ਅੰਮ੍ਰਿਤਸਰ ਸ਼ਹਿਰ ਸਿੱਖ ਸ਼ਕਤੀ ਦਾ ਧੂਰਾ ਰੂਹਾਨੀਅਤ ਦਾ ਕੇਂਦਰ ਤੇ ਸਿਫਤੀ ਦਾ ਘਰ ਹੈ। ਇਹ ਸਿੱਖ ਪ੍ਰਚਾਰ ਦਾ ਪ੍ਰਮੁੱਖ ਕੇਂਦਰ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਅਤੇ ਸਿੱਖ ਪੰਥ ਦੇ ਸਰਵਉੱਚ ਤਖ਼ਤ ਅਕਾਲ ਤਖ਼ਤ ਵੀ ਇੱਥੇ ਮੌਜੂਦ ਹਨ। ਭਾਵੇਂ ਇਹ ਗੱਲ ਸਾਧਾਰਨ ਲੋਕਾਂ ਨੂੰ ਚੰਗੀ ਲੱਗੇ ਕਿ ਹਰਮਿੰਦਰ ਸਾਹਿਬ ਦਾ ਆਲਾ ਦੁਆਲਾ ਖੂਬਸੂਰਤ ਬਣਾਇਆ ਜਾ ਰਿਹਾ ਹੈ ਤੇ ਇਸ ਨੂੰ ਸੈਰ ਸਪਾਟੇ ਦਾ ਕੇਂਦਰ ਬਣਾਇਆ ਜਾ ਰਿਹਾ ਹੈ। ਪਰ ਚੇਤੰਨ ਸਿੱਖ ਹਲਕਿਆਂ ਦਾ ਮੰਨਣਾ ਹੈ ਕਿ ਸੱਚਖੰਡ ਹਰਮਿੰਦਰ ਸਾਹਿਬ ਨੂੰ ਸੈਰਗਾਹ ਨਹੀਂ, ਸਿੱਖੀ ਪ੍ਰਚਾਰ ਦਾ ਕੇਂਦਰ ਬਣਾਉਣਾ ਚਾਹੀਦਾ ਹੈ।
ਅਸਲ ਵਿੱਚ ਹਰਿਮੰਦਰ ਸਾਹਿਬ ਦੀ ਸਿਰਜਣਾ ਗੁਰੂ ਰਾਮਦਾਸ ਜੀ ਨੇ ਇਸ ਲਈ ਕੀਤੀ ਸੀ ਤਾਂ ਜੋ ਜਾਤ-ਪਾਤ ਦੇ ਭਿੰਨ ਭੇਦ ਮਿਟਾਏ ਜਾਣ ਤੇ ਸਰਬੱਤ ਦੇ ਭਲੇ ਦੀ ਮੁਹਿੰਮ ਚਲਾਉਣ ਲਈ ਸਿੱਖੀ ਦੇ ਵਿਕਾਸ ਦੇ ਲਈ ਯਤਨ ਕੀਤੇ ਜਾਣ। ਇਸ ਦਾ ਮੁੱਢਲਾ ਨਾਮ ਚੱਕ ਗੁਰੂ, ਗੁਰੂ ਕਾ ਚੱਕ, ਰਾਮਦਾਸਪੁਰ ਰੱਖਿਆ ਗਿਆ। ਅੰਮ੍ਰਿਤ ਸਰੋਵਰ ਤਿਆਰ ਹੋ ਜਾਣ ਤੋਂ ਬਾਅਦ ਸ਼ਹਿਰ ਦਾ ਅੰਮ੍ਰਿਤਸਰ ਹੋ ਗਿਆ।
ਪਵਿੱਤਰ ਸਰੋਵਰ ਦੀ ਉਸਾਰੀ ਤੋਂ ਬਾਅਦ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਇਸ ਸਥਾਨ ਦੀ ਨੀਂਹ ਮੁਸਲਮਾਨ ਫਕੀਰ ਮੀਆਂ ਮੀਰ ਪਾਸੋਂ ਰਖਵਾ ਕੇ ਇਸ ਕੇਂਦਰ ਨੂੰ ਸਰਬੱਤ ਦੇ ਭਲੇ ਦੇ ਕੇਂਦਰ ਵਜੋਂ ਸਥਾਪਤ ਕੀਤਾ ਸੀ। ਇਸੇ ਲਈ ਇਸ ਦੇ ਚਾਰ ਦਰਵਾਜ਼ੇ ਰੱਖੇ ਗਏ ਸਨ, ਤਾਂ ਜੋ ਹਰੇਕ ਜਾਤ ਦਾ ਵਿਅਕਤੀ ਬਿਨਾਂ ਭਿੰਨ ਭੇਦ ਭਾਵ ਤੋਂ ਇਸ ਸਥਾਨ ਦੇ ਦਰਸ਼ਨ ਕਰ ਸਕੇ। ਗੁਰੂ ਰਾਮਦਾਸ ਜੀ ਨੇ 52 ਕਿੱਤਿਆ ਦੇ ਵਪਾਰੀਆਂ ਨੂੰ ਇੱਥੇ ਲਿਆ ਕੇ ਵਸਾਇਆ ਸੀ ਤਾਂ ਜੋ ਇਸ ਮਹਾਨ ਸਿੱਖ ਕੇਂਦਰ ਦਾ ਵਿਕਾਸ ਹੋ ਸਕੇ। ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਤਾਂ ਜੋ ਰਾਜਨੀਤੀ ਨੂੰ ਧਰਮ ਦੇ ਅਧੀਨ ਰੱਖਿਆ ਜਾਵੇ। 1604 ਈਸਵੀਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ।
ਇੱਥੇ ਇਸੇ ਲਈ ਉਨ੍ਹਾਂ ਨੇ ਵੱਖ-ਵੱਖ ਜਾਤਾਂ ਦੇ ਵਪਾਰੀ ਲੋਕ ਵੀ ਇੱਥੇ ਵਸਾਏ ਸਨ। ਇਸ ਤਰ੍ਹਾਂ ਹਰਿਮੰਦਰ ਸਾਹਿਬ ਸਿੱਖੀ ਦੇ ਪ੍ਰਚਾਰ ਕੇਂਦਰ ਵਜੋਂ ਸਥਾਪਤ ਹੋ ਗਿਆ।
ਅਠਾਰਵੀਂ ਸਦੀ ਦੌਰਾਨ ਸਿੱਖ ਮਿਸਲਦਾਰਾਂ ਨੇ ਇਸ ਨੂੰ ਰੂਹਾਨੀਅਤ ਦਾ ਕੇਂਦਰ ਬਣਾ ਕੇ ਭਾਰਤ ਦੀ ਰੱਖਿਆ ਲਈ ਜਾਬਰ ਧਾੜਵੀਆਂ ਦੇ ਮੂੰਹ ਭੰਨੇ ਸਨ ਅਤੇ ਉਧਾਲੀਆ ਗਈਆਂ ਭਾਰਤੀ ਨਾਰਾਂ ਨੂੰ ਵਾਪਸ ਉਨ੍ਹਾਂ ਦੇ ਘਰ ਪਹੁੰਚਾ ਕੇ ਸਿੱਖ ਅਕਸ ਨੂੰ ਇਤਿਹਾਸ ਵਿੱਚ ਰੋਸ਼ਨ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਂ ਵੀ ਇਹ ਸਿੱਖੀ ਪ੍ਰਚਾਰ ਦਾ ਮੁੱਖ ਕੇਂਦਰ ਸੀ। ਇਸ ਸ਼ਹਿਰ ਦਾ ਬਹੁਤਾ ਵਿਕਾਸ ਮਹਾਰਾਜਾ ਰਣਜੀਤ ਸਿੰਘ ਵੇਲੇ ਹੋਇਆ ਸੀ।
ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਸੋਨੇ ਤੇ ਸੰਗਮਰਮਰ ਨਾਲ ਖੂਬਸੂਰਤ ਬਣਵਾਇਆ ਤੇ ਸਰੋਵਰ ਦੇ ਦੁਆਲੇ ਸ਼ਾਹੀ ਬੁੰਗਿਆਂ ਦੀ ਉਸਾਰੀ ਕਰਵਾਈ ਤੇ ਖੂਬਸੂਰਤ ਬਾਗ ਲਗਵਾਏ। ਅੰਮ੍ਰਿਤਸਰ ਨੂੰ ਆਪਣੀ ਗਰਮੀਆਂ ਦੀ ਰਾਜਧਾਨੀ ਬਣਾ ਕੇ ਇਸ ਦੇ ਵਿਕਾਸ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਇਸੇ ਕਰਕੇ ਇਹ ਵਪਾਰ ਦਾ ਵੱਡੇ ਕੇਂਦਰ ਵਜੋਂ ਸਥਾਪਤ ਹੋ ਗਿਆ। ਹੁਣ ਸੱਚਖੰਡ ਹਰਿਮੰਦਰ ਸਾਹਿਬ ਸਿੱਖਾਂ ਦੇ ਸਿਰਮੌਰ ਕੇਂਦਰ ਵਜੋਂ ਜਾਣਿਆ ਜਾਂਦਾ ਹੈ।
ਹਰਿਮੰਦਰ ਸਾਹਿਬ ਨੂੰ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਕਈ ਖ਼ੂਨੀ ਘੱਲੂਘਾਰਿਆਂ ਦਾ ਸਾਹਮਣਾ ਕਰਨਾ ਪਿਆ। ਭਾਵੇਂ ਅਹਿਮਦ ਸ਼ਾਹ ਅਬਦਾਲੀ ਵੱਲੋਂ ਕੀਤਾ ਗਿਆ ਦਰਬਾਰ ਸਾਹਿਬ 'ਤੇ ਹਮਲਾ ਸਿੱਖ ਮਾਨਸਿਕਤਾ ਵਿਚ ਰੋਸ ਜ਼ਰੂਰ ਪੈਦਾ ਕਰਦਾ ਹੈ, ਪਰ ਜੂਨ '84 ਦਾ ਇੰਦਰਾ ਦਰਬਾਰ ਵੱਲੋਂ ਕੀਤਾ ਗਿਆ ਫ਼ੌਜੀ ਹਮਲਾ ਸਿੱਖ ਮਾਨਸਿਕਤਾ ਵਿੱਚ ਭਿਅੰਕਰ ਚੀਸਾਂ ਪੈਦਾ ਕਰਦਾ ਹੈ। ਇਸ ਫ਼ੌਜੀ ਹਮਲੇ ਦਾ ਭਾਵੇਂ ਸਿੱਖਾਂ ਨੂੰ ਕਾਫੀ ਵੱਡਾ ਨੁਕਸਾਨ ਹੋਇਆ ਹੈ। ਪਰ ਹਰਿਮੰਦਰ ਸਾਹਿਬ ਦੀ ਮਹਾਨਤਾ ਪੂਰੇ ਸੰਸਾਰ ਵਿੱਚ ਫੈਲ ਗਈ ਹੈ। ਮੀਡੀਆ ਨੇ ਵੀ ਇਸ ਦੀਆਂ ਵੱਡੀਆਂ ਵੱਡੀਆਂ ਸੁਰਖੀਆ ਛਾਪ ਕੇ ਲੋਕਾਂ ਦੀ ਖਿੱਚ ਦਾ ਕੇਂਦਰ ਹਰਿਮੰਦਰ ਸਾਹਿਬ ਨੂੰ ਬਣਾਇਆ ਹੈ। ਜੂਨ '84 ਤੋਂ ਪਹਿਲਾਂ ਦੇਖੀਏ ਤਾਂ ਬਹੁਤ ਘੱਟ ਯਾਤਰੀ ਇਸ ਸਥਾਨ ਦੇ ਦਰਸ਼ਨ ਕਰਨ ਆਉਂਦੇ ਸਨ। 80% ਦੇ ਲੱਗਭੱਗ ਸਿੱਖ ਹੀ ਹੁੰਦੇ ਸਨ, ਪਰ ਹੁਣ ਦਰਬਾਰ ਸਾਹਿਬ ਦੇਖਣ ਜਾਓ ਤਾਂ 5-5 ਘੰਟੇ ਮੱਥਾ ਟੇਕਣ ਲਈ ਵਾਰੀ ਨਹੀਂ ਆਉਂਦੀ। ਅਕਾਲ ਤਖ਼ਤ ਸਾਹਿਬ ਤੋਂ ਵੀ ਅੱਗੇ ਸੰਗਤਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ। ਰੋਜ਼ਾਨਾਂ 2 