deshpunjabtimes.blogspot.com

Saturday, 8 October 2011

ਪੰਜਾਬੀ ਦਲਿਤਾਂ ਉੱਪਰ ਬਾਬਾ ਸਾਹਿਬ ਦੇ ਵਿਸ਼ੇਸ਼ ਉਪਕਾਰ \ ਪਵਨ ਕੁਮਾਰ ਟੀਨੂੰ





ਪੰਜਾਬ ਵਿਚ ਅੰਬੇਡਕਰਇਜ਼ਮ ਦੀ ਰਫਤਾਰ ਹੌਲੀ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਕੁਝ ਲੋਕ ਤਾਂ ਅਜਿਹੇ ਹਨ ਜੋ ਆਪਣਾ ਸਭ ਕੁਝ ਵਾਰਨ ਉੱਪਰ ਤੁਲੇ ਹੋਏ ਹਨ, ਪਰ ਕੁਝ ਅਜਿਹੇ ਵੀ ਹਨ ਜਿਨ੍ਹਾਂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਪ੍ਰਾਪਤੀਆਂ ਤੋਂ ਪਹਿਲਾਂ ਵੀ ਖੂਬ ਲਾਭ ਉਠਾਇਆ ਅਤੇ ਹੁਣ ਵੀ ਉਠਾ ਰਹੇ ਹਨ। ਉਸ ਦੇ ਬਦਲੇ, ਬਜਾਏ ਉਹ ਅੰਬੇਡਕਰ ਮਿਸ਼ਨ ਲਈ ਸਹਾਰਾ ਬਣਦੇ, ਸਗੋਂ ਰੁਕਾਵਟ ਬਣਦੇ ਰਹਿੰਦੇ ਹਨ। ਉਹ ਲੋਕ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਅੰਬੇਡਕਰ ਨੇ ਸਾਡੇ ਲਈ ਕੀ ਕੀਤਾ ਅਤੇ ਸਾਡਾ ਅੰਬੇਡਕਰ ਮਿਸ਼ਨ ਪ੍ਰਤੀ ਕੀ ਫਰਜ਼ ਬਣਦਾ ਹੈ, ਨੂੰ ਮੇਹਣਾ ਮਾਰਨ ਲਈ ਹੀ ਲਿਖਿਆ ਗਿਆ ਹੈ, ਭਾਵ ਉਹ ਲੋਕ ਵੀ ਉਨ੍ਹਾਂ ਲੋਕਾਂ ਦਾ ਸਾਥ ਦੇਣ ਜੋ ਸੱਚੇ ਦਿਲੋਂ ਅੰਬੇਡਕਰ ਮਿਸ਼ਨ ਦੇ ਪ੍ਰਸਾਰ ਅਤੇ ਪ੍ਰਚਾਰ ਵਿਚ ਦਿਨ ਰਾਤ ਲੱਗੇ ਹੋਏ ਹਨ।
ਸ਼ੁਰੂ ਵਿਚ ਇਹ ਦੱਸ ਦੇਣਾ ਵੀ ਅਸੰਗਤ ਨਹੀਂ ਹੋਵੇਗਾ ਕਿ ਭਾਰਤ ਦੇ ਦਲਿਤਾਂ ਦੀ ਹਾਲਤ ਕਿਹੋ ਜਿਹੀ ਸੀ? ਮਨੂੰ ਨੇ ਅਛੂਤਾਂ ਉੱਪਰ ਹੇਠ ਲਿਖੀਆਂ ਪਾਬੰਦੀਆਂ ਲਾ ਰੱਖੀਆਂ ਸਨ :
''ਚੰਡਾਲਾਂ ਅਤੇ ਨੀਚਾਂ ਦਾ ਘਰ ਪਿੰਡੋਂ ਬਾਹਰ ਹੋਵੇਗਾ। ਉਨ੍ਹਾਂ ਨੂੰ ਨੀਚ ਬਣਾ ਦੇਣਾ ਹੋਵੇਗਾ। ਉਨ੍ਹਾਂ ਦੀ ਜਾਇਦਾਦ ਕੁੱਤੇ ਅਤੇ ਗਧੇ ਹੋਣਗੇ।'' (10-51)
''ਉਹ ਕਫਨ ਪਹਿਨਣਗੇ, ਟੁੱਟੇ ਹੋਏ ਭਾਂਡਿਆਂ ਵਿਚ ਭੋਜਨ ਖਾਣਗੇ, ਉਨ੍ਹਾਂ ਦੇ ਗਹਿਣੇ ਕਾਲੇ ਲੋਹੇ ਦੇ ਹੋਣਗੇ ਅਤੇ ਉਨ੍ਹਾਂ ਨੂੰ ਹਮੇਸ਼ਾਂ ਜਗ੍ਹਾ-ਜਗ੍ਹਾ ਘੁੰਮਣਾ ਹੋਵੇਗਾ।'' (10-52)
''ਉਹ, ਉਸ ਆਦਮੀ ਨਾਲ ਸਰੋਕਾਰ ਨਹੀਂ ਰੱਖੇਗਾ, ਜੋ ਕਿਸੇ ਧਾਰਮਿਕ ਕੰਮ ਵਿਚ ਲੱਗਾ ਹੋਇਆ ਹੋਵੇ, ਉਹ ਆਪੋ ਵਿਚ ਸਭ ਤਰ੍ਹਾਂ ਦਾ ਮੇਲ-ਮਿਲਾਪ ਰੱਖਣਗੇ ਅਤੇ ਵਿਆਹ ਵੀ ਆਪਣੀ ਬਰਾਦਰੀ ਵਿਚ ਹੀ ਕਰਨਗੇ।'' (10-53)
''ਉਨ੍ਹਾਂ ਦਾ ਭੋਜਨ, ਉਨ੍ਹਾਂ ਨੂੰ ਕਿਸੇ ਨੌਕਰ ਆਦਿ ਰਾਹੀਂ ਟੁੱਟੇ ਹੋਏ ਭਾਂਡਿਆਂ ਵਿਚ ਦਿੱਤਾ ਜਾਵੇਗਾ, ਰਾਤ ਨੂੰ ਉਹ ਪਿੰਡ ਜਾਂ ਨਗਰ ਵਿਚ ਘੁੰਮ ਨਹੀਂ ਸਕਣਗੇ।'' (10-54)
''ਦਿਨ ਨੂੰ ਉਹ ਆਪਣੇ ਕੰਮ ਲਈ ਪਿੰਡ ਜਾਂ ਨਗਰ ਵਿਚ ਜਾ ਸਕਦੇ ਹਨ। ਉਨ੍ਹਾਂ ਕੋਲ ਰਾਜੇ ਦੀ ਆਗਿਆ ਹੋਣੀ ਚਾਹੀਦੀ ਹੈ। ਹਾਂ, ਪੱਕਾ ਨਿਯਮ ਤਾਂ ਇਹ ਹੈ ਕਿ ਉਨ੍ਹਾਂ ਨੂੰ ਅਜਿਹੇ ਆਦਮੀਆਂ ਦੀਆਂ ਲਾਸ਼ਾਂ ਚੁੱਕ ਕੇ ਲੈ ਜਾਣੀਆਂ ਹੋਣਗੀਆਂ ਜਿਨ੍ਹਾਂ ਦਾ ਕੋਈ ਰਿਸ਼ਤੇਦਾਰ ਨਾ ਹੋਵੇ।'' (10-55)
(ਹਵਾਲਾ : ਅਛੂਤ ਕੌਣ ਤੇ ਕਿਵੇਂ? ਅਧਿਆਇ 3, ਪੰਨਾ 55-56)
ਉਪਰੋਕਤ ਦਰਜ ਕਾਲੇ ਕਾਨੂੰਨ ਤਾਂ ਪੰਜਾਬੀ ਦਲਿਤਾਂ ਉੱਪਰ ਵੀ ਲਾਗੂ ਸਨ, ਪਰ ਪੰਜਾਬੀ ਦਲਿਤਾਂ ਨਾਲ ਬਾਕੀ ਅਛੂਤਾਂ ਦੇ ਮੁਕਾਬਲੇ ਕੁਝ ਜ਼ਿਆਦਾ ਹੀ ਅਨਿਆਂ ਹੋ ਰਿਹਾ ਸੀ। ਕੁਝ ਨਮੂਨੇ ਪੇਸ਼ ਹਨ :
ਪੰਜਾਬ ਦੇ ਦਲਿਤਾਂ ਉੱਪਰ ਲਾਗੂ ਇਸ ਕਾਲੇ ਕਾਨੂੰਨ ਅਨੁਸਾਰ ਦਲਿਤਾਂ ਨੂੰ ਖੇਤੀਹਾਰ ਨਹੀਂ ਮੰਨਿਆ ਜਾਂਦਾ ਸੀ। ਉਨ੍ਹਾਂ ਨੂੰ ਗੈਰ-ਖੇਤੀਹਾਰ ਮੰਨਿਆ ਜਾਂਦਾ ਸੀ। ਇਸ ਕਾਨੂੰਨ ਅਨੁਸਾਰ ਕਿਸੇ ਵੀ ਅਛੂਤ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਸੀ। ਭਾਵੇਂ ਉਹ ਖੇਤੀ ਲਈ ਹੋਵੇ ਜਾਂ ਆਪਣਾ ਮਕਾਨ ਬਣਾਉਣ ਲਈ।
