ਗੁਰਬਾਣੀ ਦੀ, ਵਿਆਖਿਆ ਵਿੱਚ, ਉਸ ਦੀ ਅਰਥਕਾਰੀ ਵਿੱਚ ਬਹੁਤ ਵੱਡੇ ਨਾਂ ਹਨ : ਭਾਈ ਵੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਸ਼ਬਦਾਰਥ ਵਾਲੇ, ਆਦਿ। ਇਹ ਤੇ ਇਨ੍ਹਾਂ ਦੇ ਨਾਲ ਦੇ ਹੋਰ, ਆਪਣੇ ਜ਼ਮਾਨੇ ਦੇ, ਗੁਰਬਾਣੀ ਦੇ, ਚੋਟੀ ਦੇ ਵਿਦਵਾਨ ਸਨ, ਪਰ ਅਫਸੋਸ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਸਭ ਵਡੱਪ ਦੇ, ਉਨ੍ਹਾਂ ਦੇ ਇਸ ਕੰਮ ਦੇ ਅਰਪਣ ਹੋਣ ਦੇ, ਉਨ੍ਹਾਂ ਦੀ ਸਭ ਮਿਹਨਤ ਤੇ ਵਿਦਵਤਾ ਦੇ ਬਾਵਜੂਦ, ਉਹ ਗੁਰਬਾਣੀ ਦੇ ਅਸਲੇ ਤੱਕ ਨਹੀਂ ਪਹੁੰਚ ਪਾਏ। ਵਿਦਵਾਨਾਂ ਦੀ ਸਾਰੀ ਦੀ ਸਾਰੀ ਪੀੜ੍ਹੀ ਹੀ ਜਿਵੇਂ ਗੁਰਬਾਣੀ ਦੀ ਅਸਲੀਅਤ ਨੂੰ ਸਮਝਣ ਦੇ ਰਾਹੇ ਹੀ ਨਹੀਂ ਪੈ ਸਕੀ।
ਗੁਰਬਾਣੀ ਦੇ ਵਿਆਖਿਆਕਾਰਾਂ, ਅਰਥਕਾਰਾਂ ਨੂੰ ਇਹ ਔਹੜਿਆ ਹੀ ਨਹੀਂ ਕਿ ਮਾਇਆ ਤੇ ਨਾਮ, ਇੱਕ ਦੂਸਰੇ ਦੇ ਵਿਰੋਧੀ ਦੋ ਪੂਰਨ ਤਰਜ਼ੇ-ਜ਼ਿੰਦਗੀਆਂ ਹਨ। ਆਰਥਿਕ ਨੀਂਹ ਤੋਂ ਲੱਗ ਕੇ ਉਸਾਰ ਤੱਕ-ਇੱਕ ਦੂਸਰੇ ਦੇ ਵਿਰੋਧੀ ਪੂਰਨ ਤਰਜ਼ੇ-ਜ਼ਿੰਦਗੀਆਂ। ਉਨ੍ਹਾਂ ਦੀ ਸੋਚ ਵਿੱਚ ਤਰਜ਼ੇ-ਜ਼ਿੰਦਗੀਆਂ ਦਾ ਸੰਕਲਪ ਹੀ ਨਹੀਂ ਆਇਆ। ਗੁਰਬਾਣੀ ਦਾ ਮੂਲ ਜ਼ੋਰ ਹੈ ਬੰਦੇ ਦੀ ਮਨਮੁੱਖੀ ਬਣਤਰ ਨੂੰ ਖ਼ਤਮ ਕਰਕੇ ਉਸ ਨੂੰ ਗੁਰਮੁਖ ਬਣਾਉਣ 'ਤੇ। ਇਸ ਵਾਸਤੇ ਹੀ ਗੁਰੂ ਸਾਹਿਬਾਨ ਨੇ ਕੋਈ ਦੋ ਸੌ ਸਾਲ ਤੋਂ ਉੱਪਰ ਕਲਚਰਲ ਇਨਕਲਾਬ ਵਿੱਢੀ ਰੱਖਿਆ। ਜਦੋਂ ਗੁਰਬਾਣੀ ਬੰਦੇ ਨੂੰ ਮਨਮੁੱਖ ਤੋਂ ਗੁਰਮੁੱਖ ਬਣਾ ਰਹੀ ਹੈ, ਤਾਂ ਉਹ ਸਰਬੱਤ ਦੀ ਆਜ਼ਾਦੀ ਦੇ ਪੈਂਤੜੇ ਤੋਂ ਇਨਕਲਾਬ ਲਿਆਉਣ ਦੇ ਰਾਹੇ ਹੈ।
ਸਿੱਖ ਵਿਦਵਾਨਾਂ ਨੂੰ ਕਿਤੇ ਸੁਪਨੇ ਵਿੱਚ ਵੀ ਆਇਆ ਨਹੀਂ ਜਾਪਦਾ ਕਿ ਗੁਰਬਾਣੀ ਬੰਦੇ ਦੀ ਸਰਬੱਤ ਦੀ ਅਜ਼ਾਦੀ ਦੇ ਮਸਲੇ ਨੂੰ ਮੁਖ਼ਾਤਬ ਹੈ ਅਤੇ ਬੰਦੇ ਨੂੰ ਉਸ ਵਾਸਤੇ ਜੂਝਣ ਦੇ ਰਾਹੇ ਪਾਉਂਦੀ ਹੈ। ਇਹ ਬੇਸਮਝੀ ਗੁਰਬਾਣੀ ਦੇ ਅਰਥਾਂ ਦਾ ਮੁਹਾਣ ਕਿਸ ਤਰ੍ਹਾਂ ਰਾਹੋਂ ਕੁਰਾਹੇ ਪਾਉਂਦੀ ਹੈ, ਮਿਸਾਲ ਲਿਆਂ ਸਪੱਸ਼ਟ ਹੋ ਜਾਂਦਾ ਹੈ:
ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ। ਰਾਤੀ ਊਘੈ ਦਬਿਆ ਨਵੇ ਸੌਤ ਸਭਿ ਢਿਲਾ। ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ। ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ। ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ। ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖ ਭਲ ਭਲਾ। ਜੋਰਾ ਪੁਰਸ ਸਭਿ ਆਪਿ ਉਪਾਇਅਨੁ ਹਰਿ ਖੇਲ ਸਭ ਖਿਲਾ। ਸਭ ਤੇਰੀ ਬਣਤ ਬਣਾਵਣੀ ਨਾਨਕ (ਭਲ ਭਲਾ)-ਗੁਰੂ ਰਾਮਦਾਸ (304)
ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਹਨ : ''ਮਨ ਦੇ ਅਧੀਨ ਹੋਇਆ ਮਨੁੱਖ ਸਾਰਾ ਦਿਨ ਲਾਲਚ ਵਿੱਚ ਲਿਬੜਿਆ ਹੋਇਆ ਨਾਮ ਤੋਂ ਛੁੱਟ ਹੋਰ ਹੋਰ ਗੱਲਾਂ ਕਰਦਾ ਫਿਰਦਾ ਹੈ (ਦਿਨ ਦੀ ਕਿਰਤ ਕਾਰ ਕਰ ਕੇ ਥੱਕਿਆ ਹੋਇਆ) ਰਾਤ ਨੂੰ ਨੀਂਦਰ ਵਿੱਚ ਘੁਟਿਆ ਜਾਂਦਾ ਹੈ, ਉਸ ਦੇ ਸਾਰੇ ਨੌਂ ਹੀ ਇੰਦਰੇ ਢਿੱਲੇ ਹੋ ਜਾਂਦੇ ਹਨ। (ਇਹੋ ਜਿਹੇ) ਮਨਮੁਖਾਂ ਦੇ ਸਿਰ ਤੇ ਇਸਤਰੀਆਂ ਦਾ ਹੁਕਮ ਹੁੰਦਾ ਹੈ, ਤੇ ਉਹ ਉਹਨਾਂ ਨੂੰ (ਹੀ) ਸਦਾ ਚੰਗੇ-ਚੰਗੇ ਪਦਾਰਥ ਲਿਆ ਕੇ ਦੇਂਦੇ ਹਨ। ਜੋ ਮਨੁੱਖ ਇਸਤਰੀਆਂ ਦੇ ਕਹੇ ਵਿੱਚ ਟੁਰਦੇ ਹਨ (ਭਾਵ, ਆਪਣਾ ਵਜ਼ੀਰ ਜਾਣ ਕੇ ਸਲਾਹ ਨਹੀਂ ਲੈਂਦੇ, ਸਗੋਂ ਨਿਰੋਲ ਜੋ ਇਸਤਰੀਆਂ ਆਖਣ ਉਹੀ ਕਰਦੇ ਹਨ) ਉਹ (ਆਮ ਤੌਰ 'ਤੇ) ਮਲੀਨ ਮਤਿ, ਬੁਧ-ਹੀਨ ਤੇ ਮੂਰਖ ਹੁੰਦੇ ਹਨ, (ਕਿਉਂਕਿ) ਜੋ ਵਿਸ਼ੇ ਦੇ ਮਾਰੇ ਹੋਏ ਗੰਦੇ ਆਚਰਨ ਵਾਲੇ ਹੁੰਦੇ ਹਨ, ਉਹ ਹੀ ਇਸਤਰੀਆਂ ਦੇ ਕਹੇ ਵਿੱਚ ਤੁਰਦੇ ਹਨ। ਸੱਚਾ ਤੇ ਕੰਮ ਤੋਂ ਚੰਗਾ ਮਨੁੱਖ ਉਹ ਹੈ, ਜੋ ਸਤਿਗੁਰੂ ਦੇ ਹੁਕਮ ਵਿੱਚ ਚਲਦਾ ਹੈ। ਪਰ ਇਸਤਰੀਆਂ ਜਾਂ ਮਨਮੁੱਖ ਦੇ ਕੀ ਅਖਤਿਆਰ? ਸਭ ਇਸਤਰੀਆਂ ਤੇ ਮਨੁੱਖ ਪ੍ਰਭੂ ਨੇ ਆਪ ਪੈਦਾ ਕੀਤੇ ਹਨ। ਹੇ ਨਾਨਕ (ਆਖ, ਕਿ) ਹੇ ਪ੍ਰਭੂ! (ਸੰਸਾਰ ਦੀ) ਇਹ ਸਾਰੀ ਬਣਤਰ ਤੇਰੀ ਹੀ ਬਣਾਈ ਹੋਈ ਹੈ, ਜੋ ਕੁਝ ਤੂੰ ਕੀਤਾ ਹੈ ਸਭ ਭਲਾ ਹੈ।'' (ਪੋਥੀ ਦੂਜੀ, ਸਫਾ 765-66)
ਭਾਈ ਵੀਰ ਸਿੰਘ ਲਿਖਦੇ ਹਨ : ''ਮਨਮੁਖ ਸਾਰਾ ਦਿਨ ਤਾਂ ਲਾਲਚ ਵਿੱਚ ਭਰਿਆ ਹੋਰ (ਨਿਕੰਮੀਆਂ) ਗੱਲਾਂ (ਵਿੱਚ ਰੁੱਝਾ) ਰਹਿੰਦਾ ਹੈ। ਰਾਤ ਨੂੰ ਉਹ ਨੀਂਦਰ ਵਿੱਚ ਦੱਬਿਆ ਹੋਇਆ ਨਵੇਂ ਸੋਤ (ਤੇ) ਸਾਰਾ (ਸਰੀਰ) ਢਿੱਲਾ ਹੋ ਜਾਂਦਾ ਹੈ, ਭਾਵ ਸੁਸਤੀ ਵਿੱਚ ਨਿਢਾਲ ਹੋ ਕੇ ਪਿਆ ਰਹਿੰਦਾ ਹੈ।
