deshpunjabtimes.blogspot.com

Thursday, 6 October 2011

ਗੁਰੂ ਦੀਆਂ ਲਾਡਲੀਆਂ ਫੌਜਾਂ ਤੇ ਸੁਖ ਨਿਧਾਨ \ ਪ੍ਰੋ. ਬਲਵਿੰਦਰ ਪਾਲ ਸਿੰਘ


ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਸ਼ਬਦ ਕੋਸ਼ ਮੁਤਾਬਿਕ 'ਨਿਹੰਗ' ਸ਼ਬਦ ਦਾ ਅਰਥ ਖੜਗ, ਤਲਵਾਰ ਦੱਸਿਆ ਗਿਆ ਹੈ। ਨਿਹੰਗ ਨੂੰ ਪ੍ਰਭਾਸ਼ਿਤ ਕਰਦੇ ਹੋਏ ਭਾਈ ਸਾਹਿਬ ਲਿਖਦੇ ਹਨ ਕਿ ਨਿਹੰਗ ਮਰਨ ਦੀ ਸ਼ੰਕਾ ਤਿਆਗ ਕੇ, ਹਰ ਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਅਤੇ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਭਾਵੇਂ ਅੱਜ ਅਕਾਲੀ ਸ਼ਬਦ ਇਕ ਖਾਸ ਸਿਆਸੀ ਪਾਰਟੀ ਲਈ ਵਰਤਿਆ ਜਾਂਦਾ ਹੈ ਪਰ ਇਹ ਅਸਲ 'ਚ  ਨਿਹੰਗਾਂ ਲਈ ਹੀ ਵਰਤਿਆ ਜਾਂਦਾ ਸੀ। ਜ਼ਿਆਦਾਤਰ ਨਿਹੰਗ ਸਿੰਘਾਂ ਦੇ ਦੱਸਣ ਮੁਤਾਬਕ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਇਕ ਦਿਨ ਸੋਹਣੇ ਉੱਚ ਦੁਮਾਲੇ ਅਤੇ ਨੀਲਾ ਬਾਣਾ ਸਜਾ ਕੇ ਦਸਮ ਪਾਤਸ਼ਾਹ ਦੇ ਸਾਹਮਣੇ ਆਏ ਤਾਂ ਮਹਾਰਾਜ ਪ੍ਰਸੰਨ ਹੋਏ ਤੇ ਕਿਹਾ ਕਿ ਇਸ ਲਿਬਾਸ ਵਾਲਾ ਇਕ ਨਿਹੰਗ ਜਥਾ ਹੋਵੇਗਾ।


ਇਸ ਵਿਚ ਵੀ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਬਚਦੀ ਕਿ ਨਿਹੰਗ ਸਿੰਘਾਂ ਦਾ ਸਰੂਪ ਸਿਰਜਣ ਵਾਲੇ ਦਸਮ ਪਿਤਾ ਹੀ ਸਨ। ਮੁਗਲ ਰਾਜ ਦੌਰਾਨ ਜੰਗਲਾਂ 'ਚ ਰਹਿਣਾ, ਘੋੜਿਆਂ 'ਤੇ ਹੀ ਸੌਂ ਲੈਣਾ, ਵੈਰੀਆਂ ਕੋਲ ਜਾਣਕਾਰੀ ਲੀਕ ਨਾ ਹੋ ਜਾਵੇ ਉਸ ਲਈ ਪੂਰੀ ਫ਼ੌਜ ਵਾਂਗ ਕੋਡਿੰਗ ਭਾਸ਼ਾ ਤਿਆਰ ਕਰਨੀ, ਨਿਹੰਗ ਸਿੰਘਾਂ ਦੇ ਵਿਲੱਖਣ ਜੀਵਨ ਦੇ ਮਹੱਤਵਪੂਰਨ ਪਹਿਲੂ ਹਨ। ਸਰਬ ਲੋਹ ਦੇ ਭਾਂਡਿਆਂ 'ਚ ਛਕਣਾ ਅਤੇ ਹਰ ਸਮੇਂ ਲੜਨ ਲਈ ਤਿਆਰ ਰਹਿਣਾ ਨਿਹੰਗ ਫੌਜਾਂ ਦੀ ਖਾਸੀਅਤ ਸੀ।

18ਵੀਂ ਸਦੀ ਦੌਰਾਨ ਮੁਗਲ ਸਰਕਾਰ ਦੇ ਜ਼ੁਲਮ ਤੋਂ ਬਚਣ ਲਈ ਸਿੱਖਾਂ ਨੇ ਜ਼ਿਆਦਾਤਰ ਪਹਾੜਾਂ, ਛੰਭਾਂ ਅਤੇ ਰੇਗਿਸਤਾਨਾਂ ਵਿਚ ਸ਼ਰਨ ਲਈ। ਜਦੋਂ ਮੁਗਲ ਸਰਕਾਰ ਸਿੱਖਾਂ ਨੂੰ ਦਬਾਉਣ 'ਚ ਕਾਮਯਾਬ ਨਾ ਹੋ ਸਕੀ ਤਾਂ 1733 ਵਿਚ ਲਾਹੌਰ ਦੇ ਸੂਬੇਦਾਰ ਨੇ ਆਪਸੀ ਸੈਨਿਕ ਸੰਘਰਸ਼ ਖਤਮ ਕਰਨ ਲਈ ਸਿੱਖਾਂ ਨਾਲ ਸੰਪਰਕ ਕੀਤਾ ਅਤੇ ਇਕ ਲੱਖ ਦੀ ਜਗੀਰ ਅਤੇ ਨਵਾਬੀ ਦਾ ਲਿਖਤ ਪੇਸ਼ ਕੀਤਾ। ਉਦੋਂ ਸਿੱਖਾਂ ਨੇ ਸਰਦਾਰ ਕਪੂਰ ਸਿੰਘ ਨੂੰ ਸਰਵ ਪ੍ਰਵਾਨਤ ਨੇਤਾ ਪ੍ਰਵਾਨ ਕੀਤਾ। ਉਸ ਸਮੇਂ ਨਿਹੰਗਾਂ ਦੀਆਂ ਸਾਰੀਆਂ ਜਥੇਬੰਦੀਆਂ ਅੰਮ੍ਰਿਤਸਰ ਦੇ ਆਲੇ ਦੁਆਲੇ ਨਿਵਾਸ ਕਰਨ ਲੱਗੀਆਂ। ਪ੍ਰਬੰਧਕੀ ਸਹੂਲਤ ਮੁਤਾਬਕ 1734 ਈਸਵੀ ਵਿਚ ਨਿਹੰਗਾਂ ਨੂੰ ਦੋ ਦਲਾਂ 'ਚ ਵੰਡ ਦਿੱਤਾ ਗਿਆ। ਇਹ ਸਨ ਬੁੱਢਾ ਦਲ ਅਤੇ ਤਰਨਾ ਦਲ। 40 ਵਰ੍ਹਿਆਂ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਬੁੱਢਾ ਦਲ 'ਚ ਸ਼ਾਮਲ ਕੀਤਾ ਗਿਆ। ਇਨ੍ਹਾਂ ਦਾ ਕੰਮ ਗੁਰੂ ਘਰਾਂ ਤੇ ਇਤਿਹਾਸਕ ਸਥਾਨਾਂ ਦੀ ਸੇਵਾ ਸੰਭਾਲ ਤੇ ਰੱਖਿਆ ਕਰਨੀ ਸੀ। 40 ਸਾਲ ਤੋਂ ਘੱਟ ਉਮਰ ਦੇ ਸਿੰਘ ਤਰਨਾ ਦਲ 'ਚ ਸ਼ਾਮਲ ਕੀਤੇ ਗਏ, ਜੋ ਅੱਗੇ ਵਧ ਕੇ ਜੰਗੀ ਮੋਰਚੇ ਸਰ ਕਰਦੇ ਸਨ। ਬੁੱਢਾ ਦਲ ਦੇ ਮੁੱਖ ਜਥੇਦਾਰ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਆਦਿ ਸ਼ਾਮਲ ਸਨ।
