ਘਰ ਪਰਿਵਾਰ ਦੇ ਮਾੜੇ ਸਲੂਕ ਕਾਰਨ ਲੈਂਦੀਆਂ ਨੇ ਆਸ਼ਰਮ ਦਾ ਸਹਾਰਾ
ਗਰੀਬੀ ਕਾਰਨ ਮੰਗ ਕੇ ਵੀ ਕਰਨਾ ਪੈਂਦੈ ਗੁਜ਼ਾਰਾ
ਮਰਨ ਤੋਂ ਬਾਅਦ ਆਸ਼ਰਮ ਵਾਲੇ ਵਹਾ ਦਿੰਦੇ ਨੇ ਗੰਗਾ 'ਚ ਲਾਸ਼ਰਜਿੰਦਰ ਕੌਰ
ਭਾਰਤ ਵਿੱਚ ਹਿੰਦੂ ਵਿਧਵਾਵਾਂ ਕਾਸ਼ੀ, ਮਥੁਰਾ ਵਿੱਚ ਨਰਕ ਭੋਗ ਰਹੀਆਂ ਦੇਖੀਆਂ ਜਾ ਸਕਦੀਆਂ ਹਨ। ਹਿੰਦੂ ਭਾਈਚਾਰੇ ਦੀ ਧਾਰਮਿਕ ਰਾਜਧਾਨੀ ਕਾਸ਼ੀ ਵਿੱਚ ਕਈ ਵਿਧਵਾ ਆਸ਼ਰਮ, ਬਜ਼ੁਰਗ ਆਸ਼ਰਮ ਤੇ ਮੱਠ ਹਨ। ਉੱਥੇ ਲੱਗਭੱਗ 10 ਹਜ਼ਾਰ ਵਿਧਵਾਵਾਂ ਆਪਣੇ ਜੀਵਨ ਦੇ ਆਖਰੀ ਦਿਨ ਗੁਜ਼ਾਰ ਰਹੀਆਂ ਹਨ। ਕਈਆਂ ਨੂੰ ਸਿਰ ਛੁਪਾਉਣ ਲਈ ਜਗ੍ਹਾ ਮਿਲ ਜਾਂਦੀ ਹੈ ਤਾਂ ਕਈ ਸੜਕ 'ਤੇ ਭੀਖ ਮੰਗ ਕੇ ਗੁਜ਼ਾਰਾ ਕਰਦੀਆਂ ਹਨ। ਇਨ੍ਹਾਂ ਦੀ ਮੈਲੀਆਂ ਚਿੱਟੀਆਂ ਸਾੜ੍ਹੀਆਂ, ਪਿਚਕੀਆਂ ਹੋਈਆਂ ਗਲ੍ਹਾਂ, ਝੁਕੀ ਕਮਰ ਤੇ ਸੁੱਕੇ ਸਰੀਰ ਨੂੰ ਦੇਖ ਕੇ ਇਨ੍ਹਾਂ ਨੂੰ ਭੀੜ ਵਿੱਚ ਵੀ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਆਸ਼ਰਮਾਂ 'ਚ ਵੀ ਉਨ੍ਹਾਂ ਨਾਲ ਕੋਈ ਵਧੀਆ ਸਲੂਕ ਨਹੀਂ ਹੁੰਦਾ। ਜਿਨ੍ਹਾਂ ਆਸ਼ਰਮਾਂ ਨੂੰ ਵਿਧਵਾਵਾਂ ਦੇ ਪਰਿਵਾਰਾਂ ਵੱਲੋਂ ਚੰਗਾ ਖਾਸਾ ਚੰਦਾ ਮਿਲ ਜਾਂਦਾ ਹੈ, ਉਸ ਦਾ ਹਰੇਕ ਪੱਖੋਂ ਧਿਆਨ ਰੱਖਿਆ ਜਾਂਦਾ ਹੈ। ਪਰ ਬਾਕੀ ਵਿਧਵਾਵਾਂ ਨੂੰ ਨਾ ਭੋਜਨ ਸਹੀ ਮਿਲਦਾ ਹੈ ਤੇ ਨਾ ਹੀ ਸਿਹਤ ਸਹੂਲਤਾਂ ਦਾ ਧਿਆਨ ਰੱਖਿਆ ਜਾਂਦਾ ਹੈ। ਕੁੱਲ ਮਿਲਾ ਕੇ ਉਨ੍ਹਾਂ ਦੀ ਜ਼ਿੰਦਗੀ ਨਰਕ ਭਰੀ ਹੈ। ਪਰਿਵਾਰ ਵੱਲੋਂ ਵੀ ਧੱਕੇ ਤੇ ਸਮਾਜ ਵੱਲੋਂ ਵੀ ਬਾਈਕਾਟ। ਜ਼ਿਆਦਾਤਰ ਵਿਧਵਾਵਾਂ ਇਸ ਲਈ ਇੱਥੇ ਰਹਿ ਰਹੀਆਂ ਹਨ, ਕਿਉਂਕਿ ਉਹ ਕਾਸ਼ੀ ਵਿੱਚ ਰਹਿ ਕੇ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਪਾਉਣਾ ਚਾਹੁੰਦੀਆਂ ਹਨ।
ਵਿਧਵਾਵਾਂ ਦੀ ਮਾੜੀ ਸਥਿਤੀ
ਤਕਰੀਬਨ 2 ਸਾਲ ਪਹਿਲਾਂ ਵਿਧਵਾ ਹੋਈ 35 ਸਾਲਾ ਮੀਨਾ (ਬਦਲਿਆ ਹੋਇਆ ਨਾਮ) ਬਨਾਰਸ ਦੇ ਖਪੜਾ ਮਹੱਲਾ ਸਥਿਤ ਇੱਕ ਆਸ਼ਰਮ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਇਕੱਲੇ ਜੀਵਨ ਗੁਜ਼ਾਰ ਰਹੀ ਹੈ। ਦੇਖਣ ਵਿੱਚ ਮੀਨਾ ਆਪਣੀ ਉਮਰ ਤੋਂ ਕਾਫੀ ਛੋਟੀ ਦਿਖਾਈ ਦਿੰਦੀ ਹੈ। ਪਤੀ ਦੇ ਦਿਹਾਂਤ ਤੋਂ ਬਾਅਦ ਸੱਸ-ਸਹੁਰੇ ਨੇ ਉਸ ਨੂੰ ਸਹੁਰੇ ਘਰ ਵਿੱਚ ਨਹੀਂ ਰਹਿਣ ਦਿੱਤਾ। ਮਾਂ-ਬਾਪ ਵੀ ਉਸ ਦਾ ਬੋਝ ਉਠਾਉਣ ਨੂੰ ਤਿਆਰ ਨਹੀਂ ਸਨ। ਮੀਨਾ ਨੇ ਕਿਹਾ, ''ਮੈਂ ਦੁਬਾਰਾ ਵਿਆਹ ਨਹੀਂ ਕਰਨਾ ਚਾਹੁੰਦੀ। ਮੈਂ ਆਪਣਾ ਗੁਜ਼ਾਰਾ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਕਰਦੀ ਹਾਂ। ਹਰ ਮਹੀਨੇ 1600 ਰੁਪਏ ਕਮਾ ਲੈਂਦੀ ਹਾਂ। ਹੁਣ ਸਿਲਾਈ ਵੀ ਸਿਖ ਰਹੀ ਹਾਂ, ਤਾਂ ਕਿ ਆਮਦਨ ਵਧਾ ਸਕਾਂ, ਜਿਸ ਨਾਲ ਗੁਜ਼ਾਰਾ ਠੀਕ ਢੰਗ ਨਾਲ ਹੋ ਸਕੇ।''