(ਫਿਰ ਐਸੇ) ਮਨਮੁਖਾਂ ਦੇ ਸਿਰ 'ਤੇ ਵਹੁਟੀਆਂ ਦਾ ਹੁਕਮ ਚਲਦਾ ਹੈ, ਜੋ ਹੁਕਮ ਇਸਤਰੀਆਂ ਨਿਤ ਦੇਂਦੀਆਂ ਹਨ ਸੋ ਉਹਨਾਂ ਨੂੰ ਚੰਗਾ ਲੱਗਦਾ ਹੈ। (ਜੋ ਐਸੇ) ਪੁਰਖ ਇਸਤਰੀਆਂ ਦਾ ਆਖਿਆ (ਨੌਕਰਾਂ ਵਾਂਗੂੰ) ਕਮਾਉਂਦੇ ਹਨ ਉਹ ਅਪਵਿੱਤਰ ਹਨ, ਗੰਦੇ ਹਨ ਤੇ ਮੂਰਖ ਹਨ। (ਕਿਉਂਕਿ ਐਸੇ ਪੁਰਖ) ਕਾਮ ਵਿੱਚ ਅੱਟੇ ਹੋਏ ਹੁੰਦੇ ਹਨ। (ਇਸ ਕਰਕੇ) ਅਪਵਿੱਤਰ ਹਨ, ਉਹ ਇਸਤਰੀਆਂ ਤੋਂ ਪੁੱਛ ਕੇ ਟੁਰਦੇ ਹਨ, ਪਰ ਜੋ ਕੋਈ ਸਤਿਗੁਰੂ ਦੇ ਆਖੇ 'ਤੇ ਟੁਰਦਾ ਹੈ ਉਹ ਸਤਪੁਰਖ ਹੈ, (ਉਹ) ਭਲੇ ਤੋਂ ਭਲਾ ਹੈ।
(ਪਰ ਜੇ ਬ੍ਰਹਮ ਦ੍ਰਿਸ਼ਟੀ ਨਾਲ ਵੇਖੋ ਤਾਂ) ਵਹੁਟੀਆਂ ਗੱਭਰੂ ਸਭ (ਹਰੀ ਨੇ) ਆਪ ਪੈਦਾ ਕੀਤੇ ਹਨ, (ਇਹ) ਸਾਰਾ ਹਰੀ ਦਾ (ਇੱਕ) ਖੇਡ ਹੈ। (ਜੋ ਆਪ) ਖੇਡ ਰਿਹਾ ਹੈ। ਹੇ ਹਰੀ ਇਹ ਸਾਰੀ ਬਣਤਰ ਤੇਰੀ ਬਣਾਈ ਹੋਈ ਹੈ।'' (ਪੋਥੀ ਚੌਥੀ, ਸਫਾ 1813)
ਇਸ ਬਾਬਤ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਥੇ ਵਿਜੋਗੇ ਹੋਏ ਕੰਮ ਦਾ ਤੇ ਬੰਦੇ ਦੇ ਤਨ ਮਨ 'ਤੇ ਉਸ ਦੇ ਅਸਰ ਦਾ ਜ਼ਿਕਰ ਹੈ। ਬੰਦੇ ਦੀ ਜ਼ਿੰਦਗੀ ਵਿੱਚ ਕੰਮ ਕੋਈ ਹਾਸ਼ਿਆਈ ਗੱਲ ਨਹੀਂ ਹੈ। ਉਸ ਦੀ ਕਰਨੀ ਹੀ ਉਸ ਦਾ ਮੂਲ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਉੱਪਰ ਦੱਸੇ ਕਿਸੇ ਅਰਥਕਾਰ ਦਾ ਏਧਰ ਧਿਆਨ ਤੱਕ ਨਹੀਂ ਗਿਆ। ਇਹ ਨਜ਼ਰ-ਅੰਦਾਜ਼ੀ ਨਾ ਮਾਮੂਲੀ ਹੈ ਅਤੇ ਨਾ ਸਬੱਬੀਂ। ਮਨਮੁਖ ਦੀ ਜ਼ਿੰਦਗੀ ਮੁੱਢੋਂ ਲੈ ਕੇ ਅਖੀਰ ਤੱਕ ਵਿਜੋਗੀ ਹੋਈ ਹੈ।
