ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਾਤਮੇ ਤੋਂ ਬਾਅਦ ਸਿੱਖ ਕੌਮ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਵਿਦਵਾਨ ਅਤੇ ਧਨਾਢ ਸਿੱਖਾਂ ਨੇ ਖਾਲਸਾ ਦੀਵਾਨ ਸੁਸਾਇਟੀ ਅਤੇ ਆਪਣੇ ਤੌਰ 'ਤੇ ਸੰਗਠਿਤ ਕਰਕੇ ਸਿੱਖ ਕੌਮ ਨੂੰ ਸੇਧ ਦੇਣ ਦਾ ਯਤਨ ਕੀਤਾ ਪਰ ਸਿੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਮਰਿਯਾਦਾ ਦੇ ਮਸਲੇ 'ਤੇ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿਚ ਹੀ ਪ੍ਰਗਟ ਹੋਈ। 14 ਦਸੰਬਰ, 1920 ਤੋਂ ਬਾਅਦ ਲਗਾਤਾਰ ਸਿੱਖ ਸਮੱਸਿਆਵਾਂ ਦੀ ਤਰਜਮਾਨੀ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਕਰਦਾ ਰਿਹਾ ਹੈ। ਕੁਲ ਮਿਲਾ ਕੇ ਇਸ ਦਾ 85 ਸਾਲਾ ਰਸਤਾ ਬਿਖੜਿਆ ਮਾਰਗ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੇਂ-ਸਮੇਂ ਨਾਲ ਕਈ ਨੀਤੀਆਂ ਬਦਲ ਕੇ ਰਾਜਸੀ ਤਾਕਤ ਹਾਸਲ ਕਰਨ ਦਾ ਯਤਨ ਹੁੰਦਾ ਰਿਹਾ ਹੈ। ਇਕ ਸਮੇਂ ਕਾਂਗਰਸ ਪਾਰਟੀ ਨਾਲ ਮਿਲ ਕੇ ਵੀ ਚੋਣਾਂ ਲੜੀਆਂ ਗਈਆਂ ਪਰ ਇਹ ਗਠਜੋੜ ਜ਼ਿਆਦਾ ਦੇਰ ਨਹੀਂ ਚਲ ਸਕਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਹਰੋਂ ਆਏ ਸ਼ਰਨਾਰਥੀਆਂ ਦਾ ਵਸੇਬਾ ਪੰਜਾਬੀ ਸੂਬੇ ਦੀ ਸਥਾਪਨਾ ਅਤੇ ਪੰਜਾਬੀ ਬੋਲੀ ਨੂੰ ਸਹੀ ਥਾਂ ਦੇਣ ਲਈ ਸੰਘਰਸ਼ ਹੁੰਦਾ ਰਿਹਾ। ਪੰਜਾਬੀ ਸੂਬੇ ਦਾ ਮੋਰਚਾ ਇਸੇ ਅਕਾਲੀ ਸੰਘਰਸ਼ ਦੀ ਦੇਣ ਸੀ। 1966 ਵਿਚ ਪੰਜਾਬ ਦੀ ਵੰਡ ਤੋਂ ਬਾਅਦ ਦਰਿਆਈ ਪਾਣੀਆਂ ਦੀ ਵੰਡ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਰਾਜਧਾਨੀ, ਫਾਜ਼ਿਲਕਾ ਅਤੇ ਅਬੋਹਰ ਦਾ ਮਸਲਾ ਸਿਆਸੀ ਤੌਰ 'ਤੇ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ 'ਤੇ ਹਮੇਸ਼ਾ ਭਾਰੂ ਰਿਹਾ ਹੈ। ਫਿਰਕੂ ਸਿਆਸਤਦਾਨਾਂ ਨੇ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਮੰਗਾਂ ਜਿਵੇਂ ਪੰਜਾਬੀ ਬੋਲੀ ਅਤੇ ਰਾਜ ਨੂੰ ਵੱਧ ਅਧਿਕਾਰ ਦੇਣ ਨੂੰ ਵੱਖਵਾਦ ਦਾ ਨਾਂ ਦੇ ਕੇ ਸਿੱਖਾਂ ਅਤੇ ਪੰਜਾਬੀਆਂ ਨੂੰ ਦਬਾਉਣ ਦੇ ਯਤਨ ਕੀਤੇ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਰਾਖੇ ਦੇ ਤੌਰ 'ਤੇ ਲੋਕਾਂ ਵਿਚ ਜਾਣਿਆ ਜਾਣ ਲੱਗਾ, ਕਿਉਂਕਿ ਕੇਂਦਰ ਵਿਚ ਬਹੁਤਾ ਸਮਾਂ ਕਾਂਗਰਸ ਦੀ ਸਰਕਾਰ ਹੀ ਰਹੀ ਜੋ ਕਿ ਪੰਜਾਬ ਤੇ ਸਿੱਖ ਹੱਕਾਂ ਦਾ ਘਾਣ ਕਰਦੀ ਰਹੀ ਹੈ ਅਤੇ ਸਿੱਖ ਤੇ ਪੰਜਾਬ ਮਸਲਿਆਂ ਨੂੰ ਦੇਸ਼ ਤੋੜਨ ਵਾਲੀਆਂ ਗੱਲਾਂ ਵਜੋਂ ਪ੍ਰਚਾਰਦੀ ਰਹੀ ਹੈ। ਅਕਾਲੀ ਦਲ ਦੀ ਤਾਕਤ ਦਾ ਮੁੱਖ ਸੋਮਾ ਸਿੱਖ ਪੰਥ ਅਤੇ ਗੁਰਦੁਆਰੇ ਰਹੇ ਹਨ। ਸਿੱਖ ਗੁਰਦੁਆਰਿਆਂ ਤੋਂ ਅਕਾਲੀਆਂ ਦਾ ਕਬਜ਼ਾ ਹਟਾਉਣ ਅਤੇ ਸਿੱਖ ਪੰਥ ਨੂੰ ਵੰਡਣਾ ਅਕਾਲੀ ਦਲ ਕਮਜ਼ੋਰ ਕਰਨ ਦੇ ਦੋ ਨੁਕਾਤੀ ਪ੍ਰੋਗਰਾਮ ਕਾਂਗਰਸੀਆਂ ਵੱਲੋਂ ਰਹੇ ਹਨ।
