬਾਦਸ਼ਾਹ ਬਣ ਗਿਆ ਸੀ। ਇਹ ਸ਼ਾਹ ਜ਼ਮਾਨ ਦਾ ਛੋਟਾ ਭਰਾ ਸੀ ਪਰ 1808 ਵਿੱਚ ਇਸ ਨੂੰ ਵੀ ਤਖ਼ਤ ਤੋਂ ਲਾਹ ਦਿੱਤਾ ਗਿਆ ਸੀ। ਆਖ਼ਰ ਇਹ ਦੋਵੇਂ ਭਰਾ ਬਚਦੇ-ਬਚਾਉਂਦੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਵਿੱਚ ਆ ਗਏ ਸਨ। ਇਤਿਹਾਸ ਨੇ ਆਪਣਾ ਪੂਰਾ ਚੱਕਰ ਕੱਟ ਲਿਆ ਸੀ। ਤਿੰਨ ਵਾਰ ਪੰਜਾਬ ਵਿੱਚ ਹਮਲਾਵਰ ਵਜੋਂ ਆਇਆ ਸ਼ਾਹ ਜ਼ਮਾਨ 1815 ਵਿੱਚ ਪੰਜਾਬ ਵਿੱਚ ਹੀ ਸ਼ਰਨ ਲੈਣ ਲਈ ਮਜਬੂਰ ਹੋ ਗਿਆ ਸੀ। ਇਹ ਸਭ ਖ਼ਾਲਸੇ ਦੀਆਂ ਪ੍ਰਾਪਤੀਆਂ ਸਨ। ਜਿਹੜਾ ਕੋਹਿਨੂਰ ਹੀਰਾ ਸੰਨ 1739 ਵਿੱਚ ਮੁਗਲ ਬਾਦਸ਼ਾਹ ਕੋਲੋਂ ਨਾਦਰ ਸ਼ਾਹ ਖੋਹ ਕੇ ਲੈ ਗਿਆ ਸੀ ਉਹੀ ਕੋਹਿਨੂਰ ਹੀਰਾ ਅਹਿਮਦ ਸ਼ਾਹ ਅਦਬਾਲੀ ਕੋਲ ਹੁੰਦਾ ਹੋਇਆ ਪਹਿਲਾਂ ਤੈਮੂਰ ਸ਼ਾਹ, ਫਿਰ ਸ਼ਾਹ ਜ਼ਮਾਨ ਅਤੇ ਫਿਰ ਸ਼ਾਹ ਸੁਜ਼ਾਹ ਪਾਸ ਪਹੁੰਚ ਗਿਆ ਸੀ। ਜਦੋਂ ਸ਼ਾਹ ਸੁਜ਼ਾਹ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਵਿੱਚ ਆ ਗਿਆ ਤਾਂ ਕੋਹਿਨੂਰ ਹੀਰਾ ਮੁੜ ਮਹਾਰਾਜਾ ਰਣਜੀਤ ਸਿੰਘ ਪਾਸ ਪਹੁੰਚ ਗਿਆ ਸੀ।
ਮਹਾਰਾਜਾ ਰਣਜੀਤ ਸਿੰਘ ਵੱਲੋਂ ਸੰਨ 1799 ਵਿੱਚ ਕਾਇਮ ਰਾਜ ਸੰਨ 1839 ਤਕ ਫੈਲਦਾ ਅਤੇ ਪਰਸਦਾ ਹੋਇਆ ਕਾਬਲ-ਕੰਧਾਰ ਤਕ ਪਹੁੰਚ ਗਿਆ ਸੀ। ਪੰਜਾਬ ਅਤੇ ਹਿੰਦੁਸਤਾਨ ਦਾ ਉਹ ਖੁੱਸਿਆ ਹੋਇਆ ਵਿਸ਼ਾਲ ਖੇਤਰ, ਜਿਸ ਨੂੰ ਹਿੰਦੁਸਤਾਨੀ ਤਾਕਤਾਂ ਉੱਕਾ ਹੀ ਵਿਸਾਰ ਚੁੱਕੀਆਂ ਸਨ, ਖ਼ਾਲਸੇ ਨੇ ਫਿਰ ਤੋਂ ਅਫ਼ਗ਼ਾਨ ਸਾਮਰਾਜ ਕੋਲੋਂ ਖੋਹ ਕੇ ਵਾਪਸ ਲੈ ਲਿਆ ਸੀ। ਇਸ ਵਾਪਸ ਲਏ ਹੋਏ ਇਲਾਕੇ ਵਿੱਚ ਖ਼ਾਲਸੇ ਨੇ ਆਪਣੀ ਅਗਵਾਈ ਹੇਠ ਹਿੰਦੁਸਤਾਨੀ ਲੋਕਾਂ ਦਾ ਹੀ ਰਾਜ ਸਥਾਪਤ ਕੀਤਾ ਸੀ। ਖ਼ਾਲਸਾ ਰਾਜ ਦੀਆਂ ਪੱਛਮੀ ਹੱਦਾਂ ਸਿੰਧ ਦਰਿਆ ਤੋਂ ਵੀ ਪਰ੍ਹੇ ਚਲੀਆਂ ਗਈਆਂ ਸਨ। ਸੰਨ 1839 ਵਿੱਚ ਤਰੈ-ਪੱਖੀ ਸੰਧੀ ਰਾਹੀਂ ਕਾਬਲ ਦੇ ਤਖ਼ਤ ‘ਤੇ ਸ਼ਾਹ ਸੁਜ਼ਾਹ ਨੂੰ ਬਿਠਾਇਆ ਗਿਆ ਸੀ। ਉਸ ਉੱਪਰ ਸ਼ਰਤ ਲਾਈ ਗਈ ਸੀ ਕਿ ਉਹ ਹਰ ਛਿਮਾਹੀ ਪੰਜਾਬ ਦੇ ਮਹਾਰਾਜੇ ਨੂੰ ਨਜ਼ਰਾਨਾ ਪੇਸ਼ ਕਰਿਆ ਕਰੇਗਾ ਅਤੇ ਕਾਬਲ ਵਿੱਚ ਪਈ ਹਰ ਚੀਜ਼ ਵਾਪਸ ਲਾਹੌਰ ਭੇਜੇਗਾ ਜਿਹੜੀ ਕਦੇ ਹਿੰਦੁਸਤਾਨ ਵਿੱਚੋਂ ਲੁੱਟ ਕੇ ਲਿਆਂਦੀ ਗਈ ਸੀ। ਇਸੇ ਸ਼ਰਤ ਅਧੀਨ ਕਾਬਲ ਤੋਂ ਸੋਮਨਾਥ ਮੰਦਰ ਦੇ ਦਰਵਾਜ਼ੇ ਮੋੜੇ ਗਏ ਸਨ। ਇਹ ਚਾਂਦੀ ਦੇ ਦਰਵਾਜ਼ੇ ਸਨ। ਭਾਵੇਂ ਬਾਕੀ ਵਾਪਸ ਲਿਆਂਦੀਆਂ ਗਈਆਂ ਚੀਜ਼ਾਂ-ਵਸਤਾਂ ਦੀ ਅੱਜ ਸਾਨੂੰ ਪੂਰੀ ਜਾਣਕਾਰੀ ਨਹੀਂ ਮਿਲਦੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਦੀ ਡਿਊਟੀ ਲਗਾ ਦਿੱਤੀ ਸੀ ਕਿ ਉਹ ਸ਼ਾਹ ਸੁਜ਼ਾਹ ਦੇ ਸਹਿਯੋਗ ਨਾਲ ਕਾਬਲ ਦੇ ਖਜ਼ਾਨੇ ਵਿੱਚ ਪਈਆਂ ਉਨ੍ਹਾਂ ਸਾਰੀਆਂ ਵਸਤਾਂ ਦੀ ਸੂਚੀ ਤਿਆਰ ਕਰੇ ਜਿਹੜੀਆਂ ਹਿੰਦੁਸਤਾਨ ਵਿੱਚੋਂ ਲੁੱਟ ਕੇ ਲਿਜਾਈਆਂ ਗਈਆਂ ਸਨ। ਇਨ੍ਹਾਂ ਵਸਤਾਂ ਬਾਰੇ ਰਿਕਾਰਡ ਸੰਭਾਲੇ ਨਹੀਂ ਜਾ ਸਕੇ ਕਿਉਂਕਿ 1839 ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ। ਮਹਾਰਾਜੇ ਦੀ ਮੌਤ ਨਾਲ ਲਾਹੌਰ ਵਿੱਚ ਗੜਬੜੀ ਫੈਲ ਗਈ ਸੀ।
ਕੰਵਰ ਨੌਨਿਹਾਲ ਸਿੰਘ ਸ਼ਾਹ ਸੁਜ਼ਾਹ ਨੂੰ ਕਾਬਲ ਦੇ ਤਖ਼ਤ ਉਪਰ ਬਿਠਾਉਣ ਲਈ ਗਈ ਫ਼ੌਜ ਦਾ ਸੈਨਾਪਤੀ ਸੀ। ਕਾਬਲ ਵਿਖੇ ਸਾਰਾ ਕੰਮ ਬੜੇ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਸੀ ਕਿ ਪਿੱਛੇ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ। ਮਹਾਰਾਜੇ ਦੇ ਅਕਾਲ ਚਲਾਣੇ ਨਾਲ ਸਾਰੀ ਯੋਜਨਾ ਹੀ ਠੁੱਸ ਹੋ ਗਈ ਸੀ। ਕੰਵਰ ਨੌਨਿਹਾਲ ਸਿੰਘ ਨੂੰ ਕਾਬਲ ਤੋਂ ਲਾਹੌਰ ਵਾਪਸ ਆਉਣਾ ਪਿਆ ਸੀ। ਉਹ ਵਸਤਾਂ ਤਾਂ ਵਾਪਸ ਮੰਗਵਾਉਣ ਦਾ ਇੰਤਜ਼ਾਮ ਕਰ ਲਿਆ ਗਿਆ ਸੀ ਪਰ ਬਾਅਦ ਵਿੱਚ ਇਨ੍ਹਾਂ ਨੂੰ ਸੰਭਾਲਿਆ ਨਹੀਂ ਜਾ ਸਕਿਆ ਸੀ। ਕੁਝ ਗੱਲਾਂ ਤਾਂ ਤਰੈ-ਪੱਖੀ ਸੰਧੀ (1839) ਵਿੱਚ ਹੀ ਲਿਖ ਕੇ ਪੂਰੀਆਂ ਕਰ ਲਈਆਂ ਸਨ ਪਰ ਕੁਝ ਗੱਲਾਂ ਲਿਖਤ ਵਿੱਚ ਨਹੀਂ ਆ ਸਕਦੀਆਂ ਸਨ। ਕੁਝ ਗੱਲਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਤਕੜਾ ਜਰਨੈਲ ਜਾਂ ਤਕੜੀ ਧਿਰ ਆਪਣੇ-ਆਪ ਹੀ ਕਰਵਾ ਲੈਂਦੀ ਹੈ। ਭਾਵ ਇਹ ਹੈ ਕਿ ਖ਼ਾਲਸੇ ਨੇ ਹਿੰਦੁਸਤਾਨ ਨਾਲੋਂ ਖੋਹੇ ਗਏ ਇਲਾਕੇ ਦੇ ਨਾਲ-ਨਾਲ ਉਹ ਵਸਤਾਂ ਵੀ ਵਾਪਸ ਲੈ ਲਈਆਂ ਸਨ ਜਿਨ੍ਹਾਂ ਨੂੰ ਹਮਲਾਵਰ ਹਿੰਦੁਸਤਾਨ ਵਿੱਚੋਂ ਲੁੱਟ ਕੇ ਬਾਹਰ ਲੈ ਗਏ ਸਨ। ਇਨ੍ਹਾਂ ਵਿੱਚ ਕੋਹਿਨੂਰ ਹੀਰਾ ਅਤੇ ਸੋਮਨਾਥ ਦੇ ਦਰਵਾਜ਼ੇ ਪ੍ਰਮੁੱਖ ਸਨ। ਕੰਵਰ ਨੌਨਿਹਾਲ ਸਿੰਘ ਨੂੰ ਸਿਰਫ਼ ਅੱਠ-ਨੌਂ ਮਹੀਨੇ ਖ਼ਾਲਸਾ ਦਰਬਾਰ ਵਿੱਚ ਹਕੂਮਤ ਕਰਨ ਦਾ ਮੌਕਾ ਮਿਲਿਆ ਸੀ ਕਿਉਂਕਿ ਕੰਵਰ ਨੌਨਿਹਾਲ ਸਿੰਘ, ਮਹਾਰਾਜਾ ਖੜਕ ਸਿੰਘ ਦੇ ਹੁੰਦਿਆਂ ਹੀ ਖ਼ਾਲਸਾ ਦਰਬਾਰ ਦੇ ਰੀਜੈਂਟ ਬਣ ਗਏ ਸਨ। ਕੰਵਰ ਨੇ ਆਪਣੇ ਅੱਠ-ਨੌਂ ਮਹੀਨਿਆਂ ਦੇ ਸ਼ਾਸਨ ਦੌਰਾਨ ਹੀ ਏਸ਼ੀਆ ਨੂੰ ਫਤਿਹ ਕਰਨ ਦੇ ਮਨਸੂਬੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਉਸ ਦੀ ਸੋਚ ਵਿੱਚ ਹਿੰਦੁਸਤਾਨ ਦਾ ਤਖ਼ਤ ‘ਤਖ਼ਤ-ਏ-ਤਾਊਸ’ ਵੀ ਸਮਾਇਆ ਹੋਇਆ ਸੀ ਜਿਸ ਨੂੰ ਨਾਦਰ ਸ਼ਾਹ ਆਪਣੇ ਨਾਲ ਇਰਾਨ ਲੈ ਗਿਆ ਸੀ। ਕੰਵਰ ਨੌਨਿਹਾਲ ਸਿੰਘ ਨੇ ਕਾਬਲ ਮੁਹਿੰਮ ਤੋਂ ਪ੍ਰੇਰਨਾ ਲੈ ਕੇ ਇਰਾਨ ਵਿੱਚ ਵੀ ਮੁਹਿੰਮ ਲਿਜਾਣ ਦਾ ਮਨ ਬਣਾ ਲਿਆ ਸੀ ਤਾਂ ਕਿ ਹਿੰਦੁਸਤਾਨ ਦੇ ਤਖ਼ਤ ‘ਤਖ਼ਤ-ਏ-ਤਾਊਸ’ ਨੂੰ ਵੀ ਵਾਪਸ ਲਿਆਂਦਾ ਜਾਵੇ ਪਰ ਉਮਰ ਨੇ ਵਫ਼ਾ ਨਹੀਂ ਕੀਤੀ। ਛੇਤੀ ਹੀ ਕੰਵਰ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਖ਼ਾਲਸਾ ਰਾਜ ਆਪਣੇ-ਆਪ ਵਿੱਚ ਇੱਕ ਕਰਿਸ਼ਮਾ ਸੀ। ਸਾਰੇ ਖ਼ਾਲਸਾ ਰਾਜ, ਜਿਸ ਦੀਆਂ ਹੱਦਾਂ ਸਤਲੁਜ ਤੋਂ ਲੈ ਕੇ ਸਿੰਧ ਤੋਂ ਪਰ੍ਹੇ ਕਾਬਲ-ਕੰਧਾਰ ਨਾਲ ਜਾ ਲੱਗੀਆਂ ਸਨ ਤੇ ਜਿਸ ਵਿੱਚ ਕਸ਼ਮੀਰ, ਲੱਦਾਖ, ਤਿੱਬਤ ਦਾ ਵੀ ਇਲਾਕਾ ਸੀ, ਸਿੱਖਾਂ ਦੀ ਗਿਣਤੀ ਮਸਾਂ-ਮਸਾਂ ਦਸ ਫ਼ੀਸਦੀ ਹੀ ਸੀ। ਫਿਰ ਵੀ ਸਿੱਖਾਂ ਨੇ ਹੋਰਾਂ ਨੂੰ ਇਹ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿ ਖ਼ਾਲਸਾ ਰਾਜ ਇੱਕ ਫਿਰਕੇ ਦਾ ਰਾਜ ਹੈ। ਖ਼ਾਲਸਾ ਰਾਜ ਨੂੰ ਸਾਰੇ ਆਪਣਾ ਹੀ ਰਾਜ ਸਮਝਦੇ ਸਨ। ਅਸਲ ਵਿੱਚ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬੀ ਕੌਮ ਹੋਣ ਦਾ ਅਹਿਸਾਸ ਭਰਿਆ ਗਿਆ ਸੀ। ਇਹ ਖ਼ਾਲਸਾ ਰਾਜ ਦੀ ਵੱਡੀ ਪ੍ਰਾਪਤੀ ਸੀ।
ਕੁਝ ਕਾਰਨਾਂ ਕਰਕੇ ਸੰਨ 1849 ਵਿੱਚ ਖ਼ਾਲਸਾ ਰਾਜ ਖ਼ਤਮ ਹੋ ਗਿਆ ਸੀ। ਇਹ ਬਹੁਤ ਵੱਡਾ ਦੁਖਾਂਤ ਸੀ। ਜੋ ਪੰਜਾਬ 1947 ਤਕ ਬਣਿਆ ਰਿਹਾ ਸੀ, ਉਸ ਵਿੱਚੋਂ ਅੰਗਰੇਜ਼ਾਂ ਨੇ ਕਈ ਸੂਬੇ (ਜਿਵੇਂ ਕਿ ਜੰਮੂ-ਕਸ਼ਮੀਰ ਅਤੇ ਉੱਤਰ-ਪੱਛਮੀ ਸਰਹੱਦੀ ਸੂਬੇ) ਅਲੱਗ ਕਰ ਦਿੱਤੇ ਸਨ, ਫਿਰ ਵੀ ਉਹ ਬਹੁਤ ਵੱਡਾ ਸੀ। ਇਹ ਪੰਜਾਬ ਵੀ ਜਮਨਾ ਤੋਂ ਲੈ ਕੇ ਸਿੰਧ ਦਰਿਆ ਤਕ ਦਾ ਸੀ। ਇਹ ਖ਼ਾਲਸੇ ਦੀ ਹੀ ਦੇਣ ਸੀ। ਇੰਨੇ ਵੱਡੇ ਪੰਜਾਬ ਨੂੰ ਪਹਿਲਾਂ ਹਿੰਦੁਸਤਾਨ ਦੀ ਕੋਈ ਵੀ ਤਾਕਤ ਕਾਇਮ ਨਹੀਂ ਕਰ ਸਕੀ ਸੀ। ਸੰਨ 1849 ਤੋਂ ਬਾਅਦ ਸਿੱਖਾਂ ਦੀ ਤਾਕਤ ਖ਼ਤਮ ਹੋ ਗਈ ਸੀ। ਇਸ ਲਈ ਹੁਣ ਉਹ ਪੰਜਾਬ ਨੂੰ ਬਣਾ ਕੇ ਰੱਖਣ ਵਿੱਚ ਜ਼ਿੰਮੇਵਾਰ ਧਿਰ ਨਹੀਂ ਸਨ ਕਿਉਂਕਿ ਉਹ ਪੰਜਾਬ ਦੀ ਕੁੱਲ ਆਬਾਦੀ ਵਿੱਚ ਮਸਾਂ-ਮਸਾਂ ਪੰਦਰਾਂ ਕੁ ਫ਼ੀਸਦੀ ਹੀ ਸਨ। ਜਦੋਂ ਤਕ ਖ਼ਾਲਸੇ ਦੀ ਜ਼ਿੰਮੇਵਾਰੀ ਸੀ ਖ਼ਾਲਸੇ ਨੇ ਇਸ ਨੂੰ ਪੂਰਾ ਕਰਕੇ ਦਿਖਾ ਦਿੱਤਾ ਸੀ। ਖ਼ਾਲਸੇ ਦੀ ਅਗਵਾਈ ਹੇਠ ਪੰਜਾਬ ਅਤਿ ਵਿਸ਼ਾਲ ਮੁਲਕ ਦੇ ਰੂਪ ਵਿੱਚ ਵਿਸ਼ਵ ਦੇ ਨਕਸ਼ੇ ‘ਤੇ ਉੱਭਰ ਆਇਆ ਸੀ। ਪੰਜਾਬ ਵਿਸ਼ਵ ਪੱਧਰ ‘ਤੇ ਸਭ ਤੋਂ ਪਹਿਲਾਂ ਹੜੱਪਾ ਸੱਭਿਅਤਾ ਅਤੇ ਦੂਜੀ ਵਾਰ ਪੋਰਸ ਸਮੇਂ ਉਭਰਿਆ ਸੀ। ਤੀਜਾ ਸਮਾਂ ਖ਼ਾਲਸੇ ਦਾ ਸਮਾਂ ਸੀ ਜਦੋਂ ਪੰਜਾਬ ਅੰਤਰਰਾਸ਼ਟਰੀ ਪੱਧਰ ‘ਤੇ ਉਭਰਿਆ ਸੀ। ਇਹ ਪੂਰੀ ਇੱਕ ਸਦੀ ਦਾ ਸਮਾਂ ਸੀ। ਦਲ ਖ਼ਾਲਸਾ ਸੰਨ 1748 ਵਿੱਚ ਬਣਿਆ ਸੀ ਅਤੇ ਇਸ ਨੇ ਉਸੇ ਸਮੇਂ ਤੋਂ ਹੀ ਸੁਤੰਤਰ ਪੰਜਾਬ ਦਾ ਐਲਾਨ ਕਰ ਦਿੱਤਾ ਸੀ। ਸੰਨ 1849 ਵਿੱਚ ਖ਼ਾਲਸੇ ਦਾ ਰਾਜ ਖ਼ਤਮ ਕਰ ਦਿੱਤਾ ਗਿਆ ਸੀ। ਪੰਜਾਬ ਦੀ ਇਸ ਇੱਕ ਸਦੀ ਦੀਆਂ ਪ੍ਰਾਪਤੀਆਂ ਨੇ ਰਿਕਾਰਡ ਤੋੜ ਦਿੱਤੇ ਸਨ। ਸੰਨ 1947 ਤਕ ਪੰਜਾਬੀ ਲੋਕ ਇਨ੍ਹਾਂ ਪ੍ਰਾਪਤੀਆਂ ਦੇ ਸਿਰ ‘ਤੇ ਹੀ ਜਿਉਂਦੇ ਆ ਰਹੇ ਸਨ।
ਸੰਨ 1947 ਦੀ ਸਾਰੀ ਲੜਾਈ ਕਾਂਗਰਸ ਅਤੇ ਮੁਸਲਿਮ ਲੀਗ ਨੇ ਲੜੀ ਸੀ। ਕਾਂਗਰਸ ਭਾਵੇਂ ਬਾਹਰੀ ਸਰੂਪ ਵਿੱਚ ਧਰਮ ਨਿਰਪੱਖ ਪਾਰਟੀ ਸੀ ਪਰ ਅਸਲ ਵਿੱਚ ਅਜਿਹਾ ਨਹੀਂ ਸੀ। ਮੁਸਲਿਮ ਲੀਗ ਤਾਂ ਪੂਰੇ ਰੂਪ ਵਿੱਚ ਹੀ ਫਿਰਕੂ ਪਾਰਟੀ ਸੀ। ਸਿੱਟੇ ਵਜੋਂ ਸੰਨ 1947 ਵਿੱਚ ਪੰਜਾਬ ਨੂੰ ਬੁਰੀ ਤਰ੍ਹਾਂ ਫਿਰਕਾਪ੍ਰਸਤੀ ਵਿੱਚ ਵੰਡ ਦਿੱਤਾ ਗਿਆ ਸੀ। ਹਿੰਦੂ-ਸਿੱਖ, ਮੁਸਲਮਾਨਾਂ ਦੇ ਹਤਿਆਰੇ ਬਣ ਗਏ ਸਨ ਅਤੇ ਮੁਸਲਮਾਨ, ਹਿੰਦੂ-ਸਿੱਖਾਂ ਦੇ। ਇਸ ਲੋਕਤੰਤਰੀ ਸਿਧਾਂਤ ਅੱਗੇ ਸਿੱਖ ਸਿਰਫ਼ ਫ਼ੀਸਦੀਆਂ ਦੇ ਚੱਕਰ ਵਿੱਚ ਹੀ ਉਲਝ ਕੇ ਰਹਿ ਗਏ ਸਨ। ਪੰਜਾਬ ਵੰਡਿਆ ਗਿਆ ਸੀ, ਇਸ ਦੇ ਲੋਕ ਵੰਡੇ ਗਏ ਸਨ ਅਤੇ ਪੰਜ ਦਰਿਆਵਾਂ ਵਿੱਚ ਪਾਣੀ ਦੀ ਥਾਂ ਬੇਦੋਸ਼ਿਆਂ ਦਾ ਖੂਨ ਵਹਿ ਰਿਹਾ ਸੀ। ਪੰਜਾਬ ਨੂੰ ਵੰਡਣ ਵਾਲੇ 14-15 ਅਗਸਤ 1947 ਨੂੰ ਆਪੋ-ਆਪਣੀਆਂ ਰਾਜਧਾਨੀਆਂ (ਦਿੱਲੀ ਅਤੇ ਰਾਵਲਪਿੰਡੀ) ਵਿੱਚੋਂ ਰੋਸ਼ਨੀਆਂ ਕਰ ਰਹੇ ਸਨ, ਖੁਸ਼ੀਆਂ ਮਨਾ ਰਹੇ ਸਨ ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾਬਰਦਾਰ ਵਾਹਗੇ ਦੀ ਸਰਹੱਦ ‘ਤੇ ਖੜ੍ਹੇ ਕਦੇ ਦਿੱਲੀ ਦੀਆਂ ਰੋਸ਼ਨੀਆਂ ਵੱਲ ਦੇਖ ਰਹੇ ਸਨ ਤੇ ਕਦੇ ਰਾਵਲਪਿੰਡੀ ਦੀਆਂ ਰੋਸ਼ਨੀਆਂ ਵੱਲ।
ਪੰਜਾਬ ਵੰਡਿਆ ਗਿਆ ਸੀ। ਅੱਧੇ ਤੋਂ ਵੀ ਜ਼ਿਆਦਾ ਪੰਜਾਬ ਪਾਕਿਸਤਾਨ ਨੂੰ ਮਿਲ ਗਿਆ ਸੀ। ਗ਼ੈਰ-ਪੰਜਾਬੀ ਖੇਤਰਾਂ ਦਾ ਪੰਜਾਬ ਵਿੱਚ ਰਲੇਵਾਂ ਹੀ ਆਪਣੇ-ਆਪ ਵਿੱਚ ਇੱਕ ਦੁਖਾਂਤਕ ਕਾਂਡ ਸਮੋਈ ਬੈਠਾ ਸੀ। ਸੰਨ 1858 ਵਿੱਚ ਜਦੋਂ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਖ਼ਿਲਾਫ਼ ਫ਼ੌਜੀ ਵਿਦਰੋਹ ਹੋਇਆ ਸੀ ਤਾਂ ਪੰਜਾਬ ਦੀਆਂ ਰਿਆਸਤਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਇਸ ਵਿਦਰੋਹ ਨੂੰ ਕੁਚਲ ਦਿੱਤਾ ਗਿਆ ਸੀ। ਵਿਦਰੋਹ ਕੁਚਲਣ ਤੋਂ ਬਾਅਦ ਮਦਦਗਾਰ ਧਿਰਾਂ ਨੂੰ ਬਖਸ਼ਿਸ਼ਾਂ ਕੀਤੀਆਂ ਗਈਆਂ ਸਨ ਅਤੇ ਬਗ਼ਾਵਤ ਕਰਨ ਵਾਲੀਆਂ ਧਿਰਾਂ ਨੂੰ ਰਗੜਾ ਲਾਇਆ ਗਿਆ ਸੀ। ਵਰਤਮਾਨ ਹਰਿਆਣੇ ਦੇ ਬਾਂਗਰ ਇਲਾਕੇ ਨੂੰ ਦੱਖਣੀ ਹਰਿਆਣਾ ਕਿਹਾ ਜਾਂਦਾ ਹੈ। ਇਹ ਸਾਰਾ ਬਗ਼ਾਵਤ ਕਰਨ ਵਾਲੀਆਂ ਰਿਆਸਤਾਂ ਦਾ ਇਲਾਕਾ ਸੀ। ਇਨ੍ਹਾਂ ਰਿਆਸਤਾਂ ਨੂੰ ਤੋੜ ਕੇ ਪੰਜਾਬ ਦੀਆਂ ਉਨ੍ਹਾਂ ਰਿਆਸਤਾਂ ਨੂੰ ਦੇ ਦਿੱਤਾ ਗਿਆ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਇਹ ਸਾਰੇ ਇਲਾਕੇ ਗ਼ੈਰ-ਪੰਜਾਬੀ ਸਨ। ਨਾ ਇਨ੍ਹਾਂ ਦੀ ਬੋਲੀ ਅਤੇ ਨਾ ਹੀ ਸੱਭਿਆਚਾਰ ਪੰਜਾਬੀ ਸੀ। ਇਹ ਇਲਾਕੇ ਸੰਨ 1858 ਵਿੱਚ ਪੰਜਾਬ ਦੀਆਂ ਰਿਆਸਤਾਂ ਨਾਲ ਮਿਲਾਏ ਗਏ ਸਨ। ਇਉਂ ਇਹ ਪੰਜਾਬ ਦਾ ਹਿੱਸਾ ਬਣ ਗਏ ਸਨ। ਇਸ ਤਰ੍ਹਾਂ ਜੇ ਖਾਸ ਪੰਜਾਬ ਦੀ ਹੀ ਗੱਲ ਕਰਨੀ ਹੋਵੇ ਤਾਂ ਸੰਨ 1947 ਵਿੱਚ ਪੰਜਾਬ ਦਾ ਸਿਰਫ਼ ਤੀਜਾ ਹਿੱਸਾ ਹੀ ਭਾਰਤ ਨੂੰ ਮਿਲਿਆ ਸੀ, ਦੋ ਤਿਹਾਈ ਪੰਜਾਬ, ਪਾਕਿਸਤਾਨ ਵਿੱਚ ਰਹਿ ਗਿਆ ਸੀ। ਪਾਕਿਸਤਾਨੀ ਪੰਜਾਬ ਵਿੱਚੋਂ ਹਿੰਦੂ ਅਤੇ ਸਿੱਖ ਪੂਰੀ ਤਰ੍ਹਾਂ ਕੁੱਟ ਅਤੇ ਲੁੱਟ ਕੇ ਕੱਢ ਦਿੱਤੇ ਗਏ ਸਨ।
