ਸਮਕਾਲੀ ਪੰਜਾਬੀ ਗਾਇਕੀ ਸ਼ਬਦ ਅਤੇ ਚਿਤਰ ਦੇ ਪੱਧਰ 'ਤੇ ਤਿੰਨ ਵੱਡੇ ਚਿੰਨ੍ਹਾਂ ਜੱਟ, ਸਰਦਾਰ ਅਤੇ ਵੈਲੀ ਦੇ ਧੁਰਿਆਂ ਦੁਆਲੇ ਘੁੰਮ ਰਹੀ ਹੈ। ਇਤਿਹਾਸਕ ਰੂਪ 'ਚ ਅਤੀਤ ਹੋ ਗਏ ਇਨ੍ਹਾਂ ਚਿੰਨ੍ਹਾਂ ਨੂੰ ਮੰਡੀ ਸੱਭਿਆਚਾਰ ਦੀ ਹਾਈ-ਟੈਕ ਮਸ਼ੀਨ ਵਿੱਚ ਪਿੰਜ ਕੇ ਇਸ ਦਾ ਵੱਡੇ ਪੱਧਰ 'ਤੇ ਉਤਪਾਦ ਕੀਤਾ ਜਾ ਰਿਹਾ ਹੈ। ਇਸ ਖਿਲਾਰੇ ਦੇ ਬਹੁਰੰਗਾਂ ਦਾ ਮਕਸਦ ਇੱਕੋ ਹੁੰਦਾ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਪ੍ਰਣਾਏ ਬੰਦੇ ਦੇ ਜ਼ਿਹਨ ਉੱਤੇ ਸਰਦਾਰ/ਜੱਟ ਹੋਣ ਦੀ ਤੀਬਰ ਇੱਛਾ ਨੂੰ ਪਦਾਰਥਕ ਰੂਪ 'ਚ ਢਾਲਣਾ ਤੇ ਇਹ ਕੰਮ ਵਿਚਾਰਧਾਰਕ ਰੂਪ 'ਚ ਜਾਰੀ ਹੈ। ਸਰਦਾਰ ਭਾਵ ਰਾਠ ਸੱਭਿਆਚਾਰ ਦਾ ਇਤਿਹਾਸ, ਦਮਨ ਦਾ ਪ੍ਰਤੀਕ ਰਿਹਾ ਹੋਣ ਦੀ ਬਜਾਏ, ਜੇਬ ਵਿੱਚ ਉੱਗੀ ਧਨ ਦੀ ਨਵੀਂ ਤਾਜ਼ਗੀ ਸਦਕਾ ਵਡਿਆਈ ਵਜੋਂ ਵੱਡੇ ਰੂਪ 'ਚ ਉਤਪਾਦ ਹੋਣ ਲੱਗਦਾ ਹੈ।
ਤਸਕੀਨ phone98140-99426
ਜੱਟ ਸਰਦਾਰ (ਛੋਟੀ ਕਿਸਾਨੀ) ਨਹੀਂ ਹੋ ਸਕਦਾ, ਕਿਉਂਕਿ ਰਾਠ ਬਣਨ ਲਈ ਬਹੁਤ ਸਾਰੀ ਜਾਇਦਾਦ (ਜ਼ਮੀਨ) ਦਾ ਹੋਣਾ ਜ਼ਰੂਰੀ ਹੈ ਜੋ ਉਸ ਨੂੰ ਅਵਾਰਾ ਧਨ ਦਾ ਭੋਗ ਕਰਾਵੇ। ਜੱਟ ਆਪਣੀ 'ਅਣਖ' ਦੀ ਦਹਿਸ਼ਤ ਸਦਕਾ ਵੈਲੀ ਬਣਨ ਵੱਲ ਪ੍ਰੇਰਿਤ ਹੁੰਦਾ ਹੈ ਤੇ ਰਾਠਾਂ ਵੱਲੋਂ ਹੁੰਦਾ ਛੋਟੇ ਕਿਸਾਨ ਦਾ ਦਮਨ ਵੈਲੀ ਬਣਨ ਲਈ ਮਜਬੂਰ ਕਰਦਾ ਹੈ, ਭਾਵੇਂ ਉਹ ਫਿਰ ਰਾਠਾਂ ਦੇ ਹਿੱਤ ਵਿੱਚ ਹੀ ਭੁਗਤਦਾ ਹੈ।
ਕਾਕੇ ਭਾਵੇਂ ਜੱਟਾਂ ਦੇ ਹੋਣ, ਸਰਦਾਰਾਂ ਦੇ, ਸੈਣੀਆਂ, ਕੰਬੋਆਂ, ਲੁਬਾਣਿਆਂ ਜਾਂ ਚਮਾਰਾਂ ਦੇ, ਅਰਥ ਜੱਟ ਸੱਭਿਆਚਾਰ ਦੇ ਜਗੀਰੂ ਰੂਪ ਨੂੰ ਹੀ ਪ੍ਰਤੀਬਿੰਬਤ ਕਰਦੇ ਹਨ ਤੇ ਜੱਟ ਬਣਨ ਦੀ ਤੀਬਰ ਇੱਛਾ ਨਾਲ ਲਬਰੇਜ਼ ਹਨ (ਬ੍ਰਾਹਮਣਿਕ ਵਿਚਾਰਧਾਰਾ ਦਾ ਇਹੋ ਲੁਭਾਉਣਾ 'ਗੁਣ' ਹੈ)। ਬਠਿੰਡਾ ਮਾਰਕਾ ਗਾਇਕੀ ਦੇ ਸੈਂਕੜੇ ਪ੍ਰਵਚਨ ਜੱਟ ਸੱਭਿਆਚਾਰ ਨੂੰ ਸਾਮੰਤੀ ਪਕਿਆਈ ਦਿੰਦੇ, ਸੱਤਾ ਦੁਆਰਾ ਹੁੰਦੇ ਅੱਤਿਆਚਾਰ ਨੂੰ ਮਾਨਤਾ ਦੇਣ ਵਿੱਚ ਰੁੱਝੇ ਹੋਏ ਹਨ। ਰਾਠ ਸੱਭਿਆਚਾਰ ਨੂੰ ਹੁਲਾਰਾ ਮਿਲਦਾ ਹੈ। ਗੱਡੀਆਂ, ਰਫਲਾਂ ਅਤੇ ਔਰਤ ਭੋਗ ਲਈ ਹਿੰਸਾ ਵਿੱਚ ਪੁਰਜ਼ੋਰ ਵਾਧਾ ਹੋਣ ਲੱਗਦਾ ਹੈ। ਇੱਥੇ ਇੱਕ ਗੱਲ ਸਪੱਸ਼ਟ ਕਰਨੀ ਜ਼ਰੂਰੀ ਹੈ ਕਿ ਸਰਦਾਰਾਂ ਭਾਵ ਰਾਠਾਂ ਅਤੇ ਜੱਟਾਂ ਵਿੱਚ ਫ਼ਰਕ ਜਮਾਤੀ ਪਾੜਾ ਹੀ ਹੁੰਦਾ ਹੈ। ਜੱਟ ਉਤਪਾਦਨੀ ਕਾਮਾ ਹੈ ਅਤੇ ਰਾਠ ਇੱਕ ਜੋਕ ਦੀ ਤਰ੍ਹਾਂ ਹੈ, ਜੋ ਹੋਰਾਂ ਦੀ ਕਿਰਤ ਸ਼ਕਤੀ ਨੂੰ ਹੜੱਪ ਕੇ ਅੱਯਾਸ਼ ਜੀਵਨ ਭੋਗਦਾ ਹੈ। ਜਦੋਂ ਜੱਟ ਕੋਲ ਉਤਪਾਦਨੀ ਕਿਰਤ ਦੀ ਬਜਾਏ ਆਵਾਰਾ ਪੂੰਜੀ (ਮਹਿੰਗੀ ਵਿਕੀ ਜ਼ਮੀਨ ਜਾਂ ਵਿਦੇਸ਼ਾਂ 'ਚੋਂ ਆਇਆ ਧਨ) ਦੀ ਬਹੁਤਾਤ ਹੁੰਦੀ ਹੈ ਅਤੇ ਉਹ ਉਤਪਾਦਨੀ ਸੰਬੰਧਾਂ ਵਿੱਚੋਂ ਜਦੋਂ ਬਾਹਰ ਹੋ ਜਾਂਦਾ ਹੈ, ਤਾਂ ਉਹ ਰਾਠ ਸੱਭਿਆਚਾਰ ਵਿੱਚ ਹੀ ਜਾਂਦਾ ਹੈ। ਇਹ ਪੂੰਜੀ ਦਾ ਜਮਾਤੀ ਗੁਣ/ਸੁਭਾਅ ਹੈ।
1. ਬਾਪੂ ਵਾਲੇ ਕੈਸ਼ 'ਤੇ ਮਿੱਤਰੋ
ਐਸ਼ਾਂ ਈ ਐਸ਼ਾਂ ਨੇ।
2. ਵਿਹਲਾ ਜੱਟ ਫਿਰਦਾ ਏ ਪੰਗੇ ਲੈਣ ਨੂੰ।
3. ਕਦੇ ਲਾਉਣ ਕਲਾਸਾਂ ਨਾ
ਬੈਠ ਕੰਟੀਨੀ
ਪਾ ਕੇ ਵੱਧ ਚੀਨੀ ਪੀਂਦੇ ਸੀ ਚਾਹਾਂ
ਬਣਾਉਣ ਸਲਾਹਾਂ
ਕਿਵੇਂ ਕੁਝ ਕਰੀਏ
ਧਮਕ ਅਸਮਾਨੀ...
ਅਜਿਹੇ 'ਆਦਰਸ਼' ਸੱਭਿਆਚਾਰ ਦੀ ਉਸਾਰੀ ਹਿੱਤ ਉਹ ਲੋਕ ਸੱਤਾ ਪ੍ਰਾਪਤੀ ਦੇ ਮੁਕਾਬਲੇ ਵਿੱਚ ਆ ਜਾਂਦੇ ਹਨ, ਜਿਨ੍ਹਾਂ ਕੋਲ ਧਨ ਪਹਿਲਾਂ ਹੀ ਪ੍ਰਾਪਤ ਹੁੰਦਾ ਹੈ ਜਾਂ 'ਜੱਦੀ ਜਾਇਦਾਦ' ਵਿਕਣ ਨਾਲ ਪ੍ਰਾਪਤ ਹੋ ਜਾਂਦਾ ਹੈ। ਸੱਤਾ ਪ੍ਰਾਪਤੀ ਦਾ ਜਦੋਂ ਇੱਕੋ-ਇੱਕ ਸਾਧਨ ਧਨ ਹੈ ਅਤੇ ਅੱਜ ਉਹ ਉਤਪਾਦਨੀ ਕਿਰਤ ਵਿੱਚੋਂ 