ਜੋ ਵਿਜੋਗ ਦੇ ਮਸਲੇ ਨੂੰ ਤਹਿ ਤੱਕ ਨਹੀਂ ਸਮਝਦੇ, ਉਹਨਾਂ ਵਾਸਤੇ ਗੁਰਬਾਣੀ ਦੇ ਅਸਲੇ ਤੱਕ ਪਹੁੰਚਣਾ ਅਸੰਭਵ ਹੈ। ਮਨਮੁੱਖ ਦਾ ਚਿੱਤਰ ਪੇਸ਼ ਹੈ ਅਤੇ ਉਸ ਦੇ ਕੰਮ ਦੀ ਕਿਸਮ ਵੱਲ ਅਤੇ ਉਸ ਦੇ ਮਨੁੱਖੀ ਸਿੱਟੇ ਵੱਲ ਗਹੁ ਹੀ ਨਾ ਕੀਤਾ ਜਾਵੇ। ਜਦੋਂ ਕਿ ਗੁਰੂ ਸਾਹਿਬ ਸ਼ੁਰੂ ਹੀ ਉੱਥੋਂ ਕਰਦੇ ਹਨ। ਜੇ ਕੰਮ ਅਸਲ ਹੋਵੇ, ਤਾਂ ਉਹ ਬੰਦੇ ਦੀ ਜ਼ਿੰਦਗੀ ਦੇ ਵਸੀਲੇ, ਪਦਾਰਥਕ ਪੈਦਾਵਾਰ ਹੀ ਨਹੀਂ ਕਰਦਾ, ਉਹ ਬੰਦੇ ਦੇ ਤਨ ਤੇ ਮਨ ਦੋਹਾਂ ਨੂੰ ਉਸਾਰਦਾ ਹੈ। ਉਹ ਬੰਦੇ ਦੇ ਅੰਦਰਲੇ ਦੀ, ਉਸ ਦੇ ਦਿਲ ਤੇ ਦਿਮਾਗ਼, ਦੋਹਾਂ ਦੀ ਸਫਲਤਾ ਦਾ ਸੰਦ ਹੈ, ਪਰ ਜਦੋਂ ਮਾਇਆ ਦੀ ਤਰਜ਼ੇ-ਜ਼ਿੰਦਗੀ ਕੰਮ ਨੂੰ ਵਿਜੋਗ ਕੇ ਉਸ ਦਾ ਧੁਰੋਂ ਸਿਰੋਂ ਹੁਲੀਆ ਹੀ ਵਿਗਾੜ ਦਿੰਦੀ ਹੈ, ਤਾਂ ਉਹ ਗੁਰਬਾਣੀ ਦੀ ਬੋਲੀ ਵਿੱਚ ਧੰਧਾ ਹੋ ਤੁਰਦਾ ਹੈ। ਕੰਮ ਨਹੀਂ ਰਹਿੰਦਾ, ਗੁਲੱਮ ਬਣ ਜਾਂਦਾ ਹੈ ਅਤੇ ਗੁਲੱਮ ਬਣਿਆ ਕੰਮ ਬੰਦੇ ਦੇ ਤਨ ਮਨ ਦੀ ਉਸਾਰੀ ਤੇ ਸਫਲਤਾ ਦਾ ਸੰਦ ਨਹੀਂ ਰਹਿੰਦਾ। ਰਹਿ ਸਕਦਾ ਹੀ ਨਹੀਂ, ਉਹ ਤਨ ਤੇ ਮਨ ਦੋਹਾਂ ਦਾ ਖੌ ਬਣ ਜਾਂਦਾ ਹੈ।
ਲਾਲਚ ਦੇ ਅੱਟੇ ਮਨ ਦਾ ਕਰਾਇਆ ਕੰਮ ਬੰਦੇ ਦੀ ਗੁਲਾਮੀ ਨੂੰ ਪੱਕਿਆਂ ਕਰਦਾ ਹੈ। ਉਸ ਨੂੰ ਉਸ ਦੀ ਅਜ਼ਾਦੀ ਦੇ ਵਿਰੁੱਧ ਹੈ। ਸੋ ਉਸ ਦੇ ਤਨ ਤੇ ਮਨ ਦੋਹਾਂ ਦਾ ਖੌ ਹੈ। ਐਸੇ ਕੰਮ ਵਿੱਚ ਸਾਰਾ ਦਿਨ ਗ਼ਲਤਾਨ ਰਹਿਣ ਦਾ ਅਸਰ ਕੀ ਹੈ? ਮਨਮੁਖ ਖੁਆਰ ਖਸਤਾ ਹੁੰਦਾ, ਤਨੋਂ ਤੇ ਮਨੋਂ—ਦੋਹਾਂ ਪਾਸਿਆਂ ਤੋਂ ਥੱਕ ਟੁੱਟ ਕੇ ਚੂਰ ਹੋ ਜਾਂਦਾ ਹੈ।
ਅਸਲ ਕੰਮ ਦੇ ਕੀਤਿਆਂ ਬੰਦੇ ਦੇ ਸਭ ਸੋਤ ਤੁੜਕਣ ਦੀ ਥਾਂ ਨਿਢਾਲ ਹੋ ਜਾਂਦੇ ਹਨ। ਗੁਰਬਾਣੀ ਦੱਸਦੀ ਹੈ ਕਿ ਮਨਮੁਖ ਐਸੇ ਧੰਦੇ ਦਾ ਸ਼ਿਕਾਰ ਹੈ ਅਤੇ ਉਸ ਦੇ ਤਨ ਮਨ ਦਾ ਇਹ ਹਾਲ ਹੁੰਦਾ ਹੈ।