ਤਰਨਾ ਦਲ ਨੂੰ ਅੱਗੇ ਪੰਜ ਜਥਿਆਂ ਵਿਚ ਵੰਡਿਆ ਗਿਆ। ਇਹ ਸਨ (1) ਜਥਾ ਸ਼ਹੀਦਾਂ ਦੇ ਬਾਬਾ ਦੀਪ ਸਿੰਘ, ਨੱਥਾ ਸਿੰਘ, ਗੁਰਬਖਸ਼ ਸਿੰਘ ਆਦਿ ਮੁਖੀ ਸਨ। (2) ਜਥਾ ਅੰਮ੍ਰਿਤਸਰੀਆਂ ਦਾ ਜਿਸ 'ਚ ਕਰਮ ਸਿੰਘ, ਧਰਮ ਸਿੰਘ ਸਰਦਾਰ ਸਨ। (3) ਜਥਾ ਡੱਲੇਵਾਲੀਆ ਦਾ ਜਿਸ ਵਿਚ ਦਸੌਂਧਾ ਸਿੰਘ, ਫਤਹਿ ਸਿੰਘ, ਕਰਮ ਸਿੰਘ, ਗੁਰਦਿਆਲ ਆਦਿ ਜਥੇਦਾਰ ਸਨ। (4) ਜਥਾ ਬਾਬੇ ਕਾਹਨ ਸਿੰਘ ਦਾ (ਗੁਰੂ ਅੰਸ਼ੀ ਜਥਾ) ਜਿਸ ਵਿਚ ਮੀਰੀ ਸਿੰਘ, ਹਰੀ ਸਿੰਘ, ਬਾਅ ਸਿੰਘ ਮੁਖੀ ਸਨ। (5) ਜਥਾ ਮਜ਼ਹਬੀਆਂ ਦਾ ਜਿਸ ਵਿਚ ਬੀਰ ਸਿੰਘ, ਜਿਊਣ ਸਿੰਘ, ਮਦਨ ਸਿੰਘ, ਅਮਰ ਸਿੰਘ ਮੁਖੀ ਸਨ। ਇਨ੍ਹਾਂ ਜਥਿਆਂ ਦਾ ਕੰਮ ਵੈਰੀ ਨਾਲ ਲੋਹਾ ਲੈਣਾ, ਪੰਥ ਨੂੰ ਚੜ੍ਹਦੀਕਲਾ ਵਿਚ ਰੱਖਣਾ ਸੀ। ਹਰ ਇਕ ਜਥੇ ਵਿਚ 13 ਸੌ ਤੋਂ ਲੈ ਕੇ ਦੋ ਹਜ਼ਾਰ ਹਥਿਆਰਬੰਦ ਸਿੰਘ ਸ਼ਾਮਲ ਹੁੰਦੇ ਸਨ। ਸੰਨ 1735 ਈਸਵੀ ਵਿਚ ਲਾਹੌਰ ਦੇ ਸੂਬੇ ਜ਼ਕਰੀਆ ਖਾਨ ਨੇ ਸਿੱਖਾਂ ਨਾਲ ਸੰਬੰਧ ਤੋੜ ਲਏ ਅਤੇ ਇਨ੍ਹਾਂ ਉੱਤੇ ਫਿਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਵਕਤ ਦੀ ਨਜ਼ਾਕਤ ਨੂੰ ਵੇਖਦਿਆਂ ਇਨ੍ਹਾਂ ਦੋਹਾਂ ਦਲਾਂ ਦੇ ਸੂਰਬੀਰ ਜੰਗਲਾਂ, ਪਹਾੜਾਂ ਜਾਂ ਰੇਗਿਸਤਾਨਾਂ ਵੱਲ ਖਿਲਰ ਗਏ। ਤਰਨਾ ਦਲ ਦੇ ਜਥੇ ਅਧਿਕਤਰ ਕਹਿਲੂਰ, ਹਿੰਡੂਰ ਅਤੇ ਸਿਰਮੌਰ ਨਾਂ ਦੀਆਂ ਪਹਾੜੀਆਂ ਵਿਚ ਠਹਿਰਦੇ ਸਨ। ਸੰਨ 1739 ਈਸਵੀ ਵਿਚ ਜਦੋਂ ਨਾਦਰਸ਼ਾਹ ਦਿੱਲੀ ਅਤੇ ਪੰਜਾਬ ਨੂੰ ਲੁੱਟ ਪੁੱਟ ਕੇ ਅਤੇ ਇਥੋਂ ਦੀਆਂ ਸੈਂਕੜੇ ਹਿੰਦੂ ਲੜਕੀਆਂ ਨੂੰ ਨਾਲ ਲੈ ਕੇ ਆਪਣੇ ਦੇਸ਼ ਪਰਤ ਰਿਹਾ ਸੀ ਤਾਂ ਤਰਨਾ ਦਲ ਦੇ ਸੂਰਮਿਆਂ ਨੇ ਅਖਨੂਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਲੜਕੀਆਂ ਨੂੰ ਛੁਡਵਾ ਕੇ ਮਾਪਿਆਂ ਪਾਸ ਪਹੁੰਚਾਇਆ।
ਇਸ ਨਾਲ ਹਰ ਪਾਸੇ ਇਨ੍ਹਾਂ ਦਾ ਜਸ ਪਸਰ ਗਿਆ। ਸੰਨ 1746 ਈਸਵੀ ਵਿਚ ਦੋਹਾਂ ਦਲਾਂ ਦੇ ਛੋਟੇ ਘਲੂਘਾਰੇ ਵਿਚ ਸੱਤ-ਅੱਠ ਹਜ਼ਾਰ ਸਿੱਖਾਂ ਦੀ ਸ਼ਹਾਦਤ ਹੋਈ।

ਇਧਰ ਉਧਰ ਖਿੰਡਣ ਨਾਲ ਇਨ੍ਹਾਂ ਦੇ ਮੁੱਖ ਜਥਿਆਂ ਦੇ ਕਈ ਛੋਟੇ ਛੋਟੇ ਜਥੇ ਬਣਦੇ ਗਏ। ਅਹਿਮਦਸ਼ਾਹ ਦੁਰਾਨੀ ਦੇ ਸੰਨ 1748 ਈਸਵੀ ਵਿਚ ਹੋਏ ਪਹਿਲੇ ਹਮਲੇ ਵੇਲੇ ਇਨ੍ਹਾਂ ਜਥਿਆਂ ਦੀ ਗਿਣਤੀ 65 ਤੱਕ ਪਹੁੰਚ ਗਈ। 29 ਮਾਰਚ 1748 ਈਸਵੀ ਨੂੰ ਵਿਸਾਖੀ ਵਾਲੇ ਦਿਨ ਸਾਰੇ ਜਥੇ ਅੰਮ੍ਰਿਤਸਰ ਇਕੱਠੇ ਹੋਏ ਅਤੇ ਸਰਬਤ ਖਾਲਸੇ ਦੇ ਗੁਰਮਤੇ ਨਾਲ ਇਕ ਸਮੁੱਚੀ ਵੱਡੀ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਜਿਸ ਦਾ ਨਾਂ 'ਦਲ ਖਾਲਸਾ' ਰੱਖਿਆ ਗਿਆ। ਇਸ ਦੀ ਸਰਦਾਰੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪੀ ਗਈ। ਇਸ ਦਲ ਦੀ ਸਥਾਪਨਾ ਨਾਲ ਛੋਟੇ ਛੋਟੇ ਸਾਰੇ ਜਥੇ 11 ਟੋਲਿਆਂ ਵਿਚ ਵੰਡ ਦਿੱਤੇ ਗਏ। ਇਨ੍ਹਾਂ ਟੋਲਿਆਂ ਨੂੰ ਮਿਸਲਾਂ ਕਿਹਾ ਜਾਣ ਲੱਗਿਆ। ਇਨ੍ਹਾਂ ਮਿਸਲਾਂ ਵਿਚੋਂ ਛੇ ਦਾ ਸੰਬੰਧ ਬੁੱਢਾ ਦਲ ਨਾਲ ਸੀ। ਇਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ (1) ਬਾਬਾ ਜੱਸਾ ਸਿੰਘ ਅਧੀਨ ਆਹਲੂਵਾਲੀਆ ਮਿਸਲ (2) ਨਵਾਬ ਕਪੂਰ ਸਿੰਘ ਅਧੀਨ ਸਿੰਘਪੁਰੀਆ (ਫੈਜ਼ਲਪੁਰੀਆ) ਮਿਸਲ, (3) ਸ. ਕਰੋੜਾ ਸਿੰਘ ਅਧਨ ਕਰੋੜ ਸਿੰਘੀਆ (ਕਰੋੜੀਆ) ਮਿਸਲ, (4) ਸ. ਦਸੌਂਧਾ ਸਿੰਘ ਅਧੀਨ ਨਿਸ਼ਾਨਵਾਲੀਆ ਮਿਸਲ, (5) ਬਾਬਾ ਦੀਪ ਸਿੰਘ ਅਧੀਨ ਸ਼ਹੀਦਾਂ ਵਾਲੀ ਮਿਸਲ ਅਤੇ (6) ਸ. ਗੁਲਾਬ ਸਿੰਘ ਅਧੀਨ ਡਲੇਵਾਲੀਆ ਮਿਸਲ। ਬਾਕੀ ਦੀਆਂ ਪੰਜ ਮਿਸਲਾਂ ਦਾ ਸੰਬੰਧ ਤਰਨਾ ਦਲ ਨਾਲ ਸੀ ਅਤੇ ਉਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ (1) ਸ. ਚੜ੍ਹਤ ਸਿੰਘ ਅਧੀਨ ਸ਼ੁਕਰਚਕੀਆ ਮਿਸਲ, (2) ਸ. ਹਰੀ ਸਿੰਘ ਅਧੀਨ ਭੰਗੀਆਂ ਦੀ ਮਿਸਲ, (3) ਸ. ਜੈ ਸਿੰਘ ਅਧੀਨ ਕਨ੍ਹਈਆ ਮਿਸਲ, (4) ਸ. ਹੀਰਾ ਸਿੰਘ ਰਾਮਗੜ੍ਹੀਆ ਅਧੀਨ ਰਾਮਗੜ੍ਹੀਆ ਦੀ ਮਿਸਲ।
5 ਫਰਵਰੀ 1762 ਈਸਵੀ ਨੂੰ ਅਹਿਮਦ ਸ਼ਾਹ ਦੁਰਾਨੀ ਨਾਲ ਲੜਦੇ ਹੋਇਆਂ ਦੋਹਾਂ ਦਲਾਂ ਦੇ ਮਿਲਵੇਂ ਲਗਭਗ 20 ਹਜ਼ਾਰ ਸੈਨਿਕ ਵੱਡੇ ਘੱਲੂਘਾਰੇ ਵਿਚ ਸ਼ਹਾਦਤ ਪਾ ਗਏ। ਪਰ ਦੋ ਸਾਲਾਂ ਦੇ ਅੰਦਰ ਅੰਦਰ ਇਨ੍ਹਾਂ ਦੇ ਜਨਵਰੀ 1764 ਈਸਵੀ ਵਿਚ ਸਰਹਿੰਦ ਨੂੰ ਜਿੱਤ ਲਿਆ। ਸਰਹਿੰਦ ਸੂਬੇ ਨੂੰ ਜਿੱਤਣ ਤੋਂ ਬਾਅਦ ਹਰ ਇਕ ਮਿਸਲ ਨੇ ਆਪਣੇ ਆਪਣੇ ਇਲਾਕੇ ਜਿੱਤ ਕੇ ਰਿਆਸਤਾਂ ਕਾਇਮ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਇਨ੍ਹਾਂ ਵਿਚੋਂ ਤਰਨਾ ਦਲ ਵਾਲੀਆਂ ਮਿਸਲਾਂ ਵਿਚ ਅਧਿਕਤਰ ਦੀ ਨਿਗਾਹ ਉੱਤਰੀ ਦੁਆਬੇ ਵੱਲ ਰਹੀ ਅਤੇ ਇਹ ਉਧਰ ਨੂੰ ਪਸਰਦੇ ਗਏ। ਆਪਣੀਆਂ ਆਪਣੀਆਂ ਰਿਆਸਤਾਂ ਕਾਇਮ ਕਰ ਲੈਣ ਨਾਲ ਮਿਸਲਦਾਰਾਂ ਦੀ ਆਪਸੀ ਖਾਰਬਾਜ਼ੀ ਅਤੇ ਵੈਰ ਵਧਣ ਲੱਗ ਪਿਆ। ਫਲਸਰੂਪ ਇਨ੍ਹਾਂ ਦੀ ਆਪਸ ਵਿਚ ਅਕਸਰ ਲੜਾਈ ਹੁੰਦੀ ਰਹਿੰਦੀ। ਸੁਤੰਤਰ ਤੌਰ 'ਤੇ ਮਿਸਲਾਂ ਦੀ ਸਥਾਪਨਾ ਨਾਲ ਬੁੱਢਾ ਦਲ ਅਤੇ ਤਰਨਾ ਦਲ ਦੀ ਨਾਵਾਂ ਦੀ ਅਹਿਮੀਅਤ ਘਟਦੀ ਗਈ ਅਤੇ ਇਨ੍ਹਾਂ ਦੀ ਵਰਤੋਂ ਵਿਅਰਥ ਲੱਗਣ ਲੱਗੀ।
ਨਿਹੰਗ ਸਿੰਘਾਂ ਨੇ ਸੰਨ 1920 ਈਸਵੀ ਤੋਂ ਪਹਿਲਾਂ ਵੀ ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਸਨ। ਬਾਬਾ ਰਾਮ ਸਿੰਘ ਜੀ ਭੈਣੀ ਸਾਹਿਬ ਵਾਲੇ ਨਿਹੰਗ ਸਿੰਘ ਸਨ ਜੋ ਕਿ ਨੀਲਾ ਬਾਣਾ ਪਹਿਨਦੇ ਸਨ। ਉਨ੍ਹਾਂ ਦੇ ਸਾਥੀ ਨਿਹੰਗ ਹਰਨਾਮ ਸਿੰਘ ਗੜ੍ਹਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਭਾਈ ਕਾਹਨ ਸਿੰਘ ਵੀ ਨੀਲੇ ਬਸਤਰ ਰੱਖਦੇ ਸਨ। ਬਾਬਾ ਰਾਮ ਸਿੰਘ ਤੇ ਉਨ੍ਹਾਂ ਦੇ ਸਾਥੀ ਕੂਕੇ ਮਾਸ-ਨਸ਼ੇ ਅਤੇ ਸੁੱਖਾ (ਭੰਗ) ਨਹੀਂ ਵਰਤਦੇ ਸਨ। ਬਾਬਾ ਰਾਮ ਸਿੰਘ ਜੀ ਦੇ ਸਮੇਂ ਜੋ ਕੂਕੇ ਸ਼ਹੀਦ ਹੋਏ ਸਨ, ਸਾਰੇ ਦੇ ਸਾਰੇ ਨੀਲੇ ਬਾਣੇ ਵਾਲੇ ਨਿਹੰਗ ਸਿੰਘ ਸਨ। ਰਾਮ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਕੂਕਿਆਂ ਨੇ ਨੀਲਾ ਬਾਣਾ ਉਤਾਰ ਦਿੱਤਾ ਅਤੇ ਸਿੱਖ ਰਹਿਤ ਮਰਿਯਾਦਾ ਛੱਡ ਦਿੱਤੀ। ਅੰਗਰੇਜ਼ਾਂ ਦੇ ਦਬਕਾਏ ਹੋਏ ਕੂਕਿਆਂ ਨੇ ਨਿਹੰਗ ਸਿੰਘਾਂ ਦੇ ਨੀਲੇ ਬਾਣੇ ਨੂੰ ਤਿਆਗ ਦਿੱਤਾ। ਕ੍ਰਿਪਾਨ ਲਾਹ ਦਿੱਤੀ, ਉਸ ਦੀ ਤਾਂ ਉੱਨ ਦੀ ਮਾਲਾ ਪਾ ਲਈ। ਕੜਾਹ ਪ੍ਰਸ਼ਾਦ ਭੇਟ ਕਰਨਾ ਛੱਡ ਦਿੱਤਾ, ਜਿਸ ਦੀ ਮਰਿਯਾਦਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਚਲੀ ਆ ਰਹੀ ਸੀ।
