deshpunjabtimes.blogspot.com

Thursday, 6 October 2011

ਸਿੱਖ ਅਦਾਕਾਰਾਂ ਦੀ ਹੁਣ ਹਾਲੀਵੁੱਡ ਵਿਚ ਬੱਲੇ-ਬੱਲੇ-

                                                         ਵਾਰਿਸ ਆਹਲੂਵਾਲੀਆ
ਹਾਲੀਵੁੱਡ ਵਿਚ ਸਿੱਖ ਫਿਲਮਸਾਜ਼ਾਂ ਅਤੇ ਐਕਟਰਾਂ ਦੀ ਬੱਲੇ-ਬੱਲੇ ਹੋਣੀ ਸ਼ੁਰੂ ਹੋ ਗਈ ਹੈ। ਇਸ ਕਾਮਯਾਬੀ ਦਾ ਜ਼ਿਕਰਯੋਗ ਪੱਖ ਇਹ ਹੈ ਕਿ ਕੇਸਾਧਾਰੀ ਸਿੱਖ ਅਭਿਨੇਤਾਵਾਂ ਨੂੰ ਹਾਲੀਵੁੱਡ ਵਿਚ ਭੂਮਿਕਾਵਾਂ ਵੀ ਮਿਲਣ ਲੱਗੀਆਂ ਹਨ ਅਤੇ ਮਾਨਤਾ ਵੀ।
ਦਰਅਸਲ, ਜਿਥੇ ਭਾਰਤੀ ਫਿਲਮ ਤੇ ਟੀ.ਵੀ. ਸਨਅਤ ਵਿਚ ਕੇਸਾਧਾਰੀ ਸਿੱਖ ਅਦਾਕਾਰਾਂ ਨੂੰ ਆਪਣੇ ਪੈਰ ਟਿਕਾਉਣ ਵਿਚ ਅਜੇ ਵੀ ਦਿੱਕਤਾਂ ਪੇਸ਼ ਆ ਰਹੀਆਂ ਹਨ, ਉਥੇ ਹਾਲੀਵੁੱਡ ਨੇ ਵਾਰਿਸ ਆਹਲੂਵਾਲੀਆ ਵਰਗੇ ਸਾਬਤ ਸੂਰਤ ਸਿੱਖਾਂ ਨੂੰ ਅਹਿਮ ਭੂਮਿਕਾਵਾਂ ਲਈ ਚੁਣ ਕੇ ਅਜਿਹੇ ਹੋਰ ਕਲਾਕਾਰਾਂ ਲਈ ਵੀ ਰਾਹ ਮੋਕਲਾ ਕਰ ਦਿੱਤਾ ਹੈ।
                                                                  ਵਿਕਰਮ ਛਤਵਾਲ
ਫਿਲਮਸਾਜ਼ ਗੁਰਿੰਦਰ ਚੱਢਾ ਪਹਿਲਾਂ ਹੀ ਲੰਡਨ ਤੋਂ ਲਾਸ ਏਂਜਲਸ ਤੱਕ ਪੈਰ ਪਸਾਰਨ ਮਗਰੋਂ ਮੁੰਬਈ ਦੇ ਰਸਤੇ ਮੈਲਬਰਨ ਤੱਕ ਚੋਖਾ ਨਾਂ ਕਮਾ ਰਹੀ ਹੈ। ਹੁਣ ਉਸ ਦੇ ਨਕਸ਼ੇ ਕਦਮਾਂ ਉੱਤੇ ਕਲਾਕਾਰ ਤੇ ਨਿਰਦੇਸ਼ਕ ਕਵੀਰਾਜ਼, ਅਦਾਕਾਰ ਤੇ ਮਾਡਲ ਵਿਕਰਮ ਛਤਵਾਲ, ਅਦਾਕਾਰਾ ਤੇ ਮਾਡਲ ਨਮਰਤਾ ਕੌਰ ਗੁਜਰਾਲ, ਅਦਾਕਾਰਾ ਹਰਜਿੰਦਰ ਨਾਗਰਾ ਅਤੇ ਯੁਵਾ ਦਸਤਾਵੇਜ਼ੀ ਫਿਲਮਸਾਜ਼ ਵੈਲਰੀ ਕੌਰ ਵੀ ਚੱਲ ਰਹੇ ਹਨ।
