deshpunjabtimes.blogspot.com

Saturday, 14 January 2012

ਕੀ ਖ਼ਾਲਸਾ ਰਾਜ ਸੰਭਵ ਹੈ?\ਡਾ. ਗੁਰਭਗਤ ਸਿੰਘ


ਇਕੀਵੀਂ ਸਦੀ 'ਚ ਰਹਿੰਦਿਆਂ ਜੇ ਇਹ ਜਾਣਨਾ ਚਾਹੀਏ ਕਿ ਕੀ ਹੁਣ ਖਾਲਸਾ ਰਾਜ ਦੇ ਸਥਾਪਿਤ ਹੋਣ ਅਤੇ ਅਭਿਆਸ 'ਚ ਆਉਣ ਦੀ ਕੋਈ ਸੰਭਾਵਨਾ ਹੈ, ਤਾਂ ਇਹ ਸਪੱਸ਼ਟ ਰੂਪ 'ਚ ਸਮਝਣਾ ਪਵੇਗਾ ਕਿ ਖਾਲਸਾ ਕੀ ਹੈ ਅਤੇ ਇਹ ਕਿਉਂ ਸਿਰਜਿਆ ਗਿਆ ਹੈ? ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਗੁਰ ਰਤਨਾਕਰ ਮਹਾਨ ਕੋਸ਼ 'ਚ ਖਾਲਸਾ ਸ਼ਬਦ ਦਾ ਅਰਥ ''ਸ਼ੁੱਧ'' ਦਿੱਤਾ ਹੈ ਅਤੇ ਉਹ 'ਜ਼ਮੀਨ' ਵੀ ਜੋ ਬਾਦਸ਼ਾਹ ਦੀ ਹੈ। ਕਿਸੇ ਜਾਗੀਰਦਾਰ ਦੀ ਨਹੀਂ। ਜੇ ਇਨ੍ਹਾਂ ਅਰਥਾਂ ਨੂੰ ਉੱਪਰਲੇ ਸੱਤਰ ਉੱਤੇ ਲੈ ਜਾਈਏ ਤਾਂ ਖਾਲਸਾ ਵਾਹਿਗੁਰੂ ਜਾਂ ਅਕਾਲਪੁਰਖ ਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਖਾਲਸਾ ਵਾਹਿਗੁਰੂ/ਅਕਾਲਪੁਰਖ ਦੀ ਚੇਤਨਤਾ ਦੀ ਦੇਹਧਾਰੀ ਨੁਮਾਇੰਦਗੀ ਹੈ।
ਅਕਾਲਪੁਰਖ ਸ੍ਰਿਸ਼ਟੀ ਦਾ ਉਹ ਪਰਮ ਸੱਚਾਈ ਹੈ ਜੋ ਆਦੀ ਹੈ, ਉਹ ਸੀ, ਹੈ ਅਤੇ ਅੱਗੋਂ ਹੋਵੇਗਾ ਵੀ। ਇਹ ਸੱਚ ਹੈ, ਜੀਵਨ ਦਾ ਸਰੋਤ ਹੈ। ਇਸ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਮੇਸ਼ਾ ਆਨੰਦ ਅਤੇ 'ਵਿਗਾਸ' 'ਚ ਹੈ। ਆਪ ਸਿਰਜਦਾ ਹੈ ਅਤੇ ਆਪਣੀ ਸਿਰਜਨਾ ਨੂੰ ਦੇਖ ਕੇ ਬੇਪ੍ਰਵਾਹੀ 'ਚ ਖਿੜਦਾ ਹੈ ਅਤੇ ਸਿਰਜਨਾ ਨੂੰ ਨਿਹਾਲ ਕਰਦਾ ਹੈ। 'ਜਪੁ' ਜੀ 'ਚ ਗੁਰੂ ਨਾਨਕ ਦੇਵ ਜੀ ਜਦੋਂ ਉਸ ਨੂੰ 'ਵਿਗਸੈ ਵੇਪਰਵਾਹੁ' ਜਾਂ 'ਕਰਿ-ਕਰਿ ਵੇਖੈ ਨਦਰਿ ਨਿਹਾਲ' ਨਾਲ ਪਰਿਭਾਸ਼ਿਤ ਕਰਦੇ ਹਨ ਤਾਂ ਉਨ੍ਹਾਂ ਦਾ ਭਾਵ ਅਕਾਲਪੁਰਖ ਦੀ ਉਸ ਵਿਸੇਸ਼ਤਾ ਤੰ ਹੀ ਹੈ ਜੋ ਕੁੱਲ ਸਿਰਜਨਾ ਨੂੰ ਮੌਲਣ ਲਈ ਉਤਸ਼ਾਹ ਦਿੰਦੀ ਹੈ ਅਤੇ ਆਪਣੇ ਹੋਰ ਮੌਲਣ ਨਾਲ ਸੰਬੰਧਿਤ ਨਵੀਆਂ ਪਰਤਾਂ ਨੂੰ ਉਜਾਗਰ ਕਰਦੀ ਰਹਿੰਦੀ ਹੈ। ਸਿਰਜਨਾ ਜਾਂ ਕੋਈ ਵਿਅਕਤੀ ਜਦੋਂ ਉਸ ਨਾਲ ਮਿਲਦਾ ਹੈ ਤਾਂ ਇਹ ਮੇਲ ਇਵੇਂ ਹੀ ਹੁੰਦਾ ਹੈ ਜਿਵੇਂ ਜਲ ਨਾਲ ਮਿਲ ਕੇ ਕੰਵਲ ਫੁੱਲ ਦਾ ਵਿਗਾਸ ਹੁੰਦਾ ਹੈ, ਖਾਲਸਾ ਇਸ ਵਿਸਮਾਦੀ, ਭਰਪੂਰ, ਬਹੁ-ਪੱਖੀ ਸੰਯੋਗ, ਗੁਫਤਗੂ ਰੂਪ ਅਕਾਲਪੁਰਖ ਦੀ ਨੁਮਾਇੰਦਗੀ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਰਜਿਆ ਖਾਲਸਾ ਵੀ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਸਰੂਪ ਹੋਵੇਗਾ, ਜੇ ਉਹ ਪਰਮਾਣਿਕ ਖਾਲਸਾ ਹੈ, ਇਸ 'ਚ ਸੰਦੇਹ ਨਹੀਂ। ਖਾਲਸਾ ਇਕ-ਪਰਿਪੇਖੀ, ਇਕ ਧਰਮੀ, ਇਕ ਕੋਣੀ, ਇਕ ਭਾਸ਼ੀ ਨਹੀਂ ਹੋ ਸਕਦਾ। ਉਸ ਲਈ ਕੁੱਲ ਸਿਰਜਨਾ ਦੀ ਵਿਚਿੱਤਰਤਾ ਨੂੰ 'ਵਿਗਾਸ' ਵਿਚ ਰੱਖਣਾ ਅਤੇ ਆਪ ਵਿਗਾਸ 'ਚ ਰਹਿਣਾ ਹੀ ਵੱਡਾ ਧਰਮ ਹੈ।
ਦੂਜੇ ਨੂੰ ਵਿਗਾਸ 'ਚ ਰੱਖਣਾ ਅਤੇ ਆਪ ਵਿਗਾਸ 'ਚ ਰਹਿਣਾ ਹੀ ਕੁੱਲ ਮਨੁੱਖ ਜਾਤੀਆਂ ਅਤੇ ਪ੍ਰਕਿਰਤੀ ਵੱਲ ਵੱਡੀ ਜ਼ਿੰਮੇਵਾਰੀ ਹੈ ਅਤੇ ਇਹੀ ਖਾਲਸੇ ਨੂੰ ਦਿੱਤੀ ਗਈ ਹੈ। ਜਦੋਂ ਇਹ ਜ਼ਿੰਮੇਵਾਰੀ ਨਹੀਂ ਨਿਭਾਈ ਜਾਂਦੀ ਉਦੋਂ ਹੀ ਸੰਕਟ ਖੜ੍ਹਾ ਹੁੰਦਾ ਹੈ। ਜਦੋਂ ਖਾਲਸਾ ਸਾਜਿਆ ਗਿਆ ਸੀ ਜਾਂ ਜਦੋਂ ਤੋਂ ਗੁਰੂ ਸਾਹਿਬਾਨ ਨੇ ਆਪਣੀ ਲਹਿਰ ਆਰੰਭ ਕੀਤੀ,ਉਸ ਸਮੇਂ ਇਸਲਾਮ ਅਤੇ ਬ੍ਰਾਹਮਣਵਾਦ ਦੋਵੇਂ ਹੀ ਇਕ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਹੋ ਚੁੱਕੇ ਸਨ। ਇਸਲਾਮ ਆਪਣੀ ਰਾਜਨੀਤਕ ਪ੍ਰਭੁੱਤਾ ਵਰਤ ਕੇ ਸ਼ਾਸਕੀ ਜ਼ੋਰ ਨਾਲ ਇਕਵਾਦ ਦਾ ਅਭਿਆਸ ਕਰ ਰਿਹਾ ਸੀ ਅਤੇ ਬ੍ਰਾਹਮਣਵਾਦ ਦੋਵੇਂ ਹੀ ਇਕ ਜ਼ਿੰਮੇਵਾਰੀ ਨਿਭਾਉਣ ਦੇ ਅਸਮਰੱਥ ਹੋ ਚੁੱਕੇ ਸਨ। ਇਸਲਾਮ ਆਪਣੀ ਰਾਜਨੀਤਕ ਪ੍ਰਭੁੱਤਾ ਵਰਤ ਕੇ ਸ਼ਾਸਕੀ ਜ਼ੋਰ ਨਾਲ ਇਕਵਾਦ ਦਾ ਅਭਿਆਸ ਕਰ ਰਿਹਾ ਸੀ ਅਤੇ ਬ੍ਰਾਹਮਣਵਾਦ ਆਪਣੇ ਸਾਮਾਜਿਕ ਗਲਬੇ ਅਤੇ ਜਾਤ-ਪ੍ਰਬੰਧ ਰਾਹੀਂ ਮਨੁੱਖ ਦੇ ਸਹਿਜ-ਵਿਗਾਸ ਨੂੰ ਰੋਕ ਕੇ ਆਪਣੇ ਹਿੱਤਾਂ ਲਈ ਵਿਗਾੜ ਰਿਹਾ ਸੀ। ਸਹਜ-ਵਿਗਾਸ ਨੂੰ ਰੋਕਣਾ ਜ਼ੁਲਮ ਹੈ, ਭਾਵੇਂ ਉਹ ਕਿਸੇ ਰੂਪ 'ਚ ਹੋਵੇ। ਇਸ ਸੰਕਟ 'ਚ ਸੰਕਟ ਪਾਉਣ ਵਾਲੀਆਂ ਰਾਜਨੀਤਕ, ਆਰਥਿਕ ਅਤੇ ਪੁਜਾਰੀ ਸ਼ਕਤੀਆਂ 'ਅਸੁਰ' ਸਨ ਅਤੇ ਇਨ੍ਹਾਂ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ 'ਸੁਰ'। ਖਾਲਸਾ ਸੁਰ ਸ਼ਕਤੀ ਸੀ।
ਸੈਨਾਪਤੀ ਨੇ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਸੀ, ਆਪਣੇ ਗ੍ਰੰਥ 'ਸ੍ਰੀ ਗੁਰੂ ਸੋਭਾ' ਵਿਚ ਜੋ 1711 ਈਸਵੀ 'ਚ ਸਥਾਪਤ ਕੀਤਾ ਗਿਆ, ਇਹ ਲਿਖਿਆ ਹੈ ਕਿ ਖਾਲਸਾ ਤਿੰਨ ਪ੍ਰਮੁੱਖ ਮੰਤਵਾਂ ਲਈ ਸਿਰਜਿਆ ਗਿਆ, ਇਹ ਲਿਖਿਆ ਹੈ ਕਿ ਖਾਲਸਾ ਤਿੰਨ ਪ੍ਰਮੁੱਖ ਮੰਤਵਾਂ ਲਈ ਸਿਰਜਿਆ ਗਿਆ। ਜਗਤ ਉਧਾਰਨ, ਅਸੁਰ ਸੰਘਾਰਨ ਅਤੇ ਸੰਕਟ ਨਿਵਾਰਨ ਲਈ।
ਇਤਿਹਾਸ ਦੇ ਹਰ ਨਵੇਂ ਦੌਰ 'ਚ ਸੁਰ ਅਤੇ ਅਸੁਰ ਸ਼ਕਤੀਆਂ ਦਾ ਰੂਪ ਬਦਲ ਜਾਂਦਾ ਹੈ। ਜੋ ਕਦੇ ਸੁਰ ਸਨ, ਜੇ ਉਹ ਆਪਣੇ ਸੌੜੇ ਹਿੱਤਾਂ ਦੀ ਰਾਖੀ ਲਈ ਦੂਜਿਆਂ ਦੇ ਨਿਰੰਤਰ ਵਿਗਾਸ 'ਚ ਮੁਸ਼ਕਲਾਂ ਖੜ੍ਹੀਆਂ ਕਰਨ, ਉਹ ਨਿਸ਼ਚਿਤ ਹੀ ਅਸੁਰ ਸ਼ਕਤੀਆਂ ਬਣ ਜਾਂਦੇ ਹਨ, ਉਨ੍ਹਾਂ ਨੂੰ ਫਿਰ ਵਿਚਿੱਤਰਤਾ ਅਤੇ ਦੈਵਿਤਾ ਦੇ ਹੁਕਮ 'ਚ ਕਈ ਪੱਧਰਾਂ ਉੱਤੇ ਲਾਮਬੰਦ ਹੋ ਕੇ ਹਰਾਉਣਾ ਪੈਂਦਾ ਹੈ। ਕਿਉਂਕਿ ਇਤਿਹਾਸ 'ਚ ਇਹ ਘੋਲ 'ਬੈਕੁੰਠ' ਦੇ ਪ੍ਰਾਪਤ ਹੋਣ ਤੱਕ ਜਾਰੀ ਰਹਿਣਾ ਹੈ, ਇਸ ਲਈ ਮਨੁੱਖ ਦੇ ਨਿਰੰਤਰ ਵਿਗਾਸ ਨੂੰ ਕਾਇਮ ਰੱਖਣ ਲਈ, ਇਤਿਹਾਸਕ ਸਥਿਤੀ ਅਨੁਸਾਰ ਸੁਰ-ਸ਼ਕਤੀਆਂ ਦੀ ਲੋੜ ਹਮੇਸ਼ਾ ਰਹੇਗੀ। ਗੁਰੂ ਦਾ ਸਿਰਜਿਆ ਖਾਲਸਾ ਇਹ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸਦਾ ਸਾਰਥਕ ਰਹੇਗਾ।
ਪਰ ਇਥੇ ਦੁਹਰਾਉਣ ਅਤੇ ਸਮਝਣ ਵਾਲੀ ਗੱਲ ਇਹ ਹੈ ਕਿ ਸਦੀਵਤਾ ਅਤੇ ਸਾਰਥਕਤਾ ਕੇਵਲ ਗੁਰੂ ਦੇ ਸਾਜੇ ਖਾਲਸਾ ਜੀ ਨੂੰ ਬਖਸ਼ੀ ਗਈ ਹੈ, ਇਸ ਦਾ ਅਰਥ ਇਹ ਹੈ ਕਿ ਖਾਲਸਾ ਫੌਜ ਜਾਂ ਸੰਤ ਸਿਪਾਹੀਆਂ ਨੂੰ ਵਾਹਿਗੁਰੂ ਵਾਂਗ ਸਮੁੱਚੀ ਕਾਇਨਾਤ ਦੀ ਵਿਚਿਤੱਰਤਾ ਆਪਣੇ ਵਿਚ ਸਮੋਣੀ ਪਵੇਗੀ। ਜਿਵੇਂ ਵਾਹਿਗੁਰੂ ਆਪਣੀ ਸਿਰਜਨਾ ਨੂੰ ਵੇਖ ਕੇ ਨਿਹਾਲ ਹੁੰਦਾ ਹੈ ਅਤੇ ਨਿਹਾਲ ਕਰਦਾ ਹੈ, ਇਹੋ ਜਿਹੀ ਦ੍ਰਿਸ਼ਟੀ ਅਤੇ ਚੇਤਨਤਾ ਵਿਕਸਿਤ ਕਰਨੀ ਪਵੇਗੀ। ਇਹ ਕੋਈ ਸੌਖੀ ਗੱਲ ਨਹੀਂ। ਵਾਹਿਗੁਰੂ ਖੁਦ ਆਪਣੀ ਸਿਰਜਨਾ ਦੀ ਵਿਚਿੱਤਰਤਾ ਅਤੇ ਸੁੰਦਰਤਾ ਨੂੰ ਦੇਖ ਕੇ ਵਿਸਮਾਦ ਵਿਚ ਹੈ। ਆਪਣੇ ਵਿਚ ਲੀਨ ਹੋਣ ਵਾਲਿਆਂ ਨੂੰ ਵਿਸਮਾਦ ਵਿਚ ਲੀਨ ਕਰਦਾ ਹੈ। ਇਸ ਵਿਸ਼ੇਸ਼ਤਾ ਦਾ ਸਾਧਾਰਨ ਅਰਥ ਇਹ ਹੈ ਕਿ ਖਾਲਸਾ ਫ਼ੌਜ ਦਾ ਹਰ ਸਿਪਾਹੀ ਜੀਵਨ ਦੀ ਵਿਲੱਖਣਤਾ, ਸੁੰਦਰਤਾ, ਵਿਚਿਤੱਰਤਾ ਤੋਂ ਹਰ ਖਿਣ ਪ੍ਰੇਰਿਤ ਰਹੇ। ਜੀਵਨ ਦੀ ਸ਼ਾਇਰੀ ਅਤੇ ਸੰਗੀਤ ਵਿਚ 'ਮਤਵਾਰਾ' ਹੋਣ ਦੀ ਸਮਰੱਥਾ ਰੱਖੇ। ਅਕਾਲਪੁਰਖ ਦੀ ਸਾਰੀ ਸਿਰਜਨਾ ਹਰ ਖਿਣ ਸੰਗੀਤ ਵਿਚ ਵੱਸ ਰਹੀ ਹੈ। ਸਾਰੀ ਸ੍ਰਿਸ਼ਟੀ ਦੀਆਂ ਸ਼ਕਤੀਆਂ ਆਪਣੀ-ਆਪਣੀ ਥਾਂ ਉੱਤੇ ਅਕਾਲਪੁਰਖ ਦੇ ਦੁਆਲੇ ਸੰਗੀਤ ਵਾਦਨ ਕਰ ਰਹੀਆਂ ਹਨ। 'ਜਪੁ ਜੀ' ਦੀ ਗਵਾਹੀ ਸਾਡੇ ਕੋਲ ਹੈ।
