ਨਾਨਕ ਸ਼ਾਹ ਫ਼ਕੀਰ।।
ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ।।
ਇਹ ਉਨ੍ਹਾਂ ਦੀ ਬਹੁਤ ਵੱਡੀ ਪ੍ਰਾਪਤੀ ਸੀ ਕਿ ਆਪਸ ਵਿਚ ਨਫ਼ਰਤ ਕਰ ਰਹੀਆਂ ਸਭ ਧਿਰਾਂ ਦੀ ਗੁਰੂ ਨਾਨਕ ਸਾਹਿਬ ਦੇ ਨਾਂ ਉਪਰ ਸਹਿਮਤੀ ਬਣ ਗਈ। ਪੰਜਾਬ ਵਿਚ ਗੁਰੂ ਨਾਨਕ ਸਭ ਦੇ ਸਾਂਝੇ ਆਦਰਸ਼ ਬਣ ਗਏ ਅਤੇ ਉਹ ਵੀ ਸਦੀਵ ਕਾਲ ਲਈ। ਇਸ ਦਾ ਪ੍ਰਮਾਣ ਇਹ ਹੈ ਕਿ ਪੰਜਾਬ ਵਿਚ ਰਚੇ ਜਾ ਰਹੇ ਸਾਹਿਤ ਵਿਚ ਉਨ੍ਹਾਂ ਦੀ ਸ਼ਖਸੀਅਤ ਅਤੇ ਮਾਨਵਵਾਦੀ-ਕਲਿਆਣਕਾਰੀ ਸਿੱਖਿਆ ਉਪਰ ਅਮਿੱਟ ਛਾਪ ਲੱਗੀ ਹੋਈ ਹੈ। ਪ੍ਰਮਾਣੀਕ ਪੰਜਾਬੀਅਤ ਉਪਰ ਗੁਰੂ ਨਾਨਕ ਦਾ ਰੰਗ ਚੜ੍ਹਿਆ ਹੋਇਆ ਹੈ। ਇਹ ਹੈਰਾਨੀ ਦੀ ਗੱਲ ਬਿਲਕੁਲ ਨਹੀਂ ਕਿ ਗੁਰੂ-ਕਾਲ (1469-1708 ਈ.) ਅਤੇ ਉਸ ਤੋਂ ਬਾਅਦ ਵੀ ਲੰਬੇ ਸਮੇਂ ਤੀਕ ਜਿਹੜਾ ਸਥਾਨਕ ਸਾਹਿਤ ਪੈਦਾ ਹੋਇਆ, ਉਹ ਗੁਰੂ ਨਾਨਕ ਸਾਹਿਬ ਨੂੰ ਹੀ ਸਮਰਪਿਤ ਦਿੱਸਦਾ ਹੈ। ਵਿਸ਼ੇਸ਼ ਕਰਕੇ ਗੁਰੂ-ਕਾਲ ਵਿਚ ਤਾਂ ਗੁਰਮੁਖੀ ਸਾਹਿਤ ਹੀ ਪੰਜਾਬ ਵਿਚ ਰਚਿਆ ਗਿਆ ਹੈ ਅਤੇ ਇਹ ਸਾਰੇ ਦਾ ਸਾਰਾ ਗੁਰੂ ਨਾਨਕ ਸਾਹਿਬ ਦਾ ਗੁਣਗਾਨ ਕਰਦਾ ਹੈ। ਸੋ, ਇਹ ਲਿਖਣਾ ਅਤਿਕਥਨੀ ਨਹੀਂ ਹੋਵੇਗਾ ਕਿ ਗੁਰਮੁਖੀ ਸਾਹਿਤ ਦਾ ਆਰੰਭ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਅਤੇ ਉਪਦੇਸ਼ਾਂ ਨੂੰ ਪ੍ਰਚਾਰਨ ਦੇ ਉਦੇਸ਼ ਨਾਲ ਹੀ ਹੋਇਆ ਸੀ।