ਹੌਲੀਵੁੱਡ ਵਿਚ ਸਰਗਰਮ ਸਿੱਖ ਫਿਲਮ ਹਸਤੀਆਂ ਦੀ ਰਚਨਾਤਮਿਕ ਭੂਮਿਕਾ ਨੂੰ ਅਮਰੀਕਾ ਤੇ ਕੈਨੇਡਾ ਦੇ ਆਮ ਲੋਕਾਂ ਸਾਹਮਣੇ ਉਭਾਰਨ ਦਾ ਇਕ ਵਧੀਆ ਵਸੀਲਾ ਵੀ ਲੱਭ ਲਿਆ ਗਿਆ ਹੈ। ਇਹਦਾ ਨਾਂ ਹੈ ਸਪਿਨਿੰਗ ਵ੍ਹੀਲ ਫਿਲਮ ਫੈਸਟੀਵਲ। ਸਾਲ 2006 ਦਾ ਇਹ ਮੇਲਾ 18 ਨਵੰਬਰ ਤੋਂ ਔਰੈਂਜ ਸਿਟੀ (ਕੈਲੇਫੋਰਨੀਆ) ਵਿਚ ਹੋ ਰਿਹਾ ਹੈ। ਇਸ ਫਿਲਮ ਮੇਲੇ ਦੀ ਰੂਪ-ਰੇਖਾ ਟੋਰਾਂਟੋ ਵਿਚ ਆਧਾਰਿਤ ਟੀ. ਸ਼ੇਰ ਸਿੰਘ ਅਤੇ ਬੀਰਿੰਦਰ ਸਿੰਘ ਆਹਲੂਵਾਲੀਆ ਨੇ ਤਿਆਰ ਕੀਤੀ ਸੀ। ਉਹ 11 ਸਤੰਬਰ ਦੇ ਸਾਕੇ ਤੋਂ ਮਗਰੋਂ ਸਿੱਖੀ ਸਰੂਪ ਤੇ ਪਛਾਣ ਬਾਰੇ ਭਰਮ-ਭੁਲੇਖਿਆਂ ਨੂੰ ਦੂਰ ਕਰਨਾ ਚਾਹੁੰਦੇ ਸਨ ਅਤੇ ਇਹ ਦਰਸਾਉਣਾ ਚਾਹੁੰਦੇ ਸਨ ਕਿ ਸਿੱਖ ਭਾਈਚਾਰਾ ਕਿਵੇਂ-ਕਿਵੇਂ ਅਮਰੀਕਨ ਮੁੱਖ ਧਾਰਾ ਦਾ ਅੰਗ ਹੈ। 2003 ਵਿਚ ਸ਼ੁਰੂ ਹੋਏ ਇਸ ਮੇਲੇ ਨੂੰ ਵੱਧ ਹੁੰਗਾਰਾ ਸੰਭਵ ਬਣਾਉਣ ਲਈ ਪਿਛਲੇ ਸਾਲ ਇਹ ਉਤਸਵ ਕੈਲੇਫੋਰਨੀਆ ਵਿਚ ਸਿੱਖ ਸੈਂਟਰ, ਔਰੈਂਜ ਸਿਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਸਿੱਖ ਸੈਂਟਰ ਆਪਣੇ ਪ੍ਰਧਾਨ ਬਿੱਕੀ ਸਿੰਘ ਦੇ ਉੱਦਮ ਨਾਲ ਸਿੱਖ ਭਾਈਚਾਰੇ ਦੇ ਸਮਾਗਮਾਂ, ਨਗਰ ਕੀਰਤਨਾਂ ਤੇ ਹੋਰ ਸਰਗਰਮੀਆਂ ਦਾ ਪ੍ਰਬੰਧ ਕਰਦਾ ਆ ਰਿਹਾ ਹੈ। ਐਤਕੀਂ ਵੀ ਇਸ ਮੇਲੇ ਨੂੰ ਬਿੱਕੀ ਸਿੰਘ ਵੱਲੋਂ ਹੀ ਪਰਮੋਟ ਕੀਤਾ ਜਾ ਰਿਹਾ ਹੈ।
ਫਿਲਮਸਾਜ਼ਾਂ ਤੇ ਅਦਾਕਾਰਾ ਨੂੰ ਸਿੱਖੀ ਸਰੂਪ ਜਾਂ ਜੀਵਨ ਜਾਚ ਦਾ ਸੀਮਤ ਗਿਆਨ ਹੋਣ ਕਾਰਨ ਇਹ ਕਿਰਦਾਰ ਬਨਾਵਟੀ ਜਾਂ ਢਕੋਸਲੇ ਬਣ ਕੇ ਰਹਿ ਗਏ। ਉਂਜ ਵੀ, ਸਿੱਖਾਂ ਨੂੰ ਮਸਖਰਿਆਂ ਦੇ ਲਬਾਦੇ ਤੋਂ ਬਾਹਰ ਕੱਢਣ ਦਾ ਯਤਨ ਨਹੀਂ ਕੀਤਾ ਗਿਆ। ਅਜਿਹੀ ਪਹੁੰਚ ਕਾਰਨ ਸਿੱਖ ਭਾਈਚਾਰੇ ਦੇ ਅਕਸ ਵਿਚਲੇ ਵਿਗਾੜ ਵੱਧ ਗਹਿਰੇ ਹੋਏ।