'ਨਸੀਬ' ਨਹੀਂ ਹੋ ਸਕਦਾ ਤਾਂ ਉਸ ਦੀ ਪ੍ਰਾਪਤੀ ਦਾ ਵਸੀਲਾ ਇਸ ਮੰਡੀ ਸੱਭਿਆਚਾਰ ਵਿੱਚ ਮੌਜੂਦ ਹੈ। ਸਾਮਾਜਿਕ ਰੂਪ 'ਚ ਹਿਕਾਰਤ ਭਰੇ ਕੁਝ ਕੰਮ ਜਿਵੇਂ ਦਲਾਲੀ, ਝੂਠ, ਡਾਕਾ, ਭ੍ਰਿਸ਼ਟਾਚਾਰ ਇਸ ਮੰਡੀ ਸੱਭਿਆਚਾਰ ਦਾ ਕੇਂਦਰੀ ਸਥਾਨ ਮੱਲ ਬਹਿੰਦੇ ਹਨ। ਸੱਤਾ ਪ੍ਰਾਪਤੀ ਲਈ ਸਭ ਮਾਨਵੀ ਮੁੱਲ ਦਾਅ 'ਤੇ ਲੱਗ ਜਾਂਦੇ ਹਨ। ਧਨ ਭਾਵੇਂ ਵੇਸਵਾਗਿਰੀ 'ਚੋਂ ਪ੍ਰਾਪਤ ਹੋਵੇ, ਧੋਖਾਧੜੀ, ਦੱਲਾਗਿਰੀ ਜਾਂ ਕਿਸੇ ਵੀ ਅਮਾਨਵੀ ਕਾਰੇ 'ਚੋਂ ਇਸ ਮੰਡੀ 'ਚ ਸਭ ਜਾਇਜ਼ ਹੈ। ਸਾਧਨ ਪ੍ਰਾਪਤ ਵਿਅਕਤੀ ਦੀ ਸੱਤਾ ਨੂੰ ਤੰਤਰ ਸਲਾਮ ਕਰਦਾ ਹੈ।
ਵੇ ਹੁੰਦੇ ਬਾਪੂ ਜੀ ਪਟਵਾਰੀ
ਅਫ਼ਸਰ ਤੂੰ ਲੱਗਿਆ ਸਰਕਾਰੀ
ਨਾ ਕੋਈ ਹੁੰਦੀ ਨਣਦ ਕੁਆਰੀ
ਵੇ ਮੇਰੇ ਹੱਥ ਹੁੰਦੀ ਮੁਖਤਿਆਰੀ
ਨਿੱਕੇ ਟੱਬਰ 'ਚ ਨਾ ਕੋਈ
ਹੋਣੀ ਤੇਰ ਮੇਰ ਸੀ
ਜ਼ਿੰਦਗੀ ਜਿਊਣ ਦਾ ਨਜ਼ਾਰਾ
ਆਉਣਾ ਫੇਰ ਸੀ।
ਮੰਤਰੀ ਜੇ ਹੁੰਦਾ ਕਿਤੇ
ਪਹਿਲੀ ਸਰਕਾਰ ਦਾ
ਛੋਟਾ ਮੋਟਾ ਐੱਮ. ਐੱਲ. ਏ. ਵੀ ਹੁੰਦਾ
ਜੇ ਬਿਹਾਰ ਦਾ
ਨੀ ਤਗੜਾ ਇੱਕ ਘੁਟਾਲਾ ਕਰਕੇ
ਅੱਧ ਲੈ ਹੱਥ ਜੀ ਧਰਕੇ
ਪਹੁੰਚਦੇ ਕੈਨੇਡਾ ਅਸੀਂ
ਲਾਉਣੀ ਨਹੀਂ ਦੇਰ ਸੀ
ਜ਼ਿੰਦਗੀ ਜਿਊਣ.....
