deshpunjabtimes.blogspot.com

Friday, 21 October 2011

ਪੰਜਾਬ ਦੇ ਅਨੰਦ ਕਾਰਜ ਗੁਰਮਤਿ ਰੰਗ ਤੋਂ ਸੱਖਣੇ\ੇਪ੍ਰੋ. ਬਲਵਿੰਦਰਪਾਲ ਸਿੰਘ


ਪੰਜਾਬ ਦੇ ਸਿੱਖਾਂ ਵਿਚ ਏਨਾ ਨਿਘਾਰ ਆ ਗਿਆ ਹੈ ਕਿ ਅਨੰਦ ਕਾਰਜ ਮਾਇਆਵੀ ਰੁੱਚੀਆਂ ਅਤੇ ਬ੍ਰਾਹਮਣਵਾਦੀ ਸੰਸਕਾਰਾਂ ਨਾਲ ਜੁੜਦੇ ਜਾ ਰਹੇ ਹਨ। ਪੰਜਾਬ ਵਿਚ ਅਨੰਦ ਕਾਰਜ ਦਾ ਸਮਾਂ ਹੁਣ 12 ਵਜੇ ਦੁਪਹਿਰ ਤੋਂ ਪਹਿਲਾਂ ਨਹੀਂ, ਸ਼ਾਮ 2 ਵਜੇ ਤੋਂ ਲੈ ਕੇ 4 ਵਜੇ ਤੱਕ ਹੋ ਗਿਆ ਹੈ। ਬਰਾਤਾਂ ਸਮੇਂ ਸਿਰ ਨਹੀਂ ਪਹੁੰਚਦੀਆਂ। ਵਿਆਹਾਂ 'ਤੇ ਸਿੱਖ ਆਪਣੀ ਸਮਰਥਾ ਤੋਂ ਵੱਧ ਕਰਜ਼ੇ ਚੁੱਕ ਕੇ ਖਰਚਾ ਕਰ ਰਹੇ ਹਨ। ਕਿਸਾਨਾਂ ਦੀ ਹਾਲਤ ਏਨੀ ਮੰਦੀ ਹੈ ਕਿ ਉਹ ਐਨ. ਆਰ. ਆਈ. ਸਿੱਖਾਂ ਅਤੇ ਅਮੀਰ ਪੰਜਾਬੀਆਂ ਨੂੰ ਦੇਖ ਕੇ ਵੱਡੇ-ਵੱਡੇ ਪੈਲੇਸ ਬੁੱਕ ਕਰ ਲੈਂਦੇ ਹਨ ਅਤੇ ਆਪਣੀ ਸਮਰਥਾ ਤੋਂ ਵੱਧ ਖਰਚਾ ਕਰਕੇ ਕਰਜ਼ਾਈ ਹੋ ਜਾਂਦੇ ਹਨ। ਮੁੜਕੇ ਫਿਰ ਆਤਮ-ਹੱਤਿਆਵਾਂ ਦੇ ਰਾਹੇ ਤੁਰ ਪੈਂਦੇ ਹਨ। ਬਰਾਤਾਂ ਦੀ ਗਿਣਤੀ ਵਿਚ ਵੀ ਦਿਨੋਂ ਦਿਨ ਵਾਧਾ ਵਿਖਾਵੇ ਵਜੋਂ ਹੁੰਦਾ ਜਾ ਰਿਹਾ, ਜਿਸ ਨੂੰ ਲੜਕੀ ਤੇ ਲੜਕੇ ਵਾਲੇ ਆਪਣੀ ਸ਼ਾਨ ਸਮਝਦੇ ਹਨ। ਲੜਕੇ ਵਾਲੇ ਇਸ ਲਈ ਸ਼ਾਨ ਸਮਝਦੇ ਕਿ ਬਰਾਤ 'ਚ ਵੱਧ ਸੰਬੰਧੀ ਸ਼ਾਮਲ ਹਨ ਅਤੇ ਲੜਕੀ ਵਾਲੇ ਇਸ ਲਈ ਸ਼ਾਨ ਸਮਝਦੇ ਹਨ ਕਿ ਉਹ ਏਨੀ ਵੱਡੀ ਬਰਾਤ ਦੀ ਸੇਵਾ ਸੰਭਾਲ ਕਰ ਰਹੇ ਹਨ। ਦਾਜ ਦੀ ਗੱਲ ਹੀ ਛੱਡੋ, ਪਹਿਲਾਂ ਸਕੂਟਰ, ਫਰਿੱਜ ਤੇ ਟੈਲੀਵਿਜ਼ਨ ਦੇਣਾ ਆਮ ਗੱਲ ਸਮਝਿਆ ਜਾਂਦਾ ਸੀ, ਹੁਣ ਵੱਡੀ ਤੋਂ ਵੱਡੀ ਤੇ ਵਧੀਆ-ਵਧੀਆ ਕਾਰ ਦੇਣੀ ਆਮ ਗੱਲ ਬਣ ਗਈ ਹੈ। ਹਾਲਾਂ ਕਿ ਗੁਰੂ ਸਾਹਿਬ ਵਿਚ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਗੁਣਾਂ ਦਾ ਦਾਜ ਸਭ ਤੋਂ ਉੱਤਮ ਹੈ ਅਤੇ ਪਦਾਰਥਕ ਦਾਜ ਪਖੰਡ ਹੈ। ਇਹ ਕਿਸੇ ਕੰਮ ਨਹੀਂ ਆਉਣਾ। ਲੜਕੀ ਦੇ ਘਰੋਂ ਦਾਜ ਲਿਜਾਣਾ ਜਾਂ ਦਾਜ ਦੀ ਮੰਗ ਕਰਨੀ ਗੁਰਮਤਿ ਸਿਧਾਂਤਾਂ ਵਿਰੋਧੀ ਹੈ। ਦਾਜ ਦੇ ਕੇ ਵਿਆਹ ਕਰਨਾ ਬ੍ਰਾਹਮਣਵਾਦ ਦੀ ਰੀਤ ਹੈ, ਨਾ ਕਿ ਖਾਲਸੇ ਦੀ ਮਰਿਯਾਦਾ। ਸ੍ਰੀ ਗੁਰੂ ਰਾਮਦਾਸ ਜੀ ਦਾਜ ਨੂੰ ਦਿਖਾਵਾ ਅਤੇ ਅਡੰਬਰ ਸਮਝਦੇ ਹਨ। ਇਸ ਦੇ ਲਈ ਉਹਨਾਂ ਨੇ ਦਾਜ ਰਸਮ ਦਾ ਖੰਡਨ ਕੀਤਾ ਹੈ;
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ
ਸੁ ਕੂੜੁ ਅਹੰਕਾਰੁ ਕਚੁ ਪਾਜੋ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੭੯)
ਪੰਜਾਬ ਵਿਚ ਪਹਿਲਾਂ ਅਨੰਦ ਕਾਰਜ ਦੀ ਰਸਮ ਘਰਾਂ ਵਿਚ ਹੀ ਹੁੰਦੀ ਸੀ ਅਤੇ ਪੰਡਾਲ ਘਰ ਦੇ ਮੂਹਰੇ ਲਗਾਕੇ ਬਰਾਤ ਦੀ ਆਓ ਭਗਤ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਂਦਾ ਸੀ। ਪਰ ਹੁਣ ਬਰਾਤਾਂ ਮੈਰਿਜ ਪੈਲੇਸਾਂ ਵਿਚ ਆਉਂਦੀਆਂ ਹਨ। ਪਹਿਲਾਂ ਤਾਂ ਮੈਰਿਜ ਪੈਲੇਸ 'ਚ ਹੀ ਗੁਰੂ ਗ੍ਰੰਥ ਸਾਹਿਬ ਲਿਆ ਕੇ ਅਨੰਦ ਕਾਰਜ ਕਰ ਦਿੱਤਾ ਜਾਂਦਾ ਸੀ, ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹੁਕਮਨਾਮਾ ਜਾਰੀ ਕਰਨ ਕਰਕੇ ਮੈਰਿਜ ਪੈਲੇਸ 'ਚ ਗੁਰੂ ਗ੍ਰੰਥ ਸਾਹਿਬ ਲਿਆਉਣ ਦੀ ਮਨਾਹੀ ਹੈ। ਕਾਰਨ ਇਹ ਸੀ ਕਿ ਮੈਰਿਜ ਪੈਲਸ ਵਿਚ ਸ਼ਰਾਬ ਵੀ ਵਰਤਾਈ ਜਾਂਦੀ ਸੀ ਅਤੇ ਬਰਾਤੀ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਨੰਦ ਕਾਰਜ ਸਮੇਂ ਭੱਦੇ ਮਖੌਲ ਕਰਦੇ ਸਨ।
ਹੁਣ ਭਾਵੇਂ ਗੁਰਦੁਆਰੇ ਵਿਚ ਅਨੰਦ ਕਾਰਜ ਹੋਣ ਲੱਗੇ ਹਨ, ਪਰ ਲੜਕੀ-ਲੜਕੇ ਦੇ ਖਾਸ ਰਿਸ਼ਤੇਦਾਰ ਹੀ ਗੁਰਦੁਆਰੇ ਵਿਚ ਅਨੰਦ ਕਾਰਜ ਦੀ ਰਸਮ ਵਿਚ ਸ਼ਾਮਲ ਹੁੰਦੇ ਹਨ। ਬਾਕੀ ਦੇ ਬਰਾਤੀ ਤੇ ਮਾਂਝੀ (ਲੜਕੀ ਧਿਰ) ਰਿਸ਼ਤੇਦਾਰ ਮੈਰਿਜ ਪੈਲੇਸ ਵਿਚ ਸ਼ਰਾਬਾਂ ਪੀ ਰਹੇ ਹੁੰਦੇ ਹਨ ਜਾਂ ਫਿਰ ਗੱਪਾਂ ਮਾਰ ਰਹੇ ਹੁੰਦੇ ਹਨ। ਉਨ੍ਹਾਂ ਦਿਲਾਂ ਵਿਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਮਰਪਿਤ ਭਾਵਨਾ ਨਹੀਂ ਹੁੰਦੀ। ਦਿੱਲੀ ਦੇ ਸਿੱਖਾਂ ਤੇ ਐਨ.ਆਰ.ਆਈ. ਸਿੱਖਾਂ ਦੇ ਵਿਆਹਾਂ ਵਿਚ ਵੱਡੇ ਤੋਂ ਵੱਡੇ ਫਾਰਮ ਹਾਊਸ ਵਿਚ ਵਿਆਹ ਸਮਾਗਮ ਕੀਤੇ ਜਾਂਦੇ ਹਨ ਤੇ ਵੱਡੇ ਤੋਂ ਵੱਡੇ ਗਾਇਕਾਂ ਨੂੰ ਮਨੋਰੰਜਨ ਲਈ ਸੱਦਿਆ ਜਾਂਦਾ ਹੈ। ਇਨ੍ਹਾਂ ਦੀ ਦੇਖੋ ਦੇਖੀ ਇਹ ਰਿਵਾਜ ਪੰਜਾਬ ਦੇ ਸਿੱਖਾਂ ਲਈ ਖਤਰਨਾਕ ਸਿੱਧ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਸਿੱਖਾਂ ਨੇ ਵਿਆਹ ਸਮਾਂ ਦੌਰਾਨ ਪੈਸੇ ਦਾ ਉਜਾੜਾ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਇਸ ਵਿਖਾਵੇ ਕਾਰਨ ਵਿਆਹ ਦੀ ਰਸਮ ਵਿਚ ਲਾਲਚ ਤੇ ਲੈਣ-ਦੇਣ ਭਾਰੂ ਹੁੰਦੇ ਜਾ ਰਹੇ ਹਨ ਅਤੇ ਰਿਸ਼ਤੇਦਾਰੀਆਂ ਵਿਚ ਨਿੱਘ ਦੀ ਥਾਂ ਪੈਸਾ ਤੇ ਲਾਲਚ ਭਾਰੂ ਹੁੰਦਾ ਜਾ ਰਿਹਾ ਹੈ।  ਖਾੜਕੂਵਾਦ ਦੇ ਦਿਨਾਂ ਨੂੰ ਪੰਜਾਬ ਦੇ ਲੋਕ ਹਾਲੇ ਵੀ ਯਾਦ ਕਰਦੇ ਹਨ ਕਿ ਉਸ ਸਮੇਂ ਖਾੜਕੂਆਂ ਨੇ 11 ਤੋਂ ਵੱਧ ਬਰਾਤ ਲਿਆਉਣ, ਮੈਰਿਜ ਪੈਲੇਸਾਂ ਵਿਚ ਵਿਆਹ ਰਚਾਉਣ, ਦਾਜ ਲੈਣ ਤੇ ਦੇਣ ਉੱਪਰ ਪਾਬੰਦੀ ਲਗਾ ਦਿੱਤੀ ਸੀ। ਪਰ ਖਾੜਕੂਵਾਦ ਦੇ ਖਤਮ ਹੋ ਜਾਣ ਤੋਂ ਬਾਅਦ ਸਿੱਖਾਂ ਅਤੇ ਪੰਜਾਬੀਆਂ ਵਿਚ ਇਹ ਸ਼ੁਦਾਅ ਫਿਰ ਹਾਵੀ ਹੋ ਗਿਆ ਹੈ।