ਪੰਜਾਬ ਵਿਚ 'ਸ਼ਾਮਲਾਤ ਦੇਹ' ਜ਼ਮੀਨ ਦੀ ਮਾਲਕੀ ਵਿਚ ਵੀ ਅਛੂਤਾਂ ਦਾ ਕੋਈ ਹਿੱਸਾ ਨਹੀਂ ਸੀ। ਇਸ ਕਰਕੇ ਉਹ ਪੱਕੇ ਤੌਰ 'ਤੇ ਮਕਾਨ ਵੀ ਨਹੀਂ ਬਣਾ ਸਕਦੇ ਸਨ। ਹੁੰਦਾ ਕੀ ਸੀ। ਮਕਾਨ ਦਾ ਮਲਬਾ ਤਾਂ ਅਛੂਤ ਦਾ ਹੁੰਦਾ ਸੀ, ਪਰ ਜ਼ਮੀਨ ਕਿਸੇ ਹੋਰ ਦੀ ਹੁੰਦੀ ਸੀ। ਪੰਜਾਬੀ ਅਛੂਤ ਟੱਪਰੀਵਾਸਾਂ ਵਰਗਾ ਜੀਵਨ ਜਿਊਣ ਉੱਪਰ ਮਜਬੂਰ ਸਨ।
ਪੰਜਾਬ ਕਾਨੂੰਨ, 1872  ਦੇ ਅਨੁਸਾਰ ਲਾਜ਼ਮੀ ਸੀ ਕਿ ਸਫਾਈ ਮਜ਼ਦੂਰ, ਨਗਰ ਵਿਚ ਮਰਨ ਵਾਲੇ ਮੁਰਦਾ ਪਸ਼ੂਆਂ ਨੂੰ ਉਠਾਵੇ। ਇਸ 'ਸੇਵਾ' ਬਦਲੇ ਉਸ ਨੂੰ ਕੋਈ ਮਿਹਨਤ ਨਹੀਂ ਦਿੱਤੀ ਜਾਂਦੀ ਸੀ। ਪੰਜਾਬ ਵਿਚ ਇਕ ਭੰਗੀ ਨੂੰ ਦੂਸਰੇ ਲੋਕਾਂ ਤੱਕ ਪਹੁੰਚਣ ਲਈ ਸਾਰੇ ਜ਼ੋਰ ਨਾਲ 'ਦੂਰ ਹਟੋ, ਦੂਰ ਹਟੋ' ਚਿਲਾਉਣਾ ਪੈਂਦਾ ਸੀ।
ਪੂਨਾ ਪੈਕਟ ਪੰਜਾਬ 'ਤੇ ਲਾਗੂ ਨਾ ਕਰੋ : ਵੈਸੇ ਤਾਂ ਪੂਨਾ ਪੈਕਟ ਨੂੰ ਖਤਮ ਕਰਵਾਉਣ ਲਈ ਸਾਰੇ ਦੇਸ਼ ਵਿਚ ਹਿੰਦੂਆਂ ਨੇ ਮੁਹਿੰਮ ਸ਼ੁਰੂ ਕੀਤੀ ਹੋਈ ਸੀ। ਬੰਗਾਲ ਵਿਧਾਨ ਪ੍ਰੀਸ਼ਦ ਨੇ ਪੂਨਾ ਪੈਕਟ ਖਤਮ ਕਰਨ ਲਈ ਇਕ ਪ੍ਰਸਤਾਵ ਪਾਸ ਕੀਤਾ। ਦੇਸ਼ ਦੇ ਪ੍ਰਮੁੱਖ ਕਵੀ ਸ੍ਰੀ ਰਵਿੰਦਰ ਨਾਥ ਟੈਗੋਰ ਨੇ ਵੀ ਪੂਨਾ ਪੈਕਟ ਖਤਮ ਕਰਨ ਲਈ ਬੰਗਾਲੀ ਹਿੰਦੂਆਂ ਦੀ ਹਮਾਇਤ ਵਿਚ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਤਾਰ ਭੇਜਿਆ। ਪਰ ਪੰਜਾਬ ਬਾਰੇ ਤਾਂ ਰੌਲਾ ਹੀ ਹੋਰ ਸੀ। ਹਿੰਦੂ ਮਹਾਂ ਸਭਾ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਕਿ ਪੰਜਾਬ ਵਿਚ ਤਾਂ ਅਛੂਤਪਨ ਦਾ ਕੋਈ ਮਸਲਾ ਹੀ ਨਹੀਂ ਹੈ। ਇਸ ਲਈ ਪੂਨਾ ਪੈਕਟ ਪੰਜਾਬ 'ਤੇ ਲਾਗੂ ਨਾ ਕੀਤਾ ਜਾਵੇ।
ਹਿੰਦੂ ਕੋਡ ਬਿੱਲ ਜੋ ਖਾਸ ਤੌਰ 'ਤੇ ਭਾਰਤੀ ਸਮਾਜ ਦੀਆਂ ਬੁਰਾਈਆਂ ਅਤੇ ਭਾਰਤੀ ਨਾਰੀ ਦੀ ਗੁਲਾਮੀ ਵਿਰੁੱਧ ਆਜ਼ਾਦੀ ਦਾ ਘੋਸ਼ਣਾ ਪੱਤਰ ਸੀ, ਬਾਰੇ ਪੰਡਿਤ ਠਾਕੁਰ ਦਾਸ ਭਾਰਗਵ ਨੇ ਕਿਹਾ ਕਿ, ''ਇਹ ਬਿੱਲ ਪੰਜਾਬ 'ਤੇ ਨਾ ਲਾਗੂ ਕੀਤਾ ਜਾਵੇ।''
