ਕੁਲਦੀਪ ਨਈਅਰ ਦੀ ਕਲਮੀ ਭਗਵੇਂਵਾਦੀ ਦਹਿਸ਼ਤਗਰਦੀ
ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰੀ ਸਾਧ ਰਾਮ ਰਹੀਮ ਨਾਲ ਕੀਤੀ ਸੰਤਾਂ ਨੂੰ ਆਖਿਆ ਭਸਮਾਸੁਰਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916
ਉੱਘਾ ਪੱਤਰਕਾਰ, ਆਰੀਆ ਸਮਾਜੀ ਕੁਲਦੀਪ ਨਈਅਰ ਪੰਜਾਬੀ ਹੋਣ ਦਾ ਬੁਰਕਾ ਪਾ ਕੇ ਸਿੱਖ ਪੰਥ, ਪੰਜਾਬ ਤੇ ਪੰਜਾਬੀਅਤ ਵਿਰੁਧ ਭੁਗਤਦਾ ਰਿਹਾ ਤੇ ਇਸ ਦੀ ਸਾਂਝ ਪੰਜਾਬ ਵਿਰੋਧੀ ਪੰਜਾਬ ਦੇ ਖੱਬੇ ਪੱਖੀਆਂ ਤੇ ਭਗਵੀਂ ਤਾਕਤਾਂ ਨਾਲ ਹੈ ਜੋ ਸਿੱਖੀ ਤੇ ਪੰਜਾਬ ਦੇ ਵਿਰੋਧ ਵਿਚ ਭੁਗਤਦੇ ਤੇ ਜ਼ਹਿਰ ਉਗਲਦੇ ਰਹੇ ਹਨ ਤੇ ਪੰਜਾਬ ਹਿੱਤੂ ਮਤਾ ਅਨੰਦਪੁਰ ਸਾਹਿਬ ਇਨ੍ਹਾਂ ਦੇ ਨਿਸ਼ਾਨੇ 'ਤੇ ਰਹੇ ਹਨ। ਇਸ ਕਲਮੀ ਦਹਿਸ਼ਤਗਰਦੀ ਰਾਹੀਂ ਆਰੀਆ ਸਮਾਜੀ ਨਈਅਰ ਆਪਣੀਆਂ ਲਿਖਤਾਂ ਰਾਹੀਂ ਸਮੇਂ-ਸਮੇਂ 'ਤੇ ਸਿੱਖ ਸੰਘਰਸ਼ ਤੇ ਖ਼ਾਸ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਪ੍ਰਤੀ ਨਫ਼ਰਤ ਦੀ ਅੱਗ ਉਗਲਦੇ ਰਹੇ ਹਨ ਜੋ ਅੱਜ ਤੱਕ ਨਿਰੰਤਰ ਜਾਰੀ ਹੈ।
6 ਸਤੰਬਰ 2017 ਦੌਰਾਨ ਇਕ ਪੰਜਾਬੀ ਦੀ ਅਖਬਾਰ ਦੇ ਐਡੀਟੋਰੀਅਲ ਪੰਨੇ 'ਤੇ ਕੁਲਦੀਪ ਨਈਅਰ ਦਾ ਲੇਖ ''ਲੋਕਾਂ ਦੀਆਂ ਵੋਟਾਂ ਨਾਲ ਚੱਲਣ ਵਾਲੀ ਵਿਵਸਥਾ ਵਿਚ ਬਾਬਿਆਂ ਦੀ ਕੋਈ ਜਗਾ ਨਹੀਂ'' ਪ੍ਰਕਾਸ਼ਿਤ ਹੋਇਆ ਹੈ। ਇਸ ਲੇਖ ਵਿਚ ਕੁਲਦੀਪ ਨਈਅਰ ਨੇ ਬਲਾਤਕਾਰੀ ਸੌਦਾ ਸਾਧ ਦੀ ਤੁਲਨਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨਾਲ ਕੀਤੀ ਤੇ ਸੰਤਾਂ ਨੂੰ ''ਭਸਮਾਸੁਰ'' ਤੱਕ ਆਖ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਆਰੀਅਨ ਮਿੱਥ ਅਨੁਸਾਰ ਭਸਮਾਸੁਰ ਇੱਕ ਅਜਿਹਾ ਰਾਖਸ ਸੀ, ਜਿਸ ਨੂੰ ਵਰਦਾਨ ਸੀ ਕਿ ਉਹ ਜਿਸ ਦੇ ਸਿਰ ਉੱਤੇ ਹੱਥ ਰੱਖੇਗਾ, ਉਹ ਭਸਮ ਹੋ ਜਾਵੇਗਾ।''