ਉਂਜ, ਕਿਤੇ ਕਿਤੇ ਇਸ ਰੁਝਾਨ ਤੋਂ ਉਲਟ ਜਾਣ ਦੇ ਯਤਨ ਵੀ ਹੋਏ। ਇਸੇ ਪ੍ਰਸੰਗ ਵਿਚ ਇਕ ਫਰਾਂਸੀਸੀ ਫਿਲਮ 'ਰੇਨਬੋ' (ਸਤਰੰਗੀ ਪੀਂਘ) ਦਾ ਧਿਆਨ ਉਚੇਚੇ ਤੌਰ 'ਤੇ ਆਉਂਦਾ ਹੈ। 1998 ਵਿਚ ਬਣੀ ਇਸ ਫਿਲਮ ਦਾ ਸਹਿ ਨਾਇਕ ਲਿਓਨਜ਼ (ਫਰਾਂਸ) ਵਿਚ ਰਹਿੰਦਾ ਇਕ ਸਿੱਖ ਬੈਂਕਰ ਤੇ ਵਪਾਰੀ ਸੀ। ਜਿਸ ਫਰਾਂਸੀਸੀ ਕਲਾਕਾਰ ਨੇ ਇਹ ਰੋਲ ਕੀਤਾ, ਉਸ ਨੇ ਸਿੱਖੀ ਲਹਿਜੇ ਤੇ ਰਹਿਣੀ-ਬਹਿਣੀ ਦਾ ਏਨੀ ਬਾਰੀਕੀ ਨਾਲ ਅਧਿਐਨ ਕੀਤਾ ਹੋਇਆ ਸੀ ਕਿ ਇਹ ਆਭਾਸ ਤੱਕ ਨਹੀਂ ਸੀ ਹੁੰਦਾ ਕਿ ਉਹ ਪੰਜਾਬੀ ਨਹੀਂ। ਪੂਰੀ ਫਿਲਮ ਵਿਚ ਉਸ ਦੀ ਪੱਗ ਦੀ ਸ਼ੈਲੀ ਇਕੋ ਸੀ। ਇਹ ਕਿਤੇ ਵੀ ਢਿੱਲੀ ਵਿਖਾਈ ਨਹੀਂ ਸੀ ਦਿੰਦੀ। ਇਹ ਫਿਲਮ, ਕਿਉਂਕਿ ਸਿਰਫ ਫਰੈਂਚ ਭਾਸ਼ਾ ਵਿਚ ਸੀ, ਇਸ ਕਾਰਨ ਇਸ ਨੂੰ ਬਹੁਤਾ ਪ੍ਰਚਾਰ-ਪ੍ਰਸਾਰ ਨਹੀਂ ਮਿਲਿਆ।
ਜਦੋਂ ਇਕ ਗੁੰਮਨਾਮ ਜਿਹਾ ਫਰਾਂਸੀਸੀ ਫਿਲਮਸਾਜ਼ ਇਕ ਬੇਗਾਨੀ ਕੌਮ ਦੀ ਪਛਾਣ, ਰਹਿਣ-ਸਹਿਣ ਅਤੇ ਜੀਵਨ ਤਰਜ਼ ਨੂੰ ਸਹੀ ਢੰਗ ਨਾਲ ਵਿਖਾਉਣ ਲਈ ਏਨਾ ਤਰੱਦਦ ਕਰ ਸਕਦਾ ਹੈ, ਉਦੋਂ ਹੌਲੀਵੁੱਡ ਜਾਂ ਬੌਲੀਵੁੱਡ ਦੇ ਫਿਲਮਸਾਜ਼ਾਂ ਤੇ ਕਲਾਕਾਰਾਂ ਦੀ ਇਸ ਪੱਖੋਂ ਨਾਅਹਿਲੀਅਤ ਸਿੱਖ ਭਾਈਚਾਰੇ ਨਾਲ ਅਨਿਆਂ ਜਾਪਦੀ ਹੈ।
ਅਜਿਹੇ ਆਲਮ ਵਿਚ ਜੇਕਰ ਕੁਝ ਸਿੱਖ ਫਿਲਮਸਾਜ਼ ਜਾਂ ਅਦਾਕਾਰ ਆਪਣੇ ਭਾਈਚਾਰੇ ਨੂੰ ਸਹੀ ਰੌਸ਼ਨੀ ਵਿਚ ਪੇਸ਼ ਜਾਂ ਇਸ ਬਾਰੇ ਵਿਸੰਗਤੀਆਂ ਨੂੰ ਦੂਰ ਕਰਨ ਦਾ ਹੀਲਾ ਉਪਰਾਲਾ ਕਰਦੇ ਹਨ ਤਾਂ ਉਨ੍ਹਾਂ ਦੇ ਯਤਨਾਂ ਦਾ ਸੁਆਗਤ ਹੋਣਾ ਚਾਹੀਦਾ ਹੈ। ਪੇਸ਼ ਹੈ ਅਜਿਹੇ ਸਰਦਾਰਾਂ ਦੀ ਸੰਖੇਪ ਜਿਹੀ ਜਾਣ-ਪਛਾਣ :

