deshpunjabtimes.blogspot.com

Wednesday, 5 October 2011

ਕਵਿਤਾਵਾਂ

ਜ਼ਿੰਦਗੀਵਾਦ\ਕੁਕਨੂਸ ਗਰੇਵਾਲ

ਹੁਣ ਤਾਂ ਇਹ ਰੋਜ਼ ਦੀ ਗੱਲ ਹੈ...
ਫੇਸਬੁਕ ਖੋਲਦਿਆਂ ਹੀ...
ਅਨਗਿਣਤ ਅਣਚਾਹੇ ਅਖਰ..
ਅਖਾਂ ਸਾਹਵੇਂ ਮਖੀਆਂ ਵਾਂਗ ..
ਭਿਨ-ਭਿਨਾਉਣ ਲੱਗ ਜਾਂਦੇ ਨੇ....
ਫਲਾਣੇ ਨੇ ਤੁਹਾਨੂੰ ਫਲਾਣੇ ਗਰੁਪ ਚ ..
ਜ਼ਬਰਦਸਤੀ ਸ਼ਾਮਿਲ ਕਰ ਲਿਆ ਹੈ...
ਤੇ ਕੋਈ ਧਿਮ੍ਕਾ ਸ਼ਕਸ਼....
ਤੁਹਾਨੂੰ ਸਭ ਨੂੰ ਇੱਕ-ਜੁੱਟ ਕਰੇਗਾ...
ਕਿਸੇ ਨਾ ਕਿਸੇ  " ਵਾਦ" ਉੱਤੇ....
ਤੇ ਮੈਂ ਕਦੀ ਘਬਰਾ ਕੇ ਤੇ ਕਦੀ ਖਿਝ ਕੇ....
ਅਖਾਂ ਬੰਦ ਕਰ ਲੈਂਦਾ ਹਾਂ....
ਤੇ ਕਦੀ-ਕਦੀ ਆਪਣਾ ਸਿਰ ਸੁੱਟ ਲੈਂਦਾ ਹਾਂ...
ਕੁਰਸੀ ਦੀ ਢੋਅ ਤੇ ਮੁਰਦਿਆਂ ਵਾਂਗ....
ਤੇ ਮੈਂ ਇਦਾਂ ਕਿਓਂ ਕਰਦਾ ਹਾਂ ...
ਸ਼ਾਇਦ ਮੈਂ ਵੀ ਨਹੀਂ ਜਾਣਦਾ....
ਬਸ ਮੈਨੂੰ ਕੋਈ "ਵਾਦ " ਪਤਾ ਹੈ ਤਾਂ...
ਓਹ ਹੈ  ਬਸ "ਜ਼ਿੰਦਗੀਵਾਦ"..
ਹੁਣ ਮੌਕੇ ਤੇ ਲੋੜ ਮੁਤਾਬਿਕ ਇਸਦਾ ..
ਅਗੇਤਰ ਜਦ ਮਰਜ਼ੀ ਬਦਲ ਲਵੋ....
ਜਦ ਚਾਹੇ ਦਿਲ ਕਰੇ ਤੋਂ...
ਰੋਮਾਂਸਵਾਦ ਦੀਆਂ ਪੁੜੀਆਂ ਚ ਬੰਨ ਕੇ ..
ਦੇ ਦਵੋ ਜਜ਼ਬਿਆਂ ਦੇ ਅਵਸ਼ੇਸ਼....
ਜਾਂ ਫਿਰ  ਜਿਓਂਦੇ ਰਹਿਣ ਦੀ ਜੰਗ ਨੂੰ...
ਹੋਂਦਵਾਦ ਦੀਆਂ ਸੁਨਿਹਰੀ ਡੱਬੀਆਂ ਚ ..
ਬੰਦ ਕਰ ਵਿਕਣੇ ਲਾ ਦਵੋ....
ਖੇਤਾਂ ਵਿਚ ਨੁਚੜਦੇ ਪਸੀਨੇ...
ਹਰ ਸਾਲ ਵੱਡੀ ਹੁੰਦੀ ਜਾਂਦੀ ਕਰਜ਼ੇ ਦੀ ਪੰਡ...
ਤੇ ਡੇਰੇ ਵਾਲੀ ਮੋਟਰ ਤੇ ਲਟਕਦੇ ...
ਖੁਦਕੁਸ਼ੀ ਵਾਲੇ ਫੰਦੇ ਤੇ.....
ਚਾਹੋ ਤਾਂ ਤੁਸੀਂ ਜੱਟਵਾਦ  ਦੀ ਮੋਹਰ ਲਾ ਦਿਓ.....
ਜਾਂ ਫਿਰ ਕੱਟੀਆਂ ਬਾਹਾਂ ਵਾਲੇ ਬੰਤ ਸਿੰਘ ਦੇ ਗਲ ਵਿਚ....
ਦਲਿਤ ਵਾਦ ਜਾਂ ਜਾਤੀ-ਵਾਦ ਦਾ ਫੱਟਾ ਲਟਕਾ ਦਿਓ...
ਕਾਰਖਾਨੇ ਦੀ ਅੱਗ ਵਿਚ ..
ਆਪਣਾ ਲਹੂ ਬਾਲਦੇ ਮਜਦੂਰਾਂ ਲਈ....
ਲਾਲ ਝੰਡਾ ਕਿਸੇ  ਵਾਦ ਦਾ ਸੂਚਕ ਨਹੀਂ...
ਓਹਨਾਂ ਲਈ ਤਾਂ ਹੈ ਇਹ ਬਸ ਇੱਕ ਉਮੀਦ..
ਇੱਕ ਹੌਂਸਲਾ ਲੜਦੇ ਰਹਿਣ ਦਾ...
ਮੈਨੂੰ ਪਤਾ ਹੈ ਤੁਸੀਂ ਹੁਣ ਪੋਤ ਦਵੋਗੇ
ਮੇਰੇ ਮਥੇ ਤੇ ਨਿਰਾਸ਼ਾਵਾਦ ਦੀ ਕਾਲਖ ..
ਤੇ ਦਿਖਾਓਗੇ ਲਾਲਚ ਮੈਨੂੰ...
ਆਸ਼ਾਵਾਦ ਦੇ ਤਮਗਿਆਂ ਦਾ......
ਪਰ ਮੈਂ ਫੇਰ ਵੀ ਇਹੀ ਕਹਾਂਗਾ ਕਿ...
ਮੈਨੂੰ ਕੋਈ "ਵਾਦ " ਪਤਾ ਹੈ ਤਾਂ...
ਓਹ ਹੈ  ਬਸ "ਜ਼ਿੰਦਗੀਵਾਦ"..
ਹੁਣ ਮੌਕੇ ਤੇ ਲੋੜ ਮੁਤਾਬਿਕ ਇਸਦਾ ..
ਅਗੇਤਰ ਜਦ ਮਰਜ਼ੀ ਬਦਲ ਲਵੋ....