ਲੇਖਕ ਨਈਅਰ ਸੰਤ ਭਿੰਡਰਾਵਾਲਿਆਂ ਦੀ ਤੁਲਨਾ ਸੌਦਾ ਸਾਧ ਨਾਲ ਇਹ ਆਖ਼ ਕੇ ਕਰਦਾ ਹੈ ਕਿ ''ਭਿੰਡਰਾਂਵਾਲਾ ਤੇ ਰਾਮ ਰਹੀਮ ਦਰਮਿਆਨ ਕੁਝ ਸਮਾਨਤਾਵਾਂ ਹਨ। ਜੇਕਰ ਭਿੰਡਰਾਂਵਾਲਾ ਕਾਂਗਰਸ ਦਾ ਪੈਦਾ ਕੀਤਾ ਹੋਇਆ ਸੀ ਤਾਂ ਰਾਮ ਰਹੀਮ ਨੂੰ ਹਰਿਆਣਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਜਿਨ੍ਹਾਂ ਵਿਚ ਭਾਜਪਾ ਵੀ ਸ਼ਾਮਿਲ ਹੈ, ਦਾ ਸਮਰਥਨ ਹਾਸਿਲ ਹੈ ਬਾਬਾ ਗੁਰਮੀਤ ਰਾਮ ਰਹੀਮ ਭਿੰਡਰਾਂਵਾਲਾ ਬਣਨ ਦੇ ਰਾਹ 'ਤੇ ਸੀ।''
ਪਰ ਇਸ ਫਿਰਕੂ ਲੇਖਕ ਨੂੰ ਗਿਆਨ ਨਹੀਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਮਨੋਰਥ ਗੁਰਮਤਿ ਫਲਸਫੇ ਅਨੁਸਾਰ ਆਪਣਾ ਕਿਰਦਾਰ ਬੁਲੰਦ ਰੱਖਦਿਆਂ ਪੰਜਾਬ ਤੇ ਪੰਥਕ ਹਿੱਤਾਂ ਲਈ ਜੂਝਣਾ, ਕੌਮ ਨੂੰ ਆਪਣੀ ਮੰਜਲ ਵਲ ਤੌਰਨਾ ਤੇ ਕੌਮੀ ਹਿੱਤਾਂ ਲਈ ਬਾਬਾ ਦੀਪ ਸਿੰਘ ਵਾਂਗ ਆਪਣਾ ਸੀਸ ਤਲੀ 'ਤੇ ਧਰਨਾ ਸੀ, ਨਾ ਕਿ ਬਲਾਤਕਾਰੀ ਸੌਦਾ ਸਾਧ ਵਾਂਗ ਆਧੁਨਿਕ ਇੰਦਰਪੁਰੀ ਤਰਜ਼ ਦਾ ਡੇਰਾ ਸਿਰਜਣਾ ਸੀ। ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਇੱਕ ਬਲਾਤਕਾਰੀ ਸਾਧ ਨਾਲ ਕਿਵੇਂ ਸੰਭਵ ਹੈ ਜੋ ਜਿਹੜਾ 14-14 ਸਾਲ ਦੀ ਮਾਸੂਮ ਬੱਚੀਆਂ ਨੂੰ ਨੰਗਾ ਨਚਾਉਂਦਾ ਰਿਹਾ, ਉਨ੍ਹਾਂ ਨਾਲ ਬਲਾਤਕਾਰ ਕਰਦਾ ਰਿਹਾ ਤੇ ਜਿਸ ਉੱਪਰ ਆਪਣੇ ਭਗਤਾਂ ਦੀਆਂ ਲਾਸ਼ਾਂ ਨੂੰ ਡੇਰੇ ਵਿਚ ਦਬਾਉਣ ਦੇ ਵੀ ਦੋਸ਼ ਹਨ। ਇਹ ਦੋਸ਼ ਕਿਸੇ ਹੋਰ ਨੇ ਨਹੀਂ, ਉਸ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਤੇ ਉਸ ਦੇ ਡੇਰੇ ਇਸ ਇਕ ਸਾਧ ਹੰਸਰਾਜ ਨੇ ਲਗਾਏ ਹਨ ਕਿ ਰਾਮ ਰਹੀਮ ਸਾਧੂਆਂ ਦਾ ਬ੍ਰੇਨ ਵਾਸ਼ ਕਰਕੇ ਉਨ੍ਹਾਂ ਨੂੰ ਆਪਣੇ ਕਾਬੂ ਵਿਚ ਰੱਖਦਾ ਸੀ। ਇਸ ਬੂਟੀ ਨੂੰ ਤਿਆਰ ਕਰਨ ਦੇ ਲਈ ਵੈਦ ਰੱਖੇ ਹੋਏ ਸਨ ਅਤੇ ਇਸ ਨੂੰ ਖਵਾਉਣ ਤੋਂ ਬਾਅਦ ਹੀ ਸਾਧੂਆਂ ਨੂੰ ਨਿਪੁੰਸਕ ਬਣਾਉਣ ਲਈ ਤਿਆਰ ਕੀਤਾ ਜਾਂਦਾ ਸੀ।
ਯਾਦ ਰਹੇ ਕਿ ਇਹ ਸਾਧੂ ਹੰਸਰਾਜ ਵੀ ਸੌਦਾ ਸਾਧ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਚੁੱਕਾ ਹੈ। ਮਹਾਨ ਸੰਤ ਕਬੀਰ ਜੀ ਨੇ ਅਜਿਹੇ ਮਾਇਆਧਾਰੀ ਤੇ ਵਿਲਾਸੀ ਸਾਧਾਂ ਦੀ ਤੁਲਨਾ ਬਨਾਰਸ ਦੇ ਠੱਗਾਂ ਨਾਲ ਕਰਦੇ ਹਨ :
ਗਜ ਸਾਢੇ ਤੈ ਤੈ ਧੋਤੀਆ
ਤਿਹਰੇ ਪਾਇਨਿ ਤਗ ।।
ਗਲੀ ਜਿਨ੍ਹ੍ਹਾ ਜਪਮਾਲੀਆ
ਲੋਟੇ ਹਥਿ ਨਿਬਗ ।।
ਓਇ ਹਰਿ ਕੇ ਸੰਤ ਨ ਆਖੀਅਹਿ
ਬਾਨਾਰਸਿ ਕੇ ਠਗ ।।
ਇਹ ਤੱਥ ਜਾਣਨ ਵਾਲਾ ਹਰ ਸਾਧਾਰਨ ਮਨੁੱਖ ਸਮਝ ਸਕਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕੋਈ ਸਿਆਸੀ ਮਨੋਰਥ ਨਹੀਂ ਸੀ। ਸਿਆਸੀ ਨਿਸ਼ਾਨਾ ਉਹਨਾਂ ਦੇ ਗਲ਼ ਮੜ੍ਹਨਾ ਅਕਾਲੀਆਂ ਤੇ ਕਾਂਗਰਸ ਦੀ ਮਿਲੀਭੁਗਤ ਰਾਹੀਂ ਸਿਰਜਿਆ ਚੱਕਰਵਿਊ ਸੀ ਜਿਸ ਦੇ ਅੰਤਰਗਤ ਉਹ ਸੰਤ ਭਿੰਡਰਾਂਵਾਲਿਆਂ ਨੂੰ ਕਾਂਗਰਸ ਦੀ ਪੈਦਾਇਸ਼ ਬਣਾ ਕੇ ਇਲਜਾਮ ਲਗਾਏ ਗਏ ਤੇ ਸ਼ਹੀਦ ਕੀਤਾ ਗਿਆ। ਨਿਰੰਕਾਰੀਆਂ ਨੂੰ ਖੁੱਲ੍ਹ ਖੇਡਣ ਦੇ ਨਾਪਾਕ ਇਰਾਦੇ ਨੂੰ ਅੰਜ਼ਾਮ ਦੇਣ ਲਈ ਕੇਂਦਰ ਸਰਕਾਰ ਨੇ ਉਸ ਸਮੇਂ ਦੀ ਅਕਾਲੀ ਸਰਕਾਰ ਨਾਲ ਮਿਲ ਕੇ ਪੰਜਾਬ ਨੂੰ ਉਜਾੜਨ ਤੇ ਸਿੱਖ ਦੁਖਾਂਤ ਸਿਰਜਣ ਦੀ ਇਹ ਸਾਜ਼ਿਸ਼ ਰਚੀ।