ਬਾਬਾ ਸਾਹਿਬ ਦੇ ਸੰਘਰਸ਼ ਦੁਆਰਾ ਭਾਰਤ ਦੇ ਬਾਕੀ ਦਲਿਤਾਂ ਦੇ ਨਾਲ-ਨਾਲ ਪੰਜਾਬੀ ਦਲਿਤਾਂ ਦੀ ਗੁਲਾਮੀ ਦੀਆਂ ਜੰਜ਼ੀਰਾਂ ਵੀ ਟੁੱਟ ਗਈਆਂ। ਪੰਜਾਬੀਆਂ ਨੂੰ ਬਾਬਾ ਸਾਹਿਬ ਦੇ ਖਾਸ ਅਹਿਸਾਨਮੰਦ ਹੋਣਾ ਚਾਹੀਦਾ ਹੈ ਕਿ ਬਾਬਾ ਸਾਹਿਬ ਨੇ ਪੰਜਾਬੀ ਦਲਿਤਾਂ ਉੱਪਰ ਲਾਗੂ ਉਪਰੋਕਤ ਕਾਲੇ ਕਾਨੂੰਨਾਂ ਨੂੰ ਤਾਂ ਖਤਮ ਕਰਵਾਇਆ ਸੀ, ਸਗੋਂ ਉਨ੍ਹਾਂ ਦੇ ਵਿਸ਼ੇਸ਼ ਉਪਕਾਰਾਂ ਦੇ ਸਦਕੇ ਅੱਜ ਪੰਜਾਬੀ ਭਾਰਤ ਦੇ ਬਾਕੀ ਦਲਿਤਾਂ ਨਾਲੋਂ ਵੱਧ ਖੁਸ਼ਹਾਲ ਹਨ। ਜਦ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਕਤਲੋਗਾਰਤ ਦਾ ਜਿਹੋ ਜਿਹਾ ਦੌਰ ਚੱਲਿਆ ਕਿ ਉਸ ਦੀ ਦੂਸਰੀ ਮਿਸਾਲ ਇਤਿਹਾਸ ਦੇ ਪੰਨਿਆਂ ਵਿਚੋਂ ਨਹੀਂ ਮਿਲਦੀ। ਕਰੋੜਾਂ ਲੋਕ ਘਰੋਂ ਬੇਘਰ ਹੋ ਗਏ। ਲੱਖਾਂ ਲੋਕ ਮਾਰੇ ਗਏ ਅਤੇ ਹਜ਼ਾਰਾਂ ਔਰਤਾਂ ਦੀ ਬੇਪੱਤੀ ਹੋਈ।
ਅਜਿਹੇ ਸਮੇਂ ਉਹ ਅੰਬੇਡਕਰ ਹੀ ਸੀ ਜੋ ਦਲਿਤਾਂ ਦਾ ਸਹਾਰਾ ਬਣਿਆ। ਡਾ. ਅੰਬੇਡਕਰ ਨੇ ਪਾਕਿਸਤਾਨ ਵਿਚ ਰਹਿ ਰਹੇ ਦਲਿਤਾਂ ਨੂੰ ਕੱਢਣ ਵਾਸਤੇ ਪੰਡਿਤ ਜਵਾਹਰ ਲਾਲ ਨਹਿਰੂ ਉੱਪਰ ਜ਼ੋਰ ਪਾਇਆ, ਜਦੋਂ ਡਾ. ਅੰਬੇਡਕਰ ਨੇ ਦੇਖਿਆ ਕਿ ਦਲਿਤਾਂ ਨੂੰ ਪਾਕਿਸਤਾਨ 'ਚੋਂ ਲਿਆਉਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਉਨ੍ਹਾਂ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਦਲਿਤ ਫੌਜ 'ਮਹਾਰ ਰੈਜਮੈਂਟ' ਨੂੰ ਪੱਛਮੀ ਪਾਕਿਸਤਾਨ ਅਤੇ ਪੂਰਬੀ ਬੰਗਾਲ ਵਿਚੋਂ ਦਲਿਤਾਂ ਨੂੰ ਸਹੀ ਸਲਾਮਤ ਲਿਆਉਣ ਲਈ ਭੇਜਿਆ। ਬਾਬਾ ਸਾਹਿਬ ਡਾ. ਅੰਬੇਡਕਰ ਨੇ ਦਲਿਤਾਂ ਨੂੰ ਕਿਹਾ ਕਿ ਉਹ ਪਾਕਿਸਤਾਨ ਵਿਚ ਨਾ ਰਹਿਣ ਅਤੇ ਜਿੰਨੀ ਜਲਦੀ ਹੋ ਸਕੇ, ਭਾਰਤ ਆ ਜਾਣ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦਲਿਤਾਂ ਦੇ ਜਾਨ ਅਤੇ ਮਾਲ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਉਸ ਦੀ ਕੀਮਤ ਪਾਕਿਸਤਾਨ ਨੂੰ ਚੁਕਾਉਣੀ ਪਵੇਗੀ।
ਇਹ ਬਾਬਾ ਸਾਹਿਬ ਦੀ ਹੀ ਮੇਹਰਬਾਨੀ ਸੀ ਕਿ ਦਲਿਤ ਸਹੀ ਸਲਾਮਤ ਭਾਰਤ ਪੁੱਜੇ, ਨਹੀਂ ਤਾਂ ਅੱਜ ਦਲਿਤ ਭਾਰਤ 'ਚ ਬਹੁਗਿਣਤੀ 'ਚ ਨਾ ਹੁੰਦੇ। ਬਾਬਾ ਸਾਹਿਬ ਨੇ ਭਾਰੀ ਗਿਣਤੀ ਵਿਚ ਪੰਜਾਬੀ ਦਲਿਤਾਂ ਨੂੰ ਨੌਕਰੀਆਂ ਦੁਆਈਆਂ।  ਕਿਉਂਕਿ ਸ਼ਿਮਲਾ ਵਾਇਸਰਾਏ ਹਿੰਦ ਦਾ ਨਿਵਾਸ ਸਥਾਨ ਸੀ ਅਤੇ ਬਾਬਾ ਸਾਹਿਬ ਵਾਇਸਰਾਏ ਦੀ ਕਾਰਜ ਸਾਧਕ ਕੌਂਸਲ ਦੇ ਮੈਂਬਰ ਸਨ, ਇਸ ਕਰਕੇ ਜਦ ਕਦੀ ਵੀ ਕੌਂਸਲ ਦੇ ਕਿਸੇ ਕੰਮ ਸ਼ਿਮਲਾ ਆਉਂਦੇ ਤਾਂ ਲੋਕਾਂ ਦੀ ਭੀੜ ਉਨ੍ਹਾਂ ਨੂੰ ਮਿਲਣ ਲਈ ਉਮੜ ਪੈਂਦੀ। ਲੋਕ ਬਾਬਾ ਸਾਹਿਬ ਤੋਂ ਨਵੀਂ ਰੌਸ਼ਨੀ ਅਤੇ ਨਵੀਂ ਚੇਤਨਾ ਪ੍ਰਾਪਤ ਕਰਦੇ।
ਬਾਬਾ ਸਾਹਿਬ ਨੇ ਪੰਜਾਬ ਦੇ ਦੋ ਦੌਰੇ ਵੀ ਕੀਤੇ। ਇਕ 11 ਤੋਂ 13 ਅਪ੍ਰੈਲ 1936 ਨੂੰ, ਬਾਬਾ ਖੜਕ ਸਿੰਘ ਦੇ ਸੱਦੇ 'ਤੇ ਉਹ ਅੰਮ੍ਰਿਤਸਰ 'ਚ ਨਿਕਲੇ ਸਿੱਖਾਂ ਦੇ ਨਗਰ ਕੀਰਤਨ ਵਿਚ ਸ਼ਾਮਿਲ ਹੋਏ। ਬਹੁਤ ਸਾਰੇ ਦਲਿਤ ਨੇਤਾ ਉਨ੍ਹਾਂ ਨੂੰ ਮਿਲੇ ਅਤੇ ਆਪਣੇ ਨਾਲ ਹੋ ਰਹੇ ਸਾਮਾਜਿਕ ਅਨਿਆਂ ਬਾਰੇ ਡਾ. ਅੰਬੇਡਕਰ ਨੂੰ ਜਾਣੂ ਕਰਵਾਇਆ। ਅੰਮ੍ਰਿਤਸਰ ਵਿਖੇ ਆਪਣੇ ਸੰਖੇਪ ਭਾਸ਼ਣ ਵਿਚ ਡਾ. ਅੰਬੇਡਕਰ ਨੇ ਕਿਹਾ, ''ਅਛੂਤ ਵੀ ਸਾਮਾਜਿਕ ਨਾ-ਬਰਾਬਰੀ ਅਤੇ ਬੇਇਨਸਾਫੀ ਤੋਂ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਹਿੰਦੂ ਧਰਮ ਨੂੰ ਤਿਆਗਣ ਦਾ ਫੈਸਲਾ ਕਰ ਲਿਆ ਹੈ।''
1951 ਦੀਆਂ ਚੋਣਾਂ ਸਮੇਂ ਬਾਬਾ ਸਾਹਿਬ ਦੇ ਪੰਜਾਬ ਦੌਰੇ ਨੇ ਤਾਂ ਸਰਕਾਰ ਅਤੇ ਦਲਿਤਾਂ ਵਿਚ ਹਲਚਲ ਹੀ ਪੈਦਾ ਕਰ ਦਿੱਤੀ ਸੀ। ਕਾਂਗਰਸ ਨੇ ਬਾਬਾ ਸਾਹਿਬ ਦੇ ਪੰਜਾਬ ਦੌਰੇ ਨੂੰ ਰੋਕਣ ਵਾਸਤੇ ਜਿਥੇ ਉਚੇਰੀ ਪੱਧਰ ਉੱਪਰ ਜ਼ੋਰ ਪਾਇਆ, ਉਥੇ ਕੁਝ ਸਥਾਨਕ ਕਾਂਗਰਸੀਆਂ ਨੇ ਵੀ ਲੋਕਾਂ ਵਿਚ ਭਰਮ-ਭੁਲੇਖੇ ਪਾਏ ਕਿ ਅੰਬੇਡਕਰ ਪੰਜਾਬ ਨਹੀਂ ਆ ਰਹੇ। ਫਿਰ ਵੀ ਜਦੋਂ ਉਹ ਪੰਜਾਬ ਆਏ ਤਾਂ ਲੱਖਾਂ ਦੀ ਤਾਦਾਦ ਵਿਚ ਲੋਕ ਉਨ੍ਹਾਂ ਨੂੰ ਸੁਣਨ ਲਈ ਆਏ। ਬਾਬਾ ਸਾਹਿਬ 27 ਅਕਤੂਬਰ 1951 ਨੂੰ ਅੰਮ੍ਰਿਤਸਰ ਰਾਜਾ ਸਾਂਸੀ ਹਵਾਈ ਅੱਡੇ ਉੱਪਰ ਉੱਤਰੇ। ਉਥੋਂ ਉਹ ਜਲੰਧਰ ਪੁੱਜੇ, ਜਿਥੇ ਉਨ੍ਹਾਂ ਨੇ ਰਾਮਦਾਸਪੁਰਾ (ਬੂਟਾਂ ਮੰਡੀ) 'ਚ ਸ਼ਾਮ ਪੰਜ ਕੁ ਵਜੇ ਭਾਸ਼ਣ ਦਿੱਤਾ। 28 ਅਕਤੂਬਰ ਨੂੰ ਸਵੇਰੇ ਡੀ.ਏ.ਵੀ. ਕਾਲਜ ਜਲੰਧਰ ਵਿਚ ਭਾਸ਼ਣ ਦਿੱਤਾ ਅਤੇ ਸ਼ਾਮੀਂ ਲੁਧਿਆਣੇ 'ਚ ਭਾਸ਼ਣ ਦਿੱਤਾ। 29 ਅਕਤੂਬਰ 1951 ਨੂੰ ਉਹ ਪਟਿਆਲਾ ਗਏ, ਜਿਥੇ ਉਨ੍ਹਾਂ ਨੇ ਭਾਰੀ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਤਿੰਨ ਦਿਨਾਂ ਦੌਰੇ ਸਮੇਂ ਉਨ੍ਹਾਂ ਨੇ ਲੋਕਾਂ ਨੂੰ ਜੋ ਸੰਦੇਸ਼ ਦਿੱਤਾ ਉਸ ਦੀਆਂ ਕੁਝ ਝਲਕੀਆਂ ਇਸ ਪ੍ਰਕਾਰ ਹਨ :
ਰਾਜਨੀਤਕ ਸ਼ਕਤੀ ਪ੍ਰਾਪਤ ਕਰੋ : ''ਅਸੀਂ ਇਕ ਸ਼ਕਤੀ ਪ੍ਰਾਪਤ ਕਰ ਸਕਦੇ ਹਾਂ ਅਤੇ ਉਹ ਹੈ ਰਾਜਨੀਤਕ ਸ਼ਕਤੀ। ਇਹ ਸ਼ਕਤੀ ਸਾਨੂੰ ਜ਼ਰੂਰ ਪ੍ਰਾਪਤ ਕਰਨੀ ਚਾਹੀਦੀ ਹੈ, ਇਸ ਸ਼ਕਤੀ ਨਾਲ ਅਸੀਂ ਆਪਣੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰ ਸਕਦੇ ਹਾਂ।'' (ਰਾਮਦਾਸਪੁਰਾ ਬੂਟਾਂ ਮੰਡੀ, ਜਲੰਧਰ, 27 ਅਕਤੂਬਰ 1951)
