ਭਾਰਤ ਇਸ ਗੱਲ 'ਤੇ ਬਹੁਤ ਮਾਣ ਕਰਦਾ ਹੈ ਕਿ ਇੱਥੇ ਬਹੁਤ ਹਮਲਾਵਰ ਆਏ, ਪਰ ਹਿੰਦੂ ਸੱਭਿਅਤਾ ਦਾ ਕੁੱਝ ਨਹੀਂ ਵਿਗਾੜ ਸਕੇ। ਇਸ ਦੇ ਉਲਟ ਜਿਸ ਨੇ ਵੀ ਇਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਉਹਦਾ ਨਾਂ ਨਿਸ਼ਾਨ ਜਾਂ ਤੇ ਪੂਰੀ ਤਰ੍ਹਾਂ ਮਿਟ ਗਿਆ, ਜਾਂ ਬਹੁਤ ਮੱਧਮ ਪੈ ਗਿਆ। ਜਵਾਹਰ ਲਾਲ ਨਹਿਰੂ ਆਪਣੀ ਕਿਤਾਬ ਡਿਸਕਵਰੀ ਆਫ਼ ਇੰਡੀਆ ਵਿੱਚ ਦਾਅਵਾ ਕਰਦਾ ਹੈ ਕਿ ਬੁੱਧ ਧਰਮ ਨੇ ਹਿੰਦੂ ਸਮਾਜ ਦਾ ਆਧਾਰ ਖੋਰਨ ਦੀ ਕੋਸ਼ਿਸ਼ ਕੀਤੀ, ਪਰ ਬੁੱਧ ਧਰਮ ਭਾਰਤ ਤੋਂ ਤਕਰੀਬਨ ਖ਼ਤਮ ਹੋ ਗਿਆ। ਅਕਬਰ ਅਤੇ ਔਰੰਗਜ਼ੇਬ ਦੀ ਤੁਲਨਾ ਕਰਦੇ ਹੋਏ ਵੀ ਇਸੇ ਤਰ੍ਹਾਂ ਦਾ ਤਰਕ ਪੇਸ਼ ਕੀਤਾ ਜਾਂਦਾ ਹੈ। ਨਹਿਰੂ ਆਪਣੀ ਕਿਤਾਬ ਵਿੱਚ ਸਿੱਖ ਧਰਮ ਦੀ ਅਜ਼ਾਦ ਹੋਂਦ ਨੂੰ ਮਾਣਤਾ ਨਹੀਂ ਦਿੰਦਾ, ਸਗੋਂ ਭਗਤ ਕਬੀਰ, ਰਵੀਦਾਸ ਤੇ ਹੋਰ ਸੰਤ ਮਹਾਤਮਾ, ਜਿਨ੍ਹਾਂ ਨੇ ਸਿੱਖ ਗੁਰੂਆਂ ਸਮੇਤ ਬ੍ਰਾਹਮਣੀ ਸਮਾਜ 'ਤੇ ਹਮਲਾ ਕੀਤਾ, ਉਨ੍ਹਾਂ ਬਾਰੇ ਨਹਿਰੂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਨਵਾਂ ਵਿਚਾਰ ਨਹੀਂ ਸੀ, ਇਨ੍ਹਾਂ ਨੇ ਹਿੰਦੂ ਧਰਮ ਅਤੇ ਇਸਲਾਮ ਤੋਂ ਹੀ ਵਿਚਾਰ ਲੈ ਕੇ ਜਾਤ ਪਾਤ 'ਤੇ ਨੁਕਤਾਚੀਨੀ ਕੀਤੀ। ਜਵਾਹਰ ਲਾਲ ਦਾ ਕਹਿਣਾ ਹੈ ਕਿ ਇਨ੍ਹਾਂ ਕੋਲ ਜਾਤ ਨੂੰ ਜੜ੍ਹੋਂ ਉਖਾੜਨ ਦਾ ਕੋਈ ਪ੍ਰੋਗਰਾਮ ਨਹੀਂ ਸੀ। ਨਹਿਰੂ ਦੇ ਸਿੱਖ ਧਰਮ ਬਾਰੇ ਵਿਚਾਰ ਬਾਅਦ ਵਿੱਚ ਮਾਅਨੇ ਰੱਖਦੇ ਹਨ। ਪੰਜਾਬੀ ਸੂਬੇ ਦਾ ਜਿਵੇਂ ਉਸ ਨੇ ਸਿਰੜ੍ਹ ਨਾਲ ਵਿਰੋਧ ਕੀਤਾ, ਉਹਦੇ ਪਿੱਛੇ ਨਹਿਰੂ ਦਾ ਹਿੰਦੂ ਰਾਸ਼ਟਰਵਾਦ ਦਾ ਅਵਚੇਤਨ ਕੰਮ ਕਰ ਰਿਹਾ ਸੀ। ਕਾਂਗਰਸ ਦੀ ਪੰਜਾਬ ਬਾਰੇ ਨੀਤੀ ਹਮੇਸ਼ਾਂ ਇਸ ਅਵਚੇਤਨ ਦੀ ਗ਼ੁਲਾਮ ਰਹੀ ਹੈ।
ਡਾ. ਅਮਰੀਕ ਸਿੰਘ
ਉੱਪਰ ਦਿੱਤੇ ਨਹਿਰੂ ਦੇ ਵਿਚਾਰਾਂ ਦੇ ਮਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਭਾਰਤ ਤੇ ਪੱਛਮ ਦੇ ਕਈ ਵਿਗਿਆਨੀ ਇਹ ਮੰਨਦੇ ਹਨ ਕਿ ਹਿੰਦੂ ਸਮਾਜ ਨੂੰ 21ਵੀਂ ਸਦੀ ਤੱਕ ਬਚਾਉਣ ਵਾਲਾ ਇਸ ਦਾ ਜਾਤ-ਪਾਤ ਅਤੇ ਧਾਰਮਿਕ ਪ੍ਰਬੰਧ ਹੈ। ਜੇਕਰ ਜਾਤ-ਪਾਤ ਖ਼ਤਮ ਕਰ ਦਿੱਤੀ ਜਾਵੇ, ਤਾਂ ਹਿੰਦੂ ਸਮਾਜ ਵੀ ਇਹਦੇ ਨਾਲ ਖ਼ਤਮ ਹੋ ਜਾਵੇਗਾ। ਇਨ੍ਹਾਂ ਵਿਚਾਰਾਂ ਦੀ ਪ੍ਰੋੜ੍ਹਤਾ ਲਈ ਜਵਾਹਰ ਲਾਲ ਨਹਿਰੂ ਸਰ ਜੌਰਜ ਬਰਡਵੁੱਡ ਦਾ ਹਵਾਲਾ ਦਿੰਦਾ ਹੋਇਆ ਕਹਿੰਦਾ ਹੈ ਕਿ ''ਜਿੰਨਾ ਚਿਰ ਹਿੰਦੂ ਜਾਤ ਪ੍ਰਬੰਧ ਨਾਲ ਜੁੜੇ ਰਹਿਣਗੇ, ਭਾਰਤ ਭਾਰਤ ਬਣਿਆ ਰਹੇਗਾ, ਪਰ ਜਿਸ ਦਿਨ ਇਸ ਤੋਂ ਟੁੱਟ ਗਏ, ਉਸ ਦਿਨ ਤੋਂ ਭਾਰਤ ਦਾ ਨਾਂ ਨਿਸ਼ਾਨ ਨਹੀਂ ਰਹੇਗਾ।'' ਬਰਡਵੁੱਡ ਨੂੰ ਸਹੀ ਠਹਿਰਾਉਂਦੇ ਹੋਏ ਨਹਿਰੂ ਆਖਦਾ ਹੈ ਕਿ ਲੰਮੇ ਸਮੇਂ ਤੋਂ ਚੱਲੇ ਹੋਏ ਇਸ ਸਾਮਾਜਿਕ ਪ੍ਰਬੰਧ ਨੂੰ ਤੋੜਨ ਨਾਲ ਸਮਾਜ ਵਿੱਚ ਪੂਰੀ ਅਰਾਜਕਤਾ ਫੈਲ ਸਕਦੀ ਹੈ, ਜਿਸ ਦਾ ਨਤੀਜਾ ਵੱਡੇ ਪੱਧਰ 'ਤੇ ਮਨੁੱਖੀ ਵਰਤਾਓ ਵਿੱਚ ਪਾਗਲਪਣ ਪੈਦਾ ਹੋਣ ਦਾ ਖਤਰਾ ਹੋ ਸਕਦਾ ਹੈ। ਜ਼ਾਹਿਰ ਹੈ ਕਿ ਨਹਿਰੂ ਵਾਂਗ ਬਹੁਤ ਸਾਰੇ ਹਿੰਦੂ ਵਿਦਵਾਨ ਜਾਤ-ਪਾਤ ਨੂੰ ਹਿੰਦੂ ਸਮਾਜ ਦਾ ਮੁੱਢਲਾ ਆਧਾਰ ਮੰਨਦੇ ਹਨ। ਮਿਥਿਹਾਸ, ਵੇਦ, ਉਪਨਿਸ਼ਦ, ਪੁਰਾਣ, ਸਿਮਰਤੀਆਂ ਤੇ ਸੂਤਰਾਂ ਨੂੰ ਅਧਿਆਤਮਿਕ, ਮੰਤਰਕ ਦੇ ਸੋਮੇ ਵਜੋਂ ਬਿਆਨਿਆ ਜਾਂਦਾ ਰਿਹਾ ਹੈ। ਅਜਿਹੇ ਦਾਅਵੇ ਦਾ ਦੂਜਾ ਇਹ ਲਾਭ ਹੈ ਕਿ ਕੋਈ ਨਵੀਂ ਸੋਚ, ਜੋ ਭਾਰਤ ਵਿੱਚ ਉਪਜਦੀ ਹੈ, ਉਹ ਵੇਦਾਂ ਦੀ ਉਮਰ ਦੇ ਸਾਹਮਣੇ ਦੱਸੀ ਜਾਂਦੀ ਹੈ। ਜੇ ਉਹ ਲੋਕਾਂ ਵਿੱਚ ਪ੍ਰਵਾਨ ਹੋ ਵੀ ਜਾਵੇ, ਤਾਂ ਉਸ ਨੂੰ ਵੇਦਾਂ ਦੇ ਵਿਚਾਰਾਂ ਦਾ ਉਲਥਾ ਕਿਹਾ ਜਾਂਦਾ ਹੈ। ਇਸ ਕਰਕੇ ਜੋ ਵਿਚਾਰ ਸਵਾਮੀ ਦਯਾਨੰਦ ਨੇ ਗੁਰੂ ਨਾਨਕ, ਭਗਤ ਕਬੀਰ ਤੇ ਭਗਤ ਰਵਿਦਾਸ ਨੂੰ ਵੇਦਾਂਤਕ ਗਿਆਨ ਤੋਂ ਵਿਹੂਣੇ ਹੋਣ ਬਾਰੇ ਕਹੇ ਉਦਾਂ ਦੇ ਮਿਲਦੇ-ਜੁਲਦੇ ਵਿਚਾਰ ਨਹਿਰੂ ਨੇ ਡਿਸਕਵਰੀ ਆਫ਼ ਇੰਡੀਆ ਵਿੱਚ ਕਹੇ। ਅਜ਼ਾਦੀ ਲਹਿਰ ਵਿੱਚ ਸਭ ਤੋਂ ਵੱਧ ਨਹਿਰੂ ਤੇ ਮੋਹਨਦਾਸ ਕਰਮਚੰਦ ਗਾਂਧੀ ਨੇ ਆਪਣੀਆਂ ਲਿਖਤਾਂ ਵਿੱਚ ਵੇਦਾਂ ਤੋਂ ਲੈ ਕੇ ਆਧੁਨਿਕ ਸਮੇਂ ਤੱਕ ਦੇ ਮਿਥਿਹਾਸ ਤੇ ਇਤਿਹਾਸ ਨੂੰ ਵਿਸ਼ਾ ਬਣਾਇਆ। ਉਨ੍ਹਾਂ ਨੇ ਪੁਰਾਣੀਆਂ ਮਿੱਥਾਂ ਦੀ ਵਿਆਖਿਆ ਅਜਿਹੇ ਤਰੀਕੇ ਨਾਲ ਕੀਤੀ, ਜਿਸ ਨਾਲ ਉਨ੍ਹਾਂ ਦਾ ਪਾਰਟੀ, ਭਾਰਤੀ ਲੋਕਾਂ, ਵਿਰੋਧੀਆਂ ਤੇ ਬ੍ਰਿਟਿਸ਼ ਲੋਕਾਂ ਵਿੱਚ ਪ੍ਰਭਾਵ ਬਣਿਆ ਰਹੇ। ਭਾਰਤ ਦੀ ਮੌਜੂਦਾ ਸਥਿਤੀ ਕਾਫੀ ਹੱਦ ਤੱਕ ਉਨ੍ਹਾਂ ਦੇ ਵਿਚਾਰਾਂ ਨਾਲ ਪ੍ਰਭਾਵਿਤ ਹੋਈ ਹੈ, ਪਰ ਉਨ੍ਹਾਂ ਦੀਆਂ ਲਿਖਤਾਂ ਨੂੰ ਮੁੜ ਵਿਚਾਰਨ ਦੀ ਲੋੜ ਹੈ।ਇਸ ਪ੍ਰਸੰਗ ਵਿੱਚ ਮਿੱਥ ਤੇ ਇਤਿਹਾਸ ਦੇ ਰਹੱਸਮਈ ਰਿਸ਼ਤੇ ਨੂੰ ਸਮਝਣਾ ਜ਼ਰੂਰੀ ਹੈ। ਫ਼ਰਾਂਸ ਦੇ ਵਿਦਵਾਨ ਰੋਲਾਂ ਬਾਰਤ ਦੇ ਮੁਤਾਬਕ ਮਿੱਥ ਲੁਭਾਉਣ ਵਾਲੀ ਭਾਸ਼ਾ ਦਾ ਨਮੂਨਾ ਹੈ। ਬਾਰਤ ਇਹ ਵੀ ਕਹਿੰਦਾ ਹੈ ਕਿ ਮਿੱਥ-ਉੱਚ ਕੋਟੀ ਦੇ ਬੰਦਿਆਂ ਦੀ ਭਾਸ਼ਾ ਹੈ, ਇਹਨੇ ਸੱਜੇ ਪੱਖੀਆਂ ਦਾ ਹੀ ਪੱਖ ਪੂਰਨਾ ਹੁੰਦਾ ਹੈ। ਇਹਦੇ ਉਲਟ ਇਤਿਹਾਸ ਪ੍ਰਕਾਸ਼ ਪਾਉਣ ਵਾਲਾ ਤੇ ਫ਼ਰੇਬੀ ਰਿਸ਼ਤਿਆਂ ਤੋਂ ਮੁਕਤ ਕਰਨ ਵਾਲਾ ਗਿਆਨ ਹੈ। ਇਤਿਹਾਸ ਨੂੰ ਉਸਾਰਨ ਲਈ ਮਿੱਥ ਅਤੇ ਇਸ ਦੇ ਸਿਆਸਤ ਨਾਲ ਸੰਬੰਧਾਂ ਨੂੰ ਵੀ ਘੋਖਣ ਦੀ ਲੋੜ ਹੈ। ਇਤਿਹਾਸ ਨੂੰ ਮਿਥਿਹਾਸਿਕ ਯਾਦਾਂ ਦੇ ਘੇਰਿਆਂ ਵਿੱਚੋਂ ਕੱਢਣਾ ਹੋਵੇਗਾ।
ਜ਼ਰਾ ਦੇਖੋ ਨਹਿਰੂ ਭਾਰਤੀ ਜਾਤ ਪ੍ਰਬੰਧ ਬਾਰੇ ਕਿੰਨਾ ਸਪਾਟ ਹੈ : “9t survived not only the powerful impact of 2uddhism and many centuries of 1fghan 1nd Moghul rule and the spread of 9slam, but also the strenuous efforts of innumerable 8indu reformers who raised their voices against it.”
ਇਹਦਾ ਪੰਜਾਬੀ 'ਚ ਉਲਥਾ ਇਹ ਹੈ : ਜਾਤ ਪ੍ਰਬੰਧ ਬੁੱਧ ਧਰਮ ਦੇ ਹਮਲਿਆਂ ਦੇ ਬਾਵਜੂਦ ਸਿਰਫ਼ ਜਿਊਂਦਾ ਹੀ ਨਹੀਂ ਰਿਹਾ, ਸਗੋਂ ਇਹ ਕਈ ਸਦੀਆਂ ਦੇ ਅਫ਼ਗਾਨ ਤੇ ਮੁਗਲ ਰਾਜਾਂ ਦੇ ਇਸਲਾਮ ਪ੍ਰਭਾਵਿਤ ਹਮਲਿਆਂ ਤੋਂ ਅਤੇ ਬੇਗਣਿਤ ਹਿੰਦੂ ਸੁਧਾਰਕਾਂ ਜਿਨ੍ਹਾਂ ਨੇ ਇਹਦੇ ਵਿਰੁੱਧ ਆਵਾਜ਼ ਉਠਾਈ ਤੋਂ ਵੀ ਅਣਭਿੱਜ ਰਿਹਾ ਹੈ।'' (ਨਹਿਰੂ ਦਾ ਇਸ਼ਾਰਾ ਭਗਤੀ ਲਹਿਰ ਦੇ ਸੰਤਾਂ ਵੱਲ ਹੈ, ਜਿਨ੍ਹਾਂ ਨੂੰ ਉਹ ਹਿੰਦੂ ਹੀ ਗਿਣਦਾ ਹੈ।)
ਨਹਿਰੂ 5000 ਸਾਲਾਂ ਦੇ ਭਾਰਤੀ ਮਿਥਿਹਾਸ-ਇਤਿਹਾਸ ਨੂੰ ਜਾਤ ਪ੍ਰਬੰਧ ਦੀ ਪ੍ਰਣਾਲੀ ਨਾਲ ਜੋੜਦਾ ਹੋਇਆ ਉਲੇਖ ਕਰਦਾ ਹੈ ਕਿ ਇਹਦੀ ਤਾਕਤ ਤੇ ਸੰਯੋਗ ਹੀ ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਂਦੇ ਆਏ ਹਨ। ਅਜਿਹੇ ਦਾਅਵੇ ਬੁੱਧ, ਇਸਲਾਮ, ਸਿੱਖ ਤੇ ਕ੍ਰਿਸ਼ਚਨ ਧਰਮਾਂ ਨੂੰ ਭਾਰਤੀ ਸੰਸਕ੍ਰਿਤੀ ਦੇ ਪਰਸਪਰ ਵਿਰੋਧੀ ਅਵਾਜ਼ਾਂ ਨਿਸ਼ਚਿਤ ਕਰਦੇ ਹਨ। ਇਸ ਤੋਂ ਜ਼ਾਹਿਰ ਹੈ ਕਿ ਭਾਰਤ ਦੀ ਅਜ਼ਾਦੀ ਲਹਿਰ ਸਮੇਂ ਅਤੇ ਅੱਜ ਵੀ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਹਿੰਦੂ ਸਭਾ ਦੇ ਕਾਰਕੁਨ ਪੂਰੀ ਤਰ੍ਹਾਂ ਜਾਤ ਪ੍ਰਣਾਲੀ ਦੇ ਮਿਥਿਹਾਸ ਵਿੱਚ ਗ੍ਰਸਿਤ ਸਨ। ਕੱਟੜ ਹਿੰਦੂ ਦੇਸ ਭਗਤ ਇਸੇ ਤਰ੍ਹਾਂ ਦੀ ਸੋਚ ਦੇ ਸ਼ਿਕਾਰ ਰਹੇ ਹਨ। ਉਨ੍ਹਾਂ ਦੀ ਧਾਰਨਾ ਹੈ ਕਿ ਜਾਤ-ਪ੍ਰਬੰਧ ਹੀ ਧਰਮ ਤਬਦੀਲੀ ਤੋਂ ਪ੍ਰਭਾਵਿਤ ਭਾਰਤੀਆਂ ਨੂੰ ਮੁੜ ਹਿੰਦੂ ਧਰਮ ਵਿੱਚ ਵਾਪਸ ਲਿਆਵੇਗਾ।