ਪਹਿਲਾਂ ਸਵੇਰੇ 11 ਵਜੇ ਮਸਾਂ ਹੀ ਬਰਾਤ ਤਿਆਰ ਹੁੰਦੀ ਹੈ। ਪੰਜਾਬ ਦੀਆਂ ਸਿੱਖ ਬੀਬੀਆਂ ਆਪ ਸਜਣ ਦੀ ਥਾਂ ਬਿਊਟੀ ਪਾਰਲਰ ਵਾਲੀਆਂ ਬੀਬੀਆਂ ਤੋਂ ਸਜਣ ਤੁਰ ਜਾਂਦੀਆਂ ਹਨ। ਬਿਊਟੀ ਪਾਰਲਰ ਵਾਲੀਆਂ ਬੀਬੀਆਂ ਜੇਕਰ ਜ਼ਿਆਦਾ ਸਮਾਂ ਨਾ ਲੈਣ ਤਾਂ ਉਹ ਵੱਧ ਪੈਸੇ ਲੈਣ ਦੇ ਹੱਕਦਾਰ ਨਹੀਂ ਬਣਦੀਆਂ। ਬੀਬੀਆਂ ਸਮਝਦੀਆਂ ਹਨ ਕਿ ਉਹ ਬਿਊਟੀ ਪਾਰਲਰ ਵਿਚ ਜਾ ਕੇ ਹੇਮਾ ਮਾਲਨੀ ਦੀਆਂ ਭੈਣਾਂ ਬਣ ਗਈਆਂ ਹਨ, ਅਸਲ ਵਿਚ ਉਹ ਕਾਰਟੂਨ ਤੋਂ ਵੱਧ ਕੁਝ ਨਹੀਂ ਲਗਦੀਆਂ। ਜੇਕਰ ਉਹ ਆਪ ਸਜਣ, ਸੰਵਰਨ, ਸਮਾਂ ਵੀ ਘੱਟ ਲੱਗੇ, ਪੈਸੇ ਵੀ ਬਚਣ, ਸੋਹਣੀਆਂ ਵੀ ਲੱਗਣ ਤੇ ਬਰਾਤਾਂ ਵੀ ਸਮੇਂ ਸਿਰ ਪੁੱਜਣ।
ਬਰਾਤ ਹਾਲੇ ਲੜਕੀ ਵਾਲੇ ਦੇ ਘਰ ਪੁੱਜਦੀ ਹੈ, ਮਿਲਣੀ ਤੋਂ ਪਹਿਲਾਂ ਹਲਕਾ-ਫੁਲਕਾ ਰਫਰੈਸ਼ਮੈਂਟ ਦੇ ਰੂਪ ਵਿਚ ਚਾਹ ਪਾਣੀ ਦਿੱਤਾ ਜਾਂਦਾ ਹੈ ਤਾਂ ਜੋ ਬਰਾਤ ਤਿਆਰ ਸ਼ਿਆਰ ਹੋ ਕੇ ਮੈਰਿਜ ਪੈਲੇਸ 'ਚ ਨਾਸ਼ਤਾ ਕਰਨ ਪੁੱਜ ਜਾਵੇ। ਬੀਬੀਆਂ 2 ਘੰਟੇ ਫਿਰ ਇਥੇ ਸਜਣ ਸੰਵਰਨ 'ਤੇ ਲਾ ਦਿੰਦੀਆਂ ਹਨ। 12 ਜਾਂ ਇਕ ਵਜੇ ਮੈਰਿਜ ਪੈਲੇਸ ਵਿਚ ਮਿਲਣੀ ਹੁੰਦੀ ਹੈ। ਮਿਲਣੀ ਉਪਰੰਤ ਸਾਲੀਆਂ ਜੀਜੇ ਕੋਲੋਂ ਰਿਬਨ ਕਟਾਉਂਦੀਆਂ ਹਨ। ਲੜਕੇ ਧਿਰ ਵੱਲੋਂ ਏਨੇ ਭੱਦੇ ਮਜ਼ਾਕ ਕੀਤੇ ਜਾਂਦੇ ਹਨ ਕਿ ਇਹੋ ਜਿਹੇ ਮਜ਼ਾਕ ਕਿਸੇ ਹੋਰ ਧਰਮ ਦੇ ਵਿਆਹਾਂ ਵਿਚ ਦੇਖਣ ਨੂੰ ਨਹੀਂ ਮਿਲਦੇ। ਕਈ ਵਾਰ ਤਾਂ ਨੌਬਤ ਲੜਾਈ-ਭੜਾਈ 'ਤੇ ਆ ਜਾਂਦੀ ਹੈ। ਇਸ ਤੋਂ ਉਪਰੰਤ ਜੈ ਮਾਲਾ ਦੀ ਰਸਮ ਅਦਾ ਕੀਤੀ ਜਾਂਦੀ ਹੈ। ਰਿਸ਼ਤੇਦਾਰਾਂ ਵੱਲੋਂ ਸ਼ਗਨ ਪਾਏ ਜਾਂਦੇ ਹਨ। ਜਦ ਅਨੰਦ ਕਾਰਜ ਹੀ ਕਰਨਾ ਹੈ ਤਾਂ ਜੈ ਮਾਲਾ ਦੇ ਕੀ ਅਰਥ ਹਨ। ਇਥੇ ਜ਼ਿਕਰਯੋਗ ਹੈ ਕਿ 'ਜੈ ਮਾਲਾ' ਦਾ ਰਿਵਾਜ ਹਿੰਦੂ ਰਸਮ ਨਾਲ ਸੰਬੰਧਿਤ ਹੈ। ਇਸ ਨੂੰ ਪ੍ਰੇਮ-ਵਿਆਹ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਜਦੋਂ ਪ੍ਰਿਥਵੀ ਰਾਜ ਚੌਹਾਨ ਨੇ ਸਵੰਬਰ ਦੌਰਾਨ ਸੰਜੋਗਤਾ ਕੱਢ ਲਿਆਂਦੀ ਸੀ ਤਾਂ ਉਸ ਦੇ ਗਲ ਵਿਚ ਜੈ ਮਾਲਾ ਪ੍ਰਿਥਵੀ ਰਾਜ ਨੇ ਪਾਈ ਸੀ। ਜੈ ਮਾਲਾ ਦਾ ਅਰਥ ਜਿੱਤ ਦੀ ਮਾਲਾ। ਜਿੱਤ ਦੀ ਮਾਲਾ ਦਾ ਅੰਤਰੀਵੀ ਅਰਥ ਲੜਕੀ ਉੱਤੇ ਜਿੱਤ ਪ੍ਰਾਪਤ ਕਰਨਾ ਜਾਂ ਉਸ ਨੂੰ ਘਰੋਂ ਕੱਢਕੇ ਲਿਆਉਣਾ ਹੈ ਅਤੇ ਆਪਣੀ ਬਣਾਉਣਾ ਹੈ। ਇਸ ਰਸਮ ਦਾ ਅਨੰਦ ਕਾਰਜ ਨਾਲ ਦੂਰ ਦਾ ਵੀ ਵਾਸਤਾ ਨਹੀਂ। ਅਨੰਦ ਕਾਰਜ ਦਾ ਅਰਥ ਹੈ, ਦੋਹਾਂ ਧਿਰਾਂ ਲੜਕੀ-ਲੜਕੇ ਦਾ ਅਨੰਦ ਮਿਲਾਪ, ਦੋਹਾਂ ਧਿਰਾਂ ਦੇ ਮਾਪਿਆਂ ਦਾ ਆਪਸ ਵਿਚ ਸੰਬੰਧੀ ਬਣਨਾ, ਉਹ ਵੀ ਅਕਾਲਪੁਰਖ ਤੇ ਗੁਰੂ ਗ੍ਰੰਥ ਸਾਹਿਬ ਦੀ ਅਸ਼ੀਰਵਾਦ ਨਾਲ। ਕੀ ਪੰਜਾਬ 'ਚ ਸਿੱਖ ਗੁਰਮਤਿ ਵਿਰੋਧੀ ਰਸਮਾਂ ਕਰਕੇ ਆਪਣੇ ਧਰਮ ਤੇ ਗੁਰੂ ਨੂੰ ਬੇਦਾਵਾ ਨਹੀਂ ਦੇ ਰਹੇ?
  ਅਨੰਦ ਕਾਰਜ ਸਮਾਂ ਅੰਮ੍ਰਿਤ ਵੇਲੇ ਤਾਂ ਹੀ ਨਿਸ਼ਚਿਤ ਸੀ ਕਿ ਸਮੇਂ ਸਿਰ ਵਿਆਹ ਦੀ ਰਸਮ ਨਿਭਾ ਕੇ, ਸਮੇਂ ਸਿਰ ਖਾ-ਪੀ ਕੇ ਘਰ ਵਾਪਸ ਪਰਤਿਆ ਜਾਵੇ ਤਾਂ ਜੋ ਸਾਡਾ ਸਿੱਖ ਸਮਾਜ ਅਨੁਸ਼ਾਸਨਬੱਧ ਨਜ਼ਰ ਆਵੇ। ਪਰ ਹੁਣ ਅਨੰਦ ਕਾਰਜ ਅਨੁਸ਼ਾਸਨਬੱਧ ਨਹੀਂ ਰਹਿ ਗਏ। ਵੱਡੇ ਵੱਡੇ ਮੈਰਿਜ ਪੈਲੇਸਾਂ ਵਿਚ ਵਿਆਹ ਹੋਣ ਲੱਗੇ ਹਨ, ਫਜ਼ੂਲ ਪੈਸਾ ਉਡਾਇਆ ਜਾ ਰਿਹਾ ਹੈ, ਸਾਦੀਆਂ ਰਸਮਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ, ਜਿਨ੍ਹਾਂ ਦੀ ਸ਼ੁਰੂਆਤ ਸਾਡੇ ਗੁਰੂਆਂ ਨੇ ਕੀਤੀ ਸੀ। ਗੁਰੂਆਂ ਨੇ ਤਾਂ ਦਾਜ ਲੈਣ, ਮੰਗਣ ਦੀ ਗੁਰਬਾਣੀ ਵਿਚ ਨਿੰਦਾ ਕੀਤੀ ਹੈ ਅਤੇ ਇਸ ਨੂੰ ਵਿਖਾਵਾ ਕਿਹਾ ਹੈ। ਪਰ ਅਸੀਂ ਗੁਰੂਆਂ ਦੀ ਸਿੱਖਿਆ ਭੁੱਲ ਕੇ ਦਾਜ ਦੇਣ-ਲੈਣ ਲੱਗ ਪਏ ਹਾਂ ਅਤੇ ਬਰਾਤਾਂ ਦੀਆਂ ਹੇੜਾਂ ਬੁਲਾ ਕੇ ਜਾਂ ਵੱਧ ਤੋਂ ਵੱਧ ਬਰਾਤ ਲਿਜਾ ਕੇ ਆਪਣੀ ਕੌਮ ਦਾ ਮਜ਼ਾਕ ਉਡਾ ਰਹੇ ਹਾਂ। ਜਦ ਕਿ ਸਿੱਖਾਂ ਨੂੰ ਅਜਿਹੀਆਂ ਰਸਮਾਂ ਨੂੰ ਫੋਕਟ ਕਰਮ ਮੰਨ ਕੇ ਸੁਧਾਰ ਲਹਿਰ ਚਲਾਉਣੀ ਚਾਹੀਦੀ ਸੀ ,ਵਿਆਹਾਂ ਵਿਚ ਘੱਟ ਤੋਂ ਘੱਟ ਬਰਾਤ ਲਿਆਉਣ ਤੇ ਘੱਟ ਖਰਚ ਕਰਨ ਦੀ ਪਿਰਤ ਪਾਉਣੀ ਚਾਹੀਦੀ ਸੀ। ਅਨੰਦ ਕਾਰਜ ਦੀ ਪਵਿੱਤਰ ਰਸਮ ਗੁਰਦੁਆਰੇ ਵਿਚ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸੰਗਤ ਦੀ ਮੌਜੂਦਗੀ ਵਿਚ ਹੋਣੀ ਚਾਹੀਦੀ ਹੈ। ਅਨੰਦ ਕਾਰਜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਚਾਰ ਲਾਵਾਂ ਦਾ ਕੀਰਤਨ ਕੀਤਾ ਜਾਂਦਾ ਹੈ। ਪਹਿਲੀ ਲਾਵ ਵਿਚ ਲੜਕਾ-ਲੜਕੀ ਇਸ ਦੇ ਖਤਮ ਹੋਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਕਰਮਾ ਕਰਕੇ ਬੈਠ ਜਾਂਦੇ ਹਨ। ਬਾਕੀ ਤਿੰਨ ਲਾਵਾਂ ਵਿਚ ਵੀ ਉਹ ਅਜਿਹਾ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਪਹਿਲੀ ਲਾਵ ਵਿਆਹ ਕਾਰਜ ਆਰੰਭ ਅਤੇ ਪ੍ਰਵਿਰਤੀਮਈ ਕਰਮਸ਼ੀਲ ਜੀਵਨ ਦਾ ਚਿੰਨ ਹੈ। ਦੂਜੀ ਲਾਂਵ ਵਰ ਤੇ ਵਹੁਟੀ ਦੇ ਮਿਲਾਪ ਅਤੇ ਆਪਸ ਵਿਚਲੀਆਂ ਪਵਿੱਤਰ ਭਾਵਨਾਵਾਂ ਦੀ ਪ੍ਰਤੀਕ ਹੈ। ਤੀਸਰੀ ਲਾਵ ਆਪਸ ਵਿਚਲੀ ਰੁਚੀ ਅਤੇ ਪ੍ਰੇਮ ਬੰਧਨ ਦਾ ਚਿੰਨ੍ਹ ਹੈ। ਚੌਥੀ ਲਾਵ ਸਹਿਜ ਭਾਵ ਨਾਲ ਗ੍ਰਹਿਸਥ ਆਸ਼ਰਮ ਤੇ ਕਰਤਵਾਂ ਤੇ ਜ਼ਿੰਮੇਵਾਰੀਆਂ ਦੀ ਪ੍ਰਤੀਕ ਹੈ। ਜਿਵੇਂ
ਹਰਿ ਪਹਿਲੜੀ ਲਾਵ ਪਰਵਿਰਤੀ
ਕਰਮ ਦ੍ਰਿੜਾਇਆ ਬਲਿ ਰਾਮ ਜੀਉ£
..... ....... .......
