ਭਗਵੇਂ ਦਹਿਸ਼ਤਗਰਦਾਂ ਨੇ ਪੱਤਰਕਾਰ ਗੌਰੀ ਲੰਕੇਸ਼ ਦਾ ਕੀਤਾ ਕਤਲ
ਬਲਵਿੰਦਰ ਪਾਲ ਸਿੰਘਸੀਨੀਅਰ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਤੇ ਮਨੁੱਖੀ ਅਧਿਕਾਰਾਂ ਦੀ ਚੈਂਪੀਅਨ ਗੌਰੀ ਲੰਕੇਸ਼ ਦੀ ਬੀਤੇ ਦਿਨੀਂ ਤਿੰਨ ਨਾਮੀ ਭਗਵੇਂ ਬਦਮਾਸ਼ਾਂ ਵੱਲੋਂ ਗੋਲੀ ਮਾਰ ਦੇ ਹੱਤਿਆ ਕਰ ਦਿੱਤੀ। ਕਰਨਾਟਕ ਦੇ ਗ੍ਰਹਿ ਮੰਤਰੀ ਰਾਮਾਲਿੰਗਾ ਰੈਡੀ ਨੇ ਇਸ ਭਿਆਨਕ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਿੰਨ ਬਦਮਾਸ਼ਾਂ ਨੇ ਗੌਰੀ ਦੇ ਘਰ ਵਿੱਚ ਦਾਖਲ ਹੋ ਕੇ ਸੱਤ ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਤਿੰਨ ਗੋਲੀਆਂ ਗੌਰੀ ਲੰਕੇਸ਼ ਨੂੰ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਯਾਦ ਰਹੇ ਕਿ ਆਪਣੇ ਘਰ ਦੇ ਬਾਹਰ ਹੱਤਿਆ ਦਾ ਸ਼ਿਕਾਰ ਹੋਈ ਗੌਰੀ ਲੰਕੇਸ਼ ਇੱਕ ਪੱਤਰਕਾਰ-ਕਾਰਕੁੰਨ ਸੀ, ਜੋ ਵਿਵਸਥਾ ਵਿਰੋਧੀ, ਗ਼ਰੀਬ ਤੇ ਦਲਿਤ ਸਮਰਥਕ ਸੀ। ਕੰਨੜ ਪੱਤਰਕਾਰਤਾ ਵਿੱਚ ਕੁਝ ਮਹਿਲਾ ਸੰਪਾਦਕਾਂ ਵਿੱਚ ਸ਼ਾਮਲ ਗੌਰੀ ਉੱਘੀ ਕਾਰਕੁੰਨ ਸੀ ਜੋ ਨਕਸਲਵਾਦੀਆਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟਾਉਂਦੀ ਸੀ ਤੇ ਖੱਬੇਪੱਖੀ ਵਿਚਾਰਾਂ ਨੂੰ ਖੁੱਲ੍ਹੇ ਤੌਰ 'ਤੇ ਪੇਸ਼ ਕਰਦੀ ਸੀ।
ਕੌਣ ਏ ਗੌਰੀ ਲੰਕੇਸ਼
ਸਾਲ 1962 ਵਿੱਚ ਪੈਦਾ ਹੋਈ ਕੰਨੜ ਪੱਤਰਕਾਰ ਤੇ ਕੰਨੜ ਹਫ਼ਤਾਵਾਰੀ ਟੈਬਲਾਇਡ 'ਲੰਕੇਸ਼ ਪੱਤਰਿਕਾ' ਦੇ ਸੰਸਥਾਪਕ ਪੀ. ਲੰਕੇਸ਼ ਦੀ ਬੇਟੀ ਸੀ। ਉਸ ਦੀ ਭੈਣ ਕਵਿਤਾ ਤੇ ਭਰਾ ਇੰਦਰਜੀਤ ਲੰਕੇਸ਼ ਪ੍ਰਸਿੱਧ ਫਿਲਮ ਤੇ ਥਿਏਟਰ ਹਸਤੀਆਂ ਹਨ। ਆਪਣੇ ਭਰਾ ਤੇ ਪੱਤਰਿਕਾ ਦੇ ਪ੍ਰੋਪਰਾਈਟਰ ਤੇ ਪ੍ਰਕਾਸ਼ਕ ਇੰਦਰਜੀਤ ਨਾਲ ਮੱਤਭੇਦ ਤੋਂ ਬਾਅਦ ਉਨ੍ਹਾਂ ਨੇ ਲੰਕੇਸ਼ ਪੱਤਰਿਕਾ ਦੇ ਸੰਪਾਦਕ ਅਹੁਦੇ ਨੂੰ ਛੱਡ ਕੇ 2005 ਵਿੱਚ ਕੰਨੜ ਟੈਬਲਾਇਡ 'ਗੌਰੀ ਲੰਕੇਸ਼ ਪੱਤਰਿਕਾ' ਦੀ ਸ਼ੁਰੂਆਤ ਕੀਤੀ ਸੀ।ਪੱਤਰਕਾਰ ਤੇ ਐਕਟੀਵਿਸਟ ਗੌਰੀ ਲੰਕੇਸ਼ ਨੇ ਪਿਛਲੇ ਦਿਨੀਂ ਆਪਣੇ ਟਵਿੱਟਰ ਅਤੇ ਫੇਸਬੁਕ 'ਤੇ ਰੋਰਿੰਗਯਾ ਮੁਸਲਮਾਨਾਂ, ਨੋਟਬੰਦੀ ਦੇ ਨੁਕਸਾਨ, ਭਾਰਤੀ ਮਾਪਿਆਂ ਨੂੰ ਸਮਲਿੰਗੀਆਂ ਬਾਰੇ ਜਾਗਰੂਕ ਕਰਨ ਵਾਲੇ ਯੂਟਿਊਬ ਵੀਡੀਓ ਤੇ ਕੇਂਦਰ ਤੇ ਨਰਿੰਦਰ ਮੋਦੀ ਦੀ ਆਲੋਚਨਾ ਨਾਲ ਜੁੜੇ ਪੋਸਟ ਕੀਤੇ ਸਨ। ਉਸ ਨੇ ਆਪਣੇ ਕੰਨੜ ਹਫ਼ਤਾਵਾਰੀ ਪੱਤ੍ਰਿਕਾ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਕੇਂਦਰ ਸਰਕਾਰ ਤੇ ਉਸ ਦੇ ਨੇਤਾਵਾਂ ਦੀ ਆਲੋਚਨਾ ਵਿੱਚ ਘੱਟ ਤੋਂ ਘੱਟ 8 ਲੇਖ ਪ੍ਰਕਾਸ਼ਿਤ ਕੀਤੇ ਸਨ।
ਲੰਕੇਸ਼ ਨੇ ਆਪਣੇ ਆਖਰੀ ਹਫ਼ਤੇ ਲੜੀਵਾਰ ਸਟੋਰੀਆਂ ਵਿੱਚ ਗੋਰਖਪੁਰ ਦੇ ਬਾਬਾ ਰਾਘਵਦਾਸ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਅਤੇ ਡਾਕਟਰ ਕਫੀਲ ਖਾਨ ਨੂੰ ਹਟਾਏ ਜਾਣ ਦੇ ਖ਼ਿਲਾਫ਼ ਲਿਖਿਆ ਸੀ। ਸੋਸ਼ਲ ਮੀਡੀਆ 'ਤੇ ਗੌਰੀ ਲੰਕੇਸ਼ ਭਾਜਪਾ ਸਰਕਾਰ ਦੀ ਆਲੋਚਨਾ ਵਾਲੀ ਪੋਸਟ ਲਿਖਦੀ ਸੀ, ਜਾਂ ਸ਼ੇਅਰ ਕਰਦੀ ਸੀ।
ਪਿਛਲੇ ਕੁਝ ਦਿਨਾਂ ਵਿੱਚ ਉਸ ਨੇ ਕੇਰਲ ਦੇ ਨੌਕਰਸ਼ਾਹ ਜੇਮਸ ਵਿਲਸਨ ਦੇ ਕਈ ਟਵੀਟ ਰੀਟਵੀਟ ਕੀਤੇ ਸਨ।
ਭਾਜਪਾ ਸਾਂਸਦ ਪ੍ਰਹਿਲਾਦ ਅਤੇ ਪਾਰਟੀ ਅਹੁਦੇਦਾਰ ਉਮੇਸ਼ ਦੋਸ਼ੀ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਪਿਛਲੇ ਸਾਲ ਹੁਬਲੀ ਦੇ ਮੈਜਿਸਟਰੇਟ ਦੀ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਨ੍ਹਾਂ ਨੇ 23 ਜਨਵਰੀ 2008 ਨੂੰ ਉਸ ਦੀ ਪੱਤਰਿਕਾ ਵਿੱਚ ਪ੍ਰਕਾਸ਼ਿਤ ਇੱਕ ਖ਼ਬਰ 'ਤੇ ਰੋਸ ਪ੍ਰਗਟਾਇਆ ਸੀ। ਗੌਰੀ ਸਮਾਜ ਦੀ ਮੁੱਖ ਧਾਰਾ ਵਿੱਚ ਮੁੜਨ ਦੇ ਇੱਛੁਕ ਨਕਸਲੀਆਂ ਦੇ ਮੁੜ ਵਸੇਬੇ ਲਈ ਕੰਮ ਕਰ ਚੁੱਕੀ ਸੀ ਤੇ ਸੂਬੇ ਵਿੱਚ ਸਿਟੀਜ਼ਨਸ ਇਨੀਸ਼ਿਏਟਿਵ ਫਾਰ ਪੀਸ (ਸੀਆਈਪੀ) ਦੀ ਸਥਾਪਨਾ ਕਰਨ ਵਾਲਿਆਂ ਵਿੱਚ ਸ਼ਾਮਲ ਰਹੀ ਸੀ।