                         ਵਾਰਿਸ ਆਹਲੂਵਾਲੀਆ 

: ਵਾਰਿਸ ਨੇ ਹਾਲ ਹੀ ਵਿਚ ਉੱਘੇ ਸਿਆਹਫਾਮ ਕਲਾਕਾਰ ਡੈਨਜ਼ਿਲ ਵਾਸ਼ਿੰਗਟਨ ਦੀ ਸੁਪਰ ਹਿੱਟ ਫਿਲਮ 'ਦਿ ਇਨਸਾਈਡ ਮੈਨ' ਵਿਚ ਅਹਿਮ ਕਿਰਦਾਰ ਅਦਾ ਕੀਤਾ ਹੈ। ਇਹ ਕਿਰਦਾਰ ਇਕ ਵੱਡੀ ਬੈਂਕ ਡਕੈਤੀ ਸਮੇਂ ਡਰੇ ਹੋਏ ਬੈਂਕ ਕਲਰਕ ਦਾ ਹੈ। ਉਸ ਦੇ ਅਭਿਨੈ ਦਾ ਅਮਰੀਕੀ ਫਿਲਮ ਸਮੀਖਿਅਕਾਂ ਨੇ ਖਾਸ ਤੌਰ 'ਤੇ ਨੋਟਿਸ ਲਿਆ ਅਤੇ ਬੋਸਟਨ ਗਲੋਬ ਦੇ ਸਮੀਖਿਅਕ ਨੇ ਤਾਂ ਇਸ ਨੂੰ 'ਸੱਚਮੁੱਚ ਹੀ ਸ਼ਾਨਦਾਰ' ਦੱਸਿਆ।
ਵਾਰਿਸ ਆਹਲੂਵਾਲੀਆ ਨੂੰ ਅਦਾਕਾਰੀ ਦਾ ਭੁੱਸ 2004 ਵਿਚ ਪਿਆ। ਉਂਜ, ਪੇਸ਼ੇ ਵਜੋਂ ਉਹ ਗਹਿਣਿਆਂ ਦਾ ਡਿਜ਼ਾਈਨਰ ਹੈ ਜਿਸ ਦੀ ਆਪਣੀ ਕੰਪਨੀ ਹਾਊਸ ਆਫ ਵਾਰਿਸ ਦੁਨੀਆਂ ਦੇ ਪੰਜ ਸਿਖਰਲੇ ਫੈਸ਼ਨ ਸਟੋਰਾਂ ਨੂੰ ਗਹਿਣੇ ਸਪਲਾਈ ਕਰਦੀ ਹੈ। ਆਪਣੇ ਇਸੇ ਪੇਸ਼ੇ ਕਾਰਨ ਵਾਰਿਸ ਪਹਿਲਾਂ ਫੈਸ਼ਨ ਪਤ੍ਰਿਕਾਵਾਂ ਦੀ ਨਜ਼ਰੀਂ ਚੜ੍ਹਿਆ ਅਤੇ ਫਿਰ ਫੈਸ਼ਨ ਡਿਜ਼ਾਈਨਰਾਂ ਦੀ ਜਿਨ੍ਹਾਂ ਨੇ ਉਸ ਨੂੰ ਫੈਸ਼ਨ ਮਾਡਲ ਵਿਚ ਬਦਲ ਦਿੱਤਾ।
ਫੈਸ਼ਨ ਸ਼ੋਆਂ ਦੌਰਾਨ ਰੈਂਪ 'ਤੇ ਤੁਰਦਿਆਂ ਇਹ ਸਾਬਤ-ਸੂਰਤ ਤੇ ਸੋਫੀ ਸਰਦਾਰ ਅਮਰੀਕੀ ਫਿਲਮਸਾਜ਼ ਵੈੱਸ ਐਂਡਰਸਨ ਨੂੰ ਭਾਅ ਗਿਆ ਜਿਸ ਨੇ ਉਸ ਤੋਂ 2004 ਵਿਚ ਰਿਲੀਜ਼ ਹੋਈ ਫਿਲਮ 'ਦਿ ਲਾਈਫ ਐਕੁਐਟਿਕ' ਵਿਚ ਅਦਾਕਾਰੀ ਕਰਵਾਈ। ਉਸ ਤੋਂ ਬਾਅਦ ਕੁਝ ਵਿਗਿਆਪਨ ਫਿਲਮਾਂ ਉਸ ਨੂੰ ਮਿਲੀਆਂ ਅਤੇ ਫਿਰ ਹੌਲੀਵੁੱਡ ਦੇ ਹੌਟ-ਸ਼ੌਟ ਡਾਇਰੈਕਟਰ ਸਪਾਈਕ ਲੀ ਦੀ ਫਿਲਮ 'ਇਨਸਾਈਡ ਮੈਨ' ਲਈ ਉਸ ਨੂੰ ਚੁਣ ਲਿਆ ਗਿਆ। ਇਸ ਫਿਲਮ ਨੇ ਵਾਰਿਸ ਨੂੰ ਚੰਗੇ ਅਦਾਕਾਰਾਂ ਦੀ ਕਤਾਰ ਵਿਚ ਪਹੁੰਚਾ ਦਿੱਤਾ। ਹੁਣ ਉਹ ਵੈੱਸ ਐਂਡਰਸਨ ਦੀ ਹੀ ਨਵੀਂ ਫਿਲਮ 'ਦਿ ਦਾਰਜੀਲਿੰਗ ਲਿਮਟਿਡ' ਵਿਚ ਕੰਮ ਕਰ ਰਿਹਾ ਹੈ।
