deshpunjabtimes.blogspot.com

Tuesday, 18 October 2011

ਫ਼ਿਲਮਾਂ ਰਾਹੀਂ ਲਗਾਈ ਜਾ ਰਹੀ ਏ ਸਿੱਖੀ ਨੂੰ ਢਾਹ\ਸੁਦੀਪ ਸਿੰਘ ਢਿੱਲੋਂ





ਪਹਿਲਾਂ ਤੋਂ ਹੀ ਅਣਗਿਣਤ ਖ਼ਤਰਿਆਂ ਅਤੇ ਮੁਸੀਬਤਾਂ ਦਰਮਿਆਨ ਘਿਰੀ ਹੋਈ ਪੰਜਾਬੀ ਜ਼ੁਬਾਨ ਅਤੇ ਸਿੱਖੀ ਉੱਤੇ, ਅਜੋਕੀਆਂ ਫ਼ਿਲਮਾਂ ਅਤੇ ਲੜੀਵਾਰ, ਲਗਾਤਾਰ ਹਮਲੇ ਉੱਤੇ ਹਮਲੇ ਕਰ ਰਹੇ ਹਨ ਅਤੇ ਇੰਜ ਜਾਪਦਾ ਹੈ ਕਿ ਇਹ ਲੋਕ, ਪੰਜਾਬੀ ਅਤੇ ਸਿੱਖੀ ਉੱਪਰ ਹਮਲਾ ਕਰਨ ਦਾ ਇੱਕ ਵੀ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ।
'ਮਿਸ਼ਨ ਕਸ਼ਮੀਰ' ਨਾਂ ਦੀ ਹਿੰਦੀ ਫ਼ਿਲਮ ਨੇ ਤਾਂ ਦੇਸ ਲਈ ਸਭ ਤੋਂ ਵੱਧ ਜਾਨਾਂ ਵਾਰਨ ਵਾਲੇ ਸਿੱਖ ਫ਼ੌਜੀਆਂ ਨੂੰ, ਇਸ ਫ਼ਿਲਮ ਰਾਹੀਂ, ਡਰਪੋਕ ਪੇਸ਼ ਕੀਤਾ ਗਿਆ ਸੀ। ਫ਼ਿਲਮ ਦੇ ਸ਼ੁਰੂਆਤੀ ਦ੍ਰਿਸ਼ ਵਿੱਚ ਹੀ, ਸਿੱਖੀ ਸਰੂਪ ਵਾਲਾ ਇੱਕ ਫ਼ੌਜੀ, ਜਦੋਂ ਇੱਕ ਅਜਿਹੀ ਥਾਂ 'ਤੇ ਖੜ੍ਹਾ ਹੁੰਦਾ ਹੈ, ਜਿਸ ਦੇ ਥੱਲੇ ਦੁਸ਼ਮਣਾਂ ਵੱਲੋਂ ਬੰਬ ਰੱਖਿਆ ਹੁੰਦਾ ਹੈ ਤਾਂ ਇਹ ਸਿੱਖ ਫ਼ੌਜੀ ਫਿਰ ਅੱਗੇ ਜੋ ਕੁਝ ਕਹਿੰਦਾ ਅਤੇ ਕਰਦਾ ਵਿਖਾਇਆ ਗਿਆ ਹੈ, ਉਹ ਵੇਖ ਕੇ ਕਿਸੇ ਸਿੱਖ ਜੱਥੇਬੰਦੀ ਜਾਂ ਸ਼੍ਰੋਮਣੀ ਕਮੇਟੀ ਨੇ ਕਿਉਂ ਨਹੀਂ ਕੁੱਝ ਕੀਤਾ? ਇਹ ਸਵਾਲ ਅੱਜ ਵੀ ਰੜਕਦਾ ਹੈ। ਫਿਲਮ ਵਿੱਚ ਵਿਖਾਇਆ ਗਿਆ ਹੈ ਕਿ ਇੱਕ ਛੋਟੇ ਜਿਹੇ ਬੰਬ ਤੋਂ ਡਰ ਕੇ, ਇਹ ਸਿੱਖ ਫ਼ੌਜੀ , ਕੰਬਣ ਲੱਗ ਪੈਂਦਾ ਹੈ ਅਤੇ ਏਨਾ ਡਰ ਜਾਂਦਾ ਹੈ ਕਿ ਆਪਣੀ ਪੈਂਟ ਵਿੱਚ ਹੀ ਪਿਸ਼ਾਬ ਕਰਦਾ ਵੇਖਿਆ ਜਾਂਦਾ ਹੈ। ਫਿਰ ਇਸ ਡਰੇ ਹੋਏ ਸਿੱਖ ਫ਼ੌਜੀ ਵੱਲੋਂ ਮਦਦ ਦੀਆਂ ਚੀਕਾਂ ਨੂੰ ਸੁਣ ਕੇ ਇੱਕ ਗ਼ੈਰ-ਸਿੱਖ ਫ਼ੌਜੀ ਬੜੀ ਦਲੇਰੀ ਨਾਲ ਉਸ ਨੂੰ ਬਚਾਉਂਦਾ ਹੈ ਜਦਕਿ ਅਸਲੀਅਤ ਅਤੇ ਇਤਿਹਾਸ ਵਿੱਚ, ਹਮੇਸ਼ਾਂ ਇਸ ਦੇ ਉਲਟ ਹੀ ਹੋਇਆ ਹੈ। ਇਸ ਫ਼ਿਲਮ ਨੂੰ ਬਣਾਉਣ ਵਾਲਾ, ਵਿਧੂ ਵਿਨੋਦ ਚੋਪੜਾ, ਆਪਣੇ ਆਪ ਨੂੰ ਪੰਜਾਬੀ ਦੱਸਦਾ ਹੈ, ਪਰ ਇਹ ਦ੍ਰਿਸ਼ ਫ਼ਿਲਮਾਉਣ ਲੱਗਿਆਂ ਸ਼ਾਇਦ ਉਸ ਨੂੰ ਸ਼ਰਮ ਭੁੱਲ ਗਈ ਸੀ।
ਫ਼ਿਲਮਾਂ ਵਿੱਚ ਸਿੱਖਾਂ ਨੂੰ ਮਜ਼ਾਕ ਦੇ ਪਾਤਰ ਵਜੋਂ ਵਿਖਾਉਣਾ ਤਾਂ ਆਮ ਵਰਤਾਰਾ ਸੀ, ਪਰ ਇਸੇ ਵਿਧੂ ਵਿਨੋਦ ਚੋਪੜਾ ਨੇ, ਰਾਜੂ ਹਿਰਾਨੀ ਰਾਹੀਂ ਬਣਾਈ ਆਪਣੀ ਇੱਕ ਹੋਰ ਫ਼ਿਲਮ, 'ਲਗੇ ਰਹੋ ਮੁੰਨਾਭਾਈ' ਵਿੱਚ ਇੱਕ ਸਿੱਖ ਕਿਰਦਾਰ ਨੂੰ ਖਲਨਾਇਕ ਬਣਾ ਦਿੱਤਾ। ਇਸ ਫਿਲਮ ਵਿਚਲੇ ਸਿੱਖ ਪਾਤਰ, 'ਲੱਕੀ ਸਿੰਘ' ਨੂੰ ਇੱਕ ਬੇਰਹਿਮ ਆਦਮੀ ਵਜੋਂ ਪੇਸ਼ ਕੀਤਾ ਗਿਆ, ਜੋ ਹਰ ਹੀਲੇ ਬੇਸਹਾਰਾ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰੋਂ ਕੱਢ ਕੇ ਉਹ ਸਾਰੇ ਘਰ ਹੜੱਪਣਾ ਚਾਹੁੰਦਾ ਹੈ।

ਯਸ਼ ਚੋਪੜਾ ਦੇ, ਯਸ਼ ਰਾਜ ਬੈਨਰ ਹੇਠ, ਬਣਨ ਵਾਲੀਆਂ ਫ਼ਿਲਮਾਂ ਵਿੱਚ ਭਾਵੇਂ ਪੰਜਾਬੀ ਦਾ ਅਕਸ ਬਾਕੀਆਂ ਦੇ ਮੁਕਾਬਲੇ ਕੁੱਝ ਸਾਫ਼-ਸੁਥਰਾ ਹੁੰਦਾ ਹੈ, ਪਰ ਪੂਰੀ ਤਰ੍ਹਾਂ ਸਾਫ਼ ਇਹ ਵੀ ਨਹੀਂ ਕਹੇ ਜਾ ਸਕਦੇ। ਮਿਸਾਲ ਦੇ ਤੌਰ 'ਤੇ ਇਨ੍ਹਾਂ ਵੱਲੋਂ ਬਣਾਈ ਗਈ ਫ਼ਿਲਮ 'ਮੋਹੱਬਤੇਂ' ਵਿੱਚ ਅਨੁਪਮ ਖੇਰ ਨੂੰ ਇੱਕ ਸਿੱਖ ਕਿਰਦਾਰ ਵਿੱਚ ਵਿਖਾਇਆ ਗਿਆ ਸੀ ਜੋ ਮਜ਼ਾਕੀਆ ਹੋਣ ਦੇ ਨਾਲ-ਨਾਲ ਔਰਤਾਂ ਨਾਲ ਛੇੜਖਾਨੀ ਕਰਦਾ ਹੈ ਅਤੇ ਬਾਅਦ ਵਿੱਚ, ਸਰੇ-ਬਾਜ਼ਾਰ, ਔਰਤਾਂ ਹੱਥੋਂ ਚੱਪਲਾਂ ਨਾਲ ਕੁੱਟ ਖਾਂਦਾ ਵਿਖਾਇਆ ਗਿਆ। ਜਾਪਦਾ ਹੈ ਕਿ ਯਸ਼ ਚੋਪੜਾ ਨੇ ਪੰਜਾਬ ਦਾ ਇਤਿਹਾਸ ਪੜ੍ਹਿਆ ਨਹੀਂ ਹੋਵੇਗਾ, ਨਹੀਂ ਤਾਂ ਇਨ੍ਹਾਂ ਨੂੰ ਜ਼ਰੂਰ ਪਤਾ ਹੁੰਦਾ ਕਿ ਜਦੋਂ ਵਿਦੇਸ਼ੀ ਹਮਲੇ ਹੁੰਦੇ ਸੀ ਤਾਂ ਉਹ ਕੌਣ ਸਨ ਜੋ ਬਹਾਦਰੀ ਨਾਲ ਔਰਤਾਂ ਨੂੰ ਬਚਾਉਂਦਾ ਹੁੰਦਾ ਸੀ? ਇਨ੍ਹਾਂ ਦੀ ਕੰਪਨੀ ਦੀ ਹੀ ਇੱਕ ਹੋਰ ਫ਼ਿਲਮ 'ਦਿਲ ਬੋਲੇ ਹੜਿੱਪਾ' ਵਿੱਚ ਪੰਜਾਬ ਦੀ ਇੱਕ ਲੜਕੀ, ਪੰਜਾਬੀ 'ਬੰਦਿਸ਼ਾਂ' ਤੋਂ ਤੰਗ ਆ ਕੇ ਆਪਣੇ ਕ੍ਰਿਕਟ ਖੇਡਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਮਜ਼ਾਕੀਆ ਜਿਹੇ ਨਜ਼ਰ ਆਉਣ ਵਾਲੇ ਸਿੱਖ ਮੁੰਡੇ ਦਾ ਭੇਸ ਧਾਰ ਲੈਂਦੀ ਹੈ ਅਤੇ ਹਿੰਦੀ ਫ਼ਿਲਮਾਂ ਦੇ ਪੰਜਾਬੀਅਤ ਪ੍ਰਤੀ ਨਜ਼ਰੀਏ ਨੂੰ ਅੱਗੇ ਟੋਰਦੀ ਹੋਈ ਊਟ-ਪਟਾਂਗ ਹਰਕਤਾਂ ਕਰਦੀ ਵਿਖਾਈ ਗਈ ਹੈ।
ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਾਉਣ ਵਾਲੇ ਧਰਮਿੰਦਰ ਵੱਲੋਂ, ਆਪਣੇ ਪੁੱਤਰਾਂ ਦੇ ਡੁੱਬਦੇ ਹੋਏ ਕੈਰੀਅਰ ਨੂੰ ਬਚਾਉਣ ਖ਼ਾਤਰ ਬਣਾਈ ਗਈ ਫ਼ਿਲਮ 'ਯਮਲਾ ਪਗਲਾ ਦੀਵਾਨਾ'  ਨੇ ਵੀ ਪੰਜਾਬੀ ਜ਼ੁਬਾਨ ਅਤੇ ਸਿੱਖੀ ਨੂੰ ਖੋਰਾ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਫ਼ਿਲਮ ਦੇ ਸ਼ੁਰੂਆਤੀ ਦ੍ਰਿਸ਼ ਵਿੱਚ ਜਦੋਂ ਇੱਕ ਸਿੱਖ ਐਨ. ਆਰ. ਆਈ. ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਪੁੱਛਦਾ ਹੈ, ਤਾਂ ਬੱਚੇ ਅੱਗੋਂ 'ਮਾਂ-ਭੈਣ ਦੀਆਂ ਗਾਲ੍ਹਾਂ' ਕੱਢਦੇ ਵਿਖਾਏ ਗਏ ਹਨ ਭਾਵ ਇਸ ਫ਼ਿਲਮ ਨੇ ਪੰਜਾਬੀਅਤ ਦਾ ਇਹ ਮਤਲਬ ਦੱਸਿਆ ਹੈ। ਇਸ ਫ਼ਿਲਮ ਵਿੱਚ 'ਗਜੋਧਰ' ਨਾਂ ਦਾ ਇੱਕ ਭਈਆ, ਆਪਣੇ ਵਿਛੜੇ ਹੋਏ ਸਰਦਾਰ ਭਰਾ ਨਾਲ, 'ਸਾਹਿਬਾ' ਨਾਂ ਦੀ ਇੱਕ ਕੁੜੀ ਨੂੰ ਭਜਾਉਣ ਖਾਤਰ ਪੰਜਾਬ ਆਉਂਦਾ ਹੈ। ਹਾਲਾਂ ਕਿ 'ਸਾਹਿਬਾ' ਦੇ 8-10 ਭਰਾ ਦੱਸੇ ਗਏ ਹਨ, ਪਰ ਸਾਰੇ ਏਨੇ ਬੇਵਕੂਫ਼ ਵਿਖਾਏ ਗਏ ਹਨ ਕਿ ਉਨ੍ਹਾਂ ਨੂੰ ਇਸ ਨਕਲੀ ਸਰਦਾਰ ਬਣੇ ਭਈਏ ਬਾਰੇ ਕੁੱਝ ਵੀ ਪਤਾ ਨਹੀਂ ਲੱਗਦਾ। ਉੱਪਰੋਂ ਪੰਜਾਬੀ ਕੁੜੀ ਦੇ ਇਹ ਸਾਰੇ ਭਰਾ, ਫੋਕੇ ਸਰਦਾਰ ਵਿਖਾਏ ਗਏ ਹਨ ਜੋ ਆਪਣੀ ਖ਼ਾਲੀ ਪਸਤੌਲ ਨਾਲ ਲੋਕਾਂ ਨੂੰ ਡਰਾਉਂਦੇ ਹਨ। ਇਸ ਫ਼ਿਲਮ ਵਿੱਚ ਪੰਜਾਬੀਆਂ ਨੂੰ 'ਵਿਹਲੜਾਂ' ਵਜੋਂ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ ਇੱਕੋ-ਇੱਕ ਟੀਚਾ 'ਕੈਨੇਡਾ' ਜਾਣਾ ਹੀ ਹੁੰਦਾ ਹੈ ਜਿਸ ਲਈ ਉਹ ਕੁੱਝ ਵੀ ਕਰ ਸਕਦੇ ਹਨ। ਇਸ ਫ਼ਿਲਮ ਵਿੱਚ ਇਹ ਵੀ ਵਿਖਾਇਆ ਗਿਆ ਹੈ ਕਿ ਪੰਜਾਬੀ ਅਨਪੜ੍ਹਾਂ ਦੀ ਕੌਮ ਹੈ, ਜਿਸ ਨੂੰ ਪੰਜਾਬੀ ਤੋਂ ਇਲਾਵਾ ਹੋਰ ਕੋਈ ਭਾਸ਼ਾ ਨਹੀਂ ਆਉਂਦੀ। ਫ਼ਿਲਮ ਦੇ ਇੱਕ ਦ੍ਰਿਸ਼ ਵਿੱਚ ਇੱਕ ਐਨ. ਆਰ. ਆਈ. ਬੰਦਾ, ਪੰਜਾਬੀਆਂ ਦੇ ਵੱਡੇ ਇਕੱਠ ਨੂੰ ਅੰਗਰੇਜ਼ੀ ਵਿੱਚ ਖੁੱਲ੍ਹੇਆਮ ਗਾਲ੍ਹਾਂ ਕੱਢਦਾ ਹੈ, ਪਰ ਉੱਥੇ ਖੜ੍ਹੇ ਪੰਜਾਬੀ, ਖ਼ੁਸ਼ ਹੋ ਕੇ ਤਾੜੀਆਂ ਮਾਰਦੇ ਵਿਖਾਏ ਗਏ ਹਨ ਭਾਵ ਉੱਥੇ ਖੜ੍ਹੇ ਸਾਰੇ ਲੋਕਾਂ ਵਿੱਚ ਇੱਕ ਵੀ ਪੰਜਾਬੀ ਅਜਿਹਾ ਨਹੀਂ ਸੀ, ਜਿਸ ਨੂੰ ਅੰਗਰੇਜ਼ੀ ਦਾ ਕੋਈ ਅੱਖਰ ਆਉਂਦਾ ਹੋਵੇ ਇਸ ਤੋਂ ਇਲਾਵਾ ਪੰਜਾਬ ਦੇ ਟਿਊਬਵੈੱਲਾਂ  ਵਿੱਚੋਂ, ਪੰਜਾਬ ਦੇ ਪਵਿੱਤਰ ਪਾਣੀ ਦੀ ਥਾਂ 'ਸ਼ਰਾਬ' ਨਿਕਲਦੀ ਵੀ ਇਸ ਫ਼ਿਲਮ ਵਿੱਚ ਵਿਖਾਈ ਗਈ ਹੈ ਅਤੇ ਅੱਗੇ ਜਾ ਕੇ ਇੱਕ ਸਿੱਖ ਨੂੰ, ਬਾਲਟੀ ਨਾਲ ਸ਼ਰਾਬ ਪੀ ਕੇ ਲਲਕਾਰੇ ਮਾਰਦੇ ਹੋਏ ਵੀ ਵਿਖਾਇਆ ਗਿਆ ਹੈ।