ਕੁਲਦੀਪ ਨਈਅਰ ਵੀ ਇਸ ਥਿਉਰੀ 'ਤੇ ਚਲਦਾ ਹੋਇਆ ਆਖਦਾ ਹੈ ਕਿ 1977 ਵਿਚ ਅਕਾਲੀ ਦਲ-ਜਨਤਾ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅਕਾਲੀ ਪੰਜਾਬ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਰਹੇ ਸਨ ਅਤੇ ਕਾਂਗਰਸ ਦਾ ਆਧਾਰ ਉਖਾੜ ਰਹੇ ਸਨ। ਉਸੇ ਸਮੇਂ ਸੰਜੇ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ ਅਕਾਲੀਆਂ ਨਾਲ ਟੱਕਰ ਲੈਣ ਲਈ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਚੁਣਿਆ ਤੇ ਉਸ ਦਾ ਸਮਰਥਨ ਕੀਤਾ। ਜਦੋਂ ਤਕ ਇੰਦਰਾ ਗਾਂਧੀ ਨੇ ਇਹ ਮਹਿਸੂਸ ਕੀਤਾ ਕਿ ਉਹ ਭਸਮਾਸੁਰ ਬਣ ਚੁੱਕਾ ਹੈ ਤੇ ਉਸ ਦੇ ਜਾਣ ਦਾ ਸਮਾਂ ਆ ਗਿਆ ਹੈ, ਉਦੋਂ ਤਕ ਭਿੰਡਰਾਂਵਾਲਾ ਇੰਨਾ ਤਾਕਤਵਰ ਹੋ ਚੁੱਕਾ ਸੀ ਕਿ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚੋਂ ਕੱਢਣ ਦਾ ਕੰਮ ਭਾਰਤੀ ਫੌਜ ਨੂੰ ਕਰਨਾ ਪਿਆ।''
ਇਸ ਤੋਂ ਸਪੱਸ਼ਟ ਹੈ ਕਿ ਨਈਅਰ ਫ਼ੌਜੀ ਹਮਲੇ ਦਾ ਹਮਾਇਤੀ ਹੈ। ਪਰ ਇਸ ਦੇ ਉਲਟ ਇਹ ਤੱਥ ਸਾਹਮਣੇ ਆ ਚੁਕੇ ਹਨ ਕਿ ਦਰਬਾਰ ਸਾਹਿਬ ਉੱਤੇ 1984 ਦੇ ਫ਼ੌਜੀ ਹਮਲੇ ਦੀ ਸਾਜਿਸ਼ ਇੰਦਰਾ ਸਰਕਾਰ ਨੇ ਘੜੀ ਸੀ ਤਾਂ ਜੋ ਸਿੱਖ ਕੌਮ ਪ੍ਰਤੀ ਨਫਰਤ ਫੈਲਾ ਕੇ 2% ਸਿੱਖਾਂ ਨੂੰ ਆਧੁਨਿਕ ਸਟੇਟ ਦੀ ਅਥਾਹ ਫ਼ੌਜੀ ਤਾਕਤ ਨਾਲ ਕੁਚਲ ਕੇ ਦੁਰਗਾ ਬਣ 1985 ਦੀਆਂ ਚੋਣਾਂ ਵਿੱਚ ਜਿਤਿਆ ਜਾਵੇ ਅਤੇ ਆਪਣੇ ਵੰਸ਼ ਨੂੰ ਰਾਜ-ਗੱਦੀ 'ਤੇ ਕਾਇਮ ਰੱਖਿਆ ਜਾਵੇ। ਇਸ ਦੌਰਾਨ ਸਾਜ਼ਿਸ਼ੀ ਢੰਗ ਨਾਲ ਅਕਾਲੀਆਂ ਨਾਲ ਸਮਝੌਤੇ ਕਰ-ਕਰ ਕੇ ਤੋੜੇ ਗਏ। ਇਸ ਦਾ ਵਾਰ-ਵਾਰ ਜ਼ਿਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੀਆਂ ਸਪੀਚਾਂ ਵਿਚ ਕੀਤਾ ਹੈ, ਜੋ ਯੂ-ਟਿਊਬ 'ਤੇ ਦੇਖੀਆਂ ਜਾ ਸਕਦੀਆਂ ਹਨ।
