deshpunjabtimes.blogspot.com

Monday, 10 October 2011

ਜਦੋਂ ਹਿੱਲ ਗਈ ਕਾਇਨਾਤ\ਐਸ. ਬਲਵੰਤ


ਇਿੰਦਰਾ ਗਾਂਧੀ ਦਾ ਕਤਲ ਤਾਂ ਸਵੇਰੇ ਹੀ ਹੋ ਗਿਆ ਸੀ, ਪਰ ਮੈਨੂੰ ਦੁਪਹਿਰ ਵੇਲੇ ਮੇਰੇ ਬਾਇੰਡਰ ਅਹਿਮਦ ਦੀਨ ਨੇ ਆ ਕੇ ਦੱਸਿਆ। ਅਸੀਂ ਰੇਡੀਓ ਲਗਾਇਆ, ਜਿੱਥੇ ਪਾਕਿਸਤਾਨ ਦੇ ਹਵਾਲੇ ਨਾਲ ਖਬਰਾਂ ਆ ਰਹੀਆਂ ਸਨ। ਉਨ੍ਹਾਂ ਨੇ ਮੈਚ ਕੈਂਸਲ ਕਰ ਦਿੱਤਾ। ਮੈਂ ਘਰ ਵੱਲ ਭੱਜਾ। ਹੇਠਾਂ ਮਕਾਨ ਮਾਲਕਣ ਰੋ-ਰੋ ਕੇ ਬੇਹਾਲ ਹੋਈ ਬੈਠੀ ਸੀ। ਉਹ ਜਾਣਦੀ ਸੀ ਕਿ ਮੈਂ ਇੰਦਰਾ ਦੀ ਬਹੁਤ ਇੱਜ਼ਤ ਕਰਦਾਂ। ਪ੍ਰੈਸ ਕਲੱਬ ਆਫ ਇੰਡੀਆ ਵਿਖੇ ਮੇਰੇ ਇੱਕ ਫੰਕਸ਼ਨ ਵਿੱਚ ਵੀ ਉਹ ਆਈ ਤਾਂ ਉਸ ਨੂੰ ਮਿਲੀ ਸੀ। ਪਤਨੀ ਨਾਲ ਸਲਾਹ ਕੀਤੀ, ਕਿਉਂਕਿ ਖਦਸ਼ਾ ਸੀ ਕਿ ਕੁੱਝ ਨਾ ਕੁਝ ਤਾਂ ਵਾਪਰੇਗਾ। ਆਂਢੀ-ਗੁਆਂਢੀ ਅੜ ਕੇ ਖੜ ਗਏ। ਕਹਿੰਦੇ ਨਹੀਂ ਜਾਣ ਦੇਣਾ। ਜੋ ਹੋਏਗਾ, ਪਹਿਲਾਂ ਸਾਡੇ ਨਾਲ ਹੋਏਗਾ। ਅਸੀਂ ਮੰਨ ਗਏ। ਮੈਂ ਬਜ਼ਾਰ ਜਾ ਕੇ ਘਰ ਦੀਆਂ ਲੋੜਾਂ ਦੀਆਂ ਚੀਜ਼ਾਂ ਲੈ ਆਇਆ। ਕਿਉਂਕਿ ਮੈਨੂੰ ਅੰਦਾਜ਼ਾ ਸੀ ਕਿ ਜਦੋਂ ਨਹਿਰੂ ਮਰਿਆ, ਉਦੋਂ ਚਾਹ ਤੇ ਪਾਨ ਦੀਆਂ ਦੁਕਾਨਾਂ ਵੀ ਕਈ ਦਿਨ ਬੰਦ ਰਹੀਆਂ ਸਨ।
ਸ਼ਾਮ ਤੱਕ ਲੁੱਟਮਾਰ ਸ਼ੁਰੂ ਹੋ ਗਈ। ਨਰਸਿਮਹਾ ਰਾਓ ਉਦੋਂ ਗ੍ਰਹਿ ਮੰਤਰੀ ਸਨ। ਉਨ੍ਹਾਂ ਦਾ ਭਾਸ਼ਣ ਅਜੀਬ ਸੀ, ਸੁਨੇਹਾ ਇਹ ਸੀ ਕਿ ਇੰਦਰਾ ਸਾਡੇ 'ਚ ਨਹੀਂ ਰਹੇ ਤੇ ਸਰਕਾਰ ਨੇ ਪੰਜਾਬ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਹਨ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਦੂਸਰੇ ਦਿਨ ਸਾਰੇ ਟੈਲੀਫੋਨ ਬੰਦ ਹੋ ਗਏ। ਲੁੱਟਮਾਰ ਵਧਦੀ ਗਈ। ਅਫਵਾਹਾਂ ਦਾ ਬਜ਼ਾਰ ਗਰਮ ਹੁੰਦਾ ਗਿਆ। ਲੁੱਟਮਾਰ ਕਰਨ ਵਿੱਚ ਸਭ ਲੋਕ ਅੱਗੇ ਸਨ। ਇੱਕ ਪਰਿਵਾਰ ਸੀ, ਉਸ ਦੇ ਪੰਜ ਪੁੱਤਰ ਹੱਟੇ ਕੱਟੇ ਸਨ। ਲੁੱਟ ਦੇ ਦਿਨਾਂ ਵਿੱਚ ਵੀ. ਸੀ. ਆਰ ਦੇ ਢੇਰ ਲਗਾ ਕੇ ਪੰਜ-ਪੰਜ ਸੌ ਰੁਪਏ ਦਾ ਵੇਚਿਆ। ਰੰਗਦਾਰ ਟੀ. ਵੀ., ਗੀਜ਼ਰ, ਕੱਪੜੇ ਤੇ ਪਤਾ ਨਹੀਂ ਹੋਰ ਕੀ-ਕੀ। ਲੁੱਟ ਦੇ ਮਾਲ ਨਾਲ ਸਾਡੀ ਸਾਰੀ ਗਲੀ ਭਰ ਗਈ। ਰਿਜ ਭਰ ਗਿਆ। ਜਦੋਂ ਸਰਕਾਰ ਨੇ ਐਲਾਨ ਕੀਤਾ ਕਿ ਜਿਹੜੇ ਲੋਕਾਂ ਨੇ ਲੁੱਟਮਾਰ ਕੀਤੀ ਹੈ, ਉਹ ਆਪਣੇ ਆਪ ਸਰੰਡਰ ਕਰ ਦਿਓ ਤਾਂ ਇਨ੍ਹਾਂ ਨੇ ਪੁਲੀਸ ਟੀਮ ਮੁਹਰੇ ਦੋ ਅੰਗੀਆਂ ਸੁੱਟ ਦਿੱਤੀਆਂ। ਲੁੱਟਮਾਰ ਵਿੱਚ ਏਨਾ ਪੈਸਾ ਇਨ੍ਹਾਂ ਨੂੰ ਮਿਲਿਆ ਕਿ ਇਨ੍ਹਾਂ ਨੇ ਟਰੱਕ ਖ਼ਰੀਦ ਲਿਆ। ਮੇਰੇ ਹੀ ਗੁਆਂਢ ਵਿੱਚ ਇੱਕ ਦਸ ਨੰਬਰੀਆ ਬਦਮਾਸ਼ ਰਹਿੰਦਾ ਸੀ, ਜੋ ਪੁਲੀਸ ਕੋਲ ਸਰੰਡਰ ਕਰਕੇ ਜੇਲ੍ਹ ਕੱਟ ਚੁੱਕਾ ਸੀ ਤੇ ਹੁਣ ਇੱਕ ਸ਼ਰੀਫ ਇਨਸਾਨ ਦੇ ਤੌਰ 'ਤੇ ਜ਼ਿੰਦਗੀ ਬਿਤਾ ਰਿਹਾ ਸੀ। ਬਹੁਤ ਵੱਡੀਆਂ-ਵੱਡੀਆਂ ਮੁੱਛਾਂ ਸਨ ਉਸ ਦੀਆਂ, ਜਿਨ੍ਹਾਂ ਨੂੰ ਦੇਖ ਕੇ ਡਰ ਲੱਗਦਾ ਸੀ। ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਇਸ ਬੰਦੇ ਨੂੰ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ। ਇਸ ਬੰਦੇ ਨੂੰ ਹਰ ਘੰਟੇ ਬਾਅਦ ਜਾ ਕੇ ਪੁੱਛ ਕੇ ਆਇਆ ਕਰੋ ਕਿ ਕੁੱਝ ਚਾਹੀਦਾ ਤਾਂ ਨਹੀਂ? ਖੈਰ ਸਾਰੇ ਲੋਕਾਂ ਨੇ ਬਹੁਤ ਖਿਆਲ ਕੀਤਾ।
ਰੱਬ ਦੀ ਕਰਨੀ ਇਹ ਕਿ ਜਦੋਂ ਰੌਲੇ ਖ਼ਤਮ ਹੋਏ ਤਾਂ ਸਿੱਖਾਂ ਦੀਆਂ ਲੁੱਟੀਆਂ ਦੁਕਾਨਾਂ ਹੋਰ ਭਰੀਆਂ ਹੋਈਆਂ ਸਨ ਤੇ ਇਸ ਪਰਿਵਾਰ ਦਾ ਟਰੱਕ ਚੱਲ ਰਿਹਾ ਸੀ। ਇਨ੍ਹਾਂ ਦੇ ਵੱਡੇ ਭਰਾ ਦਾ ਤਲਾਕ ਕੇਸ ਸੀ ਮੇਰਠ ਵਿੱਚ। ਤਰੀਕ ਭੁਗਤਣ ਗਏ, ਸਾਲਿਆਂ ਨੇ ਛੋਟੇ 'ਤੇ ਤੇਜਾਬ ਪਾ ਦਿੱਤਾ। ਉਹ ਸ਼ਕਲੋਂ ਭੂਤ ਦਿਖਣ ਲੱਗ ਪਿਆ। ਛੋਟੇ ਭਰਾ ਦੇ ਕਿਸੇ ਔਰਤ ਨਾਲ ਤਾਲੁਕਾਤ ਸਨ। ਉਹ ਉੱਥੇ ਗਿਆ ਤਾਂ ਉਸ ਔਰਤ ਦਾ ਪਤੀ ਆ ਗਿਆ। ਉਸ ਨੇ ਉਹਨੂੰ ਉੱਥੇ ਹੀ ਵਿਨ੍ਹ ਦਿੱਤਾ। ਹੌਲੀ-ਹੌਲੀ ਚਾਰ ਭਰਾ ਅਸਮਾਨ ਨੂੰ ਤੁਰ ਗਏ। ਟਰੱਕ ਦਾ ਐਕਸੀਡੈਂਟ ਹੋ ਗਿਆ। ਪਿਤਾ ਵੀ ਤੁਰ ਗਿਆ। ਹੁਣ ਸਿਰਫ਼ ਉਹੀ ਭਰਾ ਜਿਊਂਦਾ ਜੋ ਤੇਜਾਬ ਦਾ ਖਾਧਾ ਹੋਇਆ ਤੇ ਸ਼ਕਲੋਂ ਭੂਤ ਲੱਗਦਾ।
ਅਫਵਾਹਾਂ 'ਚ ਹੋਰ ਬਹੁਤ ਕੁਝ ਸੀ। ਮਸਲਨ, ਸਿੱਖਾਂ ਨੇ ਪੰਜਾਬ ਤੋਂ ਹਿੰਦੂਆਂ ਦੀਆਂ ਲਾਸ਼ਾਂ ਦੀ ਰੇਲਗੱਡੀ ਭੇਜੀ ਹੈ। ਉਸ ਗੱਡੀ ਵਿੱਚ ਲਾਸ਼ਾਂ ਹੀ ਲਾਸ਼ਾਂ ਖ਼ੂਨ ਨਾਲ ਲੱਥਪੱਥ ਹਨ। ਜਦੋਂ ਮੈਨੂੰ ਇਹ ਪਤਾ ਲੱਗਾ ਤਾਂ ਮੈਂ ਸੁਨਾਉਣ ਵਾਲੇ ਨੂੰ ਇਹ ਕਿਹਾ ਕਿ ਜਦ ਬਾਰਡਰ ਹੀ ਸੀਲ ਹਨ ਤਾਂ ਗੱਡੀ ਕਿਵੇਂ ਆ ਸਕਦੀ ਹੈ। ਇਹ ਸੁਣ ਕੇ ਉਹ ਚੁੱਪ ਕਰ ਗਿਆ।