ਪੰਜਾਬੀ ਬੋਲੀ ਅਤੇ ਸੱਭਿਆਚਾਰ ਪੰਜਾਬ ਵਿੱਚੋਂ ਹੀ ਗਾਇਬ ਹੋਣਾ ਸ਼ੁਰੂ ਹੋ ਗਿਆ ਸੀ। ਇਸ ਖ਼ਤਰੇ ਤੋਂ ਬਚਣ ਲਈ ਪੰਜਾਬੀ ਸੂਬੇ ਦੀ ਮੰਗ ਉਠੀ। ਪੰਜਾਬੀ ਸੂਬੇ ਦੀ ਮੰਗ ਅਨੁਸਾਰ ਪੰਜਾਬ ਵਿੱਚੋਂ ਗ਼ੈਰ-ਪੰਜਾਬੀ ਸੱਭਿਆਚਾਰ ਵਾਲੇ ਖੇਤਰ ਕੱਢਣੇ ਸਨ। ਬਾਕੀ ਦੇ ਪੰਜਾਬ ਨੂੰ ਪੰਜਾਬੀ ਬੋਲਦਾ ਅਤੇ ਪੰਜਾਬੀ ਸੱਭਿਆਚਾਰ ਵਾਲਾ ਮੰਨ ਕੇ ਪੁਨਰਗਠਿਤ ਕਰਨਾ ਸੀ। ਪੰਜਾਬੀ ਸੂਬੇ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ ਅਤੇ ਇਸ ਵੱਲੋਂ ਕੀਤੀ ਪੰਜਾਬੀ ਸੂਬੇ ਦੀ ਤਜਵੀਜ਼ ਮੁਤਾਬਕ ਪੰਜਾਬ ਵਿੱਚ ਇਸ ਦਾ 65 ਫ਼ੀਸਦੀ ਇਲਾਕਾ ਰਹਿਣਾ ਸੀ ਅਤੇ ਪੈਂਤੀ ਫ਼ੀਸਦੀ ਨਿਕਲ ਜਾਣਾ ਸੀ ਪਰ ਅਕਾਲੀਆਂ ਦੀ ਇਸ ਮੰਗ ਦੇ ਜਵਾਬ ਵਿੱਚ ਕੇਂਦਰੀ ਸਰਕਾਰ ਨੇ ਇਸ ਆਧਾਰ ਉੱਤੇ ਪੰਜਾਬ ਨਹੀਂ ਬਣਾਇਆ। 65 ਫ਼ੀਸਦੀ ਇਲਾਕਾ ਪੰਜਾਬ ਵਿੱਚੋਂ ਕੱਢ ਦਿੱਤਾ ਗਿਆ ਅਤੇ ਸਿਰਫ਼ 35 ਫ਼ੀਸਦੀ ਇਲਾਕਾ ਪੰਜਾਬ ਨੂੰ ਦਿੱਤਾ ਗਿਆ ਸੀ।
ਸੰਨ ਸੰਤਾਲੀ ਦੀ ਵੰਡ ਵੇਲੇ ਸਿੱਖਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਦੀ ਵੰਡ ਨਾ ਹੋਵੇ ਪਰ ਉਹ ਘੱਟ-ਗਿਣਤੀ ਹੋਣ ਕਰਕੇ ਇਸ ਨੂੰ ਰੋਕ ਨਾ ਸਕੇ। ਕਾਂਗਰਸ ਅਤੇ ਮੁਸਲਿਮ ਲੀਗ ਨੇ ਪੰਜਾਬ ਨੂੰ ਲੀਰੋ-ਲੀਰ ਕਰ ਦਿੱਤਾ ਸੀ। 1947 ਤੋਂ ਪਿੱਛੋਂ ਵੀ ਸਿੱਖਾਂ ਨੇ ਭਾਰਤੀ ਪੰਜਾਬ ਵਿੱਚ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਇਹ ਗੱਲ ਮੰਨੀ ਨਹੀਂ ਗਈ। ਆਖ਼ਰ ਪੰਜਾਬੀ ਸੂਬੇ ਦੀ ਮੰਗ ਉਠਾਈ ਗਈ। ਇਸ ਮੰਗ ਨੂੰ ਇਸ ਤਰ੍ਹਾਂ ਮੰਨਿਆ ਗਿਆ ਕਿ ਪੰਜਾਬ ਵਿੱਚੋਂ ਦੋ ਸੂਬਿਆਂ (ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ) ਦਾ ਖੇਤਰ ਕੱਢ ਦਿੱਤਾ ਗਿਆ, ਇਸ ਦੀ ਰਾਜਧਾਨੀ ਚੰਡੀਗੜ੍ਹ ਕੱਢ ਦਿੱਤੀ ਗਈ ਅਤੇ ਤਕਰੀਬਨ ਤੀਜਾ ਹਿੱਸਾ ਪੰਜਾਬੀ ਸੂਬੇ ਦੇ ਰੂਪ ਵਿੱਚ ਛੱਡ ਦਿੱਤਾ ਗਿਆ ਸੀ। ਪੰਜਾਬੀ ਸੂਬਾ ਤਾਂ ਉਹ ਖੇਤਰ ਹੈ ਜਿਹੜਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬਣਾਉਣ ਤੋਂ ਬਾਅਦ ਬਚਿਆ ਹੈ।
ਜਦੋਂ ਵੀ ਪੰਜਾਬ ਵਿਸ਼ਵ ਦੇ ਨਕਸ਼ੇ ‘ਤੇ ਉਭਰਿਆ, ਇਸ ਨੇ ਭਾਰਤੀ ਉਪ-ਮਹਾਂਦੀਪ ਦੀ ਰੱਖਿਆ ਹੀ ਕੀਤੀ ਸੀ। ਬਾਹਰਲੇ ਦੁਸ਼ਮਣਾਂ ਨੂੰ ਇਸ ਨੇ ਰੋਕਿਆ ਸੀ ਪਰ ਭਾਰਤ ਅਤੇ ਪਾਕਿਸਤਾਨ ਬਣਨ ਮਗਰੋਂ ਪੰਜਾਬ ਲੀਰੋ-ਲੀਰ ਹੋਇਆ ਹੈ। ਪੰਜਾਬ ਨਾਲ ਇਹ ਕਰੋਪੀ ਕਿਉਂ ਵਾਪਰੀ ਹੈ? ਕੀ ਕਦੇ ਪੰਜਾਬ ਦਾ ਅੰਨ-ਪਾਣੀ ਖਾਣ ਵਾਲੇ ਲੋਕ ਇਸ ਬਾਰੇ ਸੋਚਣਗੇ?

* ਮੋਬਾਈਲ: 98158-80539

Thursday, 27 October 2011

ਨਵੰਬਰ '84 ਸਿੱਖ ਨਸਲਕੁਸ਼ੀ, ਪਰ ਇਨਸਾਫ਼ ਨਹੀਂ!\ਇੰਜੀ. ਮਨਵਿੰਦਰ ਸਿੰਘ ਗਿਆਸਪੁਰ



ਨਵੰਬਰ 1984 ਦਾ ਮਹੀਨਾ ਸਿੱਖਾਂ ਤੇ ਕਹਿਰ ਦੀ ਹਨੇਰੀ ਹੀ ਸੀ। ਇਹ ਸਰਕਾਰ ਦੀ ਸੋਚੀ ਸਮਝੀ ਸਾਜਿਸ਼ ਸੀ ਜੋ ਸਰਕਾਰ ਨੇ ਬਹੁਤ ਪਹਿਲਾਂ ਬਣਾਈ ਸੀ ਇੰਦਰਾ ਦਾ ਮਰਨਾ ਤਾਂ ਸਿਰਫ ਬਹਾਨਾ ਹੀ ਸੀ। ਇਸ ਦਾ ਟਰੇਲਰ ਸਰਕਾਰ ਨੇ ਸਿੱਖਾਂ ਨੂੰ ਫਰਵਰੀ 1984 ਵਿੱਚ ਹਰਿਆਣਾ ਦੇ ਦਿੱਲੀ ਲਾਗਲੇ ਸ਼ਹਿਰ ਵਿੱਚ ਦਿਖਾਇਆ। 31 ਅਕਤੂਬਰ 1984 ਸ਼ਾਮ ਤੋਂ 6 ਨਵੰਬਰ 1984 ਤੱਕ ਭੀੜ ਹਰ ਸਿੱਖ ਜੋ ਸੜਕਾਂ ਤੇ ਮਿਲਦਾ ਉਸ ਨੂੰ ਮਾਰ ਰਹੀ ਸੀ। ਉਹਨਾਂ ਦੀਆਂ ਟੈਕਸੀਆਂ, ਸਕੂਟਰ, ਕਾਰਾਂ ਸਾੜ ਰਹੀ ਸੀ। ਸਿੱਖਾਂ ਦਾ ਹਰ ਘਰ,ਦੁਕਾਨ,ਦਫਤਰ ਲੁੱਟ ਰਹੇ ਸਨ । ਹਨੇਰੀਆਂ ਰਾਤਾਂ ਅੱਗ ਦੇ ਭਾਬੜਾਂ ਨਾਲ਼ ਚਮਕ ਰਹੀਆਂ ਸਨ । ਹਜੂਮ ਪੈਟਰੋਲ, ਲੋਹੇ ਦੇ ਡੰਡੇ ਤੇ ਚਿੱਟੇ ਪਾਉਡਰ ਲੈ ਕੇ ਗਲੀਆਂ ਬਜਾਰਾਂ ਵਿੱਚ ਸ਼ਰੇਆਮ ਘੁੰਮ ਰਹੇ ਸਨ। ਭੀੜ ਜੇਤੂਆਂ ਭੰਗੜੇ ਪਾਉਂਦੀ, ਚਾਂਗਰਾਂ ਮਾਰਦੀ ਹੈ “ਮਾਰੋ ਸਰਦਾਰ ਗਦਾਰੋ ਕੋ ਇੰਦਰਾ ਕੇ ਹਤਿਆਰੋ ਕੋ । ਇੰਦਰਾ ਅਮਰ ਰਹੇ”।
19 ਨਵੰਬਰ 1984 ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ (ਰਾਜੀਵ ਗਾਂਧੀ) ਦਾ ਬਿਆਨ, “ਇੰਦਰਾ ਜੀ ਦੇ ਕਤਲ ਪਿੱਛੋਂ ਦੇਸ ਵਿੱਚ ਕੁੱਝ ਦੰਗੇ ਹੋਏ ਸਨ । ਅਸੀਂ ਜਾਣਦੇ ਹਾਂ ਲੋਕ ਬਹੁਤ ਗੁੱਸੇ ਵਿੱਚ ਸਨ ਅਤੇ ਕੁਝ ਦਿਨ ਨਜਰ ਆਇਆ ਕਿ ਭਾਰਤ ਹਿਲਿਆ ਪਿਆ ਸੀ, ਪਰ ਜਦੋ ਇੰਜ ਸ਼ਕਤੀਸ਼ਾਲੀ ਦਰੱਖਤ ਡਿਗਦਾ ਹੈ ਇਹ ਕੁਦਰਤੀ ਹੈ ਕਿ ਇਸ ਦੇ ਦੁਆਲੇ ਦੀ ਧਰਤੀ ਥੋੜਾ ਹਿੱਲਦੀ ਹੈ”। ਇਸ ਬਿਆਨ ਵਿੱਚ ਲੋਕਤੰਤਰ ਦੇ ਸਭ ਤੋਂ ਉੱਚ ਅਹੁਦੇ ਤੇ ਬੈਠੇ ਬੰਦੇ ਨੇ ਇੰਦਰਾ ਦੇ ਮਰਨੇ ਨੂੰ ਇੱਕ ਦਰੱਖਤ ਦਾ ਰੂਪਕ ਦਿੱਤਾ ਅਤੇ ਸਿੱਖਾਂ ਦੇ ਸਮੂਹਿਕ ਕਤਲੇਆਮ ਨੂੰ ਧਰਤੀ ਦਾ ਹਿੱਲਣਾ ਦੱਸਿਆ । ਏਦਾਂ ਦੇ ਹੋਰ ਵੀ ਬਹੁਤ ਬਿਆਨ ਅਮਿਤਾਬ ਬਚਨ ਵਰਗਿਆਂ ਤੱਕ ਦੇ “ਖੁਨ ਕੇ ਛੀਂਟੇ ਪੰਜਾਬ ਤੱਕ ਜਾਨੇ ਚਾਹੀਏ” ਜੋ ਸਾਫ ਦਰਸਾਉਂਦੇ ਹਨ ਕਿ ਹਿੰਸਾ ਨੂੰ ਭੜਕਾਉਣਾ ਜ਼ਿਆਦਾ ਤੋਂ ਜ਼ਿਆਦਾ ਸਿੱਖਾਂ ਨੂੰ ਸਬਕ ਸਿਖਾਉਣ ਦੀ ਇੱਕ ਯੋਜਨਾਬੱਧ ਚਾਲ ਸੀ । ਹੁੱਲੜਬਾਜ ਸ਼ਾਤਰ ਅਪਰਾਧੀਆਂ ਨੂੰ ਇੰਦਰਾ ਦੇ ਮਰਨ ਦਾ ਕੋਈ ਗਮ ਨਹੀਂ ਸੀ । ਉਹ ਤਾਂ ਨੱਚਦੇ ਟੱਪਦੇ ਖੁਸ਼ੀਆਂ ਮਨਾਉਂਦੇ ਸਿੱਖ ਬੀਬੀਆਂ ਨਾਲ ਬਲਾਤਕਾਰ ਕਰ ਰਹੇ ਸਨ। ਭੀੜਾਂ ਸਿੱਖਾਂ ਦੇ ਕੀਮਤੀ ਸਮਾਨ ਨੂੰ ਲੁੱਟ-ਲੁੱਟ ਲਿਜਾ ਰਹੀਆਂ ਸਨ। ਸਿੱਖਾਂ ਦੇ ਗਲਾਂ ਵਿੱਚ ਜਲਦੇ ਟਾਇਰ ਪਾਏ ਜਾ ਰਹੇ ਸਨ।