ਉਸ ਸਮੇਂ ਦੀ ਇੰਦਰਾ ਸਰਕਾਰ ਨੇ ਕੁਲਦੀਪ ਨਈਅਰ ਵਰਗੇ ਅਨੇਕਾਂ ਸਰਕਾਰੀ ਦਲਾਲਾਂ ਰਾਹੀਂ ਅਕਾਲੀ ਆਗੂਆਂ ਨੂੰ ਖਰੀਦਿਆ ਗਿਆ ਤਾਂ ਜੋ ਸੰਤ ਭਿੰਡਰਾਂਵਾਲਿਆਂ ਦਾ ਵਿਰੋਧ ਕੀਤਾ ਜਾ ਸਕੇ ਤੇ ਧਰਮ ਯੁੱਧ ਮੋਰਚੇ ਨੂੰ ਢਾਹ ਲਗਾਈ ਜਾ ਸਕੇ, ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਦੇ ਵੀ ਅਕਾਲੀਆਂ ਦਾ ਵਿਰੋਧ ਨਹੀਂ ਕੀਤਾ ਤਾਂ ਜੋ ਪੰਥ ਵਿਚ ਏਕਤਾ ਬਹਾਲ ਰੱਖਦਿਆਂ ਪੰਥਕ ਨਿਸ਼ਾਨੇ ਨੂੰ ਪ੍ਰਾਪਤ ਕੀਤਾ ਜਾ ਸਕੇ ਤੇ ਕੇਂਦਰ ਸਰਕਾਰ ਨੂੰ ਫੁੱਟ ਪਾਉਣ ਦਾ ਮੌਕਾ ਨਾ ਦਿੱਤਾ ਜਾ ਸਕੇ। ਸੰਤ ਭਿੰਡਰਾਂਵਾਲੇ ਅਠਾਰਵੀ ਸਦੀ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਵੀਹਵੀ ਸਦੀ ਵਿਚ ਵਿਚਰਦੀ ਮਹਾਨ ਰੂਹ ਸਨ, ਜਿਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਵਾਂਗ ਗੜੀ ਨਹੀਂ ਛੱਡੀ ਸ਼ਹਾਦਤ ਨੂੰ ਪਹਿਲ ਦਿਤੀ। ਉਹਨਾਂ ਨੇ ਸੱਤਾਧਾਰੀਆਂ ਤੇ ਨੈਸ਼ਨਲਵਾਦ ਦੇ ਅਸਲੀ ਚਿਹਰੇ ਦਾ ਪਰਦਾਫਾਸ਼ ਕੀਤਾ ਕੀਤਾ ਜੋ ਪੰਜਾਬ, ਸਿੱਖ ਪੰਥ, ਘੱਟ ਗਿਣਤੀਆਂ, ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਦੀ ਨਸਲਕੁਸ਼ੀ ਕਰਨਾ ਚਾਹੁੰਦੇ ਸਨ।
ਯਾਦ ਰਹੇ ਕਿ ਅਕਾਲ ਤਖਤ ਸਾਹਿਬ ਤੋਂ ਸੰਤ ਭਿੰਡਰਾਂਵਾਲਿਆਂ ਨੂੰ ਕੌਮ ਵੀਹਵੀਂ ਸਦੀ ਦੇ ਮਹਾਨ ਸਿੱਖ ਦਾ ਖ਼ਿਤਾਬ ਦਿੰਦੀ ਹੈ। ਸੰਤ ਭਿੰਡਰਾਂਵਾਲੇ ਪੰਥ ਦੀ ਉਸ ਵੇਲੇ ਦੀ ਸਿਰਮੌਰ ਪ੍ਰਚਾਰਕ ਟਕਸਾਲ ਦੇ 14ਵੇਂ ਮੁਖੀ ਸਨ। ਫ਼ੌਜੀ ਹਮਲੇ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਇਕ ਭਾਸ਼ਣ ਵਿਚ ਆਖਿਆ ਜੋ ਕਿ ਯੂ-ਟਿਊਬ 'ਤੇ ਵੀ ਮੌਜੂਦ ਹੈ। 