ਸ਼ਹਾਦਤ ਤੋਂ ਬਾਅਦ ਮੁਗਲ ਦਰਬਾਰ ਦੀ ਸਹਾਇਤਾ ਨਾਲ ਤੱਤ ਖਾਲਸੇ ਨੇ ਦਰਬਾਰ ਸਾਹਿਬ 'ਤੇ ਕਬਜ਼ਾ ਕੀਤਾ
ਕੁਝ ਚਿਰ ਪਹਿਲਾਂ ਮੈਂ ਲਿਖਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਿੱਖ ਕੌਮ ਤੇ ਸਿੱਖ ਇਤਿਹਾਸਕਾਰਾਂ ਨੇ ਇਨਸਾਫ ਨਹੀਂ ਕੀਤਾ। ਜਦ ਕਿ ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸਾ ਰਾਜ ਦੇ ਬਾਨੀ ਹੋਏ ਹਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਦਾਇਤਾਂ 'ਤੇ ਦੱਬੇ ਕੁਚਲਿਆਂ ਤੇ ਕਿਰਤੀਆਂ ਨੂੰ ਰਾਜ ਵਿੱਚ ਸਿਰਫ ਮਾਣ ਹੀ ਨਹੀਂ ਦਿੱਤਾ, ਸਗੋਂ ਉੱਚ ਅਹੁਦਿਆਂ 'ਤੇ ਵੀ ਬਿਠਾਇਆ। ਪਰ ਸਰਕਾਰੀ ਖ਼ਾਲਸਾ 'ਤੱਤ ਖ਼ਾਲਸਾ' ਨੇ ਬਾਬਾ ਬੰਦਾ ਸਿੰਘ ਬਹਾਦਰ 'ਤੇ ਖ਼ਾਲਸਾ ਪੰਥ ਅਤੇ ਗੁਰੂ ਘਰ ਵਿਰੋਧੀ ਹੋਣ ਦੇ ਅਨੇਕਾਂ ਦੋਸ਼ ਲਗਾ ਕੇ ਉਸ ਨਾਲ ਧੋਖਾ ਕੀਤਾ ਅਤੇ ਖ਼ਾਲਸਾ ਪੰਥ ਦੀ ਮੁਗਲ ਸਾਮਰਾਜ ਨਾਲ ਹੋ ਰਹੀ ਜੰਗ ਵਿੱਚ ਧੋਖਾ ਕਰਕੇ ਮੁਗਲਾਂ ਨਾਲ ਜਾ ਰਲੇ ਅਤੇ ਸਿੱਖ ਸੰਸਥਾਵਾਂ ਉੱਪਰ ਕਬਜ਼ਾ ਕਰ ਲਿਆ। ਬਾਬਾ ਬੰਦਾ ਸਿੰਘ ਬਹਾਦਰ ਨਾਲ ਜਿੰਨੇ ਵੀ ਸਿੰਘ ਬੰਦ-ਬੰਦ ਕੱਟਵਾ ਕੇ ਸ਼ਹੀਦ ਹੋਏ ਉਨ੍ਹਾਂ ਨੂੰ ਮੁਗਲ ਸਾਮਰਾਜ ਦੀ ਮਦਦ ਨਾਲ ਗੱਦਾਰ ਘੋਸ਼ਿਤ ਕੀਤਾ ਅਤੇ ਆਪ ਜਗੀਰਾਂ ਹਾਸਲ ਕੀਤੀਆਂ। ਇਹ ਸਭ ਕੁਝ ਬਾਬਾ ਬਿਨੋਦ ਸਿੰਘ ਦੀ ਸਾਜ਼ਿਸ਼ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸਿੱਖ ਕੌਮ ਲਈ ਇਕ ਨਵੇਂ ਯੁੱਗ ਦਾ ਆਰੰਭ ਸਾਬਤ ਹੋਈ, ਜਿਸ ਨੂੰ ਗੁਰੂ ਸਾਹਿਬਾਨ ਦੁਆਰਾ ਦਿਖਾਏ ਅਣਖ ਅਤੇ ਇੱਜਤ ਨਾਲ ਜਿਊਣ ਦੇ ਢੰਗ ਤਰੀਕਿਆਂ ਵਿੱਚ ਨਵੇਂ ਕੀਰਤੀਮਾਨ ਸਥਾਪਤ ਕੀਤੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਪਿਛੋਂ ਭਾਵੇਂ ਸਿੱਖ ਕੌਮ ਇਕ ਦਮ ਆਪਣੇ ਪੈਰਾਂ 'ਤੇ ਖਲੋ ਸਕਣ ਦੀ ਹਾਲਤ ਵਿੱਚ ਨਹੀਂ ਸੀ ਪਰ ਫਿਰ ਵੀ ਬਚੇ ਖੁਚੇ ਸਿੱਖਾਂ ਨੇ ਜਿਵੇਂ-ਜਿਵੇਂ ਸਮੇਂ ਦੀ ਹਕੂਮਤ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਟੱਕਰ ਲਈ ਰੱਖੀ। ਸਮਾਂ ਪਾ ਕੇ ਇਹ ਸੰਘਰਸ਼ ਇਕ ਸੰਗਠਨ ਅਤੇ ਵਿਸ਼ਾਲ ਰੂਪ ਵਿੱਚ ਸਾਹਮਣੇ ਆਇਆ, ਜਿਸ ਵਿੱਚ ਸਮੇਂ ਦੇ ਹਰ ਵੱਡੇ-ਛੋਟੇ ਜ਼ਾਲਮ ਅਤੇ ਹਮਲਾਵਰ ਦਾ ਦ੍ਰਿੜ੍ਹਤਾ ਨਾਲ ਟਾਕਰਾ ਕੀਤਾ ਗਿਆ ਅਤੇ ਮਿਸਲਾਂ ਦੇ ਰੂਪ ਵਿੱਚ ਹਕੂਮਤ ਹਾਸਲ ਕਰਨ ਲਈ ਲਗਾਤਾਰ ਰਾਹ ਪੱਧਰਾ ਹੁੰਦਾ ਗਿਆ। ਹਕੂਮਤ ਹਾਸਲ ਕਰਨ ਦਾ ਇਹ ਮਾਰਗ ਸਿੱਖਾਂ ਨੂੰ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਗੁਰੂਆਂ ਦੀ ਵਿਚਾਰਧਾਰਾ 'ਤੇ ਪਹਿਰਾ ਦੇਣ ਨਾਲ ਪ੍ਰਗਟ ਹੋਇਆ ਜਿਸ ਨੇ ਖ਼ਾਲਸਾ ਫ਼ੌਜਾਂ ਨੂੰ ਕੇਵਲ ਆਤਮ-ਰੱਖਿਆ ਲਈ ਹੀ ਟਰੇਂਡ ਨਹੀਂ ਕੀਤਾ, ਬਲਕਿ ਉਨ੍ਹਾਂ ਅੰਦਰ ਜ਼ਾਲਮਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਸੋਧਣ ਦੀ ਨਵੀਂ ਪਿਰਤ ਪਾਈ। ਬਾਬਾ ਬੰਦਾ ਸਿੰਘ ਬਹਾਦਰ 'ਸਿੱਖਾਂ ਦਾ ਪਹਿਲਾ ਜਰਨੈਲ ਸੀ ਜਿਸ ਨੇ ਸਿਆਸੀ ਰਾਜ ਸਥਾਪਤ ਕਰਨ ਬਾਰੇ ਸੋਚਿਆ। ਭਾਵੇਂ ਕਿ ਇਸ ਕੰਮ ਵਿੱਚ ਉਹ ਆਪ ਸ਼ਹੀਦ ਹੋ ਗਿਆ ਪਰ ਇਹ ਚਿਣਗ ਸਿੱਖਾਂ ਨੂੰ ਲਾ ਗਿਆ ਕਿ ਰਾਜ ਤੋਂ ਬਿਨਾਂ ਧਰਮ ਦੀ ਰੱਖਿਆ ਨਹੀਂ ਕੀਤੀ ਜਾ ਸਕਦੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿੱਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਜਿਸ ਨੇ ਮੁਗਲ ਹਕੂਮਤ ਦੁਆਰਾ ਕੀਤੇ ਜਾਂਦੇ ਅੱਤਿਆਚਾਰਾਂ ਦੀ ਖੁੱਲ੍ਹ ਕੇ ਗਵਾਹੀ ਭਰੀ। ਇਹ ਸਮਾਂ ਸਿੱਖ ਕੌਮ ਲਈ ਬਹੁਤ ਹੀ ਭਿਆਨਕ ਰਿਹਾ ਜਿਸ ਵਿੱਚ ਸਿੱਖਾਂ ਦੇ ਸਬਰ ਦਾ ਇਮਤਿਹਾਨ ਲਿਆ ਗਿਆ ਅਤੇ ਉਨ੍ਹਾਂ ਦੀ ਆਪਣੇ ਇਸ਼ਟ ਅਤੇ ਧਰਮ ਪ੍ਰਤੀ ਦ੍ਰਿੜਤਾ ਪਰਖੀ ਗਈ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਅਨੇਕਾਂ ਉਹ ਸਿੱਖ ਸ਼ਹੀਦ ਕਰ ਦਿੱਤੇ ਗਏ ਜਿਨ੍ਹਾਂ ਵਿਚੋਂ ਕੁਝ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਫੜੇ ਗਏ ਸਨ ਪਰ ਬਹੁਤਿਆਂ ਨੂੰ ਘਰਾਂ ਵਿਚੋਂ ਫੜ੍ਹ ਕੇ ਨਾਲ ਰਲਾਇਆ ਗਿਆ ਸੀ ਤਾਂ ਕਿ ਫੜ੍ਹੇ ਸਿੱਖਾਂ ਦੀ ਗਿਣਤੀ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਦੇ ਲਗਭਗ 200 ਸਾਥੀ ਸਨ ਜੋ ਸਭ ਸੰਗਲਾਂ ਨਾਲ ਬੰਨ੍ਹੇ ਹੋਏ ਸਨ। ਅਬਦੁਲ ਸਮਦ ਖਾਂ ਦੇ ਪੁੱਤਰ ਜ਼ਕਰੀਆ ਖਾਂ ਨੇ ਜੋ ਇਸ ਕਾਰਵਾਈ ਦਾ ਇੰਚਾਰਜ ਸੀ, ਮਹਿਸੂਸ ਕੀਤਾ ਕਿ ਬਾਦਸ਼ਾਹ ਨੂੰ ਪੇਸ਼ ਕਰਨ ਲਈ ਇਹ ਦੋ ਕੁ ਸੌ ਕੈਦੀ ਥੋੜ੍ਹੇ ਹਨ। ਇਸ ਲਈ ਉਸ ਨੇ ਰਸਤੇ ਵਿੱਚ ਆਉਂਦੇ ਪਿੰਡਾਂ ਵਿਚੋਂ ਕਈ ਹਜ਼ਾਰ ਹੋਰ ਆਦਮੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਕੈਦੀਆਂ ਦੀ ਗਿਣਤੀ 740 ਅਤੇ ਨੇਜ਼ਿਆਂ ਤੇ ਟੰਗੇ ਸਿਰਾਂ ਦੀ ਗਿਣਤੀ 2000 ਹੋ ਗਈ। ਇਨ੍ਹਾਂ ਤੋਂ ਇਲਾਵਾ ਸਿੱਖਾਂ ਦੇ ਸਿਰਾਂ ਨਾਲ ਲੱਦੇ ਹੋਏ 700 ਗੱਡੇ ਵੀ ਇਸ ਅਤਿ ਨਿਰਦਈ ਘਟਨਾ ਦਾ ਭਾਗ ਸਨ। ਇਨ੍ਹਾਂ ਸੀਸਾਂ ਦੇ ਪਿੱਛੇ ਇਕ ਮੋਈ ਹੋਈ ਬਿੱਲੀ ਵੀ ਬਾਂਸ ਉੱਤੇ ਟੰਗੀ ਹੋਈ ਸੀ ਜੋ ਇਸ ਗੱਲ ਦਾ ਪ੍ਰਗਟਾਵਾ ਕਰਦੀ ਸੀ ਕਿ ਸਿੱਖਾਂ ਦੀ ਗੜੀ ਵਿੱਚ ਬਿੱਲੀ ਤੱਕ ਖ਼ਤਮ ਕਰ ਦਿੱਤੀ ਗਈ। ਸਿੱਖ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਜੀ ਦੱਸਦੇ ਹਨ ਕਿ ਮੁਗਲ ਫ਼ੌਜਦਾਰਾਂ ਨੇ ਬਹੁਤ ਸਾਰੇ ਹਿੰਦੂ ਵੀ, ਕੇਸ ਦਾੜ੍ਹੀ ਵਾਲੇ ਫੜ੍ਹ ਕੈਦੀਆਂ ਦੀ ਗਿਣਤੀ ਆਪਣੀ ਬਹਾਦਰੀ, ਚਲਾਕੀ ਵਿਖਾਉਣ ਲਈ ਵਧਾ ਲਈ। ਹੁਣ ਜਦੋਂ ਕਿ ਉਪਰੋਕਤ ਜ਼ਾਲਮਾਨਾ ਕਾਰਵਾਈ ਤੋਂ ਸਪੱਸ਼ਟ ਹੈ ਕਿ ਆਮ ਨਿਰਦੋਸ਼ ਸਿੱਖ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕਤਲ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ 'ਦੀਨ ਮਨਾਉਣ ਲਈ ਸ਼ਾਹੀ ਚਾਰ ਅਮੀਰ ਆ ਕੇ ਬਹੁਤ ਸਮਝਾ ਬੁਝਾ ਦਮ ਦਿਲਾਸੇ ਦੇਂਦੇ, ਲਾਲਚ ਵਿਖਾ-ਵਿਖਾ ਮੁਸਲਮਾਨ ਕਰਨ ਲਈ ਬਹੁਤ ਜ਼ੋਰ ਲਾਉਂਦੇ। ਪਰ ਆਮ ਸਿੱਖ ਵੀ ਅੰਦਰੋਂ ਇੰਨੇ ਦ੍ਰਿੜ ਸੰਕਲਪ ਸਨ ਕਿ ਉਨ੍ਹਾਂ ਨੇ ਬੇਕਸੂਰ ਹੁੰਦੇ ਹੋਇਆਂ ਵੀ ਨਾ ਤਾਂ ਕਿਸੇ ਹਾਕਮ ਅੱਗੇ
ਫਰਿਆਦ ਕੀਤੀ ਅਤੇ ਨਾ ਹੀ ਆਪਣੀ ਜਾਨ ਬਖ਼ਸ਼ੀ ਲਈ ਕੋਈ ਹੋਰ ਯਤਨ ਕੀਤਾ। ਉਨ੍ਹਾਂ ਨੇ ਪੂਰਨ ਨਿਰਲੇਪਤਾ ਨਾਲ ਸ਼ਹੀਦੀ ਕਬੂਲ ਕੀਤੀ, ਸਗੋਂ ਉਨ੍ਹਾਂ ਨੇ ਇਕ ਦੂਜੇ ਤੋਂ ਪਹਿਲੋਂ ਸ਼ਹੀਦੀ ਪ੍ਰਾਪਤ ਕਰਨ ਲਈ ਤੱਤਪਰਤਾ ਵਿਖਾਈ। 