ਕਿਸ ਨੂੰ ਵਤਨ ਕਹਾਂ ,,\ਸੰਤ ਰਾਮ ਉਦਾਸੀ

  ਹਰ ਥਾਂ  ਖੂਨੋ ਖੂਨ  ਹੈ ਧਰਤੀ
ਹਰ ਥਾਂ  ਕਬਰਾਂ  ਦੀ ਚੁੱਪ ਵਰਤੀ
ਅਮਨ  ਕਿਥ੍ਹੇ  ਮੈਂ  ਦਫਨ ਕਰੂੰਗਾ
ਮੈਂ ਹੁਣ ਕਿਸ ਨੂੰ ਵਤਨ ਕਹੂੰਗਾ
....
ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ  ਸ਼ਿਵ ਦੀਆਂ ਜਟਾਵਾਂ
ਕਿਸ ਨੂੰ ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸ ਨੂੰ ,,,,,,,,,,,
 ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ
ਆਹ ਕੋਈ ਮੇਰੀ ਭੈਣ ਜਿਹਾ ਹੈ
ਕਿਸ ਕਿਸ ਦਾ ਮੈਂ ਨਗਨ ਕ੍ਜੂਂਗਾ
ਮੈਂ ਹੁਣ ਕਿਸ ਨੂੰ ,,,,,,,,,,,,,
ਕੌਣ ਸਿਆਣ ਕਰੇ ਮਾਂ ਪਿਓ ਦੀ
ਹਰ ਇੱਕ ਦੀ ਲਾਸ਼ ਇੱਕੋ ਜੀ
ਕਿਸ ਕਿਸ ਲਈ ਮੈਂ  ਕਫਨ ਲਊਂਗਾ
ਮੈਂ ਹੁਣ ਕਿਸ ਨੂੰ
ਰੋ ਪਈਆਂ ਚਾਨਣੀਆਂ ਰਾਤਾਂ
ਮੁੱਕੀਆਂ ਦਾਦੀ ਮਾਂ  ਦੀਆਂ  ਬਾਤਾਂ
ਕਿੰਝ ਬੀਤੇ  ਦਾ ਹਵਨ  ਕਰੂੰਗਾ
ਮੈਂ ਹੁਣ ਕਿਸ ਨੂੰ
 ਜਜਬੇ  ਸਾਂਭ  ਮੇਰੇ ਸਰਕਾਰੇ
ਮੋੜ ਦੇ ਮੇਰੇ ਗੀਤ  ਪਿਆਰੇ
ਕਿੰਝ ਚਾਵਾਂ ਦਾ ਦਮਨ ਕਰੂੰਗਾ
 ਮੈਂ ਹੁਣ ਕਿਸ ਨੂੰ ਵਤਨ ਕਹੂੰਗਾ




ਕਿੰਨਾ ਨਸ਼ਾ ! ਕਿੰਨੀ ਖੁਮਾਰੀ !!\ਗੁਲਸ਼ਨ ਦਿਆਲ

ਪਿਆਰ ਤੇਰੇ 'ਚ 
ਚਿੱਤ ਕਰਦਾ 
ਸੌਂ ਜਾਵਾਂ ਹਮੇਸ਼ਾ ਲਈ 
 ਅੱਖਾਂ ਮੀਚ 
ਮਰ ਹੀ ਜਾਵਾਂ ਮੈਂ 
ਹੋਠਾਂ ਤੇ ਨਾਂ ਤੇਰਾ ਲਈ ....
ਚੁੱਪ ਚਾਪ 
ਪਰ ਭਰੀ ਭਰੀ
ਸ਼ਾਂਤ ਤੇ
ਰੱਜੀ  ਰੱਜੀ  ਜੇਹੀ
ਗਾਉਂਦੀ ਹੋਈ ਖਾਮੋਸ਼ੀ
ਭਰਿਆ ਭਰਿਆ
ਮੇਰਾ ਖਿਲਾਅ
ਅਡੋਲ ਸਰੀਰ
ਹਵਾ 'ਚ ਤਿਰਦੀ
ਭਿੰਨੀ ਭਿੰਨੀ ਖੁਸ਼ਬੂ
ਚੌਹੀਂ ਪਾਸੀਂ ਫੈਲਦੀ
ਮਹਿਕਦੀ , ਮਹਿਕਾਉਂਦੀ
ਤਿਰਦੀ , ਫੈਲਦੀ
ਫਿਰ ਵੀ ਮੇਰੀ ਸੁਰਤ
ਤੇਰੇ  'ਚ ਵਸੀ
ਰੂਹ ਮੇਰੀ
ਸਿਰਫ ਤੇਰੇ  'ਚ
ਹੀ ਅਟਕੀ
ਕਿਓਂ ਹੈ ਇਸ ਤਰ੍ਹਾਂ
ਇੱਕੋ ਥਾਂ ਜੜ੍ਹੀ
ਪਰ ਫਿਰ ਵੀ
ਚੌਹੀਂ ਪਾਸੀ ਹਾਂ ਮੈਂ !!!