ਖਾਲਸਾ ਸੰਗਠਨਾਂ ਨੂੰ ਵੀ ਇਹ ਸਮਝਣਾ ਪਵੇਗਾ ਕਿ ਅਕਾਲਪੁਰਖ ਦੀ ਸਿਰਜਨਾ ਦੇ ਕਨਫੈਡਰੇਸ਼ਨੀ ਮਾਡਲ ਉੱਤੇ ਹੀ ਸਾਡੇ ਵਿਸ਼ਵ ਦੀ ਸਿਹਤਮੰਦ ਸੰਰਚਨਾ ਬਣ ਸਕਦੀ ਹੈ। ਅਜਿਹੀ ਵਿਸ਼ਵ ਸੰਰਚਨਾ ਜਿਸ ਵਿਚ ਦੂਜੇ ਨਾਲ ਧਿੰਗੋਜੋਰੀ ਨਹੀਂ ਹੋ ਸਕਦੀ। ਨਾ ਹੀ ਕਿਸੇ ਨੂੰ ਛੁਟਿਆਉਣਾ ਜਾਂ ਜ਼ਬਰਦਸਤੀ ਆਪਣੇ ਵੱਲ ਲਿਆਉਣਾ ਬਣਦਾ ਹੈ। ਵੱਡੀ ਚੇਤਨਤਾ ਅਤੇ ਅਭਿਆਸ ਲਈ ਸਥਿਤੀ ਬਣਾਉਣੀ ਜਾਇਜ਼ ਹੈ। ਅਸੁਰ ਸ਼ਕਤੀਆਂ ਦੀ ਠੀਕ ਪਛਾਣ ਕਰਕੇ ਯਤਨ ਕਰਨਾ ਠੀਕ ਹੈ। ਸਾਡੇ ਸਮਿਆਂ ਵਿਚ ਅਸੁਰ ਸ਼ਕਤੀਆਂ ਉਹ ਹਨ ਜੋ ਇੱਕਵਾਦੀ ਹਨ, ਉਸ ਵਿਚ ਫਾਸ਼ੀ ਡਿਕਟੇਟਰ, ਇਸਲਾਮਵਾਦ, ਇਸਾਈਵਾਦ, ਹਿੰਦੂਵਾਦ, ਸਭ ਆ ਜਾਂਦੇ ਹਨ। ਜੇ ਉਹ ਇੱਕਵਾਦ ਦਾ ਅਭਿਆਸ ਕਰਦੇ ਹਨ ਅਤੇ ਕਾਇਨਾਤ ਦੇ ਕਨਫੈਡਰੇਸ਼ਨੀ, ਸੰਗੀਤ ਉਤਪਾਦਕ ਭਾਈਚਾਰੇ ਨੂੰ ਭੰਗ ਕਰਦੇ ਹਨ।
ਪੂੰਜੀਵਾਦੀ ਦਾ ਲਚਕੀਲਾ ਰੂਪ ਜੋ ਦੂਜੇ ਸੱਭਿਆਚਾਰਾਂ ਦਾ ਸਤਿਕਾਰ ਕਰਦਾ ਹੈ ਅਤੇ ਉਨ੍ਹਾਂ ਦੀ ਵਿਚਿੱਤਰਤਾ ਅਨੁਸਾਰ ਆਪਣੇ ਆਪ ਨੂੰ ਬਦਲਦਾ ਰਹਿੰਦਾ ਹੈ, ਇੱਕਵਾਦੀ ਨਹੀਂ। ਕੈਨੇਡਾ ਅਤੇ ਅਮਰੀਕਾ ਦੇ ਪੂੰਜੀਵਾਦ ਅਜਿਹੇ ਚਰਿੱਤਰ ਵਾਲੇ ਹਨ। ਕੈਨੇਡਾ ਵੱਧ ਅਤੇ ਅਮਰੀਕਾ ਘੱਟ। ਜਾਪਾਨ ਦਾ ਪੂੰਜੀਵਾਦ ਵੀ ਅਜਿਹੀ ਲਚਕ ਧਾਰ ਰਿਹਾ ਹੈ। ਸਮਾਜਵਾਦ ਅਜੇ ਇੱਕਵਾਦੀ ਹੈ। ਚੀਨ ਨੇ ਕੁਝ ਲਚਕ ਦਿਖਾਉਣੀ ਆਰੰਭ ਕੀਤੀ ਹੈ ਪਰ ਅਜੇ ਯਾਤਰਾ ਲੰਮੀ ਹੈ। ਭਾਰਤ ਦਾ ਸੰਵਿਧਾਨ ਅਤੇ ਹੋਰ ਰਾਜਨੀਤਕ ਸੰਰਚਨਾਵਾਂ ਕੌਮੀ ਇੱਕਵਾਦ ਉੱਤੇ ਉਸਰੀਆਂ ਹੋਈਆਂ ਹਨ। ਇਨ੍ਹਾਂ ਵਿਚ ਭਾਰਤ ਨੂੰ ਵਿਲੱਖਣ ਸਭਿਆਚਾਰਾਂ ਅਤੇ ਕੌਮਾਂ ਦੇ ਖੇਤਰੀ ਘਰਾਂ ਦੇ ਤੌਰ 'ਤੇ ਨਹੀਂ ਸਵੀਕਾਰ ਕੀਤਾ ਗਿਆ, ਇਸ ਲਈ ਇਹ ਦੂਜੇ ਦੇ ਮੁਕੰਮਲ ਸਤਿਕਾਰ ਨੂੰ ਨਿਯਮ ਵਜੋਂ ਸਵੀਕਾਰ ਨਹੀਂ ਕਰਦੇ। ਨਤੀਜੇ ਵਜੋਂ ਭਾਰਤ ਦੀਆਂ ਰਾਜਨੀਤਕ ਸੰਰਚਨਾਵਾਂ ਇਕ ਕੌਮਵਾਦੀ ਹਨ। ਇਨ੍ਹਾਂ ਦੇ ਅਭਿਆਸ ਵਿਚੋਂ ਕਾਇਨਾਤੀ ਸੰਗੀਤ ਨਹੀਂ ਨਿਕਲ ਸਕਦਾ। ਇਥੇ ਸੰਕਟ ਕਾਇਮ ਹੀ ਰਹੇਗਾ। ਕੇਵਲ ਪੂੰਜੀ ਆਧਾਰਿਤ ਵਿਕਾਸ, ''ਵਿਗਾਸ'' ਨਹੀਂ ਬਣ ਸਕਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਸਾਬਤਿ ਪੂੰਜੀ' ਦੀ ਗੱਲ ਕੀਤੀ ਗਈ ਹੈ। ਸੰਤ-ਗੁਰੂ ਸਾਹਿਬਾਨਾਂ ਨੇ ਆਪਣੇ ਆਪ ਨੂੰ 'ਰਾਮ ਕੇ' 'ਵਣਜਾਰੇ' ਆਖਿਆ ਹੈ। ਇਸ ਦਾ ਅਰਥ ਇਹ ਹੈ ਕਿ ਪੂੰਜੀ ਉਹੀ ਵਿਗਾਸ ਵੱਲ ਲੈ ਜਾ ਸਕਦੀ ਹੈ ਜਿਸ ਵਿਚ ਅਕਾਲ ਪੁਰਖ ਦਾ ਸਤ ਮੌਜੂਦ ਹੋਵੇ। ਅੱਜ ਕਦੇ ਮੁਹਾਵਰੇ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਦੈਵਿਤਾ, ਭਰਪੂਰ ਪ੍ਰਫੁੱਲਤਾ, ਸੰਗੀਤਾਤਮਕ ਕਨਫੈਡਰੇਸ਼ਨੀ ਭਾਈਚਾਰੇ ਦੇ ਹਿੱਤ ਵਿਚ ਲਾਈ ਪੂੰਜੀ ਹੀ ਵਿਗਾਸ ਵੱਲ ਲੈ ਜਾ ਸਕਦੀ ਹੈ। ਕੇਵਲ 'ਵਿਕਾਸ' ਹਿੱਤ ਜਾਂ ਸੂਦ ਵਧਾਉਣ ਲਈ ਲਾਈ ਪੂੰਜੀ ਇਕ ਪਾਸਾਰੀ ਹੈ, ਸਰਬਪੱਖੀ/ਵਿਗਾਸਮੁਖੀ ਨਹੀਂ। ਪੱਛਮ ਵਿਚ ਐਜ਼ਰਾ ਪਾਉਂਡ ਮਾਰਸ਼ਲ ਮੌਸ, ਬਾਤੱਈ ਜਿਹੇ ਚਿੰਤਕ ਆਧੁਨਿਕ ਸਮੇਂ ਵਿਚ ਕਹਿ ਚੁੱਕੇ ਹਨ ਅਤੇ ਸੂਦਖੋਰੀ ਦਾ ਰਾਹ ਘਾਤਕ ਹੈ, ਮਨੁੱਖੀ ਪ੍ਰਫੁੱਲਤਾ ਲਈ ਯੋਗ ਨਹੀਂ। ਪੱਛਮ ਉਨ੍ਹਾਂ ਦੇ ਵਿਚਾਰ ਵਿਚ ਗਲਤ ਰਾਹ ਉੱਤੇ ਤੁਰ ਪਿਆ, ਅਜੇ ਕਿ ਪੱਛਮ ਦੇ ਆਦਿਵਾਸੀ ਕਬੀਲਿਆਂ ਵਿਚ ਮਨੁੱਖੀ ਮਾਣ ਅਤੇ ਭਾਵ-ਪ੍ਰਫੁੱਲਤਾ ਲਈ ਲਾਈ ਸੌਂਦਰਯ-ਮਾਰਗੀ ਪੂੰਜੀ ਦੀ ਪ੍ਰਥਾ ਵੀ ਮੌਜੂਦ ਸੀ। ਕੇਵਲ ਚੀਜ਼ਾਂ ਵਸਤਾਂ ਦੇ ਵਧਾਉਣ ਲਈ ਲਾਈ ਉਪਭੋਗੀ ਪੂੰਜੀ, ਵਿਸ਼ਵ ਇਕ ਸ਼ਾਇਰਾਨਾ/ਸੰਗੀਤਾਕਮਕ ਭਾਈਚਾਰਾ ਨਹੀਂ ਉਸਾਰ ਸਕਦੀ ਜੋ ਸ੍ਰਿਸ਼ਟੀ ਦੇ ਗਾਉਣ ਵਾਲੇ ('ਗਾਵਹਿ') ਵਿਧਾਨ ਦਾ ਅਨੁਸਰਣ ਕਰ ਸਕੇ।
