deshpunjabtimes.blogspot.com

Thursday, 27 October 2011

ਨਵੰਬਰ '84 ਸਿੱਖ ਨਸਲਕੁਸ਼ੀ, ਪਰ ਇਨਸਾਫ਼ ਨਹੀਂ!\ਇੰਜੀ. ਮਨਵਿੰਦਰ ਸਿੰਘ ਗਿਆਸਪੁਰ



ਨਵੰਬਰ 1984 ਦਾ ਮਹੀਨਾ ਸਿੱਖਾਂ ਤੇ ਕਹਿਰ ਦੀ ਹਨੇਰੀ ਹੀ ਸੀ। ਇਹ ਸਰਕਾਰ ਦੀ ਸੋਚੀ ਸਮਝੀ ਸਾਜਿਸ਼ ਸੀ ਜੋ ਸਰਕਾਰ ਨੇ ਬਹੁਤ ਪਹਿਲਾਂ ਬਣਾਈ ਸੀ ਇੰਦਰਾ ਦਾ ਮਰਨਾ ਤਾਂ ਸਿਰਫ ਬਹਾਨਾ ਹੀ ਸੀ। ਇਸ ਦਾ ਟਰੇਲਰ ਸਰਕਾਰ ਨੇ ਸਿੱਖਾਂ ਨੂੰ ਫਰਵਰੀ 1984 ਵਿੱਚ ਹਰਿਆਣਾ ਦੇ ਦਿੱਲੀ ਲਾਗਲੇ ਸ਼ਹਿਰ ਵਿੱਚ ਦਿਖਾਇਆ। 31 ਅਕਤੂਬਰ 1984 ਸ਼ਾਮ ਤੋਂ 6 ਨਵੰਬਰ 1984 ਤੱਕ ਭੀੜ ਹਰ ਸਿੱਖ ਜੋ ਸੜਕਾਂ ਤੇ ਮਿਲਦਾ ਉਸ ਨੂੰ ਮਾਰ ਰਹੀ ਸੀ। ਉਹਨਾਂ ਦੀਆਂ ਟੈਕਸੀਆਂ, ਸਕੂਟਰ, ਕਾਰਾਂ ਸਾੜ ਰਹੀ ਸੀ। ਸਿੱਖਾਂ ਦਾ ਹਰ ਘਰ,ਦੁਕਾਨ,ਦਫਤਰ ਲੁੱਟ ਰਹੇ ਸਨ । ਹਨੇਰੀਆਂ ਰਾਤਾਂ ਅੱਗ ਦੇ ਭਾਬੜਾਂ ਨਾਲ਼ ਚਮਕ ਰਹੀਆਂ ਸਨ । ਹਜੂਮ ਪੈਟਰੋਲ, ਲੋਹੇ ਦੇ ਡੰਡੇ ਤੇ ਚਿੱਟੇ ਪਾਉਡਰ ਲੈ ਕੇ ਗਲੀਆਂ ਬਜਾਰਾਂ ਵਿੱਚ ਸ਼ਰੇਆਮ ਘੁੰਮ ਰਹੇ ਸਨ। ਭੀੜ ਜੇਤੂਆਂ ਭੰਗੜੇ ਪਾਉਂਦੀ, ਚਾਂਗਰਾਂ ਮਾਰਦੀ ਹੈ “ਮਾਰੋ ਸਰਦਾਰ ਗਦਾਰੋ ਕੋ ਇੰਦਰਾ ਕੇ ਹਤਿਆਰੋ ਕੋ । ਇੰਦਰਾ ਅਮਰ ਰਹੇ”।
19 ਨਵੰਬਰ 1984 ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ (ਰਾਜੀਵ ਗਾਂਧੀ) ਦਾ ਬਿਆਨ, “ਇੰਦਰਾ ਜੀ ਦੇ ਕਤਲ ਪਿੱਛੋਂ ਦੇਸ ਵਿੱਚ ਕੁੱਝ ਦੰਗੇ ਹੋਏ ਸਨ । ਅਸੀਂ ਜਾਣਦੇ ਹਾਂ ਲੋਕ ਬਹੁਤ ਗੁੱਸੇ ਵਿੱਚ ਸਨ ਅਤੇ ਕੁਝ ਦਿਨ ਨਜਰ ਆਇਆ ਕਿ ਭਾਰਤ ਹਿਲਿਆ ਪਿਆ ਸੀ, ਪਰ ਜਦੋ ਇੰਜ ਸ਼ਕਤੀਸ਼ਾਲੀ ਦਰੱਖਤ ਡਿਗਦਾ ਹੈ ਇਹ ਕੁਦਰਤੀ ਹੈ ਕਿ ਇਸ ਦੇ ਦੁਆਲੇ ਦੀ ਧਰਤੀ ਥੋੜਾ ਹਿੱਲਦੀ ਹੈ”। ਇਸ ਬਿਆਨ ਵਿੱਚ ਲੋਕਤੰਤਰ ਦੇ ਸਭ ਤੋਂ ਉੱਚ ਅਹੁਦੇ ਤੇ ਬੈਠੇ ਬੰਦੇ ਨੇ ਇੰਦਰਾ ਦੇ ਮਰਨੇ ਨੂੰ ਇੱਕ ਦਰੱਖਤ ਦਾ ਰੂਪਕ ਦਿੱਤਾ ਅਤੇ ਸਿੱਖਾਂ ਦੇ ਸਮੂਹਿਕ ਕਤਲੇਆਮ ਨੂੰ ਧਰਤੀ ਦਾ ਹਿੱਲਣਾ ਦੱਸਿਆ । ਏਦਾਂ ਦੇ ਹੋਰ ਵੀ ਬਹੁਤ ਬਿਆਨ ਅਮਿਤਾਬ ਬਚਨ ਵਰਗਿਆਂ ਤੱਕ ਦੇ “ਖੁਨ ਕੇ ਛੀਂਟੇ ਪੰਜਾਬ ਤੱਕ ਜਾਨੇ ਚਾਹੀਏ” ਜੋ ਸਾਫ ਦਰਸਾਉਂਦੇ ਹਨ ਕਿ ਹਿੰਸਾ ਨੂੰ ਭੜਕਾਉਣਾ ਜ਼ਿਆਦਾ ਤੋਂ ਜ਼ਿਆਦਾ ਸਿੱਖਾਂ ਨੂੰ ਸਬਕ ਸਿਖਾਉਣ ਦੀ ਇੱਕ ਯੋਜਨਾਬੱਧ ਚਾਲ ਸੀ । ਹੁੱਲੜਬਾਜ ਸ਼ਾਤਰ ਅਪਰਾਧੀਆਂ ਨੂੰ ਇੰਦਰਾ ਦੇ ਮਰਨ ਦਾ ਕੋਈ ਗਮ ਨਹੀਂ ਸੀ । ਉਹ ਤਾਂ ਨੱਚਦੇ ਟੱਪਦੇ ਖੁਸ਼ੀਆਂ ਮਨਾਉਂਦੇ ਸਿੱਖ ਬੀਬੀਆਂ ਨਾਲ ਬਲਾਤਕਾਰ ਕਰ ਰਹੇ ਸਨ। ਭੀੜਾਂ ਸਿੱਖਾਂ ਦੇ ਕੀਮਤੀ ਸਮਾਨ ਨੂੰ ਲੁੱਟ-ਲੁੱਟ ਲਿਜਾ ਰਹੀਆਂ ਸਨ। ਸਿੱਖਾਂ ਦੇ ਗਲਾਂ ਵਿੱਚ ਜਲਦੇ ਟਾਇਰ ਪਾਏ ਜਾ ਰਹੇ ਸਨ।
31 ਅਕਤੂਬਰ ਨੂੰ ਸਭ ਤੋਂ ਪਹਿਲਾ ਹਮਲਾ ਦੇਸ਼ ਦੇ ਪਹਿਲੇ ਨਾਗਰਿਕ ਅਰਥਾਤ ਰਾਸ਼ਟਰਪਤੀ ਗਿਆਨੀ ਜੈਲ ਸਿੰਘ 'ਤੇ ਹੋਇਆ । ਬੇਸ਼ਰਮੀ ਦੀ ਹੱਦ ਦੇਖੋ ਉਥੇ ਹਾਜ਼ਰ ਪੁਲਿਸ ਨੇ ਉਹਨਾਂ ਦੰਗਈਆਂ ਨੂੰ ਅਣਗੌਲੇ ਕੀਤਾ ਤੇ ਭੀੜ ਦਾ ਹੌਂਸਲਾ ਖੁੱਲ ਗਿਆ । ਇੱਕ ਹਿੰਦੂ ਗਵਾਹ ਡੀਪੀ ਗਵਈ ਅਨੁਸਾਰ , “ਦੰਗਈਆਂ ਦੀ ਗਿਣਤੀ ਵੀਹ ਪੱਚੀ ਤੋਂ ਵੱਧ ਨਹੀਂ ਸੀ ਉਹਨਾਂ ਨੂੰ ਅਗਰ ਕਾਬੂ ਕਰ ਸਬਕ ਸਿਖਾਇਆ ਜਾਂਦਾ ਤਾਂ ਦਿੱਲੀ ਬਚ ਸਕਦੀ ਸੀ” । ਧਿਆਨ ਦੇਣ ਤੇ ਵਿਚਾਰਨਯੋਗ ਗੱਲ ਹੈ ਕਿ ਜਦ ਪੁਲਿਸ ਨੇ ਜੈਲ ਸਿੰਘ 'ਤੇ ਹੋਏ ਹਮਲੇ ਤੇ ਵੀ ਧਿਆਨ ਨਹੀਂ ਦਿੱਤਾ ਫਿਰ ਆਮ ਲੋਕਾਂ ਤੋ ਹੋਏ ਹਮਲਿਆਂ 'ਤੇ ਪੁਲਿਸ ਧਿਆਨ ਦੇਵੇਗੀ, ਦੀ ਆਸ ਰੱਖਣਾ ਵੀ ਮੂਰਖਤਾ ਹੀ ਕਹਿ ਸਕਦੇ ਹਾਂ।
ਮੰਤਰੀਆਂ/ਸੰਤਰੀਆਂ ਦੀ ਮਿਲੀ ਭੁਗਤ ਦੀ ਇੱਕ ਹੋਰ ਮਿਸਾਲ ਦੇਖਣ ਲਈ ਇਹ ਘਟਨਾ ਨੂੰ ਚੰਗੀ ਤਰ੍ਹਾਂ ਵੀਚਾਰਨਾ ਜਰੂਰੀ ਹੈ “ਸਬਜੀ ਮੰਡੀ ਪੁਲਿਸ ਸਟੇਸ਼ਨ ਦਾ ਇੰਸਪੈਕਟਰ ਗੁਰਮੇਲ ਸਿੰਘ, ਅਸਿਸਟੈਟ ਕਮਿਸ਼ਨਰ ਕੇਵਲ ਸਿੰਘ (ਦੋਵੇਂ ਸਿੱਖ) ਨੇ 31 ਅਕਤੂਬਰ ਨੂੰ 