31 ਅਕਤੂਬਰ ਨੂੰ ਸਭ ਤੋਂ ਪਹਿਲਾ ਹਮਲਾ ਦੇਸ਼ ਦੇ ਪਹਿਲੇ ਨਾਗਰਿਕ ਅਰਥਾਤ ਰਾਸ਼ਟਰਪਤੀ ਗਿਆਨੀ ਜੈਲ ਸਿੰਘ 'ਤੇ ਹੋਇਆ । ਬੇਸ਼ਰਮੀ ਦੀ ਹੱਦ ਦੇਖੋ ਉਥੇ ਹਾਜ਼ਰ ਪੁਲਿਸ ਨੇ ਉਹਨਾਂ ਦੰਗਈਆਂ ਨੂੰ ਅਣਗੌਲੇ ਕੀਤਾ ਤੇ ਭੀੜ ਦਾ ਹੌਂਸਲਾ ਖੁੱਲ ਗਿਆ । ਇੱਕ ਹਿੰਦੂ ਗਵਾਹ ਡੀਪੀ ਗਵਈ ਅਨੁਸਾਰ , “ਦੰਗਈਆਂ ਦੀ ਗਿਣਤੀ ਵੀਹ ਪੱਚੀ ਤੋਂ ਵੱਧ ਨਹੀਂ ਸੀ ਉਹਨਾਂ ਨੂੰ ਅਗਰ ਕਾਬੂ ਕਰ ਸਬਕ ਸਿਖਾਇਆ ਜਾਂਦਾ ਤਾਂ ਦਿੱਲੀ ਬਚ ਸਕਦੀ ਸੀ” । ਧਿਆਨ ਦੇਣ ਤੇ ਵਿਚਾਰਨਯੋਗ ਗੱਲ ਹੈ ਕਿ ਜਦ ਪੁਲਿਸ ਨੇ ਜੈਲ ਸਿੰਘ 'ਤੇ ਹੋਏ ਹਮਲੇ ਤੇ ਵੀ ਧਿਆਨ ਨਹੀਂ ਦਿੱਤਾ ਫਿਰ ਆਮ ਲੋਕਾਂ ਤੋ ਹੋਏ ਹਮਲਿਆਂ 'ਤੇ ਪੁਲਿਸ ਧਿਆਨ ਦੇਵੇਗੀ, ਦੀ ਆਸ ਰੱਖਣਾ ਵੀ ਮੂਰਖਤਾ ਹੀ ਕਹਿ ਸਕਦੇ ਹਾਂ।
ਮੰਤਰੀਆਂ/ਸੰਤਰੀਆਂ ਦੀ ਮਿਲੀ ਭੁਗਤ ਦੀ ਇੱਕ ਹੋਰ ਮਿਸਾਲ ਦੇਖਣ ਲਈ ਇਹ ਘਟਨਾ ਨੂੰ ਚੰਗੀ ਤਰ੍ਹਾਂ ਵੀਚਾਰਨਾ ਜਰੂਰੀ ਹੈ “ਸਬਜੀ ਮੰਡੀ ਪੁਲਿਸ ਸਟੇਸ਼ਨ ਦਾ ਇੰਸਪੈਕਟਰ ਗੁਰਮੇਲ ਸਿੰਘ, ਅਸਿਸਟੈਟ ਕਮਿਸ਼ਨਰ ਕੇਵਲ ਸਿੰਘ (ਦੋਵੇਂ ਸਿੱਖ) ਨੇ 31 ਅਕਤੂਬਰ ਨੂੰ 90 ਦੰਗਈਆਂ ਨੂੰ ਫੜਿਆ। ਉਹਨਾਂ ਦੋਵਾਂ ਉੱਚ ਅਧਿਕਾਰੀਆਂ ਨੂੰ ਕਰਫਿਊ ਲਗਾਉਣ ਦੀ ਮੰਗ ਵੀ ਕੀਤੀ । ਝੱਟ ਹੀ ਉਹਨਾਂ ਨੂੰ ਸਬਕ ਸਿਖਾਉਣ ਲਈ ਐਡੀਸ਼ਨਲ ਕਮਿਸ਼ਨਰ ਹੁਕਮ ਚੰਦ ਯਾਦਵ ਪਹੁੰਚਿਆ ਤੇ ਦੋਵਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ।
ਗੱਲ ਅਗਰ ਪੁਲਿਸ ਦੀ ਕਰੀਏ ਤਾਂ ਬਹਾਦਰ ਪੁਲਿਸ ਵਾਲਿਆਂ ਨੇ 1 ਨਵੰਬਰ 1984 ਨੂੰ ਐਨੇ ਕਤਲੇਆਮ ਵਿੱਚ ਕੇਵਲ 26 ਗ੍ਰਿਫਤਾਰੀਆਂ ਕੀਤੀਆਂ, ਉਹ ਸਾਰੀਆਂ ਹੀ ਸਿੱਖਾਂ ਦੀਆਂ ਸਨ, ਭਾਵ ਉਸੇ ਕੌਮ ਦੇ ਮੈਂਬਰਾਂ ਦੀਆਂ ਜਿਹਨਾਂ ਦਾ ਕਤਲੇਆਮ ਹੋ ਰਿਹਾ ਸੀ। ਕਲਿਆਣਪੁਰੀ ਪੁਲਿਸ ਸਟੇਸ਼ਨ ਜਿੱਥੇ ਸਭ ਤੋਂ ਵੱਧ ਸਿੱਖਾਂ ਨੂੰ ਕਤਲ ਕੀਤਾ ਉਥੋਂ ਦਾ ਮੁੱਖੀ ਸੂਰਵੀਰ ਸਿੰਘ ਤਿਆਗੀ ਬਾਰੇ ਮਿੱਤਲ ਰਿਪੋਰਟ, ਅਗਰਵਾਲ ਰਿਪੋਰਟ ਅਤੇ ਜੀ.ਟੀ.ਨਾਨਾਵਤੀ ਨੇ ਨਿਰਣਾ ਦਿੱਤਾ, “ਤਿਆਗੀ ਅਤੇ ਉਸ ਦੇ ਆਦਮੀਆਂ ਨੇ 'ਨਾਜਾਇਜ਼ ਤੌਰ ਤੇ ਸਿੱਖਾਂ ਨੂੰ ਉਹਨਾਂ ਦੇ ਹਥਿਆਰਾਂ ਤੋਂ ਵਾਂਝੇ ਕੀਤਾ, ਜਿਹਨਾਂ ਨਾਲ ਉਹ ਹਿੰਸਕ ਹਮਲਿਆਂ ਤੋਂ ਆਪਣੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਸਨ” । ਹਿੰਸਾ ਵਿੱਚ ਸਰਗਰਮ ਹਿੱਸਾ ਲੈਣ ਲਈ ਡਾ. ਅਸ਼ੋਕ ਕੁਮਾਰ ਗੁਪਤਾ ਨੂੰ ਅਪਰਾਧੀ ਠਹਿਰਾਉਣ ਦੇ ਇਲਾਵਾ, ਕਮਿਸ਼ਨ ਨੇ ਉਨ੍ਹਾ ਦਾ ਭਾਂਡਾ ਭੰਨ ਦੇਣ ਵਾਲੇ ਹਾਲਤਾਂ ਨੂੰ ਦਰਜ ਕੀਤਾ ਜੋ ਸਾਫ ਦੱਸਦੇ ਹਨ ਕਿ ਪੁਲਿਸ ਵਲੋਂ ਸਿੱਖਾਂ ਨੂੰ ਨਿਹੱਥੇ ਕਰਨ ਦੇ 'ਛੇਤੀ ਪਿੱਛੋਂ' ਧਾੜ ਨੇ ਉਹਨਾਂ ਤੇ ਹਮਲਾ ਕਰ ਦਿੱਤਾ।
ਅਗਰ ਗੱਲ ਦੇਸ਼ ਦੇ ਵੱਡੇ ਲੀਡਰਾਂ ਦੀ ਕਰੀਏ, ਨਰਸਿਮਾ ਰਾਉ 1984 ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਸੀ ਤੇ ਜਦ 6 ਨਵੰਬਰ 1992 ਵਿੱਚ ਅਯੁਧਿਆ ਦੀ ਪੁਰਾਤਨ ਮਸਜਿਦ ਨੂੰ ਢਾਹਿਆ ਤਾਂ ਪ੍ਰਧਾਨ ਮੰਤਰੀ ਸੀ । ਪਰ ਉਹ ਦੋਵਾਂ ਸਥਿਤੀਆਂ ਵਿੱਚ ਇਤਿਹਾਸ ਦਾ ਅਪਰਾਧੀ ਸਾਬਤ ਹੋਇਆ। ਜੇਕਰ ਉਸ ਨੇ ਸ਼ਕਤੀਸ਼ਾਲੀ ਦਖਲ ਦਿੱਤਾ ਹੁੰਦਾ ਤਾਂ ਦੋਵੇ ਭਿਆਨਕ ਕਾਰੇ ਬਚ ਸਕਦੇ ਸਨ।
ਇਕੱਲੀ ਦਿੱਲੀ ਵਿੱਚ ਹੀ ਸਰਕਾਰੀ ਅੰਕੜਿਆਂ ਅਨੁਸਾਰ 3000 ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ । ਇਸ ਤੋਂ ਇਲਾਵਾ ਗੋਆ ਵਿੱਚ ਇੱਕ, ਗੁਜਰਾਤ ਵਿੱਚ ਇੱਕ , ਝਾੜਖੰਡ ਵਿੱਚ ਇੱਕ , ਕਰਨਾਟਕਾ ਵਿੱਚ ਇੱਕ , ਅਤੇ ਤਾਮਿਲਨਾਡੂ ਵਿੱਚ ਇੱਕ , ਅਸਾਮ ਵਿੱਚ ਤਿੰਨ, ਜੰਮੂ ਵਿੱਚ ਨੌ, ਰਾਜਸਥਾਨ ਵਿੱਚ ਵੀਹ, ਉੜੀਸਾ ਵਿੱਚ ਇੱਕੀ , ਹਿਮਾਚਲ ਪ੍ਰਦੇਸ ਵਿੱਚ 33, ਵੈਸਟ ਬੰਗਾਲ ਵਿੱਚ ਚੌਂਤੀ , ਮੱਧ ਪ੍ਰਦੇਸ਼ ਵਿੱਚ ਅੜਤਾਲ਼ੀ, ਪ੍ਰਤਿਭਾ ਦੇਵੀ ਪਾਟਿਲ ਦੇ ਹੋਮ ਟਾਊਨ ਮਹਾਂਰਾਸ਼ਟਰਾ ਵਿੱਚ ਇੱਕ ਸੌ ਚਾਰ, ਬਿਹਾਰ ਵਿੱਚ ਇੱਕ ਸੌ ਇਕੱਤਰ, ਹਰਿਆਣਾ ਵਿੱਚ ਇੱਕ ਸੌ ਇਕੱਤਰ, ਉੱਤਰ ਪ੍ਰਦੇਸ਼ ਵਿੱਚ ਪੰਜ ਸੌ ਸਤਾਰਾਂ ਜਨੂੰਨੀਆਂ ਦੁਆਰਾ ਅੱਗ ਲਗਾ ਕੇ ਜਿੰਦਾ ਸਾੜ ਦਿੱਤੇ ਗਏ।
26 ਸਾਲਾਂ ਬਾਅਦ ਹੋਂਦ ਚਿਲੜ ਪਿੰਡ ਅਚਾਨਕ ਹੀ ਪ੍ਰਗਟ ਨਹੀਂ ਹੋਇਆ ਉਹ ਵੀ ਉਸੇ ਭਿਆਨਕ ਦੌਰ ਦਾ ਪ੍ਰਸ਼ਾਸਨ ਵਲੋਂ ਅਣਗੌਲਿਆ ਪਿੰਡ ਸੀ । ਜਿਥੇ ਕਿ ਸੰਯੋਗਵੱਸ 26 ਸਾਲਾਂ ਬਾਅਦ ਵੀ ਸਬੂਤ ਉਵੇਂ ਦੇ ਉਵੇਂ ਦਿਲ ਹਿਲਾਉਣ ਵਾਲੇ ਮਿਲੇ । ਇਲਾਕੇ ਦੀ ਪੁਲਿਸ, ਇਲਾਕੇ ਦੇ ਥੰਮ 'ਪੱਤਰਕਾਰਾ' ਨੂੰ ਇਹ ਖੰਡਰਾਤ ਰੂਪੀ ਬਿਲਡਿੰਗਾਂ ਦਿਖੀਆਂ ਹੀ ਨਹੀਂ । ਬਕਾਇਦਾ ਐਫ ਆਈ ਆਰ ਨੰਬਰ 91 ਤਾਰੀਕ 2.11. 