'ਖਾਲਸਾ' ਦੇ ਸੰਤ ਸਿਪਾਹੀ ਨੇ ਜਿਸ ਬ੍ਰਹਿਮੰਡੀ ਗਾਉਣ ਵਾਲੇ, ਸਹਿ-ਹੋਂਦੀ, ਕਨਫੈਡਰੇਸ਼ਨੀ ਭਾਈਚਾਰੇ ਦੀ ਉਸਾਰੀ ਵਿਚ ਸਹਾਇਤਾ ਕਰਨੀ ਹੈ, ਉਸ ਦੀ ਬਣਤਰ ਪਹਿਲਾਂ ਬ੍ਰਹਿਮੰਡੀ ਪੱਧਰ ਉੱਤੇ ਸਮਝਣੀ ਪਵੇਗੀ, ਉਸ ਨੂੰ ਆਪਣੇ ਨਿੱਜੀ ਜੀਵਨ ਵਿਚ ਉਤਾਰਨਾ ਹੋਵੇਗਾ। ਪੰ੍ਰਪਰਿਕ ਰਿਸ਼ਤੇ ਨਾਤੇ ਜੇ ਸੰਗੀਤਾਤਮਕ ਕਨਫੈਡਰੇਸ਼ਨ ਤੋਂ ਪ੍ਰੇਰਿਤ ਨਾ ਹੋਣ ਤਾਂ ਚੇਤਨਤਾ ਦੇਹ ਅਤੇ ਉਨ੍ਹਾਂ ਦਾ ਅਭਿਆਸ ਕ੍ਰਿਆਵੰਤ ਨਹੀਂ ਹੋਣਗੇ।
ਸੰਗੀਤਾਤਮਕ ਬ੍ਰਹਿਮੰਡੀ ਕਨਫੈਡਰੇਸ਼ਨ ਦਾ ਉਤਾਰਾ ਭਾਰਤ ਅਤੇ ਭਾਰਤੀ ਕਨਫੈਡਰੇਸ਼ਨ ਦਾ ਅੰਗ ਪੰਜਾਬ-ਇਸ ਸੰਰਚਨਾ ਲਈ ਹੀ ਖਾਲਸਾ ਦੇ ਸੰਤ ਸਿਪਾਹੀ ਨੇ ਯਾਤਰਾ ਕਰਨੀ ਹੈ ਅਤੇ ਇਹੀ ਸੰਘਰਸ਼ ਹੈ ਜੋ ਲਾਮਬੱਧ ਹੋ ਕੇ ਕਰਨਾ ਹੈ। ਭ੍ਰਿਸ਼ਟ ਪੂੰਜੀ ਨਾਲ ਵਿਕਾਸ ਦਾ ਮੁੱਦਾ ਕਿਧਰੇ ਨਹੀਂ ਪਹੁੰਚਾ ਸਕਦਾ। ਘੱਟੋ-ਘੱਟ ਉਸ 'ਬੈਕੁੰਠ' ਤੱਕ ਨਹੀਂ ਜੋ 'ਮਿੱਤਰ ਪਿਆਰੇ' ਦਾ ਹੈ ਅਤੇ ਜਿਸ ਦੀ ਕਾਮਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਹੈ। ਜਿਸ ਕਨਫੈਡਰੇਸ਼ਨ ਦੀ ਇਥੇ ਗੱਲ ਕੀਤੀ ਜਾ ਰਹੀ ਹੈ, ਉਹ ਨਾ ਇਕ ਕੇਂਦਰਿਤ ਹੈ ਅਤੇ ਨਾ ਹੀ ਕੇਂਦਰਵਾਦੀ। ਕਨਫੈਡਰੇਸ਼ਨ ਵਿਚ ਹਰ ਕੇਂਦਰ ਸਾਪੇਖ ਤੌਰ 'ਤੇ ਸੁਤੰਤਰ ਵੀ ਹੈ ਅਤੇ ਇਕ-ਸੁਰਤਾ ਵਿਚ ਬੱਝਿਆ ਹੋਇਆ ਵੀ ਹੈ। ਤਦ ਹੀ ਰਾਗ ਉਪਜਦਾ ਹੈ, ਸੰਗੀਤ ਫੁੱਟਦਾ ਹੈ।
ਪੰਜਾਬ ਦਾ ਵਿਗਾਸ ਵੀ ਤਦ ਹੀ ਹੋ ਸਕਦਾ ਹੈ ਜੇ ਭਾਰਤ ਸੰਗੀਤਾਤਮਕ ਕਨਫੈਡਰੇਸ਼ਨ ਬਣੇ। ਇਹ ਪੰਜਾਬ ਇਕਾਤਮਕ ਨਹੀਂ ਹੋ ਸਕਦਾ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਲ ਪ੍ਰਧਾਨ ਹੋ ਸਕਦੇ ਹਨ। ਇਨ੍ਹਾਂ ਮੁੱਲਾਂ ਜਾਂ ਵਡਿਆਈਆਂ ਨੂੰ ਪੰਜਾਬੀ ਚੇਤਨਤਾ ਨਹੀਂ ਬਣਨ ਦਿੱਤਾ ਗਿਆ। ਸੌੜੇ ਰਾਜਨੀਤਕ ਅਤੇ ਆਰਥਿਕ ਹਿੱਤਾਂ ਕਾਰਨ ਪੰਜਾਬੀ ਚੇਤਨਤਾ ਨੂੰ ਬਖੇਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ, ਜੋ ਪੰਜਾਬ ਦੀ ਵਿਸ਼ਵ ਨੂੰ ਮਹਾਨ ਦੇਣ ਹੈ, ਨਾਲੋਂ ਤੋੜ ਦਿੱਤਾ ਗਿਆ ਹੈ। ਅੱਜ ਸਿੱਖਾਂ ਦੀ ਨੁਮਾਇੰਦਾ ਕਹਿਣ ਵਾਲੀ ਅਕਾਲੀ ਪਾਰਟੀ ਕੋਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਹੀ ਹੈ, ਮੁੱਲ ਨਹੀਂ।
ਅੱਜ ਲੋੜ ਇਸ ਗੱਲ ਦੀ ਹੈ ਕਿ ਸੂਝਵਾਨ ਅਤੇ ਪ੍ਰਮਾਣਿਕ ਖਾਲਸਾ ਨਿੱਤਰੇ ਜਿਸ ਦੀ ਸਮਝ, ਬ੍ਰਹਿਮੰਡ ਦੀ ਗੁਰੂ ਦਰਸ਼ਿਤ ਕ੍ਰਿਆ ਅਨੁਸਾਰ ਭਾਰਤ, ਪੰਜਾਬ ਨੂੰ ਸੰਗੀਤਾਤਮਕ ਕਨਫੈਡਰੇਸ਼ਨ ਵਿਚ ਬਦਲਣ ਲਈ ਪ੍ਰੇਰਿਤ ਹੋਵੇ। ਇਸ ਕਾਰਜ ਲਈ ਸ਼ਾਇਰਾਨਾ ਮਨ, ਵਿਉਂਤਬੰਦੀ ਅਤੇ ਸ਼ਿੱਦਤ ਭਰਪੂਰ ਕਰਮ ਤਿੰਨਾਂ ਦੀ ਲੋੜ ਹੈ।
ਇਥੇ ਇਹ ਦੱਸਣਾ ਵੀ ਪ੍ਰਾਸੰਗਿਕ ਹੈ ਕਿ ਕਨਫੈਡਰੇਸ਼ਨ ਦਾ ਮੁੱਦਾ, ਜਿਸ ਦਾ ਸ੍ਰੋਤ ਮੁੱਖ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ, 'ਅੰਮ੍ਰਿਤਸਰ ਐਲਾਨਨਾਮਾ' ਰਾਹੀਂ, ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਧੀਨ, ਕੋਈ ਇਕ ਦਹਾਕਾ ਪਹਿਲਾਂ, ਪ੍ਰਵਾਨ ਕੀਤਾ ਗਿਆ ਸੀ। ਪਰ ਅੱਜ ਮਾਨ ਤੋਂ ਸਿਵਾਏ ਅਕਾਲੀਆਂ ਦੇ ਸਭ ਗਰੁੱਪ ਉਸ ਐਲਾਨਨਾਮੇ ਤੋਂ ਭੱਜ ਚੁੱਕੇ ਹਨ। ਅਜੇ ਕਿ ਉਸ ਵਿਚ ਸਭ ਖੇਤਰੀ ਸਭਿਆਚਾਰਾਂ ਲਈ ਸ਼ੁਭ ਕਾਮਨਾ ਅਤੇ ਭਵਿੱਖ-ਉਸਾਰੀ ਲਈ ਬਚਨ ਮੌਜੂਦ ਸੀ। ਉਸ ਮੁੱਦੇ ਨੂੰ ਸੁਰਜੀਤ ਕਰਨ ਦੀ ਲੋੜ ਹੈ।
ਵਿਸ਼ਵ ਤੋਂ ਲੈ ਕੇ ਵਿਅਕਤੀ ਤੱਕ ਖਾਲਸਾ ਰਾਜ ਹੋਣ ਦੀ ਸੰਭਾਵਨਾ ਤਦ ਹੀ ਹੈ ਜੋ ਗੁਰੂ-ਦਰਸ਼ਿਤ ਸੰਗੀਤਾਤਮਕ ਕਨਫੈਡਰੇਸ਼ਨ ਦੇ ਮੁੱਦੇ ਨੂੰ ਚੇਤਨਤਾ ਅਤੇ ਕਰਮ ਦਾ ਹਿੱਸਾ ਬਣਾਇਆ ਜਾਵੇ। ਇਸ ਨਾਲ ਕੇਵਲ ਪੰਜਾਬ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੇ ਵਿਗਾਸ ਲਈ ਹੀ ਰਾਹ ਨਹੀਂ ਖੁੱਲ੍ਹਦਾ, ਸਗੋਂ ਬਾਕੀ ਕੌਮਾਂ ਲਈ ਵੀ 'ਸੁਖ' ਦਾ ਭਵਿੱਖ ਉਸਰੇਗਾ।



1 comment: