deshpunjabtimes.blogspot.com

Friday, 23 September 2011

ਕਿਥੇ ਹਨ ਸ਼ਹੀਦ ਭਗਤ ਸਿੰਘ ਦੀਆਂ 4 ਕਿਤਾਬਾਂ ਦੇ ਖਰਡ਼ੇ ?/ਗੁਰਮੇਲ ਸਿੰਘ ਖਾਲਸਾ





ਪਿੰਡ ਹੋਂਦ ਅਤੇ ਚਿਲਡ਼ ਵਾਲਾ ਹਿਰਦੇ ਵੇਧਕ ਮਾਮਲਾ ਸਾਹਮਣੇ ਲਿਆਉਣ ਵਾਲੇ ਇੰਜੀਨੀਅਰ ਮਨਵਿੰਦਰ ਸਿੰਘ ਦੇ  ਪਿਤਾ ਗੁਰਮੇਲ ਸਿੰਘ ਖਾਲਸਾ ਵੀ ਬਡ਼ੇ ਖੋਜੀ ਸੁਭਾਅ ਦੇ ਹਨ. ਉਹਨਾਂ ਨੇ ਗਦਰ ਪਾਰਟੀ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਸਬੰਧਿਤ ਇਤਿਹਾਸ ਤੇ ਵੀ ਕਾਫੀ ਖੋਜ ਕੇਤੀ ਹੈ. ਆਪਣੀ ਇਸ ਖੋਜ ਭਰਪੂਰ ਰਿਪੋਰਟ ਵਿੱਚ ਉਹਨਾਂ ਜੋ ਕੁਝ ਦੱਸਿਆ ਹੈ ਉਸੁਨ ਉਹਨਾਂ ਏ ਸ਼ਬਦਾਂ ਵਿੱਚ ਹੀ ਤੁਹਾਡੇ ਸਾਹਮਣੇ ਰੱਖਿਆ ਜਾ ਰਿਹਾ ਹੈ. ਆਪਣੀ ਇਸ ਰਿਪੋਰਟ ਵਿੱਚ ਬਹੁਤ ਸਾਰੀਆਂ ਹੋਰਨਾਂ ਗੱਲਾਂ ਦੇ ਨਾਲ ਉਹਨਾਂ ਦੱਸਿਆ ਹੈ ਕਿ ਸ਼ਹੀਦ ਭਗਤ ਸਿੰਘ ਨੇ ਆਪਣੇ ਆਖਿਰੀ ਦਿਨਾਂ ਵਿੱਚ ਚਾਰ ਕਿਤਾਬਾਂ ਵੀ ਲਿਖੀਆਂ ਸਨ. ਉਹਨਾਂ ਇਹ ਵੀ ਦਸਿਆ ਹੈ ਕਿ ਭਗਤ ਸਿੰਘ ਦੀ ਲਿਖਤ ਵਜੋਂ ਪ੍ਰਚਾਰੀ ਜਾਂਦੀ ਦਸਤਾਵੇਜ਼"ਮੈਂ ਨਾਸਤਕ ਕਿਓਂ ਹਾਂ" ਦਾ ਖਰਡ਼ਾ ਕਿਸੇ ਕੋਲ ਵੀ ਨਹੀਂ ? ਇਹ ਕਿਸ ਨੇ ਲਿਖਿਆ...ਅਜਿਹੇ ਕਈ ਸੁਆਲਾਂ ਦੇ ਜੁਆਬ ਇਸ ਰਿਪੋਰਟ ਵਿੱਚ ਹਾਂ. ਇਸ ਦੇ ਨਾਲ ਹੀ ਹਨ ਬਹੁਤ ਸਾਰੇ ਹੋਰ ਸੁਆਲ ਜੋ ਅੱਜ ਵੀ ਜੁਆਬ ਮੰਗਦੇ ਹਨ. ਤੁਹਾਡੇ ਪ੍ਰਤੀਕਰਮ ਦੀ ਉਡੀਕ ਵਿੱਚ

                                                                                                                                   editor

ਸ਼ਹੀਦ ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਨੂੰ ਬੰਗੇ ਚੱਕ ਨੰਬਰ 105 ਜਿਲ•ਾ ਲਾਇਲਪੁਰ ਵਿਖੇ ਹੋਇਆ। ਆਪ ਜੀ ਦੇ ਦਾਦਾ ਅਰਜਨ ਸਿੰਘ ਜੋ ਇੱਕ ਵੈਦ ਸਨ। ਪਿਤਾ ਕਿਸ਼ਨ ਸਿੰਘ, ਮਾਤਾ ਵਿਦਿਆਵਤੀ ਸਨ। ਵੱਡੇ ਭਾਈ ਦਾ ਨਾਮ ਜਗਤ ਸਿੰਘ, ਜੋ ਕਿ 11 ਸਾਲਾਂ ਦੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ। ਚਾਰ ਛੋਟੇ ਭਾਈ ਕੁਲਬੀਰ ਸਿੰਘ, ਕੁਲਤਾਰ ਸਿੰਘ, ਰਣਵੀਰ ਸਿੰਘ ਅਤੇ ਰਜਿੰਦਰ ਸਿੰਘ ਸਨ। ਆਪ ਜੀ ਦੀਆਂ ਤਿੰਨ ਭੈਣਾਂ, ਬੀਬੀ ਅਮਰ ਕੌਰ, ਬੀਬੀ ਸੁਮਿੱਤਰਾ ਕੌਰ ਅਤੇ ਸ਼ਕੁੰਤਲਾ ਕੌਰ ਸਨ। ਆਪ ਜੀ ਦੇ ਚਾਚਾ ਅਜੀਤ ਸਿੰਘ ਸਨ, ਜੋ ਕਿ 'ਪੱਗੜੀ ਸੰਭਾਲ ਜੱਟਾ' ਲਹਿਰ ਦੇ ਆਗੂ ਸਨ।
1922 ਵਿੱਚ ਸ਼ਹੀਦ ਭਗਤ ਸਿੰਘ ਨੇ ਨੈਸ਼ਨਲ ਕਾਲਜ ਲਾਹੌਰ ਦਾਖਲਾ ਲੈ ਲਿਆ।  ਜਗਮੋਹਨ ਸਿੰਘ ਜੀ ਲਿਖਦੇ ਹਨ, ''ਭਗਤ ਸਿੰਘ ਲਾਹੌਰ ਤੋਂ ਲਾਇਲਪੁਰ ਜਾਂਦੇ ਹੋਏ ਨਨਕਾਣੇ ਸਾਹਿਬ ਗਏ ਅਤੇ ਸਾਰੇ ਸਾਕੇ ਦਾ ਹਾਲ ਦੇਖਿਆ। ਘਰ ਆਉਂਦੇ ਹੋਏ ਸ਼ਹੀਦਾਂ ਦਾ ਕੈਲੰਡਰ ਵੀ ਲੈਂਦੇ ਆਏ। ਸਾਰੇ ਪੰਜਾਬ ਅੰਦਰ ਇਸ ਘਟਨਾ ਦੇ ਰੋਸ ਵੱਜੋਂ ਕਾਲੇ ਰੰਗ ਦੀ ਪੱਗ ਬੰਨੀ ਜਾਣ ਲੱਗੀ। ਭਗਤ ਸਿੰਘ ਵੀ ਕਾਲੀ ਪੱਗ ਬੰਨਣ ਲੱਗ ਪਏ ਅਤੇ ਉਹਨਾਂ ਗੁਰਮੁਖੀ ਲਿਪੀ ਵੀ ਸਿੱਖਣੀ ਸ਼ੁਰੂ ਕਰ ਦਿੱਤੀ। ਮਾਰਚ 1924 ਵਿਚ ਜੈਤੋ ਦਾ ਮੋਰਚਾ ਲੱਗ ਚੁੱਕਾ ਸੀ ਤੇ ਸ਼ਹੀਦੀ ਜੱਥੇ ਜੈਤੋ ਨੂੰ ਜਾ ਰਹੇ ਸਨ। ਸਰਕਾਰ ਨੇ ਐਲਾਨ ਕੀਤਾ ਕਿ ਜੱਥੇ ਨੂੰ ਕੋਈ ਪਾਣੀ ਤੱਕ ਨਾ ਪਿਲਾਵੇ। ਇਸ ਦਾ ਚੈਲਿੰਜ ਲੈੰਦੇ ਹੋਏ ਭਗਤ ਸਿੰਘ ਨੇ ਤੇਹਰਵੇੰ ਸ਼ਹੀਦੀ ਜੱਥੇ ਨੂੰ ਆਪਣੇ ਪਿੰਡ ਬੰਗੇ ਲਿਆਏ, ਪੁਲਿਸ ਦੀ ਨਾਕਾਬੰਦੀ ਹੁੰਦੇ ਹੋਏ ਲੰਗਰ ਛਕਾਇਆ। ਇਸ ਕੰਮ ਨੇ ਜੱਥੇ ਦਾ ਹੌਂਸਲਾ ਤਾਂ ਵਧਾਇਆ ਹੀ ਨਾਲ ਹੀ ਅੰਗਰੇਜ਼ਾਂ ਨੂੰ ਚੁਣੌਤੀ ਵੀ ਦਿੱਤੀ। ਇਸ ਹੌਂਸਲੇ ਵਾਲੇ ਕੰਮ ਕਰਕੇ ਭਗਤ ਸਿੰਘ ਦੇ ਪੁਲਿਸ ਵਾਰੰਟ ਨਿਕਲ ਗਏ। ਇਸ ਤੋਂ ਬਾਅਦ ਭਗਤ ਸਿੰਘ ਰੂਹਪੋਸ਼ ਹੋ ਗਏ''। ਭਗਤ ਸਿੰਘ ਦੇ ਰੂਹਪੋਸ਼ ਹੋਣ ਤੋਂ ਬਾਅਦ ਉਹਨਾਂ ਦਾ ਸਾਰਾ ਇਤਿਹਾਸ ਰਲਗੱਡ ਕਰ ਦਿੱਤਾ ਗਿਆ।
ਭਾਰਤ ਦੀ ਚੋਟੀ ਦੇ ਰਾਜਨੀਤਿਕ ਕੁਲਦੀਪ ਨਈਅਰ ਜੀ ਦੀ ਪੁਸਤਕ 'ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਤਜ਼ਰਬੇ' ਇਸ ਕਿਤਾਬ ਦੇ ਟਾਈਟਲ ਪੰਨੇ ਦੀ ਪਹਿਲੀ ਸਤਰ ਹੈ: 'ਭਗਤ ਸਿੰਘ ਦਾ ਜੀਵਨ ਇਤਿਹਾਸ ਦੀ ਸਰਵਸ੍ਰੇਸ਼ਟ ਵਿਡੰਬਣਾ ਹੈ' ਅਤੇ ਟਾਈਟਲ ਪੰਨੇ ਦੇ ਅੰਤ ਵਿਚ ਫਾਂਸੀ ਦੇਣ ਦਾ ਹੁਕਮ ਹੈ। ਇਹ ਕਿਤਾਬ ਬਹੁਤ ਹੀ ਸਾਵਧਾਨੀ ਨਾਲ ਲਿਖੀ ਗਈ ਹੈ,ਮਕਸਦ ਹੈ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਬੱਚ ਜਾਵੇ। ਇਸ ਕਿਤਾਬ ਨੂੰ ਲਿਖਣ ਦੀ ਤੀਬਰ ਪ੍ਰੇਰਣਾ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਤੋਂ ਮਿਲੀ, ਇਸ ਦੀ ਪੁਸ਼ਟੀ ਭੂਮਿਕਾ ਵਿਚ ਲਿਖਦੇ ਕਹਿੰਦੇ ਹਨ, ''ਫਿਰ ਵੀ ਭਗਤ ਸਿੰਘ ਬਾਰੇ ਪੁਸਤਕ ਲਿਖਣ ਦਾ ਖਿਆਲ ਮੇਰੇ ਮਨ ਵਿੱਚ ਧੁੱਖਦਾ ਰਿਹਾ। ਮੇਰਾ ਇਹ ਵਿਸ਼ਵਾਸ ਸੀ ਕਿ ਅਮਲੀ ਤੌਰ 'ਤੇ ਭਗਤ ਸਿੰਘ ਬਾਰੇ ਸਭ ਕੁਝ ਲਿਖਿਆ ਜਾ ਚੁੱਕਾ ਹੈ। ਐਨ ਉਸ ਸਮੇਂ ਮੈਨੂੰ ਪੂਨੇ ਵਿੱਚ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਏ.ਐਸ.ਵੈਦਯ ਦੇ ਕਤਲ ਦੇ ਦੋਸ਼ ਵਿਚ ਫ਼ਾਂਸੀ ਦੀ ਸਜ਼ਾ ਦੀ ਉਡੀਕ ਕਰ ਰਹੇ ਹਰਜਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਦਾ ਪੱਤਰ ਮਿਲਿਆ। ਜੋ ਕੁਝ ਉਹਨਾਂ ਨੇ ਪੱਤਰ ਵਿਚ ਲਿਖਿਆ ਸੀ ਉਸ ਨੇ ਮੈਨੂੰ ਭਗਤ ਸਿੰਘ ਬਾਰੇ ਪੁਸਤਕ ਲਿਖਣ ਲਈ ਝੰਜੋੜਿਆ''।