ਗੁਰੂ ਕਾਲ ਦੌਰਾਨ ਦੋ ਤਰ੍ਹਾਂ ਦਾ ਸਾਹਿਤ ਗੁਰੂ ਨਾਨਕ ਸਾਹਿਬ ਬਾਰੇ ਪ੍ਰਾਪਤ ਹੁੰਦਾ ਹੈ। ਪਹਿਲਾ ਗੁਰਮੁਖੀ ਲਿੱਪੀ ਵਿਚ ਅਤੇ ਦੂਜਾ ਅਰਬੀ ਫਾਰਸੀ ਵਿਚ। ਉਸ ਦੌਰ ਵਿਚ ਅਰਬੀ-ਫ਼ਾਰਸੀ ਵਿਚ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਪਰ, ਜਿਹੜਾ ਕੁਝ ਲਿਖਿਆ ਗਿਆ ਹੈ ਉਹ ਬਹੁਤ ਹੀ ਮਹੱਤਵਪੂਰਨ ਇਸ ਲਈ ਹੈ ਕਿ ਉਹ ਗੈਰ-ਸਿੱਖਾਂ ਨੇ ਲਿਖਿਆ ਹੈ। ਇਸ ਤਰ੍ਹਾਂ ਦੇ ਸਾਹਿਤ ਨੂੰ ਰਚਣ ਵਾਲਿਆਂ ਵਿਚ ਇਕ ਪ੍ਰਸਿੱਧ ਨਾਂ ਮੁਹਸਿਨਫ਼ਾਨੀ ਦਾ ਹੈ, ਜਿਸ ਦੀ ਪੁਸਤਕ ਦਾ ਨਾਂ ‘ਦਾਬਿਸਤਾਨ ਮਜ਼ਾਹਿਬ’ ਹੈ। ਇਹ ਪੁਸਤਕ ਫ਼ਾਰਸੀ ਵਿਚ ਲਿਖੀ ਹੋਈ ਹੈ ਅਤੇ ਇਸ ਦਾ ਲੇਖਕ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਪੰਜਾਬ ਵਿਚ ਆਇਆ ਸੀ ਤੇ ਇਸ ਬਾਰੇ ਇਹ ਵੀ ਸੰਭਾਵਨਾ ਹੈ ਕਿ ਇਹ ਗੁਰੂ ਹਰਿਗੋਬਿੰਦ ਜੀ ਨੂੰ ਮਿਲਿਆ ਵੀ ਸੀ। ਈਰਾਨ ਵਿਚ ਰਹਿਣ ਵਾਲੇ ਮੁਹਸਿਨਫ਼ਾਨੀ ਦਾ ਅਸਲ ਨਾਂ ਮਊਬਦ ਜੁਲਫ਼ੀਕਾਰ ਅਰਜ਼ਸਤਾਨੀ ਸੀ ਅਤੇ ਉਹ ਪਾਰਸੀ ਮਤ ਦਾ ਧਾਰਨੀ ਸੀ। ਉਸ ਨੇ ਆਪਣੀ ਪੁਸਤਕ ਵਿਚ ਭਾਰਤੀ ਧਰਮਾਂ ਬਾਰੇ ਆਪਣਾ ਨਜ਼ਰੀਆ ਪੇਸ਼ ਕਰਦਿਆਂ, ਇਕ ਅਧਿਆਇ ‘ਨਾਨਕ ਪੰਥੀਆਂ’ ਲਿਖਿਆ ਸੀ। ਉਸ ਦੀ ਕਿਤਾਬ 1645ਈ. ਵਿਚ ਪੂਰੀ ਹੋਈ ਸੀ। ‘ਨਾਨਕ ਪੰਥੀਆਂ’ ਦਾ ਲੇਖਕ ਲਿਖਦਾ ਹੈ ਕਿ ਉਸ ਸਮੇਂ ਦੇ ਸਿੱਖ ਗੁਰੂ ਨਾਨਕ ਸਾਹਿਬ ਨੂੰ ਸਰੀਰ-ਰਹਿਤ ਮੰਨਦਿਆਂ ਪਰਮਾਤਮਾ ਹੀ ਦੱਸਦੇ ਸਨ ਅਤੇ ਉਨ੍ਹਾਂ ਦਾ ਇਹ ਵਿਸ਼ਵਾਸ ਵੀ ਸੀ ਕਿ ਮਰਨ ਤੋਂ ਬਾਅਦ ਉਨ੍ਹਾਂ ਦੀ ਰੂਹ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਅੰਗਦ ਵਿਚ ਪ੍ਰਵੇਸ਼ ਕਰ ਗਈ ਸੀ। ਮੁਹਸਿਨਫ਼ਾਨੀ ਦੀ ਲਿਖਤ ਵਿਚ ਬਹੁਤ ਸਮੱਗਰੀ ਸਿੱਖ ਰਵਾਇਤ ਦੀ ਪ੍ਰੋੜਤਾ ਕਰਦੀ ਹੈ। ਪਰ ਕੁਝ ਸਮੱਗਰੀ ਓਪਰੀ ਵੀ ਹੈ। ਸਮਝ ਵਿਚ ਇਹ ਆਉਂਦਾ ਹੈ ਕਿ ਉਸ ਨੂੰ ਸਿੱਖ ਸਿਧਾਂਤਾਂ ਦੀ ਪੂਰੀ ਸਮਝ ਨਹੀਂ ਸੀ।
ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰੂ-ਕਾਲ ਦੇ ਅਰਬੀ-ਫ਼ਾਰਸੀ ਸ੍ਰੋਤਾਂ ਦੀ ਭਾਲ ਕਰੀਏ ਤਾਂ ਅਗਲਾ ਨਾਂ ਭਾਈ ਨੰਦ ਲਾਲ ਦਾ ਆਉਂਦਾ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸਿੱਖ ਅਤੇ ਦਰਬਾਰੀ ਕਵੀ ਸਨ। ਬਾਦਸ਼ਾਹ ਔਰੰਗਜ਼ੇਬ ਤੋਂ ਡਰ ਕੇ, ਆਨੰਦਪੁਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ। ਭਾਈ ਨੰਦ ਲਾਲ ਹੋਰਾਂ ਨੇ ਬਹੁਤ ਸਾਰੀਆਂ ਰਚਨਾਵਾਂ ਰਚੀਆਂ। ਇਨ੍ਹਾਂ ਵਿਚੋਂ ਇਕ ‘ਗੰਜਨਾਮਾ’ ਹੈ, ਜੋ ਕਿ ਫ਼ਾਰਸੀ ਵਿਚ ਹੈ ਅਤੇ ਇਸ ਲਿਖਤ ਦੇ ਪਹਿਲੇ ਤਰਵੰਜਾ ਬੰਦ ਗੁਰੂ ਨਾਨਕ ਸਾਹਿਬ ਪਰਥਾਇ ਹਨ। ਇਸੇ ਤਰ੍ਹਾਂ ਉਨ੍ਹਾਂ ਦੀ ਪੰਜਾਬੀ ਵਿਚ ਮਿਲਦੀ ‘ਜੋਤਿ ਬਿਗਾਸ’ ਰਚਨਾ ਵਿਚ ਤਰਤਾਲੀ ਬੰਦਾਂ ਵਿਚ ਵੀ ਗੁਰੂ ਨਾਨਕ ਸਾਹਿਬ ਦੀ ਉਸਤਤ ਕੀਤੀ ਗਈ ਹੈ। ‘ਗੰਜਨਾਮਾ’ ਵਿਚ ਨਾਨਕ ਦੇ ਅਰਥ ਦੱਸਦਿਆਂ ਭਾਈ ਸਾਹਿਬ ਨੇ ਲਿਖਿਆ ਹੈ ਕਿ ਇਸ ਨਾਂ ਦੇ ‘ਨੂੰਨ’ ਦਾ ਭਾਵ ਨਿਹਮਤਾਂ ਦੇਣ ਵਾਲਾ ਹੈ, ‘ਅਲਿਫ਼’ (ਾ) ਅਕਾਲ ਪੁਰਖ ਦਾ ਲਖਾਇਕ ਹੈ ਅਤੇ ‘ਕਾਫ਼’ (ਕ) ਅੰਤਮ ਮਹਾਂਪੁਰਸ਼ ਦਾ ਸੂਚਕ ਹੈ। ਗੰਜਨਾਮੇ ਅਨੁਸਾਰ ਗੁਰੂ ਨਾਨਕ ਸਾਹਿਬ ਨੂੰ ਵਾਹਿਗੁਰੂ ਨੇ ਇਕ ਵਿਸ਼ੇਸ਼ ਉਦੇਸ਼ ਲਈ ਧਰਤੀ ਉਪਰ ਭੇਜਿਆ ਸੀ। ਇਹੀ ਗੱਲ ਗੁਰਬਾਣੀ ਵਿਚ ਵੀ ਬਿਆਨ ਕੀਤੀ ਹੈ ਅਤੇ ਭਾਈ ਗੁਰਦਾਸ ਹੋਰਾਂ ਨੇ ਵੀ ਲਿਖੀ ਹੈ।