90 ਦੰਗਈਆਂ ਨੂੰ ਫੜਿਆ। ਉਹਨਾਂ ਦੋਵਾਂ ਉੱਚ ਅਧਿਕਾਰੀਆਂ ਨੂੰ ਕਰਫਿਊ ਲਗਾਉਣ ਦੀ ਮੰਗ ਵੀ ਕੀਤੀ । ਝੱਟ ਹੀ ਉਹਨਾਂ ਨੂੰ ਸਬਕ ਸਿਖਾਉਣ ਲਈ ਐਡੀਸ਼ਨਲ ਕਮਿਸ਼ਨਰ ਹੁਕਮ ਚੰਦ ਯਾਦਵ ਪਹੁੰਚਿਆ ਤੇ ਦੋਵਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ।
ਗੱਲ ਅਗਰ ਪੁਲਿਸ ਦੀ ਕਰੀਏ ਤਾਂ ਬਹਾਦਰ ਪੁਲਿਸ ਵਾਲਿਆਂ ਨੇ 1 ਨਵੰਬਰ 1984 ਨੂੰ ਐਨੇ ਕਤਲੇਆਮ ਵਿੱਚ ਕੇਵਲ 26 ਗ੍ਰਿਫਤਾਰੀਆਂ ਕੀਤੀਆਂ, ਉਹ ਸਾਰੀਆਂ ਹੀ ਸਿੱਖਾਂ ਦੀਆਂ ਸਨ, ਭਾਵ ਉਸੇ ਕੌਮ ਦੇ ਮੈਂਬਰਾਂ ਦੀਆਂ ਜਿਹਨਾਂ ਦਾ ਕਤਲੇਆਮ ਹੋ ਰਿਹਾ ਸੀ। ਕਲਿਆਣਪੁਰੀ ਪੁਲਿਸ ਸਟੇਸ਼ਨ ਜਿੱਥੇ ਸਭ ਤੋਂ ਵੱਧ ਸਿੱਖਾਂ ਨੂੰ ਕਤਲ ਕੀਤਾ ਉਥੋਂ ਦਾ ਮੁੱਖੀ ਸੂਰਵੀਰ ਸਿੰਘ ਤਿਆਗੀ ਬਾਰੇ ਮਿੱਤਲ ਰਿਪੋਰਟ, ਅਗਰਵਾਲ ਰਿਪੋਰਟ ਅਤੇ ਜੀ.ਟੀ.ਨਾਨਾਵਤੀ ਨੇ ਨਿਰਣਾ ਦਿੱਤਾ, “ਤਿਆਗੀ ਅਤੇ ਉਸ ਦੇ ਆਦਮੀਆਂ ਨੇ 'ਨਾਜਾਇਜ਼ ਤੌਰ ਤੇ ਸਿੱਖਾਂ ਨੂੰ ਉਹਨਾਂ ਦੇ ਹਥਿਆਰਾਂ ਤੋਂ ਵਾਂਝੇ ਕੀਤਾ, ਜਿਹਨਾਂ ਨਾਲ ਉਹ ਹਿੰਸਕ ਹਮਲਿਆਂ ਤੋਂ ਆਪਣੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਸਨ” । ਹਿੰਸਾ ਵਿੱਚ ਸਰਗਰਮ ਹਿੱਸਾ ਲੈਣ ਲਈ ਡਾ. ਅਸ਼ੋਕ ਕੁਮਾਰ ਗੁਪਤਾ ਨੂੰ ਅਪਰਾਧੀ ਠਹਿਰਾਉਣ ਦੇ ਇਲਾਵਾ, ਕਮਿਸ਼ਨ ਨੇ ਉਨ੍ਹਾ ਦਾ ਭਾਂਡਾ ਭੰਨ ਦੇਣ ਵਾਲੇ ਹਾਲਤਾਂ ਨੂੰ ਦਰਜ ਕੀਤਾ ਜੋ ਸਾਫ ਦੱਸਦੇ ਹਨ ਕਿ ਪੁਲਿਸ ਵਲੋਂ ਸਿੱਖਾਂ ਨੂੰ ਨਿਹੱਥੇ ਕਰਨ ਦੇ 'ਛੇਤੀ ਪਿੱਛੋਂ' ਧਾੜ ਨੇ ਉਹਨਾਂ ਤੇ ਹਮਲਾ ਕਰ ਦਿੱਤਾ।
ਅਗਰ ਗੱਲ ਦੇਸ਼ ਦੇ ਵੱਡੇ ਲੀਡਰਾਂ ਦੀ ਕਰੀਏ, ਨਰਸਿਮਾ ਰਾਉ 1984 ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਸੀ ਤੇ ਜਦ 6 ਨਵੰਬਰ 1992 ਵਿੱਚ ਅਯੁਧਿਆ ਦੀ ਪੁਰਾਤਨ ਮਸਜਿਦ ਨੂੰ ਢਾਹਿਆ ਤਾਂ ਪ੍ਰਧਾਨ ਮੰਤਰੀ ਸੀ । ਪਰ ਉਹ ਦੋਵਾਂ ਸਥਿਤੀਆਂ ਵਿੱਚ ਇਤਿਹਾਸ ਦਾ ਅਪਰਾਧੀ ਸਾਬਤ ਹੋਇਆ। ਜੇਕਰ ਉਸ ਨੇ ਸ਼ਕਤੀਸ਼ਾਲੀ ਦਖਲ ਦਿੱਤਾ ਹੁੰਦਾ ਤਾਂ ਦੋਵੇ ਭਿਆਨਕ ਕਾਰੇ ਬਚ ਸਕਦੇ ਸਨ।
