deshpunjabtimes.blogspot.com

Thursday, 19 April 2012

ਪਾਕਿ 'ਚ ਹਿੰਦੂ ਜਿਹਾਦੀ ਅੱਤਵਾਦ ਦਾ ਸ਼ਿਕਾਰ


 ਲੜਕੀਆਂ ਨੂੰ ਅਗਵਾ ਕਰਕੇ ਜਬਰੀ ਮੁਸਲਮਾਨ ਬਣਾ ਕੇ ਕਰਾਏ ਜਾ ਰਹੇ ਮੁਸਲਮਾਨਾਂ ਨਾਲ ਵਿਆਹ 
ਸੰਸਦ ਮੈਂਬਰ ਅਜ਼ਮ ਨੇ ਕੀਤੀ ਅਵਾਜ਼ ਬੁਲੰਦ 
ਹਿੰਦੂਆਂ ਦਾ ਅਗਵਾ ਕਰਕੇ ਲਈਆਂ ਜਾ ਰਹੀਆਂ ਨੇ ਫਿਰੌਤੀਆਂ

ਲਾਹੌਰ-ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ, ਖ਼ਾਸ ਕਰਕੇ ਹਿੰਦੂਆਂ 'ਤੇ ਘੋਰ ਅੱਤਿਆਚਾਰ ਕੀਤੇ ਜਾ ਰਹੇ ਹਨ। ਉੱਥੇ ਫਿਰੌਤੀ ਲਈ ਹਿੰਦੂ ਵਪਾਰੀਆਂ ਤੇ ਹੋਰਨਾਂ ਲੋਕਾਂ, ਖ਼ਾਸ ਕਰਕੇ ਹਿੰਦੂ ਕੁੜੀਆਂ ਨੂੰ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ ਤੇ ਮੁਸਲਿਮ ਨੌਜਵਾਨਾਂ ਨਾਲ ਉਨ੍ਹਾਂ ਦੇ ਵਿਆਹ ਤੱਕ ਕਰਵਾਏ ਜਾ ਰਹੇ ਹਨ।
2 ਮਹੀਨੇ ਪਹਿਲਾਂ ਕੋਇਟਾ ਤੋਂ ਅਗਵਾ ਹੋਏ ਰਾਜੇਸ਼ ਕੁਮਾਰ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ, ਜਦ ਕਿ ਇਸੇ 9 ਅਪ੍ਰੈਲ ਨੂੰ ਦੱਖਣ ਪੱਛਮੀ ਬਲੋਚਿਸਤਾਨ ਸੂਬੇ 'ਚ ਸਥਿਤ ਹਿੰਗਲਾਜ ਦੇਵੀ ਦੇ ਮੰਦਿਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਹਾਰਾਜ ਗੰਗਾਰਾਮ ਮੋਟਿਆਨੀ ਨੂੰ ਪੁਲੀਸ ਦੀ ਵਰਦੀ 'ਚ ਆਏ ਕੁਝ ਵਿਅਕਤੀਆਂ ਨੇ ਅਗ਼ਵਾ ਕਰ ਲਿਆ।
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੀ ਭੈਣ ਅਤੇ ਪੀ. ਪੀ. ਪੀ. ਦੀ ਸੰਸਦ ਮੈਂਬਰ ਅਜ਼ਰਾ ਫਜ਼ਲ ਪੇਚੁਹੋ ਨੇ ਮੰਨਿਆ ਹੈ ਕਿ ਪਾਕਿਸਤਾਨ 'ਚ ਹਿੰਦੂ ਕੁੜੀਆਂ ਨੂੰ ਮੁਸਲਮਾਨਾਂ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਲਈ ਕਨੂੰਨ ਬਣਾਉਣ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਰੋਕਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਮੰਨਿਆ ਕਿ ਉੱਥੇ ਹਿੰਦੂਆਂ ਨੂੰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਦੇ ਮਨੁੱਖੀ ਅਧਿਕਾਰ ਅਤੇ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਬਸੰਤ ਲਾਲ ਗੁਲਸ਼ਨ ਨੇ ਵੀ ਮੰਨਿਆ ਹੈ ਕਿ ਬਲੋਚਿਸਤਾਨ ਸੂਬੇ 'ਚ ਜ਼ਬਰਦਸਤੀ ਧਰਮ ਪਰਿਵਰਤਨ ਤੇ ਅਗ਼ਵਾ ਦੀਆਂ ਵੱਧਦੀਆਂ ਘਟਨਾਵਾਂ ਕਾਰਨ ਹਿੰਦੂ ਭਾਈਚਾਰੇ 'ਚ ਦਹਿਸ਼ਤ ਫੈਲੀ ਹੋਈ ਹੈ।
ਗੁਲਸ਼ਨ ਨੇ ਬਲੋਚਿਸਤਾਨ ਸਰਕਾਰ ਅਤੇ ਪੁਲੀਸ 'ਤੇ ਘੱਟ ਗਿਣਤੀਆਂ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਰੋਕਣ 'ਚ ਕੋਈ ਦਿਲਚਸਪੀ ਨਾ ਲੈਣ ਦਾ ਦੋਸ਼ ਲਗਾਇਆ ਹੈ। ਇਸੇ ਕਰਕੇ ਅਪਰਾਧੀ ਅਨਸਰ ਹਿੰਦੂਆਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾ ਰਹੇ ਹਨ।
ਉਨ੍ਹਾਂ ਕਿਹਾ, ''4 ਸਾਲਾਂ 'ਚ ਹਿੰਦੂ ਭਾਈਚਾਰੇ ਦੇ 50 ਤੋਂ ਵੱਧ ਵਿਅਕਤੀਆਂ ਨੂੰ ਫਿਰੌਤੀ ਲਈ ਅਗ਼ਵਾ ਕੀਤਾ ਗਿਆ, ਜਦ ਕਿ ਇਕੱਲੇ ਇਸ ਸਾਲ ਦੇ ਸ਼ੁਰੂ 'ਚ ਹੀ ਇਹ ਗਿਣਤੀ 25 ਹੋ ਗਈ ਹੈ।'' ਇਸੇ ਤਰ੍ਹਾਂ ਬਲੋਚਿਸਤਾਨ ਦੇ ਮੁੱਖ ਸਕੱਤਰ ਅਹਿਮਦ ਬਖਸ਼ ਲਹਿਰੀ ਦਾ ਵੀ ਕਹਿਣਾ ਹੈ ਕਿ ''ਪਿਛਲੇ ਕੁਝ ਮਹੀਨਿਆਂ 'ਚ 72 ਵਿਅਕਤੀਆਂ ਨੂੰ ਅਗ਼ਵਾ ਕੀਤਾ ਗਿਆ, ਜਿਨ੍ਹਾਂ 'ਚੋਂ 24 ਦਾ ਸੰਬੰਧ ਹਿੰਦੂ ਭਾਈਚਾਰੇ ਨਾਲ ਹੀ ਸੀ।
ਪਿਛਲੇ ਇੱਕ ਮਹੀਨੇ ਦੌਰਾਨ ਪਾਕਿਸਤਾਨ 'ਚ 20 ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ। ਤਾਜ਼ਾ ਮਾਮਲਾ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਦੀ ਧੀ ਤੇ ਮੀਰਪੁਰ ਮਾਥੇਲੋ ਪਿੰਡ ਦੀ 10ਵੀਂ ਜਮਾਤ ਦੀ ਵਿਦਿਆਰਥਣ 17 ਸਾਲਾ ਰਿੰਕਲ ਦਾ ਹੈ।
ਰਿੰਕਲ ਦੇ ਮਾਤਾ-ਪਿਤਾ ਆਪਣੀ ਜਾਤ ਦੇ ਕਿਸੇ ਨੌਜਵਾਨ ਨਾਲ ਉਸ ਦੇ ਵਿਆਹ ਦੀ ਤਿਆਰੀ ਕਰ ਰਹੇ ਸਨ, ਪਰ ਉਸ ਤੋਂ ਪਹਿਲਾਂ ਹੀ ਸਕੂਲ ਜਾਂਦੇ ਸਮੇਂ ਦੋਸ਼ੀ ਰਿੰਕਲ ਨੂੰ ਚੁੱਕ ਕੇ ਲੈ ਗਏ ਤੇ ਇੱਕ ਮੁਸਲਿਮ ਨੌਜਵਾਨ ਨਾਲ ਜ਼ਬਰਦਸਤੀ ਉਸ ਦਾ ਵਿਆਹ ਕਰ ਦਿੱਤਾ।
ਸਿੰਧ ਦੇ ਘੋਟਕੀ ਜਿਲ੍ਹੇ ਦੇ ਸੰਸਦ ਮੈਂਬਰ ਦੇ ਬੇਟੇ 'ਤੇ ਇਸ ਅਗ਼ਵਾ ਦਾ ਦੋਸ਼ ਹੈ। ਰਿੰਕਲ ਦੇ ਪਰਿਵਾਰ ਨੂੰ ਅਗ਼ਵਾਕਾਰਾਂ ਅਤੇ ਇਲਾਕੇ ਦੇ ਪ੍ਰਭਾਵਸ਼ਾਲੀ ਮੁਸਲਮਾਨਾਂ ਤੋਂ ਮਿਲ ਰਹੀਆਂ ਧਮਕੀਆਂ ਦੇ ਚੱਲਦਿਆਂ ਉਹ ਲਾਹੌਰ ਦੇ ਇੱਕ ਗੁਰਦੁਆਰੇ 'ਚ ਪਨਾਹ ਲੈਣ ਲਈ ਮਜਬੂਰ ਹੋ ਗਏ। ਰਿੰਕਲ ਨੇ ਅਦਾਲਤ 'ਚ ਕਿਹਾ ਕਿ ਉਸ ਨਾਲ ਵਧੀਕੀ ਹੋਈ ਹੈ ਤੇ ਉਹ ਆਪਣੇ ਘਰ ਜਾਣਾ ਚਾਹੁੰਦੀ ਹੈ। 'ਪਾਕਿ ਹਿੰਦੂ ਕੌਂਸਲ' ਦੀ ਮੰਗਲਾ ਸ਼ਰਮਾ ਦਾ ਕਹਿਣਾ ਹੈ ਕਿ ਹਿਊਮਨ ਰਾਈਟਸ ਆਫ਼ ਪਾਕਿਸਤਾਨ ਅਤੇ ਮੀਡੀਆ ਨੇ ਇੱਕ ਮਹੀਨੇ 'ਚ 20 ਹਿੰਦੂ ਕੁੜੀਆਂ ਦੇ ਧਰਮ ਪਰਿਵਰਤਨ ਦੀ ਗੱਲ ਕਹੀ ਹੈ, ਪਰ ਅਸਲੀ ਗਿਣਤੀ ਇਸ ਨਾਲੋਂ ਕਿਤੇ ਜ਼ਿਆਦਾ ਹੈ।
ਸੈਂਕੜਿਆਂ ਦੀ ਗਿਣਤੀ 'ਚ ਨਾਰਾਜ਼ ਘੱਟ ਗਿਣਤੀਆਂ ਨੇ ਬੀਤੇ ਦਿਨੀਂ ਲਾਹੌਰ 'ਚ ਜ਼ਬਰਦਸਤ ਵਿਰੋਧ ਮੁਜ਼ਾਹਰਾ ਕੀਤਾ। ਹੁਣ ਤੱਕ 50 ਹਿੰਦੂ ਪਰਿਵਾਰ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਤੋਂ ਪਲਾਇਨ ਕਰ ਚੁੱਕੇ ਹਨ।
ਹੋਰਨਾਂ ਘੱਟ ਗਿਣਤੀਆਂ 'ਤੇ ਵੀ ਅੱਤਿਆਚਾਰ ਕੀਤੇ ਜਾ ਰਹੇ ਹਨ। 26 ਫਰਵਰੀ ਨੂੰ ਸਿਆਲਕੋਟ ਦੇ ਇੱਕ ਪਿੰਡ 'ਚ ਇੱਕ ਇਸਾਈ ਔਰਤ ਸੀਮਾ ਬੀਬੀ ਨੂੰ ਉਸ ਦੇ ਗੈਰ-ਇਸਲਾਮੀ ਵਿਚਾਰਾਂ ਲਈ 30 ਵਿਅਕਤੀਆਂ ਨੇ ਉਸ ਦੇ ਘਰੋਂ ਬਾਹਰ ਧੂਹ ਕੇ ਅਣ-ਮਨੁੱਖੀ ਤਸੀਹੇ ਦਿੱਤੇ।ਉਸ ਦੇ ਵਾਲ ਮੁੰਡਵਾ ਕੇ ਸੜਕਾਂ 'ਤੇ ਘੁਮਾਇਆ ਗਿਆ। ਇਸ ਘਟਨਾ ਤੋਂ ਬਾਅਦ ਸੀਮਾ ਤੇ ਉਸ ਦਾ ਪਰਿਵਾਰ ਪਿੰਡ ਛੱਡ ਕੇ ਕਿਸੇ ਅਣਪਛਾਤੀ ਥਾਂ 'ਤੇ ਚਲੇ ਗਏ। ਇਸੇ ਤਰ੍ਹਾਂ ਕਰਾਚੀ 'ਚ 2 ਪਾਕਿਸਤਾਨੀ ਇਸਾਈਆਂ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਅਗਵਾ ਕਰ ਲਿਆ।ਇਹੋ ਨਹੀਂ, 'ਨੈਸ਼ਨਲ ਕਮਿਸ਼ਨ ਫਾਰ ਜਸਟਿਸ ਐਂਡ ਪੀਸ' (ਐਨ. ਸੀ. ਜੇ. ਪੀ.) ਦੀ ਰਿਪੋਰਟ 'ਚ ਇਹ ਖੁਲਾਸਾ ਵੀ ਕੀਤਾ ਗਿਆ ਹੈ ਕਿ ਪਾਕਿਸਤਾਨ 'ਚ ਲੱਗਭੱਗ 74 ਫੀਸਦੀ ਘੱਟ ਗਿਣਤੀ ਔਰਤਾਂ ਯੌਨ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ।


No comments:

Post a Comment