ਵੈਸੇ ਅਖੰਡ ਕੀਰਤਨੀ ਜਥੇ ਵਾਲੇ ਵੀ ਨਿਹੰਗ ਸਿੰਘਾਂ ਦੀ ਸ਼੍ਰੇਣੀ ਵਿਚ ਗਿਣੇ ਜਾਂਦੇ ਹਨ। ਅਖੰਡ ਕੀਰਤਨੀ ਜਥੇ ਦੇ ਕਈ ਸਿੰਘ ਨਿਹੰਗ ਸਿੰਘਾਂ ਵਾਂਗ ਦੁਮਾਲਾ ਸਜਾਉਂਦੇ ਹਨ। ਪਰ ਇਹ ਸਾਰੇ ਕਿਰਤੀ ਸਿੱਖ ਹਨ। ਅਖੰਡ ਕੀਰਤਨੀ ਜਥੇ ਦੀ ਸਿਰਜਣਾ ਭਾਈ ਰਣਧੀਰ ਸਿੰਘ ਨੇ ਕੀਤੀ ਸੀ, ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ। ਭਾਈ ਰਣਧੀਰ ਸਿੰਘ ਦੀ ਕਿਤਾਬ 'ਜੇਲ੍ਹ ਚਿੱਠੀਆਂ'' ਦੇ ਕਾਂਡ 'ਅਟਾਰਨੀ ਜੰਕਸ਼ਨ' ਪਰ ਅਕਾਲੀ ਕੌਰ ਸਿੰਘ ਦਾ ਮਿਲਾਪ ਤੋਂ ਇਹ ਪਤਾ ਲੱਗਦਾ ਹੈ ਕਿ ਭਾਈ ਰਣਧੀਰ ਸਿੰਘ ਅਤੇ ਬੁੱਢਾ ਦਲ ਦੇ ਅਕਾਲੀ ਕੌਰ ਸਿੰਘ ਦਾ ਆਪਸ ਵਿਚ ਬਹੁਤ ਜ਼ਿਆਦਾ ਪ੍ਰੇਮ ਸੀ। ਅਕਾਲੀ ਕੌਰ ਸਿੰਘ ਨੇ ਪੰਥ ਦੀ ਬਹੁਤ ਸੇਵਾ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ 'ਸਿੱਖ ਰਹਿਤ ਮਰਿਯਾਦਾ' ਵਿਚ ਰਹਿਤ ਮਰਿਯਾਦਾ ਦੇ ਖਰੜੇ ਦੀ ਤਿਆਰੀ ਲਈ ਦਿੱਤੇ ਸੁਝਾਵਾਂ ਵਿਚ ਅਕਾਲੀ ਕੌਰ ਸਿੰਘ ਨਿਹੰਗ ਅਤੇ ਜਥੇਦਾਰ ਬੁੱਢਾ ਦਲ ਨਿਹੰਗ ਸਿੰਘ ਚਲਦਾ ਵਹੀਰ, ਧੋਬੀ ਮੰਡੀ ਲਾਹੌਰ ਦਾ ਨਾਂ ਆਉਂਦਾ ਹੈ।
ਸਿੰਘ ਕਲਾਧਾਰੀ ਸਨ ਜੋ ਕਿ ਸੁੱਖਾ ਨਹੀਂ ਵਰਤਦੇ ਸਨ। ਅਕਾਲੀ ਕੌਰ ਸਿੰਘ ਨਿਹੰਗ ਨੇ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿਚ ਆਈਆਂ ਤਰੁੱਟੀਆਂ ਨੂੰ ਦੂਰ ਕਰਕੇ ਸੁਧਾਰ ਕੀਤਾ। ਆਪ ਜੀ ਨੇ ਉਸ ਸਮੇਂ ਸ੍ਰੀ ਹਜ਼ੂਰ ਸਾਹਿਬ ਸੁੱਖੇ ਦਾ ਭੋਗ ਵੀ ਹਟਾਉਣ ਵਿਚ ਸਫਲਤਾ ਪਾਈ ਸੀ।
ਅਕਾਲੀ ਕੌਰ ਸਿੰਘ ਨਿਹੰਗ, ਪੰਥ ਦੀ ਵੱਡੀ ਸੇਵਾ ਗੁਰਬਾਣੀ ਦਾ ਤੁਕ ਤਤਕਰਾ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਦਾ ਤੁਕ ਤਤਕਰਾ ਲਿਖ ਕੇ ਕੀਤੀ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਖੋਜੀਆਂ ਨੂੰ ਬਹੁਤ ਲਾਭ ਪ੍ਰਾਪਤ ਹੋਇਆ। ਗੁਰਦੁਆਰਾ ਪਾਤਸ਼ਾਹੀ ਛੇਵੀਂ ਸੁਧਾਰ ਦੇ ਪ੍ਰਗਟਾਉਣ, ਸੁਧਾਰ ਵਿਚ ਸਕੂਲ ਕਾਲਜ ਅਤੇ ਹਲਵਾਰਾ ਹਵਾਈ ਅੱਡੇ ਦੇ ਨਿਰਮਾਤਾ ਭਾਈ ਸ਼ਮਸ਼ੇਰ ਸਿੰਘ ਨਿਹੰਗ ਰਾਏਕੋਟ ਦੇ ਸਨ ਜੋ ਸੁਖੇ ਤੋਂ ਰਹਿਤ ਸਨ। ਨਾਮ ਅਭਿਆਸੀ ਬਾਬਾ ਮਿੱਤ ਸਿੰਘ ਨਿਹੰਗ ਅਤੇ ਬਾਬਾ ਧਰਮ ਸਿੰਘ ਨਿਹੰਗ ਨੇ ਹਜ਼ੂਰ ਸਾਹਿਬ ਵਿਖੇ ਮਾਤਾ ਸਾਹਿਬ ਕੌਰ ਜੀ ਦੀ ਯਾਦ ਵਿਚ ਗੁਰਦੁਆਰਾ ਬਣਾਇਆ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਨਾਲ ਨਾਲ ਸੰਗਤਾਂ ਦੀ ਸੇਵਾ ਕੀਤੀ ਅਤੇ ਉਥੇ ਸੁੱਖਾ ਨਹੀਂ ਵਰਤਾਉਣ ਦਿੱਤਾ।
ਤਰਨਾ ਦਲ ਹਰੀਆਂ ਵੇਲਾਂ ਨੇ 22 ਮਈ 1964 ਈਸਵੀ ਨੂੰ ਗੁਰਦੁਆਰਾ ਪਾਉਂਟਾ ਸਾਹਿਬ ਨੂੰ ਪੁਜਾਰੀਆਂ ਤੋਂ ਆਜ਼ਾਦ ਕਰਵਾਇਆ, ਜਿਸ ਦੇ ਫਲਸਰੂਪ ਤਰਨਾ ਦਲ ਹਰੀਆਂ ਵੇਲਾਂ ਦੇ 11 ਸਿੰਘ ਸ਼ਹੀਦ ਹੋ ਗਏ ਅਤੇ ਹੋਰ ਕਈ ਫੱਟੜ ਹੋਏ। ਇਨ੍ਹਾਂ ਗੰਭੀਰ ਫੱਟੜਾਂ 'ਚੋਂ ਬਾਬਾ ਨਿਹਾਲ ਸਿੰਘ ਸਨ ਜੋ ਕਿ ਅੱਜਕਲ੍ਹ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਹਨ। ਬਾਬਾ ਨਿਹਾਲ ਸਿੰਘ, ਨਿਹੰਗ ਸਿੰਘਾਂ ਨੂੰ ਸੁੱਖਾ ਪੀਣੋਂ ਮਨ੍ਹਾਂ ਕਰਦੇ ਹਨ।
ਸੰਨ 1918 ਈਸਵੀ ਨੂੰ ਅੰਮ੍ਰਿਤਸਰ ਵਿਖੇ ਵਿਸਾਖੀ ਵਾਲੇ ਦਿਨ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸ਼ਾਨ ਲਈ ਨਿਹੰਗ ਸਿੰਘ ਭਾਈ ਫ਼ੌਜਾ ਸਿੰਘ ਅਖੰਡ ਕੀਰਤਨੀ ਜਥਾ ਅਤੇ ਭਾਈ ਅਵਤਾਰ ਸਿੰਘ ਕੁਰਾਲਾ ਦੀ ਅਗਵਾਈ ਵਿਚ 13 ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ, ਜਿਸ ਨਾਲ ਗੁਰੂ ਡੰਮੀਆਂ ਨਿਰੰਕਾਰੀਆਂ ਦੀਆਂ ਨੀਹਾਂ ਹਿੱਲ ਗਈਆਂ। ਹਾਲੇ ਤੱਕ ਉਹ ਪੰਥ ਦੀਆਂ ਮਿੰਨਤਾਂ ਕਰ ਰਹੇ ਹਨ ਕਿ ਉਨ੍ਹਾਂ ਨੂੰ ਬਖਸ਼ ਦਿੱਤਾ ਜਾਵੇ। ਪਰ ਪੰਥ ਨੇ ਹਾਲੇ ਤੱਕ ਉਨ੍ਹਾਂ ਨੂੰ ਮੁਆਫ ਨਹੀਂ ਕੀਤਾ।