ਲੱਖ ਸੰਗਤ ਇਸ ਮਹਾਨ ਸਥਾਨ ਦੇ ਦਰਸ਼ਨ ਕਰਦੀ ਹੈ। ਸੰਗਤਾਂ ਦੇ ਦਰਸ਼ਨ ਕਰਨ 'ਤੇ ਤੁਸੀਂ ਅਨੁਭਵ ਕਰੋਗੇ ਕਿ ਇਸ ਵਿੱਚ ਹੁਣ 80% ਸਿੱਖ ਨਹੀਂ ਹਨ। ਦੇਸਾਂ ਵਿਦੇਸ਼ਾਂ ਤੋਂ ਆਏ ਦਰਸ਼ਨ ਅਭਿਲਾਸ਼ੀ ਇੱਥੇ ਆ ਕੇ ਰੂਹਾਨੀਅਤ ਦਾ ਆਨੰਦ ਮਾਣ ਰਹੇ ਹਨ। ਚੀਨੀ, ਤਿੱਬਤੀ, ਮਲੇਸ਼ੀਅਨ, ਯੂਰਪੀਅਨ, ਦੱਖਣੀ ਏਸ਼ੀਅਨ, ਅਮਰੀਕਨ, ਕੈਨੇਡੀਅਨ ਤੇ ਹੋਰ ਬਹੁਤ ਸਾਰੇ ਦੇਸਾਂ ਦੇ ਲੋਕ ਇੱਥੇ ਦਰਸ਼ਨ ਕਰਨ ਆ ਰਹੇ ਹਨ।
ਭਾਰਤ ਦੇ ਬਹੁਤ ਸਾਰੇ ਲੋਕ ਇਸ ਅਸਥਾਨ ਦੀ ਯਾਤਰਾ ਲਈ ਆਉਂਦੇ ਹਨ। ਉਨ੍ਹਾਂ ਨੂੰ ਭਾਵੇਂ ਸ਼ਬਦ ਕੀਰਤਨ ਦੀ ਕੁਝ ਸਮਝ ਪੈਂਦੀ ਹੋਵੇ ਜਾਂ ਨਾ ਪੈਂਦੀ ਹੋਵੇ, ਪਰ ਗੁਰਮਤਿ ਦਾ ਰੂਹਾਨੀ ਸੰਗੀਤ ਤੇ ਹਰਿਮੰਦਰ ਦਾ ਰੂਹਾਨੀ ਆਤਮਕ ਮੰਡਲ ਉਨ੍ਹਾਂ ਨੂੰ ਸਵਰਗ ਜਿਹੇ ਅਨੰਦ ਦਾ ਅਹਿਸਾਸ ਕਰਵਾਉਂਦਾ ਹੈ। ਜਦੋਂ ਗ਼ੈਰ ਸਿੱਖ ਪ੍ਰਸ਼ਾਦਿ ਲੈਂਦੇ ਹਨ ਅਤੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛੱਕਦੇ ਹਨ ਤਾਂ ਉਨ੍ਹਾਂ ਨੂੰ ਬਰਾਬਰੀ ਦਾ ਅਹਿਸਾਸ ਹੁੰਦਾ ਹੈ। ਇਹੋ ਜਿਹਾ ਅਹਿਸਾਸ ਉਨ੍ਹਾਂ ਨੂੰ ਕਿਸੇ ਧਾਰਮਿਕ ਸਥਾਨ ਤੋਂ ਨਹੀਂ ਹੁੰਦਾ ਤੇ ਇਸ ਸਥਾਨ ਦੀ ਰੂਹਾਨੀਅਤ ਦੀ ਖਿੱਚ ਉਨ੍ਹਾਂ ਨੂੰ ਇਸ ਸਥਾਨ ਵੱਲ ਲੈ ਆਉਂਦੀ ਹੈ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਹਾਨ ਕੇਂਦਰ ਨੂੰ ਸਰਵਉੱਚ ਸਿੱਖ ਪ੍ਰਚਾਰ ਦਾ ਕੇਂਦਰ ਬਣਾਉਣ ਦੀ ਥਾਂ ਇਸ ਨੂੰ ਸੈਰ ਸਪਾਟਾ ਕੇਂਦਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਲੋੜ ਇਸ ਗੱਲ ਦੀ ਹੈ ਕਿ ਇਸ ਸਥਾਨ 'ਤੇ ਪੜ੍ਹੇ ਲਿਖੇ ਤੇ ਵੱਖ-ਵੱਖ ਭਾਸ਼ਾਵਾਂ ਦੇ ਗਿਆਤਾ ਗਾਈਡ ਰੱਖੇ ਜਾਂਦੇ, ਜੋ ਕਿ ਹਰਿਮੰਦਰ ਸਾਹਿਬ ਦੇ ਇਤਿਹਾਸ, ਘੱਲੂਘਾਰਿਆਂ ਤੇ ਸਿੱਖ ਧਰਮ ਦੀਆਂ ਮਹਾਨ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਦਿੰਦੇ ਅਤੇ ਵੱਖ-ਵੱਖ ਭਾਸ਼ਾਵਾਂ ਵਿੱਚ ਸਿੱਖ ਇਤਿਹਾਸ ਅਤੇ ਸਿੱਖਾਂ ਬਾਰੇ ਲਿਟਰੇਚਰ ਛਾਪ ਕੇ ਵੰਡਿਆ ਜਾਂਦਾ ਤਾਂ ਸਿੱਖੀ ਦਾ ਪ੍ਰਚਾਰ ਬਹੁਤ ਵੱਡੀ ਪੱਧਰ 'ਤੇ ਹੋਣਾ ਸੀ।
ਲੋੜ ਇਸ ਗੱਲ ਦੀ ਸੀ ਕਿ ਇੱਥੇ ਸੇਵਾਦਾਰ ਵੀ ਪੜ੍ਹੇ ਲਿਖੇ ਤੇ ਸਿੱਖੀ ਤੇ ਗੁਰਮਤਿ ਬਾਰੇ ਜਾਣਕਾਰੀ ਵਾਲੇ ਰੱਖੇ ਜਾਂਦੇ, ਜੋ ਨਿਮਰਤਾ ਨਾਲ ਭਰਪੂਰ ਹੁੰਦੇ, ਜਿਨ੍ਹਾਂ ਦੀ ਸਖਸ਼ੀਅਤ ਤੋਂ ਲੋਕ ਪ੍ਰਭਾਵਿਤ ਹੁੰਦੇ। ਪ੍ਰਵਾਸੀ ਸਿੱਖ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਆਪਣੀਆਂ ਟੀਮਾਂ ਇਸ ਕੇਂਦਰ ਲਈ ਤਿਆਰ ਕਰਨ ਅਤੇ ਸਿੱਖ ਇਤਿਹਾਸ, ਹਰਿਮੰਦਰ ਸਾਹਿਬ ਤੇ ਗੁਰਮਤਿ ਦੀ ਜਾਣਕਾਰੀ ਬਾਰੇ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ ਤੇ ਹੋਰ ਭਾਸ਼ਾਵਾਂ ਵਿੱਚ ਲਿਟਰੇਚਰ ਛਾਪ ਕੇ ਵੰਡਣ ਤਾਂ ਜੋ ਸਿੱਖੀ ਦਾ ਪ੍ਰਚਾਰ ਵੱਡੀ ਪੱਧਰ 'ਤੇ ਹੋ ਸਕੇ। ਇਸ ਸੰਬੰਧੀ ਅਕਾਲ ਤਖ਼ਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਚਾਰ ਵਟਾਂਦਰਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਪੂਰੇ ਸੰਸਾਰ ਵਿੱਚ ਸਿੱਖੀ ਦੇ ਅਕਸ ਨੂੰ ਰੋਸ਼ਨ ਕੀਤਾ ਜਾ ਸਕੇ।

No comments:
Post a Comment