ਮਾਵਾਂ ਧੀਆਂ ਦਾ ਸਫ਼ਰ  \ਪ੍ਰੀਤ ਕੰਵਲ


ਜਦੋਂ ਵੀ ਮੈਂ ਯਾਦਾਂ ਦਾ ਚਰਖਾ ਡਾਹੁੰਦੀ ਹਾਂ
ਇਸ ਦੀ ਘੂਕਰ ਮੈਨੂੰ ਜਿੰਦਗੀ ਦੇ
ਤਾਣੇ ਬਾਣੇ ਤੋਂ ਦੂਰ ਲੈ ਜਾਂਦੀ ਹੈ
ਸਮੇਂ ਦੀ ਅੱਟੀ ਹੱਥ ਵਿਚ ਲੈ ਕੇ ਮੈਂ
ਕੁਝ ਤੰਦਾਂ ਮਾਵਾਂ ਧੀਆਂ ਦੇ ਪਿਆਰ ਦੀਆਂ ਬੁਣ ਲੈਂਦੀ ਹਾਂ
ਕਹਿੰਦੇ ਨੇ ਗਿਆ ਵਕਤ ਹੱਥ ਨਹੀਂ ਆਉਂਦਾ
ਖ਼ਬਰੇ ਕਿਵੇਂ ਮੈਂ ਇਸ ਨੂੰ ਕੱਤ ਲੈਂਦੀ ਹਾਂ
ਅਤੇ ਧੁੰਦਲੇ ਹੋਏ ਦੁੱਧ ਵਰਗੇ
ਨਾਨੀ ਦੇ ਬੁਣੇ ਖੇਸਾਂ ਵਿਚੋਂ
ਕਪਾਹ ਦੇ ਬੂਟਿਆਂ ਦੀ ਮਹਿਕ ਪਾਉਂਦੀ ਹਾਂ . . . . . . ..