ਗੁਰਬਾਣੀ ਦੇ ਅਨੁਸਾਰ ਇਹ ਪਾਸਾ ਦੇ ਕੇ ਲੰਘ ਜਾਣ ਵਾਲਾ ਨੁਕਤਾ ਨਹੀਂ। ਇਸ ਤੋਂ ਅੱਗੇ ਗੁਰੂ ਸਾਹਿਬ ਮਨਮੁੱਖ ਦੀ ਜ਼ਿੰਦਗੀ ਦੇ, ਉਸ ਦੀ ਕਰਨੀ ਦੇ ਬੁਨਿਆਦੀ ਨੁਕਤੇ ਵੱਲ ਆਉਂਦੇ ਹਨ। ਮਨਮੁਖਾਂ ਨੂੰ ਇਸ ਰਾਹੇ ਪਾਉਂਦਾ ਕੌਣ ਹੈ? 'ਮਨਮੁਖਾਂ ਦੇ ਸਿਰਿ ਜੋਰਾ ਅਮਰ ਹੈ ਨਿਤ ਦੇਵਹਿ ਭਲਾ'।
ਇਸ ਮੂਲ ਨੁਕਤੇ ਦੇ ਅਰਥ ਕਰਦਿਆਂ ਤਾਂ ਇਹ ਵਿਆਖਿਆਕਾਰ ਬਿਲਕੁਲ ਪੈਰਾਂ ਤੋਂ ਹੀ ਉਖੜ ਗਏ ਹਨ, ਜਿਸ ਨੂੰ ਗੁਰਬਾਣੀ ਦੀ ਭੋਰਾ ਵੀ ਸਮਝ ਹੈ ਉਹ ਇਹ ਬੁਨਿਆਦੀ ਨੁਕਤਾ ਜ਼ਰੂਰ ਜਾਣਦਾ ਹੈ ਕਿ ਮਨਮੁਖ ਮਾਇਆ ਦਾ ਤੋਰਿਆ ਤੁਰਦਾ ਹੈ ਅਤੇ ਗੁਰਮੁਖ ਨਾਮ ਦਾ ਤੋਰਿਆ। ਇਹ ਅਰਥਕਾਰ 'ਜੋਰਾ' ਦੇ ਲਫਜ਼ੀ ਅਰਥਾਂ ਦੇ ਹੀ ਢਹੇ ਚੜ੍ਹ ਗਏ ਹਨ ਅਤੇ ਲਫ਼ਜ਼ੀ ਅਰਥਾਂ ਦੇ ਟੋਟੇ ਚੜ੍ਹਿਆ ਸਿਧਾਂਤ ਹੀ ਚੁਕ ਬਣਾਇਆ ਹੈ ਕਿ ਮਨਮੁਖਾਂ ਦੇ ਸਿਰ 'ਤੇ ਉਨ੍ਹਾਂ ਦੀਆਂ ਵਹੁਟੀਆਂ ਦਾ ਹੁਕਮ ਚਲਦਾ ਹੈ ਅਤੇ ਜੋ ਹੁਕਮ ਇਸਤਰੀਆਂ ਦਿੰਦੀਆਂ ਹਨ ਉਸ ਨੂੰ ਮਨੁੱਖ ਭਲਾ ਕਰ ਕੇ ਮੰਨਦੇ ਹਨ। ਉਹ ਆਪਣੀਆਂ ਵਹੁਟੀਆਂ ਦਾ, ਇਸਤਰੀਆਂ ਦਾ ਆਖਿਆ ਕਮਾਂਵਦੇ ਹਨ, ਇਸ ਵਾਸਤੇ ਉਹ 'ਅਪਵਿੱਤਰ' ਹਨ। ਜੋ ਆਪਣੀਆਂ ਵਹੁਟੀਆਂ-ਇਸਤਰੀਆਂ ਨੂੰ ਪੁੱਛ ਕੇ ਚੱਲਦੇ ਹਨ, ਉਹ 'ਕੁਸੁੱਧ ਨਰ' ਹਨ ਅਤੇ ਉਨ੍ਹਾਂ ਨੂੰ ਕਾਮ ਵਿਆਪਦਾ ਹੈ।
ਇਨ੍ਹਾਂ ਅਰਥਕਾਰਾਂ ਦੇ ਕੀਤੇ ਇਹ ਅਰਥ ਮੁੱਢੋਂ ਲੈ ਕੇ ਅਖ਼ੀਰ ਤੱਕ ਗਲਤ ਹਨ। ਗੁਰਬਾਣੀ ਐਨ ਇਸ ਦੇ ਉਲਟ ਕਹਿੰਦੀ ਹੈ। ਉਸ ਦੇ ਅਨੁਸਾਰ ਔਰਤ ਬਦੀ ਦਾ ਸੋਮਾ ਨਹੀਂ, ਬਦੀ ਦਾ ਸ਼ਿਕਾਰ ਹੈ। 'ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਈਆਦ' (ਗੁਰੂ ਨਾਨਕ, 1242)।