ਇਕੱਲੀ ਦਿੱਲੀ ਵਿੱਚ ਹੀ ਸਰਕਾਰੀ ਅੰਕੜਿਆਂ ਅਨੁਸਾਰ 3000 ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ । ਇਸ ਤੋਂ ਇਲਾਵਾ ਗੋਆ ਵਿੱਚ ਇੱਕ, ਗੁਜਰਾਤ ਵਿੱਚ ਇੱਕ , ਝਾੜਖੰਡ ਵਿੱਚ ਇੱਕ , ਕਰਨਾਟਕਾ ਵਿੱਚ ਇੱਕ , ਅਤੇ ਤਾਮਿਲਨਾਡੂ ਵਿੱਚ ਇੱਕ , ਅਸਾਮ ਵਿੱਚ ਤਿੰਨ, ਜੰਮੂ ਵਿੱਚ ਨੌ, ਰਾਜਸਥਾਨ ਵਿੱਚ ਵੀਹ, ਉੜੀਸਾ ਵਿੱਚ ਇੱਕੀ , ਹਿਮਾਚਲ ਪ੍ਰਦੇਸ ਵਿੱਚ 33, ਵੈਸਟ ਬੰਗਾਲ ਵਿੱਚ ਚੌਂਤੀ , ਮੱਧ ਪ੍ਰਦੇਸ਼ ਵਿੱਚ ਅੜਤਾਲ਼ੀ, ਪ੍ਰਤਿਭਾ ਦੇਵੀ ਪਾਟਿਲ ਦੇ ਹੋਮ ਟਾਊਨ ਮਹਾਂਰਾਸ਼ਟਰਾ ਵਿੱਚ ਇੱਕ ਸੌ ਚਾਰ, ਬਿਹਾਰ ਵਿੱਚ ਇੱਕ ਸੌ ਇਕੱਤਰ, ਹਰਿਆਣਾ ਵਿੱਚ ਇੱਕ ਸੌ ਇਕੱਤਰ, ਉੱਤਰ ਪ੍ਰਦੇਸ਼ ਵਿੱਚ ਪੰਜ ਸੌ ਸਤਾਰਾਂ ਜਨੂੰਨੀਆਂ ਦੁਆਰਾ ਅੱਗ ਲਗਾ ਕੇ ਜਿੰਦਾ ਸਾੜ ਦਿੱਤੇ ਗਏ।
26 ਸਾਲਾਂ ਬਾਅਦ ਹੋਂਦ ਚਿਲੜ ਪਿੰਡ ਅਚਾਨਕ ਹੀ ਪ੍ਰਗਟ ਨਹੀਂ ਹੋਇਆ ਉਹ ਵੀ ਉਸੇ ਭਿਆਨਕ ਦੌਰ ਦਾ ਪ੍ਰਸ਼ਾਸਨ ਵਲੋਂ ਅਣਗੌਲਿਆ ਪਿੰਡ ਸੀ । ਜਿਥੇ ਕਿ ਸੰਯੋਗਵੱਸ 26 ਸਾਲਾਂ ਬਾਅਦ ਵੀ ਸਬੂਤ ਉਵੇਂ ਦੇ ਉਵੇਂ ਦਿਲ ਹਿਲਾਉਣ ਵਾਲੇ ਮਿਲੇ । ਇਲਾਕੇ ਦੀ ਪੁਲਿਸ, ਇਲਾਕੇ ਦੇ ਥੰਮ 'ਪੱਤਰਕਾਰਾ' ਨੂੰ ਇਹ ਖੰਡਰਾਤ ਰੂਪੀ ਬਿਲਡਿੰਗਾਂ ਦਿਖੀਆਂ ਹੀ ਨਹੀਂ । ਬਕਾਇਦਾ ਐਫ ਆਈ ਆਰ ਨੰਬਰ 91 ਤਾਰੀਕ 2.11. 1984 ਨੂੰ 6 ਵਜੇ ਸ਼ਾਮ ਨੂੰ ਇੰਜ ਦਰਜ ਹੋਈ, “ਮੈਂ ਪਿੰਡ ਚਿਲੜ ਕਾ ਸਰਪੰਚ ਹੂੰ । ਹਮਾਰੇ ਗਾਂਵ ਕੇ ਪਾਸ ਏਕ ਛੋਟੀ ਡਾਣੀ, ਜਿਸ ਕੋ ਹੋਜੀ ਪੁਰ ਕੇ ਨਾਮ ਸੇ ਬੋਲਤੇ ਹੈਂ । ਦੋਨੋ ਗਾਂਵ ਕੀ ਪੰਚਾਇਤ ਏਕ ਹੀ ਹੈ। ਗਾਵ ਮੇਂ ਹੋਜੀਪੁਰ ਮੇਂ ਲੱਗਭੱਗ ਛੇ ਸਾਤ ਘਰ ਸਰਦਾਰੋਂ ਕੇ ਹੈ । ਕੱਲ੍ਹ ਦਿਨਾਂਕ 