ਕਿੰਨਾ ਚੰਗਾ ਹੁੰਦਾ ਅਗਰ ਕੁਲਦੀਪ ਨਈਅਰ ਸਾਹਿਬ ਉਸ ਪੱਤਰ ਨੂੰ ਹੂ ਬ ਹੂ ਇਸ ਪੁਸਤਕ ਵਿਚ ਦੇ ਦਿੰਦੇ। ਹਰਜਿੰਦਰ ਸਿੰਘ ਦੇ ਦੂਜੇ ਸਾਥੀ ਦਾ ਨਾਮ ਸੁਖਦੇਵ ਸਿੰਘ ਹੈ, ਪਰ ਨਈਅਰ ਸਾਹਿਬ ਨੇ ਸੁਖਜਿੰਦਰ ਸਿੰਘ ਲਿਖਿਆ ਹੈ। ਕਿਤਾਬ ਅਨੁਸਾਰ ਭਗਤ ਸਿੰਘ ਨੂੰ ਫਾਂਸੀ ਜਾਂ ਉਹਦੇ ਕੇਸ ਨਾਲ ਸੰਬੰਧਿਤ ਕੋਈ ਵੀ ਭਰੋਸੇਯੋਗ ਦਸਤਾਵੇਜ਼ ਨਹੀਂ ਲੱਭਿਆ, ਇਸ ਸੰਬੰਧ ਲਿਖਦੇ ਹਨ, ''ਮੇਰੀ ਇਹ ਸੋਚ ਹੈ ਕਿ ਮਹੱਤਵਪੂਰਨ ਫਾਇਲਾਂ ਜਾਂ ਤਾਂ ਨਸ਼ਟ ਕਰ ਦਿੱਤੀਆਂ ਗਈਆਂ ਹਨ ਜਾਂ ਗੁਪਤ ਰੂਪ ਵਿੱਚ ਕਿਧਰੇ ਸੰਭਾਲੀਆਂ ਹੋਈਆਂ ਹਨ। ਇਹ ਵੀ ਵਿਚਾਰ ਹੈ ਕਿ ਗੁਪਤ ਤਾਰਾਂ ਤੇ ਕਾਗਜ਼ਾਤ ਜ਼ਰੂਰ ਕਿਸੇ ਥਾਂ 'ਤੇ ਲੁਕਾਏ ਗਏ ਹੋਣਗੇ, ਜਿਨ•ਾਂ ਤੋਂ ਪਤਾ ਲੱਗ ਸਕਦਾ ਹੈ ਕਿ ਬਰਤਾਨਵੀ ਸਰਕਾਰ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਫਾਂਸੀ ਲਾਉਣ ਤੇ ਤੁਲੀ ਹੋਈ ਸੀ, ਤਾਂ ਕਿ ਕ੍ਰਾਂਤੀਕਾਰੀ ਉਭਾਰ ਨੂੰ ਦਬਾਇਆ ਜਾ ਸਕੇ। ਖੋਜ ਕਰਦਿਆਂ ਮੈਨੂੰ ਇਹ ਪਤਾ ਲੱਗਾ ਕਿ ਭਗਤ ਸਿੰਘ ਨੇ ਜੇਲ ਵਿਚ ਹੀ ਚਾਰ ਪੁਸਤਕਾਂ-'ਭਾਰਤ ਵਿੱਚ ਇਨਕਲਾਬੀ ਲਹਿਰਾਂ ਦਾ ਇਤਿਹਾਸ', 'ਸਮਾਜਵਾਦ ਦਾ ਆਦਰਸ਼', 'ਆਤਮਕਥਾ' ਤੇ 'ਮੌਤ ਦੇ ਬੂਹੇ ਤੇ' ਲਿਖੀਆਂ ਸਨ। ਮੈਂ ਇਹਨਾਂ ਨੂੰ ਲੱਭਣ ਦੀ ਨਿਸਫਲ ਕੋਸ਼ਿਸ਼ ਕੀਤੀ ਸੀ।
ਮੈਨੂੰ ਦੱਸਿਆ ਗਿਆ ਕਿ ਖਰੜੇ ਜੋ ਜੇਲ ਵਿਚੋਂ ਫਾਂਸੀ ਦੇਣ ਤੋਂ ਪਹਿਲਾਂ ਹੀ ਗੁਪਤ ਰੂਪ ਵਿਚ ਬਾਹਰ ਭੇਜੇ ਗਏ ਸਨ, ਪਹਿਲਾਂ ਕ੍ਰਾਂਤੀਕਾਰੀਆਂ ਦੀ ਸਪੁਰਦਗੀ ਵਿਚ ਸਨ, ਚਾਲੀਵਿਆਂ ਵਿਚ ਕੁਮਾਰੀ ਲਜਿਆਵਤੀ ਨੂੰ ਸੌਂਪ ਦਿੱਤੇ ਗਏ ਸਨ ਜੋ ਮਗਰੋਂ ਕੇਂਦਰੀ ਮਹਾਂਵਿਦਿਆਲਯ ਜਲੰਧਰ ਦੀ ਪ੍ਰਿੰਸੀਪਲ ਬਣੀ। ਲਜਿਆਵਤੀ ਨੇ ਜੋ ਸਵਰਗਵਾਸ ਹੋ ਚੁੱਕੀ ਹੈ, ਕਿਹਾ ਜਾਂਦਾ ਹੈ, ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਵਿਚ ਕਿਸੇ ਦੇ ਹਵਾਲੇ ਕਰ ਦਿੱਤੇ ਸਨ । ਉਹ ਕਿਹੜਾ ਵਿਅਕਤੀ ਹੈ, ਜਿਸ ਨੂੰ ਇਹ ਕਾਗਜ਼ਾਤ ਦਿੱਤੇ ਗਏ ਸਨ, ਉਸ ਦਾ ਪਤਾ ਨਹੀਂ ਲੱਗ ਸਕਿਆ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਵਿਅਕਤੀ ਨੇ ਲਜਿਆਵਤੀ ਨੂੰ ਦੱਸਿਆ ਕਿ ਅਗਸਤ 1947 ਵਿਚ ਭਾਰਤ ਆਉਣ ਸਮੇਂ ਘਬਰਾਹਟ ਵਿਚ ਉਸ ਨੇ ਸਭ ਖਰੜੇ ਸਾੜ ਦਿੱਤੇ''।
ਆਉ ਜ਼ਰਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਿਉਂ ਇਹਨਾਂ ਦਸਤਾਵੇਜ਼ਾਂ ਨੂੰ ਲੁਕਾਇਆ ਜਾਂ ਸਾੜਿਆ ਗਿਆ। ਪਹਿਲੀ ਸੰਸਾਰ ਜੰਗ ਵੇਲੇ ਅੰਗਰੇਜ਼ਾਂ ਨੇ ਵਾਅਦਾ ਕੀਤਾ ਸੀ ਕਿ ਉਹ ਜਲਦੀ ਭਾਰਤ ਨੂੰ ਅਜ਼ਾਦ ਕਰ ਦੇਣਗੇ। ਉਹਨਾਂ ਨੇ 1919 ਵਿਚ ਭਾਰਤ ਵਿਚ ਤਿੰਨ ਕੌਮਾਂ ਨੂੰ ਮੰਨ ਲਿਆ ਸੀ, ਉਸ ਅਨੁਸਾਰ ਹਿੰਦੂ, ਮੁਸਲਿਮ ਅਤੇ ਸਿੱਖ। ਭਾਰਤੀ ਝੰਡੇ ਦੇ ਰੰਗ ਵੀ ਇਹਨਾਂ ਕੌਮਾਂ ਦੀ ਪ੍ਰਤੀਨਿਧਤਾ ਕਰਦੇ ਹਨ ਜਿਵੇਂ ਕਿ ਕੇਸਰੀ ਸਿੱਖਾਂ ਦਾ ਚਿੱਟਾ ਹਿੰਦੂਆਂ ਅਤੇ ਹਰਾ ਮੁਸਲਮਾਨਾਂ ਦਾ ਵਿਚਕਾਰ ਅਸ਼ੋਕ ਚੱਕਰ ਬੋਧੀਆਂ ਦਾ। ਸਤੰਬਰ1928 ਵਿਚ ਮਿਸਟਰ ਸਾਈਮਨ ਇਸੇ ਤਰ•ਾਂ ਭਾਰਤ ਦੀ ਵੰਡ ਲਈ ਇਕ ਕਮਿਸ਼ਨ ਲਿਆਇਆ। ਕਾਂਗਰਸ ਇਸ ਸਾਈਮਨ ਕਮਿਸ਼ਨ ਦੀ ਰਿਪੋਰਟ ਨੂੰ ਜੱਗ ਜ਼ਾਹਿਰ ਨਹੀਂ ਕਰਨਾ ਚਾਹੁੰਦੀ ਸੀ। ਗਾਂਧੀ ਮੁਸਲਮਾਨਾਂ ਨੂੰ ਆਪਣੇ ਨਾਲ ਰਲਾਉਣ ਵਿਚ ਇਹ ਸਮਝਾ ਕੇ ਸਫਲ ਹੋ ਗਿਆ ਕਿ ਅਗਰ ਭਾਰਤ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ, ਤਾਂ ਜ਼ਿਆਦਾ ਘਾਟਾ ਮੁਸਲਮਾਨਾਂ ਨੂੰ ਹੀ ਹੋਵੇਗਾ, ਕਿਉਂਕਿ ਵਿਚਕਾਰ ਸਿੱਖ ਰਾਜ ਬਣ ਜਾਏਗਾ। ਸਾਈਮਨ ਕਮਿਸ਼ਨ ਦੀ ਰਿਪੋਰਟ ਨੇ ਇਹੀ ਗੱਲ ਜੱਗ ਜ਼ਾਹਿਰ ਕਰਨੀ ਸੀ ਜੋ ਕਿ ਕਾਂਗਰਸ ਅਤੇ ਮੁਸਲਿਮ ਲੀਗ ਨੇ ਨਹੀਂ ਕਰਨ ਦਿੱਤੀ। ਇਸ ਕਾਰਨ ਹੀ ਗਾਂਧੀ ਰਾਗ ਅਲਾਪਦਾ ਰਿਹਾ-''ਹਿੰਦੂ ਮੁਸਲਿਮ ਏਕਤਾ''। ਸਿੱਖ ਵਿੱਚੋਂ ਉਡਾ ਹੀ ਦਿੱਤੇ ਅਤੇ ਵਿਸ਼ਾਲ ਹਿੰਦੂ ਰਾਸ਼ਟਰ ਦੇ ਸੁਪਨੇ ਲੈਣ ਲੱਗ ਪਿਆ ।
ਲਾਲਾ ਲਾਜਪਤ ਰਾਏ ਇਸ ਵਿਰੋਧ ਦਾ ਲੀਡਰ ਸੀ। ਲਾਲਾ ਲਾਜਪਤ ਰਾਏ ਦੀ ਛੱਤਰੀ ਤੇ ਬੈਂਤ ਦੀ ਮਾੜੀ ਜਿਹੀ ਸੋਟੀ ਲੱਗੀ ਸੀ। ਉਹ ਦਿਲ ਦਾ ਮਰੀਜ਼ ਸੀ। ਉਹ ਤਿੰਨ ਮਹੀਨੇ ਬਾਅਦ ਮਰ ਗਿਆ ਅਤੇ ਗੱਲ ਧੁਮਾਈ ਗਈ ਕਿ ਸੀਨੀਅਰ ਸੁਪਰੀਟੈਂਡੈਟ ਪੁਲਿਸ ਮਿਸਟਰ ਸਕਾਟ ਨੇ ਲਾਲਾ ਜੀ ਨੂੰ ਡਾਂਗਾਂ ਨਾਲ ਕੁੱਟਿਆ ਸੀ ਤੇ ਉਹ ਸ਼ਹੀਦ ਹੋ ਗਿਆ। ਪੰਜਾਬ ਦੇ ਨੌਜਵਾਨ ਗੁੱਸੇ ਵਿਚ ਆ ਗਏ। ਇਹਨਾਂ ਦਾ ਆਗੂ ਭਗਤ ਸਿੰਘ ਸੀ। ਇਹਨਾਂ ਨੇ ਸਕੀਮ ਤਾਂ ਬਣਾਈ ਸੀ ਮਿਸਟਰ ਸਕਾਟ ਨੂੰ ਮਾਰਨ ਦੀ, ਪਰ ਮਾਰ ਦਿੱਤਾ ਵਿਚਾਰਾ ਸਾਂਡਰਸ ਅਤੇ ਉਹਦਾ ਬਾਡੀਗਾਰਡ ਚੰਨਣ ਸਿੰਘ। (ਦੇਖੋ ਸਾਚੀ ਸਾਖੀ ਪੰਨਾ 62-67) 8 ਅਪ੍ਰੈਲ 1928  ਨੂੰ ਭਗਤ ਸਿੰਘ ਤੇ ਬੀ.ਕੇ. ਦੱਤ ਨੇ ਦਿੱਲੀ ਅਸੈੰਬਲੀ ਵਿਚ ਇਕ ਖਾਲੀ ਜਗ•ਾ ਤੇ ਬੰਬ ਸੁਟਿਆ। ਇਸ ਬੰਬ ਸੁੱਟਣ ਦਾ ਕਾਰਨ ਇਹ ਸੀ ਕਿ ਦਿੱਲੀ ਮੀਟਿੰਗ ਵਿੱਚ ਪਬਲਿਕ ਸੇਫਟੀ ਬਿੱਲ ਪਾਸ ਕਰ ਰਹੇ ਸਨ। ਇਹ ਬਿੱਲ ਉਸੇ ਤਰ•ਾਂ ਦਾ ਸੀ, ਜਿਵੇਂ ਸਾਡੇ ਅਜ਼ਾਦ ਭਾਰਤ ਵਿਚ ਐਨ. ਐਸ. ਏ. ਕਾਨੂੰਨ ਹੈ। ਇਹ ਨੌਜਵਾਨ ਚਾਹੁੰਦੇ ਸਨ ਕਿ ਇਹ ਬਿੱਲ ਪਾਸ ਨਾ ਹੋਏ। ਇਸ ਲਈ ਇਹਨਾਂ ਨੇ ਬੰਬ ਸੁੱਟਿਆ ਸੀ। ਇਸ ਦੇ ਨਾਲ ਹੀ ਛੋਟੀਆਂ ਛੋਟੀਆਂ ਪਰਚੀਆਂ ਵੀ ਸੁੱਟੀਆਂ,ਜਿਸ 'ਤੇ ਲਿਖਿਆ ਸੀ,''ਬੋਲਿਆਂ ਨੂੰ ਸੁਣਾਉਣ ਲਈ ਗਰਜ ਦੀ ਲੋੜ ਹੈ।'' ਇਸ ਤੋਂ ਬਾਅਦ ਭਗਤ ਸਿੰਘ ਤੇ ਦੱਤ ਜੇਲ• ਵਿੱਚ ਬੰਦ ਹੋ ਗਏ। ਜੇਲ• ਵਿੱਚ ਭਗਤ ਸਿੰਘ ਨੂੰ ਕਿਤਾਬਾਂ ਪੜ•ਨ ਦਾ ਮੌਕਾ ਮਿਲਿਆ। ਇਹਨਾਂ ਨੂੰ ਜ਼ਿਆਦਾਤਰ ਮਾਰਕਸਵਾਦ ਤੇ ਲੈਨਿਨਵਾਦ ਦੀਆਂ ਕਿਤਾਬਾਂ ਹੀ ਦਿੱਤੀਆਂ ਗਈਆਂ ਸਨ। ਇਸ ਦਾ ਪ੍ਰਭਾਵ 21 ਸਾਲਾ ਨੌਜਵਾਨ 'ਤੇ ਪੈਣਾ ਹੀ ਪੈਣਾ ਸੀ। ਆਰੀਆ ਸਮਾਜੀ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਭਗਤ ਸਿੰਘ ਘੰਟਿਆਂ ਬੱਧੀ ਗਾਇਤਰੀ ਮੰਤਰ ਦਾ ਜਾਪ ਕਰਦਾ ਰਹਿੰਦਾ ਸੀ। ਕਈ ਕਹਿੰਦੇ ਹਨ ਕਿ ਭਗਤ ਸਿੰਘ ਨੇ ਲੇਖ ਲਿਖਿਆ ਸੀ- 'ਮੈਂ ਨਾਸਤਕ ਕਿਉਂ ਹਾਂ' ਪਰ ਇਸ ਦਾ ਖਰੜਾ ਕਿਸੇ ਕੋਲ ਨਹੀਂ। ਇਸ ਦੀ ਸ਼ਬਦਾਵਲੀ ਵੀ ਲੇਖਕਾਂ ਨੇ ਅਲੱਗ-ਅਲੱਗ ਲਿਖੀ ਹੈ। ਜਗਮੋਹਨ ਸਿੰਘ ਦੀ ਪੁਸਤਕ ਅਨੁਸਾਰ, ''ਕਿੱਥੇ ਹੈ ਰੱਬ! ਉਹ ਕੀ ਕਰ ਰਿਹਾ ਹੈ? ਕੀ ਉਹ ਮਨੁੱਖਤਾ ਦੀਆਂ ਇਹਨਾਂ ਸਭ ਦੁੱਖ ਤਕਲੀਫਾਂ ਦਾ ਮਜ਼ਾ ਲੈ ਰਿਹਾ ਹੈ? ਉਹ ਨੀਰੋ ਹੈ। ਉਹ ਚੰਗੇਜ਼ ਹੈ। ਰੱਬ ਮੁਰਦਾਬਾਦ''। ਕੁਲਦੀਪ ਨਈਅਰ ਨੇ 'ਰੱਬ ਮੁਰਦਾਬਾਦ' ਵਾਲੀ ਗੱਲ ਨਹੀਂ ਲਿਖੀ। ਅਸਲ ਗੱਲ ਇਹ ਹੈ ਕਿ ਇਹ ਲੇਖ 'ਮੈਂ ਨਾਸਤਕ ਕਿਉਂ ਹਾਂ' ਸ਼ਹੀਦ ਭਗਤ ਸਿੰਘ ਜੀ ਦਾ ਨਹੀਂ ਲਿਖਿਆ ਹੋਇਆ, ਇਹ ਬਾਹਰ ਬੈਠੇ ਕਮਿਊਨਿਸਟਾਂ ਦਾ ਲਿਖਿਆ ਹੋਇਆ ਹੈ ਅਤੇ ਭਗਤ ਸਿੰਘ ਦੇ ਨਾਮ 'ਤੇ ਥੋਪਿਆ ਹੋਇਆ ਹੈ। ਮਕਸਦ ਸਾਫ ਹੈ, ਪੰਜਾਬ ਦੀ ਸਿੱਖ ਨੌਜਵਾਨ ਪੀੜ•ੀ ਨੂੰ ਪਤਿਤ ਕਰਕੇ ਖ਼ਤਮ ਕਰਨਾ ਹੈ।
ਇਹਨਾਂ ਦਿਨਾਂ ਵਿੱਚ ਹੀ 16 ਮਾਰਚ 1930  ਨੂੰ ਅਖੰਡ ਕੀਰਤਨੀ ਜੱਥੇ ਦੇ ਮੋਢੀ ਭਾਈ ਰਣਧੀਰ ਸਿੰਘ ਜੀ ਨਾਗਪੁਰ ਜੇਲ• ਤੋਂ ਲਾਹੌਰ ਸੈਂਟਰਲ ਜ•ੇਲ ਵਿੱਚ ਆ ਗਏ, ਜਿੱਥੇ ਪਹਿਲਾਂ ਤੋਂ ਹੀ ਭਗਤ ਸਿੰਘ ਨਜ਼ਰਬੰਦ ਸਨ। ਭਗਤ ਸਿੰਘ ਜੀ ਨੇ ਬਾਬਾ ਚੂਹੜ ਸਿੰਘ ਰਾਹੀਂ ਇਕ ਚਿੱਠੀ ਭੇਜੀ ਕਿ ਉਹ ਭਾਈ ਸਾਹਿਬ ਨੂੰ ਮਿਲਣਾ ਚਾਹੁੰਦੇ ਹਨ। ਭਾਈ ਸਾਹਿਬ ਨੇ ਕਿਹਾ ਕਿ ਭਗਤ ਸਿੰਘ ਦੇ ਕੇਸ ਕਤਲ ਕੀਤੇ ਹਨ, ਇਸ ਲਈ ਉਹ ਨਹੀਂ ਮਿਲਣਾ ਚਾਹੁੰਦੇ। ਭਗਤ ਸਿੰਘ ਹੈਰਾਨ ਹੋ ਗਿਆ ਕਿ ਸਾਰਾ ਹਿੰਦੁਸਤਾਨ ਉਸ ਦੀ ਜੈ-ਜੈ ਕਾਰ ਕਰ ਇਹਾ ਹੈ। ਇਹ ਰਣਧੀਰ ਸਿੰਘ ਕੰਿਹੰਦਾ ਕਿ ਕੇਸ ਕੱਟੇ ਹੋਣ ਕਾਰਨ ਮਿਲਣਾ ਨਹੀਂ। ਭਗਤ ਸਿੰਘ ਨੇ ਫਿਰ ਸੁਨੇਹਾ ਭੇਜਿਆ। ਜੇਲ• ਚਿੱਠੀਆਂ ਅਨੁਸਾਰ,''ਉਹ ਜੋ ਕੁਝ ਕਹਿਣਗੇ ਮੈਂ ਮੰਨਾਂਗਾ, ਪਰ ਉਹ ਮੈਨੂੰ ਮਿਲਣ ਜ਼ਰੂਰ''। ਜਗਮੋਹਨ ਸਿੰਘ ਦੀ ਪੁਸਤਕ ਅਨੁਸਾਰ, ''ਮੈਂ ਸਿੱਖੀ ਦੀ ਬੰਦ ਬੰਦ ਕਟਾਉਣ ਦਾ ਕਾਇਲ ਹਾਂ, ਅਜੇ ਤਾਂ ਮੈਂ ਇਕ ਬੰਦ(ਕੇਸ) ਕਟਾਇਆ ਹੈ। ਉਹ ਵੀ ਪੇਟ ਲਈ ਨਹੀਂ ਦੇਸ਼ ਲਈ, ਤੇ ਜਲਦੀ ਹੀ ਗਰਦਨ ਵੀ ਕਟਵਾਵਾਂਗਾ। ਇਕ ਸਿੱਖ ਦੀ ਤੰਗ ਨਜ਼ਰੀ ਤੇ ਤੰਗ ਦਿਲੀ ਦਾ ਗਿਲਾ ਜ਼ਰੂਰ ਰਹੇਗਾ''। ਜਿਸ ਦੇ ਹੱਥ ਭਗਤ ਸਿੰਘ ਨੇ ਚਿੱਠੀ ਭੇਜੀ ਸੀ ਉਸ ਦਾ ਨਾਮ ਬਾਬਾ ਚੂਹੜ ਸਿੰਘ ਸੀ ਜੋ ਕਿ 09 ਸਤੰਬਰ 1933 ਨੂੰ ਅਕਾਲ ਚਲਾਣਾ ਕਰ ਗਿਆ, ਪਰ ਨਈਅਰ ਸਾਹਿਬ ਨੇ ਉਸ ਦਾ ਨਾਮ ਚੜ•ਤ ਸਿੰਘ ਲਿਖਿਆ ਹੈ,ਆਪ ਲਿਖਦੇ ਹਨ, ''ਬਾਬਾ ਰਣਧੀਰ ਸਿੰਘ ਜੋ ਕਿ ਇਕ ਅਜ਼ਾਦੀ ਘੁਲਾਟੀਆ ਸੀ, ਉਸੇ ਜੇਲ• ਵਿਚ ਬੰਦ ਸੀ, ਦੇ ਨਾਲ ਤਾਂ ਲੱਗਪਗ ਰੋਜ਼ਾਨਾ ਹੀ ਆਹਮੋ ਸਾਹਮਣੇ ਟਕਰਾਅ ਹੁੰਦਾ ਸੀ। ਇਕ ਦਿਨ ਉਹ ਭਗਤ ਸਿੰਘ ਦੀ ਕੈਦ ਕੋਠੜੀ ਵਿਚ ਭਗਤ ਸਿੰਘ ਨੂੰ ਰੱਬ ਦੀ ਹੋਂਦ ਬਾਰੇ ਨਿਸਚਾ ਕਰਵਾ ਦੇਣ ਦਾ ਯਤਨ ਕਰਨ ਲਈ ਆਇਆ'' ਖੈਰ ਕੁਝ ਵੀ ਹੋਵੇ ਭਾਈ ਰਣਧੀਰ ਸਿੰਘ ਨੇ ਭਗਤ ਸਿੰਘ ਨੂੰ ਮਿਲਣ ਦਾ ਮਨ ਬਣਾ ਲਿਆ ਅਤੇ ਦਰੋਗੇ ਨਾਲ ਵਾਅਦਾ ਵੀ ਕਰ ਲਿਆ ਸੀ। ਅੰਗਰੇਜ਼ ਸਰਕਾਰ ਵੱਲੋਂ ਇਹਨਾਂ ਦਾ ਮੇਲ ਵਰਜਿਤ ਸੀ। ਮਜਬੂਰੀਵੱਸ 4 ਅਕਤੂਬਰ 1930 ਨੂੰ ਇਹਨਾਂ ਦੋਹਾਂ ਪਵਿੱਤਰ ਰੂਹਾਂ ਦੀ ਮਿਲਣੀ ਕਰਵਾਈ ਗਈ। ਇਸ ਦਿਨ ਭਾਈ ਸਾਹਿਬ ਦੀ ਰਿਹਾਈ ਹੋਣੀ ਸੀ, ਬਾਹਰ ਬੇਸ਼ੁਮਾਰ ਸੁਆਗਤੀ ਜੱਥੇ ਉਡੀਕ ਵਿਚ ਸਨ। ਸਰਕਾਰ ਨੇ ਬਾਹਰਲੇ ਇਕੱਠ ਤੋਂ ਡਰ ਕੇ ਇਹਨਾਂ ਦੀ ਰਿਹਾਈ ਕਾਫੀ ਲੇਟ ਕਰ ਦਿੱਤੀ ਤੇ ਅਫਵਾਹ ਵੀ ਫੈਲ ਗਈ ਕਿ ਭਾਈ ਸਾਹਿਬ ਨੂੰ ਅੱਜ ਨਹੀਂ ਛੱਡਣਾ। ਹਨੇਰੇ ਹੋਏ ਭਾਈ ਸਾਹਿਬ ਨੂੰ ਇਕੱਲਿਆਂ ਰਿਹਾਅ ਕਰ ਦਿੱਤਾ ਗਿਆ। ਇਹ ਢਾਈ ਤਿੰਨ ਘੰਟੇ ਦੀ ਮੁਲਾਕਾਤ ਸ਼ਹੀਦ ਭਗਤ ਸਿੰਘ ਜੀ ਦੀ ਸ਼ਹੀਦੀ ਦਾ ਅਹਿਮ ਮੋੜ ਸਾਬਤ ਹੋਏ। ਭਗਤ ਸਿੰਘ ਦਾ ਮਨ ਸਿੰਘ ਸੱਜਣ ਦਾ ਬਣ ਗਿਆ। ਇਸ ਤੋਂ ਬਾਅਦ ਭਗਤ ਸਿੰਘ ਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ ਗਿਆ। ਭਗਤ ਸਿੰਘ ਦੇ ਮੁਕੱਦਮੇ ਦਾ ਇਹਨਾਂ ਨੇ ਕੋਈ ਵੀ ਸਬੂਤ ਵੀ ਨਹੀਂ ਛੱਡਿਆ, ਕੇਵਲ ਤੇ ਕੇਵਲ ਇਹਨਾਂ ਦੁਆਰਾ ਭੇਜੀਆਂ ਗਈਆਂ ਚਿੱਠੀਆਂ ਹੀ ਸੰਬੰਧੀਆਂ ਆਦਿ ਕੋਲ ਹਨ। ਫੈਸਲੇ ਅਨੁਸਾਰ 07 ਅਕਤੂਬਰ 1930 ਨੂੰ ਫਾਂਸੀ ਦੇਣ ਦਾ ਹੁਕਮ ਹੋ ਗਿਆ ਜੋ ਕਿ 27 ਅਕਤੂਬਰ 1930 ਨੂੰ ਹੋਣੀ ਸੀ। ਇਹ ਫਾਂਸੀ ਦੇ ਹੁਕਮ ਅੰਗਰੇਜ਼ਾਂ ਨੇ 6 ਮਹੀਨੇ ਅੱਗੇ ਵਧਾ ਦਿੱਤੇ ਅਤੇ ਇਸ ਦਾ ਲਾਭ ਗਾਂਧੀ ਲੈ ਗਿਆ ਅਤੇ ਸਿੱਖ ਨੇਤਾਵਾਂ ਨੂੰ ਆਪਣੇ ਨਾਲ ਗੰਢ ਲਿਆ।
ਡਾਕਟਰ ਸੰਗਤ ਸਿੰਘ ਜੀ ਆਪਣੀ ਪੁਸਤਕ 'ਚ ਲਿਖਦੇ ਹਨ, ''ਉਸ ਵੇਲੇ ਗਾਂਧੀ ਸਿੱਖਾਂ ਨਾਲ ਕਿਸ ਭਰੋਸੇ ਤੇ ਚੱਲ ਰਿਹਾ ਸੀ? ਉਹਨੇ ਮੰਨਿਆ ਹੋਇਆ ਸੀ ਕਿ ਉਹ ਵਾਇਸਰਾਇ ਕੋਲ ਭਗਤ ਸਿੰਘ ਅਤੇ ਹੋਰਨਾਂ ਦੀ ਫਾਂਸੀ ਦੀ ਸਜ਼ਾ ਘੱਟ ਕਰਾਉਣ ਦਾ ਸਮਰਥਨ ਕਰੇਗਾ। ਪਰ ਜਦ ਉਸ ਨੂੰ ਪਤਾ ਲੱਗਾ ਕਿ ਭਗਤ ਸਿੰਘ ਨੇ ਨਾਰੰਗਵਾਲ ਦੇ ਭਾਈ ਰਣਧੀਰ ਸਿੰਘ ਦੇ ਪ੍ਰਭਾਵ ਹੇਠ ਆ ਕੇ ਅੰਮ੍ਰਿਤ ਛੱਕਣ ਅਤੇ ਉਸ ਪਿੱਛੋਂ ਸਿੱਖ ਜੀਵਨ ਦਾ ਧਾਰਨੀ ਹੋਣ ਦਾ ਇਰਾਦਾ ਕਰ ਲਿਆ ਹੈ ਤਾਂ ਗਾਂਧੀ ਆਪਣੇ ਵਚਨ ਤੋਂ ਪਰਤ ਗਿਆ। ਗਾਂਧੀ ਦੇ ਆਪਣੇ ਇਕਰਾਰ ਤੋਂ ਪਰਤ ਜਾਣ ਸੰਬੰਧੀ ਹਿੰਦੁਸਤਾਨ ਪੀਪਲਜ਼ ਸੋਸ਼ਲਿਸਟ ਫ਼ੋਜ ਦੇ ਮੈਂਬਰਾਂ ਦੇ ਮਨ ਵਿਚ ਬਹੁਤ ਸਾਰੀ ਸਾੜ ਉਪਜੀ। ਭਗਤ ਸਿੰਘ ਦੀ ਆਖਰੀ ਇੱਛਾ ਕਿ ਉਹ ਭਾਈ ਰਣਧੀਰ ਸਿੰਘ ਸਣੇ ਪੰਜ ਸਿੰਘਾਂ ਤੋਂ ਅੰਮ੍ਰਿਤਪਾਨ ਕਰਨਾ ਚਾਹੁੰਦਾ ਹੈ, ਅੰਗਰੇਜ਼ਾਂ ਨੇ ਪੂਰੀ ਨਹੀਂ ਕੀਤੀ। ਭਾਵੇਂ ਭਗਤ ਸਿੰਘ ਨੇ ਦਾਹੜੀ ਰੱਖ ਲਈ ਸੀ, ਕੇਸਾਂ ਦਾ ਜੂੜਾ ਕਰਕੇ ਪੱਗ ਬੰਨ•ੀ ਹੋਈ ਸੀ। ਜਦ ਉਹਦੀ ਸ਼ਹੀਦੀ ਹੋਈ ਸੀ, ਫਿਰਕਾਪ੍ਰਸਤ ਅੱਜ ਤੱਕ ਵੀ ਉਹਨੂੰ ਹਜਮਾਜਤ ਕਰੀ ਸ਼ਕਲ ਵਿਚ ਟੋਪ ਪਾਇਆ ਦਿਖਾਈ ਜਾ ਰਹੇ ਹਨ। ਭਗਤ ਸਿੰਘ ਨੇ ਫਿਰਕਾਪ੍ਰਸਤਾਂ ਦੇ ਮਨ ਨੂੰ ਠੀਕ ਸਮਝਿਆ ਸੀ, ਜਦ ਉਹਨੇ ਭਾਈ ਰਣਧੀਰ ਸਿੰਘ ਨੂੰ ਦੱਸਿਆ ਕਿ ਉਹਨੂੰ ਹਿੰਦੂਆਂ ਵਲੋਂ ਸ਼ਲਾਘਾ ਕੇਵਲ ਇਸ ਕਾਰਨ ਮਿਲ ਰਹੀ ਸੀ ਕਿ ਉਸ ਨੇ ਕੇਸ ਕਤਲ ਕਰਵਾ ਦਿੱਤੇ ਹਨ। ਜੇ ਇਕ ਵਾਰ ਮੁੜ ਕੇਸ ਰੱਖ ਲੈਂਦਾ ਹੈ ਤਾਂ ਗੁਰੂ ਦਾ ਸਿੱਖ ਬਣ ਜਾਂਦਾ ਹੈ ਤਾਂ ਹਿੰਦੂ ਉਸ ਤੋਂ ਮੂੰਹ ਮੋੜ ਲੈਣਗੇ।
ਜਗਮੋਹਨ ਸਿੰਘ ਜੀ ਲਿਖਦੇ ਹਨ, ''27 ਫਰਵਰੀ 1031 ਨੂੰ ਸ਼ਾਮੀ 2:30 ਵਜੇ ਗਾਂਧੀ-ਇਰਵਨ ਦੀ ਇਕੱਲਿਆਂ ਮੀਟਿੰਗ ਸ਼ੁਰੂ ਹੋਈ ਜੋ ਕਿ 5:30 ਤੱਕ ਚੱਲੀ। ਫਿਰ ਡਾ: ਅਨਸਾਰੀ ਦੇ ਘਰ, ਜਿੱਥੇ ਗਾਂਧੀ ਠਹਿਰੇ ਹੋਏ ਸਨ, ਉਹ ਇਕੱਲਾ ਵਾਇਸਰਾਏ ਦੇ ਮਹੱਲ ਆਇਆ ਅਤੇ ਅੱਧੀ ਰਾਤ ਤੋਂ ਬਾਅਦ ਤੱਕ ਗੱਲ ਚੱਲਦੀ ਰਹੀ। ਜਦ ਵਿਛੜੇ ਤਾਂ ਗਾਂਧੀ ਜੀ ਨੇ ਸ਼ੁੱਭ ਰਾਤਰੀ ਕਿਹਾ। ਇਸ ਦੇ ਜਵਾਬ ਵਿਚ ਇਰਵਨ ਨੇ ਕਿਹਾ, 'ਸ਼ੁੱਭ ਰਾਤਰੀ ਮਿਸਟਰ ਗਾਂਧੀ ਮੇਰੀ ਅਰਦਾਸ ਤੇਰੇ ਨਾਲ ਹੈ'। ਜਦ ਗਾਂਧੀ ਵਾਪਿਸ ਪਹੁੰਚਿਆ ਤਾਂ ਤੜਕੇ ਦੇ 2  ਵੱਜੇ ਸਨ। ਕਾਂਗਰਸ ਵਰਕਿੰਗ ਕਮੇਟੀ ਇੰਤਜ਼ਾਰ ਕਰ ਰਹੀ ਸੀ।'' ਗਾਂਧੀ ਤੇ ਇਰਵਨ ਨੇ ਇਕ ਸਮਝੌਤੇ ਤਹਿਤ ਭਗਤ ਸਿੰਘ ਦੀ ਫਾਂਸੀ ਤੇ ਮੋਹਰ ਉਸੇ ਦਿਨ ਲਗਾਈ ਸੀ। ਅਗਰ ਫਾਂਸੀ ਨਾਂ ਹੁੰਦੀ, ਉਮਰ ਕੈਦ ਆਦਿ ਹੋ ਜਾਂਦੀ ਤਾਂ ਆਜ਼ਾਦੀ ਤੋਂ ਬਾਅਦ ਉਹਨਾਂ ਨੂੰ ਛੱਡਣਾ ਪੈਣਾ ਸੀ । ਭਾਰਤ ਦੇ (ਖਾਸ ਕਰ ਪੰਜਾਬ ਦੇ) ਨੌਜਵਾਨਾਂ ਨੇ ਰੋਲ ਮਾਡਲ ਮੰਨ ਕੇ ਗੁਰਮਤ ਦੇ ਧਾਰਨੀ ਹੋਣਾ ਸੀ, ਇਹਨਾਂ ਲਹੂ ਪੀਣੀਆਂ ਜੋਕਾਂ ਨੂੰ ਲਾਗੇ ਵੀ ਨਹੀ ਸੀ ਲੱਗਣ ਦੇਣਾ । ਇਸ ਤੋਂ ਗਾਂਧੀ ਡਰ ਗਿਆ ਸੀ । ਇਹੋ ਕਾਰਨ ਹੈ ਕਿ ਗਾਂਧੀ ਨੇ ਫਾਂਸੀ ਦੀ ਵਕਾਲਤ ਕੀਤੀ। ਇਸੇ ਕਾਰਨ ਵੱਸ ਦੱਸੇ ਸਮੇਂ ਤੋਂ 11 ਘੰਟੇ ਪਹਿਲਾਂ ਹੀ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਲਗਾ ਦਿੱਤਾ ਗਿਆ। ਲੋਕਾਂ ਨੂੰ ਤੇ ਮਾਤਾ ਪਿਤਾ ਨੂੰ ਵੀ ਦੂਰ ਰੱਖਿਆ ਗਿਆ। ਭਗਤ ਸਿੰਘ ਦਾ ਚੁੱਪ ਚੁਪੀਤੇ ਹੀ ਹੁਸੈਨੀਵਾਲੇ ਸਸਕਾਰ ਕਰ ਦਿੱਤਾ ਗਿਆ। ਭਾਈ ਰਣਧੀਰ ਸਿੰਘ ਨੂੰ ਮਿਲਣ ਤੋਂ ਬਾਅਦ ਭਗਤ ਸਿੰਘ ਦੀ ਆਖਰੀ ਇੱਛਾ ਅੰਮ੍ਰਿਤ ਛੱਕਣਾ ਜਾਂ ਸਿੱਖ ਯੋਧਿਆਂ ਵਾਂਗ ਬੰਦ ਬੰਦ ਕੱਟਵਾਣਾ ਸੀ। ਅੰਗਰੇਜ਼ੀ ਸਰਕਾਰ ਨੇ ਉਹਨਾਂ ਦੀ ਇੱਛਾ ਪੂਰੀ ਕੀਤੀ, ਜਗਮੋਹਨ ਸਿੰਘ ਆਪਣੀ ਪੁਸਤਕ ਵਿਚ ਲਿਖਦੇ ਹਨ, ''23 ਮਾਰਚ 1931 ਨੂੰ ਸ਼ਾਮ 7 ਵਜੇ ਫਾਂਸੀ ਦੇ ਕੇ ਟੁੱਕੜੇ ਟੁੱਕੜੇ ਕੀਤਾ ਗਿਆ, ਫਿਰ ਫਿਰੋਜ਼ਪੁਰ ਸਤਲੁਜ ਦੇ ਕੰਢੇ ਅੱਧਜਲੇ ਕਰਕੇ, ਸਤਲੁਜ ਦਰਿਆ ਨੂੰ ਭੇਟ ਕੀਤਾ ਗਿਆ। ਇਹ ਸਭ ਕੁਝ ਬੜੀ ਹੀ ਕਾਹਲੀ ਵਿਚ ਕੀਤਾ ਗਿਆ ਸੀ। ਟੁੱਕੜੇ ਕਰਨ ਅਤੇ ਅੱਧਜਲੇ ਕਰਨ ਦਾ ਸਬੂਤ 24  ਮਾਰਚ 1931 ਨੂੰ ਸਵੇਰੇ ਬੀਬੀ ਅਮਰ ਕੌਰ ਭੈਣ ਸ਼ਹੀਦ ਭਗਤ ਸਿੰਘ ਤੇ ਹੋਰ ਦੇਸ਼ ਵਾਸੀਆਂ ਵਲੋਂ ਇਕੱਠੇ ਕੀਤੇ ਗਏ ਖ਼ੂਨ ਵਿਚ ਭਿੱਜੇ ਰੋੜੇ, ਰੇਤ ਅਤੇ ਤੇਜਧਾਰ ਦੀ ਕਟੀ ਅੱਧਜਲੀ ਹੱਡੀ ਹਨ। ਇਹ ਅੱਜ ਕੱਲ ਖੱਟਕੜ ਕਲਾਂ ਨੁਮਾਇਸ਼ ਘਰ ਵਿਚ ਦੇਖੀ ਜਾ ਸਕਦੀ ਹੈ।''
ਭਗਤ ਸਿੰਘ  ਆਪਣੇ ਬਚਪਨ ਤੋਂ ਲੈ ਕੇ ਸਹੀਦ ਹੋਣ ਤੱਕ ਸਿੱਖ ਸਿਧਾਂਤਾਂ ਤੇ ਰਹੇ, ਬੰਦ-ਬੰਦ ਕਟਵਾਕੇ ਸ਼ਹੀਦ ਹੋਣਾ, ਪੁਰਾਤਨ ਸਿਘਾਂ ਦੇ ਪੁਰਨਿਆਂ ਤੇ ਚੱਲਣ ਦੀ ਮੋਹਰ ਹੈ । ਪਰ ਪਤਾ ਨੀ ਕਿਹੜੀ ਮਜਬੂਰੀ ਵੱਸ ਜਗਮੋਹਨ ਸਿੰਘ ਆਪਣੀ ਕਿਤਾਬ ਦੇ ਅਗਲੇ ਪੰਨੇ ਤੇ ਸ਼ਹੀਦ ਨੂੰ ਟੋਪ ਵਾਲ਼ਾ ਦਿਖਾਉਣ ਤੇ ਤੁਲਿਆ ਹੈ, ਜਦੋਂ ਕਿ ਹੋਰ ਸਭ ਹਿੰਦੂ ਲਿਖਾਰੀਆਂ ਨੇ ਭਗਤ ਸਿੰਘ ਜੀ ਨੂੰ ਪੱਗ ਵਾਲ਼ਾ ਦਰਸਾਇਆਂ ਹੈ।
23 ਦੀ ਰਾਤ ਨੂੰ ਹੀ ਅੰਗਰੇਜ਼ ਸਰਕਾਰ ਨੇ ਇਕ ਇਸ਼ਤਿਹਾਰ ਲਗਾਇਆ ਸੀ ਕਿ ਭਗਤ ਸਿੰਘ ਦਾ ਸਸਕਾਰ ਸਿੱਖ ਰੀਤੀ ਨਾਲ, ਰਾਜਗੁਰੂ ਦਾ ਸਨਾਤਨੀ ਰੀਤੀ ਨਾਲ ਅਤੇ ਸੁਖਦੇਵ ਦਾ ਆਰੀਆ ਸਮਾਜ ਦੀ ਰੀਤੀ ਨਾਲ ਕਰ ਦਿੱਤਾ ਗਿਆ। ਇਸ ਦੀ ਗਵਾਹੀ ਕਸੂਰ ਦੇ ਗ੍ਰੰਥੀ ਤੇ ਪੰਡਤਾਂ ਤੋਂ ਪੁਆਈ ਗਈ।20-22 ਸਾਲਾ ਨੌਜਵਾਨ ਸ. ਭਗਤ ਸਿੰਘ ਜੀ ਨੂੰ ਕਮਿਊਨਿਸਟ ਵਿਚਾਰਧਾਰਾ ਨਾਲ਼ ਜੋੜਨਾ ਸਰਾਸਰ ਗਲਤ ਹੈ। ਆਮ ਤੌਰ 'ਤੇ ਇਸ ਉਮਰ ਦੇ ਨੌਜਵਾਨਾਂ ਦੀ ਕੋਈ ਪੱਕੀ ਵਿਚਾਰਧਾਰਾ ਨਹੀਂ ਬਣਦੀ। ਭਗਤ ਸਿੰਘ ਜੀ ਦੀ ਪੱਕੀ ਵਿਚਾਰਧਾਰਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਮਿਲਣੀ ਤੋਂ ਬਾਅਦ ਸੀ ਬਣੀ ਸੀ।

ਗੁਰਮੇਲ ਸਿੰਘ ਖਾਲਸਾ
ਮੋਬਾਈਲ ਨੰਬਰ--99147 -01469  317, ਪਿੰਡ ਗਿਆਸਪੁਰ

ਲੁਧਿਆਣਾ।

1 comment:

  1. menu ik army officer ne dasya c ki
    Bhagat singh di likhiya books pandit nehru ne kise tarike naal apne kol rkhli c

    ReplyDelete