ਬਨਾਰਸ ਦੇ ਅੱਸੀ ਘਾਟ 'ਤੇ ਸਥਿਤ 'ਮੁਮੁਕਸ਼ੂ ਭਵਨ ਸਭਾ' ਵਿੱਚ ਪਿਛਲੇ ਢਾਈ ਸਾਲਾਂ ਤੋਂ ਰਹਿ ਰਹੀ ਗਯਾ ਦੀ 75 ਸਾਲਾ ਸਾਵਿਤਰੀ ਮਿਸ਼ਰਾ ਕਹਿੰਦੀ ਹੈ, ''ਦੁਨੀਆਂ ਵਾਲੇ ਪਤੀ ਦੀ ਮੌਤ ਲਈ ਉਸ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ। ਉਸ 'ਤੇ ਮੁਸੀਬਤਾਂ ਦਾ ਦੋਹਰਾ ਪਹਾੜ ਟੁੱਟਦਾ ਹੈ। ਇੱਕ ਪਾਸੇ ਜੀਵਨ ਸਾਥੀ ਦਾ ਸਾਥ ਛੁੱਟ ਜਾਂਦਾ ਹੈ, ਦੂਜੇ ਪਾਸੇ, ਆਪਣਾ ਖ਼ੂਨ ਵੀ ਪਰਾਇਆਂ ਵਰਗਾ ਵਿਵਹਾਰ ਕਰਨ ਲੱਗਦਾ ਹੈ।''
ਦਸਵੀਂ ਤੱਕ ਪੜ੍ਹੀ ਸਾਵਿੱਤਰੀ ਨੇ ਦੱਸਿਆ, ''ਬਚਪਨ ਵਿੱਚ ਹੀ ਪਿਤਾ ਦੀ ਮੌਤ ਹੋ ਗਈ ਸੀ। ਅਸੀਂ 2 ਭੈਣਾਂ ਤੇ 1 ਭਰਾ ਸੀ। ਪਿਤਾ ਦੇ ਮਰਨ ਤੋਂ ਬਾਅਦ ਭੂਆ ਨੇ ਬਚਪਨ ਵਿੱਚ ਹੀ ਸਾਡਾ ਦੋਵਾਂ ਭੈਣਾਂ ਦਾ ਵਿਆਹ ਕਰ ਦਿੱਤਾ। ਵਿਆਹ ਕਦੋਂ ਹੋਇਆ, ਕੁਝ ਯਾਦ ਨਹੀਂ। ਹਾਂ, ਗੌਨਾ 9-10 ਸਾਲ ਦੀ ਉਮਰ ਵਿੱਚ ਹੋਇਆ, ਇਸ ਲਈ ਥੋੜ੍ਹਾ ਯਾਦ ਹੈ।''
ਸਾਵਿੱਤਰੀ ਨੇ ਅੱਗੇ ਦੱਸਿਆ, ''ਅਸੀਂ ਦੋਵੇਂ ਭੈਣਾਂ ਇੱਕ ਹੀ ਘਰ ਵਿੱਚ ਵਿਆਹੀਆਂ ਗਈਆਂ ਸਾਂ। ਮੇਰਾ ਪਤੀ ਮਾਨਸਿਕ ਰੂਪ ਨਾਲ ਬਿਮਾਰ ਸੀ। ਇਸ ਲਈ ਸ਼ੁਰੂ ਤੋਂ ਹੀ ਜੀਵਨ ਮੁਸੀਬਤਾਂ ਭਰਿਆ ਰਿਹਾ। ਮੈਂ ਉਸ ਸਮੇਂ 38 ਸਾਲਾਂ ਦੀ ਸੀ ਜਦੋਂ ਪਤੀ ਗੁਜ਼ਰ ਗਿਆ। ਬੱਚੇ ਛੋਟੇ ਸਨ। ਇਸ ਲਈ ਮੈਨੂੰ ਘਰ ਦੀ ਚਾਰਦੀਵਾਰੀ 'ਚੋਂ ਨਿਕਲ ਕੇ ਨੌਕਰੀ ਕਰਨੀ ਪਈ। 26 ਸਾਲ 5 ਮਹੀਨੇ ਤੇ 4 ਦਿਨ ਤੱਕ ਸਕੂਲ ਅਧਿਆਪਕਾ ਦੀ ਨੌਕਰੀ ਕੀਤੀ। ਮੁੰਡੇ ਨੂੰ ਐਮ. ਏ. ਤੱਕ ਪੜ੍ਹਾਇਆ। ਕੁੜੀ ਦਾ ਵਿਆਹ ਕੀਤਾ। ਨੌਕਰੀ ਛੱਡਣ ਤੋਂ ਬਾਅਦ 12 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ। ਇਸ ਨਾਲ ਹੀ ਜ਼ਿੰਦਗੀ ਚਲਦੀ ਹੈ। ਬਚਪਨ ਤੋਂ ਹੀ ਧਰਮ ਵਿੱਚ ਮੇਰਾ ਡੂੰਘਾ ਵਿਸ਼ਵਾਸ ਰਿਹਾ ਹੈ। ਮੈਨੂੰ ਇੱਥੇ ਗੰਗਾ ਮਾਂ ਚੰਗੀ ਲੱਗਦੀ ਹੈ। ਇਸ ਲਈ ਮੈਂ ਇੱਥੇ ਆ ਕੇ ਵੱਸ ਗਈ ਹਾਂ।''
ਸਵਿੱਤਰੀ ਨੂੰ ਆਪਣੇ ਬੱਚਿਆਂ ਦੇ ਨਾਲ ਰਹਿੰਦੇ ਹੋਏ ਇਸ ਗੱਲ ਦਾ ਅਹਿਸਾਸ ਹੋਣ ਲੱਗਾ ਸੀ ਕਿ ਬੱਚੇ ਉਸ ਵਿੱਚ ਇੱਕ ਮਾਂ ਨਹੀਂ, ਬਲਕਿ ਇੱਕ ਵਿਧਵਾ ਔਰਤ ਦੇਖਦੇ ਹਨ। ਇਸ ਲਈ ਉਨ੍ਹਾਂ ਨੂੰ ਪੁੱਤਰ ਨੂੰਹ ਦੇ ਤਾਹਨੇ ਦੀਆਂ ਰੋਟੀਆਂ ਦੇ ਬਦਲੇ ਆਪਣੀ ਰੋਟੀ ਖ਼ੁਦ ਬਣਾ ਕੇ ਖਾਣਾ ਸ਼ਾਇਦ ਜ਼ਿਆਦਾ ਬਿਹਤਰ ਲੱਗਿਆ ਹੋਵੇਗਾ।
ਸੋਸ਼ਣ ਦਾ ਸ਼ਿਕਾਰ ਹੋ ਰਹੀਆਂ ਨੇ ਵਿਧਵਾਵਾਂ
ਬਨਾਰਸ ਦੀ 70 ਸਾਲਾ ਸ਼ਕੁੰਤਲਾ ਦੀਕਸ਼ਤ 10 ਸਾਲਾਂ ਤੋਂ ਮੁਮੁਕਸ਼ੂ ਭਵਨ 'ਚ ਰਹਿ ਰਹੀ ਹੈ। ਪਤੀ ਦੀ ਮੌਤ ਤੋਂ ਬਾਅਦ ਉਹ ਸਰਕਾਰ ਤੋਂ ਆਪਣੀ ਵਿਧਵਾ ਪੈਨਸ਼ਨ ਲਗਵਾਉਣ ਲਈ ਲੋਕਾਂ ਨਾਲ ਮਿੰਨਤਾਂ ਕਰ-ਕਰ ਕੇ ਥੱਕ ਚੁੱਕੀ ਹੈ। ਇੱਕ ਵਕੀਲ ਨੂੰ ਉਸ ਨੇ ਪੈਨਸ਼ਨ ਲਗਵਾਉਣ ਲਈ ਪੈਸੇ ਵੀ ਦਿੱਤੇ, ਪਰ ਭਰੋਸੇ ਤੋਂ ਇਲਾਵਾ ਉਸ ਨੂੰ ਕੁਝ ਨਹੀਂ ਮਿਲਿਆ।
ਸ਼ਕੁੰਤਲਾ ਇੱਥੇ ਰਹਿ ਰਹੇ ਇੱਕ ਮਦਰਾਸੀ ਦਾ ਭੋਜਨ ਬਣਾਉਂਦੀ ਸੀ। ਉਸ ਨੇ ਹੀ ਉਨ੍ਹਾਂ ਨੂੰ ਮੁਮੁਕਸ਼ੂ ਭਵਨ ਦਾ ਇੱਕ ਕਮਰਾ 40 ਹਜ਼ਾਰ ਰੁਪਏ ਵਿੱਚ ਦਿਵਾਇਆ ਸੀ। ਸ਼ਕੁੰਤਲਾ ਦੇ ਪਤੀ ਦੀ ਹਿੰਦੁਸਤਾਨ ਇੰਪੋਰੀਅਮ ਦੇ ਨਾਮ ਨਾਲ ਦੁਕਾਨ ਹੋਇਆ ਕਰਦੀ ਸੀ। ਉਸ ਦੇ ਦਿਓਰ ਨੇ ਉਸ ਦੇ ਪਤੀ ਤੋਂ ਧੋਖੇ ਨਾਲ ਦਸਤਖ਼ਤ ਕਰਵਾ ਕੇ ਉਨ੍ਹਾਂ ਦਾ ਹਿੱਸਾ ਵੀ ਆਪਣੇ ਨਾਂ ਕਰਵਾ ਲਿਆ। ਇਹਨੀਂ ਦਿਨੀਂ ਇਕੱਲੇ ਜੀਵਨ ਗੁਜ਼ਾਰਨ ਨੂੰ ਮਜਬੂਰ ਸ਼ਕੁੰਤਲਾ ਦੀ ਇੱਕ ਸ਼ਾਦੀਸ਼ੁਦਾ ਪੁੱਤਰੀ ਵੀ ਹੈ ਜੋ ਗਾਜੀਪੁਰ ਵਿੱਚ ਰਹਿੰਦੀ ਹੈ। ਮਾਂ ਨਾਲ ਮਿਲਣ ਲਈ ਉਹ ਕਦੇ-ਕਦੇ ਆਉਂਦੀ ਰਹਿੰਦੀ ਹੈ। 2 ਪੁੱਤਰ ਬਿਮਾਰੀ ਨਾਲ ਮਰ ਗਏ। ਮੁਮੁਕਸ਼ੂ ਭਵਨ ਵਿੱਚ ਹੀ ਰਹਿ ਰਹੀ ਇੱਕ ਮਾਰਵਾੜੀ ਵਿਧਵਾ ਔਰਤ ਦਾ ਭੋਜਨ ਬਣਾਉਣ ਦੇ ਬਦਲੇ ਮਿਲਣ ਵਾਲੇ ਪੈਸਿਆਂ ਨਾਲ ਉਹ ਗੁਜ਼ਾਰਾ ਕਰਦੀ ਹੈ।
ਦਰਅਸਲ ਪੂਰਾ ਕਾਸ਼ੀ ਇਨ੍ਹਾਂ ਵਿਧਵਾਵਾਂ ਨੂੰ ਲੁੱਟ ਰਿਹਾ ਹੈ। ਪੰਡੇ ਤਾਂ ਇਨ੍ਹਾਂ ਨੂੰ ਮੁਕਤੀ ਦਾ ਰਸਤਾ ਦੱਸ ਕੇ ਧਾਰਮਿਕ ਕਰਮ-ਕਾਂਡ ਵਿੱਚ ਉਲਝਾ ਕੇ ਲੁੱਟਦੇ ਹੀ ਰਹਿੰਦੇ ਹਨ।
ਮੁਮੁਕਸ਼ੂ ਭਵਨ ਸਭਾ ਵਿੱਚ ਬੁੱਢੇ, ਵਿਧੁਰ, ਵਿਧਵਾ ਤੇ ਬਜ਼ਰਗ ਜੋੜੇ ਦੇ ਇਕੱਲੇ ਰਹਿਣ ਦੇ ਨਿਯਮ ਦੇ ਪਿੱਛੇ ਭਵਨ ਵਾਲਿਆਂ ਦੀ ਮਾਨਸਿਕਤਾ ਇਹ ਹੈ ਕਿ ਇਨ੍ਹਾਂ ਗ਼ਰੀਬ ਔਰਤਾਂ ਤੋਂ ਹਜ਼ਾਰਾਂ ਰੁਪਏ ਲੈ ਕੇ ਜਿਹੜਾ ਕਮਰਾ ਇਨ੍ਹਾਂ ਨੂੰ ਰਹਿਣ ਨੂੰ ਦਿੱਤਾ ਜਾਵੇ ਉਹ ਇਨ੍ਹਾਂ ਦੇ ਮਰਨ ਤੋਂ ਬਾਅਦ ਅਸਾਨੀ ਨਾਲ ਵਾਪਸ ਭਵਨ ਦੇ ਕਬਜ਼ੇ ਵਿੱਚ ਆ ਜਾਵੇ ਤੇ ਉਹ ਦੁਬਾਰਾ ਇਸ ਨੂੰ ਹਜ਼ਾਰਾਂ ਰੁਪਏ ਲੈ ਕੇ ਕਿਸੇ ਹੋਰ ਨੂੰ ਦੇ ਸਕਣ। ਇਹੀ ਕਾਰਨ ਹੈ ਕਿ ਵਿਧਵਾ ਜਾਂ ਬਜ਼ੁਰਗ ਦੇ ਨਾਲ ਉਸ ਦੇ ਕਿਸੇ ਰਿਸ਼ਤੇਦਾਰ ਜਾਂ ਬੱਚਿਆਂ ਨੂੰ ਨਾਲ ਨਾ ਰੱਖਣ ਦਾ ਸਖ਼ਤ ਨਿਯਮ ਲਾਗੂ ਕੀਤਾ ਗਿਆ ਹੈ। ਦਾਨੀ ਲੋਕਾਂ ਦੁਆਰਾ ਭਵਨ ਨੂੰ ਦਾਨ-ਦੱਸ਼ਣਾ ਦੇਣ ਦੀ ਰੀਤ ਵੀ ਬਣੀ ਰਹਿੰਦੀ ਹੈ, ਜਿਸ ਦਾ 1 ਪ੍ਰਤੀਸ਼ਤ ਵੀ ਇਨ੍ਹਾਂ ਵਿਧਵਾਵਾਂ ਦੇ ਹਿੱਸੇ ਵਿੱਚ ਨਹੀਂ ਆਉਂਦਾ। ਸਾਰਾ ਪੈਸਾ ਭਵਨ ਸੰਚਾਲਕਾਂ ਦੀਆਂ ਜੇਬਾਂ ਵਿੱਚ ਚਲਾ ਜਾਂਦਾ ਹੈ। ਮੁਕਤੀ ਦੇ ਨਾਮ 'ਤੇ ਇਹ ਇੱਕ ਤਰ੍ਹਾਂ ਦਾ ਵਪਾਰ ਹੋ ਰਿਹਾ ਹੈ।
ਕੋਈ ਨਹੀਂ ਪੁੱਛਦਾ
3 ਸਾਲ ਪਹਿਲਾਂ ਦੁਰਗਾ ਕੁੰਡ ਸਥਿਤ ਰਾਜਕੀ ਬਜ਼ੁਰਗ ਤੇ ਮਹਿਲਾ ਆਸ਼ਰਮ ਨੂੰ ਲੱਭਦੇ-ਲੱਭਦੇ ਗੋਆ ਦੀ ਸੁਮਤਿ ਦੇਵੀ ਇੱਥੇ ਆ ਪੁੱਜੀ। ਸੁਮਤਿ ਦਾ ਕਹਿਣਾ ਹੈ ਕਿ 20 ਸਾਲ ਪਹਿਲਾਂ ਪਤੀ ਦੀ ਮੌਤ ਦੇ ਸਮੇਂ ਉਹ 45 ਸਾਲ ਦੀ ਸੀ। ਅੱਜ ਉਸ ਦੀ ਉਮਰ 65 ਸਾਲ ਹੈ। ਪਤੀ ਦੇ ਮਰਨ ਤੋਂ ਬਾਅਦ ਸੁਮਤਿ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਪਾਲਿਆ ਪੋਸਿਆ। ਕਮਾਈ ਦਾ ਕੋਈ ਸਾਧਨ ਨਹੀਂ ਸੀ ਅਤੇ ਬੱਚੇ ਛੋਟੇ ਸਨ। ਇਸ ਲਈ ਉਸ ਨੇ ਇੱਕ ਮੱਝ ਪਾਲੀ ਤੇ ਉਸ ਦਾ ਦੁੱਧ ਵੇਚ ਕੇ ਬੱਚਿਆਂ ਦਾ ਪਾਲਨ-ਪੋਸ਼ਣ ਕੀਤਾ। ਬੱਚਿਆਂ ਨੂੰ 10ਵੀਂ ਤੱਕ ਪੜ੍ਹਾਇਆ ਲਿਖਾਇਆ, ਪਰ ਵੱਡੇ ਹੋ ਕੇ ਬੱਚਿਆਂ ਨੇ ਉਨ੍ਹਾਂ ਨੂੰ ਉਸ ਨੂੰ ਅੰਗੂਠਾ ਦਿਖਾ ਦਿੱਤਾ। ਇੱਥੇ ਸਾਨੂੰ ਸਿਰ 'ਤੇ ਛੱਤ ਮਿਲ ਗਈ ਹੈ, ਬਾਕੀ ਦਾਨੀ ਲੋਕਾਂ ਦੁਆਰਾ ਦਿੱਤੇ ਗਏ ਦਾਨ ਦੇ ਸਹਾਰੇ ਹੀ ਜੀਵਨ ਦੀ ਗੱਡੀ ਚੱਲਦੀ ਹੈ।''
ਦੁਰਗਾ ਕੁੰਡ 'ਤੇ ਸਥਿਤ ਰਾਜਕੀ ਬਜ਼ੁਰਗ ਤੇ ਮਹਿਲਾ ਆਸ਼ਰਮ ਬਨਾਰਸ ਸ਼ਹਿਰ ਦਾ ਇਕੱਲਾ ਸਰਕਾਰੀ ਆਸ਼ਰਮ ਹੈ। ਇਸ ਵਿੱਚ 60 ਸਾਲ ਜਾਂ ਉਸ ਤੋਂ ਵੱਧ ਉਮਰ ਦੀਆਂ ਬਜ਼ੁਰਗ ਔਰਤਾਂ ਨੂੰ ਹੀ ਕਮਰਾ ਦਿੱਤਾ ਜਾਂਦਾ ਹੈ। ਆਸ਼ਰਮ ਵਿੱਚ ਕਈ ਕਮਰੇ ਹਨ, ਜਿਨ੍ਹਾਂ ਵਿੱਚ ਕੁਲ 22 ਬਜ਼ੁਰਗ ਔਰਤਾਂ ਰਹਿੰਦੀ ਹਨ। ਇੱਕ ਕਮਰੇ ਵਿੱਚ 5 ਬਜ਼ੁਰਗ ਔਰਤਾਂ ਰਹਿੰਦੀਆਂ ਹਨ। ਦੋ ਵਕਤ ਦੀ ਰੋਟੀ ਲਈ ਇਹ ਔਰਤਾਂ ਦਾਨੀਆਂ ਦੁਆਰਾ ਦਿੱਤੇ ਗਏ ਪੈਸਿਆਂ ਤੇ ਖਾਣ-ਪੀਣ ਦੀਆਂ ਵਸਤਾਂ 'ਤੇ ਨਿਰਭਰ ਹਨ।
ਵਾਰਸ ਨਾ ਹੋਣ 'ਤੇ ਗੰਗਾ 'ਚ ਰੋੜ ਦਿੱਤੀਆਂ ਜਾਂਦੀਆਂ ਨੇ ਲਾਸ਼ਾਂ
ਇੱਥੇ ਰਹਿ ਰਹੀਆਂ ਬੁੱਢੀਆਂ ਵਿਧਵਾਵਾਂ ਨੂੰ ਮਰਨ ਤੋਂ ਬਾਅਦ ਅੰਤਿਮ ਯਾਤਰਾ ਵੀ ਨਸੀਬ ਨਹੀਂ ਹੁੰਦੀ। ਜਦੋਂ ਆਸ਼ਰਮ ਵਿੱਚ ਕਮਰਾ ਮਿਲਦਾ ਹੈ, ਉਦੋਂ ਫਾਰਮ ਵਿੱਚ ਇਹ ਸਭ ਲਿਖ ਕੇ ਦੇਣਾ ਹੁੰਦਾ ਹੈ। ਜਦੋਂ ਕੋਈ ਵਿਧਵਾ ਮਰ ਜਾਂਦੀ ਹੈ ਤਦ ਉਸ ਦੇ ਪਰਿਵਾਰ ਨੂੰ ਸੂਚਨਾ ਭੇਜੀ ਜਾਂਦੀ ਹੈ। 