1984 ਨੂੰ 6 ਵਜੇ ਸ਼ਾਮ ਨੂੰ ਇੰਜ ਦਰਜ ਹੋਈ, “ਮੈਂ ਪਿੰਡ ਚਿਲੜ ਕਾ ਸਰਪੰਚ ਹੂੰ । ਹਮਾਰੇ ਗਾਂਵ ਕੇ ਪਾਸ ਏਕ ਛੋਟੀ ਡਾਣੀ, ਜਿਸ ਕੋ ਹੋਜੀ ਪੁਰ ਕੇ ਨਾਮ ਸੇ ਬੋਲਤੇ ਹੈਂ । ਦੋਨੋ ਗਾਂਵ ਕੀ ਪੰਚਾਇਤ ਏਕ ਹੀ ਹੈ। ਗਾਵ ਮੇਂ ਹੋਜੀਪੁਰ ਮੇਂ ਲੱਗਭੱਗ ਛੇ ਸਾਤ ਘਰ ਸਰਦਾਰੋਂ ਕੇ ਹੈ । ਕੱਲ੍ਹ ਦਿਨਾਂਕ 02-11-1984 ਕੋ ਲੱਗਭੱਗ ਸਾਢੇ ਗਿਆਰਾਂ ਵਜੇ ਦਿਨ ਕੀ ਬਾਤ ਹੈ ਕਿ ਹੇਲੀ ਮੰਡੀ, ਪਟੌਦੀ ਜਿਲਾ ਗੁੜਗਾਵਾਂ ਕੀ ਤਰਫ ਸੇ ਏਕ ਟਰੱਕ ਆਦਮੀਓਂ ਕਾ ਭਰ ਕਰ ਹਮਾਰੇ ਗਾਂਵ ਚਿਲੜ ਕੇ ਤਰਫ ਆਇਆ । ਉਸ ਸਮੇਂ ਮੈਂ ਦਿਆਸੁਲੀਦਾਰ ਸ੍ਰੀ ਦੀਪ ਚੰਦ, ਮੰਗੋਲ ਸਿੰਘ ਅਹੀਰ ਨੰਬਰਦਾਰ, ਨਾਨਕ ਚੰਦ ਸੰਨ ਆਫ ਸੁਲਤਾਨ ਅਹੀਰ ਨੰਬਰਦਾਰ ਵਾਸੀ ਦੇਵ ਕਾ, ਔਰ ਵੀ ਗਾਂਵ ਕੇ ਕਈ ਵਿਅੱਕਤੀ ਤਥਾ ਰਤਨ ਸਿੰਘ ਸੰਨ ਆਫ ਬਾਨੂ ਰਾਮ ਜਾਟ ਵਾਸੀ ਘਨੋਰਾ, ਸੁੰਦਰ ਲਾਲ ਸੰਨ ਆਫ ਸੋਹਣ ਲਾਲ ਜਾਟ ਨੂਰਪੁਰ ਵੀ ਹਾਜਿਰ ਥੇ । ਹਮ ਨੇ ਉਸ ਟਰੱਕ ਮੇ ਆਏ ਹੁਏ ਵਿਅਕਤੀ ਜੋ ਕਿ ਯਹ ਕਹਿ ਰਹੇ ਥੇ ਕਿ ਉਸ ਗਾਂਵ ਕੀ ਢਾਣੀ (ਹੋਜੀ ਪੁਰ) ਮੇਂ ਜਿਤਨੇ ਸਰਦਾਰ ਹੈ ਉਨਕੋ ਖਤਮ ਕਰੇਗੇ, ਕਿਉਂਕਿ ਸਰਦਾਰੋ ਨੇ ਹਮਾਰੇ ਪ੍ਰਿਯ ਨੇਤਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਕੋ ਮਾਰਾ ਹੈ। ਲੇਕਿਨ ਉਨ ਲੋਗੋ ਕੋ ਸਮਝਾ ਬੁਝਾ ਕਰ ਵਾਪਿਸ ਭੇਜ ਦੀਆ ਥਾ, ਪ੍ਰੰਤੂ 6 ਵਜੇ ਸ਼ਾਮ ਕੋ ਫਿਰ ਹੇਲੀ, ਪਟੌਦੀ ਕੇ ਦੋ ਤਿੰਨ ਟਰੱਕ ਆਦਮੀਓ ਕੇ ਭਰ ਕਰ ਫਿਰ ਆਏ ਜਿਨਹੋ ਨੇ ਆਤੇ ਹੀ ਚਿਲੜ ਕੀ ਸਭੀ ਹੋਦੀ ਪੁਰ ਮੇ ਪਹੁੰਚ ਕਰ ਆਗ ਲਗਾਨੀ ਆਰੰਭ ਕਰ ਦੀ। ਔਰ ਅਪਨੇ ਹਾਥੋ ਮੇ ਲੀ ਹੁਈ ਲਾਠੀਓ ਸੇ ਜੋ ਵੀ ਵਿਅਕਤੀ ਬਾਹਰ ਨਿਕਲਤਾ ਉਸੇ ਮਾਰਨਾ ਸੁਰੂ ਕਰ ਦੀਆ । ਜੋ ਇਸੀ ਦੌਰਾਨ ਦੀਪ ਚੰਦ ਨੰਬਰਦਾਰ, ਨਾਨਕ ਚੰਦ ਘਨੰਹੀਆ ਲਾਲ ਵਾਸੀ ਚਿਲੜ, ਰਤਨ ਸਿੰਘ, ਸੁੰਦਰ ਲਾਲ ਵਾਸੀ ਨੂਰਪੁਰ ਵੀ ਯਹੀ ਪਰ ਪਹੁੰਚ ਗਏ ਥੇ। ਜਿਨਕੋ ਕਾਫੀ ਸਮਝਾਇਆ ਪ੍ਰੰਤੂ ਉਨ ਲੋਗੋ ਨੇ ਹਮਾਰੀ ਏਕ ਨ ਸੁਨੀ ਔਰ ਕਹਿਨੇ ਲਗੇ ਕਿ ਯਹ ਸਰਦਾਰ ਗਦਾਰ ਹੈ ਇਨਕੋ ਖਤਮ ਕਰੇਂਗੇ। ਔਰ ਤੁਮ ਬੋਲੋ ਤੋ ਤੁਮਾਰਾ ਵੀ ਅੱਛਾ ਅੰਜ਼ਾਮ ਨਹੀਂ ਹੋਗਾ। ਵੋ ਲੋਗ 500-400 ਕੀ ਤਾਦਾਦ ਮੇ ਥੇ ਔਰ ਉਨਹੋ ਨੇ ਪਕੜ ਕਰ ਮਾਰਨੇ ਸੁਰੂ ਕਰ ਦੀਏ। ਜਿਨਸੇ ਮਕਾਨ ਕਾ ਕੁਝ ਵਿਅਕਤੀ ਜਲ ਗਏ ਹੈ। ਜਲੇ ਹੁਏ ਵਿਅਕਤੀ ਕੀ ਹਮ ਸ਼ਨਾਖਤ ਨਹੀਂ ਕਰ ਸਕਤੇ । ਜਲੇ ਹੁਏ ਵਿਅਕਈ ਕੀ ਸੰਖਿਆ ਲੱਗਭੱਗ ਬੀਸ ਹੈ । ਇਸ ਹਾਦਸਾ ਕੀ ਰਿਪੋਰਟ ਉਸੇ ਸਮੇ ਥਾਨਾ ਆਨਾ ਪੜਾ। ਪਰੰਤੂ ਉਨ ਵਿਅਕਤੀਓਂ ਨੇ ਹਮੇਂ ਰੋਕੇ ਰੱਖਾ ਔਰ ਥਾਨੇ ਨਹੀ ਜਾਨੇ ਦੀਆ। ਅਬ ਮੈ ਵਾ ਸੁਬੇਦਾਰ ਦੀਪਚੰਦ ਬਰਾਇ ਰਿਪੋਰਟ ਥਾਨਾ ਆਏ ਹੈ। ਬਿਆਨ ਸੁਨ ਲੀਆ ਗਿਆ ਹੈ। ਯਹ ਕਾਰਾਵਾਈ ਕੀ ਜਾਣਕਾਰੀ ਘਨਪਤ ਸਿੰਘ ਅਧਛਅਧ ਅਥਵਾ ਇਸ ਸਮੇਂ ਸ੍ਰੀ ਘਨਪਤ ਸਿੰਘ ਸਰਪੰਚ ਪੰਚਾਇਤ, ਪੰਚ ਦੀਪ ਚੰਦ ਨੰਬਰਦਾਰ ਵਾਸੀ ਚਿਲੜ ਨੇ ਯਹ ਹਾਜਿਰ ਥਾਨਾ ਆ ਕਰ ਅਭੀ ਬਿਆਨ ਬੋਲਾ ਤਹਿਸੀਲ ਬਰਮਾਦਾ ਜੋ ਲਿਖਾ ਜਾ ਕਰ ਪੜ੍ਹ ਕਰ ਸੁਨਾਇਆ ਸਮਝਾਇਆ ਗਿਆ। ਜਿਸ ਨੇ ਯਹ ਠੀਕ ਮਾਨ ਕਰ ਅਪਨੇ ਹਸਤਾਖਰ ਵ ਤੁਰੰਤ ਅੰਗਰੇਜ਼ੀ ਕੀਏ। ਜਿਸ ਕੀ ਮੈਨੇ ਤਸਦੀਕ ਕੀ ਹੈ ਕਿ ਜੁਰਮ 302/436/34 10 ਕਾ ਹੋਨਾ ਪਾਇਆ ਜਾਤਾ ਹੈ। ਜਿਸ ਕਾ ਮੁਕੱਦਮਾ ਵਾ ਜੁਰਮ ਦਰਜ ਕਰ ਰਜਿਸਟਡ ਕੀਆ । ਜਾ ਕਰ ਸਪੈਸ਼ਲ ਰਿਪੋਰਟ ਕੈਲਾਸ ਪ੍ਰਸ਼ਾਦਿ 469 ਸੇਵਾ ਮੇ ਇਲਾਕਾ ਮੈਜਿਸਟ੍ਰੇਟ ਸਾਹਿਬ ਪਾਸ ਬਾਲਾ ਭੇਜੀ ਜਾ ਰਹੀ ਹੈ। ਕਿਉਂਕਿ ਸਾਈਟ ਸਾਹਿਬ ਕਾ ਹਵਾਲਾ ਰਪਟ ਨੰਬਰ -21 ਮੇ 1-11-84 ਸੇ ਮਯ ਮੁਲਜਮਾਨਥਾਨਾ ਕੇਲ ਰਾਮ ਸਪੈਸ਼ਲ ਡਿਊਟੀ ਰੇਵਾੜੀ ਗਏ ਹੁਏ ਹੈ ਜਿਨਕੋ ਵੀ ਬਜਰੀਆ ਵਾਇਰਲੈਸ ਸੂਚਿਤ ਕੀਆ ਜਾ ਰਹਾ ਹੈ”।
ਬੇਸ਼ਰਮੀ ਦੀ ਹੱਦ ਦੇਖੋ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ, ਸਗੋ ਉਪਰੋਕਤ “ਐਫ.ਆਈ.ਆਰ” ਦਾਸ ਦੀਆਂ ਕੋਸ਼ਿਸਾਂ ਦੁਆਰਾ ਜੱਗ ਜਾਹਿਰ ਹੋਣ ਮਗਰੋ ਇੱਕ ਹੋਰ ਨਵੀਂ ਐਫ.ਆਈ.ਆਰ ਦਰਜ ਕਰ ਲਈ ਕਿ 21 ਨੰ. ਐਫ ਆਈ ਆਰ ਗੁੰਮ ਹੋ ਗਈ ਹੈ । ਖੈਰ ਇਹਨਾਂ ਤੋਂ ਆਸ ਕੀ ਕੀਤੀ ਜਾ ਸਕਦੀ ਹੈ ਹੁਣ ਆਪਣਿਆਂ ਦੀ ਗੱਲ ਕਰਦੇ ਹਾਂ ......
ਬੜੇ ਜੋਸ਼ ਖਰੋਸ਼ ਨਾਲ 2 ਮਾਰਚ 2011 ਰਾਤ ਦਾਸ ਦੇ ਘਰ ਦੀ ਲੁੱਟ ਮਾਰ ਮਗਰੋ ਬੜੀ ਚੜ੍ਹਦੀ ਕਲਾ ਨਾਲ਼ ਅਖੰਡ ਪਾਠ ਸਾਹਿਬ ਅਰੰਭ ਕਰਵਾਇਆ ਗਿਆ। ਤਕਰੀਬਨ ਹਰੇਕ ਪਾਰਟੀ ਦਾ ਨੁਮਾਇੰਦਾ ਹਾਜਰ ਹੋਇਆ। ਸਰਕਾਰ ਵੀ ਹਿੱਲੀ ਪਈ ਸੀ । ਸੀ.ਬੀ.ਆਈ, ਰਾਅ, ਇੰਟੈਲੀਜੈਂਸ ਸਭ ਸਾਵਧਾਨ ਹੋ ਗਈਆਂ ਸਨ । ਜਥੇਦਾਰ ਸਾਹਿਬ ਆਪਣੇ ਕਰ ਕਮਲਾਂ ਨਾਲ਼ ਉਸ ਉਜੜੇ ਲੁੱਟੇ ਪਿੰਡ ਨੂੰ ਜਲਿਆਂ ਵਾਲੇ ਬਾਗ ਦੀ ਤਰਜ ਤੇ ਉਵੇਂ ਦਾ ਉਵੇ ਸੰਭਾਲਣ ਦਾ ਨੀਂਹ ਪੱਥਰ ਤੱਕ ਰੱਖ ਆਏ। ਦੁੱਖ ਦੀ ਗੱਲ ਸਾਡੇ ਆਪਣੇ ਲੀਡਰ ਸਿਰਫ ਅਖਬਾਰੀ ਫੋਟੋਆਂ ਤੱਕ ਹੀ ਸੀਮਿਤ ਸਨ। ਸਿਰਫ ਰਾਜਨੀਤੀ ਕੀਤੀ ਪ੍ਰੈਕਟੀਕਲੀ ਕੋਈ ਵੀ ਉਦਮ ਨਾ ਕੀਤਾ । ਸੱਚ ਬੋਲਣ ਦਾ ਮੈਨੂੰ ਇਨਾਮ ਮਿਲਿਆ ਕਿ ਘਰ ਲੁੱਟ ਮਾਰ ਕਰਵਾਈ, ਨੌਕਰੀ ਗਵਾਈ, ਵਧੀਆ ਇੰਟਰਨੈਸ਼ਨਲ ਸਕੂਲਾਂ ਵਿੱਚ ਪੜ੍ਹਦੇ ਬੱਚੇ ਸਕੂਲੋਂ ਹਟਾਉਣੋ ਪਏ । ਮੈਂ ਆਪਣੇ ਘਰ ਦਾ ਤੀਲਾ ਤੀਲਾ ਖਿਲਰਦਾ ਤੱਕਦਾ ਰਿਹਾ ਕਿ ਸ਼ਾਇਦ ਕੋਈ ਆਪਣਾ ਆਵੇਗਾ ਸਹਾਰਾ ਦੇਵੇਗਾ, ਪਰ ਉਥੇ ਵੀ ਸਿਆਸਤ ਸ਼ੁਰੂ ਹੋ ਗਈ ਕੋਈ ਕਹਿੰਦਾ “ਸਿਰਫ ਐਮ. ਏ. ਪਾਸ ਹੈ” ਕੋਈ ਕਹਿੰਦਾ “ਇਹ ਤਾਂ ਮੁਸ਼ਕਲ ਨਾਲ਼ ਦਸ ਹਜ਼ਾਰ ਵੀ ਨਹੀਂ ਲੈਂਦਾ ਸੀ, ਗਿਆਸਪੁਰਾ ਤਾਂ ਝੂਠ ਬੋਲਦਾ” ਖੈਰ ਜੇ ਗਿਆਸਪੁਰੇ ਨੇ ਝੂਠ ਬੋਲਣਾ ਹੁੰਦਾ ਸਰਕਾਰ ਤੋਂ ਕੁੱਝ ਗੱਫਾ ਲੈ ਕੇ ਮਜੇ ਕਰਦਾ ਆਫਰ ਵੀ ਆਈ ਸੀ । ਆਪਣੇ ਵੱਡੀਆਂ ਵੱਡੀਆਂ ਗੱਪਾਂ ਮਾਰਦੇ ਵਦੇਸੀ ਵੱਸਦੇ ਵੀਰਾਂ ਨੂੰ ਵੀ ਕਿਹਾ ਕਿ ਕਰ ਸਕਦੇ ਹੋ ਤਾਂ ਕੰਮ ਸੈਟ ਕਰਨ ਲਈ ਉਧਾਰ ਮੱਦਦ ਕਰ ਦੇਵੋਂ ਦਾਅਵੇ ਨਾਲ਼ ਕਹਿੰਦਾ ਹਾਂ ਕਿ ਤਿੰਨ ਤੋਂ ਚਾਰ ਸਾਲਾਂ ਤੱਕ ਵਾਪਿਸ ਕਰ ਦੇਵਾਂਗਾ, ਪਰ ਸਭ ਮਗਰਮੱਛੀ ਹੰਝੂਆਂ ਵਾਲੇ ਹੀ ਨਿਕਲੇ, ਖੈਰ !
ਸਰਕਾਰ ਵੀ ਡਰ ਗਈ ਉਸ ਨੇ ਕਾਹਲੀ ਨਾਲ ਇਕ ਮੈਂਬਰੀ ਕਮਿਸਨ ਟੀ.ਪੀ.ਗਰਗ ਨੂੰ ਸਥਾਪਿਤ ਕਰ ਦਿੱਤਾ, ਤੇ ਛੇ ਮਹੀਨੇ ਦੇ ਅੰਦਰ ਅੰਦਰ ਰਿਪੋਰਟ ਵੀ ਦੇਣ ਦਾ ਵਾਅਦਾ ਕੀਤਾ । ਪਰ ਜਿਵੇਂ ਉਪਰ ਕਿਹਾ ਕਿ 'ਗੱਲਾਂ ਦੇ ਯਾਰ ਸੌਂ ਗਏ', ਉਹਨਾ ਤਾਂ ਫੋਟੋਆਂ ਲਗਵਾਉਣੀਆਂ ਸਨ। ਐਸ. ਜੀ.ਪੀ. ਸੀ. ਚੋਣਾ ਵਿੱਚ ਫਿਰ “ਹੋਦ ਚਿੱਲੜ” ਲਈ ਮੋਟੇ ਮੋਟੇ ਹੰਝੂ ਵਹਾਏ ਗਏ । ਪਰ ਕਿਸੇ ਨੂੰ ਕੋਈ ਫਿਕਰ ਨਹੀਂ ਕਿ ਰਿਪੋਰਟ ਕੀ ਤੇ ਕਦੋਂ ਆਈ ? ਮੈਂ ਰਿਪੋਰਟ ਲੈਣ ਲਈ ਤੇ ਹੋਦ ਇੰਨਕੁਆਇਰੀ ਦੇਖਣ ਲਈ ਮਾਰਚ ਤੋਂ ਬਾਅਦ ਤਿੰਨ ਵਾਰ ਗਿਆ । ਇੰਨਕੁਆਇਰੀ ਤਾਂ ਕੀ ਹੋਣੀ ਸੀ ਲੋਕੀ ਮੈਨੂੰ ਮਜਾਕ ਕਰਨ ਲੱਗ ਗਏ । ਜਥੇਦਾਰ ਦੇ ਹੱਥ ਦੁਆਰਾ ਲਗਾਏ ਪੱਥਰ ਦੇ ਕੋਲ 'ਕੁੱਤੇ ਲੱਤ ਚੁੱਕ-ਚੁੱਕ ਮੂਤ ਕਰਦੇ ਆਮ ਦੇਖੇ'। ਉਹਨਾਂ ਨੂੰ ਕੀ ਪਤਾ ਜਥੇਦਾਰ ਦੀ ਪਦਵੀ ਦਾ। 13 ਅਕਤੂਬਰ ਨੂੰ ਟ੍ਰਿਬਿਊਨ ਦੀ ਮਿਹਰਬਾਨੀ ਨਾਲ਼ ਮੇਰੀ ਖਬਰ ਲੱਗੀ ਕਿ ਹੋਦ ਦੀ ਲੋਕਲ ਪੁਲਿਸ ਚੌਂਕੀ ਤੱਕ ਨੂੰ ਪਤਾ ਨਹੀ ਕਿ ਕੋਈ ਜਾਂਚ ਵੀ ਲੱਗੀ ਹੈ ਜਾਂ ਨਹੀਂ ? ਖੁਸਕਿਸਮਤੀ ਨਾਲ ਸਰਕਾਰ ਨੂੰ ਮਜਬੂਰੀ ਵੱਚ 16 ਅਕਤੂਬਰ ਨੂੰ ਜਨਤਕ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ ਕਿ ਸਬੂਤਾਂ ਦੇ ਅਸਲੀ ਦਸਤਾਵੇਜ ਤੇ ਹਲਫਨਾਮੇ ਅੰਗਰੇਜ਼ੀ ਵਿੱਚ ਨਿੱਜੀ ਤੌਰ 'ਤੇ ਪੇਸ਼ ਕਰੋ । ਸਰਕਾਰੀ ਬੇਸ਼ਰਮੀ ਦੇਖੋ ਕਿ ਕਮਿਸ਼ਨ ਸੱਤ ਮਹੀਨਿਆਂ ਬਾਅਦ ਇਕ ਬੈਠਕ ਹੀ ਕਰਨਯੋਗ ਹੋਇਆ ਜਦੋ ਕਿ ਦਾਅਵਾ ਕੀਤਾ ਗਿਆ ਸੀ ਕਿ ਛੇ ਮਹੀਨਿਆਂ ਵਿੱਚ ਰਿਪੋਰਟ ਦੇ ਦੇਣਗੇ । ਪੀੜਤਾਂ ਨੇ ਮੇਰੇ ਨਾਲ਼ ਰਾਬਤਾ ਬਣਾਇਆ, ਸਾਰਿਆਂ ਸਲਾਹ ਬਣਾਈ ਕਿ ਜਲਦੀ ਤੋਂ ਜਲਦੀ ਟੀ.ਪੀ.ਗਰਗ ਨੂੰ ਮਿਲਿਆ ਜਾਵੇ । ਤਕਰੀਬਨ 15 ਜਾਣੇ ਹਿਸਾਰ ਜੱਜ ਨੂੰ ਮਿਲਣ ਗਏ, ਉਹ ਬੜੇ ਵਧੀਆ ਤਰੀਕੇ ਪੇਸ਼ ਆਇਆ ਤੇ ਉਸ ਨੇ ਰਾਏ ਦਿੱਤੀ ਕਿ ਪੀੜਤਾਂ ਵਲੋ ਕੋਈ ਸਾਂਝਾ ਵਕੀਲ ਕਰ ਲਿਆ ਜਾਵੇ ਤਾ ਜੋ ਜਾਂਚ ਉਸਾਰੂ ਤਰੀਕੇ ਚੱਲ ਸਕੇ।

09872099100
ਪਿੰਡ ਗਿਆਸਪੁਰ, ਡਾਕ: ਢੰਡਾਰੀ ਕਲਾਂ
ਲੁਧਿਆਣਾ

Saturday, 22 October 2011

ਕੀ ਖ਼ਾਲਸਾ ਰਾਜ ਸੰਭਵ ਹੈ?\ਡਾ. ਗੁਰਭਗਤ ਸਿੰਘ


ਇੱਕੀਵੀਂ ਸਦੀ 'ਚ ਰਹਿੰਦਿਆਂ ਜੇ ਇਹ ਜਾਣਨਾ ਚਾਹੀਏ ਕਿ ਕੀ ਹੁਣ ਖਾਲਸਾ ਰਾਜ ਦੇ ਸਥਾਪਿਤ ਹੋਣ ਅਤੇ ਅਭਿਆਸ 'ਚ ਆਉਣ ਦੀ ਕੋਈ ਸੰਭਾਵਨਾ ਹੈ, ਤਾਂ ਇਹ ਸਪੱਸ਼ਟ ਰੂਪ 'ਚ ਸਮਝਣਾ ਪਵੇਗਾ ਕਿ ਖਾਲਸਾ ਕੀ ਹੈ ਅਤੇ ਇਹ ਕਿਉਂ ਸਿਰਜਿਆ ਗਿਆ ਹੈ? ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਗੁਰ ਰਤਨਾਕਰ ਮਹਾਨ ਕੋਸ਼ 'ਚ ਖਾਲਸਾ ਸ਼ਬਦ ਦਾ ਅਰਥ ''ਸ਼ੁੱਧ'' ਦਿੱਤਾ ਹੈ ਅਤੇ ਉਹ 'ਜ਼ਮੀਨ' ਵੀ ਜੋ ਬਾਦਸ਼ਾਹ ਦੀ ਹੈ। ਕਿਸੇ ਜਾਗੀਰਦਾਰ ਦੀ ਨਹੀਂ। ਜੇ ਇਨ੍ਹਾਂ ਅਰਥਾਂ ਨੂੰ ਉੱਪਰਲੇ ਸੱਤਰ ਉੱਤੇ ਲੈ ਜਾਈਏ ਤਾਂ ਖਾਲਸਾ ਵਾਹਿਗੁਰੂ ਜਾਂ ਅਕਾਲਪੁਰਖ ਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਖਾਲਸਾ ਵਾਹਿਗੁਰੂ/ਅਕਾਲਪੁਰਖ ਦੀ ਚੇਤਨਤਾ ਦੀ ਦੇਹਧਾਰੀ ਨੁਮਾਇੰਦਗੀ ਹੈ।
ਅਕਾਲਪੁਰਖ ਸ੍ਰਿਸ਼ਟੀ ਦਾ ਉਹ ਪਰਮ ਸੱਚਾਈ ਹੈ ਜੋ ਆਦੀ ਹੈ, ਉਹ ਸੀ, ਹੈ ਅਤੇ ਅੱਗੋਂ ਹੋਵੇਗਾ ਵੀ। ਇਹ ਸੱਚ ਹੈ, ਜੀਵਨ ਦਾ ਸਰੋਤ ਹੈ। ਇਸ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਮੇਸ਼ਾ ਆਨੰਦ ਅਤੇ 'ਵਿਗਾਸ' 'ਚ ਹੈ। ਆਪ ਸਿਰਜਦਾ ਹੈ ਅਤੇ ਆਪਣੀ ਸਿਰਜਨਾ ਨੂੰ ਦੇਖ ਕੇ ਬੇਪ੍ਰਵਾਹੀ 'ਚ ਖਿੜਦਾ ਹੈ ਅਤੇ ਸਿਰਜਨਾ ਨੂੰ ਨਿਹਾਲ ਕਰਦਾ ਹੈ। 'ਜਪੁ' ਜੀ 'ਚ ਗੁਰੂ ਨਾਨਕ ਦੇਵ ਜੀ ਜਦੋਂ ਉਸ ਨੂੰ 'ਵਿਗਸੈ ਵੇਪਰਵਾਹੁ' ਜਾਂ 'ਕਰਿ-ਕਰਿ ਵੇਖੈ ਨਦਰਿ ਨਿਹਾਲ' ਨਾਲ ਪਰਿਭਾਸ਼ਿਤ ਕਰਦੇ ਹਨ ਤਾਂ ਉਨ੍ਹਾਂ ਦਾ ਭਾਵ ਅਕਾਲਪੁਰਖ ਦੀ ਉਸ ਵਿਸੇਸ਼ਤਾ ਤੰ ਹੀ ਹੈ ਜੋ ਕੁੱਲ ਸਿਰਜਨਾ ਨੂੰ ਮੌਲਣ ਲਈ ਉਤਸ਼ਾਹ ਦਿੰਦੀ ਹੈ ਅਤੇ ਆਪਣੇ ਹੋਰ ਮੌਲਣ ਨਾਲ ਸੰਬੰਧਿਤ ਨਵੀਆਂ ਪਰਤਾਂ ਨੂੰ ਉਜਾਗਰ ਕਰਦੀ ਰਹਿੰਦੀ ਹੈ। ਸਿਰਜਨਾ ਜਾਂ ਕੋਈ ਵਿਅਕਤੀ ਜਦੋਂ ਉਸ ਨਾਲ ਮਿਲਦਾ ਹੈ ਤਾਂ ਇਹ ਮੇਲ ਇਵੇਂ ਹੀ ਹੁੰਦਾ ਹੈ ਜਿਵੇਂ ਜਲ ਨਾਲ ਮਿਲ ਕੇ ਕੰਵਲ ਫੁੱਲ ਦਾ ਵਿਗਾਸ ਹੁੰਦਾ ਹੈ, ਖਾਲਸਾ ਇਸ ਵਿਸਮਾਦੀ, ਭਰਪੂਰ, ਬਹੁ-ਪੱਖੀ ਸੰਯੋਗ, ਗੁਫਤਗੂ ਰੂਪ ਅਕਾਲਪੁਰਖ ਦੀ ਨੁਮਾਇੰਦਗੀ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਰਜਿਆ ਖਾਲਸਾ ਵੀ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਸਰੂਪ ਹੋਵੇਗਾ, ਜੇ ਉਹ ਪਰਮਾਣਿਕ ਖਾਲਸਾ ਹੈ, ਇਸ 'ਚ ਸੰਦੇਹ ਨਹੀਂ। ਖਾਲਸਾ ਇਕ-ਪਰਿਪੇਖੀ, ਇਕ ਧਰਮੀ, ਇਕ ਕੋਣੀ, ਇਕ ਭਾਸ਼ੀ ਨਹੀਂ ਹੋ ਸਕਦਾ। ਉਸ ਲਈ ਕੁੱਲ ਸਿਰਜਨਾ ਦੀ ਵਿਚਿੱਤਰਤਾ ਨੂੰ 'ਵਿਗਾਸ' ਵਿਚ ਰੱਖਣਾ ਅਤੇ ਆਪ ਵਿਗਾਸ 'ਚ ਰਹਿਣਾ ਹੀ ਵੱਡਾ ਧਰਮ ਹੈ।