ਫਿਰ ਅਫਵਾਹ ਆਈ ਕਿ ਕਸ਼ਮੀਰੀ ਗੇਟ 'ਚ ਸਿੱਖਾਂ ਨੇ ਕੁੜੀਆਂ ਦੇ ਕਾਲਜ ਵਿੱਚ ਵੜ ਕੇ ਉਨ੍ਹਾਂ ਦਾ ਰੇਪ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਂ ਰੋ ਪਿਆ, ਕਿਉਂਕਿ ਕੁਝ ਸਿੱਖ ਮਾੜੇ ਹੋ ਸਕਦੇ ਹਨ, ਪਰ ਪੂਰੀ ਕੌਮ ਨਹੀਂ। ਜਿਸ ਨੇ ਦੱਸਿਆ, ਉਹ ਕਹਿੰਦਾ ਕਿ ਉਪ-ਪਿੰ੍ਰਸੀਪਲ ਨੂੰ ਫੋਨ ਆਇਆ ਕਿ ਮਦਦ ਕਰੋ। ਮੈਂ ਖਾਮੋਸ਼ ਰਿਹਾ। ਸਵੇਰੇ ਪਤਾ ਲੱਗਾ ਕਿ ਪੁਲੀਸ ਸਿੱਖਾਂ ਨੂੰ ਪਿੰਡਾਂ 'ਚੋਂ ਕੱਢ ਕੇ ਲਿਆਈ ਸੀ ਤੇ ਕਸ਼ਮੀਰੀ ਗੇਟ ਦੇ ਚੌਂਕ 'ਚ ਲਾਹ ਕੇ ਗਾਇਬ ਹੋ ਗਈ। ਸਿੱਖ ਆਲ੍ਹਣਾ ਭਾਲ ਰਹੇ ਸਨ, ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਇਹ ਕੁੜੀਆਂ ਦਾ ਕਾਲਜ ਹੈ। ਅਫਵਾਹ ਇਹ ਫੈਲਾ ਦਿੱਤੀ ਗਈ ਕਿ ਉਹ ਰੇਪ ਕਰਨ ਲਈ ਅੰਦਰ ਜਾ ਰਹੇ ਹਨ। ਉਹ ਤਾਂ ਵਿਚਾਰੇ ਆਪਣਾ ਸਿਰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਫਿਰ ਅਫਵਾਹ ਆਈ ਕਿ ਸਿੱਖਾਂ ਨੇ ਦਿੱਲੀ ਦੇ ਪਾਣੀ ਵਿੱਚ ਜ਼ਹਿਰ ਮਿਲਾ ਦਿੱਤਾ ਹੈ ਤੇ ਇਹ ਕਿਹਾ ਗਿਆ ਕਿ ਕੋਈ ਬੰਦਾ ਪਾਣੀ ਨਾ ਪੀਵੇ ਇਹ ਜ਼ਹਿਰੀਲਾ ਹੈ, ਸਾਰਾ ਸ਼ਹਿਰ ਕੰਬ ਗਿਆ ਸੀ ਉਦੋਂ। ਫਿਰ ਅਫਵਾਹ ਆਈ ਕਿ ਸਿੱਖ ਫ਼ੌਜੀਆਂ ਨੇ ਬਗਾਵਤ ਕਰ ਦਿੱਤੀ ਹੈ। ਫਿਰ ਖ਼ਬਰ ਆਈ ਕਿ ਪੁਲੀਸ 'ਚ ਸਿੱਖਾਂ ਨੇ ਹਥਿਆਰ ਚੁੱਕ ਲਏ ਹਨ। ਹੋਰ ਵੀ ਬਹੁਤ ਸਾਰੀਆਂ ਅਫ਼ਵਾਹਾਂ ਫੈਲੀਆਂ। ਇੰਦਰਾ ਗਾਂਧੀ ਦਾ ਸਸਕਾਰ ਤੈਅ ਹੋ ਚੁੱਕਾ ਸੀ। ਕਰਫਿਊ ਹਟਾ ਦਿੱਤਾ ਗਿਆ ਤਾਂ ਗ੍ਰਹਿ ਮੰਤਰੀ ਦਾ ਬਿਆਨ ਆਇਆ, ''ਬਸ ਕਰੋ ਬਹੁਤ ਹੋ ਗਿਆ।''