4 ਦਿਨ ਪਿੱਛੋਂ 5 ਮਾਰਚ 1716 ਨੂੰ ਸਿੱਖਾਂ ਨੂੰ ਸ਼ਹੀਦ ਕਰਨਾ ਆਰੰਭ ਕੀਤਾ ਗਿਆ। ਸਰਬਰਾਹ ਖਾਨ ਕੋਤਵਾਲ ਨੂੰ ਸਾਰ ਕੰਮ ਸੋਂਪਿਆ ਗਿਆ। ਕੋਤਵਾਲੀ ਦੇ ਚਬੂਤਰੇ ਸਾਹਮਣੇ ਸ਼ਹੀਦ ਕਰਨ ਲਈ ਮੈਦਾਨ ਬਣਾਇਆ ਗਿਆ। ਸਰਬਰਾਹ ਖਾਨ ਆਪ ਨਿਗਰਾਨੀ ਕਰ ਰਿਹਾ ਸੀ। ਸ਼ਹਾਦਤਾਂ ਦਾ ਸਿਲਸਲਾ ਸ਼ੁਰੂ ਹੋ ਗਿਆ ਮਨਸੂਬਾ ਇਹ ਸੀ ਕਿ ਰੋਜ਼ 100 ਸਿੱਖ ਸ਼ਹੀਦ ਕੀਤੇ ਜਾਣ ਤਾਂ ਕਿ ਬਾਕੀਆਂ ਨੂੰ ਡਰ ਪੈਦਾ ਹੋ ਸਕੇ ਅਤੇ ਉਹ ਇਸਲਾਮ ਕਬੂਲ ਕਰ ਲੈਣ। ਕੈਦੀ ਸਿੱਖਾਂ ਵਿਚੋਂ ਇਕ ਸੌ ਸਿੱਖਾਂ ਨੂੰ ਕੋਤਵਾਲੀ ਵਿਚੋਂ ਕੱਢ ਕੇ ਮੈਦਾਨ ਵਿੱਚ ਲਿਆਂਦਾ ਗਿਆ। ਜੋ ਅਨੰਦ, ਚਾਅ, ਖੇੜਾ, ਜਵਾਂਮਰਦੀ, ਹੌਂਸਲਾ, ਹਿੰਮਤ ਤੇ ਚੜ੍ਹਦੀ ਕਲਾ ਸਿੱਖਾਂ ਵਿੱਚ ਸੀ, ਉਸ ਦੀ ਗਵਾਹੀ ਕਈ ਇਤਿਹਾਸਕਾਰਾਂ ਨੇ ਭਰੀ। ਸਿੱਖ ਜਿਸ ਤਰ੍ਹਾਂ ਮੌਤ ਨਾਲ ਮਖੋਲ ਕਰ ਰਹੇ ਸਨ, ਉਹ ਸਮਕਾਲ ਇਹਿਤਾਸਕਾਰਾਂ ਲਈ ਹੈਰਾਨੀ ਪ੍ਰਗਟਾਉਣ ਲਈ ਕਾਫੀ ਹੈ। ਖਿੜੇ ਮੱਥੇ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਹਜ਼ਾਰਾਂ ਦੇ ਸਾਹਮਣੇ ਸਿੱਖ ਸ਼ਹਾਦਤ ਨੂੰ ਸਵੀਕਾਰ ਕਰ ਰਹੇ ਸਨ।
ਇਕ ਅਜਿਹੀ ਘਟਨਾ ਵਿਚੋਂ ਜਦੋਂ ਇਕ ਮਾਂ ਨੇ ਆਪਣੇ ਪੁੱਤਰ ਦੀ ਜਾਨ ਬਚਾਉਣ ਲਈ ਉਸ ਦੇ ਸਿੱਖ ਨਾ ਹੋਣ ਦੀ ਝੂਠੀ ਗਵਾਹੀ ਦਿੱਤੀ ਤਾਂ ਪੁੱਤਰ ਮਾਂ ਨਾਲੋਂ ਨਾਤਾ ਤੋੜਦੇ ਹੋਏ ਸ਼ਹੀਦੀ ਨੂੰ ਪਹਿਲ ਦੇ ਕੇ ਸਿੱਖ ਇਤਿਹਾਸ ਵਿੱਚ ਸਦੀਵੀ ਤੌਰ 'ਤੇ ਅਮਰ ਹੋ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਸ ਦੇ ਸਭ ਸਾਥੀਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਸ਼ਹੀਦ ਸਿੰਘਾਂ ਦੇ ਸਿਰ ਰੁੱਖਾਂ ਨਾਲ ਲਟਕਾਏ ਗਏ, ਉਨ੍ਹਾਂ ਦੇ ਧੜਾਂ ਦੇ ਟੋਟੇ-ਟੋਟੇ ਕਰਕੇ ਕਿਤੇ ਲੱਤ, ਕਿਤੇ ਬਾਂਹ ਅਤੇ ਕਿਤੇ ਸਾਰਾ ਧੜ ਹੀ ਦਰੱਖਤਾਂ ਨਾਲ ਲਟਕਾ ਦਿੱਤਾ ਗਿਆ। ਕਈ ਥਾਈਂ ਜ਼ਮੀਨ ਵਿੱਚ ਨੇਜੇ ਤੇ ਬਰਛੀਆਂ ਗੱਡ ਕੇ ਸਿੰਘਾਂ ਦੇ ਸਿਰ ਟੰਗੇ ਹੋਏ ਸਨ। ਸਿੰਘਾਂ ਵਿਚੋਂ ਇਕ ਦੀ ਲੋਥ ਵੀ ਸਾੜੀ ਜਾਂ ਫੂਕੀ ਨਹੀਂ ਗਈ, ਸਾਰੀਆਂ ਇਸ ਤਰ੍ਹਾਂ ਸ਼ਹਿਰ ਦੇ ਵਿੱਚ ਜਾਂ ਇਰਦੇ-ਗਿਰਦ ਟੰਗੀਆਂ ਹੋਈਆਂ ਸਨ। ਚਾਰ ਕੁ ਹਜ਼ਾਰ ਸਿਰ ਅਤੇ ਇੰਨੀਆਂ ਹੀ ਲੱਤਾਂ, ਬਾਹਾਂ, ਧੜ ਰੁੱਖਾਂ ਨਾਲ ਲਟਕਾਏ, ਉਨ੍ਹਾਂ ਦੇ ਮਾਸ ਨੂੰ ਗਿਰਝਾਂ ਅਤੇ ਕਾਵਾਂ ਦਾ ਖਾਣਾ ਅਤੇ ਸਾਰੇ ਸ਼ਹਿਰ ਵਿੱਚ ਬਦਬੂ ਦਾ ਫੈਲਣਾ, ਬੜੇ ਭੈਅ-ਭੀਤ ਨਜ਼ਾਰੇ ਸਨ। ਐਸਾ ਕਰਨਾ ਉਸ ਵੇਲੇ ਦੀ ਆਮ ਰਸਮ ਸੀ ਅਤੇ ਇਹ ਇਸ ਲਈ ਕੀਤਾ ਜਾਂਦਾ ਸੀ ਕਿ ਐਸੇ ਨਜ਼ਾਰੇ ਵੇਖ ਕੇ ਲੋਕੀਂ ਡਰ ਜਾਣ ਅਤੇ ਕਿਸੇ ਵਿੱਚ ਬਗਾਵਤ ਕਰਨ ਦਾ ਹੌਂਸਲਾ ਨਾ ਪਵੇ। ਪਰ ਇਹ ਸਭ ਤਰ੍ਹਾਂ ਦੇ ਭੈਅ-ਭੀਤ ਕਰਨ ਦੇ ਦ੍ਰਿਸ਼ ਸਿੱਖਾਂ ਦਾ ਮਨੋਬਲ ਨਾ ਡੇਗ ਸਕੇ।
ਇਸ ਰਸਤੇ ਤੇ ਚੱਲਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਜਰਨੈਲਾਂ ਦੀ ਵਾਰੀ ਆਈ ਤਾਂ ਉਨ੍ਹਾਂ ਸਾਹਮਣੇ ਇਹ ਸਭ ਦ੍ਰਿਸ਼ ਪੇਸ਼ ਕਰਕੇ ਉਨ੍ਹਾਂ ਨੂੰ ਡਰਾਉਣ ਦੇ ਯਤਨ ਕਰਕੇ ਉਨ੍ਹਾਂ ਪਾਸੋਂ ਸਮਾਣੇ ਤੇ ਸਢੋਰੇ ਵਿਚੋਂ ਲੁੱਟੇ ਭਾਰੀ ਖਜ਼ਾਨੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅਸਫਲ ਰਹੇ। ਹਕੂਮਤ ਨੇ ਅਸਫਲ ਹੁੰਦੇ ਵੇਖ ਸਭ ਜਰਨੈਲਾਂ ਨੂੰ ਵਾਰੀ-ਵਾਰੀ ਸ਼ਹੀਦ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਸ ਨੂੰ ਜ਼ਲੀਲ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਗਈ ਅਤੇ ਉਸ ਨੂੰ ਲੁਭਾਉਣ ਦੇ ਜਦੋਂ ਸਭ ਹੀਲੇ ਫੇਲ ਹੋ ਗਏ ਤਾਂ ਆਖਰੀ ਹਥਿਆਰ ਵਜੋਂ ਉਸ ਦੇ ਚਾਰ ਸਾਲਾਂ ਪੁੱਤਰ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ ਗਈ। ਸੋਚਿਆ ਇਹ ਗਿਆ ਸੀ ਕਿ ਹੋਇਆ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਝੁੱਕਦਾ ਤਾਂ ਉਸ ਦੇ ਪੁੱਤਰ ਨੂੰ ਝੁਕਾ ਲਿਆ ਜਾਵੇ ਅਤੇ ਨਹੀਂ ਤਾਂ ਘੱਟੋ-ਘੱਟ ਸ਼ਰਮਸਾਰ ਜ਼ਰੂਰ ਹੋਵੇ। ਇਸ ਲਈ 'ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਨੂੰ ਮੁਸਲਮਾਨ ਕਰਨ ਲਈ ਬਹੁਤ ਕੁਝ ਲਾਲਚ ਸੁਖ ਦਿਖਾਏ, ਫੇਰ ਐਸੀ ਮਾਰ ਪਈ ਜੋ ਗੱਭਰੂ ਵੀ ਨਾ ਸਹਾਰ ਸਕੇ, ਪਰ ਉਸ ਨੇ ਮਰਨਾ ਹੀ ਮੰਨਿਆ ਦੀਨ ਨਾ ਮੰਨਿਆ।' ਮੁਗਲ ਹਕੂਮਤ ਇਕ ਸਿੱਖ ਬੱਚੇ ਹੱਥੋਂ ਵੀ ਹਾਰ ਗਈ। ਇਹੀ ਮੁਗਲ ਹਕੂਮਤ ਦੇ ਪਤਨ ਦਾ ਇਕ ਵੱਡਾ ਸੰਕੇਤ ਸੀ। ਅੰਤ ਆਪਣੀ ਹਾਰ ਹੁੰਦੀ ਵੇਖ ਕੇ ਮੁਗਲਾਂ ਨੇ ਬੱਚੇ ਨਾਲ ਵੀ ਕੋਈ ਘੱਟ ਬਦਸਲੂਕੀ ਅਤੇ ਜ਼ੁਲਮ ਨਹੀਂ ਕੀਤੇ। ਉਨ੍ਹਾਂ ਬੱਚੇ ਨੂੰ ਉਸ ਦੇ ਪਿਤਾ ਸਾਹਮਣੇ ਹੀ ਕਤਲ ਕਰ ਦਿੱਤਾ ਅਤੇ ਕਿਹਾ ਜਾਂਦਾ ਹੈ ਕਿ ਬੱਚੇ ਦਾ ਤੜਫਦਾ ਦਿਲ ਪਿਤਾ ਦੇ ਮੂੰਹ ਵਿੱਚ ਪਾਇਆ ਗਿਆ, ਪਰ ਬਾਬਾ ਬੰਦਾ ਸਿੰਘ ਬਹਾਦਰ ਇਹ ਸਭ ਕੁਝ ਸਹਿਣ ਕਰਦੇ ਹੋਏ, ਟਸ ਤੋਂ ਮਸ ਨਾ ਹੋਇਆ। ਇਹ ਮੁਗਲ ਹਕੂਮਤ ਦੀ ਵਹਿਸ਼ੀਅਤ ਦੀ ਸਿਖਰ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਅਜਿਹੀਆਂ ਪ੍ਰਸਥਿਤੀਆਂ ਵਿੱਚ ਅਡੋਲ ਰਹਿਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਸੀ ਕਿ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਰਿਹਾ ਅਤੇ ਹਾਰ ਖਾ ਕੇ ਵੀ ਜੇਤੂ ਰੂਪ ਵਿੱਚ ਸਾਹਮਣੇ ਆਇਆ। ਪਰ ਇਸ ਦੇ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਦੀ ਆਪਣੀ ਬੇਮਿਸਾਲ ਪਵਿੱਤਰਤਾ ਅਤੇ ਉੱਚਾ ਆਚਰਨ ਓਨਾ ਵੱਡਾ ਕਾਰਣ ਹੀ ਸੀ ਜਿੰਨਾ ਕਿ ਗੁਰੂ ਗੋਬਿੰਦ ਸਿੰਘ ਦੀ ਪ੍ਰੇਰਣਾ। ਗੁਰੂ ਸਾਹਿਬ ਦੀ ਪ੍ਰੇਰਣਾ ਸਦਕਾ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੰਨੇ ਥੋੜ੍ਹੇ ਸਮੇਂ ਵਿੱਚ ਮੁਗਲ ਹਕੂਮਤ ਦੇ ਇਕ ਵਿਸ਼ਾਲ ਦਰਖ਼ਤ ਨੂੰ ਹਲੂਣਾ ਦੇ ਕੇ ਖੋਖਲਾ ਕਰ ਦਿੱਤਾ ਅਤੇ ਆਪਣੇ ਸ਼ਹੀਦ ਹੋਣ ਦੇ ਸਮੇਂ ਤੱਕ ਆਈਆਂ ਔਕੜਾਂ ਸਮੇਂ ਉਨ੍ਹਾਂ ਦਾ ਦ੍ਰਿੜਤਾ ਪੂਰਵਕ ਮੁਕਾਬਲਾ ਕਰ ਸਕਿਆ। ਸਿੱਖ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਇਕ ਅਹਿਮ ਕਾਰਨਾਮਾ ਬਣ ਗਿਆ, ਜਿਸ ਦਾ ਬਦਲ ਲੱਭਣਾ ਕਠਿਨ ਹੈ। ਇਸ ਲਈ ਭਾਈ ਕਸਰ ਸਿੰਘ ਛਿਬਰ ਨੇ760 ਲਿਖਿ ਬੰਦੇ ਸਾਹਿਬ ਰਲਿ ਸਿੱਖਾਂ ਨਾਲ ਸੀਸ ਕਟਾਇਆ। ਪਰ ਧਰਮ ਨੂੰ ਦਾਗ ਜ਼²ਰ²ਾ ਨਾ² ²ਲਾਇਆ।
ਜਦੋਂ ਅਸੀਂ ਬੰਦਾ ਸਿੰਘ ਬਹਾਦਰ ਦੀਆਂ ਮੁੱਢ ਤੋਂ ਲੈ ਕੇ ਅਖੀਰ ਤੱਕ ਪ੍ਰਾਪਤ ਕੀਤੀਆਂ ਜਿਤਾਂ ਦਾ ਨਿਰੀਖਣ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਬਾਵਾ ਬਿਨੋਦ ਸਿੰਘ ਨੇ ਮੁਗ਼ਲ ਹਕੂਮਤ ਦੀ ਸ਼ਹਿ 'ਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਧੋਖਾ ਕੀਤਾ। ਇਸ ਨਾਲ ਸਿੱਖੀ ਅਸੂਲਾਂ ਨਾਲ ਤਾਂ ਗੱਦਾਰੀ ਹੁੰਦੀ ਹੀ ਹੈ, ਸਗੋਂ ਇਸ ਨਾਲ ਗੁਰੂ ਸਾਹਿਬ ਦੇ ਉਸ ਵਿਸ਼ਵਾਸ ਨੂੰ ਵੀ ਸੱਟ ਵੱਜਦੀ ਹੈ ਜਿਸ ਵਿਸ਼ਵਾਸ ਨਾਲ ਉਨ੍ਹਾਂ ਨੇ ਇਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਭੇਜਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋਂ ਇਹ ਬਾਵਾ ਬਿਨੋਦ ਸਿੰਘ ਲਾਹੌਰ ਦੇ ਨਵਾਬ ਅਬਦੁਸ ਸਮੰਦ ਅਧੀਨ ਪੰਜ ਸੌ ਘੋੜਿਆਂ ਦਾ ਇੰਚਾਰਜ ਥਾਪ ਦਿੱਤਾ ਗਿਆ ਸੀ। ਇਸ ਦੇ ਪੁੱਤਰ ਬਾਵਾ ਕਾਹਨ ਸਿੰਘ ਨੂੰ ਸਿਰੀ ਦਰਬਾਰ ਸਾਹਿਬ ਦਾ ਪ੍ਰਬੰਧਕ ਥਾਪਿਆ ਗਿਆ ਸੀ। ਆਪਣੇ ਇਨ੍ਹਾਂ ਗਦਾਰੀ ਭਰੇ ਕੁਕਰਮਾਂ ਨੂੰ ਛੁਪਾਉਣ ਲਈ ਹੀ ਇਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਤੱਤ ਖਾਲਸਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਸਿੰਘਾਂ ਨੂੰ ਬੰਦਈ ਸਿੰਘ ਕਹਿਣਾ ਸ਼ੁਰੂ ਕਰ ਦਿੱਤਾ ਸੀ। ਮੁਗਲ ਹਕੂਮਤ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਖਲਾਕੀ ਤੌਰ 'ਤੇ ਮਾਰਨ ਲਈ ਇਸ ਗੱਲ ਦਾ ਪੂਰਾ ਪ੍ਰਚਾਰ ਕੀਤਾ ਸੀ। ਸਰੂਪ ਦਾਸ ਭੱਲਾ ਸਾਡੇ ਗੁਰਮੁਖੀ ਦੀਆਂ ਲਿਖਤਾਂ ਦੇ ਲੇਖਕਾਂ ਵਿੱਚੋਂ ਹੀ ਸੀ। ਇਸ ਨੇ ਆਪਣੀ ਲਿਖਤ 'ਮਹਿਮਾ ਪ੍ਰਕਾਸ਼' ਵਿੱਚ ਲਿਖਿਆ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਸਿੰਘਾਂ ਨੂੰ ਰੋਜ਼ਾਨਾ ਸੌ-ਸੌ ਦੀ ਗਿਣਤੀ ਵਿੱਚ ਕੱਢ ਕੇ ਮਾਰਿਆ ਜਾਂਦਾ ਸੀ ਤਾਂ ਬਾਵਾ ਕਾਹਨ ਸਿੰਘ ਵੀ ਕਿਸੇ ਨਾ ਕਿਸੇ ਤਰ੍ਹਾਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਸਿੰਘਾਂ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਇਸ ਦੇ ਬੰਦਿਆਂ ਨੇ ਇਸ ਨੂੰ ਛੁਡਾਉਣ ਦੀ ਬੜੀ ਕੋਸ਼ਿਸ਼ ਕੀਤੀ। ਅਖੀਰ 'ਤੇ ਇਹ ਤਹਿ ਹੋਇਆ ਕਿ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨਾਲ ਗ੍ਰਿਫ਼ਤਾਰ ਕੀਤੇ ਗਏ ਸਿੰਘਾਂ ਦੀ ਗਿਣਤੀ ਕੀਤੀ ਜਾ ਚੁੱਕੀ ਹੈ ਅਤੇ ਗਿਣਤੀ ਮੁਤਾਬਕ ਹੀ ਸ਼ਹੀਦ ਹੋਏ ਸੀਸ ਵੇਖੇ ਜਾਣੇ ਹਨ। ਇਸ ਲਈ ਜੇਕਰ ਬਾਬਾ ਕਾਹਨ ਸਿੰਘ ਨੂੰ ਬਚਾਉਣਾ ਹੈ ਤਾਂ ਇਸ ਦੀ ਥਾਂ ਕਿਸੇ ਹੋਰ ਸਿੱਖ ਨੂੰ ਬਿਠਾ ਦਿੱਤਾ ਜਾਵੇ ਅਤੇ ਇਸ ਨੂੰ ਕੱਢ ਕੇ ਲੈ ਜਾਇਆ ਜਾਵੇ। ਇਸੇ ਤਰ੍ਹਾਂ ਕੀਤਾ ਗਿਆ। ਕਿਸੇ ਗਰੀਬ ਜਿਹੇ ਸਿੱਖ ਧੋਖੇ ਨਾਲ ਬਾਵਾ ਕਾਹਨ ਸਿੰਘ ਦੀ ਥਾਂ ਬਿਠਾ ਕੇ ਇਸ ਨੂੰ ਛੁਡਵਾਇਆ ਸੀ। ਰਾਤੋ-ਰਾਤ ਇਹ ਲੁੱਕਦਾ ਛਿਪਦਾ ਪੰਜਾਬ ਪਹੁੰਚ ਗਿਆ ਅਤੇ ਉੱਥੇ ਇਸ ਨੂੰ ਲਾਹੌਰ ਦੇ ਨਵਾਬ ਨੇ ਅੰਮ੍ਰਿਤਸਰ ਦੇ ਸਿਰੀ ਦਰਬਾਰ ਸਾਹਿਬ ਦਾ ਪ੍ਰਬੰਧਕ ਥਾਪ ਦਿੱਤਾ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਤੁਰੰਤ ਪਿੱਛੋਂ ਸਰਕਾਰ ਵੱਲੋਂ ਇਕ ਫੁਰਮਾਨ ਜਾਰੀ ਕੀਤਾ ਗਿਆ ਸੀ। ਇਸ ਫੁਰਮਾਨ ਵਿੱਚ ਕਿਹਾ ਗਿਆ ਕਿ ਸਿੱਖਾਂ ਨੂੰ ਵੇਖਦਿਆਂ ਸਾਰ ਹੀ ਗੋਲੀ ਮਾਰ ਦਿੱਤੀ ਜਾਵੇ। ਜੇਕਰ ਕਿਸੇ ਸਿੱਖ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਉਸ ਸਾਹਮਣੇ ਦੋ ਬਦਲ ਰੱਖੇ ਜਾਣ। ਪਹਿਲਾ ਇਹ ਕਿ ਉਹ ਇਸਲਾਮ ਕਬੂਲ ਕਰੇ, ਦੂਜਾ ਇਹ ਕਿ ਮੌਤ ਕਬੂਲ ਕਰੇ। ਇਸਲਾਮ ਕਬੂਲ ਕਰਨ 'ਤੇ ਕਾਫ਼ੀ ਇਨਾਮ ਵੀ ਦਿੱਤੇ ਜਾਂਦੇ ਸਨ। ਅਜਿਹੇ ਮਹੌਲ ਅੰਦਰ ਸਥਾਨਕ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਸਨ। ਸਿੱਖ ਦਾ ਕੱਟਿਆ ਹੋਇਆ ਸਿਰ ਲਿਆ ਕੇ ਦੇਣ ਵਾਲੇ ਨੂੰ ਪੱਚੀ ਰੁਪਏ ਅਤੇ ਜੀਵਤ ਸਿੱਖ ਨੂੰ ਪੇਸ਼ ਕਰਨ ਵਾਲੇ ਨੂੰ ਦੋ ਸੌ ਰੁਪਿਆ ਦਿੱਤਾ ਜਾਂਦਾ ਸੀ। ਸਿੱਖਾਂ ਦੀਆਂ ਲੜਕੀਆਂ ਨੂੰ ਨੌਕਰਾਣੀਆਂ ਬਣਾ ਕੇ ਰੱਖਿਆ ਜਾਂਦਾ ਸੀ। ਜਦੋਂ ਕੋਈ ਮੁਸਲਮਾਨ ਮਰਦਾ ਸੀ ਤਾਂ ਉਸ ਦੀ ਕਬਰ ਸਿੱਖ ਨੂੰ ਖੋਦਣੀ ਪੈਂਦੀ ਸੀ।