ਮਾਂ ਦੱਸਿਆ ਕਰਦੀ ਸੀ ਕਿ ਮੇਰੀ ਨਾਨੀ
ਸੁਪਨੇ ਬੁਣ ਬੁਣ ਕੇ ਉਸ ਲਈ ਸਜਾਉਂਦੀ ਸੀ
ਅਤੇ ਚੁੰਮ ਚੁੰਮ ਕੇ ਰੀਝਾਂ ਨਾਲ
ਧੀ ਦਾ ਦਾਜ ਪੇਟੀਆਂ ਵਿਚ ਲੁਕਾਉਂਦੀ ਸੀ
ਗੀਤ ਸੁਹਾਗ ਦੇ ਗਾਉਂਦੀ, ਸਿੱਖਿਆ ਦਿੰਦੀ
ਸੀਣਾ ਪਿਰੋਣਾ ਸਿਖਾਉਂਦੀ
ਸਿਰ ਤੋਂ ਟੱਲਾ ਜ਼ਰਾ ਵੀ ਡਿੱਗਦਾ
ਮਾਂ ਨੂੰ ਘੂਰੀਆਂ ਨਾਲ ਸਮਝਾਉਂਦੀ
ਸ਼ਰਮ ਹੈ ਔਰਤ ਦਾ ਇਕ ਗਹਿਣਾ
ਦਿਨ ਰਾਤ ਇਹੋ ਸਮਝਾਉਂਦੀ
ਮਾਂ ਨੂੰ ਤੋਰ ਕੇ ਨਾਨੀ ਤੋਂ ਕੱਤਿਆ ਨਾ ਜਾਵੇ
ਰੋ ਰੋ ਕੇ ਹੰਝੂਆਂ ਨਾਲ ਗਿੱਲੀਆਂ ਤੰਦਾ ਪਾਵੇ
ਚੁਲ•ੇ ਦੇ ਧੂੰਏ ਬਹਾਨੇ ਹੰਝੂ ਟਪਕਾਵੇ
ਦਰਾਣੀਆਂ ਜਠਾਣੀਆਂ ਦੇ ਹਾਸਿਆਂ ਨਾਲ
ਜ਼ਖਮ ਢੱਕ ਕੇ ਡੰਗ ਟਪਾਵੇ
ਸੁਪਨੇ ਤੇ ਔਰਤਾਂ ਦੇ ਕਦੇ ਸੱਚ ਨਹੀਂ ਹੁੰਦੇ
ਪਰ ਜੀਊਣ ਦੀ ਜਾਚ
ਮੈਂ ਅੱਜ ਵੀ ਉਨ•ਾਂ ਤੋਂ ਪਾਉਂਦੀ ਹਾਂ.. .. . .
ਨਾਨੀ ਤੋਂ ਬਾਦ ਚਰਖਾ ਚੁੱਪ ਹੋ ਗਿਆ
ਰੇਡੀਓ, ਟੀਵੀ ਨੇ ਲੈ ਲਈ ਉਸ ਦੀ ਥਾਂ
ਕੁਲੀਆਂ ਗੰਦਲਾਂ ਵਰਗੀ ਮੇਰੀ ਮਾਂ
ਜਿੰਦਗੀ ਦੀਆਂ ਗੁੰਝਲਾਂ ਸੁਲਝਾਉਂਦੀ
ਨਾਲੇ ਮੇਰੀਆਂ ਗੁੱਤਾਂ ਗੁੰਦਦੀ
ਨਾਲ ਪੜ•ਾਈ ਦੀ ਕਦਰ ਸਮਝਾਉਂਦੀ
ਅਤੇ ਮੈਂ ਜਿੰਦਗੀ ਦੀਆਂ ਤਸਵੀਰਾਂ ਵਿਚ
ਖੁਸ਼ੀਆਂ ਭਰੇ ਰੰਗ ਸਜਾਉਂਦੀ
ਵਿਹੜੇ ਵਿਚ ਪੀਂਘਾਂ ਪਾ ਕੇ
ਖਿੱਲਾ ਵਰਗੇ ਹਾਸੇ ਟਪਕਾਂਦੀ
ਉਸ ਦਾ ਸੁਪਨਾ ਸੱਚ ਮਨਾਉਂਦੀ
ਪਰ ਮਾਂ ਉਹੀ ਨਾਨੀ ਵਾਂਗਰ
ਹਰ ਵੇਲੇ ਮੇਰਾ ਦਾਜ ਬਣਾਉਂਦੀ
ਮੈਂ ਭੁੱਲ ਗਈ ਸਾਂ ਮਾਂ ਦੇ ਲਾਡ ਵਿਚ
ਕਿ ਤੋੜਨੇ ਪੈਣੇ ਨੇ ਬੰਨਣ ਸਾਰੇ
ਇਹੋ ਰੀਤ ਸਦਾ ਚਲੀ ਆਈ
ਸੁਰਗ ਨਹੀਂ ਮਿਲਦੇ ਬਿਨਾਂ ਧੀ ਵਿਆਹੀ
ਅੱਜ ਸੁੰਨੇ ਹੋ ਗਏ ਉਹ ਵਿਹੜੇ ਸਾਰੇ
ਮਿਲ ਬੈਠਣ ਦੇ ਬਹਾਨੇ ਪਿਆਰੇ
ਪਰ ਵਕਤ ਤੇ ਮੇਰਾ ਵੀਰ ਨਿਕਲਿਆ
ਮੈਨੂੰ ਮਾਂ ਦੇ ਵਿਹੜੇ ਲੈ ਗਿਆ
ਮੈਂ ਰੱਜ ਰੱਜ ਉਸ ਦਾ ਸ਼ੁਕਰ ਮਨਾਉਂਦੀ ਹਾਂ. . . . ..  . . .
ਹੁਣ ਜਦੋਂ ਦੀ ਮੇਰੀ ਧੀ ਰਾਣੀ ਆਈ
ਕਿਸਮਤ ਦੀਆਂ ਲਕੀਰਾਂ ਨਾਲ ਲਿਆਈ
ਜਦ ਜਦ ਮਨ ਤੇ ਉਦਾਸੀ ਛਾਏ
ਉਹ ਦੋ ਗਿੱਠ ਦਾ ਬਕਸਾ ਖੋਲ ਵਿਖਾਏ
ਉਹ ਅੰਬਰੀ ਤਾਰੇ ਤੋੜ ਲਿਆਏ
ਮੇਰੀ ਮਾਂ ਤੇ ਮੇਰੇ ਸੁਪਨੇ ਸਾਕਾਰ ਕਰਕੇ
ਕੰਮਪਿਊਟਰ ਤੇ ਸਾਰੀ ਦੁਨੀਆ ਵਿਖਾਏ
ਸਮੇਂ ਦੀਆਂ ਅਣਮੁੱਲੀਆਂ ਦਾਤਾਂ ਵੇਖ ਵੇਖ
ਮੈਂ ਇਸ ਦਾ ਪਲ ਪਲ ਲੁਤਫ਼ ਉਠਾਉਂਦੀ ਹਾਂ
ਜਦੋਂ ਵੀ ਮੈਂ ਯਾਦਾਂ ਦਾ ਚਰਖ਼ਾ ਡਾਹੁੰਦੀ ਹਾਂ।