02-11-1984 ਕੋ ਲੱਗਭੱਗ ਸਾਢੇ ਗਿਆਰਾਂ ਵਜੇ ਦਿਨ ਕੀ ਬਾਤ ਹੈ ਕਿ ਹੇਲੀ ਮੰਡੀ, ਪਟੌਦੀ ਜਿਲਾ ਗੁੜਗਾਵਾਂ ਕੀ ਤਰਫ ਸੇ ਏਕ ਟਰੱਕ ਆਦਮੀਓਂ ਕਾ ਭਰ ਕਰ ਹਮਾਰੇ ਗਾਂਵ ਚਿਲੜ ਕੇ ਤਰਫ ਆਇਆ । ਉਸ ਸਮੇਂ ਮੈਂ ਦਿਆਸੁਲੀਦਾਰ ਸ੍ਰੀ ਦੀਪ ਚੰਦ, ਮੰਗੋਲ ਸਿੰਘ ਅਹੀਰ ਨੰਬਰਦਾਰ, ਨਾਨਕ ਚੰਦ ਸੰਨ ਆਫ ਸੁਲਤਾਨ ਅਹੀਰ ਨੰਬਰਦਾਰ ਵਾਸੀ ਦੇਵ ਕਾ, ਔਰ ਵੀ ਗਾਂਵ ਕੇ ਕਈ ਵਿਅੱਕਤੀ ਤਥਾ ਰਤਨ ਸਿੰਘ ਸੰਨ ਆਫ ਬਾਨੂ ਰਾਮ ਜਾਟ ਵਾਸੀ ਘਨੋਰਾ, ਸੁੰਦਰ ਲਾਲ ਸੰਨ ਆਫ ਸੋਹਣ ਲਾਲ ਜਾਟ ਨੂਰਪੁਰ ਵੀ ਹਾਜਿਰ ਥੇ । ਹਮ ਨੇ ਉਸ ਟਰੱਕ ਮੇ ਆਏ ਹੁਏ ਵਿਅਕਤੀ ਜੋ ਕਿ ਯਹ ਕਹਿ ਰਹੇ ਥੇ ਕਿ ਉਸ ਗਾਂਵ ਕੀ ਢਾਣੀ (ਹੋਜੀ ਪੁਰ) ਮੇਂ ਜਿਤਨੇ ਸਰਦਾਰ ਹੈ ਉਨਕੋ ਖਤਮ ਕਰੇਗੇ, ਕਿਉਂਕਿ ਸਰਦਾਰੋ ਨੇ ਹਮਾਰੇ ਪ੍ਰਿਯ ਨੇਤਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਕੋ ਮਾਰਾ ਹੈ। ਲੇਕਿਨ ਉਨ ਲੋਗੋ ਕੋ ਸਮਝਾ ਬੁਝਾ ਕਰ ਵਾਪਿਸ ਭੇਜ ਦੀਆ ਥਾ, ਪ੍ਰੰਤੂ 6 ਵਜੇ ਸ਼ਾਮ ਕੋ ਫਿਰ ਹੇਲੀ, ਪਟੌਦੀ ਕੇ ਦੋ ਤਿੰਨ ਟਰੱਕ ਆਦਮੀਓ ਕੇ ਭਰ ਕਰ ਫਿਰ ਆਏ ਜਿਨਹੋ ਨੇ ਆਤੇ ਹੀ ਚਿਲੜ ਕੀ ਸਭੀ ਹੋਦੀ ਪੁਰ ਮੇ ਪਹੁੰਚ ਕਰ ਆਗ ਲਗਾਨੀ ਆਰੰਭ ਕਰ ਦੀ। ਔਰ ਅਪਨੇ ਹਾਥੋ ਮੇ ਲੀ ਹੁਈ ਲਾਠੀਓ ਸੇ ਜੋ ਵੀ ਵਿਅਕਤੀ ਬਾਹਰ ਨਿਕਲਤਾ ਉਸੇ ਮਾਰਨਾ ਸੁਰੂ ਕਰ ਦੀਆ । ਜੋ ਇਸੀ ਦੌਰਾਨ ਦੀਪ ਚੰਦ ਨੰਬਰਦਾਰ, ਨਾਨਕ ਚੰਦ ਘਨੰਹੀਆ ਲਾਲ ਵਾਸੀ ਚਿਲੜ, ਰਤਨ ਸਿੰਘ, ਸੁੰਦਰ ਲਾਲ ਵਾਸੀ ਨੂਰਪੁਰ ਵੀ ਯਹੀ ਪਰ ਪਹੁੰਚ ਗਏ ਥੇ। ਜਿਨਕੋ ਕਾਫੀ ਸਮਝਾਇਆ ਪ੍ਰੰਤੂ ਉਨ ਲੋਗੋ ਨੇ ਹਮਾਰੀ ਏਕ ਨ ਸੁਨੀ ਔਰ ਕਹਿਨੇ ਲਗੇ ਕਿ ਯਹ ਸਰਦਾਰ ਗਦਾਰ ਹੈ ਇਨਕੋ ਖਤਮ ਕਰੇਂਗੇ। ਔਰ ਤੁਮ ਬੋਲੋ ਤੋ ਤੁਮਾਰਾ ਵੀ ਅੱਛਾ ਅੰਜ਼ਾਮ ਨਹੀਂ ਹੋਗਾ। ਵੋ ਲੋਗ 500-400 ਕੀ ਤਾਦਾਦ ਮੇ ਥੇ ਔਰ ਉਨਹੋ ਨੇ ਪਕੜ ਕਰ ਮਾਰਨੇ ਸੁਰੂ ਕਰ ਦੀਏ। ਜਿਨਸੇ ਮਕਾਨ ਕਾ ਕੁਝ ਵਿਅਕਤੀ ਜਲ ਗਏ ਹੈ। ਜਲੇ ਹੁਏ ਵਿਅਕਤੀ ਕੀ ਹਮ ਸ਼ਨਾਖਤ ਨਹੀਂ ਕਰ ਸਕਤੇ । ਜਲੇ ਹੁਏ ਵਿਅਕਈ ਕੀ ਸੰਖਿਆ ਲੱਗਭੱਗ ਬੀਸ ਹੈ । ਇਸ ਹਾਦਸਾ ਕੀ ਰਿਪੋਰਟ ਉਸੇ ਸਮੇ ਥਾਨਾ ਆਨਾ ਪੜਾ। ਪਰੰਤੂ ਉਨ ਵਿਅਕਤੀਓਂ ਨੇ ਹਮੇਂ ਰੋਕੇ ਰੱਖਾ ਔਰ ਥਾਨੇ ਨਹੀ ਜਾਨੇ ਦੀਆ। ਅਬ ਮੈ ਵਾ ਸੁਬੇਦਾਰ ਦੀਪਚੰਦ ਬਰਾਇ ਰਿਪੋਰਟ ਥਾਨਾ ਆਏ ਹੈ। ਬਿਆਨ ਸੁਨ ਲੀਆ ਗਿਆ ਹੈ। ਯਹ ਕਾਰਾਵਾਈ ਕੀ ਜਾਣਕਾਰੀ ਘਨਪਤ ਸਿੰਘ ਅਧਛਅਧ ਅਥਵਾ ਇਸ ਸਮੇਂ ਸ੍ਰੀ ਘਨਪਤ ਸਿੰਘ ਸਰਪੰਚ ਪੰਚਾਇਤ, ਪੰਚ ਦੀਪ ਚੰਦ ਨੰਬਰਦਾਰ ਵਾਸੀ ਚਿਲੜ ਨੇ ਯਹ ਹਾਜਿਰ ਥਾਨਾ ਆ ਕਰ ਅਭੀ ਬਿਆਨ ਬੋਲਾ ਤਹਿਸੀਲ ਬਰਮਾਦਾ ਜੋ ਲਿਖਾ ਜਾ ਕਰ ਪੜ੍ਹ ਕਰ ਸੁਨਾਇਆ ਸਮਝਾਇਆ ਗਿਆ। ਜਿਸ ਨੇ ਯਹ ਠੀਕ ਮਾਨ ਕਰ ਅਪਨੇ ਹਸਤਾਖਰ ਵ ਤੁਰੰਤ ਅੰਗਰੇਜ਼ੀ ਕੀਏ। ਜਿਸ ਕੀ ਮੈਨੇ ਤਸਦੀਕ ਕੀ ਹੈ ਕਿ ਜੁਰਮ 302/436/34 10 ਕਾ ਹੋਨਾ ਪਾਇਆ ਜਾਤਾ ਹੈ। ਜਿਸ ਕਾ ਮੁਕੱਦਮਾ ਵਾ ਜੁਰਮ ਦਰਜ ਕਰ ਰਜਿਸਟਡ ਕੀਆ । ਜਾ ਕਰ ਸਪੈਸ਼ਲ ਰਿਪੋਰਟ ਕੈਲਾਸ ਪ੍ਰਸ਼ਾਦਿ 469 ਸੇਵਾ ਮੇ ਇਲਾਕਾ ਮੈਜਿਸਟ੍ਰੇਟ ਸਾਹਿਬ ਪਾਸ ਬਾਲਾ ਭੇਜੀ ਜਾ ਰਹੀ ਹੈ। ਕਿਉਂਕਿ ਸਾਈਟ ਸਾਹਿਬ ਕਾ ਹਵਾਲਾ ਰਪਟ ਨੰਬਰ -21 ਮੇ 1-11-84 ਸੇ ਮਯ ਮੁਲਜਮਾਨਥਾਨਾ ਕੇਲ ਰਾਮ ਸਪੈਸ਼ਲ ਡਿਊਟੀ ਰੇਵਾੜੀ ਗਏ ਹੁਏ ਹੈ ਜਿਨਕੋ ਵੀ ਬਜਰੀਆ ਵਾਇਰਲੈਸ ਸੂਚਿਤ ਕੀਆ ਜਾ ਰਹਾ ਹੈ”।
ਬੇਸ਼ਰਮੀ ਦੀ ਹੱਦ ਦੇਖੋ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ, ਸਗੋ ਉਪਰੋਕਤ “ਐਫ.ਆਈ.ਆਰ” ਦਾਸ ਦੀਆਂ ਕੋਸ਼ਿਸਾਂ ਦੁਆਰਾ ਜੱਗ ਜਾਹਿਰ ਹੋਣ ਮਗਰੋ ਇੱਕ ਹੋਰ ਨਵੀਂ ਐਫ.ਆਈ.ਆਰ ਦਰਜ ਕਰ ਲਈ ਕਿ 21 ਨੰ. ਐਫ ਆਈ ਆਰ ਗੁੰਮ ਹੋ ਗਈ ਹੈ । ਖੈਰ ਇਹਨਾਂ ਤੋਂ ਆਸ ਕੀ ਕੀਤੀ ਜਾ ਸਕਦੀ ਹੈ ਹੁਣ ਆਪਣਿਆਂ ਦੀ ਗੱਲ ਕਰਦੇ ਹਾਂ ......