ਸੂਰਜ ਉਸੇ ਤਰ੍ਹਾਂ ਚੜ੍ਹ ਰਿਹਾ ਸੀ, ਛੁਪ ਰਿਹਾ ਸੀ, ਪਰ ਕਾਇਨਾਤ ਹਿਲ ਰਹੀ ਸੀ। ਸਾਰੇ ਸ਼ਹਿਰ ਵਿੱਚ ਗਰੀਬ ਮਾਰੇ ਜਾ ਰਹੇ ਸਨ। ਅਮੀਰ ਲੁੱਟੇ ਜਾ ਰਹੇ ਸਨ। ਜਮੁਨਾ ਪਾਰ ਹਾਹਾਕਾਰ ਮਚੀ ਹੋਈ ਸੀ, ਪਰ ਘੰਟੇ-ਘੰਟੇ ਬਾਅਦ ਮਿਲਟਰੀ ਦੀ ਗੱਡੀ ਚੱਕਰ ਲਗਾਉਂਦੀ, ਭਾਵੇਂ ਇਸ ਦੌਰਾਨ ਕੁਝ ਵੀ ਵਾਪਰ ਜਾਏ। ਸਿੱਖਾਂ ਨਾਲ ਸ਼ਹਿਰ ਖਾਲੀ ਹੋ ਚੁੱਕਾ ਸੀ। ਕੁੱਝ ਮਰ ਗਏ, ਕੁੱਝ ਲੁਕ ਗਏ, ਕੁੱਝ ਭੱਜ ਗਏ।
ਫਿਰ ਚੋਣਾਂ ਦਾ ਐਲਾਨ ਹੋ ਗਿਆ। ਮੇਰਾ ਛੋਟਾ ਭਰਾ ਮੇਰੇ ਪਿਤਾ ਨੂੰ ਮੇਰੇ ਕੋਲ ਛੱਡ ਗਿਆ। ਉਨ੍ਹਾਂ ਦੇ ਪੈਰ 'ਤੇ ਸੱਟ ਲੱਗ ਗਈ ਸੀ। ਕਿਉਂਕਿ ਉਹ ਪਹਿਲੀ ਨਵੰਬਰ ਨੂੰ ਕੰਮ 'ਤੇ ਗਏ ਤਾਂ ਉਨ੍ਹਾਂ ਨੂੰ ਸਾਰੇ ਲੋਕਾਂ ਨੇ ਖ਼ਬਰਦਾਰ ਕੀਤਾ ਕਿ ਸਰਦਾਰ ਜੀ ਘਰ ਜਾਓ। ਤੁਹਾਨੂੰ ਨਹੀਂ ਪਤਾ ਕੀ ਹੋ ਗਿਆ? ਅਖੀਰ 'ਚ ਉਨ੍ਹਾਂ ਨੇ ਪੱਗ ਲਾਹੀ, ਆਪਣੀ ਕੱਛ ਵਿੱਚ ਦਿੱਤੀ ਤੇ ਵਾਲ ਖਿਲਾਰ ਲਏ। ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਮਾਲ ਗੱਡੀ ਵਿੱਚ ਚੜ੍ਹ ਗਏ। ਮੇਰੇ ਛੋਟੇ ਭਰਾ ਦੇ ਘਰ ਦੇ ਕੋਲ ਰੇਲਵੇ ਸਟੇਸ਼ਨ 'ਤੇ ਉਤਰ ਕੇ ਘਰ ਪਹੁੰਚਦਿਆਂ ਰਾਹ ਵਿੱਚ ਸੱਟ ਲੱਗ ਗਈ। ਜਦੋਂ ਮੇਰੇ ਘਰੋਂ ਬਾਹਰ ਨਿਕਲਦੇ, ਤਾਂ ਸਾਰੇ ਲੋਕ ਦੇਖਦੇ ਕਿ ਇਹ ਇੱਕ ਸਿੱਖ ਕਿੱਥੇ ਫਿਰ ਰਿਹਾ ਹੈ। ਜਦ ਪਤਾ ਲੱਗਾ ਕਿ ਉਹ ਮੇਰੇ ਪਿਤਾ ਹਨ ਤਾਂ ਸਭ ਦੰਦਾਂ 'ਚ ਉਂਗਲਾਂ ਚਬਾਅ ਲੈਂਦੇ ਕਿ ਇਹ ਕਿਵੇਂ ਬਚ ਗਿਆ।