ਉਹ ਅਜੇ ਵੀ ਖੁਦ ਨੂੰ ਗਹਿਣਿਆਂ ਦਾ ਡਿਜ਼ਾਈਨਰ ਮੰਨਦਾ ਹੈ, ਪਰ ਉਸ ਦੇ ਅੰਦਰਲਾ ਐਕਟਰ ਉਸ ਲਈ ਫਿਲਮੀ ਰੋਲ 'ਡਿਜ਼ਾਈਨ' ਕਰਨ ਦਾ ਰਾਹ ਵੀ ਤੇਜ਼ੀ ਨਾਲ ਪੱਧਰਾ ਕਰਦਾ ਜਾ ਰਿਹਾ ਹੈ। ਇਸੇ ਕਾਰਨ ਉਹ ਦੋ ਨਵੀਆਂ ਫਿਲਮਾਂ ਵੀ ਸਾਈਨ ਕਰ ਚੁੱਕਾ ਹੈ ਜਿਨ੍ਹਾਂ ਦਾ ਨਿਰਮਾਣ ਅਗਲੇ ਸਾਲ ਹੋਵੇਗਾ।

                                    ਗੁਰਿੰਦਰ ਚੱਢਾ 
ਭਾਰਤੀ ਦਰਸ਼ਕ ਗੁਰਿੰਦਰ ਨੂੰ ਉਸ ਵੱਲੋਂ ਨਿਰਦੇਸ਼ਿਤ ਦੋ ਫਿਲਮਾਂ ਕਾਰਨ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦੇ ਹਨ। ਉਸ ਦੀ ਪਿਛਲੇ ਫਿਲਮ 'ਬ੍ਰਾਈਡ ਐਂਡ ਪ੍ਰੈਜੂਡਿਸ' (ਬੱਲੇ ਬੱਲੇ, ਅੰਮ੍ਰਿਤਸਰ ਟੂ ਐਲ.ਏ.) ਦੀ ਬਹੁਤੀ ਸ਼ੂਟਿੰਗ ਹੀ ਅੰਮ੍ਰਿਤਸਰ ਵਿਚ ਹੋਈ ਸੀ। ਐਸ਼ਵਰਿਆ ਰਾਏ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਅਜੇ ਵੀ ਭਾਰਤੀ ਟੀ.ਵੀ. ਤੇ ਕੇਬਲ ਚੈਨਲਾਂ ਦਾ ਸ਼ਿੰਗਾਰ ਹੈ।
ਗੁਰਿੰਦਰ ਮਜ਼ਾਹੀਆ ਲਹਿਜ਼ੇ ਵਿਚ ਸੰਜੀਦਾ ਗੱਲਾਂ ਕਰਨ ਤੇ ਕਹਿਣ ਦੀ ਮਾਹਿਰ ਹੈ। ਉਹ ਬ੍ਰਿਟੇਨ ਵਿਚ ਵਸੇ ਪੰਜਾਬੀਆਂ ਦੀਆਂ ਦੁਬਿਧਾਵਾਂ ਤੇ ਸਭਿਆਚਾਰਕ ਦਵੰਦ ਨੂੰ ਬਾਖੂਬੀ ਪੇਸ਼ ਕਰਨ ਦੀ ਰੀਤ ਦਾ ਨਿਰੰਤਰ ਮੁਜ਼ਾਹਰਾ ਕਰਦੀ ਆਈ ਹੈ। ਉਸ ਦੀ ਫਿਲਮ 'ਬੈਂਡ ਇਟ ਲਾਈਕ ਬੈਕਹਮ' (ਫੁੱਟਬਾਲ ਸ਼ੁਟਬਾਲ...ਹਾਏ ਰੱਬਾ!) ਬ੍ਰਿਟੇਨ ਤੇ ਕੈਨੇਡਾ ਵਿਚ ਬਹੁਤ ਹਿੱਟ ਤਾਂ ਹੋਈ ਸੀ, ਭਾਰਤ ਵਿਚ ਵੀ ਅੱਛੀ ਖਾਸੀ ਚੱਲੀ।