ਇਕ ਪਾਸੇ ਤਾਂ ਅਜਿਹੇ ਹਾਲਾਤ ਸਨ ਪਰ ਦੂਜੇ ਪਾਸੇ ਬਾਵਾ ਬਿਨੋਦ ਸਿੰਘ ਅਤੇ ਬਾਵਾ ਕਾਹਨ ਸਿੰਘ ਵਰਗੇ ਖਾਨਦਾਨੀ ਸਿੱਖ ਨੇਤਾ ਸਰਕਾਰ ਕੋਲੋਂ ਨੌਕਰੀਆਂ ਅਤੇ ਜਾਗੀਰਾਂ ਪ੍ਰਾਪਤ ਕਰ ਰਹੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋਂ ਜੋ ਪਹਿਲੀ ਦਿਵਾਲੀ ਆਈ ਸੀ ਉਸ ਸਮੇਂ ਬਾਵਾ ਬਿਨੋਦ ਸਿੰਘ ਅਤੇ ਬਾਵਾ ਕਾਹਨ ਸਿੰਘ ਨੇ ਸਰਕਾਰ ਦੀ ਸਹਾਇਤਾ ਨਾਲ ਸਿਰੀ ਦਰਬਾਰ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਮੇਲਾ ਲਗਾਇਆ ਸੀ। ਸਰਕਾਰ ਪੱਖੀ ਸਿੱਖਾਂ ਦੀ ਹਿਫ਼ਾਜ਼ਤ ਲਈ ਫ਼ੌਜ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਹਿਫ਼ਾਜ਼ਤੀ ਪ੍ਰਬੰਧ ਉਨ੍ਹਾਂ ਸਿੰਘਾਂ ਕੋਲੋਂ ਕੀਤੇ ਗਏ ਸਨ ਜਿਨ੍ਹਾਂ ਨੂੰ ਇਹ ਲੋਕ ਬੰਦਈ ਸਿੱਖ ਆਖ ਰਹੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਸਾਥੀ ਸਿੰਘ ਗੁਰਦਾਸ ਨੰਗਲ ਦੀ ਗੜੀ ਤੋਂ ਬਾਹਰ ਰਹਿ ਗਏ ਸਨ, ਉਨ੍ਹਾਂ ਨੇ ਹਕੂਮਤ ਦੀ ਈਨ ਨਹੀਂ ਮੰਨੀ ਸੀ ਅਤੇ ਹਥਿਆਰਾਂ ਸਮੇਤ ਜੰਗਲਾਂ ਪਹਾੜਾਂ ਵਿੱਚ ਚਲੇ ਗਏ ਸਨ। ਇਨ੍ਹਾਂ ਬਾਵਿਆਂ ਨੂੰ ਡਰ ਸੀ ਕਿ ਇਹ ਸਿੰਘ ਜੇ ਕਿਤੇ ਮੇਲੇ ਵਿੱਚ ਪਹੁੰਚ ਗਏ ਤਾਂ ਇਨ੍ਹਾਂ ਸਰਕਾਰ ਪੱਖੀ ਨੇਤਾਵਾਂ ਨੂੰ ਮਾਰ ਮਕਾਉਣਗੇ। ਪਰ ਸੁਰੱਖਿਆ ਦੇ ਬਾਵਜੂਦ ਇਹ ਸਿੰਘ ਲੁੱਕਦੇ ਛਿਪਦੇ ਆ ਪਹੁੰਚੇ ਸਨ। ਇਨ੍ਹਾਂ ਨੇ ਆਉਣ ਸਾਰ ਹਾਜ਼ਰ ਸੰਗਤ ਨੂੰ ਇਨ੍ਹਾਂ ਬਾਵਿਆਂ ਦੇ ਰੋਲ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਉੱਥੇ ਹਾਜ਼ਰ ਸਾਰੀ ਸੰਗਤ ਬਾਵਿਆਂ ਦੇ ਖਿਲਾਫ਼ ਹੋ ਗਈ।
ਜਦੋਂ ਇਨ੍ਹਾਂ ਬਾਵਿਆਂ ਨੇ ਦੇਖਿਆ ਕਿ ਉਨ੍ਹਾਂ ਦੇ ਖੇਡ ਖ਼ਤਮ ਹੋ ਰਹੀ ਹੈ ਤਾਂ ਉਨ੍ਹਾਂ ਨੇ ਉੱਥੇ ਹਾਜ਼ਰ ਦਰੋਗੇ ਨੂੰ ਕਿਹਾ ਕਿ ਉਹ ਆਪਣੀ ਫ਼ੌਜੀ ਤਾਕਤ ਵਰਤ ਕੇ ਇਨ੍ਹਾਂ ਨੂੰ ਹਟਾਵੇ। ਸੰਗਤਾਂ ਨੂੰ ਵਰਗਲਾਉਣ ਲਈ ਇਹ ਸੋਸ਼ਾ ਛੱਡ ਦਿੱਤਾ ਕਿ ਅਸਲੀ ਖ਼ਾਲਸਾ ਕਿਹੜਾ ਹੈ ਇਸ ਦਾ ਫੈਸਲਾ ਸਰੋਵਰ ਵਿੱਚ ਪਰਚੀਆਂ ਪਾ ਕੇ ਕਰ ਲੈਂਦੇ ਹਾਂ। ਦਰੋਗੇ ਨੇ ਆਪਣੀ ਸੈਨਿਕ ਟੁੱਕੜੀ ਉੱਥੇ ਲਿਆਂਦੀ ਅਤੇ ਉਸੇ ਦੀ ਮੌਜੂਦਗੀ ਵਿੱਚ ਦੋ ਪਰਚੀਆਂ ਸਰੋਵਰ ਵਿੱਚ ਸੁੱਟੀਆਂ ਗਈਆਂ। ਇਕ ਪਰਚੀ ਤੇ ਤੱਤ ਖ਼ਾਲਸਾ ਅਤੇ ਦੂਜੀ ਪਰਚੀ 'ਤੇ ਬੰਦਈ ਖ਼ਾਲਸਾ ਲਿਖਿਆ ਹੋਇਆ ਸੀ। ਜਦੋਂ ਸੁਟੀਆਂ ਹੋਈਆਂ ਪਰਚੀਆਂ ਨੂੰ ਦੋਵਾਂ ਧਿਰਾਂ ਦੇ ਮੁਦਈ-ਸਿੱਖ ਦੇਖਣ ਲਈ ਅਗੇ ਵਧੇ ਤਾਂ ਦਰੋਗੇ ਨੇ ਡੰਡੇ ਮਾਰ-ਮਾਰ ਕੇ ਸਭ ਨੂੰ ਪਿੱਛੇ ਧਕ ਦਿੱਤਾ ਅਤੇ ਆਪ ਹੀ ਇਕ ਪਰਚੀ ਚੁੱਕ ਕੇ ਐਲਾਨ ਕਰ ਦਿੱਤਾ ਕਿ ਤੱਤਖ਼ਾਲਸਾ ਬਾਵਾ ਬਿਨੋਦ ਸਿੰਘ ਅਤੇ ਬਾਵਾ ਕਾਹਨ ਸਿੰਘ ਵਾਲਾ ਧੜਾ ਸੀ। ਬੰਦਈ ਦੂਸਰੇ ਹਥਿਆਰਬੰਦ ਸਿੰਘ ਸਨ। ਦਰੋਗੇ ਦੇ ਐਲਾਨ ਕਰਨ ਸਾਰ ਹੀ ਕਈਆਂ ਨੂੰ ਕੁੱਟਿਆ ਗਿਆ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ। ਕਈਆਂ ਨੂੰ ਕੁੱਟ ਕੇ ਭਜਾ ਦਿੱਤਾ ਗਿਆ। ਮਤਲਬ ਉਨ੍ਹਾਂ ਦਾ ਸਿਰਫ਼ ਇਹ ਹੀ ਸੀ ਕਿ ਉੱਥੇ ਸਿਰਫ ਉਹ ਵਿਅਕਤੀ ਹੀ ਰਹਿਣ ਜਿਹੜੇ ਤੱਤ ਖਾਲਸਿਆਂ ਦੇ ਹਮਾਇਤੀ ਹੋਣ। ਇਸ ਕੰਮ ਨੂੰ ਸਰਕਾਰੀ ਕਰਿੰਦਿਆਂ ਨੇ ਸਰੋਵਰ ਵਿੱਚ ਪਰਚੀਆਂ ਪਾਉਣ ਦਾ ਡਰਾਮਾ ਕਰ ਕੇ ਪੂਰਾ ਕਰ ਦਿੱਤਾ ਸੀ।