1978 ਤੋਂ ਲੈ ਕੇ 1993 ਤੱਕ ਇਕ ਵੱਖਰੀ ਸੋਚ ਪੰਜਾਬ ਵਿਚ ਭਾਰੂ ਰਹੀ ਜੋ ਮੁੱਖ ਤੌਰ 'ਤੇ ਨਿਰੰਕਾਰੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਨ ਅਤੇ ਮਾਣ ਸਤਿਕਾਰ ਨਾ ਕਰਨ ਤੋਂ ਝਗੜੇ ਦੇ ਰੂਪ ਵਿਚ ਆਰੰਭ ਹੋ ਕੇ ਭਾਰੀ ਹਿੰਸਾ ਵਿਚ ਬਦਲ ਗਈ। ਇਸ ਹਿੰਸਾ ਕਾਰਨ ਪੰਜਾਬ ਦੀ ਜਾਨੀ ਤੇ ਮਾਲੀ ਤਬਾਹੀ ਹੋਈ। ਹਿੰਦੂ ਤੇ ਸਿੱਖ ਫਿਰਕਿਆਂ ਵਿਚ ਤਨਾਅ ਪੈਦਾ ਹੋ ਗਿਆ, ਜਿਸ ਨੇ ਪੰਜਾਬ ਦਾ ਅਮਨ-ਚੈਨ ਖੋਹ ਲਿਆ। ਇਹ ਖੂਨੀ ਸਿਆਸਤ ਪੰਜਾਬ ਵਿਰੋਧੀਆਂ ਨੂੰ ਖੂਬ ਰਾਸ ਆਈ ਸੀ, ਜਿਸ ਨੂੰ ਬਹੁਤੀਆਂ ਸਿੱਖ ਜਥੇਬੰਦੀਆਂ ਅਤੇ ਅਕਾਲੀ ਦਲ ਵੀ ਨਾ ਸਮਝ ਸਕਿਆ। 1992-93 ਵਿਚ ਖਾੜਕੂਵਾਦ ਦਾ ਦੌਰ ਖਤਮ ਹੋਇਆ। 1992 ਵਿਚ ਥੋੜ੍ਹੀਆਂ ਵੋਟਾਂ ਨਾਲ ਬਣੀ ਕਾਂਗਰਸ ਸਰਕਾਰ ਨੂੰ ਸ਼ੁਰੂ ਵਿਚ ਖੁਦ ਨੂੰ ਇਹ ਯਕੀਨ ਨਹੀਂ ਸੀ ਕਿ ਉਹ 5 ਸਾਲ ਦਾ ਸਮਾਂ ਪੂਰਾ ਕਰਨਗੇ ਵੀ ਕਿ ਨਹੀਂ? ਪਰ ਖਾੜਕੂਵਾਦ ਦੇ ਖਾਤਮੇ ਨਾਲ ਇਕ ਨਵੀਂ ਕਿਸਮ ਦੇ ਰਾਜਸੀ ਮਾਹੌਲ ਦੀ ਸਿਰਜਨਾ ਹੋਈ। ਕਾਂਗਰਸ ਸਰਕਾਰ ਦੇ ਬਹੁਤੇ ਵਿਧਾਨਕਾਰ ਨਵੇਂ ਜਾਂ ਹੌਲੇ ਪਾਏ ਦੇ ਸਨ। ਸ਼੍ਰੋਮਣੀ ਅਕਾਲੀ ਦਲ ਵਿਚ ਵੀ ਮੁੱਖ ਵਿਰੋਧੀ ਧਿਰ ਵਿਚ 1980 ਤੋਂ 1997 ਤੱਕ ਬਹੁਤ ਸਾਰੇ ਪੁਰਾਣੇ ਵਿਧਾਨਕਾਰ ਮੌਜੂਦ ਨਾ ਰਹੇ ਅਤੇ ਉਨ੍ਹਾਂ ਦੀ ਥਾਂ ਨਵੇਂ ਲੋਕਾਂ ਨੇ ਲੀਡਰਸ਼ਿਪ ਸੰਭਾਲੀ।
ਜੋ ਕੌਮਾਂ ਹਾਰ ਜਾਂਦੀਆਂ ਹਨ, ਉਨ੍ਹਾਂ ਵਿਚ ਨਿਰਾਸ਼ਾ ਆ ਜਾਣੀ ਆਮ ਵਰਗੀ ਗੱਲ ਹੈ ਅਤੇ ਉਹ ਲੋਕ ਫਿਰ ਧਰਮ ਤੋਂ ਦੂਰ ਹੋ ਕੇ ਧਾਰਮਿਕ ਚਿੰਨ੍ਹ ਤਿਆਗ ਦਿੰਦੇ ਹਨ। ਇਹ ਹੀ ਅੱਜ ਪੰਜਾਬ ਵਿਚ ਸਿੱਖਾਂ ਨਾਲ ਵਾਪਰ ਰਿਹਾ ਹੈ, ਕਿਉਂਕਿ ਖਾੜਕੂਵਾਦ ਵਿਚ ਅਸਪੱਸ਼ਟ ਨੀਤੀ ਅਤੇ ਆਪਣਾ ਰਾਜਨੀਤਕ ਢਾਂਚਾ ਨਾ ਉਸਾਰਨ ਕਰਕੇ ਸਿੱਖ ਨੌਜਵਾਨਾਂ ਦਾ ਘਾਣ ਵੀ ਹੋਇਆ ਅਤੇ ਇਹ ਵੀ ਸਪੱਸ਼ਟ ਨਾ ਹੋਇਆ ਕਿ ਹਿੰਦੂਆਂ ਤੇ ਬੇਗੁਨਾਹਾਂ ਦੇ ਕਤਲ ਕੌਣ ਕਰ ਰਿਹਾ ਹੈ। ਸਿੱਖ ਨੌਜਵਾਨਾਂ ਨੂੰ ਇਸ ਲਹਿਰ ਤੋਂ ਰਾਜਨੀਤਕ ਸੇਧ ਨਾ ਮਿਲ ਸਕੀ ਤੇ ਉਹ ਖਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਪੰਥ ਅਤੇ ਪੰਜਾਬ ਦੀ ਅਗਵਾਈ ਕਰਨ ਤੋਂ ਅਸਮਰੱਥ ਰਹੇ। ਨਤੀਜਾ ਇਹ ਹੋਇਆ ਕਿ ਅਕਾਲੀ ਦਲ ਦੇ ਰਵਾਇਤੀ ਆਗੂਆਂ ਕੋਲ ਪੰਥ ਅਤੇ ਪੰਜਾਬ ਦੀ ਵਾਗਡੋਰ ਫੇਰ ਆ ਗਈ।
ਰਵਾਇਤੀ ਅਕਾਲੀ ਲੀਡਰਸ਼ਿਪ ਦਾ ਵਿਰੋਧ ਕਰਨ ਵਾਲੀ ਸਿੱਖ ਸਟੂਡੈਂਟਸ ਫੈਡਰੇਸ਼ਨ ਆਪਣੇ ਨਿਘਾਰ ਅਤੇ ਅਸਪੱਸ਼ਟ ਨੀਤੀ ਕਾਰਨ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਈ ਅਤੇ ਪੰਜਾਬ ਨੂੰ ਸੇਧ ਦੇਣ ਦੀ ਥਾਂ ਲੋਭ-ਲਾਲਚ ਦੀ ਅਜੋਕੀ ਰਾਜਨੀਤੀ ਵਿਚ ਗਰਕ ਹੋ ਗਈ। ਅੱਜ ਹਾਲਤ ਇਹ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਅਨੇਕਾਂ ਧੜੇ ਹਨ ਅਤੇ ਹਰੇਕ ਧੜਾ ਇਕ ਟਾਂਗੇ ਵਿਚ ਪੂਰਾ ਆ ਜਾਂਦਾ ਹੈ। ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਅਤੇ ਸਿੱਖਾਂ ਨਾਲ ਜੋ ਬੀਤਿਆ ਹੈ, ਜੋ ਦੁਖਾਂਤ ਹੰਢਾਇਆ ਹੈ, ਉਸ ਦਾ ਅੱਜ ਤੱਕ ਕੋਈ ਪੰਥਕ ਧਿਰ ਅਧਿਐਨ ਨਹੀਂ ਕਰ ਸਕੀ ਕਿ ਸਿੱਖਾਂ ਦਾ ਘਾਣ ਕਿਉਂ ਹੋਇਆ, ਹਾਰ ਕਿਉਂ ਨਸੀਬ ਹੋਈ, ਦਰਬਾਰ ਸਾਹਿਬ 'ਤੇ ਹਮਲਾ ਕਿਉਂ ਹੋਇਆ, ਕੌਣ ਜ਼ਿੰਮੇਵਾਰ ਸਨ ਇਸ ਹਮਲੇ ਲਈ, ਕਿੰਨੇ ਲੋਕ ਮਾਰੇ ਗਏ ਅਤੇ ਕਿੰਨਾ ਨੁਕਸਾਨ ਹੋਇਆ, ਖਾੜਕੂਵਾਦ ਦੌਰਾਨ ਕਿੰਨੇ ਸਿੱਖ ਨੌਜਵਾਨ ਲਾਵਾਰਿਸ ਲਾਸ਼ਾਂ ਬਣੇ ਅਤੇ ਕਿੰਨੇ ਸੰਤਾਪ ਭੋਗ ਰਹੇ ਪਰਿਵਾਰਾਂ ਦੀ ਪੰਥ ਨੇ ਸਾਰ ਲਈ। ਇਸੇ ਨਿਰਾਸ਼ਾ ਭਰਪੂਰ ਵਾਤਾਵਰਨ ਕਾਰਨ ਪ੍ਰੇਸ਼ਾਨ ਹੋ ਕੇ ਸਿੱਖ ਨੌਜਵਾਨ ਸਿੱਖੀ ਤੋਂ ਦੂਰ ਹੋ ਗਏ। ਅੱਜ ਸਿੱਖ ਪਰਿਵਾਰਾਂ ਦੀਆਂ ਲੜਕੀਆਂ, ਕੇਸਾਧਾਰੀ ਲੜਕਿਆਂ ਨਾਲ ਸ਼ਾਦੀ ਕਰਨ ਤੋਂ ਗੁਰੇਜ਼ ਕਰਦੀਆਂ ਹਨ ਅਤੇ ਗਲੋਬਲਾਈਜ਼ੇਸ਼ਨ ਕਲਚਰ, ਨੰਗੇਜ਼ਵਾਦ, ਟੋਪੀਆਂ ਵਾਲੀ ਸਰਦਾਰੀ, ਕੁੰਡਲਾਂ ਵਾਲੀ ਮੁੰਡੀਰ, ਪੰਜਾਬ ਅਤੇ ਸਿੱਖੀ ਉੱਤੇ ਭਾਰੂ ਪੈਂਦੀ ਜਾ ਰਹੀ ਹੈ।
1997 ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਲੋਕਾਂ ਨੇ ਭਾਰੀ ਬਹੁਮਤ ਨਾਲ ਜਿਤਾਇਆ, 1998 ਦੀ ਲੋਕ ਸਭਾ ਵਿਚ ਵੀ ਅਕਾਲੀ ਦਲ ਅਤੇ ਉਸ ਦੀ ਸਹਿਯੋਗੀ ਭਾਜਪਾ 13 ਦੀਆਂ 13 ਸੀਟਾਂ 'ਤੇ ਹੀ ਕਾਬਜ਼ ਹੋਈ ਪਰ ਇਹ ਲੋਕ-ਹਮਾਇਤ ਬਹੁਤਾ ਸਮਾਂ ਕਾਇਮ ਨਾ ਰਹਿ ਸਕੀ ਅਤੇ 1999 ਦੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ, ਭਾਜਪਾ 13 ਵਿਚੋਂ 10 ਸੀਟਾਂ 'ਤੇ ਹਾਰ ਗਏ। ਉਸ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਪਿੰਡ-ਪਿੰਡ ਪਹੁੰਚ ਕਰਕੇ ਸੰਗਤ ਦਰਸ਼ਨ ਰਾਹੀਂ ਗਰਾਂਟਾਂ ਵੰਡੀਆਂ ਗਈਆਂ ਪਰ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਜ਼ਿਆਦਾ ਸਹਾਈ ਨਾ ਹੋ ਸਕੀਆਂ ਅਤੇ ਸਰਕਾਰ ਬਣਾਉਣ ਦੇ ਯੋਗ ਨਾ ਹੋਈਆਂ। ਮੌਜੂਦਾ ਕੈਪਟਨ ਸਰਕਾਰ ਤੋਂ ਲੋਕ ਹੇਠ ਲਿਖੇ ਕਾਰਨਾਂ ਕਰਕੇ ਪਿੱਛੇ ਹਟ ਰਹੇ ਹਨ-
* ਸਰਕਾਰ ਦਾ ਚੋਣਾਂ ਸਮੇਂ ਕੀਤੇ ਵਾਅਦੇ ਤੋਂ ਮੁਕਰਨਾ, ਜਿਵੇਂ ਬਿਜਲੀ-ਪਾਣੀ ਦੀ ਸਹੂਲਤ, ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ਬੰਦ ਕਰਨਾ ਆਦਿ। ਪਬਲਿਕ 'ਤੇ ਟੈਕਸ ਦਾ ਬੋਝ ਜਿਵੇਂ ਬਿਜਲੀ, ਪਾਣੀ ਅਤੇ ਹਾਊਸ ਟੈਕਸ ਵਿਚ ਵਾਧਾ।
* ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਨਾ ਮਿਲਣਾ। ਉਨਤੀ ਦੇ ਕੰਮ ਨਾ ਹੋਣਾ। ਰੋਜ਼ਾਨਾ ਕੰਮ ਆਉਣ ਵਾਲੀਆਂ ਚੀਜ਼ਾਂ ਵਿਚ ਮਹਿੰਗਾਈ।
* ਬੇਇਨਸਾਫੀ-ਕੇਵਲ ਸਿਫਾਰਸ਼ ਨਾਲ ਜਾਂ ਰਿਸ਼ਵਤ ਲੈ ਕੇ ਹੀ ਲੋਕਾਂ ਦੇ ਕੰਮ ਹੋਣੇ। ਪ੍ਰਸ਼ਾਸਨ ਵਿਚ ਸਿਆਸੀ ਲੀਡਰਾਂ ਵੱਲੋਂ ਦਖਲਅੰਦਾਜ਼ੀ ਕਰਨਾ। ਭ੍ਰਿਸ਼ਟਾਚਾਰ ਵਿਚ ਵਾਧਾ-ਅਮਨ ਕਾਨੂੰਨ ਦੀ ਨਿੱਘਰਦੀ ਹਾਲਤ
ਮਈ 2004 ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪਿਛਲੀਆਂ ਲੋਕ ਸਭਾ ਚੋਣਾਂ ਵਿਚ 11 ਸੀਟਾਂ ਜਿੱਤ ਕੇ ਇਕ ਵੱਡੀ ਪਾਰਟੀ ਦੇ ਤੌਰ 'ਤੇ ਸਾਹਮਣੇ ਆਈ ਹੈ ਪਰ ਬਾਅਦ ਵਿਚ ਹੋਈਆਂ ਤਿੰਨ ਵਿਧਾਨ ਸਭਾ ਜ਼ਿਮਨੀ ਚੋਣਾਂ ਕਪੂਰਥਲਾ, ਗੜ੍ਹਸ਼ੰਕਰ ਅਤੇ ਅਜਨਾਲਾ ਵਿਚ ਵੱਡੇ ਫਰਕ ਨਾਲ ਇਹ ਗਠਜੋੜ ਕਾਂਗਰਸ ਪਾਸੋਂ ਹਾਰ ਗਿਆ। ਜਿਸ ਤੋਂ ਦੁਬਿਧਾ ਦੀ ਸਥਿਤੀ ਪੈਦਾ ਹੋ ਗਈ ਕਿ ਕੀ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਹਲਕਿਆਂ ਵਿਚ ਕਮਜ਼ੋਰ ਹੋਇਆ ਹੈ ਜਾਂ ਕਾਂਗਰਸ ਮਜ਼ਬੂਤ ਹੋਈ ਹੈ? ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਸਥਿਤੀ ਕਿਸ ਤਰ੍ਹਾਂ ਦੀ ਹੋਵੇਗੀ?
ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਦਾ ਮੁੱਖ ਸਰੋਤ ਆਮ ਸਿੱਖ ਸੰਗਤ ਰਹੀ ਹੈ। ਸਿੱਖ ਆਪਣੇ ਧਰਮ ਅਤੇ ਧਰਮੀ ਆਗੂਆਂ ਨੂੰ ਹਮੇਸ਼ਾ ਸਤਿਕਾਰ ਦਿੰਦੇ ਰਹੇ ਹਨ। ਅੱਜ ਵੀ ਇਹ ਸਥਿਤੀ ਆਮ ਤੌਰ 'ਤੇ ਤਾਂ ਸਿੱਖਾਂ ਦੀ ਪਹਿਚਾਣ ਇਕ ਬਹਾਦਰ, ਨਿਆਂਪਸੰਦ, ਆਪਾ ਵਾਰਨ ਵਾਲੇ ਅਤੇ ਸੇਵਾ ਕਰਨ ਵਾਲੇ ਦੇ ਰੂਪ ਵਿਚ ਹੁੰਦੀ ਹੈ। ਪੁਰਾਣੇ ਸਿੱਖ ਲੀਡਰਾਂ ਨੇ ਭਾਵੇਂ ਬਹੁਤੀ ਜਾਇਦਾਦ ਨਹੀਂ ਬਣਾਈ ਪਰ ਆਪਣੀ ਦ੍ਰਿੜ੍ਹਤਾ, ਇਮਾਨਦਾਰੀ ਅਤੇ ਸੇਵਾ ਨਾਲ ਸਿੱਖ ਕੌਮ ਦਾ ਵਿਸ਼ਵਾਸ ਜਿੱਤਿਆ ਸੀ। ਉਹ ਲੀਡਰ, ਕੌਮ ਅਤੇ ਸਮਾਜ ਦੀ ਸੇਵਾ ਨੂੰ ਆਪਣਾ ਨਿਸ਼ਾਨਾ ਬਣਾ ਕੇ ਰੱਖਦੇ ਸਨ ਅਤੇ ਰਾਜਸੀ ਤਾਕਤ ਉਨ੍ਹਾਂ ਲਈ ਦੂਜੇ ਨੰਬਰ 'ਤੇ ਹੁੰਦੀ ਸੀ ਪਰ ਅੱਜ ਰਾਜਸੀ ਤਾਕਤ ਪਹਿਲੇ ਨੰਬਰ 'ਤੇ ਹੈ ਅਤੇ ਸਿਧਾਂਤ ਨੰਬਰ ਦੋ 'ਤੇ ਹਨ। ਇਸ ਕਰਕੇ ਪੰਜਾਬ ਦੇ ਲੋਕਾਂ ਵਿਚ ਨਿਰਾਸ਼ਾ ਆਉਣੀ ਸੁਭਾਵਕ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਦੋ-ਧਾਰੀ ਨੀਤੀਆਂ ਗੁਰਦੁਆਰਿਆਂ ਵਿਚ ਦਖਲ ਅਤੇ ਪੰਥ ਵਿਚ ਫੁੱਟ ਵਿਰੋਧੀਆਂ ਦਾ ਹਥਿਆਰ ਰਿਹਾ ਹੈ। ਅੱਜ ਵੀ ਅਨੇਕਾਂ ਅਕਾਲੀ ਦਲ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ-1920, ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ), ਇੰਟਰਨੈਸ਼ਨਲ ਅਕਾਲੀ ਦਲ (ਅਤਿੰਦਰਪਾਲ ਸਿੰਘ), ਸ਼੍ਰੋਮਣੀ ਖਾਲਸਾ ਦਲ (ਦਲਜੀਤ ਸਿੰਘ ਬਿੱਟੂ ਗਰੁੱਪ) ਜੋ ਇਸੇ ਸਮੇਂ ਸਰਗਰਮ ਹਨ। ਰਾਜਸੀ ਪਾਰਟੀ ਲੋਕਾਂ ਦੀ ਸੇਵਾ ਕਰਕੇ ਉਨ੍ਹਾਂ ਦੀਆਂ ਮੰਗਾਂ ਲਈ ਸੰਘਰਸ਼ ਰਾਹੀਂ ਤਾਕਤ ਹਾਸਲ ਕਰਦੀਆਂ ਹਨ। ਪਰ ਬਹੁਤੇ ਅਕਾਲੀ ਦਲ ਨਾ ਲੋਕ ਹਿੱਤ ਦੀ ਗੱਲ ਕਰਦੇ ਹਨ, ਨਾ ਗਲਤ ਸਰਕਾਰੀ ਨੀਤੀਆਂ ਦਾ ਵਿਰੋਧ ਕਰਦੇ ਹਨ ਅਤੇ ਨਾ ਹੀ ਲੋਕਾਂ ਕੋਲ ਜਾਂਦੇ ਹਨ। ਕੇਵਲ ਇਕ ਨੁਕਾਤੀ ਪ੍ਰੋਗਰਾਮ ਮੁੱਖ ਅਕਾਲੀ ਦਲ ਦਾ ਵਿਰੋਧ ਕਰਕੇ ਹੀ ਸਿਆਸਤ ਵਿਚ ਟਿਕੇ ਹੋਏ ਹਨ। ਲੋਕਾਂ ਦੀ ਗੱਲ ਨਾ ਕਰਨ ਕਰਕੇ ਇਨ੍ਹਾਂ ਨੂੰ ਲੋਕਾਂ ਦਾ ਭਰੋਸਾ ਜਾਂ ਹਮਾਇਤ ਮਿਲਣੀ ਬਹੁਤ ਮੁਸ਼ਕਲ ਹੈ ਪਰ ਇਹ ਸਾਰੇ ਅਕਾਲੀ ਲੀਡਰ ਨਾਅਰੇਬਾਜ਼ੀ ਵਾਲੀ ਸਿਆਸਤ ਕਰਕੇ ਕਾਂਗਰਸ ਨੂੰ ਜ਼ਰੂਰ ਮਜ਼ਬੂਤ ਕਰ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਜ਼ਰੂਰ ਪਹੁੰਚਾ ਰਹੇ ਹਨ। ਹਾਲਾਂ ਕਿ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਤੇ ਸਿੱਖਾਂ ਦੇ ਕੌਮਾਂਤਰੀ ਮੁੱਦੇ ਉਠਾ ਕੇ ਆਪਣੀ ਵੱਖਰੀ ਪਛਾਣ ਬਣਾਈ ਬੈਠਾ ਹੈ। ਪਰ ਪੰਜਾਬ ਦੀ ਲੋੜ ਬਾਦਲ ਤੇ ਮਾਨ ਦੀ ਆਪਸੀ ਸਾਂਝ ਹੈ ਜੋ ਕਿ ਆਪਸ ਵਿਚ ਵਿਰੋਧ ਰੱਖਣ ਦੇ ਬਾਵਜੂਦ ਪੰਜਾਬ ਹਿੱਤਾਂ ਲਈ ਸਾਂਝੇ ਤੌਰ 'ਤੇ ਚੱਲਣ।
ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਦਾ ਸਰੋਤ ਸਿੱਖ ਭਾਈਚਾਰਾ ਹੈ ਅਤੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਹੈ। ਇਕ ਨਿਸ਼ਾਨ, ਇਕ ਗੁਰੂ ਤੇ ਇਕ ਮਰਿਯਾਦਾ ਸਿੱਖੀ ਦੀ ਤਾਕਤ ਹੈ। ਸਿੰਘ ਸਾਹਿਬਾਨ ਦੀ ਆਪਸੀ ਲੜਾਈ, ਗੁਰਦੁਆਰਿਆਂ ਦਾ ਢਿੱਲਾ ਪ੍ਰਬੰਧ ਅਤੇ ਵੱਖ-ਵੱਖ ਮਰਯਾਦਾ, ਵੱਖਰੇਵੇਂ ਪੈਦਾ ਕਰਦੀ ਹੈ। ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਮੁਰੰਮਤ ਅਤੇ ਉਸਾਰੀ ਇਤਿਹਾਸ ਨੂੰ ਅੱਖੋਂ ਪਰੋਖੇ ਰੱਖ ਕੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਕੀਤੀ ਜਾਂਦੀ ਹੈ। ਇਹ ਇਸ ਤਰ੍ਹਾਂ ਦਾ ਅਹਿਸਾਸ ਕਰਵਾਉਂਦੀ ਹੈ ਕਿ ਚੰਗਾ ਕੰਮ ਤਾਂ ਬਾਬੇ ਹੀ ਕਰ ਸਕਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਪੈਰੀਂ-ਗੋਡੀਂ ਹੱਥ ਲਵਾ ਕੇ, ਇਹ ਬਾਬੇ ਸਿੱਖ ਦਾ ਗੁਰੂ ਤੋਂ ਵਿਸ਼ਵਾਸ ਘੱਟ ਕਰਦੇ ਹਨ। ਸਿੱਖੀ ਦੇ ਮੁੱਖ ਕੇਂਦਰ ਅਤੇ ਗੁਰਦੁਆਰਿਆਂ ਵਿਚ ਸੇਵਾਦਾਰਾਂ ਵੱਲੋਂ ਪ੍ਰੇਮ ਨਾਲ ਸ਼ਰਧਾਲੂਆਂ ਦੇ ਪੇਸ਼ ਨਾ ਆਉਣਾ ਵੀ ਸਿੱਖੀ ਦੀ ਚੰਗੀ ਤਸਵੀਰ ਪੇਸ਼ ਨਹੀਂ ਕਰਦਾ। ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਆਪਣਾ ਆਚਰਨ ਅਤੇ ਧਰਮ ਨਾਲੋਂ ਸਿਆਸਤ ਵਿਚ ਜ਼ਿਆਦਾ ਦਿਲਚਸਪੀ ਕਰਕੇ ਉਹ ਲੋਕਾਂ ਨੂੰ ਸਿੱਖੀ ਵੱਲ ਉਤਸ਼ਾਹਿਤ ਨਹੀਂ ਕਰਦੇ। ਗੁਰਦੁਆਰਾ ਪ੍ਰਬੰਧ ਵਿਚ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਇਸ ਸੰਸਥਾ ਦੀ ਤਸਵੀਰ ਖਰਾਬ ਕਰ ਰਹੀਆਂ ਹਨ। ਇਕ ਵੀ ਅਜਿਹਾ ਸਿੱਖ ਧਾਰਮਿਕ ਆਗੂ ਨਹੀਂ ਜੋ ਸਮੂਹ ਸਿੱਖ ਸੇਵਕਾਂ ਵੱਲੋਂ ਸਤਿਕਾਰਿਆ ਜਾਂਦਾ ਹੋਵੇ। ਬਾਬੇ ਵੀ ਧਰਮ ਨਾਲੋਂ ਸਿਆਸਤ ਵਿਚ ਜ਼ਿਆਦਾ ਸਰਗਰਮ ਹਨ ਅਤੇ ਸੇਵਾ ਨਾਲੋਂ ਮਾਇਆ ਨੂੰ ਜ਼ਿਆਦਾ ਸਤਿਕਾਰ ਦਿੰਦੇ ਹਨ। ਸਿੱਖ ਆਪਣੇ ਗੁਰੂ ਵਿਚ ਅਟੁੱਟ ਵਿਸ਼ਵਾਸ ਰੱਖਦੇ ਹਨ ਅਤੇ ਵਹਿਮਾਂ-ਭਰਮਾਂ ਨੂੰ ਸਿੱਖੀ ਵਿਚ ਕੋਈ ਥਾਂ ਨਹੀਂ ਦਿੰਦੇ। ਅੱਜ ਦੇ ਸਿੱਖ ਧਾਰਮਿਕ ਲੀਡਰ ਜੋਤਸ਼ੀਆਂ ਦੇ ਪਿੱਛੇ ਤੁਰੇ ਫਿਰਦੇ ਆਪ ਦੇਖੇ ਜਾਂਦੇ ਹਨ, ਜਿਸ ਨਾਲ ਆਮ ਲੋਕਾਂ ਦਾ ਵਿਸ਼ਵਾਸ ਵੀ ਡੋਲਦਾ ਹੈ।
ਅਕਾਲੀ ਦਲ ਹੌਲੀ-ਹੌਲੀ ਇਕ ਸੂਬੇ ਦੀ ਪਾਰਟੀ ਬਣ ਕੇ ਰਹਿ ਗਿਆ ਹੈ। ਅੰਤਰ-ਰਾਜੀ ਜਾਂ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਭਾਈਚਾਰੇ ਨੂੰ ਰਾਜਸੀ ਸੇਧ ਲਈ ਅਕਾਲੀ ਦਲ ਦੀ ਨੀਤੀ ਸਪੱਸ਼ਟ ਨਹੀਂ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਆਪਣੇ ਖੇਤਰ ਵਿਚ ਵੱਖਰੀਆਂ ਹੋ ਸਕਦੀਆਂ ਹਨ ਪਰ ਕੇਂਦਰੀ ਰੂਪ ਵਿਚ ਮਦਦ ਦੀ ਉਨ੍ਹਾਂ ਨੂੰ ਹਰ ਸਮੇਂ ਲੋੜ ਹੈ। ਅਕਾਲੀ ਦਲ ਦੀ ਅੰਤਰਰਾਸ਼ਟਰੀ ਨੀਤੀ ਲਈ ਵੀ ਇਕ ਕਮੇਟੀ ਦੀ ਜ਼ਰੂਰਤ ਹੈ ਜੋ ਸਮੇਂ-ਸਮੇਂ ਸਿਰ ਇਨ੍ਹਾਂ ਮੁੱਦਿਆਂ 'ਤੇ ਸਿੱਖ ਤੇ ਅਕਾਲੀ ਦਲ ਦੀ ਨੀਤੀ ਸਪੱਸ਼ਟ ਕਰੇ।
ਸਮਾਜਕ ਖੇਤਰ ਵਿਚ ਜਾਤਪਾਤ ਨੂੰ ਕੁਚਲਿਆਂ ਜਾਤਾਂ ਨਾਲ ਸੰਬੰਧਿਤ ਸਿੱਖ ਸਿੱਖੀ ਅਤੇ ਹੋਰ ਧਰਮਾਂ ਵਿਚ ਆਪਣੇ ਲਈ ਕੋਈ ਫਰਕ ਮਹਿਸੂਸ ਨਹੀਂ ਕਰਦੇ। ਸਿੱਖ ਗੁਰੂ ਸਾਹਿਬਾਨ ਨੇ ਉਸ ਸਮੇਂ ਦੇ ਦੱਬੇ-ਕੁਚਲੇ ਲੋਕਾਂ ਨੂੰ ਆਪਣੇ ਬਰਾਬਰ ਥਾਂ ਹੀ ਨਹੀਂ ਦਿੱਤੀ, ਪੁੱਤਰ, ਭਾਈ ਦਾ ਦਰਜਾ ਦਿੱਤਾ ਅਤੇ ਔਖੀ ਘੜੀ ਵਿਚ ਆਪਣਾ ਪੋਸ਼ਾਕਾ ਅਤੇ ਕਲਗੀ ਵੀ ਦਿੱਤੀ ਪਰ ਅੱਜ ਸਿੱਖਾਂ ਨੂੰ ਦੁਬਾਰਾ ਜਾਤਪਾਤ ਵੱਲ ਧੱਕਣ ਦਾ ਵਿਰੋਧ ਕਿਸੇ ਸਿੱਖ ਲੀਡਰ ਵੱਲੋਂ ਨਹੀਂ ਹੋ ਰਿਹਾ ਜਿਸ ਨਾਲ ਇਕ ਵੱਡਾ ਫਿਰਕਾ ਹੌਲੀ-ਹੌਲੀ ਪਿੱਛੇ ਹਟਦਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੂੰ ਸਿੱਖ ਧਰਮ ਵਿਚ ਹੋਰ ਸਾਰਥਕ ਹੋਣ ਲਈ ਹੇਠ ਲਿਖੇ ਮੁੱਦੇ ਵਿਚਾਰਨੇ ਚਾਹੀਦੇ ਹਨ।
a ਸ਼੍ਰੋਮਣੀ ਕਮੇਟੀ ਮੈਂਬਰਾਂ ਰਾਹੀਂ ਪਿੰਡ ਪੱਧਰ 'ਤੇ ਸੰਗਠਿਤ ਸਿੱਖ ਚੇਤਨਾ ਲਹਿਰ ਚਲਾਈ ਜਾਣੀ ਚਾਹੀਦੀ ਹੈ। ਸ਼ਹਿਰ ਅਤੇ ਪਿੰਡ ਪੱਧਰ ਦੀਆਂ ਜਥੇਬੰਦੀਆਂ ਦੀ ਏਕਤਾ ਹੋਣੀ ਚਾਹੀਦੀ ਹੈ। ਅਕਾਲ ਤਖਤ ਸਾਹਿਬ ਨਾਲ ਮਿਲ ਕੇ ਇਕੱਠੇ ਗੁਰਪੁਰਬ ਮਨਾਉਣੇ ਚਾਹੀਦੇ ਹਨ ਅਤੇ ਸੇਵਾ ਕਰਨੀ ਚਾਹੀਦੀ ਹੈ।
a ਵਿਦਿਆ ਅਤੇ ਸਿਹਤ ਖੇਤਰ ਵਿਚ ਸਸਤੀਆਂ ਸਹੂਲਤਾਂ ਸਿੱਖਾਂ ਲਈ ਪੈਦਾ ਕਰਨੀਆਂ ਚਾਹੀਦੀਆਂ ਹਨ।
a ਗੁਰਦੁਆਰਾ ਸਾਹਿਬਾਨ ਦਾ ਇਕ ਨਕਸ਼ਾ ਅਤੇ ਇਕ ਮਰਿਯਾਦਾ ਹੋਵੇ। ਗੁਰਦੁਆਰਾ ਸਾਹਿਬ ਵਿਚ ਪਾਠ, ਕੀਰਤਨ, ਲੰਗਰ ਅਤੇ ਰਿਹਾਇਸ਼ ਦੀ ਸਹੂਲਤ ਲਾਜ਼ਮੀ ਹੋਵੇ। ਇਤਿਹਾਸਕ ਗੁਰਦੁਆਰਿਆਂ ਵਿਚ ਸਫਾਈ ਦੀ ਸੇਵਾ ਅਤੇ ਲੰਗਰ ਦੀ ਸੇਵਾ ਲਈ ਪਿੰਡ ਵਾਈਜ਼ ਲਾਮਬੰਦੀ ਕਰਕੇ ਡਿਊਟੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ।
a ਸਿੱਖ ਇਤਿਹਾਸ ਅਤੇ ਫਿਲਾਸਫੀ-ਗੁਰਬਾਣੀ ਖੋਜ ਬਾਰੇ ਨੀਤੀ ਨਿਰਧਾਰਤ ਕਰਨੀ ਚਾਹੀਦੀ ਹੈ। ਹਰ ਪੁਸਤਕ ਦਾ ਖਰੜਾ ਛਪਣ ਤੋਂ ਪਹਿਲਾਂ ਪ੍ਰਵਾਨ ਹੋਣਾ ਚਾਹੀਦਾ ਹੈ।
a ਸ਼੍ਰੋਮਣੀ ਕਮੇਟੀ ਸੇਵਾਦਾਰਾਂ ਦੀ ਪੁਸ਼ਾਕ ਤਿਆਰ-ਬਰ-ਤਿਆਰ ਸਿੰਘਾਂ ਵਾਲੀ ਅਤੇ ਖੂਬਸੂਰਤ ਹੋਣੀ ਚਾਹੀਦੀ ਹੈ। ਸਿੱਖ ਬੁੱਧੀਜੀਵੀਆਂ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਕੀਤਾ ਜਾਣਾ ਚਾਹੀਦਾ ਹੈ। ਪਿੰਡਾਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਚੰਗੇ ਪ੍ਰਚਾਰਕ ਤੇ ਗ੍ਰੰਥੀ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ ਜੋ ਕਿ ਸੰਗਤਾਂ ਨੂੰ ਗੁਰਮਤਿ ਨਾਲ ਜੋੜਨ ਅਤੇ ਗੁਰਮਤਿ ਸੇਧ ਦੇ ਕੇ ਨਸ਼ੇ, ਆਪਸੀ ਲੜਾਈ ਝਗੜੇ ਅਤੇ ਜਾਤਪਾਤ ਮਿਟਾ ਸਕਣ।
ਆਰਥਿਕ ਖੇਤਰ ਵਿਚ ਖੇਤੀਬਾੜੀ, ਜੋ ਸਿੱਖਾਂ ਦਾ ਮੁੱਖ ਕਿੱਤਾ ਹੈ ਲਾਹੇਵੰਦ ਨਹੀਂ ਰਿਹਾ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਨੇ ਕਿਸਾਨ ਨੂੰ ਬਿਜਲੀ-ਪਾਣੀ ਮੁਫਤ ਦੇ ਕੇ ਉਨ੍ਹਾਂ ਦੀ ਹਮਾਇਤ ਹਾਸਲ ਕੀਤੀ ਸੀ। ਕਾਂਗਰਸ ਪਾਰਟੀ ਵੱਲੋਂ ਇਹ ਸਹੂਲਤ ਵਾਪਸ ਲੈ ਕੇ ਕਿਸਾਨਾਂ ਨੂੰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਆਉਣ ਦਾ ਮੌਕਾ ਦਿੱਤਾ ਹੈ ਪਰ ਇਕੱਲੀ ਬਿਜਲੀ ਪਾਣੀ ਮੁਫਤ ਕਰਕੇ ਟੈਕਸ ਅਤੇ ਖਰਚੇ ਵਧਾ ਕੇ ਕਿਸਾਨਾਂ ਨੂੰ ਪਾਰਟੀ ਨਾਲ ਪੱਕੇ ਤੌਰ 'ਤੇ ਖੜ੍ਹਾ ਨਹੀਂ ਕਰ ਸਕਣਗੇ ਜਦ ਤੱਕ ਘੱਟ ਖਰਚੇ ਦੇ ਨਾਲ ਆਮਦਨ ਨਹੀਂ ਵਧੇਗੀ, ਕੇਵਲ ਮੁਫਤ ਚੀਜ਼ਾਂ ਨਾਲ ਸਦਾ ਲਈ ਨਾ ਤਾਂ ਹਮਾਇਤ ਹੀ ਰਹਿ ਸਕੇਗੀ ਅਤੇ ਨਾ ਹੀ ਰਾਜਸੀ ਤਾਕਤ। ਇਸ ਲਈ ਖੇਤੀਬਾੜੀ ਬਾਰੇ ਨੀਤੀ ਬਦਲਣ ਦੀ ਲੋੜ ਹੈ। ਕੇਵਲ ਖੇਤੀਬਾੜੀ ਵਿਚ ਭਿੰਨਤਾ ਅਤੇ ਖੇਤੀਬਾੜੀ ਨਾਲ ਸੰਬੰਧਿਤ ਸਨਅਤਾਂ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਤੋਂ ਬਾਹਰ ਕੱਢ ਸਕਣ ਦੇ ਯੋਗ ਹਨ।
ਕੰਮ ਤੋਂ ਨਫਰਤ ਅਰਥਾਤ ਕਿਰਤ ਤੋਂ ਭਾਂਜ ਦਾ ਰਾਹ ਪੰਜਾਬੀਆਂ ਲਈ ਖੁਸ਼ਹਾਲੀ ਦਾ ਰਾਹ ਬੰਦ ਕਰ ਰਿਹਾ ਹੈ। ਪ੍ਰਵਾਸੀ ਮਜ਼ਦੂਰ ਇਥੇ ਹਰ ਤਰ੍ਹਾਂ ਨਾਲ ਪ੍ਰਫੁਲਤ ਹੋ ਰਹੇ ਹਨ। ਜੇਕਰ ਪ੍ਰਾਈਵੇਟ ਫੈਕਟਰੀਆਂ ਵੀ ਆਈ. ਟੀ. ਆਈ. ਵਿਚੋਂ ਟਰੇਂਡ ਨੌਜਵਾਨ ਭਰਤੀ ਕਰਨ ਅਤੇ ਥੋੜ੍ਹੇ ਖਰਚੇ ਤੇ ਵੱਧ ਕਮਾਈ ਵਾਲੇ ਵਪਾਰ ਦੇ ਕਿੱਤੇ ਕਰਨ ਵੱਲ ਵਧਣ ਤਾਂ ਪੰਜਾਬ ਦੇ ਪੈਸੇ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਰੋਜ਼ਗਾਰ ਵੀ ਵਧ ਸਕਦਾ ਹੈ।