1958 ਵਿਚ ਕੀਨੀਆ ਵਿਚ ਜਨਮੀ 1961 ਵਿਚ ਆਪਣੇ ਮਾਪਿਆਂ ਨਾਲ ਬ੍ਰਿਟੇਨ ਆਈ। ਨਿਰਦੇਸ਼ਕ ਦੇ ਤੌਰ 'ਤੇ ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਚੈਨਲ 4 (ਬੀ.ਬੀ.ਸੀ.) ਲਈ ਬਣਾਈ ਦਸਤਾਵੇਜ਼ੀ 'ਆਈ.ਐਮ. ਬ੍ਰਿਟਿਸ਼, ਬੱਟ...' ਨਾਲ ਕੀਤੀ ਜੋ ਕਿ ਬ੍ਰਿਟੇਨ ਵਿਚ ਵਸੀ ਏਸ਼ਿਆਈ ਨੌਜਵਾਨੀ ਦੀਆਂ ਬੌਧਿਕ, ਪਰਿਵਾਰਕ, ਸਾਮਾਜਿਕ ਤੇ ਸਭਿਆਚਾਰਕ ਸਮੱਸਿਆਵਾਂ ਬਾਰੇ ਸੀ। 1990 ਵਿਚ ਗੁਰਿੰਦਰ ਨੇ ਆਪਣੀ ਫਿਲਮ ਕੰਪਨੀ ਅੰਬੀ ਫਿਲਮਜ਼ ਕਾਇਮ ਕੀਤੀ। 1993 ਵਿਚ ਪਹਿਲੀ ਫੀਚਰ ਫਿਲਮ 'ਭਾਜੀ ਆਨ ਦਿ ਬੀਚ' ਬਣਾਈ। ਫਿਰ ਹੌਲੀਵੁੱਡ ਜਾ ਕੇ 2000 ਵਿਚ 'ਵੱਟ 'ਜ਼ੁ ਕੁਕਿੰਗ' ਨਾਂ ਦੀ ਹਿੱਟ ਫਿਲਮ ਦਾ ਨਿਰਦੇਸ਼ਨ ਕੀਤਾ। ਆਪਣੇ ਕੋਲ ਹਰ ਵੇਲੇ ਗੁਰੂ ਨਾਨਕ ਦੇਵ ਦੀ ਫਰੇਮਸ਼ੁਦਾ ਤਸਵੀਰ ਰੱਖਣ ਲਈ ਮਸ਼ਹੂਰ ਗੁਰਿੰਦਰ ਹੁਣ ਹੌਲੀਵੁੱਡ ਦੇ ਨਾਮੀਂ ਗਿਰਾਮੀ ਫਿਲਮ ਨਿਰਦੇਸ਼ਕਾਂ ਵਿਚੋਂ ਇਕ ਹੈ।

                                             ਕਵੀ ਰਾਜ਼  
: ਇਸ ਫਿਲਮਸਾਜ਼ ਤੇ ਅਦਾਕਾਰ ਦੀ ਤਾਜ਼ਾ ਤਰੀਨ ਫਿਲਮ 'ਦਿ ਗੋਲਡ ਬ੍ਰੇਸਲੈਟ' ਅੱਜਕਲ੍ਹ ਖੂਬ ਚਰਚਾ ਵਿਚ ਹੈ। 13 ਸਤੰਬਰ 1955 ਵਿਚ ਭਾਰਤ ਵਿਚ ਜਨਮਿਆ ਕਵੀ ਰਾਜ਼ (ਪੂਰਾ ਨਾਂ ਕਵਿੰਦਰ ਸਿੰਘ ਰਾਜ਼) 1983 ਤੋਂ ਅਦਾਕਾਰੀ ਤੇ ਫਿਲਮ ਲੇਖਣ ਦੇ ਖੇਤਰਾਂ ਵਿਚ ਸਰਗਰਮ ਹੈ। ਉਸ ਦੇ ਸਕ੍ਰੀਨਪਲੇ ਉੱਤੇ ਆਧਾਰਿਤ ਫਿਲਮ 'ਸਿਟੀ ਡਰੀਮਜ਼' ਦਾ ਨਿਰਮਾਣ ਮੈਗਨਮ ਪਿਕਚਰਜ਼ ਨੇ ਕੀਤਾ। ਉਹ 20 ਤੋਂ ਵੱਧ ਟੀ.ਵੀ. ਲੜੀਵਾਰਾਂ ਤੇ ਨਾਟਕਾਂ ਵਿਚ ਕੰਮ ਕਰ ਚੁੱਕਾ ਹੈ। ਇਕ ਯਹੂਦਣ ਨਾਲ ਵਿਆਹਿਆ ਹੋਣ ਕਾਰਨ ਯਹੂਦੀ ਉਸ ਨੂੰ ਓਨਾ ਹੀ ਆਪਣਾ ਮੰਨਦੇ ਹਨ ਜਿੰਨਾ ਕਿ ਪੰਜਾਬੀ।