ਭਾਈ ਫ਼ੌਜਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਵੀ ਹੋਰ ਅਨੇਕਾਂ ਨਿਹੰਗ ਸਿੰਘਾਂ ਨੇ ਮੌਜੂਦਾ ਸਿੱਖ ਸੰਘਰਸ਼ ਵਿਚ ਸ਼ਹੀਦੀਆਂ ਪਾਈਆਂ। ਨਿਹੰਗ ਸਿੰਘਾਂ ਦੇ ਇਤਿਹਾਸ ਵਿਚ ਖਲਨਾਇਕ ਅਜੀਤ ਸਿੰਘ ਪੂਹਲਾ ਸੀ, ਜਿਸ ਨੇ ਸਰਕਾਰੀ ਕੈਟ ਬਣ ਕੇ ਅਨੇਕਾਂ ਸਿੱਖ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ, ਅਨੇਕਾਂ ਜ਼ਮੀਨਾਂ, ਕੋਠੀਆਂ 'ਤੇ ਕਬਜ਼ੇ ਕੀਤੇ, ਅਨੇਕਾਂ ਸਿੱਖਾਂ ਨੂੰ ਕਤਲ ਕੀਤਾ ਅਤੇ ਸਿੱਖ ਪਰਿਵਾਰਾਂ ਸਹਿਤ ਜਿਉਂਦੇ ਸਾੜਿਆ। ਇਸ ਖਲਨਾਇਕ ਨਿਹੰਗ ਨਾਲ ਟੱਕਰ ਲਈ ਬਾਬਾ ਦੀਪ ਸਿੰਘ ਨਿਹੰਗ ਨੇ ਅਤੇ ਕਰਨਲ ਜੀ.ਐਸ. ਸੰਧੂ ਦੀ ਸਹਾਇਤਾ ਨਾਲ ਜੇਲ੍ਹ ਵਿਚ ਪਹੁੰਚਾ ਦਿੱਤਾ। ਹੁਣ ਉਸ 'ਤੇ ਕਤਲਾਂ ਤੇ ਨਸ਼ੇ ਉਗਾਉਣ ਤੇ ਵੇਚਣ ਦੇ ਕੇਸ ਵੀ ਚੱਲ ਰਹੇ ਹਨ।
ਨਿਹੰਗ ਸਿੰਘਾਂ ਵਿਚ ਜੋ ਮਾੜੀ ਰੀਤ ਦਿਖਾਈ ਦੇ ਰਹੀ ਹੈ, ਉਹ ਹੈ ਸੁਖੇ ਦੇ ਨਸ਼ੇ ਵਿਚ ਟੁੱਨ ਰਹਿਣਾ ਅਤੇ ਇਸ ਨੂੰ ਸੁਖ ਨਿਧਾਨ ਵੀ ਆਖਦੇ ਹਨ। ਜਦ ਕਿ ਗੁਰਮਤਿ ਅਨੁਸਾਰ ਸੁੱਖਾ ਵਰਤਣਾ ਕਿਸੇ ਵੀ ਤਰ੍ਹਾਂ ਉੱਚਿਤ ਨਹੀਂ। ਗੁਰਬਾਣੀ ਵਿਚ ਸੁਖ ਨਿਧਾਨ ਸ਼ਬਦ ਆਇਆ ਹੈ। ਵਾਹਿਗੁਰੂ ਦੀ ਮਿਹਰ ਅਤੇ ਸਿਮਰਨ ਸਦਕਾ ਹੀ ਸੁਖ ਨਿਧਾਨ ਅਰਥਾਤ ਸੁਖਾਂ ਦਾ ਖਜ਼ਾਨਾ ਪ੍ਰਾਪਤ ਹੁੰਦਾਹੈ। ਵਾਹਿਗੁਰੂ ਨੂੰ ਹੀ ਸੁਖ ਨਿਧਾਨ ਮੰਨਿਆ ਗਿਆ ਹੈ।
ਸੁਖ ਨਿਧਾਨੁ ਪ੍ਰਭੁ ਏਕੁ ਹੈ (ਪੰਨਾ 319)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ 'ਸਿੱਖ ਰਹਿਤ ਮਰਿਯਾਦਾ' ਅਨੁਸਾਰ ਬਾਕੀ ਨਸ਼ਿਆਂ ਦੀ ਤਰ੍ਹਾਂ ਸੁੱਖਾ ਵਰਤਣਾ ਵੀ ਮਨ੍ਹਾਂ ਹੈ। ਜਦੋਂ ਬਾਬਰ ਨੇ ਗੁਰੂ ਨਾਨਕ ਜੀ ਅੱਗੇ ਭੰਗ ਪੀਣ ਲਈ ਪੇਸ਼ਕਸ਼ ਕੀਤੀ ਤਾਂ ਗੁਰੂ ਨਾਨਕ ਜੀ ਨੇ ਬਾਬਰ ਨੂੰ ਕਿਹਾ, ''ਹੇ ਮੀਰ ਜੀ, ਮੈਂ ਐਸੀ ਭੰਗ ਪੀਤੀ ਹੈ, ਜਿਸ ਦਾ ਨਸ਼ਾ ਕਦੇ ਉਤਰਦਾ ਨਹੀਂ।'' ਫਿਰ ਬਾਬਰ ਨੇ ਕਿਹਾ, ''ਹੇ ਦਰਵੇਸ਼ ਜੀ, ਉਹ ਭੰਗ ਕੈਸੀ ਹੈ, ਜਿਸ ਦਾ ਨਸ਼ਾ ਕਦੇ ਉਤਰਦਾ ਨਹੀਂ?'' ਤਾਂ ਗੁਰੂ ਨਾਨਕ ਜੀ ਨੇ ਵਾਹਿਗੁਰੂ ਨੂੰ ਸੰਬੋਧਨ ਹੁੰਦਿਆਂ ਕਿਹਾ-
ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ।
(ਗੁਰੂ ਗ੍ਰੰਥ ਸਾਹਿਬ, ਪੰਨਾ 721)
ਹੇ ਵਾਹਿਗੁਰੂ ਤੇਰਾ ਡਰ ਹੀ ਮੇਰੇ ਲਈ ਭੰਗ ਹੈ ਅਤੇ ਮੇਰਾ ਮਨ ਹੀ ਵਾਹਿਗੁਰੂ ਦੇ ਡਰ ਵਾਲੀ ਭੰਗ ਨੂੰ ਸਾਂਭਣ ਲਈ ਚਮੜੇ ਦੀ ਗੁਥਲੀ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਕ ਕਿਤਾਬ 'ਮੱਕੇ ਮਦੀਨੇ ਦੀ ਗੋਸ਼ਟਿ' ਛਾਪੀ ਹੈ। ਉਸ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਮੱਕੇ ਵਿਚ ਮੁਸਲਮਾਨਾਂ ਨੂੰ ਭੰਗ ਪੀਣਾ ਮਨ੍ਹਾਂ ਕੀਤਾ ਹੈ।
ਨਾਨਕ ਆਖੇ ਰੁਕਨਦੀਨ,
ਲਿਖਿਆ ਵਿਚ ਕਿਤਾਬ।
ਦਰਗਹਿ ਅੰਦਰਿ ਮਾਰੀਅਨਿ,
ਜੋ ਪੀਂਦੇ ਭੰਗ ਸ਼ਰਾਬ।
(ਮੱਕੇ ਮਦੀਨੇ ਦੀ ਗੋਸ਼ਟਿ, ਪੰਨਾ 99)
ਭੰਗ ਦੀ ਮਨਾਹੀ ਬਾਰੇ ਹੋਰ ਹਵਾਲੇ ਇਹ ਹਨ:
-ਭਾਂਗ ਤਮਾਕੂ ਨਿਕਟ ਨ ਜਾਵੈ।