  ਜਜ਼ੀਰਿਆਂ ਵਿਚ ਘਿਰਿਆ ਸਮੁੰਦਰ\  ਜਗਤਾਰ
               
ਹੁਣ ਕਿਸੇ ਆਉਣਾ ਨਹੀਂ ਪਾਗਲ ਨਾ ਹੋ |
ਐਵੇਂ ਸਰਦਲ ਨਾਲ ਤੂੰ ਸਰਦਲ ਨਾ ਹੋ |
ਜੇ ਨਹੀਂ ਬਣਦਾ ਨਾ ਬਣ ਮੇਰਾ ਤੂੰ ਪਰ,
ਜ਼ਿੰਦਗੀ ‘ਚੋਂ ਇਸ ਤਰਾਂ ਓਝਲ ਨਾ ਹੋ |
ਮੌਸਮੀ ਪੰਛੀ ਨੇ ਸਭ ਉੱਡ ਜਾਣਗੇ,
ਸੋਨ-ਚਿੜੀਆਂ ਦੇ ਲਈ ਬਿਹਬਲ ਨਾ ਹੋ |
ਭਾਰ ਬਣ ਕੇ ਉਮਰ ਭਰ ਦਿਲ ‘ਤੇ ਰਿਹੈਂ,
ਹੁਣ ਪਲਕ ‘ਤੇ ਪਲ ਕੁ ਭਰ ਬੋਝਲ ਨਾ ਹੋ |
ਹੋਰ ਵੀ ਬੁਝ ਜਾਏਂਗਾ ਘਰ ਆਣ ਕੇ,
ਇਸ ਲਈ ਜਸ਼ਨਾਂ ‘ਚ ਤੂੰ ਸ਼ਾਮਿਲ ਨਾ ਹੋ |