ਅਸਲੀਅਤ ਇਹ ਹੈ ਕਿ ਇਹ ਅਰਥਕਾਰ ਬਦੀ ਦੇ ਅਸਲ ਸੋਮੇ ਨੂੰ ਬਿਲਕੁਲ ਭੁੱਲ ਚੁੱਕੇ ਹਨ। ਬਦੀ ਦਾ ਅਸਲ ਸੋਮਾ ਮਾਇਆ ਹੈ। ਮਨਮੁਖ ਮਾਇਆ ਦਾ ਤੋਰਿਆ ਤੁਰਦਾ ਹੈ ਔਰਤ ਦਾ ਤੋਰਿਆ ਨਹੀਂ। ਮਾਇਆ ਦਾ ਤੋਰਿਆ ਤੁਰਨ ਕਰਕੇ ਹੀ ਉਹ 'ਅਪਵਿਤ ਅਮੇਦ ਖਲਾ' ਤੇ 'ਕੁਸੁਦ ਨਰ' ਹੋ ਗਿਆ ਹੈ। ਮਾਇਆ ਦੀ ਸਿਰਜਣਾ ਹੋਣ ਕਰਕੇ ਹੀ ਉਸ ਦੀ ਜਿਨਸੀ ਰੁਚੀ ਕਾਮ ਬਣ ਤੁਰੀ ਹੈ ਅਤੇ ਉਸ ਨੂੰ ਕਾਮ ਵਿਆਪਦਾ ਹੈ। ਮਾਇਆ ਦੀ ਸਿਰਜਣਾ ਹੋਣ ਕਰਕੇ ਹੀ ਉਹ ਹਉਮੈਂ ਦਾ ਸਰੂਪ ਹੈ ਜੋ ਸਭ ਪੁਆੜੇ ਦੀ ਜੜ੍ਹ ਹੈ। ਮਾਇਆ ਦੀ ਸਿਰਜਣਾ ਹੋਣ ਕਰਕੇ ਹੀ ਉਸ ਦੇ ਮਨ ਦੇ ਮਨੋਰਥ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ, ਜਿਨ੍ਹਾਂ ਦੀ ਕਰਾਈ ਕਰਨੀ 'ਚੋਂ ਸਿਵਾਏ ਬਦੀ ਦੇ ਹੋਰ ਕੁਝ ਨਿਕਲ ਹੀ ਨਹੀਂ ਸਕਦਾ। ਇਨ੍ਹਾਂ ਵਿਆਖਿਆਕਾਰਾਂ ਨੂੰ ਇਹ ਵੀ ਸਮਝ ਨਹੀਂ ਆਈ ਕਿ ਸਤਿਗੁਰ ਦੇ ਵਿਰੋਧੀ ਮਾਇਆ ਹੈ, ਔਰਤ ਨਹੀਂ। ਨਾਮ ਦੇ ਵਿਰੋਧੀ ਹਉਮੈਂ ਹੈ, ਵਹੁਟੀ ਨਹੀਂ। ਇਨ੍ਹਾਂ ਅਰਥਕਾਰਾਂ ਦਾ ਗੁਰਬਾਣੀ ਅਸਲੇ ਬਾਬਤ ਕਿੱਲਾ ਚੂੰਕਿ ਕਾਇਮ ਨਹੀਂ, ਇਨ੍ਹਾਂ ਨੂੰ ਸਮਝ ਹੀ ਨਹੀਂ ਆਈ ਕਿ ਲਫਜ਼ 'ਜੋਰਾ' ਦਾ ਇੱਥੇ ਅਰਥ ਔਰਤ ਨਹੀਂ, ਮਾਇਆ ਹੈ।