'ਜਬ ਵੀ ਮੈੱਟ' ਨਾਂ ਦੀ ਹਿੰਦੀ ਫ਼ਿਲਮ ਬਹੁਤ ਚੱਲੀ ਸੀ। ਇਸ ਹਿੰਦੀ ਫ਼ਿਲਮ ਵਿੱਚ ਵਰਤੇ ਗਏ ਪੰਜਾਬੀ ਬੋਲਾਂ ਵਾਲੇ 'ਮੌਜਾਂ ਹੀ ਮੌਜਾਂ' ਅਤੇ 'ਨਗਾੜਾ ਬਜਾ' ਗੀਤਾਂ ਨੇ ਫ਼ਿਲਮਾਂ ਦੇ ਸੰਗੀਤ ਨੂੰ ਕਰੋੜਾਂ ਦੀ ਕਮਾਈ ਕਰਾਈ ਸੀ, ਪਰ ਫ਼ਿਲਮ ਬਣਾਉਣ ਵਾਲਿਆਂ ਨੇ ਪੰਜਾਬੀਅਤ ਦਾ ਸ਼ੁਕਰੀਆ ਕਰਨਾ ਤਾਂ ਦੂਰ, ਸਗੋਂ ਬੇੜਾ ਗ਼ਰਕ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਫ਼ਿਲਮ ਦੀ ਨਾਇਕਾ, 'ਗੀਤ' ਨਾਂ ਦੀ ਕੁੜੀ, ਬਠਿੰਡਾ ਦੇ ਇੱਕ ਸਿੱਖ ਪਰਿਵਾਰ ਦੀ ਕੁੜੀ ਵਿਖਾਈ ਗਈ ਹੈ, ਜੋ ਆਪਣੇ ਸਰਦੇ-ਪੁਜਦੇ ਘਰ ਨੂੰ ਛੱਡ ਕੇ ਮੁੰਬਈ ਵਿੱਚ ਇੱਕ ਛੋਟੀ ਜਿਹੀ ਨੌਕਰੀ ਕਰਦੀ ਹੈ, ਸਿਰਫ਼ ਇਸ ਲਈ ਤਾਂ ਕਿ ਉਹ ਆਪਣੇ ਘਰ ਦੀਆਂ ਕਥਿਤ 'ਬੰਦਿਸ਼ਾਂ' ਤੋਂ ਆਜ਼ਾਦ ਰਹਿ ਸਕੇ।
ਫ਼ਿਲਮ ਵਿੱਚ ਆਪਣੇ ਆਪ ਨੂੰ ਵਾਰ-ਵਾਰ 'ਸਿਖਣੀ ਹੂੰ ਮੈਂ ਬਠਿੰਡਾ ਕੀ' ਕਹਿੰਦੀ ਵਿਖਾਈ ਗਈ ਇਹ ਕੁੜੀ, ਮੁੰਬਈ ਵਿੱਚ ਇਸ ਲਈ ਰਹਿੰਦੀ ਹੈ ਤਾਂ ਕਿ ਉਹ ਆਪਣੇ ਪਹਾੜੀ ਇਲਾਕੇ ਦੇ ਪ੍ਰੇਮੀ ਨਾਲ, ਅਜ਼ਾਦ ਹੋ ਕੇ ਰਾਬਤਾ ਕਾਇਮ ਕਰ ਕਰ ਸਕੇ।
ਫ਼ਿਲਮ ਵਿੱਚ ਇਸ ਕੁੜੀ ਦੇ ਘਰਦਿਆਂ ਨੇ, ਮਨਜੀਤ ਨਾਂ ਦੇ ਇੱਕ ਸਿੱਖੀ ਸਰੂਪ ਵਾਲੇ ਨੌਜਵਾਨ ਨੂੰ, ਇਸ ਦੇ ਜੀਵਨ ਸਾਥੀ ਵਜੋਂ ਚੁਣਿਆ ਹੁੰਦਾ ਹੈ, ਪਰ ਇਹ ਲੜਕੀ, ਕਿਸੇ ਵੀ ਕੀਮਤ 'ਤੇ ਮਨਜੀਤ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ, ਬਲਕਿ ਮੁੰਬਈ ਤੋਂ ਨਾਲ ਆਏ ਇੱਕ ਸਾਥੀ ਲੜਕੇ ਉੱਤੇ ਘਰਦਿਆਂ ਤੋਂ ਜ਼ਿਆਦਾ ਭਰੋਸਾ ਕਰਦੇ ਹੋਏ ਉਸ ਨਾਲ ਆਪਣੇ ਪਹਾੜੀ ਇਲਾਕੇ ਦੇ ਪ੍ਰੇਮੀ 'ਅੰਸ਼ੁਮਨ' ਕੋਲ ਸ਼ਿਮਲੇ ਭੱਜ ਜਾਂਦੀ ਹੈ, ਫਿਰ ਜਦੋਂ ਉਸ ਦਾ ਪ੍ਰੇਮੀ ਅੰਸ਼ੁਮਨ, ਉਸ ਨੂੰ ਦੁਰਕਾਰ ਦੇਂਦਾ ਹੈ, ਤਾਂ ਵੀ ਇਹ ਲੜਕੀ ਆਪਣੇ ਬਚਪਨ ਦੇ ਸਾਥੀ ਮਨਜੀਤ ਨਾਲ ਵਿਆਹ ਕਰਾਉਣ ਲਈ ਰਾਜ਼ੀ ਨਹੀਂ ਹੁੰਦੀ, ਬਲਕਿ ਉਸ ਮੁੰਬਈ ਵਾਲੇ ਮੁੰਡੇ ਨਾਲ ਵਿਆਹ ਕਰ ਲੈਂਦੀ ਹੈ, ਜੋ ਸਿਰਫ਼ ਸਫ਼ਰ ਦੌਰਾਨ ਉਸ ਨਾਲ ਰਿਹਾ ਸੀ। ਇਸ ਤਰ੍ਹਾਂ, ਫ਼ਿਲਮ ਵਾਲਿਆਂ ਨੇ, ਪੰਜਾਬੀ ਗਾਣੇ ਵਰਤ ਕੇ, ਕਰੋੜਾਂ ਦੀ ਕਮਾਈ ਕੀਤੀ, ਪੰਜਾਬ ਦੇ ਕੁਝ ਦ੍ਰਿਸ਼ ਵਿਖਾ ਕੇ ਫ਼ਿਲਮ ਵਿੱਚ ਰੰਗ ਭਰੇ ਅਤੇ ਪੰਜਾਬੀ ਮੁਟਿਆਰਾਂ ਬਾਰੇ ਕੀ ਸੁਨੇਹਾ ਦਿੱਤਾ? ਇਹੀ ਕਿ, ਪੰਜਾਬੀ ਜਾਂ ਸਿੱਖ ਪਰਿਵਾਰਾਂ ਅੰਦਰ ਉਨ੍ਹਾਂ ਦਾ ਦਮ ਘੁਟਦਾ ਹੈ, ਸਿੱਖ ਲੜਕੇ ਨਾਲ ਵਿਆਹ ਕਰਾਉਣ ਦੀ ਬਜਾਏ ਉਹ ਘਰੋਂ ਭੱਜਣ ਨੂੰ ਤਰਜੀਹ ਦੇਂਦੀਆਂ ਹਨ... ਹੋਰ ਬਹੁਤ ਕੁਫ਼ਰ ਇਸ ਫ਼ਿਲਮ ਵਿੱਚ ਤੋਲਿਆ ਗਿਆ ਹੈ।