ਦੂਜੇ ਨੂੰ ਵਿਗਾਸ 'ਚ ਰੱਖਣਾ ਅਤੇ ਆਪ ਵਿਗਾਸ 'ਚ ਰਹਿਣਾ ਹੀ ਕੁੱਲ ਮਨੁੱਖ ਜਾਤੀਆਂ ਅਤੇ ਪ੍ਰਕਿਰਤੀ ਵੱਲ ਵੱਡੀ ਜ਼ਿੰਮੇਵਾਰੀ ਹੈ ਅਤੇ ਇਹੀ ਖਾਲਸੇ ਨੂੰ ਦਿੱਤੀ ਗਈ ਹੈ। ਜਦੋਂ ਇਹ ਜ਼ਿੰਮੇਵਾਰੀ ਨਹੀਂ ਨਿਭਾਈ ਜਾਂਦੀ ਉਦੋਂ ਹੀ ਸੰਕਟ ਖੜ੍ਹਾ ਹੁੰਦਾ ਹੈ। ਜਦੋਂ ਖਾਲਸਾ ਸਾਜਿਆ ਗਿਆ ਸੀ ਜਾਂ ਜਦੋਂ ਤੋਂ ਗੁਰੂ ਸਾਹਿਬਾਨ ਨੇ ਆਪਣੀ ਲਹਿਰ ਆਰੰਭ ਕੀਤੀ,ਉਸ ਸਮੇਂ ਇਸਲਾਮ ਅਤੇ ਬ੍ਰਾਹਮਣਵਾਦ ਦੋਵੇਂ ਹੀ ਇਕ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਹੋ ਚੁੱਕੇ ਸਨ। ਇਸਲਾਮ ਆਪਣੀ ਰਾਜਨੀਤਕ ਪ੍ਰਭੁੱਤਾ ਵਰਤ ਕੇ ਸ਼ਾਸਕੀ ਜ਼ੋਰ ਨਾਲ ਇਕਵਾਦ ਦਾ ਅਭਿਆਸ ਕਰ ਰਿਹਾ ਸੀ ਅਤੇ ਬ੍ਰਾਹਮਣਵਾਦ ਦੋਵੇਂ ਹੀ ਇਕ ਜ਼ਿੰਮੇਵਾਰੀ ਨਿਭਾਉਣ ਦੇ ਅਸਮਰੱਥ ਹੋ ਚੁੱਕੇ ਸਨ। ਇਸਲਾਮ ਆਪਣੀ ਰਾਜਨੀਤਕ ਪ੍ਰਭੁੱਤਾ ਵਰਤ ਕੇ ਸ਼ਾਸਕੀ ਜ਼ੋਰ ਨਾਲ ਇਕਵਾਦ ਦਾ ਅਭਿਆਸ ਕਰ ਰਿਹਾ ਸੀ ਅਤੇ ਬ੍ਰਾਹਮਣਵਾਦ ਆਪਣੇ ਸਾਮਾਜਿਕ ਗਲਬੇ ਅਤੇ ਜਾਤ-ਪ੍ਰਬੰਧ ਰਾਹੀਂ ਮਨੁੱਖ ਦੇ ਸਹਿਜ-ਵਿਗਾਸ ਨੂੰ ਰੋਕ ਕੇ ਆਪਣੇ ਹਿੱਤਾਂ ਲਈ ਵਿਗਾੜ ਰਿਹਾ ਸੀ। ਸਹਜ-ਵਿਗਾਸ ਨੂੰ ਰੋਕਣਾ ਜ਼ੁਲਮ ਹੈ, ਭਾਵੇਂ ਉਹ ਕਿਸੇ ਰੂਪ 'ਚ ਹੋਵੇ। ਇਸ ਸੰਕਟ 'ਚ ਸੰਕਟ ਪਾਉਣ ਵਾਲੀਆਂ ਰਾਜਨੀਤਕ, ਆਰਥਿਕ ਅਤੇ ਪੁਜਾਰੀ ਸ਼ਕਤੀਆਂ 'ਅਸੁਰ' ਸਨ ਅਤੇ ਇਨ੍ਹਾਂ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ 'ਸੁਰ'। ਖਾਲਸਾ ਸੁਰ ਸ਼ਕਤੀ ਸੀ।
ਸੈਨਾਪਤੀ ਨੇ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਸੀ, ਆਪਣੇ ਗ੍ਰੰਥ 'ਸ੍ਰੀ ਗੁਰੂ ਸੋਭਾ' ਵਿਚ ਜੋ 1711 ਈਸਵੀ 'ਚ ਸਥਾਪਤ ਕੀਤਾ ਗਿਆ, ਇਹ ਲਿਖਿਆ ਹੈ ਕਿ ਖਾਲਸਾ ਤਿੰਨ ਪ੍ਰਮੁੱਖ ਮੰਤਵਾਂ ਲਈ ਸਿਰਜਿਆ ਗਿਆ, ਇਹ ਲਿਖਿਆ ਹੈ ਕਿ ਖਾਲਸਾ ਤਿੰਨ ਪ੍ਰਮੁੱਖ ਮੰਤਵਾਂ ਲਈ ਸਿਰਜਿਆ ਗਿਆ। ਜਗਤ ਉਧਾਰਨ, ਅਸੁਰ ਸੰਘਾਰਨ ਅਤੇ ਸੰਕਟ ਨਿਵਾਰਨ ਲਈ।
ਇਤਿਹਾਸ ਦੇ ਹਰ ਨਵੇਂ ਦੌਰ 'ਚ ਸੁਰ ਅਤੇ ਅਸੁਰ ਸ਼ਕਤੀਆਂ ਦਾ ਰੂਪ ਬਦਲ ਜਾਂਦਾ ਹੈ। ਜੋ ਕਦੇ ਸੁਰ ਸਨ, ਜੇ ਉਹ ਆਪਣੇ ਸੌੜੇ ਹਿੱਤਾਂ ਦੀ ਰਾਖੀ ਲਈ ਦੂਜਿਆਂ ਦੇ ਨਿਰੰਤਰ ਵਿਗਾਸ 'ਚ ਮੁਸ਼ਕਲਾਂ ਖੜ੍ਹੀਆਂ ਕਰਨ, ਉਹ ਨਿਸ਼ਚਿਤ ਹੀ ਅਸੁਰ ਸ਼ਕਤੀਆਂ ਬਣ ਜਾਂਦੇ ਹਨ, ਉਨ੍ਹਾਂ ਨੂੰ ਫਿਰ ਵਿਚਿੱਤਰਤਾ ਅਤੇ ਦੈਵਿਤਾ ਦੇ ਹੁਕਮ 'ਚ ਕਈ ਪੱਧਰਾਂ ਉੱਤੇ ਲਾਮਬੰਦ ਹੋ ਕੇ ਹਰਾਉਣਾ ਪੈਂਦਾ ਹੈ। ਕਿਉਂਕਿ ਇਤਿਹਾਸ 'ਚ ਇਹ ਘੋਲ 'ਬੈਕੁੰਠ' ਦੇ ਪ੍ਰਾਪਤ ਹੋਣ ਤੱਕ ਜਾਰੀ ਰਹਿਣਾ ਹੈ, ਇਸ ਲਈ ਮਨੁੱਖ ਦੇ ਨਿਰੰਤਰ ਵਿਗਾਸ ਨੂੰ ਕਾਇਮ ਰੱਖਣ ਲਈ, ਇਤਿਹਾਸਕ ਸਥਿਤੀ ਅਨੁਸਾਰ ਸੁਰ-ਸ਼ਕਤੀਆਂ ਦੀ ਲੋੜ ਹਮੇਸ਼ਾ ਰਹੇਗੀ। ਗੁਰੂ ਦਾ ਸਿਰਜਿਆ ਖਾਲਸਾ ਇਹ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸਦਾ ਸਾਰਥਕ ਰਹੇਗਾ।
ਪਰ ਇਥੇ ਦੁਹਰਾਉਣ ਅਤੇ ਸਮਝਣ ਵਾਲੀ ਗੱਲ ਇਹ ਹੈ ਕਿ ਸਦੀਵਤਾ ਅਤੇ ਸਾਰਥਕਤਾ ਕੇਵਲ ਗੁਰੂ ਦੇ ਸਾਜੇ ਖਾਲਸਾ ਜੀ ਨੂੰ ਬਖਸ਼ੀ ਗਈ ਹੈ, ਇਸ ਦਾ ਅਰਥ ਇਹ ਹੈ ਕਿ ਖਾਲਸਾ ਫੌਜ ਜਾਂ ਸੰਤ ਸਿਪਾਹੀਆਂ ਨੂੰ ਵਾਹਿਗੁਰੂ ਵਾਂਗ ਸਮੁੱਚੀ ਕਾਇਨਾਤ ਦੀ ਵਿਚਿਤੱਰਤਾ ਆਪਣੇ ਵਿਚ ਸਮੋਣੀ ਪਵੇਗੀ। ਜਿਵੇਂ ਵਾਹਿਗੁਰੂ ਆਪਣੀ ਸਿਰਜਨਾ ਨੂੰ ਵੇਖ ਕੇ ਨਿਹਾਲ ਹੁੰਦਾ ਹੈ ਅਤੇ ਨਿਹਾਲ ਕਰਦਾ ਹੈ, ਇਹੋ ਜਿਹੀ ਦ੍ਰਿਸ਼ਟੀ ਅਤੇ ਚੇਤਨਤਾ ਵਿਕਸਿਤ ਕਰਨੀ ਪਵੇਗੀ। ਇਹ ਕੋਈ ਸੌਖੀ ਗੱਲ ਨਹੀਂ। ਵਾਹਿਗੁਰੂ ਖੁਦ ਆਪਣੀ ਸਿਰਜਨਾ ਦੀ ਵਿਚਿੱਤਰਤਾ ਅਤੇ ਸੁੰਦਰਤਾ ਨੂੰ ਦੇਖ ਕੇ ਵਿਸਮਾਦ ਵਿਚ ਹੈ। ਆਪਣੇ ਵਿਚ ਲੀਨ ਹੋਣ ਵਾਲਿਆਂ ਨੂੰ ਵਿਸਮਾਦ ਵਿਚ ਲੀਨ ਕਰਦਾ ਹੈ। ਇਸ ਵਿਸ਼ੇਸ਼ਤਾ ਦਾ ਸਾਧਾਰਨ ਅਰਥ ਇਹ ਹੈ ਕਿ ਖਾਲਸਾ ਫ਼ੌਜ ਦਾ ਹਰ ਸਿਪਾਹੀ ਜੀਵਨ ਦੀ ਵਿਲੱਖਣਤਾ, ਸੁੰਦਰਤਾ, ਵਿਚਿਤੱਰਤਾ ਤੋਂ ਹਰ ਖਿਣ ਪ੍ਰੇਰਿਤ ਰਹੇ। ਜੀਵਨ ਦੀ ਸ਼ਾਇਰੀ ਅਤੇ ਸੰਗੀਤ ਵਿਚ 'ਮਤਵਾਰਾ' ਹੋਣ ਦੀ ਸਮਰੱਥਾ ਰੱਖੇ। ਅਕਾਲਪੁਰਖ ਦੀ ਸਾਰੀ ਸਿਰਜਨਾ ਹਰ ਖਿਣ ਸੰਗੀਤ ਵਿਚ ਵੱਸ ਰਹੀ ਹੈ। ਸਾਰੀ ਸ੍ਰਿਸ਼ਟੀ ਦੀਆਂ ਸ਼ਕਤੀਆਂ ਆਪਣੀ-ਆਪਣੀ ਥਾਂ ਉੱਤੇ ਅਕਾਲਪੁਰਖ ਦੇ ਦੁਆਲੇ ਸੰਗੀਤ ਵਾਦਨ ਕਰ ਰਹੀਆਂ ਹਨ। 'ਜਪੁ ਜੀ' ਦੀ ਗਵਾਹੀ ਸਾਡੇ ਕੋਲ ਹੈ।
ਖਾਲਸਾ ਸੰਗਠਨਾਂ ਨੂੰ ਵੀ ਇਹ ਸਮਝਣਾ ਪਵੇਗਾ ਕਿ ਅਕਾਲਪੁਰਖ ਦੀ ਸਿਰਜਨਾ ਦੇ ਕਨਫੈਡਰੇਸ਼ਨੀ ਮਾਡਲ ਉੱਤੇ ਹੀ ਸਾਡੇ ਵਿਸ਼ਵ ਦੀ ਸਿਹਤਮੰਦ ਸੰਰਚਨਾ ਬਣ ਸਕਦੀ ਹੈ। ਅਜਿਹੀ ਵਿਸ਼ਵ ਸੰਰਚਨਾ ਜਿਸ ਵਿਚ ਦੂਜੇ ਨਾਲ ਧਿੰਗੋਜੋਰੀ ਨਹੀਂ ਹੋ ਸਕਦੀ। ਨਾ ਹੀ ਕਿਸੇ ਨੂੰ ਛੁਟਿਆਉਣਾ ਜਾਂ ਜ਼ਬਰਦਸਤੀ ਆਪਣੇ ਵੱਲ ਲਿਆਉਣਾ ਬਣਦਾ ਹੈ। ਵੱਡੀ ਚੇਤਨਤਾ ਅਤੇ ਅਭਿਆਸ ਲਈ ਸਥਿਤੀ ਬਣਾਉਣੀ ਜਾਇਜ਼ ਹੈ। ਅਸੁਰ ਸ਼ਕਤੀਆਂ ਦੀ ਠੀਕ ਪਛਾਣ ਕਰਕੇ ਯਤਨ ਕਰਨਾ ਠੀਕ ਹੈ। ਸਾਡੇ ਸਮਿਆਂ ਵਿਚ ਅਸੁਰ ਸ਼ਕਤੀਆਂ ਉਹ ਹਨ ਜੋ ਇੱਕਵਾਦੀ ਹਨ, ਉਸ ਵਿਚ ਫਾਸ਼ੀ ਡਿਕਟੇਟਰ, ਇਸਲਾਮਵਾਦ, ਇਸਾਈਵਾਦ, ਹਿੰਦੂਵਾਦ, ਸਭ ਆ ਜਾਂਦੇ ਹਨ। ਜੇ ਉਹ ਇੱਕਵਾਦ ਦਾ ਅਭਿਆਸ ਕਰਦੇ ਹਨ ਅਤੇ ਕਾਇਨਾਤ ਦੇ ਕਨਫੈਡਰੇਸ਼ਨੀ, ਸੰਗੀਤ ਉਤਪਾਦਕ ਭਾਈਚਾਰੇ ਨੂੰ ਭੰਗ ਕਰਦੇ ਹਨ।
ਪੂੰਜੀਵਾਦੀ ਦਾ ਲਚਕੀਲਾ ਰੂਪ ਜੋ ਦੂਜੇ ਸੱਭਿਆਚਾਰਾਂ ਦਾ ਸਤਿਕਾਰ ਕਰਦਾ ਹੈ ਅਤੇ ਉਨ੍ਹਾਂ ਦੀ ਵਿਚਿੱਤਰਤਾ ਅਨੁਸਾਰ ਆਪਣੇ ਆਪ ਨੂੰ ਬਦਲਦਾ ਰਹਿੰਦਾ ਹੈ, ਇੱਕਵਾਦੀ ਨਹੀਂ। ਕੈਨੇਡਾ ਅਤੇ ਅਮਰੀਕਾ ਦੇ ਪੂੰਜੀਵਾਦ ਅਜਿਹੇ ਚਰਿੱਤਰ ਵਾਲੇ ਹਨ। ਕੈਨੇਡਾ ਵੱਧ ਅਤੇ ਅਮਰੀਕਾ ਘੱਟ। ਜਾਪਾਨ ਦਾ ਪੂੰਜੀਵਾਦ ਵੀ ਅਜਿਹੀ ਲਚਕ ਧਾਰ ਰਿਹਾ ਹੈ। ਸਮਾਜਵਾਦ ਅਜੇ ਇੱਕਵਾਦੀ ਹੈ। ਚੀਨ ਨੇ ਕੁਝ ਲਚਕ ਦਿਖਾਉਣੀ ਆਰੰਭ ਕੀਤੀ ਹੈ ਪਰ ਅਜੇ ਯਾਤਰਾ ਲੰਮੀ ਹੈ। ਭਾਰਤ ਦਾ ਸੰਵਿਧਾਨ ਅਤੇ ਹੋਰ ਰਾਜਨੀਤਕ ਸੰਰਚਨਾਵਾਂ ਕੌਮੀ ਇੱਕਵਾਦ ਉੱਤੇ ਉਸਰੀਆਂ ਹੋਈਆਂ ਹਨ। ਇਨ੍ਹਾਂ ਵਿਚ ਭਾਰਤ ਨੂੰ ਵਿਲੱਖਣ ਸਭਿਆਚਾਰਾਂ ਅਤੇ ਕੌਮਾਂ ਦੇ ਖੇਤਰੀ ਘਰਾਂ ਦੇ ਤੌਰ 'ਤੇ ਨਹੀਂ ਸਵੀਕਾਰ ਕੀਤਾ ਗਿਆ, ਇਸ ਲਈ ਇਹ ਦੂਜੇ ਦੇ ਮੁਕੰਮਲ ਸਤਿਕਾਰ ਨੂੰ ਨਿਯਮ ਵਜੋਂ ਸਵੀਕਾਰ ਨਹੀਂ ਕਰਦੇ। ਨਤੀਜੇ ਵਜੋਂ ਭਾਰਤ ਦੀਆਂ ਰਾਜਨੀਤਕ ਸੰਰਚਨਾਵਾਂ ਇਕ ਕੌਮਵਾਦੀ ਹਨ। ਇਨ੍ਹਾਂ ਦੇ ਅਭਿਆਸ ਵਿਚੋਂ ਕਾਇਨਾਤੀ ਸੰਗੀਤ ਨਹੀਂ ਨਿਕਲ ਸਕਦਾ। ਇਥੇ ਸੰਕਟ ਕਾਇਮ ਹੀ ਰਹੇਗਾ। ਕੇਵਲ ਪੂੰਜੀ ਆਧਾਰਿਤ ਵਿਕਾਸ, ''ਵਿਗਾਸ'' ਨਹੀਂ ਬਣ ਸਕਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਸਾਬਤਿ ਪੂੰਜੀ' ਦੀ ਗੱਲ ਕੀਤੀ ਗਈ ਹੈ। ਸੰਤ-ਗੁਰੂ ਸਾਹਿਬਾਨਾਂ ਨੇ ਆਪਣੇ ਆਪ ਨੂੰ 'ਰਾਮ ਕੇ' 'ਵਣਜਾਰੇ' ਆਖਿਆ ਹੈ। ਇਸ ਦਾ ਅਰਥ ਇਹ ਹੈ ਕਿ ਪੂੰਜੀ ਉਹੀ ਵਿਗਾਸ ਵੱਲ ਲੈ ਜਾ ਸਕਦੀ ਹੈ ਜਿਸ ਵਿਚ ਅਕਾਲ ਪੁਰਖ ਦਾ ਸਤ ਮੌਜੂਦ ਹੋਵੇ। ਅੱਜ ਕਦੇ ਮੁਹਾਵਰੇ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਦੈਵਿਤਾ, ਭਰਪੂਰ ਪ੍ਰਫੁੱਲਤਾ, ਸੰਗੀਤਾਤਮਕ ਕਨਫੈਡਰੇਸ਼ਨੀ ਭਾਈਚਾਰੇ ਦੇ ਹਿੱਤ ਵਿਚ ਲਾਈ ਪੂੰਜੀ ਹੀ ਵਿਗਾਸ ਵੱਲ ਲੈ ਜਾ ਸਕਦੀ ਹੈ। ਕੇਵਲ 'ਵਿਕਾਸ' ਹਿੱਤ ਜਾਂ ਸੂਦ ਵਧਾਉਣ ਲਈ ਲਾਈ ਪੂੰਜੀ ਇਕ ਪਾਸਾਰੀ ਹੈ, ਸਰਬਪੱਖੀ/ਵਿਗਾਸਮੁਖੀ ਨਹੀਂ। ਪੱਛਮ ਵਿਚ ਐਜ਼ਰਾ ਪਾਉਂਡ ਮਾਰਸ਼ਲ ਮੌਸ, ਬਾਤੱਈ ਜਿਹੇ ਚਿੰਤਕ ਆਧੁਨਿਕ ਸਮੇਂ ਵਿਚ ਕਹਿ ਚੁੱਕੇ ਹਨ ਅਤੇ ਸੂਦਖੋਰੀ ਦਾ ਰਾਹ ਘਾਤਕ ਹੈ, ਮਨੁੱਖੀ ਪ੍ਰਫੁੱਲਤਾ ਲਈ ਯੋਗ ਨਹੀਂ। ਪੱਛਮ ਉਨ੍ਹਾਂ ਦੇ ਵਿਚਾਰ ਵਿਚ ਗਲਤ ਰਾਹ ਉੱਤੇ ਤੁਰ ਪਿਆ, ਅਜੇ ਕਿ ਪੱਛਮ ਦੇ ਆਦਿਵਾਸੀ ਕਬੀਲਿਆਂ ਵਿਚ ਮਨੁੱਖੀ ਮਾਣ ਅਤੇ ਭਾਵ-ਪ੍ਰਫੁੱਲਤਾ ਲਈ ਲਾਈ ਸੌਂਦਰਯ-ਮਾਰਗੀ ਪੂੰਜੀ ਦੀ ਪ੍ਰਥਾ ਵੀ ਮੌਜੂਦ ਸੀ। ਕੇਵਲ ਚੀਜ਼ਾਂ ਵਸਤਾਂ ਦੇ ਵਧਾਉਣ ਲਈ ਲਾਈ ਉਪਭੋਗੀ ਪੂੰਜੀ, ਵਿਸ਼ਵ ਇਕ ਸ਼ਾਇਰਾਨਾ/ਸੰਗੀਤਾਕਮਕ ਭਾਈਚਾਰਾ ਨਹੀਂ ਉਸਾਰ ਸਕਦੀ ਜੋ ਸ੍ਰਿਸ਼ਟੀ ਦੇ ਗਾਉਣ ਵਾਲੇ ('ਗਾਵਹਿ') ਵਿਧਾਨ ਦਾ ਅਨੁਸਰਣ ਕਰ ਸਕੇ।
'ਖਾਲਸਾ' ਦੇ ਸੰਤ ਸਿਪਾਹੀ ਨੇ ਜਿਸ ਬ੍ਰਹਿਮੰਡੀ ਗਾਉਣ ਵਾਲੇ, ਸਹਿ-ਹੋਂਦੀ, ਕਨਫੈਡਰੇਸ਼ਨੀ ਭਾਈਚਾਰੇ ਦੀ ਉਸਾਰੀ ਵਿਚ ਸਹਾਇਤਾ ਕਰਨੀ ਹੈ, ਉਸ ਦੀ ਬਣਤਰ ਪਹਿਲਾਂ ਬ੍ਰਹਿਮੰਡੀ ਪੱਧਰ ਉੱਤੇ ਸਮਝਣੀ ਪਵੇਗੀ, ਉਸ ਨੂੰ ਆਪਣੇ ਨਿੱਜੀ ਜੀਵਨ ਵਿਚ ਉਤਾਰਨਾ ਹੋਵੇਗਾ। ਪੰ੍ਰਪਰਿਕ ਰਿਸ਼ਤੇ ਨਾਤੇ ਜੇ ਸੰਗੀਤਾਤਮਕ ਕਨਫੈਡਰੇਸ਼ਨ ਤੋਂ ਪ੍ਰੇਰਿਤ ਨਾ ਹੋਣ ਤਾਂ ਚੇਤਨਤਾ ਦੇਹ ਅਤੇ ਉਨ੍ਹਾਂ ਦਾ ਅਭਿਆਸ ਕ੍ਰਿਆਵੰਤ ਨਹੀਂ ਹੋਣਗੇ।
ਸੰਗੀਤਾਤਮਕ ਬ੍ਰਹਿਮੰਡੀ ਕਨਫੈਡਰੇਸ਼ਨ ਦਾ ਉਤਾਰਾ ਭਾਰਤ ਅਤੇ ਭਾਰਤੀ ਕਨਫੈਡਰੇਸ਼ਨ ਦਾ ਅੰਗ ਪੰਜਾਬ-ਇਸ ਸੰਰਚਨਾ ਲਈ ਹੀ ਖਾਲਸਾ ਦੇ ਸੰਤ ਸਿਪਾਹੀ ਨੇ ਯਾਤਰਾ ਕਰਨੀ ਹੈ ਅਤੇ ਇਹੀ ਸੰਘਰਸ਼ ਹੈ ਜੋ ਲਾਮਬੱਧ ਹੋ ਕੇ ਕਰਨਾ ਹੈ। ਭ੍ਰਿਸ਼ਟ ਪੂੰਜੀ ਨਾਲ ਵਿਕਾਸ ਦਾ ਮੁੱਦਾ ਕਿਧਰੇ ਨਹੀਂ ਪਹੁੰਚਾ ਸਕਦਾ। ਘੱਟੋ-ਘੱਟ ਉਸ 'ਬੈਕੁੰਠ' ਤੱਕ ਨਹੀਂ ਜੋ 'ਮਿੱਤਰ ਪਿਆਰੇ' ਦਾ ਹੈ ਅਤੇ ਜਿਸ ਦੀ ਕਾਮਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਹੈ। ਜਿਸ ਕਨਫੈਡਰੇਸ਼ਨ ਦੀ ਇਥੇ ਗੱਲ ਕੀਤੀ ਜਾ ਰਹੀ ਹੈ, ਉਹ ਨਾ ਇਕ ਕੇਂਦਰਿਤ ਹੈ ਅਤੇ ਨਾ ਹੀ ਕੇਂਦਰਵਾਦੀ। ਕਨਫੈਡਰੇਸ਼ਨ ਵਿਚ ਹਰ ਕੇਂਦਰ ਸਾਪੇਖ ਤੌਰ 'ਤੇ ਸੁਤੰਤਰ ਵੀ ਹੈ ਅਤੇ ਇਕ-ਸੁਰਤਾ ਵਿਚ ਬੱਝਿਆ ਹੋਇਆ ਵੀ ਹੈ। ਤਦ ਹੀ ਰਾਗ ਉਪਜਦਾ ਹੈ, ਸੰਗੀਤ ਫੁੱਟਦਾ ਹੈ।
ਪੰਜਾਬ ਦਾ ਵਿਗਾਸ ਵੀ ਤਦ ਹੀ ਹੋ ਸਕਦਾ ਹੈ ਜੇ ਭਾਰਤ ਸੰਗੀਤਾਤਮਕ ਕਨਫੈਡਰੇਸ਼ਨ ਬਣੇ। ਇਹ ਪੰਜਾਬ ਇਕਾਤਮਕ ਨਹੀਂ ਹੋ ਸਕਦਾ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਲ ਪ੍ਰਧਾਨ ਹੋ ਸਕਦੇ ਹਨ। ਇਨ੍ਹਾਂ ਮੁੱਲਾਂ ਜਾਂ ਵਡਿਆਈਆਂ ਨੂੰ ਪੰਜਾਬੀ ਚੇਤਨਤਾ ਨਹੀਂ ਬਣਨ ਦਿੱਤਾ ਗਿਆ। ਸੌੜੇ ਰਾਜਨੀਤਕ ਅਤੇ ਆਰਥਿਕ ਹਿੱਤਾਂ ਕਾਰਨ ਪੰਜਾਬੀ ਚੇਤਨਤਾ ਨੂੰ ਬਖੇਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ, ਜੋ ਪੰਜਾਬ ਦੀ ਵਿਸ਼ਵ ਨੂੰ ਮਹਾਨ ਦੇਣ ਹੈ, ਨਾਲੋਂ ਤੋੜ ਦਿੱਤਾ ਗਿਆ ਹੈ। ਅੱਜ ਸਿੱਖਾਂ ਦੀ ਨੁਮਾਇੰਦਾ ਕਹਿਣ ਵਾਲੀ ਅਕਾਲੀ ਪਾਰਟੀ ਕੋਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਹੀ ਹੈ, ਮੁੱਲ ਨਹੀਂ।
ਅੱਜ ਲੋੜ ਇਸ ਗੱਲ ਦੀ ਹੈ ਕਿ ਸੂਝਵਾਨ ਅਤੇ ਪ੍ਰਮਾਣਿਕ ਖਾਲਸਾ ਨਿੱਤਰੇ ਜਿਸ ਦੀ ਸਮਝ, ਬ੍ਰਹਿਮੰਡ ਦੀ ਗੁਰੂ ਦਰਸ਼ਿਤ ਕ੍ਰਿਆ ਅਨੁਸਾਰ ਭਾਰਤ, ਪੰਜਾਬ ਨੂੰ ਸੰਗੀਤਾਤਮਕ ਕਨਫੈਡਰੇਸ਼ਨ ਵਿਚ ਬਦਲਣ ਲਈ ਪ੍ਰੇਰਿਤ ਹੋਵੇ। ਇਸ ਕਾਰਜ ਲਈ ਸ਼ਾਇਰਾਨਾ ਮਨ, ਵਿਉਂਤਬੰਦੀ ਅਤੇ ਸ਼ਿੱਦਤ ਭਰਪੂਰ ਕਰਮ ਤਿੰਨਾਂ ਦੀ ਲੋੜ ਹੈ।
ਇਥੇ ਇਹ ਦੱਸਣਾ ਵੀ ਪ੍ਰਾਸੰਗਿਕ ਹੈ ਕਿ ਕਨਫੈਡਰੇਸ਼ਨ ਦਾ ਮੁੱਦਾ, ਜਿਸ ਦਾ ਸ੍ਰੋਤ ਮੁੱਖ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ, 'ਅੰਮ੍ਰਿਤਸਰ ਐਲਾਨਨਾਮਾ' ਰਾਹੀਂ, ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਧੀਨ, ਕੋਈ ਇਕ ਦਹਾਕਾ ਪਹਿਲਾਂ, ਪ੍ਰਵਾਨ ਕੀਤਾ ਗਿਆ ਸੀ। ਪਰ ਅੱਜ ਮਾਨ ਤੋਂ ਸਿਵਾਏ ਅਕਾਲੀਆਂ ਦੇ ਸਭ ਗਰੁੱਪ ਉਸ ਐਲਾਨਨਾਮੇ ਤੋਂ ਭੱਜ ਚੁੱਕੇ ਹਨ। ਅਜੇ ਕਿ ਉਸ ਵਿਚ ਸਭ ਖੇਤਰੀ ਸਭਿਆਚਾਰਾਂ ਲਈ ਸ਼ੁਭ ਕਾਮਨਾ ਅਤੇ ਭਵਿੱਖ-ਉਸਾਰੀ ਲਈ ਬਚਨ ਮੌਜੂਦ ਸੀ। ਉਸ ਮੁੱਦੇ ਨੂੰ ਸੁਰਜੀਤ ਕਰਨ ਦੀ ਲੋੜ ਹੈ।
ਵਿਸ਼ਵ ਤੋਂ ਲੈ ਕੇ ਵਿਅਕਤੀ ਤੱਕ ਖਾਲਸਾ ਰਾਜ ਹੋਣ ਦੀ ਸੰਭਾਵਨਾ ਤਦ ਹੀ ਹੈ ਜੋ ਗੁਰੂ-ਦਰਸ਼ਿਤ ਸੰਗੀਤਾਤਮਕ ਕਨਫੈਡਰੇਸ਼ਨ ਦੇ ਮੁੱਦੇ ਨੂੰ ਚੇਤਨਤਾ ਅਤੇ ਕਰਮ ਦਾ ਹਿੱਸਾ ਬਣਾਇਆ ਜਾਵੇ। ਇਸ ਨਾਲ ਕੇਵਲ ਪੰਜਾਬ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੇ ਵਿਗਾਸ ਲਈ ਹੀ ਰਾਹ ਨਹੀਂ ਖੁੱਲ੍ਹਦਾ, ਸਗੋਂ ਬਾਕੀ ਕੌਮਾਂ ਲਈ ਵੀ 'ਸੁਖ' ਦਾ ਭਵਿੱਖ ਉਸਰੇਗਾ।