ਸਾਰੇ ਸ਼ਹਿਰੀਆਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ ਪਰ ਸਰਕਾਰੀ ਅਧਿਕਾਰੀ ਚੰਗੀ ਸੇਵਾ ਅਤੇ ਪ੍ਰੇਰਨਾ ਨਾਲ ਲੋਕਾਂ ਨੂੰ ਹੋਰ ਕੰਮ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ। ਸਰਕਾਰੀ ਅਦਾਰਿਆਂ ਵਿਚ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਗਲਤ ਆਦਮੀਆਂ ਨੂੰ ਤਾਕਤ ਦਿੰਦਾ ਹੈ। ਭ੍ਰਿਸ਼ਟ ਕਰਮਚਾਰੀਆਂ ਅਤੇ ਅਫਸਰਾਂ ਦਾ, ਜਿਨ੍ਹਾਂ ਦਾ ਮੁੱਖ ਨਿਸ਼ਾਨਾ ਪੈਸਾ ਇਕੱਠਾ ਕਰਨਾ, ਹਿੱਸਾ ਦੇਣਾ ਅਤੇ ਲੋਕਾਂ ਨੂੰ ਲੁਟਣਾ ਹੁੰਦਾ ਹੈ, ਉਨ੍ਹਾਂ ਨੇ ਲੋਕ ਸੇਵਾ ਅਤੇ ਆਪਣੀ ਗੈਰਤ ਨੂੰ ਛੱਡ ਦਿੱਤਾ ਹੈ। ਪਿਛਲੇ ਸਮੇਂ ਵਿਚ ਲੋਕ ਸੇਵਾ ਵਾਲੇ ਅਤੇ ਇਮਾਨਦਾਰ ਅਧਿਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਰਾਜਸੀ ਲੀਡਰਾਂ ਦੀ ਸਰਪ੍ਰਸਤੀ ਹਾਸਲ ਨਹੀਂ ਕਰ ਸਕੇ। ਜਿਸ ਨਾਲ ਅਕਾਲੀ ਪ੍ਰਸ਼ਾਸਨ ਅਤੇ ਦੂਜੇ ਪ੍ਰਸ਼ਾਸਨ ਵਿਚ ਕੋਈ ਫਰਕ ਨਹੀਂ ਰਿਹਾ।
1997 ਤੋਂ 2002 ਤੱਕ ਅਤੇ ਇਸ ਤੋਂ ਪਹਿਲਾਂ ਜ਼ਿਆਦਤੀਆਂ ਅਤੇ ਭ੍ਰਿਸ਼ਟਾਚਾਰ ਲਈ ਬਦਨਾਮ ਅਫਸਰ ਹੀ ਉੱਚ ਅਹੁਦਿਆਂ 'ਤੇ ਰਹੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸੇਵਾ ਦੇ ਏਜੰਡੇ ਨੂੰ ਲਾਗੂ ਕਰਨ ਦੀ ਥਾਂ ਭ੍ਰਿਸ਼ਟਾਚਾਰ ਨੂੰ ਹੀ ਅੱਗੇ ਰੱਖਿਆ ਅਤੇ ਆਪਣੇ ਇਸ ਕੰਮ ਵਿਚ ਵਿਧਾਨਕਾਰਾਂ ਨੂੰ ਮਹੀਨੇ ਭਰਕੇ ਸ਼ਾਮਿਲ ਕਰ ਲਿਆ। ਅਪਰਾਧੀ ਸਰਕਾਰੀ ਅਧਿਕਾਰੀ ਅਤੇ ਵਿਧਾਨਕਾਰਾਂ ਦਾ ਗਠਜੋੜ ਆਮ ਆਦਮੀ ਦੀ ਜ਼ਿੰਦਗੀ ਨੂੰ ਦੁਖੀ ਕਰ ਰਿਹਾ ਸੀ ਅਤੇ ਅੱਜ ਵੀ ਕਰ ਰਿਹਾ ਹੈ।
ਲੋਕ ਸਮੱਸਿਆ ਲਈ ਰਾਜਸੀ ਪਾਰਟੀਆਂ ਦੇ ਵਰਕਰ ਅਤੇ ਸਮਾਜ ਸੇਵਕ ਅੱਗੇ ਆਉਂਦੇ ਹਨ ਜਿਸ ਨਾਲ ਲੋਕਾਂ ਦਾ ਭਰੋਸਾ ਜਿੱਤਿਆ ਜਾਂਦਾ ਹੈ ਪਰ ਅੱਜ ਲੋਕਾਂ ਦੀ ਸਮੱਸਿਆ ਲਈ ਕੋਈ ਵੀ ਨੌਜਵਾਨ, ਸੋਸ਼ਲ ਵਰਕਰ ਅੱਗੇ ਆ ਕੇ ਆਪ ਕੋਈ ਕਸ਼ਟ ਝੱਲਣ ਨੂੰ ਤਿਆਰ ਨਹੀਂ। ਕੇਵਲ ਉਹੀ ਮੌਕਾਪ੍ਰਸਤ ਲੋਕ ਅੱਗੇ ਆ ਰਹੇ ਹਨ ਜੋ ਸਿਆਸੀ ਲੀਡਰਾਂ ਦੇ ਆਲੇ-ਦੁਆਲੇ ਘੁੰਮ ਕੇ ਸਰਕਾਰੀ ਅਧਿਕਾਰੀਆਂ ਨਾਲ ਦੋਸਤੀ ਅਤੇ ਉਨ੍ਹਾਂ ਦਾ ਦਲਾਲ ਬਣ ਕੇ ਹੀ ਲੋਕਾਂ ਵਿਚ ਵਿਚਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਸਿੱਖ ਰਾਜਸੀ ਮੁੱਦਿਆਂ ਬਾਰੇ ਨੀਤੀ ਲੋਕਾਂ ਵਿਚ ਸਪੱਸ਼ਟ ਨਹੀਂ ਹੈ। ਅਨੰਦਪੁਰ ਸਾਹਿਬ ਦਾ ਮਤਾ ਜਾਂ ਅੰਮ੍ਰਿਤਸਰ ਦਾ ਮਤਾ ਸਿਰਫ ਅਖਬਾਰੀ ਚਰਚਾ ਦਾ ਵਿਸ਼ਾ ਹਨ। ਇਸ ਨੂੰ ਪ੍ਰਾਪਤ ਕਰਨ ਲਈ ਕੋਈ ਯਤਨ ਹੁੰਦਾ ਨਜ਼ਰ ਨਹੀਂ ਆ ਰਿਹਾ। ਦਰਿਆਈ ਪਾਣੀਆਂ ਦਾ ਮੁੱਦਾ ਵੀ ਅਕਾਲੀ ਦਲ ਨੂੰ ਆਪਣਾ ਜਾਤੀ ਕੇਸ ਸਮਝ ਕੇ ਲੜਨਾ ਚਾਹੀਦਾ ਹੈ, ਕਿਉਂਕਿ ਇਹ ਕੇਸ ਪੇਚੀਦਾ ਹੁੰਦਾ ਜਾ ਰਿਹਾ ਹੈ ਅਤੇ ਕਾਂਗਰਸ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ। ਪਾਰਟੀ ਲਈ ਵਚਨਬੱਧ ਅਨੁਸ਼ਾਸਿਤ ਕਾਡਰ ਦੀ ਸਖਤ ਲੋੜ ਹੈ ਜੋ ਲੋਕਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਲਈ ਪਿੰਡ ਪੱਧਰ 'ਤੇ ਮੁਕਾਬਲਾ ਕਰ ਸਕੇ, ਇਸੇ ਨੀਤੀ ਤਹਿਤ ਸ਼੍ਰੋਮਣੀ ਅਕਾਲੀ ਦਲ ਆਪਣਾ ਮਨੁੱਖੀ ਅਧਿਕਾਰਾਂ ਵੱਲ ਸਿੱਖ ਸੰਕਲਪ ਸਿਰਜ ਕੇ ਲੋਕਾਂ ਦੀ ਨੇੜਤਾ ਪ੍ਰਾਪਤ ਕਰ ਸਕਦਾ ਹੈ।
ਸਮੁੱਚੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਵੈ-ਪੜਚੋਲ ਦੀ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੁਧਾਰ, ਸੇਵਾ, ਲੋਕਾਂ ਦੀਆਂ ਸਮੱਸਿਆਵਾਂ ਲਈ ਪਿੰਡ ਪੱਧਰ 'ਤੇ ਸੰਘਰਸ਼, ਇਮਾਨਦਾਰ, ਬਹਾਦਰ ਅਤੇ ਚੰਗੇ ਅਕਸ ਵਾਲੀ ਪਾਰਟੀ ਨੂੰ ਸਮਰਪਿਤ ਵਰਕਰਾਂ ਦੀ ਲਾਮਬੰਦੀ ਨਾਲ ਆਮ ਲੋਕਾਂ ਨਾਲ ਤਾਲਮੇਲ ਅਤੇ ਸਿੱਖੀ ਚੇਤਨਾ ਜਗਾ ਕੇ ਸਿੱਖੀ ਸ਼ਾਨ ਨੂੰ ਬਹਾਲ ਕੀਤਾ ਜਾ ਸਕਦਾ ਹੈ ਅਤੇ ਕੁਝ ਵੋਟਾਂ ਦੀ ਖਾਤਰ ਉਨ੍ਹਾਂ ਬਾਬਿਆਂ ਦਾ ਪਿੱਛਾ ਛੱਡਣਾ ਚਾਹੀਦਾ ਹੈ ਜਿਹੜੇ ਸਿੱਖੀ ਦਾ ਵਿਰੋਧ ਕਰਦੇ ਹਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਨਹੀਂ ਸਵੀਕਾਰਦੇ।
ਇਕ ਨਵੀਂ ਸਿੱਖ ਚੇਤਨਾ ਲਹਿਰ ਸੰਗਠਤ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖਾਂ ਨੂੰ ਨਾਲ ਲੈ ਕੇ ਆਰੰਭ ਕੀਤੀ ਜਾਵੇ, ਸਹੀ ਯੋਜਨਾਬੰਦੀ ਮਾੜੇ ਰੁਝਾਨ ਨੂੰ ਠੱਲ੍ਹ ਪਾ ਸਕਦੀ ਹੈ ਅਤੇ ਕੁਰਬਾਨੀ ਤੋਂ ਬਿਨਾਂ ਲੀਡਰ ਪੈਦਾ ਨਹੀਂ ਹੁੰਦੇ ਤੇ ਜੋ ਅਸੀਂ ਪਰਦੇ ਵਿਚ ਕਰਦੇ ਹਾਂ। ਲੋਕਾਂ ਨੂੰ ਪਤਾ ਹੁੰਦਾ ਹੈ ਇਸ ਲਈ ਲੋਕਾਂ ਨੂੰ ਧੋਖੇ ਵਿਚ ਰੱਖ ਕੇ ਲੀਡਰਸ਼ਿਪ ਨਹੀਂ ਹੋ ਸਕਦੀ। ਅਕਾਲੀ ਦਲ ਨੂੰ ਮੁੜ ਰਾਜਸੀ ਤਾਕਤ ਹਾਸਲ ਕਰਨ ਲਈ ਹੇਠ ਲਿਖੇ ਮੁੱਦੇ ਵਿਚਾਰਨੇ ਚਾਹੀਦੇ ਹਨ-
1. ਪਿੰਡ ਪੱਧਰ 'ਤੇ ਜਥੇਬੰਦੀ ਕਾਇਮ ਕੀਤੀ ਜਾਵੇ ਜੋ ਹਰ ਗਰੀਬ ਅਤੇ ਲੋੜਵੰਦ ਦੀ ਜਾਇਜ਼ ਮਦਦ ਕਰੇ ਤੇ ਲੋੜ ਪੈਣ 'ਤੇ ਸੰਘਰਸ਼ ਕਰੇ।
2. ਜ਼ਿਲ੍ਹਾ ਪੱਧਰ 'ਤੇ ਪਾਰਟੀ ਦਫਤਰ ਕੰਮ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਲਈ ਅਫਸਰਾਂ ਤੱਕ ਪਹੁੰਚ ਕਰਨ। ਜੇਕਰ ਇਨਸਾਫ ਨਹੀਂ ਮਿਲਦਾ ਤਾਂ ਕਾਨੂੰਨੀ ਤੌਰ 'ਤੇ ਜਾਂ ਰਾਜਸੀ ਤੌਰ 'ਤੇ ਸੰਘਰਸ਼ ਕੀਤਾ ਜਾਵੇ।
3. ਕੇਂਦਰੀ ਪੱਧਰ 'ਤੇ ਰਾਜਸੀ, ਆਰਥਿਕ ਅਤੇ ਸਮਾਜਕ ਬਰਾਬਰੀ ਅਤੇ ਭਾਈਚਾਰੇ ਬਾਰੇ ਨੀਤੀ ਸਪੱਸ਼ਟ ਕੀਤੀ ਜਾਵੇ।
4. ਭ੍ਰਿਸ਼ਟ ਲੀਡਰਾਂ ਦੀ ਥਾਂ ਨਵੇਂ, ਪੰਥ-ਪੰਜਾਬ ਸਮਰਪਿਤ ਇਮਾਨਦਾਰ ਵਿਅਕਤੀਆਂ ਨੂੰ ਅੱਗੇ ਲਿਆਂਦਾ ਜਾਵੇ।
5. ਸਰਕਾਰੀ ਅਧਿਕਾਰੀਆਂ ਰਾਹੀਂ ਪੈਸੇ ਇਕੱਠੇ ਨਾ ਕੀਤੇ ਜਾਣ। ਇਹ ਲੋਕਾਂ ਨਾਲ ਦੂਰੀ ਪੈਦਾ ਕਰਦੇ ਹਨ ਅਤੇ ਆਪ ਲੁੱਟ-ਖਸੁੱਟ ਕਰਦੇ ਹਨ।
6. ਬਾਬਿਆਂ ਅਤੇ ਡੇਰੇਦਾਰਾਂ ਤੋਂ ਦੂਰੀ ਰੱਖੀ ਜਾਵੇ। ਸ੍ਰੀ ਦਰਬਾਰ ਸਾਹਿਬ ਵਿਚ ਹੀ ਵਿਸ਼ਵਾਸ ਰੱਖਿਆ ਜਾਵੇ।
7. ਪਾਰਟੀ ਦਫਤਰ ਅੰਮ੍ਰਿਤਸਰ ਵਿਚ ਬਣੇ।
8. ਹੁਣ ਤੋਂ ਹੀ ਜਨ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾਵੇ। ਪੰਜਾਬ ਅਤੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਧਰਨੇ, ਰੈਲੀਆਂ ਦੀ ਥਾਂ ਹਲਕੇ ਵਾਰ ਇਕੱਠ ਕੀਤੇ ਜਾਣੇ ਚਾਹੀਦੇ ਹਨ।
9. ਜਾਤ-ਪਾਤ ਵਿਰੁੱਧ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਦਲਿਤਾਂ ਦੇ ਹੋ ਰਹੇ ਬਾਈਕਾਟਾਂ ਨੂੰ ਖਤਮ ਕਰਾਉਣਾ ਚਾਹੀਦਾ ਹੈ ਅਤੇ ਉੱਚੀਆਂ ਤੇ ਨੀਵੀਆਂ ਜਾਤਾਂ ਦੀ ਸਾਂਝੀਵਾਲਤਾ ਨੂੰ ਬਹਾਲ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ।

No comments:
Post a Comment