ਇਸ ਵਿਚਕਾਰ ਬਹੁਤ ਕੁੱਝ ਹੋਇਆ। ਦਿੱਲੀ ਦੇ ਕਈ ਇਲਾਕਿਆਂ 'ਚ ਸੂਈ ਤੱਕ ਨਹੀਂ ਹਿੱਲੀ। ਜਦ ਮੈਂ ਡਾਕਟਰ ਸੁਤਿੰਦਰ ਨੂਰ ਦਾ ਪਤਾ ਕਰਨ ਗਿਆ ਤਾਂ ਲੋਕੀ ਉੱਥੇ ਮੰਜੇ 'ਤੇ ਬੈਠ ਤਾਸ਼ ਖੇਡ ਰਹੇ ਸਨ। ਜਮੁਨਾ ਪਾਰ ਲੋਕ ਪਿੰ੍ਰਟਰ ਵਾਲਾ ਬਲਵੰਤ ਸਿੰਘ ਪਰਿਵਾਰ ਸਮੇਤ ਜੀਉਂਦਾ ਅੱਗ ਦੀ ਭੇਂਟ ਚੜ੍ਹ ਚੁੱਕਾ ਸੀ। ਤਿੰਨ-ਤਿੰਨ, ਚਾਰ-ਚਾਰ ਸਾਲ ਦੀਆਂ ਕੁੜੀਆਂ ਦੇ ਮਾਤਾ-ਪਿਤਾ ਅੱਗਾਂ ਦੀ ਭੇਂਟ ਹੋ ਚੁੱਕੇ ਸਨ। ਉਹ ਅੱਜ ਵੀ ਇਨਸਾਫ਼ ਲਈ ਗੁਹਾਰਾਂ ਲਗਾਉਂਦੀਆਂ ਹਨ। ਰਾਜਨੀਤਕ ਰੋਟੀਆਂ ਹਾਲੇ ਵੀ ਸਿਕੀਆਂ ਨਹੀਂ ਲੱਗਦੀਆਂ।
ਹੋਇਆ ਹੋਰ ਵੀ ਬਹੁਤ ਕੁਝ ਪਰ ਅਫਵਾਹਾਂ ਨੇ ਜੋ ਰੋਲ ਅਦਾ ਕੀਤਾ, ਉਹ 1947 ਚੇਤੇ ਕਰਾ ਦਿੰਦਾ ਹੈ। ਮਗਰੋਂ ਅਮਨ ਕਮੇਟੀਆਂ ਬਣੀਆਂ। ਸ਼ਾਂਤੀ ਮਾਰਚ ਹੋਏ। ਬੰਗਲਾਦੇਸ਼ 'ਚ ਸਿਹਰਾ ਹਾਸਲ ਕਰਨ ਵਾਲਾ ਜਨਰਲ ਜਗਜੀਤ ਸਿੰਘ ਅਰੋੜਾ ਐਮ. ਪੀ. ਬਣ ਗਿਆ। ਅੱਜ ਦੇਸ ਉਹਦੇ 'ਤੇ ਮਾਣ ਕਰਦਾ ਹੈ ਕਿ ਸਿਕੰਦਰ ਤੋਂ ਬਾਅਦ ਇੱਕ ਇਹੋ ਬੰਦਾ ਸੀ ਜਿਹਦੇ ਮੂਹਰੇ ਐਨੇ ਫ਼ੌਜੀਆਂ ਨੇ ਸਰੰਡਰ ਕੀਤਾ, ਪਰ ਇਹ ਸਰਕਾਰ ਦਾ ਪ੍ਰਤੀਨਿੱਧ ਸੀ। ਪਰ ਜੋ ਕੁੜੀ ਚਾਰ ਸਾਲਾਂ ਦੀ ਸੀ ਉਹ ਅੱਜ 30 ਨੂੰ ਛੂਹ ਚੁੱਕੀ ਹੈ, ਪਰ ਇਨਸਾਫ਼ ਦੀਆਂ ਬਰੂਹਾਂ ਤੋਂ ਕੋਹਾਂ ਦੂਰ ਬੈਠੀ ਹੈ।