ਨਹਿਰੂ ਆਧੁਨਿਕ ਵਿਚਾਰਾਂ ਦੀ ਖੋਜ ਵੀ ਪੁਰਾਤਨ ਸੰਸਕਾਰਾਂ ਦੇ ਘੇਰੇ ਵਿੱਚ ਕਰਦਾ ਹੈ। ਉਹਦੇ ਮੁਤਾਬਕ ਜਾਤ ਪ੍ਰਣਾਲੀ ਤਿੰਨ ਸੰਕਲਪਾਂ 'ਤੇ ਆਧਾਰਿਤ ਸੀ : ਖ਼ੁਦ ਮੁਖਤਿਆਰ ਪਿੰਡ ਦਾ ਸਮਾਜ, ਜਾਤ ਤੇ ਸੰਯੁਕਤ ਪਰਿਵਾਰ। ਕਮਿਊਨਿਜ਼ਮ ਦਾ ਆਧਾਰ ਵੀ ਨਹਿਰੂ ਇਨ੍ਹਾਂ ਸੰਕਲਪਾਂ 'ਤੇ ਆਧਾਰਿਤ ਦੱਸਦਾ ਹੈ। ਇੱਥੇ ਇਹ ਵਰਣਨਯੋਗ ਹੈ ਕਿ ਮਿੱਥ ਵਿਚਾਰਾਂ ਦੀ ਲੜੀ ਨੂੰ ਮਨ-ਚਾਹੇ ਰਾਹਾਂ 'ਤੇ ਚਲਾਉਣ ਦੀ ਖੁੱਲ੍ਹ ਦਿੰਦੀ ਹੈ। ਕਿਉਂਕਿ ਉਚੇਚੇ ਤੱਥਾਂ ਦਾ ਕੋਈ ਬੰਧਨ ਨਹੀਂ ਹੁੰਦਾ। ਨਹਿਰੂ ਆਪਣੀ ਕਿਤਾਬ ਵਿੱਚ ਵਿਚਾਰਾਂ ਦੇ ਖੇਤਰ ਵਿੱਚ ਉਡਾਰੀਆਂ ਮਾਰਦਾ ਹੋਇਆ ਅਜੀਬ ਤਰ੍ਹਾਂ ਦੇ ਦਾਅਵੇ ਕਰਦਾ ਹੈ, ਕਿਉਂਕਿ ਅਜਿਹੇ ਦਾਅਵੇ ਉਹਨੂੰ ਨੇੜੇ ਦੇ ਭਵਿੱਖ ਵਿੱਚ ਤਾਕਤ ਬਖ਼ਸ਼ਣਗੇ। ਉਹ ਭਾਰਤੀ ਰਾਜਿਆਂ ਨੂੰ ਅੱਤ ਦੇ ਸ਼ਰੀਫ਼ ਤੇ ਲੋਕ ਪੱਖੀ ਗਰਦਾਨਦਾ ਹੈ, ਪਰ ਗਵਾਹੀ ਕਿਸੇ ਵੀ ਤੱਥ ਦੀ ਨਹੀਂ ਦਿੰਦਾ।
ਇਸ ਤਰ੍ਹਾਂ ਨਹਿਰੂ ਸਦੀਆਂ ਤੋਂ ਚਲੀ ਆ ਰਹੀ ਦਮਨਕਾਰੀ ਜਾਤ ਪ੍ਰਣਾਲੀ ਨੂੰ ਇੱਕ ਵਰਦਾਨ ਦੇ ਰੂਪ ਵਿੱਚ ਦੇਖਦਾ ਹੈ। ਜਾਤ ਪ੍ਰਬੰਧ ਨੂੰ ਉਹ ਗੁਲਾਮੀ ਦਾ ਵਧੀਆ ਹੱਲ ਦੱਸਦਾ ਹੋਇਆ ਕਹਿੰਦਾ ਹੈ ਕਿ ਉੱਪਰਲੀਆਂ ਜਾਤਾਂ ਦੇ ਲੋਕਾਂ ਦੀ ਸਰਦਾਰੀ ਕਾਇਮ ਕਰਨ ਤੋਂ ਬਾਅਦ ਇੱਕ ਬਹੁ-ਸਮਾਜੀ ਸਟੇਟ ਸਿਰਜੀ ਗਈ, ਜਿਸ ਵਿੱਚ ਕੁਝ ਨਿਯਮਾਂ ਦੇ ਮੁਤਾਬਕ ਹਰ ਸਮੁਦਾਏ ਨੂੰ ਜ਼ਿੰਦਗੀ ਉਸ ਦੇ ਆਪਣੇ ਘੇਰਿਆਂ ਵਿੱਚ ਰਹਿੰਦੇ ਹੋਏ ਮਾਣਨ ਦੀ ਅਜ਼ਾਦੀ ਸੀ। ਨਹਿਰੂ ਅਨੁਸਾਰ, ''ਪਰ ਇੱਕ ਰੋਕ ਇਹ ਸੀ ਕਿ ਦੂਜੀ ਜਾਤ ਦੇ ਸਮੁਦਾਏ ਨਾਲ ਕੋਈ ਝਗੜਾ ਖੜ੍ਹਾ ਨਹੀਂ ਕਰਨਾ।''