ਇਹ ਹੋ ਨਹੀਂ ਸਕਦਾ ਕਿ ਗੁਰੂ ਨਾਨਕ ਵਰਗੀ ਵੱਡੀ ਸ਼ਖਸੀਅਤ ਧਰਤੀ ਉਪਰ ਵਿਚਰੀ ਹੋਵੇ ਅਤੇ ਉਸ ਬਾਰੇ ਪੰਜਾਬ ਤੋਂ ਬਾਹਰ ਕੁਝ ਲਿਖਿਆ ਨਾ ਗਿਆ ਹੋਵੇ। ਗੁਰੂ ਨਾਨਕ ਸਾਹਿਬ ਬਾਰੇ ਅਜੇ ਹੋਰ ਖੋਜ ਦੀ ਵੱਡੀ ਲੋੜ ਹੈ। ਡਾ. ਹਿੰਮਤ ਸਿੰਘ ਹੋਰਾਂ ਨੇ ਅਜਿਹੀਆਂ ਕੁਝ ਲਿਖਤਾਂ ਦੀ ਟੋਹ ਲਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਹ ਲਿਖਤਾਂ ਅਰਬੀ-ਫ਼ਾਰਸੀ ਵਿਚ ਹਨ ਤੇ ਸਿੱਖ ਵਿਦਵਾਨਾਂ ਦੀ ਪਹੁੰਚ ਤੋਂ ਬਾਹਰ ਹਨ। ਇਨ੍ਹਾਂ ਵਿਚੋਂ ਇਕ 1509 ਈ. ਦਾ ਅਰਬੀ ਭਾਸ਼ਾ ਵਿਚ ਲਿਖਿਆ ਸਫ਼ਰਨਾਮਾ ‘ਸੱਯਾਹਤੋ ਬਾਬਾ ਨਾਨਕ ਫ਼ਕੀਰ’ ਹੈ, ਜਿਹੜਾ ਮਦੀਨੇ ਦੀ ਲਾਇਬਰੇਰੀ ਵਿਚ ਪਿਆ ਦੱਸਿਆ ਗਿਆ ਹੈ। ਡਾ. ਹਿੰਮਤ ਸਿੰਘ ਦੀ ਸੂਚਨਾ ਅਨੁਸਾਰ ਇਸ ਖਰੜੇ ਦਾ ਪੰਜਾਬੀ ਅਨੁਵਾਦ ਸੱਯਦ ਪ੍ਰਿਥੀਪਾਲ ਸਿੰਘ ਨੇ 1927-30 ਦੌਰਾਨ ਕੀਤਾ ਸੀ ਪਰ ਇਹ ਛਪ ਨਹੀਂ ਸਕਿਆ। ਇਸ ਖਰੜੇ ਦਾ ਲੇਖਕ ਤਾਜੁਦੀਨ ਨਕਸ਼ਬੰਦੀ ਦੱਸਿਆ ਹੈ। ਜਿਹੜਾ ਈਰਾਨ ਤੋਂ ਗੁਰੂ ਨਾਨਕ ਸਾਹਿਬ ਦੇ ਨਾਲ ਹਮਸਫ਼ਰ ਬਣ ਕੇ ਮੱਕਾ-ਮਦੀਨਾ ਗਿਆ ਸੀ। ਇਸ ਪੁਸਤਕ ਵਿਚ ਦੱਸਿਆ ਗਿਆ ਕਿ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਦਾ ਬਹੁਤ ਸਤਿਕਾਰ ਕੀਤਾ ਸੀ, ਜਿਸ ਕਾਰਨ ਕੱਟੜਪੰਥੀ ਮੁਸਲਮਾਨਾਂ ਨੇ ਰੁਕਨਦੀਨ ਉਪਰ ਬਹੁਤ ਜ਼ੁਲਮ ਕੀਤੇ। ਇਹ ਵੀ ਪਤਾ ਚਲਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ-ਕਾਲ ਦੇ ਨੇੜੇ-ਤੇੜੇ ਹੀ ਇਕ ਪੁਸਤਕ ‘ਤਾਰੀਖੇ-ਅਰਬ’ ਵੀ ਰਚੀ ਗਈ ਸੀ ਅਤੇ ਇਸ ਵਿਚ ਵੀ ਗੁਰੂ ਨਾਨਕ ਸਾਹਿਬ ਦੀ ਮੱਕੇ ਫੇਰੀ ਦੀ ਗਵਾਹੀ ਮਿਲਦੀ ਹੈ। ਮੱਕੇ ਦੇ ਅਮੀਰ ਨੇ ਗੁਰੂ ਨਾਨਕ ਨੂੰ ‘ਕਾਫ਼ਰ’ ਐਲਾਨਿਆ ਅਤੇ ਰੁਕਨਦੀਨ ਦੀ ਸਾਰੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦਿੱਤਾ।
ਗੁਰੂ-ਕਾਲ ਦੇ ਗੁਰਮੁਖੀ ਸ੍ਰੋਤਾਂ ਵਿਚ ਸਭ ਤੋਂ ਪਹਿਲਾ ਸਥਾਨ ਗੁਰੂ ਗੰ੍ਰਥ ਸਾਹਿਬ ਦੀ ਰਚਨਾ ਵਿਚ ਗੁਰੂ ਨਾਨਕ ਸਾਹਿਬ ਦੀ ਆਪਣੀ ਰਚੀ ਬਾਣੀ ਹੈ। ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਵਿਚ ਬਾਣੀ ਰਚੀ ਹੈ। ਉਨ੍ਹਾਂ ਦੁਆਰਾ ਰਚੇ ਕੁਝ ਪਦੇ ਉਨ੍ਹਾਂ ਦੇ ਜੀਵਨ ਤੇ ਸ਼ਖਸੀਅਤ ਬਾਰੇ ਉਨ੍ਹਾਂ ਦੇ ਸਵੈ-ਕਥਨ ਵਜੋਂ ਲਏ ਜਾ ਸਕਦੇ ਹਨ। ਸੁਭਾਵਿਕ ਰੂਪ ਵਿਚ ਹਰ ਲੇਖਕ ਦੀ ਲਿਖਤ ਵਿਚ ਕੁਝ ਅਜਿਹੇ ਅੰਸ਼ ਹੁੰਦੇ ਹਨ ਜਿਹੜੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਉਸ ਦੇ ਨਿੱਜ ਨਾਲ ਸਬੰਧਤ ਹੁੰਦੇ ਹਨ। ਇਨ੍ਹਾਂ ਹਵਾਲਿਆਂ ਨਾਲ ਵਿਸ਼ਲੇਸ਼ਣ ਕਰਤਾ ਨੂੰ ਲੇਖਕ ਦੀ ਸ਼ਖਸੀਅਤ ਦਾ ਮੁਲਾਂਕਣ ਕਰਨ ਵਿਚ ਮਦਦ ਮਿਲਦੀ ਹੈ। ਬੇਸ਼ੱਕ, ਬਾਣੀ ਇਤਿਹਾਸ ਦਾ ਗੰ੍ਰਥ ਨਹੀਂ ਹੈ। ਪਰ ਡਾ. ਜੇ.ਐਸ. ਗਰੇਵਾਲ ਤੇ ਡਾ. ਸੁਰਜੀਤ ਹਾਂਸ ਆਦਿ ਕਈ ਵਿਦਵਾਨਾਂ ਨੇ ਗੁਰੂ ਕਾਲ ਦਾ ਇਤਿਹਾਸ ਲਿਖਦਿਆਂ ਬਾਣੀ ਨੂੰ ਇਕ ਸ੍ਰੋਤ ਵਜੋਂ ਪ੍ਰਯੋਗ ਕੀਤਾ ਹੈ। ਗੁਰੂ ਨਾਨਕ ਸਾਹਿਬ ਰਚਿਤ ਬਾਣੀ ਵਿਚਲੇ ਅਨੇਕਾਂ ਹਵਾਲੇ ਉਨ੍ਹਾਂ ਦੇ ਗੁਣ, ਸੁਭਾਅ ਅਤੇ ਪ੍ਰਭਾਵ ਬਾਰੇ ਸÉੈ-ਕਥਨ ਹਨ। ਵਿਸ਼ੇਸ਼ ਕਰਕੇ ਬਾਬਰ ਦੇ ਹਮਲੇ ਦੌਰਾਨ ਉਚਾਰਣ ਕੀਤੇ ਗੁਰੂ ਨਾਨਕ ਸਾਹਿਬ ਦੇ ਚਾਰ ਪਦੇ ਉਨ੍ਹਾਂ ਦੀ ਸੰਵੇਦਨਸ਼ੀਲਤਾ ਦੀ ਗਵਾਹੀ ਭਰਦੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਬਾਅਦ ਹੋਏ ਗੁਰੂ ਸਾਹਿਬਾਨਾਂ ਦੀ ਬਾਣੀ ਅਤੇ ਭੱਟਾਂ ਦੇ ਨਾਲ ਸਤੇ-ਬਲਵੰਡ ਦੀ ਬਾਣੀ ਵਿਚ ਵੀ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਕੁਝ ਹਵਾਲੇ ਪ੍ਰਾਪਤ ਹੁੰਦੇ ਹਨ। ਇਨ੍ਹਾਂ ਹਵਾਲਿਆਂ ਵਿਚ ਇਤਿਹਾਸ ਪੱਖ ਤੋਂ ਮਹੱਤਾ ਰੱਖਣ ਵਾਲਾ ਹਵਾਲਾ ਗੁਰੂ ਅੰਗਦ ਦੇਵ ਜੀ ਨੂੰ ਉਤਰਾਧਿਕਾਰੀ ਥਾਪਣ ਵਾਲਾ ਸੀ। ਗੁਰੂ ਅੰਗਦ ਦੇਵ ਜੀ ਦਾ ਇਕ ਸਲੋਕ ਗੁਰੂ ਗੰ੍ਰਥ ਸਾਹਿਬ ਦੇ ਪੰਨਾ 150 ਉਪਰ ਇਹ ਹੈ ਕਿ ‘ਤਿਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਉ’। ਇਸੇ ਤਰ੍ਹਾਂ ਦੀ ਸ਼ਰਧਾਂਜਲੀ ਮ:੪ ਨੇ ਗੁਰੂ ਗੰ੍ਰਥ ਦੇ ਪੰਨਾ 442 ਉਪਰ ਅਤੇ ਮ:੫ ਪੰਨਾ 322, 612 ਤੇ 750 ਉਪਰ ਦਿੱਤੀ ਹੈ। ਭੱਟਾਂ ਨੇ ਗੁਰੂ ਨਾਨਕ ਸਾਹਿਬ ਨੂੰ ਵਿਸ਼ਨੂੰ, ਵਾਮਨ, ਰਾਮ ਤੇ ਕ੍ਰਿਸ਼ਨ ਆਦਿ ਅਵਤਾਰਾਂ ਵਿਚ ਖੜ੍ਹਾ ਕਰਦੇ ਹੋਏ ਉਨ੍ਹਾਂ ਨੂੰ ‘ਰਾਜਯੋਗੀ’ ਦੀ ਸੰਗਿਆ ਵੀ ਦਿੱਤੀ ਹੈ।