ਲਵਲੀ ਨਿਰਮਾਣ + ਭਰਵੀਨ ਪਾਰਟਾ
ਕੋਈ ਢੋਲਾ ਜੁਗਤ ਲੜਾ ਲਈਏ
ਚੱਲ ਬੱਲੀਏ ਫ਼ਿਲਮ ਬਣਾ ਲਈਏ
ਨਾਲੇ ਚਾਰ ਕਬੂਤਰ 'ਡਾਅ ਲਾਂ ਗੇ
ਇਹ ਖੇਡ ਕਈਆਂ ਨੇ ਖੇਡੀ
ਗੁਰਦਾਸ ਨੂੰ ਹੀਰੋ ਲੈ ਲਾਂ ਗੇ
ਤੇ ਘੁੱਗੀ ਕਰੂ ਕਮੇਡੀ
ਫਿਰ ਨੋਟ ਸੰਭਾਲੇ ਜਾਣੇ ਨ੍ਹੀ
ਜਦ ਐਡ ਕਰੀ ਅਖ਼ਬਾਰਾਂ ਦੀ
ਫਿਰ ਬਹਿ ਦਫਤਰ ਵਿੱਚ ਚੋਣ ਕਰੀਂ
ਤੂੰ ਹੀਰੋਇਨ ਮੁਟਿਆਰਾਂ ਦੀ
ਕੰਮ ਉੱਪਰੋਂ ਉੱਪਰੋਂ ਚੱਲ ਜੂਗਾ
ਪੱਲਿਉਂ ਨਹੀਂ ਲਾਉਣੀ ਕੌਡੀ...।
ਦੋ ਚਾਰ ਵੀ ਤੀਰ ਬਰਾੜਾ ਜੇ
ਇੱਕ ਵਾਰ ਟਿਕਾਣੇ ਬਹਿ ਗਏ ਵੇ
ਫਿਰ ਜੇਲ 'ਚ ਰੋਟੀ ਖਾਵਾਂਗੇ
ਲੈਣੇ ਦੇ ਦੇਣੇ ਪੈ ਗਏ ਜੇ
ਕਿਤੇ ਦੂਰ ਕਾਕੜੇ ਉਡਜਾਂਗੇ
ਵੱਸਦੀ ਏ ਦੁਨੀਆਂ ਐਡੀ...।
-ਮਿਸ ਪੂਜਾ + ਦਰਸ਼ਨ ਖੇਲਾ
ਵੀਹਵੀਂ ਸਦੀ ਦੇ ਆਖਰੀ ਦਹਾਕੇ 'ਚ ਜਦੋਂ ਪੰਜਾਬੀ ਸੱਭਿਆਚਾਰ ਦੇ ਬੂਹੇ 'ਤੇ ਰਣਜੀਤ ਮਣੀ ਦੀ ਗਾਇਕੀ ਨੇ ਦਸਤਕ ਦਿੱਤੀ, ਤਾਂ ਉਸ ਦੀ ਗਾਇਕੀ 'ਚ ਫੂਹੜਪਨ ਚੋਂਦਾ ਸੀ। ਇੱਥੇ ਸ਼ਬਦ ਦਾ ਸਾਹਿਤ ਨਾਲੋਂ ਅਤੇ ਗਾਇਨ ਦਾ ਸੰਗੀਤ ਨਾਲੋਂ ਰਿਸ਼ਤਾ ਟੁੱਟਣਾ ਸ਼ੁਰੂ ਹੁੰਦਾ ਹੈ। ਇਹ ਦੋਵੇਂ ਕਾਣ ਮਾਰੇ ਨਜ਼ਰ ਆਉਂਦੇ ਸਨ, ਪਰ ਹੌਲੀ-ਹੌਲੀ ਸੰਗੀਤਕ 'ਸੁਰਾਂ' ਦਾ ਕਲਾ ਨਾਲੋਂ ਨਾਤਾ ਟੁੱਟਦਾ ਗਿਆ ਅਤੇ ਕਾਣਸੁਰੇ ਬੇਢਬੀਆਂ ਆਵਾਜ਼ਾਂ ਕੱਢਣ ਵਾਲੇ ਸੰਗੀਤ ਦਾ ਕੇਂਦਰ ਮੱਲ ਬੈਠੇ।