3 ਦਿਨਾਂ ਤੱਕ ਲਾਸ਼ ਨੂੰ ਲਾਸ਼ ਘਰ ਵਿੱਚ ਰੱਖਿਆ ਜਾਂਦਾ ਹੈ। 3 ਦਿਨਾਂ ਦੇ ਅੰਦਰ ਜੇਕਰ ਉਸ ਦੇ ਪਰਿਵਾਰ 'ਚੋਂ ਕੋਈ ਨਹੀਂ ਆਉਂਦਾ, ਤਾਂ ਲਾਸ਼ ਨੂੰ ਗੰਗਾ ਵਿੱਚ ਪਵਾਹ ਕਰ ਦਿੱਤਾ ਜਾਂਦਾ ਹੈ। ਜਲਾਉਂਦੇ ਇਸ ਲਈ ਨਹੀਂ ਹਨ, ਕਿਉਂਕਿ ਜਦੋਂ ਕੋਈ ਅੱਗ ਲਾਵੇਗਾ, ਤਾਂ 13 ਦਿਨਾਂ ਤੱਕ ਕਰਮ-ਕਾਂਡ ਵੀ ਕਰਨਾ ਹੋਵੇਗਾ। ਜਲਾਉਣ ਨਾਲੋਂ ਦਰਿਆ ਵਿੱਚ ਵਹਾਉਣਾ ਚੰਗਾ ਸਮਝਦੇ ਹਨ। ਇਸ ਕਾਰਨ ਗੰਗਾ ਵੀ ਪ੍ਰਦੂਸ਼ਿਤ ਹੋ ਰਹੀ ਹੈ।
ਕਾਂਸ਼ੀ ਹੋਵੇ, ਮਥੁਰਾ ਜਾਂ ਹੋਰਨਾਂ ਜਗ੍ਹਾਂ, ਸਭ ਜਗ੍ਹਾ ਅਜਿਹਾ ਹੀ ਹੁੰਦਾ ਹੈ। ਔਰਤ ਤੇ ਦਰਿਆ ਹਿੰਦੂ ਧਰਮ ਵਿੱਚ ਪੂਜਣ ਯੋਗ ਹਨ, ਪਰ ਹਿੰਦੂ ਧਰਮ ਨੂੰ ਮੰਨਣ ਵਾਲੇ ਔਰਤਾਂ ਦੇ ਮਾਣ-ਸਨਮਾਨ ਦੀ ਪਰਵਾਹ ਵੀ ਨਹੀਂ ਕਰਦੇ। ਨਹੀਂ ਤਾਂ ਕਿਸੇ ਔਰਤ ਦੀ ਲਾਵਾਰਿਸ ਲਾਸ਼ ਨੂੰ ਗੰਗਾ ਵਿੱਚ ਇੱਲਾਂ, ਗਿੱਧਾਂ ਅਤੇ ਕੁੱਤਿਆਂ ਲਈ ਨੋਚ-ਨੋਚ ਕੇ ਖਾਣ ਲਈ ਇੰਝ ਹੀ ਨਹੀਂ ਵਹਾ ਦਿੰਦੇ। ਪਰ ਸੁਆਲ ਇਹ ਹੈ ਕਿ ਧਰਮ ਦੇ ਨਾਮ 'ਤੇ ਕੀਤੀ ਜਾ ਰਹੀ ਠੱਗੀ ਤੇ ਵਿਧਵਾਵਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਕੌਣ ਦੂਰ ਕਰੇਗਾ? ਇਹ ਬਹੁਤ ਗੰਭੀਰ ਸਵਾਲ ਹੈ। ਧਰਮ 'ਤੇ ਪਹਿਰਾ ਦੇਣ ਵਾਲੇ ਲੋਕਾਂ ਨੂੰ ਇਸ ਸੰਬੰਧੀ ਸੋਚਣਾ ਚਾਹੀਦਾ ਹੈ।
panjabquom@rediffmail.com







No comments:
Post a Comment