ਜਨ ਕਹੈ ਨਾਨਕੁ ਲਾਵ ਪਹਿਲੀ
ਆਰੰਭੁ ਕਾਜੁ ਰਚਾਇਆ£
ਹਰਿ ਦੂਜੜੀ ਲਾਵ ਸਤਿਗੁਰੁ
ਪੁਰਖੁ ਮਿਲਾਇਆ ਬਲਿ ਰਾਮ ਜੀਉ£
..... ....... .......
ਜਨ ਨਾਨਕ ਦੂਜੀ ਲਾਵ ਚਲਾਈ
ਅਨਹਦ ਸਬਦ ਵਜਾਏ£
ਹਰਿ ਤੀਜੜੀ ਲਾਵ ਮਨਿ ਚਾਉ ਭਇਆ
ਬੈਰਾਗੀਆ ਬਲਿ ਰਾਮ ਜੀਉ£
..... ....... .......
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ
ਹਰਿ ਪਾਇਆ ਬਲਿ ਰਾਮ ਜੀਉ£
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੭੭੩-੭੪)
ਲਾਵਾਂ ਸੰਪੂਰਨ ਹੋਣ ਉਪਰੰਤ ਅਨੰਦ ਸਾਹਿਬ ਦਾ ਕੀਰਤਨ ਕਰਕੇ, ਵਧਾਈ ਦੇਣ ਸੰਬੰਧੀ ਸ਼ਬਦ ਗਾਏ ਜਾਂਦੇ ਹਨ। ਇਸ ਤੋਂ ਬਾਅਦ ਅਰਦਾਸ ਕਰਕੇ, ਗੁਰਵਾਕ ਲੈਣ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਇਸ ਰਸਮ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ ਤੇ ਦੇਗ ਵਰਤਾਈ ਜਾਂਦੀ ਹੈ।
 ਜੇ ਅਸੀਂ ਅਨੰਦ ਕਾਰਜ ਨੂੰ ਹਿੰਦੂ ਵਿਆਹ ਨਾਲ ਤੁਲਨਾਈਏ ਤਾਂ ਅਨੰਦ ਕਾਰਜ ਉਤਮ ਰਸਮ ਹੈ, ਕਿਉਂਕਿ ਇਸ ਵਿਚ ਦਾਜ ਰਸਮ ਨੂੰ ਨਿੰਦਿਆ ਗਿਆ ਹੈ, ਜਿਥੇ ਇਹ ਰਸਮ ਪਵਿੱਤਰਤਾ ਤੇ ਸਾਧਾਰਨਤਾ ਦਾ ਚਿੰਨ੍ਹ ਬਣਦੀ ਹੈ, ਉਥੇ ਮਰਦੇ ਦਮ ਤੱਕ ਨਿਭਦੀ ਹੈ।
ਸਿੱਖੀ ਦਾ ਜਨਮ ਹੀ ਸੁਧਾਰ ਲਹਿਰ ਵਿਚ ਹੋਇਆ ਸੀ, ਪਰ ਅਸੀਂ ਕਰਮਕਾਂਡੀ ਸਮਾਜ ਦਾ ਅੰਗ ਬਣਦੇ ਜਾ ਰਹੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਨੰਦ ਕਾਰਜ ਬਾਰੇ ਸੁਧਾਰ ਲਹਿਰ ਚਲਾਉਣੀ ਚਾਹੀਦੀ ਹੈ। ਜੋ ਮਰਯਾਦਾ ਅਨੰਦ ਕਾਰਜ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਰਬ ਪ੍ਰਵਾਨਤ ਪੰਥਕ ਮਰਯਾਦਾ ਅਨੁਸਾਰ ਨਿਸ਼ਚਤ ਹੋਈ ਹੈ, ਉਸ ਨੂੰ ਲਾਗੂ ਕਰਾਉਣਾ ਸਭ ਦਾ ਫਰਜ਼ ਹੈ। ਜੇਕਰ ਸਾਡੇ ਵਿਚ ਅਨੁਸ਼ਾਸਨ ਹੀ ਨਾ ਰਿਹਾ ਤਾਂ ਸਾਡੀ ਕੌਮ ਕਿਵੇਂ ਬਚੇਗੀ। ਖਾਲਸਾ ਤਾਂ ਅਕਾਲਪੁਰਖ ਕੀ ਫੌਜ ਹੈ। ਫਿਰ ਫੌਜ ਤਾਂ ਅਨੁਸ਼ਾਸਨਬੱਧ ਹੀ ਹੋਣੀ ਚਾਹੀਦੀ ਹੈ।




ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਅਨੁਸਾਰ 'ਅਨੰਦ ਸੰਸਕਾਰ' ਦੇ ਨਿਯਮ


* ਸਿੱਖ ਦਾ ਵਿਆਹ ਬਿਨਾਂ ਜਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਦਾ ਹੈ। ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ। ਸਿੱਖ ਦਾ ਵਿਆਹ 'ਅਨੰਦ' ਰੀਤੀ ਨਾਲ ਕਰਨਾ ਚਾਹੀਦਾ ਹੈ। ਲੜਕੀ-ਲੜਕੇ ਦਾ ਵਿਆਹ ਬਚਪਨ ਵਿਚ ਕਰਨਾ ਵਿਵਰਜਿਤ ਹੈ। ਜਦ ਲੜਕੀ ਸਰੀਰ, ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਤਾਂ ਕਿਸੇ ਯੋਗ ਸਿੱਖ ਨਾਲ 'ਅਨੰਦ' ਪੜ੍ਹਾਇਆ ਜਾਵੇ।
* 'ਅਨੰਦ' ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇਕ ਕਿਰਪਾਨ, ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ।
* 'ਅਨੰਦ' ਦਾ ਦਿਨ ਮੁਕੱਰਰ ਕਰਨ ਲੱਗਿਆਂ ਕੋਈ ਥਿਤਿ-ਵਾਰ, ਚੰਗੇ-ਮੰਦੇ ਦਿਨ ਦੀ ਖੋਜ ਕਰਨ ਲਈ ਪੱਤਰੀ ਵਾਚਣਾ ਮਨਮਤ ਹੈ। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿਚ ਸਲਾਹ ਕਰਕੇ ਚੰਗਾ ਦਿਸੇ, ਨਿਯਤ ਕਰਨਾ ਚਾਹੀਦਾ ਹੈ।