ਵਿਲਸਨ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਸਮੇਤ ਹੋਰ ਨੀਤੀਆਂ ਦੀ ਅਕਸਰ ਆਲੋਚਨਾ ਕਰਦੀ ਸੀ। ਪਿਛਲੇ ਦਿਨੀਂ ਗੌਰੀ ਲੰਕੇਸ਼ ਨੇ ਜ਼ਿਆਦਾਤਰ ਵੱਖ-ਵੱਖ ਖ਼ਬਰਾਂ ਦੇ ਲਿੰਕ ਸ਼ੇਅਰ ਕੀਤੇ ਹਨ। ਉਸ ਨੇ ਸੁਪਰੀਮ ਕੋਰਟ ਦੁਆਰਾ ਕੇਂਦਰ ਸਰਕਾਰ ਤੋਂ ਰੋਹਿੰਗਾ ਮੁਸਲਮਾਨਾਂ ਨੂੰ ਵਾਪਸ ਭੇਜਣ ਦੇ ਬਾਬਤ ਜੁਆਬਤਲਬ ਕਰਨ ਦੀ ਖ਼ਬਰ ਦਾ ਲਿੰਕ ਸ਼ੇਅਰ ਕੀਤਾ ਸੀ। ਗੌਰੀ ਲੰਕੇਸ਼ ਦਾ ਫੇਸਬੁਕ ਅਕਾਊਂਟ ਉਸ ਦੇ ਟਵਿੱਟਰ ਅਕਾਊਂਟ ਨਾਲ ਜੁੜਿਆ ਹੋਇਆ ਹੈ, ਇਸ ਲਈ ਫੇਸਬੁੱਕ 'ਤੇ ਵੀ ਜ਼ਿਆਦਾਤਰ ਉਸ ਦੇ ਟਵਿੱਟਰ ਵਾਲੇ ਪੋਸਟ ਹੀ ਹਨ।
10 ਪੱਤਰਕਾਰਾਂ ਦੀ ਵੀ ਹੋ ਚੁੱਕੀ ਹੈ ਹੱਤਿਆ
1. 13 ਮਈ 2016 ਨੂੰ ਬਿਹਾਰ ਦੇ ਸੀਵਾਨ ਵਿੱਚ 'ਹਿੰਦੀ ਦੈਨਿਕ ਹਿੰਦੁਸਸਤਾਨ' ਦੇ ਪੱਤਰਕਾਰ ਰਾਜਦੇਵ ਰੰਜਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦਫ਼ਤਰ ਤੋਂ ਪਰਤ ਰਿਹਾ ਰਾਜੇਦਵ ਨੂੰ ਨੇੜੇ ਤੋਂ ਗੋਲੀ ਮਾਰੀ ਗਈ ਸੀ। ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ। ਹੱਤਿਆ ਦਾ ਦੋਸ਼ ਇਲਾਕੇ ਦੇ ਬਾਹੂਬਲੀ ਸ਼ਹਾਬੂਦੀਨ 'ਤੇ ਲੱਗਿਆ।
2. ਮਈ 2015 ਵਿੱਚ ਮੱਧ ਪ੍ਰਦੇਸ਼ ਵਿੱਚ ਵਿਆਪਮ ਘੁਟਾਲੇ ਦੀ ਕਵਰੇਜ ਕਰਨ ਗਏ ਆਜ ਤੱਕ ਦੇ ਵਿਸ਼ੇਸ਼ ਰਿਪੋਰਟਰ ਅਕਸ਼ੈ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਮੌਤ ਦੇ ਕਾਰਨਾਂ ਤੋਂ ਹਾਲੇ ਤੱਕ ਪਰਦਾ ਨਹੀਂ ਚੁੱਕਿਆ ਜਾ ਸਕਿਆ।
3. ਜੂਨ 2015 ਵਿੱਚ ਮੱਧ ਪ੍ਰਦੇਸ਼ ਵਿੱਚ ਬਾਲਾਘਾਟ ਜ਼ਿਲ੍ਹੇ ਵਿੱਚ ਅਗਵਾ ਪੱਤਰਕਾਰ ਸੰਦੀਪ ਕੋਠਾਰੀ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ। ਮਹਾਰਾਸ਼ਟਰ ਵਿੱਚ ਵਰਧਾ ਦੇ ਕਰੀਬ ਸਥਿਤ ਇੱਕ ਖੇਤ ਵਿੱਚ ਉਸ ਦੀ ਲਾਸ਼ ਮਿਲੀ ਸੀ।