ਸਪੱਸ਼ਟ ਹੈ ਕਿ ਇਸ ਬੁਨਿਆਦੀ ਨੁਕਤੇ ਬਾਬਤ ਵਿਆਖਿਆਕਾਰ ਪੈਰਾਂ ਤੋਂ ਉਖੜ ਗਏ ਹਨ। ਵਿਆਖਿਆਕਾਰਾਂ ਦੇ ਇਹ ਗੱਲ ਪੱਲੇ ਹੀ ਨਹੀਂ ਪਈ ਕਿ ਮਾਇਆ ਦੀ ਤਰਜ਼ੇ-ਜ਼ਿੰਦਗੀ ਦੀ ਸਿਰਜੀ ਔਰਤ, ਮਨਮੁਖ ਹੋਈ ਔਰਤ ਰੰਨ ਹੈ; ਸਿਕਦਾਰ ਨਹੀਂ। 'ਰੰਨਾ ਹੋਈਆਂ ਬੋਧੀਆ ਪੁਰਸ਼ ਹੋਏ ਸਈਆਦ'। ਉਹ 'ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮਰਦਾਰੂ' ਨਾਲੋਂ ਵੀ ਭੈੜੀ ਪੁਜ਼ੀਸ਼ਨ ਵਿੱਚ ਹੈ। ਉਹ ਦੋਹਰੀ ਗੁਲਾਮ ਹੈ। ਸਿਕਦਾਰ ਨਹੀਂ। ਮਾਇਆ ਦੀ ਤਰਜ਼ੇ-ਜ਼ਿੰਦਗੀ ਦਾ ਸਿਰਜਿਆ ਮਰਦ, ਮਨਮੁਖ, ਉਸ ਦੇ ਹੁਕਮ ਵਿੱਚ ਨਹੀਂ ਤੁਰਦਾ। ਉਸ ਦਾ ਤੋਰਿਆ ਨਹੀਂ ਤੁਰਦਾ। ਉਹ ਔਰਤ ਦੇ ਹੁਕਮ ਦੇ ਅਧੀਨ ਨਹੀਂ। ਸਗੋਂ ਉਸ 'ਤੇ ਭਾਰੂ ਹੈ। ਉਸ ਦਾ ਸ਼ਿਕਾਰ ਕਰਦਾ ਹੈ।
ਮਨਮੁਖ ਨੂੰ ਔਰਤ ਦਾ ਤੋਰਿਆ ਕਰਾਰ ਦੇਣਾ ਗੁਰਬਾਣੀ ਦਾ ਮੂਲ ਅਸਲਾ ਹੀ ਖ਼ਤਮ ਕਰਨ ਵਾਲੀ ਗੱਲ ਹੈ। ਸਾਮਾਜਿਕ ਮਨੁੱਖੀ ਜ਼ਿੰਦਗੀ ਵਿੱਚ ਬੱਦ ਕੌਣ ਹੈ? ਵਿਆਖਿਆਕਾਰਾਂ ਨੂੰ ਇਹ ਪੱਕੀ ਤਰ੍ਹਾਂ ਸਮਝ ਹੀ ਨਹੀਂ ਆਈ। ਮਰਦ ਵਿੱਚ ਕਾਮ ਔਰਤ ਦੀ ਕਰਨੀ ਨਹੀਂ, ਮਾਇਆ ਦੀ ਤਰਜ਼ੇ-ਜ਼ਿੰਦਗੀ ਵਿੱਚ ਔਰਤ ਤੇ ਮਰਦ ਦਾ ਆਪਸ ਵਿੱਚ ਜਿਨਸੀ ਰਿਸ਼ਤਾ ਇਸ਼ਕ ਦਾ ਨਹੀਂ, ਕਾਮ ਦਾ ਹੋ ਤੁਰਦਾ ਹੈ। ਸੋ ਮਨਮੁਖ ਕਾਮ ਵਿੱਚ ਗ਼ਲਤਾਨ ਹੁੰਦਾ ਹੈ, ਮਾਇਆ ਦਾ ਤੋਰਿਆ, ਔਰਤ ਦਾ ਖਿੱਚਿਆ ਨਹੀਂ। ਇਸ਼ਕ ਦੇ ਤੱਕੜ ਚੜ੍ਹੀ, ਅਜ਼ਾਦੀ ਦੇ ਪੈਂਤੜੇ 'ਤੇ ਪਹੁੰਚੀ ਔਰਤ ਹੀ ਮਨਮੁਖ ਮਰਦ ਦੇ ਹੁਕਮ ਤੋਂ ਨਾਬਰ ਹੁੰਦੀ ਹੈ। ਮਨਮੁਖ ਭਾਵੇਂ ਕਾਜ਼ੀ ਹੋਵੇ ਤੇ ਭਾਵੇਂ ਹੋਣ ਉਸ ਦੇ ਆਪਣੇ ਮਾਪੇ। ਉਹ ਨਾ ਕਿਸੇ ਨੂੰ ਆਪਣੇ ਅਧੀਨ ਕਰਦੀ ਹੈ, ਤੇ ਨਾ ਹੀ ਆਪ ਕਿਸੇ ਦੇ ਅਧੀਨ ਹੁੰਦੀ ਹੈ।

No comments:
Post a Comment