ਗੁਰਬਾਣੀ ਦਾ ਰਾਜ, ਰਾਜ ਮੱਦ 'ਤੇ ਆਧਾਰਿਤ ਨਹੀਂ, ਨਾ ਹੀ ਇਸ ਵਿਚ ਅਨਿਆਂ, ਹਉਮੈਂ ਦੀ ਪ੍ਰਵਿਰਤੀ ਹੈ, ਇਹ ਰਾਜ ਗਣਤੰਤਰ 'ਤੇ ਆਧਾਰਿਤ ਹੈ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬੇਗਮਪੁਰਾ ਤੇ ਹਲੇਮੀ ਰਾਜ ਦਾ ਨਾਮ ਦਿੱਤਾ ਗਿਆ ਹੈ। ਕੁਝ ਕੁ ਚਿੰਤਕ ਗੁਰਬਾਣੀ ਦੇ ਰਾਜ ਸੰਕਲਪ ਨੂੰ ਨਕਾਰਨ ਅਤੇ ਆਪਣੇ ਸਾਜ਼ਿਸ਼ੀ ਮਨੋਰਥ ਦੀ ਪੂਰਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ੫੩੪ ਪੰਨੇ 'ਤੇ ਦਰਜ ਪਾਵਨ ਸ਼ਲੋਕ 'ਰਾਜੁ ਨ ਚਾਹਉ ਮੁਕਤਿ ਨ ਚਾਹਉ' ਦਾ ਹਵਾਲਾ ਦੇ ਕੇ ਸਿੱਖਾਂ ਦੇ ਮਨ ਵਿਚ ਇਹ ਭ੍ਰਾਂਤੀ ਪੈਦਾ ਕੀਤੀ ਹੈ ਕਿ ਗੁਰੂ ਦਾ ਆਸ਼ਾ ਰਾਜ ਪ੍ਰਾਪਤੀ ਨਹੀਂ, ਸਿਰਫ ਅਕਾਲ ਪੁਰਖ ਦੀ ਭਗਤੀ ਹੈ।
ਜੇਕਰ ਇਹ ਗੱਲ ਸੱਚ ਹੁੰਦੀ ਤਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ, ਮੀਰੀ-ਪੀਰੀ ਦੇ ਸੰਕਲਪ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਨੂੰ ਸਿਰਜਣ ਦੀ ਲੋੜ ਨਾ ਹੁੰਦੀ ਅਤੇ ਫਿਰ ਸਿੱਖ ਪੰਥ ਨੂੰ ਸੰਨਿਆਸੀਆਂ ਵਾਂਗ ਡੇਰੇ ਤੇ ਮੱਠ ਹੀ ਬਣਾ ਲੈਣੇ ਚਾਹੀਦੇ ਸਨ। ਪਰ ਇਤਿਹਾਸ ਵਿਚ ਅਜਿਹਾ ਨਹੀਂ ਵਾਪਰਿਆ, ਜ਼ੁਲਮ ਦੀ ਖਾਤਰ ਪਹਿਲਾਂ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਹਾਂਗੀਰ ਦੇ ਰਾਜ ਮੱਦ ਨੂੰ ਲਲਕਾਰਿਆ ਅਤੇ ਦਿੱਲੀ ਤਖਤ ਦੇ ਬਰਾਬਰ ਸ੍ਰੀ ਅਕਾਲ ਤਖਤ ਸਾਹਿਬ ਸਿਰਜਿਆ। ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਰਾਇ ਜੀ ਨੇ ਮਨੁੱਖੀ ਹਿੱਤਾਂ ਲਈ ਔਰੰਗਜ਼ੇਬ ਦੇ ਭਰਾ ਦਾਰਾ ਨੂੰ ਬਚਾਉਣ ਲਈ ਔਰੰਗਜ਼ੇਬ ਦੀਆਂ ਫੌਜਾਂ ਨੂੰ ਡੱਕੀ ਰੱਖਿਆ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੇ ਜ਼ਾਲਮ ਰਾਜ ਦੀ ਵਿਰੋਧਤਾ ਕਰਦਿਆਂ ਸ਼ਹਾਦਤ ਦਿੱਤੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਿਰਜ ਕੇ ਮੁਗਲ ਰਾਜ ਨੂੰ ਚੁਣੌਤੀ ਦਿੱਤੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿਚ ਤੌਰ ਕੇ ਖਾਲਸਾ ਰਾਜ ਦੀ ਸਿਰਜਣਾ ਕਰਵਾਈ। ਇਹ ਇਤਿਹਾਸ ਗੁਰਬਾਣੀ ਦੇ ਰਾਜ ਸਿਰਜਣ ਦਾ ਹੀ ਇਤਿਹਾਸ ਹੈ, ਜਿਸ ਲਈ ਸਿੰਘਾਂ-ਸਿੰਘਣੀਆਂ ਨੂੰ ਹੁਣ ਤੱਕ ਕੁਰਬਾਨੀਆਂ ਦੇਣੀਆਂ ਪਈਆਂ।
'ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ' ਦਾ ਅਰਥ ਇਹ ਹੈ ਕਿ ਰਾਜ ਤੇ ਮੁਕਤੀ ਉਹ ਨਹੀਂ ਚਾਹੀਦੀ, ਜਿਸ ਵਿਚ ਪ੍ਰਭੂ ਪ੍ਰਤੀ ਪਿਆਰ ਹੀ ਖਤਮ ਹੋ ਜਾਵੇ ਤੇ ਉਹ ਰਾਜ ਮੱਦ ਬਣ ਜਾਵੇ। ਸਭ ਤੋਂ ਪਹਿਲਾਂ ਪ੍ਰਭੂ ਦੀ ਪ੍ਰੀਤ ਹੈ, ਪ੍ਰਭੂ ਦਾ ਭਉ ਹੈ ਤਾਂ ਹੀ ਰਾਜ ਕਾਮਯਾਬ ਤੇ ਮਨੁੱਖੀ ਹਿੱਤ 'ਚ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਦਰਸ਼ਵਾਦੀ ਰਾਜ ਦੇ ਲਈ ਸੰਤ ਰਵਿਦਾਸ ਜੀ ਨੇ ਬੇਗਮਪੁਰਾ ਸ਼ਹਿਰ ਦੀ ਵਰਤੋਂ ਕੀਤੀ ਹੈ। ਸੰਤ ਰਵਿਦਾਸ ਅਨੁਸਾਰ ਬੇਗਮਪੁਰਾ ਅਜਿਹੇ ਰਾਜ ਦਾ ਸੰਕਲਪ ਹੈ, ਜਿਥੇ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ, ਰੂਪ ਨਹੀਂ ਦੇਖਿਆ ਜਾਂਦਾ, ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਇਥੇ ਨਾ ਕੋਈ ਚਿੰਤਾ ਹੈ, ਨਾ ਕੋਈ ਡਰ ਹੈ। ਡਰ ਵੀ ਕਾਹਦਾ ਹੋਵੇ। ਡਰ ਤਾਂ ਸਾਰੇ ਮੌਤ ਨਾਲ ਜੁੜੇ ਹੁੰਦੇ ਹਨ। ਜੇ ਮਨੁੱਖ ਮੌਤ ਤੋਂ ਮੁਕਤ ਹੋ ਗਿਆ ਤਾਂ ਉਸ ਨੂੰ ਡਰ ਕਾਹਦਾ। ਇਸ ਨਗਰ ਵਿਚ ਤਾਂ ਚਿੰਤਾ ਵੀ ਕੋਈ ਨਹੀਂ। ਚਿੰਤਾ ਤਾਂ ਉਥੇ ਹੁੰਦੀ ਹੈ, ਜਿਥੇ ਅਸੀਂ ਸੁਰੱਖਿਅਤ ਨਹੀਂ ਹੁੰਦੇ। ਬੇਗਮਪੁਰਾ ਵਿਚ ਤਾਂ ਸਭ ਕੁਝ ਹੈ, ਪ੍ਰਾਪਤ ਕਰਨ ਦੀ ਇੱਛਾ ਨਹੀਂ ਰਹਿੰਦੀ, ਕਿਉਂ ਮਨੁੱਖੀ ਮਨ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ, ਫਿਰ ਰਾਜ ਮੱਦ ਕਿਉਂ ਪੈਦਾ ਹੋਵੇਗਾ। ਜੇਕਰ ਅਜਿਹੇ ਰਾਜ ਦੀ ਸਿਰਜਣਾ ਹੋ ਜਾਏ ਤਾਂ ਮਨੁੱਖ ਨੂੰ ਸਭ ਕੁਝ ਪ੍ਰਾਪਤ ਹੋ ਗਿਆ ;
ਬੇਗਮ ਪੁਰਾ ਸਹਰ ਕੋ ਨਾਉ£ ਦੂਖੁ ਅੰਦੋਹੁ ਨਹੀ ਤਿਹਿ ਠਾਉ£
ਨਾਂ ਤਸਵੀਸ ਖਿਰਾਜੁ ਨ ਮਾਲੁ£ ਖਉਫੁ ਨ ਖਤਾ ਨ ਤਰਸੁ ਜਵਾਲੁ£
ਅਬ ਮੋਹਿ ਖੂਬ ਵਤਨ ਗਹ ਪਾਈ£ ਊਹਾਂ ਖੈਰਿ ਸਦਾ ਮੇਰੇ ਭਾਈ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੩੪੫)
ਗੁਰਬਾਣੀ ਰਾਜ ਦਾ ਉਦੇਸ਼ ਜਨ ਕਲਿਆਣ ਹੈ ਅਤੇ ਇਹ ਰਾਜ ਆਪਣੇ ਨਾਗਰਿਕਾਂ ਲਈ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਕੇ ਉਨ੍ਹਾਂ ਦੇ ਕਲਿਆਣ ਲਈ ਸੁਖਾਵੇਂ ਮਾਹੌਲ ਨੂੰ ਉਸਾਰਦਾ ਹੈ ਅਤੇ ਮਨੁੱਖੀ ਜੀਵਨ ਵਿਚ ਕਪਟ, ਅਨਿਆਂ, ਧੱਕੇਸ਼ਾਹੀ, ਜ਼ੁਲਮ ਅਤੇ ਨਾ ਬਰਾਬਰੀ ਦਾ ਖਾਤਮਾ ਕਰਦਾ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਜਿਹੇ ਰਾਜ ਲਈ 'ਹਲੇਮੀ ਰਾਜ' ਦੀ ਵਰਤੋਂ ਕੀਤੀ ਹੈ ;
ਹੁਣਿ ਹੁਕਮੁ ਹੋਆ ਮਿਹਰਵਾਣ ਦਾ£ ਪੈ ਕੋਇ ਨ ਕਿਸੈ ਰਞਾਣਦਾ£
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ£
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੭੪)
ਉਪਰੋਕਤ ਪਾਵਨ ਸ਼ਲੋਕ 'ਚ ਜੋ ਰਾਜ ਦਾ ਸੰਕਲਪ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੇਸ਼ ਕੀਤਾ ਹੈ, ਉਸ ਦਾ ਆਧਾਰ ਸ਼ਕਤੀ ਨਹੀਂ, ਸਗੋਂ ਹਲੇਮੀ ਹੈ। ਗੁਰੂ ਸਾਹਿਬ ਨੇ ਇਸ ਵਿਚ ਭਾਈਚਾਰਕ ਪਿਆਰ ਦੀ ਨੀਂਹ ਉਤੇ ਉਸਰੇ ਰਾਜ ਨੂੰ ਹਲੇਮੀ ਰਾਜ ਦਾ ਨਾਂ ਦਿੱਤਾ ਹੈ ਜੋ ਅਕਾਲ ਪੁਰਖ ਦੇ ਹੁਕਮ ਵਿਚ ਸਥਾਪਤ ਹੁੰਦਾ ਹੋਇਆ ਸਰਬ ਕਲਿਆਣਕਾਰੀ ਹੁੰਦਾ ਹੈ। ਮੀਰੀ-ਪੀਰੀ ਦੇ ਸੰਗਮ ਦਾ ਭਾਵ ਇਹੋ ਸੀ ਕਿ ਧਰਮ ਤੇ ਰਾਜਨੀਤੀ, ਚੜ੍ਹਦੀਕਲਾ ਤੇ ਸਰਬੱਤ ਦੇ ਭਲੇ ਲਈ ਮਿਲ ਕੇ ਚੱਲਣ। ਧਰਮ ਮਨ ਨੂੰ ਜਿੱਤਣ ਦਾ ਹੁਨਰ ਹੈ, ਰਾਜ ਦੁਨੀਆਂ ਨੂੰ ਜਿੱਤਣ ਦਾ। ਰਾਜ ਦਾ ਅਰਥ ਹਕੂਮਤ ਕਰਨ ਦੀ ਹਵਸ ਨਹੀਂ, ਸਗੋਂ ਰਾਜ