ਲਫਜ਼ਾਂ ਦੀ ਦਰਗਾਹ \ ਸੁਰਜੀਤ ਪਾਤਰ

ਬਹੁਤ ਗੁਲ ਖਿਲੇ ਨੇ ਨਿਗਾਹਵਾਂ ਤੋਂ ਚੋਰੀ
ਕਿੱਧਰ ਜਾਣ ਮਹਿਕਾਂ ਹਵਾਵਾਂ ਤੋਂ ਚੋਰੀ

ਸ਼ਰੀਕਾਂ ਦੀ ਸ਼ਹਿ ‘ਤੇ ਭਰਾਵਾਂ ਤੋਂ ਚੋਰੀ
ਮੈਂ ਸੂਰਜ ਜੋ ਡੁੱਬਿਆ ਦਿਸ਼ਾਵਾਂ ਤੋਂ ਚੋਰੀ

ਕਿੱਧਰ ਗਏ ਓ ਪੁੱਤਰੋਂ ਦਲਾਲਾਂ ਦੇ ਆਖੇ
ਮਰਨ ਲਈ ਕਿਤੇ ਦੂਰ ਮਾਵਾਂ ਤੋਂ ਚੋਰੀ

ਕਿਸੇ ਹੋਰ ਧਰਤੀ ਤੇ ਵਰਦਾ ਰਿਹਾ ਮੈਂ
ਤੇਰੇ ਧੁਖਦੇ ਖਾਬਾਂ ਤੇ ਚਾਵਾਂ ਤੋਂ ਚੋਰੀ

ਉਨਾਂ ਦੀ ਵੀ ਹੈ ਪੈੜ ਮੇਰੀ ਗਜ਼ਲ ਵਿਚ
ਕਦਮ ਜਿਹੜੇ ਤੁਰਿਆ ਮੈਂ ਰਾਹਵਾਂ ਤੋਂ ਚੋਰੀ

ਕਲੇਜਾ ਤਾਂ ਫਟਣਾ ਹੀ ਸੀ ਉਸ ਦਾ ਇਕ ਦਿਨ
ਜੁ ਹਉਕਾ ਵੀ ਭਰਦਾ ਸੀ ਸਾਹਵਾਂ ਤੋਂ ਚੋਰੀ

ਉਹ ਛਾਵਾਂ ਨੂੰ ਮਿਲਦਾ ਸੀ ਧੁੱਪਾਂ ਤੋਂ ਛੁੱਪ ਕੇ
ਤੇ ਰਾਤਾਂ ‘ਚ ਡੁਬਦਾ ਸੀ ਛਾਵਾਂ ਤੋਂ ਚੋਰੀ

ਘਰੀਂ ਮੁਫਲਿਸਾਂ ਦੇ, ਦਰੀਂ ਬਾਗੀਆਂ ਦੇ
ਜਗੋ ਦੀਵਿਓ ਬਾਦਸ਼ਾਹਵਾਂ ਤੋਂ ਚੋਰੀ

ਮੇਰੇ ਯੁੱਗ ਦੇ ਐ ਸੂਰਜੋ ਪੈਰ ਦਬ ਕੇ
ਕਿਧਰ ਜਾ ਰਹੇ ਹੋਂ ਸ਼ੁਆਵਾਂ ਤੋ ਚੋਰੀ

ਦਗਾ ਕਰ ਰਿਹਾ ਏਂ, ਗਜ਼ਲ ਨਾਲ ‘ਪਾਤਰ’
ਇਹ ਕੀ ਲਿਖ ਰਿਹੈਂ ਭਾਵਨਾਵਾਂ ਤੋਂ ਚੋਰੀ




ਕਦੋਂ ਸਿਰਜਾਂਗੇ ਆਪਣਾ ਨਵਾਂ ਇਤਿਹਾਸ? \ ਪ੍ਰੋ. ਬਲਵਿੰਦਰਪਾਲ ਸਿੰਘ

ਅਜੇ ਤਾਂ ਅਸੀਂ ਚੇਤੰਨ ਨਹੀਂ ਹੋਏ
ਪਿਛਲੇ ਦੁਖਾਂਤ ਦਾ ਲੇਖਾ ਜੋਖਾ ਕਰਕੇ ਵੀ।
ਇਹ ਸਾਡੀ ਭੇਦ ਭਰੀ ਚੁੱਪ।
ਸਾਡੀ ਹੋਂਦ 'ਤੇ ਪ੍ਰਸ਼ਨ ਚਿੰਨ੍ਹ ਤਾਂ ਨਹੀਂ।
ਪਰ ਅਸੀਂ ਬੇਗਾਨੇ ਘਰ ਦੀ ਨੁਕਰ
ਵਿੱਚ ਲੱਗ ਕੇ ਵੀ
ਝੂਠ ਦੀ ਬਾਣੀ ਅਲਾਪ ਰਹੇ ਹਾਂ।
ਦੱਸੋ ਖਾਂ ਸਾਡੀ ਹੋਂਦ ਕਿੱਥੇ ਹੈ?
ਚਾਹੀਦਾ ਸੀ ਕਿ ਅਸੀਂ ਗੁਰੂ ਨਾਨਕ ਦੀ
ਬਾਣੀ ਗਾਉਂਦੇ।
ਪਰ ਗੰਗੂ ਦੇ ਰਾਹਾਂ 'ਤੇ ਟੁਰਨ 'ਚ
ਸਾਨੂੰ ਮੁਕਤੀ ਦਾ ਰਾਹ ਦਿਖਾਈ ਦੇਂਦਾ।
ਫਿਰ ਅਸੀਂ ਕਿਵੇਂ ਕਹਿੰਦੇ ਹਾਂ
ਕਿ ਸ਼ੰਕਰਾਚਾਰੀਆ ਦੀ ਢਾਣੀ ਨੂੰ
ਨੱਥ ਪਾ ਲਵਾਂਗੇ
ਤੇ ਦਿੱਲੀ ਤਖ਼ਤ 'ਤੇ ਜਾ ਕੇ
ਬਾਬਾ ਬਘੇਲ ਸਿੰਘ ਵਾਂਗ
ਵਜਾ ਦੇਵਾਂਗੇ ਫਤਿਹ ਦਾ ਡੰਕਾ।
ਅਜੇ ਅਸੀਂ ਕੁਝ ਕਰਨ ਜੋਗੇ ਵੀ ਤਾਂ ਨਹੀਂ
ਬੱਸ ਆਲ੍ਹਣੇ 'ਚ ਬੈਠੇ ਕਬੂਤਰ ਦੀ ਤਰ੍ਹਾਂ
ਅੱਖਾਂ ਮੀਟ ਕੇ ਖੂਨੀ ਬਿੱਲੇ ਦਾ
ਖਾਜਾ ਬਣਨ ਦੀ ਉਡੀਕ 'ਚ ਹਾਂ।
ਸਾਡੀ ਬੇਸਮਝੀ ਹੀ ਇਹ ਹੈ ਕਿ
ਅਸੀਂ ਪਿਛਲੇ ਇਤਿਹਾਸ ਨੂੰ ਪੜ੍ਹ ਕੇ
ਆਪਣੇ ਆਪ ਨੂੰ ਮਾਰਸ਼ਲ ਕਹਿਣਾ।
ਮਿੱਥ ਲਿਆ।
ਪਤਾ ਨਹੀਂ ਕਦੋਂ ਸਾਡੀ ਜਾਗ ਖੁੱਲ੍ਹੇਗੀ
ਤੇ ਕਦੋਂ ਸਿਰਜਾਂਗੇ ਆਪਣਾ ਨਵਾਂ
ਇਤਿਹਾਸ।