ਬਠਿੰਡਾ ਮਾਰਕਾ ਗਾਇਕੀ ਦਾ ਉਥਾਨ ਚਮਕੀਲਾ ਗਾਇਨ ਦੇ ਅੰਤ ਕਾਰਨ ਪੈਦਾ ਹੋਏ ਖਲਾਅ 'ਚੋਂ ਹੁੰਦਾ ਹੈ। ਲੁਧਿਆਣਾ ਮਾਰਕਾ ਗਾਇਕੀ ਜਦੋਂ ਸਿਰਫ਼ ਚਮਕੀਲਾ ਕੇਂਦਰਿਤ ਹੋ ਗਈ ਤਾਂ ਇੱਥੋਂ ਦਾ ਗਾਇਕੀ ਉਦਯੋਗ ਗਰਕਣ ਦੀ ਹਾਲਤ ਤੱਕ ਨਿੱਘਰ ਗਿਆ ਅਤੇ ਉਸ ਦੇ ਦੁਖਾਂਤਕ ਅੰਤ 'ਚ ਇਹ ਲੱਗਭੱਗ ਉੱਜੜ ਗਿਆ। ਗੁਰਦਾਸ ਮਾਨ ਇਸ ਗਾਇਕੀ ਕੇਂਦਰ ਦਾ ਹਿੱਸਾ ਨਹੀਂ ਸੀ। ਉਹ ਮਾਲਵੇ 'ਚ 'ਹਰੀ ਕ੍ਰਾਂਤੀ' ਸਦਕਾ ਪੈਦਾ ਹੋਈ ਨਵੀਂ ਪੜ੍ਹੀ-ਲਿਖੀ ਧਿਰ ਨੂੰ ਸੰਬੋਧਿਤ ਸੀ, ਜੋ ਨਵੀਆਂ ਕਦਰਾਂ-ਕੀਮਤਾਂ ਦੀ ਸ਼ੁਰੂਆਤ ਕਰ ਰਹੀ ਸੀ। ਚਮਕੀਲਾ ਅਤੇ ਗੁਰਦਾਸ ਮਾਨ ਇੱਕੋ ਸਮੇਂ ਦੋ ਸਮਾਨਅੰਤਰ ਵਿਚਾਰਧਾਰਾਵਾਂ ਦੇ ਸੱਭਿਆਚਾਰਕ ਪ੍ਰਤੀਨਿੱਧ ਵਜੋਂ ਆਹਮੋ-ਸਾਹਮਣੇ ਸਨ (ਇਹ ਦੋਵੇਂ ਗੀਤਕਾਰ ਵੀ ਹਨ/ਸਨ)। ਚਮਕੀਲਾ ਦਾ ਪ੍ਰੇਰਨਾ ਸਰੋਤ/ਆਦਰਸ਼ ਬਸਤੀਵਾਦ ਵੇਲੇ ਪੈਦਾ ਹੋਇਆ ਵੈਲੀ ਸੱਭਿਆਚਾਰ/ਕਿੱਸਾ-ਕਾਵਿ ਸੀ, ਤਾਂ ਗੁਰਦਾਸ ਮਾਨ ਦਾ ਪ੍ਰੇਰਨਾ ਸਰੋਤ ਮੱਧਕਾਲ ਦੇ ਫ਼ਕੀਰਾਂ ਦਾ ਚਿੰਤਨ ਸੀ, ਜਿਸ ਨਜ਼ਰ 'ਚੋਂ ਉਹ ਵਰਤਮਾਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਚਮਕੀਲਾ ਹਰੀ ਕ੍ਰਾਂਤੀ ਦੀਆਂ ਬਰਕਤਾਂ ਕਾਰਨ ਖ਼ੁਸ਼ਹਾਲ ਹੋਈ ਜਗੀਰੂ ਸੋਚ ਵਾਲੀ ਅਨਪੜ੍ਹ ਧਿਰ ਦੇ ਵਿਚਾਰਾਂ ਨੂੰ ਨਵੀਂ ਖੁਸ਼ਹਾਲੀ 'ਚ ਵੈਲੀ ਰਾਹ ਵੱਲ ਪੱਕੇ ਪੈਰੀਂ ਤੁਰਨ ਲਈ ਮਦਦ ਕਰ ਰਿਹਾ ਸੀ ਜਿੱਥੇ ਵੈਲੀ ਦੁਆਰਾ ਸੈਕਸ ਲਈ ਰੰਨਾਂ ''ਮਾਲ ਪੂੜਿਆਂ ਵਾਂਗੂੰ ਝੱਫੀਆਂ'' ਜਾ ਸਕਦੀਆਂ ਹਨ ਅਤੇ ਇਸ ਸੱਤਾ ਦੀ ਪ੍ਰਾਪਤੀ ਲਈ ਹਿੰਸਾ ਜਿਸ ਦਾ ਸ਼ੌਂਕ ਹੁੰਦਾ ਹੈ।
ਹਰੀ ਕ੍ਰਾਂਤੀ ਸਦਕਾ ਉੱਭਰੀ ਚਮਕੀਲੇ ਦੀ ਵੈਲੀ ਧਿਰ, ਖੇਤੀ ਦੇ ਪੂੰਜੀਵਾਦੀ ਉਤਪਾਦਨ 'ਚ ਪ੍ਰਵਾਸੀ ਮਜ਼ਦੂਰਾਂ ਸਦਕਾ ਸਰਦਾਰਾਂ ਵਾਂਗ ਵਿਹਲੜ ਹੋ ਚਮਕੀਲੇ ਦੇ ਬੋਧ 'ਚੋਂ ਆਪਣੀ ਵਿਚਾਰਧਾਰਾ ਦੇ ਭਾਵਾਂ ਦਾ ਪ੍ਰਗਟਾਵਾ ਕਰ ਰਹੀ ਸੀ ਅਤੇ ਇਸ ਦਾ ਆਦਰਸ਼ ਵੈਲੀ ਸੱਤਾ ਰਾਹੀਂ ਰੰਨਾਂ ਭੋਗਣਾ ਸੀ। ਇਸੇ ਲਈ ਜਸ਼ਨ ਦੇ ਇਸ ਮਾਹੌਲ 'ਚ ਹਥਿਆਰਾਂ, ਨਸ਼ਿਆਂ ਦਾ ਖੁੱਲ੍ਹਾ ਸਮਰਥਨ ਚਮਕੀਲਾ ਵਿਚਾਰਧਾਰਾ ਦੀ ਅਹਿਮ ਪ੍ਰਾਪਤੀ ਸੀ, ਜਿਸ ਨੇ ਵਿਹਲੜਪੁਣਾ ਅਗਲੀ ਪੀੜ੍ਹੀ ਨੂੰ ਵਿਰਸੇ ਵਿੱਚ ਸੌਂਪ ਦਿੱਤਾ, ਜੋ ਅੱਜ ਦੇ ਸਮੇਂ 'ਚ ਉਹਨਾਂ ਦੀ 'ਮਾਣਯੋਗ' ਪ੍ਰਾਪਤੀ ਬਣ ਗਿਆ ਹੈ। ਚਮਕੀਲੇ ਦੇ ਅੰਤ ਦਾ ਖਲਾਅ ਇਸ ਧਿਰ ਲਈ ਸੱਭਿਆਚਾਰਕ ਖਲਾਅ ਬਣ ਗਿਆ, ਕਿਉਂਕਿ ਸਿੱਖਿਅਤ ਧਿਰ ਲਗਾਤਾਰ ਅਨਪੜ੍ਹ ਜੂਲੇ ਤੋਂ ਮੁਕਤ ਹੋਣ ਲਈ ਸਿੱਖਿਆ ਦੀ ਗਤੀਸ਼ੀਲਤਾ 'ਚ ਸ਼ਾਮਿਲ ਹੋ ਰਹੀ ਸੀ। ਚਮਕੀਲੇ ਦੀ ਆਦਰਸ਼ ਰੰਨ ਸਿੱਖਿਆ ਸਦਕਾ ਵੈਲੀ ਜੂਲੇ ਤੋਂ ਮੁਕਤ ਹੋਣ 'ਚ ਰੁੱਝੀ, ਤਾਂ ਬਠਿੰਡਾ ਸੱਭਿਆਚਾਰ ਦੇ ਇਸ ਨਵੇਂ ਭੇੜ ਦਾ ਕੇਂਦਰ ਬਣ ਗਿਆ। ਚਮਕੀਲੇ ਦੀ ਗੈਰ-ਹਾਜ਼ਰੀ ਨੇ ਵੈਲੀ ਦੇ ਜਸ਼ਨ ਨੂੰ ਰੁਦਨ 'ਚ ਪਲਟ ਦਿੱਤਾ, ਕਿਉਂਕਿ ਸਿੱਖਿਆ ਸਦਕਾ ਇਹ ਔਰਤ ਵੈਲੀ ਭਾਵ ਜਗੀਰੂ ਹੱਥਾਂ 'ਚੋਂ ਨਿਕਲ ਗਈ ਪ੍ਰਤੀਤ ਹੋ ਰਹੀ ਸੀ, ਜੋ ਇਸ ਵਿਚਾਰਧਾਰਾ ਨੂੰ ਪੁਰਖ ਤੰਤਰ ਦੀ ਹਾਰ ਜਾਪਣ ਲੱਗੀ ਅਤੇ ਇਸ ਦੇ ਗਾਇਕੀ ਸੱਭਿਆਚਾਰ ਨੇ ਰੁਦਨੀ ਰਾਹ ਅਖਤਿਆਰ ਕਰ ਲਿਆ। ਗਲੋਬਲੀ ਯੁੱਗ ਦੀ ਆਰਥਿਕ ਪਕਿਆਈ ਸਦਕਾ ਜਦੋਂ ਸੱਭਿਆਚਾਰ ਮੰਡੀ ਦੇ ਹਿੱਤ ਭੁਗਤਣ ਲੱਗਾ, ਤਾਂ ਜਗੀਰੂ ਵਿਚਾਰਾਂ ਦੀ ਬੇਹੱਦ ਸਪਲਾਈ ਨੇ ਬਠਿੰਡਾ ਮਾਰਕਾ ਵਿਚਾਰਾਂ ਦਾ ਤਾਬੜਤੋੜ ਉਤਪਾਦਨ ਸ਼ੁਰੂ ਕਰ ਦਿੱਤਾ। ਮਿਸ ਪੂਜਾ ਰਾਹੀਂ ਚਮਕੀਲਾ ਵਿਚਾਰਧਾਰਾ ਮੁੜ ਪੱਕੇ ਪੈਰੀਂ ਹੋ ਗਈ ਅਤੇ ਰੁਦਨ/ਨਸ਼ੇ ਸੱਤਾ ਦੀ ਦੌੜ 'ਚੋਂ ਪਿੱਛੇ ਰਹਿ ਗਏ ਲੋਕਾਂ ਦੀ ਹੋਣੀ ਬਣ ਗਏ ਹਨ, ਜਿਨ੍ਹਾਂ ਦੀ ਗਿਣਤੀ ਚੋਖੀ ਹੈ। ਮਿਸ ਪੂਜਾ ਦੇ ਵੈਲੀ ਦਾ ਅਕਸ ਗਲੋਬਲੀ ਵਿਚਾਰਧਾਰਾ 'ਚੋਂ ਆਕਾਰ ਗ੍ਰਹਿਣ ਕਰਦਾ ਹੋਣ ਕਾਰਨ ਬਠਿੰਡਾ ਗੀਤਾਂ ਤੇ ਪੁਸਤਕਾਂ 'ਚੋਂ ਭਵਿੱਖ ਵੱਲ ਵੱਧ ਰਿਹਾ ਹੈ, ਭਾਵ ਵਿਚਾਰਧਾਰਕ ਭੇੜ ਦਾ ਕੇਂਦਰ ਇਹੋ ਖੇਤਰ ਹੈ।






No comments:
Post a Comment