ਬੜੇ ਜੋਸ਼ ਖਰੋਸ਼ ਨਾਲ 2 ਮਾਰਚ 2011 ਰਾਤ ਦਾਸ ਦੇ ਘਰ ਦੀ ਲੁੱਟ ਮਾਰ ਮਗਰੋ ਬੜੀ ਚੜ੍ਹਦੀ ਕਲਾ ਨਾਲ਼ ਅਖੰਡ ਪਾਠ ਸਾਹਿਬ ਅਰੰਭ ਕਰਵਾਇਆ ਗਿਆ। ਤਕਰੀਬਨ ਹਰੇਕ ਪਾਰਟੀ ਦਾ ਨੁਮਾਇੰਦਾ ਹਾਜਰ ਹੋਇਆ। ਸਰਕਾਰ ਵੀ ਹਿੱਲੀ ਪਈ ਸੀ । ਸੀ.ਬੀ.ਆਈ, ਰਾਅ, ਇੰਟੈਲੀਜੈਂਸ ਸਭ ਸਾਵਧਾਨ ਹੋ ਗਈਆਂ ਸਨ । ਜਥੇਦਾਰ ਸਾਹਿਬ ਆਪਣੇ ਕਰ ਕਮਲਾਂ ਨਾਲ਼ ਉਸ ਉਜੜੇ ਲੁੱਟੇ ਪਿੰਡ ਨੂੰ ਜਲਿਆਂ ਵਾਲੇ ਬਾਗ ਦੀ ਤਰਜ ਤੇ ਉਵੇਂ ਦਾ ਉਵੇ ਸੰਭਾਲਣ ਦਾ ਨੀਂਹ ਪੱਥਰ ਤੱਕ ਰੱਖ ਆਏ। ਦੁੱਖ ਦੀ ਗੱਲ ਸਾਡੇ ਆਪਣੇ ਲੀਡਰ ਸਿਰਫ ਅਖਬਾਰੀ ਫੋਟੋਆਂ ਤੱਕ ਹੀ ਸੀਮਿਤ ਸਨ। ਸਿਰਫ ਰਾਜਨੀਤੀ ਕੀਤੀ ਪ੍ਰੈਕਟੀਕਲੀ ਕੋਈ ਵੀ ਉਦਮ ਨਾ ਕੀਤਾ । ਸੱਚ ਬੋਲਣ ਦਾ ਮੈਨੂੰ ਇਨਾਮ ਮਿਲਿਆ ਕਿ ਘਰ ਲੁੱਟ ਮਾਰ ਕਰਵਾਈ, ਨੌਕਰੀ ਗਵਾਈ, ਵਧੀਆ ਇੰਟਰਨੈਸ਼ਨਲ ਸਕੂਲਾਂ ਵਿੱਚ ਪੜ੍ਹਦੇ ਬੱਚੇ ਸਕੂਲੋਂ ਹਟਾਉਣੋ ਪਏ । ਮੈਂ ਆਪਣੇ ਘਰ ਦਾ ਤੀਲਾ ਤੀਲਾ ਖਿਲਰਦਾ ਤੱਕਦਾ ਰਿਹਾ ਕਿ ਸ਼ਾਇਦ ਕੋਈ ਆਪਣਾ ਆਵੇਗਾ ਸਹਾਰਾ ਦੇਵੇਗਾ, ਪਰ ਉਥੇ ਵੀ ਸਿਆਸਤ ਸ਼ੁਰੂ ਹੋ ਗਈ ਕੋਈ ਕਹਿੰਦਾ “ਸਿਰਫ ਐਮ. ਏ. ਪਾਸ ਹੈ” ਕੋਈ ਕਹਿੰਦਾ “ਇਹ ਤਾਂ ਮੁਸ਼ਕਲ ਨਾਲ਼ ਦਸ ਹਜ਼ਾਰ ਵੀ ਨਹੀਂ ਲੈਂਦਾ ਸੀ, ਗਿਆਸਪੁਰਾ ਤਾਂ ਝੂਠ ਬੋਲਦਾ” ਖੈਰ ਜੇ ਗਿਆਸਪੁਰੇ ਨੇ ਝੂਠ ਬੋਲਣਾ ਹੁੰਦਾ ਸਰਕਾਰ ਤੋਂ ਕੁੱਝ ਗੱਫਾ ਲੈ ਕੇ ਮਜੇ ਕਰਦਾ ਆਫਰ ਵੀ ਆਈ ਸੀ । ਆਪਣੇ ਵੱਡੀਆਂ ਵੱਡੀਆਂ ਗੱਪਾਂ ਮਾਰਦੇ ਵਦੇਸੀ ਵੱਸਦੇ ਵੀਰਾਂ ਨੂੰ ਵੀ ਕਿਹਾ ਕਿ ਕਰ ਸਕਦੇ ਹੋ ਤਾਂ ਕੰਮ ਸੈਟ ਕਰਨ ਲਈ ਉਧਾਰ ਮੱਦਦ ਕਰ ਦੇਵੋਂ ਦਾਅਵੇ ਨਾਲ਼ ਕਹਿੰਦਾ ਹਾਂ ਕਿ ਤਿੰਨ ਤੋਂ ਚਾਰ ਸਾਲਾਂ ਤੱਕ ਵਾਪਿਸ ਕਰ ਦੇਵਾਂਗਾ, ਪਰ ਸਭ ਮਗਰਮੱਛੀ ਹੰਝੂਆਂ ਵਾਲੇ ਹੀ ਨਿਕਲੇ, ਖੈਰ !