(ਰਹਿਤਨਾਮਾ ਦੇਸਾ ਸਿੰਘ)
-ਭੰਗ ਤਮਾਕੂ ਫੀਮ ਪੋਸਤ ਦਾਰੂ ਅਮਲ ਕੋਈ ਨਹੀਂ ਖਾਣਾ।
(ਹੁਕਮਨਾਮਾ ਬੰਦਾ ਸਿੰਘ ਬਹਾਦਰ)
ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਵਿਚ ਭਾਈ ਸੰਤੋਖ ਸਿੰਘ ਨੇ ਭੰਗ ਤੇ ਹੋਰ ਨਸ਼ਿਆਂ ਤੋਂ ਸਿੱਖਾਂ ਨੂੰ ਵਰਜਿਆ ਹੈ;
ਮਦੁਰਾ ਦਹਿਤੀ ਸਾਤ ਕੁਲ,
ਭੰਗ ਦਹੇ ਤਨ ਏਕ।
ਸੋ ਕੁਲ ਦਹਿਤਾ ਜਗਤ ਜੂਠ,
ਨਿੰਦਿਆ ਦਹੇ ਅਨੇਕ।
ਸ਼ਰਾਬ ਸੱਤ ਕੁਲਾਂ ਦਾ ਨਾਸ ਕਰਦੀ ਹੈ। ਭੰਗ ਦੇ ਸ਼ੌਕ ਵਿਚ ਬੰਦਾ ਆਪਣਾ ਤਨ ਫੂਕ ਲੈਂਦਾ ਹੈ। ਤਮਾਕੂ ਸੌ ਕੁਲਾਂ ਦਾ ਅਤੇ ਨਿੰਦਿਆ ਅਨੇਕ ਕੁਲਾਂ ਦਾ ਦਾਹ ਕਰਦੀ ਹੈ।
ਸਿੱਖ ਰਹਿਤ ਮਰਿਯਾਦਾ, ਪੰਨਾ 27 ਵਿਚ ਲਿਖਿਆ ਹੈ ਕਿ ਸਿੱਖ ਭੰਗ, ਅਫੀਮ, ਸ਼ਰਾਬ, ਤਮਾਕੂ ਆਦਿ ਨਸ਼ੇ ਨਾ ਵਰਤੇ। ਅਮਲ ਪ੍ਰਸ਼ਾਦੇ ਦਾ ਹੀ ਰੱਖੇ।
ਇਥੇ ਜ਼ਿਕਰਯੋਗ ਹੈ ਕਿ ਅਠਾਰਵੀਂ ਸਦੀ ਦੌਰਾਨ ਭੰਗ ਨੂੰ ਦਰਦ ਰੋਕਣ ਲਈ ਸਿੱਖ ਫ਼ੌਜਾਂ ਵਿਚ ਵਰਤਿਆ ਜਾਂਦਾ ਹੋਵੇਗਾ,  ਕਿਉਂਕਿ ਜੰਗ ਵਿਚ ਫਟ ਲੱਗ ਜਾਂਦੇ ਸਨ। ਪਰ ਦੁੱਖ ਦੀ ਗੱਲ ਹੈ ਕਿ ਨਿਹੰਗ ਸਿੰਘਾਂ ਨੇ ਇਸ ਨੂੰ ਆਪਣੇ ਜੀਵਨ ਦਾ ਆਧਾਰ ਹੀ ਬਣਾ ਲਿਆ ਹੈ ਅਤੇ ਸੁਖ ਨਿਧਾਨ ਦੀ ਥਾਂ ਇਸ ਨੂੰ ਨਸ਼ੇ ਨੂੰ ਪ੍ਰਾਪਤੀ ਲਈ ਛਕੀ ਜਾਂਦੇ ਹਨ। ਭੰਗ ਵਿਚ ਕੋਈ ਔਸ਼ਧੀ ਗੁਣ ਨਹੀਂ ਹੁੰਦੇ। ਕੇਵਲ ਨਸ਼ੇ ਦੀ ਖਾਤਰ ਹੀ ਇਸ ਦੀ ਵਰਤੋਂ ਹੁੰਦੀ ਹੈ। ਇਹੀ ਕਾਰਨ ਹੈ ਕਿ ਸੰਸਾਰ ਦੇ ਲਗਭਗ ਸਾਰੇ ਦੇਸ਼ਾਂ ਵਿਚ ਇਸ ਦੀ ਕਾਸ਼ਤ ਅਤੇ ਕਿਸੇ ਵੀ ਰੂਪ ਵਿਚ ਵਿੱਕਰੀ ਤੇ ਵਣਜ ਦੀ ਕਾਨੂੰਨੀ ਮਨਾਹੀ ਹੈ। ਭੰਗ ਹਰੇ ਜਾਂ ਸੁੱਕੇ ਪੱਤੇ ਘੋਟ ਕੇ ਅਤੇ ਚੀਨੀ ਤੇ ਦੁੱਧ ਰਲਾ ਕੇ ਸ਼ਰਬਤ ਦੇ ਰੂਪ ਵਿਚ ਪੀਤੀ ਜਾਂਦੀ ਹੈ। ਨਿਹੰਗ ਸਿੰਘ ਬਦਾਮ, ਖਸਖਸ, ਇਲਾਇਚੀ ਆਦਿ ਵੀ ਸ਼ਾਮਲ ਕਰ ਲੈਂਦੇ ਹਨ। ਇਸ ਦਾ ਨਸ਼ਾ ਸੂਖਮ ਹੁੰਦਾ ਹੈ (ਮਿਕਦਾਰ ਜ਼ਿਆਦਾ ਹੋਣ 'ਤੇ ਗਹਿਰਾ ਵੀ ਹੋ ਜਾਂਦਾ ਹੈ। ਘੰਟੇ ਕੁ ਬਾਅਦ ਚੜ੍ਹਦਾ ਹੈ ਅਤੇ 12 ਘੰਟੇ ਜਾਂ ਵੱਧ ਸਮਾਂ ਰਹਿ ਕੇ ਉਤਰ ਜਾਂਦਾ ਹੈ। ਸੁੱਖਾ ਜਾਂ ਸੁਖ ਨਿਧਾਨ ਵੀ ਇਸੇ ਦਾ ਦੂਜਾ ਨਾਂ ਹੈ।
ਨਿਹੰਗ ਸਿੰਘਾਂ ਦਾ ਫਰਜ਼ ਬਣਦਾ ਹੈ ਕਿ ਉਹ ਸੁੱਖੇ ਦੀ ਵਰਤੋਂ ਤੋਂ ਦੂਰ ਰਹਿ ਕੇ ਨਿਹੰਗ ਬਾਣਾ ਪਾਉਣ ਤਾਂ ਕਿ ਪੰਥ ਵਿਚ ਦੁਬਾਰਾ ਨਿਹੰਗ ਬਾਣੇ ਦੀ ਇੱਜ਼ਤ ਬਹਾਲ ਹੋ ਸਕੇ। ਪੰਥਕ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਨਿਹੰਗ ਸਿੰਘ ਸੰਪਰਦਾ ਦੇ ਸੁਧਾਰ ਲਈ ਇਕ ਲਹਿਰ ਚਲਾਉਣੀ ਚਾਹੀਦੀ ਹੈ ਤਾਂ ਜੋ ਨਿਹੰਗ ਸਿੰਘ ਸੁਖੇ ਅਤੇ ਹੋਰ ਨਸ਼ਿਆਂ ਤੋਂ ਦੂਰ ਰਹਿ ਕੇ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨਾਲ ਜੁੜੇ ਰਹਿਣ। ਕਈ ਗੁਰਦੁਆਰਿਆਂ ਵਿਚ ਸੁਖ ਨਿਧਾਨ ਦੀ ਮਾੜੀ ਰੀਤ ਚੱਲ ਰਹੀ ਹੈ, ਜਿਸ ਨਾਲ ਗੁਰੂ ਘਰ ਦੀ ਪਵਿੱਤਰਤਾ ਭੰਗ ਹੁੰਦੀ ਹੈ। ਇਸ ਨੂੰ ਰੋਕਣ ਦੀ ਲੋੜ ਹੈ। ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਇਸ ਸੰਬੰਧ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਨਿਹੰਗਾਂ ਬਾਰੇ ਚੁਟਕਲੇ


ਇਕ ਵਾਰ ਇਕ ਨਿਹੰਗ ਦੀ ਅਠੱਨੀ ਚਿੱਕੜ 'ਚ ਡਿੱਗ ਗਈ। ਨਿਹੰਗ ਸਿੰਘ ਉਦੋਂ ਹੀ ਇਕ ਲੱਤ ਭਾਰ ਖੜੋ ਗਿਆ ਤੇ ਅਰਦਾਸ ਕਰਨ ਲੱਗਾ!