ਦਾ ਭਾਵ ਹੈ ਸਮਾਜ ਦੀਆਂ ਪਦਾਰਥਕ ਸ਼ਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਵਿਸ਼ਵ ਕਲਿਆਣ ਲਈ ਵਰਨਣ ਹਿੱਤ ਵਿਉਂਤਬੱਧ ਉਪਾਓ ਕਰਨਾ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਚਾਈ ਦੀ ਪੱਕੀ ਨੀਂਹ ਉੱਤੇ ਇਕ ਤਰ੍ਹਾਂ ਅਜਿਹੇ ਰਾਜ ਦੀ ਬੁਨਿਆਦ ਰੱਖ ਦਿੱਤੀ ਸੀ, ਜਿਵੇਂ ਕਿ ਭਾਈ ਸਤੇ ਨੇ ਕਿਹਾ ਹੈ ;
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੬੬)
ਗੁਰਬਾਣੀ ਦਾ ਰਾਜ ਸੰਕਲਪ ਗਣਤੰਤਰ ਰਾਜ ਹੈ ਜੋ ਕਿ ਦੁਨਿਆਵੀ ਕਿਸਮ ਦੇ ਲੋਕਤੰਤਰ ਤੋਂ ਭਿੰਨ ਹੈ, ਜਿਸ ਦਾ ਮੁੱਖ ਸੋਮਾ ਅਕਾਲ ਪੁਰਖ ਹੈ। ਦੁਨਿਆਵੀ ਲੋਕਤੰਤਰ ਵਿਚ ਪ੍ਰਤੀਨਿਧੀਆਂ ਦੀ ਚੋਣ ਵੋਟਾਂ ਰਾਹੀਂ ਹੁੰਦੀ ਹੈ, ਜਿਸ ਵਿਚ ਗੁਣਾਂ ਦੀ ਥਾਂ, ਮੁਕਾਬਲੇ ਦੀ ਭਾਵਨਾ ਅਤੇ ਪਦਾਰਥਕ ਸੋਚ ਹਾਵੀ ਹੁੰਦੀ ਹੈ ਜੋ ਕਿ ਲੜਾਈ ਦਾ ਰੂਪ ਧਾਰਨ ਕਰ ਜਾਂਦੀ ਹੈ। ਇਸ ਪ੍ਰਥਾ 'ਚ ਬਹੁਗਿਣਤੀ ਦੀ ਹਮਾਇਤ ਦਾ ਸਿਧਾਂਤ ਹੁੰਦਾ ਹੈ, ਗੁਣਾਂ ਦੀ ਕੋਈ ਥਾਂ ਨਹੀਂ ਹੁੰਦੀ। ਗੁਰਬਾਣੀ ਲੋਕਤੰਤਰ ਵਿਚ ਚੋਣ ਪਰਖ ਦਾ ਸਿਧਾਂਤ ਹੈ, ਜਿਸ ਵਿਚ ਗੁਣਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਗੁਰੂ ਸਾਹਿਬਾਨਾਂ ਨੇ ਗੁਰਿਆਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਸਿਰਜਣਾ ਇਸ ਢੰਗ ਨਾਲ ਹੀ ਕੀਤੀ ਸੀ। ਗੁਰਬਾਣੀ ਲੋਕਤੰਤਰ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸ ਵਿਚ ਪ੍ਰਤੀਨਿਧ ਜਾਂ ਪੰਚ ਚੁਣੇ ਜਾਣ ਵਾਲੇ ਵਿਅਕਤੀ ਦੀ ਯੋਗਤਾ 'ਤੇ ਜ਼ੋਰ ਹੈ। ਦੁਨਿਆਵੀ ਲੋਕਤੰਤਰ ਵਿਚ ਇਹ ਗੱਲ ਨਹੀਂ ਹੈ। ਇਸ ਵਿਚ ਤਾਂ ਭ੍ਰਿਸ਼ਟ, ਅਪਰਾਧੀ ਅਤੇ ਹੋਰ ਔਗੁਣਾਂ ਭਰੇ ਲੋਕ ਪ੍ਰਤੀਨਿਧ ਹਾਵੀ ਹੋ ਜਾਂਦੇ ਹਨ। 