“Within each group there was equality and democracy and the elected leaders guided it and frequently consulted he entire group whenever any important question arose.” p. ੧੫੫ (4iscover of 9ndia)
ਅੱਗੇ ਦੇਖੋ ਨਹਿਰੂ ਕੀ ਲਿਖਦਾ ਹੈ :
1n individual was only considered as a member of a group; he could do anything he liked so long as he did not interfere with the functioning of the group. 8e had no right to upset that functioning, but if he was strong enough and could gather enough supporters, it was open to him to form another group. 9f he could not fit in with any group, that meant that he was out of joint so far as the social activities of the world were concerned.” (9bid. p. ੧੫੫)
ਉਪਰੋਕਤ ਦੇ ਹਵਾਲੇ ਨਾਲ ਕਿਹਾ ਜਾ ਸਕਦਾ ਹੈ ਕਿ ਮਿੱਥਕ ਫ਼ਰੇਬ ਕਿਸੇ ਘਟਨਾਕ੍ਰਮ ਦੇ ਅਸਲੀ ਸੰਬੰਧਾਂ ਨੂੰ ਛੁਪਾਉਣ ਵਿੱਚ ਉਹ ਸਾਰੀਆਂ ਕਲਾਤਮਿਕ ਵਿਧੀਆਂ ਦੀ ਵਰਤੋਂ ਕਰਦਾ ਹੈ, ਜਿਨ੍ਹਾਂ ਨਾਲ ਕਾਲਪਨਿਕ ਘਟਨਾਕ੍ਰਮ ਸੱਚ ਦਾ ਰੂਪ ਲੱਗਣ ਲੱਗ ਪਵੇ। ਇਤਿਹਾਸ, ਕਲਾ ਤੇ ਸਿਆਸਤ ਮਿਲ ਕੇ ਇਸ ਤਰ੍ਹਾਂ ਦੀਆਂ ਕਲਾਬਾਜ਼ੀਆਂ ਅਕਸਰ ਰਚਾਉਂਦੇ ਰਹਿੰਦੇ ਹਨ।
ਨਹਿਰੂ ਦੀ ਡਿਸਕਵਰੀ ਆਫ਼ ਇੰਡੀਆ ਇਤਿਹਾਸ ਤੇ ਮਿੱਥ ਦੀ ਚੋਣਵੀਂ ਵਿਆਖਿਆ ਰਾਹੀਂ 'ਹਿੰਦੂ ਰਾਸ਼ਟਰਵਾਦ' ਦੀ ਸਥਾਪਤੀ ਵੱਲ ਕਦਮ ਹੈ। ਉਹ ਬਹੁਗਿਣਤੀ ਨੂੰ ਭਰੋਸੇ ਵਿੱਚ ਲੈਂਦੇ ਹੋਏ ਪੁਰਾਤਨ ਭਾਰਤ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ ਕਰਦਾ ਹੈ। ਯਾਨੀ ਕਿ ਹਿੰਦੂ ਰਾਸ਼ਟਰ ਦੀਆਂ ਹੱਦਾਂ ਜਾਤ ਪ੍ਰਣਾਲੀ ਦੀ ਕਿਲ੍ਹੇਬੰਦੀ ਨਾਲ ਹੀ ਸੁਰੱਖਿਅਤ ਰਹਿ ਸਕਦੀਆਂ ਹਨ। ਲੋਕਰਾਜ ਨੂੰ ਵੀ ਇਸੇ ਨਜ਼ਰ ਨਾਲ ਦੇਖਿਆ ਗਿਆ ਹੈ। ਵੱਖ-ਵੱਖ ਕੁਨਬੇ ਆਪਣੇ ਜਾਤ ਪ੍ਰਬੰਧ ਵਿੱਚ ਰਹਿੰਦੇ ਹੋਏ ਅਜ਼ਾਦੀ ਮਾਣ ਸਕਦੇ ਹਨ।
ਪਿਛਲੇ ਸੱਠ ਸਾਲਾਂ ਵਿੱਚ ਉਹੀ ਹੋਇਆ ਜੋ ਨਹਿਰੂ ਨੇ 1946 ਵਿੱਚ ਚਿਤਵਿਆ ਸੀ। ਨਹਿਰੂ ਤੇ ਗਾਂਧੀ ਦੀਆਂ ਲਿਖਤਾਂ ਭਾਰਤੀ ਸੰਵਿਧਾਨ ਨੂੰ ਪੁਰਾਤਨ ਸੰਸਕ੍ਰਿਤੀ ਦੇ ਲੈਂਨਜ਼ ਵਿੱਚੋਂ ਦੇਖਣ ਦਾ ਜ਼ੱਰੀਆ ਹਨ। ਇਸ ਨੂੰ ਅਸੀਂ 'ਵਿਆਖਿਆ ਚੌਖਟਾ' ਦਾ ਨਾਂ ਦੇ ਸਕਦੇ ਹਾਂ। ਹਿੰਦੂ ਮਹਾਂਸਭਾ ਤੇ ਬਾਅਦ ਵਿੱਚ ਜਨ ਸੰਘ ਤੇ ਆਰ.ਐੱਸ. ਐੱਸ. ਵੀ ਇਸ ਚੌਖਟੇ ਦੇ ਧਾਰਨੀ ਹਨ, ਪਰ ਉਨ੍ਹਾਂ ਦੀ ਕਾਰਜਨੀਤੀ ਧੱਕੜਾਂ ਵਾਲੀ ਹੈ। ਉਹ ਮਿੱਥ ਦੀ ਲੁਭਾਉਣ ਵਾਲੀ ਭਾਸ਼ਾ ਤੋਂ ਸੱਖਣੇ ਰਹੇ। ਨਹਿਰੂ ਦੀ ਪੱਛਮੀ ਵਿੱਦਿਆ ਨੇ ਉਹਨੂੰ ਇਸ ਦੇ ਸਮਰੱਥ ਬਣਾਇਆ ਜਿਸ ਕਰਕੇ ਉਹ ਸਭ ਨੂੰ ਪਛਾੜ ਕੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠ ਗਿਆ।ਖੱਬੇ ਪੱਖੀਆਂ ਨੂੰ ਪੂਰਾ ਭਰੋਸਾ ਸੀ ਕਿ ਨਹਿਰੂ ਉਨ੍ਹਾਂ ਨਾਲ ਹੈ। ਉਹ ਉਮੀਦ ਕਰਦੇ ਸਨ ਕਿ ਭਾਰਤ ਵਿੱਚ ਮਜ਼ਦੂਰ ਪੱਖੀ ਰਾਜ ਹੋਵੇਗਾ। ਇਹ ਸਿਹਰਾ ਨਹਿਰੂ ਨੂੰ ਜਾਂਦਾ ਹੈ ਕਿ ਉਸ ਨੇ ਲੰਮੇ ਸਮੇਂ ਤੱਕ ਕਾਮਰੇਡਾਂ ਨੂੰ ਆਪਣੀ ਸੋਚ ਦੀਆਂ ਘੁੰਮਣਘੇਰੀਆਂ ਵਿੱਚ ਫਸਾਈ ਰੱਖਿਆ। ਇਹ ਸਿਲਸਿਲਾ ਕਾਂਗਰਸ ਦੀਆਂ ਬਾਕੀ ਸਰਕਾਰਾਂ ਨਾਲ ਵੀ ਚੱਲਦਾ ਆ ਰਿਹਾ ਹੈ।

No comments:
Post a Comment