ਨਮਰਤਾ ਗੁਜਰਾਲ : ਉਹ ਆਪਣਾ ਪੂਰਾ ਨਾਂ ਨਮਰਤਾ ਸਿੰਘ ਗੁਜਰਾਲ ਦੱਸਦੀ ਹੈ। ਫੈਸ਼ਨ ਮਾਡਲ ਦੇ ਤੌਰ 'ਤੇ ਗਲੈਮਰ ਦੇ ਖੇਤਰ ਵਿਚ ਪ੍ਰਵੇਸ਼ ਕਰਨ ਵਾਲੀ ਨਮਰਤਾ ਨੂੰ ਸੀ.ਬੀ.ਐਸ. ਦੀ ਫਿਲਮ 'ਦਿ ਏਜੰਸੀ' ਚੋਖੀ ਸ਼ੋਹਰਤ ਬਖਸ਼ੀ। ਫਿਰ ਉਸ ਨੇ ਫਿਲਮਸਾਜ਼ ਸੰਜੇ ਗੁਪਤਾ ਦੀ ਸੁਪਰ ਹਿੱਟ ਫਿਲਮ 'ਕਾਂਟੇ' ਵਿਚ ਵੀ ਕੰਮ ਕੀਤਾ। ਉਸ ਨੇ ਇਸ ਸਾਲ ਵਾਸ਼ਿੰਗਟਨ ਵਿਚ ਹੋਏ ਇਕ ਆਲ੍ਹਾ ਮਿਆਰ ਸਮਾਗਮ ਨੂੰ ਦੇਖਣ ਏਸ਼ਿਆਈ ਮੂਲ ਦੇ ਅਮਰੀਕਨਾਂ ਦੀ ਪ੍ਰਤੀਨਿਧ ਵਜੋਂ ਸੰਬੋਧਨ ਕੀਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਅਮਰੀਕੀ ਉਪ ਰਾਸ਼ਟਰਪਤੀ ਡਿੱਕ ਚੈਨੀ ਸਨ। ਨਮਰਤਾ ਦੀ ਆਪਣੀ ਫਿਲਮ ਨਿਰਮਾਣ ਕੰਪਨੀ ਹੈ ਜਿਸ ਦਾ ਨਾਂ ਹੈ ਅਮੈਰੀਕਨ ਪ੍ਰਾਈਡ ਫਿਲਮਜ਼ ਗਰੁੱਪ (ਏ.ਪੀ.ਐਫ.ਜੀ.)।
                             ਵਿਕਰਮ ਛਤਵਾਲ : 
ਭਾਰਤ ਵਿਚ ਉਸ ਦਾ ਅਕਸ ਬਾਪ ਦੀ ਕਮਾਈ ਨਾਲ ਐਸ਼ ਕਰਨ ਵਾਲੇ ਅਮੀਰਜ਼ਾਦੇ ਦਾ ਹੈ ਜਿਸ ਦੇ (ਮਾਡਲ ਪ੍ਰੀਆ ਸਚਦੇਵ ਨਾਲ) ਵਿਆਹ ਵਿਚ ਹੋਰਨਾਂ ਤੋਂ ਇਲਾਵਾ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਇਆ। ਵਿਕਰਮ (ਪੂਰਾ ਨਾਂ ਵਿਕਰਮਜੀਤ ਸਿੰਘ ਛਤਵਾਲ) ਅਮਰੀਕਾ ਦੇ ਉੱਘੇ ਹੋਟਲ ਮਾਲਕ ਸੰਤ ਸਿੰਘ ਛਤਵਾਲ ਦਾ ਵੱਡਾ ਪੁੱਤਰ ਹੈ। ਗਲੈਮਰ ਦੀ ਦੁਨੀਆਂ ਵਿਚ 1993 ਵਿਚ ਫੈਸ਼ਨ ਮਾਡਲ ਦੇ ਰੂਪ ਵਿਚ ਪ੍ਰਵੇਸ਼ ਪਾਉਣ ਵਾਲਾ ਵਿਕਰਮ ਤਿੰਨ ਸਾਲ ਪਹਿਲਾਂ ਫਿਲਮੀ ਹਸਤੀ ਬਣਿਆ।
