ਭਈਆ ਸ਼ਬਦ ਦਾ ਸ਼ਬਦੀ ਅਰਥ ਬੇਸ਼ੱਕ ਭਰਾ ਜਾਂ ਭਾਈ ਤੋਂ ਹੈ, ਪਰ ਪੰਜਾਬੀ ਸਮਾਜ ਵਿਚ ਵਰਤਿਆ ਜਾਂਦਾ ਇਹ ਸ਼ਬਦ ਯੂ. ਪੀ., ਬਿਹਾਰ ਦੇ ਭਈਆਂ ਦੀ ਤਰਜ਼ਮਾਨੀ ਕਰਦਾ ਹੈ ਜੋ ਪਾਪੀ ਪੇਟ ਦੇ ਸਵਾਲ ਦਾ ਹੱਲ ਲੱਭਣ ਲਈ ਸਥਾਈ ਜਾਂ ਅਸਥਾਈ ਰੂਪ ਵਿਚ ਪੰਜਾਬ ਦੀ ਆਰਥਿਕਤਾ ਨਾਲ ਜੁ²ੜੇ ਹੋਏ ਹਨ। ਭਈਆਂ ਦੀ ਅੱਡਰਤਾ ਭਰਪੂਰ ਜੀਵਨਧਾਰਾ ਜਿੱਥੇ ਪੰਜਾਬੀਆਂ ਦੇ ਮਜ਼ਾਕ ਦੀ ਪਾਤਰ ਬਣਦੀ ਹੈ, ਉਥੇ ਪੰਜਾਬੀ ਸਭਿਆਚਾਰ ਨੂੰ ਨਵੀਨ ਮੁਹਾਂਦਰਾ ਵੀ ਪ੍ਰਦਾਨ ਕਰਦੀ ਹੈ। ਇਸ ਮੁਹਾਂਦਰੇ ਦੀ ਹੀ ਪੇਸ਼ਕਾਰੀ ਹਨ ਭਈਆ ਕਲਚਰ ਨੂੰ ਸਮਰਪਿਤ ਪੰਜਾਬੀ ਗੀਤਾਂ ਦੇ ਕੁਝ ਬੋਲ-
ਖੇਤਾਂ ਵਿਚ ਕੰਮ ਕਰਦੀ ਜਵਾਨ ਅਤੇ ਮੂੰਹ-ਮੱਥੇ ਲੱਗਦੀ ਭਈਆ ਰਾਣੀ ਨੂੰ ਦੇਖ ਕੇ ਇਕ ਪੰਜਾਬੀ ਜੱਟ ਦਾ ਇਮਾਨ ਇੰਜ ਡੋਲਦਾ ਹੈ-
ਮੈਂ ਪੰਜਾਬੀ ਜੱਟ, ਕੁਲਹਾੜੀ ਪੱਟ,
ਓ ਭਈਆ ਰਾਣੀ ਜੀ,
ਮੇਰੇ ਨਾਲ ਤੁਸੀਂ ਕਰ ਲਓ
ਫਿੱਟ ਕਹਾਣੀ ਜੀ।
ਕਹਿੰਦੇ ਨੇ ਇਸ਼ਕ ਅੰਨ੍ਹਾ ਹੁੰਦਾ ਹੈ। ਇਹ ਜਾਤ, ਧਰਮ, ਰੰਗ, ਨਸਲ ਅਤੇ ਪ੍ਰਦੇਸ਼ਿਕ ਬੰਧਨਾਂ ਨੂੰ ਅਣਡਿੱਠ ਕਰ ਦਿੰਦਾ ਹੈ। ਇਸ ਕਥਨ ਦੀ ਪੁਸ਼ਟੀ ਕਰਦੇ ਨੇ ਕਿਸੇ ਪੰਜਾਬੀ ਗਭਰੂ ਦੇ ਯੂ. ਪੀ. ਦੀ ਤ੍ਰੀਮਤ ਨੂੰ ਕਹੇ ਇਹ ਬੋਲ-
ਮੇਰੀ ਗੱਲ ਦਾ ਝੂਠ ਨਾ ਜਾਣੀ।
ਦਿਲ ਤੇਰੇ 'ਤੇ ਆ ਗਿਆ ਨੀ,
ਯੂ. ਪੀ. ਦੀ ਭਈਆ ਰਾਣੀ ਜੀ।