'ਸਰਕਾਰ ਅਕਾਲੀਆਂ ਨਾਲ ਸਨਮਾਨਜਨਕ ਸਮਝੌਤਾ ਕਰ ਲਵੇ, ਅਨੰਦਪੁਰ ਦਾ ਮਤਾ ਮੰਨ ਲਵੇ, ਸਿੱਖ ਕੈਦੀ ਰਿਹਾਅ ਕਰੇ, ਮੈਂ ਵਾਪਸ ਚੌਂਕ ਮਹਿਤੇ ਜਾ ਕੇ ਸਿੱਖੀ-ਪ੍ਰਚਾਰ ਵਿੱਚ ਜੁਟ ਜਾਵਾਂਗਾ।
ਭਾਰਤ ਦੀ ਪੁਲਿਸ ਅਤੇ ਸਿਆਸਤਦਾਨ ਸੰਤ ਭਿੰਡਰਾਂਵਾਲਿਆਂ ਉੱਤੇ ਹਾਲੇ ਤੱਕ ਕੋਈ ਵੀ ਪੁਖਤਾ ਇਲਜ਼ਾਮ ਨਾ ਲਗਾ ਸਕੇ, ਨਾ ਹੀ ਉਨ੍ਹਾਂ ਉੱਪਰ ਉੱਤੇ ਕਾਨੂੰਨ ਦੀ ਉਲੰਘਣਾ ਦਾ ਕੋਈ ਦੋਸ਼ ਲੱਗਾ ਹੈ। ਇੱਥੋਂ ਤੱਕ ਅਪ੍ਰੈਲ 1984 ਤੱਕ ਉਹ ਦੁਸ਼ਮਣ ਜਮਾਤ ਕਾਂਗਰਸ ਦੀਆਂ ਨਜ਼ਰਾਂ ਵਿੱਚ ਵੀ ਸੰਤ ਸੀ (ਰਾਜੀਵ ਗਾਂਧੀ ਦਾ ਬਿਆਨ)। ਅਜਿਹੇ ਮਹਾਂਪੁਰਖ ਬਾਰੇ ਕੁਲਦੀਪ ਨਈਅਰ ਵੱਲੋਂ ਗਲਤ ਬਿਆਨਬਾਜ਼ੀ ਕਰਨਾ ਤੇ ਸੰਤਾਂ ਦੀ ਤੁਲਨਾ ਇਕ ਬਲਾਤਕਾਰੀ ਸਾਧ ਨਾਲ ਕਰਨਾ ਅਜਿਹੀ ਪੱਤਰਕਾਰੀ ਹੈ, ਜੋ ਝੂਠ ਫਰੇਬ 'ਤੇ ਟਿਕੀ ਹੋਈ ਹੈ, ਇਸ ਨੂੰ ਪੀਲੀ ਪੱਤਰਕਾਰੀ ਦਾ ਨਾਮ ਦਿੱਤਾ ਜਾ ਸਕਦਾ ਹੈ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਤਿਹਾਸ ਵਿਚ ਨਾਇਕ ਹਨ ਇਸ ਦੇ ਉਲਟ ਬਲਾਤਕਾਰੀ ਸਾਧ ਨੂੰ ਜਦੋਂ ਅਦਾਲਤ ਦੋਸ਼ੀ ਐਲਾਨਦੀ ਹੈ ਤਾਂ ਉਸ ਦਾ ਅਦਾਲਤ ਵਿਚ ਪਿਸ਼ਾਬ ਨਿਕਲ ਜਾਂਦਾ ਹੈ ਤੇ ਰੋਂਦਾ ਕੁਰਲਾਉਂਦਾ ਮਾਫ਼ੀ ਮੰਗਦਾ ਫਰਸ਼ ਤੇ ਜਾ ਡਿਗਦਾ ਹੈ। ਆਖਿਰ ਰੂਹਾਨੀ ਮੰਡਲ ਵਿਚ ਪਹੁੰਚੀ ਸਖਸ਼ੀਅਤ ਸੰਤ ਭਿੰਡਰਾਂਵਾਲੇ ਤੇ ਬਲਾਤਕਾਰੀ ਬਾਬਾ ਰਾਮ ਰਹੀਮ ਵਿਚ ਇਹੀ ਤਾਂ ਅੰਤਰ ਸੀ ਕਿ ਸੰਤ ਭਿੰਡਰਾਂਵਾਲੇ ਮੌਤ ਨੂੰ ਲਾੜੀ ਮੰਨਦੇ ਸਨ ਤੇ ਇਸ ਦੇ ਉਲਟ ਬਲਾਤਕਾਰੀ ਬਾਬਾ ਰਾਮ ਰਹੀਮ ਦਾ ਸਜ਼ਾ ਨੂੰ ਸੁਣ ਕੇ ਪਿਸ਼ਾਬ ਨਿਕਲ ਜਾਂਦਾ ਹੈ।