* ਸਿਹਰਾ, ਮੁਕਟ ਜਾਂ ਗਾਨਾ ਬੰਨ੍ਹਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਢਣੀ, ਘੜੋਲੀ ਭਰਨੀ, ਰੁੱਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਵੇਦੀ ਗੱਡਣੀ, ਸ਼ਰਾਬ ਆਦਿ ਮਨਮਤ ਹੈ।
* ਜਿੰਨੇ ਥੋੜ੍ਹੇ ਆਦਮੀ ਲੜਕੀ ਵਾਲਾ ਮੰਗਾਵੇ, ਓਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ, ਦੋਹੀਂ ਪਾਸੀਂ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ 'ਫਤਹ' ਗਜਾਈ ਜਾਵੇ।
* ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲੱਗੇ। ਸੰਗਤ ਜਾਂ ਰਾਗੀ ਕੀਰਤਨ ਕਰਨ। ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬਿਠਾਏ ਜਾਣ। ਲੜਕੀ, ਲੜਕੇ ਦੇ ਖੱਬੇ ਪਾਸੇ ਬੈਠੇ। ਸੰਗਤ ਦੀ ਆਗਿਆ ਲੈਕੇ 'ਅਨੰਦ' ਪੜ੍ਹਾਉਣ ਵਾਲਾ ਸਿੱਖ (ਮਰਦ ਜਾਂ ਇਸਤਰੀ) ਲੜਕੇ ਲੜਕੀ ਤੇ ਉਨ੍ਹਾਂ ਦਿਆਂ ਮਾਪਿਆਂ ਜਾਂ ਸਰਬਰਾਹਾਂ ਨੂੰ ਖੜ੍ਹਾ ਕਰਕੇ 'ਅਨੰਦ' ਦੇ ਅਰੰਭ ਦਾ ਅਰਦਾਸਾ ਸੋਧੇ। ਫਿਰ ਉਹ ਲੜਕੇ ਲੜਕੀ ਨੂੰ ਗੁਰਮਤਿ ਅਨੁਸਾਰ ਗ੍ਰਹਿਸਤ ਧਰਮ ਦੇ ਫਰਜ਼ਾਂ ਦਾ ਉਪਦੇਸ਼ ਕਰੋ।
ਪਹਿਲੇ, ਦੋਹਾਂ ਨੂੰ ਸਾਂਝਾ ਉਪਦੇਸ਼ ਕਰੇ। ਇਸ ਵਿਚ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ-ਪਤਨੀ ਦੇ ਸੰਬੰਧਾਂ ਨੂੰ ਜੀਵ ਜੀਵ ਤੇ ਪਰਮਾਤਮਾ ਦੇ ਪਿਆਰ ਦੇ ਨਮੂਨੇ ਉੱਤੇ ਢਾਲਣ ਦੀ ਵਿਧੀ ਦੱਸੇ।
ਆਪਸ ਵਿਚ ਪ੍ਰੇਮ ਦਵਾਰਾ 'ਏਕ ਜੋਤਿ ਦੁਇ ਮੂਰਤੀ' ਹੋਣਾ ਦੱਸੇ ਤੇ ਇਕੁਰ ਗ੍ਰਹਿਸਤ ਧਰਮ ਨਿਭਾਉਂਦੇ ਹੋਏ ਆਪਣੇ ਸਾਂਝੇ ਭਰਤਾ 'ਅਕਾਲ ਪੁਰਖ' ਨਾਲ ਇਕਮਿਕ ਹੋਣਾ ਦ੍ਰਿੜ੍ਹਾਵੇ। ਦੋਹਾਂ ਨੇ ਇਸ ਸੰਜੋਗ ਨੂੰ ਮਨੁੱਖਾ ਜਨਮ ਦੀ ਯਾਤਰਾ ਨੂੰ ਸਫਲਤਾ ਨਾਲ ਨਿਭਾਉਣ ਦਾ ਸਾਧਨ ਬਣਾਉਣਾ ਹੈ। ਦੋਹਾਂ ਨੇ ਇਸ ਸੰਜੋਗ ਦੇ ਰਾਹੀਂ ਪਵਿੱਤਰ ਤੇ ਗੁਰਮੁਖੀ ਜੀਵਨ ਬਿਤਾਉਣਾ ਹੈ।
ਫਿਰ ਲੜਕੇ ਤੇ ਲੜਕੀ ਨੂੰ ਆਪੋ ਆਪਣੇ ਵੱਖੋ-ਵੱਖਰੇ, ਗ੍ਰਹਿਸਤ ਧਰਮ ਦੇ ਫਰਜ਼ ਦੱਸੇ ਜਾਣ। ਵਰ ਨੂੰ ਦੱਸਿਆ ਜਾਵੇ ਕਿ ਲੜਕੀ ਵਾਲਿਆਂ ਨੇ ਤੁਹਾਨੂੰ ਹੀ ਸਭ ਤੋਂ ਵੱਧ ਯੋਗ ਜਾਣ ਕੇ ਵਰ ਚੁਣਿਆ ਹੈ। ਆਪ ਨੇ ਆਪਣੀ ਪਤਨੀ ਨੂੰ ਅਰਧੰਗੀ ਜਾਣ ਕੇ ਸਾਰੀਆਂ ਅਵਸਥਾਂ ਵਿਚ ਇਕੋ ਜਿਹਾ ਪਿਆਰ ਕਰਨਾ ਹੈ ਤੇ ਵੰਡ ਛਕਣਾ ਹੈ। ਏਸ ਦੇ ਸਰੀਰ ਤੇ ਇੱਜ਼ਤ ਦੇ ਰਾਖੇ ਤੁਸੀਂ ਹੋ। ਇਸਤਰੀ-ਬਰਤ ਧਰਮ ਵਿਚ ਪੱਕੇ ਰਹਿਣਾ। ਇਸ ਦੇ ਮਾਤਾ ਪਿਤਾ ਤੇ ਸੰੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਤੁੱਲ ਆਦਰ ਦੇਣਾ।
ਕੰਨਿਆਂ ਨੂੰ ਦੱਸਿਆ ਜਾਵੇ ਕਿ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੇ ਹਜ਼ੂਰ ਇਸ ਸੱਜਣ ਦੇ ਲੜ ਲਾਇਆ ਜਾਂਦਾ ਹੈ। ਆਪ ਇਨ੍ਹਾਂ ਦੇ 'ਨਿਰਮਲ ਭਉ' ਵਿਚ ਰਹਿੰਦੇ ਹੋਏ ਇਨ੍ਹਾਂ ਨੂੰ ਹੀ ਆਪਣੇ ਸਾਰੇ ਪ੍ਰੇਮ ਤੇ ਸ਼ਰਧਾ ਦਾ ਮਾਲਕ ਸਮਝਣਾ, ਦੁਖ ਸੁਖ, ਦੇਸ ਪਰਦੇਸ ਵਿਚ ਆਪਣੇ ਪਤੀ-ਬਰਤ ਧਰਮ ਵਿਚ ਪੱਕੇ ਰਹਿਣਾ, ਸੇਵਾ ਕਰਨੀ। ਇਨ੍ਹਾਂ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਵਾਂਗ ਜਾਣਨਾ।