ਇੱਛਾ\ਪੁਰਨੀਤ ਕੌਰ

ਤੇਰਾ ਪਰਛਾਵਾਂ ਬਣਕੇ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ,
ਤੇਰੇ ’ਤੇ ਆਏ ਹਰ ਦਰਦ ਨੂੰ ਆਪਣੀ ਰੂਹ ’ਤੇ ਲੈਣਾ ਚਾਹੁੰਦੀ ਹਾਂ,
ਹਰ ਵੇਲੇ ਤੇਰੇ ਫ਼ਿਕਰ ਵਿੱਚ ਸਾਹ ਸੁੱਕੇ ਰਹਿਣ ਮੇਰੇ,
ਪਰ ਫੇਰ ਵੀ ਧੀਏ ਤੇਰੀ ਮਾਂ ਬਣਕੇ ਰਹਿਣਾ ਚਾਹੁੰਦੀ ਹਾਂ।
ਬਾਹਰ ਨਿਕਲਣ ਦੀ ਉਮਰੇ ਤੇਰੀ ਮੈਂ ਬੁੂਹਾ ਢੋਣਾ ਚਾਹੁੰਦੀ ਸੀ,
ਤੇਰੇ ’ਤੇ ਪੈਂਦੀ ਹਰ ਬੁਰੀ ਨਜ਼ਰ ਨੁੂੰ ਚੁੱਲੇ ਝੋਂਕਣਾ ਚਾਹੁੰਦੀ ਸੀ,
ਬੇਫ਼ਿਕਰੀਆਂ ਨੂੰ ਗਹਿਣੇ ਰੱਖਕੇ ਤੈਨੂੰ ਦੁਨੀਆਂ ’ਤੇ ਲਿਆਈ ਸੀ,
ਮਹਿਸੂਸ ਹੋਈ ਸੀ ਹਰ ਜੰਨਤ ਮੇੈਨੂੰ
ਜਦੋਂ ਰੱਬ ਨੇ ਤੂੰ ਝੋਲੀ ਮੇਰੀ ਪਾਈ ਸੀ,
ਤੇਰੀ ਆਜ਼ਾਦੀ ਦੇ ਬਦਲੇ ਤਾਹਨੇ, ਮਿਹਣੇ
ਮੈਂ ਕਮਾਉਂਦੀ ਹਾਂ,
ਫੇਰ ਵੀ
ਧੀ ਬੇਗਾਨਾ ਧਨ ਹੈ ਕਦੋਂ ਤੱਕ ਜੱਗ ਇਹੋ ਕਹਿੰਦਾ ਰਹੇਗਾ,
ਮਾਂ ਹੀ ਸਮਝ ਸਕੇਗੀ ਮਾਂ ਦੂਜੀ ਨੂੰ,
ਜਿਸ ਦਿਨ ਤੈਨੂੰ ਆਪ ਪਰਾਈ ਕਰਨਾ ਪਵੇਗਾ,
ਜੰਮੀ, ਪਾਲੀ ਤੇ ਤੋਰੀ ਇੱਕ ਪੀੜ ਨੇ ਇਹੋ ਜਿਹਾ ਘਰ ਕੀਤਾ,
ਪਰਾਈ ਆਪ ਕਹਾਇਆ ਪਰਾਈ ਤੂੰ ਵੀ ਏਂ,
ਕਦੋਂ ਬਦਲਣਗੀਆਂ ਇਹ ਰੀਤਾਂ,
ਬੇਸ਼ੱਕ ਪੁਰਨੀਤ ਲਈ ਹੰਝੂ ਵਿਅਰਥ ਮੈਂ ਵਹਾਉਂਦੀ ਹਾਂ,
ਪਰ ਫੇਰ…




No comments:

Post a Comment