'ਚੋਰ ਉਚੱਕਾ ਚੌਧਰੀ ਗੁੰਡੀ ਰੰਨ ਪ੍ਰਧਾਨ' ਦਾ ਅਖਾਣ ਇਸੇ ਲੋਕਤੰਤਰ ਦੀ ਉਪਜ ਹੈ। ਗੁਰਬਾਣੀ ਲੋਕਤੰਤਰ ਵਿਚ ਵਿਚ ਸੰਗਤ ਪ੍ਰਤੀਨਿਧੀ ਚੁਣਨ ਵੇਲੇ ਉਸ ਦਾ ਜੀਵਨ ਦੇਖਦੀ ਹੈ, ਵਿਅਕਤੀ ਦੇ ਗੁਣਾਂ ਦੀ ਪਰਖ ਹੁੰਦੀ ਹੈ ਜਾਂ ਇੰਝ ਆਖ ਲਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਜਿਹੇ ਰਾਜ ਦੀ ਪੇਸ਼ਕਾਰੀ ਹੋਈ ਹੈ, ਜਿਸ ਦੀ ਵਾਗਡੋਰ ਅਜਿਹੇ ਧਰਮੀ ਅਤੇ ਗਿਆਨਵਾਨ ਰਾਜੇ ਦੇ ਹੱਥ ਵਿਚ ਹੈ, ਜਿਹੜਾ ਆਪਣੇ ਗਿਆਨ ਨਾਲ ਮਨੁੱਖ ਦੀਆਂ ਆਪਸੀ ਵਿਰੋਧੀ ਰੁਚੀਆਂ ਅਤੇ ਸ਼ਕਤੀਆਂ ਨੂੰ ਇਕੱਤਰ ਕਰਕੇ ਉਨ੍ਹਾਂ ਵਿਚ ਇਕਸੁਰਤਾ ਲਿਆ ਸਕਦਾ ਹੈ ;
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ£
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੦੮੮)
ਇਸ ਤਰ੍ਹਾਂ ਗੁਰਬਾਣੀ ਦੇ ਸਿਧਾਂਤ ਅਨੁਸਾਰ ਰਾਜਾ ਰਾਜ ਦੇ ਯੋਗ, ਨਿਆਂਸ਼ੀਲ ਹੋਣਾ ਚਾਹੀਦਾ ਹੈ ਜੋ ਕਿ ਕਿਸੇ ਨਾਲ ਪੱਖਪਾਤ ਨਾ ਕਰੇ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਕਰੇ, ਜ਼ਾਲਮ ਨਾ ਹੋਵੇ ਅਤੇ ਮਨੁੱਖੀ ਕਲਿਆਣ 'ਚ ਵਿਸ਼ਵਾਸ ਕਰਦਾ ਹੋਵੇ। ਬੇਸਮਝ ਜਾਂ ਕੁਰਾਹੇ ਪਏ ਵਿਅਕਤੀ ਨੂੰ ਜੇ ਰਾਜਾ ਬਣਾ ਦਿੱਤਾ ਜਾਵੇ ਤਾਂ ਗੁਰਬਾਣੀ ਅਨੁਸਾਰ ਉਹ 'ਅੰਨਾ ਰਾਜਾ' ਸਾਬਤ ਹੁੰਦਾ ਹੈ ;
ਨਾਨਕ ਅੰਧਾ ਹੋਇ ਕੈ ਦਸੈ ਰਾਹੈ ਸਭਸੁ ਮੁਹਾਏ ਸਾਥੈ£
ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੪੦)
ਅਜਿਹਾ ਆਗੂ ਆਪ ਤਾਂ ਡੁੱਬਦਾ ਹੀ ਹੈ, ਨਾਲ ਹੀ ਆਪਣੇ ਪਿਛੇ ਲੱਗਣ ਵਾਲਿਆਂ ਨੂੰ ਹੀ ਡੋਬ ਛੱਡਦਾ ਹੈ। ਗੁਰਬਾਣੀ ਅਨੁਸਾਰ ਜੋ ਰਾਜਾ ਹੰਕਾਰ ਦੇ ਅਧੀਨ ਕਾਰਜ ਕਰਦਾ ਹੈ, ਉਹ ਨਸ਼ਟ ਹੋ ਜਾਂਦਾ ਹੈ ;