ਕੁਲਦੀਪ ਨਈਅਰ ਨੂੰ ਸੰਤ ਭਿੰਡਰਾਂਵਾਲੇ ਅੱਤਵਾਦੀ ਨਜ਼ਰ ਆਉਂਦੇ ਹਨ, ਪਰ ਉਸ ਨੂੰ ਅੰਮ੍ਰਿਤ ਸਰੋਵਰ ਵਿੱਚ ਸਿਗਰਟਾਂ ਦੇ ਡੱਬੇ ਸੁੱਟਣ ਵਾਲੇ, ਦਰਬਾਰ ਸਾਹਿਬ ਦਾ ਮਾਡਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਤੋੜਨ ਵਾਲੇ, ਕਰਨਾਲ-ਪਾਣੀਪੱਤ ਦੇ ਗੁਰਦਵਾਰੇ ਸਾੜਨ ਵਾਲੇ, ਦਿੱਲੀ ਜਾਂਦੇ ਹਜ਼ਾਰਾਂ ਸਿੱਖ ਇਸਤਰੀ-ਆਦਮੀਆਂ ਦੀ ਬੇ-ਇੱਜ਼ਤੀ ਅਤੇ ਮਾਰ ਕੁੱਟ ਕਰਨ ਵਾਲੇ, ਸੀਸਗੰਜ ਉੱਤੇ ਪੱਥਰ ਮਾਰਨ ਵਾਲੇ, ਪੰਜਾਬੀ ਬੋਲੀ ਤੋਂ ਮੂੰਹ ਫੇਰਨ ਵਾਲੇ, ਪੰਜਾਬ ਦੀਆਂ ਬਿਜਲੀ-ਪਾਣੀ ਦੀਆਂ ਹੱਕੀ ਮੰਗਾਂ ਨੂੰ ਵਿਸਾਰਨ ਵਾਲੇ, ਕਿਸਾਨਾਂ ਦੀ ਲੁੱਟ ਕਰ ਕੇ ਆਤਮਘਾਤ ਵਾਸਤੇ ਮਜਬੂਰ ਕਰਨ ਵਾਲੇ, ਪੁਲਿਸ ਨਾਲ ਰਲ਼ ਕੇ ਸਿੱਖ ਬੱਚਿਆਂ ਦੇ ਕਤਲ ਕਰਵਾਉਣ ਵਾਲੇ ਆਦਿ ਆਦਿ ਅੱਤਵਾਦੀ ਤੇ ਦੋਸ਼ੀ ਨਜ਼ਰ ਕਿਉਂ ਨਹੀਂ ਆਉਂਦੇ? ਨਈਅਰ ਦੀ ਕਲਮ ਇਸ ਬਾਰੇ ਕਿਉਂ ਅਧਰੰਗ ਦੀ ਸ਼ਿਕਾਰ ਹੋ ਜਾਂਦੀ ਹੈ?
ਫ਼ੌਜੀ ਅਪਰੇਸ਼ਨ ਤੋਂ ਪਹਿਲਾਂ ਉਸ ਸਮੇਂ ਦੀ ਤੱਤਕਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵਾਰ-ਵਾਰ ਕਿਹਾ ਫ਼ੌਜ, ਪੁਲਿਸ ਦਰਬਾਰ ਸਾਹਿਬ ਨਹੀਂ ਜਾਵੇਗੀ, ਗੁਰੂ ਅਰਜਨ ਦੇ ਸ਼ਹੀਦੀ ਦਿਹਾੜੇ ਹਮਲਾ ਕਰਨਾ, ਤਿੰਨ ਜੂਨ ਨੂੰ ਦੋ ਘੰਟੇ ਕਰਫ਼ਿਊ ਹਟਾ ਕੇ ਪੁਰਬ ਮਨਾਉਣ ਆਈ ਸੰਗਤ ਦਰਬਾਰ ਪ੍ਰਸਰ ਵਿੱਚ ਪਹੁੰਚਣ ਤੋਂ ਬਾਅਦ ਫ਼ੌਜੀ ਹਮਲਾ ਕਰਨਾ, ਫ਼ੌਜੀਆਂ ਨੂੰ ਸ਼ਰਾਬ ਨਾਲ ਧੁੱਤ ਕਰਕੇ ਅੰਦਰ ਭੇਜਣਾ, ਹਜ਼ਾਰਾਂ ਲੋਕਾਂ ਨੂੰ ਪਾਣੀ ਖੁਣੋਂ ਤੜਫ਼ਾ-ਤੜਫ਼ਾ ਕੇ ਮਾਰਨਾ, ਸੰਤਾਂ ਸਮੇਤ ਹਰ ਇੱਕ ਦਾ ਜ਼ਾਲਮਾਨਾ ਕਤਲ ਕਰਨ ਦਾ ਸਪਸ਼ਟ ਹੁਕਮ ਚਾੜ੍ਹਨਾ ਆਦਿ ਸਭ ਇਤਿਹਾਸਕ ਘਟਨਾਵਾਂ ਦੱਸਦੀਆਂ ਹਨ ਕਿ ਇਹ ਰਾਖਸ਼ੀ ਮਨ ਦੀ ਉਪਜ ਤੇ ਸਿੱਖ ਵਿਰੋਧੀ ਸਾਜ਼ਿਸ਼ਾਂ ਸਨ, ਜਿਸ ਬਾਰੇ ਕਦੇ ਕੁਲਦੀਪ ਨਈਅਰ ਨੇ ਆਪਣੀਆਂ ਲਿਖਤਾਂ ਵਿਚ ਭੋਗ ਵੀ ਨਹੀਂ ਪਾਇਆ। ਜਨਰਲ ਅਨੁਸਾਰ ਤਾਂ ਇਹ ਯੋਜਨਾ ਜੂਨ 84 ਤੋਂ 30 ਮਹੀਨੇ ਪਹਿਲਾਂ ਘੜੀ ਸੀ।
ਏਸ ਲੇਖ ਤੋਂ ਪਹਿਲਾਂ ਵੀ ਇਹ ਲੇਖਕ ਸਿੱਖ ਪੰਥ, ਸੰਤ ਭਿੰਡਰਾਂਵਾਲੇ ਤੇ ਪੰਜਾਬ ਬਾਰੇ ਆਪਣੀ ਨਾਜ਼ੀ ਸੋਚ ਨੂੰ ਆਪਣੀ ਪੁਸਤਕ (2eyond “he Lines, Roli 2ooks, 4elhi ੨੦੧੨) ਵਿਚ ਪੇਸ਼ ਕਰ ਚੁੱਕਾ ਹੈ।
ਕੁਲਦੀਪ ਨਈਅਰ ਦਾ ਇਹ ਥਾਟ ਆਰੀਆ ਸਮਾਜੀਆਂ ਦੀ ਬੋਧਿਕਤਾ ਦਾ ਸੰਤਾਪ ਹੈ। ਸੰਤ ਭਿੰਡਰਾਂਵਾਲਿਆਂ ਨੂੰ ਸੌਦਾ ਸਾਧ ਵਾਂਗ ਸਟੇਟ ਦੀ ਪੈਦਾਇਸ਼ ਦੱਸ ਕੇ ਇਹ ਇਤਿਹਾਸਕ ਸੂਝ-ਬੂਝ ਤੋਂ ਆਪਣੇ-ਆਪ ਨੂੰ ਕੋਰਾ ਹੀ ਨਹੀਂ ਦਰਸਾ ਰਿਹਾ ਬਲਕਿ ਆਪਣੀ ਬੌਧਿਕਤਾ ਦਾ ਜਲੂਸ ਕੱਢ ਰਿਹਾ ਹੈ। ਉਸ ਨੂੰ ਇਸ ਮਹਾਨ ਗੁਰਸਿੱਖ ਵਿਚੋਂ 'ਸੰਤ' ਦੇ ਇਤਿਹਾਸਕ ਗੁਣ ਇਸ ਲਈ ਨਜ਼ਰ ਨਹੀਂ ਆਉਂਦੇ, ਕਿਉਂਕਿ ਉਹ ਜਿਸ ਆਰੀਅਨ ਵਿਚਾਰਧਾਰਾ ਨਾਲ ਬੱਝਾ ਹੋਇਆ ਹੈ, ਉਸ ਨੂੰ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾਰਸ਼ਨਿਕ ਅੰਦਾਜ਼ ਵਿੱਚ 'ਬਿਪਰਨ ਕੀ ਰੀਤ' ਆਖਿਆ ਹੈ। ਇਸੇ ਨੀਤੀ ਤਹਿਤ ਉਹ ਸਿੱਖਾਂ ਦੀ ਵੱਖਰੀ ਹੋਂਦ ਤੇ ਸਿੱਖ ਨਾਇਕਾਂ ਦਾ ਵਿਰੋਧ ਕਰਦਾ ਹੈ, ਜਿਨ੍ਹਾਂ ਨੇ ਮਨੁੱਖਤਾ ਤੇ ਸਰਬੱਤ ਦੇ ਭਲੇ ਲਈ ਇਤਿਹਾਸ ਦੀ ਸਿਰਜਣਾ ਕੀਤੀ ਹੈ।





No comments:
Post a Comment