ਇਕ ਸਮੇਂ ਉਹ ਅਮਰੀਕਾ ਤੇ ਯੂਰਪ ਦੇ ਫੈਸ਼ਨ ਸ਼ੋਆਂ ਵਿਚ ਭਾਗ ਲੈਣ ਵਾਲਾ ਇਕੋ ਇਕ ਪਗੜੀਧਾਰੀ ਮਾਡਲ ਸੀ। ਉਸ ਦੀ ਅਮਰੀਕੀ ਫਿਲਮ 'ਵਨ ਡਾਲਰ ਕਰੀ' ਪਿਛਲੇ ਸਾਲ ਦੁਨੀਆਂ ਭਰ ਵਿਚ ਰਿਲੀਜ਼ ਹੋਈ। ਇਸ ਫਿਲਮ ਦਾ ਉਹ ਨਾਇਕ ਸੀ। ਉਹ ਕੁਝ ਹਿੰਦੀ ਫਿਲਮਾਂ ਵਿਚ ਵੀ ਕੰਮ ਕਰ ਰਿਹਾ ਹੈ ਅਤੇ ਹੌਲੀਵੁੱਡ ਦੀਆਂ ਦੋ ਫਿਲਮਾਂ ਵਿਚ ਵੀ।
ਹਰਜਿੰਦਰ ਨਾਗਰਾ ਨੂੰ ਫਿਲਮੀ ਬ੍ਰੇਕ ਗੁਰਿੰਦਰ ਚੱਢਾ ਨੇ 'ਬੈਂਡ ਇਟ ਲਾਈਕ ਬੈਕਹਮ' ਵਿਚ ਦਿੱਤੀ ਸੀ। ਉਸ ਦੇ ਅਭਿਨੈ ਵਿਚ ਏਨੀ ਸੁਭਾਵਿਕਤਾ ਸੀ ਕਿ ਅਹਿਸਾਸ ਤੱਕ ਨਹੀਂ ਸੀ ਹੁੰਦਾ ਕਿ ਉਹ ਐਕਟਿੰਗ ਕਰ ਰਹੀ ਹੈ। ਇਸ ਫਿਲਮ ਦੇ ਪ੍ਰਦਰਸ਼ਨ ਤੋਂ ਬਾਅਦ ਉਸ ਨੂੰ ਅਗਲਾ ਵੱਡਾ ਬ੍ਰੇਕ ਸੀ.ਬੀ.ਐਸ. ਦੇ ਕੌਮਾਂਤਰੀ ਸੀਰੀਅਲ 'ਔਰ...' ਵਿਚ ਮਿਲਿਆ। ਦੁਨੀਆਂ ਭਰ ਵਿਚ ਵਿਖਾਏ ਜਾਣ ਵਾਲੇ ਇਸ ਸੀਰੀਅਲ ਵਿਚ ਉਸ ਦੀ ਭੂਮਿਕਾ ਨਰਸ ਦੀ ਹੈ। ਜਿਹੜੇ ਹੋਰ ਸਿੱਖ ਅਦਾਕਾਰ ਹੌਲੀਵੁੱਡ ਵਿਚ ਪੈਰ ਟਿਕਾਉਣ ਲਈ ਜ਼ੋਰ-ਅਜ਼ਮਾਈ ਕਰਦੇ ਆ ਰਹੇ ਹਨ, ਉਨ੍ਹਾਂ ਵਿਚ ਗੈਰੀ ਕਲਸੀ (ਗੁਰਵਿੰਦਰ ਕਲਸੀ), ਬਿਕਰਮ ਬਿੱਕੀ, ਨਿਕਿਤਾ ਸਾਹਨੀ ਤੇ ਨਤਾਸ਼ਾ ਗਿੱਲ ਦੇ ਨਾਂ ਵਰਨਣਯੋਗ ਹਨ। ਇਨ੍ਹਾਂ ਦੇ ਯਤਨਾਂ ਨੂੰ ਭਾਵੇਂ ਬਹੁਤਾ ਬੂਰ ਨਹੀਂ ਪਿਆ, ਫਿਰ ਵੀ ਸੰਘਰਸ਼ ਤਿਆਗਿਆ ਵੀ ਨਹੀਂ ਗਿਆ। ਕੈਲੇਫੋਰਨੀਆ ਵਿਚ ਸਿੱਖਾਂ ਨੂੰ ਸਨਮਾਨਯੋਗ ਸਥਾਨ ਬਣਾਉਣ ਲਈ ਜੂਝਦਿਆਂ ਛੇ ਦਹਾਕੇ ਲੱਗ ਜਾਣਗੇ। ਹਾਲੀਵੁੱਡ ਵਿਚ ਅਜਿਹੇ ਸਥਾਨ ਲਈ ਜੱਦੋ-ਜਹਿਦ ਤਾਂ ਅਜੇ ਇਕ ਡੇਢ ਦਹਾਕਾ ਹੀ ਪੁਰਾਣੀ ਹੈ।

No comments:

Post a Comment