ਧੋਖੇਬਾਜ਼ ਪਾਰਟੀਆਂ ਤੋਂ ਬਚੋ : ''ਅਜਿਹੀਆਂ ਬਹੁਤ ਸਾਰੀਆਂ ਪਾਰਟੀਆਂ ਹਨ ਜੋ ਸਾਡੇ ਅਧਿਕਾਰ ਖੋਹਣਾ ਚਾਹੁੰਦੀਆਂ ਹਨ। ਉਹ ਸਾਡੀਆਂ ਵੋਟਾਂ ਲੈ ਕੇ ਰਿਜ਼ਰਵ ਸੀਟਾਂ ਤੋਂ ਆਪਣੇ ਹੱਥ ਠੋਕਿਆਂ ਨੂੰ ਪ੍ਰਤੀਨਿਧ ਬਣਾ ਕੇ ਭੇਜਣ ਦੀ ਭਾਲ ਵਿਚ ਹਨ। ਤੁਸੀਂ ਉਨ੍ਹਾਂ ਦੇ ਮਨਸੂਬਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਉਹ ਚਾਹੁੰਦੇ ਹਨ ਕਿ ਅਨੁਸੂਚਿਤ ਜਾਤੀਆਂ ਜਿਵੇਂ ਅਤੇ ਜਿਥੇ ਹਨ, ਉਵੇਂ ਤੇ ਉਥੇ ਹੀ ਰਹਿਣ। ਉਨ੍ਹਾਂ ਕੋਲ ਕੋਈ ਸ਼ਕਤੀ ਨਾ ਆਵੇ ਤਾਂ ਕਿ ਉਹ ਜੋ ਗੰਦੇ ਕੰਮ ਕਰਦੇ ਹਨ, ਕਰਦੇ ਰਹਿਣ ਤੇ ਉੱਚੀਆਂ ਜਾਤਾਂ ਨੂੰ ਕੋਈ ਦਿੱਕਤ ਨਾ ਆਵੇ।'' (ਲੁਧਿਆਣਾ 28 ਅਕਤੂਬਰ 1951)
ਨੁਮਾਇੰਦੇ ਕਿਹੋ ਜਿਹੇ ਜਾਣ : ਉਨ੍ਹਾਂ ਨੇ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਸਾਡੇ ਕਿਹੋ ਜਿਹੇ ਨੁਮਾਇੰਦੇ ਜਾਣੇ ਚਾਹੀਦੇ ਹਨ, ਬਾਰੇ ਇਉਂ ਕਿਹਾ ਸੀ, ''ਜੋ ਸਾਡੇ ਹਿੱਤਾਂ ਲਈ ਜਾਨ ਤੋੜ ਕੇ ਲੜਨ, ਜੋ ਦੱਬੇ ਕੁਚਲੇ ਲੋਕਾਂ ਲਈ ਵਿਸ਼ੇਸ਼ ਅਧਿਕਾਰ ਪ੍ਰਾਪਤ ਕਰਨ, ਜੋ ਸਾਡੇ ਲੋਕਾਂ ਨਾਲ ਕੀਤੀਆਂ ਵਧੀਕੀਆਂ ਮਿਟਾਉਣ, ਜੋ ਸਾਡੀਆਂ ਦੁੱਖ ਤਕਲੀਫਾਂ ਨਿਧੜਕ ਹੋ ਕੇ ਸਾਹਮਣੇ ਲਿਆਉਣ, ਜੋ ਸੋਚ ਸਕਦੇ ਹੋਣ, ਜੋ ਅਗਵਾਈ ਕਰ ਸਕਣ, ਜੋ ਕਿਰਦਾਰ ਦੇ ਪੂਰੇ ਹੋਣ ਅਤੇ ਜੋ ਅਸੂਲਾਂ ਅਤੇ ਇਖਲਾਕ ਦੇ ਪੁਤਲੇ ਹੋਣ। ਅਜਿਹੇ ਲੋਕ ਵਿਧਾਨ ਸਭਾਵਾਂ ਵਿਚ ਭੇਜੇ ਜਾਣੇ ਚਾਹੀਦੇ ਹਨ। ਸਾਨੂੰ ਵਿਧਾਨ ਸਭਾਵਾਂ ਵਿਚ ਅਜਿਹੇ ਪ੍ਰਤੀਨਿਧ ਭੇਜਣੇ ਚਾਹੀਦੇ ਹਨ ਜੋ ਕਿ ਕਿਸੇ ਦੇ ਗੁਲਾਮ ਨਾ ਹੋਣ, ਸਗੋਂ ਆਪਣੀ ਅਜ਼ਾਦਾਨਾ ਜ਼ਮੀਰ ਰੱਖਣ ਅਤੇ ਸਾਡੀਆਂ ਦੁੱਖ ਤਕਲੀਫਾਂ ਦੂਰ ਕਰਵਾ ਸਕਣ।'' (ਪਟਿਆਲਾ, 28 ਅਕਤੂਬਰ 1951)