ਸਰਕਾਰ ਵੀ ਡਰ ਗਈ ਉਸ ਨੇ ਕਾਹਲੀ ਨਾਲ ਇਕ ਮੈਂਬਰੀ ਕਮਿਸਨ ਟੀ.ਪੀ.ਗਰਗ ਨੂੰ ਸਥਾਪਿਤ ਕਰ ਦਿੱਤਾ, ਤੇ ਛੇ ਮਹੀਨੇ ਦੇ ਅੰਦਰ ਅੰਦਰ ਰਿਪੋਰਟ ਵੀ ਦੇਣ ਦਾ ਵਾਅਦਾ ਕੀਤਾ । ਪਰ ਜਿਵੇਂ ਉਪਰ ਕਿਹਾ ਕਿ 'ਗੱਲਾਂ ਦੇ ਯਾਰ ਸੌਂ ਗਏ', ਉਹਨਾ ਤਾਂ ਫੋਟੋਆਂ ਲਗਵਾਉਣੀਆਂ ਸਨ। ਐਸ. ਜੀ.ਪੀ. ਸੀ. ਚੋਣਾ ਵਿੱਚ ਫਿਰ “ਹੋਦ ਚਿੱਲੜ” ਲਈ ਮੋਟੇ ਮੋਟੇ ਹੰਝੂ ਵਹਾਏ ਗਏ । ਪਰ ਕਿਸੇ ਨੂੰ ਕੋਈ ਫਿਕਰ ਨਹੀਂ ਕਿ ਰਿਪੋਰਟ ਕੀ ਤੇ ਕਦੋਂ ਆਈ ? ਮੈਂ ਰਿਪੋਰਟ ਲੈਣ ਲਈ ਤੇ ਹੋਦ ਇੰਨਕੁਆਇਰੀ ਦੇਖਣ ਲਈ ਮਾਰਚ ਤੋਂ ਬਾਅਦ ਤਿੰਨ ਵਾਰ ਗਿਆ । ਇੰਨਕੁਆਇਰੀ ਤਾਂ ਕੀ ਹੋਣੀ ਸੀ ਲੋਕੀ ਮੈਨੂੰ ਮਜਾਕ ਕਰਨ ਲੱਗ ਗਏ । ਜਥੇਦਾਰ ਦੇ ਹੱਥ ਦੁਆਰਾ ਲਗਾਏ ਪੱਥਰ ਦੇ ਕੋਲ 'ਕੁੱਤੇ ਲੱਤ ਚੁੱਕ-ਚੁੱਕ ਮੂਤ ਕਰਦੇ ਆਮ ਦੇਖੇ'। ਉਹਨਾਂ ਨੂੰ ਕੀ ਪਤਾ ਜਥੇਦਾਰ ਦੀ ਪਦਵੀ ਦਾ। 13 ਅਕਤੂਬਰ ਨੂੰ ਟ੍ਰਿਬਿਊਨ ਦੀ ਮਿਹਰਬਾਨੀ ਨਾਲ਼ ਮੇਰੀ ਖਬਰ ਲੱਗੀ ਕਿ ਹੋਦ ਦੀ ਲੋਕਲ ਪੁਲਿਸ ਚੌਂਕੀ ਤੱਕ ਨੂੰ ਪਤਾ ਨਹੀ ਕਿ ਕੋਈ ਜਾਂਚ ਵੀ ਲੱਗੀ ਹੈ ਜਾਂ ਨਹੀਂ ? ਖੁਸਕਿਸਮਤੀ ਨਾਲ ਸਰਕਾਰ ਨੂੰ ਮਜਬੂਰੀ ਵੱਚ 16 ਅਕਤੂਬਰ ਨੂੰ ਜਨਤਕ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ ਕਿ ਸਬੂਤਾਂ ਦੇ ਅਸਲੀ ਦਸਤਾਵੇਜ ਤੇ ਹਲਫਨਾਮੇ ਅੰਗਰੇਜ਼ੀ ਵਿੱਚ ਨਿੱਜੀ ਤੌਰ 'ਤੇ ਪੇਸ਼ ਕਰੋ । ਸਰਕਾਰੀ ਬੇਸ਼ਰਮੀ ਦੇਖੋ ਕਿ ਕਮਿਸ਼ਨ ਸੱਤ ਮਹੀਨਿਆਂ ਬਾਅਦ ਇਕ ਬੈਠਕ ਹੀ ਕਰਨਯੋਗ ਹੋਇਆ ਜਦੋ ਕਿ ਦਾਅਵਾ ਕੀਤਾ ਗਿਆ ਸੀ ਕਿ ਛੇ ਮਹੀਨਿਆਂ ਵਿੱਚ ਰਿਪੋਰਟ ਦੇ ਦੇਣਗੇ । ਪੀੜਤਾਂ ਨੇ ਮੇਰੇ ਨਾਲ਼ ਰਾਬਤਾ ਬਣਾਇਆ, ਸਾਰਿਆਂ ਸਲਾਹ ਬਣਾਈ ਕਿ ਜਲਦੀ ਤੋਂ ਜਲਦੀ ਟੀ.ਪੀ.ਗਰਗ ਨੂੰ ਮਿਲਿਆ ਜਾਵੇ । ਤਕਰੀਬਨ 15 ਜਾਣੇ ਹਿਸਾਰ ਜੱਜ ਨੂੰ ਮਿਲਣ ਗਏ, ਉਹ ਬੜੇ ਵਧੀਆ ਤਰੀਕੇ ਪੇਸ਼ ਆਇਆ ਤੇ ਉਸ ਨੇ ਰਾਏ ਦਿੱਤੀ ਕਿ ਪੀੜਤਾਂ ਵਲੋ ਕੋਈ ਸਾਂਝਾ ਵਕੀਲ ਕਰ ਲਿਆ ਜਾਵੇ ਤਾ ਜੋ ਜਾਂਚ ਉਸਾਰੂ ਤਰੀਕੇ ਚੱਲ ਸਕੇ।

09872099100
ਪਿੰਡ ਗਿਆਸਪੁਰ, ਡਾਕ: ਢੰਡਾਰੀ ਕਲਾਂ
ਲੁਧਿਆਣਾ

No comments:

Post a Comment