ਗੁਰੂ-ਕਾਲ ਦੇ ਗੁਰਮੁਖੀ ਸਾਹਿਤ ਵਿਚ ਭਾਈ ਗੁਰਦਾਸ ਦਾ ਵਿਸ਼ੇਸ਼ ਸਥਾਨ ਹੈ। ਉਸ ਨੇ ਕੁੱਲ ਚਾਲੀ ਵਾਰਾਂ ਦੀ ਰਚਨਾ ਕੀਤੀ, ਜਿਸ ਵਿਚੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਵਿਸਤ੍ਰਿਤ ਪ੍ਰਕਾਸ਼ ਪਾਉਂਦੀ ਹੈ। ਗੁਰੂ-ਕਾਲ ਵਿਚ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਇਕ ਵਿਸ਼ੇਸ਼ ਸਾਹਿਤ ਪੈਦਾ ਹੋਇਆ, ਜਿਸ ਨੂੰ ‘ਜਨਮਸਾਖੀ’ ਕਿਹਾ ਜਾਂਦਾ ਹੈ। ਇਹ ਸਾਹਿਤ ਗੁਰੂ ਨਾਨਕ ਸਾਹਿਬ ਦੇ ਚਲਾਣੇ ਤੋਂ ਤੁਰੰਤ ਪਿੱਛੋਂ ਜਨਮ ਲੈਣ ਲੱਗ ਪਿਆ ਸੀ ਤੇ ਅਠਾਰਵੀਂ ਸਦੀ ਤੀਕ ਇਸ ਦਾ ਵਿਕਾਸ ਹੁੰਦਾ ਰਿਹਾ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਗੁਰਮੁਖੀ ਸਾਹਿਤ ਦਾ ਪਹਿਲਾ ਗਦ-ਰੂਪ ਵੀ ਹੈ। ਜਨਮਸਾਖੀ ਸਾਹਿਤ ਦੋ ਪ੍ਰਕਾਰ ਦਾ ਦਿੱਸਦਾ ਹੈ-ਨਾਨਕ-ਪੱਖੀ ਅਤੇ ਨਾਨਕ-ਵਿਰੋਧੀ। ਦੋਹਾਂ ਤਰ੍ਹਾਂ ਦੇ ਜਨਮਸਾਖੀ ਸਾਹਿਬ ਦਾ ਸਾਂਝਾ ਮਨੋਰਥ ਇਹ ਰਿਹਾ ਕਿ ਗੁਰੂ ਨਾਨਕ ਬਾਰੇ ਇਕ ਮਿੱਥ ਬਣਾਈ ਜਾਵੇ। ਇਸ ਲਈ ਜਨਮਸਾਖੀਆਂ ਵਿਚ ਅਤਿਕਥਨੀਆਂ ਤੇ ਇਤਿਹਾਸ ਵਿਰੋਧੀ ਹਵਾਲਿਆਂ ਦੀ ਬਹੁਤਾਤ ਹੈ। ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਲਿਖਣ ਵਾਲੇ ਵਿਦਵਾਨਾਂ ਨੂੰ ਜਨਮਸਾਖੀ ਸਾਹਿਤ ਦੀ ਵਰਤੋਂ ਬੜੀ ਸੋਚ-ਸਮਝ ਕੇ ਕਰਨੀ ਪੈਂਦੀ ਹੈ। ਅੰਤ ਵਿਚ ਅਸੀਂ ਇਸ ਨਤੀਜੇ ਉਪਰ ਪਹੁੰਚ ਸਕਦੇ ਹਾਂ ਕਿ ਗੁਰੂ-ਕਾਲ ਦੌਰਾਨ ਗੁਰੂ ਨਾਨਕ ਸਾਹਿਬ ਬਾਰੇ ਜੋ ਕੁਝ ਵੀ ਲਿਖਿਆ ਮਿਲਦਾ ਹੈ ਉਹ ਸ਼ਰਧਾ ਵਿਚੋਂ ਪੈਦਾ ਹੋਇਆ ਹੈ ਜਾਂ ਉਨ੍ਹਾਂ ਪ੍ਰਤੀ ਈਰਖਾ ਕਾਰਨ। ਬਹੁਤ ਸਾਰੇ ਨਵੇਂ ਸ੍ਰੋਤਾਂ ਤੀਕ ਪਹੁੰਚ ਕਰਨ ਦੀ ਲੋੜ ਹੈ ਅਤੇ ਇਸ ਲਈ ਦ੍ਰਿੜ ਇਰਾਦੇ ਤੇ ਸਮਰਪਿਤ ਖੋਜ-ਵਿਦਿਆਰਥੀਆਂ ਦੀ ਜ਼ਰੂਰਤ ਹੋੁਵੇਗੀ ਜੋ ਅਰਬੀ, ਫ਼ਾਰਸੀ ਤੇ ਕੁਝ ਹੋਰ ਭਾਸ਼ਾਵਾਂ ਵਿਚ ਪਏ ਮੱਧਕਾਲੀ ਸਾਹਿਤ ਨੂੰ ਖੰਗਾਲ ਲੈਣ। ਸੰਭਵ ਹੈ ਕਿ ਤਿੱਬਤ ਤੇ ਨੇਪਾਲ ਤੋਂ ਇਲਾਵਾ ਸ੍ਰੀਲੰਕਾ ਅਤੇ ਆਸਾਮੀ, ਉੜੀਆ ਤੇ ਬੰਗਾਲੀ ਵਿਚ ਵੀ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਕੁਝ ਸ੍ਰੋਤ ਹੱਥ ਲੱਗ ਜਾਣ। ਸਾਡਾ ਧਿਆਨ ਕੈਨੇਡਾ ਵਿਚ ਵਸਦੇ ਡਾ. ਦਵਿੰਦਰ ਸਿੰਘ ਚਾਹਲ ਦੇ ਲਿਖੇ ਇਕ ਲੇਖ ਨੇ ਇਸ ਪਾਸੇ ਵੀ ਦਿਵਾਇਆ ਹੈ ਕਿ ਇਟਲੀ ਵਿਚ ਵੀ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਰਹੇ ਸਨ ਅਤੇ ਇਸੇ ਤਰ੍ਹਾਂ ਸੋਹਨ ਸਿੰਘ ਖਾਲਸਾ ਦੀ ਇਕ ਪੁਸਤਕ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਸੰਸਕ ਜਰਮਨ ਅਤੇ ਇੰਗਲੈਂਡ ਵਿਚ ਵੀ ਮੌਜੂਦ ਸਨ। ਵੈਸੇ, ਇਨ੍ਹਾਂ ਗੱਲਾਂ ਦੀ ਪੜਤਾਲ ਕਰਨ ਦੀ ਗੁੰਜਾਇਸ਼ ਹੈ। ਜੇ ਇਹ ਧਾਰਨਾ ਦਰੁੱਸਤ ਹੋਵੇ ਤਾਂ ਨਵੇਂ ਖੋਜ-ਵਿਦਿਆਰਥੀਆਂ ਨੂੰ ਇਨ੍ਹਾਂ ਦੇਸ਼ਾਂ ਦੇ ਉਸ ਸਾਹਿਤ ਦਾ ਅਧਿਐਨ ਵੀ ਕਰਨਾ ਪਵੇਗਾ, ਜਿਸ ਦੀ ਰਚਨਾ 1500-1700 ਈ. ਵਿਚ ਹੋਈ ਹੈ। ਇਸ ਤਰ੍ਹਾਂ ਸਾਨੂੰੂ ਗੁਰੂ ਨਾਨਕ ਜੀ ਬਾਰੇ ਹੋਰ ਕੀਮਤੀ ਸਮੱਗਰੀ ਮਿਲ ਸਕੇਗੀ।
*ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ: 81465-53724
No comments:
Post a Comment