4. ਸਾਲ 2015 ਵਿੱਚ ਹੀ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਪੱਤਰਕਾਰ ਜੋਗਿੰਦਰ ਸਿੰਘ ਨੂੰ ਜਿੰਦਾ ਸਾੜ ਦਿੱਤਾ ਗਿਆ। ਖ਼ਬਰਾਂ ਅਨੁਸਾਰ ਜੋਗਿੰਦਰ ਸਿੰਘ ਨੇ ਫੇਸਬੁਕ 'ਤੇ ਉੱਤਰ ਪ੍ਰਦੇਸ਼ ਦੇ ਪਿਛੜਾ ਵਰਗ ਕਲਿਆਣ ਮੰਤਰੀ ਰਾਮਮੂਰਤੀ ਵਰਮਾ ਦੇ ਖ਼ਿਲਾਫ਼ ਖ਼ਬਰਾਂ ਲਿਖੀਆਂ ਸਨ, ਜਿਸ ਕਾਰਨ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ।
5. ਸਾਲ 2013 ਵਿੱਚ ਮੁਜ਼ੱਫਰਨਗਰ 'ਚ ਹੋਏ ਕਤਲੇਆਮਾਂ ਦੌਰਾਨ ਨੈੱਟਵਰਕ 18 ਦੇ ਪੱਤਰਕਾਰ ਰਾਜੇਸ਼ ਸ਼ਰਮਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
6. ਆਂਧਰਾ ਪ੍ਰਦੇਸ਼ ਦੇ ਸੀਨੀਅਰ ਪੱਤਰਕਾਰ ਐੱਮਵੀਐੱਨ ਸ਼ੰਕਰ ਦੀ 26 ਨਵੰਬਰ 2014 ਨੂੰ ਹੱਤਿਆ ਕਰ ਦਿੱਤੀ ਗਈ ਸੀ। ਐੱਮਵੀਐੱਨ ਆਂਧਰਾ ਪ੍ਰਦੇਸ਼ ਵਿੱਚ ਤੇਲ ਮਾਫੀਆ ਦੇ ਖ਼ਿਲਾਫ਼ ਲਗਾਤਾਰ ਖ਼ਬਰਾਂ ਕਵਰੇਜ ਕਰ ਰਿਹਾ ਸੀ।
7. ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਸਿਰਸਾ ਵਿੱਚ ਹੱਤਿਆ ਕਰ ਦਿੱਤੀ ਗਈ ਸੀ। 21 ਨਵੰਬਰ 2002 ਨੂੰ ਉਸ ਦੇ ਦਫ਼ਤਰ ਵਿੱਚ ਵੜ ਕੇ ਕੁਝ ਲੋਕਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ।
8. ਹਿੰਦੀ ਦੈਨਿਕ ਦੇਸ਼ਬੰਧੂ ਦੇ ਪੱਤਰਕਾਰ ਸਾਈਂ ਰੈੱਡੀ ਨੂੰ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿੱਚ ਸ਼ੱਕੀ ਹਥਿਆਰਬੰਦ ਲੋਕਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
9. ਮਹਾਰਾਸ਼ਟਰ ਦੇ ਪੱਤਰਕਾਰ ਤੇ ਲੇਖਕ ਨਰਿੰਦਰ ਦਾਭੋਲਕਰ ਨੂੰ 20 ਅਗਸਤ 2013 ਨੂੰ ਮੰਦਰ ਦੇ ਸਾਹਮਣੇ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ ਸੀ।
10. ਮਿਡ ਡੇ ਦੇ ਮਸ਼ਹੂਰ ਕਰਾਈਮ ਰਿਪੋਰਟਰ ਜਿਓਤਿਰਮਯ ਡੇ ਦੀ 11 ਜੂਨ 2011 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਸ ਕੋਲ ਅੰਡਰਵਰਲਡ ਨਾਲ ਜੁੜੀ ਕਈ ਤਰ੍ਹਾਂ ਦੀ ਜਾਣਕਾਰੀ ਸੀ।




No comments:
Post a Comment