ਦਲਿਤਾਂ ਸਾਹਿਬ ਨੂੰ ਬਾਬਾ ਸਾਹਿਬ ਦੀ ਦੇਣ ਇਹੀ ਹੈ ਜੋ ਕੱਲ੍ਹ ਤੱਕ ਅਦਾਲਤਾਂ ਵਿਚ ਸਿੱਧੇ ਤੌਰ 'ਤੇ ਗਵਾਹੀ ਜਾਂ ਬਿਆਨ ਨਹੀਂ ਸਨ ਦੇ ਸਕਦੇ, ਉਨ੍ਹਾਂ ਨੂੰ ਪਹਿਲਾਂ ਆਪਣਾ ਬਿਆਨ ਸਵਰਨ ਜਾਤੀ ਦੇ ਪੁਰਸ਼ਾਂ ਨੂੰ ਸੁਨਾਉਣਾ ਪੈਂਦਾ ਸੀ, ਅੱਜ ਆਪ ਜੱਜ ਅਤੇ ਮੁਨਸਿਫ ਹਨ। ਜੋ ਕੱਲ੍ਹ ਤੱਕ ਚਪੜਾਸੀ ਨਹੀਂ ਸਨ ਲੱਗ ਸਕਦੇ, ਅੱਜ ਆਪ ਸਵਰਨਾਂ ਨੂੰ ਨੌਕਰੀਆਂ ਵਿਚ ਭਰਤੀ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਵੋਟ ਦਾ ਅਧਿਕਾਰ ਨਹੀਂ ਸੀ ਅੱਜ ਉਹ ਖੁਦ ਵਜ਼ੀਰ ਅਤੇ ਮੁੱਖ ਮੰਤਰੀ ਵੀ ਹਨ। ਕੱਲ੍ਹ ਦੇ ਗੁਲਾਮ ਅੱਜ ਦੇ ਹਾਕਮ ਬਣ ਰਹੇ ਹਨ। ਜੋ ਸਿਰ ਨੀਵੇਂ ਰਹਿੰਦੇ ਸਨ, ਉਹ ਹੁਣ ਧੌਣਾਂ ਅਕੜਾ ਰਹੇ ਹਨ, ਝੁਕੀਆਂ ਕਮਰਾਂ ਹੁਣ ਸੀਨੇ ਤਾਣ ਕੇ ਤੁਰਦੀਆਂ ਹਨ। ਤਰਲੇ ਕੱਢਦੇ ਹੱਥ ਹੁਣ ਬੰਦੂਕਾਂ ਸੰਭਾਲ ਰਹੇ ਹਨ। ਜੇ ਹੁਣ ਵੀ ਪੰਜਾਬੀ ਦਲਿਤ ਚਾਹੇ ਉਹ ਕਿਸੇ ਵੀ ਸੰਪ੍ਰਦਾਇ, ਕਿਸੇ ਵੀ ਵਰਗ ਨਾਲ ਸੰਬੰਧਿਤ ਹੋਣ ਜਾਂ ਕਿਸੇ ਵੀ ਰਾਜਨੀਤਕ ਪਾਰਟੀ ਵਿਚ ਕੰਮ ਕਰਦੇ ਹੋਣ, ਬਾਬਾ ਸਾਹਿਬ ਦੇ ਅਹਿਸਾਨਮੰਦ ਨਹੀਂ ਤਾਂ ਉਨ੍ਹਾਂ ਨੂੰ ਕਿਹੜਾ ਦਰਜਾ ਦਿੱਤਾ ਜਾਵੇ, ਖੁਦ ਵਿਚਾਰਨ। ਹਰੇਕ ਵਿਅਕਤੀ ਨੂੰ ਆਪਣੀ ਕਮਾਈ ਦਾ 10ਵਾਂ ਭਾਗ ਸਾਂਝੇ ਕੰਮਾਂ 'ਚ ਅਤੇ ਦਲਿਤ ਹਿੱਤਾਂ ਲਈ ਦੇਣਾ ਚਾਹੀਦਾ ਹੈ। ਸਾਡਾ ਰੋਮ ਰੋਮ ਡਾ. ਅੰਬੇਡਕਰ ਦਾ ਕਰਜ਼ਾਈ ਹੈ, ਆਓ ਸਭ ਮਿਲ ਕੇ ਉਸ ਕਰਜ਼ ਨੂੰ ਚੁਕਤਾ ਕਰਨ ਲਈ ਹੰਭਲਾ ਮਾਰੀਏ ਅਤੇ ਬਾਬਾ ਸਾਹਿਬ ਅੰਬੇਦਕਰ ਦੇ ਇਨਕਲਾਬ 'ਤੇ ਪਹਿਰਾ ਦੇ ਕੇ ਨਵੇਂ ਸਮਾਜ ਦੀ ਸਿਰਜਣਾ ਕਰੀਏ।
                               CHARIMAN OF PUNJAB SCHEDULED CASTE FINANCE CORPORATION.

No comments:

Post a Comment