''ਹੇ ਮਹਾਂਮਾਈ, ਮੇਹਰ ਦੀ ਨਿਗ੍ਹਾ ਕਰ, ਮੇਰੀ ਅੱਠਨੀ ਚਿੱਕੜ 'ਚੋਂ ਕੱਢ।''
ਏਨੇ ਨੂੰ ਕੋਲੋਂ ਲੰਘਦੇ ਕਿਸੇ ਰਾਹਗੀਰ ਨੇ ਕਿਹਾ, ਖਾਲਸਾ ਜੀ, ਨਿਹੰਗ ਹੋ ਕੇ ਹਿੰਦੂ ਦੇਵੀ ਨੂੰ ਅਰਦਾਸਾਂ ਕਿਓਂ ਕਰ ਰਹੇ ਹੋ?
ਹੋਰ ਅਠੱਨੀ ਪਿੱਛੇ ਆਪਣੇ ਗੁਰੂ ਨੂੰ ਕਸ਼ਟ ਦੇਵਾਂ, ਨਿਹੰਗ ਨੇ ਉੱਤਰ ਦਿੱਤਾ।
-----
ਬੱਸ ਭਾਖੜਾ ਨੰਗਲ 'ਤੋਂ ਚੱਲੀ, ਖਚਾਖਚ ਸਵਾਰੀਆਂ ਨਾਲ ਭਰੀ  ਹੋਈ। ਕੰਡਕਟਰ ਟਿਕਟਾਂ ਕੱਟਦਾ ਅੱਗੇ ਵਧ ਰਿਹਾ ਸੀ। ਇਕ ਸੀਟ 'ਤੇ ਬੈਠੇ 3 ਬੰਦਿਆਂ 'ਚੋਂ ਪਹਿਲੇ ਨੂੰ ਕੰਡਕਟਰ ਨੇ ਪੁੱਛਿਆ, ਹਾਂ ਜੀ... ਬਾਬੂ ਜੀ ਕਿੱਥੇ ਜਾਓਗੇ, ਜੀ ਅਨੰਦਪੁਰ ਦੀ ਇਕ ਟਿਕਟ ਦਿਓ, ਕਹਿਣ ਦੀ ਦੇਰ ਸੀ... ਪਿੱਛੇ ਬੈਠੇ ਨਿਹੰਗ ਸਿੰਘ ਨੇ ਜ਼ੋਰਦਾਰ ਥੱਪੜ, ਉਸ ਬੰਦੇ ਦੇ ਗਿੱਚੀ 'ਚ ਛੱਡਦਿਆਂ ਕਿਹਾ, ''ਏਨੀਆਂ ਸਿੰਘਾਂ ਕੁਰਬਾਨੀਆਂ ਕੀਤੀਆਂ ਹਨ ਓਏ ਸ੍ਰੀ ਆਨੰਦਪੁਰ ਸਾਹਿਬ ਨਹੀਂ ਕਹਿ ਸਕਦਾ!''
ਕੰਡਕਟਰ ਨੇ ਨਾਲ ਬੈਠੇ ਦੂਜੇ ਨੂੰ ਪੁੱਛਿਆ ਹਾਂ ਜੀ ਤੁਸੀਂ ਕਿੱਥੇ ਜਾਣਾ ਹੈ?
ਪਹਿਲੇ ਦੇ ਪਈ ਧੌਲ ਤੋਂ ਡਰਦੇ ਦੂਜੇ ਨੇ ਕਿਹਾ ਜੀ ਰੋਪੜ ਸਾਹਿਬ ਜਾਣਾ ਐ!
ਸ਼ਬਦ ਅਜੇ ਪੂਰੇ ਨਿਕਲੇ ਵੀ ਨਹੀਂ ਸਨ ਕਿ ਨਿਹੰਗ ਨੇ ਧਮੁੱਕ ਦੂਜੇ ਦੇ ਵੀ ਜੜ੍ਹਦਿਆਂ ਕਿਹਾ, ਉੱਥੇ ਤੇਰੇ ਬੁੜ੍ਹੇ ਨੇ ਕੁਰਬਾਨੀ ਦਿੱਤੀ ਐ... ਰੋਪੜ ਕਹਿ....।
ਹੁਣ ਤੀਜਾ ਬੰਦਾ ਸੋਚੀਂ ਪੈ ਗਿਆ ਕਿ ਆਪਣੇ ਸਟੇਸ਼ਨ ਦੇ ਨਾਂ ਨਾਲ ਸਾਹਿਬ ਲਾਏ ਜਾਂ ਨਾ...
ਕੰਡਕਟਰ ਨੇ ਪੁੱਛਿਆ, ਹਾਂ ਜੀ ਬਾਈ ਜੀ ਤੁਸੀਂ ਕਿੱਥੇ ਜਾਓਗੇ....