ਜਦ ਮੈਂ ਇਹ ਘਰ ਕਿਰਾਏ 'ਤੇ ਲੈਣ ਆਇਆ ਤਾਂ ਮਾਲਕ ਮਕਾਨ ਨੇ ਕਿਰਾਇਆ ਤਾਂ ਫੜ ਲਿਆ, ਪਰ ਜਦ ਮੈਂ ਕਿਹਾ ਕਿ ਸਫੈਦੀ ਕਰਾ ਦੇ ਤਾਂ ਉਸ ਨੇ ਮੇਰੇ ਤੋਂ ਦੋ ਦਿਨ ਦਾ ਟਾਈਮ ਮੰਗਿਆ। ਜਦ ਮੈਂ ਦੇਖਣ ਗਿਆ ਤਾਂ ਉਹ ਮੈਨੂੰ ਚਾਹ ਦੀ ਦੁਕਾਨ 'ਤੇ ਲੈ ਗਿਆ। ਕਹਿੰਦਾ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਗੱਲਾਂ-ਗੱਲਾਂ 'ਚ ਉਸ ਨੇ ਦੱਸਿਆ ਕਿ ਅਸੀਂ ਪੰਜਾਬੀ ਬੰਦਿਆਂ ਨੂੰ ਮਕਾਨ ਕਿਰਾਏ 'ਤੇ ਨਹੀਂ ਦਿੰਦੇ। ਤੁਹਾਨੂੰ ਤਾਂ ਮੈਂ ਹਿੰਦੂ ਸਮਝਿਆ ਸੀ। ਮੈਂ ਪੁੱਛਿਆ ਕਿ ਕਾਰਨ ਕੀ ਹੈ, ਕਹਿੰਦਾ, ਤੁਸੀਂ ਪੰਜਾਬੀ ਹੋ। ਪੰਜਾਬੀ ਲੋਕ ਮੀਟ ਖਾਂਦੇ ਹਨ, ਸ਼ਰਾਬ ਪੀਂਦੇ ਹਨ ਤੇ ਖੌਰੂ ਬਹੁਤ ਪਾਉਂਦੇ ਹਨ, ਪਰ ਸਾਡੇ ਘਰ ਵਿੱਚ ਤਾਂ ਮੇਰੀ ਮਾਂ ਪਿਆਜ ਵੀ ਨਹੀਂ ਲਿਆਉਣ ਦਿੰਦੀ। ...ਸੌਰੀ, ਅਸੀਂ ਤੁਹਾਨੂੰ ਘਰ ਕਿਰਾਏ 'ਤੇ ਨਹੀਂ ਦੇ ਸਕਦੇ। ਮੈਂ ਕਿਹਾ, -ਹਰ ਕੌਮ ਵਿੱਚ ਮਾੜੇ ਚੰਗੇ ਬੰਦੇ ਹੁੰਦੇ ਹਨ, ਤੁਹਾਡੇ ਪੰਡਤਾਂ ਵਿੱਚ ਵੀ ਹੋਣਗੇ ਪਰ ਤੁਹਾਡੀ ਸ਼ਰਤ ਕੀ ਹੈ।
ਉਹ ਕਹਿੰਦਾ ਆਂਡੇ ਤੱਕ ਤਾਂ ਹਾਂ ਕਰ ਸਕਦੇ ਹਾਂ ਪਰ ਹੋਰ ਕੁਝ ਨਹੀਂ। ਮੈਂ ਕਿਹਾ, ਤੁਸੀਂ ਪੰਜਾਬੀਆਂ ਬਾਰੇ ਬਹੁਤ ਕੁਝ ਸੁਣਿਆ ਹੋਣਾ ਪਰ ਮੈਂ ਇੱਕ ਮਿਸਾਲ ਕਾਇਮ ਕਰਾਂਗਾ।
ਮੈਂ ਪੂਰੇ 11 ਸਾਲ ਉਸ ਘਰ ਵਿੱਚ ਰਿਹਾ। 1984 ਵਿੱਚ ਉਨ੍ਹਾਂ ਮੇਰੀ ਪੂਰੀ ਹਿਫਾਜ਼ਤ ਕੀਤੀ ਤੇ ਜਦੋਂ ਮੈਂ ਉਹ ਘਰ ਛੱਡਿਆ ਤਾਂ ਸਾਰਾ ਮੁਹੱਲਾ ਰੋ ਰਿਹਾ ਸੀ ਤੇ ਅੱਜ ਵੀ ਉਹ ਮਿਸਾਲ ਦਿੰਦੇ ਹਨ ਕਿ ਕੋਈ ਪੰਜਾਬੀ ਹੋਵੇ ਤਾਂ ਉਹਦੇ ਵਰਗਾ...!

No comments:

Post a Comment