ਇੱਕ ਹੋਰ ਚੀਜ਼ ਪਾਠਕਾਂ ਨੇ ਜ਼ਰੂਰ ਨੋਟ ਕੀਤੀ ਹੋਵੇਗੀ ਕਿ ਇਨ੍ਹਾਂ ਸਾਰੇ ਕਥਿਤ ਪੰਜਾਬੀ ਜਾਂ ਸਿੱਖ ਪਿਛੋਕੜ ਵਾਲੇ ਟੀਵੀ ਲੜੀਵਾਰਾਂ ਵਿੱਚ, ਸਿੱਖੀ ਸਿਧਾਂਤਾਂ ਦਾ ਰੱਜ ਕੇ ਮਲੀਆਮੇਟ ਕੀਤਾ ਜਾਂਦਾ ਹੈ। ਸਿਰਫ਼ ਕੰਧ ਉੱਤੇ ਗੁਰੂ ਸਾਹਿਬਾਨ ਦੀ ਫ਼ੋਟੋ ਲੱਗੀ ਵਿਖਾ ਕੇ ਅਤੇ ਪਰਿਵਾਰ ਦੇ ਮੁਖੀ ਨੂੰ ਗਾਤਰੇ ਵਾਲਾ ਅੰਮ੍ਰਿਤਧਾਰੀ ਵਿਖਾ ਕੇ, ਲੜੀਵਾਰ ਵਾਲਿਆਂ ਨੂੰ ਜਿਵੇਂ ਛੋਟ ਮਿਲ ਜਾਂਦੀ ਹੈ ਕਿ ਹੁਣ ਇਸ ਪਰਿਵਾਰ ਨੂੰ ਕਰਮ-ਕਾਂਡ ਕਰਦੇ ਵਿਖਾਉਣ ਜਾਂ ਇਸ ਪਰਿਵਾਰ ਦੀਆਂ ਨੌਜਵਾਨ ਲੜਕੀਆਂ ਨੂੰ ਉਹ ਜਿਹੋ ਜਿਹਾ ਮਰਜ਼ੀ ਵਿਖਾ ਸਕਦੇ ਹਨ।

ਇਸ ਤਰ੍ਹਾਂ, ਇਹ ਸਾਰੇ ਲੜੀਵਾਰ ਅਤੇ ਫ਼ਿਲਮਾਂ ਵਾਲੇ ਸੰਵਾਦਾਂ ਵਿੱਚ ਖੁੱਲ੍ਹੇਆਮ ਸਿੱਖਾਂ ਨੂੰ ਵਾਰ-ਵਾਰ ਹਿੰਦੂ ਦੱਸੇ ਜਾਂਦੇ ਵਿਖਾਉਂਦੇ ਹਨ।  ਇੱਕ ਹੋਰ ਚੀਜ਼ ਹੈ, ਇਨ੍ਹਾਂ ਅਖੌਤੀ ਪੰਜਾਬੀ/ਸਿੱਖ ਪਿਛੋਕੜ ਵਾਲੇ ਨਾਟਕਾਂ, ਲੜੀਵਾਰਾਂ ਅਤੇ ਫ਼ਿਲਮਾਂ ਵਿੱਚ ਕਦੇ ਵੀ ਸਿੱਖ ਲੜਕੇ ਨੂੰ ਕੇਂਦਰੀ ਪਾਤਰ ਨਹੀਂ ਵਿਖਾਇਆ ਜਾਂਦਾ, ਬਲਕਿ ਸਿਰਫ਼ ਸਿੱਖ ਲੜਕੀ ਨੂੰ ਹੀ ਮੁੱਖ ਪਾਤਰ ਬਣਾਇਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਭਾਰਤੀ ਫ਼ਿਲਮਾਂ ਵਿੱਚ ਹਮੇਸ਼ਾ ਭਾਰਤੀ ਹੀਰੋ ਅਤੇ ਹੀਰੋਇਨ ਪਾਕਿਸਤਾਨ ਤੋਂ ਵਿਖਾਈ ਜਾਂਦੀ ਹੈ। ਇਹ ਸਭ ਕੁੱਝ ਇੱਕ ਨੀਤੀ ਤਹਿਤ ਹੋ ਰਿਹਾ ਹੈ।

No comments:

Post a Comment