ਜਿਸ ਕੈ ਅੰਤਰਿ ਰਾਜ ਅਭਿਮਾਨੁ£ ਸੋ ਨਰਕਪਾਤੀ ਹੋਵਤ ਸੁਆਨੁ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੨੭੮)
ਗੁਰਬਾਣੀ ਲੋਕਤੰਤਰ ਵਿਚ ਚੁਣੇ ਜਾਣ ਵਾਲੇ ਪ੍ਰਤੀਨਿਧੀਆਂ ਅਤੇ ਦੁਨਿਆਵੀ ਕਿਸਮ ਦੇ ਲੋਕਤੰਤਰ ਵਿਚ ਚੁਣੇ ਜਾਣ ਵਾਲੇ ਪ੍ਰਤੀਨਿਧੀਆਂ ਦੇ ਨਿਸ਼ਾਨੇ ਵਿਚ ਹੀ ਬੁਨਿਆਦੀ ਅੰਤਰ ਹੁੰਦਾ ਹੈ। ਦੁਨਿਆਵੀ ਲੋਕਤੰਤਰ ਦੇ ਪ੍ਰਤੀਨਿਧਾਂ ਦਾ ਨਿਸ਼ਾਨਾ ਚੌਧਰ, ਤਾਕਤ, ਮਾਇਆ, ਹਾਸਲ ਕਰਨਾ ਹੁੰਦਾ ਹੈ, ਦੂਜੇ ਪਾਸੇ ਗੁਰਬਾਣੀ ਲੋਕਤੰਤਰ ਵਿਚ ਨਿਸ਼ਾਨਾ ਸੇਵਾ, ਤਿਆਗ ਤੇ ਕੁਰਬਾਨੀ ਹੁੰਦਾ ਹੈ। ਇਥੇ ਦੌੜ ਕੁਰਸੀ ਲਈ ਨਹੀਂ, ਸੇਵਾ ਲਈ ਲਗਦੀ ਹੈ। ਦੁਨਿਆਵੀ ਲੋਕਤੰਤਰ ਦੇ ਕਿੰਨੇ ਹੀ ਪ੍ਰਤੀਨਿਧਾਂ ਦੇ ਵਿਰੁੱਧ ਭ੍ਰਿਸ਼ਟਾਚਾਰ, ਕੁਨਬਾ ਪਰਵਰੀ ਅਤੇ ਹੋਰ ਜ਼ੁਲਮਾਂ ਦੇ ਮਾਮਲੇ ਸਾਹਮਣੇ ਆਏ ਹਨ। ਫਿਰ ਜੋੜ ਤੋੜ, ਦਾਅ ਪੇਚ, ਦਲ ਬਦਲੀ ਆਦਿ ਕਿੰਨੀਆਂ ਹੀ ਬੁਰਾਈਆਂ ਇਸ ਲੋਕਤੰਤਰ ਨੂੰ ਘੁਣ ਵਾਂਗ ਲੱਗੀਆਂ ਹੋਈਆਂ ਹਨ। ਗੁਰਬਾਣੀ ਲੋਕਤੰਤਰ ਅਨੁਸਾਰ ਲੋਕ ਰਾਇ ਨੂੰ ਮੰਨ ਕੇ ਗੁਣਾਂ ਦੇ ਆਧਾਰ 'ਤੇ ਕੋਈ ਫੈਸਲਾ ਲਿਆ ਜਾਂਦਾ ਹੈ। ਜੋ ਰਾਜਾ ਲੋਕ ਰਾਇ ਤੋਂ ਉਲਟ ਫੈਸਲਾ ਲੈਂਦਾ ਹੈ ਜਾਂ ਆਪਣੇ ਨਿੱਜੀ ਹਿੱਤਾਂ ਲਈ ਆਪਣੀ ਰਾਇ ਠੋਸਦਾ, ਉਸ ਦਾ ਰਾਜ ਥੋੜ ਚਿਰਾ ਹੁੰਦਾ ਹੈ। ਜਿਵੇਂ ;
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ£
ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੬੪੨)
ਰਾਜ ਭਾਗ ਨੂੰ ਜੀਵਨ ਦਾ ਸਭ ਕੁਝ ਮੰਨ ਲੈਣਾ ਗੁਰਬਾਣੀ ਦਾ ਉਦੇਸ਼ ਨਹੀਂ। ਰਾਜ ਇਕ ਸਾਧਨ ਹੈ ਮਨੁੱਖੀ ਸਮਾਜ ਦੇ ਵਿਕਾਸ ਦਾ। ਜੇ ਸਮਾਜ ਦੇ ਵਿਕਾਸ ਨੂੰ ਅਖੋਂ ਉਹਲੇ ਕਰਕੇ ਕੋਈ ਰਾਜਾ ਵਿਅਕਤੀਗਤ ਲਾਭਾਂ ਲਈ ਇਸ ਸਾਰੀ ਸ਼ਕਤੀ ਨੂੰ ਵਰਤੇ ਤਾਂ ਇਹ ਹਾਨੀਕਾਰਕ ਔਗੁਣ ਬਣ ਜਾਂਦਾ ਹੈ। ਇਸੇ ਕਰਕੇ ਗੁਰਬਾਣੀ ਵਿਚ ਵਾਰ-ਵਾਰ ਯਾਦ ਕਰਵਾਇਆ ਜਾਂਦਾ ਹੈ ਕਿ ਧਰਮ ਤੋਂ ਬੇਮੁਖ ਚਲਣ ਵਾਲੀ ਰਾਜ ਸ਼ਕਤੀ ਮਨੁੱਖਤਾ ਲਈਤਬਾਹਕੁੰਨ ਸਾਬਤ ਹੁੰਦੀ ਹੈ ;
ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ£
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੨੮੮)
ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ£
ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੭੦੮)
ਇਹ ਗੱਲ ਸੱਚ ਹੈ ਕਿ ਧਰਮ ਦੇ ਵਿਕਾਸ ਲਈ ਰਾਜ ਦੀ ਅਤਿਅੰਤ ਜ਼ਰੂਰਤ ਹੈ। ਜੇਕਰ ਸਿਧਾਂਤ ਨੂੰ ਪ੍ਰੋਜੈਕਟ ਕਰਨਾ ਹੈ ਤਾਂ ਰਾਜ ਦਾ ਹੋਣਾ ਜ਼ਰੂਰੀ ਹੈ। ਗੁਰਬਾਣੀ ਦਾ ਰਾਜ ਸੰਕਲਪ ਅਜੋਕੇ ਸਮੇਂ ਮਾਡਲ ਰੂਪ ਵਿਚ ਉਭਾਰਨ ਦੀ ਲੋੜ ਹੈ, ਜਿਸ ਦੀ ਸ਼ੁਰੂਆਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਵਿਚ ਚੋਣ ਦੀ ਵਿਧੀ ਭਾਰਤੀ ਲੋਕਤੰਤਰ ਦੀ ਥਾਂ ਗੁਰਬਾਣੀ ਲੋਕਤੰਤਰ ਵਾਲੀ ਲਾਗੂ ਕਰਨ ਦਾ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਇਸ ਵਿਚ ਜੋ ਗੁਰਸਿੱਖ ਚੁਣੇ ਜਾਣ ਉਹ ਗੁਰਮਤਿ ਕਾਜ ਤੇ ਪੰਥ ਦੀ ਚੜ੍ਹਦੀਕਲਾ ਨੂੰ ਸਮਰਪਿਤ ਹੋਣ ਨਾ ਕਿ ਰਾਜ ਮੱਦ ਵਿਚ ਗੜੁਚੇ ਹੋਣ। ਗੁਰਬਾਣੀ ਦੇ ਰਾਜ ਸੰਕਲਪ 'ਤੇ ਪਹਿਰਾ ਦੇਣ ਨਾਲ ਹੀ ਪੰਥ ਵਿਚ ਜਾਗ੍ਰਿਤੀ ਪੈਦਾ ਹੋ ਸਕਦੀ ਹੈ ਅਤੇ ਇਸ ਵਿਧੀ ਨੂੰ ਪ੍ਰੈਕਟਿਸ ਵਿਚ ਲਿਆਉਣ ਨਾਲ ਹੀ ਪਾਤਸ਼ਾਹੀ ਮਿਲ ਸਕਦੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਆਪਣੇ ਭਵਿੱਖ ਦੇ ਮਾਲਕ ਬਣੀਏ ਤਾਂ ਲੋੜ ਹੈ ਅਜਿਹੀ ਲੀਡਰਸ਼ਿਪ ਪੈਦਾ ਕਰਨ ਦੀ ਜੋ ਕਿ ਗੁਰਬਾਣੀ ਦੇ ਰਾਜ ਸੰਕਲਪ 'ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਵੇ, ਆਪਣੇ ਅਮਲੀ ਜੀਵਨ ਦਾ ਅੰਗ ਬਣਾ ਕੇ ਗੁਰੂ ਸੁਹਜ ਦਾ ਨਿਘ ਮਾਣੇ।

No comments:
Post a Comment