ਕਦੇ-ਕਦੇ ਭਈਆ ਰਾਣੀ ਵੀ ਪੰਜਾਬੀ ਮੁੰਡੇ ਦੀ ਚਾਹਤ ਨੂੰ ਪ੍ਰਵਾਨਗੀ ਦੇ ਦਿੰਦੀ ਹੈ ਅਤੇ ਦਿਲ ਵੱਟੇ ਦਿਲ ਵਟਾ ਲੈਂਦੀ ਹੈ। ਇਸ ਵਟਾਂਦਰੇ ਦੇ ਸਿੱਟੇ ਵਜੋਂ ਉਹ ਉਸ ਦੇ ਚੁੱਲ੍ਹੇ ਦੀ ਮਾਲਕ ਵੀ ਬਣ ਜਾਂਦੀ ਹੈ। ਮੁਸ਼ਕਲ ਨਾਲ ਚਾਰ ਪੰਜ ਸਾਲ ਹੀ ਸੁੱਖ ਦੇ ਲੰਘਦੇ ਹਨ। ਬਿਗਾਨੀ ਖੁਰਲੀ ਵਿਚ ਮੂੰਹ ਮਾਰਨ ਦੀ ਆਦਤ ਵੱਸ ਜਦੋਂ ਉਸ ਦਾ ਖਾਵੰਦ ਉਸ ਕੋਲੋਂ ਕਿਨਾਰਾ ਕਰਨ ਲੱਗ ਪੈਂਦਾ ਹੈ ਤਾਂ ਭਈਆ ਰਾਣੀ ਆਪਣੀ ਤੜਪ ਨੂੰ ਹੋਠਾਂ ਉਪਰ ਇੰਜ ਲਿਆਉਂਦੀ ਹੈ-
ਅਬ ਤੋ ਦਿਲ ਵੀ ਭਰ ਗਿਆ
ਲੱਗਦਾ ਭਈਆ ਰਾਣੀ ਸੇ।
ਗੱਲ ਇਥੇ ਹੀ ਨਹੀਂ ਖੜ੍ਹਦੀ, ਜਦੋਂ ਭਈਆ ਰਾਣੀ ਦੀ ਕੋਈ ਵਾਹ-ਪੇਸ਼ ਨਹੀਂ ਚੱਲਦੀ ਤਾਂ ਉਹ ਆਪਣੇ ਪੁਰਾਣੇ ਮਿੱਤਰ ਨੂੰ ਅਸਤੀਫਾ ਦੇ ਜਾਂਦੀ ਹੈ। ਉਸ ਦੇ ਅਸਤੀਫੇ ਦੀ ਖੁਸ਼ੀ ਸਭ ਤੋਂ ਵੱਧ ਉਸ ਗਭਰੂ ਦੀ ਈਰਖਾਲੂ ਭਰਜਾਈ ਨੂੰ ਹੁੰਦੀ ਹੈ ਅਤੇ ਉਹ ਆਪਣੀ ਖੁਸ਼ੀ ਦਾ ਇਜ਼ਹਾਰ ਇੰਜ ਕਰਦੀ ਹੈ
ਤੇਰੀ ਭਈਆ ਰਾਣੀ ਹੋਰ ਕੋਈ ਲੈ ਗਿਆ
ਵੇ ਮੈਨੂੰ ਅੱਜ ਬਹੁਤ ਖੁਸ਼ੀਆਂ।
ਉਂਜ ਬਹੁਤ ਸਾਰੇ ਭਈਆ ਪੰਜਾਬ ਵਿਚ ਟੁੱਕ ਦਾ ਮਸਲਾ ਹੱਲ ਕਰਨ ਲਈ ਆਉਂਦੇ ਹਨ। ਪਰ ਕਈ ਵਾਰ ਉਹ ਇਥੋਂ ਦੇ ਹੀ ਹੋ ਕੇ ਰਹਿ ਜਾਂਦੇ ਹਨ। ਉਨ੍ਹਾਂ ਦੀ ਸਥਾਈ ਠਹਿਰ ਕਈ ਵਾਰ ਪੰਜਾਬੀਆਂ ਨੂੰ ਰੜਕਣ ਵੀ ਲੱਗ ਪੈਂਦੀ ਹੈ। ਇਹ ਰੜਕ ਕਈ-ਕਈ ਵਾਰ ਮਾਰ-ਕੁਟਾਈ ਤੱਕ ਵੀ ਪਹੁੰਚ ਜਾਂਦੀ ਹੈ। ਇਸ ਦੀ ਪੈਰਵੀ ਕਰਦੇ ਨੇ ਇਹ ਬੋਲ-
ਕਿੰਨੇ ਸਾਡਾ ਭਈਆ ਕੁੱਟਿਆ,
ਕਿੰਨੇ ਇਹ 'ਤੇ ਹੱਥ ਚੁੱਕਿਆ
ਪੰਜਾਬ ਵਿਚ ਲੰਮੀ ਲਹਿਰ ਹੋਣ ਕਰਕੇ ਬਹੁਤ ਸਾਰੇ ਭਈਆ ਖਿਚੜੀ (ਹਿੰਦੀ ਨੁਮਾ ਪੰਜਾਬੀ) ਭਾਸ਼ਾ ਬੋਲਣ ਲੱਗ ਪਏ ਹਨ। ਪਰ ਉਨ੍ਹਾਂ ਦੁਆਰਾ ਬੋਲੀ ਜਾਂਦੀ ਬੋਲੀ ਆਪਣੇ ਪੂਰਨ ਅਤੇ ਸ਼ੁੱਧ ਅਰਥ ਸੰਚਾਰ ਕਰਨ ਦੀ ਬਜਾਏ ਕਿਸੇ ਭੰਬਲਭੂਸੇ ਦਾ ਬਾਈਸ ਵੀ ਬਣ ਜਾਂਦੀ ਹੈ। ਜਿਵੇਂ ਇਕ ਖੇਤ ਮਜ਼ਦੂਰ ਭਈਆ ਖੇਤੀ ਕੰਮ ਕਰਦੇ ਆਪਣੇ ਸਾਥੀਆਂ ਦਾ ਖਾਣਾ ਲੈ ਜਾਣ ਸਮੇਂ ਇਕ ਬੀਬੀ ਨੂੰ ਗਿਣਤੀ ਇੰਜ ਬਿਆਨਦਾ ਹੈ
ਬਾਰਾਂ ਬੰਦਾ ਖੇਤ ਬੀਬੀ ਜੀ 'ਤੇਰਾ' ਬੰਦਾ ਮੈਂ।
ਪੰਜਾਬੀ ਸਮਾਜ ਵਿਚ ਜੇਠ-ਭਰਜਾਈ ਦਾ ਰਿਸ਼ਤਾ ਬਹੁਤਾ ਸੁਖਦਾਈ ਸਾਬਿਤ ਨਾ ਹੋ ਕੇ ਕੜੱਤਣ ਭਰਪੂਰ ਹੀ ਰਿਹਾ ਹੈ। ਬਹੁਤ ਸਾਰੀਆਂ ਚੁਸਤ ਭਰਜਾਈਆਂ ਲਾਰਾ-ਲੱਪਾ ਪਾਲਿਸੀ ਤਹਿਤ ਜੇਠਾਂ (ਖਾਸ ਕਰਕੇ ਛੜਿਆਂ) ਤੋਂ ਆਪਣਾ ਕੰਮ ਤਾਂ ਅਕਸਰ ਕਰਵਾਉਂਦੀਆਂ ਰਹਿੰਦੀਆਂ ਹਨ ਪਰ ਬਦਲੇ ਵਿਚ ਉਨ੍ਹਾਂ ਦੇ 'ਹੱਥ-ਪੱਲੇ' ਕੁਝ ਵੀ ਨਹੀਂ ਪਾਉਂਦੀਆਂ। ਇਕ ਭਰਜਾਈ ਦੇ ਅਜਿਹੇ ਵਿਵਹਾਰ ਤੋਂ ਤੰਗ ਆਇਆ ਇਕ ਛੜਾ ਜੇਠ ਉਸ ਨੂੰ ਇੰਜ ਸੰਬੋਧਿਤ ਹੁੰਦਾ ਹੈ-
ਤੇਰਾ ਜੇਠ ਤੇਰੇ ਸਿਰ ਚੜ੍ਹ ਕੇ
ਯੂ. ਪੀ. 'ਚੋਂ ਜਨਾਨੀ ਲੈ ਆਊਗਾ।
ਅੱਗੋਂ ਭਰਜਾਈ ਵੀ ਕਿਹੜੀ ਘੱਟ ਹੁੰਦੀ ਹੈ। ਉਹ ਆਪਣੇ ਜੇਠ ਦੀ ਅਨਪੜ੍ਹਤਾ ਦਾ ਮਜ਼ਾਕ ਇਹ ਕਹਿ ਕੇ ਉਡਾਉਂਦੀ ਹੈ-
ਤੂ ਊੜਾ ਐੜਾ ਜਾਣਦਾ ਨਹੀਂ
ਹਿੰਦੀ ਵਿਚ ਕਿਵੇਂ ਬੁਲਾਵੇਂਗਾ।
ਉਪਰੋਕਤ ਚਰਚਾ ਤੋਂ ਇਸ ਸਿੱਟੇ 'ਤੇ ਪਹੁੰਚਿਆ ਜਾ ਸਕਦਾ ਹੈ ਕਿ ਹਿੰਦੋਸਤਾਨ ਦੇ ਵੱਖ-ਵੱਖ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਭਈਏ ਨਾ ਸਿਰਫ ਪੰਜਾਬ ਦੀ ਆਰਥਿਕਤਾ ਨੂੰ ਹੀ ਠੁੰਮਣਾ ਦੇ ਰਹੇ ਹਨ, ਸਗੋਂ ਪੰਜਾਬੀ ਰਹਿਤਲ 'ਤੇ ਵੀ ਆਪਣਾ ਵਿਸ਼ੇਸ਼ ਪ੍ਰਭਾਵ ਛੱਡ ਰਹੇ ਹਨ


No comments:
Post a Comment