ਤੀਜਾ ਵਿਅਕਤੀ ਡਰਦਾ ਹੋਇਆ ਬੋਲਿਆ, ਜਿਥੋਂ ਦੀ ਨਿਹੰਗ ਸਾਹਿਬ ਕਹਿੰਦੇ ਹਨ, ਉਥੋਂ ਦੀ ਦੇ ਦਿਓ।

ਨਿਹੰਗਾਂ ਦੇ ਬੋਲੇ
ਗੁਰੂ ਦੀਆਂ ਜੰਗ ਲਈ ਚੌਵੀ ਘੰਟੇ ਤਿਆਰ ਰਹਿਣ ਵਾਲੀਆਂ ਲਾਡਲੀਆਂ ਫੌਜਾਂ ਨੇ ਆਪਣੀ ਜੰਗੀ ਸਹੂਲਤ ਲਈ ਇਕ ਵਿਸ਼ੇਸ਼ ਕਿਸਮ ਦੀ ਭਾਸ਼ਾ ਤਿਆਰ ਕੀਤੀ। ਇਹ ਅਜਿਹੀ ਭਾਸ਼ਾ ਸੀ ਜਿਸ ਨੂੰ ਨਿਹੰਗ ਆਪਸ 'ਚ ਵਰਤਦੇ ਅਤੇ ਉਨ੍ਹਾਂ ਦੀ ਗੱਲਬਾਤ ਦੁਸ਼ਮਣ ਦਾ ਸੂਹੀਆ ਸਮਝ ਨਹੀਂ ਸਕਦਾ। ਨਿਹੰਗ ਸਿੰਘ ਇਸ ਭਾਸ਼ਾ ਨੂੰ ਬੋਲੇ ਕਹਿੰਦੇ ਹਨ। ਇਹ ਭਾਸ਼ਾ ਆਪਣੇ ਆਪ ਵਿਚ ਪੰਜਾਬੀ ਭਾਸ਼ਾ ਦੀ ਵਿਲੱਖਣ ਵਿਰਾਸਤ ਹੈ। ਜੋ ਹੁਣ ਲਗਾਤਾਰ ਖਤਮ ਹੁੰਦੀ ਜਾ ਰਹੀ ਹੈ। ਇਹ ਸਿਰਫ ਇਕ ਕੋਡ ਭਾਸ਼ਾ ਨਹੀਂ ਹੈ ਬਲਕਿ ਚੜ੍ਹਦੀ ਕਲਾ ਵਿਚ ਵਿਚਰਨ ਵਾਲੇ ਇਕ ਸਮੂਹ ਦੀ ਮਨੋਅਵਸਥਾ ਦੀ ਸੂਚਕ ਭਾਸ਼ਾ ਵੀ ਹੈ। ਜਿਸ ਤੋਂ ਉਨ੍ਹਾਂ ਦੀ ਮੌਜੀ ਮਾਨਸਿਕਤਾ ਦਾ ਅੰਦਾਜ਼ਾ ਵੀ ਲੱਗ ਜਾਂਦਾ ਹੈ। ਇਸ ਭਾਸ਼ਾ ਨਾਲ ਸੰਬੰਧਿਤ ਕੁਝ ਚੁਣਵੇਂ ਸ਼ਬਦ :
ਡੰਡਾ-ਅਕਲਦਾਨ, ਬੱਕਰੀ-ਅਕਾਸ਼ਪਰੀ, ਰਜਾਈ-ਅਫਲਾਤੂਨ, ਬੁਖਾਰ-ਆਕੜਭੰਨ, ਚਿਤਾ-ਅੰਗੀਠਾ, ਕੜ੍ਹੀ-ਅੰਮ੍ਰਿਤੀ, ਬੈਂਗਣ-ਇਕ ਟੰਗੀ ਬਟੇਰਾ, ਭੰਗ ਦੀ ਮਿੱਠੀ ਦੇਗ-ਸ਼ਹੀਦੀ ਦੇਗ, ਕੜਾਹ ਪ੍ਰਸ਼ਾਦ-ਸ਼ਹੀਦੀ ਪ੍ਰਸ਼ਾਦ, ਦੁੱਧ-ਸਮੁੰਦਰ, ਘੋਟੀ ਹੋਈ ਭੰਗ-ਸਰਦਾਈ, ਤਲਾਈ-ਸੁਖਦੇਈ, ਝਾੜੂ ਦੇਣ ਵਾਲਾ ਸਿੱਖ-ਸੂਬੇਦਾਰ, ਨੇਤਰਹੀਣ-ਸੂਰਮਾ, ਜੰਗ ਕਰਨਾ-ਹੋਲਾ ਖੇਡਣਾ, ਹਾਥੀ-ਕੱਟਾ, ਕੂਕਰ-ਕੁਤਬਦੀਨ, ਚਿਲਮ-ਖੋਤੀ, ਹੁੱਕਾ ਪੀਣਾ-ਗਧੀ ਚੁੰਘਣਾ, ਮੁਰਗੀ ਦੇ ਆਂਡੇ-ਗੋਪਾਲ ਫਲ, ਗੂੰਗਾ-ਗੁਪਤਾ, ਮੋਟੀ ਰੋਟੀ-ਗੁਰਮੁਖੀ ਪ੍ਰਸ਼ਾਦਾ, ਸ਼ਰਾਬ-ਗੰਗਾ ਜਲ, ਜੁੱਤੀ-ਚਰਨਦਾਸੀ, ਅਫੀਮ-ਚਿਮਨੀ ਬੇਗਮ, ਪਿਸ਼ਾਬ ਕਰਨਾ-ਚੀਤਾ ਭਜਾਉਣਾ, ਆਟਾ-ਚੂਨਾ, ਲਾਲ ਮਿਰਚਾਂ-ਚੋਬ ਚੀਨੀ, ਬੋਲਾ-ਚੁਬਾਰੇ ਚੜ੍ਹਿਆ, ਮੱਛੀ-ਜਲ ਤੋਰੀ, ਲੇਟਣਾ-ਟੇਢ ਗਿਆਨ, ਸਰੀਰ-ਠੀਕਰ, ਰੁਪਿਆ-ਠੀਕਰੀ, ਡੱਡੂ-ਮਟਕਾ, ਸੂਰ ਦੇ ਮਾਸ-ਡਲ੍ਹਾ, ਮਾਇਆ-ਡੈਣ, ਮੁਸਲਮਾਨ-ਤੁਰਕ, ਲੋਹੇ ਦੀ ਜੰਜੀਰ-ਤੋੜਾ, ਬੰਦੂਕ ਚਲਾਉਣਾ-ਤੋੜਾ ਝਾੜਨਾ, ਖੋਤਾ-ਥਾਣੇਦਾਰ, ਨੀਂਦ-ਧਰਮਰਾਜ ਦੀ ਧੀ, ਸੌਣਾ-ਧਰਮਰਾਜ ਦੀ ਧੀ ਨਾਲ ਯੁੱਧ ਕਰਨਾ, ਘੱਗਰੇ-ਧੂੜਕੋਟ, ਹੁੱਕਾ ਪੀਣ ਵਾਲਾ-ਨੜੀ ਮਾਰ, ਗਧੀ-ਨੀਲ ਵਰਨੀ, ਸੁਰਮਾ-ਨੇਤਰ ਠੋਕਾ, ਕਹੀ-ਪਤਾਲ ਮੋਚਣੀ, ਕੁਹਾੜਾ-ਪਰਸ ਰਾਮ, ਦਿਨ-ਪ੍ਰਕਾਸ਼ਾ ਸਿੰਘ, ਮੱਕੀ-ਬਸੰਤ ਕੌਰ, ਅੱਗ-ਬਸੰਤਰ, ਬਦਾਮ-ਛੋਲੇ, ਪਿੱਪਲ-ਬ੍ਰਾਹਮਣ, ਖੀਰ-ਬ੍ਰਾਹਮਣੀ, ਤਲਵਾਰ-ਭਗੌਤੀ, ਸਬਜ਼ੀ-ਭਾਜਾ, ਟਰੇਨ-ਭੂਤਨੀ, ਰੋਗੀ-ਮਸਤਾਨਾ, ਲੱਕੜ-ਮਸ਼ਾਲਾਂ, ਪਦ-ਰਣਸਿੰਘਾ, ਰੋਟੀ ਪਕਾਉਣਾ-ਰਾਮ ਚੌਂਕਾ, ਜੰਗਲ-ਰਾਮਬਾਗ, ਬੰਦੂਕ-ਰਾਮਜੰਗਾ, ਕਾੜਣੀ-ਰੂਪ ਕੌਰ, ਕਾਣੇ-ਲੱਖ ਨੇਤਰਾ, ਟੁੰਡਾ-ਲੱਖ ਬਾਹਾ, ਖੋਦਾ-ਲਵੇਰਾ, ਬਾਜਰਾ-ਲੈਚੀ ਦਾਣਾ, ਤਵੀ-ਲੋਹ, ਸ਼ਰਾਰਤੀ ਲੋਕ-ਲੰਡੀ ਬੁੱਚੀ ਅਤੇ ਕੂਚ ਕਰਨਾ-ਵਹੀਰ ਘੱਤਣਾ ਆਦਿ।

No comments:

Post a Comment