ਉਕਤ ਰੌਲੇ-ਗੌਲੇ ਵਿੱਚ ਬਾਹਰੋਂ ਆਏ ਹਥਿਆਰਬੰਦ ਸਿੰਘ ਢਿੱਲੇ ਪੈ ਗਏ। ਉਨ੍ਹਾਂ ਦੀ ਕੋਈ ਪੇਸ਼ ਨਾ ਗਈ। ਪਿੱਛੇ ਸੰਗਤ ਵਿੱਚ ਜੋ ਲੋਕ ਉਨ੍ਹਾਂ ਹਮਾਇਤੀ ਰਹਿ ਗਏ ਸਨ ਉਨ੍ਹਾਂ ਨੇ ਇਨ੍ਹਾਂ ਪਰਚੀਆਂ ਦੇ ਪਾਖੰਡ ਬਾਰੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਅਖੀਰ 'ਤੇ ਤੱਤ ਖਾਲਸਿਆਂ ਨੇ ਕਿਹਾ ਕਿ ਬੰਦਈਆਂ ਦਾ ਬੰਦਾ ਉਨ੍ਹਾਂ ਦੇ ਬੰਦੇ ਨਾਲ ਘੁਲੇ, ਜਿਹੜਾ ਘੋਲ ਵਿੱਚ ਢਹਿ ਜਾਵੇ ਉਸ ਦਾ ਧੜਾ ਹਾਰ ਮੰਨ ਜਾਵੇ। ਖਾੜਕੂ ਹਥਿਆਰਬੰਦ ਸਿੰਘ (ਜਿਨ੍ਹਾਂ ਨੂੰ ਉਸ ਸਮੇਂ ਬੰਦਈ ਕਿਹਾ ਜਾਂਦਾ ਸੀ) ਇਤਨੇ ਜਜ਼ਬਾਤਾਂ ਵਿੱਚ ਸਨ ਕਿ ਉਹ ਘੋਲ ਕਰਨਾ ਮੰਨ ਗਏ। ਦੋਹਾਂ ਧਿਰਾਂ ਦੇ ਦੋ ਬੰਦੇ ਘੁਲੇ। ਤੱਤ ਖਾਲਸਿਆਂ ਦਾ ਮੀਰੀ ਸਿੰਘ ਸੀ ਜੋ ਉਸ ਬਾਵਾ ਕਾਹਨ ਸਿੰਘ ਦਾ ਪੁੱਤਰ ਸੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸਮੇਂ ਦਿੱਲੀ ਤੋਂ ਭੱਜ ਆਇਆ ਸੀ ਅਤੇ ਬੰਦਈਆਂ ਦਾ ਸੰਗਤ ਸਿੰਘ ਸੀ, ਉੱਥੇ ਹਾਜ਼ਰ ਪੁਲਿਸ, ਫ਼ੌਜ ਅਤੇ ਉਸ ਦੇ ਹਮਾਇਤੀ ਲੋਕਾਂ ਨੇ ਹਾ ਹਾ ਹੂ ਹੂ ਕਰ ਕੇ ਤੱਤ ਖਾਲਸਿਆਂ ਦੇ ਬੰਦੇ ਨੂੰ ਜਿਤਿਆ ਕਰਾਰ ਦੇ ਦਿੱਤਾ ਅਤੇ ਜ਼ਬਰਦਸਤੀ ਖਾੜਕੂ ਸਿੰਘ ਨੂੰ ਮਾਸ ਖੁਆਇਆ ਗਿਆ।
ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋਂ ਸਿਰੀ ਦਰਬਾਰ ਸਾਹਿਬ ਅਤੇ ਸਿਰੀ ਅਕਾਲ ਤਖ਼ਤ ਸਾਹਿਬ ਉੱਪਰ ਉਨ੍ਹਾਂ ਲੋਕਾਂ ਦਾ ਕਬਜ਼ਾ ਕਰਵਾਇਆ ਗਿਆ ਸੀ ਜੋ ਸਰਕਾਰ ਦੇ ਪਿੱਠੂ ਸਨ ਅਤੇ ਬਾਬਾ ਬੰਦਾ ਸਿੰਘ ਦੇ ਵਿਰੁੱਧ ਲੜੇ ਸਨ। ਇਨ੍ਹਾਂ ਲੋਕਾਂ ਨੇ ਉਨ੍ਹਾਂ ਸਿੰਘਾਂ ਨੂੰ ਬੰਦਈ-ਬੰਦਈ ਕਹਿ ਕੇ ਭੰਡਣਾ ਸ਼ੁਰੂ ਕਰ ਦਿੱਤਾ ਸੀ ਜਿਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਸ਼ਹਾਦਤ ਪਿੱਛੋਂ ਵੀ ਹਥਿਆਰ ਨਹੀਂ ਸੁੱਟੇ ਸਨ। ਬਾਵਾ ਬਿਨੋਦ ਸਿੰਘ ਅਤੇ ਬਾਵਾ ਕਾਹਨ ਸਿੰਘ ਸਰਕਾਰ ਦੀਆਂ ਨਿਗਾਹਾਂ ਵਿੱਚ ਇਤਨੇ ਵਿਸ਼ਵਾਸ ਪਾਤਰ ਸਨ ਕਿ ਜਿਨ੍ਹਾਂ ਸਿੱਖਾਂ ਦੀ ਉਹ ਸਿਫਾਰਸ਼ ਕਰਦੇ ਸਨ ਉਨ੍ਹਾਂ ਨੂੰ ਸਰਕਾਰੀ ਮਹਿਕਮਿਆਂ ਵਿੱਚ ਨੌਕਰੀਆਂ ਮਿਲ ਜਾਂਦੀਆਂ ਸਨ। ਇਸ ਤਰ੍ਹਾਂ ਇਨ੍ਹਾਂ ਨੇ ਮਾਝੇ ਦੀਆਂ ਸਿੱਖ ਸੰਗਤਾਂ ਨੂੰ ਕਾਫ਼ੀ ਵੱਡੀ ਗਿਣਤੀ ਵਿੱਚ ਆਪਣੇ ਪਿੱਛੇ ਲਾ ਲਿਆ ਸੀ। ਇਹ ਲੋਕ ਆਪਣੇ ਟੋਲੇ ਬਣਾ ਕੇ ਹਥਿਆਰਬੰਦ ਸਿੰਘਾਂ ਨੂੰ ਫੜਾਉਣ ਲਈ ਸਰਕਾਰੀ ਫ਼ੌਜਾਂ ਨਾਲ ਜੰਗਲਾਂ, ਪਹਾੜਾਂ ਵਿੱਚ ਚਲੇ ਜਾਂਦੇ ਸਨ। ਅਜਿਹੇ ਹਾਲਾਤ ਚਾਰ ਪੰਜ ਸਾਲ ਤੱਕ ਚੱਲਦੇ ਰਹੇ। ਅਖੀਰ ਨੂੰ ਹਕੂਮਤ ਦਾ ਪੂਰਾ ਜ਼ੋਰ ਪੈ ਜਾਣ ਕਰਕੇ ਕਿਧਰੇ ਵੀ ਕੋਈ ਖਾੜਕੂ ਸਿੰਘ ਨਹੀਂ ਰਿਹਾ ਸੀ। ਪੰਜਾਬ ਵਿੱਚ ਪੂਰਨ ਸ਼ਾਂਤੀ ਹੋ ਗਈ ਸੀ। ਅਬਦੁਸ ਸਮੁੰਦ ਖਾਂ ਦਾ ਦਿਮਾਗ, ਸਿੰਘਾਂ ਨੂੰ ਦਬਾਏ ਜਾਣ ਕਰਕੇ ਇਤਨਾ ਉਤਾਂਹ ਚੜ ਗਿਆ ਸੀ ਕਿ ਉਹ ਹੌਲੀ-ਹੌਲੀ ਰਾਜ ਭਾਗ ਵੱਲੋਂ ਬਿਲਕੁਲ ਬੇਪਰਵਾਹ ਹੋ ਗਿਆ ਸੀ ਅਤੇ ਅਯਾਸ਼ੀ ਦੇ ਵਿੱਚ ਡੁਬ ਗਿਆ ਸੀ। ਨਤੀਜਾ ਇਸ ਦਾ ਇਹ ਹੋਇਆ ਕਿ 1725 ਈ. ਦੇ ਸਮੇਂ ਦੇ ਨੇੜੇ-ਤੇੜੇ ਜੰਗਲਾਂ ਪਹਾੜਾਂ ਵਿੱਚ ਛੁਪੇ ਸਿੰਘ ਹੌਲੀ-ਹੌਲੀ ਕਰ ਕੇ ਫਿਰ ਵਾਪਸ ਆਉਣ ਲੱਗ ਪਏ। ਛੋਟੀਆਂ-ਮੋਟੀਆਂ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਅਤੇ ਅਖੀਰ ਨੂੰ ਫਿਰ ਛੋਟੇ-ਛੋਟੇ ਜਥਿਆਂ ਵਿੱਚ ਜਥੇਬੰਦ ਹੋ ਕੇ ਸਰਕਾਰੀ ਖ਼ਜ਼ਾਨਿਆਂ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਸਿੱਟੇ ਵਜੋਂ ਦਿੱਲੀ ਦੇ ਹਾਕਮ ਇਸ ਗੜਬੜ ਤੋਂ ਖਿਝ ਕੇ ਅਬਦੁਸ ਸਮੁੰਦ ਖਾਂ ਦੇ ਵਿਰੁੱਧ ਹੋ ਗਏ। ਅਖੀਰ ਦਲ ਖਾਲਸਾ ਦੀ ਅਗਵਾਈ ਵਿੱਚ ਸਿੰਘਾਂ ਨੇ ਤੱਤ ਖਾਲਸੇ ਤੋਂ ਦਰਬਾਰ ਸਾਹਿਬ ਆਜ਼ਾਦ ਕਰਵਾ ਲਿਆ ਅਤੇ ਭਾਈ ਮਨੀ ਸਿੰਘ ਨੂੰ ਉਸ ਦਾ ਪ੍ਰਬੰਧ ਸੌਂਪ ਦਿੱਤਾ।
ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸੰਖੇਪ ਜਿਹੇ ਰਾਜਸੀ ਜੀਵਨ ਵਿੱਚ ਹੀ ਸਦੀਆਂ ਤੋਂ ਰਾਜ ਕਰ ਰਹੇ ਮੁਗਲ ਸਾਮਰਾਜ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਜ਼ੁਲਮ ਅਤੇ ਜ਼ਬਰ ਨਾਲ ਹਮੇਸ਼ਾ ਲਈ ਲੋਕਾਂ ਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ। ਉਸ ਨੂੰ ਇਹ ਵੀ ਅਹਿਸਾਸ ਕਰਵਾ ਦਿੱਤਾ ਕਿ ਜਦੋਂ ਵੀ ਅਣਖ ਅਤੇ ਗੈਰਤ ਨੂੰ ਵੰਗਾਰ ਪਵੇਗੀ ਤਾਂ ਇਹ ਕਿਸੇ ਨਾ ਕਿਸੇ ਰੂਪ ਵਿੱਚ ਪੁਨਰ ਜਾਗ੍ਰਿਤ ਹੋ ਕੇ ਵਿਦਰੋਹ ਦਾ ਰੂਪ ਧਾਰਨ ਕਰੇਗੀ ਜਿਸ ਦਾ ਸਾਹਮਣਾ ਕਰਨਾ ਮੁਸ਼ਕਲ ਹੀ ਨਹੀਂ, ਅਸੰਭਵ ਵੀ ਹੋ ਜਾਵੇਗਾ। ਜੇਕਰ ਫਿਰ ਵੀ ਇਖਲਾਕੀ ਕਦਰਾਂ ਕੀਮਤਾਂ ਤੋਂ ਡਿੱਗ ਕੇ ਅਣਖ ਅਤੇ ਗੈਰਤ ਨੂੰ ਕਾਬੂ ਕਰ ਲਿਆ ਜਾਵੇ ਤਾਂ ਵੀ ਇਹ ਆਪਣੇ ਪਿੱਛੇ ਅਜਿਹੀਆਂ ਪੈੜਾਂ ਛੱਡ ਜਾਵੇਗੀ ਜਿਸ ਉੱਤੇ ਤੁਰਨ ਵਾਲਿਆਂ ਦੀ ਕਮੀ ਨਹੀਂ ਰਹੇਗੀ। ਇਸ ਤਰ੍ਹਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਪਿੱਛੋਂ ਹਕੂਮਤ ਨੇ ਇਹ ਸਮਝਿਆ ਕਿ ਇਹ ਲਹਿਰ ਫੇਲ੍ਹ ਹੋ ਗਈ ਹੈ ਅਤੇ ਸਾਰੇ ਸਿੰਘ ਮੁਕਾ ਦਿੱਤੇ ਗਏ ਹਨ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪੈੜਾਂ ਜਿਨ੍ਹਾਂ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀ ਛਾਪ ਸੀ, ਉੱਤੇ ਚੱਲਣ ਵਾਲੇ ਅਨੇਕਾਂ ਸਿੰਘ ਸਾਹਮਣੇ ਆਏ ਜਿਨ੍ਹਾਂ ਨੇ ਹਕੂਮਤ ਦੇ ਇਸ ਭਰਮ ਨੂੰ ਖੇਰੂੰ-ਖੇਰੂੰ ਕਰ ਦਿੱਤਾ ਕਿ ਅਣਖ ਅਤੇ ਗੈਰਤ ਨਾਲ ਜਿਊਣ ਵਾਲਿਆਂ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਣਾ ਸਦਕਾ ਸਿੱਖਾਂ ਅੰਦਰ ਇਨਕਲਾਬ ਅਤੇ ਜਾਗ੍ਰਿਤੀ ਦੀ ਅਜਿਹੀ ਚਿਣਗ ਲਾ ਦਿੱਤੀ ਜਿਹੜੀ ਉਸ ਦੀ ਸ਼ਹਾਦਤ ਤੋਂ ਪਿੱਛੋਂ ਵੀ ਸਿੱਖ ਕੌਮ ਲਈ ਚਾਨਣ ਮੁਨਾਰੇ ਦਾ ਕੰਮ ਕਰਦੀ ਰਹੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਗੈਰਤ ਅਤੇ ਸਵੈ-ਮਾਣ ਨਾਲ ਰਾਜਸੀ ਆਜ਼ਾਦੀ ਦਾ ਸੁੱਖ ਮਾਨਣ ਦਾ ਜਿਹੜਾ ਸ਼ਬਦ ਚਖਾਇਆ ਉਸ ਦੀ ਹੌਲੀ-ਹੌਲੀ ਸਿੱਖ ਕੌਮ ਨੂੰ ਆਦਤ ਪੈ ਗਈ। ਸਮਾਂ ਪਾ ਕੇ ਬਾਬਾ ਬੰਦਾ ਸਿੰÎਘ ਬਹਾਦਰ ੁਆਰਾ ਸਥਾਪਤ ਇਨ੍ਹਾਂ ਨਵੇਂ ਕੀਰਤੀਮਾਨਾਂ ਨੇ ਸਿੱਖ ਲਹਿਰ ਵਿੱਚ ਇਕ ਅਜਿਹਾ ਉਭਾਰ ਲਿਆਂਦਾ ਕਿ ਉਹ ਆਪਣੀ ਧਰਤੀ ਤੇ ਖੁਦ ਪਹਿਰੇਦਾਰ ਬਣੇ ਜਿੱਥੇ ਉਨ੍ਹਾਂ ਦੀ ਤਾਕਤ ਨੂੰ ਵੰਗਾਰਨ ਦਾ ਕਿਸੇ ਅੰਦਰ ਹੌਂਸਲਾ ਨਾ ਪੈਂਦਾ।


ਜਦੋਂ ਅਸੀਂ ਬੰਦਾ ਸਿੰਘ ਬਹਾਦਰ ਦੀਆਂ ਮੁੱਢ ਤੋਂ ਲੈ ਕੇ ਅਖੀਰ ਤੱਕ ਪ੍ਰਾਪਤ ਕੀਤੀਆਂ ਜਿਤਾਂ ਦਾ ਨਿਰੀਖਣ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਬਾਵਾ ਬਿਨੋਦ ਸਿੰਘ ਨੇ ਮੁਗ਼ਲ ਹਕੂਮਤ ਦੀ ਸ਼ਹਿ 'ਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਧੋਖਾ ਕੀਤਾ। (your words). It is a FAKE story. Please read:
ReplyDeletehttps://www.facebook.com/notes/harjinder-singh-dilgeer/%E0%A8%A4%E0%A9%B1%E0%A8%A4-%E0%A8%96%E0%A8%BE%E0%A8%B2%E0%A8%B8%E0%A8%BE-%E0%A8%85%E0%A8%A4%E0%A9%87-%E0%A8%AC%E0%A9%B0%E0%A8%A6%E0%A8%88-%E0%A8%96%E0%A8%BE%E0%A8%B2%E0%A8%B8%E0%A8%BE-%E0%A8%A6%E0%A9%87-%E0%A8%9D%E0%A8%97%E0%A9%9C%E0%A9%87-%E0%A8%A6%E0%A9%80-%E0%A8%85%E0%A8%B8%E0%A8%B2%E0%A9%80%E0%A8%85%E0%A8%A4/178915282149641/