ਉਪਦੇਸ਼ ਦੀਆਂ ਗੱਲਾਂ ਪ੍ਰਵਾਨ ਕਰਦੇ ਹੋਏ ਵਰ ਤੇ ਕੰਨਿਆ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ। ਫਿਰ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਸੱਜਣ ਸੂਹੀ ਮਹੱਲਾ ੪ ਵਿਚ ਦਿੱਤੀਆਂ ਲਾਵਾਂ ਦਾ ਪਾਠ ਸੁਣਾਵੇ। ਹਰੇਕ ਲਾਂਵ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆਂ, ਵਰ ਦਾ ਪੱਲਾ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਪਰਕਰਮਾ ਕਰਨ। ਪਰਕਰਮਾ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕ੍ਰਮ ਅਨੁਸਾਰ ਸੁਰ ਨਾਲ ਗਾਈ ਜਾਣ ਅਤੇ ਵਰ ਕੰਨਿਆਂ ਹਰ ਇਕ ਲਾਂਵ ਮਗਰੋਂ ਮੱਥਾ ਟੇਕ ਕੇ ਅਗਲੀ ਲਾਂਵ ਸੁਣਨ ਲਈ ਖੜ੍ਹੇ ਹੋ ਜਾਣ। ਉਪਰੰਤ ਮੱਥਾ ਟੇਕ ਕੇ ਆਪਣੀ ਥਾਂ 'ਤੇ ਬੈਠ ਜਾਣ ਤੇ ਰਾਗੀ ਸਿੰਘ ਜਾਂ ਅਨੰਦ ਕਰਾਉਣ ਵਾਲਾ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਪਉੜੀ ਦਾ ਪਾਠ ਕਰੇ। ਫਿਰ 'ਅਨੰਦ' ਦੀ ਸਮਾਪਤੀ ਦਾ ਅਰਦਾਸਾ ਸੋਧਿਆ ਜਾਵੇ ਤੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ।
* ਅਨਮਤ ਵਾਲਿਆਂ ਦਾ ਵਿਆਹ 'ਅਨੰਦ' ਰੀਤੀ ਨਾਲ ਨਹੀਂ ਹੋ ਸਕਦਾ। ਲੜਕੇ ਜਾਂ ਲੜਕੀ ਦਾ ਸੰਜੋਗ ਪੈਸਾ ਲੈ ਕੇ ਨਾ ਕਰੋ।
* ਜੇ ਬਾਲਕੀ ਦੇ ਮਾਪੇ ਕਦਾਂਚ ਸਬੱਬ ਪਾਇ ਕੈ ਬਾਲਕੀ ਦੇ ਗ੍ਰਹਿ ਵਿਖੇ ਜਾਣ ਅਤੇ ਉਥੇ ਪ੍ਰਸ਼ਾਦਿ ਤਿਆਰ ਹੋਵੇ ਤਾਂ ਖਾਣ ਤੋਂ ਸੰਕੋਚਣਾ ਨਹੀਂ। ਅੰਨ ਨਾ ਖਾਣਾ ਸਭ ਭਰਮ ਹੈ। ਖਾਲਸੇ ਨੂੰ, ਖਾਣਾ ਖਲਾਵਣਾ ਸ੍ਰੀ ਗੁਰੂ ਬਾਬੇ ਅਕਾਲ ਪੁਰਖ ਬਖਸ਼ਿਆ ਹੈ। ਬੇਟੀ ਬੇਟੇ ਵਾਲੇ ਆਪਸ ਵਿਚ ਖਾਂਦੇ ਰਹਿਣ, ਇਸੇ ਵਾਸਤੇ ਜੋ ਗੁਰੂ ਨੇ ਦੋਵੇਂ ਸਾਕ ਇਕ ਕੀਤੇ ਹਨ।
* ਜਿਸ ਇਸਤਰੀ ਦਾ ਭਰਤਾ ਕਾਲ-ਵੱਸ ਹੋ ਜਾਵੇ, ਉਹ ਚਾਹੇ ਤਾਂ ਯੋਗ ਵਰ ਦੇਖ ਕੇ ਪੁਨਰ ਸੰਯੋਗ ਕਰ ਲਵੇ। ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਸ ਲਈ ਵੀ ਇਹੋ ਹੁਕਮ ਹੈ। ਪੁਨਰ ਵਿਆਹ ਦੀ ਵੀ ਇਹੋ ਰੀਤ ਹੈ, ਜੋ 'ਅਨੰਦ' ਲਈ ਉੱਤੇ ਦੱਸੀ ਹੈ। ਆਮ ਹਾਲਤਾਂ ਵਿਚ ਸਿੱਖ ਨੂੰ ਇਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਦਾ। ਅੰਮ੍ਰਿਤਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਵੀ ਅੰਮ੍ਰਿਤ ਛਕਾ ਲਵੇ।



ਵਿਆਹਾਂ ਦੀ ਸੁਧਾਰ ਲਹਿਰ ਬਾਰੇ  ਫੈਡਰੇਸ਼ਨ ਨੂੰ ਕਿਉਂ ਯਾਦ ਕੀਤਾ ਜਾਂਦਾ ਹੈ?

1986 ਵਿਚ ਮੈਂ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਹਾਈ ਕਮਾਂਡ ਵਿਚ ਪ੍ਰੈੱਸ ਸਕੱਤਰ ਸਾਂ। ਦੁਆਬੇ ਦੇ ਕਾਲਜਾਂ ਵਿਚ ਕਈ ਥਾਵਾਂ 'ਤੇ ਕਾਮਰੇਡਾਂ ਦੇ ਯੂਨਿਟ ਖਤਮ ਕਰਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਯੂਨਿਟ ਸਥਾਪਤ ਕੀਤੇ ਸਨ। ਉਸ ਸਮੇਂ ਫੈਡਰੇਸ਼ਨ ਦੇ ਪ੍ਰਧਾਨ ਸ. ਹਰਿੰਦਰ ਸਿੰਘ ਕਾਹਲੋਂ ਸਨ। ਫਿਰ ਭਾਈ ਗੁਰਜੀਤ ਸਿੰਘ ਆਏ, ਉਨ੍ਹਾਂ ਉਪਰੰਤ ਭਾਈ ਦਲਜੀਤ ਸਿੰਘ ਬਿੱਟੂ। ਮੇਰੀ ਆਮ ਕਰਕੇ ਫੈਡਰੇਸ਼ਨ ਆਗੂਆਂ ਨਾਲ ਬਹਿਸ ਹੁੰਦੀ ਸੀ ਕਿ ਅਸੀਂ ਸਿੱਖੀ ਸੁਧਾਰ ਦੀ ਗੱਲ ਕਰੀਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਸਾਡੀ ਇਹ ਜਮਾਤ ਖੜ੍ਹੀ ਹੋਵੇ। ਹਿੰਸਾ ਨਾਲ ਗੱਲ ਅੱਗੇ ਨਹੀਂ ਤੁਰਨੀ। ਅਸੀਂ ਪੜ੍ਹਨ ਵਾਲੇ ਮੁੰਡੇ ਹਾਂ ਤੇ ਸਾਨੂੰ ਬੌਧਿਕਤਾ ਨਾਲ ਸਮਾਜ ਬਦਲਣਾ ਪਵੇਗਾ। ਗੁਰਬਾਣੀ ਤੋਂ ਸੇਧ ਲੈ ਕੇ ਨਸ਼ਿਆਂ ਵਿਰੋਧੀ ਅਤੇ ਦਾਜ ਵਿਰੋਧੀ ਲਹਿਰ ਸ਼ੁਰੂ ਕੀਤੀ ਗਈ। ਪਰ ਜਦੋਂ ਇਸ ਨੂੰ ਹਿੰਸਕ ਢੰਗ ਨਾਲ ਲਾਗੂ ਕੀਤਾ ਗਿਆ ਤਾਂ ਗੱਲ ਖਤਮ ਹੋ ਗਈ ਪਰ ਅੱਜ ਵੀ ਇਸ ਲਹਿਰ ਨੂੰ ਯਾਦ ਕੀਤਾ ਜਾਂਦਾ ਹੈ, ਕਿਉਂਕਿ ਲੋਕ ਸੁਖੀ ਹੋ ਗਏ ਸਨ। ਕੋਈ ਡਰਦੇ ਮਾਰੇ ਦਾਜ ਨਹੀਂ ਸੀ ਮੰਗਦਾ। ਕੋਈ ਦਾਜ ਦੇ ਕਾਰਨ ਲੜਕੀ ਨੂੰ ਤਲਾਕ ਨਹੀਂ ਸੀ ਦਿੰਦਾ, ਘਰੋਂ ਨਹੀਂ ਸੀ ਕੱਢਦਾ। ਵਿਆਹਾਂ ਵਿਚ ਸ਼ਰਾਬਾਂ ਵੀ ਨਹੀਂ ਸੀ ਚੱਲਦੀਆਂ। ਇਨ੍ਹਾਂ ਗੱਲਾਂ ਨੂੰ ਜੇਕਰ ਫੈਡਰੇਸ਼ਨ ਵੱਲੋਂ ਬੌਧਿਕ ਢੰਗ ਨਾਲ ਤੋਰਿਆ ਜਾਂਦਾ ਤਾਂ ਗੱਲ ਬਹੁਤ ਵਧੀਆ ਤੁਰਨੀ ਸੀ। ਕਾਲਜਾਂ ਦੀਆਂ ਹਿੰਦੂ ਲੜਕੀਆਂ ਫੈਡਰੇਸ਼ਨ ਦੀ ਇਸ ਲਹਿਰ ਦੀਆਂ ਬਹੁਤ ਪ੍ਰਸ਼ੰਸਕ ਸਨ। ਉਹ ਕਾਲਜਾਂ ਵਿਚ ਸਿਰ ਢਕ ਕੇ ਵੀ ਆਉਣ ਲੱਗ ਪਈਆਂ ਸਨ। ਕਾਲਜਾਂ ਵਿਚ ਗੁੰਡਾ ਗਰਦੀ, ਲੜਕੀਆਂ ਨਾਲ ਛੇੜ-ਛਾੜ ਖਤਮ ਹੋ ਗਈ ਸੀ। ਲੜਕੀ ਚਾਹੇ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਜਾਂ ਸਿੱਖ ਪਰਿਵਾਰ ਨਾਲ, ਉਹ ਸਾਡੇ ਕਰੈਕਟਰ 'ਤੇ ਵਿਸ਼ਵਾਸ ਕਰਦੀ ਸੀ। ਕਦੇ ਕੋਈ ਮੁਜਾਹਰਾ ਹੋਣਾ ਤਾਂ ਹਿੰਦੂ ਲੜਕੀਆਂ ਵੀ ਜੈਕਾਰੇ ਗੁੰਜਾਉਂਦੇ ਹੋਏ ਵੱਧ-ਚੜ੍ਹ ਕੇ ਹਿੱਸਾ ਲੈਂਦੀਆਂ ਸਨ। ਅੱਜ ਵੀ ਇਸੇ ਸੁਧਾਰ ਲਹਿਰ ਨੂੰ ਵਿਚਾਰਧਾਰਕ ਢੰਗ ਨਾਲ ਚਲਾਉਣ ਦੀ ਜ਼ਰੂਰਤ ਹੈ, ਕਿਉਂਕਿ ਇਹ ਸਿੱਖ ਲਹਿਰ ਦਾ ਹਿੱਸਾ ਹੈ। ਗੁਰੂ ਸਾਹਿਬਾਨ ਸਾਨੂੰ ਆਪ ਇਸ ਬਾਰੇ ਸੁਨੇਹਾ ਦੇ ਚੁੱਕੇ ਹਨ-ਨਸ਼ੇ ਨਹੀਂ ਕਰਨੇ, ਦਾਜ ਨਹੀਂ ਲੈਣਾ ਅਤੇ ਕਰਮ-ਕਾਂਡੀ ਰਸਮਾਂ ਨਹੀਂ ਕਰਨੀਆਂ। ਮਾਇਆ ਦਾ ਵਿਖਾਵਾ ਨਹੀਂ ਕਰਨਾ। ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰੇ ਰਿਸ਼ਤੇਦਾਰ ਮੇਰੇ ਨਾਲ ਇਸ ਕਰਕੇ ਨਾਰਾਜ਼ ਹੋ ਗਏ ਸਨ, ਕਿਉਂਕਿ ਅਸੀਂ ਬਰਾਤ ਵਿਚ ਸਿਰਫ 11 ਬੰਦੇ ਹੀ ਗਏ ਸਾਂ। ਮੇਰਾ ਤਾਇਆ ਵੀ ਮੇਰੇ ਨਾਲ ਨਾਰਾਜ਼ ਸੀ, ਕਿਉਂਕਿ ਮੈਂ ਆਪਣਾ ਬਚਪਨ ਆਪਣੇ ਤਾਏ ਕੋਲ ਹੀ ਗੁਜਾਰਿਆ ਸੀ। ਨਾ ਮੈਂ ਕਲਗੀ ਲਗਾਈ ਸੀ, ਨਾ ਹੀ ਸਿਹਰਾ ਬੰਨ੍ਹਿਆ ਸੀ। ਨਾ ਮੈਂ ਘੋੜੀ ਚੜ੍ਹਿਆ ਸੀ। ਬਿਨਾਂ ਬੈਂਡ-ਵਾਜੇ ਤੋਂ ਬਰਾਤ ਲੈ ਕੇ ਗਿਆ ਸੀ। ਨਾ ਹੀ ਮੈਂ ਦਾਜ ਦੀ ਮੰਗ ਰੱਖੀ ਸੀ। ਮੇਰੇ ਦਿਲ ਵਿਚ ਇਹੀ ਗੱਲ ਸੀ ਕਿ ਜੇਕਰ ਅਸੀਂ ਦੂਜਿਆਂ ਨੂੰ ਸਿੱਖਿਆ ਦਿੰਦੇ ਹਾਂ ਕਿ ਦਾਜ ਨਾ ਲਵੋ, ਸਾਧਾਰਨ ਰਸਮਾਂ ਕਰੋ ਤਾਂ ਫਿਰ ਸਾਨੂੰ ਇਸ 'ਤੇ ਚੱਲਣਾ ਚਾਹੀਦਾ ਹੈ।

No comments:

Post a Comment